ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 37)
ਗੁਰਬਾਣੀ ਦੀ ਜੀਵਨ-ਜੁਗਤ ਨਾਲੋਂ
ਸਿੱਖ ਸੰਗਤਾਂ ਨੂੰ ਤੋੜਨ ਲਈ ਵਿਰੋਧੀ ਭਾਵੇਂ ਗੁਰੂ ਕਾਲ ਵਿੱਚ ਹੀ ਸਰਗਰਮ ਹੋ ਗਏ ਸਨ ਪਰ ਗੁਰੂ
ਸਾਹਿਬਾਨ ਵਲੋਂ ਅਪਣਾਏ ਗਏ ਸਾਧਨਾਂ ਦੀ ਬਦੌਲਤ ਇਨ੍ਹਾਂ ਤਾਕਤਾਂ ਨੂੰ ਗੁਰੂ ਕਾਲ ਵਿੱਚ ਸਫਲਤਾ ਨਸੀਬ
ਨਾ ਹੋਈ। ਗੁਰੂ ਕਾਲ ਤੋਂ ਬਾਅਦ ਇਨ੍ਹਾਂ ਤਾਕਤਾਂ ਨੇ ਫਿਰ ਸਿਰਤੋੜ ਯਤਨ ਪ੍ਰਾਰੰਭ ਕਰ ਦਿੱਤੇ। ਆਪਣੇ
ਵਡੇਰਿਆਂ ਦੀ ਅਸਫਲਤਾ ਦੇ ਕਾਰਨਾਂ ਨੂੰ ਗਹੁ ਨਾਲ ਘੋਖਣ ਉਪਰੰਤ ਇਨ੍ਹਾਂ ਤਾਕਤਾਂ ਨੇ ਸਿੱਖੀ ਦੇ
ਵਿਰੋਧੀ ਖ਼ੇਮੇ ਵਿੱਚ ਬੈਠ ਕੇ ਵਾਰ ਕਰਨ ਦੀ ਥਾਂ ਸਿੱਖੀ ਦੇ ਭੇਸ ਵਿੱਚ ਹੀ ਵਿਚਰ ਕੇ, ਸਿੱਖੀ ਦੇ
ਹਿਤੈਸ਼ੀ ਦੇ ਰੂਪ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ ਛੇਤੀ ਹੀ ਇਹ ਤਾਕਤਾਂ ਸਿੱਖੀ ਦੀਆਂ
ਸੁਹਿਰਦ ਧਿਰ ਵਜੋਂ ਜਾਣੀਆਂ ਜਾਣ ਲੱਗ ਪਈਆਂ। ਇਨ੍ਹਾਂ ਧਿਰਾਂ ਦੀ ਬਦੌਲਤ ਹੀ ਗੁਰਦੁਆਰਿਆਂ ਵਿੱਚ
ਗੁਰਬਾਣੀ ਦੀ ਵਿਚਾਰ ਦੀ ਥਾਂ ਗੁਰਬਾਣੀ ਦੇ ਆਸ਼ੇ ਦੇ ਵਿਪਰੀਤ ਲਿਖਤਾਂ ਦੀ ਕਥਾ ਪ੍ਰਾਰੰਭ ਹੋ ਗਈ।
ਸਿਖਿਆ ਦੀ ਥਾਂ ਮਨਘੜਤ ਸਾਖੀਆਂ ਦਾ ਕੇਵਲ ਪਰਚਾਰ ਹੀ ਨਹੀਂ ਸਗੋਂ ਸਿਖਿਆ ਨਾਲੋਂ ਸਾਖੀ ਉੱਤੇ ਵਧੇਰੇ
ਜ਼ੋਰ ਦੇ ਕੇ ਇਸ ਨੂੰ ਹੀ ਗੁਰਮਤਿ ਦੀ ਜੀਵਨ-ਜੁਗਤ ਦਾ ਅੰਗ ਦਰਸਾਇਆ ਗਿਆ। ਇਹੋ ਜਿਹੇ ਪਰਚਾਰ ਦੀ ਹੀ
ਬਦੌਲਤ ਸਿੱਖ ਸੰਗਤਾਂ ਗੁਰਬਾਣੀ ਦੀ ਜੀਵਨ-ਜੁਗਤ ਨੂੰ ਸਮਝਣ ਦੀ ਬਜਾਏ ਇਨ੍ਹਾਂ ਦੀਆਂ ਲਿਖੀਆਂ
ਪੁਸਤਕਾਂ ਵਿੱਚ ਵਰਣਿਤ ਕਹਾਣੀਆਂ ਨੂੰ ਹੀ ਗੁਰਮਤਿ ਦੀ ਰਹਿਣੀ ਦਾ ਅੰਗ ਸਮਝਣ ਲੱਗ ਪਈਆਂ ਹਨ। ਗੁਰੂ
ਸਾਹਿਬ ਨਾਲ ਸਬੰਧਤ ਮਨਘੜਤ ਕਹਾਣੀਆਂ ਦਾ ਸਾਡੇ ਉੱਤੇ ਇਤਨਾ ਪ੍ਰਬਲ ਪ੍ਰਭਾਵ ਪਿਆ ਹੋਇਆ ਹੈ ਕਿ ਜੇਕਰ
ਅਸੀਂ ਗੁਰਬਾਣੀ ਵੀ ਪੜ੍ਹਦੇ ਹਾਂ ਤਾਂ ਗੁਰਬਾਣੀ ਨੂੰ ਇਨ੍ਹਾਂ ਕਹਾਣੀਆਂ ਦੀ ਰੌਸ਼ਨੀ ਵਿੱਚ ਹੀ ਸਮਝਣ
ਵਿਚਾਰਨ ਦੀ ਕੋਸ਼ਸ਼ ਕਰਦੇ ਹਾਂ।
ਇਨ੍ਹਾਂ ਪੁਸਤਕਾਂ (ਗੁਰ ਬਿਲਾਸ ਪਾਤਸ਼ਾਹੀ ਛੇਵੀਂ ਆਦਿ) ਵਿੱਚ ਇੱਕ ਨਹੀਂ ਕਈ ਕਈ ਪ੍ਰਸੰਗ
ਗੁਰਮਤਿ ਦੇ ਆਸ਼ੇ ਤੋਂ ਬਿਲਕੁਲ ਹੀ ਵਿਪਰੀਤ ਹਨ। ਸਿੱਖ ਸੰਗਤਾਂ ਨੂੰ ਗੁਰਬਾਣੀ ਦੀ ਜੀਵਨ-ਜਾਚ ਤੋਂ
