ਭੂਖੇ ਭਗਤਿ ਨ ਕੀਜੈ॥ ……
ਗੁਰਮਤਿ ਅਨੁਸਾਰ ਮਨੁੱਖ ਦਾ
ਜੀਵਨ-ਮਨੋਰਥ ਵਿਕਾਰ-ਰਹਿਤ ਨਿਰਮਲ ਮਨ ਨਾਲ ਸਿਰਜਨਹਾਰ
(Creator) ਪਰਮਾਤਮਾ ਦੀ ਉਪਾਸਨਾ ਭਗਤੀ ਕਰ ਕੇ
ਜਨਮ ਮਰਨ ਦੇ ਘਿਣਾਉਣੇ ਚੱਕਰ ਤੋਂ ਛੁਟਕਾਰਾ ਪਾਉਣਾਂ ਤੇ ਆਪਣੇ ਰਚਨਹਾਰ ਵਿੱਚ ਸਦਾ ਵਾਸਤੇ ਸਮਾ
ਜਾਣਾਂ ਹੈ। ਸੱਚੀ ਭਗਤੀ ਕਰਨ ਲਈ ਮਨ ਦੀ ਇਕਾਗਰਤ ਦੀ ਲੋੜ ਹੈ। ਪਰੰਤੂ ਜੀਵਨ ਦੀਆਂ ਮੁੱਢਲੀਆਂ
ਲੋੜਾਂ ਦੀ ਚਿੰਤਾ ਉਪਾਸ਼ਕ ਦੇ ਮਨ ਦੀ ਇਕਾਗਰਤਾ ਨੂੰ ਭੰਗ ਕਰਦੀ ਹੈ। ਜੀਵਨ ਦੀਆਂ ਜ਼ਰੂਰਤਾਂ ਵਾਸਤੇ
ਦੂਸਰਿਆਂ ਦੀ ਮੁਥਾਜੀ ਰਾਮਾ-ਭਗਤੀ ਦੇ ਰਾਹ ਵਿੱਚ ਵੱਡਾ ਅੜਿੱਕਾ ਹੈ। ਇਸ ਸੱਚ ਤੋਂ ਅੱਖਾਂ ਮੀਚਨ ਦੀ
ਬਜਾਏ ਸੱਚੇ ਭਗਤ, ਭੇਖੀਆਂ ਦੀ ਤਰ੍ਹਾਂ ਮੰਗ ਕੇ, ਠੱਗੀ ਕਰਕੇ ਗੋਗੜਾਂ ਭਰਨ ਜਾਂ ਪੂਜਾ ਦਾ ਧਾਨ ਖਾਣ
ਦੀ ਬਜਾਏ, ਪਾਲਣਹਾਰ (Sustainer)
ਪ੍ਰਭੂ ਅੱਗੇ ਬਿਨਤੀ ਅਰਦਾਸ ਕਰਦੇ ਰਹਿੰਦੇ ਹਨ। “ਫਰੀਦਾ ਬਾਰਿ ਪਰਾਇਐ
ਬੈਸਣਾ ਸਾਂਈ ਮੁਝੈ ਨ ਦੇਹਿ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹੁ॥” ਇਸ਼ਟ/ਮਾਅਸ਼ੂਕ ਨੂੰ
ਨਿਹੋਰਨਾ ਅਤੇ ਉਸ ਅੱਗੇ ਗਿਲਾ ਕਰਨਾਂ ਪ੍ਰੇਮਾ-ਭਗਤੀ ਕਰਨ ਵਾਲੇ ਸੱਚੇ ਪ੍ਰੇਮੀ/ਉਪਾਸ਼ਕ/ਆਸ਼ਿਕ ਦਾ
ਹੱਕ ਹੁੰਦਾ ਹੈ। ਜੁਲਾਹੇ ਦੀ ਕਾਰ ਕਰਨ ਵਾਲੇ ਕਬੀਰ ਜੀ ਇਸੇ ਭਾਵਨਾਂ ਦਾ ਪ੍ਰਗਟਾਵਾ ਨਿਮਨ ਲਿਖਿਤ
ਸ਼ਬਦ ਰਾਹੀਂ ਕਰਦੇ ਹਨ:-
ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥
ਹਉ ਮਾਂਗਉ ਸੰਤਨ ਰੇਨਾ॥ ਮੈ ਨਾਹੀ ਕਿਸੀ ਕਾ ਦੇਨਾ॥ ੧॥
