ੴਸਤਿਗੁਰਪ੍ਰਸਾਦਿ।।
‘ਨਾਨਕ ਅੰਮ੍ਰਿਤੁ ਏਕ ਹੈ ਦੂਜਾ ਅੰਮ੍ਰਿਤੁ ਨਾਹਿ।।`
੧੫ ਅਕਤੂਬਰ ਨੂੰ ਸਿੱਖ ਮਾਰਗ ਦੇ ‘ਤੁਹਾਡੇ ਪੱਤਰ ਮਿਲੇ` ਭਾਗ ਵਿੱਚ ਵੀਰ
ਹਰਦੇਵ ਸਿੰਘ ਜੰਮੂ ਜੀ ਦਾ ‘ਖੰਡੇ ਦੀ ਪਾਹੁਲ ਅਤੇ ਖੰਡੇ ਦਾ ਅੰਮ੍ਰਿਤ` ਸਿਰਲੇਖ ਦਾ ਪੱਤਰ ਛਪਿਆ ਉਸ
ਤੋਂ ਬਾਅਦ ੧੯ ਅਕਤੂਬਰ ਨੂੰ ‘ਬਾਣੀ ਵਿੱਚ ਅੰਮ੍ਰਿਤ ਸ਼ਬਦ ਦੀ ਵਰਤੋਂ` ਸਿਰਲੇਖ ਦਾ ਇੱਕ ਪੱਤਰ ਛਪਿਆ
ਹੈ, ਇਸ ਦੇ ਨਾਲ ਹੀ ਉਨ੍ਹਾਂ ਦਾ ਇੱਕ ਲੇਖ `ਚਰਨਾਮ੍ਰਿਤ ਬਾਰੇ ਕਾਲਾ ਅਫ਼ਗਾਨਾ ਜੀ ਦੇ ਵਿਚਾਰ` ਅਤੇ
ਹੁਣ ਇੱਕ ਹੋਰ ਲੇਖ ‘ਖੰਡੇ ਦੇ ਅੰਮ੍ਰਿਤ ਬਾਰੇ ਕਾਲਾ ਅਫ਼ਗਾਨਾ ਜੀ ਦੇ ਵਿਚਾਰ` ਲੇਖਾਂ ਦੀ ਲੜੀ ਵਿੱਚ
ਪ੍ਰਕਾਸ਼ਿਤ ਹੋਏ ਹਨ। ਗਹਿਰਾਈ ਨਾਲ ਵੇਖਿਆਂ ਇਨ੍ਹਾਂ ਸਾਰੇ ਲੇਖਾਂ ਦਾ ਅਸਲ ਮੁੱਦਾ ਇਕੋ ਜਾਪਦਾ ਹੈ,
“ਖੰਡੇ ਦੀ ਪਾਹੁਲ” ਦੇ ਬਦਲੇ ਅੱਜਕਲ ਪ੍ਰਚਲਤ ਨਾਂ “ਖੰਡੇ ਦਾ ਅੰਮ੍ਰਿਤ” ਨੂੰ ਹੀ ਪ੍ਰਵਾਨ ਕਰਾਉਣ
ਲਈ ਵਕਾਲਤ ਕਰਨੀ।
ਉਨ੍ਹਾਂ ਆਪਣੇ ਲੇਖਾਂ ਵਿੱਚ ਅਲੋਚਨਾ ਦਾ ਅਧਾਰ ਸਤਿਕਾਰਤ ਵਿਦਵਾਨ ਗੁਰਬਖਸ਼
ਸਿੰਘ ਕਾਲਾਅਫ਼ਗਾਨਾ ਜੀ ਦੀਆਂ ਕੁੱਝ ਲਿਖਤਾਂ ਨੂੰ ਬਣਾਇਆ ਹੈ। ਇਸ ਨਾਤੇ ਕਾਲਾ ਅਫ਼ਗਾਨਾ ਜੀ ਚਾਹੁਣ
ਤਾਂ ਉਹ ਕੁੱਝ ਸਪੱਸ਼ਟਤਾ ਆਪ ਹੀ ਦੇ ਸਕਦੇ ਹਨ, ਦਾਸ ਨੂੰ ਨਾ ਤਾਂ ਐਸਾ ਕਰਨ ਦਾ ਅਧਿਕਾਰ ਹੈ ਨਾ ਹੀ
ਉਨ੍ਹਾਂ ਜਿਤਨੀ ਸਮਰੱਥਾ, ਪਰ ਕਿਉਂਕਿ ਹੁਣੇ ਹੁਣੇ ਦਾਸ ਤੇ ਬਖਸ਼ਿਸ਼ ਕਰਕੇ ਸਤਿਗੁਰੂ ਨੇ ਇਸੇ ਵਿਸ਼ੇ
