. |
|
ਸਤਸੰਗਤਿ ਸਤਿਗੁਰ ਪਾਈਐ
ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਪਤਵੰਤਿਆਂ ਨੂੰ ਆਮ ਤੌਰ ਤੇ
“ਸਾਧ ਸੰਗਤਿ” ਦੇ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਹੈ ਤੇ ਇਸ ਕਰਮ ਨੂੰ “ਸਤਸੰਗਤਿ” ਜਾਣਿਆ ਜਾਂਦਾ
ਹੈ ਪਰ ਗੁਰੂ ਦਾ ਕਥਨ ਹੈ ਕਿ:
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ
ਦੂਰਿ॥ ਨਾਨਕ ਸਤਿਗੁਰ ਤਾਂ ਮਿਲੈ ਜਾ ਮਨੁ ਰਹੇ ਹਦੂਰਿ॥ (84)।
ਭਾਵ: (ਸਰੀਰ ਦੀ ਰਾਹੀਂ) ਗੁਰੂ ਦੇ ਨੇੜੇ ਜਾਂ ਗੁਰੂ ਦੇ
ਦੂਰ ਬੈਠਿਆਂ ਗੁਰੂ ਦਾ ਸੰਗ ਪ੍ਰਾਪਤ ਨਹੀ ਹੁੰਦਾ। ਹੇ ਨਾਨਕ, ਸਤਿਗੁਰ ਤਦੋਂ ਹੀ ਮਿਲਦਾ ਹੈ ਜਦੋਂ
(ਸਿੱਖ ਦਾ) ਮਨ (ਗੁਰੂ ਦੀ, ਗੁਰਬਾਣੀ ਦੀ) ਹਜ਼ੂਰੀ ਵਿੱਚ ਰਹਿੰਦਾ ਹੈ। ਕਹਿਣ ਤੋਂ ਭਾਵ ਗੁਰਬਾਣੀ
ਨੂੰ ਮਨ ਵਿੱਚ ਵਸਾਉਣ ਦਾ ਹੈ। ਇਸ ਤੋਂ ਬਿਨਾ ਸਾਧ (ਗੁਰੂ) ਸੰਗਤਿ (ਮੇਲ) ਨਹੀ ਹੋ ਸਕਦੀ। ਗੁਰ
ਫੁਰਮਾਨ ਤਾਂ ਇਹ ਹੈ:
ਭਾਈ ਰੇ ਸੁਖੁ ਸਾਧਸੰਗਿ ਪਾਇਆ॥ ਲਿਖਿਆ ਲੇਖੁ ਤਿਨਿ ਪੁਰਖਿ ਬਿਧਾਤੈ ਦੁਖੁ
ਸਹਸਾ ਮਿਟਿ ਗਇਆ॥ (42)। ਭਾਵ: ਹੇ ਭਾਈ ਸਾਧ
ਸੰਗਤਿ ਵਿੱਚ ਹੀ ਸੁਖ ਮਿਲਦਾ ਹੈ। ਉਸ ਅਕਾਲ ਪੁਰਖ ਸਿਰਜਣਹਾਰ ਨੇ (ਜਿਸ ਦੇ ਮੱਥੇ ਉਤੇ ਚੰਗੇ ਭਾਗਾਂ
ਦਾ) ਲੇਖ ਲਿਖ ਦਿੱਤਾ (ਉਸਨੂੰ ਸਤਸੰਗਿ ਮਿਲਦਾ ਹੈ ਤੇ ਉਸਦਾ) ਦੁੱਖ ਸਹਿਮ ਦੂਰ ਹੋ ਜਾਂਦਾ ਹੈ।
ਗੁਰੂ ਦਾ ਹੁਕਮ ਤਾਂ ਨਿਰਸੰਦੇਹ ਅਟੱਲ ਹੈ, ਪਰ ਵਾਸਤਵ ਵਿੱਚ ਦੇਖਣ ਨੂੰ ਇਹ ਮਿਲਦਾ ਹੈ ਕਿ ਸਾਲਾਂ
ਤੋਂ ਸਾਧਸੰਗਤਿ ਕਰਦੇ ਮਨੁੱਖ ਦਾ ਨਾ ਹੀ ਦੁੱਖ ਦੂਰ ਹੋਇਆ ਹੈ ਤੇ ਨਾ ਹੀ ਸਹਿਮ ਘਟਿਆ ਹੈ। ਚੰਗੇ
