ਮਿੱਥਾਂ-ਅੱਜ ਦੇ ਸੰਦਰਭ ਵਿੱਚ
ਸਤਿੰਦਰਜੀਤ ਸਿੰਘ ਗਿੱਲ
ਸਿੱਖ ਧਰਮ ਵਿੱਚ ਵੀ ਬਾਕੀ ਧਰਮਾਂ
ਦੀ ਤਰਜ਼ ‘ਤੇ ਕਾਫੀ ਸਾਰੇ ਵਹਿਮ-ਭਰਮ ਅਤੇ ਕਰਮ-ਕਾਂਡ ਭਾਰੂ ਹੋ ਗਏ ਹਨ। ਸਿੱਖ ਵੀ ਬਾਕੀ ਧਰਮਾਂ
ਵਾਂਗ ਹਰ ਦੁੱਖ ਦੇਣ ਵਾਲੀ ਸ਼ੈਅ ਨੂੰ ‘ਅਵਤਾਰ’ ਮੰਨ ਕੇ ਉਸਦੇ ਪ੍ਰਕੋਪ ਤੋਂ ਬਚਣ ਲਈ ਸੁਣੇ-ਸੁਣਾਏ
ਬਾਬਿਆਂ ਅਤੇ ਕਿਰਿਆਵਾਂ ਕਰਨ ਵਿੱਚ ਮਸ਼ਰੂਫ ਹੁੰਦੇ ਜਾ ਰਹੇ ਹਨ। ਜ਼ਿੰਦਗੀ ਵਿੱਚ ਦੁੱਖ-ਤਕਲੀਫਾਂ ਤੋਂ
ਬਚਣ ਲਈ ਅਜਿਹੇ ਵਿਸ਼ਵਾਸ਼ ਮਿਥ ਲਏ ਗਏ ਹਨ ਜਿਨ੍ਹਾਂ ਬਾਰੇ ਤਰਕ ਨਾਲ ਸੋਚਿਆ ਜਾਵੇ ਤਾਂ ‘ਵਿੱਚੋਂ ਕੁਝ
ਵੀ ਨਹੀਂ ਨਿਕਲਦਾ’। ਪੁਰਾਣੇ ਸਮੇਂ ਵਿੱਚ ਕੀਤੀਆਂ ਜਾਂਦੀਆਂ ਜਾਂ ਮੰਨੀਆਂ ਜਾਂਦੀਆਂ ਵਿਚਾਰਾਂ ਨੂੰ
ਅੱਜ ਦੇ ਤਰੱਕੀ ਅਤੇ ਵਿਕਾਸ ਦੇ ਯੁੱਗ ਵਿੱਚ ਵੀ ਮਨੁੱਖ ਮੋਢਿਆਂ ‘ਤੇ ਢੋਅ ਰਿਹਾ ਹੈ। ਪੁਰਣੇ ਸਮੇਂ
ਮੰਨੀਆਂ ਜਾਂਦੀਆਂ ਵਿਚਾਰਾਂ ਦੇ ਪਿੱਛੇ ਕੁਝ ਕਾਰਨ ਕੰਮ ਕਰਦੇ ਸਨ ਜਿੰਨ੍ਹਾਂ ਨੂੰ ਉਸ ਸਮੇਂ ਦੇ ਲੋਕ
ਅਨਪੜ੍ਹ ਹੋਣ ਦੇ ਬਾਵਜੂਦ ਵੀ ਸਮਝਦੇ ਸਨ। ਪੁਰਾਣੇ ਸਮੇਂ ਮੰਨੀਆਂ ਜਾਂਦੀਆਂ ਵਿਚਾਰਾਂ ਜਿਵੇਂ ਕਿ
ਬਿੱਲੀ ਦੇ ਰਸਤਾ ਕੱਟਣ ‘ਤੇ ਵਾਪਿਸ ਮੁੜਨਾ, ਸ਼ਾਮ ਨੂੰ ਵਾਲ ਨਾ ਵਾਹੁਣਾ, ਰਾਤ ਨੂੰ ਕੋਈ ਵੀ ਰਾਇ
(ਸਕੀਮ) ਆਦਿ ਨਾ ਕਰਨਾ, ਉੱਲੂ ਦੇ ਰਹਿਣ ਨਾਲ ਉਜਾੜ ਬਣਨਾ ਆਦਿ ਹਨ ਜੋ ਕਿ ਅੱਜ ਦੇ ਸਮੇਂ ਵੀ
ਮਨੁੱਖੀ ਵਿਕਾਸ ਦੀਆਂ ਹਾਣੀ ਬਣ ਕੇ ਨਾਲ-ਨਾਲ ਚੱਲ ਰਹੀਆਂ ਹਨ। ਆਓ ਇਹਨਾਂ ਬਾਰੇ ਕੁਝ ਵਿਚਾਰ ਕਰਦੇ
ਹਾਂ ਤਾਂ ਜੋ ਇਹਨਾਂ ਨੂੰ ਪਹਿਲੇ ਸਮੇਂ ਮੰਨਣ ਅਤੇ ਹੁਣ ਨਾ-ਮੰਨਣ ਦੇ ਕਾਰਨਾਂ ਦੀ ਸਮਝ ਪੈ ਸਕੇ:
ਬਿੱਲੀ ਦੇ ਰਸਤਾ ਕੱਟਣ ‘ਤੇ ਵਾਪਿਸ ਮੁੜਨਾ:
ਪਹਿਲੇ ਸਮਿਆਂ ਵਿੱਚ ਇਸ ਵੀਚਾਰ ਦਾ ਮੰਨਿਆ ਜਾਣਾ ਅਹਿਮ ਸੀ। ਇਸਦੇ ਕਾਰਨਾਂ ਦੀ ਭਾਲ ਕਰਦਿਆਂ ਮੈਂ
ਉਸ ਸਮੇਂ ਨੂੰ ਹੰਢਾਉਣ ਵਾਲੇ ਕੁਝ ਬਜ਼ੁਰਗਾਂ ਨਾਲ ਗੱਲ ਕੀਤੀ ਤਾਂ ਜੋ ਗੱਲ ਸਭ ਤੋਂ ਜ਼ਿਆਦਾ ਉਭਰ ਕੇ
