ਗੋਡੀਆਂ ਲਵਾਤੀਆਂ
ਮੇਰੀ ਗੱਲ ਦਾ ਉਹਦੇ ਕੋਲ ਕੋਈ ਜੁਆਬ ਹੀ ਨਹੀਂ ਸੀ---
ਯਾਰ! ਉਹਨੂੰ ਤੇ ਆਉਂਦਾ ਹੀ ਕੱਖ ਨਹੀਂ—
ਵੇਖਿਆ! ਅਸੀਂ ਤੇ ਬੜਿਆਂ ਬੜਿਆਂ ਦੀ ਘੀਸੀ ਕਰਾ ਦਿੱਤੀ---
ਦੋ ਕੁ ਅੱਖਰ ਲਿਖ ਕੇ ਵਿਦਵਾਨ ਬਣਿਆ ਫਿਰਦਾ ਈ—
ਓਏ! ਉਹ ਸੰਪਦਕ ਵੀ ਉਹਨਾਂ ਦੀ ਹੀ ਗੱਲ ਕਰਦਾ ਈ---
ਅਖੀਰ ਵਿੱਚ ਜਾਤੀ ਤੁਹਮਤਾਂ ਦੀ ਵਰਖਾ—
ਗੱਲ ਕੀ ਜਦੋਂ ਅਸੀਂ ਅੜ ਗਏ, ਤਾਂ ਦੂਜੇ ਦੀ ਸਹੀ ਗੱਲ ਵਿਚੋਂ ਵੀ ਕੇਵਲ
ਨੁਕਸ ਹੀ ਲੱਭਾਂਗੇ--
ਜਦੋਂ ਮੈਂ ਗਿਆਨੀ ਕੀਤੀ ਸੀ ਤਾਂ ਓਦੋਂ ਗਿਆਨੀ ਦੇ ਸਿਲੇਬਸ ਵਿੱਚ ਇੱਕ ‘ਪਰਖ
ਪੜਚੋਲ` ਪੁਸਤਕ ਲੱਗੀ ਹੁੰਦੀ ਸੀ। ਉਹਦਾ ਇੱਕ ਲੇਖ ਸੀ ਜਿਹੜਾ ਮੈਨੂੰ ਅਜੇ ਤੀਕ ਯਾਦ ਹੈ। ਉਸ ਲੇਖ
ਦਾ ਮੋਟੇ ਤੌਰ `ਤੇ ਮੰਤਵ ਇਹ ਹੀ ਸੀ ਗੁਰਬਾਣੀ ਵਿੱਚ ਜਿੱਥੇ ਕਿਤੇ ਸਿਧਾਂਤ ਨੂੰ ਵਿਚਾਰਣ ਦੀ ਲੋੜ
ਪਈ ਹੈ ਓੱਤੇ ਗੁਰੂ ਸਾਹਿਬ ਜੀ ਨੇ ਆਪਣੇ ਵਿਚਾਰ ਵੀ ਦਰਜ ਕੀਤੇ ਹਨ। ਜੇਹਾ ਕਿ ਖਾਸ ਤੌਰ `ਤੇ ਸ਼ੇਖ
ਫਰੀਦ ਜੀ ਦੇ ਸਲੋਕਾਂ ਵਿੱਚ ਗੁਰੂ ਨਾਨਕ ਸਾਹਿਬ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਅਰਜਨ ਪਾਤਸ਼ਾਹ ਜੀ
ਦੇ ਕੁੱਝ ਸਲੋਕ ਵੀ ਦਰਜ ਹੋਏ ਹਨ। ਭਾਂਵੇਂ ਇਹ ਗਿਆਨ ਦੀਆਂ ਗੱਲਾਂ ਪ੍ਰਿੰਸੀਪਲ ਜਸਵੰਤ ਸਿੰਘ ਜੀ
ਜੱਸ ਪਿੰਡ ਗਿਲਾਂਵਾਲੀ ਨੇ ਬਹੁਤ ਹੀ ਖੂਬਸੂਰਤੀ ਨਾਲ ਸਮਝਾਈਆਂ ਸਨ। ਉਹਨਾਂ ਦੇ ਕਹਿਣ ਦਾ ਤੱਥ ਸਾਰ
ਏਹੀ ਸੀ ਜਿੱਥੇ ਕਿਤੇ ਸ਼ੇਖ ਫਰੀਦ ਜੀ ਦੀ ਬਾਣੀ ਦੇ ਸਿਧਾਂਤ ਨੂੰ ਹੋਰ ਉਘਾੜਣ ਦੀ ਜ਼ਰੂਰਤ ਸੀ ਓੱਤੇ
ਗੁਰੂ ਜੀ ਨੇ ਆਪਣਾ ਤਰਕ ਵੀ ਦਿੱਤਾ ਹੈ। ਉਂਜ ਉਸ ਪੁਸਤਕ ਦਾ ਵਿਸ਼ਾ ਵਸਤੂ ਸੀ ਪੰਜਾਬੀ ਵਿੱਚ ਅਲੋਚਨਾ
ਦਾ ਪੱਖ ਜੋ ਪੁਰਾਣੇ ਸਮੇਂ ਤੋਂ ਹੀ ਤੁਰਿਆ ਆ ਹੈ। ਇਹ ਅਲੋਚਨਾਤਮਕ ਪੱਖ ਗੁਰੂ ਨਾਨਕ ਸਾਹਿਬ ਜੀ ਦੇ
ਸਮੇਂ ਵਿੱਚ ਵੀ ਸੀ। ਜੇਹਾ ਕਿ ਸ਼ੇਖ ਫਰੀਦ ਜੀ ਦੇ ਸਲੋਕਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ—ਉਂਜ
ਅਲੋਚਨਾਤਮਕ ਸ਼ਬਦ ਦੀ ਥਾਂ `ਤੇ ਇਹ ਕਿਹਾ ਜਾ ਸਕਦਾ ਹੈ ਕਿ ਸ਼ੇਖ਼ ਫ਼ਰੀਦ ਜੀ ਦੇ ਖ਼ਿਆਲ ਨੂੰ ਹੋਰ ਵਿਸ਼ਾਲ
ਕੀਤਾ ਹੈ।
ਤਨੁ ਤਪੈ ਤਨੂਰ ਜਿਉ, ਬਾਲਣੁ ਹਡ ਬਲੰਨਿੑ।।
ਪੈਰੀ ਥਕਾਂ, ਸਿਰਿ ਜੁਲਾਂ, ਜੇ ਮੂੰ ਪਿਰੀ ਮਿਲੰਨਿੑ।। ੧੧੯।।
ਸਲੋਕ ਸ਼ੇਖ਼ ਫ਼ਰੀਦ ਪੰਨਾ ੧੩੮੪
ਅਰਥ: —
ਮੇਰਾ ਸਰੀਰ (ਬੇਸ਼ੱਕ) ਤਨੂਰ ਵਾਂਗ
ਤਪੇ, ਮੇਰੇ ਹੱਡ (ਬੇਸ਼ੱਕ ਇਉਂ) ਬਲਣ ਜਿਵੇਂ ਬਾਲਣ (ਬਲਦਾ) ਹੈ। (ਪਿਆਰੇ ਰੱਬ ਨੂੰ ਮਿਲਣ ਦੇ ਰਾਹ
ਤੇ ਜੇ ਮੈਂ) ਪੈਰਾਂ ਨਾਲ (ਤੁਰਦਾ ਤੁਰਦਾ) ਥੱਕ ਜਾਵਾਂ, ਤਾਂ ਮੈਂ ਸਿਰ ਭਾਰ ਤੁਰਨ ਲੱਗ ਪਵਾਂ।
(ਮੈਂ ਇਹ ਸਾਰੇ ਔਖ ਸਹਾਰਨ ਨੂੰ ਤਿਆਰ ਹਾਂ) ਜੇ ਮੈਨੂੰ ਪਿਆਰੇ ਰੱਬ ਜੀ ਮਿਲ ਪੈਣ (ਭਾਵ, ਰੱਬ ਨੂੰ
ਮਿਲਣ ਵਾਸਤੇ ਜੇ ਇਹ ਜ਼ਰੂਰੀ ਹੋਵੇ ਕਿ ਸਰੀਰ ਨੂੰ ਧੂਣੀਆਂ ਤਪਾ ਤਪਾ ਕੇ ਦੁਖੀ ਕੀਤਾ ਜਾਏ, ਤਾਂ ਮੈਂ
ਇਹ ਕਸ਼ਟ ਸਹਾਰਨ ਨੂੰ ਭੀ ਤਿਆਰ ਹਾਂ)
ਤਨੁ ਨ ਤਪਾਇ ਤਨੂਰ ਜਿਉ, ਬਾਲਣੁ ਹਡ ਨ ਬਾਲਿ।।
ਸਿਰਿ ਪੈਰੀ ਕਿਆ ਫੇੜਿਆ, ਅੰਦਰਿ ਪਿਰੀ ਨਿਹਾਲਿ।। ੧੨੦।।
ਸਲੋਕ ਮ: ੧ ਪੰਨਾ ੧੩੮੪
ਅਰਥ: —
ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ
ਨਾਹ ਸਾੜ; ਤੇ ਹੱਡਾਂ ਨੂੰ ਇਉਂ ਨਾਹ ਬਾਲ ਜਿਵੇਂ ਇਹ ਬਾਲਣ ਹੈ। ਸਿਰ ਨੇ ਤੇ ਪੈਰਾਂ ਨੇ ਕੁੱਝ ਨਹੀਂ
ਵਿਗਾੜਿਆ ਹੈ, (ਇਸ ਵਾਸਤੇ ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ ਨੂੰ ਆਪਣੇ ਅੰਦਰ ਵੇਖ। ੧੨੦
ਪਹਿਲੇ ਸਲੋਕ ਵਿੱਚ ਸ਼ੇਖ ਫਰੀਦ ਸੁਭਾਵਕ ਗੱਲ ਕਹਿ ਰਹੇ ਹਨ ਜੇ ਮੇਰੇ ਪੈਰ
ਥੱਕ ਜਾਣ ਤਾਂ ਮੈਂ ਸਿਰ ਨਾਲ ਤੁਰ ਪਵਾਂ। ਪਰ ਸਿਰ ਨਾਲ ਤੁਰਨਾ ਗੈਰ-ਕੁਦਰਤੀ ਹੈ। (ਉਂਜ ਇਹ ਇੱਕ
ਮੁਵਾਵਰੇ ਦੀ ਤਰ੍ਹਾਂ ਹੈ ਜਿਸ ਤਰ੍ਹਾਂ ਅੱਖਾਂ `ਤੇ ਬੈਠਾਉਣਾ, ਅੱਖਾਂ ਵਿੱਚ ਰੜਕਣਾ ਆਦ) ਗੁਰੂ
ਨਾਨਕ ਸਾਹਿਬ ਜੀ ਇਸ ਵਿਚਾਰ ਨੂੰ ਹੋਰ ਉਘਾੜਦੇ ਹਨ ਕਿ ਫਰੀਦ ਜੀ, ਨਾ ਤਾਂ ਸਰੀਰ ਨੂੰ ਕਸ਼ਟ ਦੇਣ ਦੀ
ਜ਼ਰੂਰਤ ਹੈ ਤੇ ਨਾ ਹੀ ਸਿਰ ਨਾਲ ਤੁਰਿਆ ਜਾ ਸਕਦਾ ਹੈ ਜੋ ਗੈਰ ਕੁਦਰਤੀ ਹੈ। ਇਹ ਤਾਂ ਆਪਣੇ ਅੰਦਰ
ਝਾਕਣ ਦੀ ਜ਼ਰੂਰਤ ਹੈ। ਭਾਵ ਕਰਮ ਕਾਂਡ ਕਰਨ ਦੀ ਜ਼ਰੂਰਤ ਨਹੀਂ ਹੈ।
ਸਿਹਤਮੰਦ ਅਲੋਚਨਾ ਵਿਚੋਂ ਜ਼ਿੰਦਗੀ ਦੀਆਂ ਹਕੀਕਤਾਂ ਨਿਕਲਦੀਆਂ ਹਨ। ਜੇ ਅਗਲੇ
ਨੂੰ ਢਾਹੁੰਣ ਦੀ ਮਨਸ਼ਾ ਨਾਲ ਅਲੋਚਨਾ ਕਰਨੀ ਏ ਤਾਂ ਈਰਖਾ ਜਨਮ ਲੈਂਦੀ ਹੈ। ਈਰਖਾ ਵੱਸ ਕੀਤੀ ਅਲੋਚਨਾ
ਤਰੱਕੀ ਦੇ ਰਾਹ ਰੋਕਦੀ ਹੈ।
ਮਨੁੱਖ ਜ਼ਿੰਦਗੀ ਵਿੱਚ ਉਹ ਹੀ ਤਰੱਕੀ ਕਰ ਸਕਦਾ ਹੈ ਜੋ ਸਿੱਖਣ ਦੀ ਚਾਹਨਾ
ਰੱਖਦਾ ਹੈ। ਪ੍ਰਿੰਸੀਪਲ ਹਰਭਜਨ ਸਿੰਘ ਚੰਡੀਗੜ੍ਹ ਵਾਲੇ ਕਹਿੰਦੇ ਹੁੰਦੇ ਸੀ, ਕਿ “ਕਾਕਾ ਜਿਸ ਕਾਗ਼ਜ਼
ਤੇ ਪਕੌੜੇ ਖਾਧੇ ਜੇ ਉਹ ਕਾਗ਼ਜ਼ ਵੀ ਪੜ੍ਹ ਕੇ ਸੁੱਟੋ ਪਤਾ ਨਹੀਂ ਉਹਦੇ ਅੰਦਰ ਵੀ ਕੋਈ ਅਕਲ ਦੀ ਗੱਲ
ਲਿਖੀ ਹੋਈ ਹੋਵੇ ਜੋ ਤੁਹਾਡੇ ਕੰਮ ਆ ਸਕੇ”। ਮੈਂ ਇਸ ਧਾਰਨਾ ਨਾਲ ਸਬੰਧ ਰੱਖਦਾ ਹਾਂ ਕਿ ਜੇ ਕੋਈ
ਚੰਗੀ ਦਲੀਲ ਜਾਂ ਚੰਗਾ ਖ਼ਿਆਲ ਦੇਂਦਾ ਹੈ ਜਾਂ ਕੋਈ ਇਤਿਹਾਸ ਦੀ ਜਾਂ ਗੁਰਬਾਣੀ ਦੇ ਅਰਥ ਬੋਧ ਦੀ
ਵਧੀਆਂ ਗੱਲ ਕਰਦਾ ਹੈ ਤਾਂ ਪਹਿਲਾ ਖ਼ਿਆਲ ਛੱਡਣ ਵਿੱਚ ਕੋਈ ਹਰਜ ਨਹੀਂ ਹੈ। ਆਪਣੀ ਅਕਲ ਨੂੰ ਕਦੇ ਵੀ
ਤਾਲਾ ਨਹੀਂ ਮਾਰਨਾ ਚਾਹੀਦਾ। ਪੁਰਾਣੇ ਖ਼ਿਆਲ ਛੱਡਣ ਵਿੱਚ ਕੋਈ ਹਰਜ਼ ਨਹੀਂ ਜੇ ਚੰਗੇ ਬ-ਦਲੀਲ
ਵਿਗਿਆਨਕ ਲੀਹਾਂ ਤੇ ਸਹੀ ਉਤਰਦੇ ਹੋਣ ਪਰ ਗੈਰ ਕੁਦਰਤੀ ਨਾ ਹੋਣ।
ਮੈਂ ਜਿੱਥੇ ਵੀ ਗਿਆ ਹਾਂ ਉੱਥੋਂ ਕੁੱਝ ਨਾ ਕੁੱਝ ਸਿੱਖ ਕੇ ਹੀ ਆਇਆ ਹਾਂ।
ਦੂਸਰਾ ਮੈਂ ਪਹਿਲਾਂ ਹੀ ਕਹਿ ਦੇਂਦਾ ਹਾਂ ਇਹ ਜੋ ਮੈਂ ਵਿਚਾਰ ਕਰ ਰਿਹਾ ਹਾਂ ਜਾਂ ਲਿਖ ਰਿਹਾ ਹਾਂ
