ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਧੁੰਨੀ ਵਿਚੋਂ ਨਿਕਲਦੀ ਅਵਾਜ਼ ਸੁਣੋ
ਸਿੱਖ ਕੌਮ ਨੇ ਇਤਿਹਾਸ ਤਾਂ ਜ਼ਰੂਰ ਬਣਾਇਆ ਪਰ ਇਸ ਦਾ ਵਿਸਥਾਰ ਬਗਾਨਿਆਂ ਨੇ ਆਪਣੀ ਮਰਜ਼ੀ ਨਾਲ
ਚਿਤਵਿਆ ਹੈ। ਇਤਿਹਾਸ ਲਿਖਣ ਲੱਗਿਆਂ ਉਹਨਾਂ ਨੇ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਆ ਹੈ ਕਿ ਇਸ
ਇਤਿਹਾਸ ਵਿੱਚ ਗੁਰੂਆਂ ਦੇ ਕੀਤੇ ਕ੍ਰਾਂਤੀ ਕਾਰੀ ਕੰਮਾਂ ਨੂੰ ਕਰਾਮਾਤਾਂ ਦਾ ਗ਼ਲੇਫ਼ ਚਾੜ੍ਹ ਕੇ ਪੇਸ਼
ਕੀਤਾ ਜਾਏ ਤਾਂ ਕਿ ਲੋਕਾਂ ਵਿੱਚ ਨਵੀਂ ਜਾਗਰਤੀ ਨਾ ਆ ਸਕੇ। ਬ੍ਰਹਾਮਣੀ ਕਰਮ-ਕਾਂਡ ਨਾਲ ਲਿਬੇੜ ਕੇ
ਇਤਿਹਾਸ ਸੁਣਾਇਆਂ ਉਦਾਸੀਆਂ, ਨਿਰਮਲਿਆਂ, ਸਾਧ-ਲਾਣਾ, ਆਪੇ ਬਣੇ ਰਾਗੀ ਢਾਡੀ ਤੇ ਪ੍ਰਚਾਰਕ ਸ਼੍ਰੇਣੀ
ਨੇ। ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ `ਤੇ ਧੁੱਪ ਆ ਗਈ ਸੀ ਤਾਂ
ਅੰਤਰ ਜਾਮੀ ਜਾਣੀ ਜਾਣ ਸੱਪ ਜੀ ਨੂੰ ਪਤਾ ਲੱਗ ਗਿਆ ਕਿ ਇਹ ਮਹਾਨ ਗੁਰੂ ਨਾਨਕ ਜੀ ਹਨ ਇਸ ਲਈ ਆਪਣੀ
ਫੰਨ ਖਿਲਾਰ ਕੇ ਉਹਨਾਂ ਦੇ ਮੁੱਖੜੇ ਨੂੰ ਸੂਰਜ ਦੀ ਤੇਜ਼ ਰੋਸ਼ਨੀ ਤੋਂ ਬਚਾਉਣ ਦਾ ਆਪਣੀ ਵਲੋਂ ਪੂਰਾ
ਯਤਨ ਕੀਤਾ। ਓਸੇ ਹੀ ਸਟੇਜ `ਤੇ ਦੂਸਰਾ ਪਰਚਾਰਕ ਕਹੀ ਜਾ ਰਿਹਾ ਹੈ ਕਿ ਪਿਤਾ ਕਲਿਆਣ ਦਾਸ ਜੀ ਨੂੰ