ਸਾਹਮਣੇ ਆਈ ਉਹ ਇਹ ਸੀ ਕਿ ਉਸ ਸਮੇ ਖੇਤੀ ਹੀ ਜੀਵਨ ਦਾ ਮੁੱਖ ਧੁਰਾ ਸੀ ਇਸ ਲਈ ਘਰਾਂ ਵਿੱਚ
ਮੱਝਾਂ-ਗਵਾਂ ਆਮ ਹੁੰਦੀਆਂ ਸਨ ਅਤੇ ਅੱਜ ਦੇ ਸਮੇਂ ਵਾਂਗ ਕੋਈ ਦੁੱਧ-ਘਿਓ ਨਹੀਂ ਸੀ ਵੇਚਦਾ। ਦੁੱਧ
ਵੇਚਣ ਨੂੰ ‘ਪੁੱਤ ਵੇਚਣ’ ਦੇ ਤੁਲ ਮੰਨਿਆ ਜਾਂਦਾ ਸੀ। ਸਾਧਨਾਂ ਦੀ ਘਾਟ ਹੋਣ ਕਰਕੇ ਦੁੱਧ ਨੂੰ ਖਰਾਬ
ਹੋਣ ਤੋਂ ਬਚਾਉਣ ਲਈ ਅਕਸਰ ਬਾਹਰ ਹੀ ਚੁਲ੍ਹਿਆਂ ‘ਤੇ ਗਰਮ ਕਰਨ (ਉਬਾਲਾ ਦੇਣ) ਲਈ ਰੱਖਿਆ ਜਾਂਦਾ
ਸੀ। ਕੰਮਾਂ ਵਿੱਚ ਜ਼ਿਆਦਾ ਰੁਝੇਵੇਂ ਕਾਰਨ ਔਰਤਾਂ ਦੁੱਧ ਨੂੰ ਜ਼ਿਆਦਾਤਰ ਢਕੇ ਬਿਨਾਂ ਹੀ ਰੱਖ
ਦੇਂਦੀਆਂ ਸਨ ਤਾਂ ਜੋ ਜਲਦੀ ਨਾ ਉਬਲੇ। ਇਸ ਤਰਾਂ ਕਈ ਵਾਰ ਘਰੋਂ ਬਾਹਰ ਜਾਣ ਸਮੇਂ ਭੁੱਲ ਜਾਂਦੀਆਂ
ਸਨ ਕਿ ਦੁੱਧ ਢਕਣ ਵਾਲਾ ਹੈ ਅਤੇ ਜਦੋਂ ਬਾਹਰ ਜਾਣ ਸਮੇਂ ਕਿਤੇ ਬਿੱਲੀ ਰਸਤਾ ਕੱਟ ਜਾਂਦੀ ਸੀ ਮਤਲਬ
ਕਿ ਕਿਤੇ ਨਜ਼ਰ ਪੈ ਜਾਂਦੀ ਸੀ ਤਾਂ ਅਚਾਨਕ ਯਾਦ ਆਂਉਦਾ ਸੀ ਕਿ ਦੁੱਧ ਢਕਣ ਵਾਲਾ ਹੈ ਕਿਉਂਕਿ
‘ਬਿੱਲੀਆਂ ਸਰ੍ਹਾਣੇ ਦੁੱਧ ਨਹੀਂ ਜੰਮਦਾ’ ਵਾਂਗ ਅਸੀਂ ਸਾਰੇ ਜਾਣਦੇ ਹਾਂ ਕਿ ਬਿਲੀਆਂ ਦੁੱਧ ਨੂੰ
ਪੀਣ ਦੀਆਂ ਸ਼ੌਕੀਨ ਹੁੰਦੀਆਂ ਹਨ। ਇਸ ਲਈ ਦੁੱਧ ਨੂੰ ਬਿੱਲੀ ਤੋਂ ਬਚਾਉਣ ਲਈ ਔਰਤਾਂ ਉਸੇ ਸਮੇਂ
ਵਾਪਿਸ ਮੁੜਦੀਆਂ ਸਨ ਕਿਸੇ ਵਹਿਮ ਕਰਕੇ ਨਹੀਂ ਬਲਕਿ ਦੁੱਧ ਨੂੰ ਢਕਣ ਅਤੇ ਸੰਭਾਲਣ ਲਈ।
‘ਬਿੱਲੀਆਂ ਸਰ੍ਹਾਣੇ ਦੁੱਧ ਨਹੀਂ ਜੰਮਦਾ’ ਵਰਗੀਆਂ ਕਹਾਵਤਾਂ ਵੀ ਇਸੇ ਕਾਰਨਾਂ ਦਾ ਨਤੀਜਾ ਹਨ।
ਸ਼ਾਮ ਨੂੰ ਵਾਲ ਨਾ ਵਾਹੁਣੇ:
ਕਈ ਸਿੱਖ ਪਰਿਵਾਰਾਂ ਵਿੱਚ ਅੱਜ ਵੀ ਬੱਚਿਆਂ ਖਾਸ ਤੌਰ ‘ਤੇ ਲੜਕੀਆਂ ਨੂੰ ਸ਼ਾਮ ਨੂੰ ਵਾਲ ਆਦਿ ਵਾਹੁਣ
ਤੋਂ ਰੋਕਿਆ ਜਾਂਦਾ ਹੈ। ਇਹ ਵਿਚਾਰ ਵੀ ਪੁਰਾਣੇ ਸਮੇਂ ਦੇ ਸੂਝਵਾਨ ਲੋਕਾਂ ਦੀ ਹੀ ਦੇਣ ਹੈ। ਉਸ
ਸਮੇਂ ਇਸ ਵਿਚਾਰ ਨੂੰ ਮੰਨੇ ਜਾਣ ਦੇ ਕਾਰਨ ਅਤੇ ਹਾਲਾਤ ਸਨ ਪਰ ਅੱਜ ਦੇ ਹਾਲਾਤ ਉਹਨਾਂ ਨਾਲੋਂ
ਬਿਲਕੁਲ ਵੱਖਰੇ ਹਨ। ਪਹਿਲੇ ਸਮਿਆਂ ਵਿੱਚ ਘਰਾਂ-ਪਿੰਡਾਂ ਵਿੱਚ ਬਿਜਲੀ ਆਦਿ ਦਾ ਪ੍ਰਬੰਧ ਨਹੀਂ ਸੀ