ਇਹ ਅੰਤਮ ਨਹੀਂ ਹਨ ਤੇ ਨਾ ਹੀ ਇਹਨਾਂ ਤੇ ਮੇਰਾ ਕੋਈ ਨਿਰਣਾ ਹੈ। ਹੋ ਸਕਦਾ ਹੈ ਕਿ ਅਗਲੇ ਸਾਲ ਹੀ
ਮੈਨੂੰ ਆਪਣਿਆਂ ਖ਼ਿਆਲਾਂ ਵਿੱਚ ਕੋਈ ਤਬਦੀਲੀ ਕਰਨੀ ਪਏ। ਹਾਂ ਤੁਹਾਡੇ ਪਾਸ ਏਦੂੰ ਬੇਹਤਰ ਖਿਆਲ ਹੈ
ਤਾਂ ਤੁਸੀਂ ਉਹ ਵੀ ਸਾਂਝਾ ਕਰ ਸਕਦੇ ਹੋ। ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਆ ਗਿਆ ਹੈ ਸਿੱਖ ਧਰਮ
ਨਿਆਰਾ ਧਰਮ ਹੈ ਜੋ ਅਕਾਲ ਪੁਰਖੀ ਗੁਣਾਂ ਨਾਲ ਸ਼ਰਸ਼ਾਰ ਹੈ। ਸਿੱਖ ਧਰਮ ਬ੍ਰਹਾਮਣੀ ਮਤ ਦਾ ਪਿਛਲੱਗ
ਨਹੀਂ ਹੈ। ਇਹ ਜ਼ਰੂਰ ਦੇਖਿਆ ਗਿਆ ਹੈ ਜੋ ਦੂਸਰਾ ਵਿਚਾਰ ਦੇ ਰਿਹਾ ਹੈ ਓਦ੍ਹੇ ਵਿੱਚ ਗੁਰਮਤ ਦਾ
ਸਿਧਾਂਤ ਕਿੰਨਾ ਕੁ ਹੈ ਤੇ ਬ੍ਰਹਾਮਣੀ ਮਤ ਕਿੰਨੀ ਕੁ ਪ੍ਰਗਟ ਹੁੰਦੀ ਹੈ।
ਕਈ ਥਾਂਵਾਂ `ਤੇ ਵਿਰੋਧਤਾ ਹੋਈ ਹੈ ਜੋ ਸਿਧਾਂਤਕ ਨਹੀਂ ਸੀ, ਸਿਰਫ ਇਸ ਲਈ,
ਕਿ ਇਸ ਦੀ ਸਿਰਫ ਵਿਰੋਧਤਾ ਹੀ ਕਰਨੀ ਹੈ। ਮੈਨੂੰ ਬਹੁਤਾ ਸਮਾਂ ਸਕੂਲਾਂ, ਕਲਾਜਾਂ, ਵੱਡਿਆਂ ਛੋਟਿਆਂ
ਇਕੱਠਾਂ, ਇਤਿਹਾਸਕ ਗੁਰਦੁਆਰਿਆਂ, ਸਭਾ ਸੁਸਾਇਟੀਆਂ, ਧਾਰਮਕ ਸੰਸਥਾਵਾਂ, ਸਿੰਘ ਸਭਾਵਾਂ,
ਦੇਸ-ਵਿਦੇਸ ਦੇ ਡਾਕਟਰ, ਵਕੀਲ, ਮਿਹਨਤ ਮਜ਼ਦੂਰੀ ਕਰਨ ਵਾਲੇ ਸਤਿਕਾਰ ਯੋਗ ਵੀਰ, ਵਪਾਰੀ, ਪ੍ਰੋਫੈਸਰ
ਥੋੜੇ ਰਾਜਨੀਤਿਕ ਲੋਕ, ਰਾਗੀਆਂ- ਢਾਡੀਆਂ, ਪ੍ਰਚਾਰਕਾਂ, ਲੇਖਕਾਂ ਨਾਲ ਨਿਜੀ ਤੌਰ `ਤੇ ਅਤੇ ਬੇਅੰਤ
ਪਰਵਾਰ ਵਿੱਚ ਵਿਚਰਨ ਦਾ ਲੰਬਾ ਤਜੁਰਬਾ ਹੋਇਆ ਹੈ। ਅਜੇਹੇ ਲੋਕਾਂ ਨਾਲ ਵੀ ਵਾਹ-ਵਾਸਤਾ ਪਿਆ ਹੈ
ਜਿੰਨਾਂ ਨੇ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਤੇ ਹੀ ਬਹਿਸ ਕੀਤੀ, ਤੱਥਾਂ ਤੋਂ ਕੋਹਾਂ ਦੂਰ ਸਨ ਪਰ
ਜ਼ਿਦੀ ਸਭ ਤੋਂ ਵੱਧ ਸਨ ਜੋ ਮਰਣ ਮਾਰਣ ਤੇ ਵੀ ਉਤਰ ਆਉਂਦੇ ਰਹੇ।
ਗੁਰਦੁਆਰਾ ਫਿਲਾਡੈਲਫੀਆ ਅਮਰੀਕਾ ਵਿਖੇ ਇੱਕ ਵਾਰੀ ਸੋਲ਼੍ਹਾਂ ਕੁ ਸਾਲ ਦਾ
ਨੌਜਵਾਨ ਹੱਟਾ ਕੱਟਾ ਸੱਜਰਾ ਸਿਰ ਮੂੰਹ ਮੁਨਾ ਕੇ ਮੇਰੇ ਪਾਸ ਆ ਬੈਠਾ ਤੇ ਕਹਿਣ ਲੱਗਾ, “ਬਾਬਾ ਜੀ
ਮੈਂ ਤੁਹਾਡੀਆਂ ਗੱਲਾਂ ਨਾਲ ਸਹਿਮਤ ਨਹੀਂ ਹਾਂ”। ਮੈਂ ਕਿਹਾ, “ਕਿਹੜੀਆਂ ਗੱਲਾਂ ਨਾਲ ਸਹਿਮਤ ਨਹੀਂ
ਏਂ”, “ਆਹੀ ਜੋ ਤੁਸੀਂ ਕਥਾ ਵਗੈਰਾ ਕਰਦੇ ਹੋ” ਮੈਂ ਜ਼ੋਰ ਦੇ ਕੇ ਕਿਹਾ, “ਦੱਸ ਤਾਂ ਸਹੀ ਉਹ ਕਿਹੜਾ
ਵਿਚਾਰ ਹੈ ਜਿਹੜਾ ਤੈਨੂੰ ਚੰਗਾ ਨਹੀਂ ਲੱਗਿਆ”। ਕਹਿੰਦਾ, “ਬਾਬਾ ਜੀ ਊਂ ਤਾਂ ਮੈਨੂੰ ਪਤਾ ਨਹੀਂ ਪਰ
ਬਾਹਰ ਲੋਕ ਗੱਲਾਂ ਕਰਦੇ ਸੀ ਬਾਬਾ ਜੀ ਕਥਾ ਵਿੱਚ ਆਹ ਕਹਿੰਦੇ ਸੀ ਔਹ ਕਹਿੰਦੇ ਸੀ ਤੇ ਅਖੀਰ ਇਹ
ਦੱਸਿਆ ਕਿ ਬਾਬਾ ਜੀ ਬ੍ਰਹਮ ਗਿਆਨੀਆਂ ਨੂੰ ਨਹੀਂ ਮੰਨਦੇ ਪਰ ਪਤਾ ਉਸ ਵਿਚਾਰੇ ਨੂੰ ਕੁੱਝ ਵੀ ਨਹੀਂ
ਸੀ। ਉਹ ਵਿਚਾਰਾ ਕਿਸੇ ਗੁਰਦੁਆਰੇ ਦੇ ਗ੍ਰੰਥੀ ਦਾ ਬੇਟਾ ਸੀ ਜੋ ਖ਼ੁਦ ਬਾਬਿਆਂ ਦਾ ਚੇਲਾ ਸੀ। ਬੱਚੇ
