ਕਿਵ ਸਚਿਆਰਾ ਹੋਈਐ ?
ਜਪੁ-ਜੀ ਸਾਹਿਬ ਦੀ ਪਹਿਲੀ ਪਉੜੀ ਦੀਆਂ ਪਹਿਲੀਆਂ ਚਾਰ ਤੁਕਾਂ ਵਿੱਚ ਗੁਰੂ
ਨਾਨਕ ਸਾਹਿਬ ਦਾ ਨਿਰਣਾ ਹੈ ਕਿ ਬੌਧਿਕ ਚਤੁਰਾਈਆਂ ਦੀ ਉਪਜ ਕਥਿਤ ਧਾਰਮਿਕ ਜੁਗਤੀਆਂ ਦੁਆਰਾ ਸਰੀਰਕ
ਇਸ਼ਨਾਨ ਆਦਿਕ ਨਾਲ ਬਾਹਰਲੀ ਸੁੱਚ ਰਖਿਆਂ, ਮਨ ਨੇ ਸੁੱਚਾ ਨਹੀ ਹੋ ਸਕਦਾ; ਮੌਨਵ੍ਰਤ ਆਦਿਕ ਦੇ ਰੂਪ
ਵਿੱਚ ਬਾਹਰੀ ਚੁੱਪ ਸਦਕਾ ਮਨ ਦੀ ਚੁੱਪ ਅਥਵਾ ਟਿਕਾਓ ਹਾਸਲ ਨਹੀ ਹੋ ਸਕਦਾ ਅਤੇ ਤਾਂਤਰਿਕ ਮਤੀਆਂ
ਵਾਂਗ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਇੰਦ੍ਰਿਆਵੀ ਭੋਗਾਂ ਰਾਹੀਂ ਮਨ ਦੀਆਂ ਇਛਾਵਾਂ ਦੀ ਪੂਰਤੀ ਕਰਕੇ
ਮਾਨਸਿਕ ਤ੍ਰਿਪਤੀ ਨਹੀ ਮਿਲ ਸਕਦੀ; ਤਾਂ ਫਿਰ ਸੁਆਲ ਖੜਾ ਹੁੰਦਾ ਹੈ ‘ਕਿਵ, ਸਚਿਆਰਾ ਹੋਈਐ`?
ਸਚਿਆਰ ਕਿਵੇਂ ਹੋਈਏ? ਭਾਵ, ਸੱਚੇ-ਸੁੱਚੇ ਅਚਾਰ ਦੇ ਧਾਰਨੀ ਹੋ ਕੇ ਸਤਿ-ਸਰੂਪ ਸਚਿਆਰ ਪ੍ਰਭੂ
ਦਾ ਰੂਪ ਕਿਵੇਂ ਹੋਇਆ ਜਾਵੇ? ਸਾਡਾ ਮਨ ਇਸ ਯੋਗ ਕਿਵੇਂ ਬਣੇ ਕਿ ਉਸ ਅੰਦਰ ਅਕਾਲ ਪੁਰਖ ਦੇ ਦੈਵੀ
ਗੁਣਾਂ ਦਾ ਪਰਕਾਸ਼ ਹੋ ਸਕੇ? ਸਾਡੇ ਜੀਵਨ ਵਿਉਹਾਰ ਵਿਚੋਂ ਸਚਾਈ, ਸਮਾਨਤਾ, ਸਮਦ੍ਰਿਸ਼ਟਤਾ, ਨਿਰਭੈਤਾ
ਤੇ ਨਿਰਵੈਰਤਾ ਆਦਿਕ ਰੱਬੀ-ਗੁਣਾਂ ਦੇ ਝਲਕਾਰੇ ਵੱਜਣ ਲੱਗ ਪੈਣ।
ਕਿਉਂਕਿ, ਗੁਰਬਾਣੀ ਵਿੱਚ ਸਚਿਆਰ ਮਨੁੱਖ ਦੀ ਪ੍ਰੀਭਾਸ਼ਾ ਹੀ ਇਹੀ ਹੈ ਕਿ ਉਹ
ਗੁਰਮਤ ਅਨੁਸਾਰੀ ਹੁੰਦਾ ਹੋਇਆ, ਜਗਤ ਦੇ ਮੂਲ ਪਰਮਾਤਮਾ ਨੂੰ ਆਪਣੀ ਸੋਚ ਮੰਡਲ ਵਿੱਚ ਟਿਕਾ ਕੇ ਹਉਮੈ
ਅਹੰਕਾਰ ਤੇ ਈਰਖਾ ਦਵੈਤ ਆਦਿਕ ਅਵਗੁਣਾਂ ਨੂੰ ਤਿਆਗਦਾ ਅਤੇ ਰੱਬੀ ਗੁਣਾਂ ਦਾ ਗ੍ਰਾਹਕ ਹੋ ਕੇ
ਸੱਚੇ-ਸੁਚੇ ਆਚਾਰ ਵਾਲੀ ਸ੍ਰੇਸ਼ਟ ਕਰਣੀ ਕਮਾਉਂਦਾ ਹੈ। ਉਸ ਦੇ ਅੰਦਰ ਨਿਰੰਤਰ ‘ਸਾਜਨ ਮੀਤ ਸੁਜਾਣ
ਸਖਾ ਤੂ` ਦੀ ਧੁਨ ਉੱਠਦੀ ਰਹਿੰਦੀ ਹੈ ਅਤੇ ਰੱਬੀ ਮਿਤ੍ਰਤਾ ਤੇ ਅੰਤਰਯਾਮਤਾ ਦਾ ਅਜਿਹਾ ਸਿਮਰਨ ਉਸ
ਨੂੰ ਮਾਨਸਿਕ ਭਟਕਣਾ ਤੋਂ ਵੀ ਬਚਾ ਕੇ ਬਖ਼ਸ਼ੇ ਜਾਣ ਦਾ ਦਿਲਾਸਾ ਵੀ ਦੇਈ ਰੱਖਦਾ ਹੈ। ਭਾਈ ਸਾਹਿਬ ਭਾਈ
ਗੁਰਦਾਸ ਜੀ ਬਚਨ ਹੈ “ਅੰਤਰਜਾਮੀ ਸੁਨਿ ਕੰਪਤ ਹੌਂ ਅੰਤਰਗਤਿ, ਦੀਨ ਕੋ ਦਇਆਲ ਸੁਨਿ ਭੈ ਭ੍ਰਮ ਟਾਰ
ਹੌਂ। {ਕਬਿੱਤ ੫੦੩} ਗੁਰੂ ਨਾਨਕ-ਦ੍ਰਿਸ਼ਟੀ ਵਿੱਚ ਅਸਲ ਇਹੀ ਹੈ ਨਾਮ ਦੀ ਪ੍ਰਾਪਤੀ ਅਤੇ ਰੱਬੀ
ਮਿਲਾਪ। ਗੁਰਵਾਕ ਹੈ:
ਅਵਗਣ ਪਰਹਰਿ, ਕਰਣੀ ਸਾਰੀ; ਦਰਿ ਸਚੈ ਸਚਿਆਰੋ।।
ਆਵਣੁ ਜਾਵਣੁ ਠਾਕਿ ਰਹਾਏ; ਗੁਰਮੁਖਿ ਤਤੁ ਵੀਚਾਰੋ।।
ਸਾਜਨੁ ਮੀਤੁ ਸੁਜਾਣੁ ਸਖਾ ਤੂੰ; ਸਚਿ ਮਿਲੈ ਵਡਿਆਈ।।
ਨਾਨਕ, ਨਾਮੁ ਰਤਨੁ ਪਰਗਾਸਿਆ; ਐਸੀ ਗੁਰਮਤਿ ਪਾਈ।। {ਅੰ: ੪੩੭}
ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਜ਼ਿੰਦਗੀ ਇਸ ਹਕੀਕਤ ਦੀ ਗਵਾਹ ਹੈ। ਹਜ਼ੂਰ
ਨੇ ਉਪਰੋਕਤ ਪਦੇ ਦੇ ਆਰੰਭ ਵਿੱਚ ਸਾਖੀ ਭਰੀ ਹੈ ਕਿ ਸਦਾ ਥਿਰ ਪਰਮਾਤਮਾ ਦੀ ਯਾਦ ਨੂੰ ਹਿਰਦੇ ਵਿੱਚ
ਸੰਭਾਲ ਕੇ ਜਿਊਣ ਨਾਲ ਮੇਰਾ ਮਨ ਨਿਰਮਲ ਹੋ ਗਿਆ ਹੈ ਤੇ ਜੀਵਨ-ਪੰਥ ਵਿੱਚ ਮੈਂ ਆਪਣੇ ਅੰਦਰੋਂ ਔਗੁਣ
ਮਿਟਾ ਕੇ ਤੁਰ ਰਿਹਾ ਹਾਂ। ਮੇਰੇ ਨਾਲ ਗੁਣਾਂ ਦਾ ਸਾਥ ਬਣ ਗਿਆ ਹੈ:
ਮੇਰਾ ਮਨੋ, ਮੇਰਾ ਮਨੁ ਨਿਰਮਲੁ; ਸਾਚੁ ਸਮਾਲੇ ਰਾਮ।।
ਅਵਗਣ ਮੇਟਿ ਚਲੇ; ਗੁਣ ਸੰਗਮ ਨਾਲੇ ਰਾਮ।।
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੪੩੭
ਇਥੇ ਗੁਰਮਤ ਇਹ ਪੱਖ ਵੀ ਸਪਸ਼ਟ ਹੋ ਜਾਂਦਾ ਹੈ ਕਿ ਸਤ ਸੰਤੋਖ ਆਦਿਕ
ਦੈਵੀ-ਗੁਣਾਂ ਦਾ ਸਾਥ ਹੀ ਅਸਲ ਵਿੱਚ ਰੱਬ ਦਾ ਸੱਚਾ ਸਾਥ ਹੈ। ਸੋ, ਵਿਚਾਰ ਅਧੀਨ ਪਾਵਨ ਪੰਕਤੀ ਦਾ
ਦੂਜਾ ਹਿੱਸਾ ਹੈ:
ਕਿਵ, ਕੂੜੈ ਤੁਟੈ ਪਾਲਿ?
ਜਿਵੇਂ ਪਹਿਲਾ ਸੁਆਲ ਸੀ ‘ਕਿਵ, ਸਚਿਆਰਾ ਹੋਈਐ`? ਤਿਵੇਂ ਹੀ ਦੂਜਾ
ਸੁਆਲ ਹੈ ‘ਕਿਵ, ਕੂੜੈ ਤੁਟੈ ਪਾਲਿ`? ਸਾਡੇ ਅੰਦਰੋਂ ਕੂੜ ਦੀ ਕੰਧ ਕਿਵੇਂ ਟੁੱਟੇ?