ਹੁੰਦਾ। ਸੱਚ ਤਾਂ ਇਹ ਹੈ ਕਿ ਉਸ ਸਮੇਂ ਲੋਕਾਂ ਨੇ ਕਦੇ ਬਿਜਲੀ ਵਰਗੀ ਸ਼ਕਤੀ ਦੀ ਕਲਪਨਾ ਵੀ ਨਹੀ
ਕੀਤੀ ਹੋਵੇਗੀ। ਘਰਾ ਵਿੱਚ ਰੌਸ਼ਨੀ ਕਰਨ ਲਈ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਦੀਵੇ ਆਦਿ ਹੀ ਵਰਤੇ
ਜਾਂਦੇ ਸਨ ਜੋ ਕਿ ਇੱਕ ਸੀਮਤ ਜਹੀ ਰੌਸ਼ਨੀ ਮੁਹੱਈਆਂ ਕਰਵਾਉਂਦੇ ਸਨ ਇਸ ਲਈ ਉਸ ਸਮੇਂ ਸ਼ਾਮ ਨੂੰ ਵਾਲ
ਵਾਹੁਣ ਤੋਂ ਰੋਕਿਆ ਜਾਂਦਾ ਸੀ ਤਾਂ ਜੋ ਕੰਘਾ ਕਰਨ ਨਾਲ ਟੁੱਟ ਕੇ ਡਿੱਗੇ ਵਾਲ ਕਿਤੇ ਕਿਸੇ ਭੋਜਨ
ਪਦਾਰਥ ਵਿੱਚ ਨਾ ਪੈ ਜਾਣ। ਇੱਥੋਂ ਤੱਕ ਕੇ ਉਸ ਸਮੇਂ ਵਾਲਾਂ ਨੂੰ ਖੁੱਲ੍ਹੇ ਰੱਖਣ ਤੋਂ ਵੀ ਵਰਜਿਆ
ਜਾਂਦਾ ਸੀ ਤਾਂ ਜੋ ਰੋਟੀ ਵਿੱਚ ਟੁੱਟ ਕੇ ਨਾ ਪੈ ਜਾਣ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਾਲ
ਐਸਾ ਪਦਾਰਥ ਹੈ ਜੋ ਗਲਦਾ ਨਹੀਂ ਅਤੇ ਐਨਾ ਬਾਰੀਕ ਹੁੰਦਾ ਹੈ ਕਿ ਕਿਸੇ ਨਾੜੀ-ਪ੍ਰਣਾਲੀ ਵਿੱਚ ਚਲੇ
ਜਾਣ ‘ਤੇ ਕੱਢਣਾ ਮੁਸ਼ਕਿਲ ਹੈ ਜਿਸ ਨਾਲ ਕਿਸੇ ਤਕਲੀਫ ਦੇ ਹੋਣ ਦਾ ਡਰ ਰਹਿੰਦਾ ਹੈ। ਪਰ ਅੱਜ ਦੇ
ਸਮੇਂ ਤਾਂ ਰੌਸ਼ਨੀ ਦੇ ਵਧੀਆ ਸਾਧਨ ਹੋਣ ਕਾਰਨ ਟੱਟ ਕੇ ਡਿੱਗੇ ਵਾਲਾਂ ਨੂੰ ਚੁੱਕਣਾ ਆਸਾਨ ਹੈ ਪਰ
ਫਿਰ ਵੀ ਕੁਝ ਲੋਕ ਇਸ ਵਿਚਾਰ ਨੂੰ ਇੱਕ ਅੰਧ-ਵਿਸ਼ਵਾਸ ਦਾ ਰੂਪ ਦੇ ਕੇ ਮੰਨੀ ਜਾ ਰਹੇ ਹਨ।
ਰਾਤ ਨੂੰ ਕੋਈ ਵੀ ਰਾਇ ਨਾ ਕਰਨਾ:
ਬਹੁਤੇ ਪਰਿਵਾਰਾਂ ਵਿੱਚ ਇਹ ਕਹਾਵਤ ਵੀ ਆਮ ਸੁਣਨ ਨੂੰ ਮਿਲਦੀ ਹੈ ਕਿ “ਰਾਤ ਨੂੰ ਕੀਤੀ ਰਾਏ ਚੰਗੀ
ਨਹੀਂ ਹੁੰਦੀ...” ਇਹ ਵਿਚਾਰ ਵੀ ਪੁਰਾਣੇ ਸਮੇਂ ਦੇ ਮਿਹਨਤੀ ਅਤੇ ਸੁਲਝੇ ਹੋਏ ਲੋਕਾਂ ਦੀ ਦੇਣ ਹੈ।
ਅਸੀਂ ਜਾਣਦੇ ਹਾਂ ਕਿ ਉਸ ਸਮੇਂ ਦੇ ਲੋਕ ਸੁਬਹ ਜਲਦੀ ਉੱਠ ਕੇ ਆਪਣੇ ਖੇਤਾਂ ਦਾ ਕੰਮ ਸ਼ੁਰੂ ਕਰ
ਲੈਂਦੇ ਸਨ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਹਲ ਆਦਿ ਵਾਹ ਕੇ ਵਾਪਿਸ ਆ ਜਾਂਦੇ ਸਨ। ਸੁਬਹ ਜਲਦੀ
ਉੱਠਣਾ ਤਾਂ ਹੀ ਸੰਭਵ ਹੈ ਜੇ ਰਾਤ ਨੂੰ ਜਲਦੀ ਸੁੱਤਾ ਜਾਵੇ। ਇਸ ਸੁਬਹ ਜਲਦੀ ਉੱਠਣ ਲਈ ਹੀ ਲੋਕ ਰਾਤ
ਨੂੰ ਜਲਦੀ ਸੌਣ ਨੂੰ ਤਰਜੀਹ ਦਿੰਦੇ ਸਨ ਅਤੇ ਦੇਰੀ ਹੋਣ ਤੋਂ ਬਚਣ ਲਈ ਅਕਸਰ ਹੀ ਇਸ ਵਿਚਾਰ ਨੂੰ
ਲਾਗੂ ਕਰਦੇ ਸਨ। ਪਰ ਅੱਜ ਦੇ ਸਮੇਂ ਰਾਤ ਨੂੰ 12 ਵਜੇ ਜਾਂ 1 ਵਜੇ ਟੀ.ਵੀ. ਦੇਖਣਾ ਮਾੜਾ ਨਹੀਂ
ਸਮਝਿਆ ਜਾਂਦਾ, ਕੋਈ ਜ਼ਰੂਰੀ ਰਾਇ ਕਰਨੀ ਜ਼ਰੂਰ ਮਾੜੀ ਹੈ (ਸ਼ਾਇਦ ਨਿਰਵਿਘਨ ਟੀ.ਵੀ. ਦੇਖਣ ਲਈ ਇਸ
ਵਿਚਾਰ ਨੂੰ ਪੇਸ਼ ਕੀਤਾ ਜਾਂਦਾ ਹੈ।)
ਗੱਡੀਆਂ ਦੇ ਟਾਇਰਾਂ ਉੱਪਰ ਪਾਣੀ ਜਾਂ ਤੇਲ ਪਾ
ਕੇ ਸ਼ਗਨ ਕਰਨਾ: ਇਹ ਪਰੰਪਰਾ ਵੀ ਪੁਰਾਣੇ
ਸਮੇਂ ਤੋਂ ਅੱਜ ਤੱਕ ਚੱਲੀ ਆ ਰਹੀ ਹੈ ਅਤੇ ਇਸਨੂੰ ਅੱਜ ਦੇ ਸਮੇਂ ਵੀ ਬਹੁਤ ਹੁੰਗਾਰਾ ਮਿਲ ਰਿਹਾ
ਹੈ। ਅਕਸਰ ਹੀ ਪਰਿਵਾਰ ਦੇ ਕਿਸੇ ਮੈਂਬਰ ਦੇ ਵਿਦੇਸ਼ ਜਾਣ ਜਾਂ ਕਿਸੇ ਵਿਆਹ ਆਦਿ ਦੇ ਸ਼ੁੱਭ ਸ਼ਗਨਾਂ
ਸਮੇਂ ਕੀਤੀ ਜਾਂਦੀ ਹੈ। ਗੱਡੀਆਂ ਦੇ ਟਾਇਰਾਂ ਤੋਂ ਇਲਾਵਾ ਘਰ ਦੇ ਦਰਵਾਜ਼ਿਆਂ ਉੱਪਰ ਵੀ ਪਾਣੀ ਜਾਂ
ਸਰ੍ਹੋਂ ਦੇ ਤੇਲ ਨੂੰ ਪਾ ਕੇ ‘ਸ਼ਗਨ’ ਕੀਤਾ ਜਾਂਦਾ ਹੈ। ਪਹਿਲੇ ਸਮਿਆਂ ਵਿੱਚ ਆਵਾਜਾਈ ਦੇ ਮੁੱਖ
ਸਾਧਨ ਬੈਲ ਗੱਡੀਆਂ ਜਾਂ ਗੱਡੇ ਦੇ ਟਾਇਰਾਂ ਉੱਪਰ ਪਾਣੀ ਪਾਇਆ ਜਾਂਦਾ ਸੀ ਇਸਨੂੰ ਇੱਕ ਸ਼ਗਨ ਦੇ ਰੂਪ
ਵਿੱਚ ਮਾਨਤਾ ਮਿਲੀ ਹੋਈ ਸੀ (ਹੈ)। ਇਹ ਰਸਮ ਆਮ ਹੀ ਕਿਸੇ ਖਾਸ ਮਹਿਮਾਨ ਦੇ ਆਣ ਜਾਂ ਵਾਪਿਸ ਜਾਣ
ਸਮੇਂ ਕੀਤੀ ਜਾਂਦੀ ਸੀ। ਇਸਦੇ ਪਿੱਛੇ ਕੰਮ ਕਰਦੇ ਕਾਰਨ ਨੂੰ ਸੋਚਿਆ ਜਾਵੇ ਤਾਂ ਉਸ ਸਮੇਂ ਦੇ ਘੱਟ
ਪੜ੍ਹੇ-ਲਿਖੇ ਲੋਕਾਂ ਦੀ ਵਿਗਿਆਨਕ ਸੋਚ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ। ਅੱਜ ਸਾਇੰਸ ਨੇ ਇਹ ਗੱਲ
ਦੱਸੀ ਹੈ ਕਿ ਧਾਤਾਂ ਤਾਪਮਾਨ ਵਧਣ ਨਾਲ ਗਰਮ ਹੋ ਕੇ ਫੈਲ ਜਾਂਦੀਆਂ ਹਨ, ਪਰ ਇਸ ਗੱਲ ਨੂੰ ਪਹਿਲੇ
ਸਮਿਆਂ ਦੇ ਲੋਕ ਵੀ ਭਲੀਭਾਂਤ ਜਾਣਦੇ ਸਨ। ਸਾਰੇ ਜਾਣਦੇ ਹਨ ਕਿ ਗੱਡੇ ਦੇ ਟਾਇਰ ਲੱਕੜ ਦੇ ਹੁੰਦੇ ਹਨ
ਅਤੇ ਉਹਨਾਂ ਉਪਰ ਲੋਹੇ ਦਾ ਇੱਕ ਛੱਲਾ ਚੜ੍ਹਾਇਆ ਜਾਂਦਾ ਹੈ ਵਧੀਆ ਪਕੜ ਬਣਾਉਣ ਲਈ। ਬਸ ਇਸੇ ਲੋਹੇ
