ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 41)
ਸਿੱਖ ਸਾਹਿਤ ਵਿੱਚ ‘ਸ਼ਬਦ ਸਿੱਧੀ’
ਦੀ ਵਰਤੋਂ ਪਹਿਲੀ ਵਾਰ ਇਸ ਅਖੌਤੀ ‘ਸ਼ਰਧਾ ਪੂਰਨ ਗ੍ਰੰਥ’ ਦੇ ਲੇਖਕ ਨੇ ਕੀਤੀ ਹੈ। ਲੇਖਕ ਨੇ ਸ਼ਬਦ
ਸਿੱਧੀ ਦੀ ਹੀ ਨਹੀਂ ਬਲਕਿ ਗੁਰਬਾਣੀ ਦੇ ਭਿੰਨ ਭਿੰਨ ਸ਼ਬਦਾਂ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ
ਪਾਠ ਕਰਨ ਦੀ ਵਿਧੀ ਦਾ ਵੀ ਪਹਿਲੀ ਵਾਰ ਇਸ ਰੂਪ ਵਿੱਚ ਪਰਚਾਰ ਕੀਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਸੁਣ ਅਤੇ ਵਿਚਾਰ ਕੇ ਇਸ ਦੇ ਭਾਵ
ਨੂੰ ਹਿਰਦੇ ਵਿੱਚ ਵਸਾਉਣ ਦੀ ਗੱਲ ਵਾਰ ਵਾਰ ਦ੍ਰਿੜ ਕਰਵਾਈ ਗਈ ਹੈ। ਗੁਰਬਾਣੀ ਦੇ ਭਾਵ ਨੂੰ ਹਿਰਦੇ
ਵਿੱਚ ਵਸਾਉਣਾ ਹੀ ਗੁਰਮਤਿ ਦੀ ਰਹਿਣੀ ਵਿੱਚ ‘ਸ਼ਬਦ ਸਿੱਧੀ’ ਦਾ ਸਰੂਪ ਹੈ। ਪਰ ਪੁਸਤਕ ਕਰਤਾ ਗੁਰਮਤਿ
ਦੀ ਰਹਿਣੀ ਦੇ ਇਸ ਪਹਿਲੂ ਦੀ ਚਰਚਾ ਨਹੀਂ ਕਰਦਾ। ਜੇਕਰ ਕਿਸੇ ਸ਼ਬਦ ਦੇ ਸਬੰਧ ਵਿੱਚ ਇਸ ਰਹਿਣੀ ਦੇ
ਕੁੱਝ ਅੰਸ਼ ਮਿਲਦੇ ਹਨ ਤਾਂ ਉੱਥੇ ਲੇਖਕ ਗੁਰਬਾਣੀ ਦੇ ਭਿੰਨ ਭਿੰਨ ਸ਼ਬਦਾਂ ਸਬੰਧੀ ਦੁਬਿਧਾ ਹੀ ਖੜੀ
ਕਰ ਰਿਹਾ ਹੈ। ਚੂੰਕਿ ਉਸੇ ਤਰ੍ਹਾਂ ਦਾ ਮਹਾਤਮ ਹਾਸਲ ਕਰਨ ਲਈ ਦੂਜੇ ਸ਼ਬਦ ਨੂੰ ਸਿੱਧ ਕਰਨ ਲਈ, ਕਿਸੇ
ਅਜਿਹੇ ਦੈਵੀ ਗੁਣ ਦੇ ਧਾਰਨੀ ਬਣਨ ਦੀ ਲੋੜ ਦਾ ਲੇਖਕ ਵਰਣਨ ਨਹੀਂ ਕਰਦਾ।
ਪੁਸਤਕ ਕਰਤਾ ਨੇ ਜਪੁਜੀ ਦੀ ਹਰੇਕ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਅਤੇ ਇਨ੍ਹਾਂ ਦਾ
ਵੱਖ ਵੱਖ ਮਹਾਤਮ ਦਰਸਾਉਣ ਉਪਰੰਤ ਗੁਰੂ ਗ੍ਰੰਥ ਸਾਹਿਬ ਦੇ ਵੱਖ ਵੱਖ ਰਾਗਾਂ ਵਿਚੋਂ ੨੦੧ ਸ਼ਬਦ ਲੈ ਕੇ
ਇਨ੍ਹਾਂ ਦਾ ਤਾਂਤ੍ਰਿਕ ਵਿਧੀ ਨਾਲ ਪਾਠ ਕਰਨ ਦਾ ਮਹਾਤਮ ਲਿਖਿਆ ਹੈ। ਪੁਸਤਕ ਵਿੱਚ ‘ਘਰ ਵਿੱਚ ਅਨੰਦ
ਮੰਗਲਾਚਾਰ ਹੋਵੇ’ ਦੇ ਸਿਰਲੇਖ ਹੇਠਾਂ ਸੱਤ ਸ਼ਬਦ ਲਿਖ ਕੇ ਦੂਜਾ ਪ੍ਰਕਰਣ ਸ਼ੁਰੂ ਕੀਤਾ ਹੈ। ਇਨ੍ਹਾਂ
ਸ਼ਬਦਾਂ ਦਾ ਵੱਖ ਵੱਖ ਸਮੇਂ ਪਾਠ ਕਰਨ ਦੇ ਨਾਲ ਨਾਲ ਇਨ੍ਹਾਂ ਨੂੰ ਪੜ੍ਹਨ ਦੀ ਵਿਧੀ ਦਰਸਾਈ ਹੈ। ਹਰੇਕ
