ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਦਸਮ ਗ੍ਰੰਥ
ਸਿੱਖਾਂ ਵਿੱਚ ਵਿਦਵਾਨ ਤਾਂ ਕਾਫੀ ਹੋਏ ਹਨ ਪਰ ਇਹਨਾ ਵਿਚੋਂ ਕੁੱਝ ਕੁ
ਅਜਿਹੇ ਹੋਏ ਹਨ ਜਿਹਨਾ ਨੇ ਬਾਕੀਆਂ ਨਾਲੋਂ ਕੁੱਝ ਵਿਲੱਖਣ ਕੰਮ ਕੀਤਾ ਹੈ। ਇਹਨਾ ਵਿਚੋਂ ਇੱਕ ਹਨ
ਭਾਈ ਕਾਨ ਸਿੰਘ ਨਾਭਾ ਜਿਹਨਾ ਨੇ ਮਹਾਨ ਕੋਸ਼ ਦੀ ਰਚਨਾ ਕੀਤੀ ਅਤੇ ਦੂਸਰੇ ਹਨ ਪ੍ਰੋ: ਸਾਹਿਬ ਸਿੰਘ
ਜੀ ਜਿਹਨਾ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਟੀਕਾ ਗੁਰਬਾਣੀ ਵਿਆਕਰਣ ਦੇ ਅਧਾਰ ਤੇ ਕੀਤਾ ਅਤੇ
ਗੁਰਬਾਣੀ ਵਿਚੋਂ ਹੀ ਗੁਰਬਾਣੀ ਵਿਆਕਰਣ ਦੇ ਨਿਯਮ ਲੱਭੇ। ਅੱਜ ਦੇ ਇਸ ਲੇਖ ਵਿੱਚ ਅਸੀਂ ਬਹੁਤਾ ਕਰਕੇ
ਇਹਨਾ ਦੋਹਾਂ ਦੀਆਂ ਲਿਖਤਾਂ ਦੇ ਅਧਾਰ ਤੇ ਹੀ ਇਹ ਵਿਚਾਰ ਕਰਾਂਗੇ ਕਿ ਇਹਨਾ ਦੇ ਦਸਮ ਗ੍ਰੰਥ ਬਾਰੇ
ਕੀ ਵਿਚਾਰ ਸਨ। ਕੀ ਇਹ ਸਾਰੇ ਦਸਮ ਗ੍ਰੰਥ ਨੂੰ ਹੀ ਗੁਰੂ ਕ੍ਰਿਤ ਮੰਨਦੇ ਸਨ? ਪਹਿਲਾਂ ਭਾਈ ਕਾਨ
ਸਿੰਘ ਨਾਭਾ ਦੀਆਂ ਲਿਖਤਾ ਦੇ ਹਵਾਲੇ ਪੇਸ਼ ਕਰਦੇ ਹਾਂ:
1- ਮਹਾਨ ਕੋਸ਼ ਦੇ ਹਵਾਲੇ:
ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗ੍ਰੰਥ। ਇਸ ਗ੍ਰੰਥ ਦੀ
ਸੰਖੇਪ ਕਥਾ ਇਉਂ ਹੈ:-ਮਾਤਾ ਸੁੰਦਰੀ ਜੀ ਦੀ ਆਗ੍ਯਾ ਅਨੁਸਾਰ ਸੰਮਤ ੧੭੭੮ ਵਿੱਚ ਭਾਈ ਮਨੀ ਸਿੰਘ ਜੀ
ਦਰਬਾਰ ਸਾਹਿਬ ਅਮ੍ਰਿਤਸਰ ਜੀ ਦੇ ਗ੍ਰੰਥੀ ਥਾਪੇ ਗਏ। ਭਾਈ ਸਾਹਿਬ ਨੇ ਇਹ ਸੇਵਾ ਬਹੁਤ ਉੱਤਮ ਰੀਤੀ
ਨਾਲ ਨਿਬਾਹੀ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰਾਂ ਕੀਤਾ। ਇਸ ਅਧਿਕਾਰ ਵਿੱਚ ਹੋਰ ਪੁਸਤਕ ਰਚਣ
ਤੋਂ ਛੁੱਟ, ਭਾਈ ਸਾਹਿਬ ਨੇ ਇੱਕ ਚੌਥੀ ਬੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਾਈ, ਜਿਸ ਵਿੱਚ ਰਾਗਾਂ
ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਅਤੇ ਭਗਤ ਦੀ ਬਾਣੀ ਇੱਕ ਇੱਕ ਥਾਂ ਜੁਦੀ ਕਰਕੇ ਲਿਖੀ। ਇਸ ਤੋਂ
ਵੱਖ, ਜਿੱਥੋਂ ਕਿੱਥੋਂ ਵਡੇ ਜਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ
ਦੇ ਅਨੁਵਾਦ ਏਕਤ੍ਰ ਕਰਕੇ ਇੱਕ ਜਿਲਦ- “ਦਸਵੇਂ ਪਾਤਸ਼ਾਹ ਕਾ ਗ੍ਰੰਥ” ਨਾਮ ਕਰਕੇ ਲਿਖੀ। ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਚੌਥੀ ਬੀੜ ਗੁਰੂ ਅਰਜਨ ਦੇਵ ਦੀ ਰਚਨਾ ਦੇ ਵਿਰੁੱਧ ਦੇਖਕੇ ਪੰਥ ਦਾ ਭਾਈ