ਭਾਵ, ਸਾਡੇ ਤੇ ਪਰਮਾਤਮਾ ਵਿਚਕਾਰ ਵਿੱਥ ਪੈਦਾ ਕਰਨ ਵਾਲੀ ਹਉਮੈ ਆਦਿਕ ਵਿਕਾਰਾਂ ਦੀ ਉਹ ਭ੍ਰਮ-ਰੂਪ
ਦੀਵਾਰ ਕਿਵੇਂ ਡਿੱਗੇ? ਜਿਹੜੀ ਸਾਨੂੰ ਅਕਾਲ ਪੁਰਖ ਵਿੱਚ ਲੀਨ ਹੋ ਕੇ ਜੀਊਣ ਲਈ ਰੁਕਾਵਟ ਬਣ ਰਹੀ
ਹੈ। ਸਾਡੇ ਮਨ ਵਿਚੋਂ ਮਾਇਆ ਮੋਹ ਦੀ ਉਹ ਮੈਲ਼ ਕਿਵੇਂ ਨਿਕਲੇ? ਜਿਹੜੀ ਸਾਨੂੰ ਅੰਦਰ ਬਾਹਰ ਹਰੇਕ ਥਾਂ
ਅਤੇ ਹਰੇਕ ਜੀਵ ਵਿੱਚ ‘ਸਭਿ ਆਪੇ ਸਚਿਆਰੁ` ਦਾ ਅਹਿਸਾਸ ਨਹੀ ਹੋਣ ਦੇ ਰਹੀ। ਜਾਂ, ਇਉਂ ਕਹੀਏ ਕਿ
ਸਾਡੇ ਤੇ ਪਰਮਾਤਮਾ ਦੇ ਦਰਮਿਆਨ ਅਗਿਆਨਤਾ ਕਾਰਨ ਪੈਦਾ ਹੋਇਆ ਉਹ ਭ੍ਰਮ-ਪਰਦਾ ਕਿਵੇਂ ਹਟੇ? ਜਿਹੜਾ
ਸਾਡੀ ਹਿਰਦੇ ਰੂਪੀ ਸੇਜ`ਤੇ ਲੇਟੇ ਮਾਲਕ-ਪ੍ਰਭੂ ਦੀ ਨੇੜਤਾ ਤੇ ਮਿਲਾਪ ਦਾ ਅਨੰਦ ਮਾਨਣ ਵਿੱਚ
ਰੁਕਾਵਟ ਬਣ ਰਿਹਾ ਹੈ।
ਕਿਉਂਕਿ, ਕੂੜ ਦੀ ਜਿਸ ਪਾਲ ਨੂੰ ਤੋੜਣ ਦਾ ਸੁਆਲ ਹੈ, ਉਸ ਨੂੰ ਗੁਰਬਾਣੀ
ਵਿੱਚ ‘ਕੂੜੈ ਕੀ ਮਲੁ` ਕਹਿੰਦਿਆਂ ‘ਹਉਂ ਭੀਤਿ`, ‘ਹਉਮੈ ਭੀਤਿ` ‘ਭਰੰਮ ਭੀਤਿ` ਤੇ ‘ਭ੍ਰਮ ਪਰਦਾ`
ਵੀ ਆਖਿਆ ਗਿਆ ਹੈ। ‘ਭੀਤਿ` ਦਾ ਅਰਥ ਹੈ ‘ਕੰਧ` ‘ਦੀਵਾਰ` ਤੇ ‘ਪਰਦਾ`। ਪ੍ਰਮਾਣ ਸਰੂਪ ਗੁਰਵਾਕ ਹਨ:
ਏਹ ਕੂੜੈ ਕੀ ਮਲੁ ਕਿਉ ਉਤਰੈ; ਕੋਈ ਕਢਹੁ ਇਹੁ ਵੀਚਾਰੁ।। {ਅੰਗ
੯੫੧}
ਹਉ ਹਉ ਭੀਤਿ ਭਇਓ ਹੈ ਬੀਚੋ; ਸੁਨਤ ਦੇਸਿ ਨਿਕਟਾਇਓ।। {ਅੰ: ੬੨੪}
ਕਹੁ ਨਾਨਕ, ਹਉਮੈ ਭੀਤਿ ਗੁਰਿ ਖੋਈ; ਤਉ ਦਇਆਰੁ ਬੀਠਲੋ ਪਾਇਓ।।
{ਅੰਗ ੬੨੪}
ਢਾਠੀ ਭੀਤਿ ਭਰੰਮ ਕੀ; ਭੇਟਤ ਗੁਰੁ ਸੂਰਾ ਰਾਮ ਰਾਜੇ।। {ਅੰਗ ੪੫੪}
ਹਉ ਬਲਿ ਜਾਈ ਲਖ ਲਖ ਲਖ ਬਰੀਆ; ਜਿਨਿ ਭ੍ਰਮੁ ਪਰਦਾ ਖੋਲਾੑ ਰਾਮ।।
{ਅੰਗ ੭੭੯}
ਗੁਰੂ ਸੂਰਮੇ ਦੀ ਅਗਵਾਈ ਵਿੱਚ ਆਪਣੇ ਅੰਦਰੋਂ ਕੂੜ ਦੀ ਪਾਲ (ਦੀਵਾਰ) ਨੂੰ
ਤੋੜਣ ਵਾਲਾ ਗੁਰਮੁਖ ਮਨੁੱਖ, ਆਪਣੇ ਆਲੇ-ਦੁਆਲੇ ਦੇ ਸਮਾਜਿਕ, ਧਾਰਮਿਕ ਤੇ ਰਾਜਨੀਤਕ ਖੇਤਰ ਵਿੱਚ ਕਈ
ਕਿਸਮਾਂ ਦੇ ਵਹਿਮਾਂ, ਭਰਮਾਂ, ਫੋਕੇ ਕਰਮਕਾਂਡਾਂ, ਊਚ-ਨੀਚ ਦੇ ਵਿਤਕਰਿਆਂ ਅਤੇ ਅਨਿਆਂ ਤੇ
ਧਿੰਙਾਜ਼ੋਰੀ ਆਦਿਕ ਦੀਆਂ ਉਸਰੀਆਂ ਕੂੜੀਆਂ ਦੀਵਾਰਾਂ ਨੂੰ ਤੋੜਣ ਲਈ ਵੀ ਯਤਨਸ਼ੀਲ ਰਹਿੰਦਾ ਹੈ। ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸਚਿਆਰ ਸਤਿਗੁਰਾਂ ਤੇ ਭਗਤ-ਜਨਾਂ ਦੀ ਅੰਕਿਤ ਬਾਣੀ ਇਸ ਹਕੀਕਤ ਦੀ
ਅਕੱਟ ਗਵਾਹ ਹੈ।
ਕਿਵ ਸਚਿਆਰਾ ਹੋਈਐ? ਕਿਵ ਕੂੜੈ ਤੁਟੈ ਪਾਲਿ? ਦੇ ਸੁਆਲ, ਪੜ੍ਹਨ ਸੁਣਨ
ਨੂੰ ਤਾਂ ਭਾਵੇਂ ਦੋ ਜਾਪਦੇ ਹਨ, ਪਰ ਮੁੱਖ ਮਸਲਾ ਇੱਕ ਹੈ ਕਿ ਸੱਚਿਆਰ ਕਿਵੇਂ ਹੋਇਆ ਜਾਵੇ? ਸਾਡੀ
ਜ਼ਿੰਦਗੀ ਦੇ ਹਰੇਕ ਖੇਤਰ (ਵਿਅਕਤੀਗਤ, ਪ੍ਰਵਾਰਿਕ, ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਨੀਤਕ) ਦਾ
ਵਰਤਾਰਾ ਸੱਚ `ਤੇ ਅਧਾਰਿਤ ਕਿਵੇਂ ਹੋਏ? ਕਿਉਂਕਿ, ਗੁਰੂ ਨਾਨਕ ਦ੍ਰਿਸ਼ਟੀ ਵਿੱਚ ਸੱਚ ਨੂੰ ਦ੍ਰਿੜ
ਕਰਕੇ ਜੀਊਣ ਦਾ ਨਾਮ ਹੀ ਧਰਮ ਹੈ। ਗੁਰਵਾਕ ਹੈ: ਏਕੋ ਧਰਮੁ, ਦ੍ਰਿੜੈ ਸਚੁ ਕੋਈ।। {ਅੰ: ੧੧੮੮} ਐਸੇ
ਮਨੁੱਖ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਸੱਚਾ ਹਾਂ, ਕਿਉਂਕਿ, ਉਸ ਦੀ ਸੱਚੀ ਕਰਣੀ ਇਸ
ਸਚਿਆਈ ਦਾ ਸਾਖੀ ਭਰ ਰਹੀ ਹੁੰਦੀ ਹੈ। ਗੁਰਵਾਕ ਹੈ:
ਸੁਣਿ ਮਨ ਅੰਧੇ, ਕੁਤੇ ਕੂੜਿਆਰ।। ਬਿਨੁ ਬੋਲੇ, ਬੂਝੀਐ ਸਚਿਆਰ।। {ਅੰ:
੬੬੨}
‘ਸਚਿਆਰੁ` ਲਫ਼ਜ਼ ਦਾ ਇੱਕ ਅਰਥ ਹੈ: ਸੱਚ ਦਾ ਵਣਜਾਰਾ। ਸੱਚ ਦਾ ਵਪਾਰੀ। ਗੁਰੂ
ਨਾਨਕ ਸਾਹਿਬ ਜੀ ਕਥਨ ਹੈ ਕਿ ਉਸ ਮਨੁੱਖ ਦੀ ਮਾਂ ਭਾਗਾਂ ਵਾਲੀ ਹੈ, ਜਿਹੜਾ ਗੁਰੂ ਬਖਸ਼ੇ ਗਿਆਨ ਧਿਆਨ
ਦੀ ਬਦੌਲਤ ਨਾਮ-ਤੀਰਥ ਵਿੱਚ ਇਸ਼ਨਾਨ ਕਰਕੇ ਆਪਣੇ ਮਨ ਅੰਦਰਲੀ ਮੈਲ ਨੂੰ ਧੋ ਕੇ ਸਚਿਆਰ ਹੋ ਜਾਂਦਾ
ਹੈ। ਜਿਹੜਾ ਗੁਰੂ ਦੇ ਸ਼ਬਦ ਰਾਹੀਂ ਮਨ ਨੂੰ ਵਸ ਕਰਕੇ ਉਸ ਮਾਇਆ ਮੋਹ ਵੱਲੋਂ ਮਰ ਜਾਂਦਾ ਹੈ, ਜਿਸ
ਕਾਰਨ ਮਨੁੱਖ ਕੂੜ ਦਾ ਵਪਾਰੀ (ਕੂੜਿਆਰ) ਬਣ ਜਾਂਦਾ ਹੈ। ਕਿਉਂਕਿ, ਐਸਾ ਮਨੁੱਖ ਸੱਚੇ ਪ੍ਰਭੂ ਦੀ
ਹਜ਼ੂਰੀ ਵਿੱਚ ਸੱਚਾ ਤੇ ਸੱਚ ਦਾ ਵਪਾਰੀ ਮੰਨਿਆਂ ਜਾਂਦਾ ਹੈ:
ਪੂਰੈ ਗਿਆਨਿ ਧਿਆਨਿ, ਮੈਲੁ ਚੁਕਾਇਆ।।
ਹਰਿ ਸਰਿ ਤੀਰਥਿ ਜਾਣਿ, ਮਨੂਆ ਨਾਇਆ।।
ਸਬਦਿ ਮਰੈ ਮਨੁ ਮਾਰਿ, ਧੰਨੁ ਜਣੇਦੀ ਮਾਇਆ।।
ਦਰਿ ਸਚੈ ਸਚਿਆਰੁ, ਸਚਾ ਆਇਆ।। {ਅੰ: ੧੨੮੬}
ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਆਪ ਸੱਚੇ ਹੋਣਾ ਅਤੇ ਹੋਰਨਾ ਨੂੰ ਸਦੀਵੀ
ਸੱਚ ਤੋਂ ਜਾਣੂ ਕਰਾਉਂਦਿਆਂ ਸੱਚ-ਚੰਦਰਮਾ ਦੀ ਰੌਸ਼ਨੀ ਸਮਾਜ ਭਾਈਚਾਰੇ ਦੇ ਜੀਵਨ ਚੋਂ ਕੂੜ ਦੀ ਅਮਾਵਸ
ਨੂੰ ਮਿਟਾਉਣ ਲਈ ਯਤਨਸੀਲ ਰਹਿਣਾ ਹੀ ਸੱਚ ਦਾ ਵਣਜ ਹੈ। ਗੁਰੂ ਨਾਨਕ ਦ੍ਰਿਸ਼ਟੀ ਵਿੱਚ ਇਹੀ ਹੈ ਨਾਮ
ਜਪਣਾ ਤੇ ਜਪਾਉਣਾ। ਕਿਉਂਕਿ, ਜਦੋਂ ਗੋਰਖ ਮੱਤੀ ਸਿੱਧਾਂ ਨੇ ਹਜ਼ੂਰ ਨੂੰ ਸੁਆਲ ਕੀਤੇ ਕਿ ‘ਕਿਸੁ ਵਖਰ
ਕੇ ਤੁਮ ਵਣਜਾਰੇ।। ਕਿਉ ਕਰਿ ਸਾਥੁ ਲੰਘਾਵਹੁ ਪਾਰੇ।। {ਅੰ: ੯੩੯} ਤਾਂ ਉੱਤਰ ਵਿੱਚ ਸਤਿਗੁਰਾਂ ਨੇ
ਇਹੀ ਆਖਿਆ ਸੀ ਕਿ ਅਸੀਂ ਸੱਚ ਦੇ ਵਪਾਰੀ ਹਾਂ ਅਤੇ ਸਾਥੀਆਂ ਨੂੰ ਇਹੀ ਸਲਾਹ ਦਿੰਦੇ ਕਿ ਜੇਕਰ ਸੰਸਾਰ
ਸਮੁੰਦਰ ਤੋਂ ਪਾਰ ਉਤਰਨਾ ਚਹੁੰਦੇ ਹੋ ਤਾਂ ਗੁਰਮੁਖ ਬਣੋ। ਭਾਵ, ਅਕਾਲ ਪੁਰਖ ਦੇ ਸਨਮੁਖ ਹੋ ਕੇ
ਜੀਵੋ: ਸਾਚ ਵਖਰ ਕੇ ਹਮ ਵਣਜਾਰੇ।। ਨਾਨਕ, ਗੁਰਮੁਖਿ ਉਤਰਸਿ ਪਾਰੇ।। {ਅੰ: ੯੩੯}