ਅਤੇ ਲੱਕੜ ਦੇ ਸੁਮੇਲ ਨੂੰ ‘ਤੰਦਰੁਸਤ’ ਰੱਖਣ ਲਈ ਹੀ ਇਸ ਉਪਰ ਪਾਣੀ ਪਾਇਆ ਜਾਂਦਾ ਸੀ। ਇਸ ਤੋਂ
ਇਲਾਵਾ ਦਰਵਾਜ਼ਿਆਂ ਉੱਪਰ ਵੀ ਤੇਲ ਜਾਂ ਪਾਣੀ ਪਾ ਕੇ ਲੱਕੜ ਅਤੇ ਲੋਹੇ ਦੀ ਰਗੜ ਕਾਰਨ ਪੈਦਾ ਹੋਈ
ਅਵਾਜ਼ ਨੂੰ ਰੋਕਣਾ ਹੁੰਦਾ ਸੀ। ਪਰ ਅੱਜ ਅਸੀਂ ਪਤਾ ਨਹੀਂ ਮੋਟੇ ਰਬੜ ਦੇ ਟਾਇਰ ਉੱਪਰ ਪਾਣੀ ਗੈਸ
(ਹਵਾ) ਦਾ ਤਾਪਮਾਨ ਸਹੀ ਰੱਖਣ ਲਈ ਕਿਉਂ ਪਾਉਂਦੇ ਹਾਂ ਜਦਕਿ ਵਧੀਆ ਰਬੜ ਦੇ ਟਾਇਰ ਵਿੱਚ ਮੌਸਮ ਦੇ
ਹਿਸਾਬ ਨਾਲ ਲਚਕੀਲਾਪਣ ਹੁੰਦਾ ਹੈ ਜੋ ਕਿ ਗਰਮੀ-ਸਰਦੀ ਵਿੱਚ ਆਪਣੇ-ਆਪ ਆਕਾਰ ਸਹੀ ਬਣਾ ਲੈਂਦਾ ਹੈ।
‘ਪਦਾਰਥ’ ਨੇ ਤਾਂ ਤਰੱਕੀ ਕਰ ਲਈ ਪਰ ਮਨੁੱਖੀ ਮਨ ਦਾ ਵਿਕਾਸ ਪੁਰਾਣੀਆਂ ਵਿਚਾਰਾਂ ਨੂੰ ਅੰਧ-ਵਿਸ਼ਵਾਸ਼
ਦਾ ਰੂਪ ਦੇ ਕੇ ਆਪਣੇ ਨਾਲ ਹੀ ਲਈ ਫਿਰਦਾ ਹੈ।
ਦਰੱਖਤਾਂ ਹੇਠ ਮਟੀਆਂ ਬਣਾ ਕੇ ਪੂਜਣਾ:
ਪਿਛਲੇ ਸਮੇਂ ਆਪਣੇ ਅੰਦਰ ਕਿਸੇ ਕਾਰਨ ਨੂੰ ਲੈ ਕੇ ਸ਼ੁਰੂ ਹੋਈ ਇਹ ਪ੍ਰਥਾ ਵੀ ਅੱਜ ਦੇ ਸਮੇਂ ਵੀ ਦੀ
ਹਾਣੀ ਬਣੀ ਹੋਈ ਹੈ। ‘ਚਿਪਕੋ ਅੰਦੋਲਨ’ ਬਾਰੇ ਸ਼ਾਇਦ ਕਾਫੀ ਲੋਕ ਜਾਣਦੇ ਹੋਣਗੇ ਅਤੇ ਕਾਫੀ ਐਸੇ ਵੀ
ਹੋਣਗੇ ਜਿੰਨ੍ਹਾਂ ਲਈ ਇਹ ਨਾਮ ਬਿਲਕੁਲ ਨਵਾਂ ਅਤੇ ਅਜੀਬ ਹੋਵੇਗਾ ਪਰ ਜਦੋਂ ਉਹ ਇਸ ਦੇ ਸ਼ੁਰੂ ਹੋਣ
ਦੇ ਕਾਰਨਾਂ ਨੂੰ ਜਾਨਣਗੇ ਤਾਂ ਇਸਨੂੰ ਸ਼ੁਰੂ ਕਰਨ ਵਾਲੇ ਸੁੰਦਰ ਲਾਲ ਬਹੁਗੁਣਾ ਵਰਗੇ ਆਗੂਆਂ ਦੀ ਦਾਦ
ਦੇਣਗੇ। ‘ਚਿਪਕੋ ਅੰਦੋਲਨ’ ਸੱਤਰਵਿਆਂ ਦੇ ਦਹਾਕੇ ਕੱਟੇ ਜਾ ਰਹੇ ਦਰੱਖਤਾਂ ਨੂੰ ਬਚਾਉਣ ਦੀ ਇੱਕ ਐਸੀ
ਮੁਹਿੰਮ ਸੀ ਜਿਸ ਵਿੱਚ ਲੋਕ ਦਰੱਖਤਾਂ ਨੂੰ ਬਚਾਉਣ ਲਈ ਉਹਨਾਂ ਨਾਲ ਜੱਫੀ ਪਾ ਕੇ ਚਿੰਬੜ ਜਾਂਦੇ ਸਨ।
ਦਰੱਖਤਾਂ ਨੂੰ ਬਚਾਉਣ ਦਾ ਕਾਰਨ ਹਰ ਸੂਜਵਾਨ ਮਨੁੱਖ ਜਾਣਦਾ ਹੈ ਕਿ ਜੀਵਨ ਚੱਕਰ ਨੂੰ ਸਹੀ ਰੂਪ ਵਿੱਚ
ਚਲਾਉਣ ਲਈ ਇਹ ਕਿਸ ਤਰ੍ਹਾਂ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਪੁਰਾਣੇ ਸਮਿਆਂ ਦੇ ਲੋਕ ਅਨਪੜ੍ਹ ਹੋਣ
ਦੇ ਬਾਵਜੂਦ ਇਸ ਗੱਲ ਨੂੰ ਭਲੀਭਾਂਤ ਸਮਝਦੇ ਸਨ ਕਿ ਦਰੱਖਤ ਜੀਵਨ ਲਈ ਕਿੰਨੇ ਜ਼ਰੂਰੀ ਹਨ...!