ਤੋੜਨ ਲਈ ਇਨ੍ਹਾਂ ਸੋਮਿਆਂ ਵਿੱਚ ਇੱਕ ਢੰਗ ਇਹ ਵਰਤਿਆ ਗਿਆ ਹੈ ਕਿ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨ
ਸੁਣਨ ਦੀ ਥਾਂ ਕੇਵਲ ਕਿਸੇ ਵਿਸ਼ੇਸ਼ ਬਾਣੀ ਦੇ ਪਾਠ ਨਾਲ ਹੀ ਦੁੱਖ ਦਰਿਦ੍ਰ ਦੂਰ ਹੋ ਜਾਂਦਾ ਹੈ।
ਇਨ੍ਹਾਂ ਪੁਸਤਕਾਂ ਦੇ ਲੇਖਕਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਕੁੱਝ ਬਾਣੀਆਂ ਬਾਰੇ ਚਰਚਾ ਕਰਦਿਆਂ
ਹੋਇਆਂ ਇਨ੍ਹਾਂ ਦਾ ਵੱਖ ਵੱਖ ਮਹਾਤਮ ਦਰਸਾਇਆ ਹੈ। ਜਿਵੇਂ ਗੁਰ ਬਿਲਾਸ ਪਾਤਸ਼ਾਹੀ ੬ ਵਿੱਚ ‘ਰਾਮਕਲੀ
ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ’ ਸਬੰਧੀ ਲਿਖਿਆ ਹੈ, “ਉਪਮਾ ਵਾਰ ਕੀ ਸ੍ਰੀ ਗੁਰ ਕੀਨੀ।
ਕਸਟ ਨਿਵਾਰਨ ਨਿਜ ਚਿਤਿ ਚੀਨੀ। ਜਿਹ ਨਰ ਕੋ ਬਡ ਰੋਗ ਦੁਖਾਵੈ। ਯਾਹਿ ਪੜ੍ਹੈ ਦੁਖ ਦੂਰਿ ਪਰਾਵੈ। ਔਰ
ਕਸ਼ਟ ਕੋ ਰਹਨ ਨ ਪਾਈ। ਪੜ੍ਹੈ ਵਾਰ ਜੋ ਨੇਮ ਧਰਾਈ।”
ਇਸੇ ਹੀ ਪੁਸਤਕ ਵਿੱਚ ‘ਸੁਖਮਨੀ’ ਬਾਣੀ ਦੇ ਪੜ੍ਹਨ ਸੁਣਨ ਦਾ ਮਹਾਤਮ ਇਉਂ ਲਿਖਿਆ ਹੋਇਆ ਹੈ,
“ਪ੍ਰਾਤ ਸਮੈ ਜੋ ਸੁਖਮਨੀ ਪੜ੍ਹੈ ਕੋਊ ਹਿਤੁ ਧਾਰਿ। ਯਾਹਿ ਪੜੈ ਫਲ ਸਭਿ ਲਹੈ ਸੁਨੈ ਲਹੈ ਫਲ ਚਾਰਿ।
ਊਚ ਨੀਚ ਨਰੁ ਕੋ ਪੜ੍ਹੈ ਕਾਲ ਨਿਕਟਿ ਨਹਿ ਆਇ। ਅੰਤ ਸਮੈ ਸਿੰਮ੍ਰਿਤਿ ਸੁ ਗੁਰ ਪਰਮ ਧਾਮ ਪੁਨਿ
ਜਾਇ।” ਇਸ ਪੁਸਤਕ ਵਿੱਚ ਸੁਖਮਨੀ ਦਾ ਹੀ ਨਹੀਂ ਸੁਖਮਨੀ ਤੋਂ ਪਹਿਲਾਂ ਗਉੜੀ ਬਾਵਨ ਅਖਰੀ ਦੇ ਪੜ੍ਹਨ
ਸੁਣਨ ਦਾ ਮਹਾਤਮ ਵੀ ਇਉਂ ਲਿਖਿਆ ਹੋਇਆ ਹੈ, “ਸ੍ਰੀ ਮੁਖਿ ਤਾ ਕੀ ਉਪਮਾ ਕਈ। ਗਉੜੀ ਰਾਗ ਮਧਿ ਇਹ
ਭਈ। ਤੀਨਿ ਲੋਕ ਮਧਿ ਜੋ ਨਰੁ ਪੜ੍ਹੈ। ਜਨਮ ਜਨਮ ਅਘ ਛਿਨ ਮਹਿ ਸੜੈ।” (ਗੁਰ ਬਿਲਾਸ ਪਾਤਸ਼ਾਹੀ ੬) ਇਸ
ਪੁਸਤਕ ਵਿੱਚ ਇਨ੍ਹਾਂ ਬਾਣੀਆਂ ਨੂੰ ਹੀ ਪੜ੍ਹਨ ਸੁਣਨ ਦਾ ਇਸ ਤਰ੍ਹਾਂ ਦਾ ਮਹਾਤਮ ਨਹੀਂ ਲਿਖਿਆ ਹੋਇਆ
ਬਲਕਿ ਜਿਸ ਬੇਰੀ ਹੇਠਾਂ ਬੈਠ ਕੇ ਗੁਰੂ ਅਰਜਨ ਸਾਹਿਬ ਜੀ ਨੇ ‘ਸੁਖਮਨੀ’ ਉਚਾਰੀ ਸੀ, ਉਸ ਦੇ ਦਰਸ਼ਨ
ਦਾ ਮਹਾਤਮ ਵੀ ਇਉਂ ਦਰਸਾਇਆ ਹੈ, “ਰਾਮਸਾਰ ਨਿਕਟਿ ਜੁ ਬੇਰ ਬਿਰਾਜੈ। ਜਿਹ ਤਰ ਸ੍ਰੀ ਗੁਰ ਆਸਨ
ਛਾਜੈ। ਸੁਖਮਨੀ ਜਿਹ ਠਾਂ ਬੈਠਿ ਉਚਾਰੀ। ਜੋਊ ਦਰਸੁ ਕਰਿ ਹੈ ਨਰੁ ਨਾਰੀ। ਸੁਖਮਨੀ ਫਲੁ ਤਿਹ
ਪ੍ਰਾਪਤਿ ਹੋਵੈ। ਬੇਰੀ ਦੇ ਦਰਸਨੁ ਦੁਖ ਖੋਵੈ। ਬੇਰੀ ਪਾਪ ਨਿਬੇਰੀ ਜਾਨੋ। ਜਾ ਕੇ ਦਰਸ ਸਗਲ ਅਘ
ਹਾਨੋ।” (ਗੁਰ ਬਿਲਾਸ ਪਾਤਸ਼ਾਹੀ ੬)
ਲੇਖਕ ਅਨੁਸਾਰ ‘ਸੁਖਮਨੀ’ ਪੜ੍ਹਨ ਦੀ ਵੀ ਲੋੜ ਨਹੀਂ ਕੇਵਲ ਇਸ ਬੇਰੀ ਦੇ
ਦਰਸ਼ਨ ਕਰਨ ਨਾਲ ਸਾਰੇ ਦੁਖ ਹੀ ਨਹੀਂ ਸਗੋਂ ਸਾਰੇ ਪਾਪ ਵੀ ਦੂਰ ਹੋ ਜਾਣਗੇ। ਕਈ ਲੇਖਕਾਂ ਨੇ
ਤਾਂ ਗੁਰਬਾਣੀ ਨੂੰ ਪੜ੍ਹਨ ਸੁਣਨ ਦੇ ਮਹਾਤਮ ਨਾਲੋਂ ਆਪਣੀਆਂ ਲਿਖਤਾਂ ਦਾ ਮਹਾਤਮ ਦਰਸਾਉਂਦਿਆਂ
ਹੋਇਆਂ ਇੱਥੋਂ ਤੱਕ ਲਿਖ ਦਿੱਤਾ ਕਿ ਇਨ੍ਹਾਂ ਰਚਨਾਵਾਂ ਨੂੰ ਪੜ੍ਹਨ ਸੁਣਨ ਨਾਲ ਹੀ ਸਾਰੇ ਦੁੱਖ ਦਰਦ
ਦੂਰ ਹੋ ਜਾਣਗੇ, ਹਰੇਕ ਤਰ੍ਹਾਂ ਦਾ ਫਲ ਪ੍ਰਾਪਤ ਹੋ ਜਾਵੇਗਾ, ਪ੍ਰਭੂ ਦੀ ਹਜ਼ੂਰ ਪ੍ਰਾਪਤ ਹੋਵੇਗੀ
ਆਦਿ। ਉਦਾਹਰਣ ਵਜੋਂ ਭਾਈ ਗੁਰਦਾਸ ਦੂਜੇ ਦੀ ਕਹੀ ਜਾਂਦੀ ਵਾਰ ਵਿਚੋਂ ਨਿਮਨ ਲਿਖਤ ਤੁਕਾਂ ਨੂੰ
ਦੇਖਿਆ ਜਾ ਸਕਦਾ ਹੈ, “ਯਹ ਵਾਰ ਭਗਉਤੀ ਜੋ ਪੜੈ ਅਮਰਾਪਦ ਪਾਏ। ਤਹ ਦੂਖ ਸੰਤਾਪ ਨ ਕਛੁ ਲਗੈ ਆਨੰਦ
ਵਰਤਾਏ। ਫਿਰ ਜੋ ਚਿਤਵੈ ਸੋਈ ਲਹੈ ਘਟਿ ਅਲਖ ਲਖਾਏ। ਤਬ ਨਿਸ ਦਿਨ ਇਹ ਵਾਕ ਕਉ ਮੁਖ ਪਾਠ ਸੁਨਾਏ। ਸੋ
ਲਹੈ ਪਦਾਰਥ ਮੁਕਤਿ ਪਦ ਚੜਿ ਗਗਨ ਸਮਾਏ। ਤਬ ਕਛੂ ਨ ਪੂਛੇ ਜਮ ਧਰਮ ਸਭ ਪਾਪ ਮਿਟਾਏ. . ਇਹ ਵਾਰ
ਭਗਉਤੀ ਮਹਾਂ ਪੁਨੀਤੇ। ਜਿਸ ਉਚਰਤਿ ਉਪਜਤਿ ਪਰਤੀਤੇ। ਜੋ ਇਸ ਵਾਰ ਸੋਂ ਪ੍ਰੇਮ ਲਗਾਵੈ। ਸੋਈ ਮਨ
ਬਾਂਛਤ ਫਲ ਪਾਵੈ। ਮਿਟਹਿਂ ਸਗਲ ਦੁਖ ਦਰਦ ਕਲੇਸਾ। ਫੁਨ ਪ੍ਰਗਟੇ ਬਹੁ ਸੁਖ ਪਰਵੇਸਾ। ਜੋ ਨਿਸ ਬਾਸੁਰ
ਰਟਹਿ ਇਹ ਵਾਰੇ। ਸੋ ਪਹੁੰਚੇ ਧੁਰ ਹਰਿ ਦਰਬਾਰੇ।” (ਰਾਮਕਲੀ ਵਾਰ ਪਾਤਸ਼ਾਹੀ ਦਸਵੇਂ ਕੀ) ਇਸ ਤਰ੍ਹਾਂ
ਦੇ ਲੇਖਕਾਂ ਅਨੁਸਾਰ ਤਾਂ ਗੁਰਬਾਣੀ ਪੜ੍ਹਨ ਸੁਣਨ ਅਥਵਾ ਇਸ ਵਿਚਲੀ ਜੀਵਨ-ਜੁਗਤ ਨੂੰ ਅਪਣਾਉਣ ਦੀ ਵੀ
ਲੋੜ ਨਹੀਂ ਹੈ। ਇਸ ਤਰ੍ਹਾਂ ਦੇ ਵਿਦਵਾਨ ਸਿੱਖ ਪੰਥ ਦੀ ਕਿਸ ਤਰ੍ਹਾਂ ਦੇ ਸੇਵਾ ਨਿਭਾ ਰਹੇ ਹਨ,
ਇਨ੍ਹਾਂ ਦੀਆਂ ਅਜਿਹੀਆਂ ਲਿਖਤਾਂ ਵਿੱਚ ਸਪਸ਼ਟ ਹੋ ਜਾਂਦਾ ਹੈ।
ਨੋਟ: ਇਹ ਉਹੀ ਵਾਰ ਹੈ ਜਿਸ ਦੀ ਇਸ ਪਉੜੀ ਨੂੰ – ‘ਹਰਿ ਸੱਚੈ ਤਖਤ ਰਚਾਇਆ ਸਤਿ ਸੰਗਤਿ ਮੇਲਾ। ਨਾਨਕ
ਨਿਰਭਉ ਨਿਰੰਕਾਰ ਵਿਚਿ ਸਿਧਾਂ ਖੇਲਾ। ਗੁਰੁ ਦਾਸ ਮਨਾਈ ਕਾਲਕਾ ਖੰਡੇ ਕੀ ਵੇਲਾ। ਪੀਵਹੁ ਪਾਹੁਲ
ਖੰਡੇਧਾਰ ਹੁਇ ਜਨਮ ਸੁਹੇਲਾ। ਗੁਰ ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ। ਵਾਹ ਵਾਹ ਗੋਬਿੰਦ ਸਿੰਘ