ਭਾਗਾਂ ਵਾਲਿਆਂ ਤੋਂ ਇਹ ਭਾਵ ਨਹੀ ਕਿ ਉਹ ਕੋਈ ਚੁਣਵੇਂ ਮਨੁੱਖ ਹੁੰਦੇ ਹਨ, ਇਸਦਾ ਭਾਵ ਇਹੀ ਹੈ ਕਿ
ਉੱਦਮੀ ਪੁਰਸ਼ ਹੀ ਵਡਭਾਗੀ ਜਾਂ ਚੰਗੇ ਭਾਗਾਂ ਵਾਲਾ ਹੈ। ਇਥੋਂ ਇਹੀ ਸਪਸ਼ਟ ਹੁੰਦਾ ਹੈ ਕਿ ਅਗਰ ਕਈ
ਸਾਲਾਂ ਤੋਂ ਕੀਤੀ ਜਾ ਰਹੀ ਸਾਧਸੰਗਤਿ ਨਾਲ, ਦੁੱਖ ਤੇ ਸਹਸਾ ਦੂਰ ਨਹੀ ਹੋਇਆ ਤਾਂ ਜ਼ਰੂਰ
“ਸਾਧਸੰਗਤਿ” ਜਾਂ “ਸਤਸੰਗਤਿ” ਨਹੀ ਹੋ ਸਕੀ, ਕੋਈ ਕਮੀ ਰਹਿ ਗਈ ਹੈ।
ਸਾਧਸੰਗਤਿ ਮਨਿ ਵਸੈ ਸਾਚੁ ਹਰਿ ਕਾ ਨਾਉ॥ ਸੇ ਵਡਭਾਗੀ ਨਾਨਕਾ ਜਿਨਾ ਮਨਿ
ਇਹੁ ਭਾਉ॥ (51)। ਭਾਵ: ਸਾਧਸੰਗਤਿ ਵਿੱਚ ਰਿਹਾਂ
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਮਨ ਵਿੱਚ ਵੱਸ ਪੈਂਦਾ ਹੈ। ਹੇ ਨਾਨਕ, ਉਹ ਬੰਦੇ ਭਾਗਾਂ
ਵਾਲੇ ਹਨ ਜਿਨ੍ਹਾ ਦੇ ਮਨ ਵਿੱਚ (ਸਾਧ ਸੰਗਤਿ ਵਿੱਚ ਟਿਕਣ ਦਾ) ਪ੍ਰੇਮ ਹੈ। ਅਸਲੀਅਤ ਤਾਂ ਇਹ ਹੈ ਕਿ
ਕਈ ਸਾਲਾਂ ਤੋਂ ਸਾਧਸੰਗਤਿ ਵਿੱਚ ਜਾਂਦਿਆਂ ਅਜੇ ਤਕ ਪਰਮਾਤਮਾ ਦਾ ਨਾਮ (ਹੁਕਮ) ਮਨ ਵਿੱਚ ਨਹੀ ਵਸਿਆ
ਤਾਂ ਸਪਸ਼ਟ ਹੈ ਕਿ ਮਨੁੱਖ ਦੀ “ਸਾਧਸੰਗਤਿ” ਦੀ ਵਿਆਖਿਆ ਤੇ ਗੁਰੂ ਦੀ “ਸਾਧਸੰਗਤਿ” ਦੀ ਵਿਆਖਿਆ
ਵਿੱਚ ਜ਼ਰੂਰ ਕੋਈ ਅੰਤਰ ਹੈ। ਮਨੁੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਨੂੰ ਹੀ “ਸਾਧਸੰਗਤਿ”
ਸਮਝ ਲਿਆ ਹੈ ਤੇ ਇਹੀ ਉਹ ਕਈ ਸਾਲਾਂ ਤੋਂ, ਬਿਨਾ ਕਿਸੇ ਲਾਭ ਦੇ, ਕਰਦਾ ਆ ਰਿਹਾ ਹੈ ਤੇ ਇਹੀ ਕਾਰਨ
ਹੈ ਕਿ ਮਨੁੱਖ ਦੀ ਅੱਜ ਵੀ ਮਾਨਸਕ ਹਾਲਤ ਉਹੀ ਹੈ ਜੋ ਕਈ ਸਾਲ ਪਹਿਲਾਂ ਸੀ ਕਿਉਂਕਿ ਸਾਧਸੰਗਤਿ ਤਾਂ
ਹੋਈ ਹੀ ਨਹੀ। ਜ਼ਿੰਦਗੀ ਵਿੱਚ ਕੁਛ ਵੀ ਬਦਲਾਉ ਨਾ ਆਇਆ।
ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ॥ ਜੀਉ ਪ੍ਰਾਣ ਮਨੁ ਤਨੁ ਹਰੇ
