.

ਆਰਤੀ

(2)

ਆਤਮਗਿਆਨੀ ਸੈਣ ਜੀ, ਜੋ ਕਿ ਜਾਤਿ/ਕਿੱਤੇ ਵਜੋਂ ਨਾਈ ਸਨ ਅਤੇ ਬਾਂਧਵਗੜ੍ਹ, ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਨ, ਦਾ ਵੀ ਆਰਤੀ ਦੇ ਵਿਸ਼ੇ ਨਾਲ ਸੰਬੰਧਿਤ ਇੱਕ ਸ਼ਬਦ ਗੁਰਬਾਣੀ ਵਿੱਚ ਅੰਕਿਤ ਹੈ। ਧਨਾਰਸੀ ਰਾਗੁ ਵਿੱਚ ਲਿਖੇ ਇਸ ਸ਼ਬਦ ਵਿੱਚੋਂ ਇਹ ਸਿਧਾਂਤ/ਤੱਥ ਸਾਫ਼ ਝਲਕਦਾ ਹੈ ਕਿ ਆਰਤੀ ਪੱਥਰ ਦੀਆਂ ਮੂਰਤੀਆਂ ਦੀ ਨਹੀਂ ਸਗੋਂ ਕੇਵਲ ਕਮਲਾਪਤੀ ਪਰਮਾਤਮਾ ਦੀ ਹੀ ਉਤਾਰੀ ਜਾਣੀ ਚਾਹੀਦੀ ਹੈ। ਇਸ ਸ਼ਬਦ ਵਿੱਚ ਆਪ ਨੇ ਇਸ ਵਿਸ਼ਵਾਸ `ਤੇ ਜ਼ੋਰ ਦਿੱਤਾ ਹੈ ਕਿ ਮਨ/ਆਤਮਾ ਨਾਲ ਕੀਤੀ ਗਈ ਪ੍ਰਭੂ-ਭਗਤੀ ਹੀ ਸਹੀ ਆਰਤੀ ਹੈ। ਸਰਬਵਿਆਪਕ ਕਰਤਾਰ ਦੀ ਇਸ ਆਤਮਿਕ ਆਰਤੀ ਵਾਸਤੇ ਜੂਠੀ ਝੂਠੀ ਪਦਾਰਥਕ ਸਾਮਗ੍ਰੀ ਦੀ ਬਜਾਏ ਭਜਨ-ਬੰਦਗੀ ਰੂਪੀ ਪਵਿੱਤ੍ਰ ਅਧਿਆਤਮਿਕ ਸਾਮਗ੍ਰੀ ਹੀ ਲੋੜੀਂਦੀ ਹੈ। ਆਪ ਬਚਨ ਕਰਦੇ ਹਨ:-

