.

ਅਜੋਕੇ ਸੰਤ
ਸਤਿੰਦਰਜੀਤ ਸਿੰਘ

ਅੱਜ ਦੇ ਸਾਧਾਂ-ਸੰਤਾਂ ਨੂੰ ਜਿੰਨ੍ਹਾਂ ਨੂੰ ਲੋਕ ਸਤਿਕਾਰ ਨਾਲ ‘ਬਾਬਾ ਜੀ ਬਾਬਾ ਜੀ‘ ਕਹਿੰਦੇ ਨਹੀਂ ਥੱਕਦੇ, ਨੂੰ ਸਿਰਫ ਆਪਣੇ ਐਸ਼ੋ-ਅਰਾਮ ਦੀ ਫਿਕਰ ਹੈ, ਆਪਣਾ ‘ਘਰ’ ਭਰਨ ਲਈ ਹੀ ਇਹ ਸਟੇਜਾਂ ‘ਤੇ ਬ੍ਰਾਹਮਣਵਾਦੀ ਕਹਾਣੀਆਂ ਦੀ ਤਰਜ਼ ‘ਤੇ ‘ਸਾਖੀਆਂ’ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ...ਇਹਨਾਂ ਦਾ ਸਿੱਖੀ ਪ੍ਰਫੁੱਲਤ ਕਰਨ ਨਾਲ ਕੋਈ ਵਾਹ-ਵਾਸਤਾ ਨਹੀਂ, ਸਿੱਖੀ ਨੂੰ ਸਿਰਫ਼ ਆਪਣੇ ‘ਵਿਕਾਸ’ ਲਈ ਹੀ ਵਰਤ ਰਹੇ ਨੇ, ਗੁਰਮਤਿ ਦੇ ਦਰਸਾਏ ਸਾਦਾ ਜੀਵਨ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਇਹ ‘ਵਿਹਲੇ ਰਹੋ, ਗੱਪ ਘੜ੍ਹੋ, ਇਕੱਲੇ ਛਕੋ’ ਦੇ ‘ਸਿਧਾਂਤ’ ‘ਤੇ ਪਹਿਰਾ ਦੇ ਰਹੇ ਹਨ...ਸਭ ਤੋਂ ਮਹਿੰਗੀਆਂ ਗੱਡੀਆਂ, ਹਰ ਤਰਾਂ ਦੀ ਸਹੂਲਤ ਨਾਲ ਲੈਸ ਆਪਣੇ ਨਾਮ ਹੇਠ ਲੋਕਾਂ ਦੇ ਪੈਸੇ ਨਾਲ ਉਸਾਰੇ ਗਏ ਡੇਰੇ (ਭੋਲੇ ਲੋਕ ਜਿੰਨ੍ਹਾਂ ਨੂੰ ਗੁਦੁਆਰਾ ਸਮਝਦੇ ਹਨ), ਸੁੱਕੇ ਮੇਵੇ ਜੋ ਕਿ ਇੱਕ ਕਿਰਤੀ ਮਨੁੱਖ ਲਈ ਬੱਸ ਸੁਪਨਾ ਹੋ ਕੇ ਰਹਿ ਗਏ ਹਨ ਛਕਣੇ, ਸੰਗਤ ਨਾਲੋਂ ਅਲੱਗ ਥੋੜ੍ਹਾ ਖ਼ਾਸ ਤੌਰ ‘ਤੇ ਸਜਿਆ ਪ੍ਰਸ਼ਾਦਾ ਛਕਣਾ, ਮਾਇਆ ਨੂੰ ਹੱਥ ਨਾ ਲਾਉਣ ਦਾ ਢਕਵੰਜ਼ ਕਰਨਾ ਹਾਂ ਉਸੇ ਮਾਇਆ ਨਾਲ ਖ੍ਰੀਦ ਕੇ ਭਾਵੇਂ ਕੋਈ ਮਹਿੰਗੀ ਤੋਂ ਮਹਿੰਗੀ ਗੱਡੀ ਜਾਂ ਜ਼ਹਾਜ ਵੀ ਦੇ ਜਾਵੇ ਤਾਂ ‘ਸੇਵਾ’ ਸਵੀਕਾਰ ਕਰ ਲੈਣੀ, ਗੁਰੂ ਸਾਹਿਬਾਨ ਅਤੇ ਸਿੱਖ ਕੌਮ ਦੇ ਸ਼ਹੀਦਾਂ ਦੀ ਥਾਂ ਆਪਣੇ ਵੱਡੇ-ਵਡੇਰਿਆਂ ਦੀਆਂ ਸਾਖੀਆਂ ਬਣਾ ਕੇ ਸੁਣਾਉਣੀਆਂ, ਗੁਰਮਤਿ ਤੋਂ ਉਲਟ ਬਰਸੀਆਂ ਮਨਾਉਣੀਆਂ...ਆਦਿ-ਆਦਿ ਪਤਾ ਨਹੀਂ ਇਸ ਤਰ੍ਹਾਂ ਦੀਆਂ ਹੋਰ ਕਿੰਨੀਆਂ ਕਲਾਵਾਂ ਕਰਕੇ ਲੋਕਾਂ ਨੂੰ ਭਰਮਾਉਣਾ ਅਤੇ ਫਿਰ ਲੋਕਾਂ ਦੇ ਇਸ ਇਕੱਠ ਨੂੰ ਸਿਆਸੀ ਲਾਹਾ ਲੈਣ ਲਈ ਕਿਸੇ ਖ਼ਾਸ ਪਾਰਟੀ ਦੀਆਂ ‘ਵੋਟਾਂ’ ਦੇ ਰੂਪ ਵਿੱਚ ਪੇਸ਼ ਕਰਨਾ ਹੀ ਇਹਨਾਂ ਦਾ ਕੰਮ ਰਹਿ ਗਿਆ ਹੈ...