ਸਾਚਾ ਏਹੁ ਸੁਆਉ॥ (47)। ਭਾਵ: (ਹੇ ਭਾਈ) ਗੁਰੂ
(ਗੁਰਬਾਣੀ) ਦੀ ਸੰਗਤਿ ਕਰ। ਇਹੀ ਅਠਾਹਟ ਤੀਰਥਾਂ ਦਾ ਇਸ਼ਨਾਨ ਹੈ। (ਗੁਰੂ ਦੀ ਸ਼ਰਨ ਵਿੱਚ ਰਿਹਾਂ)
ਜਿੰਦ ਪ੍ਰਾਨ ਮਨ ਸਰੀਰ ਸਭ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ ਤੇ ਇਹੀ ਮਨੁੱਖਾ ਜਨਮ ਦਾ ਅਸਲੀ ਮਨੋਰਥ
ਹੈ। ਸਪਸ਼ਟ ਹੈ ਕਿ ਸਾਧ ਦੀ ਸੰਗਤਿ (ਸਾਧਸੰਗਤਿ) ਗੁਰੂ (ਗੁਰਬਾਣੀ) ਦੀ ਸੰਗਤਿ ਹੈ। ਗੁਰਬਾਣੀ ਨੂੰ
ਮਨ ਵਸਾਉਣਾ ਹੀ “ਸਾਧਸੰਗਤਿ” ਹੈ ਤੇ ਇਹੀ ਮਨੁੱਖ ਦੇ ਜੀਵਨ ਦਾ ਅਸਲ ਮਨੋਰਥ ਹੈ। ਗੁਰੂ ਨੂੰ ਸਰੀਰ
ਸਮਝ ਕੇ ਉਸਦੀ ਹਜ਼ੂਰੀ ਨੂੰ “ਸਾਧਸੰਗਤਿ” ਕਹਿਣ ਦੇ ਭੁਲੇਖੇ ਨਾਲ ਗੁਰੂ ਕੋਲੋਂ ਦੂਰੀ ਬਣੀ ਰਹੀ ਤੇ
ਸਰੀਰਕ ਤੌਰ ਤੇ ਨੇੜੇ ਹੁੰਦਿਆਂ ਵੀ “ਸਾਧਸੰਗਤਿ” ਨਾਂ ਹੋ ਸਕੀ ਤੇ ਜੀਵਨ ਦਾ ਅਸਲ ਮਨੋਰਥ ਪੂਰਾ ਨਾ
ਹੋ ਸਕਿਆ। ਗੁਰਬਾਣੀ ਦਾ ਕਥਨ ਹੈ ਕਿ ਪਰਮਾਤਮਾ ਸਭਨਾ ਘਟਾਂ ਵਿੱਚ ਵਸਦਾ ਹੈ
(ਘਟਿ ਘਟਿ ਰਵਿ ਰਹਿਆ ਬਨਵਾਰੀ॥ 597)
ਪਰ ਬੜੀ ਅਸਚਰਜਤਾ ਦੀ ਗਲ ਹੈ ਕਿ ਜੋ ਨੇੜੇ ਤੋਂ
ਨੇੜੇ ਵਸਦਾ ਹੈ ਉਸ ਨਾਲ ਕਦੇ ਮੁਲਾਕਾਤ ਹੀ ਨਹੀ ਹੋਈ, ਇਕੋ ਘਰ ਵਿੱਚ ਵਸਦਿਆਂ ਕਦੇ ਮਿਲਾਪ ਹੀ ਨਹੀ
ਹੋਇਆ, ਓਸ, ਅੰਦਰ ਵਸਦੇ, ਸਤ ਨਾਲ ਕਦੇ ਸੰਗਤਿ (ਸਤਸੰਗਤਿ) ਹੀ ਨਹੀ ਹੋਈ। ਇਸ ਦਾ ਵਡ੍ਹਾ ਕਾਰਨ ਤਾਂ
ਇਹੀ ਹੈ ਕਿ ਜਿਸ ਮਨ ਨਾਲ ਅੰਦਰ ਬੈਠੇ ਸਤ (ਪਰਮਾਤਮਾ) ਨਾਲ ਸੰਗਤਿ ਹੋਣੀ ਸੀ ਉਹ ਮਨ ਤਾਂ ਬਾਹਰ ਰਾਤ
ਦਿਨ ਮੋਹ ਮਾਇਆ ਦੀ ਸੰਗਤਿ ਵਿੱਚ ਰੁੱਝਾ ਹੋਇਆ ਦੌੜਿਆ ਫਿਰਦਾ ਹੈ, ਕਦੇ ਘਰ ਵੜਦਾ ਹੀ ਨਹੀ ਤਾਂ
ਸਤਸੰਗਤਿ ਕਿਵੇਂ ਹੋਵੇ? ਇਸਨੂੰ ਕਿਵੇਂ ਰੋਕਿਆ ਜਾ ਸਕਦਾ ਹੈ?
