.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੋਲਡ ਮੈਡਲ ਦੀ ਖਿੱਚ ਧੂਅ

ਥੋੜੇ ਬੰਦੇ ਹੈਣ ਜੋ ਆਪਣੀ ਤਰੀਫ਼ ਸੁਣਨੀ ਪਸੰਦ ਨਹੀਂ ਕਰਦੇ ਵਰਨਾਂ ਹਰ ਬੰਦੇ ਵਿੱਚ ਕਮਜ਼ੋਰੀ ਹੈ ਕਿ ਉਹ ਆਪਣੀ ਤਰੀਫ਼ ਦੇ ਪੁੱਲ ਬੰਨ੍ਹਣੇ ਸੁਣਨੇ ਪਸੰਦ ਕਰਦਾ ਹੈ। ਰਾਜਿਆਂ ਮਹਾਂਰਾਜਿਆਂ ਦੇ ਦਰ `ਤੇ ਜਾ ਕੇ ਡੂੰਮ ਉਹਨਾਂ ਦੀ ਸਿਫਤ ਵਿੱਚ ਸੋਹਲੇ ਗਉਂਦੇ ਹੁੰਦੇ ਸਨ। ਹਜ਼ਾਰਾਂ ਬੰਦਿਆਂ ਦਾ ਕਤਲ ਕਰਕੇ ਰਾਜਾ ਬਣਿਆ ਡੂੰਮਾਂ ਦੀ ਨਜ਼ਰ ਵਿੱਚ ਇੱਕ ਭਗਵਾਨ ਦਾ ਰੂਪ ਹੁੰਦਾ ਸੀ। ਰਾਜਾ ਵੀ ਬਹੁਤ ਖੁਸ਼ ਹੁੰਦਾ ਸੀ ਕਿ ਵਾਕਿਆ ਹੀ ਮੈਂ ਭਗਵਾਨ ਹਾਂ ਤੇ ਮੇਰੇ ਵਰਗਾ ਕੋਈ ਹੋਰ ਧਰਮੀ ਨਹੀਂ ਹੋ ਸਕਦਾ। ਝੂਠੀ ਤਾਰੀਫ਼ ਸੁਣ ਕੇ ਰਾਜਾ ਜਦੋਂ ਖੁਸ਼ ਹੁੰਦਾ ਸੀ ਤਾਂ ਡੂਮਾਂ ਨੂੰ ਮਾਇਆ ਦੇ ਗੱਫਿਆਂ ਨਾਲ ਨਿਹਾਲ ਕਰ ਦੇਂਦਾ ਸੀ। ਕਈ ਵਾਰੀ ਮਾਇਆਂ ਏੰਨੀ ਦੇ ਦਿੱਤੀ ਜਾਂਦੀ ਸੀ ਕਿ ਸਿਫਤ ਕਰਨ ਵਾਲਿਆਂ ਨੂੰ ਉਹ ਮਾਇਆ ਖੋਤਿਆਂ `ਤੇ ਲੱਦ ਕਿ ਲਿਆਉਣੀ ਪੈਂਦੀ ਸੀ। ਜਿੰਨ੍ਹਾਂ ਚਿਰ ਮਾਇਆ ਮੁੱਕ ਨਹੀਂ ਜਾਂਦੀ ਸੀ ਓਨਾ ਚਿਰ ਤੀਕ ਡੂੰਮ ਰਾਜੇ ਵਲ ਨੂੰ ਮੂੰਹ ਨਹੀਂ ਕਰਦੇ ਸੀ। ਰਾਜੇ ਵਲੋਂ ਮਿਲੀ ਮਾਇਆ ਨਾਲ ਡੂੰਮ ਖੂਬ ਮੌਜਾਂ ਮਾਣਦੇ, ਵਿਹਲੇ ਰਹਿੰਦੇ ਸਨ। ਰੁੱਖਾਂ ਦੀ ਛਾਂਵਾਂ ਥੱਲੇ ਬਾਰ੍ਹਾਂ ਟਹਿਣੀ ਖੇਢਦੇ ਰਹਿਣਾ ਤੇ ਲੰਘਦੇ ਜਾਂਦੇ ਨੂੰ ਟਿਚਰ ਕਰ ਛੱਡਣੀ ਇਹਨਾਂ ਦੇ ਮਨ ਭਾਉਂਦੇ ਸ਼ੌਕ ਸਨ। ਇੱਕ ਰਾਜੇ ਦੇ ਦਰਬਾਰ ਜਾਣਾ ਦੂਜਾ ਬਿਨਾਂ ਹੱਡ ਭੰਨਣ ਦੇ ਮਿਲੀ ਮਾਇਆ ਕਰਕੇ ਕੁੱਝ ਮਾਣ ਵੀ ਹੋ ਜਾਂਦਾ ਸੀ। ਸਿਆਣੇ ਕਹਿੰਦੇ ਨੇ ਜਿਦ੍ਹੀ ਕੋਠੀ ਦਾਣੇ ਓਦ੍ਹੇ ਕਮਲੇ ਵੀ ਸਿਆਣੇ। ਫਿਰ ਅਜੇਹੇ ਲੋਕ ਹਰ ਬੰਦੇ ਨੂੰ ਟਿੱਚ ਹੀ ਜਾਣਦੇ ਸਨ। ਸਿਆਣਿਆਂ ਨੇ ਇਹ ਮੁਹਾਵਰਾ ਬਣਾਇਆ ਹੋਇਆ ਸੀ, ਕਿ ਇਹਨਾਂ ਲੋਕਾਂ ਨੂੰ ਕਦੇ ਵੀ ਟਿੱਚਰ ਨਹੀਂ ਕਰਨੀ ਚਾਹੀਦੀ। ਇਹਨਾਂ ਲੋਕਾਂ ਵਲੋਂ ਦਿੱਤੇ ਜਵਾਬ ਦਾ ਕੋਈ ਜੁਆਬ ਨਹੀਂ ਹੁੰਦਾ ਸੀ। ਬੰਦਾ ਅੱਗੋਂ ਉੱਤਰ ਦੇਣ ਦੀ ਬਜਾਏ ਕੰਨ ਵਲੇਟ ਕੇ ਤੁਰਨ ਨੂੰ ਹੀ ਤਰਜੀਹ ਦੇਂਦਾ ਸੀ।