ਗੁਰਬਾਣੀ ਵਿੱਚ ਗੁਰਮੁਖਾਂ ਦੇ ਲਛਣ ਇਉਂ ਦੱਸੇ ਹਨ ਕਿ ਐਸੇ ਜਾਗਰੂਕ
ਮਨੁੱਖਾਂ ਲਈ ਵਰਤ ਆਦਿਕ ਰੱਖਣ ਦਾ ਨੇਮ, ਸਰੀਰਕ ਪਵਿਤ੍ਰਤਾ, ਹੱਠ ਯੋਗ ਦੀਆਂ ਕ੍ਰਿਆਵਾਂ ਤੇ ਮੋਨ
ਸਮਾਧੀਆਂ ਰਾਹੀਂ ਇੰਦ੍ਰਿਆਂ ਨੂੰ ਰੋਕਣ ਦੇ ਜਤਨ (ਜਿਨ੍ਹਾਂ ਦਾ ਸੰਖੇਪ ਜ਼ਿਕਰ ਵੀਚਾਰ ਅਧੀਨ ਪਉੜੀ ਦੇ
ਆਰੰਭ ਵਿੱਚ ਕੀਤਾ ਗਿਆ ਹੈ); ਇਹ ਸਭ ਕੁੱਝ ਪ੍ਰਭੂ ਦਾ ਹੁਕਮ ਮੰਨਣਾ ਹੀ ਹੋ ਗਿਆ ਹੁੰਦਾ ਹੈ। ਭਾਵ,
ਉਹ ਵਡਭਾਗੀ ਅਜਿਹੇ ਕਰਮਕਾਂਡ ਨਹੀਂ ਕਰਦੇ ਅਤੇ ਕੇਵਲ ਗੁਰਸ਼ਬਦ ਵੀਚਾਰ ਦੁਆਰਾ ਰੱਬੀ-ਹੁਕਮ ਨੂੰ ਸਮਝ
ਕੇ ਉਸ ਦੇ ਅਨੁਸਾਰੀ ਹੋ ਕੇ ਜੀਊਂਦੇ ਹਨ। ਖਸਮ-ਪ੍ਰਭੂ ਦਾ ਹੁਕਮ ਚੇਤੇ ਰਖਣਾ ਉਨ੍ਹਾਂ ਲਈ ਸਿਮਰਨ ਤੇ
ਉਸ ਨੂੰ ਮੰਨਣਾ ਭਗਤੀ ਬਣ ਗਿਆ ਹੁੰਦਾ ਹੈ। ਹੁਕਮ ਵਿੱਚ ਲੀਨ ਰਹਿਣਾ ਬਣ ਜਾਂਦਾ ਹੈ ਉਨ੍ਹਾਂ ਦੇ ਮਨ
ਦੀ ਮੁਰਾਦ ਅਤੇ ਇਹੀ ਹੋ ਜਾਂਦਾ ਹੈ ਉਨ੍ਹਾਂ ਲਈ ਸਭ ਤੋਂ ਸ੍ਰੇਸ਼ਟ ਆਤਮਿਕ ਅਨੰਦ। ਸਾਖੀ ਸਰੂਪ
ਗੁਰਵਾਕ ਹੈ:
ਗੁਰਮੁਖਿ. ਹੁਕਮੁ ਮੰਨੇ ਸਹ ਕੇਰਾ; ਹੁਕਮੇ ਹੀ ਸੁਖੁ ਪਾਏ।।
ਹੁਕਮੋ ਸੇਵੇ, ਹੁਕਮੁ ਅਰਾਧੇ; ਹੁਕਮੇ ਸਮੈ ਸਮਾਏ।।
ਹੁਕਮੁ ਵਰਤੁ ਨੇਮੁ ਸੁਚ ਸੰਜਮੁ ਮਨ ਚਿੰਦਿਆ ਫਲੁ ਪਾਏ।। {ਅੰ: ੧੪੨੩}
ਕਿਉਂਕਿ, ਗੁਰਸ਼ਬਦ ਵੀਚਾਰ ਰਾਹੀਂ ਉਨ੍ਹਾਂ ਨੂੰ ਸਮਝ ਪੈ ਜਾਂਦੀ ਹੈ ਕਿ ਆਪਣੀ
ਮਰਜ਼ੀ ਕਰਕੇ ਮਾਲਕ-ਪ੍ਰਭੂ ਦੀ ਖੁਸ਼ੀ ਹਾਸਲ ਨਹੀ ਕੀਤੀ ਜਾ ਸਕਦੀ। ਸਤਿਗੁਰੂ ਜੀ ਦਾ ਇਹ ਫ਼ਰਮਾਨ
ਉਨ੍ਹਾਂ ਦੇ ਕੰਨਾਂ ਵਿੱਚ ਗੂੰਜਦਾ ਰਹਿੰਦਾ ਹੈ ਕਿ “ਆਪਣਾ ਭਾਣਾ ਤੁਮ ਕਰਹੁ; ਤਾ ਫਿਰਿ ਸਹ ਖੁਸੀ ਨ
ਆਵਏ।। (ਅੰ: ੪੪੦) ਇਹ ਵੀ ਪਤਾ ਚੱਲ ਜਾਂਦਾ ਹੈ ਕਿ ਜਿਹੜੀਆਂ ਜੀਵ-ਇਸਤ੍ਰੀਆਂ ਗੁਰੂ ਦੀ ਸਰਨ ਪਈਆਂ
ਰਹਿੰਦੀਆਂ ਹਨ, ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਸਦਾ ਲਈ ਸੁਹਾਗਣਾਂ ਬਣ ਜਾਂਦੀਆਂ ਹਨ। ਕਿਉਂਕਿ,
ਪਰਮਾਤਮਾ ਮਿਹਰ ਕਰਕੇ ਉਹਨਾਂ ਨੂੰ ਆਪਣੇ ਹੁਕਮ ਵਿੱਚ ਲੀਨ ਕਰ ਲੈਂਦਾ ਹੈ:
ਸਦਾ ਸੁਹਾਗਣਿ ਜਿ ਹੁਕਮੈ ਬੁਝੈ; ਸਤਿਗੁਰੁ ਸੇਵੈ ਲਿਵ ਲਾਏ।।
ਨਾਨਕ, ਕ੍ਰਿਪਾ ਕਰੇ ਜਿਨ ਊਪਰਿ; ਤਿਨਾ, ਹੁਕਮੇ ਲਏ ਮਿਲਾਏ।।
ਸਪਸ਼ਟ ਹੈ ਕਿ ਗੁਰੂ ਨਾਨਕ ਦ੍ਰਿਸ਼ਟੀ ਵਿੱਚ ਪ੍ਰਸੰਨਤਾ ਨਾਲ ਹੁਕਮ ਵਿੱਚ ਲੀਨ
ਹੋ ਕੇ ਜਿਊਣਾ ਹੀ ਪ੍ਰਭੂ ਵਿੱਚ ਲੀਨ ਹੋਣਾ ਹੈ। ਇਹੀ ਕਾਰਣ ਹੈ ਕਿ ਗੁਰੂ ਜੀ ਮਹਾਰਾਜ ਨੇ ਜਦੋਂ
ਜਪੁ-ਜੀ ਸਾਹਿਬ ਦੀ ਵੀਚਾਰ ਅਧੀਨ ਅਰੰਭਕ ਪਉੜੀ ਵਿੱਚ ਸੰਸਾਰ ਸਾਹਮਣੇ ਦੋ ਅਹਿਮ ਸੁਆਲ ਖੜੇ ਕੀਤੇ ਕਿ
“ਕਿਵ ਸਚਿਆਰਾ ਹੋਈਐ? ਕਿਵ ਕੂੜੈ ਤੁਟੈ ਪਾਲਿ”? ਤਾਂ ਇਨ੍ਹਾਂ ਦੇ ਹੱਲ ਲਈ ਇੱਕੋ-ਇੱਕ ਅਤਿ
ਸੰਖੇਪ, ਭਾਵਪੂਰਤ ਤੇ ਵਿਗਿਆਨਕ ਉੱਤਰ ਦਿੱਤਾ- ‘ਹੁਕਮਿ ਰਜਾਈ ਚਲਣਾ` ਰਜ਼ਾ ਵਾਲੇ ਦੇ ਹੁਕਮ
ਵਿੱਚ ਚੱਲਣਾ। ਭਾਵ, ਕਰਤਾ ਪੁਰਖ ਦੇ ਨਿਰਮਲ-ਭਉ ਵਿੱਚ ਰਹਿੰਦਿਆਂ ਉਸ ਵੱਲੋਂ ਸੰਸਾਰ ਨੂੰ ਚਲਾਉਣ ਲਈ
ਕਾਇਮ ਕੀਤੇ ਸਰਬਸਾਂਝੇ ਤੇ ਸਮਾਨਤਾ ਭਰਪੂਰ ਅਟੱਲ ਕੁਦਰਤੀ ਨਿਯਮਾਂ ਨੂੰ ਸਮਝ ਕੇ, ਉਸ ਅਨੁਸਾਰ
ਪ੍ਰਸੰਨਤਾ ਸਹਿਤ ਸਹਜਮਈ ਜੀਵਨ ਜੀਊਣਾ ਹੀ ਇੱਕੋ-ਇਕ ਵਿਧੀ ਹੈ, ਇੱਕੋ-ਇੱਕ ਤਰੀਕਾ ਹੈ, ਜਿਸ
ਮੁਤਾਬਿਕ ਚੱਲਿਆਂ ਸਾਡੇ ਅੰਦਰੋਂ ਕੂੜ ਦੀ ਪਾਲ ਟੁੱਟ ਸਕਦੀ ਹੈ; ਹਉਮੈ ਆਦਿਕ ਵਿਕਾਰਾਂ ਅਤੇ ਬੌਧਿਕ
ਚਤੁਰਾਈਆਂ ਅਧੀਨ ਕੀਤੇ ਜਾਣ ਵਾਲੇ ਵਿਖਾਵੇ ਦੇ ਕਰਮਕਾਂਡਾ ਦੀ ਵਿੱਥ-ਪਾਊ ਮੈਲ ਮਿਟ ਸਕਦੀ ਹੈ ਤੇ
ਅਸੀਂ ਗੁਣਾਤਮਿਕ ਤੌਰ `ਤੇ ਸਚਿਆਰ ਪ੍ਰਭੂ ਦਾ ਰੂਪ ਹੋ ਸਕਦੇ ਹਾਂ।
ਕਿਉਂਕਿ, ਹੁਕਮ ਮੰਨਣ ਦੀ ਸਾਧਨਾ ਵਿੱਚ “ਆਦਿ ਸਚੁ ਜੁਗਾਦਿ ਸਚੁ।। ਹੈ ਭੀ
ਸਚੁ ਨਾਨਕ ਹੋਸੀ ਭੀ ਸਚੁ”।। ਵਰਗਾ ਸਦਾ ਥਿਰ ਕਾਇਮ ਰਹਿਣ ਵਾਲੇ ਹੁਕਮੀ ਪ੍ਰਭੂ ਦੀ ਹੋਂਦ ਦਾ ਅਟੱਲ
ਵਿਸ਼ਵਾਸ਼ ਅਤੇ ਉਸ ਦੀ ਹਜ਼ੂਰੀ ਦਾ ਅਹਿਸਾਸ (ਨਿਰਮਲ-ਭਉ) ਇੱਕ ਅਜਿਹਾ ਤਾਉ ਹੈ, ਜਿਹੜਾ ਸਾਡੇ ਅੰਦਰੋਂ
ਲੋਭ, ਮੋਹ ਤੇ ਅਹੰਕਾਰ ਆਦਿਕ ਵਿਕਾਰਾਂ ਵਾਲੇ ਦੁਰਮਤੀ ਕੂੜ ਦੀ ਖੋਟ ਨੂੰ ਕੱਢ ਕੇ ਮਾਲਕ ਦੇ ਖਜ਼ਾਨੇ
ਵਿੱਚ ਪੈਣ ਯੋਗ ‘ਖਰਾ ਸਚਿਆਰਾ` ਬਨਾਉਣ ਲਈ ਇਉਂ ਸਹਾਇਕ ਹੁੰਦਾ ਹੈ; ਜਿਵੇਂ, ਸੋਨੇ ਆਦਿਕ ਕਿਸੇ
ਧਾਤੂ ਵਿੱਚੋਂ ਖੋਟ ਕੱਢਣ ਲਈ ਅੱਗ ਦਾ
ਪ੍ਰਚੰਡ ਸੇਕ। ਗੁਰਵਾਕ ਹੈ:
ਜਿਉ ਬੈਸੰਤਰਿ ਧਾਤੁ ਸੁਧੁ ਹੋਇ; ਤਿਉ ਹਰਿ ਕਾ ਭਉ, ਦੁਰਮਤਿ ਮੈਲੁ ਗਵਾਇ।।
ਨਾਨਕ, ਤੇ ਜਨ ਸੋਹਣੇ; ਜੋ ਰਤੇ ਹਰਿ ਰੰਗੁ ਲਾਇ।। {ਅੰ: ੯੫੦}
ਗੁਰਦੇਵ ਜੀ ਦਾ ਸਪਸ਼ਟ ਐਲਾਨ ਹੈ ਕਿ ਜਿਹੜਾ ਮਨੁੱਖ ਰਜ਼ਾ ਦੇ ਮਾਲਕ
ਪ੍ਰਭੂ-ਪਾਤਸ਼ਾਹ ਦੇ ਹੁਕਮ ਵਿੱਚ ਚੱਲਦਾ ਹੈ, ਓਹੀ ਖਰਾ ਸਿੱਕਾ ਬਣ ਕੇ ਉਸ ਦੇ ਖ਼ਜ਼ਾਨੇ ਵਿੱਚ ਪੈਂਦਾ
ਹੈ ਅਤੇ ਉਸੇ ਦੀ ਮਾਲਕ ਪ੍ਰਭੂ ਨਾਲ ਸਾਖਤੀ ਹੁੰਦੀ ਹੈ; ਭਾਵ, ਬਣ ਆਉਂਦੀ ਹੈ। ਖੋਟੇ ਸਿਕਿਆਂ ਵਾਂਗ
ਖੋਟੇ ਜੀਵਨ ਵਾਲਿਆਂ ਨੂੰ ਉਸ ਦੇ ਦਰਬਾਰ ਵਿੱਚ ਢੋਈ ਨਹੀ ਮਿਲਦੀ, ਕਿਉਂਕਿ, ਉਥੇ ਸੱਚ ਹੀ ਕਬੂਲ
ਹੁੰਦਾ ਹੈ:
ਹੁਕਮਿ ਰਜਾਈ ਜੋ ਚਲੈ; ਸੋ ਪਵੈ ਖਜਾਨੈ।।
ਖੋਟੇ ਠਵਰ ਨ ਪਾਇਨੀ; ਰਲੇ ਜੂਠਾਨੈ।। {ਅੰ: ੪੨੧}
ਹੁਕਮਿ ਰਜਾਈ ਸਾਖਤੀ, ਦਰਗਹ ਸਚੁ ਕਬੂਲੁ।। {ਅੰ: ੧੦੯੦}
ਜੋਗੀ ਚਰਪਟ ਨਾਥ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਪੁੱਛਿਆ ਕਿ ਹੇ ਬਾਲਕੇ!
