. |
|
ਫਰੀਦਾ ਦੁੱਖ ਸੁੱਖ ਇਕੁ ਕਰਿ
ਸੁੱਖ ਅਤੇ ਦੁੱਖ ਮਨ ਦੀ ਅਵਸਥਾ ਦਾ ਹੀ ਨਾਮ ਹੈ ਜੋ, ਮੌਸਮ ਵਾਂਗ ਸਦਾ
ਬਦਲਦੀ ਰਹਿੰਦੀ ਹੈ। ਕਹਿਣ ਨੂੰ ਤਾਂ ਇਹ ਦੋ ਵੱਖ ਵੱਖ ਵਿਰੋਧੀ ਹਾਲਤਾਂ ਲਗਦੀਆਂ ਹਨ ਪਰ ਅਸਲ ਵਿੱਚ
ਇਹ ਦੋਨੋਂ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ ਜੋ ਜੁਦਾ ਨਹੀ ਕੀਤੇ ਜਾ ਸਕਦੇ। ਦੁੱਖ ਤੋਂ ਬਿਨਾ ਸੁੱਖ
ਦੀ ਅਤੇ ਸੁੱਖ ਤੋਂ ਬਿਨਾ ਦੁੱਖ ਦੀ ਪਹਿਚਾਨ ਨਹੀ ਕੀਤੀ ਜਾ ਸਕਦੀ। ਇਹ ਦੋ ਨਾਮ ਕੇਵਲ ਸੁੱਖ ਦੀ
ਪਹਿਚਾਨ ਲਈ ਹੀ ਹਨ। ਅਸਲ ਵਿੱਚ ਸੁੱਖ ਹੀ ਹੈ ਤੇ ਸੁੱਖ ਦੀ ਗੈਰਹਾਜ਼ਰੀ ਨੂੰ ਹੀ ਦੁੱਖ ਕਿਹਾ ਜਾਂਦਾ
ਹੈ। ਮਨੁੱਖ ਕਿਉਂਕਿ ਦੇਹੀ ਨਾਲ ਜੁੜਿਆ ਹੈ ਇਸ ਲਈ ਸਰੀਰਕ ਤੇ ਮਾਇਕੀ ਸੁੱਖ ਨੂੰ ਹੀ ਪੂਰਨ ਸੁੱਖ
ਸਮਝ ਬੈਠਾ ਹੈ ਤੇ ਇਸ ਦੀ ਹੀ ਕਾਮਨਾ ਕਰਦਾ ਰਹਿੰਦਾ ਹੈ। ਇਹ ਸਰੀਰਕ ਦੁੱਖ ਸੁੱਖ ਬਾਹਰਲੀ ਸਥਿਤੀ ਤੇ
ਦੁਨਿਆਵੀ ਪਦਾਰਥਾਂ ਤੇ ਨਿਰਭਰ ਹੋਣ ਕਰਕੇ ਜਿਉਂ ਹੀ ਕੁਦਰਤੀ ਨਿਯਮਾਂ ਅਨੁਸਾਰ ਬਾਹਰਲੀ ਸਥਿਤੀ
ਬਦਲਦੀ ਹੈ ਤਿਉਂ ਹੀ ਮਨੁੱਖ ਦਾ ਸੁੱਖ ਦੁੱਖ ਬਦਲਦਾ ਰਹਿੰਦਾ ਹੈ। ਇਸੇ ਕਾਰਨ ਕਰਕੇ ਹੀ ਮਨੁੱਖ ਦਾ
ਮਨ (ਸੁੱਖ ਦੁੱਖ ਵਿਚ) ਸਦਾ ਡੋਲਦਾ ਰਹਿੰਦਾ ਹੈ ਤੇ ਸਦੀਵੀ ਸੁੱਖ (ਆਤਮਕ ਅਨੰਦ) ਨੂੰ ਪ੍ਰਾਪਤ ਨਹੀ
ਕਰ ਪਾਉਂਦਾ। ਇਹ ਇੱਕ ਮਨੁੱਖ ਦੇ ਮਨ ਦਾ ਭਰਮ ਹੀ ਹੈ ਕਿ ਦੁੱਖ ਸੁੱਖ ਦਾ ਕਾਰਨ ਕਿਤੇ ਬਾਹਰ ਹੈ,
ਅਸਲ ਵਿੱਚ ਇਹ ਅੰਦਰੂਨੀ ਮਨ ਦੀ ਅਗਿਆਨਤਾ ਹੀ ਵਡ੍ਹਾ ਕਾਰਨ ਹੈ। ਅਗਿਆਨਤਾ ਕਾਰਨ, ਵਿਕਾਰਾਂ (ਕਾਮ,
ਕ੍ਰੋਧ, ਲੋਭ, ਮੋਹ, ਹੰਕਾਰ) ਵਸ ਹੋ ਕੇ ਦੁੱਖਾਂ ਨੂੰ ਸਹੇੜ ਲੈਂਦਾ ਹੈ। ਇਹਨਾਂ ਤੋਂ ਮੁਕਤੀ ਪਾਉਣ,
ਤੇ ਸਦੀਵੀ ਸੁੱਖ, ਲਈ ਵਿਕਾਰਾਂ ਨੂੰ ਛੱਡਣਾ ਪਵੇਗਾ ਤੇ ਵਿਕਾਰਾਂ ਨੂੰ ਛੱਡਣ ਹੀ ਰਾਮ (ਗੁਰੂ) ਦੀ
ਸ਼ਰਨ ਵਿੱਚ ਆਉਣਾ ਹੈ। ਗੁਰਬਾਣੀ ਫੁਰਮਾਨ ਹੈ:
ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥ ਕਹੁ ਨਾਨਕ ਸੁਨਿ ਰੇ ਮਨਾ
ਦੁਰਲਭ ਮਾਨੁਖ ਦੇਹ॥ (1427)। ਭਾਵ: ਹੇ ਨਾਨਕ,
ਆਖ- ਹੇ ਮਨ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ ਹੈ (ਇਸ ਨੂੰ ਮਾਇਆ ਦੀ ਖਾਤਰ ਭਟਕਣਾ
ਵਿੱਚ ਨਾ ਰੋਲ) ਸੋ, ਜੇ ਆਤਮਕ ਅਨੰਦ ਹਾਸਲ ਕਰਨਾ ਹੈ ਤਾਂ ਪਰਮਾਤਮਾ ਦੀ ਸਰਨ ਪੈ ਜਾ। ਪਰ ਮਨੁੱਖ
ਸਦਾ ਵਿਕਾਰਾਂ ਦੀ ਲਪੇਟ ਵਿੱਚ ਆਇਆ ਸਰੀਰਕ ਤੇ ਮਾਇਕੀ ਦੁੱਖਾਂ ਸੁੱਖਾਂ ਵਿੱਚ ਹੀ ਉਲਝਿਆ ਰਹਿੰਦਾ
ਹੈ। ਅਗਿਆਨਤਾ ਕਾਰਨ ਗੁਰੂ ਕੋਲੋਂ ਸਰੀਰਕ ਸਦੀਵੀ ਸੁੱਖਾਂ ਨੂੰ ਮੰਗਦਾ ਹੈ (ਜੋ ਕੁਦਰਤੀਂ ਸੰਭਵ
ਨਹੀ) ਪਰ ਗੁਰੂ ਸੁਮੱਤ ਬਖਸ਼ਦਾ ਹੈ ਕਿ:
ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ
ਕੋਇ॥ ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ॥ (57)
ਭਾਵ: ਹਰੇਕ ਦੁਨਿਆਵੀ ਜੀਵ ਦੁੱਖ ਨੂੰ ਛੱਡ ਕੇ ਕੇਵਲ ਸੁੱਖ
ਹੀ ਮੰਗਦਾ ਹੈ ਪਰ (ਮਾਇਕੀ) ਸੁੱਖ ਨੂੰ ਦੁੱਖ-ਰੂਪ ਫਲ ਬਹੁਤ ਲਗਦਾ ਹੈ। ਆਪਣੇ ਮਨ ਦੇ ਪਿਛੇ ਤੁਰਨ
ਵਾਲੇ ਬੰਦੇ ਨੂੰ ਇਸ (ਭੇਤ) ਦੀ ਸਮਝ ਨਹੀ ਆਉਂਦੀ (ਇਸ ਲਈ ਉਹ ਦੁਨਿਆਵੀ ਸੁੱਖ ਹੀ ਮੰਗਦਾ ਰਹਿੰਦਾ
ਹੈ) ਗੁਰੂ ਦਾ ਅਟੱਲ ਫੈਸਲਾ ਹੈ ਕਿ:
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ
ਸੁਖ॥ ਸੁਖੁ ਦੁਖੁ ਦੋਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ॥
(149)। ਭਾਵ: ਹੇ ਨਾਨਕ, (ਇਹ ਜੋ) ਦੁਖ ਨੂੰ ਛਡ
ਕੇ ਕੇਵਲ ਸੁੱਖ ਪਏ ਮੰਗਦੇ ਹਨ ਇਹ ਵਿਅਰਥ ਹੀ ਬੋਲਦੇ ਹਨ ਕਿਉਂਕਿ ਸੁੱਖ ਤੇ ਦੁੱਖ ਦੋਵੇਂ ਪ੍ਰਭੂ ਦੇ
ਦਰ ਤੋਂ ਕਪੜੇ ਮਿਲੇ ਹੋਏ ਹਨ ਜੋ ਹਰ ਮਨੁੱਖ ਨੂੰ ਪਹਿਨਣੇ ਹੀ ਪੈਂਦੇ ਹਨ। ਜਿਥੇ ਇਤਰਾਜ਼ ਜਾਂ ਗਿਲਾ
ਕੀਤਿਆਂ ਕੋਈ ਲਾਭ ਨਹੀ ਉਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਉਸਦੀ ਰਜ਼ਾ ਮੰਨਣ ਵਿੱਚ ਹੀ ਲਾਭ ਹੈ)।
ਇਹ ਬਾਹਰਲੇ ਸਰੀਰਕ ਤੇ ਮਾਇਕੀ ਸੁੱਖ ਦੁੱਖ ਤਾਂ ਪੀਰਾਂ, ਪੈਗੰਬਰਾਂ, ਗੁਰੂਆਂ ਤੇ ਭਗਤਾਂ ਤੇ ਵੀ
ਆਉਂਦੇ ਰਹੇ ਕਿਉਂਕਿ ਇਹ ਤਾਂ ਕਰਤੇ ਦਾ ਅਟੱਲ ਨਿਯਮ ਹੈ:
ਦੁਖੁ ਸੁਖੁ ਕਰਤੈ ਧੁਰਿ ਲਿਖਿ ਪਾਇਆ॥ ਦੂਜਾ ਭਾਉ ਆਪ ਵਰਤਾਇਆ॥ (1054)।
ਭਾਵ: ਹੇ ਭਾਈ, ਕਰਤਾਰ ਨੇ ਆਪਣੇ ਹੁਕਮ ਨਾਲ ਹੀ
ਦੁੱਖ ਸੁੱਖ (ਭੋਗਣਾ ਜੀਵਾਂ ਦੇ ਭਾਗਾਂ ਵਿਚ) ਲਿਖ ਕੇ ਪਾ ਦਿੱਤਾ ਹੈ। ਮਾਇਆ ਦਾ ਮੋਹ ਵੀ ਪਰਮਾਤਮਾ
ਨੇ ਆਪ ਹੀ ਵਰਤਾਇਆ ਹੋਇਆ ਹੈ। ਇਸ ਲਈ ਜਦੋਂ ਉਸ ਦੇ ਨਿਯਮ ਨੂੰ ਬਦਲਿਆ ਹੀ ਨਹੀ ਜਾ ਸਕਦਾ (ਦੁੱਖ
ਸੁੱਖ ਨਾਲ ਹੀ ਲਿਖੇ ਹਨ) ਤਾਂ ਸਰੀਰਕ ਸੁੱਖਾਂ ਲਈ ਅਰਦਾਸਾਂ, ਬੇਨਤੀਆਂ ਤੇ ਪ੍ਰਾਰਥਨਾਵਾਂ ਕਰਨੀਆਂ
ਇੱਕ ਨਿਰਾਰਥ ਕਿਰਿਆ ਹੀ ਸਾਬਤ ਹੁੰਦੀ ਹੈ। ਇਹ ਤਾਂ ਹਰ ਮਨੁੱਖ ਨੂੰ ਵਾਪਰਦੇ ਹਨ ਭਾਵੇਂ ਕਿਸੇ ਨੂੰ
ਵੀ ਪੁਛ ਵੇਖੋ: ਜਿਸੁ ਮਾਨੁਖ
ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ॥ (497)।
ਭਾਵ: ਹੇ ਭਾਈ, ਜਿਸ ਭੀ ਮਨੁੱਖ ਕੋਲ (ਮੈ ਆਪਣੇ) ਦੁੱਖ ਦੀ ਗਲ ਕਰਦਾ ਹਾਂ, ਉਹ ਅਗੋਂ ਆਪਣੇ ਦੁੱਖ
ਨਾਲ ਭਰਿਆ ਦਿਸਦਾ ਹੈ। ਉਹ ਆਪਣੇ ਹੀ ਦੁੱਖਾ ਦਾ ਚਿੱਠਾ ਖੋਲ ਬਹਿੰਦਾ ਹੈ। ਬਾਬਾ ਫਰੀਦ ਜੀ ਦੇ ਬੋਲ
ਹਨ ਕਿ: ਫਰੀਦਾ ਮੈ ਜਾਨਿਆ
ਦੁਖੁ ਮੁਝ ਕੂ ਦੁਖੁ ਸਬਾਇਆ ਜਗਿ॥ ਊਚੇ ਚੜਿ ਕੈ ਦੇਖਿਆ ਤਾ ਘਰਿ ਘਰਿ ਏਹਾ ਅਗਿ॥ (1382)।
ਭਾਵ: ਮੈ ਸਮਝਿਆ ਕਿ ਦੁੱਖ ਸਿਰਫ ਮੈਨੂੰ ਹੀ ਹੈ ਪਰ ਜਦੋਂ
ਜ਼ਰਾ ਉਚੇਰਾ ਧਿਆਨ ਮਾਰਿਆ ਤਾਂ ਪਤਾ ਲੱਗਾ ਕਿ ਸਾਰਾ ਸੰਸਾਰ ਹੀ ਦੁਖੀ ਹੈ। ਕਿਉਂਕਿ ਇਹ ਕੁਦਰਤ ਦਾ
ਨਿਯਮ ਹੈ। ਇਹਨਾਂ ਬਾਹਰਲੇ ਮਾਇਕੀ ਸਰੀਰਕ ਦੁੱਖਾਂ ਦੀ ਘਬਰਾਹਟ ਤੋਂ ਹੀ ਮਨੁੱਖ ਨੇ ਇਕੱਲੇ ਸੁੱਖ ਲਈ
ਬੜੇ ਯਤਨ ਕੀਤੇ। ਜਪ ਤਪ, ਪਾਠ, ਪੂਜਾ, ਭਜਨ, ਚਾਲੀਹੇ ਤੇ ਹੋਰ ਅਨੇਕ ਕਰਮਾਂ ਦੁਆਰਾ ਤਰਲੇ ਕੀਤੇ ਪਰ
ਸਫਲਤਾ ਨਾ ਹੋ ਸਕੀ। ਸਰੀਰਕ ਤੇ ਮਾਇਕੀ ਵਕਤੀ ਸੁੱਖਾਂ ਲਈ ਇਸ ਦੀ ਦੁਨਿਆਵੀ ਪਦਾਰਥਾਂ ਦੇ ਰਸਾਂ ਨੂੰ
ਭੋਗਣ ਦੀ ਦੌੜ ਵੱਧ ਗਈ ਪਰ ਜਿਤਨੀ ਦੌੜ ਤੇਜ਼ ਹੁੰਦੀ ਗਈ ਉਤਨਾ ਹੀ ਦੁੱਖ ਵਧਦਾ ਗਿਆ। ਅੱਜ ਮਨੁੱਖ
ਕੋਲ ਸੁੱਖਾਂ ਦੀਆਂ ਸਹੂਲਤਾਂ ਦਾ ਕੋਈ ਅੰਤ ਨਹੀ ਪਰ ਆਤਮਕ ਸੁੱਖ ਅੱਜ ਵੀ ਉਤਨਾ ਹੀ ਦੂਰ ਹੈ ਜਿਤਨਾ