ਕਈ ਚੁਟਕਲੇ ਵੀ ਬਣੇ ਹੋਏ ਹਨ ਕਿਸੇ ਪੁਲੀਸੀਏ ਨੇ ਪੁਲੀਸੀਏ ਲਹਿਜ਼ੇ ਵਿੱਚ ਹੀ ਪੱਛਿਆ, ਕਿ “ਆਹ ਮੁੰਡਾ ਤੇਰਾ ਆ ਓਏ” ? ਤਾਂ ਅੱਗੋਂ ਬਣਾ ਸਵਾਰ ਕਿ ਉੱਤਰ ਸੁਣਨ ਨੂੰ ਮਿਲਦਾ ਸੀ, “ਜਨਾਬ ਕਿਸੇ ਦਾ ਵੀ ਹੋਵੇ ਆਪਾਂ ਪੁਲਸ ਵਿੱਚ ਹੀ ਭਰਤੀ ਕਰਾਉਣਾ ਹੈ”। ਪੁੱਛਣ ਵਾਲੇ ਦੀ ਭੈਂ ਬੋਲ ਜਾਂਦੀ ਸੀ ਫਿਰ ਕਿਸੇ ਦੀ ਜੁਅਰਤ ਹੀ ਨਹੀਂ ਰਹਿੰਦੀ ਸੀ ਕਿ ਮੈਂ ਇਸ ਨੂੰ ਮੁੜ ਕੇ ਕੁੱਝ ਹੋਰ ਪੁੱਛਾਂ। ਲੋਕ ਇਹਨਾਂ ਦੀ ਗੱਲ ਦਾ ਗੁੱਸਾ ਵੀ ਨਹੀਂ ਕਰਦੇ ਸਨ ਤੇ ਅੱਜ ਵੀ ਨਹੀਂ ਕਰਦੇ।
ਰਾਜਿਆਂ ਦੀਆਂ ਸਲਤਨਤਾਂ ਖੁਰਨੀਆਂ ਸ਼ੁਰੂ ਹੋਈਆਂ ਤਾਂ ਇਹ ਲੋਕ ਵੀ ਖੁਰਨੇ ਸ਼ੁਰੂ ਹੋਏ, ਪਰ ਧਾਰਮਕ ਆਗੂ ਲਸੂੜੇ ਦੀ ਗਿਟਕ ਵਾਂਗ ਚਿੰਬੜੇ ਰਹੇ। ਲੋਕ ਰਾਜੀ ਭਾਵਨਾ ਨੇ ਆਕੜ ਲਿਆ ਤਾਂ ਨਾਲ ਹੀ ਇਹਨਾਂ ਦੀ ਜਗ੍ਹਾ ਵੀ ਬਦਲ ਗਈ। ਫਿਰ ਅਮੀਰ ਲੋਕ ਇਹਨਾਂ ਪਾਸੋਂ ਆਪਣੀ ਤਾਰੀਫ਼ ਸੁਣ ਕੇ ਬਹੁਤ ਖੁਸ਼ ਹੁੰਦੇ। ਡੂੰਮ ਤੇ ਪੁਜਾਰੀ ਨੇ ਆਪਣੀ ਉਪਜੀਵਕਾ ਨੂੰ ਪੱਕੇ ਤੌਰ `ਤੇ ਪੱਕਿਆਂ ਕਰਨ ਦਾ ਬਥੇਰਾ ਯਤਨ ਕੀਤਾ। ਦੋਹਾਂ ਸ਼੍ਰੇਣੀਆਂ ਵਿਚੋਂ ਪੁਜਾਰੀ ਲੈਂਟਰ ਵਾਂਗ ਪੱਕਾ ਹੋ ਗਿਆ। ਅਜੇ ਲੈਂਟਰ ਵਿੱਚ ਤਾਂ ਭਾਵੇ ਤਰੇੜ ਆ ਜਾਏ ਪਰ ਪੁਜਾਰੀ ਦਾ ਕੀਤਾ ਹਰ ਕੰਮ ਇਸ ਲੈਂਟਰ ਨਾਲੋਂ ਵੀ ਪੱਕਾ ਹੁੰਦਾ ਹੈ। ਇਹਨਾਂ ਪੁਜਾਰੀਆਂ ਨੇ ਇਹਨਾਂ ਰਾਜਿਆਂ ਦੇ ਕੀਤੇ ਹਰ ਕੁਕਰਮ ਨੂੰ ਧਰਮ ਦੇ ਨਾਂ ਥੱਲੇ ਲਕਾਉਣ ਦਾ ਯਤਨ ਕੀਤਾ। ਇਹਨਾਂ ਪੁਜਾਰੀਆਂ ਨੂੰ ਰਾਜ-ਦਰਬਾਰੀ ਪੁਜਾਰੀਆਂ ਦੇ ਉੱਚ ਅਹੁਦੇ ਦਿੱਤੇ ਹੋਏ ਸਨ। ਰਾਜ ਭਾਗ ਦੀ ਹਰ ਸਹੂਲਤ ਦਾ ਖੁਲ੍ਹੇ ਆਮ ਅਨੰਦ ਮਾਣਦੇ ਸਨ। ਰਾਜੇ ਦੇ ਕੀਤੇ ਹਰ ਗੁਨਾਹ ਨੂੰ ਧਰਮ ਦਾ ਦਰਜਾ ਦੇ ਕੇ ਸਹੀ ਠਹਿਰਾਉਂਦੇ ਸਨ। ਇਹ ਗਰਕੇ ਹੋਏ ਪੁਜਾਰੀ ਆਮ ਲੁਕਾਈ ਨੂੰ ਕਹਿੰਦੇ ਸਨ ਤੁਸੀਂ ਗਰੀਬ ਬਾਦਸ਼ਾਹ ਦੀਆਂ ਨੀਤੀਆਂ ਕਰਕੇ ਨਹੀਂ ਸਗੋਂ ਤੁਸਾਂ ਰੱਬ ਦੀ ਭਗਤੀ ਨਹੀਂ ਕੀਤੀ ਇਸ ਲਈ ਤੂਹਾਨੂੰ ਕੁਦਰਤ ਵਲੋਂ ਗਰੀਬ ਰਹਿਣ ਦਾ ਕੁੰਭੀ ਨਰਕ ਭੋਗਣ ਦਾ ਸਰਾਫ ਮਿਲਿਆ ਹੋਇਆ ਹੈ। ਧਾਰਮਕ ਪੁਜਾਰੀਆਂ ਨੇ ਏੱਥੇ ਤਾਂ ਆਮ ਲੁਕਾਈ ਦੀ ਜ਼ਿੰਦਗੀ ਵਿੱਚ ਪੂਰਾ ਨਰਕ ਭਰਿਆ ਹੋਇਆ ਸੀ, ਸਗੋਂ ਮਰਨ ਦੇ ਬਆਦ ਵੀ ਗਰੀਬ ਬੰਦੇ ਦੇ ਹੱਥੋਂ ਦਾਨ ਪੁੰਨ ਨਾ ਹੋਣ ਕਰਕੇ ਸਵਰਗ ਦੀ ਸਹੂਲਤ ਤੋਂ ਵਾਂਝਾ ਰੱਖਣਾ ਇਹਨਾਂ ਦਾ ਮਨ ਭਾਉਂਦਾ ਡਰਾਵਾ ਸੀ। ਇਹਨਾਂ ਧਾਰਮਕ ਆਗੂਆਂ ਨੇ ਰਾਜਿਆਂ ਦੇ ਗਲਤ ਕੰਮਾਂ ਵਿੱਚ ਪੂਰਾ ਪੂਰਾ ਹਿੱਸਾ ਪਾਇਆ।