ਨੂੰ ਦਲ਼ੀਲ ਨਾਲ ਸਮਝਾੳਣ ਦਾ ਯਤਨ ਕੀਤਾ ਤਾਂ ਬੱਚਾ ਆਪਣੇ ਪਿਤਾ ਦੇ ਹੀ ਉਲਟ ਹੋ ਗਿਆ।
ਦੂਸਰਾ ਜਦੋਂ ਕੋਈ ਖ਼ਿਆਲ ਲਿਖਿਆ ਜਾਂ ਪੜ੍ਹਿਆ ਜਾਂਦਾ ਹੈ ਤਾਂ ਉਸ ਖ਼ਿਆਲ
ਨਾਲੋਂ ਸਾਡੇ ਪਾਸ ਕੋਈ ਵਧੀਆ ਸਬੂਤ ਜਾਂ ਕੋਈ ਤੱਥ ਖਿਆਲ ਹੈ ਤਾਂ ਸਾਨੂੰ ਉਹ ਲਿਖ ਦੇਣਾ ਚਾਹੀਦਾ
ਹੈ। ਪਾਰਖੂ ਆਪੇ ਦੇਖ ਲੈਣਗੇ ਮਿਆਰੀ ਕਿਹੜਾ ਹੈ। ਏਦਾਂ ਹੁੰਦਾ ਨਹੀਂ ਹੈ ਜੇ ਕਿਸੇ ਨਾਲ ਮਤ ਭੇਦ
ਚਲਿਆ ਆਉਂਦਾ ਹੈ ਤਾਂ ਅਸੀਂ ਹਰ ਵੇਲੇ ਉਸ ਮਤ ਭੇਦ ਨੂੰ ਸਾਹਮਣੇ ਰੱਖ ਕੇ ਹੀ ਵਿਚਾਰ ਕਰਦੇ ਹਾਂ।
ਅਸੀਂ ਇੱਕ ਵਿਰੋਧ ਵਿੱਚ ਖੜੇ ਹੋ ਜਾਂਦੇ ਹਾਂ। ਹਾਂ ਹਾਂ ਏਦ੍ਹੇ ਨਾਲ ਆਪਣਾ ਵਿਰੋਧ ਪਹਿਲਾਂ ਵੀ
ਚਲਿਆ ਆਉਂਦਾ ਹੈ। ਭਾਂਵੇਂ ਇਹ ਠੀਕ ਵੀ ਹੋਵੇ ਪਰ ਆਪਾਂ ਤਾਂ ਏਦ੍ਹਾ ਵਿਰੋਧ ਹੀ ਕਰਨਾ ਹੈ। ਅਜੇਹੀ
ਕਸ਼ਮਕਸ਼ ਵਿਚੋਂ ਅਸਲੀ ਮੁੱਦਾ ਹੀ ਗਾਇਬ ਹੋ ਜਾਂਦਾ ਹੈ। ਕਈ ਵਾਰੀ ਤਾਂ ਕਸ਼ਮਕਸ਼ ਸਰਕਾਰੀ ਫਾਈਲ ਬਣ
ਜਾਂਦੀ ਹੈ। ਜੋ ਕਲਰਕਾਂ ਦੇ ਨੋਟਸ ਨਾਲ ਹਰ ਰੋਜ਼ ਭਾਰੀ ਹੁੰਦੀ ਜਾਂਦੀ ਹੈ ਪਰ ਪ੍ਰਜੈਕਟ `ਤੇ ਕੰਮ
ਹੁੰਦਾ ਹੀ ਨਹੀਂ ਸਿਰਫ ਗੱਲ ਫਾਈਲਾਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਜਾਂਦੀ ਹੈ।
ਅਕਾਸ਼ਵਾਣੀ ਜਲੰਧਰ ਤੋਂ ਪੈਂਤੀ ਕੁ ਸਾਲ ਪਹਿਲਾ ਇੱਕ ਹਫਤਾ ਵਾਰੀ ਫੀਚਰ
ਆਉਂਦਾ ਹੁੰਦਾ ਸੀ। ਜਿਸ ਨੂੰ ਸ੍ਰ. ਹਰਬੰਸ ਸਿੰਘ ਜੀ ਖੁਰਾਣਾ ਅਤੇ ਬੀਬੀ ਚੂੜਾਮਣੀ (ਬੀਬੀ ਦੇ ਨਾਂ
`ਤੇ ਸ਼ਾਇਦ ਵੀ ਹੋ ਸਕਦਾ ਹੈ) ਉਹ ਆਪਸੀ ਗੱਲਬਾਤ ਰਾਂਹੀ ਸਮਜਕ ਬੁਰਾਈਆਂ ਤੇ ਸਰਕਾਰੀ ਕੰਮਕਾਜ ਸਬੰਧੀ
ਬਹੁਤ ਖੁਲ੍ਹ ਕੇ ਟਿੱਪਣੀਆਂ ਕਰਦੇ ਸਨ। ਮੈਨੂੰ ਹੂ-ਬ-ਹੂ ਓਸੇ ਤਰ੍ਹਾਂ ਹੀ ਉਹ ਵਿਚਾਰ ਅੱਜ ਵੀ
ਜ਼ਬਾਨੀ ਯਾਦ ਹੈ—ਬੀਬੀ ਚੂੜਾਮਣੀ ਜੀ ਕਹਿੰਦੇ, (ਪਾਤਰ ਦੇ ਤੌਰ `ਤੇ) ਕਿ “ਪਤੀ ਦੇਵ ਤੁਸੀਂ ਆਪਣੇ
ਦਫਤਰ ਵਿੱਚ ਕੰਮ ਕੀ ਕਰਦੇ ਹੋ”? ਤਾਂ ਅੱਗੋਂ ਖੁਰਾਣਾ ਜੀ ਬਣਾ ਸਵਾਰ ਕੇ ਕਹਿੰਦੇ, “ਅਸੀਂ ਫਾਈਲਾਂ
ਤਿਆਰ ਕਰਦੇ ਹਾਂ ਉਹਨਾਂ ਉੱਤੇ ਕੁੱਝ ਲਿਖਦੇ ਹਾਂ, ਫਿਰ ਫਾਈਲ ਵੱਡੇ ਸਾਹਿਬ ਪਾਸ ਜਾਂਦੀ ਹੈ ਜੇ ਚਾਰ
ਪੈਸਿਆਂ ਦੇ ਪਹੀਏ ਲੱਗ ਜਾਣ ਤਾਂ ਉਹ ਫਾਈਲ ਦਿਨਾਂ ਵਿੱਚ ਪਾਸ ਹੋ ਜਾਂਦੀ ਹੈ ਨਹੀਂ ਤਾਂ ਫਾਈਲ ਵਿੱਚ
ਕਾਗ਼ਜ਼ਾਂ ਦਾ ਭਾਰ ਹੀ ਵੱਧਦਾ ਰਹਿੰਦਾ ਹੈ”। ਅੱਗੋਂ ਚੂੜਾਮਣੀ ਜੀ ਕਹਿੰਦੇ, “ਮੈਨੂੰ ਤੁਹਾਡੇ ਕੰਮ ਦੀ
ਕੁੱਝ ਸਮਝ ਨਹੀਂ ਆਈ ਮੈਨੂੰ ਚੰਗੀ ਤਰ੍ਹਾਂ ਸਮਝਾਓ”। ਅੱਗੋ ਖਰਾਣਾ ਜੀ ਕਹਿੰਦੇ.”ਤੁਸੀਂ ਕੋਈ ਮੰਗ
ਕਰੋ ਤੂਹਾਨੂੰ ਕੀ ਚਾਹੀਦਾ ਹੈ”? ਅੱਗੋਂ ਚੂੜਾਮਣੀ ਕਹਿੰਦੇ, ਕਿ “ਮੈਨੂੰ ਸਾੜ੍ਹੀ ਚਾਹੀਦੀ ਹੈ
ਕ੍ਰਿਪਾ ਕਰਕੇ ਸਾੜ੍ਹੀ ਲੈ ਦਿਓ”। ਖੁਰਾਣਾ ਜੀ ਕਹਿੰਦੇ, ਕਿ “ਇੰਜ ਗੱਲ ਨਹੀਂ ਕਰੀਦੀ ਦਫਤਰਾਂ ਵਿੱਚ