ਤੇ ਇੱਕ ਪੁਸਤਕ ‘ਪਾਹੁਲ- ਇੱਕ ਅਦੁੱਤੀ ਬਖਸ਼ਿਸ਼ (ਪੜਚੋਲ ਅਤੇ ਵਿਆਖਿਆ) ` ਲਿਖਵਾਈ ਹੈ ਅਤੇ ਉਸ
ਵਾਸਤੇ ਤਕਰੀਬਨ ਬਹੁਤੇ ਪੁਰਾਤਨ ਕਹੇ ਜਾਣ ਵਾਲੇ ਰਹਿਤਨਾਮੇ ਅਤੇ ਪੁਰਾਤਨ ਇਤਹਾਸਿਕ ਕਿਤਾਬਾਂ ਨੂੰ
ਘੋਖਣ ਦੀ ਲੋੜ ਪਈ ਹੈ, ਜਿਸ ਦੇ ਅਧਾਰ ਤੇ ਦਾਸ ਇਹ ਯਕੀਨ ਨਾਲ ਕਹਿ ਸਕਦਾ ਹੈ ਕਿ ਸਤਿਗੁਰੂ ਨੇ ਇਸ
ਕਿਰਿਆ ਨੂੰ ਪਾਹੁਲ ਦਾ ਨਾਂ ਹੀ ਦਿੱਤਾ ਸੀ। ਉਨ੍ਹਾਂ ਵਿੱਚੋਂ ਕੁੱਝ ਪ੍ਰਮਾਣਾਂ ਨੂੰ ਮੈਂ ਇਥੇ
ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ। ਸਭ ਤੋਂ ਪਹਿਲਾਂ ਕੁੱਝ ਪ੍ਰਮਾਣ ਪੁਰਾਤਨ ਕਹੇ ਜਾਂਦੇ
ਰਹਿਤਨਾਮਿਆਂ ਵਿੱਚੋਂ ਲੈਂਦੇ ਹਾਂ:
‘ਬਚਨ ਕੀਆ ਜੁ ਗਲ ਮੈਂ ਪਾਵੇਗਾ ਤਾਗਾ ਪਾਹੁਲੀਆ ਸਿੰਘ ਤਿਸਕੋ ਜਨਮ ਜਨਮ
ਕੂਭੀ ਨਰਕ ਮੇਂ ਪਾਵਾਂਗਾ। `
‘ਖੰਡੇ ਕੀ ਪਾਹੁਲ ਬਿਨਾਂ ਕੇਸ ਰਾਖੈ ਸੋ ਭੇਖੀ…. ` (ਰਹਿਤਨਾਮਾ ਭਾਈ ਦਯਾ
ਸਿੰਘ)
‘ਪ੍ਰਥਮ ਰਹਿਤ ਯਹਿ ਜਾਨ, ਖੰਡੇ ਕੀ ਪਾਹੁਲ ਛਕੇ।
ਸੋਈ ਸਿੰਘ ਪ੍ਰਧਾਨ, ਅਵਰ ਨ ਪਾਹੁਲ ਜੋ ਲਏ`। {ਰਹਿਤਨਾਮਾ ਭਾ. ਦੇਸਾ ਸਿੰਘ}
ਵੈਸੇ ਤਾਂ ਕਿਸੇ ਵੀ ਪੁਰਾਤਨ ਰਹਿਤਨਾਮੇ ਤੇ ਇਸ ਦੇ ਲਿਖਣ ਜਾਂ ਛਪਣ ਦਾ
ਸਮਾਂ ਨਹੀਂ ਦਿੱਤਾ ਗਿਆ ਇਸ ਵਾਸਤੇ ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਹ ਕਦੋਂ ਲਿਖਿਆ ਗਿਆ
ਪਰ ਕਈ ਵਿਦਵਾਨਾਂ ਵਲੋਂ, ਭਾਈ ਦੇਸਾ ਸਿੰਘ ਦਾ ਇਹ ਰਹਿਤਨਾਮਾ ੧੭੮੩ ਈ. ਦਾ ਮੰਨਿਆਂ ਜਾਂਦਾ ਹੈ ਪਰ
ਇਸ ਤੋਂ ਪਹਿਲਾਂ ਭਾਈ ਸਾਹਿਬ ਸਿੰਘ ਦਾ ਰਹਿਤਨਾਮਾ ਜੋ ਬਿਕਰਮੀ ਸੰਮਤ ੧੭੯੧ (੧੭੩੮-੩੯ ਈ) ਦਾ