ਮਾਈ ਮਨੁ ਮੇਰੋ ਬਸਿ ਨਾਹਿ॥ ਨਿਸ
ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ॥ (632)।
ਗੁਰੂ ਦੀ ਸ਼ਰਨ ਪੈ ਕੇ (ਗੁਰਬਾਣੀ ਤੇ ਚਲ ਕੇ) ਹੀ ਇਸ
ਦੌੜਦੇ ਮਨ ਨੂੰ ਰੋਕਿਆ ਜਾ ਸਕਦਾ ਹੈ।
ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ
ਰਹਾਇਆ॥ ਨਾਵੈ ਨੂੰ ਸਭ ਲੋਚਦੀ ਗੁਰਮਤੀ ਪਾਇਆ॥ (789)।
ਭਾਵ: ਮਨੁੱਖ ਦਾ ਇਹ ਮਨ ਦਸੀਂ ਪਾਸੀਂ ਦੌੜਦਾ ਫਿਰਦਾ ਹੈ
(ਪਰ ਸ਼ਰਨ ਆਏ ਮਨੁੱਖ ਦਾ ਮਨ) ਗੁਰੂ ਨੇ ਹੀ ਰੋਕ ਕੇ ਰਖਿਆ ਹੈ। ਸਾਰੀ ਲੋਕਾਈ ਪ੍ਰਭੂ ਦੇ ਨਾਮ ਦੀ
ਤਾਂਘ ਕਰਦੀ ਹੈ ਪਰ ਮਿਲਦਾ ਗੁਰੂ ਦੀ ਮੱਤ ਲਿਆਂ ਹੀ ਹੈ॥ ਇਸ ਲਈ ਦੌੜਦੇ ਮਨ ਨੂੰ ਰੋਕਣ ਲਈ ਗੁਰੂ
(ਗੁਰਬਾਣੀ) ਦੀ ਸ਼ਰਨ, ਗੁਰੂ ਦੀ ਮੱਤ ਵਿੱਚ ਆਉਣਾ ਪਵੇਗਾ। ਗੁਰਮਤਿ ਦੁਆਰਾ ਜਦੋਂ ਬਾਹਰਲੀ (ਮੋਹ
ਮਾਇਆ ਦੀ) ਦੌੜ ਰੁੱਕ ਗਈ ਤਾਂ ਫਿਰ ਉਸਨੂੰ ਜਾਣਿਆ ਜਾਵੇਗਾ ਜੋ ਕਦੇ ਅਲੱਗ ਹੋਇਆ ਹੀ ਨਹੀ। ਇਕ ਮੋਹ
ਮਾਇਆ ਦੇ ਪੜਦੇ ਨੇ ਹੀ “ਸਤਸੰਗਿ” ਤੋਂ ਵਾਂਝਾ ਰਖਿਆ ਸੀ। ਗੁਰੂ ਦੇ ਗਿਆਨ ਦੁਆਰਾ ਇਸ ਪੜਦੇ ਨੂੰ
ਚੁਕਿਆਂ ਪ੍ਰਭੂ ਨਾਲ ਪਛਾਣ ਹੋ ਜਾਵੇਗੀ।
ਚੂਕਾ ਪੜਦਾ ਤਾਂ ਨਦਰੀ ਆਇਆ॥ ਖਸਮੁ ਤੂਹੈ ਸਭਨਾ ਕੇ ਰਾਇਆ॥ (1141)।
ਭਾਵ: ਹੇ ਸਭ ਜੀਵਾਂ ਦੇ ਪਾਤਿਸ਼ਾਹ, ਤੂੰ ਸਭਨਾ ਦਾ
ਖਸਮ ਹੈਂ (ਜਦੋਂ ਕਿਸੇ ਜੀਵ ਦੇ ਅੰਦਰੋਂ ਮੋਹ ਮਾਇਆ ਦਾ) ਪੜਦਾ ਉਠ ਜਾਂਦਾ ਹੈ ਤਦੋਂ ਉਸਨੂੰ ਤੂੰ
ਦਿਸ ਪੈਂਦਾ ਹੈਂ। ਗੁਰਬਾਣੀ ਦੁਆਰਾ ਅੰਦਰ ਵਸਦੇ ਨਾਲ ਸਾਂਝ ਪਾ ਲੈਣੀ ਹੀ ਅਸਲ ਵਿੱਚ “ਸਤਸੰਗਤਿ”
ਹੈ। ਜਿਨ੍ਹਾ ਨੇ ਵੀ ਉਸ ਪਰਮਾਤਮਾ ਨੂੰ ਜਾਣਿਆ ਹੈ ਉਹਨਾਂ ਨੇ ਆਪਣੇ ਅੰਦਰੋਂ ਹੀ ਜਾਣਿਆ ਹੈ ਇਸ ਲਈ
“ਸਤਸੰਗਤਿ” ਦਾ ਅਸਥਾਨ ਕਿਤੇ ਬਾਹਰ ਨਹੀ, ਮਨ ਮੰਦਰ ਵਿੱਚ ਹੀ ਹੈ। ਗੁਰਬਾਣੀ ਇਸ ਗੁੱਝੇ ਭੇਦ ਨੂੰ
