. |
|
ਆਰਤੀ
(3)
ਜਗਤ ਦੇ ਅਦੁੱਤੀ ਫ਼ਿਲਾਸਫ਼ਰ ਗੁਰੂ ਨਾਨਕ ਦੇਵ ਜੀ
(1469-1539)
ਨੇ ਤਿੰਨ ਉਦਾਸੀਆਂ ਦੌਰਾਨ ਆਪਣੇ ਸਮੇ ਤੋਂ ਪਹਿਲਾਂ ਵਿਚਰੇ ਅਤੇ ਸਮਕਾਲੀਨ ਮਹਾਂਪੁਰਖਾਂ ਦੀ ਬਾਣੀ
ਨੂੰ ਪੜ੍ਹਿਆ, ਵਿਚਾਰਿਆ, ਸਤਿਕਾਰਿਆ ਤੇ ਇਕੱਤ੍ਰ ਕੀਤਾ। ਇਕੱਤ੍ਰ ਕੀਤੀ ਬਾਣੀ ਵਿੱਚ ਅਕਾਲ ਪੁਰਖ
ਪਰਮਾਤਮਾ ਦੀ ਆਰਤੀ ਦੇ ਸੰਬੰਧ ਵਿੱਚ ਲਿਖੇ ਗਏ ਸ਼ਬਦ ਵੀ ਸਨ। ਇਨ੍ਹਾਂ ਸ਼ਬਦਾਂ ਨੂੰ ਵਿਚਾਰਨ ਉਪਰੰਤ
ਗੁਰੂ ਨਾਨਕ ਦੇਵ ਜੀ ਨੇ ਸਰਬਾਂਗੀ ਅਕਾਲਪੁਰਖ ਦੀ ਅਲੌਕਿਕ ਆਰਤੀ ਦਾ ਇੱਕ ਸਨਾਤਨੀ
(classical)
ਸ਼ਬਦ ਰਚਿਆ। ਇਸ ਸ਼ਬਦ ਵਿੱਚ, ਪਹਿਲੇ ਬਾਣੀਕਾਰਾਂ ਦੁਆਰਾ ਰਚੇ ਗਏ ਸ਼ਬਦਾਂ ਵਿੱਚਲੇ ਸਿਧਾਂਤਾਂ ਨੂੰ
ਸੁਖੈਣ ਸ਼ਬਦਾਂ ਰਾਹੀਂ ਅਭਿਵਿਅਕਤ ਕਰਨ ਦੇ ਨਾਲ ਨਾਲ ਉਨ੍ਹਾਂ ਨੇ ਸਰਬਵਿਆਪਕ ਕਾਦਰ ਦੀ ਵਿਰਾਟ ਕੁਦਰਤ
ਵਿੱਚ ਕੁਦਰਤਨ ਹੋ ਰਹੀ ਅਣੋਖੀ ਆਰਤੀ ਦਾ ਅਤਿ ਸੁੰਦਰ ਤੇ ਤਰਕਮਈ ਵਰਣਨ ਕੀਤਾ ਹੈ। ਸਰਲ ਪਰ ਫ਼ਲਸਫ਼ਾਨਾ
ਬੋਲੀ/ਸ਼ੈਲੀ ਵਿੱਚ ਉਚਾਰਿਆ ਇਹ ਸ਼ਬਦ ਅਦੁੱਤੀ ਹੈ। ਗੁਰੂ ਜੀ ਫ਼ਰਮਾਉਂਦੇ ਹਨ:-
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੈ ਸਗਲ ਬਨਰਾਇ ਫੂਲੰਤ ਜੋਤੀ॥ ੧॥
ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ॥ ਅਨਹਤਾ ਸਬਦ ਵਾਜੰਤ ਭੇਰੀ॥ ਰਹਾਉ॥
ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ॥ ੨॥
ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥
ਗੁਰ ਸਾਖੀ ਜੋਤਿ ਪਰਗਟੁ ਹੋਇ॥ ਜੋ ਤਿਸੁ ਭਾਵੈ ਸੁ ਆਰਤੀ ਹੋਇ॥ ੩॥
ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ॥ ੪॥
ਧਨਾਰਸੀ ਮ: ੧
ਸ਼ਬਦ-ਅਰਥ:- ਮੈ=ਮੰਨ ਲਵੋ। ਗਗਨ ਮੈ ਥਾਲੁ=ਸਾਰੇ ਆਕਾਸ਼ ਨੂੰ
ਆਰਤੀ ਉਤਾਰਣ ਲਈ ਥਾਲ ਸਮਝੋ। ਰਵਿ=ਸੂਰਜ। ਜਨਕ=ਜਾਣ ਲਵੋ, ਸਮਝੋ। ਮਲਆਨਲੋ=ਦੱਖਣ ਵਿੱਚ ਸਥਿਤ ਮਲਯ
ਪਹਾੜ ਉੱਤਲੇ ਚੰਦਨ ਦੇ ਜੰਗਲਾਂ ਨੂੰ ਛੂਹ ਕੇ ਆਉਣ ਵਾਲੀ ਸੁਗੰਧਿਤ ਹਵਾ। ਜੋਤੀ= ਪਰਮ ਜੋਤ
ਪਰਮਾਤਮਾ। ਭਵਖੰਡਨਾ=ਜਨਮ ਮਰਨ ਦੇ ਚੱਕ੍ਰ ਤੋਂ ਛੁਟਕਾਰਾ ਦਿਵਾਉਣ ਵਾਲੇ, ਮੁਕਤੀ-ਦਾਤਾ। ਭੇਰੀ=ਛੋਟੀ
ਨੌਬਤ/ਨਗਾਰਾ। ਸਹਸ=ਹਜ਼ਾਰਾਂ, ਅਨਗਿਣਤ, ਅਨੇਕ। ਪਦ=ਪੈਰ, ਕਰਮੇਂਦ੍ਰੇ। ਗੰਧ=ਨੱਕ/ਸੁੰਘਣ-ਇੰਦ੍ਰੀ,
ਗਿਆਨ-ਇੰਦ੍ਰੀਆਂ। ਚਲਤ=ਅਲੌਕਿਕਤਾ। ਮੋਹੀ=ਮੈਂ ਮੋਹਿਆ ਗਿਆ ਹਾਂ। ਸਾਖੀ=ਸਿੱਖਿਆ ਸਦਕਾ।
ਮਕਰੰਦ=ਫੁੱਲਾਂ ਦਾ ਰਸ ਜਿਸ ਤੋਂ ਸ਼ਹਿਦ ਬਣਦਾ ਹੈ। ਲੋਭਿਤ=ਲਾਲਸਾ, ਤੀਖਣ ਇੱਛਾ। ਅਨਦਿਨੋ=ਪ੍ਰਤਿ
ਦਿਨ, ਸਦੀਵ, ਹਮੇਸ਼ਾ। ਸਾਰਿੰਗ=ਪਪੀਹਾ। ਜਾ ਤੇ=ਜਿਸ ਸਦਕਾ, ਜਿਸ ਤੋਂ।
ਭਾਵ-ਅਰਥ:- (ਗੁਰੂ ਨਾਨਕ ਦੇਵ ਜੀ ਅਮਿਤ ਅਕਾਲਪੁਰਖ ਦੀ
ਸਿਰਜੀ ਅਸੀਮ ਪ੍ਰਾਕ੍ਰਿਤੀ ਵਿੱਚ ਆਪਣੇ ਆਪ ਹੋ ਰਹੀ
ਉਸ
ਦੀ ਨਿਰੰਤਰ ਆਰਤੀ ਦਾ ਮੰਦਿਰਾਂ ਵਿੱਚ ਪਦਾਰਥਕ ਸਾਮਗ੍ਰੀ ਵਰਤ ਕੇ ਕੀਤੀ ਜਾਂਦੀ ਦੁਨਿਆਵੀ ਆਰਤੀ ਨਾਲ