ਧੂਪ ਦੀਪ ਘ੍ਰਿਤ ਸਾਜਿ ਆਰਤੀ॥ ਵਾਰਨੇ ਜਾਉ ਕਮਲਾਪਤੀ॥ ੧॥

ਮੰਗਲਾ ਹਰਿ ਮੰਗਲਾ॥ ਨਿਤ ਮੰਗਲੁ ਰਾਜਾ ਰਾਮ ਰਾਇ ਕੋ॥ ੧॥ ਰਹਾਉ॥

ਊਤਮ ਦੀਅਰਾ ਨਿਰਮਲ ਬਾਤੀ॥ ਤੁਂਹੀ ਨਿਰੰਜਨੁ ਕਮਲਾਪਤੀ॥ ੨॥

ਰਾਮਾ ਭਗਤਿ ਰਾਮਾਨੰਦੁ ਜਾਨੈ॥ ਪੂਰਨ ਪਰਮਾਨੰਦੁ ਬਖਾਨੈ॥ ੩॥

ਮਦਨ ਮੂਰਤਿ ਭੈ ਤਾਰਿ ਗੋਬਿੰਦੇ॥ ਸੈਣੁ ਭਣੈ ਭਜੁ ਪਰਮਾਨੰਦੇ॥ ੪॥ ਧਨਾਰਸੀ ਸ੍ਰੀ ਸੈਣ ਜੀ

ਸ਼ਬਦ-ਅਰਥ:-ਘ੍ਰਿਤ=ਘਿਉ। ਕਮਲਾਪਤੀ=ਕਮਲਾ/ਲੱਛਮੀ/ਮਾਇਆ ਦਾ ਮਾਲਿਕ ਪਰਮਾਤਮਾ। ਮੰਗਲੁ=ਆਤਮਿਕ ਖ਼ੁਸ਼ੀ। ਰਾਮਾ ਭਗਤਿ=ਹਰਿ-ਸੇਵਾ, ਅਕਾਲ-ਪੁਰਖ ਦੀ ਉਪਾਸਨਾ। ਰਾਮਾਨੰਦ=ਰਾਮ-ਨਾਮ-ਸਿਮਰਨ ਤੋਂ ਪ੍ਰਾਪਤ ਹੋਣ ਵਾਲੀ ਆਤਮਿਕ ਖ਼ੁਸ਼ੀ। ਪੂਰਨ= ਸਰਬਵਿਆਪਕ। ਬਖਾਨੈ= ਗੁਣ ਗਾਇਣ ਕਰਦਾ ਹੈ। ਮਦਨ=ਰੂਹ ਨੂੰ ਸਰੂਰ ਦੇਣ ਵਾਲੀ। ਗੋਬਿੰਦੇ= ਗੋ (ਪ੍ਰਿਥਵੀ, ਵਿਸ਼ਵ, ਸ੍ਰਿਸ਼ਟੀ) +ਬਿੰਦੇ=ਪਾਲਣਹਾਰ ਅਥਵਾ ਸ੍ਰਿਸ਼ਟੀ ਦਾ ਪਾਲਣਹਾਰ ਪਰਮਾਤਮਾ। ਭਣੈ=ਕਥਨ ਕਰਦਾ ਹੈ। ਪਰਮਾਨੰਦੇ=ਪਰਮ+ਆਨੰਦ ਦੇਣ ਵਾਲੇ ਪਰਮਾਤਮਾ।

ਭਾਵਅਰਥ:- ਮਾਈ ਮਾਇਆ ਦੇ ਮਾਲਿਕ ਪਰਮਾਤਮਾ! ਮੈਂ ਤੈਥੋਂ ਸਦਕੇ ਜਾਂਦਾ ਹਾਂ। ਤੈਥੋਂ ਸਦਕੇ ਜਾਣਾਂ, ਸੁਗੰਧੀਆਂ ਤੇ ਘਿਉ ਦੇ ਦੀਵੇ ਆਦਿ ਸਾਮਗ੍ਰੀ ਨਾਲ ਆਰਤੀ ਕਰਨ ਤੋਂ ਸ੍ਰੇਸ਼ਠ ਹੈ। ਤੇਰੇ ‘ਤੋਂ ਸਦਕੇ ਜਾਣ ਰੂਪੀ ਆਤਮਿਕ ਆਰਤੀ ਕਾਰਣ ਮੇਰੇ ਅੰਤਹਕਰਣ ਅੰਦਰ ਆਤਮਾਨੰਦ ਬਣਿਆ ਰਹਿੰਦਾ ਹੈ।

ਹੇ ਹਰੀ! ਤੇਰੀ ਕ੍ਰਿਪਾ-ਦ੍ਰਿਸ਼ਟੀ ਨਾਲ ਪ੍ਰਾਪਤ ਨਾਮ-ਸਿਮਰਨ ਦੀ ਦਾਤ ਦੀ ਬਰਕਤ ਸਦਕਾ ਮੇਰੇ ਹਿਰਦੇ ਅੰਦਰ ਆਤਮਿਕ ਖ਼ੁਸ਼ੀ ਬਣੀ ਰਹਿੰਦੀ ਹੈ।