ਇੱਕ ਅਨੋਖੇ ਢੰਗ ਨਾਲ ਖੋਲਦੀ ਹੈ:
ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥ ਏਕ ਬਸਤੁ ਬਿਨੁ
ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ॥ (205)।
ਭਾਵ: (ਹੇ ਭਾਈ ਆਤਮਾ ਤੇ ਪਰਮਾਤਮਾ ਦੀ) ਇਕੋ ਹੀ ਸੰਗਤਿ ਹੈ, ਦੋਵੇਂ ਇਕੋ ਹੀ ਹਿਰਦੇ ਘਰ ਵਿੱਚ
ਵਸਦੇ ਹਨ ਪਰ (ਆਪੋ ਵਿਚ) ਮਿਲ ਕੇ (ਕਦੇ) ਗਲ ਨਹੀ ਕਰਦੇ। ਇੱਕ ਨਾਮ ਪਦਾਰਥ ਤੋਂ ਬਿਨਾ (ਜੀਵ ਦੇ)
ਪੰਜੇ ਗਿਆਨ ਇੰਦ੍ਰੇ ਦੁਖੀ ਰਹਿੰਦੇ ਹਨ। ਉਹ (ਨਾਮ) ਪਦਾਰਥ ਅਜੇਹੇ ਥਾਂ ਵਿੱਚ ਹੈ ਜਿੱਥੇ ਗਿਆਨ
ਇੰਦ੍ਰੀਆਂ ਦੀ ਪਹੁੰਚ ਨਹੀ।
ਜਿਸ ਕਾ ਗ੍ਰਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ॥ ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ
ਸਰਣਾਈ॥ ਭਾਵ: ਜਿਸ ਹਰੀ ਦਾ ਬਣਾਇਆ ਹੋਇਆ ਇਹ ਘਰ
(ਸਰੀਰ) ਹੈ ਉਸਨੇ ਹੀ (ਮੋਹ ਮਾਇਆ) ਦਾ ਜੰਦਰਾ ਮਾਰਿਆ ਹੋਇਆ ਹੈ ਤੇ ਕੁੰਜੀ ਗੁਰੂ ਨੂੰ ਸੌਂਪ ਦਿੱਤੀ
ਹੈ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਹੋਰ ਹੋਰ ਅਨੇਕਾਂ ਹੀਲੇ ਕਰਦਾ ਹੈ ਪਰ (ਉਹਨਾ ਹੀਲਿਆਂ
ਨਾਲ ਪਰਮਾਤਮਾ ਨੂੰ) ਲੱਭ ਨਹੀ ਸਕਦਾ। ਇਸ ਲਈ ਜਿਸ ਕੁੰਝੀ (ਗੁਰਬਾਣੀ) ਨਾਲ (ਗੁਰੂ ਮਿਲਾਪ ਨਾਲ)
ਤਾਲਾ ਖੁਲਣਾ ਸੀ ਮਨੁੱਖ ਉਸ ਦੀ ਹਜ਼ੂਰੀ ਵਿੱਚ ਹੀ ਬੈਠਾ ਰਹਿੰਦਾ ਹੈ ਤੇ ਕਦੇ ਮੇਲ ਨਹੀ ਕਰ ਪਾਉਂਦਾ
ਕਿਉਂਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਕੁੰਜੀ ਦੇ ਮਿਲਾਪ ਬਿਨਾ) ਮੋਹ ਮਾਇਆ ਦਾ ਜੰਦਰਾ ਖੁੱਲ ਨਹੀ
ਸਕਦਾ।
ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ॥ ਨਾਨਕ ਗੁਰ ਬਿਨ ਮਨ ਕਾ
ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ॥ (1237)।
ਭਾਵ: ਮਨ ਕੋਠਾ ਹੈ ਤੇ ਸਰੀਰ ਛੱਤ ਹੈ। ਮੋਹ ਮਾਇਆ ਦਾ ਇਸਨੂੰ ਜੰਦਰਾ ਹੈ ਤੇ ਗੁਰੂ ਕੁੰਜੀ ਹੈ। ਹੇ
ਨਾਨਕ, ਸਤਿਗੁਰੂ ਤੋਂ ਬਿਨਾ ਇਸ ਬੂਹੇ ਦਾ ਜੰਦਰਾ ਨਹੀ ਖੁੱਲ ਸਕਦਾ ਤੇ ਕਿਸੇ ਹੋਰ ਦੇ ਹੱਥ ਇਸਦੀ
ਕੁੰਜੀ ਨਹੀ ਹੈ। ਕੁੰਜੀ ਦਾ ਮਿਲਾਪ ਹੀ ਗੁਰੂ ਮਿਲਾਪ, ਭਾਵ “ਸਾਧਸੰਗਤਿ” ਹੈ। ਸਾਧ ਤੋਂ ਭਾਵ ਗੁਰੁ,
ਤੇ ਸੰਗਤ ਤੋਂ ਭਾਵ ਮਿਲਾਪ ਹੈ ਇਸ ਲਈ “ਸਾਧਸੰਗਤਿ” ਤੋਂ ਭਾਵ ਗੁਰੂ ਮਿਲਾਪ ਹੀ ਹੋ ਸਕਦਾ ਹੈ। ਅਗਰ
ਗੁਰਬਾਣੀ ਗੁਰੂ ਹੈ (ਬਾਣੀ
ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥ 982)
ਤਾਂ ਗੁਰਬਾਣੀ ਨੂੰ ਮਨ ਵਿੱਚ ਵਸਾਉਣਾ (ਗੁਰਬਾਣੀ ਤੇ
ਚਲਣਾ) ਹੀ ਗੁਰੂ ਮਿਲਾਪ ਭਾਵ “ਸਾਧਸੰਗਤਿ” ਹੋ ਸਕਦਾ ਹੈ ਤੇ ਇਹੀ ਉਸ ਮੋਹ ਮਾਇਆ ਦੇ ਜੰਦਰੇ ਨੂੰ
ਖੋਲਣ ਦੇ ਸਮਰੱਥ ਹੈ। ਕਬਹੂ
ਸਾਧਸੰਗਤਿ ਇਹੁ ਪਾਵੈ॥ ਉਸੁ ਅਸਥਾਨ ਤੇ ਬਹੁਰਿ ਨ ਆਵੈ॥ (278)।
ਭਾਵ: (ਜਦੋਂ) ਕਦੇ ਇਹ ਜੀਵ ਸਤਸੰਗਿ ਵਿੱਚ ਅੱਪੜਦਾ ਹੈ ਉਸ
ਥਾਂ ਤੋਂ ਫਿਰ ਮੁੜ ਵਾਪਸ ਨਹੀ ਆਉਂਦਾ, ਕਿਉਂਕਿ ਇਸ ਦੇ ਅੰਦਰ ਪ੍ਰਭੂ ਦੇ ਗਿਆਨ ਦਾ ਪ੍ਰਕਾਸ਼ ਹੋ
ਜਾਂਦਾ ਹੈ (ਤੇ) ਉਸ (ਗਿਆਨ ਦੇ ਪ੍ਰਕਾਸ਼ ਵਾਲੀ) ਹਾਲਤ ਦਾ ਨਾਸ ਨਹੀ ਹੁੰਦਾ। ਜਦੋਂ ਜੀਵ ਦੇ ਮਨ
ਅੰਦਰ ਗੁਰਬਾਣੀ (ਗੁਰੂ) ਵਸ ਜਾਂਦੀ ਹੈ, ਉਥੇ ਫਿਰ ਅਗਿਆਨਤਾ ਵਾਪਸ ਨਹੀ ਆ ਸਕਦੀ, ਇਸ ਲਈ
“ਸਾਧਸੰਗਤਿ” ਦਾ ਅਸਥਾਨ ਕਿਤੇ ਬਾਹਰ ਨਹੀ ਹੋ ਸਕਦਾ, ਮਨ ਅੰਦਰ ਹੀ ਹੋ ਸਕਦਾ ਹੈ।
ਸਭ ਮਹਿ ਜਾਨਉ ਕਰਤਾ ਏਕ॥ ਸਾਧਸੰਗਤਿ ਮਿਲਿ ਬੁਧਿ ਬਿਬੇਕ॥ (377)।
ਭਾਵ: ਹੇ ਭਾਈ ਗੁਰੂ ਦੀ ਸੰਗਤਿ ਕਰਕੇ (ਸਾਧਸੰਗਤਿ ਦੁਆਰਾ)