ਦੱਸੋ ਕਿ ਤੁਸੀਂ ਕਿਸ ਆਸਰੇ ਸ਼ਾਂਤ ਚਿੱਤ ਰਹਿੰਦੇ ਹੋ? ਤੁਹਾਡੀ ਸੁਰਤ ਕਿਥੇ ਜੁੜਦੀ ਹੈ? ਤੁਸੀਂ
ਕਿਥੋਂ ਆਉਂਦੇ ਹੋ ਤੇ ਕਿਥੇ ਜਾਂਦੇ ਹੋ? ਤੇਰਾ ਮਤ ਕੀ ਹੈ?
ਕਹ ਬੈਸਹੁ, ਕਹ ਰਹੀਐ ਬਾਲੇ; ਕਹ ਆਵਹੁ ਕਹ ਜਾਹੋ।।
ਨਾਨਕੁ ਬੋਲੈ ਸੁਣਿ ਬੈਰਾਗੀ; ਕਿਆ ਤੁਮਾਰਾ ਰਾਹੋ।। ੨।। ਅੰਗ ੯੩੮
ਤਦੋਂ ਵੀ ਗੁਰਦੇਵ ਜੀ ਜੋ ਉੱਤਰ ਦਿੱਤਾ ਸੀ, ਉਸ ਦਾ ਸੰਖੇਪ ਭਾਵਾਰਥ ਇਹੀ ਸੀ
ਕਿ ਅਸੀਂ ‘ਹੁਕਮਿ ਰਜਾਈ` ਚੱਲਦੇ ਹਾਂ। ਇਸ ਵਾਰਤਾਲਾਪ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਹੁਕਮ
ਦੀ ਸੋਝੀ ਗੁਰਬਾਣੀ ਤੋਂ ਮਿਲਣੀ ਹੈ ਤੇ ਗੁਰੂ ਦੀ ਮਤਿ ਅਨੁਸਾਰ ਜੀਊਣਾ ਹੀ ‘ਹੁਕਮਿ ਰਜਾਈ` ਚੱਲਣਾ
ਹੈ। ਮੁਖਵਾਕ ਹੈ:
ਘਟਿ ਘਟਿ ਬੈਸਿ ਨਿਰੰਤਰਿ ਰਹੀਐ; ਚਾਲਹਿ ਸਤਿਗੁਰ ਭਾਏ।।
ਸਹਜੇ ਆਏ ਹੁਕਮਿ ਸਿਧਾਏ; ਨਾਨਕ ਸਦਾ ਰਜਾਏ।।
ਆਸਣਿ ਬੈਸਣਿ ਥਿਰੁ ਨਾਰਾਇਣੁ; ਐਸੀ ਗੁਰਮਤਿ ਪਾਏ।।
ਗੁਰਮੁਖਿ ਬੂਝੈ, ਆਪੁ ਪਛਾਣੈ; ਸਚੇ ਸਚਿ ਸਮਾਏ।। {ਅੰਗ ੯੩੮}
ਅਰਥ: ਹੇ ਚਰਪਟ! ਸਰਬ-ਵਿਆਪਕ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਸਦਾ
ਸ਼ਾਂਤ-ਚਿੱਤ ਰਹੀਦਾ ਹੈ। ਅਸੀਂ ਸਤਿਗੁਰੂ ਦੀ ਮਰਜ਼ੀ ਵਿੱਚ ਚੱਲਦੇ ਹਾਂ। ਪ੍ਰਭੂ ਦੇ ਹੁਕਮ ਵਿੱਚ ਸੁਤੇ
ਹੀ ਜਗਤ ਵਿੱਚ ਆਏ ਹਾਂ, ਉਸ ਦੇ ਹੁਕਮ ਵਿੱਚ ਵਿਚਰ ਰਹੇ ਹਾਂ, ਭਾਵ ਸਦਾ ਉਸ ਦੀ ਰਜ਼ਾ ਵਿੱਚ ਹੀ
ਰਹਿੰਦੇ ਹਾਂ। ਪੱਕੇ ਆਸਣ ਵਾਲਾ, ਸਦਾ ਟਿਕੇ ਰਹਿਣ ਵਾਲਾ ਤੇ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਹੈ,
ਅਸਾਂ ਇਹੀ ਗੁਰ-ਸਿੱਖਿਆ ਲਈ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਗਿਆਨਵਾਨ ਹੋ ਜਾਂਦਾ
ਹੈ, ਆਪਣੇ ਆਪ ਨੂੰ ਪਛਾਣਦਾ ਹੈ, ਤੇ, ਸਦਾ ਸੱਚੇ ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ।
ਵਿਚਾਰ ਅਧੀਨ ਪਉੜੀ ਦੀ ਤੁਕ ਦਾ ਦੂਜਾ ਹਿੱਸਾ ਹੈ: ਨਾਨਕ, ਲਿਖਿਆ
ਨਾਲਿ।। ਅਰਥ ਹਨ: ਹੇ ਨਾਨਕ! (ਇਹ ਵਿਧੀ, ਇਹ ਤਰੀਕਾ, ਹਰੇਕ ਜੀਵ ਦੇ) ਨਾਲ ਹੀ ਲਿਖਿਆ ਹੈ।
ਭਾਵ, ਪ੍ਰ
Øਭੂ
ਨਾਲੋਂ ਜੀਵ ਦੀ ਵਿੱਥ ਮਿਟਾਣ ਵਾਲਾ ਹੁਕਮ ਰਜਾਈ ਚੱਲਣ ਦਾ ਇਹ ਸਰਬਸਾਂਝਾ, ਸਰਬਦੇਸ਼ੀ ਤੇ
ਸਰਬਕਾਲੀ ਤਰੀਕਾ ਕੋਈ ਨਵਾਂ ਨਹੀ ਅਤੇ ਨਾ ਹੀ ਸਾਡੇ ਵਰਗੇ ਕਿਸੇ ਮਨੁੱਖ ਦਾ ਬਣਾਇਆ ਹੋਇਆ ਹੈ; ਸਗੋਂ
ਇਹ ਤਾਂ ਕਾਦਿਰ ਦੀ ਕੁਦਰਤ ਦਾ ਇੱਕ ਅਟੱਲ ਨਿਯਮ ਹੈ, ਜਿਹੜਾ ਜੀਵਾਂ ਦੇ ਨਾਲ ਧੁਰ ਤੋਂ ਹੀ ਚਲਿਆ ਆ
ਰਿਹਾ, ਜਦ ਤੋਂ ਜਗਤ ਬਣਿਆ ਹੈ। ਮੋਟੇ ਲਫ਼ਜ਼ਾਂ ਵਿੱਚ ਇਉਂ ਵੀ ਕਹਿਆ ਜਾ ਸਕਦਾ ਹੈ ਕਿ ਇਹ ਅਸੂਲ ਧੁਰ
ਤੋਂ ਹੀ ਰੱਬ ਵਲੋਂ ਜੀਵ ਲਈ ਜਰੂਰੀ ਹੈ। ਕਿਉਂਕਿ, ਪ੍ਰਭੂ ਪਾਤਸ਼ਾਹ ਨੇ ਜੀਵ ਨੂੰ ਹੁਕਮ ਦੀ ਕਾਰ
ਕਮਾਉਣ ਲਈ ਹੀ ਜਗਤ ਵਿੱਚ ਭੇਜਿਆ ਹੈ।
ਧੁਰ ਕੀ ਬਾਣੀ ਬਾਣੀ ਵਿੱਚ ਸਤਿਗੁਰੂ ਨੂੰ ਹਰੀ ਦਰਗਾਹ ਦਾ ‘ਬਸੀਠੁ` (ਦੂਤ,
ਵਕੀਲ, ਵਿਚੋਲਾ) ਵੀ ਮੰਨਿਆਂ ਹੈ। ਗੁਰਵਾਕ ਹੈ “ਜੈਸਾ ਸਤਿਗੁਰੁ ਸੁਣੀਦਾ, ਤੈਸੋ ਹੀ ਮੈ ਡੀਠੁ।।
ਵਿਛੁੜਿਆ ਮੇਲੇ ਪ੍ਰਭੂ, ਹਰਿ ਦਰਗਹ ਕਾ ਬਸੀਠੁ।। “ {ਅੰ: ੯੫੭} ਵਕੀਲ ਦਾ ਮੁਖ ਕੰਮ ਹੁੰਦਾ ਹੈ
ਸੰਵਿਧਾਨ ਦੀ ਵਿਆਖਿਆ। “ਹਉ ਆਪਹੁ ਬੋਲਿ ਨ ਜਾਣਦਾ, ਮੈ ਕਹਿਆ ਸਭੁ ਹੁਕਮਾਉ ਜੀਉ।। “ ਦੇ ਸਪਸ਼ਟੀਜਨਕ
ਵਾਕ {ਅੰ: ੭੬੩} ਤੋਂ ਕੋਈ ਸ਼ੱਕ ਨਹੀ ਰਹਿ ਜਾਂਦਾ ਕਿ ਉਨ੍ਹਾਂ ਨੇ ਗੁਰਬਾਣੀ ਦੁਆਰਾ ਰੱਬ ਦੇ
ਸੰਵਿਧਾਨਕ ਹੁਕਮਾਂ ਦੀ ਵਿਆਖਿਆ ਕੀਤੀ ਹੈ। ਇਸ ਹਕੀਕਤ ਦੀ ਪ੍ਰਮਾਣਕਿਤਾ ਲਈ ਹੇਠ ਲਿਖੇ ਗੁਰਵਾਕਾਂ
ਵਰਗੇ ਅਨੇਕਾਂ ਹੀ ਪ੍ਰਮਾਣ ਦਿੱਤੇ ਜਾ ਸਕਦੇ ਹਨ। ਜਿਵੇਂ:-
ਹੁਕਮੁ ਪਇਆ ਧੁਰਿ ਖਸਮ ਕਾ, ਅਤੀ ਹੂ ਧਕਾ ਖਾਇ।।
ਗੁਰਮੁਖ ਸਿਉ ਮਨਮੁਖੁ ਅੜੈ; ਡੁਬੈ ਹਕਿ ਨਿਆਇ।। {ਅੰਗ ੧੪੮}
ਇਸੁ ਮਨ ਮਾਇਆ ਮੋਹਿ ਬਿਨਾਸੁ।।
ਧੁਰਿ ਹੁਕਮੁ ਲਿਖਿਆ, ਤਾਂ ਕਹੀਐ ਕਾਸੁ।। {ਅੰ: ੧੩੪੪}
ਇਸ ਲਈ ਅਸੀਂ ਨਿਰਸੰਕੋਚ ਕਹਿ ਸਕਦੇ ਹਾਂ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ`
ਰੱਬੀ-ਸੰਵਿਧਾਨ ਦੀ ਵਿਆਖਿਆ ਹੈ ਅਤੇ ਇਸ ਮੁਤਾਬਿਕ ਜੀਊਣਾ, ਸਚਿਆਰ ਹੋਣ ਦੇ ਉਸ ਰੱਬੀ ਹੁਕਮ ਦੀ
ਤਾਮੀਲ ਹੈ, ਜਿਹੜਾ ਸੰਸਾਰ ਦੇ ਸਿਰਜਨਾ ਕਾਲ ਤੋਂ ਜੀਵਾਂ ਦੇ ਨਾਲ ਲਿਖਿਆ ਆ ਰਿਹਾ ਹੈ। ਸੁਖੀ ਤੇ