ਸ਼ਬਦ ਦਾ ਭਿੰਨ ਭਿੰਨ ਮਹਾਤਮ ਦਰਸਾਇਆ ਹੈ। ਉਦਾਹਰਣ ਵਜੋਂ ‘ਦੁਇ ਕਰ ਜੋੜਿ
ਕਰੀ ਬੇਨੰਤੀ ਠਾਕੁਰੁ ਅਪਨਾ ਧਿਆਇਆ॥’ ਵਾਲੇ ਸ਼ਬਦ ਬਾਰੇ ਲਿਖਿਆ ਹੈ ਕਿ, “ਘਰ ਵਿੱਚ ਅਨੰਦ
ਅਤੇ ਖੁਸ਼ੀਆਂ ਭਰਪੂਰ ਰਹਿਣ ਵਾਸਤੇ ਇਸ ਸ਼ਬਦ ਦਾ ਰੋਜ਼ ਪੰਜ ਸੌ ਪਾਠ ਅੰਮ੍ਰਿਤ ਵੇਲੇ ਚਾਨਣੇ ਪੱਖ ਤੋਂ
ਆਰੰਭ ਕਰਕੇ ੨੧ ਦਿਨ ਕਰਨਾ। ਸ਼ਰਧਾ ਪ੍ਰੇਮ ਨਾਲ ਪਾਠ ਕਰਨ ਵਾਲੇ ਗੁਰਮੁਖ ਮਾਈ ਭਾਈ ਦੇ ਘਰ ਵਿੱਚ ਸਦਾ
ਮੰਗਲ ਬਣਿਆ ਰਹਿੰਦਾ ਹੈ’ ; ‘ਮੰਗਲ ਸਾਜੁ ਭਇਆ ਪ੍ਰਭੁ ਅਪੁਨਾ ਗਾਇਆ
ਰਾਮ॥’ ਵਾਲੇ ਸ਼ਬਦ ਸਬੰਧੀ ਕਿਹਾ ਹੈ ਕਿ, “ਘਰ ਵਿਚੋਂ ਰੋਗ ਸੋਗ ਨੂੰ ਦੂਰ ਕਰਨ ਵਾਸਤੇ ਇਸ
ਸ਼ਬਦ ਨੂੰ ਇਕੋਤ੍ਰ ਸੌ ਵਾਰ ਰੋਜ਼ ੨੧ ਦਿਨ ਜਪਣਾ, ਘਰ ਵਿਚੋਂ ਸੋਗ ਦੂਰ ਹੋ ਜਾਵੇਗਾ ਤੇ ਖੁਸ਼ੀਆਂ ਦਾ
ਵਾਤਾਵਰਨ ਬਣ ਜਾਵੇਗਾ।’
ਪੁਸਤਕ ਦੇ ਤੀਜੇ ਪ੍ਰਕਰਣ ਵਿੱਚ ‘ਪ੍ਰਭੂ ਭਗਤੀ ਵਿੱਚ ਮਨ ਲੱਗੇਗਾ’ ਦੇ ਸਿਰਲੇਖ ਹੇਠਾਂ ਗੁਰਬਾਣੀ ਦੇ
ਵੱਖ ਵੱਖ ਰਾਗਾਂ ਦੇ ਅੱਠ ਸ਼ਬਦ ਲਿਖ ਕੇ ਇਨ੍ਹਾਂ ਦੇ ਗਿਣਤੀ ਦੇ ਪਾਠ ਕਰਨ ਅਤੇ ਇਨ੍ਹਾਂ ਦਾ ਮਹਾਤਮ
ਲਿਖਿਆ ਹੋਇਆ ਹੈ।
ਚੌਥੇ ਪ੍ਰਕਰਣ ਵਿੱਚ ‘ਮਾਨ ਵਡਿਆਈ ਵਧੇ’ ਦੇ ਸਿਰਲੇਖ ਹੇਠਾਂ ਚਾਰ ਸ਼ਬਦ ਲਿਖ ਕੇ ਇਨ੍ਹਾਂ ਦੇ ਪਾਠ
ਕਰਨ ਦੀ ਵਿਧੀ ਅਤੇ ਇਨ੍ਹਾਂ ਦਾ ਮਹਾਤਮ ਲਿਖਿਆ ਹੋਇਆ ਹੈ।
ਪੰਜਵੇ ਪ੍ਰਕਰਣ ਵਿੱਚ ‘ਰਾਜ ਦਰਬਾਰ ਵਿੱਚ ਇੱਜ਼ਤ ਮਿਲੇ’ ਦੇ ਸਿਰਲੇਖ ਹੇਠਾਂ ਸੱਤ ਸ਼ਬਦ ਲਿਖੇ ਹੋਏ
ਹਨ।
ਛੇਵੇਂ ਪ੍ਰਕਰਣ ਵਿੱਚ ‘ਪ੍ਰਭੂ ਤਥਾ ਮਕਤੀ ਪ੍ਰਾਪਤੀ ਹੋਵੇ’ ਦੇ ਸਿਰਲੇਖ ਹੇਠਾਂ ਚਾਰ ਸ਼ਬਦ ਲਿਖੇ ਹੋਏ
ਹਨ। ਸਤਵੇਂ ਪ੍ਰਕਰਣ ਵਿੱਚ ‘ਮਨੋਂ ਕਾਮਨਾ ਪੂਰੀ ਹੋਵੇ’ ਦੇ ਸਿਰਲੇਖ ਹੇਠਾਂ ਛੇ ਸ਼ਬਦ ਲਿਖੇ ਹੋਏ ਹਨ।
ਅੱਠਵੇਂ ਪ੍ਰਕਰਣ ਵਿੱਚ ‘ਧਨ ਦੀ ਪ੍ਰਾਪਤੀ ਵਾਸਤੇ’ ਦੇ ਸਿਰਲੇਖ ਹੇਠਾਂ ਵੀਹ ਸ਼ਬਦ ਲਿਖੇ ਹੋਏ ਹਨ।
ਨੌਵੇਂ ਪ੍ਰਕਰਣ ਵਿੱਚ ‘ਕਾਰਜ ਸਮੇਂ ਕੋਈ ਥੋੜ ਨਾ ਆਵੇ’ ; ‘ਖੇਤੀ ਬਹੁਤ ਹੋਵੇ’ ‘ਵਪਾਰ ਵਿੱਚ ਵਾਧਾ