ਮਾਧੋ ਕੈਸੀ ਬਨੈ ਤੁਮ ਸੰਗੇ॥ ਆਪਿ ਨ ਦੇਹੁ ਤ ਲੇਵਉ ਮੰਗੇ॥ ਰਹਾਉ॥
ਦੁਇ ਸੇਰ ਮਾਂਗਉ ਚੂਨਾ॥ ਪਾਉ ਘੀਉ ਸੰਗਿ ਲੂਨਾ॥
ਅਧ ਸੇਰੁ ਮਾਂਗਉ ਦਾਲੇ॥ ਮੋ ਕਉ ਦੋਨਉ ਵਖਤ ਜਿਵਾਲੇ॥ ੨॥
ਖਾਟ ਮਾਂਗਉ ਚਉਪਾਈ॥ ਸਿਰਹਾਨਾ ਅਵਰ ਤੁਲਾਈ॥
ਊਪਰ ਕਉ ਮਾਂਗਉ ਖੀਂਧਾ॥ ਤੇਰੀ ਭਗਤਿ ਕਰੈ ਜਨੁ ਥੀਂਧਾ॥ ੩॥
ਮੈ ਨਾਹੀ ਕੀਤਾ ਲਬੋ॥ ਇਕੁ ਨਾਉ ਤੇਰਾ ਮੈ ਫਬੋ॥
ਕਹਿ ਕਬੀਰ ਮਨੁ ਮਾਨਿਆ॥ ਮਨੁ ਮਾਨਿਆ ਤਉ ਹਰਿ ਜਾਨਿਆ॥ ੪॥ ਸੋਰਠਿ ਕਬੀਰ ਜੀ
ਸ਼ਬਦਅਰਥ:- ਰੇਨਾ=ਰੇਣ, ਚਰਨ-ਰੂਪੀ ਕਮਲਾਂ ਦੀ ਧੂੜ, ਮਕਰੰਦ। ਮਾਧੋ=ਮਾ (ਮਾਇਆ) +ਧਵ (ਪਤੀ)
ਮਾਇਆ ਦਾ ਪਤੀ ਪਰਮਾਤਮਾ। ਚੂਨਾ=ਚੂਰਣ, ਪੀਸਿਆ ਹੋਇਆ ਅਨਾਜ, ਆਟਾ। ਲੂਨਾ=ਲੂਣ। ਖੀਂਧਾ=ਖਿੰਥਾ,
ਜੁੱਲੀ। ਥੀਂਧਾ=ਥੰਧਾ, ਪਿਆਰ ਨਾਲ। ਲਬੋ=ਲੋਭ, ਲਾਲਚ। ਫਬੋ=ਸ਼ੋਭਾ ਦਿੰਦਾ ਹੈ।
ਭਾਵਅਰਥ:- ਕਬੀਰ ਜੀ ਆਪਣੇ ਇਸ਼ਟ ਪ੍ਰਭੂ ਨੂੰ ਸੰਬੋਧਿਤ ਹੋਕੇ ਗਿਲਾ ਕਰਦੇ ਹੋਏ ਕਹਿੰਦੇ ਹਨ
ਕਿ ਜੀਵਨ ਦੀਆਂ ਮੁੱਢਲੀਆਂ ਲੋੜਾਂ ਵੱਲੋਂ ਥੁੜ ਕਾਰਣ ਬੇਜ਼ਾਰ ਤੇਰੇ ਭਗਤ ਕੋਲੋਂ ਭਗਤੀ ਨਹੀਂ ਹੋ
ਸਕਦੀ; ਇਸ ਲਈ ਹੇ ਪ੍ਰਭੂ! ਇੱਕ ਤਾਂ ਮੈਨੂੰ ਇਨ੍ਹਾਂ ਲੋੜਾਂ ਵੱਲੋਂ ਨਿਸ਼ਚਿੰਤ ਕਰ ਤਾਂ ਜੋ ਮੈਂਨੂੰ
ਇਨ੍ਹਾਂ ਜ਼ਰੂਰਤਾਂ ਵਾਸਤੇ ਕਿਸੇ ਦੀ ਮੁਥਾਜੀ ਨਾ ਕਰਨੀ ਪਵੇ! ਇਸ ਦੇ ਅਤਿਰਿਕਤ ਮੈਨੂੰ ਸੰਤ-ਜਨਾਂ ਦੀ
ਸੰਗਤ ਬਖ਼ਸ਼ ਤਾਂ ਜੋ ਮੈਂ ਉਨ੍ਹਾਂ ਦੀ ਸੋਹਬਤ ਵਿੱਚ ਤੇਰਾ ਨਾਮ ਸਿਮਰ ਸਕਾਂ।
ਮਾਇਆ (ਪਦਾਰਥਕ ਜਗਤ) ਦੇ ਮਾਲਿਕ ਪਰਮਾਤਮਾ! ਤੇਰੇ ਤੋਂ ਸੰਗਿਆਂ ਮੇਰੀ ਕੁੱਲੀ, ਗੁੱਲੀ ਅਤੇ ਜੁੱਲੀ