ਪਹਿਲਾਂ ਸੀ। ਕਿਤੇ ਅਜੇਹਾ ਤਾਂ ਨਹੀ ਕਿ ਸਰੀਰਕ ਤੇ ਮਾਇਕੀ ਸੁੱਖਾਂ ਦੀ ਬਾਹਰਲੀ ਦੌੜ ਹੀ ਦੁੱਖਾਂ
ਦਾ ਕਾਰਨ ਹੈ? ਗੁਰਬਾਣੀ ਫੁਰਮਾਨ ਹੈ:
ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ
ਦੀਸੈ ਕੋਇ॥ (46)। ਫਿਟਕਾਰ ਯੋਗ ਮੋਹ ਮਾਇਆ ਵਿੱਚ
ਫਸਿਆ ਬੰਦਾ ਕਦੇ ਸਦੀਵੀ ਸੁਖੀ ਨਹੀ ਹੋ ਸਕਦਾ। ਇਹ ਤਾਂ ਰੇਤ ਦੀ ਬਣੀ ਕੰਧ ਵਾਂਗ ਹੀ ਹੈ ਜਿਸਦਾ ਪਤਾ
ਨਹੀ ਕਦੋਂ ਢਹਿ ਜਾਣਾ ਹੈ:
ਬਾਰੂ ਭਤਿ ਬਨਾਈ ਰਚਿ ਪਚਿ ਰਹਤ ਨਹੀ ਦਿਨਚਾਰਿ॥ ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਉ ਕਹਾ ਗਵਾਰਿ॥
(633)। ਇਸੇ ਤਰਾਂ ਹੀ ਇਹ ਮਾਇਕੀ ਸੁੱਖ ਹਨ
ਜਿਨ੍ਹਾ ਵਿੱਚ ਇਹ ਮੂਰਖ ਮਨੁੱਖ ਉਲਝਿਆ ਫਿਰਦਾ ਹੈ। ਗੁਰਬਾਣੀ, ਜਿਸਨੂੰ ਇਹ ਸਮਝੇ ਬਿਨਾ ਮੰਤ੍ਰਾਂ
ਵਾਂਗ ਹੀ ਦਿਨ ਰਾਤ ਪੜ੍ਹੀ ਜਾ ਰਿਹਾ ਹੈ, ਜੀਵਨ ਵਿੱਚ ਸਦੀਵੀ ਸੁੱਖ (ਅਨੰਦ) ਨੂੰ ਮਾਨਣ ਦਾ ਰਾਹ
ਦਸਦੀ ਹੈ। ਪਿਛੇ ਵੇਖ ਆਏ ਹਾਂ ਕਿ ਮਨੁੱਖ ਅਗਿਆਨਤਾ ਕਾਰਨ ਵਿਕਾਰਾਂ ਵਸ ਹੋ ਕੇ ਸਰੀਰਕ ਤੇ ਮਾਇਕੀ
ਦੁੱਖ ਸੁੱਖ ਭੋਗ ਰਿਹਾ ਹੈ ਇਸ ਲਈ ਸਦੀਵੀ ਸੁੱਖ ਦਾ ਰਾਹ ਦਸਦੇ ਗੁਰੂ ਦਾ ਫੁਰਮਾਨ ਹੈ:
ਸਰਬ ਸੁਖਾ ਸੁਖੁ ਸਾਚਾ ਏਹੁ॥ ਗੁਰ ਉਪਦੇਸੁ ਮਨੈ ਮਹਿ ਲੇਹੁ॥ (177)।
ਭਾਵ: ਹੇ ਭਾਈ, ਗੁਰੂ ਦਾ ਉਪਦੇਸ਼ (ਗੁਰਬਾਣੀ)
ਆਪਣੇ ਮਨ ਵਿੱਚ ਟਿਕਾ ਕੇ ਰੱਖ। ਇਹੀ ਹੈ ਸਾਰੇ ਸੁੱਖਾਂ ਤੋਂ ਸ੍ਰੇਸ਼ਟ ਤੇ ਸਦੀਵੀ (ਸਦਾ ਕਾਇਮ ਰਹਿਣ
ਵਾਲਾ) ਸੁੱਖ। ਭਾਵ ਇਹੀ ਕਿ ਗੁਰਬਾਣੀ ਤੇ ਚਲ ਕੇ ਹੀ ਅਨੰਦ ਦੀ ਪ੍ਰਾਪਤੀ ਹੋ ਸਕਦੀ ਹੈ।
ਗੁਰ ਕਾ ਕਹਿਆ ਜੇ ਕਰੇ ਸੁਖੀ ਹੂ ਸੁਖੁ
ਸਾਰੁ॥ ਗੁਰ ਕੀ ਕਰਣੀ ਭਉ ਕਟੀਐ ਨਾਨਕ ਪਾਵਹਿ ਪਾਰੁ॥ (1248)।
ਭਾਵ: ਜੇ ਮਨੁੱਖ ਸਤਿਗੁਰ ਦੇ ਦੱਸੇ ਹੁਕਮ ਦੀ ਪਾਲਣਾ ਕਰੇ
ਤਾਂ ਸੁਖਾਂ ਵਿਚੋਂ ਸ੍ਰੇਸ਼ਟ ਸੁੱਖ (ਅਨੰਦ) ਪ੍ਰਾਪਤ ਹੋ ਜਾਂਦਾ ਹੈ। ਤਾਂ ਫਿਰ ਅਨੰਦ ਦੀ ਪ੍ਰਾਪਤੀ
ਲਈ ਗੁਰੂ ਦਾ ਉਪਦੇਸ਼ ਜਾਂ ਹੁਕਮ ਕੀ ਹੈ?