ਜੇ ਤੂਹਾਨੂੰ ਕੁੱਝ ਚਾਹੀਦਾ ਹੈ ਤਾਂ ਸਭ ਤੋਂ ਪਹਿਲਾਂ ਅਰਜ਼ੀ ਦਿਓ”। ਬੀਬੀ ਜੀ ਅਰਜ਼ੀ ਲਿਖ ਕੇ ਦੇਂਦੇ
ਹਨ ਤਾਂ ਖੁਰਾਣਾ ਜੀ ਕਹਿੰਦੇ ਹਨ, “ਅਰਜ਼ੀ ਇੰਜ ਨਹੀਂ ਦਈਦੀ ਪੂਰੀ ਫਾਈਲ ਬਣਾ ਸਵਾਰ ਕਿ ਦਿਓ ਕਾਗ਼ਜ਼
ਤਾਂ ਰੁਲ਼ ਜਾਂਦੇ ਹਨ”। ਬੀਬੀ ਵਿਚਾਰੀ ਨੇ ਬਜ਼ਾਰੋਂ ਜਾ ਕੇ ਫਾਈਲ ਖਰੀਦੀ ਤੇ ਅਗਲੀ ਕਾਰਵਾਈ ਸ਼ੁਰੂ
ਹੋਈ। ਖੁਰਾਣਾ ਜੀ ਪਾਸ ਫਾਈਲ ਆਈ ਤਾਂ ਅਗੋਂ ਖੁਰਣਾ ਜੀ ਨੇ ਫਾਈਲ ਪੜ੍ਹ ਕੇ ਇੱਕ ਵੱਡਾ ਸਾਰਾ ਨੋਟ
ਲਿਖ ਦਿੱਤਾ, ਕਿ ਦਫ਼ਤਰ ਨੂੰ ਦੱਸਿਆ ਜਾਏ ਨਵੀਂ ਸਾੜ੍ਹੀ ਕਿਉਂ ਲੈਣੀ ਹੈ। ਅੱਗੋਂ ਬੀਬੀ ਜੀ ਕਹਿੰਦੇ,
ਕਿ “ਮੇਰੇ ਛੋਟੇ ਭਰਾ ਦਾ ਵਿਆਹ ਹੈ ਇਸ ਲਈ ਨਵੀਂ ਸਾੜ੍ਹੀ ਖਰੀਦਣੀ ਹੈ”। ਖੁਰਾਣਾ ਜੀ ਕਹਿੰਦੇ,
“ਬੀਬਾ ਜੀ ਲਿਖ ਕੇ ਦਿਓ ਏਦਾਂ ਜ਼ਬਾਨੀ ਕਲਾਮੀ ਕੰਮ ਨਹੀਂ ਚੱਲਣੇ”। ਬੀਬੀ ਜੀ ਨੇ ਇੱਕ ਹੋਰ ਅਰਜ਼ੀ
ਦਿੱਤੀ ਮੇਰੇ ਛੋਟੇ ਭਰਾ ਦਾ ਵਿਆਹ ਹੈ। ਅੱਗੋਂ ਸਰਕਾਰੀ ਅਫਸਰ ਬਣੇ ਖੁਰਾਣਾ ਜੀ ਨੇ ਇੱਕ ਹੋਰ ਨੋਟ
ਲਿਖ ਦਿੱਤਾ, ਕਿ “ਦਫਤਰ ਨੂੰ ਇਹ ਦੱਸਣਾ ਕਰੋ ਕਿ ਪਹਿਲਾਂ ਤੋਂ ਤੁਹਾਡੇ ਪਾਸ ਕਿੰਨੀਆਂ ਸਾੜ੍ਹੀਆਂ
ਹਨ”। ਬੀਬੀ ਜੀ ਲਿਖ ਕੇ ਦੇਂਦੇ ਹਨ, ਕਿ “ਪਹਿਲਾਂ ਮੇਰੇ ਪਾਸ ਚਾਲੀ ਸਾੜ੍ਹੀਆਂ ਹਨ”। ਖੁਰਾਣਾ ਜੀ
ਲਿਖ ਕੇ ਫਿਰ ਪੁਛਦੇ ਹਨ ਦੱਸਿਆ ਜਾਏ, ਕਿ “ਸਭ ਤੋਂ ਮਗਰੋਂ ਕਿਹੜੀ ਸਾੜ੍ਹੀ ਖਰੀਦੀ ਸੀ। ਜੇ ਤੁਹਾਡੇ
ਪਾਸ ਚਾਲੀ ਸਾੜ੍ਹੀਆਂ ਹਨ ਤਾਂ ਕੀ ਇਹਨਾਂ ਨਾਲ ਨਹੀਂ ਸਰ ਸਕਦਾ”। ਕਰਦਿਆ ਕਤਰਦਿਆਂ ਸਾੜ੍ਹੀ ਖਰੀਦਣ
ਦੀ ਆਗਿਆ ਤੋਂ ਪਹਿਲਾਂ ਇੱਕ ਇਤਰਾਜ਼ ਲੱਗ ਗਿਆ ਕਿ ਨਵੀਂ ਸਾੜ੍ਹੀ ਖਰੀਦਣ ਦੀ ਵੱਖ ਵੱਖ ਦੁਕਾਨਾਂ ਦੇ
ਭਾਅ ਨਹੀਂ ਨਾਲ ਲਗਾਏ ਗਏ ਕਿਥੋਂ ਸਸਤੀ ਸਾੜ੍ਹੀ ਮਿਲਦੀ ਹੈ। ਦੂਸਰਾ ਇਤਰਾਜ਼ ਇਹ ਲੱਗ ਗਿਆ ਕਿ ਪੇਟੀ
ਕੋਟ ਜਾਂ ਸਾੜ੍ਹੀ ਦੇ ਨਾਲ ਹੋਰ ਲੱਗਣ ਵਾਲੇ ਸਮਾਨ ਦੀ ਪੂਰੀ ਸੂਚੀ ਨਾਲ ਨਹੀਂ ਲੱਗੀ ਹੋਈ। ਅਜੇਹੇ
ਇਤਰਾਜ਼ ਪੜ੍ਹ ਕੇ ਬੀਬੀ ਜੀ ਦਾ ਹੱਠ ਟੁੱਟ ਗਿਆ ਤੇ ਵਗਾਹ ਕੇ ਫਾਈਲ ਪਰਾਂ ਮਾਰੀ, “ਕਹਿੰਦੀ ਅੱਗ
ਲੱਗੇ ਐਹੋ ਜੇਹੇ ਦਫਤਰ ਨੂੰ, ਮੈਨੂੰ ਨਹੀਂ ਚਾਹੀਦੀ ਸਾੜ੍ਹੀ”। ਅੱਗੋਂ ਖੁਰਾਣਾ ਜੀ ਕਹਿੰਦੇ ਗੁੱਸਾ
ਨਹੀਂ ਕਰੀਦਾ ਸਾਰਕਾਰੀ ਦਫਤਰਾਂ ਵਿੱਚ ਸਾਰਾ ਕੰਮ ਏਸੇ ਤਰ੍ਹਾਂ ਹੀ ਹੁੰਦਾ ਹੈ ਜਨੀ ਕਿ ਸਭ ਤੋਂ ਵੱਧ
ਖਜਲ ਖੁਆਰੀ। ਸੁਆਲ ਵਿਚੋਂ ਸੁਆਲ ਕੱਢ ਕੇ ਅਗਲੇ ਦਾ ਸਮਾਂ ਬਰਬਾਦ ਕਰਨਾ।
ਹੁਣ ਦੇਖਦੇ ਹਾਂ ਸਿੱਖ ਧਰਮ ਵਿੱਚ ਅਲੋਚਨਾ ਵਾਲਾ ਪੱਖ—ਮੈਂ ਮੁੱਢ ਵਿੱਚ
ਬੇਨਤੀ ਕੀਤੀ ਹੈ ਕਿ ਸਿਹਤਮੰਦ ਅਲੋਚਨਾ ਹੋਣੀ ਚਾਹੀਦੀ ਹੈ ਤਾਂਹੀ ਮਨੁੱਖ ਤਰੱਕੀ ਦੀਆਂ ਮੰਜ਼ਿਲਾਂ ਸਰ
ਕਰ ਸਕਦਾ ਹੈ। ਪਰ ਏਦ੍ਹਾਂ ਹੋਇਆ ਨਹੀਂ ਹੈ। ਅਸੀਂ ਸਿਰਫ ਅਗਲੇ ਦੀ ਹੇਠੀ ਕਰਨ ਹਿੱਤ ਹੀ ਕਈ ਕਾਗ਼ਜ਼