ਪਹਿਲੀ ਗੱਲ ਤਾਂ ਇਹ ਹੀ ਸਮਝ ਤੋਂ ਬਾਹਰ ਹੈ ਕਿ ਇਹ ‘ਸੰਤ’ ਦੀ ਡਿਗਰੀ ਅੱਜ-ਕੱਲ੍ਹ ਕਿਹੜੀ ਯੂਨੀਵਰਸਿਟੀ ਦੇ ਰਹੀ ਹੈ...? ਕਿਉਂਕਿ ਗੁਰੂ ਸਾਹਿਬਾਨ ਦੇ ਸਮੇਂ ਕਿਸੇ ਵੀ ਗੁਰਸਿੱਖ ਦੇ ਨਾਂਵ ਨਾਲ ‘ਸੰਤ’ ਸ਼ਬਦ ਦੀ ਵਰਤੋਂ ਹੋਈ ਨਹੀਂ ਮਿਲਦੀ। ਉਹਨਾਂ ਸਮਿਆਂ ਵਿੱਚ ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਗਰਜਾ ਸਿੰਘ, ਭਾਈ ਬੋਤਾ ਸਿੰਘ ਆਦਿ ਬਹੁਤ ਸਾਰੇ ਐਸੇ ਸਿੱਖ ਹੋਏ ਹਨ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੀ ਸਿੱਖਿਆ ‘ਤੇ ਚੱਲਦੇ ਹੋਏ ਜਾਨਾਂ ਕੁਬਾਨ ਕੀਤੀਆਂ ਪਰ ਕਿਸੇ ਦੇ ਨਾਂਵ ਨਾਲ ਵੀ ਕਦੇ ‘ਸੰਤ’ ਸ਼ਬਦ ਵਰਤਿਆ ਨਹੀਂ ਮਿਲਦਾ। ਕੀ ਉਹ ਅੱਜ ਦੇ ਸੰਤਾਂ ਨਾਲੋਂ ਕਿਸੇ ਗੱਲੋਂ ਘੱਟ ਸਨ....? ਬਿਲਕੁਲ ਨਹੀਂ, ਬਲਕਿ ਉਹ ਵਧੇਰੇ ਸੁਚੇਤ ਸਨ ਆਪਣੇ ਫਰਜਾਂ ਅਤੇ ਸਿੱਖੀ ਦੇ ਅਸੂਲਾਂ ਪ੍ਰਤੀ। ਪਰ ਅੱਜ ਦੇ ਸੰਤ ਸਿਰਫ ਲੋਕਾਂ ਦੀ ਭੀੜ ਇਕੱਠੀ ਕਰਨ ਲਈ ਹੀ ਸੁਚੇਤ ਹਨ। ਸਾਰੇ ਕੰਮ ਗੁਰਮਤਿ ਤੋਂ ਉਲਟ ਕਰ ਰਹੇ ਹਨ ਜਿੰਨ੍ਹਾਂ ਦੀ ਲਿਸਟ ਬੜੀ ਲੰਮੀ ਹੈ। ਗੁਰੂ ਨਾਨਕ ਦੇ ਘਰ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਸਤਿਕਾਰ ਦਿੱਤਾ ਗਿਆ ਹੈ। ਜਿਸ ਸਮੇਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਅਤੇ ਉਸ ‘ਤੇ ਅੱਤਿਆਚਾਰ ਕੀਤੇ ਜਾਂਦੇ ਸਨ ਤਾਂ ਉਸ ਸਮੇਂ ਗੁਰੂ ਨਾਨਕ ਦੇ ਘਰ ਤੋਂ ਅਵਾਜ਼ ਆਈ ‘ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ...” ਪਰ ਅੱਜ ਦੇ ਸੰਤ ਲੋਕਾਂ ਨੂੰ ਸਿਰਫ ਮੁੰਡੇ ਵੰਡਣ ਦਾ ਕੰਮ ਜੋਰਾਂ-ਸ਼ੋਰਾਂ ਨਾਲ ਕਰ ਰਹੇ ਹਨ ਅਤੇ ਜਿਹੜਾ ਇਸ ਕੰਮ ਵਿੱਚ ਰੁਕਾਵਟ ਬਣਦਾ ਹੈ ਉਸ ਰੁਕਾਵਟ ਨੂੰ ‘ਦੂਰ’ ਕਰਨ ਲਈ ਹਰ ਹੀਲਾ ਵਰਤਦੇ ਹਨ। ਮਾਨ ਸਿੰਘ ਪਿਹੋਵਾ ਵੱਲੋਂ ਡਾ:ਖਹਿਰਾ ‘ਤੇ ਕੀਤੇ ਗੇ ਅੱਤਿਆਚਾਰ ਸਭ ਦੇ ਸਾਹਮਣੇ ਹਨ। ਇਹ ਸਾਧ ਜੋ ਇਖਲਾਕ ਤੋਂ ਗਿਰਿਆ ਕੰਮ ਕਰਦੇ ਹਨ ਉਹ ਕਿਸੇ ਤੋਂ ਲੁਕੇ ਨਹੀਂ। ਸ਼ਿਕਾਗੋ ਵਿਖੇ ਅਖੌਤੀ ਸੰਤ ਦਲਜੀਤ ਸਿੰਘ ਦੀਆਂ ਕਰਤੂਤਾਂ ਸਭ ਦੇ ਸਾਹਮਣੇ ਹਨ। ਇਸ ਤੋਂ ਇਲਾਵਾ ਵੀ ਇਹ ਸੰਤ ਛੋਟੀਆਂ-ਗੱਲਾਂ ਵਿੱਚ ਗੁਰਮਤਿ ਦਾ ਘਾਣ ਕਰਨ ਵਿੱਚ ਇੱਕ-ਦੂਸਰੇ ਤੋਂ ਮੋਹਰੀ ਹਨ, ਕੋਈ ਭੋਰਿਆਂ ਵਿੱਚ ਜਾ ਕੇ ਤਪ ਕਰਦਾ ਹੈ, ਕੋਈ ਗੁਰੂ ਨਾਨਕ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਣ ਦੀ ਗੱਲ ਕਰਦਾ ਹੈ ਇਹ ਭੁੱਲ ਕੇ ਕਿ ਗੁਰੂ ਸਾਹਿਬਾਨ ਦੇ ਦਰਸ਼ਨ ਤਾਂ ਹਰ ਕਿਸੇ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਹੁੰਦੇ ਹਨ, ਕੋਈ ਸੁਖਮਨੀ ਸਾਹਿਬ ਦੀ ਬਾਣੀ ਦੀਆਂ ਵਿਸ਼ੇਸ਼ਤਾਵਾਂ ਦੱਸ ਕੇ ਲੋਕਾਂ ਨੂੰ ਗਿਣਤੀਆਂ-ਮਿਣਤੀਆਂ ਵਿੱਚ ਫਸਾ ਰਿਹਾ ਹੈ। ਇਹਨਾਂ ਅਖੌਤੀ ਸੰਤਾਂ ਵੱਲੋਂ ਅਖੰਡ-ਪਾਠਾਂ ਦੀਆਂ ਚਲਾਈਆਂ ਲੜੀਆਂ, ਇਕੋਤਰੀਆਂ, ਮੱਸਿਆ,ਪੁੰਨਿਆ,ਸੰਗਰਾਂਦ ਮਨਾਉਣਾ ਕੀ ਇਹ ਸਭ ਗੁਰਮਤਿ ਅਨੁਸਾਰੀ ਹੈ...? ਇਹਨਾਂ ਦੁਆਰਾ ਚਲਾਈਆਂ ਜਾਂਦੀਆਂ ਇਕੋਤਰੀਆਂ ਦੇ ਸੰਬੰਧ ਵਿੱਚ ਭਾਈ ਪੰਥਪ੍ਰੀਤ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਕਿ ‘ਮੈਨੂੰ ਲਗਦਾ ਇਹ ਇਕੋਤਰੀ ਦਾ ਨਹੀਂ, ਸਿੱਖੀ ਦਾ ਭੋਗ ਪਾ ਰਹੇ ਹਨ।’
ਜੇ ਅੱਜ ਦੇ ਇਹਨਾਂ ਸੰਤਾਂ ਨੂੰ ਸਿੱਖੀ ਨਾਲ ਰਤਾ ਮਾਤਰ ਵੀ ਪਿਆਰ ਜਾਂ ਹੇਜ਼ ਹੁੰਦਾ ਤਾਂ:
ਇਤਿਹਾਸਕ ਗੁਰਦੁਆਰਿਆਂ ਵਿੱਚ ਬੈਠ ਕੇ ਗੁਰਮਤਿ ਦਾ ਪ੍ਰਚਾਰ ਕਰਦੇ, ਇਤਿਹਾਸਕ ਗੁਰਦੁਆਰਿਆਂ ਜਾਂ ਕਿਤੇ ਪਹਿਲਾਂ ਤੋਂ ਹੀ ਬਣੇ ਗੁਰਦੁਆਰਿਆਂ ਨੂੰ ਛੱਡ ਕੇ ਆਪਣੇ ਨਵੇਂ ‘ਗੁਦੁਆਰੇ’ ਬਣਾਉਣ ਦੀ ਕੀ ਲੋੜ ਪੈ ਗਈ ਇਹਨਾਂ ਨੂੰ...?