ਸਫਲ ਜੀਵਨ ਜੀਊਣ ਦਾ ਇਸ ਤੋਂ ਸਰਬੋਤਮ ਹੋਰ ਕੋਈ ਤਰੀਕਾ ਨਹੀਂ ਹੈ। ਸਤਿਗੁਰਾਂ ਦਾ ਫ਼ਰਮਾਨ ਹੈ:
ਜਬ ਲਗੁ ਹੁਕਮੁ ਨ ਬੂਝਤਾ, ਤਬ ਹੀ ਲਉ ਦੁਖੀਆ।।
ਗੁਰ ਮਿਲਿ ਹੁਕਮੁ ਪਛਾਣਿਆ, ਤਬ ਹੀ ਤੇ ਸੁਖੀਆ।। {ਅੰ: ੪੦੦}
ਅਸੀਂ ਪ੍ਰਤੱਖ ਦੇਖਦੇ ਹਾਂ ਕਿ ਹਰੇਕ ਦੇਸ਼ ਦੀ ਸਰਕਾਰ ਦਾ ਆਪਣਾ ਸੰਵਿਧਾਨ
ਹੈ। ਸੰਵਿਧਾਨਿਕ ਕਨੂੰਨਾਂ (ਨਿਯਮਾਂ) ਮੁਤਾਬਿਕ ਚੱਲਣ ਵਾਲਾ ਨਾਗਰਿਕ ਆਦਰ ਪਾਉਂਦਾ ਹੈ ਤੇ ਸੁਖੀ ਵੀ
ਰਹਿੰਦਾ ਹੈ। ਪਰ, ਉਲੰਘਣਾ ਕਰਨ ਵਾਲਾ ਦੁਖੀ ਵੀ ਹੁੰਦਾ ਹੈ ਅਤੇ ਆਦਰ-ਮਾਣ ਦੀ ਥਾਂ ਸਜ਼ਾ ਦਾ ਭਾਗੀ
ਬਣਦਾ ਹੈ। ਜਿਵੇਂ, ਟ੍ਰੈਫਿਕ ਦੇ ਨਿਯਮਾਂ ਮੁਤਾਬਿਕ ਗੱਡੀ ਚਲਾਇਆਂ ਸੁਖੀ ਰਹੀਦਾ ਹੈ ਅਤੇ ਉਲੰਘਣਾ
ਕਾਰਨ ਐਕਸੀਡੈਂਟ ਆਦਿਕ ਹੋਣ ਕਾਰਨ, ਜਿਥੇ, ਸਰੀਰਕ ਕਸ਼ਟ ਤੇ ਆਰਥਿਕ ਨੁਕਸਾਨ ਹੁੰਦਾ ਹੈ; ਓਥੇ ਉਸ
ਨੂੰ ਜੁਰਮਾਨਾ ਜਾਂ ਕੈਦ ਦੀ ਸਜ਼ਾ ਵੀ ਮਿਲਦੀ ਹੈ। ਅਜਿਹੇ ਕਨੂੰਨੀ ਵਿਹਾਰ ਵਿੱਚ ਕਿਸੇ ਪ੍ਰਕਾਰ ਦੀ
ਵੈਰ ਭਾਵਨਾ ਨਹੀਂ ਹੁੰਦੀ।
ਇਸ ਲਈ
‘ਅੰਦਰਿ ਰਾਜਾ ਤਖਤੁ ਹੈ; ਆਪੇ ਕਰੇ
ਨਿਆਉ।। ` {ਅੰਗ ੧੦੯੨} ਗੁਰਵਾਕ ਮੁਤਾਬਿਕ
ਸਮਦ੍ਰਿਸ਼ਟ ਪ੍ਰਭੂ ਪਾਤਸ਼ਾਹ ਦੇ ਸਾਡੇ ਅੰਦਰ ਲਗੇ ਦਰਬਾਰ ਵਿੱਚ, ਨਿਆਂ ਕਰਨ ਸਮੇਂ ਇਹ ਨਹੀ ਦੇਖਿਆ
ਜਾਂਦਾ ਕਿ ਕੋਈ ਵਿਅਕਤੀ ਕੌਣ ਹੈ, ਕਿਸ ਜਾਤ ਦਾ ਹੈ। ਉਥੇ ਤਾਂ ਇਹੀ ਪੜਤਾਲ ਹੋਣੀ ਹੈ ਕਿ ਹੁਕਮ ਦੀ
ਪਾਲਣਾ ਪੱਖੋਂ ਇਹ ਮਨੁੱਖ ਕਿਤਨਾ ਕੁ ਸੱਚਾ ਹੈ। ਕਿਉਂਕਿ, ਉਸ ਦੀ ਦ੍ਰਿਸ਼ਟੀ ਵਿੱਚ ਹੁਕਮ ਮੰਨਣ ਵਾਲੇ
ਨੂੰ ਸਿਰਦਾਰ ਮੰਨਿਆ ਜਾਂਦਾ ਹੈ। ਭਾਵ, ਆਦਰ ਮਾਣ ਮਿਲਦਾ ਹੈ। ਜੇ ਕੋਈ ਸ੍ਰਿਸ਼ਟੀ ਅੰਦਰ ਵਰਤ ਰਹੀ
ਰੱਬੀ-ਸਮਾਨਤਾ ਵਾਲੇ ਨਿਯਮ ਦੀ ਉਲੰਘਣਾ ਕਰਦਾ ਹੋਇਆ ਜਾਤੀ-ਅਹੰਕਾਰ ਦੇ ਝੂਠ ਦਾ ਮਹੁਰਾ (ਜ਼ਹਿਰ)
ਆਪਣੇ ਮਨ ਵਿੱਚ ਚੁੱਕੀ ਫਿਰਦਾ ਹੈ ਤਾਂ ਫਿਰ ਉਸ ਦੀ ਆਤਮਿਕ ਮੌਤ ਹੋਣੀ ਸੁਭਾਵਿਕ ਹੈ। ਇਸ ਲਈ ਰੱਬ
ਨੂੰ ਦੋਸ਼ੀ ਨਹੀ ਠਹਿਰਾਇਆ ਜਾ ਸਕਦਾ। ਜੁਗੋ-ਜੁੱਗ ਅਟੱਲ ਰਹਿਣ ਵਾਲੀ ਸੱਚੀ ਸਿਰਕਾਰ ਦੇ
ਨਗਾਰਚੀ-ਗੁਰੂ ਨੇ ਉਪਰੋਕਤ ਕਿਸਮ ਦੇ ਇਸ ਰਹਸਮਈ ਰੱਬੀ ਵਰਤਾਰੇ ਦਾ ਵੀਚਾਰ, ਸ਼ਬਦ ਦੁਆਰਾ ਸੰਸਾਰ ਨੂੰ
ਸੁਣਾ ਦਿੱਤਾ ਹੈ; ਭਾਵ, ਸਮਝਾ ਦਿੱਤਾ ਹੈ:
ਜਾਤੀ ਦੈ ਕਿਆ ਹਥਿ, ਸਚੁ ਪਰਖੀਐ।। ਮਹੁਰਾ ਹੋਵੈ ਹਥਿ, ਮਰੀਐ ਚਖੀਐ।।
ਸਚੇ ਕੀ ਸਿਰਕਾਰ, ਜੁਗੁ ਜੁਗੁ ਜਾਣੀਐ।। ਹੁਕਮੁ ਮੰਨੇ ਸਿਰਦਾਰੁ, ਦਰਿ
ਦੀਬਾਣੀਐ।।
ਫੁਰਮਾਨੀ ਹੈ ਕਾਰ, ਖਸਮਿ ਪਠਾਇਆ।। ਤਬਲਬਾਜ ਬੀਚਾਰ, ਸਬਦਿ ਸੁਣਾਇਆ।। {ਅੰ:
੧੪੨}
ਗੁਰਦੇਵ ਜੀ ਜਦੋਂ ਇਹ ਉਪਦੇਸ਼ ਦਿੰਦੇ ਹਨ
“ਸਿਮਰਿ ਗੋਵਿੰਦੁ, ਮਨਿ ਤਨਿ ਧੁਰਿ
ਲਿਖਿਆ।। “ (ਅੰਗ ੧੯੯) ਤਾਂ ਉਸ ਵੇਲੇ ਵੀ
ਉਨ੍ਹਾਂ ਦਾ ਮਕਸਦ ਇਹੀ ਹੁੰਦਾ ਹੈ ਕਿ ਹੇ ਪ੍ਰਾਣੀ! ਉਸ ਰੱਬੀ ਹੁਕਮ (ਨਾਮੁ) ਨੂੰ ਪਛਾਣ, ਜੋ ਤੇਰੇ
ਮਨ ਤੇ ਤਨ ਦੀ ਬਣਤਰ ਵਿੱਚ ਧੁਰ ਤੋਂ ਹੀ ਸੂਖਮ ਤੌਰ `ਤੇ ਉਕਰਿਆ ਹੋਇਆ (ਲਿਖਿਆ ਨਾਲਿ) ਹੈ। ਜਿਵੇਂ,
ਕਾਰਾਂ ਤੇ ਕੰਪਿਊਟਰ ਆਦਿਕ ਇਲੈਕਟ੍ਰੌਨਿਕ ਜੰਤਰਾਂ ਦੀ ਬਣਤਰ ਵਿੱਚ ਉਨ੍ਹਾਂ ਅੰਦਰਲਾ ਉਪਰੇਟਿੰਗ
ਸਿਸਟਮ (ਚੱਲਣ ਦੀ ਨਿਯਮਾਂਵਲੀ), ਕਰਤਾ ਕੰਪਨੀਆਂ ਵਲੋਂ ਬਣਾਏ ਜਾਣ ਵੇਲੇ ਹੀ ਫਿੱਟ ਕਰ ਦਿੱਤਾ
ਜਾਂਦਾ ਹੈ। ਪਰ, ਕਿਉਂਕਿ, ਇਸ ਸਿਸਟਮ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ। ਇਸ ਲਈ ਕਰਤਾ
ਕੰਪਨੀਆਂ ਵਲੋਂ ਅਜਿਹੇ ਜੰਤਰਾਂ ਦੇ ਗਾਹਕਾਂ ਨੂੰ ਉਪਰੇਟਿੰਗ ਸਿਸਟਮ ਦੀ ਜਾਣਕਾਰੀ ਲਈ ਕਿਤਾਬ ਵੀ
ਨਾਲ ਦਿੱਤੀ ਜਾਂਦੀ ਹੈ ਤਾਂ ਕਿ ਉਨਾਂ ਨੂੰ ਠੀਕ ਢੰਗ ਨਾਲ ਚਲਾ ਕੇ ਸਹੀ ਲਾਭ ਲਿਆ ਜਾ ਸਕੇ।
‘ਹੁਕਮਿ ਰਜ਼ਾਈ` ਚੱਲਣ ਦਾ ਉਪਦੇਸ਼ ਦੇਣ ਵਾਲੇ ਗੁਰੂ ਸਾਹਿਬਾਨ ਨੇ ਗੁਰਬਾਣੀ
ਵਿੱਚ ਦੋ ਬਹੁਤ ਹੀ ਵਿਸਮਾਦਜਨਕ ਰਹੱਸ ਖੋਲ੍ਹੇ ਹਨ। ਪਹਿਲਾ ਇਹ ਹੈ ਕਿ ਕਰਤਾ-ਪੁਰਖ ਹੁਕਮ ਸਰੂਪ ਹੋ
ਕੇ ਘਟ ਘਟ ਵਿੱਚ ਵਿਆਪਕ ਹੋ ਰਿਹਾ ਹੈ ਅਤੇ ਉਸ ਵਿਆਪਕ ਹੁਕਮ ਦੁਆਰਾ ਹੀ ਧਰਮਰਾਜ ਦੇ ਰੂਪ ਵਿੱਚ
ਜੀਵਾਂ ਦੇ ਕਰਮਾਂ ਦਾ ਨਿਬੇੜਾ ਅਤੇ ਉਨ੍ਹਾਂ ਦੀ ਸੰਭਾਲ ਹੋ ਰਹੀ ਹੈ। ਜਿਵੇਂ ਗੁਰਵਾਕ ਹੈ “ਘਟਿ ਘਟਿ
ਆਪੇ ਹੁਕਮਿ ਵਸੈ, ਹੁਕਮੇ ਕਰੇ ਬੀਚਾਰੁ।। “ {ਅੰ: ੩੭}
ਦੂਜਾ ਗੂੜ-ਭੇਦ ਇਹ ਪ੍ਰਗਟ ਕੀਤਾ ਹੈ ਕਿ ਰੱਬੀ-ਰਜ਼ਾ ਅਨੁਸਾਰ ਜੀਊਣਾ ਹੀ ਰੱਬ
ਦਾ ਸਹੀ ਸਿਮਰਨ ਹੈ ਅਤੇ ਇਹੀ ਹੈ ਉਸ ਦਾ ਸਹਜਮਈ ਮਿਲਾਪ। “ਹੁਕਮੁ ਪਛਾਣਿ ਤਾ ਖਸਮੈ ਮਿਲਣਾ”।। {ਅੰਗ
