ਭਾਸ਼ਾ ਦੇ ਮੁੱਢਲੇ ਨਿਯਮ
ਭਾਸ਼ਾ ਮਾਨਵ-ਜਾਤੀ ਕੋਲ ਮਨੁੱਖ ਤੋਂ ਮਨੁੱਖ ਵਿਚਕਾਰ ਸੰਚਾਰ ਦਾ ਅਹਿਮ ਸਾਧਨ ਹੈ। ਇਹੀ ਨਹੀਂ, ਭਾਸ਼ਾ
ਰਾਹੀਂ ਹੀ ਮਨੁੱਖੀ ਜੀਵਨ ਦੇ ਪਿਛੋਕੜ ਨੂੰ ਭਲੀ-ਭਾਂਤ ਸਮਝਿਆ ਜਾ ਸਕਦਾ ਹੈ ਅਤੇ ਭਾਸ਼ਾ ਹੀ ਇਸਦੇ
ਭਵਿਖ ਨੂੰ ਵਿਉਂਤਣ ਦਾ ਸਭ ਤੋਂ ਵੱਧ ਕਾਰਗਰ ਵਸੀਲਾ ਹੈ। ਸਭ ਤੋਂ ਮੁੱਢਲੇ ਪੜਾ ਦੀ ਭਾਸ਼ਾ ਸਰੀਰਕ
ਮੁਦਰਾਵਾਂ ਅਤੇ ਮੂੰਹ ਦੇ ਅੰਗਾਂ ਰਾਹੀਂ ਪੈਦਾ ਕੀਤੇ ‘ਹਾ-ਹੋ’ ਦੀਆਂ ਅਵਾਜ਼ਾਂ ਹੀ ਸਨ। ਪਰੰਤੂ ਇਹ
ਬੜੇ ਹੀ ਅਚੰਭੇ ਵਾਲੀ ਗੱਲ ਹੈ ਕਿ ਕਲਾ ਅਤੇ ਧਰਮ ਦੋਵ੍ਹਾਂ ਦੀ ਉਤਪਤੀ ਦਾ ਮੁੱਢ ਇਹਨਾਂ
ਸੰਚਾਰ-ਚਿੰਨ੍ਹਾਂ ਦੀ ਵਰਤੋਂ ਵਿੱਚੋਂ ਹੀ ਬੱਝਦਾ ਹੈ। ਭਾਸ਼ਾ ਹੀ ਇੱਕ ਸਭ ਤੋਂ ਪਹਿਲੇ ਦਰਜੇ ਦਾ
ਲੱਛਣ ਹੈ ਜੋ ਮਨੁੱਖ ਨੂੰ ਪਸ਼ੂ-ਪੰਛੀਆਂ ਤੋਂ ਵਖਰਿਆਉਂਦਾ ਹੈ। ਭਾਸ਼ਾ ਸਾਹਿਤ-ਕਲਾ ਦਾ ਮਾਧਿਅਮ ਹੈ
ਜਿਵੇਂ ਰੰਗ ਚਿਤਰ-ਕਲਾ ਦਾ ਅਤੇ ਅਵਾਜ਼ ਸੰਗੀਤ ਦਾ। ਮਨੁੱਖੀ ਹੋਂਦ ਲਈ ਭਾਸ਼ਾ ਉਸੇ ਤਰ੍ਹਾਂ ਜ਼ਰੂਰੀ ਬਣ
ਚੁੱਕੀ ਹੈ ਜਿਵੇਂ ਹਵਾ, ਪਾਣੀ ਜਾਂ ਖੁਰਾਕ।
ਵੱਖ-ਵੱਖ ਭਾਸ਼ਾ-ਵਿਗਿਆਨੀਆਂ ਨੇ ਆਪਣੇ-ਆਪਣੇ ਢੰਗ ਨਾਲ ਭਾਸ਼ਾ ਦੀਆਂ ਸੰਖੇਪ ਪਰੀਭਾਸ਼ਾਵਾਂ ਤਾਂ
ਦਿੱਤੀਆਂ ਹਨ ਪਰੰਤੂ ਹਾਲੇ ਤਕ ਭਾਸ਼ਾ ਦੀ ਕੋਈ ਵੀ ਅਜਿਹੀ ਪਰਮਾਣਿਕ
(standard)
ਪਰੀਭਾਸ਼ਾ ਨਿਸਚਤ ਨਹੀਂ ਹੋ ਸਕੀ ਜੋ ਭਾਸ਼ਾ ਦੇ ਸਾਰੇ ਪਹਿਲੂਆਂ ਨੂੰ ਆਪਣੇ ਕਲਾਵੇ ਵਿੱਚ ਲੈਣ ਦੇ
ਸਮਰੱਥ ਹੋਵੇ। ਇਸ ਲਈ ਆਮ ਕਰਕੇ ਭਾਸ਼ਾ-ਵਿਗਿਆਨੀ ਭਾਸ਼ਾ ਦਾ ਵਰਣਨ ਇਸ ਦੇ ਕੁੱਝ ਮੁੱਢਲੇ ਨਿਯਮਾਂ
ਰਾਹੀਂ ਕਰਨਾ ਹੀ ਬਿਹਤਰ ਸਮਝਦੇ ਹਨ। ਇਹ ਮੁੱਢਲੇ ਨਿਯਮ ਸੰਸਾਰ ਭਰ ਦੀਆਂ ਸਾਰੀਆਂ ਭਾਸ਼ਾਵਾਂ ਦੇ ਆਮ
ਵਰਤਾਰੇ ਤੇ ਸਾਂਝੇ ਤੌਰ ਤੇ ਲਾਗੂ ਹੁੰਦੇ ਹਨ।
ਭਾਸ਼ਾ ਦੇ ਮੁੱਢਲੇ ਨਿਯਮ ਸੰਖੇਪ ਵਿੱਚ ਹੇਠ ਦਿੱਤੇ ਅਨੁਸਾਰ ਹਨ:
1. ਭਾਸ਼ਾ ਮਨੁੱਖ ਅਤੇ ਮਨੁੱਖ ਦੇ ਪਰਸਪਰ ਆਦਾਨ-ਪਰਦਾਨ ਦੀ ਕਿਰਿਆ `ਚੋਂ ਪੈਦਾ ਹੁੰਦੀ ਹੈ।
ਮਨੁੱਖ ਜਾਤੀ ਵਿੱਚ ਭਾਸ਼ਾ ਦਾ ਗੁਣ ਕਿਸੇ ਦੈਵੀ ਚਮਤਕਾਰ ਨਾਲ ਪੈਦਾ ਨਹੀਂ ਹੋਇਆ। ਮਨੁੱਖ ਨੂੰ ਕੇਵਲ
ਮਨੁੱਖ ਦੀ ਜੂਨ ਵਿੱਚ ਪੈ ਜਾਣ ਨਾਲ ਹੀ ਭਾਸ਼ਾ ਨਹੀਂ ਮਿਲ ਜਾਂਦੀ। ਜੇਕਰ ਅਜਿਹਾ ਹੁੰਦਾ ਤਾਂ ਹਰ
ਬੱਚਾ ਜਨਮ ਲੈਣ ਤੋਂ ਤੁਰੰਤ ਬਾਦ ਵਿੱਚ ਬੋਲਣਾ ਸ਼ੁਰੂ ਕਰ ਦਿੰਦਾ। ਕੋਈ ਭਾਸ਼ਾ ਇਸ ਤਰ੍ਹਾਂ ਹੋਂਦ
ਵਿੱਚ ਨਹੀਂ ਆ ਜਾਂਦੀ ਜਿਵੇਂ ਬੀਜ ਵਿੱਚੋਂ ਪੌਦਾ ਉੱਗ ਪੈਂਦਾ ਹੈ ਜਾਂ ਜ਼ਮੀਨ ਵਿੱਚੋਂ ਚਸ਼ਮਾ ਨਿਕਲ
ਤੁਰਦਾ ਹੈ। ਕੋਈ ਭਾਸ਼ਾ ਕਿਸੇ ਦੂਸਰੀ ਭਾਸ਼ਾ ਵਿੱਚੋਂ ਇੰਜ ਨਹੀਂ ਨਿਕਲਦੀ ਜਿਵੇਂ ਇੱਕ ਦਰਖਤ ਵਿੱਚੋਂ
ਟਹਿਣੀ ਫੁਟ ਆਉਂਦੀ ਹੈ, ਜਿਵੇਂ ਕਿਸੇ ਦਰਿਆ ਵਿੱਚੋਂ ਨਹਿਰ ਕੱਢ ਲਈ ਜਾਂਦੀ ਹੈ ਜਾਂ ਫਿਰ ਜਿਵੇਂ
ਇੱਕ ਬੱਚਾ ਆਪਣੀ ਮਾਂ ਦੀ ਕੁੱਖ ਵਿੱਚੋਂ ਜਨਮ ਲੈਂਦਾ ਹੈ। ਭਾਸ਼ਾ ਮਨੁੱਖੀ ਸਮਾਜ ਦੇ ਅਰੰਭਕ ਵਿਕਾਸ
ਦੇ ਪੜਾ ਤੇ ਪਰਸਪਰ ਆਦਾਨ-ਪਰਦਾਨ ਦੀ ਕਿਰਿਆ ਰਾਹੀਂ ਹੋਂਦ ਵਿੱਚ ਆਉਂਦੀ ਹੈ। ਇਸ ਵਿਕਾਸ ਦੀ
ਪ੍ਰਕਿਰਿਆ ਵਿੱਚ ਆਦਿ ਮਨੁੱਖ ਤੋਂ ਬਾਦ ਕਬੀਲਾ ਸਮਾਜ ਆਉਂਦਾ ਹੈ ਜੋ ਸਮਾਂ ਪਾ ਕੇ ਸਭਿਅ ਸਮਾਜ ਵਿੱਚ
ਵਟ ਜਾਂਦਾ ਹੈ। ਸਭਿਅ ਸਮਾਜ ਵੀ ਪਹਿਲਾਂ ਪੇਂਡੂ ਰਹਿਣ-ਸਹਿਣ ਤਕ ਸੀਮਿਤ ਰਹਿੰਦਾ ਹੈ ਅਤੇ ਫਿਰ
ਸ਼ਹਿਰੀ ਰਹਿਣ-ਸਹਿਣ ਉਤਪੰਨ ਹੋ ਜਾਂਦਾ ਹੈ। ਭਾਵੇਂ ਕਬੀਲਾ ਇੱਕ ਸੰਕੁਚਿਤ ਸਮਾਜਕ ਇਕਾਈ ਹੁੰਦੀ ਹੈ
ਫਿਰ ਵੀ ਇਸ ਵਿੱਚ ਸਮਾਜਕ ਪ੍ਰਬੰਧ, ਧਾਰਮਿਕ ਰਹੁ-ਰੀਤਾਂ, ਸਮਾਜਕ ਰੀਤੀ-ਰਿਵਾਜ, ਕਾਰੀਗਰੀ-ਹੁਨਰ
ਅਤੇ ਸ਼ਿਕਾਰ ਅਤੇ ਖੇਤੀ ਵਰਗੇ ਕਿੱਤੇ ਚੰਗੀ ਤਰ੍ਹਾਂ ਵਿਕਸਤ ਹੋ ਚੁੱਕੇ ਹੁੰਦੇ ਹਨ। ਸਿੱਟੇ ਵਜੋਂ
ਤਕਰੀਬਨ ਹਰ ਕਬੀਲਾ ਸਮਾਜ ਵਿੱਚ ਭਾਸ਼ਾ ਆਪਣੀ ਸੰਪੂਰਨਤਾ ਨੂੰ ਪਰਾਪਤ ਕਰ ਲੈਂਦੀ ਹੈ। ਸਭਿਅ ਸਮਾਜ
ਵਿੱਚ ਵਟਣ ਵੇਲੇ ਤਕ ਇੱਕ ਖਿੱਤੇ ਦੇ ਕਬੀਲੇ ਆਪਸ ਵਿੱਚ ਘੁਲ-ਮਿਲ ਕੇ ਵੱਡੀ ਸਮਾਜਕ ਇਕਾਈ ਬਣਾ
ਲੈਂਦੇ ਹਨ ਅਤੇ ਉਹਨਾਂ ਦੀਆਂ ਭਾਸ਼ਾਵਾਂ ਦੇ ਆਪਸੀ ਮੇਲ-ਜੋਲ ਵਿੱਚੋਂ ਇੱਕ ਸਾਂਝੀ ਸੰਪਰਕ ਭਾਸ਼ਾ ਹੋਂਦ
ਵਿੱਚ ਆ ਜਾਂਦੀ ਹੈ ਜਦ ਕਿ ਕੁੱਝ ਕੁ ਕਬੀਲਾ ਭਾਸ਼ਾਵਾਂ ਉਪ-ਬੋਲੀਆਂ ਦੇ ਰੂਪ ਵਿੱਚ ਚਲਦੀਆਂ ਵੀ
ਰਹਿੰਦੀਆਂ ਹਨ। ਅਜਿਹੀ ਖੇਤਰੀ ਬੋਲੀ ਅਤੇ ਉਸ ਦੀਆਂ ਉਪ-ਬੋਲੀਆਂ ‘ਕੁਦਰਤੀ’ ਭਾਸ਼ਾ ਕਹਿਲਾਉਂਦੀਆਂ
ਹਨ।
2. ਹਰ ਭਾਸ਼ਾ ਬੇਜੋੜ ਹੁੰਦੀ ਹੈ।
ਜਿਸ ਤਰ੍ਹਾਂ ਹਰ ਵਿਅਕਤੀ ਦਾ ਚਿਹਰਾ ਨਿਵੇਕਲਾ ਹੁੰਦਾ ਹੈ, ਹਰ ਵਿਅਕਤੀ ਦੀ ਅਵਾਜ਼ ਅਲੱਗ ਹੁੰਦੀ
ਹੈ ਅਤੇ ਹਰ ਵਿਅਕਤੀ ਦੀਆਂ ਉਂਗਲਾਂ ਦੇ ਨਿਸ਼ਾਨ ਵੱਖਰੇ ਹੁੰਦੇ ਹਨ ਇਸੇ ਤਰ੍ਹਾਂ ਹਰ ਭਾਸ਼ਾ ਨਿਵੇਕਲੀ
ਅਤੇ ਬੇਜੋੜ (unique)
ਹੁੰਦੀ ਹੈ। ਇੱਕ ਭਾਸ਼ਾ ਵਿਸ਼ੇਸ਼ ਦੀ ਬਣਤਰ ਵਿੱਚ ਹਰ ਪੱਧਰ
ਤੇ ਹਰੇਕ ਦੂਸਰੀ ਭਾਸ਼ਾ ਨਾਲੋਂ ਸਪਸ਼ਟ ਅੰਤਰ ਦ੍ਰਿਸ਼ਟਮਾਨ ਹੁੰਦਾ ਹੈ। ਹੋ ਸਕਦਾ ਹੈ ਕਿ ਦੋ ਭਾਸ਼ਾਵਾਂ
ਵਿਚਲੇ ਕੁੱਝ ਕੁ ਅੰਸ਼ ਇੱਕ ਦੂਜੇ ਨਾਲ ਮੇਲ ਖਾ ਜਾਣ ਪਰੰਤੂ ਬਹੁਤਾਤ ਅਜਿਹੇ ਅੰਸ਼ਾਂ ਦੀ ਹੀ ਹੋਵੇਗੀ
ਜਿਹਨਾਂ ਵਿੱਚ ਪੂਰਣ ਤੌਰ ਤੇ ਭਿੰਨਤਾ ਹੋਵੇਗੀ। ਉਦਾਹਰਨ ਦੇ ਤੌਰ ਤੇ ਦੋ ਭਾਸ਼ਾਵਾਂ ਵਿੱਚ ਕੁੱਝ
ਸਵੱਰ ਜਾਂ ਵਿਅੰਜਨ ਧੁਨੀਆਂ ਸਾਂਝੀਆਂ ਹੋ ਸਕਦੀਆਂ ਹਨ ਪਰੰਤੂ ਬਹੁਤ ਸਾਰੀਆਂ ਧੁਨੀਆਂ ਅਜਿਹੀਆਂ
ਮਿਲਣਗੀਆਂ ਜੋ ਦੂਸਰੀ ਭਾਸ਼ਾ ਵਿੱਚ ਮੌਜੂਦ ਨਹੀਂ। ਦੋ ਭਾਸ਼ਾਵਾਂ ਦੀ ਧੁਨੀਵਿਗਿਆਨਕ ਬਣਤਰ, ਸ਼ਬਦ ਬਣਤਰ
ਅਤੇ ਵਾਕ ਬਣਤਰ ਵਿੱਚ ਬਹੁਤਾ ਕੁੱਝ ਤਾਂ ਭਿੰਨ ਹੀ ਮਿਲੇਗਾ। ਕੋਈ ਵੀ ਦੋ ਭਾਸ਼ਾਵਾਂ ਇੰਨ-ਬਿੰਨ ਇੱਕੋ
ਜਿਹੀਆਂ ਨਹੀਂ ਹੋ ਸਕਦੀਆਂ। ਕਿਸੇ ਭਾਸ਼ਾ ਦੀ ਹੋਂਦ ਇਸ ਗੱਲ ਵਿੱਚ ਹੀ ਹੈ ਕਿ ਸੰਸਾਰ ਭਰ ਵਿੱਚ ਕੋਈ
ਹੋਰ ਭਾਸ਼ਾ ਉਸ ਵਰਗੀ ਨਹੀਂ। ਕਿਸੇ ਵੀ ਭਾਸ਼ਾ ਵਿਸ਼ੇਸ਼ ਦਾ ਦੂਸਰਾ ਰੂਪ ਕਿਤੇ ਵੀ ਮੌਜੂਦ ਨਹੀਂ ਅਤੇ ਨਾ
ਹੀ ਭਾਸ਼ਾ ਦੀ ਕਲੋਨਿੰਗ ਹੋਣੀ ਸੰਭਵ ਹੈ। ਜੇਕਰ ਧਰਤੀ ਦੇ ਵੱਖ-ਵੱਖ ਖਿੱਤਿਆਂ ਵਿੱਚ ਤਿੰਨ ਹਜ਼ਾਰ ਤੋਂ
ਵੱਧ ਭਾਸ਼ਾਵਾਂ ਮੌਜੂਦ ਹਨ ਤਾਂ ਸਾਰੀਆਂ ਹੀ ਇੱਕ ਦੂਸਰੀ ਤੋਂ ਭਿੰਨ ਹਨ। ਇਸੇ ਕਰਕੇ ਕਿਸੇ ਇੱਕ ਭਾਸ਼ਾ
ਦੀਆਂ ਵਿਸ਼ੇਸ਼ਤਾਈਆਂ ਦੇ ਅਧਾਰ ਤੇ ਅਸੀਂ ਕਿਸੇ ਦੂਸਰੀ ਭਾਸ਼ਾ ਦਾ ਮੁਲਾਂਕਣ ਨਹੀਂ ਕਰ ਸਕਦੇ।
3. ਭਾਸ਼ਾ ਸੰਚਾਰ ਦਾ ਸਾਧਨ ਹੁੰਦਾ ਹੈ।
ਭਾਸ਼ਾ ਮਨੁੱਖੀ ਸਮਾਜ ਦੀ ਕਿਸੇ ਇਕਾਈ ਵਿਚਲੇ ਆਪਸੀ ਸੰਚਾਰ ਦੇ ਸਭ ਤੋਂ ਅਹਿਮ ਸਾਧਨ ਵਜੋਂ ਵਰਤੀ