ਹੇ ਮਾਇਆ ਦੀ ਮੈਲ ਤੋਂ ਅਭਿੱਜ ਮਾਇਆ ਦੇ ਮਾਲਿਕ ਪ੍ਰਭੂ! ਤੇਰੀ ਆਰਤੀ ਉਤਾਰਣ ਲਈ ਤੇਰਾ ਨਾਮ ਹੀ ਮੇਰੇ ਲਈ ਸ੍ਰੇਸ਼ਠ ਦੀਵਾ ਤੇ ਸ੍ਵੱਛ ਬੱਤੀ ਹੈ।

ਜੋ ਵਿਅਕਤੀ ਪਰਮ ਆਨੰਦ ਦੇ ਸੋਮੇ ਸਰਬਵਿਆਪਕ ਪਰਮਾਤਮਾ ਦੀ ਸਿਫ਼ਤ ਸਾਲਾਹ ਕਰਦਾ ਹੈ, ਉਹ ਉਸ ਦੀ ਇਸ ਉਪਾਸਨਾਂ ਸਦਕਾ ਉਸ ਦੀ ਨੇੜਤਾ ਦਾ ਆਨੰਦ ਮਾਣਦਾ ਹੈ।

ਸੈਣ ਕਥਨ ਕਰਦਾ ਹੈ, (ਹੇ ਮੇਰੇ ਮਨ!) ਪਰਮ ਆਨੰਦ ਦੇ ਦਾਤੇ ਤੇ ਸੰਸਾਰਕ ਦੁੱਖਾਂ ਦੇ ਭਵ-ਸਾਗਰ ਤੋਂ ਪਾਰ ਉਤਾਰਣ ਵਾਲੇ ਪ੍ਰਭੂ, ਜਿਸ ਦਾ ਨਿਰਗੁਣ ਸਰੂਪ ਸਰੂਰ ਦੇਣ ਵਾਲਾ ਹੈ ਤੇ ਜੋ ਵਿਸ਼ਵ ਦਾ ਪਾਲਣਹਾਰ ਹੈ, ਦੀ ਭਜਨ-ਬੰਦਗੀ ਕਰ; ਉਸੇ ਦੀ ਉਪਾਸਨਾਂ ਸਦਕਾ ਹੀ ਤੂੰ ਉਸ ਦੀ ਨੇੜਤਾ ਤੋਂ ਪ੍ਰਾਪਤ ਹੋਣ ਵਾਲੀ ਆਤਮਿਕ ਖ਼ੁਸ਼ੀ ਮਾਣਦਾ ਰਹੇਂਗਾ।

ਉਪਰੋਕਤ ਸ਼ਬਦ-ਵਿਚਾਰ ਤੋਂ ਸਪਸ਼ਟ ਹੈ ਕਿ ਸੈਣ ਜੀ ਅਦ੍ਵੈਤਵਾਦੀ ਸਨ ਅਤੇ ਅਕਾਲ ਪੁਰਖ ਪਰਮਾਤਮਾ ਦੀ ਸਰਬ-ਵਿਆਪਕਤਾ ਦੇ ਗੁਰਮਤੀ ਸਿਧਾਂਤ ਦੇ ਧਾਰਨੀ ਸਨ। ਦੁਨਿਆਵੀ ਕਰਮਕਾਂਡੀ ਪਾਖੰਡ ਆਰਤੀ ਨੂੰ ਨਿਕਾਰਦੇ ਹੋਏ ਉਹ ਹਰਿ-ਭਜਨ-ਬੰਦਗੀ ਦੇ ਦ੍ਰਿੜ ਅਭਿਆਸ ਰੂਪੀ ਆਰਤੀ ਦਾ ਮੰਡਨ ਕਰਦੇ ਹਨ।

(ਨੋਟ:- ਸੈਣ ਜੀ ਦਾ ਜੀਵਨ-ਕਾਲ ਸੰਦਿਗਧ ਹੈ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਉਹ ਇਸ ਸੰਸਾਰ ਵਿੱਚ 1390 ਤੋਂ 1505 ਤਕ ਵਿਚਰੇ!)