ਤੁਲਨਾ ਕਰਦੇ ਹੋਏ ਲਿਖਦੇ ਹਨ ਕਿ) ਹੇ ਪਰਮਾਤਮਾ! ਅਕਾਸ਼ ਰੂਪੀ ਥਾਲ ਵਿੱਚ ਰੱਖੇ ਸੂਰਜ ਅਤੇ ਚੰਦ
ਦੀਵੇ ਹਨ; ਗਗਨ ਦਾ ਸਾਰਾ ਤਾਰਾ-ਮੰਡਲ ਇਸ ਦੈਵੀ ਥਾਲ ਵਿੱਚ ਸਜਾਏ ਮੋਤੀਆਂ ਦੇ ਸਮਾਨ ਹੈ, ਮਲਯ ਪਹਾੜ
ਉੱਤੋਂ ਚੰਦਨ ਦੇ ਜੰਗਲਾਂ ਨੂੰ ਛੂਹ ਕੇ ਆਉਣ ਵਾਲੀ ਸੁਗੰਧਿਤ ਹਵਾ ਧੂਪ ਆਦਿ ਸੁਗੰਧੀਆਂ ਖਲੇਰ ਰਹੀ
ਹੈ, ਇਸ ਇਲਾਹੀ ਆਰਤੀ ਦੌਰਾਨ ਪੌਣ ਚੌਰ ਕਰਦੀ ਹੈ ਅਤੇ ਸਾਰੀ ਬਨਸਪਤੀ ਤੇਰੀ (ਪ੍ਰਭੂ ਦੀ) ਇਸ ਅਦਭੁਤ
ਆਰਤੀ ਲਈ ਫੁੱਲਾਂ ਦੀ ਵਰਖਾ ਕਰ ਰਹੀ ਹੈ।
ਜਨਮ ਮਰਨ ਦੇ ਦੁੱਖ-ਦਾਈ ਚੱਕ੍ਰ ਤੋਂ ਛੁਟਕਾਰਾ ਦਿਵਾਉਣ ਵਾਲੇ ਹਰਿ! ਕੁਦਰਤ
ਵੱਲੋਂ ਹੋ ਰਹੀ ਤੇਰੀ ਇਹ ਆਰਤੀ ਕਿਤਨੀ ਅਦਭੁੱਤ ਹੈ! ਇਸ ਆਰਤੀ ਵਾਸਤੇ ਆਪਣੇ ਆਪ ਵੱਜਣ ਵਾਲਾ ਦੈਵੀ
ਸੰਗੀਤ ਹੀ ਨੌਬਤ ਤੇ ਸ਼ਹਿਨਾਈ ਆਦਿ ਸਾਜ਼ਾਂ ਦਾ ਸੰਗੀਤ ਹੈ।
ਹੇ ਅਕਾਲ ਪੁਰਖ! (ਸਾਰੇ ਜੀਵਾਂ ਵਿੱਚ ਤੂੰ ਹੀ ਸਮਾਇਆ ਹੋਇਆ ਹੈਂ ਇਸ ਲਈ)
ਸਰਗੁਣ ਰੂਪ ਵਿੱਚ ਤੇਰੀਆਂ ਅਨਗਿਣਤ ਅੱਖਾਂ/ਗਿਆਨ-ਇੰਦ੍ਰੀਆਂ ਹਨ ਪਰੰਤੂ, ਨਿਰਗੁਣ ਸਰੂਪ ਵਿੱਚ ਤੇਰੀ
ਕੋਈ ਵੀ ਅੱਖ ਨਹੀਂ (ਅਰਥਾਤ ਤੂੰ ਗਿਆਨ-ਇੰਦ੍ਰੀਆਂ ਤੋਂ ਰਹਿਤ ਹੈਂ)! ਸਾਰੇ ਜੀਵਾਂ/ਹੋਂਦਾਂ ਅੰਦਰ
ਤੇਰੀ ਹੀ ਜੋਤ ਹੋਣ ਕਾਰਣ ਤੇਰੀਆਂ ਅਨੇਕ ਸ਼ਕਲਾਂ ਹਨ, ਪਰੰਤੂ, ਤੂੰ ਆਪ ਨਿਰਾਕਾਰ ਹੈਂ ਇਸ ਵਾਸਤੇ
ਤੇਰਾ ਆਪਣਾ ਕੋਈ ਵੀ ਰੂਪ ਨਹੀਂ ਹੈ। ਸਰਬਵਿਆਪਕ ਸਥੂਲ ਰੂਪ ਵਿੱਚ ਤੇਰੇ ਅਨੇਕ ਪੈਰ/ਕਰਮਇੰਦ੍ਰੀਆਂ