ਹੋਵੇ’, ਗੁਆਚੀ ਵਸਤ ਲਭੇ’, ‘ਵਿਦਿਆ ਪ੍ਰਾਪਤ ਹੋਵੇ’ ਦੇ ਸਿਰਲੇਖ ਹੇਠਾਂ ਅੱਠ ਸ਼ਬਦ ਲਿਖੇ ਹੋਏ ਹਨ।
ਦਸਵੇਂ ਪ੍ਰਕਰਣ ਵਿੱਚ ‘ਬੀਮਾਰੀ ਦੁਖ ਦੂਰ ਹੋਵੇ’ ਦੇ ਸਿਰਲੇਖ ਹੇਠਾਂ ਇੱਕੀ ਸ਼ਬਦ ਲਿਖੇ ਹੋਏ ਹਨ।
ਯਾਰਵੇਂ ਪ੍ਰਕਰਣ ਵਿੱਚ ‘ਚਿੰਤਾ ਦੂਰ ਹੋਵੇ ਅਤੇ ‘ਕੈਦ ਬੰਧਨਾਂ ਤੋਂ ਛੁਟਕਾਰਾ’ ਦੇ ਸਿਰਲੇਖ ਹੇਠ
ਯਾਰਾਂ ਸ਼ਬਦ ਲਿਖੇ ਹੋਏ ਹਨ।
ਬਾਰ੍ਹਵੇਂ ਪ੍ਰਕਰਣ ਵਿੱਚ ‘ਪਤੀ ਤਥਾ ਪਰੇਮੀ ਘਰ ਮੁੜ ਆਵੇ’ ਦੇ ਸਿਰਲੇਖ ਹੇਠ ਛੱਬੀ ਸ਼ਬਦ ਲਿਖੇ ਹੋਏ
ਹਨ।
ਤੇਰ੍ਹਵੇਂ ਪ੍ਰਕਰਣ ਵਿੱਚ ‘ਪੁੱਤਰ ਦੀ ਪ੍ਰਾਪਤੀ ਹੋਵੇ’ ਸੱਤ ਸ਼ਬਦ ਲਿਖੇ ਹੋਏ ਹਨ।
ਚੌਧਵੇਂ ਪ੍ਰਕਰਣ ਵਿੱਚ ‘ਪੁੱਤਰ ਕਾਮਨਾ ਪੂਰੀ ਹੋਵੇ’ ਦੇ ਸਿਰਲੇਖ ਹੇਠ ਤੇਤੀ ਸ਼ਬਦ ਲਿਖੇ ਹੋਏ ਹਨ।
ਪੰਦ੍ਰਵੇਂ ਪ੍ਰਕਰਣ ਵਿੱਚ ‘ਭੂਤ ਪ੍ਰੇਤ ਦਾ ਸਾਇਆ ਦੂਰ ਹੋਵੇ’ ; ਮੁਕੱਦਮੇ ਵਿੱਚ ਜਿੱਤ ਹੋਵੇ’ ਅਤੇ
ਭੀੜ ਅਪਦਾ ਸਮੇਂ ਸਹਾਇਤਾ ਹੋਵੇ’ ਦੇ ਸਿਰਲੇਖ ਹੇਠ ਉਨੱਤੀ ਸ਼ਬਦ ਲਿਖੇ ਹੋਏ ਹਨ।
ਲੇਖਕ ਨੇ ਇਨ੍ਹਾਂ ਪ੍ਰਕਰਣਾਂ ਵਿੱਚ ਜਪੁਜੀ ਦੀਆਂ ਵੱਖ ਵੱਖ ਪਉੜੀਆਂ ਵਾਂਗ ਹੀ ਇਨ੍ਹਾਂ ਸ਼ਬਦਾਂ;
ਸ਼ਲੋਕਾਂ ਦਾ ਵਿਸ਼ੇਸ਼ ਵਿਧੀ ਅਨੁਸਾਰ ਪਾਠ ਕਰਨ ਦੇ ਨਾਲ ਨਾਲ ਹਰੇਕ ਸ਼ਬਦ ਦਾ ਭਿੰਨ ਭਿੰਨ ਮਹਾਤਮ
ਦਰਸਾਇਆ ਹੈ। ਲੇਖਕ ਵਲੋਂ ਦਰਸਾਏ ਹੋਏ ਅਜਿਹੇ ਮਹਾਤਮ ਸਬੰਧੀ ਗੁਰਬਾਣੀ ਦੇ ਪੱਖ ਦੀ ਅਸੀਂ ਪਹਿਲਾਂ
ਚਰਚਾ ਕਰ ਚੁਕੇ ਹਾਂ, ਇਸ ਲਈ ਇਨ੍ਹਾਂ ਨੂੰ ਫਿਰ ਨਹੀਂ ਦੁਹਰਾ ਰਹੇ। ਪਰੰਤੂ ਲੇਖਕ ਵਲੋਂ ਇਨ੍ਹਾਂ
ਪ੍ਰਕਰਣਾ ਵਿਚ, ਜਿਹੜੇ ਕੁੱਝ ਸ਼ਬਦਾਂ ਨੂੰ ਪੜ੍ਹਨ ਦੀ ਵਿਧੀ ਵਿੱਚ ਕੁੱਝ ਕੁ ਵਾਧਾ ਕੀਤਾ ਹੈ, ਉਸ ਵਲ
ਪਾਠਕਾਂ ਦਾ ਜ਼ਰੂਰ ਧਿਆਨ ਦੁਆਉਣਾ ਚਾਹੁੰਦੇ ਹਾਂ।
ਪੁਸਤਕ ਕਰਤਾ ‘ਨਿਤ ਨਿਤ ਦਯੁ ਸਮਾਲੀਐ॥ ਮੂਲਿ ਨ ਮਨਹੁ ਵਿਸਾਰੀਐ॥
ਰਹਾਉ॥’ ਵਾਲੇ ਸ਼ਬਦ ਬਾਰੇ ਲਿਖਦਾ ਹੈ ਕਿ, “ਸੂਰਜ ਦੇ ਸਾਹਮਣੇ ਬੈਠ ਕੇ ਇਸ ਸ਼ਬਦ ਦੇ ਚਾਨਣੇ
ਪੱਖ ਦੀ ਦੂਜ ਦੇ ਬੁਧਵਾਰ ੨੫ ਪਾਠ ਰੋਜ਼ ਚਾਲੀ ਦਿਨ ਕਰਨ ਨਾਲ ਰਾਜੇ ਉਤੇ ਫਤਹ ਪ੍ਰਾਪਤ ਹੁੰਦੀ ਹੈ।