ਜਿੰਨਾਂ ਚਿਰ ਰਾਜਿਆਂ ਭਾਵ ਅਮੀਰਾਂ ਦੀ ਤਾਰੀਫ਼ ਹੁੰਦੀ ਰਹੇਗੀ ਉਤਨਾਂ ਚਿਰ ਪੁਜਾਰੀ ਦੀ ਹੋਂਦ ਕਦੇ ਵੀ ਖਤਰੇ ਵਿੱਚ ਨਹੀਂ ਪਏਗੀ। ਇਹਨਾਂ ਦਿਆਂ ਗਲਤ ਕੰਮਾਂ ਨੂੰ ਪਬਲਿਕ ਸਾਹਮਣੇ ਸਹੀ ਠਹਿਰਿਆ ਜਾਏਗਾ। ਪੁਜਾਰੀ ਕਿਸੇ ਵੀ ਸ਼੍ਰੇਣੀ ਦਾ ਹੋਵੇ ਉਸ ਦਾ ਰੋਲ਼ ਗਲਤ ਕੰਮ ਨੂੰ ਸਹੀ ਠਹਿਰਾਉਣਾ ਹੀ ਹੁੰਦਾ ਹੈ। ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਵਿੱਚ ਜਿੱਥੇ ਸਰਕਾਰੀ ਨੀਤੀ ਸ਼ਾਂਮਲ ਹੈ ਓੱਥ ਸਭ ਤੋਂ ਵੱਧ ਪੁਜਾਰੀ ਦਾ ਰੋਲ ਹੈ ਜੋ ਧਰਮ ਦੇ ਹਵਾਲੇ ਦੇ ਦੇ ਕੇ ਕਹਿ ਰਿਹਾ ਹੈ ਅਜੇਹੀ ਸੱਚ ਦੀ ਜ਼ਬਾਨ ਨੂੰ ਬੰਦ ਕਰਨਾ ਹੀ ਠੀਕ ਹੈ।
ਜ਼ਰਾ ਕੁ ਨਜ਼ਰ ਦੌੜਾ ਕੇ ਦੇਖਿਆਂ ਜਾਏ ਤਾਂ ਅੱਜ ਗੁਰਦੁਆਰਿਆਂ ਵਿੱਚ ਵੀ ਸਿਰਫ ਖੁਸ਼ਾਮਦ ਹੀ ਰਹਿ ਗਈ ਹੈ। ਜਿਹੜਾ ਸਭ ਤੋਂ ਵੱਧ ਖੁਸ਼ਾਮਦ ਕਰੇਗਾ ਉਸ ਨੂੰ ਕੌਮ ਦਾ ਮਹਾਨ ਵਿਦਵਾਨ ਸਥਾਪਤ ਕੀਰਤਨੀਆ, ਪਰਚਾਰਕ, ਕਥਾ ਵਾਚਕ, ਢਾਡੀ-ਕਵੀਸ਼ਰ ਕਿਹਾ ਜਾਂਦਾ ਹੈ। ਭਾਰਤ ਤੇ ਬਾਹਰਲੇ ਮੁਲਕਾਂ ਦਿਆਂ ਗੁਰਦੁਆਰਿਆਂ ਦੇ ਪ੍ਰਬੰਧਕੀ ਢਾਂਚੇ ਵਿੱਚ ਕੁੱਝ ਬਹੁਤਾ ਅੰਤਰ ਨਹੀਂ ਹੈ। ਬਾਹਰਲੇ ਮੁਲਕਾਂ ਵਿੱਚ ਇੱਕ ਅੰਤਰ ਜ਼ਰੂਰ ਹੈ ਕਿ ਓੱਥੇ ਥੋੜੇ ਪੈਸਿਆਂ ਨਾਲ ਵੀ ਭਾਰਤ ਵਿੱਚ ਚੋਖੇ ਪੈਸੇ ਬਣ ਜਾਂਦੇ ਹਨ। ਦੂਸਰਾ ਜਿਸ ਦੀਆਂ ਵੀਕਾਂ ਬੁੱਕ ਹਨ ਉਹ ਜੱਭਲ਼ੀਆਂ ਮਾਰਨ ਵਾਲਾ ਵੀ ਵਿਦਵਾਨ ਹੈ ਜਿਸ ਦੀਆਂ ਵੀਕਾਂ ਬੁੱਕ ਨਹੀਂ ਉਹ ਵਿਦਵਾਨ ਹੁੰਦਾ ਹੋਇਆ ਵੀ ਬੁੱਝੀ ਪੁੱਟ ਹੀ ਹੈ।
ਵੀਕਾਂ ਲੈਣ ਦੀ ਕਈ ਸਟੇਜ ਸਕੱਤਰਾਂ ਦੀ ਪੂਰੀ ਤੂਤੀ ਬੋਲਦੀ ਹੈ ਤੇ ਕਈ ਥਾਂਈਂ ਗ੍ਰੰਥੀ ਪੂਰਾ ਮਹੰਤ ਬਣਿਆ ਹੁੰਦਾ ਹੈ। ਗੁਰਦੁਆਰਿਆਂ ਵਿੱਚ ਫੈਲੇ ਭ੍ਰਿਸ਼ਟਚਾਰ ਦੀ ਲੰਬੀ ਦਾਸਤਾਂ ਹੈ। ਮੈਨੂੰ ਅਮਰੀਕਾ ਦੂਜੀ ਵਾਰ ਜਾਣ ਦਾ ਸੱਦਾ ਮਿਲਿਆ। ਇਹ ਗੁਰਦੁਆਰਾ ਬ੍ਰਾਦਰੀ ਦੇ ਨਾਂ `ਤੇ ਬਣਿਆ ਹੋਇਆ ਹੈ। ਦੋ ਤਿੰਨ ਦਿਨ ਹੀ ਲੰਘੇ ਸਨ ਕਿ ਇੱਕ ਦਿਨ ਵੱਡੇ ਭਾਈ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਸਾਹਿਬ ਜੀ ਅੱਜ ਰਾਤ ਅਸਾਂ ਸਾਰਿਆਂ ਨੇ ਪੀਜ਼ਾ ਖਾਣ ਲਈ ਪੀਜ਼ਾ ਹੱਟ `ਤੇ ਜਾਣਾ ਹੈ। ਸ਼ਾਮ ਨੂੰ ਪੂਰੀ ਬਰਾਤ ਦਾ ਰੂਪ ਧਾਰਨ ਕਰਦੇ ਹੋਏ ਪੰਦਰਾਂ ਸੋਲ਼ਾਂ ਜਣੇ ਦਵਾ ਦਵ ਸੀਟਾਂ ਮੱਲੀ ਜਾ ਰਹੇ ਸੀ। ਪੀਜ਼ਾ ਖਾਣ ਦੀ ਦੌੜ ਵਿੱਚ ਮੈਂ ਵੀ ਸ਼ਾਮਲ ਹੋਇਆ। ਬਾਣੀ ਪੜ੍ਹਨ ਵਾਲੇ ਪੀਜ਼ੇ `ਤੇ ਇੰਜ ਟੁੱਟ ਕੇ ਪਏ ਜਿਵੇ ਚਾਰ ਪੰਜ ਦਿਨ ਦੇ ਭੁੱਖੇ ਹੋਣ ਜਾਂ ਕਦੀ ਪੀਜ਼ਾ ਦੇਖਿਆ ਹੀ ਨਾ ਹੋਵੇ ਜਾਂ ਫਿਰ ਅਗਾਂਹ ਕਦੀ ਵੀ ਪੀਜ਼ਾ ਨਾ ਮਿਲਣਾ ਹੋਵੇ। ਬੇ-ਸ਼ਰਮੀ ਦੀ ਹੱਦ ਲਹੁੰਦਿਆਂ ਕੁੱਝ ਸੇਵਾਦਾਰਾਂ ਨੇ ਆਪਣੇ ਪਰਵਾਰਾਂ ਲਈ ਵੱਖਰਾ ਪੀਜ਼ਾ ਪੈਕ ਕਰਵਾ ਲਿਆ। ਇੱਕ ਦੁਹਾਈ ਦਈ ਜਾ ਰਿਹਾ ਸੀ ਕਿ ਮੇਰੀ ਲੜਕੀ ਨੇ ਸਵੇਰੇ ਉੱਠ ਕੇ ਵੀ ਪੀਜ਼ਾ ਹੀ ਖਾਣਾ ਹੈ ਇਸ ਲਈ ਮੈਨੂੰ ਇੱਕ ਹੋਰ ਸਮਾਲ ਪੀਜ਼ਾ ਪੈਕ ਕਰਾ ਦਿਆ ਜੇ। ਵਿਚਾਰੇ ਕਥਾ ਵਾਚਕ ਨੂੰ ਸਾਢੇ ਤਿੰਨ ਸੌ ਡਾਲਰ ਵਿੱਚ ਪੀਜ਼ਾ ਪਿਆ। ਪੀਜ਼ਾ ਖਾਣ ਉਪਰੰਤ ਪੀਜ਼ਾ ਹੱਟ ਵਿੱਚ ਹੀ ਸਾਰੇ ਕਹਿੰਦੇ ਕਿ ਇਸ ਕਥਾ ਵਾਚਕ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ। ਨਾਲੇ ਵਧਾਈਆਂ ਦਿਓ। ਇੱਕ ਵਿਚੋਂ ਨਵਾਂ ਆਇਆ ਸੀ ਉਹ ਵਿਚਾਰਾ ਪੁੱਛਦਾ ਕਿ ਭਾਈ ਸਾਹਿਬ ਜੀ ਅੱਜ ਪਾਰਟੀ ਕਾਦ੍ਹੀ ਆ। ਡੇੜ ਪੀਜ਼ਾ ਪੈਕ ਕਰਾਉਣ ਵਾਲਾ ਸੂਈ ਕੁੱਤੀ ਵਾਂਗ ਟੁੱਟ ਕੇ ਪੈ ਗਿਆ ਕਿ ਤੈਨੂੰ ਏੰਨਾ ਵੀ ਪਤਾ ਨਹੀਂ ਕਿ ਅੱਜ ਪਾਰਟੀ ਕਾਦ੍ਹੀ ਹੈ। ਚਲੇ ਹਾਸਿਆ ਠਹਿਕਿਆਂ ਵਿੱਚ ਉਸ ਵਿਚਾਰੇ ਦੀ ਭੂਤਨੀ ਭੁਲਾ ਦਿੱਤੀ। ਉਂਜ ਉਸ ਨੂੰ ਸਮਝ ਆਈ ਕਿ ਇਸ ਸਿੰਘ ਸਾਹਿਬ ਜੀ ਨੂੰ ਲੰਘੇ ਐਤਵਾਰ ਵਾਲੇ ਦਿਨ ਦੂਸਰੇ ਗੁਰਦੁਆਰੇ ਤੋਂ ਗੋਲਡ ਮੈਡਲ ਮਿਲਿਆ ਹੈ। ਉਸ ਖੁਸ਼ੀ ਵਿੱਚ ਅੱਜ ਪੀਜ਼ੇ ਦੀ ਪਾਰਟੀ ਹੋ ਰਹੀ ਹੈ।