ਮੰਨਿਆਂ ਜਾਂਦਾ ਹੈ ਵਿੱਚ ਵੀ ਪਾਹੁਲ ਸ਼ਬਦ ਆਇਆ ਹੈ:
‘ਗੁਰੂ ਕਹਹਿ ਸੁਨ ਖਾਲਸਾ! ਕੇਸ ਪਾਹੁਲੀ ਮੁਕਤ
ਕੈ ਖੰਡਾ ਪਾਹੁਲ ਭਲੀ ਕੈ ਚਰਨਨ ਕੀ ਜੁਗਤਿ। ੪
ਧਰਹਿ ਕੇਸ ਪਾਹੁਲ ਬਿਨਾਂ, ਭੇਖੀ ਮੂੜਾ ਸਿਖ।
ਮੇਰਾ ਦਰਸ਼ਨ ਨਾਹਿ ਤਿਸ, ਪਾਪੀ ਤਿਆਗੇ ਭਿਖ`। ੫
ਇਸੇ ਤਰ੍ਹਾਂ ਭਾਈ ਸਾਹਿਬ ਸਿੰਘ ਦੇ ਮੁਕਤਿਨਾਮਾ ਵਿੱਚ ਵੀ ਪਾਹੁਲ ਸ਼ਬਦ ਹੀ
ਆਇਆ ਹੈ:
‘ਗੁਰ ਕੀ ਪਾਹੁਲ ਸਿੱਖ ਲੇਇ, ਰਹਤ ਕਮਾਵਹਿ ਗ੍ਰੰਥ
ਜੋ ਬੇੜਾ ਸੋ ਸੇਵਿਆ, ਔਰ ਨ ਭਰਮਹਿ ਪੰਥ। `
ਇਸੇ ਤਰ੍ਹਾਂ ਭਾਈ ਚਉਪਾ ਸਿੰਘ ਛਿੱਬਰ ਨੇ ਆਪਣੇ ਰਹਿਤਨਾਮੇ ਵਿੱਚ, ਜੋ ੧੭੮੦
ਬਿਕਰਮੀ (੧੭੨੭-੨੮ ਈ.) ਦਾ ਮੰਨਿਆਂ ਜਾਂਦਾ ਹੈ, ਵਿੱਚ ਵੀ ਪਾਹੁਲ ਸ਼ਬਦ ਦੀ ਹੀ ਵਰਤੋਂ ਕੀਤੀ ਹੈ:
‘ਗੁਰੂ ਕਾ ਸਿੱਖ ਪਾਹੁਲ ਲਏ, ਜੂੜੇ ਸੰਪੂਰਨ ਹੋਏ ਤੋੜੀ`।
ਭਾਵ ਜਦੋਂ ਸਿੱਖ ਦੇ ਕੇਸ ਜੂੜੇ ਦੇ ਰੂਪ ਵਿੱਚ ਬਝਣ ਦੇ ਕਾਬਲ ਹੋ ਜਾਣ ਤਾਂ
ਉਸ ਨੂੰ ਪਾਹੁਲ ਛੱਕ ਲੈਣੀ ਚਾਹੀਦੀ ਹੈ।
‘ਪਾਹੁਲ ਦੇਵਣ ਵਾਲਾ ਸਿਖ ਕਾਮੀ, ਕ੍ਰੋਧੀ, ਮਾਨੀ, ਵਿਕਾਰੀ ਨ ਹੋਵੈ।
ਰਹਿਤਵਾਨ ਹੋਵੈ। ਆਪ ਗੁਰੂ ਨਾ ਸਦਾਏ। `
ਰਹਿਤਨਾਮਾ ਪਰਮ ਸੁਮਾਰਗ (ਅਗਿਆਤ ਲਿਖਾਰੀ) ਦੇ ਦੁਤੀਆ ਧਿਆਉ ਵਿੱਚ ਲਿਖਿਆ
ਹੈ:
‘. . ਫੇਰ ਪਾਹੁਲ ਖੰਡੇ ਦੀ ਕਰੀਐ। ਮਿਠੀ ਕਰਿਕੈ ਉਸ ਪ੍ਰਾਨੀ ਨੂੰ ਦੀਜੀਐ।
`
ਉਪਰੋਕਤ ਸਾਰੇ ਪ੍ਰਮਾਣ ਰਹਿਤਨਾਮਿਆਂ ਵਿੱਚੋਂ ਹਨ। ਕਈ ਰਹਿਤਨਾਮਿਆਂ ਵਿੱਚ
