ਭੈੜੇ ਭੈੜੇ ਯਾਰ ਮੇਰੀ ਫੱਤੋ ਦੇ
“ਮਖਿਆ ਜੀ ਸੁਣਦੇ ਓ, ਤੁਹਾਡਾ ਫੋਨ
ਐ” ਘਰ ਵਾਲ਼ੀ ਨੇ ਖਰ੍ਹਵੀ ਜਿਹੀ ਆਵਾਜ਼ `ਚ ਕਿਹਾ।
“ਕੀਹਦਾ ਐ?” ਮੈਂ ਜ਼ਰਾ ਨਰਮ ਲਹਿਜ਼ੇ `ਚ ਪੁੱਛਿਆ
“ਪਤਾ ਨਹੀਂ ਕੀਹਦੈ?” ਘਰ ਵਾਲੀ ਦੀ ਟੋਨ ਹੁਣ ਕੁੱਝ ਨਰਮ ਹੋ ਗਈ ਸੀ। ਮੈਂ ਅਗਾਂਹ ਹੋਕੇ ਫੋਨ ਫੜਿਆ
ਤੇ ਹੈਲੋ ਕਹਿ ਕੇ ਸਤਿ ਸ੍ਰੀ ਅਕਾਲ ਬੁਲਾਈ। ਫੋਨ ਕਰਨ ਵਾਲਾ ਸੱਜਣ ਮੇਰੀ ਸਿਆਣ ਵਿੱਚ ਨਾ ਆਇਆ। ਉਹ
ਆਪ ਹੀ ਕਹਿਣ ਲੱਗਾ, “ਅਸੀਂ ਜੀ ਬਾਈ ਫੇਸ ਤਾਂ ਇੱਕ ਦੂਜੇ ਨੂੰ ਨਹੀਂ ਜਾਣਦੇ ਪਰ ਮੈਂ ਆਪ ਜੀ ਦੀਆਂ
ਲਿਖ਼ਤਾਂ ਅਤੇ ਰੇਡੀਓ ਰਾਹੀਂ ਆਪ ਜੀ ਨੂੰ ਜਾਣਦਾਂ ਜੀ। ਆਪਣੀ ਮਾਂ-ਬੋਲੀ, ਸਭਿਆਚਾਰ ਤੇ ਸਿੱਖਾਂ ਦੇ
ਮਸਲਿਆਂ ਪ੍ਰਤੀ ਤੁਹਾਡੇ ਵਿਚਾਰ ਪੜ੍ਹ ਸੁਣ ਕੇ ਮੇਰਾ ਮਨ ਬੜਾ ਗਦ ਗਦ ਹੁੰਦਾ ਐ ਜੀ। ਮੈਂ ਕਈ ਦੇਰ
ਤੋਂ ਆਪ ਜੀ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦਾ ਸੀ ਪਰ ਆਪ ਜੀ ਦਾ ਫੋਨ ਨੰਬਰ ਨਹੀਂ ਸੀ ਮਿਲ ਰਿਹਾ।
ਅੱਜ ਵੀ ਬੜੀ ਮੁਸ਼ਕਿਲ ਨਾਲ ਕਿਸੇ ਪਾਸੋਂ ਆਪ ਜੀ ਦਾ ਨੰਬਰ ਲਿਐ ਜੀ, ਉਮੀਦ ਹੈ ਆਪ ਜੀ ਮਾਈਂਡ ਨਹੀਂ
ਕਰਦੇ ਹੋਵੋਗੇ ਕਿ ਮੈਂ ਆਪ ਜੀ ਨੂੰ ਫੋਨ ਕੀਤੈ,” ਏਨਾ ਕਹਿ ਕੇ ਉਹ ਸੱਜਣ ਮੇਰਾ ਪ੍ਰਤੀਕਰਮ ਦੇਖਣ ਲਈ
ਰੁਕਿਆ।