ਸਾਹਿਬ ਤੇ ਵਡਾ ਕੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪ੍ਰਮਾਣ ਕੀਤੀ। ਸੰਮਤ ੧੭੯੪ ਵਿੱਚ ਭਾਈ ਮਨੀ
ਸਿੰਘ ਜੀ, ਸਿੱਖੀ ਦਾ ਸੱਚਾ ਨਮੂਨਾ ਦੱਸਕੇ ਲਹੌਰ ਵਿੱਚ ਸ਼ਹੀਦ ਹੋਏ। ਇਨ੍ਹਾਂ ਦੇ ਦੇਹਾਂਤ ਪੁਰ ਪੰਥ
ਨੇ ਦਸਮ ਗ੍ਰੰਥ ਨੂੰ ਦਮਦਮੇ ਸਾਹਿਬ, ਜੋ ਉਸ ਸਮੇਂ ਵਿਦ੍ਯਾ ਦੀ ਟਕਸਾਲ (ਸਿੱਖਾਂ ਦੀ ਕਾਸ਼ੀ ਕਰਕੇ
ਪ੍ਰਸਿੱਧ) ਸੀ ਵਿਚਾਰ ਲਈ ਭੇਜ ਦਿੱਤਾ। ਖਾਲਸਾ ਦੀਵਾਨ ਵਿੱਚ ਚਿਰ ਤੋੜੀ ਇਸ ਬੀੜ ਤੇ ਚਰਚਾ ਹੋਈ।
ਕਿਤਨਿਆਂ ਨੇ ਕਿਹਾ ਕਿ ਜੁਦੀ ਜੁਦੀ ਪੋਥੀਆਂ ਵਿੱਚ ਬਾਣੀ ਦਾ ਰਹਿਣਾ ਯੋਗ ਨਹੀਂ, ਇੱਕ ਜਿਲਦ ਵਿੱਚ
ਹੀ ਸਭ ਦਾ ਏਕਤ੍ਰ ਰਹਿਣਾ ਠੀਕ ਹੈ। ਕਈਆਂ ਨੇ ਆਖਿਆ ਕਿ ਇਸ ਬੀੜ ਦੀਆਂ ਜੁਦੀਆਂ ਜੁਦੀਆਂ ਪੋਥੀਆਂ
ਰਹਿਣ, ਜਿਨ੍ਹਾਂ ਨੂੰ ਅਧਿਕਾਰ ਅਨੁਸਾਰ ਗੁਣੀ ਗ੍ਯਾਨੀ ਵਿਦ੍ਯਾਰਥੀ ਪਠਨ ਪਾਠਨ ਕਰ ਸਕਨ, ਬਹੁਤਿਆਂ
ਨੇ ਆਖਿਆ ਕਿ ਇਸ ਦੀਆਂ ਦੋ ਜਿਲਦਾਂ ਬਣਾਈਆਂ ਜਾਣ। ਇੱਕ ਵਿੱਚ ਉਹ ਬਾਣੀ ਹੋਵੇ ਜੋ ਕਲਗੀਧਰ ਦੀ ਸ਼੍ਰੀ
ਮੁਖਵਾਕ ਰਚਨਾ ਨੌ ਸਤਿਗੁਰਾਂ ਦੀ ਅਕਾਲੀ ਬਾਣੀ ਤੁੱਲ ਹੈ, ਅਰ ਦੂਜੀ ਵਿੱਚ ਇਤਿਹਾਸ ਆਦਿਕ ਲਿਖੇ
ਜਾਵਨ। ਬਹੁਤਿਆਂ ਨੇ ਰਾਇ ਦਿੱਤੀ ਕਿ ਹੋਰ ਸਭ ਬਾਣੀਆਂ ਤਾਂ ਭਾਈ ਮਨੀ ਸਿੰਘ ਜੀ ਦੀ ਲਿਖੀਆਂ ਜ੍ਯੋਂ
ਕੀ ਤ੍ਯੋਂ ਰਹਿਣ, ਪਰ ਚਰਿਤ੍ਰ ਅਤੇ ਜ3ਫ਼ਰਨਾਮੇ ਦੇ ਨਾਲ ਜੋ ੧੧. ਹਕਾਯਤਾਂ ਲਿਖੀਆਂ ਹਨ, ਇਹ ਬੀੜ
ਤੋਂ ਅਲਗ ਕੀਤੀਆਂ ਜਾਣ। ਇਸ ਤਰਾਂ ਹੋਰ ਤਰਕ ਵਿਤਰਕ ਚਿਰ ਤਾਈਂ ਹੁੰਦੀ ਰਹੀ, ਪਰ ਕੋਈ ਫ਼ੈਸ/ਲਾ ਨਹੀ
ਹੋਇਆ। ਇਤਨੇ ਵਿੱਚ ਭਾਈ ਮਤਾਬਸਿੰਘ ਜੀ, ਮੱਸੇ ਰੰਘੜ ਦੇ ਹੱਥੋਂ (ਸੰਮਤ ੧੭੯੭ ਵਿੱਚ) ਦਰਬਾਰ
ਅਮ੍ਰਿਤਸਰ ਜੀ ਦੀ ਬੇਅਦਬੀ ਦਾ ਹਾਲ ਸੁਣਕੇ ਬੀਕਾਨੇਰ ਤੋਂ ਅਮ੍ਰਿਤਸਰ ਜੀ ਉੱਪੜਨ ਲਈ ਰਾਹ ਜਾਂਦੇ,
ਦਮਦਮੇ ਸਾਹਿਬ ਆ ਪੁੱਜੇ। ਪੰਥ ਨੇ ਉਨ੍ਹਾਂ ਦੀ ਰਾਇ ਭੀ ਦਸਮ ਗ੍ਰੰਥ ਬਾਬਤ ਲਈ, ਤਾਂ ਉਨ੍ਹਾਂ ਨੇ
ਆਖਿਆ ਕਿ ਜੇ ਮੈਂ ਮੱਸੇ ਨੂੰ ਮਾਰਕੇ ਮੁੜ ਦਮਦਮੇ ਸਾਹਿਬ ਆਇਆ, ਤਾਂ ਬੀੜ ਭਾਈ ਮਨੀ ਸਿੰਘ ਜੀ ਦੀ
ਲਿਖੀ ਕ਼ਾਇਮ ਰਹੇ, ਜੇ ਮੈ ਅਮ੍ਰਿਤਸਰ ਜੀ ਸ਼ਹੀਦ ਹੋ ਗਿਆ ਤਾਂ ਜਿਲਦ ਖੋਲ੍ਹਕੇ ਜੁਦੀਆਂ ਜੁਦੀਆਂ
ਪੋਥੀਆਂ ਬਣਾਈਆਂ ਜਾਣ। ਭਾਈ ਮਤਾਬ ਸਿੰਘ ਜੀ ਬਹਾਦੁਰੀ ਨਾਲ ਪਾਮਰ ਅਨ੍ਯਾਈ ਮੱਸੇ ਨੂੰ ਮਾਰਕੇ
ਜੈਕਾਰੇ ਗਜਾਉਂਦੇ ਦਮਦਮੇ ਸਾਹਿਬ ਆਏ। ਪੰਥ ਨੇ ਭਾਈ ਮਤਾਬ ਸਿੰਘ ਜੀ ਦਾ ਭਾਰੀ ਸਨਮਾਨ ਕੀਤਾ ਅਰ