ਪਾਹੁਲ ਦੇ ਨਾਲ ਅੰਮ੍ਰਿਤ ਸ਼ਬਦ ਵੀ ਆਇਆ ਹੈ ਜਿਸ ਤੋਂ ਇਹ ਪਤਾ ਲਗਦਾ ਹੈ ਕਿ ਇਹ ਰਹਿਤਨਾਮੇ ਉਸ ਸਮੇਂ
ਲਿਖੇ ਗਏ ਜਦੋਂ ਪਾਹੁਲ ਦੇ ਨਾਲ ਅੰਮ੍ਰਿਤ ਸ਼ਬਦ ਵੀ ਵਰਤਣਾ ਸ਼ੁਰੂ ਹੋ ਗਿਆ ਸੀ। ਇਸ ਤੋਂ ਇਲਾਵਾ ਸਾਡੇ
ਕੋਲ ਕਈ ਪੁਰਾਤਨ ਇਤਹਾਸਕਾਰਾਂ ਦੀਆਂ ਲਿਖਤਾਂ ਮੌਜੂਦ ਹਨ।
ਬਾਵਾ ਸਰੂਪ ਚੰਦ ਭੱਲਾ ਮਹਿਮਾ ਪ੍ਰਕਾਸ਼ ਦੇ ੧੧ਵੇਂ ਅਧਿਆਏ ਵਿੱਚ ਲਿਖਦੇ ਹਨ:
‘ਸਭ ਦੇਸਨ ਮੋ ਹੁਕਮ ਪਠਾਇਆ। ਖੰਡੇ ਕੀ ਪਾਹੁਲ ਫੁਰਮਾਯਾ
ਸਿੰਘ ਸੰਙਿਆ ਕਰਿ ਨਾਮ ਬੁਲਾਵੋ। ਜਪੋ ਅਕਾਲ ਸਦਾ ਸੁਖ ਪਾਵੋ। ੧੩`
ਭਾਈ ਕੇਸਰ ਸਿੰਘ ਛਿੱਬਰ ਬੰਸਾਵਲੀਨਾਮਾ ਦੇ ਦਸਵੇਂ ਚਰਣ ਵਿੱਚ, ਸਤਿਗੁਰੂ
ਗੋਬਿੰਦ ਸਿੰਘ ਪਾਤਿਸ਼ਾਹ ਵਲੋਂ ਪਹਿਲੀ ਵਾਰ ਪਾਹੁਲ ਤਿਆਰ ਕਰਨ ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ:
‘ਤਾਂ ਦੀਵਾਨ ਸਾਹਿਬ ਚੰਦ ਹਥ ਜੋੜਿ ਖਲੋਤਾ ਵਿੱਚ ਦਰਬਾਰ। ੩੧੭
ਕਹਿਆ ਗਰੀਬ ਨਿਵਾਜ਼! ਵਿੱਚ ਮਿੱਠਾ ਪਵੇ ਤਾਂ ਬਣੇ ਸੁਆਦ।
ਬਚਨ ਕੀਤਾ, ‘ਲੈ ਆਓ ਧਰਮਚੰਦਾ! ਪਤਾਸੇ ਪ੍ਰਸਾਦ। `
ਪਤਾਸੇ ਪਵਾਏ ਅਤੇ ਕਰਦ ਹਿਲਾਈ। ਨਾਉ ਧਰਿਆ, ‘ਪਾਹੁਲ`।
ਇਹ ਪਾਹੁ ਲਗਾਈ। ੩੧੮। `
ਇਸ ਪ੍ਰਮਾਣ ਵਿੱਚ ਤਾਂ ਸਪੱਸ਼ਟ ਲਿਖਿਆ ਹੈ ਕਿ ਨਾਂ ਪਾਹੁਲ ਰਖਿਆ ਗਿਆ ਅਤੇ
ਪਾਹੁਲ ਦਾ ਭਾਵ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ, ਗੁਰਮਤਿ ਦੀ ਪਾਹੁ ਚੜਾਉਣਾ।
ਬਹੁਤੇ ਇਤਹਾਸਕਾਰ ਭੱਟ ਵਹੀਆਂ ਦੇ ਪ੍ਰਮਾਣਾਂ ਨੂੰ ਬਾਕੀ ਸਾਰੇ ਇਤਹਾਸਿਕ