ਗੂੜ੍ਹ-ਗਿਆਨੀ ਬਾਣੀ-ਰਚਯਤਾ ਕਬੀਰ ਜੀ (1398-1505), ਜੋ ਕਿ ਕਾਂਸ਼ੀ, ਯੂ: ਪੀ: ਦੇ ਰਹਿਣ ਵਾਲੇ ਸਨ ਅਤੇ ਜਿਨ੍ਹਾਂ ਦਾ ਕਿੱਤਾ ਜੁਲਾਹੇ ਦਾ ਸੀ, ਨੇ ਵੀ ਕਈ ਸ਼ਬਦ ਤੇ ਤੁਕਾਂ ਲਿਖੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੇ ਮੂਰਤੀ ਪੂਜਾ ਦਾ ਤਰਕਮਈ ਖੰਡਨ ਕੀਤਾ ਹੈ; ਅਤੇ ਮੂਰਤੀਆਂ ਦੀ ਸੰਸਾਰਕ ਆਰਤੀ ਉਤਾਰਣ ਦੀ ਬਜਾਏ ਹਰਿ-ਨਾਮ-ਸਿਮਰਨ ਦੀ ਸੱਚੀ ਆਰਤੀ ਕਰਨ ਦਾ ਸੰਦੇਸ਼ ਦਿੱਤਾ ਹੈ। ਅਧਿਆਤਮਿਕ ਆਰਤੀ ਦੇ ਸਮਰਥਨ ਲਈ ਪ੍ਰਭਾਤੀ ਰਾਗ ਵਿੱਚ ਲਿਖਿਆ ਉਨ੍ਹਾਂ ਦਾ ਨਿਮਨ ਲਿਖਿਤ ਸ਼ਬਦ ਧਿਆਨ-ਯੋਗ ਹੈ:-

ਪ੍ਰਭਾਤੀ॥ ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ॥

ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ॥ ੧॥

ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ॥

ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ॥ ੧॥ ਰਹਾਉ॥

ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ੳੇਜ੍ਹਾਰਾ॥

ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ॥ ੨॥

ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ॥

ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ॥ ੩॥ ਪ੍ਰਭਾਤੀ ਕਬੀਰ ਜੀ

ਸ਼ਬਦ-ਅਰਥ:-ਸੁੰਨ= (ਮਾਇਆ ਦੇ) ਤ੍ਰੈ ਗੁਣ-ਅਤੀਤ ਅਵਸਥਾ, ਮਾਇਆ ਵੱਲੋਂ ਅਚੇਤ ਹੋਣ ਦੀ ਅਵਸਥਾ, ਮਾਇਆ ਵੱਲੋਂ ਨਿਰਲੇਪਤਾ। ਸੰਧਿਆ=ਸੂਰਜ ਦੇ ਅਸਤ ਹੋਣ ਦਾ ਸਮਾ, ਸ਼ਾਮ/ਘੁਸ-ਮੁਸੇ ਦਾ ਸਮਾਂ; ਇਸ ਸਮੇ ਪੁਜਾਰੀ ਦੁਆਰਾ ਕੀਤੀ ਜਾਂਦੀ ਪ੍ਰਾਰਥਨਾ, ਆਰਤੀ। ਦੇਵ ਦੇਵਾਕਰ=ਦਿਵਾਕਰ (ਸੂਰਜ) ਨੂੰ ਵੀ ਰੌਸ਼ਣੀ ਦੇਣ ਵਾਲਾ ਦੇਵ ਅਥਵਾ ਕਰਤਾਰ। ਅਧਪਤਿ=ਅਧਿਪਤਿ, ਮਾਲਿਕ, ਸ੍ਵਾਮੀ। ਠਾਢਾ= (ਦਰ `ਤੇ) ਖਲੋਤਾ। ਨਿਗਮ=ਵੇਦ, ਵੇਦ-ਮੰਤ੍ਰ। ਅਲਖੁ=ਅਲਕਸ਼ਯ, ਚਿੰਨ੍ਹ-ਰਹਿਤ, ਅਦ੍ਰਿਸ਼ਟ, ਅਗਿਆਤ। ਤਤੁ=ਮੁੱਢਲਾ ਯਥਾਰਥ ਸਿਧਾਂਤ, ਪਰਮਾਤਮਾ, ਆਦਿ ਪੁਰਖ। ਉਜ੍ਹਾਰਾ=ਉਜਿਆਰਾ/ਉਜਾਲਾ, ਰੌਸ਼ਣੀ, ਚਮਤਕਾਰ, ਪ੍ਰਕਾਸ਼। ਪੰਚੇ ਸਬਦ=ਪੰਜ ਤਰ੍ਹਾਂ ਦੇ ਸਾਜ਼। ਅਨਾਹਦ=ਅਨਾਹਤ, ਆਘਾਤ (ਚੋਟ) -ਰਹਿਤ, ਬਿਨ ਵਜਾਏ ਵੱਜਣ ਵਾਲਾ। ਸਾਰੰਗ=ਧਰਤੀ/ਪ੍ਰਿਥਵੀ; ਪਾਨੀ=ਹੱਥ; ਸਾਰਿੰਗਪਾਨੀ= ਜਿਸ ਦੇ ਹੱਥ ਸਾਰੀ ਪ੍ਰਿਥਵੀ ਹੈ, ਸਾਰੀ ਸ੍ਰਿਸ਼ਟੀ ਦਾ ਪਾਲਣਹਾਰ (Sustainer); ਸਾਰੰਗ ਦਾ ਅਰਥ ਧਨੁਸ਼ ਵੀ ਹੈ, ਜਿਸ ਤੋਂ ਅਰਥ ਹੋਇਆ ਧਨੁਸ਼ਧਾਰੀ ਅਥਵਾ ਵਿਨਾਸ਼ਕ (Destroyer)। ਪਰੰਤੂ ਉਪਰੋਕਤ ਸ਼ਬਦ ਦੇ ਪ੍ਰਸੰਗ ਵਿੱਚ ਪਹਿਲਾ ਅਰਥ ਵਧੇਰੇ ਜਚਦਾ ਹੈ। ਨਿਰਬਾਨੀ=ਮਾਇਆ ਦੇ ਪ੍ਰਭਾਵ ਤੋਂ ਅਭਿੱਜ।