ਬਿਲਕੁਲ ਹੀ ਪਤਾ ਨਾ ਚਲਿਆ ਕਿ ਮੇਰਾ ਬੇਟਾ ਮਹਾਨ ਗੁਰੂ ਨਾਨਕ ਹੈ। ਉਹਨਾਂ ਨੇ ਸੱਚੇ ਸੌਦੇ ਨੂੰ ਲਾਭ
ਕਾਰੀ ਨਾ ਬਣਾਉਣ ਕਰਕੇ ਮੂੰਹ `ਤੇ ਚਪੇੜਾਂ ਮਾਰੀਆਂ। ਜੇ ਪਰਵਾਰ ਵਾਲੇ ਵਿੱਚ ਆਣ ਕੇ ਨਾ ਬਚਾਉਂਦੇ
ਤਾਂ ਪਤਾ ਨਹੀਂ ਹੋਰ ਕਿੰਨੀ ਕੁ ਮਾਰ ਪੈਂਦੀ। ਆਪਾ ਵਿਰੋਧੀ ਇਤਿਹਾਸ ਅਸੀਂ ਆਪ ਹੀ ਸਣਾਉਂਦੇ ਹਾਂ ਤੇ
ਆਪ ਹੀ ਸੁਣ ਰਹੇ ਹੁੰਦੇ ਹਾਂ ਏੱਥੇ ਹੀ ਬੱਸ ਨਹੀਂ ਅਜੇਹੇ ਬੇ ਥਵੇ ਪਰਚਾਰ ਨੂੰ ਸੁਣਨ ਲਈ ਬਹੁਤ
ਵੱਡਾ ਅੰਡਬਰ ਰਚਿਆ ਜਾਂਦਾ ਹੈ। ਭੇਟਾਵਾਂ ਤਹਿ ਕੀਤੀਆਂ ਜਾਂਦੀਆਂ ਹਨ।
ਧਾਰਮਕ, ਸਮਾਜਕ ਤੇ ਰਾਜਨੀਤਕ ਲੋਕਾਂ ਦੇ ਬਖੀਏ ਉਧੇੜਣ ਵਾਲੀ ਆਸਾ ਕੀ ਵਾਰ ਦੇ ਗਾਇਣ ਤਾਂ ਜ਼ਰੂਰ
ਹੁੰਦੇ ਹਨ ਪਰ ਉਸ ਦੀ ਸਿਧਾਂਤਕ ਵਿਚਾਰ ਤੋਂ ਹਮੇਸ਼ਾਂ ਪਾਸਾ ਹੀ ਵੱਟਿਆ ਹੈ।
ਗੁਰਬਾਣੀ ਸਿੱਖ ਦੇ ਜੀਵਨ ਲਈ ਹੀ ਨਹੀਂ ਸਗੋਂ ਸਾਰੇ ਸੰਸਾਰ ਨੂੰ ਆਤਮਕ, ਸਮਾਜਕ, ਧਾਰਮਕ ਤੇ ਅਦਰਸ਼ਕ
ਜੀਵਨ ਜਿਉਣ ਦੀ ਪ੍ਰੇਰਨਾ ਸਰੋਤ ਹੈ। ਇਕੋ ਫਿਕਰੇ ਵਿੱਚ ਗੱਲ ਕਰਨੀ ਹੋਵੇ ਤਾਂ ਗੁਰਬਾਣੀ ਸਾਡੇ ਜੀਵਨ
ਦੀ ਥੰਮੀ ਹੈ। ਗੁਰਬਾਣੀ ਗੁਰੂ ਸਾਹਿਬਾਨ ਜੀ ਨੇ ਉਚਾਰਣ ਕੀਤੀ, ਜਾਂ ਉਹਨਾਂ ਨੇ ਇਕੱਠੀ ਕੀਤੀ ਹੈ।
ਪਰ ਇਸ ਦਾ ਪਰਚਾਰ ਉਸ ਸ਼੍ਰੇਣੀ ਨੇ ਕੀਤਾ ਹੈ ਜਿਸ ਨੇ ਗੁਰਬਾਣੀ ਨੂੰ ਕੇਵਲ ਤੇ ਕੇਵਲ ਇੱਕ ਧੰਧਾ ਬਣਾ