ਦੀ ਸਮੱਸਿਆ ਹਲ ਨਹੀਂ ਹੋਣੀਂ। ਇਸ ਲਈ ਜੇ ਤੂੰ ਆਪਣੇ ਆਪ ਮੇਰੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਤਾਂ
ਹੀ ਮੈਂ ਬਿਨਾਂ ਸੰਗੇ ਤੈਥੋਂ ਮੰਗ ਕੇ ਲੈ ਰਿਹਾ ਹਾਂ।
ਦੋ ਵਕਤ ਦੀ ਰੋਟੀ ਵਾਸਤੇ ਮੈਂ ਤੈਥੋਂ ਸਿਰਫ਼ ਦੋ ਸੇਰ ਆਟਾ, ਇੱਕ ਪਾਈਆ ਘਿਉ, ਤੇ ਨਾਲ ਹੀ ਲੂਣ ਆਦਿ
ਮਸਾਲੇ ਅਤੇ ਅੱਧਾ ਸੇਰ ਦਾਲ ਮੰਗਦਾ ਹਾਂ।
ਸੌਣ ਵਾਸਤੇ ਚਾਰ ਪਾਵਿਆਂ ਵਾਲੀ ਅਰਥਾਤ ਸਾਬਤ ਮੰਜੀ, ਸਿਰਹਾਣਾਂ ਤੇ ਗੱਦਾ ਅਤੇ ਉੱਪਰ ਓੜ੍ਹਨ ਵਾਸਤੇ
ਰਜਾਈ ਦੀ ਯਾਚਨਾਂ ਕਰਦਾ ਹਾਂ। ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਵੱਲੋਂ ਬੇਫ਼ਿਕਰ ਹੋ ਕੇ ਹੀ ਮੈਂ ਇੱਕ
ਚਿੱਤ ਹੋ ਕੇ ਤੇਰੀ ਉਪਾਸਨਾ ਭਗਤੀ ਕਰ ਸਕਾਂਗਾ।
ਇਨ੍ਹਾਂ ਮੰਗਾਂ ਵਿੱਚ ਮੇਰਾ ਕੋਈ ਪਦਾਰਥਕ ਲਾਲਚ ਨਹੀਂ ਹੈ। ਅਸਲ ਲਾਲਸਾ ਤਾਂ ਤੇਰੇ ਨਾਮ ਦੀ ਹੀ ਹੈ।
ਕਬੀਰ ਕਥਨ ਕਰਦਾ ਹੈ ਕਿ ਮਨ ਦੇ ਨਾਮ ਵਿੱਚ ਪਤੀਜ ਜਾਣ ਨਾਲ ਮੇਰੀ ਪ੍ਰਭੂ ਨਾਲ ਸੱਚੀ ਜਾਣ-ਪਛਾਣ ਤੇ
ਨੇੜਤਾ ਬਣਦੀ ਹੈ।
ਕਿਰਸਾਨੀ ਕਿਰਤ ਕਰਕੇ ਨਿਰਬਾਹ ਕਰਨ ਵਾਲੇ ਧੰਨਾਂ ਜੀ ਵੀ ਕਬੀਰ ਜੀ ਵਾਲੇ ਵਿਚਾਰਾਂ ਦਾ ਪ੍ਰਗਟਾਵਾ
ਧਨਾਰਸੀ ਰਾਗ ਵਿੱਚ ਰਚੇ ਆਪਣੇ ਨਿਮਨ ਲਿਖਿਤ ਸ਼ਬਦ ਰਾਹੀਂ ਕਰਦੇ ਹਨ:-
ਗੋਪਾਲ ਤੇਰਾ ਆਰਤਾ॥ ……
ਗੋਪਾਲ ਤੇਰਾ ਆਰਤਾ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥ ੧॥ ਰਹਾਉ॥
ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥
ਪਨੀੑਆ ਛਾਦਨੁ ਨੀਕਾ॥ ਅਨਾਜੁ ਮਗਉ ਸਤ ਸੀ ਕਾ॥॥ ੧॥
ਗਊ ਭੈਸ ਮਗਉ ਲਾਵੇਰੀ॥ ਇੱਕ ਤਾਜਨਿ ਤੁਰੀ ਚੰਗੇਰੀ॥
ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥ ੨॥ ਰਾਗੁ ਧਨਾਰਸੀ ਧੰਨਾ ਜੀ
ਸ਼ਬਦ ਅਰਥ:- ਗੋ=ਧਰਤੀ+ਪਾਲ=ਪਾਲਣ ਵਾਲਾ, ਜਗਤ ਦਾ ਪਾਲਣਹਾਰ (Sustainer),
ਦਾਤਾਰ, ਪਰਮਾਤਮਾ। ਆਰਤਾ=ਆਜਿਜ਼/ਨਿਮਾਣਾਂ ਸਵਾਲੀ, ਮੰਗਤਾ। ਸੀਧਾ=ਆਟਾ। ਪਨੀੑਆ=ਜੁੱਤੀ।
ਛਾਦਨੁ=ਪਹਿਰਨ, ਤਨ ਕੱਜਣ ਵਾਸਤੇ ਕੱਪੜੇ। ਨੀਕਾ=ਸੋਹਣਾ, ਉੱਤਮ। ਸਤ ਸੀ ਕਾ=ਸੱਤ ਵਾਰੀ ਵਾਹੀ ਹੋਈ
ਧਰਤੀ ਦਾ, ਵਧੀਆ ਅਨਾਜ। ਲਾਵੇਰੀ=ਲਬੇਰੀ, ਦੁੱਧ ਦੇਣ ਵਾਲੀ। ਤਾਜਨਿ=ਘੋੜੀ (ਤਾਜੀ=ਘੋੜਾ)।
ਤੁਰੀ=ਤੁਰਗੀ। ਗੀਹਨਿ=ਗ੍ਰਿਹਨੀ, ਘਰ ਵਾਲੀ, ਪਤਨੀ।
ਭਾਵ-ਅਰਥ:- ਹੇ ਜਗਤ ਦੇ ਪਾਲਣਹਾਰ ਪਰਮਾਤਮਾ! ਮੈਂ ਤੇਰੇ ਦਰ ਦਾ ਨਿਮਾਣਾਂ ਜਿਹਾ ਸਵਾਲੀ
ਹਾਂ; ਜੋ ਲੋਕ ਤੇਰੇ ਨਾਮ ਦਾ ਸਿਮਰਨ ਕਰਦੇ ਹਨ, ਤੂੰ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈਂ।
ਮੈਂ ਤੇਰੇ ਦਰ `ਤੇ ਆਜੀਵਕਾ ਦੀਆਂ ਜ਼ਰੂਰੀ ਵਸਤਾਂ, ਦਾਲ, ਆਟਾ, ਘੀ, ਦੀ ਉਪਲਬਧਿ ਦੀ ਮੰਗ ਕਰਦਾ ਹਾਂ
ਤਾਂ ਜੋ ਮੇਰਾ ਮਨ ਇਸ ਪੱਖੋਂ ਖ਼ੁਸ਼/ਨਿਸ਼ਚਿੰਤ ਰਹੇ। ਪੈਰਾਂ ਵਾਸਤੇ ਜੁੱਤੀ ਤੇ ਤਨ ਕੱਜਣ ਲਈ ਸੁਹਣਾਂ
ਪਹਿਰਨ ਅਤੇ ਖਾਣ ਵਾਸਤੇ ਪੌਸ਼ਟਿਕ ਅਨਾਜ ਵੀ ਮੰਗਦਾ ਹਾਂ।
ਦੁੱਧ ਦਹੀਂ ਵਾਸਤੇ ਦੁੱਧ ਦਿੰਦੀ ਗਾਂ/ਮੱਝ ਅਤੇ ਸਵਾਰੀ ਲਈ ਇੱਕ ਚੰਗੀ ਨਸਲ ਦੀ ਅਰਬੀ ਘੋੜੀ ਮੰਗਦਾ
ਹਾਂ। ਮੇਰੀ ਮੰਗ ਇੱਕ ਚੰਗੀ ਘਰ-ਵਾਲੀ ਦੀ ਵੀ ਹੈ।