ਰਾਜ ਦਰਬਾਰ ਵਿੱਚ ਆਦਰ ਮਾਣ ਮਿਲਦਾ ਹੈ। ਪਾਠ ਸਮੇਂ ਸ੍ਰੀ ਗੁਰੂ ਅਰਜਨ ਦੇਵ ਤਥਾ ਸ੍ਰੀ ਗੁਰੂ
ਹਰਿਗੋਬਿੰਦ ਜੀ ਮਹਾਰਾਜ ਦੀ ਮੂਰਤੀ ਦਾ ਹਿਰਦੇ ਵਿੱਚ ਧਿਆਨ ਲਾਉਣ ਚਾਹੀਏ।”
ਲੇਖਕ ਗੁਰੂ ਸਾਹਿਬਾਨ ਦੀ ਮੂਰਤੀ ਦਾ ਧਿਆਨ ਲਾਉਣ ਦੀ ਪ੍ਰੇਰਨਾ ਕਰਕੇ ਜਾਣੇ-ਅਣਜਾਣੇ ਸਿੱਖ ਸੰਗਤਾਂ
ਨੂੰ ਗੁਰ-ਸ਼ਬਦ ਨਾਲੋਂ ਤੋੜ ਕੇ ਮੂਰਤੀ ਪੂਜਾ ਨਾਲ ਜੋੜਣ ਦੀ ਕੁਚੇਸ਼ਟਾ ਕਰ ਰਿਹਾ ਹੈ। ਜਦੋਂ ਕਿ
ਗੁਰਬਾਣੀ ਦੀ ਜੀਵਨ-ਜੁਗਤ ਅਨੁਸਾਰ ਸ਼ਬਦ ਦੇ ਭਾਵ ਨੂੰ ਹਿਰਦੇ ਵਿੱਚ ਟਿਕਾਉਣ ਦੀ ਲੋੜ ਹੈ ਨਾ ਕਿ
ਮੂਰਤ `ਚ ਧਿਆਨ ਲਾਉਣ ਦੀ। ਗੁਰੂ ਸਾਹਿਬਾਨ ਦੀਆਂ ਜਿੰਨੀਆਂ ਵੀ ਤਸਵੀਰਾਂ ਜਾਂ ਮੂਰਤੀਆਂ ਆਦਿ
ਮਿਲਦੀਆਂ ਹਨ ਸਾਰੀਆਂ ਹੀ ਕਲਪਤ ਹਨ। ਇਸੇ ਲਈ ਤਾਂ ਇੱਕ ਤਸਵੱਰ ਦੀ ਤਸਵੀਰ ਦੂਜੇ ਤਸਵੱਰ ਦੀ ਬਣਾਈ
ਹੋਈ ਤਸਵੀਰ ਨਾਲ ਨਹੀਂ ਮਿਲਦੀ। ਕਈ ਸੱਜਣ ਗੁਰੂ ਗ੍ਰੰਥ ਸਾਹਿਬ ਵਿਚੋਂ ਗੁਰਬਾਣੀ ਦੀ
‘ਗੁਰ ਮੂਰਤਿ ਸਿਉ ਲਾਇ ਧਿਆਨੁ॥’ ਨੂੰ ਲੈ ਕੇ ਇਹ ਕਹਿੰਦੇ ਹਨ
ਕਿ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਗੁਰੂ ਦੀ ਮੂਰਤ ਦਾ ਧਿਆਨ ਧਰਨ ਲਈ ਆਖਿਆ ਹੈ। ਪਰੰਤੂ ਸ੍ਰੀ
ਗੁਰੂ ਗ੍ਰੰਥ ਸਾਹਿਬ ਦੇ ਕਿਸੇ ਵੀ ਸ਼ਬਦ ਵਿੱਚ ਸਤਿਗੁਰੂ ਜੀ ਦੇ ਪੰਜ ਭੂਤਕ ਸਰੀਰ ਜਾਂ ਤਸਵੀਰ ਦਾ
ਧਿਆਨ ਧਰਨ ਲਈ ਨਹੀਂ ਕਿਹਾ ਗਿਆ ਹੈ। ਇਹ ਪੰਗਤੀ ਵੀ ਜਿਸ ਸ਼ਬਦ `ਚੋਂ ਹੈ, ਉਸ ਨੂੰ ਧਿਆਨ ਨਾਲ
ਪੜ੍ਹਿਆਂ ਇਸ ਦਾ ਭਾਵ ਸਪਸ਼ਟ ਹੋ ਜਾਂਦਾ ਹੈ ਕਿ ਇਸ ਪੰਗਤੀ ਵਿੱਚ ‘ਗੁਰ ਮੂਰਤਿ’ ਤੋਂ ਕੀ ਭਾਵ ਹੈ।
ਪੂਰਾ ਸ਼ਬਦ ਇਸ ਤਰ੍ਹਾਂ ਹੈ:-
ਗਉੜੀ ਮਹਲਾ ੫॥ ਗੁਰ ਕਾ ਸਬਦੁ ਰਾਖੁ ਮਨ ਮਾਹਿ॥ ਨਾਮੁ ਸਿਮਰਿ ਚਿੰਤਾ ਸਭ
ਜਾਹਿ॥ ੧॥ ਬਿਨੁ ਭਗਵੰਤ ਨਾਹੀ ਅਨ ਕੋਇ॥ ਮਾਰੈ ਰਾਖੈ ਏਕੋ ਸੋਇ॥ ੧॥ ਰਹਾਉ॥ ਗੁਰ ਕੇ ਚਰਣ ਰਿਦੈ ਉਰਿ
ਧਾਰਿ॥ ਅਗਨਿ ਸਾਗਰੁ ਜਪਿ ਉਤਰਹਿ ਪਾਰਿ॥ ੨॥ ਗੁਰ ਮੂਰਤਿ ਸਿਉ ਲਾਇ ਧਿਆਨੁ॥ ਈਹਾ ਊਹਾ ਪਾਵਹਿ ਮਾਨੁ॥