ਆਪੇ ਗੁਰੁ ਚੇਲਾ।’ ਰਾਗੀ ਸਿੰਘ ਅਕਸਰ ਹੀ ਇਸ ਪਉੜੀ ਦਾ ਗਾਇਣ ਕਰਦੇ ਹਨ ਅਤੇ ਪਰਚਾਰਕ/ਕਥਾਵਾਚਕ
ਆਪਣੇ ਕਥਾ ਵਿਆਖਿਆਨਾਂ ਵਿੱਚ ਇਸ ਦਾ ਹਵਾਲਾ ਦੇਂਦੇ ਹਨ। ਜੇਕਰ ਇਸ ਵਾਰ ਦੀਆਂ ਕੁੱਝ ਪਉੜੀਆਂ ਦਾ
ਗਾਇਣ ਕਰਨ ਵਾਲੇ ਸੱਜਣ ਧਿਆਨ ਨਾਲ ਇਸ ਵਾਰ ਨੂੰ ਪੜ੍ਹਨ ਦੀ ਖੇਚਲ ਕਰਨ ਤਾਂ ਸ਼ਾਇਦ ਫਿਰ ਉਹ ਇਸ ਦਾ
ਗਾਇਣ ਕਰਨ ਦਾ ਹੀਆ ਨਾ ਕਰਨ।
‘ਅਖੌਤੀ ਸ਼ਰਧਾ ਪੂਰਨ ਗ੍ਰੰਥ’ ਦੇ ਲੇਖਕ ਨੇ ਅਜਿਹੇ ਲੇਖਕਾਂ ਤੋਂ ਵੀ ਅਗਲੇਰਾ ਕਦਮ ਪੁਟਦਿਆਂ ਹੋਇਆਂ
ਜਿੱਥੇ ਗੁਰਬਾਣੀ ਦੇ ਭਿੰਨ ਭਿੰਨ ਸ਼ਬਦਾਂ ਦਾ ਵੱਖ ਵੱਖ ਮਹਾਤਮ ਲਿਖਿਆ ਹੈ, ਉੱਥੇ ਨਾਲ ਹੀ ਇਨ੍ਹਾਂ
ਸ਼ਬਦਾਂ ਨੂੰ ਤਾਂਤ੍ਰਿਕ ਵਿਧੀ ਨਾਲ ਪੜ੍ਹਨ ਦਾ ਵਿਸਤਾਰ ਸਹਿਤ ਉਲੇਖ ਵੀ ਕੀਤਾ ਹੈ। ਇਸ ਤਰ੍ਹਾਂ ਇਸ
ਪੁਸਤਕ ਦੇ ਕਰਤਾ ਨੇ ਭਿੰਨ ਭਿੰਨ ਪਉੜੀਆਂ/ ਸ਼ਬਦਾਂ ਦਾ ਵੱਖ ਵੱਖ ਮਹਾਤਮ ਲਿਖ ਕੇ ਬਾਣੀ ਦੀ ਇਕਸਾਰਤਾ
ਉੱਤੇ ਗਹਿਰੀ ਚੋਟ ਮਾਰਨ ਦੀ ਕੁਚੇਸ਼ਟਾ ਵੀ ਕੀਤੀ ਹੈ। ਲੇਖਕ ਵਲੋਂ ਜਪੁਜੀ ਦੀਆਂ ਪਹਿਲੀਆਂ ਪੈਂਤੀ
ਪਉੜੀਆਂ ਨੂੰ ਤਾਂਤ੍ਰਿਕ ਵਿਧੀ ਨਾਲ ਪੜ੍ਹਨ ਅਤੇ ਇਨ੍ਹਾਂ ਦੇ ਮਹਾਤਮ ਦੀ ਚਰਚਾ ਕਰ ਚੁਕੇ ਹਾਂ।
ਪੁਸਤਕ ਕਰਤਾ ਵਲੋਂ ਜਪੁਜੀ ਦੀ ੩੬ਵੀਂ ਪਉੜੀ ਦੇ ਪਾਠ ਦੀ ਵਿਧੀ ਅਤੇ ਇਸ ਦੇ ਮਹਾਤਮ ਦੀ ਚਰਚਾ ਕਰਨ
ਤੋਂ ਪਹਿਲਾਂ, ਇਸ ਪਉੜੀ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਗਿਆਨ ਖੰਡ ਮਹਿ ਗਿਆਨੁ ਪਰਚੰਡੁ॥ ਤਿਥੈ ਨਾਦ ਬਿਨੋਦ ਕੋਡ ਅਨੰਦੁ॥
ਅਰਥ:- ਗਿਆਨ ਖੰਡ ਵਿੱਚ (ਭਾਵ, ਮਨੁੱਖ ਦੀ ਗਿਆਨ ਅਵਸਥਾ ਵਿਚ) ਗਿਆਨ ਹੀ ਬਲਵਾਨ ਹੁੰਦਾ
ਹੈ। ਇਸ ਅਵਸਥਾ ਵਿੱਚ (ਮਾਨੋ) ਸਭ ਰਾਗਾਂ, ਤਮਾਸ਼ਿਆਂ ਤੇ ਕੌਤਕਾਂ ਦਾ ਸੁਆਦ ਆ ਜਾਂਦਾ ਹੈ।
ਸਰਮ ਖੰਡ ਕੀ ਬਾਣੀ ਰੂਪੁ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ॥
ਅਰਥ:- ਉੱਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ (ਭਾਵ, ਇਸ ਅਵਸਥਾ ਵਿੱਚ ਆ ਕੇ ਮਨ ਦਿਨੋ ਦਿਨ
ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ)। ਇਸ ਅਵਸਥਾ ਵਿੱਚ (ਨਵੀਂ) ਘਾੜਤ ਦੇ ਕਾਰਨ ਮਨ ਬਹੁਤ ਸੋਹਣਾ
ਘੜਿਆ ਜਾਂਦਾ ਹੈ।