ਮੈ ਚੰਗੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਪ੍ਰਾਪਤ ਕਰਿ ਲਈ ਹੈ ਤੇ ਮੈ ਹੁਣ ਸਭਨਾ ਅੰਦਰ ਉਸ ਕਰਤਾਰ
ਨੂੰ ਹੀ ਵਸਦਾ ਪਛਾਣਦਾ ਹਾਂ। ਗੁਰਬਾਣੀ ਦੀ ਸੰਗਤਿ “ਸਾਧਸੰਗਤਿ” ਦੁਆਰਾ ਹੀ ਬਿਬੇਕ ਬੁੱਧ ਪ੍ਰਾਪਤ
ਹੋ ਸਕਦੀ ਹੈ। ਕਰਿ ਕਿਰਪਾ
ਮੋਹਿ ਮਾਰਗਿ ਪਾਵਹੁ॥ ਸਾਧਸੰਗਤਿ ਕੈ ਅੰਚਲਿ ਲਾਵਹੁ॥ (801)।
ਭਾਵ: (ਹੇ ਪ੍ਰਭੂ) ਕਿਰਪਾ ਕਰ ਕੇ ਮੈਨੂੰ (ਜੀਵਨ ਦੇ ਸਹੀ)
ਰਸਤੇ ਉਤੇ ਤੋਰ, ਮੈਨੂੰ “ਸਾਧਸੰਗਤਿ” (ਗੁਰੂ) ਦੇ ਲੜ ਲਾ ਦੇ। ਗੁਰਬਾਣੀ ਨੂੰ ਮਨ ਵਸਾਉਣਾ ਹੀ
ਸਾਧਸੰਗਤਿ ਹੈ।
ਸਾਧਸੰਗਤਿ ਸਿਉ ਪ੍ਰੀਤਿ ਬਣਿ ਆਈ॥ ਪੂਰਬ ਕਰਮਿ ਲਿਖਤ ਧੁਰਿ ਪਾਈ॥ (745)।
ਭਾਵ: ਪੂਰਬਲੇ ਜਨਮਾਂ ਦੇ ਕੀਤੇ ਕਰਮ ਅਨੁਸਾਰ ਧੁਰ
ਦਰਗਾਹ ਤੋਂ ਜਿਸ ਮਨੁੱਖ ਦੇ ਮਸਤਕ ਉਤੇ ਲਿਖਿਆ ਲੇਖ ਉੱਘੜਦਾ ਹੈ ਉਸ ਮਨੁੱਖ ਦਾ ਪਿਆਰ ਗੁਰੂ ਦੀ
ਸੰਗਤਿ ਨਾਲ ਬਣ ਜਾਂਦਾ ਹੈ। ਪੂਰਬਲੇ ਕਰਮਾਂ ਦਾ ਲੇਖ ਵੀ ਉੱਦਮ ਕਰਨ ਵਾਲੇ ਦਾ ਹੀ ਉਘੜੇਗਾ ਇਸ ਲਈ
ਕਹਿਣ ਦਾ ਭਾਵ ਇਹੀ ਹੈ ਕਿ ਜੋ ਮਨੁੱਖ ਗੁਰੂ ਦੀ ਸੰਗਤਿ (ਗੁਰਬਾਣੀ ਮਨ ਵਸਾ ਕੇ ਉਸ ਤੇ ਚਲਣ) ਦਾ
ਉੱਦਮ ਕਰੇਗਾ ਉਸਦਾ ਗੁਰਬਾਣੀ (ਗੁਰੂ) ਨਾਲ ਪ੍ਰੇਮ ਬਣ ਜਾਏਗਾ ਤੇ ਇਹੀ ਪੂਰਬਲੇ ਕਰਮਾਂ ਦਾ ਲੇਖ
ਉੱਘੜਨਾ ਹੈ। ਬਿਸਰਿ ਗਈ ਸਭ
ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿਪਾਈ॥ (1299)।
ਭਾਵ: ਹੇ ਭਾਈ, ਜਦੋਂ ਤੋਂ ਮੈ ਗੁਰੂ (ਗੁਰਬਾਣੀ) ਦੀ
ਸੰਗਤਿ ਪ੍ਰਾਪਤ ਕੀਤੀ ਹੈ, ਸਾਧਸੰਗਤਿ ਕੀਤੀ ਹੈ, (ਤਦੋਂ ਤੋਂ) ਦੂਜਿਆਂ ਦਾ ਸੁੱਖ ਵੇਖ ਕੇ ਅੰਦਰੇ
ਅੰਦਰ ਸੜਨ ਵਾਲੀ ਆਦਤ ਭੁੱਲ ਗਈ ਹੈ।
ਅੰਧੁਕਾਰ ਮਿਟਿਉ ਤਹਿ ਤਨ ਤੇ ਗੁਰਿ
ਸਬਦਿ ਦੀਪਕੁ ਪਰਗਾਸਾ॥ ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕੳੇ ਸਾਧਸੰਗਤਿ ਬਿਸਵਾਸਾ॥ (208)।