੯੨} ਦਾ ਮੁਖਵਾਕ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ। ਉਨ੍ਹਾਂ ਦੇ ਹੇਠ ਲਿਖੇ ਸ਼ਬਦ ਦਾ ਸੰਖੇਪ ਭਾਵਾਰਥ
ਵੀ ਇਹੀ ਹੈ ਕਿ ਸਿਰਜਨਹਾਰ ਪ੍ਰਭੂ ਦੀ ਉਪਾਈ ਸ੍ਰਿਸ਼ਟੀ ਵਿੱਚ ਧਰਤੀ, ਅਕਾਸ਼, ਚੰਦ੍ਰਮਾ, ਸੂਰਜ ਅਤੇ
ਹਵਾ, ਪਾਣੀ ਆਦਿਕ ਸਾਰੇ ਅੰਗ ਰੱਬ ਜੀ ਦੇ ਕਾਇਮ ਕੀਤੇ ਅਟੱਲ ਕੁਦਰਤੀ ਨਿਯਮ (ਰਜ਼ਾ) ਮੁਤਾਬਿਕ ਆਪਣੀ
ਆਪਣੀ ਕਾਰ ਕਮਾਉਂਦੇ ਹੋਏ ਉਸ ਦਾ ਸਿਮਰਨ ਕਰੀ ਜਾ ਰਹੇ ਹਨ:
ਸਿਮਰੈ, ਧਰਤੀ ਅਰੁ ਆਕਾਸਾ।। ਸਿਮਰਹਿ ਚੰਦ, ਸੂਰਜ, ਗੁਣਤਾਸਾ।।
ਪਉਣ, ਪਾਣੀ, ਬੈਸੰਤਰ ਸਿਮਰਹਿ; ਸਿਮਰੈ ਸਗਲ ਉਪਾਰਜਨਾ।। {ਅੰ: ੧੦੭੯}
ਭਾਵ, ਸਿਰਜਨਹਾਰ ਪ੍ਰਭੂ ਨੇ ਧਰਤੀ, ਅਕਾਸ਼, ਸੂਰਜ, ਚੰਦ੍ਰਮਾ ਅਤੇ ਹਵਾ, ਅੱਗ
ਤੇ ਪਾਣੀ ਆਦਿਕ ਨੂੰ ਪੈਦਾ ਕਰਨ ਵੇਲੇ ਜੋ ਜੋ ਉਨ੍ਹਾਂ ਦੀ ਪ੍ਰਕ੍ਰਿਤੀ ਤੇ ਪ੍ਰਕ੍ਰਿਆ ਲਿਖ ਦਿੱਤੀ
ਹੈ, ਜੋ ਉਨ੍ਹਾਂ ਦੇ ਸੁਭਾਅ ਤੇ ਕਰਤਵ ਨਿਯਤ ਕਰ ਦਿੱਤੇ ਹਨ, ਉਸ ਅਨੁਸਾਰ ਉਹ ਕੁਦਰਤੀ ਕ੍ਰਿਆ ਕਰੀ
ਜਾ ਰਹੇ ਹਨ। ਗੁਰੂ ਨਾਨਕ ਸਾਹਿਬ ਦਾ ਮਤ ਹੈ ਕਿ ਕੁਦਰਤ ਦੇ ਉਪਰੋਕਤ ਅੰਗਾਂ ਦਾ ਸਹਜਿ-ਸੁਭਾਅ ਆਪਣਾ
ਆਪਣਾ ਕਰਤਵ ਨਿਭਾਈ ਜਾਣਾ ਹੀ ਅਸਲ ਵਿੱਚ ਉਨ੍ਹਾਂ ਲਈ ਨਾਮ ਸਿਮਰਨ ਹੈ। ਮਾਨੋ ਕਿ ਉਹ ਰੱਬ ਦਾ ਸਿਮਰਨ
ਕਰ ਰਹੇ ਹਨ।
ਇਸ ਲਈ “ਹੁਕਮਿ ਰਜਾਈ ਚਲਣਾ; ਨਾਨਕ, ਲਿਖਿਆ ਨਾਲਿ।। “ ਅਤੇ “ਸਿਮਰਿ
ਗੋਵਿੰਦੁ ਮਨਿ ਤਨਿ ਧੁਰਿ ਲਿਖਿਆ।। “ ਦੀ ਰੌਸ਼ਨੀ ਵਿੱਚ ਸਾਨੂੰ ਇਹ ਸਿਮਰਣ (ਚੇਤਾ) ਰਹਿਣਾ ਚਾਹੀਦਾ
ਹੈ ਕਿ ਕੁਦਰਤ ਦੇ ਕਿਸੇ ਵੀ ਅੰਗ ਤੋਂ ਉਹੀ ਲਾਭ ਲਿਆ ਜਾ ਸਕਦਾ ਹੈ, ਜਿਹੜਾ ਸਿਰਜਨਹਾਰ ਪ੍ਰਭੂ ਨੇ
ਸਿਰਜਨਾ ਸਮੇਂ ਕੁਦਰਤੀ ਲੋੜ ਮੁਤਾਬਿਕ ਉਸ ਦੀ ਸਮਰਥਾ ਤੇ ਸੁਭਾਅ ਵਿੱਚ ਲਿਖ ਦਿੱਤਾ ਹੈ। ਜਾਂ ਇਉਂ
ਕਹੀਏ ਕਿ ਕੁਦਰਤ ਦਾ ਕੋਈ ਵੀ ਅੰਗ, ਕਿਸੇ ਦੂਜੇ ਅੰਗ ਨੂੰ ਓਹੀ ਤੇ ਉਤਨਾ ਹੀ ਲਾਭ ਪਹੁੰਚਾ ਸਕਦਾ
ਹੈ, ਜਿਤਨੀ ਸਮਰਥਾ ਅਤੇ ਜਿਤਨੇ ਗੁਣ, ਕਰਤਾ ਪੁਰਖ ਨੇ ਉਸ ਅੰਦਰ ਭਰ ਦਿੱਤੇ ਹਨ। ਅਸਲ ਵਿੱਚ ਇਹੀ ਹਨ
ਧੁਰ ਦੇ ਅਮਿਟ ਲੇਖ, ਜਿਨ੍ਹਾਂ ਬਾਰੇ ਗੁਰਬਾਣੀ ਵਿੱਚ ਇਸ ਪ੍ਰਕਾਰ ਬਚਨ ਮਿਲਦੇ ਹਨ। ਜਿਵੇਂ:
ਕਕਾ ਕਾਰਨ ਕਰਤਾ ਸੋਊ।। ਲਿਖਿਓ ਲੇਖੁ ਨ ਮੇਟਤ ਕੋਊ।। {ਅੰ: ੨੫੩}
ਇਸੇ ਲਈ ਵਿਚਾਰ ਅਧੀਨ ਜਪੁ-ਜੀ ਸਾਹਿਬ ਦੀ ਪਹਿਲੀ ਪਉੜੀ ਦੀ ਪਹਿਲੀਆਂ ੪
ਪੰਕਤੀਆਂ ਵਿੱਚ ਹਜ਼ੂਰ ਨੇ ਨਿਰਣਾ ਦੇ ਦਿੱਤਾ ਕਿ ਪਾਣੀ ਨਾਲ ਇਸ਼ਨਾਨ ਤੇ ਚੁੱਲੀਆਂ ਆਦਿਕ ਦੀਆਂ
ਧਾਰਮਿਕ ਕ੍ਰਿਆਵਾਂ ਕਰਕੇ ਸ਼ਰੀਰਕ ਸੁੱਚ ਰੱਖਣ ਦੇ ਲੱਖਾਂ ਯਤਨ ਕੀਤਿਆਂ ਵੀ ਬਾਹਰੋਂ ਸੁੱਚੇ ਹੋਣ ਨਾਲ
ਮਨ ਦੀ ਸੁੱਚ ਪ੍ਰਾਪਤ ਨਹੀਂ ਹੋ ਸਕਦੀ। “ਸੋਚੈ, ਸੋਚਿ ਨ ਹੋਵਈ; ਜੇ, ਸੋਚੀ ਲਖ ਵਾਰ।। “ ਮੌਨ ਵ੍ਰਤ
ਰੱਖ ਕੇ ਇੱਕ ਤਾਰ ਸਮਾਧੀ ਲਗਾਇਆਂ ਮਨ ਦੀ ਸ਼ਾਂਤੀ ਹਾਸਲ ਨਹੀ ਹੋ ਸਕਦੀ। “ਚੁਪੈ ਚੁਪ ਨ ਹੋਵਈ ਜੇ
ਲਾਇ ਰਹਾ ਲਿਵ ਤਾਰ।। “ ਸੰਸਾਰ ਦੇ ਸਾਰੇ ਪਦਾਰਥਾਂ ਦਾ ਮਾਲਕ ਬਣ ਕੇ ਇੰਦਰਿਆਂ ਦੇ ਸਾਰੇ ਰਸ ਭੋਗ
ਮਾਣਦਿਆਂ ਵੀ ਤ੍ਰਿਸ਼ਨਾ ਦੇ ਅਧੀਨ ਰਹਿਆਂ ਆਤਮਿਕ ਤ੍ਰਿਪਤੀ ਨਹੀ ਮਿਲ ਸਕਦੀ।
“ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ
ਭਾਰ।। “ ਕਿਉਂਕਿ, ਬੌਧਿਕ ਚਤੁਰਾਈਆਂ ਭਰੇ ਇਹ
ਸਾਰੇ ਢੰਗ ਤਰੀਕੇ ਰੱਬੀ ਰਜ਼ਾ ਦੇ ਅਨੁਕੂਲ ਨਹੀ ਹਨ। ਕੁਦਰਤੀ ਅਟੱਲ ਨਿਯਮਾਂ ਦੇ ਉੱਲਟ ਹੋਣ ਕਰਕੇ
ਅਜਿਹੇ ਕਰਮਕਾਂਡ ਤਾਂ ਜ਼ਿੰਦਗੀ ਦੇ ਕੀਮਤੀ ਸਮੇਂ ਤੇ ਸਰਮਾਏ ਨੂੰ ਅਜਾਈਂ ਗਵਾਉਣ ਵਾਲੇ ਰਸਤੇ ਹਨ;
ਕਿਉਂਕਿ, ਇਸ ਪ੍ਰਕਾਰ ਪ੍ਰਾਪਤੀ ਕੁੱਝ ਵੀ ਨਹੀ ਹੋ ਸਕਣੀ ਅਸੰਭਵ ਹੈ।
ਸੁੱਕ ਰਹੀ ਬਨਾਸਪਤੀ ਨੂੰ ਪਾਣੀ ਦੇ ਕੇ ਕੁਮਲਾਉਣ ਤੋਂ ਬਚਾਇਆ ਜਾ ਸਕਦਾ ਹੈ;
ਕਿਉਂਕਿ, ਕੁਦਰਤੀ ਜੁਗਤਿ ਵਿੱਚ ਮੁੱਢ ਤੋਂ ਹੀ ਐਸੀ ਬਣਤਰ ਹੈ ਕਿ ਪਾਣੀ ਨਾ ਮਿਲੇ ਤਾਂ ਸ਼ਾਖਾਂ
ਕੁਮਲਾਅ ਜਾਣਗੀਆਂ। ਗੁਰਵਾਕ ਹੈ:
ਜਲ ਬਿਨੁ ਸਾਖ ਕੁਮਲਾਵਤੀ, ਉਪਜਹਿ
ਨਾਹੀ ਦਾਮ।। {ਅੰਗ ੧੩੩}
ਅੱਗ ਜਲ ਰਹੀ ਹੋਵੇ ਤਾਂ ਪਾਣੀ ਪਾ ਕੇ ਬੁਝਾਈ ਜਾ ਸਕਦੀ ਹੈ; ਕਿਉਂਕਿ, ਪਾਣੀ
ਦੀ ਐਸੀ ਕੁਦਰਤੀ ਪ੍ਰਕ੍ਰਿਤੀ ਹੈ। ਗੁਰਬਾਣੀ ਵਿੱਚ ਪਾਣੀ ਦੀ ਅਜਿਹੀ ਵਰਤੋਂ ਨੂੰ ਉਦਾਹਰਣ ਵਜੋਂ ਇਉਂ
ਵਰਤਿਆ ਹੈ:
ਜਿਉ ਅਗਨਿ ਮਰੈ
ਜਲਿ ਪਾਇਐ, ਤਿਉ ਤ੍ਰਿਸਨਾ ਦਾਸਨਿ ਦਾਸਿ।। {ਅੰ: ੨੨}