ਤਾ ਕੀਆ ਗਲਾ ਕਥੀਆ ਨਾ ਜਾਹਿ॥ ਜੇ ਕੋ ਕਹੈ ਪਿਛੈ ਪਛੁਤਾਇ॥
ਅਰਥ:- ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋਈ ਮਨੁੱਖ ਬਿਆਨ
ਕਰਦਾ ਹੈ, ਤਾਂ ਪਿੱਛੋਂ ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਦੇ ਅਸਮਰਥ ਰਹਿੰਦਾ ਹੈ)।
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥
੩੬॥
ਅਰਥ:- ਉਸ ਮਿਹਨਤ ਵਾਲੀ ਅਵਸਥਾ ਵਿੱਚ ਮਨੁੱਖ ਦੀ ਸੁਰਤਿ ਤੇ ਮਤ ਘੜੀ ਜਾਂਦੀ ਹੈ, (ਭਾਵ,
ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ) ਅਤੇ ਮਨ ਵਿੱਚ ਜਾਗ੍ਰਤ ਪੈਦਾ ਹੋ ਜਾਂਦੀ ਹੈ। ਸਰਮ ਖੰਡ ਵਿੱਚ
ਦੇਵਤਿਆਂ ਤੇ ਸਿੱਧਾਂ ਵਾਲੀ ਅਕਲ (ਮਨੁੱਖ ਦੇ ਅੰਦਰ) ਬਣ ਜਾਂਦੀ ਹੈ। ੩੬।
ਭਾਵ:- ਗਿਆਨ-ਅਵਸਥਾ ਦੀ ਬਰਕਤਿ ਨਾਲ ਜਿਉਂ ਜਿਉਂ ਸਾਰਾ ਜਗਤ ਇੱਕ ਸਾਂਝਾ ਟੱਬਰ ਦਿੱਸਦਾ ਹੈ, ਜੀਵ
ਖ਼ਲਕਤਿ ਦੀ ਸੇਵਾ ਦੀ ਮਿਹਨਤ (= ‘ਸਰਮ’ ਸਿਰ `ਤੇ ਚੁੱਕਦਾ ਹੈ, ਮਨ ਦੀ ਪਹਿਲੀ ਤੰਗ-ਦਿਲੀ ਤੋਂ ਹਟ
ਕੇ ਵਿਸ਼ਾਲਤਾ ਤੇ ਉਦਾਰਤਾ ਦੀ ਘਾੜਤ ਵਿਚ, ਮਨ ਨਵੇਂ ਸਿਰੇ ਸੋਹਣਾ ਘੜਿਆ ਜਾਂਦਾ ਹੈ, ਮਨ ਵਿੱਚ ਇੱਕ
ਨਵੀਂ ਜਾਗ੍ਰਤ ਆਉਂਦੀ ਹੈ, ਸੁਰਤਿ ਉੱਚੀ ਹੋਣ ਲੱਗ ਪੈਂਦੀ ਹੈ। ੩੬।
ਪਰੰਤੂ ਇਸ ਪੁਸਤਕ ਦਾ ਕਰਤਾ ਇਸ ਪਉੜੀ ਦੇ ਗਿਣਤੀ ਦੇ ਪਾਠ, ਇਨ੍ਹਾਂ ਦੀ ਵਿਧੀ ਅਤੇ ਮਹਾਤਮ ਬਾਰੇ
ਇਉਂ ਲਿਖਦਾ ਹੈ, “ਇਸ ਪਉੜੀ ਦਾ ਪਾਠ ਵੀਰਵਾਰ ਪ੍ਰਾਤਾਕਾਲ ਤੋਂ ਇੱਕ ਸੌ ਇੱਕ ਰੋਜ਼ ਇਕੀ ਦਿਨ
ਕਰਨਾ, ਗਿਆਨ ਦੀ ਪ੍ਰਾਪਤੀ ਹੋਵੇ। ਜੇ ਇਸ ਨੂੰ ਐਤਵਾਰ ਗੁਪਤ ਜਪੇ ਤਾਂ ਅਦ੍ਰਿਸ਼ਟ ਦੇਖੇ।”
ਲੇਖਕ ਇਸ ਗੱਲ ਦਾ ਸਪਸ਼ਟ ਰੂਪ ਵਿੱਚ ਵਰਣਨ ਨਹੀਂ ਕਰਦਾ ਕਿ ਇਸ ਪਉੜੀ ਦਾ ਇਸ ਤਰ੍ਹਾਂ ਦੀ ਵਿਧੀ ਨਾਲ
ਪਾਠ ਕਰਨ ਨਾਲ ਕਿਹੋ ਜਿਹਾ ਗਿਆਨ ਪ੍ਰਾਪਤ ਹੋਵੇਗਾ। ਚੂੰਕਿ ਗਿਆਨ ਦਾ ਖੇਤਰ ਬਹੁਤ ਵਿਸ਼ਾਲ ਹੈ, ਲੇਖਕ
ਦੀ ਇਸ ਲਿਖਤ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਹਰੇਕ ਤਰ੍ਹਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ ਜਾਂ
ਕਿਸੇ ਖ਼ਾਸ ਵਿਸ਼ੇ ਦਾ ਹੀ। ਵੈਸੇ ਹਰੇਕ ਤਰ੍ਹਾਂ ਦਾ ਗਿਆਨ ਹਾਸਲ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ।