ਉਨ੍ਹਾਂ ਦੇ ਬਚਨ ਅਨੁਸਾਰ ਦਸਮ ਗ੍ਰੰਥ ਦੀ ਬੀੜ ਭਾਈ ਮਨੀਸਿੰਘ ਜੀ ਦੇ ਲਿਖੇ ਕ੍ਰਮ ਅਨੁਸਾਰ ਕ਼ਾਇਮ
ਰੱਖੀ। ਦਸਮ ਗ੍ਰੰਥ ਦੀ ਬੀੜ ਇੱਕ ਭਾਈ ਸੁੱਖਾ ਸਿੰਘ (ਪਟਨੇ ਸਾਹਿਬ ਦੇ ਗ੍ਰੰਥੀ) ਨੇ ਭੀ ਲਿਖੀ ਹੈ,
ਜਿਸ ਵਿੱਚ ਛੱਕੇ ਭਗੌਤੀ ਸਤੋਤ੍ਰ ਆਦਿਕ ਸ਼ਾਮਿਲ ਕਰ ਦਿੱਤੇ ਹਨ। ਅਞਾਣ ਅਤੇ ਮਨਮੌਜੀ ਲਿਖਾਰੀਆਂ ਦੀ
ਕ੍ਰਿਪਾ ਨਾਲ ਕਈ ਹੋਰ ਬੀੜਾਂ ਭੀ ਬਣ ਗਈਆਂ ਹਨ ਅਤੇ ਅਰਥਾਂ ਤੋਂ ਅਨਰਥ ਹੋ ਗਏ ਹਨ, ਪਰ ਕਿਸੇ
ਗੁਰੁਮਤ ਪ੍ਰੇਮੀ ਨੇ ਇਸ ਦੇ ਸੁਧਾਰ ਦਾ ਉਪਾਉ ਨਹੀਂ ਕੀਤਾ। ਭਾਵੇਂ ਬੀੜਾਂ ਤਾਂ ਬੇਅੰਤ ਹਨ, ਪਰ
ਮੁੱਖ ਦੋ ਹੀ ਹਨ ਇੱਕ ਭਾਈ ਮਨੀ ਸਿੰਘ ਦੀ, ਜਿਸ ਦਾ ਦੂਜਾ ਨਾਉਂ ਭਾਈ ਦੀਪ ਸਿੰਘ ਵਾਲੀ ਭੀ ਹੈ,
ਦੂਜੀ ਭਾਈ ਸੁੱਖਾ ਸਿੰਘ ਦੀ, ਜਿਸ ਨੂੰ ਲੋਕ ਖ਼ਾਸ/ਬੀੜ ਕਰਕੇ ਭੀ ਸਦਦੇ ਹਨ।
ਵਿਚਿਤ੍ਰਨਾਟਕ :-
ਅਦਭੁਤ ਨਾਟਕ. ਅਜੀਬ ਦ੍ਰਿਸ਼੍ਯ ਕਾਵ੍ਯ। ੨. ਦਸਮਗ੍ਰੰਥ ਦਾ ਉਹ ਭਾਗ, ਜਿਸ ਵਿੱਚ ੨੪ ਅਵਤਾਰਾਂ ਦੀ
ਕਥਾ ਅਤੇ ਅਨੇਕ ਐਤਿਹਾਸਿਕ ਪ੍ਰਸੰਗ ਨਾਟਕ ਦੀ ਰੀਤਿ ਅਨੁਸਾਰ ਲਿਖੇ ਗਏ ਹਨ। ੩. ਚੌਦਾਂ ਅਧ੍ਯਾਯ ਦਾ
ਇੱਕ ਖ਼ਾਸ ਗ੍ਰੰਥ, ਜੋ ਦਸਮ ਗ੍ਰੰਥ ਵਿੱਚ ਦੇਖੀਦਾ ਹੈ। ਇਸ ਵਿੱਚ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ
ਦਾ ਕੁਝ ਹਾਲ ਹੈ।
2- ਗੁਰਮਤਿ ਮਾਰਤੰਡ ਦੇ ਹਵਾਲੇ:
ਲੋਕ ਪ੍ਰਸਿੱਧ ਦਸਵੇਂ ਪਾਤਸ਼ਾਹ ਦਾ ਗ੍ਰੰਥ, ਜਿਸ ਦਾ ਸੰਖੇਪ ਨਾਉਂ, “ਦਸਮ
ਗ੍ਰੰਥ” ਹੈ, ਉਸ ਦੀ ਅਸਲਿਯਤ ਇਹ ਹੈ- ਕਾਵਯ ਪ੍ਰਿਯ ਸ੍ਰੀ ਗੁਰੂ ਗੋਬਿੰਦ ਸਾਹਿਬ, ਸ਼ਾਂਤ ਵੀਰ ਰਸ
ਆਦਿਕ ਰਸ ਪੂਰਿਤ ਮਨੋਹਰ ਰਚਨਾ ਆਪ ਲਿਖਦੇ ਅਤੇ ਆਪਣੇ ਦਰਬਾਰੀ 52 ਕਵੀਆਂ ਤੋਂ ਨਿਰੰਤਰ ਲਿਖਵਾਇਆ
ਕਰਦੇ ਸਨ, ਇਸ ਮਿਸ਼ਿਰਤ ਰਚਨਾ ਸਾ ਸੰਗ੍ਰਹ ਇੱਕ ਗ੍ਰੰਥ ਤਿਆਰ ਕੀਤਾ ਗਿਆ, ਜਿਸ ਦਾ ਨਾਮ ‘ਵਿਦਯਾ
ਸਾਗਰ’ ਸੀ। ਆਨੰਦਪੁਰ ਦੇ ਅਖੀਰ ਜੰਗ (ਸੰਮਤ 1761) ਵਿੱਚ ਇਹ ਕਾਵਯ ਦਾ ਖਜ਼ਾਨਾ, ਵਿਦਯਾ ਅਤੇ ਧਰਮ
ਵਿਰੋਧੀਆਂ ਦੇ ਹੱਥੋਂ ਲੁੱਟਿਆ ਅਤੇ ਭਸਮ ਕੀਤਾ ਗਿਆ, ਪਰ ਇਸ ਦੇ ਜੋ ਕੁੱਛ ਹਿੱਸੇ ਪ੍ਰੇਮੀ ਸਿੱਖਾਂ
ਦੇ ਕੰਠ ਅਥਵਾ ਲਿਖੇ ਹੋਏ ਸਨ, ਅਰ ਦਰਬਾਰੀ ਕਵੀਆਂ ਪਾਸ ਨਕਲ ਕੀਤੇ ਸਨ ਉਹ ਲੋਪ ਹੋਣੋ ਬਚ ਗਏ।
(ਨੋਟ:- ਇਸ ਤੋਂ ਅਗਾਂਹ ਵਾਲੀ ਲਿਖਤ ਦੇ ਹਵਾਲੇ ਤਕਰੀਬਨ ਮਹਾਨ ਕੋਸ਼ ਵਾਲੇ ਹੀ ਹਨ ਪਰ ਅਗਾਂਹ
ਵਾਲੀਆਂ ਲਾਈਨਾ ਮਹਾਨ ਕੋਸ਼ ਵਿੱਚ ਨਹੀਂ ਹਨ)
--- ਚਰਿੱਤ੍ਰਾਂ ਦਾ ਪਾਠ ਦੀਵਾਨ ਵਿੱਚ ਨਹੀਂ ਹੋ ਸਕਦਾ ਔਰ ਮਾਈਆਂ ਬੀਬੀਆਂ