ਲਿਆ ਹੋਵੇ। ਸਿੱਖ ਕੌਮ ਦਾ ਇੱਕ ਬਹੁਤ ਵੱਡਾ ਦੁਖਾਂਤ ਹੈ ਕਿ ਸੁਨਹਿਰੀ ਇਤਿਹਾਸ ਤੇ ਗੁਰਬਾਣੀ ਦੇ
ਕੀਮਤੀ ਵਿਚਾਰ ਨੂੰ ਅੰਧ-ਵਿਸ਼ਵਾਸ ਵਿੱਚ ਪੂਰੀ ਤਰ੍ਹਾਂ ਡੋਬ ਕੇ ਰੱਖ ਦਿੱਤਾ ਹੈ। ਸਿੱਖ ਧਰਮ ਵਿੱਚ
ਇੱਕ ਵੱਖਰੀ ਕਿਸਮ ਦੇ ਅਲੋਕਾਰੀ ਪਹਿਰਾਵਿਆਂ ਵਾਲੇ ਸਾਧੜੇ ਪੈਦਾ ਹੋ ਗਏ ਹਨ ਜੋ ਇਹ ਦਾਹਵਾ ਕਰਦੇ ਹਨ
ਕਿ ਰੱਬ ਜੀ ਦੀ ਸਾਡੇ ਨਾਲ ਸਿੱਧੀ ਗੱਲਬਾਤ ਹੈ। ਪਰਵਾਰਕ ਜ਼ਿੰਮੇਵਾਰੀ ਤੋਂ ਭੱਜਿਆ, ਬੱਚਿਆਂ ਦੀਆਂ
ਕਿਲਕਾਰੀਆਂ ਤੋਂ ਡਰੇ ਹੋਏ ਭ੍ਰਿਸ਼ਿਟ ਚਿਹਰਿਆਂ ਨੂੰ ਅਸੀਂ ਆਪਣਾ ਅਦਰਸ਼ ਮੰਨ ਬੈਠੇ ਹਾਂ। ਏਸੇ ਲਈ
ਗੁਰਬਾਣੀ ਦੇ ਚਾਨਣ ਨੂੰ ਲੈਣ ਦੀ ਥਾਂ `ਤੇ ਇਹਨਾਂ ਦੀਆਂ ਮਨ-ਘੜਤ ਗੱਲਾਂ ਸੁਣ ਕੇ ਜ਼ਿਆਦਾ ਖੁਸ਼
ਹੁੰਦੇ ਹਾਂ। ਨਿਰਾ ਖੁਸ਼ ਹੀ ਨਹੀਂ ਹੋ ਰਹੇ ਇਹਨਾਂ ਪਾਸੋਂ ਅਸੀਂ ਅਰਦਾਸਾਂ ਵੀ ਕਰਾ ਰਹੇ ਹੁੰਦੇ ਹਾਂ
ਕਿ ਬਾਬਾ ਜੀ ਸਾਡੇ ਮੁੰਡੇ ਦਾ ਵਿਆਹ ਹੋ ਜਾਏ ਜਾਂ ਅਰਦਾਸ ਕਰੋ ਕਿ ਸਾਡੇ ਘਰ ਕੋਈ ਬੱਚਾ ਪੈਦਾ ਹੋ
ਜਾਏ। ਅਰਦਾਸਾਂ ਕਰਾਉਣ ਵਾਲੇ ਲੋਕਾਂ ਨੂੰ ਬਿਲਕੁਲ ਪਤਾ ਨਹੀਂ ਹੈ ਕਿ ਇਹ `ਤੇ ਵਿਚਾਰਾ ਆਪ ਪਰਵਾਰਕ,
ਸੰਸਰਾਕ ਜ਼ਿੰਮੇਵਾਰੀਆਂ ਤੇ ਘਰਦੇ ਕੰਮਾਂ ਤੋਂ ਡਰਿਆ ਹੋਇਆ ਸਾਧ ਬਣ ਗਿਆ ਹੈ ਤੁਹਾਡਾ ਕੀ ਇਹ
ਸਵਾਰੇਗਾ?