ਸਿੱਖੀ ਦੇ ਭਲੇ ਲਈ ਜੇ ਯਤਨਸ਼ੀਲ ਹੋਣ ਤਾਂ ਆਪ ਸਸਤੀ ਗੱਡੀ ਨਾਲ ਸਾਰ ਕੇ (ਜਿਵੇਂ ਕਿ ਬਾਕੀ ਆਮ ਸਿੱਖ ਸਾਰ ਰਹੇ ਹਨ) ਬਾਕੀ ਪੈਸੇ ਨੂੰ ਰੋਟੀ ਲਈ ਦਿਨ-ਰਾਤ’ਮਰ’ ਰਹੇ ਸਿੱਖਾਂ ਦੇ ਵਿਕਾਸ ਲਈ ਖਰਚ ਕਰਦੇ।
ਦੰਗਿਆਂ ਦੇ ਉਜਾੜੇ ਪਰਿਵਾਰਾਂ ਅਤੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਮੁੜ ਵਸੇਵੇ ਲਈ ਮਾਇਆ ਦੀ ਵਰਤੋਂ ਕਰਦੇ।
ਆਪਣੇ ਡੇਰਿਆਂ ‘ਤੇ ਹੋ ਰਹੇ ਖ਼ਰਚ ਨੂੰ ਘਟਾ ਕੇ ਇਹਨਾਂ ਪਰਿਵਾਰਾਂ ਲਈ ਮਕਾਨ ਬਣਾਵਾਉਂਦੇ ਭਾਵੇਂ ਛੋਟੇ ਹੀ ਕਿਉਂ ਨਾ ਹੁੰਦੇ...!
ਸਿੱਖੀ ਨੂੰ ਸਿਆਸਤ ਦੀ ਭੇਟ ਨਾ ਚਾੜ੍ਹਦੇ ਸਗੋਂ ਸਿਆਸਤ ਨੂੰ ਸਿੱਖੀ ਦੇ ਭਲੇ, ਵਾਧੇ ਅਤੇ ਵਿਕਾਸ ਲਈ ਵਰਤਦੇ...।
ਜੇ ਕਿਸੇ ਬਾਬੇ ‘ਤੇ ਕਤਲ ਜਾਂ ਕਿਸੇ ਕਿਸਮ ਦਾ ਕੋਈ ਹੋਰ ਕੇਸ ਬਣ ਜਾਵੇ ਤਾਂ (ਪਾਗਲ) ਲੋਕ ਸੜਕਾਂ ਮੱਲ ਲੈਂਦੇ ਹਨ,ਬੱਸਾਂ-ਦੁਕਾਨਾਂ ਦੀ ਭੰਨਤੋੜ ਸ਼ੁਰੂ ਹੋ ਜਾਂਦੀ ਹੈ ਪਰ ਕੀ ਕਦੇ ਕਿਸੇ ਨੇ ਸੁਣਿਆ ਕਿ ਕਿਸੇ ਆਮ ਬੇਕਸੂਰ ਸਿੱਖ ‘ਤੇ ਗਲਤ ਬਣੇ ਕੇਸ ਦੇ ਖਿਲਾਫ ਕਿਸੇ ਸਾਧ ਜਾਂ ਸੰਤ ਜਾਂ ਬਾਬੇ ਨੇ ਕੋਈ ਸੜਕ ਮੱਲੀ ਹੋਵੇ, ਕਿਸੇ ਬੱਸ ਦਾ ਸ਼ੀਸ਼ਾ ਭੰਨਿਆ ਹੋਵੇ ਜਾਂ ਸਿਰਫ ਵਿਰੋਧ ਲਈ ਦੋ ਲਫ਼ਜ਼ ਹੀ ਬੋਲੇ ਹੋਣ...?
ਤਾਜ਼ਾ ਮਿਸਾਲ ਦੇ ਤੌਰ ‘ਤੇ ਮੋਰਿੰਡੇ ਕਾਂਡ ਦੇ ਖਿਲਾਫ ਕਿਸੇ ਸਾਧ ਦਾ ਬਿਆਨ ਪੜ੍ਹਨ ਨੂੰ ਨਹੀਂ ਮਿਲਿਆਂ ਕਿਉਂ...? ਕਿੱਥੇ ਦਫਨ ਹੋ ਗਈ ਇਹਨਾਂ ਦੀ ਪੰਥ-ਪ੍ਰਸਤੀ...? ਅਖੌਤੀ ਸੰਤ ਜੋ ਸਟੇਜ ‘ਤੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਦਾਅਵਾ ਕਰਦੇ ਆ, ਗੁਰੂ ਦੀ ਗੱਲ ਕਰਦੇ ਆ ਹੁਣ ਉਹਨਾਂ ਨੂੰ ਕੋਈ ਗੱਲ ਕਿਉਂ ਨਹੀਂ ਆਈ...? ਕਿਉਂ ਸਾਰੇ ਸੁਸਰੀ ਵਾਂਗ ਸੌਂ ਗਏ ਨੇ...? ਕੀ ਇਹਨਾਂ ਦਾ ਕੰਮ ਸਿਰਫ ਵਧੀਆ ਟੈਂਟਾਂ ਵਿੱਚ,ਪੱਖਿਆਂ ਥੱਲੇ ਅਤੇ ਉੱਚੀ ਅਤੇ ਖੁੱਲ੍ਹੀ ਸਟੇਜ ‘ਤੇ ਕੱਚੀਆਂ ਧਾਰਨਾਵਾਂ ਲਾਉਣਾ ਹੀ ਹੈ...? ਹਰਗਿਜ਼ ਨਹੀਂ ਇਹਨਾਂ ਦਾ ਕੰਮ ਹੈ ਸਿੱਖ ਪੰਥ ‘ਤੇ ਪਈ ਭੀੜ ਸਮੇਂ ਅੱਗੇ ਲੱਗ ਕੇ ਤੁਰਨਾ, ਹਰ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ-ਸਤਿਕਾਰ ਕਾਇਮ ਰੱਖਣਾ। ਵੈਸੇ ਤਾਂ ਇਹ ਸਭ ਦੀ ਜ਼ਿੰਮੇਵਾਰੀ ਹੈ ਪਰ ਇਹਨਾਂ ਨੂੰ ਥੋੜਾ
VIP ਰਸੂਖ ਅਤੇ ‘ਆਗੂ’ ਦੇ ਤੌਰ ‘ਤੇ ਕੰਮ ਕਰਦੇ ਹੋਣ ਕਾਰਨ ਜ਼ਿਆਦਾ ਸਹਿਜਤਾ ਹੁੰਦੀ ਹੈ। ਵੈਸੇ ਵੀ ਇਹ ਧਰਮ ਦੇ ਠੇਕੇਦਾਰ ਬਣ ਕ ਵਿਚਰਦੇ ਹਨ ਸਮਾਜ ਵਿੱਚ ਇਸ ਲਈ ਇੰਨ੍ਹਾ ਦੀ ਜ਼ਿੰਮੇਵਾਰੀ ਵੀ ਜ਼ਿਆਂਦਾ ਬਣਦੀ ਹੈ ਕਿਉਂਕਿ ਆਮ ਲੋਕਾਂ ਨੇ ਤਾਂ ਆਂਗੂ ਦੇ ਪਿੱਛੇ ਲੱਗ ਤੁਰਨਾ ਹੁੰਦਾ ਹੈ। ਲੋਕ ਤੁਰਦੇ ਵੀ ਨੇ ਇਹਨਾਂ ਪਿੱਛੇ ਪਰ ਉਹ ਰਸਤਾ ਇਹਨਾਂ ਦੇ ਡੇਰਿਆਂ ਤੱਕ ਜਾ ਕੇ ਮੁੱਕ ਜਾਂਦਾ ਹੈ...! ਕਿੰਨੇ ਸ਼ਰਮ ਦੀ ਗੱਲ ਹੈ ਕਿ ਕਿਸੇ ਵੀ ਸਾਧ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਿਆ ਗੁਰੂ ਦੋਖੀਆਂ ਦੇ ਖਿਲਾਫ, ਸਾਰੇ ‘ਮਿੱਟੀ ਦੇ ਮਾਧੋ’ ਹੀ ਨਿਕਲੇ...!

ਸਾਰਿਆਂ ਨੂੰ ਇਹਨਾਂ ਸਭ ਗੱਲਾਂ ਦਾ ਪਤਾ ਹੈ ਬੱਸ ਸਮਝਣ ਦੀ ‘ਖੇਚਲ’ ਕਰਨ ਲਈ ਲੋਕ ਤਿਆਰ ਨਹੀਂ,ਬੱਸ ਅੱਖਾਂ ਮੀਚ ਕੇ ‘ਤਮਾਸ਼ਾ’ ਦੇਖ ਕੇ, ਸਾਧਾਂ ਦੇ ‘ਰੱਖੇ’ ਕਿਸੇ ‘ਸਸਤੇ’ ਜਿਹੇ ‘ਰੱਬ’ ਨੂੰ ਪ੍ਰਾਪਤ ਕਰਨ ਦੀ ਲਾਲਸਾ ਵੱਸ ਪਰਮਾਤਮਾ ਦੁਆਰਾ ਬਖਸ਼ਿਆ ਅਨਮੋਲ ਜੀਵਨ ਬਰਬਾਦ ਕਰੀ ਜਾ ਰਹੇ ਹਨ...!
ਇਹਨਾਂ ਸਾਧਾਂ ਦੇ ਪਿੱਛੇ ਨੱਕ ਰਗੜਨ ਵਾਲੇ ਲੋਕੋ ਕੁਝ ਹੋਸ਼ ਕਰੋ, ਕੁਝ ਸੋਚੋ ਕਿ ਇਹ ਸਭ ਸਹੀ ਹੈ ਜੇ ਹਾਂ ਤਾਂ ਕਿਉਂ...?
ਕਿਉਂ ਸਾਡੇ ਸੰਤ-ਬਾਬਿਆਂ ਕੋਲ ਅਰਬਾਂ ਰੁਪਏ ਦੀ ਸੰਪਤੀ ਹੋਣ ਦੇ ਬਾਵਜੂਦ ਵੀ ਸਿੱਖ ਕੌਮ ‘ਗਰੀਬ’ ਹੈ...?
ਕਿਉਂ ਨਿੱਤ ਦਿਨ ਅੰਨਦਾਤਾ ਆਪਣੀ ਹੀ ਕਿਸਮਤ ਤੋਂ ਹਾਰ ਮੰਨ ਕੇ ਖੁਦਕਸ਼ੀ ਕਰ ਰਿਹਾ ਹੈ...?
ਕੀ ਇਹਨਾਂ ਅੱਜ ਦੇ ਸੰਤਾਂ ਦੀ ਰਹਿਣੀ-ਬਹਿਣੀ ਗੁਰਬਾਣੀ ਅਨੁਸਾਰ ਹੈ, ਸਾਦਾ ਜੀਵਨ ਹੈ ਇਹਨਾਂ ਬਾਬਿਆਂ ਦਾ...???