ਦਰੱਖਤਾਂ ਨੂੰ ਬਚਾਉਣ ਲਈ ਹੀ ਉਹਨਾਂ ਸੂਝਵਾਨ ਲੋਕਾਂ ਨੇ ਦਰੱਖਤਾਂ ਹੇਠਾਂ ਮਟੀਆਂ ਬਣਾ ਕੇ ਇਹਨਾਂ
ਨੂੰ ‘ਭਗਵਾਨ’ ਮੰਨ ਕੇ ਪੂਜਣਾ ਸ਼ੁਰੂ ਕੀਤਾ ਤਾਂ ਜੋ ਲੋਕ ਡਰਦੇ ਇਹਨਾਂ ਨੂੰ ਨਾ ਕੱਟਣ ਪਰ ਸਮਾਂ ਪੈਣ
ਦੇ ਨਾਲ-ਨਾਲ ਅਸਲੀਅਤ ਵਿੱਚੋਂ ਅਸਲ ਤੱਤ ਅਲੋਪ ਹੋ ਗਿਆ ਅਤੇ ‘ਚਲਾਕ’ ਲੋਕਾਂ ਨੇ ਦਰੱਖਤ ਦੀ ਬਜਾਏ
ਮਟੀ ਵਿੱਚ ਰੱਬ ਦੇ ਹੋਣ ਦਾ ਭਰਮ ਫੈਲਾ ਦਿੱਤਾ ਅਤੇ ‘ਅਸਲ’ ਨੂੰ ਅਗਵਾ ਕਰਕੇ ਝੂਠ ਨੂੰ ਅਸਲ ਦਾ ਰੂਪ
ਦੇ ਕੇ ਵੱਡੇ-ਵਡੇਰਿਆਂ ਦੀਆਂ ਮਟੀਆਂ ਬਣਾਉਣੀਆਂ ਸ਼ੁਰੂ ਕਰਵਾ ਦਿੱਤੀਆਂ। ਲੋਕ ਹਰ ਸਾਲ ਲਿੱਪਾ-ਪੋਚੀ
ਕਰਕੇ ਇਹਨਾਂ ਵਿੱਚ ‘ਬੈਠੇ’ ਵੱਡੇ-ਵਡੇਰਿਆਂ ਦੀ ਪੂਜਾ ਕਰਨ ਲੱਗੇ ਤਾਂ ਜੋ ‘ਉਹ’ (ਮਰੇ ਹੋਏ) ਘਰ
ਵਾਲਿਆਂ ਨੂੰ ਤੰਗ ਨਾ ਕਰਨ ਅਤੇ ਕੋਈ ਨੁਕਸਾਨ ਨਾ ਹੋਵੇ। ਇਸ ਪ੍ਰਕਾਰ ਅਸਲੀਅਤ ਸਮੇਂ ਦੀ ਧੂੜ ਹੇਠ
ਦਬ ਗਈ ਅਤੇ ਲੋਕ ਇੱਕ ਹੋਰ ਭਰਮ ਦਾ ਸ਼ਿਕਾਰ ਹੋ ਗਏ। ਇਸ ਪ੍ਰਥਾ ਦਾ ਪ੍ਰਭਾਵ ਅੱਜ ਵੀ ਸਪੱਸ਼ਟ ਦੇਖਿਆ
ਜਾ ਸਕਦਾ ਹੈ। ਸ਼ਹਿਰਾਂ ਵਿੱਚ ਕਾਰੋਬਾਰ ਚਲਾ ਰਹੇ ਪੜ੍ਹੇ-ਲੋਖੇ ਲੋਕ ਵੀ ਹਰ ਸਾਲ ਖਾਸ ਤੌਰ ‘ਤੇ
ਦਿਵਾਲੀ ਦੇ ਨੇੜੇ ਇਹਨਾਂ ਮਟੀਆਂ ਨੂੰ ਕਲੀ ਕਰਵਾ ਕੇ ਮੱਥਾ ਟੇਕਣ ਪਿੰਡ ਜ਼ਰੂਰ ਆਉਂਦੇ ਹਨ। ਕਈ
ਥਾਵਾਂ ਤੋਂ ਦਰੱਖਤ ਤਾਂ ਅਲੋਪ ਹੋ ਚੁੱਕੇ ਹਨ ਪਰ ਮਟੀਆਂ ਨਹੀਂ...!