ਮੇਰੇ ਇੱਕ ਪਰਮ ਮਿੱਤਰ ਭਾਈ ਗੁਰਮੇਲ ਸਿੰਘ ਜੀ ਗੜ੍ਹਸ਼ੰਕਰ ਵਾਲਿਆਂ ਦੀ ਮਾਤਾ ਦੇ ਨਿਮੱਤ ਸਮਾਗਮ ਸੀ
ਇਸ ਸਮਾਗਮ ਵਿੱਚ ਲਗ-ਪਗ ਡੇੜ ਘੰਟਾਂ “ਅਰੀ ਬਾਈ, ਗੋਬਿਦ ਨਾਮੁ ਮਤਿ
ਬੀਸਰੈ” ਸ਼ਬਦ ਦੀ ਖੁਲ੍ਹ ਕੇ ਵਿਚਾਰ ਕੀਤੀ ਗਈ। ਪੇਂਡੂ ਲਹਿਜੇ ਤੇ ਪੇਂਡੂ ਮੁਹਾਵਰੇਦਾਰ
ਬੋਲੀ ਵਿੱਚ ਗੁਰਮਤ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ। ਸਾਰੀ ਸੰਗਤ ਨੇ ਇਹ ਅਹਿਸਾਸ ਕੀਤਾ ਕਿ
ਜਿਦਾਂ ਬਾਬੇ ਕਹਿੰਦੇ ਹਨ ਕਿ ਗੁਰਬਾਣੀ ਬਹੁਤ ਹੀ ਕਠਨ ਹੈ ਇਸ ਦੀ ਕੋਈ ਵਿਚਾਰ ਨਹੀਂ ਕਰ ਸਕਦਾ। ਪਰ
ਅੱਜ ਅਹਿਸਾਸ ਹੋਇਆ ਹੈ ਕਿ ਗੁਰਬਾਣੀ ਏਨੀ ਔਖੀ ਨਹੀਂ ਹੈ ਜਿੰਨੀ ਸਾਧਾਂ ਨੇ ਬਣਾਈ ਹੋਈ ਹੈ।
ਦੀਵਾਨ ਵਿੱਚ ਲੇਟ ਪਹੁੰਚੇ ਬਾਬਾ ਜੀ ਪਾਸ ਦੋ ਗੰਨਾਂ ਵਾਲੇ ਨੌਜਵਾਨ ਸਨ ਤੇ ਇੱਕ ਪਸਤੌਲ ਬਾਬਾ ਜੀ
ਨੇ ਆਪ ਪਾਈ ਹੋਈ ਸੀ। ਉਹਨਾਂ ਨੇ ਮਿੰਨਤ ਤਰਲਾ ਕੀਤਾ ਕੇ ਭਾਈ ਮੈਨੂੰ ਵੀ ਸਮਾਂ ਦਿੱਤਾ ਜਾਏ। ਭਾਈ
ਗੁਰਮੇਲ ਸਿੰਘ ਹੁਰਾਂ ਬਾਬਾ ਜੀ ਨੂੰ ਦੋ ਮਿੰਟ ਦਾ ਸਮਾਂ ਦਿੱਤਾ। ਬਾਬਾ ਜੀ ਆਪਣੇ ਆਲਮਾਨਾ ਭਾਸ਼ਨ
ਵਿੱਚ ਪੂਰੀਆਂ ਜਭਲ਼ੀਆਂ ਦਾ ਪ੍ਰਗਟਾਵਾ ਕਰਦਿਆਂ ਕਹਿਣ ਲੱਗੇ ਕਿ ਭਾਈ ਮੂਲ ਮੰਤਰ ਨਾਨਕ ਹੋਸੀ ਭੀ ਤੀਕ
ਹੈ ਇਸ ਲਈ ਏੱਥੋਂ ਤੀਕ ਪੜ੍ਹਿਆ ਕਰੋ। ਇਸ ਤੋਂ ਘੱਟ ਪੜ੍ਹਿਆਂ ਕਦੇ ਵੀ ਚੜ੍ਹਦੀ ਕਲਾ ਨਹੀਂ ਆ ਸਕਦੀ।