ਭਾਵਅਰਥ:- (ਕਬੀਰ ਜੀ ਕਰਤਾਰ ਨੂੰ ਮੁਖ਼ਾਤਿਬ ਹੋ ਕੇ ਬਚਨ ਕਰਦੇ ਹਨ) ਸੂਰਜ ਨੂੰ ਵੀ ਰੌਸ਼ਨੀ ਬਖ਼ਸ਼ਣ ਵਾਲੇ ਪ੍ਰਕਾਸ਼ ਦੇ ਸੋਮੇ ਵਿਸ਼ਵ ਦੇ ਮਾਲਿਕ, ਸ੍ਰਿਸ਼ਟੀ ਦੇ ਮੂਲ ਸਰਵ-ਵਿਆਪਕ ਪਰਮਾਤਮਾ! (ਪਾਖੰਡ ਕਰਮਾਂ ਦੁਆਰਾ) ਜੋਗੀ ਲੋਕ ਸਮਾਧੀਆਂ ਆਦਿ ਪਾਖੰਡ ਕਰਮ ਕਰਕੇ ਵੀ ਤੇਰਾ ਥਹੁ ਨਹੀਂ ਪਾ ਸਕੇ। ਓੜਕ ਉਨ੍ਹਾਂ ਨੂੰ ਵੀ ਤੇਰੀ ਸ਼ਰਨ ਆਉਣਾ ਪੈਂਦਾ ਹੈ। ਮਨ ਨੂੰ ਮਾਇਆ ਦੇ ਮਾਰੂ ਪ੍ਰਭਾਵ ਤੋਂ ਅਭਿੱਜ ਰੱਖਣਾਂ ਹੀ ਤੇਰੀ ਸੱਚੀ ਸਾਰਥਕ ਆਰਤੀ ਹੈ।