ਪ੍ਰਮਾਣਾਂ ਨਾਲੋਂ ਵਧੇਰੇ ਭਰੋਸੇਯੋਗ ਸਮਝਦੇ ਹਨ। ਭੱਟ ਵਹੀ ਪਰਗਣਾ ਥਾਨੇਸਰ ਵਿੱਚ ਲਿਖਿਆ ਹੈ:
‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾ, , , , , , ,
ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਸਾਲ ਸਤ੍ਰ ਸੈ ਪਚਾਵਨ ਮੰਗਲਵਾਰ ਵੈਸਾਖੀ
ਕੇ ਦਿਹੁੰ ਪਾਂਚ ਸਿਖੋਂ ਕੋ ਖਾਂਡੇ ਕੀ ਪਾਹੁਲ ਦੀ, ਸਿੰਘ ਨਾਮ ਰਾਖਾ। `
ਵੈਸੇ ਤਾਂ ਇਤਨੇ ਪ੍ਰਮਾਣਾਂ ਤੋਂ ਬਾਅਦ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ
ਸਤਿਗੁਰੂ ਨੇ ‘ਖੰਡੇ ਦੀ ਪਾਹੁਲ` ਨਾਂ ਰਖਿਆ ਸੀ, ਨਾ ਕਿ ‘ਖੰਡੇ ਦਾ ਅੰਮ੍ਰਿਤ`। ਦੂਸਰੀ ਇਹ ਗੱਲ ਵੀ
ਸਮਝਣ ਵਾਲੀ ਹੈ ਕਿ ਇਹ ਪੰਥ ਦੀ ਅਤਿ ਮਹੱਤਵਪੂਰਨ ਸੰਸਥਾ ਹੈ, ਇਸ ਦਾ ਨਾਂ ਜਾਂ ਸੰਕਲਪ ਗੁਰਬਾਣੀ
ਅਤੇ ਗੁਰਮਤਿ ਵਿਰੋਧੀ ਨਹੀਂ ਹੋ ਸਕਦੇ। ਗੁਰਬਾਣੀ ਵਿੱਚ ‘ਅੰਮ੍ਰਿਤ` ਸ਼ਬਦ ਕੇਵਲ ਅਕਾਲ-ਪੁਰਖ ਦੇ
ਗੁਣਾਂ ਰੂਪੀ ਨਾਮ ਵਾਸਤੇ ਆਇਆ ਹੈ। ਆਪਣੇ ਲੇਖਾਂ ਵਿੱਚ ਵੀਰ ਹਰਦੇਵ ਸਿੰਘ ਜੰਮੂ ਜੀ ਨੇ ਆਪ ਵੀ
ਪਹਿਲੇ ਤਾਂ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ ਕਿ ‘ਗੁਰਬਾਣੀ ਵਿੱਚ ਅੰਮ੍ਰਿਤ ਸ਼ਬਦ ਗੁਰੂ ਸ਼ਬਦਾਂ ਅਤੇ
ਅਕਾਲ-ਪੁਰਖ ਦੇ ਨਾਮ` ਵਾਸਤੇ ਹੀ ਵਰਤਿਆ ਗਿਆ ਹੈ ਬਲਕਿ ਉਨ੍ਹਾਂ ਗੁਰਬਾਣੀ ਦੇ ਇਸ ਕਥਨ ਨੂੰ ਵੀ
ਪ੍ਰਵਾਨ ਕੀਤਾ ਹੈ ਕਿ ਇਹੀ ਇੱਕ ਅੰਮ੍ਰਿਤ ਹੈ ਹੋਰ ਕੋਈ ਅੰਮ੍ਰਿਤ ਨਹੀਂ ਪਰ ਵਿਦਵਾਨ ਵੀਰ ਜੀ ਨੇ