ਕਿਸੇ ਤਰ੍ਹਾਂ ਦਾ ਗਿਆਨ ਵੀ ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਪ੍ਰਾਪਤ ਨਹੀਂ ਕਰ ਸਕੀਦਾ ਹੈ। ਲੇਖਕ
ਦੀ ਇਸ ਲਿਖਤ ਤੋਂ ਅਸੀਂ ਆਤਮਕ ਗਿਆਨ ਹੀ ਲੈ ਕੇ ਗੁਰਬਾਣੀ ਵਿਚੋਂ ਸਮਝਣ ਦੀ ਕੋਸ਼ਸ਼ ਕਰਦੇ ਹਾਂ ਕਿ,
ਕੀ ਇਸ ਤਰ੍ਹਾਂ ਦਾ ਗਿਆਨ ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਪ੍ਰਾਪਤ ਹੁੰਦਾ ਹੈ? ਗੁਰਬਾਣੀ ਵਿੱਚ ਇਸ
ਦਾ ਉੱਤਰ ਇਉਂ ਦਿੱਤਾ ਹੋਇਆ ਹੈ:
ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ॥ ਜਿਨ ਕਉ ਆਪਿ ਦਇਆਲੁ
ਹੋਇ ਤਿਨ ਉਪਜੈ ਮਨਿ ਗਿਆਨੁ॥ (ਪੰਨਾ ੪੫) ਅਰਥ:- ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਨਾਲ
ਆਪਣਾ ਮਨ ਜੋੜਿਆ ਹੈ, ਉਹ ਸਾਰੇ ਗੁਣਾਂ ਵਾਲੇ ਹੋ ਜਾਂਦੇ ਹਨ ਉਹ (ਲੋਕ ਪਰਲੋਕ ਵਿਚ) ਮੰਨੇ-ਪ੍ਰਮੰਨੇ
ਜਾਂਦੇ ਹਨ। ਜਿਨ੍ਹਾਂ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਹਨਾਂ ਦੇ ਮਨ ਵਿੱਚ ਪਰਮਾਤਮਾ ਨਾਲ
ਡੂੰਘੀ ਸਾਂਝ ਪੈਦਾ ਹੁੰਦੀ ਹੈ।
ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ॥ ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ
ਕੋਇ॥ (ਪੰਨਾ ੫੯) ਅਰਥ:- ਹੇ ਭਾਈ! (ਬੇਸ਼ਕ) ਕੋਈ ਧਿਰ ਬ੍ਰਹਮਾ ਨੂੰ, ਨਾਰਦ ਨੂੰ, ਵੇਦਾਂ
ਵਾਲੇ ਰਿਸ਼ੀ ਬਿਆਸ ਨੂੰ ਪੁੱਛ ਲਵੋ, ਗੁਰੂ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪੈ ਸਕਦੀ।
ਗੁਰਬਾਣੀ ਆਤਮ ਗਿਆਨ ਦਾ ਖ਼ਜ਼ਾਨਾ ਹੈ। ਗੁਰਬਾਣੀ ਨੂੰ ਧਿਆਨ ਨਾਲ ਵਿਚਾਰ ਸਹਿਤ ਪੜ੍ਹਨ ਨਾਲ ਹੀ ਇਸ
ਵਿਚਲੀ ਜੀਵਨ-ਜੁਗਤ ਨੂੰ ਸਮਝ ਸਕੀਦਾ ਹੈ। ਇਸ ਜੀਵਨ-ਜੁਗਤ ਨੂੰ ਸਮਝ ਕੇ ਅਪਣਾਉਣ ਵਾਲੇ ਹੀ ਗਿਆਨਵਾਨ
ਹਨ।
ਜਿੱਥੋਂ ਤੱਕ ਲੇਖਕ ਦਾ ‘ਅਦ੍ਰਿਸ਼ਟ ਦੇਖੇ’ ਲਿਖਣ ਦਾ ਸਵਾਲ ਹੈ, ਇਹ ਵੀ ਲੇਖਕ ਦੀ ਆਪਣੀ ਕਲਪਨਾ ਦੀ
ਹੀ ਉਪਜ ਹੈ। ਗੁਰੂ ਸਾਹਿਬਾਨ ਦੀਆਂ ਜੀਵਨ ਕਥਾਵਾਂ ਵਿੱਚ ਸਪਸ਼ਟ ਵਰਣਨ ਹੈ ਕਿ ਗੁਰੂ ਸਾਹਿਬਾਨ ਨੇ ਵੀ
ਕਿਤੇ ਇਸ ਤਰ੍ਹਾਂ ਦੇ ਅਦ੍ਰਿਸ਼ਟ ਦੇਖਣ ਦਾ ਦਾਅਵਾ ਨਹੀਂ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੀ ਸ਼ਹਾਦਤ ਦੀ ਖ਼ਬਰ ਮਾਹੀ ਹਲਕਾਰਾ ਨੇ ਸੁਣਾਈ ਸੀ। ਇਸ