੩॥ ਸਗਲ ਤਿਆਗਿ ਗੁਰ ਸਰਣੀ ਆਇਆ॥ ਮਿਟੇ ਅੰਦੇਸੇ ਨਾਨਕ ਸੁਖੁ ਪਾਇਆ॥ ੪॥ (ਪੰਨਾ ੧੯੨)
ਅਰਥ: (ਹੇ ਭਾਈ!) ਭਗਵਾਨ ਤੋਂ ਬਿਨਾ (ਜੀਵਾਂ ਦਾ) ਹੋਰ ਕੋਈ ਆਸਰਾ ਨਹੀਂ ਹੈ। ਉਹ ਭਗਵਾਨ ਹੀ
(ਜੀਵਾਂ ਨੂੰ) ਮਾਰਦਾ ਹੈ, ਉਹ ਭਗਵਾਨ ਹੀ (ਜੀਵਾਂ ਨੂੰ) ਪਾਲਦਾ ਹੈ। ੧। ਰਹਾਉ।
(ਹੇ ਭਾਈ! ਜੇ ਉਸ ਭਗਵਾਨ ਦਾ ਆਸਰਾ ਮਨ ਵਿੱਚ ਪੱਕਾ ਕਰਨਾ ਹੈ, ਤਾਂ) ਗੁਰੂ ਦਾ ਸ਼ਬਦ (ਆਪਣੇ) ਮਨ
ਵਿੱਚ ਟਿਕਾਈ ਰੱਖ (ਗੁਰ-ਸ਼ਬਦ ਦੀ ਸਹਾਇਤਾ ਨਾਲ ਭਗਵਾਨ ਦਾ) ਨਾਮ ਸਿਮਰ, ਤੇਰੇ ਸਾਰੇ ਚਿੰਤਾ-ਫ਼ਿਕਰ
ਦੂਰ ਹੋ ਜਾਣਗੇ। ੧।
(ਹੇ ਭਾਈ! ਜੇ ਭਗਵਾਨ ਦਾ ਆਸਰਾ ਲੈਣਾ ਹੈ, ਤਾਂ) ਆਪਣੇ ਹਿਰਦੇ ਵਿੱਚ ਦਿਲ ਵਿੱਚ ਗੁਰੂ ਦੇ ਚਰਨ ਵਸਾ
(ਭਾਵ, ਨਿਮਤ੍ਰਾ ਨਾਲ ਗੁਰੂ ਦੀ ਸਰਨ ਪਉ)। (ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਪਰਮਾਤਮਾ ਦਾ ਨਾਮ)
ਜਪ ਕੇ ਤੂੰ (ਤ੍ਰਿਸ਼ਨਾ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਏਂਗਾ। ੨।
(ਹੇ ਭਾਈ! ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤਿ ਹੈ, ਗੁਰੂ ਦਾ ਸਰੂਪ ਹੈ) ਗੁਰੂ ਦੇ ਸ਼ਬਦ ਨਾਲ ਆਪਣੀ
ਸੁਰਤਿ ਜੋੜ, ਤੂੰ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਆਦਰ ਹਾਸਲ ਕਰੇਂਗਾ। ੩।
ਹੇ ਨਾਨਕ! ਜੇਹੜਾ ਮਨੁੱਖ ਹੋਰ ਸਾਰੇ ਆਸਰੇ ਛੱਡ ਕੇ ਗੁਰੂ ਦੀ ਸਰਨ ਆਉਂਦਾ ਹੈ, ਉਸ ਦੇ ਸਾਰੇ
ਚਿੰਤਾ-ਫ਼ਿਕਰ ਮੁੱਕ ਜਾਂਦੇ ਹਨ, ਉਹ ਆਤਮਕ ਆਨੰਦ ਮਾਣਦਾ ਹੈ। ੪।
ਇਸ ਭਾਵ ਨੂੰ ਹੀ ਨਿਮਨ ਲਿਖਤ ਸ਼ਲੋਕ ਵਿੱਚ ਦੇਖਿਆ ਜਾ ਸਕਦਾ ਹੈ:-
ਸਲੋਕ ਮਃ ੪॥ ਸਤਿਗੁਰ ਵਿਚਿ ਵਡੀ ਵਡਿਆਈ ਜੋ ਅਨਦਿਨੁ ਹਰਿ ਹਰਿ ਨਾਮੁ
ਧਿਆਵੈ॥ ਹਰਿ ਹਰਿ ਨਾਮੁ ਰਮਤ ਸੁਚ ਸੰਜਮੁ ਹਰਿ ਨਾਮੇ ਹੀ ਤ੍ਰਿਪਤਾਵੈ॥ ਹਰਿ ਨਾਮੁ ਤਾਣੁ ਹਰਿ ਨਾਮੁ
ਦੀਬਾਣੁ ਹਰਿ ਨਾਮੋ ਰਖ ਕਰਾਵੈ॥ ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨ ਇਛੇ ਫਲ ਪਾਵੈ॥ (ਪਨਾ