ਅਨਦ ਕਰਹੁ ਤਜਿ ਸਗਲ ਬਿਕਾਰ॥ ਨਾਨਕ
ਹਰਿ ਜਪਿ ਉਤਰਹੁ ਪਾਰ॥ (899)। ਭਾਵ: ਹੇ ਨਾਨਕ,
ਸਾਰੇ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਛੱਡ ਕੇ ਅਨੰਦ ਮਾਣਿਆ ਜਾ ਸਕਦਾ ਹੈ। ਪਰਮਾਤਮਾ
ਦਾ ਨਾਮ (ਹੁਕਮ ਨੂੰ) ਜਪ (ਜਾਣ) ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਉਗੇ। ਭਾਵ ਇਹੀ ਹੈ ਕਿ ਗੁਰੂ
ਦੀ ਸਿਖਿਆ ਦੁਆਰਾ ਅਉਗੁਣਾ ਨੂੰ ਤਿਆਗ ਕੇ ਹੀ ਸਦੀਵੀ ਸੁੱਖ ਪ੍ਰਾਪਤ ਹੋ ਸਕਦਾ ਹੈ।
ਕਰਿ ਕਿਰਪਾ ਜਿਸਕੇ ਹਿਰਦੈ ਗਰੀਬੀ
ਬਸਾਵੈ॥ ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥ (278)।
ਭਾਵ: ਮਿਹਰ ਕਰਕੇ ਜਿਸ ਮਨੁੱਖ ਦੇ ਦਿਲ ਵਿੱਚ ਗਰੀਬੀ
ਸੁਭਾਉ (ਦਾ ਗੁਣ) ਪਾਂਦਾ ਹੈ, ਹੇ ਨਾਨਕ, (ਉਹ ਮਨੁੱਖ) ਇਸ ਜ਼ਿੰਦਗੀ ਵਿੱਚ ਵਿਕਾਰਾਂ ਤੋਂ ਬਚਿਆ
ਰਹਿੰਦਾ ਹੈ ਤੇ ਪਰਲੋਕ ਵਿੱਚ ਸੁੱਖ ਪਾਉਂਦਾ ਹੈ। ਕਿਰਪਾ ਉਸਤੇ ਹੀ ਹੋਵੇਗੀ ਜੋ ਉਸਦੇ ਹੁਕਮ ਵਿੱਚ
ਚਲੇਗਾ, ਇਸ ਲਈ ਜੋ ਉਸਦੇ ਹੁਕਮ ਵਿੱਚ ਚਲ ਕੇ ਗੁਣਾਂ ਨੂੰ ਧਾਰਨ ਕਰੇਗਾ ਉਹੀ ਸਦੀਵੀ ਸੁੱਖ ਨੂੰ
ਪ੍ਰਾਪਤ ਕਰ ਲਵੇਗਾ। ਸਤਿਗੁਰੁ
ਸੁਖ ਸਾਗਰੁ ਜਗ ਅੰਤਰਿ ਹੋਰ ਥੈ ਸੁਖੁ ਨਾਹੀ॥ ਹਉਮੈ ਜਗਤੁ ਦੁਖਿ ਰੋਗਿ ਵਿਆਪਿਆ ਮਰਿ ਜਨਮੈ ਰੋਵੈ
ਧਾਹੀ॥ (603) ਭਾਵ: ਹੇ ਭਾਈ, ਜਗਤ ਵਿੱਚ ਗੁਰੂ
(ਹੀ) ਸੁੱਖ ਦਾ ਸਮੁੰਦਰ ਹੈ, (ਗੁਰੂ ਤੋਂ ਬਿਨਾ) ਕਿਸੇ ਹੋਰ ਥਾਂ ਸੁੱਖ ਨਹੀ ਮਿਲਦਾ। ਜਗਤ ਆਪਣੀ
ਹਉਮੈ ਦੇ ਕਾਰਨ (ਗੁਰੂ ਤੋਂ ਖੁੰਝ ਕੇ) ਦੁੱਖ ਰੋਗ ਵਿੱਚ ਗ੍ਰਸਿਆ ਰਹਿੰਦਾ ਹੈ, ਮੁੜ ਮੁੜ ਆਤਮਕ
ਮੌਤੇ ਜੰਮਦਾ ਮਰਦਾ ਤੇ ਧਾਹਾਂ ਮਾਰ ਮਾਰ ਕੇ ਰੋਂਦਾ ਤੇ ਦੁਖੀ ਹੁੰਦਾ ਹੈ। ਭਾਵ ਫਿਰ ਉਹੀ ਹੈ ਕਿ
ਗੁਰੂ (ਗੁਰਬਾਣੀ) ਹੀ ਸੁੱਖ ਸਾਗਰ ਹੈ ਜਿਸਤੇ ਚਲ ਕੇ ਮਨੁੱਖ ਆਪਣੀ ਹਉਮੈ (ਅਉਗਣ) ਤਿਆਗ ਕੇ ਸਦੀਵੀ
ਸੁੱਖ ਨੂੰ ਹਾਸਲ ਕਰ ਸਕਦਾ ਹੈ।
ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ
ਅਰੋਗ॥ ਨਾਨਕ ਦ੍ਰਿਸ਼ਟੀ ਆਇਆ ਉਸਤਤਿ ਕਰਨੈ ਜੋਗੁ॥ (260)।
ਭਾਵ: ਜਦੋਂ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ ਤਦੋਂ ਹੀ