ਲਈ ਤਾਂ ਬਹੁਤ ਹੀ ਕਠਿਨਾਈ ਹੈ। --- ਪਰ ਪੰਥ ਨੇ ਦਸ਼ਮੇਸ਼ ਦੇ ਥਾਪੇ ਨਿਯਮ ਤੋਂ ਵਿਰੁੱਧ ਇਹ ਫੈਸਲਾ
ਸਖ਼ਸ਼ੀ ਰਾਯ ਪੁਰ ਕੀਤਾ, ਚਾਹੀਦਾ ਇਹ ਸੀ ਕਿ ਦਿਵਾਨ ਦੀ ਸਰਬ ਸੰਮਤੀ ਨਾਲ ਗੁਰਮਤਾ ਸੋਧਿਆ ਜਾਂਦਾ, ਅਰ
ਜਿਵੇਂ ਚੌਥੀ ਬੀੜ ਅਪ੍ਰਵਾਣ ਕੀਤੀ ਗਈ ਸੀ, ਤਿਵੇਂ ਇਸ ਬੀੜ ਦੀਆਂ ਪੋਥੀਆਂ ਵੱਖ ਵੱਖ ਕਰ ਦਿੱਤੀਆਂ
ਜਾਂਦੀਆਂ।
ਅਸੀਂ ਭਾਈ ਮਨੀ
ਸਿੰਘ ਜੀ ਨੂੰ ਪੰਥ ਰਤਨ ਅਤੇ ਧਰਮ ਵੀਰ ਮੰਨਦੇ ਹੋਏ ਭੀ ਇਹ ਆਖਣੋ ਸੰਕੋਚ ਨਹੀਂ ਕਰਦੇ ਕਿ ਭਾਈ
ਸਾਹਿਬ ਨੇ ਇਹ ਅਜੇਹੀ ਭੁੱਲ ਕੀਤੀ ਹੈ ਜਿਸ ਤੋਂ ਅਪਾਰ ਹਾਨੀ ਪੁੱਜੀ ਹੈ ਅਰ ਅੱਗੋਂ ਨੂੰ ਭੀ ਭਾਰੀ
ਨੁਕਸਾਨ ਹੋਣ ਦਾ ਡਰ ਹੈ।
3- ਗੁਰਮਤ ਸੁਧਾਕਰ ਦੇ ਹਵਾਲੇ:-
ਇਸ ਵਿੱਚ ਵੀ ਤਕਰੀਬਨ ਮਹਾਨ ਕੋਸ਼ ਵਾਲੇ ਹੀ ਹਵਾਲੇ ਹਨ ਅਤੇ ਕੁੱਝ ਕੁ ਲਾਈਨਾ
ਹੀ ਹੋਰ ਵਾਧੂ ਹਨ ਪਰ ਇਸ ਵਿੱਚ ਉਪਰ ਗੁਰਮਤਿ ਮਾਰਤੰਡ ਵਾਲੀਆਂ ਲਾਈਨਾ ਨਹੀਂ ਹਨ।
ਦਸਮ ਗ੍ਰੰਥ ਬਾਰੇ ਪ੍ਰੋ: ਸਾਹਿਬ ਸਿੰਘ ਦੀਆਂ ਲਿਖਤਾਂ:
ਪ੍ਰੋ: ਸਾਹਿਬ ਸਿੰਘ ਜੀ ਨੇ ਆਪਣੀਆਂ ਲਿਖਤਾਂ ਵਿੱਚ ਕਿਤੇ ਵੀ ਸਾਰੇ ਦਸਮ
ਗ੍ਰੰਥ ਬਾਰੇ ਆਪਣੀ ਰਾਇ ਨਹੀਂ ਦਿੱਤੀ। ਪਰ ਉਹ ਵੀ ਭਾਈ ਕਾਨ ਸਿੰਘ ਨਾਭਾ ਵਾਂਗ ਆਪਣੀਆਂ ਲਿਖਤਾਂ
ਵਿੱਚ ਨਾ ਤਾਂ ਸਾਰੇ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਸਿੱਧ ਕਰਦੇ ਨਜ਼ਰ ਆਉਂਦੇ ਹਨ ਅਤੇ ਨਾ ਹੀ ਇਸ
ਨੂੰ ਰੱਦ ਕਰਦੇ। ਉਹ ਬੇਨਤੀ ਚੌਪਈ ਨੂੰ ਗੁਰੂ ਦੀ ਰਚਨਾ ਨਹੀਂ ਮੰਨਦੇ ਸਨ ਇਸੇ ਲਈ ਉਹਨਾ ਨੇ ਇਸ ਦਾ
ਟੀਕਾ ਕਰਕੇ ਨਿੱਤਨੇਮ ਦੇ ਟੀਕੇ ਵਿੱਚ ਸ਼ਾਮਲ ਨਹੀਂ ਕੀਤਾ। ਇਹ ਨਹੀਂ ਪਤਾ ਕਿ ਉਹ ਚਰਿਤ੍ਰੋ ਪਖਯਾਨ
ਦਾ ਹਿੱਸਾ ਹੋਣ ਕਰਕੇ ਨਹੀਂ ਮੰਨਦੇ ਸਨ ਜਾਂ ਉਂਜ ਹੀ ਇਸ ਦਾ ਸਿਧਾਂਤ ਗੁਰਬਾਣੀ ਨਾਲ ਮੇਲ ਨਾਂ
ਖਾਂਦਾ ਹੋਣ ਕਰਕੇ ਨਹੀਂ ਮੰਨਦੇ ਸੀ। ਪਰ ਉਹ ਇਸ ਦੀ ਜਗਾਹ ਅਕਾਲ ਉਸਤਤ ਵਾਲੀ ਚੌਪਈ ਨੂੰ ਮੰਨਦੇ ਸਨ
ਅਤੇ ਇਸੇ ਦਾ ਹੀ ਟੀਕਾ ਉਹਨਾ ਨੇ ਨਿੱਤਨੇਮ ਵਿੱਚ ਕੀਤਾ ਹੋਇਆ ਸੀ। ਉਹ ਅੰਮ੍ਰਿਤ ਸੰਸਕਾਰ ਵੇਲੇ ਵੀ
ਅਕਾਲ ਉਸਤਤ ਵਾਲੀ ਚੌਪਈ ਪੜ੍ਹਦੇ ਹੁੰਦੇ ਸਨ। ਇਹ ਗੱਲ ਮੈਨੂੰ ਪ੍ਰਿੰ: ਹਰਿਭਜਨ ਸਿੰਘ ਹੁਣਾਂ ਨੇ
ਖੁਦ ਆਪ ਦੱਸੀ ਸੀ।
ਇਕ ਗੱਲ ਭਾਈ ਕਾਨ ਸਿੰਘ ਨਾਭਾ ਦੀ ਅਤੇ ਪ੍ਰੋ: ਸਾਹਿਬ ਸਿੰਘ ਜੀ ਦੀ ਸਾਂਝੀ
ਹੈ ਕਿ ਇਹ ਦੋਵੇਂ ਹੀ ਅਰਦਾਸ ਵਾਲੇ ਭਗੌਤੀ ਸ਼ਬਦ ਨੂੰ ਅਕਾਲ ਪੁਰਖ ਮੰਨਦੇ ਹਨ ਅਤੇ ਨਾਲ ਹੀ ਇਸ ਦਾ