“ਨਹੀਂ ਜੀ, ਐਸੀ ਤਾਂ ਕੋਈ ਗੱਲ ਨਹੀਂ, ਸਗੋਂ ਸਾਡੀ ਮਾਂ-ਬੋਲੀ ਦੇ ਧੰਨ ਭਾਗ ਕਿ ਆਪ ਜੀ ਵਰਗੇ
ਇਨਸਾਨ ਆਪਣੀ ਬੋਲੀ, ਸਭਿਆਚਾਰ ਤੇ ਕੌਮ ਪ੍ਰਤੀ ਚਿੰਤਤ ਹਨ”। ਮੈਂ ਸੰਖੇਪ ਜਿਹੀ ਉਸ ਦੀ ਤਾਰੀਫ਼
ਕੀਤੀ।
ਇਸ ਤੋਂ ਬਾਅਦ ਪੰਜਾਬ ਵਿੱਚ ਹਿੰਦੀ ਅਤੇ ਅੰਗਰੇਜ਼ੀ ਦੇ ਹੋ ਰਹੇ ਬੋਲ-ਬਾਲੇ, ਸਕੂਲਾਂ ਵਿੱਚ ਪੰਜਾਬੀ
ਬੋਲਣ `ਤੇ ਬੱਚਿਆਂ ਨੂੰ ਟੀਚਰਾਂ ਵਲੋਂ ਮਾਰਨ ਕੁੱਟਣ ਤੇ ਜ਼ੁਰਮਾਨੇ ਕਰਨ ਦੀਆਂ ਘਟਨਾਵਾਂ, ਪੰਜਾਬੀ
ਭਾਸ਼ਾ ਪ੍ਰਤੀ ਸਰਕਾਰ ਦੀ ਬੇਰੁਖ਼ੀ ਅਤੇ ਲੋਕਾਂ ਵਲੋਂ ਪੰਜਾਬੀ ਦੀਆਂ ਕਿਤਾਬਾਂ, ਰਿਸਾਲੇ, ਅਖ਼ਬਾਰਾਂ
ਆਦਿਕ ਮੁੱਲ ਲੈ ਕੇ ਨਾ ਪੜ੍ਹਨ ਆਦਿ ਵਿਸ਼ਿਆਂ `ਤੇ ਤਕਰੀਬਨ ਪੈਂਤੀ ਚਾਲੀ ਮਿੰਟ ਗੱਲਾਂ ਬਾਤਾਂ
ਹੁੰਦੀਆਂ ਰਹੀਆਂ। ਫੋਨ ਕਰਨ ਵਾਲਾ ਸੱਜਣ ਗੱਲਾਂ ਕਰਦਾ ਕਰਦਾ ਬਹੁਤ ਭਾਵੁਕ ਹੋ ਰਿਹਾ ਸੀ। ਕਈ ਵਾਰੀ
ਤਾਂ ਮੈਨੂੰ ਇਉਂ ਲੱਗਿਆ ਕਿ ਉਹ ਹੁਣ ਵੀ ਰੋ ਪਿਆ, ਹੁਣ ਵੀ ਰੋ ਪਿਆ।
ਫਿਰ ਉਹ ਗੱਲ ਬਾਤ ਨੂੰ ਸਮੇਟਦਾ ਹੋਇਆ ਕਹਿਣ ਲੱਗਾ,
“ਜੀਅ ਤਾਂ ਜੀ ਕਰਦਾ ਸੀ ਕਿ ਹੋਰ ਵੀ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਾਂ ਪਰ ਮੇਰਾ ਐਸ ਵੇਲੇ
ਗੁਰਦੁਆਰੇ ਜਾਣ ਦਾ ਸਮਾਂ ਹੁੰਦੈ ਜੀ ਅੱਜ ਦੇ ਦਿਨ। ਅਸਲ ਵਿੱਚ ਗੱਲ ਇਹ ਹੈ ਜੀ ਅੱਜ ਦੇ ਦਿਨ