ਭਾਵ: (ਹੇ ਭਾਈ) ਗੁਰੂ ਨੇ (ਜਿਸ ਮਨੁੱਖ ਦੇ ਅੰਦਰ
ਆਪਣੇ) ਸ਼ਬਦ ਦੀ ਰਾਹੀਂ (ਆਤਮਕ ਗਿਆਨ ਦਾ ਦੀਵਾ ਜਗਾ ਦਿੱਤਾ), ਉਸਦੇ ਹਿਰਦੇ ਵਿਚੋਂ (ਮੋਹ ਮਾਇਆ ਦਾ)
ਅੰਦੇਰਾ ਦੂਰ ਹੋ ਗਿਆ। ਸਾਧਸੰਗਤਿ ਵਿੱਚ ਜਿਸ ਮਨੁੱਖ ਦੀ ਸ਼ਰਧਾ ਬਣ ਗਈ (ਗੁਰੂ ਨੇ) ਉਸ (ਦੇ ਮਨ) ਦਾ
(ਮਾਇਆ ਦੀ ਖਾਤਰ) ਭੱਟਕਣਾ ਦਾ ਜਾਲ ਕੱਟ ਦਿੱਤਾ। ਕਹਿਣ ਤੋਂ ਭਾਵ ਇਹੀ ਕਿ “ਸਾਧਸੰਗਤਿ” (ਗੁਰਬਾਣੀ
ਨੂੰ ਮਨ ਵਿੱਚ ਵਸਾਉਣ) ਨਾਲ ਮੋਹ ਮਾਇਆ ਦਾ ਅੰਧੇਰਾ ਤੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ।
ਸੰਗਤਿ ਸੰਤ ਮਿਲਾਏ॥ ਹਰਿ ਸਰਿ ਨਿਰਮਲ
ਨਾਏ॥ (774)। ਭਾਵ: ਹੇ ਭਾਈ, ਜਿਹੜਾ ਮਨੁੱਖ
ਗੁਰੂ ਦੀ ਸੰਗਤਿ (ਗੁਰਬਾਣੀ ਨਾਲ) ਮਿਲਦਾ ਹੈ ਉਹ ਪਰਮਾਤਮਾ ਦੇ ਪਵਿੱਤ੍ਰ ਨਾਮ ਸਰੋਵਰ ਵਿੱਚ ਇਸ਼ਨਾਨ
ਕਰਦਾ ਹੈ। ਸਪਸ਼ਟ ਹੈ ਕਿ ਗੁਰਬਾਣੀ ਤੇ ਚਲਣਾ ਹੀ “ਸਾਧਸੰਗਤਿ” ਹੈ ਤੇ ਇਹੀ ਨਾਮ ਸਰੋਵਰ ਵਿੱਚ ਇਸ਼ਨਾਨ
ਕਰਨਾ (ਨਾਮ ਜਪਣਾ) ਹੈ। ਸੋ
ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ॥ (956)।
ਭਾਵ: ਜੋ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ, ਗੁਰੂ ਦੇ ਹੁਕਮ ਵਿੱਚ ਚਲਦਾ ਹੈ, ਉਹੀ ਸਤਸੰਗਤਿ
ਕਰਦਾ ਹੈ। ਸ਼ਬਦ ਦੇ ਨਾਲ ਤਾਂ ਕੇਵਲ ਮਨ ਦੁਆਰਾ ਹੀ ਜੁੜਿਆ ਜਾ ਸਕਦਾ ਹੈ ਇਸ ਲਈ ਗੁਰੂ ਨਾਲ ਸੰਗਤਿ
(ਸਤਸੰਗਤਿ) ਮਨ ਦੇ ਅੰਦਰ ਹੀ ਹੋ ਸਕਦੀ ਹੈ। ਜ਼ਾਹਰ ਹੈ ਕਿ “ਸਾਧਸੰਗਤਿ” ਤੋਂ ਭਾਵ ਗੁਰੂ (ਗੁਰਬਾਣੀ)
ਦੀ ਸੰਗਤਿ (ਮਿਲਾਪ) ਹੈ, ਗੁਰਬਾਣੀ ਨੂੰ ਮਨ ਵਿੱਚ ਵਸਾਉਣਾ (ਉਸਤੇ ਚਲਣਾ) ਹੈ, ਤੇ ਇਸ ਦਾ ਅਸਥਾਨ
ਬਾਹਰ ਨਹੀ ਪਰ ਮਨ ਦੇ ਅੰਦਰ ਹੀ ਹੈ।
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ.
|
. |