ਐ ਭਗਤ ਜਨੋਂ! ਸਤਿਗੁਰੂ ਦੇ ਦੱਸੇ ਸਿਧਾਂਤਾਂ ਦਾ ਪਾਲਣ ਕਰਦੇ ਹੋਏ ਮਾਇਆ ਤੋਂ ਨਿਰਲੇਪ ਉਸ ਸਰਬ-ਵਿਆਪਕ, ਅਲਕਸ਼ਯ ਅਕਾਲ-ਪੁਰਖ ਦੀ ਆਰਤੀ ਉਤਾਰੋ ਜਿਸ ਦੇ ਦੈਵੀ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। (ਉਹ ਇਤਨਾ ਮਹਾਨ ਹੈ ਕਿ) ਵੇਦਾਂ ਦੇ ਮੰਤ੍ਰਾਂ ਵਿੱਚ ਉਲਝੇ ਹੋਏ ਬ੍ਰਹਮਾ ਵਰਗੇ ਦੇਵਤੇ (ਜਿਨ੍ਹਾਂ ਦੀਆਂ ਮੂਰਤੀਆਂ ਦੀ ਆਰਤੀ ਉਤਾਰੀ ਜਾਂਦੀ ਹੈ) ਵੀ ਉਸ ਦੇ ਦਰ `ਤੇ ਖੜੇ ਹਨ।

ਜਿਸ ਜਗਿਆਸੂ ਨੇ ਆਦਿ ਪੁਰਖ ਦੀ ਸੱਚੀ ਆਰਤੀ ਦਾ ਭੇਦ ਪਾ ਲਿਆ ਹੈ ਉਹ ਆਪਣੇ ਹਿਰਦੇ ਰੂਪੀ ਦੀਵੇ ਵਿੱਚ ਅਧਿਆਤਮ-ਗਿਆਨ ਦਾ ਤੇਲ ਪਾ ਕੇ ਨਾਮ-ਸਿਮਰਨ ਦੀ ਬੱਤੀ ਨਾਲ ਜੋਤ ਜਗਾ ਕੇ ਆਪਣੇ ਮਨ-ਮੰਦਿਰ ਅੰਦਰ ਗਿਆਨ-ਪ੍ਰਕਾਸ਼ ਕਰ ਲੈਂਦਾ ਹੈ।

(ਜਦ ਅਭਿਲਾਸ਼ੀ ਨਾਮ-ਸਾਮਗ੍ਰੀ ਨਾਲ ਪ੍ਰਭੂ ਦੀ ਆਰਤੀ ਉਤਾਰਦਾ ਹੈ ਤਾਂ) ਅੰਤਰ ਆਤਮੇ ਪੰਜੇ ਸਾਜ਼ਾਂ ਦੇ ਸੰਗੀਤ ਤੋਂ ਉਚੇਰਾ ਦੈਵੀ ਸੰਗੀਤ ਸਹਿਜ ਸੁਭਾਏ ਹੀ ਅਨੁਭਵ ਹੋਣ ਲੱਗਦਾ ਹੈ। ਅਤੇ ਉਹ ਆਪਣੇ ਅੰਤਹਕਰਣ ਵਿੱਚ ਹੀ ਪਾਲਣਹਾਰ ਪਰਮਾਤਮਾ ਦੀ ਸੰਗਤ ਮਹਿਸੂਸ ਕਰਦਾ ਹੈ। ਹੇ ਨਿਰਾਕਾਰ, ਨਿਰੰਜਨ ਪਰਮਾਤਮਾ! ਤੇਰਾ ਸੇਵਕ ਕਬੀਰ ਨਾਮ-ਅਭਿਆਸ ਰੂਪੀ ਤੇਰੀ ਇਹ ਸੱਚੀ ਆਰਤੀ ਉਤਾਰਦਾ ਹੈ!