ਗਰੀਬ ਗੁਰਸਿੱਖ ਦਿਹਾੜੀਆਂ ਕਰਕੇ,ਮਿੱਟੀ ਨਾਲ ਮਿੱਟੀ ਹੋ ਕੇ ਗੁਜ਼ਾਰਾ ਕਰਨ ਲਈ ਪੈਸਾ ਜੋੜਦੇ ਹਨ ‘ਤੇ ਉਸੇ ਪੈਸੇ ਵਿੱਚੋਂ ਸ਼ਰਧਾ ਨਾਲ ਇਹਨਾਂ ਦੇ ਡੇਰਿਆਂ ‘ਤੇ ਮੱਥੇ ਟੇਕਦੇ ਹਨ ਪਰ ਇਹ ਸੰਤ
A.C. ਕਮਰੇ, A.C. ਕਾਰ ਟਾਪ ਮਾਡਲ ਮਹਿੰਗੀ ਤੋਂ ਮਹਿੰਗੀ...ਬਸ ਐਸ਼ੋ-ਇਸ਼ਰਤ ਦਾ ਜੀਵਨ ਬਿਤਾ ਰਹੇ ਹਨ...!
ਕੀ ਕਦੇ ਢੱਡਰੀਆਂ ਵਾਲੇ ਜਾਂ ਕਿਸੇ ਹੋਰ ਸਾਧ ਨੇ:
ਕਿਸੇ ਦੋ ਡੰਗ ਦੀ ਰੋਟੀ ਤੋਂ ਮੁਥਾਜ ਗਰੀਬ ਪਰਿਵਾਰ ਦੇ ਘਰ ਜਾ ਕੇ ਉਹਨਾਂ ਦੀ ਰੋਟੀ ਦੇ ਪ੍ਰਬੰਧ ਲਈ ਕੋਈ ਪੈਸਾ ਦਿੱਤਾ...?
ਇਲਾਜ ਕਰਵਾਉਣ ਤੋਂ ਅਸਮਰੱਥ ਕਿਸੇ ਗਰੀਬ ਪਰੀਵਾਰ ਦੀ ਮੱਦਦ ਲਈ ਆਈ ਕਿਸੇ ਖਬਰ ਜਾਂ ਇਸ਼ਤੇਹਾਰ ਨੂੰ ਪੜ੍ਹ ਕੇ ਉਸਦੀ ਸਹਾਇਤਾ ਕੀਤੀ ਹੈ...?
ਕਿਸੇ ਗਰੀਬ ਦੇ ਬੱਚੇ ਦੀ ਪੜ੍ਹਾਈ ਯਕੀਨੀ ਬਣਾਉਣ ਲਈ ਕੋਈ ਸਾਰਥਕ ਕਦਮ ਚੁੱਕਿਆ ਹੈ...?
ਦੰਗਿਆਂ ਦੇ ਉਜਾੜੇ ਪਰਿਵਾਰਾਂ ਦੇ ਮੁੜ-ਵਸੇਬੇ ਲਈ ਕਦੇ ਕੋਈ ਕਾਰ-ਸੇਵਾ ਜਾਂ ਹੋਰ ਕਿਸੇ ਪ੍ਰਕਾਰ ਦੀ ਮੱਦਦ ਕੀਤੀ ਹੈ...?
ਇਸ ਤਰ੍ਹਾਂ ਦੇ ਹੋਰ ਵੀ ਕਈ ਮਸਲੇ ਸਾਹਮਣੇ ਆ ਜਾਣਗੇ ਜਿੰਨ੍ਹਾਂ ਤੋਂ ਆਮ ਇਨਸਾਨ ਤਾਂ ਜਾਣੂ ਹੋਵੇ ਪਰ ਸ਼ਾਇਦ ਇਹ ਮਸਲੇ ਇਹਨਾਂ ਬਾਬਿਆਂ ਦੀਆਂ ਸੋਚਾਂ ਵਿੱਚ ਕਦੇ ਨਹੀਂ ਆਏ...ਪਰ ਫਿਰ ਵੀ ਇਹਨਾਂ ਬਾਬਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਕਾਰਨ ਸਮਝ ਨਹੀਂ ਆ ਰਿਹਾ ਕਿ ਕਿਉਂ ਲੋਕ ਜਾਗਦੇ ਹੋਏ ਵੀ ਸੌਂ ਰਹੇ ਹਨ। ਜੇ ਕੋਈ ਇਹਨਾਂ ਸੁੱਤਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਚੁੱਪ ਕਰਵਾਉਣ ਲਈ ਰਾਹ ਲੱਭੇ ਜਾਂਦੇ ਹਨ, ਉਸ ਉੱਪਰ ਇਲਜ਼ਾਮ ਲਗਾਏ ਜਾਂਦੇ ਹਨ।