ਅੱਜ ਕੌਮ ਨਿਘਰਦੀ ਏਸੇ ਲਈ ਜਾ ਰਹੀ ਹੈ ਕਿ ਇਹ ਮੂਲ ਮੰਤਰ ਘੱਟ ਪੜ੍ਹ ਰਹੀ ਹੈ। ਭਾਈ ਹੋਰ ਦੇਖੋ ਅੱਜ
ਕਲ੍ਹ ਨਕਲੀ ਸਾਧ ਬਹੁਤ ਪੈਦਾ ਹੋ ਗਏ ਹਨ ਜੋ ਆਪਣੇ ਪੈਰੀਂ ਹੱਥ ਲਵਾਉਂਦੇ ਹਨ। ਇਹਨਾਂ ਨਕਲੀ ਸਾਧਾਂ
ਤੋਂ ਬਚੋ। ਭਾਈ ਬੰਦਗੀ ਵਾਲੇ ਸੰਤਾਂ ਮਹਾਂ ਪੁਰਸ਼ਾਂ ਦੀ ਕ੍ਰਿਪਾ ਸਦਕਾ ਸੰਸਾਰ `ਤੇ ਸੁੱਖ ਸ਼ਾਂਤੀ ਹੈ
ਨਹੀਂ ਤਾਂ ਬਹੁਤ ਉਪੱਦਰ ਮੱਚ ਜਾਣ। ਸਮੇਂ ਦੀ ਪਾਬੰਦੀ ਦਾ ਕੋਈ ਖ਼ਿਆਲ ਨਾ ਰੱਖਦਿਆਂ ਕਹਿਣ ਲੱਗੇ ਕਿ
ਭਾਈ ਵਾਹਿਗੁਰੂ ਦਾ ਲਗਾਤਾਰ ਜਾਪ ਕਰਿਆ ਕਰੋ। ਭਾਈ ਲਗਾਤਾਰ ਨਿਰੰਤਰ ਵਹਿਗੁਰੂ ਦਾ ਜਾਪ ਕਰਦਿਆਂ
ਕਰਦਿਆਂ ਧੁਰ ਅੰਦਰ ਵੱਸ ਜਾਂਦਾ ਹੈ। ਹੌਲੀ ਹੌਲ਼ੀ ਭਈ ਫਿਰ ਆਪੇ ਜਾਪ ਤੁਰ ਪੈਂਦਾ ਹੈ। ਇੱਕ ਸਮਾਂ
ਅਜੇਹਾ ਵੀ ਆਉਂਦਾ ਹੈ ਜਦੋਂ ਧੁੰਨੀ ਵਿਚੋਂ ਆਪਣੇ ਆਪ ਅਵਾਜ਼ ਨਿਕਦੀ ਹੈ। ਇਹ ਅਵਾਜ਼ ਤਾਂ ਭਈ ਕਿਸੇ
ਕਰਮਾਂ ਵਾਲੇ ਨੂੰ ਹੀ ਸੁਣਦੀ ਹੈ। ਬਾਬਾ ਜੀ ਨੇ ਧੁੰਨੀ ਵਿਚੋਂ ਨਿਕਲਦੀ ਅਵਾਜ਼ ਸਬੰਧੀ ਇੰਜ ਭਾਸ਼ਨ ਦਾ
ਕੁਤਰਾ ਕੀਤਾ ਜਿਵੇਂ ਕਿਸੇ ਮਾਂ ਨੇ ਬਿਨਾਂ ਹੱਥਾਂ ਪੈਰਾਂ ਦੇ ਬੱਚੇ ਨੂੰ ਜਨਮ ਦਿੱਤਾ ਹੋਵੇ।
ਸਵਾਲ ਪੈਦਾ ਹੁੰਦਾ ਹੈ ਕਿ ਅਜੇਹੀ ਧੁੰਨੀ ਦੀ ਅਵਾਜ਼ ਸੁਣਨ ਨਾਲ ਸੰਸਾਰ ਨੂੰ ਕੋਈ ਲਾਭ ਹੋ ਸਕਦਾ ਹੈ?