ਜਾਂਦੀ ਹੈ। ਭਾਸ਼ਾ ਦੋ ਪ੍ਰਾਣੀਆਂ ਦਾ ਸਾਂਝਾ ਕੋਡ ਹੁੰਦਾ ਹੈ ਜਿਸ ਰਾਹੀਂ ਉਹ ਆਪਣੀ-ਆਪਣੀ ਜਾਣਕਾਰੀ,
ਵਿਚਾਰ ਅਤੇ ਭਾਵਨਾਵਾਂ ਇੱਕ ਦੂਸਰੇ ਤਕ ਪਹੁੰਚਾਉਂਦੇ ਹਨ। ਬੇਸ਼ਕ ਹੱਥਾਂ ਦੇ ਇਸ਼ਾਰੇ, ਸਿਰ ਦਾ
ਹਿਲਾਉਣਾ, ਝੰਡੀਆਂ, ਚਿਤਰ, ਨਕਸ਼ੇ, ਸ਼ੋਰਟ-ਹੈਂਡ ਆਦਿਕ ਦੀ ਵਰਤੋਂ ਰਾਹੀਂ ਵੀ ਆਪਣਾ ਸੰਦੇਸ਼ ਦੂਸਰਿਆਂ
ਤਕ ਪਹੁੰਚਾਇਆ ਜਾ ਸਕਦਾ ਹੈ ਪਰੰਤੂ ਅਜਿਹੀਆਂ ਸੰਚਾਰ-ਵਿਧੀਆਂ ਦਾ ਘੇਰਾ ਬਿਲਕੁਲ ਸੀਮਿਤ ਹੁੰਦਾ ਹੈ
ਅਤੇ ਆਖਰਕਾਰ ਇਹਨਾਂ ਵਿਧੀਆਂ ਨੂੰ ਵੀ ਭਾਸ਼ਾ ਤੇ ਹੀ ਨਿਰਭਰ ਕਰਨਾ ਪੈਂਦਾ ਹੈ। ਭਾਸ਼ਾ ਵਾਲਾ
ਲਚਕੀਲਾਪਨ, ਵਿਸ਼ਾਲਤਾ, ਵਿਆਪਕਤਾ, ਸੰਪੂਰਨਤਾ ਅਤੇ ਪ੍ਰਣਾਲੀਬੱਧਤਾ ਹੋਰ ਕਿਸੇ ਮਨੁੱਖੀ ਸੰਚਾਰ ਵਿਧੀ
ਵਿੱਚ ਮੌਜੂਦ ਨਹੀਂ। ਭਾਸ਼ਾ ਨੂੰ ਸੰਚਾਰ ਸਾਧਨ ਵਜੋਂ ਚਿਤਵਦਿਆਂ ਭਾਸ਼ਾ ਰਹਿਤ ਸਮਾਜ ਦਾ ਕਿਆਸ ਹੀ
ਨਹੀਂ ਕੀਤਾ ਜਾ ਸਕਦਾ। ਭਾਸ਼ਾ ਸਭਿਅਤਾ ਅਤੇ ਸਭਿਆਚਾਰ ਦੇ ਵਹਾਓ ਨੂੰ ਸਮੇਂ ਦੇ ਨਾਲ ਤੋਰਦੀ ਹੈ।
ਭਾਸ਼ਾ ਵਿੱਚ ਸਰਵਵਿਆਪੀ ਹੋਣ ਦਾ ਗੁਣ ਹੁੰਦਾ ਹੈ ਕਿਉਂਕਿ ਮਨੁੱਖ ਜਿੱਥੇ ਕਿਤੇ ਵੀ ਹੈ ਭਾਸ਼ਾ ਉਸਦੇ
ਕਾਰਵਿਹਾਰ ਵਿੱਚ ਸੰਚਾਰ ਸਾਧਨ ਵਜੋਂ ਮੌਜੂਦ ਹੁੰਦੀ ਹੈ। ਭਾਵੇਂ ਜੀਵ-ਵਿਗਿਆਨ ਅਨੁਸਾਰ ਮਨੱਖ ਨੂੰ
ਵੀ ਪਸ਼ੂ-ਜਾਤੀ ਦਾ ਹਿੱਸਾ ਕਿਹਾ ਜਾ ਸਕਦਾ ਹੈ ਭਾਸ਼ਾ ਦੀ ਸੰਚਾਰ ਵਿਧੀ ਮਨੁੱਖ-ਜਾਤੀ ਨੂੰ ਜੀਵਾਂ
ਦੀਆਂ ਆਮ ਜਾਤੀਆਂ ਤੋਂ ਬਹੁਤ ਉਚੇਰਾ ਲੈ ਜਾਂਦੀ ਹੈ। ਪਸ਼ੂ-ਪੰਛੀਆਂ ਦੀਆਂ ਵੀ ਆਪਣੀਆਂ ਸੰਚਾਰ
ਵਿਧੀਆਂ ਹੁੰਦੀਆਂ ਹਨ ਪਰੰਤੂ ਇਹਨਾਂ ਵਿਧੀਆਂ ਦਾ ਦਾਇਰਾ ਸੀਮਿਤ ਜਿਹਾ ਹੀ ਹੁੰਦਾ ਹੈ। ਮਨੁੱਖੀ
ਭਾਸ਼ਾ ਰਾਹੀਂ ਅਣਗਿਣਤ ਤਰਾਂ ਦੇ ਸੰਦੇਸ਼ ਸੰਚਾਰਿਤ ਕੀਤੇ ਜਾ ਸਕਦੇ ਹਨ ਜੋ ਪਸ਼ੂ-ਪੰਛੀਆਂ ਦੀਆਂ ਸੰਚਾਰ
ਵਿਧੀਆਂ ਰਾਹੀਂ ਸੰਭਵ ਨਹੀਂ।
4. ਅਸਲ ਭਾਸ਼ਾ ਉਚਾਰਨ ਵਿੱਚ ਹੈ।
ਹਰ ਭਾਸ਼ਾ ਮੁੱਢਲੇ ਤੌਰ ਤੇ ਮੌਖਿਕ ਰੂਪ ਵਿੱਚ ਹੀ ਉਤਪੰਨ ਹੁੰਦੀ ਹੈ। ਉਂਝ ਵੀ ਮਨੁੱਖ ਪਹਿਲਾਂ
ਬੋਲਣ-ਅੰਗਾਂ ਰਾਹੀਂ ਧੁਨੀਆਂ ਉਚਾਰਦਾ ਹੈ ਅਤੇ ਉਹਨਾਂ ਨੂੰ ਤਰਤੀਬ ਦਿੰਦੇ ਹੋਏ ਧੁਨੀਆਤਮਕ ਸਮੱਗਰੀ
ਨੂੰ ਸ਼ਬਦਾਂ ਅਤੇ ਵਾਕਾਂ ਵਿੱਚ ਢਾਲਦਾ ਹੈ। ਇਹ ਕਿਤੇ ਬਾਦ ਵਿੱਚ ਹੀ ਹੁੰਦਾ ਹੈ ਕਿ ਲਿਪੀ ਰਾਹੀਂ
ਭਾਸ਼ਾ ਦੇ ਲਿਖਤੀ ਰੂਪ ਦੀ ਜਾਣਕਾਰੀ ਪਰਾਪਤ ਹੁੰਦੀ ਹੈ। ਲਿਪੀ ਉਚਰਿਤ ਧੁਨੀਆਂ ਦਾ ਕੇਵਲ
ਚਿੰਨ੍ਹਾਤਮਕ ਰੂਪ ਹੀ ਤਾਂ ਹੁੰਦਾ ਹੈ। ਉਦਾਹਰਣ ਵਜੋਂ ‘ਪ’ ਅੱਖਰ ਦੋਵ੍ਹਾਂ ਬੁੱਲਾਂ ਨੂੰ ਜੋੜ ਕੇ
ਖੋਲ੍ਹਦੇ ਹੋਏ ਉਚਾਰੀ ਗਈ ਵਿਅੰਜਨ ਧੁਨੀ ਦਾ ਉਲੀਕਿਆ ਹੋਇਆ ਰੂਪ ਹੈ। ਹਰ ਬੱਚਾ ਪਹਿਲਾਂ ਬੋਲਣਾ ਹੀ
ਸਿੱਖਦਾ ਹੈ। ਬੋਲਣਾ ਸਿੱਖਣ ਦੇ ਉਪਰੰਤ ਹੀ ਉਹ ਸਿੱਖੀ ਹੋਈ ਭਾਸ਼ਾ ਨੂੰ ਕਿਸੇ ਲਿਪੀ ਰਾਹੀਂ ਲਿਖਣ ਦੀ
ਸਿਖਲਾਈ ਪਰਾਪਤ ਕਰਦਾ ਹੈ। ਸੰਸਾਰ ਵਿੱਚ ਕਿਤਨੇ ਹੀ ਐਸੇ ਵਿਅਕਤੀ ਹਨ ਜਿਹਨਾਂ ਨੂੰ ਲਿਖਣਾ ਨਹੀਂ
ਆਉਂਦਾ ਪਰੰਤੂ ਫਿਰ ਵੀ ਉਹ ਆਪਣੀ-ਆਪਣੀ ਭਾਸ਼ਾ ਦੇ ਮਾਹਿਰ ਹਨ ਕਿਉਂਕਿ ਉਹ ਆਪਣੀ-ਆਪਣੀ ਭਾਸ਼ਾ ਨੂੰ
ਚੰਗੀ ਤਰ੍ਹਾਂ ਅਤੇ ਬਗੈਰ ਕਿਸੇ ਗਲਤੀ ਤੋਂ ਬੋਲ ਅਤੇ ਸਮਝ ਲੈਂਦੇ ਹਨ। ਉਹਨਾਂ ਵਿਚੋਂ ਕਿਸੇ ਇੱਕ
ਨੂੰ ਭਾਸ਼ਾ ਦਾ ਲਿਖਤੀ ਰੂਪ ਸਿਖਾਉਣ ਵੇਲੇ ਅਸੀਂ ਉਸ ਨੂੰ ਭਾਸ਼ਾ ਨਹੀਂ ਸਿਖਾ ਰਹੇ ਹੁੰਦੇ ਸਗੋਂ ਉਸ