ਕਾਲੇ ਕਰੀ ਜਾ ਰਹੇ ਹਾਂ ਸਮੇਂ ਬਾਅਦ ਕੁੜੱਤਣ ਜਨਮ ਲੈ ਲੈਂਦੀ ਹੈ ਜੋ ਧੜਿਆਂ ਦੇ ਰੂਪ ਧਾਰਨ ਕਰਦੀ
ਹੋਈ ਅਸਲੀ ਮੁੱਦਾ ਹੀ ਗਵਾ ਦੇਂਦੀ ਹੈ।
ਜੇ ਕੋਈ ਵਿਚਾਰ ਦੇ ਰਿਹਾ ਹੈ, ਭਾਂਵੇ ਅਸੀਂ ਉਸ ਵਿਸ਼ੇ ਨਾਲ ਸਬੰਧ ਨਹੀਂ ਵੀ
ਰੱਖਦੇ ਤਾਂ ਵੀ ਅਸੀਂ ਬੋਲਣਾ ਸ਼ੂਰੂ ਕਰ ਦੇਂਦੇ ਹਾਂ। ਥੋੜੇ ਦਿਨ ਹੀ ਹੋਏ ਅਸੀਂ ਪਿੰਡ ਰਾਈ ਵਾਲ
ਦੋਲੋਂ ਗਏ। ਸਮਾਜਕ ਬੁਰਾਈਆਂ ਤੇ ਧਰਮ ਵਿੱਚ ਆਏ ਅੰਧਵਿਸ਼ਵਾਸ ਦੀਆਂ ਵਿਚਾਰਾਂ ਹੋ ਰਹੀਆਂ ਸਨ। ਅਚਾਨਕ
ਇੱਕ ਪੜ੍ਹੇ ਲਿਖੇ ਮਾਸਟਰ ਜੀ ਉੱਠੇ ਤੇ ਕਹਿਣ ਲੱਗੇ, ਕਿ “ਜ਼ਲ੍ਹਿਆਂ ਵਾਲੇ ਬਾਗ ਦਾ ਇਤਿਹਾਸ
ਸੁਣਾਓਂ”। ਅਸੀਂ ਬਥੇਰਾ ਕਿਹਾ ਅੱਜ ਦਾ ਵਿਸ਼ਾ ਨਹੀਂ ਹੈ। ਉਹ ਕੁੱਝ ਜ਼ਿਆਦਾ ਹੀ ਕਾਹਲਾ ਸੀ, ਕਹਿੰਦਾ,
“ਜੇ ਤੂਹਾਨੂੰ ਨਹੀਂ ਆਉਂਦਾ ਤਾਂ ਮੈਂ ਸਣਾਉਂਦਾ ਹਾਂ”।
ਇਕ ਹੈ ਅਲੋਚਨਾ ਦੂਜੀ ਹੈ ਨਿਗ੍ਹੋਚ ਕੱਢਣੀ ਜੋ ਸਭ ਤੋਂ ਸੌਖੀ ਹੈ। ਸਭ ਤੋਂ
ਪਹਿਲਾਂ ਆਪਣੇ ਸੁਆਲ ਦਾ ਜਆਬ ਪੁੱਛਦਾ ਹੈ ਕਿ ਇਸ ਲਾਈਨ ਦਾ ਉੱਤਰ ਦਿਓ। ਜੇ ਅਗਲਾ ਉੱਤਰ ਦੇਣ ਦਾ
ਯਤਨ ਕਰਦਾ ਹੈ ਤਾਂ ਅੱਗੋਂ ਕਿਹਾ ਜਾਂਦਾ ਹੈ ਮੇਰੀ ਤਸੱਲੀ ਨਹੀਂ ਹੋਈ। ਏੱਥੇ ਚਾਹੀਦਾ ਤਾਂ ਇਹ ਸੀ
ਅਸੀਂ ਉਸ ਤਰ੍ਹਾਂ ਦਾ ਹੋਰ ਲੇਖ ਲਿਖ ਕੇ ਪਾਉਂਦੇ ਉਸ ਨਾਲੋਂ ਵੱਡੀ ਲੀਕ ਖਿਚਦੇ ਪਰ ਅਸੀਂ ਮੁੜ ਕੇ
ਸ਼ਬਦਾਵਲ਼ੀ ਪਿੱਛੇ ਪੈ ਜਾਂਦੇ ਹਾਂ ਤੁਸੀਂ ਅਸਭਿਆਕ ਭਾਸ਼ਾ ਵਰਤੀ ਹੈ। ਜਾਤੀ ਦੂਸਣ ਬਾਜ਼ੀ ਵਿੱਚ ਬਾਜ਼ੀ
ਮਾਰਨ ਲਈ ਕਾਹਲੇ ਪਏ ਨਜ਼ਰ ਆਉਂਦੇ ਹਾਂ। ਕਈ ਦਫ਼ਾ ਕਿਸੇ ਦੀ ਤੀਹ ਪੈਂਤੀ ਸਾਲ ਦੀ ਕੀਤੀ ਸੇਵਾ ਨੂੰ ਦੋ
ਫਿਕਰਿਆਂ ਵਿੱਚ ਰੱਦ ਕਰਕੇ ਰੱਖ ਦੇਂਦੇ ਹਾਂ।
ਜਿਸ ਤਰ੍ਹਾਂ ਵੋਟਾਂ ਵਿੱਚ ਰਾਜਨੀਤਿਕ ਲੋਕ ਇੱਕ ਦੂਜੇ ਦੇ ਪੋਤੜੇ ਫੋਲਦੇ ਹਨ
ਕੁੱਝ ਏਸੇ ਤਰ੍ਹਾਂ ਹੀ ਪਹਿਲਾਂ ਬੰਦਿਆਂ ਨਾਲ ਕੰਮ ਕਰਦੇ ਹਾਂ ਫਿਰ ਜੇ ਸਾਡੀ ਬਣ ਨਹੀਂ ਆਈ ਤਾਂ
ਅਸੀਂ ਇੱਕ ਦੂਜੇ ਦੇ ਪਰਦਿਆਂ ਬੇਪਤ ਕਰਨ ਨੂੰ ਹੀ ਅਸਲੀ ਧਰਮ ਕਰਮ ਸਮਝਦੇ ਹਾਂ। ਜਿਸ ਪ੍ਰਜੈਕਟ ਤੇ
ਅਸੀਂ ਵਧੀਆ ਕੰਮ ਕਰ ਸਕਦੇ ਹਾਂ ਉਹ ਵਿਸ਼ਾ ਵਸਤੂ ਹੀ ਅਸੀਂ ਗਵਾ ਲੈਂਦੇ ਹਾਂ।
ਸਾਨੂੰ ਕੀ ਕਰਨਾ ਚਾਹੀਦਾ---
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।।
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ।।
ਬਸੰਤ ਮਹਲਾ ੫ ਪੰਨਾ ੧੧੮੫
ਹੇ ਮੇਰੇ ਵੀਰ ! ਇਕੱਠੇ ਹੋ ਕੇ ਸਾਧ ਸੰਗਤਿ ਵਿੱਚ ਬੈਠਿਆ ਕਰੋ, (ਉਥੇ
ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ (ਆਪਣੇ ਮਨ ਵਿਚੋਂ) ਮੇਰ-ਤੇਰ ਮਿਟਾਇਆ ਕਰੋ । ਗੁਰੂ ਦੀ ਸਰਨ
ਪਏ ਰਹਿਣਾ—ਇਹ ਚੌਪੜ ਦਾ ਕੱਪੜਾ ਵਿਛਾ ਕੇ ਮਨ ਨੂੰ ਟਿਕਾਇਆ ਕਰੋ, (ਅਤੇ ਸਾਧ ਸੰਗਤਿ ਵਿਚ)
ਹਰਿ-ਨਾਮ-ਦੀ ਵਿਚਾਰ ਦੇ ਚੌਪੜ ਖੇਡਣ ਵਾਲੇ ਸਾਥੀ ਬਣਿਆ ਕਰੋ।