੩੦੩) ਅਰਥ:- ਸਤਿਗੁਰੂ ਵਿੱਚ ਇਹ ਭਾਰਾ ਗੁਣ ਹੈ ਕਿ ਉਹ ਹਰ ਰੋਜ਼ ਪ੍ਰਭੂ-ਨਾਮ ਦਾ ਸਿਮਰਨ
ਕਰਦਾ ਹੈ, ਸਤਿਗੁਰੂ ਦੀ ਸੁੱਚ ਤੇ ਸੰਜਮ ਹਰਿ-ਨਾਮ ਦਾ ਜਾਪ ਹੈ ਤੇ ਉਹ ਹਰਿ-ਨਾਮ ਵਿੱਚ ਹੀ ਤ੍ਰਿਪਤ
ਰਹਿੰਦਾ ਹੈ; ਹਰਿ ਦਾ ਨਾਮ ਹੀ ਆਸਰਾ ਤੇ ਨਾਮ ਹੀ ਸਤਿਗੁਰੂ ਲਈ ਰੱਖਿਆ ਕਰਨ ਵਾਲਾ ਹੈ। ਜੋ ਮਨੁੱਖ
ਇਸ ਗੁਰ-ਮੂਰਤੀ ਦਾ ਪੂਜਨ ਚਿੱਤ ਲਾ ਕੇ ਕਰਦਾ ਹੈ (ਭਾਵ, ਜੋ ਜੀਵ ਗਹੁ ਨਾਲ ਸਤਿਗੁਰੂ ਦੇ ਉਪਰ-ਲਿਖੇ
ਗੁਣਾਂ ਨੂੰ ਧਾਰਨ ਕਰਦਾ ਹੈ) ਉਸ ਨੂੰ ਉਹੀ ਫਲ ਮਿਲ ਜਾਂਦਾ ਹੈ ਜਿਸ ਦੀ ਮਨ ਵਿੱਚ ਇੱਛਾ ਕਰੇ।
ਭਾਈ ਗੁਰਦਾਸ ਗੁਰਮਤਿ ਦੇ ਇਸ ਪੱਖ ਸਬੰਧੀ ਇਉਂ ਕਹਿੰਦੇ ਹਨ:-
(ੳ) “ਗੁਰ ਮੂਰਤਿ ਗੁਰ ਸਬਦੁ ਹੈ ਸਾਧ ਸੰਗਤਿ ਵਿਚਿ ਪਰਗਟੀ ਆਇਆ। (ਵਾਰ ੨੪, ਪਉੜੀ ੨੫) ਅਰਥ: ਗੁਰੂ
ਦੀ ਮੂਰਤੀ ਗੁਰੂ ਕਾ ਸ਼ਬਦ ਹੈ, ਜੋ ਸਾਧ ਸੰਗਤਿ ਵਿਖੇ ਸਦਾ ਪ੍ਰਗਟ ਰਹਿੰਦੀ ਹੈ।
(ਅ) ਗੁਰਮੂਰਤਿ ਗੁਰ ਸਬਦੁ ਹੈ ਸਾਧ ਸੰਗਤਿ ਸਮਸਰਿ ਪਰਵਾਣਾ। (ਵਾਰ ੩੨, ਪਉੜੀ ੨) ਅਰਥ: ਗੁਰੂ ਦੀ
ਮੂਰਤੀ ਅਰ ਸਤਿਗੁਰ ਦੇ ਸ਼ਬਦ ਅਰ ਸਾਧ ਸੰਗਤਿ ਨੂੰ ਬਰਾਬਰ ਕਰਕੇ ਪਰਵਾਨ ਕਰਦਾ ਹੈ।
ਇਸੇ ਤਰ੍ਹਾਂ ਲੇਖਕ ‘ਸਗਲ ਇਛਾ ਜਪਿ ਪੁੰਨੀਆ॥ ਪ੍ਰਭਿ ਮੇਲੇ ਚਿਰੀ
ਵਿਛੁੰਨਿਆ॥ ੧॥’ ਵਾਲੇ ਸ਼ਬਦ ਦੇ ਸਬੰਧ ਵਿੱਚ ਲਿਖਦਾ ਹੈ, “ਇਸ ਸ਼ਬਦ ਨੂੰ ਸ਼ੁਕਰਵਾਰ ਤੋਂ
ਚਾਲੀ ਦਿਨਾਂ ਵਿੱਚ ਦਸ ਹਜ਼ਾਰ ਜਪਣਾ। ਇਸਦੇ ਜਪਣ ਨਾਲ ਸਭ ਪ੍ਰਕਾਰ ਦੀਆਂ ਮਨੋ-ਕਾਮਨਾ ਪੂਰੀਆਂ ਹੋ
ਜਾਂਦੀਆਂ ਹਨ। ਸਤ ਕਰ ਮੰਨਣਾ। ਪਾਠ ਸਮੇਂ ਮਨ ਦੀ ਬ੍ਰਿਤੀ ਸਤਿਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ
ਲਾਈ ਰੱਖਣੀ।”
ਲੇਖਕ ਮਨ ਦੀ ਬ੍ਰਿਤੀ ਸਤਿਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਲਾਈ ਰੱਖਣ ਦੀ ਪ੍ਰੇਰਨਾ ਕਰ ਰਿਹਾ
ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੇ ਚਰਨਾਂ ਦਾ ਕਈ ਥਾਈਂ ਵਰਣਨ ਆਇਆ ਹੈ ਪਰ ਗੁਰ ਚਰਨਾਂ