ਵਿੱਚ ਸਾਖਰਤਾ ਦੀ ਯੋਗਤਾ ਹੀ ਪੈਦਾ ਕਰ ਰਹੇ ਹੁੰਦੇ ਹਾਂ। ਸੰਸਾਰ ਵਿੱਚ ਅਨੇਕਾਂ ਅਜਿਹੀਆਂ ਭਾਸ਼ਾਵਾਂ
ਮੌਜੂਦ ਹਨ ਜਿਹਨਾਂ ਦਾ ਲਿਖਤੀ ਰੂਪ ਹਾਲੇ ਤਕ ਵੀ ਤਿਆਰ ਨਹੀਂ ਹੋਇਆ। ਪਰੰਤੂ ਤਕਨੀਕੀ ਤੌਰ ਤੇ
ਅਜਿਹੀਆਂ ਭਾਸ਼ਾਵਾਂ ਲਿਖਣ ਵਿੱਚ ਆ ਜਾਣ ਵਾਲੀਆਂ ਭਾਸ਼ਾਵਾਂ ਤੋਂ ਘਟ ਵਿਕਸਤ ਨਹੀਂ ਸਮਝੀਆਂ ਜਾ
ਸਕਦੀਆਂ। ਕਿਸੇ ਵੀ ਭਾਸ਼ਾ ਦਾ ਲਿਖਤੀ ਰੂਪ ਤਾਂ ਝਟ-ਪਟ ਹੀ ਤਿਆਰ ਕੀਤਾ ਜਾ ਸਕਦਾ ਹੈ ਜਦੋਂ ਕਿ ਉਸਦੇ
ਮੌਖਿਕ ਰੂਪ ਦੇ ਹੋਂਦ ਵਿੱਚ ਆਉਣ ਵਿੱਚ ਅਨੇਕਾਂ ਸਦੀਆਂ ਦਾ ਸਮਾਂ ਲਗਿੱਆ ਹੁੰਦਾ ਹੈ। ਲਿਖਤੀ ਰੂਪ
ਤਿਆਰ ਹੋ ਜਾਣ ਤੇ ਵੀ ਭਾਸ਼ਾ ਦੇ ਮੌਖਿਕ ਰੂਪ ਦਾ ਪਹਿਲਾ ਦਰਜਾ ਹੀ ਹੁੰਦਾ ਹੈ ਅਤੇ ਲਿਖਤੀ ਰੂਪ
ਦੂਸਰੇ ਦਰਜੇ ਤੇ ਰਹਿੰਦਾ ਹੈ।
5. ਭਾਸ਼ਾ ਬਦਲਦੀ ਰਹਿੰਦੀ ਹੈ।
ਹਰ ਭਾਸ਼ਾ ਸਮੇਂ ਦੇ ਨਾਲ ਬਦਲਦੀ ਹੈ। ਇਸ ਵਿੱਚ ਨਵੀਆਂ ਧੁਨੀਆਂ, ਨਵੇਂ ਸੁਪਰਾਸੈਗਮੈਂਟਲ ਧੁਨੀਗਰਾਮ
(ਜਿਵੇਂ ਬਲ, ਸੁਰ, ਸੁਰ-ਲਹਿਰ), ਨਵੇਂ ਸ਼ਬਦ, ਵਾਕਾਂ ਦੀ ਨਵੀਂ ਬਣਤਰ ਆਦਿਕ ਅੰਸ਼ ਉਪਜਦੇ ਰਹਿੰਦੇ
ਹਨ। ਸਮਾਂ ਬੀਤਣ ਨਾਲ ਭਾਸ਼ਾ ਦੀਆਂ ਨਵੀਆਂ ਪਰੰਪਰਾਵਾਂ ਬਣਦੀਆਂ ਰਹਿੰਦੀਆਂ ਹਨ ਅਤੇ ਨਵੇਂ ਨਿਯਮ
ਉਸੱਰਦੇ ਰਹਿੰਦੇ ਹਨ। ਇਹਨਾਂ ਵਿੱਚੋਂ ਜ਼ਿਆਦਾ ਤਬਦੀਲੀਆਂ ਕਿਸੇ ਭਾਸ਼ਾ ਵਿਸ਼ੇਸ਼ ਦੇ ਆਪਣੇ ਭੂਗੋਲਿਕ
ਖਿੱਤੇ ਵਿੱਚ ਇਸ ਨੂੰ ਬੋਲਣ ਵਾਲੇ ਸੁਤੇ-ਸਿਧ ਹੀ ਪੈਦਾ ਕਰਦੇ ਰਹਿੰਦੇ ਹਨ। ਕੁੱਝ ਕੁ ਤਬਦੀਲੀਆਂ
ਦੂਸਰੀਆਂ ਭਾਸ਼ਾਵਾਂ ਜਿਹਨਾਂ ਦੇ ਸੰਪਰਕ ਵਿੱਚ ਇਹ ਸਥਾਨਕ ਵਸਨੀਕ ਅਕਸਰ ਹੀ ਆਉਂਦੇ ਰਹਿੰਦੇ ਹੋਣ,
ਵਿੱਚੋਂ ਗ੍ਰਹਿਣ ਕੀਤੇ ਜਾਣ ਵਾਲੇ ਅੰਸ਼ਾਂ ਰਾਹੀਂ ਉਪਜਦੀਆਂ ਹਨ ਪਰੰਤੂ ਇਹ ਅੰਸ਼ ਤਦਭਵ ਰੂਪ ਵਿੱਚ ਹੀ
ਸਵੀਕ੍ਰਿਤੀ ਪਰਾਪਤ ਕਰਦੇ ਹਨ। ਸਮਾਂ ਬੀਤਣ ਨਾਲ ਭਾਸ਼ਾ ਦੇ ਕੁੱਝ ਅੰਸ਼ ਲੁਪਤ ਵੀ ਹੁੰਦੇ ਰਹਿੰਦੇ ਹਨ।
ਜੀਵੰਤ ਭਾਸ਼ਾ ਵਿੱਚ ਖੜੋਤ ਸੰਭਵ ਨਹੀਂ। ਖੜੋਤ ਆਉਣ ਤੇ ਭਾਸ਼ਾ ਮੁਰਦਾ ਹੋ ਜਾਂਦੀ ਹੈ। ਅਜਿਹੀ ਭਾਸ਼ਾ
ਬੋਲ-ਚਾਲ ਵਿੱਚੋਂ ਬਾਹਰ ਹੋ ਗਈ ਹੁੰਦੀ ਹੈ। ਬੋਲ-ਚਾਲ ਵਿੱਚ ਰਹਿਣ ਵਾਲੀ ਭਾਸ਼ਾ ਹੀ ਜਿਉਂਦੀ ਭਾਸ਼ਾ
ਹੁੰਦੀ ਹੈ ਕਿਉਂਕਿ ਇਸ ਵਿੱਚ ਹਰ ਪੱਧਰ ਤੇ ਬਦਲਾਵ ਆਉਣੇ ਜਾਰੀ ਰਹਿੰਦੇ ਹਨ। ਮੁਰਦਾ ਹੋ ਚੁੱਕੀ
ਭਾਸ਼ਾ ਦੀ ਇੱਕ ਢੁੱਕਵੀਂ ਉਦਾਹਰਣ ਸੰਸਕ੍ਰਿਤ ਦੀ ਦਿੱਤੀ ਜਾ ਸਕਦੀ ਹੈ ਜਿਸ ਦਾ ਸਰੋਤ ਪ੍ਰਾਕਰਿਤ
ਭਾਸ਼ਾ ਸੀ ਪਰੰਤੂ ਬਦਲਾਵ ਦੀ ਪ੍ਰੀਕਿਰਿਆ ਦਾ ਤਿਆਗ ਕਰਕੇ ਸੰਸਕ੍ਰਿਤ ਮੁਰਦਾ ਭਾਸ਼ਾ ਬਣ ਗਈ ਜਦੋਂ ਕਿ
ਉਸੇ ਪ੍ਰਾਕਰਿਤ ਦਾ ਬਦਲਾਵ ਨੂੰ ਸਵੀਕਾਰ ਕਰਦਾ ਹੋਇਆ ਬੋਲ-ਚਾਲ ਵਾਲਾ ਰੂਪ ਪੰਜਾਬੀ ਵਜੋਂ ਅਜ ਵੀ
ਕਾਇਮ ਹੈ।
6. ਭਾਸ਼ਾ ਚਿੰਨ੍ਹਾਂ ਦੀ ਬਣੀ ਹੁੰਦੀ ਹੈ।
ਚਿੰਨ੍ਹ ਇੰਦਰੀਆਂ ਰਾਹੀਂ ਅਨੁਭਵ ਕੀਤਾ ਜਾ ਸਕਣ ਵਾਲਾ ਨਿਸ਼ਾਨ, ਪਦਾਰਥ, ਇਸ਼ਾਰਾ ਜਾਂ ਸ਼ੋਰ ਹੁੰਦਾ ਹੈ
ਜਿਸ ਤੋਂ ਕਿਸੇ ਭੌਤਿਕ ਚੀਜ਼ ਦੇ ਅਕਸ ਦਾ ਜਾਂ ਅਭੌਤਿਕ ਅਨੁਭੂਤੀ ਦਾ ਭਾਵ ਉਪਜਦਾ ਹੈ। ਉਦਾਹਰਣ ਵਜੋਂ
ਇੱਕ ਛੋਟੀ ਪੱਧਰੀ ਲਕੀਰ ਅਤੇ ਇੱਕ ਲੰਬੀ ਖੜ੍ਹਵੀਂ ਲਕੀਰ ਤੋਂ ਬਣੇ ਕਾਂਟੇ
(cross) ਦੇ
ਚਿੰਨ੍ਹ ਤੋਂ ਈਸਾ ਮਸੀਹ ਦੀ ਕੁਰਬਾਨੀ ਦਾ ਭਾਵ ਉਪਜਦਾ ਹੈ ਅਤੇ ਗੁਲਾਬ ਦਾ ਫੁੱਲ ਪਿਆਰ ਦੇ ਭਾਵ ਨੂੰ
ਪ੍ਰਗਟਾਉਣ ਲਈ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਭਾਸ਼ਾ ਦਾ ਹਰ ਸ਼ਬਦ ਜਾਂ ਸ਼ਬਦ-ਸਮੂਹ ਵੀ ਇੱਕ ਚਿੰਨ੍ਹ
ਮਾਤਰ ਹੀ ਹੁੰਦਾ ਹੈ। ਭਾਸ਼ਾ ਦਾ ਹਰੇਕ ਚਿੰਨ੍ਹ ਪਹਿਲਾਂ ਇੱਕ ਧੁਨੀ ਜਾਂ ਵਧੇਰੇ ਧੁਨੀਆਂ ਦੀ ਵਿਸ਼ੇਸ਼
ਤਰਤੀਬ ਦੇ ਰੂਪ ਵਿੱਚ ਪਰਗਟ ਹੁੰਦਾ ਹੈ। ‘ਕੋਇਲ’ ਸ਼ਬਦ ਇੱਕ ਕਾਲੇ ਰੰਗ ਦੇ ਅਤੇ ਮਿੱਠੀ ਅਵਾਜ਼ ਪੈਦਾ
ਕਰਨ ਵਾਲੇ ਪੰਛੀ ਦਾ ਚਿੰਨ੍ਹ ਹੈ ਅਤੇ ‘ਡਰ’ ਸ਼ਬਦ ਕਿਸੇ ਵਿਅਕਤੀ, ਵਸਤੂ ਜਾਂ ਪ੍ਰਸਥਿਤੀ ਤੋਂ ਹੋਣ
ਵਾਲੇ ਨੁਕਸਾਨ ਦੇ ਅਹਿਸਾਸ ਵਿੱਚੋਂ ਉਪਜੇ ਭਾਵ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਚਿੰਨ੍ਹ ਹੈ। ਬੋਲਣ
ਵਾਲਾ ਇਹਨਾਂ ਚਿੰਨ੍ਹਾਂ ਨੂੰ ਵਾਕਾਂ ਦੀ ਸਰੰਚਨਾਂ ਵਿੱਚ ਜੜਦਾ ਹੈ ਅਤੇ ਆਪਣਾ ਸੰਦੇਸ਼ ਇਸ ਸੰਰਚਨਾ
ਰਾਹੀਂ ਦੂਸਰੇ ਲੋਕਾਂ ਤਕ ਪਹੁੰਚਾਉਂਦਾ ਹੈ। ਹਰ ਭਾਸ਼ਾ ਵਿੱਚ ਪਹਿਲਾਂ ਉਸਦਾ ਆਪਣਾ ਨਿਵੇਕਲਾ
ਧੁਨੀਆਤਮਿਕ ਚਿੰਨ੍ਹ-ਵਿਧਾਨ ਹੋਂਦ ਵਿੱਚ ਆਉਂਦਾ ਹੈ। ਬਾਦ ਵਿੱਚ ਧੁਨੀਆਤਮਿਕ ਅੰਸ਼ਾਂ ਨੂੰ
ਲਿਪੀ-ਚਿੰਨ੍ਹਾਂ ਰਾਹੀਂ ਪਰਗਟ ਕਰਦੇ ਹੋਏ ਭਾਸ਼ਾ ਦਾ ਲਿਖਤੀ ਰੂਪ ਵੀ ਤਿਆਰ ਕੀਤਾ ਜਾ ਸਕਦਾ ਹੈ।
7. ਭਾਸ਼ਾ ਆਰਜ਼ੀ ਪ੍ਰਬੰਧ ਹੁੰਦਾ ਹੈ।
ਭਾਸ਼ਾ ਦੇ ਸ਼ਬਦਾਂ ਅਤੇ ਉਹਨਾਂ ਦੇ ਅਰਥਾਂ ਵਿੱਚ ਕੋਈ ਜਨਮਜਾਤ ਜਾਂ ਤਾਰਕਿਕ
(logical)
ਨਾਤਾ ਨਹੀਂ ਹੁੰਦਾ। ਇਸ ਗੱਲ ਦਾ ਕੋਈ ਠੋਸ ਕਾਰਨ ਮੌਜੂਦ ਨਹੀਂ ਕਿ ਘੋੜੇ ਨੂੰ ‘ਘੋੜਾ’ ਹੀ ਕਿਉਂ
ਕਿਹਾ ਜਾਂਦਾ ਹੈ ਜਾਂ ਇੱਕ ਹੀ ਚੀਜ਼ ਨੂੰ ਪੰਜਾਬੀ ਵਿੱਚ ‘ਖੰਭ’, ਸੰਸਕ੍ਰਿਤ ਵਿੱਚ ‘ਪਕਸ਼’, ਫਾਰਸੀ
ਵਿੱਚ ‘ਪਰ’ ਅਤੇ ਅੰਗਰੇਜ਼ੀ ਵਿੱਚ ‘ਫੈਦਰ’ ਕਿਉਂ ਕਿਹਾ ਜਾਂਦਾ ਹੈ। ਹਰ ਸ਼ਬਦ ਦਾ ਬਣਨਾ ਕਿਸੇ ਬੱਚੇ
ਦੇ ਨਾਮ ਰੱਖਣ ਵਾਂਗ ਹੁੰਦਾ ਹੈ ਜੋ ਅਸੀਂ ਡਾਕਟਰ ਦੀ ਸਲਾਹ ਲਏ ਬਗੈਰ ਅਤੇ ਕਿਸੇ ਤਾਰਕਿਕ ਕਾਰਨ ਤੋਂ
ਬਿਨਾਂ ਹੀ ਆਪਣੀ ਮਰਜ਼ੀ ਨਾਲ ਦੇ ਸਕਦੇ ਹਾਂ। ਜਦੋਂ ਇਹ ਕਿਹਾ ਜਾਂਦਾ ਹੈ ਕਿ ਨਾਮ ਵਿੱਚ ਕੀ ਪਿਆ ਹੈ
ਤਾਂ ਇਸ ਦਾ ਅਰਥ ਇਹ ਹੀ ਹੁੰਦਾ ਹੈ ਕਿ ਨਾਮ ਤਾਂ ਇੱਕ ਚਿੰਨ੍ਹ ਮਾਤਰ ਹੁੰਦਾ ਹੈ ਅਤੇ ਚਿੰਨ੍ਹ ਦੀ
ਚੋਣ ਇੱਕ ਬਿਲਕੁਲ ਹੀ ਆਰਜ਼ੀ ਕਾਰਵਾਈ ਹੁੰਦੀ ਹੈ ਭਾਵ ਕਿ ਕਿਸੇ ਵਿਸ਼ੇਸ਼ ਨਾਮ ਦੀ ਜਗਹ ਤੇ ਹੋਰ
ਅਣਗਿਣਤ ਨਾਵਾਂ ਵਿੱਚੋਂ ਕੋਈ ਹੋਰ ਵੀ ਚੁਣਿਆਂ ਜਾ ਸਕਦਾ ਸੀ। ਭਾਸ਼ਾ-ਵਿਗਿਆਨਕ ਪੱਖੋਂ ਸ਼ਬਦ ਕਿਸੇ
ਵਸਤੂ ਜਾਂ ਭਾਵ ਦਾ ਚਿੰਨ੍ਹਾਤਮਿਕ ਨਾਮ ਹੀ ਹੁੰਦਾ ਹੈ ਜਾਂ ਫਿਰ ਇਹ ਕਿਸੇ ਵਿਆਕਰਣਕ ਕਾਰਜ ਦਾ
ਸੰਕੇਤ ਹੁੰਦਾ ਹੈ। ਸ਼ਬਦ ਕਿਸੇ ਭਾਸ਼ਾ ਵਿਸ਼ੇਸ਼ ਦੇ ਬੋਲਣ ਵਾਲਿਆਂ ਵੱਲੋਂ ਸੁਤੇ-ਸਿਧ ਹੀ ਘੜ ਲਏ ਜਾਂਦੇ
ਹਨ ਅਤੇ ਸਮੁੱਚੇ ਭਾਸ਼ਾ ਸਮੂਹ ਵਿੱਚ ਪਰਚਲਤ ਹੋ ਜਾਂਦੇ ਹਨ। ਕਿਸੇ ਸ਼ਬਦ ਦਾ ਆਰਜ਼ੀ ਹੋਣ ਦਾ ਲੱਛਣ ਇਸ
ਗੱਲ ਵਿੱਚ ਹੈ ਕਿ ਇਸ ਵਿੱਚੋਂ ਨਿਕਲਦਾ ਅਰਥ ਕਿਸੇ ਹੋਰ ਧੁਨੀ-ਸਮੂਹ ਰਾਹੀਂ ਵੀ ਪਰਾਪਤ ਕੀਤਾ ਜਾ
ਸਕਦਾ ਸੀ ਜੇਕਰ ਉਹ ਉਸ ਪਹਿਲੇ ਸ਼ਬਦ ਦੀ ਜਗਹ ਦੇ ਬਦਲ ਦੇ ਤੌਰ ਤੇ ਪਰਚਲਤ ਹੋ ਗਿਆ ਹੁੰਦਾ।