ਹਨ ਪਰੰਤੂ ਨਿਰਾਕਾਰ ਹੋਣ ਕਾਰਣ, ਤੂੰ ਪੈਰ ਆਦਿ ਕਰਮੇਂਦ੍ਰਿਆਂ ਤੋਂ ਰਹਿਤ ਹੈਂ। ਨਿਰਗੁਣ ਸਰੂਪ
ਵਿੱਚ ਤੂੰ ਨੱਕ ਆਦਿ ਇੰਦ੍ਰੀਆਂ ਤੋਂ ਰਹਿਤ ਹੈਂ ਪਰੰਤੂ ਸਰਗੁਣ ਰੂਪ ਵਿੱਚ ਤੇਰੀਆਂ ਨੱਕ ਆਦਿ ਅਨੇਕ
ਗਿਆਨਇੰਦ੍ਰੀਆਂ ਹਨ! ਤੇਰੇ ਇਨ੍ਹਾਂ ਕੌਤਕਾਂ ਨੇ ਮੈਨੂੰ ਮੋਹ ਲਿਆ ਹੈ।
ਸ੍ਰਿਸ਼ਟੀ ਦੀਆਂ ਸਾਰੀਆਂ ਹੋਂਦਾਂ ਵਿੱਚ
ਉਸੇ
ਦੀ ਜੋਤਿ ਹੈ ਅਰਥਾਤ ਸਾਰੇ ਜੀਵਾਂ ਦੀ ਜੀਵਨ-ਰੌ, ਅਤੇ ਸੂਰਜ, ਚੰਦ ਤੇ ਤਾਰਿਆਂ ਆਦਿ ਦੀ ਰੌਸ਼ਣੀ ਵੀ
ਉਸੇ ਪਰਮਜੋਤ ਪਰਮਾਤਮਾ ਦੀ ਹੀ ਬਖ਼ਸ਼ੀ ਹੋਈ ਜੋਤਿ/ਪ੍ਰਕਾਸ਼ ਹੈ। ਇਸ ਸਿਧਾਂਤਕ ਸੱਚਾਈ ਦੀ ਸੋਝੀ ਗੁਰੂ
ਦੀ ਸਿੱਖਿਆ ਦੁਆਰਾ ਹੀ ਮਿਲਦੀ ਹੈ। ਅਕਾਲਪੁਰਖ ਪਰਮਾਤਮਾ ਦੇ ਭਾਣੇ ਅਨੁਸਾਰ ਹੀ
ਉਸ
ਦੀ ਸਹਿਜ ਆਰਤੀ ਹੋ ਰਹੀ ਹੈ। (ਇਸ ਤੁਕ ਦੇ ਇਹ ਅਰਥ ਵੀ ਢੁੱਕਦੇ ਹਨ ਕਿ ਰੱਬ ਦੀ ਰਜ਼ਾ ਵਿੱਚ ਰਹਿਣਾਂ
ਹੀ ਉਸ ਦੀ ਸੱਚੀ ਸਾਰਥਕ ਆਰਤੀ ਹੈ।)
ਹੇ ਪ੍ਰਭੂ! ਮੇਰੇ ਮਨ ਨੂੰ ਹਮੇਸ਼ਾ ਤੇਰੇ ਚਰਨ ਰੂਪੀ ਕੰਵਲਾਂ ਦੇ ਰਸ (ਦਰਸ਼ਨ)
ਦੀ ਲਾਲਸਾ ਲੱਗੀ ਰਹਿੰਦੀ ਹੈ; ਕ੍ਰਿਪਾ ਕਰਕੇ ਮੈਨੂੰ ਨਾਨਕ ਪਪੀਹੇ ਨੂੰ ਆਪਣੇ ਨਾਮ-ਜਲ ਰੂਪੀ
ਸ੍ਵਾਂਤ ਬੂਂਦ ਦੀ ਬਖ਼ਸ਼ਿਸ਼ ਕਰ ਤਾਂ ਜੋ ਮੇਰੀ ਤੇਰੇ ਦਰਸ਼ਨਾਂ ਦੀ ਪਿਆਸ ਤ੍ਰਿਪਤ ਹੋਵੇ ਤੇ ਮੇਰੀ ਲਿਵ
ਤੇਰੇ ਨਾਮ ਵਿੱਚ ਨਿਰੰਤਰ ਲੱਗੀ ਰਹੇ।