ਤੋਂ ਭਾਵ ਪੈਰਾਂ ਤੋਂ ਨਹੀਂ ਲਿਆ ਗਿਆ ਹੈ; ਚਰਨਾਂ ਤੋਂ ਭਾਵ ਗੁਰਬਾਣੀ ਅਥਵਾ ਗੁਰ ਸ਼ਬਦ ਤੋਂ ਹੀ ਲਿਆ
ਗਿਆ ਹੈ।
ਲੇਖਕ ‘ਤੂੰ ਕਰਤਾ ਸਚਿਆਰੁ ਮੈਡਾ ਸਾਂਈ॥ ਜੋ ਤਉ ਭਾਵੈ ਸੋਈ ਥੀਸੀ ਜੋ
ਤੂੰ ਦੇਹਿ ਸੋਈ ਹਉ ਪਾਈ॥ ੧॥ ਰਹਾਉ॥’ ਵਾਲੇ ਸ਼ਬਦ ਦੇ ਪੜ੍ਹਨ ਦੀ ਵਿਧੀ ਅਤੇ ਇਸ ਦੇ ਮਹਾਤਮ
ਬਾਰੇ ਇਉਂ ਲਿਖਦਾ ਹੈ, “ਇਸ ਸ਼ਬਦ ਦਾ ਪਾਠ ਅੰਮ੍ਰਿਤ ਵੇਲੇ ੪ ਘੜੀ ਦੇ ਤੜਕੇ ਯਾਰ੍ਹਾਂ ਸੌ ਹਰ ਰੋਜ਼
੧੮ ਦਿਨ ਕਰਨਾ। ਇਸ ਦੇ ਫਲ ਵੱਜੋਂ ਬੇਅੰਤ ਧਨ ਤੇ ਹੀਰੇ ਜਵਾਹਰਾਤਾਂ ਦੀ ਸੁਭਾਵਕ ਆਪਣੇ ਆਪ ਸੁਤੇ
ਸਿਧ ਹੀ ਪ੍ਰਾਪਤੀ ਹੁੰਦੀ ਹੈ। ਮਨ ਨੂੰ ਸ਼ੁੱਧ ਅਤੇ ਟਿਕਾ ਕੇ ਬੁਰੇ ਕੰਮਾਂ ਵਲੋਂ ਰੋਕ ਕੇ ਰੱਖਣ ਨਾਲ
ਸ਼ਬਦ ਦੇ ਪਾਠ ਦੇ ਫਲ ਦੀ ਪ੍ਰਾਪਤੀ ਸ਼ੀਘਰ ਹੁੰਦੀ ਹੈ।”
ਪੁਸਤਕ ਕਰਤਾ ਇਸ ਸ਼ਬਦ ਦੇ ਮਹਾਤਮ ਨੂੰ ਸ਼ੀਘਰ ਹਾਸਲ ਕਰਨ ਲਈ ਮਨ ਨੂੰ ਸ਼ੁੱਧ ਅਤੇ ਟਿਕਾ ਕੇ ਬੁਰੇ
ਕੰਮਾਂ ਵਲੋਂ ਰੋਕ ਕੇ ਰੱਖਣ ਦੀ ਸਾਲਾਹ ਦੇ ਰਿਹਾ ਹੈ। ਪਰੰਤੂ ਇਸ ਤੋਂ ਪਹਿਲੇ ਲਿਖੇ ਮਹਾਤਮਾ ਵਿੱਚ
ਕਿਧਰੇ ਵੀ ਇਹੋ ਜਿਹੀ ਸ਼ਰਤ ਲਾਗੂ ਨਹੀਂ ਕੀਤੀ ਗਈ।
ਹਰੇਕ ਤਰ੍ਹਾਂ ਦੇ ਮੁਕੱਦਮੇ ਵਿੱਚ ਜਿੱਤ ਹਾਸਲ ਕਰਨ ਬਾਰੇ ਚਰਚਾ ਕਰਦਿਆਂ ਹੋਇਆ ਲਿਖਦਾ ਹੈ:
‘ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ॥’ ਵਾਲੇ ਸ਼ਬਦ
ਨੂੰ ਪੜ੍ਹਨ ਦੀ ਪ੍ਰੇਰਨਾ ਕਰਦਾ ਹੈ। “ਜਦੋਂ ਕੋਈ ਮੁਕੱਦਮਾ ਜਾਂ ਹੋਰ ਕੋਈ ਭੀੜ ਆ ਬਣੇ ਤਦੋਂ ਇਸ
ਸ਼ਬਦ ਦਾ ਪਾਠ ਪੰਜ ਵਾਰ ਰੋਜ਼ ਅੰਮ੍ਰਿਤ ਵੇਲੇ ਦੁਪਹਿਰ ਵੇਲੇ ਅਤੇ ਸੰਧਿਆ ਸਮੇਂ ਕਰਨਾ। ਫਿਰ ਜਿਸ ਦਿਨ
ਮੁਕੱਦਮੇ ਦੀ ਪੇਸ਼ੀ ਹੋਵੇ ਉਸ ਦਿਨ ਇਸ਼ਨਾਨ ਕਰਕੇ ਅਰਦਾਸਾ ਸੋਧਕੇ ਆਪਣਾ ਪਹਿਰਾਵਾ ਅਕਾਲੀ ਸਿੰਘ ਤਥਾ
ਗੁਰਮੁਖਾਂ ਵਾਲਾ ਬਣਾ ਲੈਣਾ। ਫਿਰ ਇਸ ਸ਼ਬਦ ਦਾ ਪਾਠ ਮੂੰਹ ਵਿੱਚ ਕਰਦੇ ਹੀ ਕਚਹਿਰੀ ਜਾਣਾ ਤੇ ਪਾਠ
ਕਰੀ ਜਾਣਾ। ਹਾਕਮ ਦੇ ਸਾਹਮਣੇ ਖੜੇ ਹੋ ਕੇ ਵੀ ਜਦ ਤਕ ਬਿਆਨ ਆਰੰਭ ਨਾ ਹੋਣ ਪਾਠ ਕਰਦੇ ਰਹਿਣਾ। ਬਸ,
ਭਾਵੇਂ ਕਿਤਨਾ ਵੀ ਭਾਰਾ ਮੁਕੱਦਮਾ ਕਿਉਂ ਨਾ ਹੋਵੇ, ਸਤਿਗੁਰੂ ਜੀ ਵਲੋਂ ਅਜਗੈਬੀ ਸਹਾਇਤਾ ਹੋਵੇਗੀ