ਕੀ ਧੁੰਨੀ ਦੀ ਅਵਾਜ਼ ਸੁਣਨ ਨਾਲ ਕਿਰਸਾਨ ਦੇ ਟ੍ਰੈਕਟਰ ਵਿੱਚ ਡੀਜ਼ਲ ਆਪਣੇ ਆਪ ਪੈ ਸਕਦਾ ਹੈ ਜਾਂ
ਬਿਜਲੀ ਦਾ ਬਿੱਲ ਮਆਫ਼ ਹੋ ਸਕਦਾ ਹੈ? ਅਜੇਹੀਆਂ ਅਵਾਜ਼ਾਂ ਸੁਣਨ ਨਾਲ ਬੱਚੇ ਪ੍ਰੀਖਿਆ ਵਿੱਚ ਆਪਣੇ ਆਪ
ਪਾਸ ਹੋ ਸਕਦੇ ਹਨ। ਇਹਨਾਂ ਗੱਲਾਂ ਦਾ ਬਾਬਾ ਜੀ ਪਾਸ ਕੋਈ ਉੱਤਰ ਨਹੀਂ ਸੀ। ਸਰੀਰ ਗੈਸ ਨਾਲ ਭਰਿਆ
ਹੋਵੇ ਤਾਂ ਜ਼ਰੂਰ ਕੁਦਰਤੀ ਰਸਤੇ ਦੀ ਅਵਾਜ਼ ਆਉਂਦੀ ਹੈ ਪਰ ਧੁੰਨੀ ਵਿਚੋਂ ਤਾਂ ਆਵਜ਼ ਦਾ ਨਿਕਲਣਾ ਤੇ
ੳਹਨੂੰ ਸੁਣਨ ਨਾਲ ਪਰਵਾਰ ਦੀ ਕੋਈ ਸਮੱਸਿਆ ਹੱਲ ਨਹੀਂ ਹੋ ਸਕਦੀ।
ਕੜਾਹ ਪ੍ਰਸ਼ਾਦ ਵਰਤਣ ਉਪਰੰਤ ਜਦੋਂ ਸੰਗਤ ਹੇਠਾਂ ਲੰਗਰ ਛੱਕਣ ਲਈ ਆਈ ਤਾਂ ਬਾਬਾ ਜੀ ਦੇ ਚਰਨੀ ਹੱਥ
ਇੱਕ ਦੂੰ ਬੀਬੀਆਂ ਨੇ ਲਗਾ ਦਿੱਤਾ। ਫਿਰ ਕੀ ਸੀ ਓਸੇ ਵੇਲੇ ਹੀ ਸਿਆਣੀਆਂ ਬੀਬੀਆਂ ਨੇ ਇਕੱਠੀਆਂ ਹੋ
ਟੋਕ ਦਿੱਤਾ ਕਿ ਬਾਬਾ ਜੀ ਹੁਣੇ ਹੀ ਤੁਸੀਂ ਕਿਹਾ ਸੀ ਸਾਧ ਸਾਰੇ ਨਕਲੀ ਹਨ ਤੇ ਪੈਰੀਂ ਹੱਥਾ
ਲਗਾਉਂਦੇ ਹਨ ਪਰ ਤੁਸੀਂ ਵੀ ਤਾਂ ਏਹੀ ਹੀ ਕੰਮ ਕਰ ਰਹੇ ਹੋ। ਬਾਬਾ ਜੀ ਪਾਸ ਇਸ ਦਾ ਕੋਈ ਉੱਤਰ ਨਹੀਂ
ਸੀ। ਹੀਂ ਹੀਂ ਕਰਦਿਆਂ ਬਾਬਾ ਜੀ ਕਿਸੇ ਘਰ ਚਰਨ ਪਾਉਣ ਲਈ ਚਲੇ ਗਏ।