ਮਾਹੀ ਨੂੰ ਹਜ਼ੂਰ ਦੇ ਕਹਿਣ `ਤੇ ਰਾਇ ਕੱਲੇ ਨੇ ਸਰਹਿੰਦ ਖ਼ਬਰ ਲੈਣ ਲਈ ਭੇਜਿਆ ਸੀ। ਵੈਰੀ ਦਲ ਦੀ
ਹਰੇਕ ਹਰਕਤ ਦੀ ਖ਼ਬਰ ਸੂਹੀਏ ਹੀ ਆ ਕੇ ਗੁਰਦੇਵ ਨੂੰ ਦੇਂਦੇ ਸਨ। ਜੇਕਰ ਅਜਿਹਾ ਸੰਭਵ ਹੁੰਦਾ ਤਾਂ
ਗੁਰੂ ਸਾਹਿਬਾਨ ਨੂੰ ਤਾਂ ਘੱਟੋ-ਘੱਟ ਮਨੁੱਖਾਂ `ਤੇ ਨਿਰਭਰ ਹੋਣ ਦੀ ਲੋੜ ਨਾ ਪੈਂਦੀ। ਗੁਰੂ ਕਾਲ
ਤੋਂ ਬਾਅਦ ਵਿੱਚ ਵੀ ਸਿੰਘਾਂ ਨੂੰ ਵੈਰੀ ਦਲ ਦੀਆਂ ਸਰਗਰਮੀਆਂ `ਤੇ ਨਜ਼ਰ ਰੱਖਣ ਲਈ ਅਜਿਹੇ ਪ੍ਰਾਣੀਆਂ
ਦੀ ਲੋੜ ਪੈਂਦੀ ਰਹੀ ਹੈ। ਜੇਕਰ ਲੇਖਕ ਦੇ ਇਸ ਕਥਨ ਵਿੱਚ ਰੰਚ-ਮਾਤਰ ਵੀ ਸਚਾਈ ਹੁੰਦੀ ਤਾਂ ਗੁਰਬਾਣੀ
ਅਨੁਸਾਰ ਹੀ ਜੀਵਨ ਜਿਊਂਣ ਵਾਲੇ ਬਾਣੀ ਤੋਂ ਅਜਿਹਾ ਲਾਭ ਜ਼ਰੂਰ ਉਠਾਉਂਦੇ। ਪਰੰਤੂ ਇਤਿਹਾਸ ਵਿੱਚ ਇਸ
ਤਰ੍ਹਾਂ ਦਾ ਕਿਧਰੇ ਵਰਣਨ ਨਹੀਂ ਮਿਲਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਦ੍ਰਿਸ਼ਟ ਦੇਖਣ ਦਾ ਭਾਵ ਗੁਰਬਾਣੀ ਦੀ ਜੀਵਨ-ਜੁਗਤ ਨੂੰ ਸਮਝ ਕੇ
ਮਾਇਆ ਦੇ ਮੋਹ ਤੋਂ ਛੁਟਕਾਰਾ ਪਾਉਣ ਤੋਂ ਹੈ। ਇਹ ਪ੍ਰਾਪਤੀ ਗੁਰਬਾਣੀ ਦੇ ਭਾਵ ਨੂੰ ਹਿਰਦੇ ਵਿੱਚ
ਵਸਾਉਣ ਨਾਲ ਹੀ ਹੁੰਦੀ ਹੈ। ਗੁਰਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ ਵਿਚੋਂ ਇਸ ਭਾਵ ਨੂੰ ਦੇਖਿਆ ਜਾ
ਸਕਦਾ ਹੈ:
(ੳ) ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ॥ ਗੁਰ ਪਰਸਾਦੀ ਪਾਈਐ
ਅੰਤਰਿ ਕਪਟ ਖੁਲਾਹੀ॥ ੧॥ ਸਤਿਗੁਰ ਤੇ ਹਰਿ ਪਾਈਐ ਭਾਈ॥ ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ
ਦੀਆ ਦਿਖਾਈ॥ ੧॥ ਰਹਾਉ॥ ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ॥ ਅੰਦਰੁ ਖੋਲੈ ਦਿਬ
ਦਿਸਟਿ ਦੇਖੈ ਮੁਕਤਿ ਭੰਡਾਰਾ॥ ੨॥ (ਪੰਨਾ ੪੨੫) ਅਰਥ:- ਹੇ ਭਾਈ! ਗੁਰੂ ਪਾਸੋਂ ਹੀ
ਪਰਮਾਤਮਾ ਲੱਭਦਾ ਹੈ (ਉਂਝ ਤਾਂ ਹਰੇਕ ਮਨੁੱਖ ਦੇ) ਅੰਦਰ (ਪਰਮਾਤਮਾ ਦਾ) ਨਾਮ-ਖ਼ਜ਼ਾਨਾ ਮੌਜੂਦ ਹੈ,
ਪਰ ਗੁਰੂ ਨੇ ਹੀ (ਇਹ ਖ਼ਜ਼ਾਨਾ) ਵਿਖਾਇਆ ਹੈ। ੧। ਰਹਾਉ।
(ਹੇ ਭਾਈ! ਪਰਮਾਤਮਾ ਦਾ ਨਾਮ-) ਖ਼ਜ਼ਾਨਾ ਸਾਰਾ (ਮਨੁੱਖ ਦੇ) ਹਿਰਦੇ ਦੇ ਅੰਦਰ ਹੀ ਹੈ, ਬਾਹਰ ਜੰਗਲ
