.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਲਕੜੀ ਦਾ ਪਾਵਾ ਮੋਮ ਹੋਣਾ

ਸਿਆਣੇ ਕਹਿੰਦੇ ਨੇ ਕਿ ਨਕਲ ਮਾਰਨ ਲਈ ਵੀ ਅਕਲ ਦੀ ਜ਼ਰੂਰਤ ਹੈ। ਨਹੀਂ ਤਾਂ ਪੰਜਾਬੀ ਦੇ ਮੁਹਾਵਰੇ ਅਨੁਸਾਰ ਮੱਖੀ `ਤੇ ਮੱਖੀ ਮਾਰਨੀ ਹੀ ਹੁੰਦਾ ਹੈ। ਇੱਕ ਬੱਚਾ ਪੜ੍ਹਾਈ ਵਲੋਂ ਵਾਹਵਾ ਕੰਜੂਸ ਸੀ। ਪੁਰਾਣੇ ਭਾਵ ਸਾਡੇ ਸਮੇਂ ਸਨ, ਜਦੋਂ ਸਧਾਰਣ ਵਿਆਜ ਜਾਂ ਲਾਭ ਹਾਨੀ ਦੇ ਸੁਆਲ ਕਰਾਏ ਜਾਂਦੇ ਸਨ, ਜਾਂ ਕੋਈ ਲੇਖ ਲਿਖਾਇਆ ਜਾਂਦਾ ਸੀ ਤਾਂ ਵਿਦਿਆਰਥੀ ਇੱਕ ਦੂਜੇ ਦੀ ਕਾਪੀ ਵਲੋਂ ਦੇਖ ਕੇ ਉਤਾਰਾ ਕਰ ਲੈਂਦੇ ਸਨ। ਕਈ ਪੱਕਿਆਂ ਇਮਤਿਹਾਨਾਂ ਵਿੱਚ ਵੀ ਨਕਲ ਦਾ ਹੀ ਸਹਾਰਾ ਲੈਂਦੇ ਰਹੇ। ਇੱਕ ਹੁਸ਼ਿਆਰ ਬੱਚਾ ਪੇਪਰ ਦੇ ਰਿਹਾ ਸੀ ਦੂਸਰਾ ਬੱਚਾ ਤਾਰਾ ਨਲਾਇਕ ਸੀ, ਪਰ ਘਰੋਂ ਤੇ ਸਰੀਰੋਂ ਤਕੜਾ ਹੋਣ ਕਰਕੇ ਦਾਬੇ ਨਾਲ ਹੀ ਨਕਲ ਵਾਲਾ ਆਪਣਾ ਬੁੱਤਾ ਸਾਰ ਲੈਂਦਾ ਸੀ। ਸਲ੍ਹਾਨਾ ਇਮਤਿਹਾਨ ਦੇ ਦਿਨਾਂ ਵਿੱਚ ਹੁਸ਼ਿਆਰ ਮੁੰਡਾ ਅੱਗੇ ਬੈਠਾ ਸੀ ਜਦ ਕਿ ਨਲਾਇਕ ਤਾਰਾ ਮੁੰਡਾ ਪਿੱਛੇ ਬੈਠਾ ਸੀ। ਕਲਮਾਂ ਨਾਲ ਪੇਪਰ ਕੀਤੇ ਜਾਂਦੇ ਸਨ। ਸਿਆਹੀ ਗੂੜ੍ਹੀ ਸੀ। ਹੁਸ਼ਿਆਰ ਬੱਚੇ ਨੇ ਪੇਪਰ ਕੀਤਾ ਤੇ ਸਕਾਉਣ ਲਈ ਲਾਗੇ ਰੱਖ ਲਿਆ। ਅਚਾਨਕ ਕਿਤੇ ਮੱਖੀ ਉੱਪਰ ਆ ਕੇ ਬੈਠ ਗਈ ਤੇ ਉਹ ਸਿਆਹੀ ਨਾਲ ਹੀ ਚਿਪਕ ਗਈ। ਪਿੱਛੇ ਬੈਠਾ ਨਲਾਇਕ ਮੁੰਡਾ ਜੋ ਅਗਲੇ ਮੁੰਡੇ ਦੇ ਪੇਪਰ ਤੋਂ ਦੇਖ ਦੇਖ ਕੇ ਪੇਪਰ ਕਰ ਰਿਹਾ ਸੀ। ਉਸਨੇ ਦੇਖਿਆ ਕਿ ਮੱਖੀ ਵੀ ਪੇਪਰ ਨਾਲ ਜੁੜੀ ਹੋਈ ਹੈ। ਹੋ ਸਕਦਾ ਏ, ਇਸ ਸਵਾਲ ਨਾਲ ਮੱਖੀ ਦਾ ਸਬੰਧ ਵੀ ਹੋਵੇ। ਤਾਰੇ ਨਲਾਇਕ ਦੇ ਮਨ ਵਿੱਚ ਖ਼ਿਆਲ ਆਇਆ ਜੇ ਮੱਖੀ ਫਿੱਟ ਨਾ ਹੋਈ ਤਾਂ ਨੰਬਰ ਬਹੁਤ ਘੱਟ ਆਉਣਗੇ। ਇਸ ਲਈ ਏੱਧਰੋਂ ਓਧਰੋਂ ਨਜ਼ਰ ਦੁੜਾ ਕੇ ਮੱਖੀ ਮਾਰ ਕੇ ਪੇਪਰ `ਤੇ ਫਿੱਟ ਕਰਨ ਦਾ ਯਤਨ ਕਰ ਰਿਹਾ ਸੀ। ਅਚਾਨਕ ਅਧਿਆਪਕ ਨੇ ਦੇਖ ਲਿਆ ਤੇ ਪੁਛਿਆ, “ਤਾਰਿਆ ਕੀ ਕਰਦਾ ਏਂ”? ਤਾਂ ਅੱਗੋ ਤਾਰਾ ਸ਼ਰਮਿੰਦਾ ਜੇਹਾ ਹੋ ਕੇ, ਆਪਣੀ ਅਸਲੀ ਕਹਾਣੀ ਬਿਆਨ ਕਰ ਗਿਆ, “ਮਾਟਰ ਜੀ ਮੱਖੀ ਫਿੱਟ ਨਹੀਂ ਹੋ ਰਹੀ”। ਮਾਸਟਰ ਜੀ ਹੱਸੇ ਤੇ ਕਿਹਾ, “ਤਾਰਿਆ ਅਕਲਾਂ ਬਾਝੋਂ ਖੂਹ ਖਾਲੀ ਹੁੰਦੇ ਹਨ ਤੇ ਅਕਲ ਤੋਂ ਬਿਨਾਂ ਨਕਲ ਵੀ ਨਹੀਂ ਵੱਜਦੀ”। ਮੱਖੀ ਦਾ ਸਵਾਲ ਨਾਲ ਕੋਈ ਸਬੰਧ ਨਹੀਂ ਹੈ ਇਹ ਕੁਦਰਤੀ ਮੱਖੀ ਸਿਆਹੀ ਨਾਲ ਚਿਪਕ ਗਈ ਹੈ।
ਹੁਣ ਜ਼ਰਾ ਸਿਖ ਇਤਿਹਾਸ ਵਲ ਧਿਆਨ ਨਾਲ ਦੇਖੀਏ ਜਿਹੜੀ ਕਹਾਣੀ ਇੱਕ ਨੇ ਲਿਖੀ, ਬਾਕੀ ਇਤਿਹਾਸ ਕਾਰਾਂ ਨੇ ਓਸੇ ਤਰ੍ਹਾਂ ਹੀ ਮੱਖੀ ਤੇ ਮੱਖੀ ਮਾਰ ਦਿੱਤੀ। ਮੰਨ ਲਓ ਸੱਪ ਵਾਲੀ ਹੀ ਘਟਨਾ ਲੈ ਲਈਏ, ਹੁਣ ਇਹ ਘਟਨਾ ਪਿੱਛੋਂ ਕਾਫ਼ੀ ਸਮੇਂ ਤੋਂ ਤੁਰੀ ਆ ਰਹੀ ਹੈ। ਸਮਝਿਆ ਇਹ ਗਿਆ ਕਿ ਜਿਹੜੇ ਮਹਾਂ-ਪੁਰਸ਼ ਹੁੰਦੇ ਹਨ ਉਹਨਾਂ ਨੂੰ ਜ਼ਹਿਰੀਲੇ ਸੱਪ ਤੇ ਖੂੰਖਾਰ ਜਨਵਰ ਕੁੱਝ ਵੀ ਨਹੀਂ ਕਹਿੰਦੇ, ਸਗੋਂ ਜਦੋਂ ਉਹ ਬੰਦਗੀ ਕਰ ਰਹੇ ਹੁੰਦੇ ਹਨ ਤਾਂ ਉਹਨਾਂ ਦੀ ਰਾਖੀ ਲਈ, ਉਹ ਬਾਹਰ ਬੈਠੇ ਰਹਿੰਦੇ ਹਨ, ਤਾਂ ਕਿ ਕੋਈ ਹੋਰ ਜਨਵਰ ਉਹਨਾਂ ਦਾ ਨੁਕਸਾਨ ਨਾ ਕਰ ਜਾਏ। ਅੱਜ ਦੇ ਕਈ ਕੌਤਕੀ ਸਾਧਾਂ ਦੀਆਂ ਤਸਵੀਰਾਂ ਵੀ ਇਸ ਤਰ੍ਹਾਂ ਦੀਆਂ ਬਣੀਆਂ ਹੋਈਆਂ ਮਿਲਦੀਆਂ ਹਨ, ਬਾਬਾ ਜੀ ਲਕੜੀ ਦੀ ਹੁਜ ਨੂੰ ਠੋਡੀ ਥੱਲੇ ਲੈ ਕੇ ਬੈਠੇ ਹੋਏ ਹਨ ਤੇ ਉਹਨਾਂ ਦੇ ਸਾਹਮਣੇ ਬਬਰ ਸ਼ੇਰ ਬੈਠਾ ਦਿਖਾਇਆ ਗਿਆ ਹੈ। ਸ਼ਿਵ ਇਸ ਲਈ ਮਹਾਨ ਹੈ ਕਿ ਉਹਨੇ ਆਪਣੇ ਗਲ਼ ਵਿੱਚ ਸੱਪ ਪਾਇਆ ਹੋਇਆ ਹੈ। ਬਾਰ੍ਹਵੀਂ ਸਦੀ ਵਿੱਚ ਇੱਕ ਮੁਸਲਮਾਨ ਸੂਫੀ ਫਕੀਰ ਨੂੰ ਸੱਪ ਨੇ ਛਾਂ ਕੀਤੀ, ਜਨਮ ਸਾਖੀ ਪ੍ਰੰਪਰਾ ਵਿਚੋਂ ਸਬੰਧਿਤ ਘਟਨਾ ਪੜ੍ਹੀ ਜਾ ਸਕਦੀ ਹੈ। ਜਾਤਕ ਕਥਾਵਾਂ ਪੁਸਤਕ ਵਿੱਚ ਮਹਾਤਮਾ ਬੁੱਧ ਦੇ ਮੁੱਖੜੇ `ਤੇ ਧੁੱਪ ਆ ਜਾਦੀ ਹੈ ਤਾਂ ਸੱਪ ਉਸ ਦੇ ਮੂੰਹ `ਤੇ ਆਪਣੀ ਫੰਨ ਖਲਾਰ ਕੇ ਧੁੱਪ ਤੋਂ ਬਚਾਉਂਦਾ ਹੈ।
ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਲਿਖਣ ਵਾਲਿਆਂ ਵੀ ਸੋਚਿਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਅਜਮਤ ਇਹਨਾਂ ਨਾਲੋਂ ਕੋਈ ਘੱਟ ਨਹੀਂ ਹੋ ਸਕਦੀ। ਇਸ ਲਈ ਗੁਰੂ ਨਾਨਕ ਸਾਹਿਬ ਜੀ ਦੇ ਮੁੱਖੜੇ ਉੱਤੇ ਸੱਪ ਨੇ ਛਾਂ ਕੀਤੀ ਹੋਈ ਦਰਸਾਈ ਜਾਏਗੀ ਤਾਂ ਗੁਰੂ ਸਾਹਿਬ ਜੀ ਦੀ ਮਹਾਨਤਾ ਬਹੁਤ ਜ਼ਿਆਦਾ ਹੋਏਗੀ। ਜਦ ਕਿ ਗੁਰੂ ਨਾਨਕ ਸਾਹਿਬ ਜੀ ਦੀ ਮਹਾਨਤਾ ਉਹ ਕ੍ਰਾਂਤੀਕਾਰੀ ਸੋਚ, ਉਹ ਫਲਸਫਾ ਹੈ ਜੋ ਸਾਰੀ ਦੁਨੀਆਂ ਨੂੰ ਪਿਆਰ ਗਲਵੱਕੜੀ ਵਿੱਚ ਲੈਂਦਾ ਹੋਇਆ ਸਚਿਆਰ ਮਨੁੱਖਤਾ ਵਲ ਨੂੰ ਵੱਧਦਾ ਹੈ। ਆਮ ਵਾਕਫੀਅਤ ਵਾਲੀਆਂ ਪੁਸਤਕਾਂ ਵਿੱਚ ਲੱਗ-ਪਗ ਹਰੇਕ ਲੇਖਕ ਨੇ ਮੱਖੀ ਤੇ ਮੱਖੀ ਮਾਰੀ ਹੈ। ਇਹਨੂੰ ਕਹਿੰਦੇ ਨੇ ਸ਼ਰਧਾ ਵੱਸ ਹੋ ਕੇ ਇਤਹਾਸ ਲਿਖਣਾ ਭਾਂਵੇਂ ਸਿਧਾਂਤ ਰਹੇ ਜਾਂ ਨਾ ਰਹੇ ਕੋਈ ਪ੍ਰਵਾਹ ਨਹੀਂ। ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਮਨੁੱਖ ਦੀ ਜ਼ਹਿਰੀਲੀ ਬਿਰਤੀ ਦਾ ਨਾਂ ਸੱਪ ਹੈ—
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ।।
ਰਾਗ ਟੋਡੀ ਮਹਲਾ ੫ ਪੰਨਾ ੭੧੨
ਜਦੋਂ ਐਸੀਆਂ ਬਿਰਤੀਆਂ ਨੇ ਗੁਰ-ਗਿਆਨ ਪ੍ਰਾਪਤ ਕੀਤਾ ਤਾਂ ਆਪਣਾ ਡੰਗ ਮਾਰਨ ਵਾਲਾ ਸੁਭਾਅ ਛੱਡ ਕੇ ਸੇਵਾ ਵਾਲੇ ਪਾਸੇ ਆ ਗਏ। ਹੱਥੀਂ ਛਾਂਵਾਂ ਕਰਨ ਲੱਗ ਪਏ। ਆਪ ਤਾਂ ਅਸਾਂ ਆਪਣਾ ਜੀਵਨ ਬਦਲਿਆ ਨਹੀਂ ਪਰ ਸੱਪਾਂ ਵਾਲੀਆਂ ਘਟਨਾਂ ਨੂੰ ਹਰ ਗੁਰਪੁਰਬ `ਤੇ ਸੁਣਾ ਸੁਣਾ ਕੇ ਆਪਣੇ ਘਰ ਮਾਰਬਲ ਵਧੀਆ ਲਗਾ ਲਏ ਹਨ। ਇੰਜ ਕਹਿ ਸਕਦੇ ਹਾਂ ਸੁਣੀਆਂ ਸੁਣਾਈਆਂ ਜਾਂ ਲੋਕਾਂ ਦਾ ਲਿਖਿਆ ਹੋਇਆ ਮਿਥਿਹਾਸ ਅਸਾਂ ਸਾਰਾ ਗੁਰੂਆਂ ਦੇ ਜੀਵਨ ਨਾਲ ਫਿੱਟ ਕਰ ਲਿਆ ਹੈ। ਜਿਸ ਦਾ ਅਸਰ ਇਹ ਹੋਇਆ ਹੈ ਗੁਰਬਾਣੀ ਦੇ ਸਿਧਾਂਤ ਨੂੰ ਵਿਸਾਰ ਕੇ ਮਿਥਹਾਸ ਜਾਂ ਗੈਰ ਕੁਦਰਤੀ ਕਥਾਵਾਂ ਨੂੰ ਤਰਜੀਹ ਦੇਂਦੇ ਰਹੇ ਹਾਂ। ਨਿਰਾ ਤਰਜੀਹ ਹੀ ਨਹੀਂ ਦੇਂਦੇ ਸਗੋਂ ਇਹਨੂੰ ਬ੍ਰਹਮ ਗਿਆਨ ਦਾ ਨਾਂ ਦੇਂਦੇ ਹਾਂ।
ਕੁਝ ਏਸੇ ਤਰ੍ਹਾਂ ਹੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਨਾਲ ਵੀ ਗੈਰਕੁਦਰਤੀ ਸਾਖੀਆਂ ਜੋੜੀਆਂ ਹੋਈਆਂ ਹਨ। ਇੱਕ ਦਿਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਗੁਰਿਆਈ ਦੇਣ ਸਮੇਂ ਇੱਕ ਸਿੱਖ ਨੂੰ ਭੇਜਿਆ ਕਿ ਜਾਓ ਦੇਖ ਕੇ ਆਓ ਰਾਮ ਰਾਏ ਤੇ ਬਾਲਕ ਹਰਿ ਕ੍ਰਿਸ਼ਨ ਜੀ ਵਿਚੋਂ ਕੌਣ ਪਾਠ ਕਰ ਰਿਹਾ ਹੈ ਤੇ ਕੌਣ ਪਾਠ ਨਹੀਂ ਕਰ ਰਿਹਾ। ਇਹ ਘਟਨਾ ਵੀ ਏਸੇ ਤਰ੍ਹਾਂ ਆਮ ਇਤਿਹਾਸ ਦੀਆਂ ਪੁਸਤਕਾਂ ਵਿੱਚ ਆਉਂਦੀ ਹੈ। ਸਿੱਖ ਕਹਿਣ ਲੱਗਾ ਕਿ ਮਹਾਂਰਾਜ ਜੀ “ਪਰਖ ਕਿਵੇਂ ਕਰਨੀ ਹੈ”, ਤਾਂ ਸਤਿਗੁਰ ਜੀ ਕਹਿਣ ਲੱਗੇ, “ਜਿਸ ਪੀੜ੍ਹੇ `ਤੇ ਪੋਥੀ ਰੱਖ ਕੇ ਪਾਠ ਕਰ ਰਹੇ ਹਨ ਉਸ ਦੇ ਪਾਵ੍ਹੇ ਵਿੱਚ ਦੀ ਕੰਦੂਈ ਲੰਘਾਓ, ਜੇ ਕੰਦੂਈ ਪਾਵੇ ਵਿੱਚ ਦੀ ਆਰ ਪਾਰ ਹੋ ਜਾਏ ਤਾਂ ਸਮਝੋ ਇਹ ਮਨ ਲਾ ਕੇ ਪਾਠ ਕਰ ਰਿਹਾ ਹੈ ਜੇ ਕੰਦੂਈ ਆਰ ਪਾਰ ਨਾ ਹੋਏ ਤਾਂ ਸਮਝੋ ਇਸ ਦਾ ਮਨ ਗੁਰਬਾਣੀ ਵਿੱਚ ਨਹੀਂ ਲੱਗਾ ਹੋਇਆ”। ਜਿੰਨ੍ਹਾਂ ਇਤਿਹਾਸ ਦੇ ਪੰਨਿਆਂ ਤੇ ਮੱਖੀ ਤੇ ਮੱਖੀ ਮਾਰੀ ਹੈ ਉਹਨਾਂ ਸਾਰਿਆਂ ਨੇ ਇੰਜ ਲਿਖਿਆ ਹੈ।
ਸੁਆਲਾਂ ਦਾ ਸੁਆਲ ਕੀ ਗੁਰਬਾਣੀ ਸੁਣ ਕੇ ਲੱਕੜ ਮੋਮ ਹੋ ਸਕਦੀ ਹੈ? ਗੁਰਬਾਣੀ ਪੜ੍ਹਿਆਂ ਲੱਕੜਾਂ ਨਹੀਂ ਮੋਮ ਹੁੰਦੀਆਂ ਬਲ ਕੇ ਗੁਰਬਾਣੀ ਦੀ ਵਿਚਾਰ ਦੁਆਰਾ ਲੱਕੜਾਂ ਵਰਗੇ ਮਨ ਮੋਮ ਹੁੰਦੇ ਹਨ। ਆਮ ਕਰਕੇ ਗੁਰਬਾਣੀ ਦੇ ਪ੍ਰਮਾਣਾਂ ਨੂੰ ਅਸੀਂ ਸਿੱਧੇ ਰੂਪ ਵਿੱਚ ਹੀ ਲੈਂਦੇ ਹਾਂ ਜਿਸ ਤਰ੍ਹਾਂ ਨਿਤਾ ਪ੍ਰਤੀ ਰਹਿਰਾਸ ਦੇ ਪਾਠ ਵਿੱਚ ਪੜ੍ਹਦੇ ਹਾਂ ਤੇ ਅਣਜਾਣੇ ਵਿੱਚ ਅਰਥ ਵੀ ਕਰ ਦੇਂਦੇ ਹਾਂ ਕਿ ਜੀ ਸੰਗਤ ਵਿੱਚ ਆਉਣ ਨਾਲ ਤਾਂ ਸੁਕਿਆ ਹੋਇਆ ਦਰਖੱਤ ਵੀ ਹਰਿਆ ਹੋ ਜਾਂਦਾ ਹੈ।
ਮੇਰੇ ਮਾਧਉ ਜੀ, ਸਤਸੰਗਤਿ ਮਿਲੇ ਸੁ ਤਰਿਆ।।
ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ।। ੧।।
ਰਾਗ ਗੂਜਰੀ ਮਹਲਾ ੫ ਪੰਨਾ ੧੦
ਹੇ ਮੇਰੇ ਪ੍ਰਭੂ ਜੀ ! ਜੇਹੜੇ ਮਨੁੱਖ ਸਾਧ ਸੰਗਤਿ ਵਿੱਚ ਮਿਲ ਬੈਠਦੇ ਹਨ, ਉਹ (ਵਿਅਰਥ ਤੌਖ਼ਲੇ-ਫ਼ਿਕਰਾਂ ਤੋਂ) ਬਚ ਜਾਂਦੇ ਹਨ। ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ (ਅਡੋਲਤਾ ਵਾਲੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ (ਮਾਨੋ) ਸੁੱਕਾ ਕਾਠ ਹਰਾ ਹੋ ਜਾਂਦਾ ਹੈ। ੧
ਗੁਰਦੁਆਰਿਆਂ ਵਿੱਚ ਨਿਤਾ ਪ੍ਰਤੀ ਬਾਣੀ ਪੜ੍ਹੀ ਜਾ ਰਹੀ ਹੈ। ਧਿਆਨ ਨਾਲ ਦੇਖਾਂਗੇ ਤਾਂ ਸਭ ਤੋਂ ਵੱਧ ਕਲਾ ਕਲੇਸ਼ ਗੁਰਦੁਆਰਿਆ ਵਿੱਚ ਹੀ ਹਨ। ਦੁਨੀਆਂ ਦਾ ਸ਼ਾਇਦ ਹੀ ਕੋਈ ਅਜੇਹਾ ਗੁਰਦੁਆਰਾ ਹੋਵੇ ਜਿੱਥੇ ਇੱਕ ਦੂਜੇ ਦੀਆਂ ਪੱਗਾਂ ਨਹੀਂ ਲੱਥੀਆਂ। ਬਾਣੀ ਪੜ੍ਹ ਕੇ ਇਹ ਪ੍ਰਬੰਧਕ ਮੋਮ ਤਾਂ ਹੋਏ ਨਹੀਂ ਪਰ ਅਸੀਂ ਲਕੜੀ ਦੇ ਪਾਵ੍ਹਿਆਂ ਨੂੰ ਮੋਮ ਬਣਾ ਕੇ ਖੁਸ਼ ਹੋ ਰਹੇ ਹਾਂ। ਇੱਕ ਗੱਲ ਤਾਂ ਜ਼ਰੂਰ ਹੈ ਕਿ ਸੱਜਣ ਵਰਗੇ ਮਨੁੱਖ ਜੋ ਜੀਵਨ ਦੀਆਂ ਸਚਾਈਆਂ ਤੋਂ ਕੋਹਾਂ ਦੂਰ ਬੈਠੇ ਸਨ, ਉਹਨਾਂ ਨੂੰ ਬਾਣੀ ਦੀ ਸਮਝ ਆਉਣ ਨਾਲ, ਮੋਮ ਵਰਗੇ ਭਾਵ ਨਰਮ ਦਿੱਲ ਵਾਲੇ, ਮਨੁੱਖਤਾ ਦਾ ਦਰਦ ਰੱਖਣ ਵਾਲੇ ਬਣ ਗਏ। ਗੁਰਬਾਣੀ ਨੇ ਵੱਖ ੨ ਉਦਾਹਰਣਾਂ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ।
ਕੀ ਗੁਰੂ ਸਾਹਿਬਾਨ ਦੇ ਜੀਵਨ ਦੀਆਂ ਸਾਖੀਆਂ ਨੂੰ ਵਿਗਿਆਨਕ ਨਜ਼ਰੀਏ ਨਾਲ ਗੁਰਬਾਣੀ ਅਨੁਸਾਰ ਅਸੀਂ ਆਪ ਨਹੀਂ ਲਿਖ ਸਕਦੇ?




.