ਵਿਚਾਰ ਯੋਗ ਮੁੱਦੇ ਸਨ ਜਿੰਨਾ `ਤੇ ਕੰਮ ਕਰਨਾ ਸੀ ਪਰ ਹੋਇਆ ਇਸ ਦੇ ਉਲਟ
ਹੈ---
੧ ਸਾਹਿਬ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੋਰਤਾ ਨੂੰ ਕਾਇਮ
ਰੱਖਣਾ—ਭਾਵ ਕਿਸੇ ਹੋਰ ਪਸਤਕ ਦੇ ਪ੍ਰਕਾਸ਼ ਨੂੰ ਰੋਕਣ ਲਈ ਸਾਰਥਕ ਯਤਨ ਅਰੰਭਣੇ ਸਨ। ਪਰ--- ਇਹ ਵਿਸ਼ਾ
ਨਿਗੋਚਾਂ ਦੀ ਲਪੇਟ ਵਿੱਚ ਆਉਣ ਕਰਕੇ ਲਗ-ਪਗ ਅਲੋਪ ਹੀ ਹੁੰਦਾ ਜਾ ਰਿਹਾ ਹੈ—ਏਸੇ ਲਈ ਬਚਿੱਤ੍ਰ ਨਾਟਕ
ਕੇ ਸਾਧੋਂ ਕੇ ਬੋਲ ਬਾਲੇ ਬੋਲੋ ਜੀ---
੨ ਡੇਰਾਵਾਦ ਤੇ ਸਿੱਖੀ ਭੇਖ ਵਿੱਚ ਸੰਤਵਾਦ ਦੀ ਵੱਧ ਰਹੀ ਅਮਰ ਵੇਲ ਨੂੰ ਸਦਾ
ਲਈ ਸਕਾਉਣ ਦਾ ਯਤਨ ਕਰਨਾ ਸੀ—ਜੋ ਨਿਜੀ ਤੋਹਮਤ ਬਾਜ਼ੀ ਵਿੱਚ ਅਟਕ ਗਿਆ- ਜਿੰਨਾਂ ਦੀਆਂ ਕਲਮਾਂ ਵਿੱਚ
ਜਾਨ ਸੀ ਉਹ ਵੀ ਕੰਨੀ ਕਤਰਾਉਣ ਲੱਗ ਪਈਆਂ।
੩ ਸਿੱਖ ਇਤਿਹਾਸ ਵਿਚੋਂ ਮਿਥਿਹਾਸ ਨੂੰ ਸਮਝਣਾ ਤੇ ਉਸ ਨੂੰ ਬਾਹਰ
ਕਢਣਾ—ਬੁੱਧੀ ਜੀਵੀਆਂ ਦਾ ਕੰਮ ਸੀ ਜੋ ਸਮੇਂ ਨੂੰ ਦੇਖ ਕੇ ਦੜ੍ਹ ਵੱਟ ਗਏ।।
੪ ਸਿੱਖ ਧਰਮ ਵਿੱਚ ਬ੍ਰਹਾਮਣੀ ਵਿਚਾਰਧਾਰਾ ਦੀ ਘੁੱਸਪੈਠ ਨੂੰ ਸਮਝਣਾ—ਮਹਾਂ
ਪੁਰਸ਼ੋ! ਕੀ ਗੱਲਾਂ ਕਰਦੇ ਓ ਅਸੀਂ ਤੇ ਬ੍ਰਹਾਮਣੀ ਵਿਚਾਰਧਾਰਾ ਨੂੰ ਹੀ ਸਿੱਖ ਸਿਧਾਂਤ ਮਿੱਥ ਲਿਆ
ਹੈ।
੫ ਰਹਿਤ ਮਰਯਾਦਾ ਨੂੰ ਮਾਨਤਾ ਦੇਣੀ ਤੇ ਉਦ੍ਹੀ ਪੁਨਰ ਵਿਚਾਰ ਕਰਨੀ— ਇਹ
ਕੌਮੀ ਮਸਲਾ ਸਾਡਾ ਮਸਲਾ ਹੀ ਨਹੀਂ ਰਿਹਾ ਅਸੀਂ ਤੇ ਪਹਿਲੀ ਨੂੰ ਨਹੀਂ ਮੰਨਦੇ ਤੁਸੀਂ ਪੁਨਰ ਵਿਚਾਰ
ਦੀ ਗੱਲ ਕਰਦੇ ਓ, ਜਾਓ ਜਾਓ ਆਪਣਾ ਕੰਮ ਕਰੋ ਆ, ਗਏ ਵੱਡੇ ਰਹਿਤ ਮਰਯਾਦਾ ਵਾਲੇ--
੬ ਪਿੰਡਾਂ ਨੂੰ ਸੰਭਾਲਣਾ---ਸਾਧਾਂ ਨੂੰ ਅਸੀਂ ਪੱਕੇ ਤੌਰ ਤੇ ਦੇ ਦਿੱਤੇ
ਹਨ—ਏਸੇ ਲਈ ਪਿੰਡਾਂ ਵਿੱਚ ਧੜਾ ਧੜ ਮਾਰਬਲ ਵਾਲੇ ਆਲੀਸ਼ਾਨ ਡੇਰਿਆ ਦੀ ਉਸਾਰੀ ਹੋ ਰਹੀ ਹੈ--
੭ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਦੇ ਉਪਰਾਲੇ ਕਰਨੇ— ਜਿੰਨੇ
ਸ਼ੀਹਰ ਜਾਂ ਪਿੰਡ ਹਨ ਉਹਨਾਂ ਦੀ ਗਿਣਤੀ ਨਾਲੋਂ ਦੁਗਣੀ ਬਿਣਤੀ ਵਿੱਚ ਠੇਕੇ ਖੋਲ੍ਹ ਦਿੱਤੇ ਹਨ ਤਾਂ
ਕਿ ਨੌਜਵਾਨਾਂ ਨੂੰ ਲੰਬਾ ਸਫਰ ਨਾ ਕਰਨਾ ਪਏ—ਬਹੁਤੇ ਕਲਾਕਾਰ, ਖਿਢਾਰੀ ਤੇ ਲੇਖਕ ਵੀ ਏਸੇ ਵਹਿਣ
ਵਿੱਚ ਰੁੜਦੇ ਨਜ਼ਰ ਪਏ ਆਉਂਦੇ ਜੇ--
੮ ਭਰੂਣ ਹੱਤਿਆ ਬਾਰੇ ਜਾਣਕਾਰੀ ਦੇਣੀ—ਧਾਰਮਕ ਆਗੂਆਂ ਦੀ ਜ਼ਿੰਮਵਾਰੀ ਲਗਾਓ
ਉਹਨਾਂ ਨੂੰ ਬਹੁਤ ਜ਼ਿਆਦਾ ਤਜੁਰਬਾ ਹੈ--
੯ ਚਿੰਤਾ ਦਾ ਵਿਸ਼ਾ ਸਿੱਖਾਂ ਦੀ ਘੱਟ ਰਹੀ ਅਬਾਦੀ--- ਬਹੁਤੀ ਲੋੜ ਨਹੀਂ
ਇਦ੍ਹੇ `ਤੇ ਲਿਖਣ ਦੀ—ਕਹਿੰਦੇ ਨੇ ਪੰਜਾਬ ਸਰਕਾਰ ਨੂੰ ਪਰਵਾਰ ਨਿਯੋਜਨ `ਤੇ ਪਹਿਲਾ ਨੰਬਰ ਮਿਲਿਆ
ਹੈ--
੧੦ ਪੁਜਾਰੀਵਾਦ ਤੋਂ ਕੌਮ ਨੂੰ ਮੁਕਤੀ ਦਿਵਾਉਣੀ—ਨਾ ਨਾ ਬਾਬਾ ਐਵੇਂ ਛੇਕ
ਦੇਣਗੇ ਗਾਹੇ ਬ-ਗਾਹੇ ਇਹਨਾਂ ਦੀ ਤਾਰੀਫ਼ ਵਿੱਚ ਕੁੱਝ ਕਾਗ਼ਜ਼ ਕਾਲੇ ਕਰ ਲੈਣ ਵਿੱਚ ਕੀ ਹਰਜ਼ ਹੈ।