ਅਰਥ ਤਲਵਾਰ ਵੀ ਕਰਦੇ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰੋ; ਸਾਹਿਬ ਸਿੰਘ ਜੀ ਨੇ ਗੁਰਬਾਣੀ
ਦੇ ਅਰਥ ਕਰਨ ਲੱਗਿਆਂ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਭਗਉਤੀ ਦੇ ਅਰਥ ਕਿਤੇ ਵੀ ਅਕਾਲ ਪੁਰਖ
ਨਹੀਂ ਕੀਤੇ ਪਰ ਭਾਈ ਕਾਨ ਸਿੰਘ ਨਾਭਾ ਨੇ ਗੁਰਮਤ ਸੁਧਾਕਰ ਵਿੱਚ ਇੱਕ ਤੁਕ ਦਾ ਹਵਾਲਾ ਦੇ ਕੇ ਅਰਥ
ਅਕਾਲ ਪੁਰਖ ਜਰੂਰ ਕੀਤੇ ਹਨ।
ਆਓ ਹੁਣ ਹੋਰ ਵਿਚਾਰ ਕਰੀਏ ਕਿ ਇਹ ਦੋਵੇ ਵਿਦਵਾਨ ਦਸਮ ਗ੍ਰੰਥ ਨੂੰ ਕਿਉਂ
ਨਹੀਂ ਰੱਦ ਕਰ ਸਕੇ ਅਤੇ ਇਹਨਾ ਨੇ ਅਰਥ ਵੀ ਖਿੱਚ ਧੂ ਕੇ ਕਿਉਂ ਕੀਤੇ ਹਨ। ਇਸ ਦਾ ਸਭ ਤੋਂ ਵੱਡਾ
ਕਾਰਨ ਇਹ ਹੈ ਕਿ ਦਸਮ ਗ੍ਰੰਥ ਦੇ ਇਤਿਹਾਸ ਬਾਰੇ ਕਹਾਣੀ ਹੀ ਇਸ ਹਿਸਾਬ ਨਾਲ ਘੜੀ ਗਈ ਸੀ ਕਿ ਆਮ
ਸ਼ਰਧਾਲੂ ਸਿੱਖ ਲਈ ਉਸ ਸਾਖੀ ਨੂੰ ਝੁਠਲਾਉਣਾ ਮੁਸ਼ਕਲ ਸੀ ਅਤੇ ਇਹ ਦੋਵੇਂ ਵੀ ਉਸ ਮੁਸ਼ਕਲ ਤੋਂ ਬਾਹਰ
ਨਹੀਂ ਸਨ। ਉਸ ਮੁਸ਼ਕਲ ਦਾ ਹੱਲ ਤਾਂ ਹੁਣ ਹੋ ਚੁੱਕਾ ਹੈ ਪਰ ਹਾਲੇ ਵੀ ਸ਼ਾਇਦ ਕਈਆਂ ਨੂੰ ਮੰਨਣਾ
ਮੁਸ਼ਕਲ ਲਗਦਾ ਹੋਵੇ। ਇਸ ਕਹਾਣੀ ਦਾ ਜ਼ਿਕਰ ਉਪਰ ਹੋ ਚੁੱਕਾ ਹੈ ਕਿ ਕਿਵੇਂ ਮਾਤਾ ਸੁੰਦਰੀ ਜੀ ਭਾਈ
ਮਨੀ ਸਿੰਘ ਨੂੰ ਦਰਬਾਰ ਸਾਹਿਬ ਦਾ ਗ੍ਰੰਥੀ ਨਿਯੁਕਤ ਕਰਦੇ ਹਨ ਅਤੇ ਉਹ ਫਿਰ ਦਸਮ ਗ੍ਰੰਥ ਦੀ ਬੀੜ
ਤਿਆਰ ਕਰਦੇ ਹਨ ਇਸ ਬੀੜ ਨੂੰ ਤਿਆਰ ਕਰਨ ਲਈ ਭਾਈ ਮਨੀ ਸਿੰਘ ਜੀ ਮਾਤਾ ਸੁੰਦਰੀ ਜੀ ਨੂੰ ਇੱਕ ਚਿੱਠੀ
ਲਿਖਦੇ ਹਨ ਜਿਸ ਵਿੱਚ ਕਿ ਦਸਮ ਗ੍ਰੰਥ ਦੀਆਂ ਲਿਖਤਾ ਨੂੰ ਭੇਜਣ ਦਾ ਜ਼ਿਕਰ ਮਿਲਦਾ ਹੈ। ਇਹ ਚਿੱਠੀ
ਹੁਣ ਸਰਾਸਰ ਜਾਹਲੀ ਸਾਬਤ ਹੋ ਚੁੱਕੀ ਹੈ। ਇਸ ਬਾਰੇ ਤੁਸੀਂ ਹੋਰ ਜਾਣਕਾਰੀ ‘ਸਿੱਖ ਮਾਰਗ’ ਤੇ ਦਸਮ
ਗ੍ਰੰਥ ਵਾਲੀਆਂ ਲਿਖਤਾਂ ਵਿੱਚ ਜਾਂ ਸਰਵਜੀਤ ਸਿੰਘ ਦੇ ਲੇਖਾਂ ਵਿੱਚ ਦੇਖ ਸਕਦੇ ਹੋ। ਹਾਲੇ ਵੀ ਜਿਸ
ਵਿਆਕਤੀ ਨੂੰ ਇਹ ਨਹੀਂ ਪਤਾ ਕਿ ਇਹ ਚਿੱਠੀ ਜਾਹਲੀ ਸੀ ਤਾਂ ਉਸ ਨੂੰ ਜੇ ਕਰ ਕੋਈ ਇਹ ਕਹੇ ਕਿ ਦੱਸ
ਤੂੰ ਭਾਈ ਮਨੀ ਸਿਘ ਨਾਲੋਂ ਵੀ ਸਿਆਣਾ ਹੋ ਗਿਆ ਕਿ ਦਸਮ ਗ੍ਰੰਥ ਨੂੰ ਰੱਦ ਕਰ ਰਿਹਾ ਹੈਂ। ਕੀ ਭਾਈ
ਮਨੀ ਸਿੰਘ ਨੂੰ ਨਹੀਂ ਸੀ ਪਤਾ ਕਿ ਗੁਰੂ ਦੀ ਰਚਨਾ ਕਿਹੜੀ ਹੈ ਅਤੇ ਕਿਹੜੀ ਨਹੀਂ ਹੈ? ਜਿਸ ਭਾਈ ਮਨੀ
ਸਿੰਘ ਨੇ ਆਪਣੇ ਜੀਵਨ ਦਾ ਬਹੁਤਾ ਸਮਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਬਿਤਾਇਆ ਹੋਵੇ ਤਾਂ ਦੱਸੋ