ਇਸਨੂੰ ਆਤਮਕ ਅਨੰਦ ਮਿਲਦਾ ਹੈ ਜਿਸ ਦੁਆਰਾ ਇਸ ਦਾ ਮਨ ਅਤੇ ਤਨ ਨਰੋਏ ਹੋ ਜਾਂਦੇ ਹਨ। ਹੇ ਨਾਨਕ,
(ਹਉਮੈ ਮਿਟਦਿਆਂ ਹੀ) ਮਨੁੱਖ ਨੂੰ ਪਰਮਾਤਮਾ (ਹਰ ਥਾਂ) ਦਿਸ ਪੈਂਦਾ ਹੈ ਜੋ ਸਚ-ਮੁਚ ਸਿਫਤਿ ਸਾਲਾਹ
ਦਾ ਹੱਕਦਾਰ ਹੈ। ਵਿਕਾਰਾਂ ਨੂੰ ਮਿਟਾਏ ਬਿਨਾ ਅਨੰਦ ਪ੍ਰਾਪਤ ਨਹੀ ਹੋ ਸਕਦਾ ਕਿੳਂਕਿ ਵਿਕਾਰ ਹੀ
ਦੁੱਖਾਂ ਦੀ ਹੋਂਦ ਹੈ। ਅਗਿਆਨਤਾ ਕਾਰਨ ਪਰਮਾਤਮਾ (ਗੁਰੂ) ਦੀ ਰਜ਼ਾ ਤੋਂ ਮੁਨਕਰ ਹੁੰਦਿਆਂ ਹੀ ਮਨੁੱਖ
ਨੂੰ ਵਿਕਾਰ ਘੇਰ ਲੈਂਦੇ ਹਨ (ਜੋ ਦੁੱਖ ਦੀ ਹੋਂਦ ਹੈ)। ਦੁੱਖ ਆਪੇ ਵਿੱਚ ਕੁੱਝ ਨਹੀ, ਕੇਵਲ ਸੁੱਖਾਂ
ਤੇ ਗਿਆਨ ਦੇ ਸਾਗਰ ਪਰਮਾਤਮਾ ਦੀ ਹੁਕਮ ਅਦੂਲੀ (ਗੈਰਹਾਜ਼ਰੀ) ਹੀ ਦੁੱਖ ਹੈ। ਜਦੋਂ ਗੁਰਮਤਿ ਰਾਹੀਂ
ਮਨੁੱਖ ਵਿਕਾਰਾਂ ਨੂੰ ਤਿਆਗਦਾ ਹੈ ਤਾਂ ਉਹ ਸਦੀਵੀ ਸੁੱਖ (ਅਨੰਦ) ਨੂੰ ਪ੍ਰਾਪਤ ਕਰ ਲੈਂਦਾ ਹੈ।
ਗੁਰੂ ਦੇ ਬਚਨ ਹਨ:
ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ॥ ਅਲਹ ਭਾਵੈ ਸੋ ਭਲਾ
ਤਾਂ ਲਭੀ ਦਰਬਾਰੁ॥ (1383)। ਭਾਵ: ਹੇ ਫਰੀਦਾ,
ਦੁੱਖ ਤੇ ਸੁੱਖ ਨੂੰ ਇਕੋ ਜੇਹਾ ਜਾਣ ਤੇ ਦਿਲ ਚੋਂ ਵਿਕਾਰ ਕੱਢ ਦੇ। ਜੋ ਰੱਬ ਦੀ ਰਜ਼ਾ ਵਿੱਚ ਵਰਤੇ
ਉਸ ਨੂੰ ਹੀ ਚੰਗਾ ਜਾਣ ਤਾਂ ਤੈਨੂੰ ਪਤਮਾਤਮਾ ਦੀ ਦਰਗਾਹ (ਸਦੀਵੀ ਸੁੱਖ) ਦੀ ਪ੍ਰਾਪਤੀ ਹੋਵੇਗੀ।
ਸਪਸ਼ਟ ਹੈ ਕਿ ਰੱਬ (ਜਾਂ ਗੁਰੂ) ਦੀ ਰਜ਼ਾ ਵਿੱਚ ਚਲਣਾ ਹੀ ਦੁੱਖ ਸੁੱਖ ਨੂੰ ਇਕੋ ਜਿਹਾ ਜਾਨਣਾ ਹੈ
ਜਾਂ ਦੂਜੇ ਪਾਸਿਉਂ ਕਿਹਾ ਜਾ ਸਕਦਾ ਹੈ ਕਿ ਆਏ ਹਰ ਸੁੱਖ ਦੁੱਖ ਨੂੰ ਬਿਨਾ ਗਿਲੇ ਜਾਂ ਸ਼ਿਕਵੇ ਦੇ
ਕਬੂਲ ਕਰਨਾ ਹੀ ਰੱਬ ਦੀ ਰਜ਼ਾ ਵਿੱਚ ਚਲਣਾ ਹੈ। ਪ੍ਰਭੂ ਦੀ ਰਜ਼ਾ ਵਿੱਚ ਚਲ ਕੇ ਵਿਕਾਰਾਂ ਤੋਂ ਮੁਕਤ
ਹੋਣ ਕਾਰਨ ਦੁੱਖ (ਦੀ ਹੋਂਦ) ਮਿਟ ਜਾਂਦਾ ਹੈ ਤੇ ਇੱਕ ਸੁੱਖ ਹੀ ਰਹਿ ਜਾਂਦਾ ਹੈ। ਇਹੀ ਦੁੱਖ ਸੁੱਖ
ਨੂੰ ਇੱਕ ਕਰਨ ਦਾ ਭਾਵ ਹੈ।
ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ॥ (156)।
ਇਹ ਖੇਲ ਕਠਨ ਇਸ ਲਈ ਹੈ ਕਿਉਂਕਿ ਮਨੁੱਖ ਜਨਮ ਤੋਂ ਹੀ
ਸਰੀਰਕ ਤੇ ਮਾਇਕੀ ਵਕਤੀ ਸੁੱਖਾਂ ਨੂੰ ਹੀ ਪੂਰਨ ਸੁੱਖ ਸਮਝ ਬੈਠਾ ਹੈ ਤੇ ਸਦਾ ਇਸ ਦੇ ਲਈ ਹੀ ਦੌੜ
ਭੱਜ ਕਰਦਾ ਰਹਿੰਦਾ ਹੈ। ਆਤਮਕ ਅਨੰਦ ਤਾਂ ਅੱਜ ਕੇਵਲ ਕਹਿਣ ਸੁਣਨ ਨੂੰ ਹੀ ਰਹਿ ਗਿਆ ਹੈ। ਗੁਰੂ ਇਸ