ਅਸੀਂ ਦੋ ਜਣੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਜਿਨੂੰ ਗੋਲਡ ਮੈਡਲ ਮਿਲਿਆ ਹੈ, ਇਹ ਸਿੰਘ ਸਾਹਿਬ ਗੰਗਾ ਗਏ ਗੰਗਾ ਰਾਮ ਹੈ ਜਮਨਾ ਗਏ ਜਮਨਾ ਦਾਸ ਦੀ ਮੁਹਾਰਨੀ ਪੜ੍ਹਨ ਵਾਲਾ ਹੈ। ਇਸ ਕਥਾ ਵਾਚਕ ਨੂੰ ਸਿੱਖ ਸਿਧਾਂਤ ਸਬੰਧੀ ਗਿਆਨ ਹੈ ਪਰ ਇਹ ਹਮੇਸ਼ਾਂ ਕਰਮ-ਕਾਂਡ ਨਿਭਾਹੁੰਣ ਵਾਲਿਆਂ ਦਾ ਹੀ ਸਾਥ ਦੇਂਦਾ ਆਇਆ ਹੈ। ਇਸ ਕਥਾ ਵਾਚਕ ਬਾਰੇ ਸਭ ਪ੍ਰਚਾਰਕ ਸ਼੍ਰੇਣੀ ਨੂੰ ਪਤਾ ਹੈ ਕਿ ਇਹਨੇ ਜ਼ਰੂਰ ਕੋਈ ਨਾ ਕੋਈ ਜਕਾੜ ਫਿੱਟ ਕੀਤਾ ਹੋਣਾ ਹੈ। ਉਸ ਤੋਂ ਪਿੱਛਲੇ ਸਾਲ ਏਸੇ ਸਿੰਘ ਸਾਹਿਬ ਨੂੰ ਇਸ ਗੁਰਦੁਆਰਾ ਤੋਂ ਬ੍ਰਦਾਰੀ ਦੇ ਕੁੱਝ ਬੰਦਿਆਂ ਨੇ ਇਸ ਦੇ ਗਲ ਗੋਲਡ ਮੈਡਲ ਮੜ੍ਹਿਆ ਸੀ। ਮੈਂ ਗਹੁ ਕਰਕੇ ਧਿਆਨ ਮਾਰਿਆ ਤਾਂ ਮੈਂ ਜਾਣਦਾ ਸੀ ਇਹ ਸਿੰਘ ਸਾਹਿਬ ਤਾਂ ਫੁੱਟੀ ਕੌਡੀ ਕਿਸੇ ਨੂੰ ਨਹੀਂ ਦੇਂਦੇ ਇਹਨਾਂ ਨੇ ਸਾਢੇ ਤਿੰਨ ਸੌ ਡਾਲਰ ਕਿਵੇਂ ਖਰਚ ਕਰ ਦਿੱਤਾ। ਸੰਗਤ ਆਉਂਦੀ ਦੇਖ ਕੇ ਇਹ ਸਿੰਘ ਸਾਹਿਬ ਅਗਲੇ ਪਰਚਾਰਕ ਦਾ ਕਈ ਵਾਰੀ ਪੂਰਾ ਸਮਾਂ ਹੀ ਖਾ ਜਾਂਦਾ ਆ। ਪਤਾ ਚੱਲਿਆ ਕਿ ਉਹਨਾਂ ਨੇ ਵੀ ਅਗਾਂਹ ਕਿਸੇ ਹੋਰ ਪ੍ਰੇਮੀ ਦੀ ਸੇਵਾ ਲਾਈ ਹੋਈ ਸੀ ਧਰਮ ਦਾ ਬੜਾ ਵੱਡਾ ਕੰਮ ਹੋਣਾ ਵਾਲਾ ਹੈ ਇਸ ਲਈ ਅੱਜ ਦੇ ਪੀਜ਼ੇ ਦੀ ਸੇਵਾ ਲੁੱਟੀ ਜਾਏ। ਉਸ ਵਿਚਾਰੇ ਨੇ ਕਦੇ ਐਵੇਂ ਸੁਲਾ ਜੇਹੀ ਮਾਰੀ ਸੀ ਮੈਂ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ। ਉਹ ਵਿਚਾਰਾ ਏੰਨੀ ਗੱਲ ਕਹਿਣ ਨਾਲ ਸਾਢੇ ਤਿੰਨ ਸੌ ਡਾਲਰ ਨੂੰ ਥੁੱਕ ਲਵਾ ਬੈਠਾ।
ਦਿਨ ਲੰਘਦੇ ਰਹੇ ਗੱਲਾਂ ਬਾਤਾਂ ਚਲਦੀਆਂ ਰਹਿੰਦੀਆਂ ਸਨ। ਵੱਡੇ ਭਾਈ ਨਾਲ ਕੁੱਝ ਅਪਣਤ ਜੇਹੀ ਹੋ ਗਈ। ਉਂਜ ਜੇ ਵੱਡੇ ਭਾਈ ਜੀ ਮੂਡ ਵਿੱਚ ਹੁੰਦੇ ਤਾਂ ਆਪਣੇ ਆਪ ਬੀਤੀਆਂ ਦੱਸੀ ਜਾਂਦੇ ਰਹਿੰਦੇ ਸਨ। ਘਟੀਆ ਤੋਂ ਘਟੀਆ ਕੀਤੀ ਹਰ ਹਰਕਤ ਸਾਂਝੀ ਕਰ ਲੈਂਦੇ ਸਨ। ਇਹ ੳੇੁਹਨਾਂ ਦੀ ਫਰਾਕ ਦਿਲੀ ਜਾਂ ਬਚਪਨਾ ਹੀ ਕਿਹਾ ਜਾ ਸਕਦਾ ਹੈ। ਇੱਕ ਦਿਨ ਬਹੁਤ ਹੀ ਮੂਡ ਵਿੱਚ ਬੈਠੇ ਸਨ ਕਿ ਮੈਨੂੰ ਵੀ ਕਹਿਣ ਲੱਗੇ, ਕਿ “ਭਾਈ ਸਾਹਿਬ ਜੀ ਗੋਲਡ ਮੈਡਲ ਤੁਸਾਂ ਵੀ ਲੈਣਾ ਹੈ”। ਮੈਂ ਕਿਹਾ, ਕਿ “ਭਾਈ ਮੈਂ ਨਾ ਨਵਾਂ ਵਿੱਚ ਨਾ ਤੇਰ੍ਹਾਂ ਵਿੱਚ ਮੈਨੂੰ ਕੌਣ ਗੋਲਡ ਮੈਡਲ ਦੇਵੇਗਾ, ਏੱਥੇ ਤਾਂ ਮੇਰੀ ਸਿਫਾਰਸ਼ ਵੀ ਕੋਈ ਨਹੀਂ ਹੈ ਤੇ ਨਾ ਹੀ ਮੇਰੀ ਬਰਾਦਰੀ ਦਾ ਗੁਰਦੁਆਰਾ ਹੈ। ਭਾਈ ਸਾਹਿਬ ਜੀ ਕਹਿਣ ਲੱਗੇ, “ਤੁਸੀਂ ਹਾਂ ਤਾਂ ਕਰੋ ਅਸੀਂ ਆਪੇ ਹੀ ਸਾਰਾ ਇੰਤਜ਼ਾਮ ਕਰ ਲਵਾਂਗੇ ਬੱਸ ਤੁਸਾਂ ਨੇ ਸਿਰਫ ਦੋ ਪਾਰਟੀਆਂ ਪੀਜ਼ਿਆਂ ਦੀਆਂ ਦੇਣੀਆਂ ਨੇ ਬਾਕੀ ਦੇਖਿਓ ਕਿੰਨਾ ਨਜ਼ਾਰਾ ਬਣਦਾ ਹੈ”। ਮੈਂ ਸੋਚਿਆ ਕਿ ਸੱਤ ਸੌ ਡਾਲਰ ਤਾਂ ਮੈਨੂੰ ਦੂੰ ਹਫਤਿਆਂ ਵਿੱਚ ਨਹੀਂ ਬਣਨਾ, ਜੇ ਏੰਨੇ ਪੈਸੇ ਪਾਰਟੀ ਤੇ ਲੱਗ ਗਏ ਤਾਂ ਮੈਨੂੰ ਕੀ ਬਚਿਆ। ਦੂਸਰਾ ਕਿਸੇ ਪਰਵਾਰ ਵਲੋਂ ਪ੍ਰੋਗਰਾਮ ਦੀ ਭੇਟਾ ਮਿਲਦੀ ਹੈ ਤਾਂ ਇਹ ਭਾਈ ਜੀ ਆਪ ਸਾਰੀ ਰੱਖ ਜਾਂਦਾ ਹੈ। ਉਲਟਾ ਪ੍ਰੋਗਰਾਮ ਕਰਾਉਣ ਵਾਲਿਆਂ ਨੂੰ ਮਾਵਾਂ ਭੈਣਾਂ ਦੀਆਂ ਨੰਗੀਆਂ ਗਾਲ਼ਾਂ ਕੱਢਦਾ ਰਹਿੰਦਾ ਹੈ ਕਿ ਉਹ ਭੇਟਾ ਨਹੀਂ ਦੇ ਕੇ ਗਏ। ਮੇਰੀਆਂ ਅੱਖਾਂ ਦੇ ਸਾਹਮਣੇ ਸਭ ਕੁੱਝ ਚਲਦਾ ਸੀ ਦੋ ਚਾਰ ਵਾਰੀ ਸਮਝਾਉਣ ਦਾ ਯਤਨ ਕੀਤਾ ਪਰ ਸਭ ਵਿਅਰਥ ਸੀ। ਮੈਂ ਹਾਣ ਲਾਭ ਦੀਆਂ ਪਤਰੀਆਂ ਫੋਲਦਿਆ ਸਾਫ਼ ਸਬਦਾਂ ਵਿੱਚ ਨਾਂਹ ਕਰ ਦਿੱਤੀ। ਭਾਈ ਸਾਹਿਬ ਜੀ ਕਹਿਣ ਲੱਗੇ, “ਸਾਡਾ ਦੋ ਹਜ਼ਾਰਾ ਡਾਲਰ ਮਰਵਾ ਤਾ ਜੇ”। ਮੈਂ ਕਿਹਾ ਉਹ ਕਿਦਾਂ, “ਕਹਿੰਦੇ ਜੇ ਤੁਸੀਂ ਹਾਂ ਕਰਦੇ ਤਾਂ ਪਹਿਲਾ ਤੁਹਾਡੇ ਤੋਂ ਹੀ ਡਾਲਰਾਂ ਦੀ ਉਰਗਾਹੀ ਸ਼ੁਰੂ ਕਰਨੀ ਸੀ। ਮੈਨੂੰ ਭਾਈ ਸਾਹਿਬ ਜੀ ਨੇ ਸਾਰੀ ਵਿੱਥਿਆ ਸੁਣਾਈ ਕੇ ਇੱਕ ਗੋਲਡ ਮੈਡਲ ਦੇਣ ਲੱਗਿਆ ਅਸੀਂ ਸਹਿਜੇ ਹੀ ਢਾਈ ਤਿੰਨ ਹਜ਼ਾਰ ਡਾਲਰ ਦੀ ਉਗਰਾਹੀ ਕਰ ਲੈਂਦੇ ਹਾਂ। ਜਿਸ ਵਿਚੋਂ ਛੇ ਕੁ ਸੌ ਡਾਲਰ ਦਾ ਮੈਡਲ ਬਣ ਜਾਂਦਾ ਹੈ ਬਾਕੀ ਅਰਾਮ ਨਾਲ ਹੀ ਡਾਲਰ ਬਚ ਜਾਂਦੇ ਹਨ। ਪਾਰਟੀ ਵੱਖਰੀ ਚੱਲਦੀ ਰਹਿੰਦੀ ਹੈ। ਪ੍ਰਚਾਰ ਰਾਗੀ ਢਾਡੀ ਕਵੀਸ਼ਰ ਵੱਖਰਾ ਖੁਸ਼ ਹੋਈ ਜਾਂਦਾ ਹੈ ਕਿ ਮੈਨੂੰ ਗੋਲਡ ਮੈਡਲ ਮਿਲਿਆ ਹੈ।
ਯੂਨੀਵਰਸਟੀਆਂ ਵਿੱਚ ਹਜ਼ਾਰਾਂ ਲੱਖਾਂ ਵਿਦਿਆਰਥੀ ਪੜ੍ਹ ਰਹੇ ਹੁੰਦੇ ਹਨ ਉਹਨਾਂ ਸਾਰਿਆਂ ਵਿਚੋਂ ਕੋਈ ਵਿਦਿਆਰਥੀ ਸਭ ਤੋਂ ਵੱਧ ਨੰਬਰ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਗੋਲਡ ਮੈਡਲ ਨਾਲ ਸਨਮਾਨਿਆ ਜਾਂਦਾ ਹੈ। ਸਾਲਾਂ ਸਾਲ ਦੀ ਕੀਤੀ ਮਿਹਨਤ ਨੂੰ ਫ਼ਲ਼ ਲੱਗਦਾ ਹੈ। ਦੂਸਰਾ ਕੋਈ ਸਖਤ ਅਭਿਆਸ ਮਗਰੋਂ ਕਿਸੇ ਖੇਢ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਗੋਲਡ ਮੈਡਲ ਸਰਕਾਰ ਵਲੋਂ ਦਿੱਤਾ ਜਾਂਦਾ ਹੈ। ਗੋਲਡ ਮੈਡਲ ਦੇਣ ਲੱਗਿਆਂ ਬਹੁਤ ਕੁੱਝ ਦੇਖਿਆ ਜਾਂਦਾ ਹੈ ਕਿ ਕਿਸੇ ਵਿਦਿਆਰਥੀ ਨਾਲ ਕੋਈ ਪੱਖ ਪਾਤ ਨਾ ਹੋ ਜਾਏ।