ਉੱਲੂ ਦਾ ਉਜਾੜ ਨਾਲ ਸੰਬੰਧ:
ਕਈ ਪਿੰਡਾਂ ਵਿੱਚ ਉੱਲੂ ਨੂੰ ਅੱਜ ਵੀ ਵਿਨਾਸ਼ ਦਾ ਕਾਰਨ
ਸਮਝਿਆ ਜਾਂਦਾ ਹੈ। ਜੇਕਰ ਕਿਸੇ ਨੂੰ ਉੱਲੂ ਦਿਸ ਪਵੇ ਤਾਂ ਝੱਟ ਉਸਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ।
ਉੱਲੂ ਤੋਂ ਇਸ ਸਹਿਮ ਦਾ ਕਾਰਨ ਇਹ ਮੰਨਿਆ ਜਾਣਾ ਹੈ ਕਿ ‘ਜਿੱਥੇ ਵੀ ਉੱਲੂ ਰਹਿੰਦਾ ਹੈ, ੳਥੇ ਉਜਾੜ
ਬਣ ਜਾਂਦੀ ਹੈ’, ਜਦਕਿ ਅਸਲੀਅਤ ਇਸ ਤੋਂ ਉਲਟ ਹੈ। ਅਸਲ ਵਿੱਚ ਹਰ ਜੀਵ ਦੂਸਰੇ ਜੀਵ ਤੋਂ ਡਰਦਾ ਹੈ,
ਉੱਲੂ ‘ਤੇ ਵੀ ਇਹੀ ਡਰ ਭਾਰੂ ਹੈ। ਉੱਲੂ ਵਰਗੇ ਜੀਵ ਲਈ ਆਬਾਦੀ ਵਾਲੀ ਜਗ੍ਹ ਰਹਿਣਾ ਮੌਤ ਨੂੰ ਆਵਾਜ਼
ਦੇਣ ਵਾਲੀ ਗੱਲ ਦੇ ਬਰਾਬਰ ਹੈ, ਇਸ ਲਈ ਇਹ ਜਾਨਵਰ ਉਸ ਜਗ੍ਹਾ ਜ਼ਿਆਦਾ ਰਹਿੰਦਾ ਹੈ ਜਿੱਥੇ ਵਸੋਂ
ਨਾ-ਮਾਤਰ ਹੀ ਹੁੰਦੀ ਹੈ। ਇਸਦਾ ਭਾਵ ਇਹ ਹੋਇਆ ਕਿ ਉੱਲੂ ਦੇ ਰਹਿਣ ਨਾਲ ਉਜਾੜ ਨਹੀਂ ਬਣਦਾ ਸਗੋਂ
ਉੱਲੂ ਹੀ ਸੁੰਨਸਾਨ ਜਗ੍ਹਾ ‘ਤੇ ਰਹਿੰਦਾ ਹੈ।
ਬੇਸ਼ੱਕ ਉਪਰੋਕਤ ਵਿਸ਼ਵਾਸ਼ਾਂ ਵਿੱਚੋਂ ਕੁਝ ਨੂੰ ਅੱਜ ਦੇ ਸਮੇਂ ਖੁੱਲ੍ਹੇਆਮ ਨਹੀਂ ਦੇਖਿਆ ਜਾਂਦਾ ਪਰ
ਫਿਰ ਵੀ ਸਾਡੇ ਸਮਾਜ ਵਿੱਚ ਸਾਰੇ ਵਰਗਾਂ ਵਿੱਚ ਇਹ ਗੱਲਾਂ ਹੁੰਦੀਆਂ ਵੇਖੀਆਂ ਅਤੇ ਸੁਣੀਆ ਜਾ
ਸਕਦੀਆਂ ਹਨ।
ਇਹ ਸਾਡੇ ਸਮਾਜ ਦੀ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਬਾਹਰਲੇ ਮੁਲਕਾਂ ਨੇ ਪੁਰਾਣੀਆਂ ਵਿਚਾਰਾਂ
ਵਿੱਚੋਂ ਤਰੱਕੀ ਦੇ ਰਾਹ ਲੱਭ ਕੇ ਪੁਲਾੜ ਤੱਕ ਰਸਤਾ ਬਣਾ ਲਿਆ ਹੈ ਪਰ ਸਾਡਾ ਦੇਸ਼ ਅਜੇ ਵੀ ‘ਤਰੱਕੀ’
ਵਿੱਚੋਂ ਇਹਨਾਂ ਅੰਧ-ਵਿਸ਼ਵਾਸ਼ਾਂ ਨੂੰ ‘ਹਕੀਕਤ’ ਦਾ ਰੂਪ ਦੇਣ ਦੇ ਬਹਾਨੇ ਲੱਭ ਰਿਹਾ ਹੈ। ਬੇਸ਼ੱਕ
ਭਾਰਤ ਦੇਸ਼ ਵਿੱਚ ਵੀ ਚੇਤੰਨਤਾ ਆਈ ਹੈ ਪਰ ਇਸ ਚੇਤੰਨਤਾ ਦੇ ਪਿੱਛੇ ਕਿਤੇ ਨਾ ਕਿਤੇ ਅੰਸ਼ਿਕ ਰੂਪ
ਵਿੱਚ ਇਹ ਵਹਿਮ ਦੇਖਣ ਨੂੰ ਮਿਲ ਜਾਂਦਾ ਹੈ। ਭਾਰਤ ਦੇਸ਼ ਦੇ ਲੋਕਾਂ ਨੇ ਵੀ ਤਰੱਕੀ ਕੀਤੀ ਹੈ ਪਰ
ਮਨੁੱਖੀ ਬਲੀ ਦੇਣ ਤੋਂ ਨਾਰੀਅਲ ਦੀ ਬਲੀ ਦੇਣ ਤੱਕ, ਅੱਜ ਦਾ ਅਗਾਂਹਵਧੂ ਸਮਾਜ ਨਜ਼ਰ ਲੱਗਣ ਤੋਂ ਬਾਅਦ