ਆਰਜ਼ੀਪੁਣੇ ਦੀ ਵਿਸ਼ੇਸ਼ਤਾ ਕਰਕੇ ਹਰ ਭਾਸ਼ਾ ਵਿੱਚ ਸਥਾਨਕਤਾ ਦਾ ਅੰਸ਼ ਭਾਰੂ ਹੋ ਜਾਂਦਾ ਹੈ ਅਤੇ ਹਰ
ਭੂਗੋਲਿਕ ਖਿੱਤੇ ਵਿੱਚ ਬੋਲਣ ਦਾ ਮੁਹਾਵਰਾ ਅਲੱਗ ਹੋ ਜਾਂਦਾ ਹੈ। ਆਰਜ਼ੀਪੁਣੇ ਦੀ ਵਿਸ਼ੇਸ਼ਤਾ ਹਰ ਭਾਸ਼ਾ
ਨੂੰ ਨਿਵੇਕਲਾਪਣ ਅਤੇ ਵਿਲੱਖਣਤਾ ਪਰਦਾਨ ਕਰਦੀ ਹੈ। ਜੇਕਰ ਭਾਸ਼ਾ ਵਿੱਚ ਆਰਜ਼ੀ ਹੋਣ ਦੀ ਵਿਸ਼ੇਸ਼ਤਾ ਨਾ
ਹੁੰਦੀ ਤਾਂ ਸਾਰੇ ਸੰਸਾਰ ਦੀ ਇੱਕ ਹੀ ਭਾਸ਼ਾ ਹੁੰਦੀ। ਭਾਸ਼ਾ ਵਿੱਚ ਆਰਜ਼ੀ ਹੋਣ ਦੀ ਵਿਸ਼ੇਸ਼ਤਾ ਨਾ ਹੋਣ
ਦੀ ਸੂਰਤ ਵਿੱਚ ਕਿਸੇ ਭਾਸ਼ਾ ਵਿਸ਼ੇਸ਼ ਦੀਆਂ ਉਪ-ਬੋਲੀਆਂ ਦੀ ਹੋਂਦ ਬਰਕਰਾਰ ਨਹੀਂ ਸੀ ਰਹਿ ਸਕਦੀ।
8. ਭਾਸ਼ਾ ਸੰਗਠਨਾਂ ਦਾ ਸੰਗਠਨ ਹੈ।
ਭਾਸ਼ਾ ਕਈ ਛੋਟੇ ਸੰਗਠਨਾਂ ਨੂੰ ਸੰਮਿਲਿਤ ਕਰਦੇ ਹੋਏ ਵਡੇਰਾ ਸੰਗਠਨ
(system)
ਬਣਦੀ ਹੈ। ਧੁਨੀ, ਸ਼ਬਦਾਂਗ, ਸ਼ਬਦ, ਵਾਕਾਂਸ਼ ਅਤੇ ਵਾਕ ਸਾਰੇ ਦੇ ਸਾਰੇ ਆਪਣੇ-ਆਪ ਵਿੱਚ ਵੱਖ-ਵੱਖ
ਸੰਗਠਨ ਹਨ ਅਤੇ ਮਿਲ ਕੇ ਇੱਕ ਵਡੇਰਾ ਸੰਗਠਨ ਬਣਾਉਂਦੇ ਹਨ। ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਪਹਿਲੂ
ਇਸ ਦੀ ਸੰਰਚਨਾ (structure)
ਹੁੰਦੀ ਹੈ। ਭਾਸ਼ਾ ਕੁੱਝ ਕੁ ਇਕਾਈਆਂ ਦਾ ਸਮੂਹ ਮਾਤਰ ਨਹੀਂ ਹੁੰਦੀ। ਇਹ ਇਕਾਈਆਂ ਜੋ ਆਪਣੇ ਆਪ ਵਿੱਚ
ਵੱਖ-ਵੱਖ ਤਰ੍ਹਾਂ ਦੇ ਸੰਗਠਨ ਹੁੰਦੀਆਂ ਹਨ, ਕਿਸੇ ਨਾ ਕਿਸੇ ਤਰਤੀਬ ਰਾਹੀਂ ਪੇਸ਼ ਹੋ ਕੇ ਸਮੁੱਚੀ
ਭਾਸ਼ਾਈ ਸੰਰਚਨਾ ਨੂੰ ਉਸਾਰਦੀਆਂ ਹਨ। ਇਕਹਰੀ ਧੁਨੀ (ਸਵੱਰ ਜਾਂ ਵਿਅੰਜਨ) ਦਾ ਉਚਾਰਨ ਇੱਕ
ਪ੍ਰਣਾਲੀਬੱਧ ਪ੍ਰੀਕਿਰਿਆ ਹੈ, ਧੁਨੀਆਂ ਦੀ ਸਿਲਸਿਲੇਵਾਰ ਤਰਤੀਬ ਵਿੱਚੋਂ ਸ਼ਬਦਾਂਗ ਅਤੇ ਸ਼ਬਦ ਹੋਂਦ
ਵਿੱਚ ਆਉਂਦੇ ਹਨ ਅਤੇ ਸ਼ਬਦਾਂ ਦੀ ਤਰਤੀਬ ਰਾਹੀਂ ਵਾਕ-ਅੰਸ਼ ਅਤੇ ਵਾਕ ਉਸਾਰੇ ਜਾਂਦੇ ਹਨ। ਧੁਨੀਆਂ ਦੀ
ਤਰਤੀਬ ਅਤੇ ਸ਼ਬਦਾਂਗ ਦੀ ਬਣਤਰ ਧੁਨੀ-ਵਿਗਿਆਨ ਅਖਵਾਉਂਦੀ ਹੈ ਅਤੇ ਸ਼ਬਦਾਂ ਦੀ ਬਣਤਰ ਅਤੇ ਵਾਕ-ਉਸਾਰੀ
ਵਿਆਕਰਣ ਦੇ ਅੰਸ਼ ਬਣਦੇ ਹਨ। ਇਸ ਤਰ੍ਹਾਂ ਧੁਨੀਵਿਗਿਆਨ ਅਤੇ ਵਿਆਕਰਣ ਭਾਸ਼ਾ ਦੀ ਸੰਰਚਨਾ ਦੇ ਪਰਮੁੱਖ
ਅੰਗ ਹੁੰਦੇ ਹਨ। ਕੋਈ ਇੱਕ ਵਾਕ ਜਾਂ ਫਿਰ ਵਾਕਾਂ ਦੇ ਸਮੂਹ ਦਾ ਕਿਸੇ ਵਿਸ਼ੇਸ਼ ਸੰਦਰਭ ਵਿੱਚ ਉਚਰਿਤ
ਹੋਣਾ ਇਸ ਭਾਸ਼ਾਈ ਸਮੱਗਰੀ ਨੂੰ ਅਰਥ ਪਰਦਾਨ ਕਰਦਾ ਹੈ ਅਤੇ ਭਾਸ਼ਾ ਦਾ ਇਹ ਪਹਿਲੂ ਅਰਥਵਿਗਿਆਨ
ਅਖਵਾਉਂਦਾ ਹੈ। ਇਸ ਲਈ ਸੰਦਰਭ ਅਤੇ ਅਰਥ-ਵਿਗਿਆਨ ਵੀ ਭਾਸ਼ਾਈ ਸੰਰਚਨਾ ਦੇ ਮਹੱਤਵਪੂਰਨ ਅੰਗ ਸਮਝੇ
ਜਾਣ ਲੱਗੇ ਹਨ।
9. ਭਾਸ਼ਾ ਮਨੁੱਖੀ ਵਰਤਾਰਾ ਹੁੰਦੀ ਹੈ।
ਕੇਵਲ ਮਨੁੱਖ ਜਾਤੀ ਹੀ ਭਾਸ਼ਾ ਦੀ ਵਰਤੋਂ ਕਰਦੀ ਹੈ। ਕੁੱਝ ਕੁ ਲੋਕਾਂ ਨੂੰ ਛੱਡ ਕੇ ਜੋ ਜਮਾਂਦਰੂ
ਬੋਲ਼ੇ ਹੋਣ ਕਰਕੇ ਗੁੰਗੇ ਵੀ ਹੁੰਦੇ ਹਨ, ਤਕਰੀਬਨ ਸਾਰੇ ਮਨੁੱਖ ਹੀ ਭਾਸ਼ਾ ਬੋਲਦੇ ਹਨ। ਪਸ਼ੂ-ਪੰਛੀਆਂ
ਦੀ ਕਿਸੇ ਜਾਤੀ ਦੀ ਵੀ ਆਪਣੀ ਭਾਸ਼ਾ ਹੋ ਸਕਦੀ ਹੈ ਪਰੰਤੂ ਇਸ ਰਾਹੀਂ ਕੇਵਲ ਦੋ-ਚਾਰ ਭਾਵਨਾਵਾਂ
ਜਿਵੇਂ ਕਿ ਭੁੱਖ, ਡਰ, ਗੁੱਸਾ ਆਦਿਕ ਪਰਗਟ ਕੀਤੀਆਂ ਜਾ ਸਕਦੀਆਂ ਹਨ ਜਦ ਕਿ ਮਨੁੱਖੀ ਭਾਸ਼ਾ ਰਾਹੀਂ
ਅਣਗਿਣਤ ਪਰਕਾਰ ਦੇ ਸੰਦੇਸ਼ ਪੈਦਾ ਕਰਕੇ ਦੂਸਰਿਆਂ ਤਕ ਪਹੁੰਚਾਏ ਜਾ ਸਕਦੇ ਹਨ। ਮਨੁੱਖੀ ਭਾਸ਼ਾ ਵਿੱਚ