ਗੁਰਦੁਆਰਿਆਂ ਵਿੱਚ ਕੋਈ ਨਾਪ ਡੰਡ ਨਹੀਂ ਹੈ। ਏੱਥੋਂ ਤੀਕ ਕਈ ਵਾਰੀ ਪ੍ਰਬੰਧਕ ਕਮੇਟਆਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਅੱਜ ਕਿਸੇ ਨੂੰ ਗੋਲਡ ਮੈਡਲ ਦਿੱਤਾ ਜਾ ਰਿਹਾ ਹੈ।
ਪਹਿਲੀ ਕਿਸਮ ਦਾ ਗੋਲਡ ਮੈਡਲ ਗ੍ਰੰਥੀਆਂ ਦੀ ਕੀਤੀ ਉਗਰਾਹੀ ਵਿਚੋਂ ਦਿੱਤਾ ਜਾਂਦਾ ਹੈ।
ਦੂਜੀ ਕਿਸਮ ਦਾ ਗੋਲਡ ਮੈਡਲ ਮਿੱਤਰਾਂ ਦੋਸਤਾਂ ਵਲੋਂ ਪੈਸੇ ਇਕੱਠੇ ਕਰਕੇ ਦਿੱਤਾ ਜਾਂਦਾ ਹੈ।
ਤੀਜੀ ਕਿਸਮ ਦਾ ਉਹ ਮੈਡਲ ਜੋ ਕਮੇਟੀਆਂ ਵਿੱਚ ਉੱਚ ਆਹੁਦਿਆਂ `ਤੇ ਬੈਠੇ ਬੰਦਿਆਂ ਦੇ ਸਹੁਰੇ ਪਰਵਾਰ ਨਾਲ ਕੋਈ ਸਬੰਧ ਰੱਖਦਾ ਹੈ ਤਾਂ ਉਸ ਨੂੰ ਗੋਲਡ ਮੈਡਲ ਦਿੱਤਾ ਜਾਂਦਾ ਹੈ।
ਚੌਥੀ ਕਿਸਮ ਦਾ ਗੋਲਡ ਮੈਡਲ ਆਪਣੇ ਵਲੋਂ ਖੁਦ ਪੈਸੈ ਖਰਚ ਕੇ ਲਿਆ ਜਾਂਦਾ ਹੈ।
ਪੰਜਵੀਂ ਕਿਸਮ ਦਾ ਗੋਲਡ ਮੈਡਲ ਬ੍ਰਾਦਰੀ ਦੇ ਅਧਾਰਤ ਫਿੱਟ ਕੀਤਾ ਹੁੰਦਾ ਹੈ।
ਗੋਲਡ ਮੈਡਲ ਦੇਣ ਦਾ ਸਾਫ਼ ਅਰਥ ਹੈ ਕਿ ਇਸ ਆਦਮੀ ਨੇ ਵਾਕਿਆ ਹੀ ਕੌਮ ਪ੍ਰਤੀ ਕੋਈ ਭਾਵਨਾ ਨਾਲ ਕੰਮ ਕੀਤਾ ਹੈ। ਹੁਣ ਤਾਂ ਗੋਲਡ ਮੈਡਲ ਏਦਾਂ ਦਿੱਤੇ ਜਾ ਰਹੇ ਜਿਵੇਂ ਕੋਈ ਭਈਆ ਕੱਛਾ ਖਰੀਦ ਕੇ ਲਿਆ ਰਿਹਾ ਹੋਵੇ।
ਮੰਨਿਆ ਜਾ ਸਕਦਾ ਹੈ ਕਿਸੇ ਕਮੇਟੀ ਨੇ ਚਾਲੀ ਪੰਜਾਹ ਰਾਗੀ ਢਾਡੀਆਂ ਜਾਂ ਪਰਚਾਰਕ ਸੱਦੇ ਹੋਣ ਉਹਨਾਂ ਨੂੰ ਵਿਸ਼ੇ ਦਿੱਤੇ ਜਾਂਦੇ। ਪੰਜਾਂ ਬੰਦਿਆਂ ਦੀ ਨਿਰਪੱਖ ਜੱਜ ਮੈਂਟ ਹੁੰਦੀ। ਕੋਈ ਨਾਪ ਤੋਲ ਤਾਂ ਹੁੰਦਾ ਤਾਂ ਸਮਝਿਆ ਜਾ ਸਕਦਾ ਸੀ ਕਿ ਇਹ ਵਾਕਿਆ ਹੀ ਇਸ ਬੰਦੇ ਨੂੰ ਗੋਲਡ ਮੈਡਲ ਦਿੱਤਾ ਜਾਂਦਾ ਹੈ। ਨਿਰਾ ਬੋਲਣ ਕਰਕੇ ਹੀ ਨਾ ਦਿੱਤਾ ਜਾਏ ਸਗੋਂ ਕੌਮ ਲਈ ਕੀਤੀਆਂ ਸੇਵਾਂਵਾਂ ਦੇ ਬਦਲੇ ਉਸ ਨੂੰ ਦਿੱਤਾ ਜਾਂਦਾ ਹੈ। ਫਿਰ ਉਮਰ ਦਾ ਸਬੰਧ ਹੁੰਦਾ ਕਿ ਘੱਟੋ ਘੱਟ ਸੱਠ ਕੁ ਸਾਲ ਦੀ ਉਮਰ ਤਾਂ ਹੋਵੇ।
ਜਿੰਨਾਂ ਨੇ ਜੁਗਾੜ ਲੜਾ ਕੇ ਗੋਲਡ ਮੈਡਲ ਲਏ ਨੇ ਉਹਨਾਂ ਵਲੋਂ ਕੋਈ ਸਹੀ ਗੁਰਮਤ ਦੀ ਵਿਅਖਿਆ ਕੀਤੀ ਗਈ ਹੈ? ਜਾਂ ਉਹਨਾਂ ਵਲੋਂ ਕੋਈ ਕੌਮ ਲਈ ਮਾਰਕਾ ਵੀ ਮਾਰਿਆ ਹੈ।