ਆਦਿਕ ਵਿੱਚ (ਢੂੰਢਿਆਂ) ਕੁੱਝ ਨਹੀਂ ਮਿਲਦਾ। (ਪਰ, ਹਾਂ) ਇਹ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ।
(ਜਿਸ ਨੂੰ ਗੁਰੂ ਮਿਲ ਪਏ ਉਸ ਦੇ) ਅੰਦਰਲੇ ਕਿਵਾੜ (ਜੋ ਪਹਿਲਾਂ ਮਾਇਆ ਦੇ ਮੋਹ ਦੇ ਕਾਰਨ ਬੰਦ ਸਨ)
ਖੁਲ੍ਹ ਜਾਂਦੇ ਹਨ। ੧।
ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ-ਧਨ ਦਾ ਗਾਹਕ ਬਣਦਾ ਹੈ ਉਹ (ਗੁਰੂ ਦੀ ਰਾਹੀਂ) ਹਾਸਲ ਕਰ
ਲੈਂਦਾ ਹੈ ਉਹ ਆਤਮਕ ਜੀਵਨ ਦਾ ਕੀਮਤੀ ਵਿਚਾਰ ਪ੍ਰਾਪਤ ਕਰ ਲੈਂਦਾ ਹੈ, (ਮਾਇਆ ਦੇ ਮੋਹ ਦੇ ਜੰਦ੍ਰੇ
ਨਾਲ ਬੰਦ ਹੋਇਆ ਹੋਇਆ ਆਪਣਾ) ਹਿਰਦਾ ਉਹ (ਗੁਰੂ ਦੀ ਕਿਰਪਾ ਨਾਲ) ਖੋਲ੍ਹ ਲੈਂਦਾ ਹੈ, ਆਤਮ ਦ੍ਰਿਸ਼ਟੀ
ਨਾਲ ਵੇਖਦਾ ਹੈ ਕਿ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾਣ ਵਾਲੇ ਨਾਮ-ਧਨ ਦੇ ਖ਼ਜ਼ਾਨੇ ਭਰੇ ਪਏ ਹਨ। ੨।
(ਅ) ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ॥ ਗੁਰ ਪਰਸਾਦਿ ਪਰਮ ਪਦੁ ਪਾਏ॥
ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ॥ (ਪੰਨਾ ੧੦੧੬) ਅਰਥ: (ਹੇ ਭਾਈ!
ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਆਪਣਾ ਪਿਆਰ ਵਸਾਂਦਾ ਹੈ ਉਸ ਦੇ ਅੰਦਰ) ਆਤਮਕ ਜੀਵਨ ਦਾ ਚਾਨਣ ਦੇਣ
ਵਾਲੀ ਨਿਗਾਹ ਜਾਗ ਪੈਂਦੀ ਹੈ (ਅਤੇ ਉਹ ਨਿਗਾਹ ਉਸ ਦੀ) ਭਟਕਣਾ ਦੂਰ ਕਰ ਦੇਂਦੀ ਹੈ। ਗੁਰੂ ਦੀ
ਕਿਰਪਾ ਨਾਲ (ਉਹ ਮਨੁੱਖ) ਸਭ ਤੋਂ ਉੱਚਾ ਆਤਮਕ ਜੀਵਨ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ। (ਜਿਹੜਾ
ਮਨੁੱਖ) ਇਸ ਜੁਗਤਿ ਨੂੰ ਸਮਝ ਲੈਂਦਾ ਹੈ ਉਹ (ਸਹੀ ਅਰਥਾਂ ਵਿਚ) ਜੋਗੀ ਹੈ; ਗੁਰੂ ਦੇ ਸ਼ਬਦ ਦੀ
ਬਰਕਤਿ ਨਾਲ ਉਹ ਉੱਚੇ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ।
ਗੁਰਬਾਣੀ ਨੂੰ ਪੜ੍ਹਨ ਸੁਣਨ ਵਾਲਾ ਅਦ੍ਰਿਸ਼ਟ ਦੇਖਣ ਦੀ ਇਹੋ ਜਿਹੀ ਸਮਰੱਥਾ ਹਾਸਲ ਕਰਨ ਵਿੱਚ ਕਾਮਯਾਬ
ਹੁੰਦਾ ਹੈ ਪਰੰਤੂ ਇਹੋ ਜਿਹੀ ਸਮਰੱਥਾ ਗੁਰਬਾਣੀ ਨੂੰ ਤਾਂਤ੍ਰਿਕ ਵਿਧੀ ਨਾਲ ਪੜ੍ਹਨ ਨਾਲ ਨਹੀਂ,
ਸਗੋਂ ਗੁਰਬਾਣੀ ਨੂੰ ਧਿਆਨ ਨਾਲ ਵਿਚਾਰ ਸਹਿਤ ਪੜ੍ਹ ਕੇ ਭਾਵ ਨੂੰ ਹਿਰਦੇ ਵਿੱਚ ਵਸਾਉਣ ਨਾਲ ਹੀ ਪਾਈ
ਜਾ ਸਕਦੀ ਹੈ।
ਜਸਬੀਰ ਸਿੰਘ ਵੈਨਕੂਵਰ