ਸ਼ਰੀਰ ਮਿੱਟੀ ਘੱਟੇ ਨਾਲ ਲਿਬੜਿਆ ਹੋਵੇ ਤਾਂ ਪਾਣੀ ਨਾਲ ਧੋਤਾ ਜਾ ਸਕਦਾ ਹੈ।
ਕਪੜੇ ਮਲੀਨ ਹੋ ਗਏ ਹੋਣ ਤਾਂ ਸਾਬਣ ਮਿਲਾ ਕੇ ਧੋਤਿਆਂ ਸਾਫ ਹੋ ਸਕਦੇ ਹਨ। ਗੁਰਵਾਕ ਹਨ: “ਪਾਣੀ
ਧੋਤੈ, ਉਤਰਸੁ ਖੇਹ।। “ ਮੂਤ ਪਲੀਤੀ ਕਪੜੁ ਹੋਇ।। ਦੇ ਸਾਬੂਣੁ ਲਈਐ ਓਹੁ ਧੋਇ।। “ {ਜਪੁ, ਅੰ: ੪}
ਜੀਅ-ਜੰਤਾਂ ਪਿਆਸੇ ਹੋਣ ਤਾਂ ਪਾਣੀ ਪੀ ਕੇ ਉਨ੍ਹਾਂ ਦੀ ਪਿਆਸ ਮਿਟ ਸਕਦੀ
ਹੈ, ਪ੍ਰੰਤੂ, ਮਨ, ਬੁਧੀ ਤੇ ਚਿੱਤ ਨੂੰ ਪਾਣੀ ਨਾਲ ਧੋਣਾਂ ਅਸੰਭਵ ਹੈ। ਕਿਉਂਕਿ, ਇਹ ਪਾਣੀ ਦੀ
ਪਹੁੰਚ ਤੋਂ ਬਾਹਰ ਹੈ। ਇਹ ਉਸ ਦੀ ਕੁਦਰਤੀ ਪ੍ਰਕ੍ਰਿਤੀ ਤੇ ਪ੍ਰਕ੍ਰਿਆ ਦੇ ਵਿਪਰੀਤ ਹੈ। ਰੱਬੀ
ਫ਼ਰਮਾਨ ਹੈ:
ਪਾਣੀ ਚਿਤੁ ਨ
ਧੋਪਈ; ਮੁਖਿ ਪੀਤੈ, ਤਿਖ ਜਾਇ।। {ਅੰ: ੧੨੪੦}
ਜੀਵਾਂ ਦੀ ਕੁਦਰਤੀ ਬਣਤਰ ਵਿੱਚ ਜੀਭ, ਕੇਵਲ ਉਨ੍ਹਾਂ ਦੇ ਭੋਜਨ ਨੂੰ ਚਬਾਉਣ
ਵਿੱਚ ਸਹਾਇਕ ਹੋਣ ਤੇ ਅੰਦਰ ਲੰਘਾਉਣ ਲਈ ਹੀ ਨਹੀਂ; ਸਗੋਂ, ਇਹ ਤਾਂ ਜੀਵਾਂ ਅੰਦਰਲੇ ਮਨੋਭਾਵਾਂ ਨੂੰ
ਪ੍ਰਗਟਾਉਣ ਦਾ ਪ੍ਰਮੁਖ ਸਾਧਨ ਹੈ। ਜਿਵੇਂ, ਅੱਖਾਂ ਦੇਖਣ ਅਤੇ ਕੰਨ ਸੁਣਨ ਲਈ ਹਨ, ਤਿਵੇਂ ਆਮ ਤੌਰ
ਇਹੀ ਮੰਨਿਆਂ ਜਾਂਦਾ ਹੈ ਕਿ ਜੀਭਾ ਬੋਲਣ ਲਈ ਹੈ। ਗੁਰਵਾਕ ਵੀ ਹੈ: “ਅਖੀ ਦੇਖੈ, ਜਿਹਵਾ ਬੋਲੈ,
ਕੰਨੀ ਸੁਰਤਿ ਸਮਾਇ।। “ {ਅੰ: ੧੩੮} ਮਨੋਵਿਗਿਆਨ ਮੰਨਦਾ ਹੈ ਕਿ ਜਿਹੜਾ ਮਨੁੱਖ ਗਲਬਾਤ ਨਹੀ ਕਰਦਾ
ਤੇ ਮੋਨੀ ਹੋ ਕੇ ਜ਼ਬਾਨ ਦੀ ਕੁਦਰਤੀ ਪ੍ਰਕ੍ਰਿਆ ਦਾ ਉਲੰਘਣ ਕਰਦਾ ਹੈ, ਉਸ ਦੇ ਅੰਦਰ ਮਾਨਸਿਕ ਰੋਗ
ਵਜੋਂ ਕਲਪਨਾ ਦੀ ਅਜਿਹੀ ਗੰਠ ਬਣ ਜਾਂਦੀ ਹੈ, ਜਿਹੜੀ ਉਸ ਲਈ ਮਾਨਸਿਕ ਅਸ਼ਾਂਤੀ ਦਾ ਕਾਰਨ ਬਣੀ
ਰਹਿੰਦੀ ਹੈ। ਗੁਰਬਾਣੀ ਦਾ ਕਥਨ ਹੈ “ਮੋਨੀ ਹੋਇ ਬੈਠਾ ਇਕਾਂਤੀ, ਹਿਰਦੈ ਕਲਪਨ ਗਾਠਾ।। “ {ਅੰ:
੧੦੦੩} ਅੰਨ ਖਾਣ ਤੋਂ ਪ੍ਰਹੇਜ ਕਰਨ ਅਤੇ ਮੌਨ ਆਦਿਕ ਧਾਰਨ ਵਾਲੇ ਲੋਕ, ਅਸਲ ਵਿੱਚ ਓਹੀ ਹਨ ਜਿਹੜੇ
ਕਿਸੇ ਪ੍ਰਕਾਰ ਦੀ ਪੂਜਾ-ਪਰਿਸ਼ਠਤਾ ਰੂਪੀ ਮਮਤਾ ਵਿੱਚ ਫਸੇ ਰੱਬੀ ਹੁਕਮ ਨੂੰ ਜਾਣ-ਬੁੱਝ ਕੇ
ਅਣਗੌਲਿਆਂ ਕਰ ਰਹੇ ਹਨ: ਗੁਰ ਫ਼ਰਮਾਨ ਹੈ:
ਬੋਲੈ ਨਾਹੀ, ਹੋਇ ਬੈਠਾ ਮੋਨੀ।। ਅੰਤਰਿ ਕਲਪ, ਭਵਾਈਐ ਜੋਨੀ।।
ਅੰਨ ਤੇ ਰਹਤਾ, ਦੁਖੁ ਦੇਹੀ ਸਹਤਾ।। ਹੁਕਮੁ ਨ ਬੂਝੈ, ਵਿਆਪਿਆ ਮਮਤਾ।।
{ਅੰ: ੧੩੪੮}
ਇਸ ਲਈ ਰੱਬੀ ਰਜ਼ਾ ਨੂੰ ਮੰਨ ਕੇ ਉਹਦੀ ਕਿਰਪਾ ਦਾ ਪਾਤਰ ਬਣਿਆ ਇਨਸਾਨ, ਆਪਣੀ
ਲੋੜ ਮੁਤਾਬਿਕ ਸਹਜਿ-ਸੁਭਾਵਿਕ ਗਲਬਾਤ ਵੀ ਕਰਦਾ ਹੈ ਤੇ ਚੁੱਪ ਵੀ ਰਹਿੰਦਾ ਹੈ। ਕਿਉਂਕਿ, ਘਟ ਬੋਲਣਾ
ਵੈਸੇ ਵੀ ਸਭਿਅਕ ਮੰਨਿਆ ਜਾਂਦਾ ਹੈ। ਗੁਰਬਾਣੀ ਦੇ ਮੁਢਲੇ ਵਿਆਖਿਆਕਾਰ ਭਾਈ ਗੁਰਦਾਸ ਜੀ ਦਾ ਕਥਨ ਹੈ
“ਥੋੜਾ ਸਵਣਾ ਖਾਵਣਾ, ਥੋੜਾ ਬੋਲਨੁ ਗੁਰਮਤਿ ਪਾਏ। {ਵਾਰ ੨੮ ਪਉੜੀ ੧੫} ਪਰ, ਮਨ ਦੀ ਚੁੱਪ,
ਟਿਕਾਓ ਅਥਵਾ ਸ਼ਾਂਤੀ ਲਈ ਐਸਾ ਸੂਝਵਾਨ ਗੁਰਮੁਖ ਵਿਅਕਤੀ ਜ਼ਬਾਨੋਂ ਬੋਲਣਾ ਬੰਦ ਕਰਕੇ ਕੋਈ ਉਚੇਚੀ
ਸਮਾਧੀ ਲਾਉਣ ਦਾ ਯਤਨ ਨਹੀ ਕਰਦਾ। ਕਿਉਂਕਿ,
“ਘਟਿ ਘਟਿ ਆਪੇ ਹੁਕਮਿ ਵਸੈ, ਹੁਕਮੇ
ਕਰੇ ਬੀਚਾਰੁ।। “ {ਅੰ: ੩੭} ਗੁਰਵਾਕ ਦੀ ਹਕੀਕਤ
ਨੂੰ ਸਮਝਦਾ ਹੋਣ ਕਰਕੇ ਉਹ ਜਾਣਦਾ ਹੈ ਕਿ ਹੁਕਮ ਸਰੂਪ ਹੋ ਕੇ ਸਾਡੇ ਸਾਰਿਆਂ ਵਿੱਚ ਵੱਸ ਰਿਹਾ ਪਭੂ,
ਤਦੋਂ ਵੀ ਹੁੰਦਾ ਹੈ ਜਦੋਂ ਅਸੀਂ ਬੋਲ ਰਹੇ ਹੁੰਦੇ ਹਾਂ ਅਤੇ ਤਦੋਂ ਵੀ ਹੁੰਦਾ ਹੈ, ਜਦੋਂ ਅਸੀਂ
ਨਹੀਂ ਬੋਲ ਰਹੇ ਹੁੰਦੇ। ਮੁਸ਼ਕਲ ਤਾਂ ਇਹੀ ਹੈ ਜਿਸ ਤਰ੍ਹਾਂ ਦਾ ਉਸ ਦਾ ਵਿਆਪਕ ਸਰੂਪ ਹੈ, ਉਸ ਨੂੰ
ਅਸੀਂ ਸਮਝ ਨਹੀ ਰਹੇ ਅਤੇ ਮਿਲਣਾ ਚਹੁੰਦੇ ਹਾਂ ਉਸ ਨੂੰ ਵਿਅਕਤੀਗਤ ਰੂਪ ਵਿੱਚ:
ਬੋਲ ਅਬੋਲ ਮਧਿ ਹੈ ਸੋਈ।।
ਜਸ ਓਹੁ ਹੈ, ਤਸ ਲਖੈ ਨ ਕੋਈ।। {ਅੰ: ੩੪੦}
ਲੋੜ ਤਾਂ ਕੇਵਲ ਇਹ ਹੈ ਕਿ ਰੱਬੀ-ਰਜ਼ਾ ਵਿੱਚ ਰਾਜ਼ੀ ਹੁੰਦਿਆਂ ਹਰ ਵੇਲੇ ਉਸ
ਦੇ ਦੈਵੀ ਗੁਣਾਂ ਨੂੰ ਸੰਭਾਲ ਕੇ ਜੀਊਣਾ ਹੀ ਸਾਡੀ ਜਾਤ, ਸਾਡੀ ਇਜ਼ਤ ਤੇ ਸਾਡੀ ਸੰਪਤੀ ਬਣ ਜਾਏ।
ਅਸੀਂ ਮੂਹੋਂ ਓਹੀ ਬੋਲ ਬੋਲੀਏ, ਜਿਹੜੇ ਸਾਨੂੰ ਤੇ ਹੋਰਨਾਂ ਨੂੰ ਰੱਬ ਨਾਲ ਜੋੜਣ ਵਾਲੇ ਹੋਣ। ਜਿਵੇਂ
ਗੁਰਵਾਕ ਹੈ: ਬਾਬਾ ਬੋਲਨਾ ਕਿਆ ਕਹੀਐ।। ਜੈਸੇ ਰਾਮ ਨਾਮ ਰਵਿ ਰਹੀਐ।। ਬੱਸ! ਇਹੀ ਇੱਕ ਤਰੀਕਾ ਹੈ
ਜਿਸ ਦੀ ਬਦੌਲਤ ਸਾਡੇ ਅੰਦਰ ਆਤਮਿਕ ਅਡੋਲਤਾ ਦਾ ਅਨੰਦ ਤੇ ਸ਼ਾਂਤੀ ਬਣੇ ਰਹਿ ਸਕਦੇ ਹਨ। ਸਤਿਗੁਰਾਂ
ਨੇ ਆਪਣਾ ਨਿਜੀ ਤਜਰਬਾ ਇਉਂ ਸਾਂਝਾ ਕੀਤਾ ਹੈ:
ਜਤਿ ਮੇਰੀ, ਪਤਿ ਮੇਰੀ, ਧਨੁ ਹਰਿ ਨਾਮੁ।।