੧੧ ਥਿੰਕ ਟੈਂਕ ਭਾਵ ਵਿਸ਼ਾ ਮਾਹਰ ਵਿਦਾਵਾਨਾਂ ਦੀਆਂ ਕਮੇਟੀਆਂ ਬਣਾ ਕੇ ਕੌਮ
ਦੀ ਉਸਾਰੀ ਲਈ ਕੁੱਝ ਨਵਾਂ ਕਰਨਾ ਲਈ ਸੋਚਣਾ।
ਇਹ ਕੰਮ ਆਰ ਐਸ ਐਸ ਦੇ ਹਵਾਲੇ ਕੀਤਾ ਹੋਇਆ ਹੈ—ਜੋ ਦਿਸ਼ਾ ਨਿਰਦੇਸ਼ ਦੇਣਗੇ
ਆਪਾਂ ਕਰੀ ਜਾਵਾਂਗੇ ਜੇ ਲੋੜ ਪਈ ਤਾਂ ਉਹਨਾਂ ਦੇ ਡੇਰੇ ਜਾ ਕੇ ਵੀ ਹੁਕਮਨਾਮਾ ਜਾਰੀ ਕਰ ਦਿਆਂਗੇ--
੧੨ ਨੌਜਵਾਨ ਪੀੜ੍ਹੀ ਦੀ ਸੰਭਾਲ ਕਰਨੀ—ਸਾਧੜਿਆਂ ਤੇ ਰਾਜਨੀਤਿਕ ਲੋਕਾਂ ਵਲੋਂ
ਹਰ ਪ੍ਰਕਾਰ ਦੇ ਨਸ਼ੇ ਪੂਰੀ ਤਨਦੇਹੀ ਤੇ ਰਫ਼ਤਾਰ ਨਾਲ ਵੰਡੇ ਜਾਣਗੇ ਜੇ ਕਿਤੇ ਕਮੀ ਪੇਸ਼ੀ ਰਹਿ ਗਈ ਤਾਂ
ਜ਼ਰੂਰ ਦਸ ਦੇਣਾ ਅਸੀਂ ਧੰਨਵਾਦੀ ਹੋਵਾਂਗੇ।
ਐਵੇਂ ਇੱਕ ਦੂਜੇ ਦੀਆਂ ਗੋਡੀਆਂ ਲਵਾਉਣ ਦੀ ਨਾ ਕਰੀਏ ਕੁੱਝ ਆਪ ਵੀ ਸਾਰਥਿਕ
ਯਤਨ ਅਰੰਭ ਕਰੀਏ। ਬਹੁਤ ਦਫ਼ਾ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਸਾਨੂੰ ਆਹ ਕਰਨਾ ਚਾਹੀਦਾ ਹੈ ਔਹ
ਕਰਨਾ ਚਾਹੀਦਾ ਹੈ, ਮੈਂ ਉਸ ਨੂੰ ਇਕੋ ਗੱਲ ਪੁੱਛਦਾ ਹੁੰਦਾ ਹਾਂ, ਕਿ ਹੁਣ ਤੁਸਾਂ ਕੀ ਕਰਨਾ ਹੈ?
ਅਖੀਰ ਵਿੱਚ ਕਹਾਂਗਾ ਸਿੰਘ ਸਭਾ ਕਨੇਡਾ ਇੰਟਰਨੈਸ਼ਨਲ, ਸਿੱਖ ਮਾਰਗ, ਸਿੱਖ
ਮਿਸ਼ਨਰੀ ਕਾਲਜ ਚੌਂਤਾ, ਸਿੱਖ ਮਿਸ਼ਨਰੀ ਕਾਲਜ ਅਨੰਦਪੁਰ, ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ,
ਸਿੱਖ ਅਫਿਆਰਜ਼, ਸਿੱਖ ਫਲਵਾੜੀ, ਖਾਲਸਾ ਨਿਊਜ਼, ਤੱਤ ਗੁਰਮਤ ਪਰਵਾਰ, ਜਾਗੋ ਖਾਲਸਾ, ਗੁਰੂ ਪੰਥ,
ਰੋਜ਼ਾਨਾ ਸਪੋਕਸਮੈਨ ਆਦਿ ਸਾਈਟਾਂ ਅਤੇ ਗੁਰਮਤ ਦੀ ਚੇਤਨਾ ਵਾਲੇ ਸਾਰੇ ਲਿਖਾਰੀ ਜਿੰਨਾਂ ਨੂੰ ਸਮੇਂ
ਦੀ ਹਰ ਮੁਸੀਬਤ ਨਾਲ ਜੂਝਣਾ ਪਿਆ, ਪਰ ਆਪਣਾ ਸਿਰੜ ਨਹੀਂ ਛੱਡਿਆ, ਭਾਵੇਂ ਕਈ ਥਾਂਈਂ ਇਹਨਾਂ ਨਾਲ
ਕਿਸੇ ਦੇ ਮਤ ਭੇਦ ਹੋ ਸਕਦੇ ਹਨ ਪਰ ਜੋ ਇਹਨਾਂ ਨੇ ਕੰਮ ਕੀਤਾ ਹੈ ਉਸ ਨੂੰ ਕਦੇ ਵੀ ਛੁਟਿਆਇਆ ਨਹੀਂ
ਜਾ ਸਕਦਾ। ਉਹ ਸਲਾਹੁੰਣ ਯੋਗ ਹੈ।
ਅੱਜ ਸਾਨੂੰ ਨਿੱਕੀਆਂ ਨਿੱਕੀਆਂ ਦੂਸ਼ਣ ਬਾਜ਼ੀਆਂ ਵਿਚੋਂ ਉੱਪਰ ਉੱਠ ਕੇ ਇੱਕ
ਸਮੁੱਚੇ ਤੌਰ `ਤੇ ਹੰਭਲਾ ਮਾਰਨ ਦੀ ਜ਼ਰੂਰਤ ਹੈ। ਸਿੰਘ ਸਭਾ ਕਨੇਡਾ ਤੇ ਗੁਰਮਤ ਗਿਆਨ ਮਿਸ਼ਨਰੀ ਕਾਲਜ
ਲੁਧਿਆਣਾ ਵਲੋਂ ਇੱਕ ਨਾਆਰਾ ਦਿੱਤਾ ਗਿਆ ਹੈ ਆਓ ਆਪਣੇ ਪਿੰਡ ਸੰਭਾਲੀਏ ਪਰ ਬਹੁਤ ਥੋੜਾ ਸਾਥ ਮਿਲਿਆ
ਹੈ---ਹੁਣ ਦੇਖਣਾ ਹੈ ਕਿ ਅਸੀਂ ਕੌਮ ਲਈ ਕੀ ਯੋਗਦਾਨ ਪਾਉਂਦੇ ਹਾਂ?
ਗੁਰਦੁਆਰਾ ਬੰਗਲਾ ਸਾਹਿਬ ਤੋਂ ਜੋ ਰੋਜ਼ਾਨਾ ਕਥਾ ਆਉਂਦੀ ਹੈ ਉਹ ਪੰਜਾਬ ਵਿੱਚ
ਕੇਬਲ `ਤੇ ਨਹੀਂ ਚੱਲਣ ਦਿੱਤੀ ਜਾਂਦੀ ਪਰ ਮਜਾਲ ਹੈ ਜੇ ਕਿਸੇ ਨੇ ਇਸ `ਤੇ ਕੁੱਝ ਲਿਖਿਆ ਹੋਵੇ ਜਾਂ
ਕਿਤੇ ਕੋਈ ਗੱਲ ਕੀਤੀ ਹੋਵੇ ਉਂਜ ਅਸੀਂ ਕਹੀ ਜਾ ਰਹੇ ਹਾਂ ਕਿ ਧਰਮ ਦਾ ਪਰਚਾਰ ਨਹੀਂ ਹੋ ਰਿਹਾ ਪਰ
ਚੰਗੇ ਕੰਮਾਂ ਲਈ ਅਵਾਜ਼ ਦਾ ਉਠਾਉਣਾ ਵੀ ਸਾਡਾ ਇੱਕ ਫ਼ਰਜ਼ ਬਣਦਾ ਹੈ।