ਬਾਰੇ ਗਿਆਨ ਬਖਸ਼ਿਸ਼ ਕਰਦਾ ਹੈ:
ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ
ਗੁਰੂ ਤੇ ਜਾਣਿਆ॥ (917)। ਆਖਣ ਨੂੰ ਤਾਂ ਹਰ ਕੋਈ
ਆਖ ਦਿੰਦਾ ਹੈ ਕਿ ਮੈਨੂੰ ਆਨੰਦ ਹਾਸਲ ਹੋ ਗਿਆ ਪਰ (ਅਸਲ) ਆਨੰਦ ਦੀ ਸੂਝ ਗੁਰੂ ਕੋਲੋਂ ਹੀ ਮਿਲਦੀ
ਹੈ ਤੇ ਸਤਿਗੁਰ ਦੇ ਬਚਨ ਹਨ:
ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨ ਸਾਰਿਆ॥ ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ
ਸਵਾਰਿਆ॥ ਕਹੈ ਨਾਨਕੁ ਏਹੁ ਆਨੰਦੁ ਹੈ ਆਨੰਦੁ ਗੁਰੂ ਤੇ ਜਾਣਿਆ॥ (917)।
ਭਾਵ: ਗੁਰੂ ਮਿਹਰ ਕਰਕੇ (ਉਸ ਦੇ ਅੰਦਰੋਂ) ਪਾਪ (ਵਿਕਾਰ)
ਕਟ ਦਿੰਦਾ ਹੈ ਅਤੇ (ਉਸ ਦੀਆਂ ਵਿਚਾਰ-ਅੱਖਾਂ ਵਿਚ) ਆਤਮਕ ਸੂਝ (ਗਿਆਨ) ਦਾ ਸੁਰਮਾ ਪਾਂਦਾ ਹੈ।
ਜਿਨ੍ਹਾਂ ਮਨੁੱਖਾਂ ਦੇ ਮਨ ਵਿਚੋਂ ਮਾਇਆ ਦਾ ਮੋਹ ਮੁੱਕ ਜਾਂਦਾ ਹੈ, ਪ੍ਰਭੂ ਉਹਨਾਂ ਦਾ ਬੋਲ ਹੀ
ਮਿੱਠਾ ਸੁਚੱਜਾ ਕਰ ਦਿੰਦਾ ਹੈ। ਨਾਨਕ ਆਖਦਾ ਹੈ, ਅਸਲ ਆਨੰਦ ਇਹੀ ਹੈ ਤੇ ਇਹ ਆਨੰਦ ਗੁਰੂ ਤੋਂ ਹੀ
ਸਮਝਿਆ ਜਾ ਸਕਦਾ ਹੈ। ਵਿਕਾਰ ਹੀ ਦੁੱਖਾਂ ਦੀ ਹੋਂਦ ਹਨ ਇਸ ਲਈ ਜੋ ਗੁਰਮਤਿ ਦੁਆਰਾ ਇਹਨਾਂ ਤੋਂ
ਮੁਕਤ ਹੋਵੇਗਾ ਉਹੀ ਸੁੱਖ ਅਤੇ ਦੁੱਖ ਨੂੰ ਇਕੋ ਜਿਹਾ ਜਾਣੇਗਾ। ਇਕੋ ਜਿਹਾ ਜਾਨਣ ਤੋਂ ਭਾਵ ਇਹੀ ਹੈ
ਕਿ ਦੁੱਖ ਦੇ ਮਿਟ ਜਾਣ ਕਾਰਨ ਕੇਵਲ ਸੁੱਖ ਹੀ ਰਹਿ ਜਾਂਦਾ ਹੈ। ਮਨ ਸੁੱਖ ਦੁੱਖ ਤੋਂ ਅਡੋਲ ਹੋ
ਜਾਂਦਾ ਹੈ, ਸਹਜ ਅਵਸਥਾ ਆ ਜਾਂਦੀ ਹੈ, ਸਮਤਾ ਪ੍ਰਾਪਤ ਹੋ ਜਾਂਦੀ ਹੈ। ਗੁਰਬਾਣੀ ਫੁਰਮਾਨ ਹੈ:
ਸਹਜ ਅਨੰਦ ਹਰਿ ਸਾਧੂ ਮਾਹਿ॥ ਆਗਿਆਕਾਰੀ ਹਰਿ ਹਰਿ ਰਾਇ॥ ਰਹਾਉ॥ ਜਾ ਕੈ
ਦੁਖੁ ਸੁਖੁ ਸਮ ਕਰਿ ਜਾਪੈ॥ ਤਾ ਕਉ ਕਾੜਾ ਕਹਾ ਬਿਆਪੈ॥ (186)।
ਭਾਵ: ਪਰਮਾਤਮਾ ਦੇ ਭਗਤ ਦੇ ਹਿਰਦੇ ਵਿੱਚ (ਸਦਾ) ਅਡੋਲਤਾ
ਬਣੀ ਰਹਿੰਦੀ ਹੈ, (ਹਰੀ ਦਾ ਭਗਤ) ਪ੍ਰਭੂ ਦੀ ਆਗਿਆ ਵਿੱਚ ਹੀ ਤੁਰਦਾ ਹੈ। (ਪ੍ਰਭੂ ਦੀ ਰਜ਼ਾ ਵਿੱਚ
ਤੁਰਨ ਕਾਰਨ) ਜਿਸ ਮਨੁੱਖ ਦੇ ਹਿਰਦੇ ਵਿੱਚ ਦੁੱਖ ਸੁੱਖ ਇਕੋ ਜਿਹਾ ਪਰਤੀਤ ਹੁੰਦਾ ਹੈ, ਉਸ ਨੂੰ ਕੋਈ
ਚਿੰਤਾ-ਫਿਕਰ ਕਦੇ ਨਹੀ ਦਬਾ ਸਕਦਾ। ਉਸ ਲਈ ਫਿਰ ਦੁੱਖ ਦੀ ਹੋਂਦ ਮਿਟ ਜਾਂਦੀ ਹੈ ਤੇ ਉਹ ਫਿਰ ਇਹੀ