ਤੇ ਮੁਕੱਦਮੇ ਵਿਚੋਂ ਛੁਟਕਾਰਾ ਹੋ ਜਾਵੇਗਾ, ਨਿਸਚਾ ਦ੍ਰਿੜ ਰਖਣਾ।”
ਅਕਾਲੀ ਸਿੰਘ ਤਥਾ ਗੁਰਮੁਖੀ ਬਾਣਾ ਬਣਾ ਲੈਣ ਦੀ ਗੱਲ ਲੇਖਕ ਪਹਿਲੀ ਵਾਰ ਕਰ ਰਿਹਾ ਹੈ। ਪਰ ਜੇਕਰ
ਕੋਈ ਇਹ ਬਾਣਾ ਨਹੀ ਧਾਰਨ ਕਰਨਾ ਚਾਹੁੰਦਾ ਤਾਂ ਮੁਕੱਦਮਾ ਜਿੱਤਨ ਦੇ ਚਾਹਵਾਨ ਨੂੰ ਨਿਰਾਸ ਹੋਣ ਦੀ
ਲੋੜ ਨਹੀਂ ਹੈ। ਚੂੰਕਿ ਲੇਖਕ ਇਸ ਤੋਂ ਅਗਲੇ ਸ਼ਬਦ ‘ਜਾ ਤੁੰ ਸਾਹਿਬ ਤਾ
ਭਉ ਕੇਹਾ ਹਉ ਤੁਧੁ ਬਿਨਾ ਕਿਸੁ ਸਾਲਾਹੀ॥’ ਬਾਰੇ ਲਿਖਦਾ ਹੈ, “ਇਸ ਸ਼ਬਦ ਨੂੰ ਹਰ ਰੋਜ਼
ਸਵੇਰੇ ਅੰਮ੍ਰਿਤ ਵੇਲੇ ੨੧ ਦਿਨ ਸੱਤ ਵਾਰ ਪੜ੍ਹਿਆ ਜਾਵੇ ਤਾਂ ਮੁਕੱਦਮੇ ਵਿੱਚ ਜਿੱਤ ਹੋ ਜਾਂਦੀ ਹੈ।
ਮੁਕੱਦਮੇ ਦੀ ਤਰੀਕ ਵਾਲੇ ਦਿਨ ਇਸ ਸ਼ਬਦ ਦੇ ਪੰਜ ਪਾਠ ਕਰਕੇ ਗੁਰਦੁਆਰੇ ਗੁਰੂ ਸਾਹਿਬ ਨੂੰ ਮਥਾ ਟੇਕ
ਕੇ ਅਰਦਾਸ ਕਰਕੇ ਕਚਹਿਰੀ ਨੂੰ ਜਾਣਾ ਤੇ ਇਸ ਸ਼ਬਦ ਦਾ ਪਾਠ ਜਦ ਤਕ ਹਾਕਮ ਦੇ ਸਾਹਮਣੇ ਖੜੇ ਨਾ ਹੋ
ਜਾਓ ਮੂੰਹ ਵਿੱਚ ਕਰਦੇ ਰਹਿਣਾ, ਸਤਿਗੁਰੂ ਜੀ ਹਰ ਪ੍ਰਕਾਰ ਸਹਾਇਤਾ ਕਰਨਗੇ।”
ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਨਾ ਤਾਂ ਮਾਲਾ ਫੇਰਨ ਦਾ ਸੰਕਲਪ ਹੈ, ਨਾ ਹੀ ਤਾਂਤ੍ਰਿਕ ਵਿਧੀਆਂ
ਨਾਲ ਗੁਰਬਾਣੀ ਦੇ ਪਾਠ ਦਾ ਅਤੇ ਨਾ ਹੀ ਇਸ ਤਰ੍ਹਾਂ ਦੇ ਮਹਾਤਮ ਦਾ। ਗੁਰਬਾਣੀ ਦੀ ਜੀਵਨ-ਜੁਗਤ ਦੇ
ਧਾਰਨੀ ਬਣਨ ਲਈ ਸਾਨੂੰ ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹਨ, ਸੁਣਨ ਦੀ ਜ਼ਰੂਰਤ ਹੈ। ਗੁਰਬਾਣੀ ਦੀ
ਰੌਸ਼ਨੀ ਵਿੱਚ ਜੀਵਨ ਗੁਜ਼ਾਰਨਾ ਹੀ ਗੁਰਬਾਣੀ ਦੇ ਸਹੀ ਅਰਥਾਂ ਵਿੱਚ ਸਭ ਤੋਂ ਵੱਡਾ ਮਹਾਤਮ ਹੈ।
ਅਖੌਤੀ ‘ਸ਼ਰਧਾ ਪੂਰਨ ਗ੍ਰੰਥ’ ਦਾ ਕਰਤਾ ਗੁਰਬਾਣੀ ਦੇ ਭਿੰਨ ਭਿੰਨ ਸ਼ਬਦਾਂ ਨੂੰ ਤਾਂਤ੍ਰਿਕ ਵਿਧੀਆਂ
ਨਾਲ ਪੜ੍ਹਨ ਅਤੇ ਇਨ੍ਹਾਂ ਦਾ ਇਸ ਤਰ੍ਹਾਂ ਦਾ ਮਹਾਤਮ ਦਰਸਾ ਕੇ, ਜਨ-ਸਾਧਾਰਨ ਨੂੰ ਗੁਰਬਾਣੀ ਦੀ
ਜੀਵਨ-ਜੁਗਤ ਨਾਲ ਜੋੜ ਨਹੀਂ ਸਗੋਂ ਤੋੜ ਰਿਹਾ ਹੈ।
ਸਮਾਪਤ
ਜਸਬੀਰ ਸਿੰਘ ਵੈਨਕੂਵਰ