ਉਹ ਭੁਲੇਖਾ ਕਿਵੇਂ ਖਾ ਸਕਦਾ ਹੈ? ਇਸ ਗੱਲ ਦਾ ਤਸੱਲੀ ਬਖ਼ਸ਼ ਜਵਾਬ ਸ਼ਾਇਦ ਕੋਈ ਵੀ ਨਾ ਦੇ ਸਕਦਾ
ਹੋਵੇ।
ਜੇ ਕਰ ਪਿਛਲੇ ਇਤਿਹਾਸ ਅਤੇ ਸਾਖੀਆਂ ਵੱਲ ਨਿਗਾਹ ਮਾਰੀਏ ਤਾਂ ਪਤਾ ਲੱਗ
ਜਾਂਦਾ ਹੈ ਕਿ ਕਿਸ ਤਰ੍ਹਾਂ ਗਲਤ ਗੱਲਾਂ ਨੂੰ ਸਿੱਧ ਕਰਨ ਲਈ ਕਿਤਨੀ ਚਤੁਰਾਈ ਵਰਤੀ ਗਈ ਹੈ ਤਾਂ ਕਿ
ਆਮ ਸਿੱਖ ਥੋੜੇ ਕੀਤੇ ਇਹਨਾ ਦੀ ਅਸਲੀਅਤ ਨੂੰ ਸਮਝ ਹੀ ਨਾ ਸਕੇ। ਜੇ ਕਰ ਗੁਰਬਾਣੀ ਵਿੱਚ ਆਏ ਭਗਤਾਂ
ਬਾਰੇ ਵਿਚਾਰ ਕਰੀਏ ਤਾਂ ਪਤਾ ਲਗਦਾ ਹੈ ਕਿ ਤਕਰੀਬਨ ਸਾਰੇ ਹੀ ਭਗਤਾਂ ਨਾਲ ਗਲਤ ਸਾਖੀਆਂ ਜੋੜ ਕਿ ਇਹ
ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਇਹ ਭਗਤ ਜਾਂ ਤਾਂ ਪਿਛਲੇ ਜਨਮ ਵਿੱਚ ਬ੍ਰਾਹਮਣ ਸਨ ਅਤੇ ਜਾਂ ਫਿਰ
ਇਹਨਾ ਨੇ ਬ੍ਰਾਮਣਾ ਤੋਂ ਸਿੱਖਿਆ ਲੈ ਕੇ ਹੀ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ। ਧੰਨੇ ਭਗਤ ਦੀ ਹੀ
ਗੱਲ ਲੈ ਲਓ ਕਿ ਕਿਵੇਂ ਉਸ ਨਾਲ ਪੱਥਰਾਂ ਵਿਚੋਂ ਰੱਬ ਪਉਣ ਦੀ ਕਹਾਣੀ ਜੋੜੀ ਗਈ ਹੈ ਅਤੇ ਇਸ ਦਾ
ਜ਼ਿਕਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਆਉਂਦਾ ਹੈ। ਪਰ ਬਹੁਤੇ ਹਾਲੇ ਵੀ ਇਸ ਕਹਾਣੀ ਤੇ
ਵਿਸ਼ਵਾਸ ਕਰਦੇ ਹੋਣਗੇ ਜਦੋਂ ਕਿ ਧੰਨਾ ਖੁਦ ਅਤੇ ਗੁਰੂ ਅਰਜਨ ਪਾਤਸ਼ਾਹ ਜੀ ਦਸਦੇ ਹਨ ਕਿ ਧੰਨੇ ਨੂੰ
ਰੱਬ ਕਿਵੇਂ ਮਿਲਿਆ ਹੈ। ਦਸਮ ਗ੍ਰੰਥ ਦੇ ਲਿਖਾਰੀ ਦਾ ਮਨਸ਼ਾ ਵੀ ਸ਼ਾਇਦ ਇਹੀ ਸਿੱਧ ਕਰਨ ਦਾ ਹੋਵੇ ਕਿ
ਸਿੱਖਾਂ ਦੇ ਗੁਰੂ ਤਾਂ ਪਿਛਲੇ ਜਨਮ ਵਿੱਚ ਬੇਦਾਂ ਨੂੰ ਪੜ੍ਹਨ ਵਾਲੇ ਅਤੇ ਲਊ ਕੁਸ਼ੂ ਦੀ ਔਲਾਦ ਹੋਣ
ਕਰਕੇ ਹੀ ਗੁਰੂ ਬਣੇ ਹਨ ਨਹੀਂ ਤਾਂ ਇਹ ਕਿਥੋਂ ਬਣਨੇ ਸੀ। ਭਾਵ ਕਿ ਇਹਨਾ ਦੇ ਗੁਰੂ ਵੀ ਪਿਛਲੇ ਜਨਮ
ਵਿੱਚ ਹਿੰਦੂਆਂ ਵਿਚੋਂ ਸਨ ਅਤੇ ਹੁਣ ਵੀ ਸਿੱਖ ਹਿੰਦੂਆਂ ਵਿਚੋਂ ਹੀ ਹਨ ਅਤੇ ਇਹ ਸਿੱਖ ਧਰਮ ਕੋਈ
ਵੱਖਰਾ ਨਹੀਂ ਹੈ, ਸਿਰਫ ਹਿੰਦੂ ਧਰਮ ਦੀ ਹੀ ਇੱਕ ਸ਼ਾਖਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਈ
ਹਿੰਦੂਆਂ ਨੂੰ ਨਫਰਤ ਭਰੀਆਂ ਗਾਲ੍ਹਾਂ ਵੀ ਕੱਢਦੇ ਹਨ ਅਤੇ ਦਸਮ ਗ੍ਰੰਥ ਦੇ ਮੁਦਈ ਬਣ ਕੇ ਖੁਦ ਆਪਣੇ
ਗੁਰੂਆਂ ਦਾ ਪਿਛੋਕੜ ਬੇਦਾਂ ਅਤੇ ਹਿੰਦੂਆਂ ਨਾਲ ਜੋੜਨ ਦੀ ਕੋਸ਼ਿਸ਼ ਵੀ ਕਰਦੇ ਹਨ। ਜਦੋਂ ਕਿ ਗੁਰਬਾਣੀ
ਪੁਕਾਰ-ਪੁਕਾਰ ਕੇ ਕਹਿੰਦੀ ਹੈ ਕਿ ਅੱਗੇ ਕੋਈ ਵੀ ਜਾਤ, ਕ਼ੁੱਲ, ਰੰਗ ਰੂਪ ਨਹੀਂ ਜਾਂਦਾ ਫਿਰ ਬੇਦੀ
ਆਪਣੀ ਕ਼ੁੱਲ ਨੂੰ ਨਾਲ ਕਿਵੇਂ ਲੈ ਗਏ?