ਇਸ ਲੇਖ-ਲੜੀ ਵਿੱਚ ਵਿਚਾਰੇ ਗਏ ਚਾਰੇ ਸ਼ਬਦਾਂ ਦਾ ਸਾਰੰਸ਼:- ਧਰਮ-ਸਥਾਨਾਂ ਦੀ
ਚਾਰ-ਦਿਵਾਰੀ ਅੰਦਰ ਅਸੀਮ ਪਰਮਾਤਮਾ ਜਾਂ ਮਿਥਿਹਾਸਕ ਦੇਵੀ ਦੇਵਤਿਆਂ ਦੀਆਂ ਕਾਲਪਣਿਕ ਮੂਰਤੀਆਂ ਦੀ
ਆਰਤੀ ਉਤਾਰਣਾਂ ਪੁਜਾਰੀਆਂ ਦਾ ਵਿਛਾਇਆ ਹੋਇਆ ਪਾਖੰਡ-ਜਾਲ ਹੈ ਜਿਸ ਵਿੱਚੋਂ ਲੋਕਾਈ ਨੂੰ ਨਿਕਲਣ ਦਾ
ਯਤਨ ਕਰਨਾਂ ਚਾਹੀਦਾ ਹੈ। ਆਰਤੀ ਵਾਸਤੇ ਮੂਰਤੀਆਂ ਅੱਗੇ ਭੇਟ ਕੀਤੀ ਜਾਣ ਵਾਲੀ ਪਦਾਰਥਕ ਸਾਮਗ੍ਰੀ
ਵਿਚਲੀਆਂ ਸਾਰੀਆਂ ਵਸਤੂਆਂ (ਕੀਮਤੀ ਥਾਲ, ਸੁਗੰਧੀਆਂ, ਘਿਉ/ਕਾਫ਼ੂਰ ਨਾਲ ਜਗਾਈਆਂ ਜੋਤਾਂ,
ਦੱਛਣਾਂ-ਭੇਟਾ ਜਿਸ ਵਿੱਚ ਸੋਨੇ ਚਾਂਦੀ ਦੀਆਂ ਲਘੂ ਮੂਰਤੀਆਂ ਤੇ ਕੀਮਤੀ ਮੋਤੀ ਆਦਿ ਹੁੰਦੇ ਹਨ),
ਦਾਤੇ
ਦੀਆਂ ਬਖ਼ਸ਼ੀਆਂ ਦਾਤਾਂ ਹਨ; ਉਸ ਦੀਆਂ ਬਖ਼ਸ਼ੀਆਂ ਦਾਤਾਂ ਉਸੇ ਨੂੰ ਭੇਟ ਕਰਨੀਆਂ ਪੁਜਾਰੀਆਂ ਦੀ ਮੱਕਾਰੀ
ਤੇ ਮਾਇਆ-ਲੋਭ, ਅਤੇ ਸ਼੍ਰੱਧਾਲੂਆਂ ਦੀ ਅਗਿਆਨਤਾ ਦਾ ਸੂਚਕ ਹੈ, ਅਤੇ ਸਰਵਗਿਆਨੀ ਅਕਾਲਪੁਰਖ ਨੂੰ
ਧੋਖਾ ਦੇਣ ਦਾ ਭਰਮ। ਦੂਜਾ, ਦੇਵੀ/ਦੇਵਤਿਆਂ ਅਤੇ ਪ੍ਰਭੂ ਦੀਆਂ ਖ਼ਿਆਲੀ ਮੂਰਤੀਆਂ ਅੱਗੇ ਚੜ੍ਹਾਈਆਂ
ਜਾਂਦੀਆਂ ਇਹ ਕੀਮਤੀ ਵਸਤੂਆਂ ਤੇ ਨੈਵੇਦਯ/ਪ੍ਰਸਾਦ/ਭੋਗ ਆਦਿ ਦਰਅਸਲ ਮੂਰਤੀ ਦੇ ਨਾਮ `ਤੇ ਪੁਜਾਰੀ
ਦੀ ਅਬੁੱਝ ਪਦਾਰਥਕ ਭੁੱਖ ਤੇ ਮਾਇਕ ਤ੍ਰਿਸ਼ਣਾਂ ਦੀ ਤ੍ਰਿਪਤੀ ਦਾ ਸਾਧਨ ਬਣਦੀਆਂ ਹਨ! ਨਿਰਗੁਣ
ਨਿਰਾਕਾਰ ਸੂਖਮ ਪਰਮਾਤਮਾ ਦੀ ਸਥੂਲ ਮੂਰਤੀ ਹੋ ਹੀ ਨਹੀਂ ਸਕਦੀ ਜਿਸ ਦੀ ਆਰਤੀ ਉਤਾਰੀ ਜਾ ਸਕੇ!