ਬਹੁਤਿਆਂ ਰਾਗੀਆਂ ਢਾਡੀਆਂ ਕਵੀਸ਼ਰਾਂ ਨੇ ਗੁਰ-ਇਤਿਹਾਸ ਨੂੰ ਵਿਗਾੜ ਕੇ ਪੇਸ਼ ਕੀਤਾ ਹੈ ਪਰ ਆਪਣੇ ਇਲਾਕੇ ਦਾ ਹੈ ਇਸ ਲਈ ਦਿਓ ਇਸ ਨੂੰ ਗੋਲਡ ਮੈਡਲ। ਇਹ ਗੋਲਡ ਮੈਡਲ ਸਭ ਤੋਂ ਵੱਧ ਅਮਰੀਕਾ ਦੀ ਧਰਤੀ `ਤੇ ਵੰਡੇ ਗਏ ਹਨ ਤੇ ਵੰਡੇ ਜਾ ਰਹੇ ਹਨ। ਵਿਚਾਰਾ ਗੋਲਡ ਮੈਡਲ ਵੀ ਸੋਚਦਾ ਹੋਣੈ ਕਿ ਮੇਰੀ ਕੈਸੀ ਖਿੱਚ ਧੂਅ ਹੋਈ ਹੈ। ਕਦੇ ਮੈਂ ਯੂਨੀਵਰਸਟੀਆਂ ਵਿੱਚ ਪੜ੍ਹੇ ਲਿਖੇ ਵਿਦਿਆਰਥੀਆਂ ਦੇ ਗੱਲ਼ੇ ਦਾ ਸ਼ਿੰਗਾਰ ਬਣਦਾ ਸੀ। ਜਿੰਨਾਂ ਨੇ ਨਾ ਦਿਨ ਦੇਖਿਆ ਤੇ ਨਾ ਰਾਤ ਦੇਖੀ ਆਪਣੀ ਮੰਜ਼ਿਲ ਵਲ ਨੂੰ ਵੱਧਦੇ ਹੀ ਰਹੇ। ਮੈਂ ਉਹਨਾਂ ਦੇ ਗਲ਼ੇ ਦਾ ਸ਼ਿੰਗਾਰ ਬਣਦਾ ਸੀ ਜਿੰਨਾਂ ਨੇ ਦੁਨੀਆਂ ਨੂੰ ਕਿਸੇ ਬਿਮਾਰੀ ਵਲੋਂ ਛੁਟਕਾਰਾ ਦਿਵਾਇਆ ਹੋਵੇ। ਗੋਲਡ ਮੈਡਲ ਲੈਣ ਲਈ ਵੱਡੇ ਵੱਡੇ ਸਾਇੰਸਦਾਨਾਂ, ਸਾੱਿਹਤਕਾਰਾਂ ਜਾਂ ਦੁਨੀਆਂ ਵਿੱਚ ਕੋਈ ਮਾਰਕ ਮਾਰਨ ਵਾਲਿਆਂ ਨੂੰ ਇੱਕ ਲੰਬੀ ਕਤਾਰ ਵਿੱਚ ਲੱਗਣਾ ਪਿਆ। ਮੇਰੀ ਵਰਤੋਂ ਬਹੁਤ ਹੀ ਦਿਮਾਗੀ ਬੰਦਿਆਂ ਲਈ ਹੁੰਦੀ ਸੀ। ਗੋਲਡ ਮੈਡਲ ਆਪਣੀ ਹੱਡ ਬੀਤੀ ਸਣਾਉਂਦਾ ਹੈ ਕਿ ਜਦੋਂ ਮੈਂ ਗੁਰਦੁਆਰਿਆਂ ਵਲ ਨੂੰ ਨਿਗ੍ਹਾ ਮਾਰਦਾ ਹਾਂ ਤਾਂ ਮੇਰੀ ਰੂਹ ਕੰਬ ਜਾਂਦੀ ਹੈ। ਹੇਮਕੁੰਟ ਦੀ ਸਾਖੀ ਸਣਾਉਣ ਵਾਲੇ ਨੂੰ, ਢਾਈ ਘੁੱਟਾਂ ਵਿੱਚ ਸਮੁੰਦਰ ਪਿਲਾੳਣ ਵਾਲੇ ਨੂੰ, ਮੰਤਰ ਮਾਰਨ ਵਾਲਿਆਂ, ਚਲੀਹੇ ਕੱਟਣ ਵਾਲਿਆਂ ਨੂੰ ਹੱਥਾਂ ਵਿੱਚ ਮਾਲ਼ਾ ਪਾਈ ਫਿਰਦਿਆਂ ਨੂੰ ਥੋਕ ਦੇ ਰੂਪ ਗੋਲਡ ਮੈਡਲ ਦੇ ਕੇ ਅਸੀਂ ਉਹਨਾਂ ਲੋਕਾਂ ਨੂੰ ਹੋਰ ਮਜ਼ਬੂਤ ਕੀਤਾ ਹੈ ਤੁਸੀਂ ਵੱਧ ਤੋਂ ਵੱਧ ਜਭਲ਼ੀਆਂ ਮਾਰੋ ਕੌਮ ਦੀ ਜੜ੍ਹੀਂ ਤੇਲ ਦਿਓ ਗੁਰ-ਸਿਧਾਂਤ ਤੋਂ ਅਣਜਾਣ ਤੂਹਾਨੂੰ ਏਸੇ ਤਰ੍ਹਾਂ ਹੀ ਗੋਲਡ ਮੈਡਲ ਨਾਲ ਨਿਵਾਜਦੇ ਰਹਿਣਗੇ।
ਸ਼ਾਬਾਸ਼ਾ ਉਹਨਾਂ ਦੇ ਜਿੰਨਾਂ ਨੇ ਕਰਮਕਾਂਡੀਆਂ ਦੀਆਂ ਧਮਕੀਆਂ ਦੀ ਪਰਵਾਹ ਨਾ ਕੀਤਿਆਂ ਉਹਨਾਂ ਦਾ ਸਤਿਕਾਰ ਕੀਤਾ ਜਿੰਨ੍ਹਾਂ ਨੇ ਕੌਮ ਵਿੱਚ ਆਏ ਨਿਘਾਰ ਪ੍ਰਤੀ ਆਪਣੀ ਅਵਾਜ਼ ਨੂੰ ਬੁਲੰਦ ਕੀਤਾ।
ਲ਼ਾਹਨਤ ਹੈ ਉਹਨਾਂ ਦੇ ਜਿੰਨਾਂ ਨੇ ਜੁਗਾੜ ਲੜਾ ਲੇ ਗੋਲਡ ਮੈਡਲ ਆਪਣੇ ਗਲ਼ ਲਟਕਾਇਆ।




.