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥ ਪੰਨਾ 349॥
ਆਗੈ ਜਾਤਿ ਰੂਪੁ ਨ ਜਾਇ ॥ ਪੰਨਾ 363॥
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥ ਪੰਨਾ 469॥
ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥ ਪੰਨਾ 514॥
ਸ਼ਮਸ਼ੇਰ ਸਿੰਘ ਅਸ਼ੋਕ ਦੀ ਕਿਤਾਬ ਦੇ ਮੁੱਖਬੰਧ ਵਿੱਚ ਲਿਖੇ ਡਾ: ਜੱਗੀ ਦੀ ਲਿਖਤ ਦੇ ਕੁੱਝ ਅੰਸ਼:
ਸੰਨ 1741 ਈਸਵੀ ਵਿੱਚ ‘ਮਹਿਮਾ ਪ੍ਰਕਾਸ਼’
(ਵਾਰਤਕ) ਲਿਖਿਆ ਗਿਆ ਜਿਸ ਵਿੱਚ ਦਸਮ ਗ੍ਰੰਥ ਵਿਚਲੀਆਂ ਰਚਨਾਵਾਂ ਬਾਰੇ ਕੁੱਝ ਇਸ ਪ੍ਰਕਾਰ ਅੰਕਿਤ
ਹੋਇਆ-
“(ਗੁਰੂ ਜੀ ਨੇ) ਆਗਿਆ ਕਰੀ ਵਿਦਵਾਨ ਪੰਡਤੋਂ ਕੋ ਲਿਆਵੋ, ਪੰਡਤ ਪੁਰਾਨ ਲਾਏ ਬਨਾਰਸ ਤੇ।
ਲਿਖਾਰੀ ਕੋ ਬੁਲਾ ਕਹਾ ਭਾਖਾ ਲਿਖੋ। ਸਿਆਮ ਕਵੀ, ਨਨੂਆ ਬੈਰਾਗੀ, ਭਾਈ ਨਿਹਚਲ ਫ਼ਕੀਰ, ਫਿਰ ਚੌਬੀਸ
ਅਵਤਾਰ ਕੀ ਕਥਾ ਕਰੀ, ਚਾਰ ਸੌ ਚਾਰ ਚਰਿਤ੍ਰ ਕੀਏ।”
ਇਸ ਤੋਂ ਬਾਦ ਸੰਨ 1776 ਈ: ਵਿੱਚ ‘ਮਹਿਮਾ ਪ੍ਰਕਾਸ਼’ (ਕਵਿਤਾ) ਦੀ ਰਚਨਾ ਹੋਈ ਜਿਸ ਵਿੱਚ ਚੌਬੀਸ
ਅਵਤਾਰ, ਤ੍ਰਿਆ ਚਰਿਤ੍ਰਾਂ ਆਦਿ ਦੀ ਰਚਨਾ ਨਿਸਚਿਤ ਤੌਰ ਤੇ ਸਿਆਮ, ਨਨੂਆ, ਬੈਰਾਗੀ ਆਦਿ ਕਵੀਆਂ ਦੀ
ਮੰਨੀ ਗਈ----
ਸਿੰਘ ਸਭਾਵਾਂ ਦੀ ਸਥਾਪਨਾ ਅਤੇ ਪੱਛਮ ਦੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਪ੍ਰਭਾਵ ਕਰਕੇ ਧਰਮ
ਗ੍ਰੰਥਾਂ ਦੀ ਪੜਚੋਲ ਸ਼ੁਰੂ ਹੋ ਗਈ। ਇਸ ਪੜਚੋਲ ਨੇ ਸਿੱਖ ਵਿਦਵਾਨਾਂ ਅਤੇ ਗਿਆਨੀਆਂ ਨੂੰ ਦੋ ਧੜਿਆਂ
ਵਿੱਚ ਵੰਡ ਦਿੱਤਾ। ਇੱਕ ਧੜਾ ਪਰੰਪਰਾਵਾਦੀ ਅਤੇ ਸਨਾਤਨੀ ਸਿੱਖਾਂ ਦਾ ਸੀ ਜੋ ਸਾਰੇ ਦਸਮ ਗ੍ਰੰਥ ਨੂੰ
ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਮਝਦੇ ਸਨ ਅਤੇ ਦੂਜਾ ਧੜਾ ਸੁਧਾਰਵਾਦੀ ਅਤੇ ਵਿਗਿਆਨਕ ਸੂਝ ਵਾਲੇ
ਸਿੱਖਾਂ ਦਾ ਸੀ, ਜੋ ਦਸਮ ਗ੍ਰੰਥ ਦੀ ਭਗਤੀ ਪ੍ਰਧਾਨ ਬਾਣੀਆਂ ਨੂੰ ਹੀ ਗੁਰੂ ਕ੍ਰਿਤ ਮੰਨਦੇ ਸਨ।
ਇਸ ਤਰ੍ਹਾਂ ਪਹਿਲੀ ਵਾਰ ਦਸਮ
ਗ੍ਰੰਥ ਨੂੰ ਸੰਪੂਰਨ ਰੂਪ ਵਿੱਚ ਦਸਮ ਗੁਰੂ ਦੀ ਰਚਨਾ ਸਿੱਧ ਕਰਨ ਦਾ ਅੰਦੋਲਨ ਚੱਲ ਪਿਆ। ਇਸ ਅੰਦੋਲਨ
ਦਾ ਉਦਘਾਟਨ ਪੰਡਿਤ ਤਾਰਾ ਸਿੰਘ ਨਰੋਤਮ ਨੇ ਆਪਣੀ ਪੁਸਤਕ, ‘ਗੁਰਮਤ ਨਿਰਣੇ ਸਾਗਰ’ (ਸੰਨ 1877ਈ: )
ਦੁਆਰਾ ਕੀਤਾ ----
ਪਰ ਦੁਖ ਦੀ ਗੱਲ ਇਹ ਹੈ ਕਿ ਆਪਣੇ ਮਤ ਦੀ ਪੁਸ਼ਟੀ ਲਈ ਇਹਨਾ ਵਿਦਵਾਨਾ ਨੇ ਜੋ ਅਪ੍ਰਮਾਣਿਕ
ਸਮਗ੍ਰੀ ਅਤੇ ਭਾਈ ਮਨੀ ਸਿੰਘ ਦੀ ਜਾਹਲੀ ਚਿੱਠੀ ਪੇਸ਼ ਕੀਤੀ ਹੈ ਉਸ ਨੇ ਪ੍ਰਾਚੀਨ ਸਾਹਿਤ ਦੇ ਖੋਜੀਆਂ