ਪਰਮਾਤਮਾ ਦੀ ਆਰਤੀ ਲੋਕਾਚਾਰੀ ਕਰਮ ਨਹੀਂ ਹੋਣਾਂ ਚਾਹੀਦਾ ਸਗੋਂ ਇਹ ਸੱਚੀ ਆਰਤੀ ਅੰਤਰ-ਆਤਮੇ
ਉਸ
ਦੇ ਨਾਮ-ਸਿਮਰਨ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ। ਨਿਰਾਕਾਰ ਨਿਰੰਜਨ ਦੀ ਸੱਚੀ ਆਰਤੀ ਵਾਸਤੇ ਮਾਇਆ
(ਪਦਾਰਥਕ ਸਾਮਗ੍ਰੀ) ਤੋਂ ਨਿਰਲੇਪ ਹੋਣਾਂ ਜ਼ਰੂਰੀ ਹੈ।
ਪਾਠਕ ਜਨੋਂ! ਆਓ ਹੁਣ, ਉੱਪਰ ਵਿਚਾਰੇ ਗਏ ਗੁਰ-ਸਿਧਾਂਤਾਂ ਦੀ ਕਸੌਟੀ `ਤੇ
ਆਪਣੇ ਆਪ ਨੂੰ ਪਰਖੀਏ:- ਅੰਧਵਿਸ਼ਵਾਸ ਤੇ ਰੋਗੀ ਮਾਨਸਿਕਤਾ ਤੋਂ ਉਚੇਰਾ ਉੱਠ ਕੇ ਵੇਖੀਏ ਤਾਂ ਇਹ ਸੱਚ
ਸਪਸ਼ਟ ਹੋ ਜਾਂਦਾ ਹੈ ਕਿ ਗੁਰਮਤਿ ਉੱਤੇ ਕਾਬਜ਼ ਲੋਭੀ ਪੁਜਾਰੀਆਂ ਨੇ ਗਿਆਨ ਦੇ ਦਾਤੇ ਗੁਰੂ (ਗ੍ਰੰਥ)
ਨੂੰ ਪੂਰਨ ਤੌਰ `ਤੇ ਮੂਰਤੀ ਬਣਾਇਆ ਹੋਇਆ ਹੈ। ਗੁਰੂ-ਮੂਰਤੀ ਦੀ ਆਰਤੀ ਉਤਾਰਣ ਦਾ ਪਾਖੰਡ-ਕਰਮ
ਪੰਥ-ਪ੍ਰਵਾਣਿਤ ਰੀਤਿ ਬਣਾ ਦਿੱਤਾ ਗਿਆ ਹੈ। ਆਰਤੀ ਦੇ ਖੰਡਨ ਵਿੱਚ ਲਿਖੇ ਗੁਰੂ-ਸ਼ਬਦ ਗੁਰੂਦ੍ਵਾਰੇਆਂ
ਵਿੱਚ ਸੰਧਿਆ ਦੇ ਨਿਤ-ਨੇਮ ਦਾ ਹਿੱਸਾ ਬਣਾ ਦਿੱਤੇ ਗਏ ਹਨ। ਘਿਉ ਦੀਆਂ ਜੋਤਾਂ ਜਗਾਈਆਂ ਜਾਂਦੀਆਂ
ਹਨ, ਸੁਗੰਧੀਆਂ ਧੁਖਾਈਆਂ ਜਾਂਦੀਆਂ ਹਨ, ਫੁੱਲ ਤੇ ਫੁੱਲ-ਮਾਲਾਵਾਂ ਚੜ੍ਹਾਈਆਂ ਜਾਂਦੀਆਂ ਹਨ, ਅਤਿ