ਉੱਪਰ ਵਿਚਾਰੇ ਦੋਹਾਂ ਸ਼ਬਦਾਂ ਵਿੱਚ ਨਾਮ, ਗ੍ਰਿਹਸਤ, ਤੇ ਕਿਰਤ ਦੇ ਪਵਿੱਤ੍ਰ ਸਿਧਾਂਤਾਂ ਦਾ ਉੱਲੇਖ
ਹੈ; ਮਨੁੱਖ ਦੀਆਂ ਕੁੱਲੀ, ਗੁੱਲੀ ਤੇ ਜੁੱਲੀ ਦੀਆਂ ਜ਼ਰੂਰੀ ਲੋੜਾਂ ਵਾਸਤੇ ਪਾਲਣਹਾਰ ਪਰਮਾਤਮਾ ਅੱਗੇ
ਅਰਦਾਸ ਬਿਨਤੀ ਹੈ। ਪਰ, ਮਾਇਆ ਦੀ ਮਾਰੂ ਮੰਗ ਦਾ ਅਭਾਵ ਹੈ। ਇਹ ਸਾਰੀਆਂ ਮੰਗਾਂ ਗ੍ਰਹਿਸਤੀ ਜੀਵਨ
ਦੀਆਂ ਬੁਨਿਆਦੀ ਲੋੜਾਂ ਹਨ। ਇਸ ਵਿੱਚ ਕਿਰਤ ਤੋਂ ਕੰਨੀਂ ਕਤਰਾਉਣ ਦਾ ਜ਼ਰਾ ਜਿਤਨਾਂ ਵੀ ਸੰਕੇਤ ਨਹੀਂ
ਹੈ। ਉਲਟਾ, ਕਿਰਤ ਦੇ ਜਾਇਜ਼ ਫਲ ਲਈ ਨਿਹੋਰਾ ਹੈ; ਨਾਮ-ਸਿਮਰਨ, ਗ੍ਰਿਹਸਤੀ/ਪਰਿਵਾਰਿਕ ਜੀਵਨ,
ਪਰਿਵਾਰ ਦੀ ਜੀਵਿਕਾ ਵਾਸਤੇ ਕਿਰਤ ਕਰਨ, ਅਤੇ ਕਿਰਤ ਦੇ ਮੁਨਾਸਿਬ ਫਲ ਦੀ ਇਲਤਿਜਾ ਹੈ।
ਉਕਤ ਵਿਚਾਰੇ ਦੋਹਾਂ ਸ਼ਬਦਾਂ ਦਾ ਆਰਤੀ ਦੇ ਕਰਮ-ਕਾਂਡ ਨਾਲ ਕੋਈ ਤੁਅੱਲਕ ਨਹੀਂ ਹੈ ਪਰੰਤੂ,
ਗੁਰੂਦ੍ਵਾਰਿਆਂ ਅੰਦਰ ਸੰਧਿਆ ਵੇਲੇ ਇਨ੍ਹਾਂ ਦੋਨਾਂ ਸ਼ਬਦਾਂ ਦਾ, ਆਰਤੀ ਦੇ ਖੰਡਨ ਵਿੱਚ ਉਚਾਰੇ ਹੋਰ
ਗੁਰ-ਸ਼ਬਦਾਂ ਨਾਲ, ਕੀਰਤਨ ਕੀਤਾ ਜਾਂਦਾ ਹੈ ਜੋ ਕਿ ਮੂੜ੍ਹ-ਮਤਿ, ਮਨਮੁੱਖਤਾ ਤੇ ਭੇਡ-ਚਾਲ ਹੈ। ਇਸ
ਮਨਮਤੀ ਰੀਤਿ ਨੂੰ ਤਿਆਗ ਕੇ ਇਨ੍ਹਾਂ ਸ਼ਬਦਾਂ ਤੋਂ ਸਿੱਖਿਆ ਲੈਂਦਿਆਂ ਨਾਮ-ਸਿਮਰਨ, ਗ੍ਰਿਹਸਤ ਅਤੇ
ਕਿਰਤ ਦੇ ਗੁਰਮਤੀ ਸਿਧਤਾਂ ਦਾ ਸੁਹਿਰਦਤਾ ਤੇ ਦ੍ਰਿੜ੍ਹਤਾ ਨਾਲ ਪਾਲਣ ਕਰਨ ਦੇ ਨਾਲ ਨਾਲ ਕਿਰਤ ਦੇ
ਉਚਿਤ ਫਲ ਲਈ ਉਸ ਇੱਕੋ ਇੱਕ ਰਿਜ਼ਕ-ਦਾਤੇ ਦੇ ਦਰ ਦਾ ਸਵਾਲੀ ਬਣੇ ਰਹਿਣਾਂ ਚਾਹੀਦਾ ਹੈ।
ਗੁਰਇੰਦਰ ਸਿੰਘ ਪਾਲ
ਅਕਤੂਬਰ 9, 2011.