ਨਿਖੜਵੇਂ ਚਿੰਨ੍ਹ ਵਰਤੇ ਜਾਂਦੇ ਹਨ ਜੋ ਪਸ਼ੂ-ਪੰਛੀਆਂ ਦੀ ਭਾਸ਼ਾ ਵਿੱਚ ਸੰਭਵ ਨਹੀਂ ਹੁੰਦਾ। ਮਨੁੱਖੀ
ਭਾਸ਼ਾ ਵਿੱਚ ਤਬਦੀਲੀ ਦੀ ਸੰਭਾਵਨਾਂ ਬਣੀ ਰਹਿੰਦੀ ਹੈ ਜਦ ਕਿ ਪਸ਼ੂ-ਪੰਛੀਆਂ ਦੀ ਭਾਸ਼ਾ ਕਦੀ ਨਹੀਂ
ਬਦਲਦੀ। ਪਸ਼ੂ-ਪੰਛੀਆਂ ਦੀ ਭਾਸ਼ਾ ਦੇ ਮੁਕਾਬਲੇ ਮਨੁੱਖੀ ਭਾਸ਼ਾ ਬੜੀ ਗੁੰਝਲਦਾਰ ਹੁੰਦੀ ਹੈ। ਮਨੁੱਖੀ
ਭਾਸ਼ਾ ਬੀਤੇ ਸਮੇਂ, ਆਉਣ ਵਾਲੇ ਸਮੇਂ ਅਤੇ ਦੂਰ-ਦੁਰਾਡੇ ਦੀਆਂ ਪ੍ਰਸਥਿਤੀਆਂ ਬਾਰੇ ਜਾਣਕਾਰੀ ਉਲਭਦ
ਕਰਵਾਉਣ ਦੀ ਸਮਰੱਥਾ ਰੱਖਦੀ ਹੈ ਪਰੰਤੂ ਪਸ਼ੂ-ਪੰਛੀਆਂ ਦੀ ਭਾਸ਼ਾ ਵਿੱਚ ਅਜਿਹੀ ਸਮਰੱਥਾ ਦਾ ਹੋਣਾ
ਸੰਭਵ ਨਹੀਂ। ਭਾਸ਼ਾ ਕੁਦਰਤ ਵੱਲੋਂ ਮਿਲਿਆ ਹੋਇਆ ਅਦੁੱਤੀ ਵਰਦਾਨ ਹੈ ਅਤੇ ਸਾਰੇ ਮਨੁੱਖਾਂ ਨੂੰ ਇਸ
ਦੀ ਇੱਕੋ ਜਿਹੀ ਲੋੜ ਹੋਣ ਕਰਕੇ ਸਾਰਿਆਂ ਨੂੰ ਬਗੈਰ ਕਿਸੇ ਵਿਤਕਰੇ ਦੇ ਇਸ ਦੀ ਬਖਸ਼ਿਸ਼ ਹੋਈ ਹੈ। ਕਈ
ਮਨੁੱਖ ਤਾਂ ਇੱਕ ਤੋਂ ਵੱਧ ਭਾਸ਼ਾਵਾਂ ਤੇ ਮੁਹਾਰਤ ਹਾਸਿਲ ਕਰ ਲੈਂਦੇ ਹਨ।
10. ਭਾਸ਼ਾ ਸਿੱਖਣ ਨਾਲ ਆਉਂਦੀ ਹੈ।
ਕੋਈ ਵੀ ਬੱਚਾ ਜਨਮ ਤੋਂ ਹੀ ਬੋਲਣ ਨਹੀਂ ਲਗ ਪੈਂਦਾ। ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ
ਨਾਲ-ਨਾਲ ਭਾਸ਼ਾ ਵੀ ਸਿੱਖਦਾ ਜਾਂਦਾ ਹੈ। ਇਹ ਜ਼ਰੂਰੀ ਨਹੀਂ ਕਿ ਬੱਚਾ ਆਪਣੇ ਮਾਂ-ਬਾਪ ਵਾਲੀ ਭਾਸ਼ਾ ਹੀ
ਸਿੱਖੇਗਾ। ਅਜਿਹਾ ਤਾਂ ਹੀ ਸੰਭਵ ਹੈ ਜੇਕਰ ਉਹ ਆਪਣੇ ਮਾਂ-ਬਾਪ ਦੇ ਕੋਲ ਰਹੇ। ਅਸਲ ਵਿੱਚ ਬੱਚਾ
ਭਾਸ਼ਾ ਆਪਣੇ ਸਮਾਜਿਕ ਸੰਦਰਭ ਵਿੱਚੋਂ ਸਿੱਖਦਾ ਹੈ ਜਿਸ ਵਿੱਚ ਬੱਚੇ ਦੇ ਮਾਂ-ਬਾਪ ਸ਼ਾਮਲ ਹੋ ਵੀ ਸਕਦੇ
ਹਨ ਅਤੇ ਨਹੀਂ ਵੀ। ਨਕਲ ਕਰਨ ਦੀ ਕੁਦਰਤੀ ਪਰਵਿਰਤੀ ਰਾਹੀਂ ਸੁਣ-ਸੁਣ ਕੇ ਕੀਤੇ ਲਗਾਤਾਰ ਦੇ ਅਭਿਆਸ
ਰਾਹੀਂ ਬੱਚਾ ਆਪਣੇ ਆਲੇ-ਦੁਆਲੇ ਦੀ ਭਾਸ਼ਾ ਬੋਲਣੀ ਸਿਖ ਲੈਂਦਾ ਹੈ। ਇਸ ਲਈ ਇਸ ਭਾਸ਼ਾ ਨੂੰ ਕੇਵਲ
‘ਮਾਂ-ਬੋਲੀ’ ਜਾਂ ‘ਮਾਤ-ਭਾਸ਼ਾ’ ਕਹਿਣਾ ਉਚਿਤ ਨਹੀਂ। ਭਾਸ਼ਾ-ਵਿਗਿਆਨੀ ਕੁਦਰਤੀ ਢੰਗ ਨਾਲ ਆਪਣੀ
ਸਮਾਜਿਕ ਇਕਾਈ ਵਿੱਚੋਂ ਸਿੱਖੀ ਇਸ ਭਾਸ਼ਾ ਨੂੰ ‘ਪਹਿਲੀ ਭਾਸ਼ਾ’ ਦਾ ਨਾਮ ਦਿੰਦੇ ਹਨ। ਜੇਕਰ ਕਿਸੇ
ਅੰਗਰੇਜ਼ ਪਰਿਵਾਰ ਦਾ ਬੱਚਾ ਆਪਣੇ ਜੀਵਨ ਦੇ ਪਹਿਲੇ ਚਾਰ-ਪੰਜ ਸਾਲ ਆਪਣੇ ਪਰਿਵਾਰ ਤੋਂ ਦੂਰ ਪੰਜਾਬ
ਵਿੱਚ ਵੱਸੇ ਹੋਏ ਕਿਸੇ ਪਰਿਵਾਰ ਵਿੱਚ ਗੁਜ਼ਾਰਦਾ ਹੈ ਤਾਂ ਉਹ ਆਪਣੇ-ਆਪ ਹੀ ਪੰਜਾਬੀ ਨੂੰ ਪਹਿਲੀ
ਭਾਸ਼ਾ ਦੇ ਤੌਰ ਤੇ ਸਿਖ ਜਾਵੇਗਾ ਅਤੇ ਬਾਕੀ ਪੰਜਾਬੀਆਂ ਵਾਂਗ ਅੰਗਰੇਜ਼ੀ ਨੂੰ ਉਹ ਬਾਦ ਵਿੱਚ ਵਿਸ਼ੇਸ਼
ਯਤਨਾਂ ਰਾਹੀਂ ਹੀ ਸਿੱਖੇਗਾ। ਜੇਕਰ ਕੋਈ ਵਿਅਕਤੀ ਪਹਿਲੀ ਭਾਸ਼ਾ ਤੋਂ ਬਾਦ ਵਿਸ਼ੇਸ਼ ਸਿਖਲਾਈ ਰਾਹੀਂ
ਕੋਈ ਹੋਰ ਭਾਸ਼ਾ ਸਿਖ ਲੈਂਦਾ ਹੈ ਤਾਂ ਅਜਿਹੀ ਸਿੱਖੀ ਹੋਈ ਭਾਸ਼ਾ ਨੂੰ ਉਸ ਵਿਅਕਤੀ ਦੀ ‘ਦੂਸਰੇ ਦਰਜੇ
ਦੀ ਭਾਸ਼ਾ’ ਕਿਹਾ ਜਾਵੇਗਾ। ਭਾਸ਼ਾ ਇੱਕ ਕਾਰੀਗਰੀ
(skill) ਹੁੰਦੀ ਹੈ ਜਿਸ ਦੀ ਪਹਿਲੀ ਭਾਸ਼ਾ ਜਾਂ
ਦੂਸਰੇ ਦਰਜੇ ਦੀ ਭਾਸ਼ਾ ਦੇ ਤੌਰ ਤੇ ਸਿਖਲਾਈ ਲੈਣੀ ਪੈਂਦੀ ਹੈ, ਪਹਿਲੀ ਭਾਸ਼ਾ ਦੀ ਕੁਦਰਤੀ ਰੂਪ ਵਿੱਚ
ਅਤੇ ਦੂਸਰੇ ਦਰਜੇ ਦੀ ਭਾਸ਼ਾ ਦੀ ਵਿਸ਼ੇਸ਼ ਤਰੱਦਦ ਰਾਹੀਂ।
11. ਭਾਸ਼ਾ ਦੇ ਨਿਯਮ ਪੂਰਵ-ਨਿਰਧਾਰਿਤ ਨਹੀਂ ਹੁੰਦੇ।
ਭਾਸ਼ਾ ਦੇ ਨਿਯਮ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਤਾਂ ਇੱਥੇ ਜਾ ਰਹੇ ਭਾਸ਼ਾਵਾਂ ਦੇ ਆਮ ਵਰਤਾਰੇ
ਬਾਰੇ ਸਾਂਝੇ ਨਿਯਮ ਹਨ ਜੋ ਭਾਸ਼ਾ-ਵਿਗਿਆਨੀਆਂ ਨੇ ਸੰਸਾਰ ਭਰ ਦੀਆਂ ਭਾਸ਼ਾਵਾਂ ਦਾ ਨਿਰੀਖਣ ਕਰਦੇ ਹੋਏ
ਭਾਸ਼ਾਵਾਂ ਦੀ ਉਤਪਤੀ ਅਤੇ ਵਿਸ਼ੇਸ਼ਤਾਵਾਂ ਦਾ ਅਨੁਭਵ ਅਤੇ ਯਥਾਰਥਿਕਤਾ ਦੇ ਅਧਾਰਿਤ ਤਕਨੀਕਾਂ ਰਾਹੀਂ
ਅਧਿਐਨ ਕਰਨ ਪਿੱਛੋਂ ਨਿਰਧਾਰਿਤ ਕੀਤੇ ਹਨ। ਜ਼ਾਹਿਰ ਹੈ ਕਿ ਅੱਡ-ਅੱਡ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਈਆਂ
ਦੇ ਅਧਾਰ ਤੇ ਮਿੱਥੇ ਨਿਯਮ ਪੂਰਵ-ਨਿਰਧਾਰਿਤ ਨਹੀਂ ਹੋਣਗੇ। ਦੂਸਰੇ ਪਾਸੇ ਕਿਸੇ ਭਾਸ਼ਾ ਵਿਸ਼ੇਸ਼ ਦੇ
ਆਪਣੇ ਵਰਤਾਰੇ ਬਾਰੇ ਉਹ ਨਿਯਮ ਹਨ ਜੋ ਇਸ ਨੂੰ ਨਿਵੇਕਲੀ ਅਤੇ ਬੇਜੋੜ ਬਣਾਉਂਦੇ ਹਨ। ਇਹ ਨਿਯਮ ਵੀ
ਪਹਿਲਾਂ ਤੋਂ ਨਹੀਂ ਬਣਾਏ ਗਏ ਹੁੰਦੇ ਅਤੇ ਇਹ ਉਸ ਭਾਸ਼ਾ ਦੇ ਬੋਲਣ ਵਾਲਿਆਂ ਵੱਲੋਂ ਭਾਸ਼ਾ ਦੇ
ਵੱਖ-ਵੱਖ ਅੰਸ਼ਾਂ ਨੂੰ ਆਦਤ ਦੇ ਰੂਪ ਵਿੱਚ ਅਪਣਾਉਣ ਨਾਲ ਪਰੰਪਰਾ ਦੇ ਤੌਰ ਤੇ ਪਰਿਵਾਨਿਤ ਹੋ ਗਏ
ਹੁੰਦੇ ਹਨ। ਸਪਸ਼ਟ ਹੈ ਕਿ ਅਜਿਹੇ ਨਿਯਮ ਵੀ ਪੂਰਵ-ਨਿਰਧਾਰਿਤ ਨਹੀਂ ਹੋ ਸਕਦੇ। ਭਾਸ਼ਾਵਾਂ ਬਹੁਤ
ਪਹਿਲਾਂ ਹੋਂਦ ਵਿੱਚ ਆ ਚੁੱਕੀਆਂ ਹੁੰਦੀਆਂ ਹਨ ਅਤੇ ਆਪਣੀਆਂ-ਆਪਣੀਆਂ ਪਰੰਪਰਾਵਾਂ ਅਨੁਸਾਰ ਵਿਚਰ
ਰਹੀਆਂ ਹੁੰਦੀਆਂ ਹਨ। ਇਹ ਬਾਦ ਵਿੱਚ ਕਿਤੇ ਜਾ ਕੇ ਹੁੰਦਾ ਹੈ ਕਿ ਭਾਸ਼ਾ-ਵਿਗਿਆਨੀਆਂ ਵੱਲੋਂ
ਭਾਸ਼ਾਵਾਂ ਦੇ ਵਰਤਾਰੇ ਦਾ ਅਧਿਐਨ ਕਰਦੇ ਹੋਏ ਵਰਣਨਾਤਮਿਕ (descriptive) ਵਿਆਖਿਆ ਰਾਹੀਂ ਇਹਨਾਂ
ਪਰੰਪਰਾਵਾਂ ਨੂੰ ਨਿਯਮਾਂ ਦੇ ਰੂਪ ਵਿੱਚ ਪੇਸ਼ ਕਰ ਦਿੱਤਾ ਜਾਂਦਾ ਹੈ।
ਆਮ ਕਰਕੇ ਭਾਸ਼ਾ ਦੇ ਮੁੱਢਲੇ ਨਿਯਮਾਂ ਦੀ ਗਿਣਤੀ ਅੱਠ ਦਿੱਤੀ ਜਾਂਦੀ ਹੈ ਕਿਉਂਕਿ ਨਿਯਮ 6. ਅਤੇ
ਨਿਯਮ 7. ਨੂੰ ਇਕੱਠਾ ਕਰ ਦਿੱਤਾ ਜਾਂਦਾ ਹੈ ਅਤੇ ਨਿਯਮ 1. ਅਤੇ ਨਿਯਮ 11 ਸ਼ਾਮਲ ਨਹੀਂ ਕੀਤੇ
ਜਾਂਦੇ। ਨਿਯਮ 1. ਅਤੇ ਨਿਯਮ 11. ਇਸ ਲੇਖਕ ਵੱਲੋਂ ਕੀਤੀ ਵਿਸ਼ੇਸ਼ ਖੋਜ ਤੇ ਅਧਾਰਿਤ ਹਨ।
ਭਾਸ਼ਾ ਸਬੰਧੀ ਸਾਡੇ ਬਹੁਤ ਸਾਰੇ ਮਸਲੇ ਹਨ ਜਿਵੇਂ ਭਾਸ਼ਾ ਦੇ ਵਰਤਾਰੇ ਬਾਰੇ ਭਰਾਂਤੀਆਂ, ਕਿਸੇ ਵਿਸ਼ੇਸ਼
ਭਾਸ਼ਾ ਨੂੰ ਵਿਦਿਆ ਦਾ ਮਾਧਿਅਮ ਬਣਾਉਣਾਂ, ਕਿਸੇ ਵਿਸ਼ੇਸ਼ ਭਾਸ਼ਾ ਦੀ ਸਰਕਾਰੀ ਦਫਤਰਾਂ ਵਿੱਚ ਵਰਤੋਂ,
ਵਿਦਿਅਕ ਸੰਸਥਾਵਾਂ ਵਿੱਚ ਭਾਸ਼ਾ ਸਬੰਧੀ ਪੜ੍ਹਾਈ, ਕਿਸੇ ਇੱਕ ਭਾਸ਼ਾ ਦੀ ਛੰਦ-ਬਹਰ ਵਿਧੀ ਨੂੰ ਕਿਸੇ
ਦੂਸਰੀ ਭਾਸ਼ਾ ਤੇ ਲਾਗੂ ਕਰਨਾ, ‘ਅਪਭਰੰਸ਼’ ਦਾ ਸੰਕਲਪ, ਪੰਜਾਬੀ ਦਾ ਦੂਸਰੀਆਂ ਭਾਸ਼ਾਵਾਂ ਨਾਲ ਸਬੰਧ,
ਪੰਜਾਬੀ ਭਾਸ਼ਾ ਨਾਲ ਸਬੰਧਿਤ ਮਸਲਿਆਂ ਦਾ ਸਿਆਸੀਕਰਨ, ਪੰਜਾਬੀ ਭਾਸ਼ਾ ਲਈ ਲਿਪੀ ਦੀ ਸਮਸਿੱਆ, ਕੁੱਝ
ਅਰਸੇ ਬਾਦ ਪੰਜਾਬੀ ਭਾਸ਼ਾ ਦੇ ਖਤਮ ਹੋ ਜਾਣ ਸਬੰਧੀ ਧਾਰਨਾ ਆਦਿਕ। ਇਹਨਾਂ ਸਾਰੇ ਮਸਲਿਆਂ ਨੂੰ ਸਮਝਣ
ਅਤੇ ਉਹਨਾਂ ਵਿੱਚੋਂ ਹਰੇਕ ਦਾ ਵਾਜਬ ਹਲ ਲੱਭਣ ਹਿਤ ਭਾਸ਼ਾ ਦੇ ਮੁੱਢਲੇ ਨਿਯਮਾਂ ਦੀ ਜਾਣਕਾਰੀ ਹੋਣਾ
ਅਤੀ ਅਵੱਸ਼ਕ ਹੈ। ਇਸ ਕਰਕੇ ਭਾਸ਼ਾ ਦੇ ਮੁੱਢਲੇ ਨਿਯਮਾਂ ਬਾਰੇ ਸਹੀ ਜਾਣਕਾਰੀ ਪਰਾਪਤ ਕਰਨ ਦੀ ਮਹੱਤਤਾ
ਹੋਰ ਵੀ ਵਧ ਜਾਂਦੀ ਹੈ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।