ਨੂੰ ਸਤਰਕ ਕਰਨ ਦੇ ਨਾਲ ਨਾਲ ਸ਼ੰਕਾਲੂ ਵੀ ਬਣਾ ਦਿੱਤਾ ਹੈ।
ਇਹ ਉਪਰ ਵਾਲੇ ਡਾ: ਜੱਗੀ ਦੇ ਕੁੱਝ ਵਿਚਾਰ ਅੱਜ ਤੋਂ 45 ਸਾਲ ਪਹਿਲਾਂ ਦੇ
ਹਨ। ਇਹਨਾ ਪਿਛਲੇ 45 ਸਾਲਾਂ ਵਿੱਚ ਦਸਮ ਗ੍ਰੰਥ ਦੀ ਅਸਲੀਅਤ ਬਾਰੇ ਹੋਰ ਵੀ ਤੱਥ ਉਘੜ ਕੇ ਸਾਹਮਣੇ
ਆਏ ਹਨ। ਬੇਨਤੀ ਚੌਪਈ ਤਾਂ ਪਹਿਲੇ ਦਿਨ ਤੋਂ ਹੀ ਮੇਰੇ ਮਨ ਨੂੰ ਨਹੀਂ ਲੱਗੀ ਸੀ ਕਿ ਇਹ ਗੁਰੂ ਦੀ
ਬਾਣੀ ਹੋ ਸਕਦੀ ਹੈ ਪਰ ਜਾਪ ਸਾਹਿਬ ਬਾਰੇ ਕੋਈ ਬਹੁਤਾ ਸ਼ੰਕਾ ਨਹੀਂ ਸੀ ਸਿਰਫ ਇਤਨਾ ਹੀ ਸੀ ਕਿ ਇਸ
ਵਿੱਚ ਨਾਨਕ ਦਾ ਨਾਮ ਕਿਉਂ ਨਹੀਂ ਆਉਂਦਾ, ਮਹਲਾ ਦੀ ਥਾਂ ਤੇ ਪਾਤਸ਼ਾਹੀ ਦਸ ਕਿਉਂ ਲਿਖਿਆ ਹੈ? ਕੀ
ਦਸਮੇਂ ਗੁਰੂ ਬਾਕੀ ਗੁਰੂਆਂ ਵਾਂਗ ਨਾਨਕ ਜੋਤ ਨਹੀਂ ਸਨ? ਇਸ ਤਰ੍ਹਾਂ ਦੇ ਸਵਾਲ ਕਈ ਗੁਣੀ ਗਿਆਨੀਆਂ
ਨੂੰ ਕੀਤੇ ਸਨ ਪਰ ਕੋਈ ਵੀ ਤਸੱਲੀ ਬਖ਼ਸ਼ ਜਵਾਬ ਨਹੀਂ ਸੀ ਦੇ ਸਕਿਆ। ਹੁਣ ਤਾਂ ਸਾਰੀਆਂ ਗੱਲਾਂ ਹੀ
ਸਾਫ ਹੋ ਗਈਆਂ ਹਨ ਇਸ ਲਈ ਅਸੀਂ ਸਾਰੇ ਦਸਮ ਗ੍ਰੰਥ ਨੂੰ ਹੀ ਮੁੱਢੋਂ ਰੱਦ ਕਰ ਚੁੱਕੇ ਹਾਂ, ਕਰਦੇ
ਹਾਂ ਅਤੇ ਸਦਾ ਹੀ ਕਰਦੇ ਰਹਾਂਗੇ। ਇਸ ਲਈ ਅਸੀਂ ਇੱਥੇ ਲਿਖਣ ਵਾਲੇ ਸਾਰੇ ਹੀ ਲੇਖਕਾਂ ਨੂੰ ਬੇਨਤੀ
ਕਰਦੇ ਰਹਿੰਦੇ ਹਾਂ ਕਿ ਇੱਥੇ ਲਿਖਣ ਵਾਲਾ ਕੋਈ ਵੀ ਲੇਖਕ ਦਸਮ ਗ੍ਰੰਥ ਦੇ ਹਵਾਲੇ ਆਪਣੀਆਂ ਲਿਖਤਾਂ
ਵਿੱਚ ਨਾ ਦੇਵੇ ਉਹ ਸਾਨੂੰ ਕੱਟਣੇ ਪੈਂਦੇ ਹਨ। ਤੇ ਅੰਤ ਵਿੱਚ ਅਸੀਂ ਇਹੀ ਕਹਿਣਾਂ ਚਾਹੁੰਦੇ ਹਾਂ ਕਿ
ਜੋ ਕੰਮ ਭਾਈ ਕਾਨ ਸਿੰਘ ਨਾਭਾ ਅਤੇ ਪ੍ਰੋ: ਸਾਹਿਬ ਸਿੰਘ ਨੇ ਕੀਤਾ ਹੈ ਅਸੀਂ ਤਾਂ ਉਸ ਦਾ ਪਾਂਸਕੂ
ਵੀ ਨਹੀਂ ਕੀਤਾ ਹੋਵੇਗਾ ਪਰ ਜਿਸ ਤਰ੍ਹਾਂ ਭਾਈ ਕਾਨ ਸਿੰਘ ਨਾਭਾ ਨੇ ਭਾਈ ਮਨੀ ਸਿੰਘ ਬਾਰੇ ਗੁਰਮਤ
ਮਾਰਤੰਡ ਵਿੱਚ ਲਿਖਿਆ ਹੈ ਕਿ, “ਅਸੀਂ ਭਾਈ ਮਨੀ ਸਿੰਘ ਜੀ ਨੂੰ ਪੰਥ ਰਤਨ ਅਤੇ ਧਰਮ ਵੀਰ ਮੰਨਦੇ ਹੋਏ
ਭੀ ਇਹ ਆਖਣੋ ਸੰਕੋਚ ਨਹੀਂ ਕਰਦੇ ਕਿ ਭਾਈ ਸਾਹਿਬ ਨੇ ਇਹ ਅਜੇਹੀ ਭੁੱਲ ਕੀਤੀ ਹੈ ਜਿਸ ਤੋਂ ਅਪਾਰ
ਹਾਨੀ ਪੁੱਜੀ ਹੈ ਅਰ ਅੱਗੋਂ ਨੂੰ ਭੀ ਭਾਰੀ ਨੁਕਸਾਨ ਹੋਣ ਦਾ ਡਰ ਹੈ”। ਇਸੇ ਤਰ੍ਹਾਂ ਅਸੀਂ ਵੀ ਭਾਈ
ਕਾਨ ਸਿੰਘ ਨਾਭਾ ਅਤੇ ਪ੍ਰੋ: ਸਾਹਿਬ ਸਿੰਘ ਬਾਰੇ ਇਹ ਲਿਖਣ ਦੀ ਗੁਸਤਾਖੀ ਕਰ ਰਹੇ ਹਾਂ ਕਿ ਇਹਨਾ ਨੇ
ਦਸਮ ਗ੍ਰੰਥ ਦੇ ਹੱਕ ਵਿੱਚ ਜੋ ਕੁੱਝ ਵੀ ਲਿਖ ਕੇ ਭਾਰੀ ਭੁੱਲ ਕੀਤੀ ਹੈ ਉਸ ਨਾਲ ਅਪਾਰ ਹਾਨੀ ਪੁੱਜੀ
ਹੈ ਅਤੇ ਅਗਾਂਹ ਨੂੰ ਵੀ ਪੁੱਜਦੀ ਰਹੇਗੀ।
ਮੱਖਣ ਸਿੰਘ ਪੁਰੇਵਾਲ,
ਅਕਤੂਬਰ 23, 2011.