ਉਤਸਾਹ ਨਾਲ ਚੌਰ ਝੁਲਾਏ ਜਾਂਦੇ ਹਨ, ਮਾਇਕ-ਭੇਟਾਵਾਂ ਦਾ ਤਾਂਤਾ ਲੱਗ ਜਾਂਦਾ ਹੈ, ਰੁਮਾਲਿਆਂ,
ਚੰਦੋਇਆਂ ਆਦਿ ਦਾ ਕੋਈ ਅੰਤ ਨਹੀਂ ਹੁੰਦਾ, ਗੁਰੂ ਨੂੰ ਮੂਰਤੀਆਂ ਦੀ ਤਰ੍ਹਾਂ ਭੋਗ ਲਵਾਇਆ ਜਾਂਦਾ
ਹੈ……ਆਦਿ। ਕਈ ਗੁਰੂਦ੍ਵਾਰਿਆਂ ਵਿੱਚ, ਮੰਦਿਰਾਂ ਵਿੱਚ ਕੀਤੀ ਜਾਂਦੀ ਆਰਤੀ ਦੀ ਤਰਜ਼ `ਤੇ, ਥਾਲ ਵਿੱਚ
ਕੀਮਤੀ ਸਾਮਗ੍ਰੀ ਸਜਾ ਕੇ ਗੁਰੂ (ਗ੍ਰੰਥ) ਦੀ ਆਰਤੀ ਉਤਾਰੀ ਜਾਂਦੀ ਹੈ। ‘ਪ੍ਰਸਿੱਧ ਹਸਤੀਆਂ’ ਤੋਂ
ਗੁਰੂ ਦੀ ਆਰਤੀ ਉਤਰਵਾ ਕੇ ਗੁਰੂ `ਤੇ ਅਹਿਸਾਨ ਕੀਤਾ ਜਾਂਦਾ ਹੈ। ਜੋ ਮਾਇਆ ਤੇ ਸਾਮਗ੍ਰੀ ਇਹ ਮਲਿਕ
ਭਾਗੋ ਅਤੇ ਭੋਲੇ ਭਾਲੇ ਕਿਰਤੀ ਲੋਕ ਗੁਰੂ ਨੂੰ ਭੇਟ ਕਰਦੇ ਹਨ, ਉਹ ਦਰ ਅਸਲ ਪੁਜਾਰੀਆਂ ਅਤੇ ਉਨ੍ਹਾਂ
ਦੇ ਹੱਡ-ਰੱਖ ਸਰਪਰਸਤਾਂ ਦੀ ਖਾਦ-ਖ਼ੁਰਾਕ ਤੇ ਸੰਪਤੀ ਹੁੰਦੀ ਹੈ। ਮੰਦਿਰਾਂ ਵਿੱਚ ਹੁੰਦੀ ਆਰਤੀ ਦੀ
ਤਰਜ਼ `ਤੇ ਗੁਰੂ (ਗ੍ਰੰਥ) ਦੀ ਉਤਾਰੀ ਜਾਂਦੀ ਆਰਤੀ ਦੇ ਨਾਲੋ ਨਾਲ ਆਰਤੀ ਦੇ ਖੰਡਨ ਵਿੱਚ ਲਿਖੇ
ਗੁਰੂ-ਸ਼ਬਦਾਂ ਦਾ ਨਿਤ ਨੇਮੀ ਗਾਇਣ ਕਰਨਾਂ, ਧਰਮ-ਸ਼ਾਲਾਵਾਂ ਉੱਤੇ ਕਬਜ਼ਾ ਕਰੀ ਬੈਠੇ ਭੇਖੀ ਪੁਜਾਰੀਆਂ
ਦੀ ਕੁਟਿਲਤਾ ਅਤੇ ਸ਼੍ਰੱਧਾਲੂਆਂ ਦੀ ਘੋਰ ਅਗਿਆਨਤਾ ਤੇ ਅੰਧਵਿਸ਼ਵਾਸ ਦਾ ਸੂਚਕ ਹੈ।
ਗੁਰਇੰਦਰ ਸਿੰਘ ਪਾਲ
ਸਤੰਬਰ
25, 2011.
|
. |