ਆਖੇਗਾ: ਦੁਖੁ ਨਾਹੀ ਸਭੁ
ਸੁਖੁ ਹੀ ਹੈ ਰੇ ਏਕੈ ਏਕੀ ਨੇਤੈ॥ ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭੁ ਜੇਤੈ॥ ਸੋਗੁ
ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ॥ ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ
ਰਮਤੈ॥ (1302)। ਭਾਵ: ਹੇ ਭਾਈ, (ਜਿਸਦੀ ਇੱਕ
ਨਾਲ ਸਾਂਝ ਪੈ ਜਾਵੇ) ਉਸ ਨੂੰ ਕੋਈ ਦੁੱਖ ਨਹੀ ਪੋਹ ਸਕਦਾ, ਉਸ ਦੇ ਅੰਦਰ ਸਦਾ ਅਨੰਦ ਹੀ ਅਨੰਦ
ਰਹਿੰਦਾ ਹੈ, (ਹਰ ਥਾਂ ਪਰਮਾਤਮਾ ਨੂੰ ਵਸਦਾ ਜਾਣ ਕੇ) ਉਸ ਨੂੰ ਕੋਈ ਬੁਰਾ ਨਹੀ ਜਾਪਦਾ ਸਭ ਭਲੇ ਹੀ
ਨਜ਼ਰ ਆਉਂਦੇ ਹਨ, (ਵਿਕਾਰ ਰਹਿਤ ਹੋਣ ਕਰਕੇ) ਉਸ ਲਈ ਕਦੇ ਹਾਰ ਨਹੀ ਬਲਿਕੇ ਸਦਾ ਜਿੱਤ ਹੀ ਜਿੱਤ ਹੈ,
ਕਦੇ ਵੀ ਦੁੱਖ ਦੀ ਚਿੰਤਾ ਨਹੀ ਸਦਾ ਅਨੰਦ ਹੀ ਅਨੰਦ ਹੈ ਜਿਸਨੂੰ ਛੱਡ ਕੇ ਉਹ ਹੋਰ ਕੁਛ ਗ੍ਰਹਿਣ ਨਹੀ
ਕਰਦਾ। ਇੱਕ ਨਾਲ ਸਾਂਝ ਪਾਉਣ ਵਾਲਾ ਫਿਰ (ਸੁੱਖ ਦੁੱਖ ਦੀ) ਦੁਵੈਤ ਤੋਂ ਮੁਕਤ ਹੋ ਜਾਂਦਾ ਹੈ।
ਸੁਖੁ ਦੁਖੁ ਦੋਨੋ ਸਮ ਕਰਿ
ਜਾਨੈ ਅਉਰੁ ਮਾਨੁ ਅਪਮਾਨਾ॥ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥ ਉਸਤਤਿ ਨਿੰਦਾ ਦੋਊ
ਤਿਆਗੈ ਖੋਜੈ ਪਦ ਨਿਰਬਾਨਾ॥ ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥ (219)।
ਭਾਵ: ਜੋ, ਸੁੱਖ ਅਤੇ ਦੁੱਖ, ਆਦਰ ਅਤੇ ਨਿਰਾਦਰ,
ਖੁਛੀ ਅਤੇ ਗ਼ਮੀ ਨੂੰ ਇਕੋ ਜਿਹਾ ਜਾਣਦਾ ਹੈ, ਉਸ ਨੇ ਜੀਵਨ ਦੇ ਤੱਤ (ਭੇਦ) ਨੂੰ ਜਾਣ ਲਿਆ। ਉਹ, ਨਾ
ਹੀ ਖੁਸ਼ਾਮਦ ਕਰਦਾ ਹੈ ਤੇ ਨਾ ਹੀ ਨਿੰਦਾ ਕਰਦਾ ਹੈ ਤੇ ਸਦਾ ਵਾਸ਼ਨਾ ਰਹਿਤ ਹੋਣ ਦੀ ਅਵਸਥਾ ਲੱਭਦਾ
ਹੈ। ਪਰ ਹੇ ਨਾਨਕ, ਜੀਵਨ ਦੀ ਇਹ ਖੇਡ ਬੜੀ ਔਖੀ ਹੈ ਤੇ ਕੋਈ ਵਿਰਲਾ ਹੀ ਗੁਰੂ ਦੀ ਸ਼ਰਨ ਪੈ ਕੇ ਇਹ
ਸਮਝਦਾ ਹੈ। ਜਿਸ ਨੇ ਗੁਰੂ ਦੀ ਮਤ ਤੇ ਚਲ ਕੇ ਵਿਕਾਰਾਂ ਤੋਂ ਮੁਕਤੀ ਪਾ ਲਈ, ਉਹ ਦੁਵੈਤ ਵਿਚੋਂ ਇੱਕ
ਨੂੰ ਪਛਾਣ ਕੇ ਜੀਵਨ ਦਾ ਸਹੀ ਭੇਦ ਪਾ ਲੈਂਦਾ ਹੈ ਤੇ ਜੀਵਨ ਦੀ ਔਖੀ ਖੇਡ ਨੂੰ ਜਿੱਤ ਕੇ ਸਦੀਵੀ
ਸੁੱਖ ਨੂੰ ਪ੍ਰਾਪਤ ਕਰ ਲੈਂਦਾ ਹੈ।
ਦਰਸ਼ਨ ਸਿੰਘ’
ਵੁਲਵਰਹੈਂਪਟਨ, ਯੂ. ਕੇ.
|
. |