ਸੂਖ ਸਹਜ ਆਨੰਦ ਬਿਸਰਾਮ।। {ਅੰ: ੭੪੨}
ਕਿਉਂਕਿ, ਸਾਰੀ ਮਾਨਸਿਕ ਅਸ਼ਾਂਤੀ ਤੇ ਸ਼ੋਰ ਇਸ ਗੱਲ ਦਾ ਹੈ, ਜੋ ਹੋਇਆ ਹੈ,
ਇਹ ਠੀਕ ਨਹੀਂ। ਕਿਸੇ ਸਾਕ ਸਬੰਧੀ ਜਾਂ ਪ੍ਰਵਾਰਿਕ ਮੈਂਬਰ ਦੀ ਮੌਤ ਹੋ ਗਈ ਹੈ, ਨਹੀ ਸੀ ਹੋਣੀ
ਚਾਹੀਦਾ ਚਾਹੀਦਾ, ਇਹ ਤਾਂ ਜ਼ੁਲਮ ਹੈ। ਜੋ ਪਦ-ਪਦਵੀ, ਸਮਾਜਿਕ ਸਤਿਕਾਰ ਤੇ ਧਨ-ਸੰਪਤੀ ਮੈਨੂੰ
ਪ੍ਰਾਪਤ ਹੈ, ਇਹ ਮੇਰੀ ਯੋਗਤਾ ਨਾਲ ਅਨਿਆਂ ਹੈ। ਪਰ, ਜੇਕਰ ਇਹ ਧਾਰਨਾ ਬਣ ਜਾਵੇ ਕਿ
“ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ।। “ {ਅੰ: ੪੩੨}
ਤਾਂ ਫਿਰ ਕੋਈ ਰੌਲਾ ਹੀ ਨਹੀਂ।
ਤਾਂਤਰਿਕ ਮੱਤੀਆਂ ਵਾਂਗ ਇੰਦਰਿਆਵੀ ਭੋਗਾਂ ਦੁਆਰਾ ਮਨ ਦੀਆਂ ਇਛਾਵਾਂ ਦੀ
ਪੂਰਤੀ ਕਰਕੇ ਮਾਨਸਿਕ ਤ੍ਰਿਪਤੀ ਦਾ ਤਰੀਕਾ ਵੀ ਰੱਬੀ ਰਜ਼ਾ ਦੇ ਅਨਕੂਲ ਨਹੀਂ ਹੈ। ਕਿਉਂਕਿ, ਕਾਦਰ ਦੀ
ਕੁਦਰਤ ਦਾ ਇੱਕ ਅਟੱਲ ਨਿਯਮ ਹੈ ਕਿ ਜਿਥੋਂ ਕੋਈ ਚੀਜ਼ ਪੈਦਾ ਹੁੰਦੀ ਹੈ, ਅੰਤ ਨੂੰ ਮੁੜ ਜਦੋਂ ਆਪਣੇ
ਉਸ ਮੂਲ ਸ਼੍ਰੋਤ ਵਿੱਚ ਜਾ ਸਮਾਉਂਦੀ ਹੈ, ਤਦੋਂ ਹੀ ਉਸ ਦੀ ਭਟਕਣਾ ਮੁਕਦੀ ਹੈ। ਜਿਵੇਂ, ਸਮੁੰਦਰ
`ਚੋਂ ਪਾਣੀ ਦੀਆਂ ਬੂੰਦਾ ਵਾਸ਼ਪੀਕਰਣ ਰਾਹੀਂ ਉਪਰ ਉਠ ਕੇ ਬੱਦਲ ਬਣਦੀਆਂ ਹਨ ਅਤੇ ਫਿਰ ਵਰਖਾ ਦੇ ਰੂਪ
ਵਿੱਚ ਧਰਤੀ `ਤੇ ਗਿਰਨ ਉਪਰੰਤ ਕੋਈ ਨਦੀ ਨਾਲਾ ਬਣ ਕੇ ਸਮੁੰਦਰ ਵੱਲ ਵਹਿ ਤੁਰਦੀਆਂ ਹਨ। ਪਰ,
ਉਨ੍ਹਾਂ ਨੂੰ ਚੈਨ ਤਦੋਂ ਹੀ ਆਉਂਦਾ ਹੈ, ਜਦੋਂ ਉਹ ਸਮੁੰਦਰ ਵਿੱਚ ਲੀਨ ਹੋ ਜਾਂਦੀਆਂ ਹਨ।
ਤਿਵੇਂ ਹੀ ਸਾਡੇ ਜੀਵਾਂ ਦਾ ਹਾਲ ਹੈ। ਕਿਉਂਕਿ,
“ਕਹੁ ਕਬੀਰ, ਇਹੁ ਰਾਮ ਕੀ ਅੰਸੁ।। “
{ਅੰ: ੮੭੧} ਗੁਰਵਾਕ ਮੁਤਾਬਿਕ ਅਸੀਂ ਸਾਰੇ ਜੀਵ
ਅਕਾਲ ਪੁਰਖ ਦੀ ਅੰਸ਼ ਹਾਂ। ਇਸ ਲਈ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਇੰਦ੍ਰਿਆਵੀ ਭੋਗ ਭੋਗਦਿਆਂ ਮਾਨਸਿਕ
ਤ੍ਰਿਪਤੀ ਹੋਣੀ ਅਸੰਭਵ ਹੈ; ਭਾਵੇਂ, ਦੁਨੀਆਂ ਦੀ ਸਾਰੀ ਸੰਪਤੀ ਸਾਡੀ ਮਲਕੀਅਤ ਕਿਉਂ ਨਾ ਬਣ ਜਾਵੇ।
ਸਤਿਗੁਰਾਂ ਨੇ ਇਹ ਵਿਗਿਆਨਕ ਰਹੱਸ ਹੇਠ ਲਿਖੇ ਅੰਮ੍ਰਿਤ ਬਚਨਾ ਵਿੱਚ ਇਉਂ ਖੋਲ੍ਹਿਆ ਹੈ:
ਜਹ ਤੇ ਉਪਜਿਓ, ਤਹੀ ਸਮਾਨੋ; ਸਾਈ ਬਸਤੁ ਅਹੀ।।
ਕਹੁ ਨਾਨਕ, ਭਰਮੁ ਗੁਰਿ ਖੋਇਓ; ਜੋਤੀ ਜੋਤਿ ਸਮਹੀ।। {ਅੰ: ੧੨੨੦}
ਰੱਬੀ ਹੁਕਮ ਕੀ ਹੈ, ਕੁਦਰਤ ਵਿੱਚ ਕਿਵੇਂ ਵਰਤਦਾ ਹੈ ਅਤੇ ਉਸ ਨੂੰ ਸਮਝ ਕੇ
ਚੱਲਣ ਵਾਲੇ ਸਚਿਆਰ ਮਨੁੱਖ ਜੀਵਨ ਵਰਤਾਰਾ ਕੈਸਾ ਹੁੰਦਾ ਹੈ, ਇਸ ਦੀ ਵਿਸ਼ੇਸ਼ ਵਿਆਖਿਆ ਸਤਿਗੁਰੂ ਜੀ
ਨੇ ਜਪੁ-ਜੀ ਸਾਹਿਬ ਦੀ ਅਗਲੀ ਪਉੜੀ ਵਿੱਚ ਕੀਤੀ ਹੈ। ਇਸ ਲਈ ਇਸ ਪੱਖ ਦੀ ਵਿਸਥਾਰਤ ਵਿਆਖਿਆ ਦਾ ਯਤਨ
ਤਾਂ ਅਸੀਂ ਵੀ ਉਥੇ ਹੀ ਕਰਾਂਗੇ। ਪਰ, ਹੁਣ ਤਕ ਦੀ ਉਪਰੋਕਤ ਚਰਚਾ ਤੋਂ ਜੋ ਸਿੱਟਾ ਨਿਕਲ ਰਿਹਾ ਹੈ,
ਉਸ ਮੁਤਾਬਿਕ ਇਥੇ ਇਹੀ ਕਹਿਣਾ ਚਹੁੰਦੇ ਹਾਂ ਕਿ ਰੱਬੀ ਵਿਧਾਨ ਦੇ ਵਿਆਖਿਆਕਾਰ ਹਨ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਮਹਾਰਾਜ। ਇਸ ਲਈ ਗੁਰਸ਼ਬਦ ਵੀਚਾਰ ਦੀ ਰੌਸ਼ਨੀ ਵਿੱਚ ਕੁਦਰਤੀ ਵਰਤਾਰੇ ਨੂੰ ਸਮਝ ਕੇ
ਸਹਜਮਈ ਜੀਊਣਾ ਹੀ ‘ਹੁਕਮਿ ਰਜਾਈ` ਚੱਲਣਾ ਹੈ ਅਤੇ ਇਹੀ ਹੈ ਨਾਮ ਜਪਣਾ, ਨਾਮ ਸਿਮਰਣਾ, ਨਾਮ
ਅਰਾਧਣਾ, ਨਾਮ ਧਿਆਵਣਾ ਅਤੇ ਨਾਮ ਦੀ ਪ੍ਰਾਪਤੀ ਜਿਸ ਦੀ ਬਦੌਲਤ ਅਸੀਂ ਆਪਣੇ ਅੰਦਰਲੀ ‘ਕੂੜ ਦੀ
ਪਾਲਿ` ਨੂੰ ਤੋੜ ਕੇ ਸੱਚਿਆਰ ਹੋ ਸਕਦੇ ਹਾਂ:
ਮਲੁ ਕੂੜੀ ਨਾਮਿ ਉਤਾਰੀਅਨੁ; ਜਪਿ ਨਾਮੁ ਹੋਆ ਸਚਿਆਰੁ।।
ਜਨ ਨਾਨਕ, ਜਿਸ ਦੇ ਏਹਿ ਚਲਤ ਹਹਿ; ਸੋ ਜੀਵਉ ਦੇਵਣਹਾਰੁ।। ੨।।
ਜਗਤਾਰ ਸਿੰਘ ਜਾਚਕ, ਨਿਊਯਾਰਕ
ਮਿਤੀ ੬ ਸਤੰਬਰ ੨੦੧੧, ਫੋਨ: ੦੦੧-੬੩੧-੫੯੨-੪੩੩੫
(ਗੁਰਬਾਣੀ ਦੇ ਰਸਿਕ ਵਿਦਵਾਨ ਸੱਜਣਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ
ਹੱਥਲਾ ਲੇਖ ਅਸਲ ਵਿੱਚ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।। ਹੁਕਮਿ ਰਜਾਈ ਚਲਣਾ ਨਾਨਕ
ਲਿਖਿਆ ਨਾਲਿ।। “ ਪਾਵਨ ਪੰਕਤੀਆਂ ਦੀ ਸਿਧਾਂਤਕ ਵਿਆਖਿਆ ਦਾ ਇੱਕ ਨਿਮਾਣਾ ਯਤਨ ਹੈ। ਕਿਰਪਾ ਕਰਕੇ
ਇਸ ਨੂੰ ਪੜ੍ਹੋ ਤੇ ਮੇਰੀ ਈਮੇਲ
[email protected]
ਰਾਹੀਂ
ਗੁਰਮਤੀ ਵਿਚਾਰ ਲਿਖ ਭੇਜਣ ਦਾ ਉਪਕਾਰ ਕਰੋ ਤਾਂ ਕਿ ਉਨ੍ਹਾਂ ਦੀ ਰੌਸ਼ਨੀ ਵਿੱਚ ਲੇਖ ਨੂੰ ਸੁਧਾਰ ਕੇ
ਅੰਤਮ ਰੂਪ ਦਿੱਤਾ ਜਾ ਸਕੇ। ਧੰਨਵਾਦੀ ਹੋਵਾਂਗਾ।)