ਸਿਰਸੇ ਵਾਲੇ ਅਖੌਤੀ ਸਾਧ ਦੀ ਹਰਕਤ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਸਿੱਖੀ ਦੇ ਨਿਆਰੇਪਣ ਨੂੰ ਢਾਹ ਲਗਾਉਣ ਵਾਲੇ ਅਨਸਰਾਂ ‘ਤੇ ਰੋਕ ਲਗਾਉਣ ਲਈ ਹੋਂਦ ਵਿੱਚ ਆਇਆ ਸੰਤ ਸਮਾਜ ਵੀ ਦਿਸ਼ਾ ਤੋਂ ਭਟਕ ਗਿਆ ਹੈ। ਇਸ ਸੰਤ ਸਮਾਜ ਦੇ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੀਆਂ 18 ਸਤੰਬਰ 2011 ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਨਾਲ ਸਾਂਝੇਦਾਰੀ ਕਰਕੇ ਪੰਥ ਵਿਰੋਧੀ ਤਾਕਤਾਂ ਦੇ ‘ਹੱਥਾਂ ‘ਤੇ ਸਰ੍ਹੋਂ ਜਮਾਉਣ’ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ। ਸਾਰੇ ਬਾਦਲ ਦਲ ਦੀ ਭਾਜਪਾ ਨਾਲ ਸਾਂਝੇਦਾਰੀ ਤੋਂ ਚੰਗੀ ਤਰਾਂ ਜਾਣੂ ਹਨ ਜੋ ਕਿ ਸੰਘ ਦੀ ਹੀ ਇੱਕ ਸ਼ਾਖਾ ਹੈ ਅਤੇ ਸੰਘ ਵੱਲੋਂ ਨਿਰੰਤਰ ਇਹ ਕੋਸ਼ਿਸ਼ ਜਾਰੀ ਹੈ ਕਿ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦਰਸਾ ਕਿ ਸਿੱਖ ਧਰਮ ਨੂੰ ਹਿੰਦੂਵਾਦ ਦੇ ਖਾਰੇ ਸਮੁੰਦਰ ਵਿੱਚ ਜ਼ਜ਼ਬ ਕਰ ਲਿਆ ਜਾਵੇ। ਸੰਤ ਸਮਾਜ ਦੇ ਆਗੂ ਬਾਦਲ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਤਾਂ ਪ੍ਰਚਾਰ ਕਰ ਰਹੇ ਹਨ ਪਰ ਮੋਰਿੰਡੇ ਕਾਂਡ ਦੇ ਸੰਬੰਧ ਵਿੱਚ ਕੋਈ ਵੀ ਆਗੂ ਖੁੱਲ੍ਹ ਕੇ ਨਹੀਂ ਬੋਲਿਆ।
ਅਕਸਰ ਹੀ ਬਹੁਤ ਸਾਰੇ ਲੋਕ ਜੋ ਕਿਸੇ ਨਾ ਕਿਸੇ ਸੰਤ-ਬਾਬੇ ਦੇ ਲੜ੍ਹ ਲੱਗੇ ਹੋਏ ਨੇ, ਜਦੋਂ ਕਿਸੇ ਸੰਤ-ਬਾਬੇ ਦੀ ਅਸਲੀਅਤ ਕੋਈ ਲੋਕਾਂ ਤੱਕ ਪਹੁੰਚਾਉਂਦਾ ਹੈ ਤਾਂ ਉਸਨੂੰ ‘ਨਿੰਦਕ’ ਦਾ ਦਰਜਾ ਦੇ ਦਿੰਦੇ ਹਨ। ਇਸ ਸਮੇਂ ਅਕਸਰ ਹੀ ਸੂਝਵਾਨ ਲੋਕ ਅਖਵਾਉਣ ਵਾਲੇ ਇਹ ਚੇਲੇ ‘ਸੱਚ’ ਅਤੇ ‘ਨਿੰਦਾ’ ਵਿੱਚ ਨਿਖੇੜਾ ਕਰਨ ਤੋਂ ਅਸਮਰੱਥ ਰਹਿੰਦੇ ਹਨ। ਉਹ ਭੁੱਲ ਜਾਂਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਝੂਠੇ ਕਰਮ-ਕਾਂਡਾ ਵਿੱਚ ਲੋਕਾਈ ਨੂੰ ਫਸਾਉਣ ਵਾਲੇ ਪੰਡਤਾਂ-ਮੌਲਵੀਆਂ ਦੀ ਨਿੰਦਾ ਨਹੀਂ ਕੀਤੀ ਸੀ ਸਗੋਂ ਸੱਚ ਦਾ ਹੋਕਾ ਦਿੱਤਾ ਸੀ। ਉਹੀ ਕੰਮ ਹੁਣ ਗੁਰੂ ਨਾਨਕ ਦੇ ਘਰ ਦਾ ਸਿੱਖ ਅੱਜ ਦੇ ਇਹਨਾਂ ਅਖੌਤੀ ਸੰਤਾਂ ਦੀ ਸੱਚਾਈ ਲੋਕਾਂ ਸਾਹਮਣੇ ਲਿਆ ਕੇ ਕਰ ਰਿਹਾ ਹੈ। ਇਹਨਾਂ ਸਾਧਾਂ ਵੱਲੋਂ ਅਕਸਰ ਹੀ ਸੁਖਮਨੀ ਸਾਹਿਬ ਦੀ ‘ਸੰਤ ਕੀ ਨਿੰਦਾ’ ਵਾਲੀ ਪੌੜੀ ਦਾ ਇਸਤੇਮਾਲ ਆਪਣੇ ਸਵਾਰਥਾਂ ਲਈ ਕੀਤਾ ਜਾਂਦਾ ਹੈ। ਲੋਕਾਂ ਦੇ ਮਨਾਂ ‘ਤੇ ਡਰ ਭਾਰੂ ਕਰ ਦਿੱਤਾ ਗਿਆ ਹੈ ਕਿ ਗੁਰੂ ਸਾਹਿਬ ਨੇ ਇਹਨਾਂ ਸੰਤਾਂ ਦੀ ਨਿੰਦਿਆ ਕਰਨ ਤੋਂ ਵਰਜ਼ਿਆ ਹੈ। ਇਹ ਸਾਧ ਗੁਰਬਾਣੀ ਵਾਲੇ ‘ਸੰਤ’ ਦੀ ਪਰਿਭਾਸ਼ਾ ਲੋਕਾਂ ਨੂੰ ਨਹੀਂ ਦੱਸੇ ਅਤੇ ਲੋਕ ਖੁਦ ਵੀ ਇਹ ਖੇਚਲ ਨਹੀਂ ਕਰਦੇ। ਲੋਕਾਂ ਨੂੰ ‘ਐਸੇ ਸੰਤ ਨਾ ਮੋ ਕੋ ਭਾਵੈ’ ਦੇ ਅਰਥਾਂ ਨੂੰ ਵੀ ਮਨ ਵਿੱਚ ਵਸਾਉਣਾ ਚਾਹੀਦਾ ਹੈ।
ਉਪਰੋਕਤ ਸਾਰੇ ਵਰਤਾਰੇ ਤੋਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਜੇਕਰ ਸਿੱਖੀ ਦੇ ਨਿਆਰੇਪਣ ਨੂੰ ‘ਨਿਆਰਾ’ ਹੀ ਰੱਖਣਾ ਹੈ ਤਾਂ ਆਮ ਸਿੱਖਾਂ ਨੂੰ ਸੁਚੇਤ ਹੋਣਾ ਪਵੇਗਾ। ‘ਘਰ’ ਬਚਾਉਣ ਲਈ ਲੋਕਾਂ ਨੂੰ ਇਹ ਯਾਦ ਰੱਖਣਾ ਪਵੇਗਾ ਕਿ ਜਾਗਣ ਦੇ ਨਾਲ-ਨਾਲ ਹੋਸ਼ ਵਿੱਚ ਰਹਿਣਾ ਵੀ ਜ਼ਰੂਰੀ ਹੈ, ਫਿਰ ਕਿਤੇ ਜਾ ਕੇ ਸਿੱਖੀ ਪ੍ਰਫੁਲਿਤ ਹੋਵੇਗੀ...ਦੇਖਿਓ ਕਿਤੇ ਜ਼ਮੀਰ ਦੇ ਜਾਗਣ ਦਾ ਹੋਕਾ ਅਤੇ ਕੌਮ ਦੇ ਨਿਘਾਰ ਦੀ ਗੱਲ ਚਿਮਟਿਆਂ ਦੀਆਂ ਅਵਾਜ਼ਾਂ ਵਿੱਚ ਹੀ ਦਬ ਕੇ ਨਾ ਰਹਿ ਜਾਵੇ...!
ਮੇਰੀ ਕੌਮ ਦੇ ਵਾਰਸੋ ਕੁਝ ਸੋਚੋ ਤਾਂ ਜੋ ਇਸ ਦੁਨੀਆਂ ਦੇ ਵਿਕਾਸ ਦੇ ਨਾਲ ਸਿੱਖ ਕੌਮ ਦਾ ਵੀ ਵਿਕਾਸ ਹੋ ਸਕੇ...ਜਾਗਰੂਕ ਹੋਈਏ ਅਤੇ ਸਿਖੀ ਉੱਪਰ ਛਾ ਚੁੱਕੀ ਇਸ ਅਖੌਤੀ ਸੰਤਾਂ ਦੀ ਅਮਰਵੇਲ ਨੂੰ ਲਾਹ ਕੇ ਸੁੱਟ ਦਈਏ।
ਆਓ ਹੋਸ਼ ਕਰੀਏ ਤੇ ਗੁਰੂ ਸਾਹਿਬ ਦੇ ਉਪਦੇਸ਼ ਨਾਲ ਅਗਿਆਨਤਾ ਅਤੇ ਝੂਠ ਦਾ ਫੈਲ ਰਿਹਾ ਪਸਾਰਾ ਗੁਬਾਣੀ ਗਿਆਨ ਦੀ ਮਸ਼ਾਲ ਨਾਲ ਗਿਆਨ ਦਾ ਚਾਨਣ ਕਰਕੇ ਦੂਰ ਕਰੀਏ...ਵਾਹਿਗੁਰੂ ਭਲੀ ਕਰਨ !
ਜੇ ਕੋਈ ਅੱਖਰ ਗਲਤ ਲਿਖਿਆ ਗਿਆ ਹੋਵੇ ਤਾਂ ਵਾਹਿਗੁਰੂ ਭਲੀ ਕਰਨ, ਸੁਮੱਤ ਬਖਸ਼ਣ।
(ਸਤਿੰਦਰਜੀਤ ਸਿੰਘ)




.