‘ਉਪਾਅ’ ਕਰਨ ਨਾਲੋਂ ਪਹਿਲਾਂ ਹੀ ਕਿਸੇ ਦੀ ਬੁਰੀ ਨਜ਼ਰ ਤੋਂ ਬਚਣ ਦੇ ਤਰੀਕੇ ਦੇ ਤੌਰ ‘ਤੇ ਨਿੰਬੂ
ਨਾਲ ਕੁਝ ਮਿਰਚਾਂ ਬੰਨ੍ਹ ਕੇ ਆਪਣੇ ਘਰ,ਦੁਕਾਨ ਜਾਂ ਬੱਸਾਂ ਆਦਿ ਵਿੱਚ ਲਟਕਾਉਣ ਲੱਗ ਪਿਆ ਹੈ। ਸਾਡੇ
ਸਮਾਜ ਸੁਧਾਰਕ ਦਾ ਰੋਲ ਨਿਭਾਉਣ ਵਾਲੇ ਸਾਡੇ ਵਿੱਚ ‘ਪੰਜ-ਕਣਾਂ (ਪੈਂਚਕਾਂ)’ ਦੇ ਵਹਿਮ ਨੂੰ
ਉਤਸਾਹਿਤ ਕਰ ਰਹੇ ਹਨ, ਸਿੱਖੀ ਨੂੰ ਵਰ-ਸਰਾਪਾਂ ਦੀ ਖੇਡ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਟੇਜ
‘ਤੇ ਸਾਡੇ ਪਰਚਾਰਕ ਸ਼ਬਦ ਗੁਰੂ ਦੇ ਸਿਧਾਂਤ ਨੂੰ ਦ੍ਰਿੜ ਕਰਵਾਉਣ ਦੀ ਥਾਂ ਮਨਮਤੀ ਕਹਾਣੀਆਂ ਸੁਣਾ ਕੇ
ਹੀ ਸਮਾਂ ਲੰਘਾ ਰਹੇ ਹਨ ਅਤੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦੇ ਦਾਅਵੇ ਕਰ ਰਹੇ ਹਨ,
ਸ਼ਾਇਦ ਅੰਮ੍ਰਿਤ ਤਾਂ ਛਕਾ ਰਹੇ ਹਨ ਪਰ ਦ੍ਰਿੜ ਕਰਵਾਉਣ ਵਿੱਚ ਅਸਫਲ ਹਨ। ਪਤਾ ਨਹੀਂ ਸਮਾਜ ਦਾ ਸੁਧਾਰ
ਕਿਵੇਂ ਹੋਵੇਗਾ...? ਕਿਉਂਕਿ ਦਿਸ਼ਾ ਦੇਣ ਵਾਲੇ ਹੀ ਭਟਕ ਗਏ ਹਨ, ਮਾਇਆ ਦੀ ਚਮਕ ਨੇ ਅੱਖਾਂ ਚੁੰਧਿਆ
ਦਿੱਤੀਆਂ ਹਨ ਇਹਨਾਂ ਦੀਆਂ ਜਿਸ ਕਾਰਨ ਅਸਲੀਅਤ ਤੋਂ ਪਾਸਾ ਵੱਟੀ ਬੈਠੇ ਹਨ।
ਇਸ ਸਮਾਜ ਵਿੱਚ ਇਹਨਾਂ ਵਹਿਮਾਂ ਤੋਂ ਮੁਕਤ ਹੋਣ ਦੀ ਚਾਹਤ ਵੇਖਣ ਦੇ ਇੱਛਾਵਾਨ ਲੋਕਾਂ ਨੂੰ ਆਪਣੇ
ਤੌਰ ‘ਤੇ ਹੀ ਯਤਨ ਕਰਨੇ ਪੈਣੇ ਹਨ। ਤਰਕਸ਼ੀਲ ਸਭਾ ਵਾਲੇ ਇਸ ਕੰਮ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ
ਹਨ। ਹੋ ਸਕਦਾ ਕਿ ਉਹ ਵੀ ਕਿਸੇ ਗੱਲ ‘ਤੇ ਗਲਤ ਹੋਣ ਪਰ ਇਸਦੇ ਇਲਾਵਾ ਵੀ ਸਾਡੇ ਕੋਲ ਅੰਤਿਮ ਸੱਚ ਦੀ
ਕਸਵੱਟੀ ‘ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਰੂਪ ਵਿੱਚ ਮੌਜੂਦ ਹੈ। ਜ਼ਰੂਰਤ ਹੈ
ਤਾਂ ਸਿਰਫ ਇਹ ਕਿ ਗੁਰਬਾਣੀ ਨੂੰ ਪੜ੍ਹਨ ਦੇ ਨਾਲ-ਨਾਲ ਵਿਚਾਰਨਾ ਵੀ ਸ਼ੁਰੂ ਕੀਤਾ ਜਾਵੇ। ਸਪੀਕਰਾਂ
ਦੀ ਕੰਨ-ਪਾੜਵੀਂ ਆਵਾਜ਼ ਦੇ ਨਾਲੋਂ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਸ਼ਬਦ ‘ਅੰਦਰ’ ਸੁਣਾਈ ਦੇਵੇ।
ਆਓ ਇਸ ਪਾਸੇ ਨੂੰ ਕੋਸ਼ਿਸ਼ ਕਰੀਏ। ਵਾਹਿਗੁਰੂ ਮਿਹਰ ਕਰਨ।