ਹੁਣ ਤੇ ਡਾਕਟਰਾਂ ਨੇ ਪੇਟ ਨੂੰ ਸਾਰਾ ਖੋਹਲ ਖਾਲ ਕੇ ਦੇਖ ਲਿਆ ਹੈ ਪੇਟ ਵਿੱਚ ਤਾਂ ਸਰੀਰ ਨੂੰ
ਚਲਾਉਣ ਲਈ ਉਹਦਾ ਸਿਸਟਿਮ ਹੀ ਮਿਲੇਦਾ। ਸਾਰੀ ਦੁਨੀਆਂ ਦੇ ਬੱਚਿਆਂ ਨੂੰ ਪਤਾ ਹੈ ਕਿ ਬੋਲਦੀ ਜ਼ਬਾਨ
ਹੈ ਤੇ ਸੋਚਦਾ ਦਿਮਾਗ਼ ਹੈ ਪਰ ਸਾਧਾਂ ਦੀਆਂ ਘੜੁਤਾਂ ਅਨੁਸਾਰ ਅਖੇ ਧੁੰਨੀ ਬੋਲਦੀ ਹੈ ਤੇ ਉਸ ਵਿਚੋਂ
ਨਿਕਲਦੀ ਅਵਾਜ਼ ਨੂੰ ਸੁਣਨਾ ਹੈ। ਘੋਘੜ ਕੰਨੇ ਸਾਧ ਆਂਦੇ ਨੇ ਇਹ ਅਵਾਜ਼ ਸਿਰਫ ਕਮਾਈ ਵਾਲਿਆਂ ਨੂੰ ਹੀ
ਸੁਣਦੀ ਹੈ। ਹੁਣ ਇਹਨਾਂ ਨੂੰ ਬੰਦਾ ਪੁੱਛੇ ਕਿ ਜੇ ਮਾਂ ਸਵੇਰੇ ਧੁੰਨੀ ਦੀ ਅਵਾਜ਼ ਸੁਣਨ ਲੱਗ ਪਏ ਤਾਂ
ਬੱਚੇ ਨੂੰ ਸਮੇਂ ਸਿਰ ਸਕੂਲ ਤੋਰ ਸਕੇਗੀ? ਮੰਨ ਲਓ ਜੇ ਧੁੰਨੀ ਦੀ ਅਵਾਜ਼ ਸੁਣਨ ਵੀ ਲੱਗ ਪਏ ਤਾਂ ਕੀ
ਸਮਾਜ ਵਿਚੋਂ ਕਰਮ-ਕਾਂਡ ਖਤਮ ਹੋ ਜਾਏਗਾ। ਕਾਰਖਾਨੇ ਆਪਣੇ ਆਪ ਚਲਣੇ ਸ਼ੁਰੂ ਹੋ ਜਾਣਗੇ। ਡੀਜ਼ਲ ਦੀ
ਸਮੱਸਿਆ ਦੇਸ ਵਿਚੋਂ ਸਦਾ ਲਈ ਖਤਮ ਹੋਏਗੀ।
ਧੁੰਨੀ ਦੀ ਅਵਾਜ਼ ਦਾ ਅਰਥ ਹੈ ਆਪਣੇ ਕੰਮ ਪ੍ਰਤੀ ਸੁਚੇਤ ਹੋਣਾ। ਆਪਣੀ ਧੁੰਨ ਦਾ ਪੱਕਾ ਹੋਣਾ। ਇਹ
ਇੱਕ ਮੁਹਾਵਰਾ ਹੈ ਫਲਾਣਾ ਬੰਦਾ ਆਪਣੀ ਧੁੰਨ ਦਾ ਪੱਕਾ ਹੈ। ਭਾਵ ਇਰਾਦੇ ਦਾ ਪੱਕਾ ਇਨਸਾਨ ਹੈ।