ਗੁਰਦੁਆਰੇ ਸਾਗ ਬਣਿਐ ਹੁੰਦੈ, ਨਾਲੇ ਬਾਬਾ ਜੀ ਦਾ ਲੰਗਰ ਛਕ ਆਈਦੈ ਨਾਲੇ ਉੱਥੇ ਪੰਜਾਬੀ ਅਖ਼ਬਾਰਾਂ
ਦੀਆਂ ਸੁਰਖ਼ੀਆਂ ਦੇਖ ਆਈਦੀਆਂ। ਇੱਕ ਪੰਥ ਦੋ ਕਾਜ ਹੋ ਜਾਂਦੇ ਐ ਜੀ। ਆਪ ਜੀ ਬਹੁਤ ਉੱਚਾ ਸੁੱਚਾ
ਕਾਰਜ ਕਰ ਰਹੇ ਹੋ, ਮਾਂ-ਬੋਲੀ ਤੇ ਕੌਮ ਦੀ ਇੰਜ ਹੀ ਸੇਵਾ ਕਰਦੇ ਚਲੋ। ਸਾਡੀਆਂ ਸ਼ੁੱਭ ਇਛਾਵਾਂ
ਤੁਹਾਡੇ ਨਾਲ ਹਨ ਜੀ। ਜੇ ਤੁਸੀਂ ਮਾਈਂਡ ਨਹੀਂ ਕਰਦੇ ਤਾਂ ਕੀ ਮੈਂ ਕਦੀ ਕਦੀ ਆਪ ਨੂੰ ਫੋਨ ਕਰ ਲਿਆ
ਕਰਾਂ ਜੀ, ਮੈਨੂੰ ਬੜਾ ਅਨੰਦ ਆਉਂਦੈ ਜੀ ਏਦਾਂ ਦੀਆਂ ਗੱਲਾਂ ਬਾਤਾਂ ਕਰ ਕੇ”।
ਸ਼ਿਸ਼ਟਾਚਾਰ ਦਾ ਪੱਲਾ ਨਾ ਛੱਡਦਿਆਂ ਮੈਨੂੰ ਕਹਿਣਾ ਪਿਆ, “ਐਸੀ ਕੋਈ ਗੱਲ ਨਹੀਂ ਜੀ, ਜਦੋਂ ਤੁਹਾਡਾ
ਜੀ ਕਰੇ ਫੋਨ ਕਰ ਲੈਣਾ ਜੀ”।
ਉਹ ਸ਼ਾਇਦ ਗੁਰਦੁਆਰੇ ਜਾਣ ਲਈ ਲੇਟ ਹੋ ਰਿਹਾ ਸੀ। ਜਲਦੀ ਜਲਦੀ ਸਤਿ ਸ੍ਰੀ ਅਕਾਲ ਬੁਲਾ ਕੇ ਉਹਨੇ ਫੋਨ
ਰੱਖਣ ਦੀ ਕੀਤੀ।
ਉਸ ਦੇ ਫੋਨ ਨੇ ਮੇਰੇ ਦਿਮਾਗ਼ ਵਿੱਚ ਵਿਚਾਰਾਂ ਦਾ ਇੱਕ ਜਵਾਰ ਭਾਟਾ ਲਿਆ ਦਿੱਤਾ ਤੇ ਮੈਂ ਸੋਚੀਂ ਪੈ
ਗਿਆ ਕਿ ਜਿਸ ਭਾਸ਼ਾ ਨੂੰ ਇਸ ਸੱਜਣ ਵਰਗੇ ਮੁਫ਼ਤਖ਼ੋਰੇ ਮਿਲਣਗੇ ਉਹ ਵਿਚਾਰੀ ਕਿਸਮਤ ਨੂੰ ਨਹੀਂ ਰੋਵੇਗੀ
ਤੇ ਹੋਰ ਕੀ ਕਰੇਗੀ।
ਮੇਰੇ ਮੂੰਹੋਂ ਬਦੋ ਬਦੀ ਨਿਕਲ ਗਿਆ, ਭੈੜੇ ਭੈੜੇ ਯਾਰ ਮੇਰੀ ਫੱਤੋ ਦੇ।
ਨਿਰਮਲ ਸਿੰਘ ਕੰਧਾਲਵੀ