ਉਪਰੋਕਤ ਵਿਚਾਰੇ ਦੋਨਾਂ ਸ਼ਬਦਾਂ ਵਿੱਚੋਂ ਗੁਰ-ਸਿੱਖ ਨੂੰ ਜੋ ਸਿੱਖਿਆ ਮਿਲਦੀ ਹੈ ਉਸ ਦਾ ਸਾਰੰਸ਼:- ਆਰਤੀ ਅਥਵਾ ਉਪਾਸਨਾ ਮਾਇਆ ਤੋਂ ਨਿਰਲੇਪ, ਸਰਬਵਿਆਪਕ, ਸਰਬਗੁਣਸੰਪੰਨ, ਪਾਲਣਹਾਰ, ਅਦ੍ਰਿਸ਼ਟ ਅਕਾਲ ਪੁਰਖ ਦੀ ਹੀ ਹੋਣੀ ਚਾਹੀਏ। ਅਜਿਹੀ ਆਰਤੀ ਉਤਾਰਣ ਵਾਸਤੇ ਨਿਰਾਰਥਕ ਪਦਾਰਥਕ ਸਾਮਗ੍ਰੀ ਦੀ ਬਜਾਏ ਨਾਮ-ਸਿਮਰਨ ਦੀ ਪਰਮਾਰਥਕ ਸਾਮਗ੍ਰੀ ਹੀ ਲੋੜੀਂਦੀ ਹੈ। ਅਜਿਹੀ ਆਰਤੀ ਉਤਾਰਣ ਵਾਲੇ ਸ਼੍ਰੱਧਾਲੂ ਦਾ ਮਾਇਆ ਤੋਂ ਨਿਰਲੇਪ ਹੋਣਾਂ ਜ਼ਰੂਰੀ ਹੈ। ਮਨ/ਆਤਮਾ ਨਾਲ ਕੀਤੀ ਸੱਚੀ ਆਰਤੀ ਵਿੱਚ ਦਿਖਾਵੇ/ਲੋਕਾਚਾਰ ਵਾਸਤੇ ਕੋਈ ਜਗ੍ਹਾ ਨਹੀਂ। ਆਰਤੀ ਦਾ ਉਦੇਸ਼ ਦੁਨਿਆਵੀ ਸੁੱਖਾਂ ਦੀ ਕਾਮਨਾਂ ਨਹੀਂ, ਸਗੋਂ ਆਤਮ ਆਨੰਦ, ਜੋ ਕਿ ਪ੍ਰਭੂ ਦੀ ਨੇੜਤਾ ਦੁਆਰਾ ਹੀ ਮਿਲ ਸਕਦਾ ਹੈ, ਦੀ ਮੰਗਲ ਕਾਮਨਾਂ ਹੀ ਹੋਣਾਂ ਚਾਹੀਦਾ ਹੈ।

(ਨੋਟ:- ਹਰ ਗੁਰੂਦ੍ਵਾਰੇ ਵਿੱਚ ਸੰਧਿਆ ਦੇ ਸਮੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ “ਗਗਨ ਮੈ ਥਾਲੁ……॥” ਅਤੇ ਪਹਿਲਾਂ ਵਿਚਾਰੇ ਗਏ ਸ਼ਬਦਾਂ ਦੇ ਅਤਿਰਿਕਤ ਕਬੀਰ ਜੀ ਦਾ ਸੋਰਠਿ ਰਾਗੁ ਵਿੱਚ ਉਚਾਰਿਆ, “ਭੂਖੇ ਭਗਤਿ ਨ ਕੀਜੈ॥” ……ਤੇ ਧੰਨਾ ਜੀ ਦਾ ਧਨਾਰਸੀ ਰਾਗੁ ਦਾ “ਗੋਪਾਲ ਤੇਰਾ ਆਰਤਾ॥” …… ਵੀ ਗਾਏ ਜਾਂਦੇ ਹਨ। ਇਨ੍ਹਾਂ ਦੋਨਾਂ ਸ਼ਬਦਾਂ ਦਾ ਆਰਤੀ ਦੇ ਵਿਸ਼ੇ ਨਾਲ ਸੰਬੰਧ ਨਹੀਂ ਹੈ, ਇਸ ਵਾਸਤੇ ਆਰਤੀ ਦੇ ਤੌਰ `ਤੇ ਇਨ੍ਹਾਂ ਦਾ ਗਾਇਣ ਗੁਰਮਤਿ-ਵਿਰੋਧੀ ਹੈ।)

ਚਲਦਾ……

ਗੁਰਇੰਦਰ ਸਿੰਘ ਪਾਲ

ਸਤੰਬਰ 18, 2011.




.