ਨਾਲ ਇੱਕ ਸ਼ਬਦ ਦੀ ਵਰਤੋਂ ਕੀਤੀ ਹੈ, ‘ਇਸ ਪਰਿਪੇਖ ਵਿੱਚ`। ਇਸ ਸ਼ਬਦ ਦੀ ਵਰਤੋਂ ਨਾਲ ਉਨ੍ਹਾਂ ਉਸ
ਤੋਂ ਬਾਅਦ ਗੁਰਬਾਣੀ ਦੇ ਵਿੱਚੋਂ ਹੀ ਕੁੱਝ ਪ੍ਰਮਾਣ ਦੇ ਕੇ ਇਸ ਵਿਚਾਰ ਨੂੰ ਗਲਤ ਸਾਬਤ ਕਰਨ ਦੀ
ਕੋਸ਼ਿਸ਼ ਕੀਤੀ ਹੈ ਅਤੇ ਇਹ ਦਸਣਾ ਚਾਹਿਆ ਹੈ ਕਿ ਗੁਰਬਾਣੀ ਵਿੱਚ ਅੰਮ੍ਰਿਤ ਸ਼ਬਦ ਕਈ ਸੰਦਰਭਾਂ ਵਿੱਚ
ਆਇਆ ਹੈ, ਹਾਲਾਂਕਿ ਇਸ ਨਾਲ ਸਤਿਗੁਰੂ ਦੇ ਇਹ ਬਚਨ ‘ਨਾਨਕ ਅੰਮ੍ਰਿਤੁ ਏਕ ਹੈ ਦੂਜਾ ਅੰਮ੍ਰਿਤੁ
ਨਾਹਿ।। ` ਝੂਠ ਸਾਬਤ ਹੁੰਦੇ ਹਨ। ਆਪਣੀ ਗੱਲ ਨੂੰ ਸਾਬਤ ਕਰਨ ਵਾਸਤੇ ਉਨ੍ਹਾਂ ਗੁਰਬਾਣੀ ਵਿੱਚੋਂ ਛੇ
ਪ੍ਰਮਾਣ ਦਿੱਤੇ ਹਨ ਅਤੇ ਅੰਤ ਵਿੱਚ ਇਹ ਲਿਖਿਆ ਹੈ ਕਿ ਇਸ ਸੰਧਰਭ ਵਿੱਚ ਵਿਚਾਰ ਕਰਨ ਦੀ ਲੋੜ ਹੈ।
ਸਤਿਗੁਰੂ ਦੀ ਬਖਸ਼ੀ ਹੋਈ ਸੋਝੀ ਅਨੁਸਾਰ ਦਾਸ ਇਸ ਬਾਰੇ ਕੁੱਝ ਵਿਚਾਰ ਸਾਂਝੇ
ਕਰਨਾ ਚਾਹੁੰਦਾ ਹੈ। ਮੈਂ ਆਪਣੇ ਵਿਚਾਰ ਅਰਜ਼ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ
ਸਾਨੂੰ ਗੁਰੂ ਗ੍ਰੰਥ ਸਾਹਿਬ
ਦੇ ਇਨ੍ਹਾਂ ਬਚਨਾਂ ਤੇ ਪੂਰਨ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ, “ਵਾਹੁ ਵਾਹੁ ਬਾਣੀ ਸਚੁ ਹੈ ਸਚਿ
ਮਿਲਾਵਾ ਹੋਇ।। “ (ਰਾਗੁ ਗੂਜਰੀ ਮ: ੩, ਪੰਨਾ ੫੧੪), ਇਸ ਲਈ ਸਤਿਗੁਰੂ ਨੇ ਜੇ ਇਹ ਦ੍ਰਿੜ ਕਰਾਇਆ
ਹੈ ਕਿ ‘ਨਾਨਕ ਅੰਮ੍ਰਿਤੁ ਏਕ ਹੈ ਦੂਜਾ ਅੰਮ੍ਰਿਤੁ ਨਾਹਿ।। ` ਤਾਂ ਇਹ ਨਹੀਂ ਹੋ ਸਕਦਾ ਕਿ ਨਾਮ ਤੋਂ
ਇਲਾਵਾ ਹੋਰ ਕੋਈ ਚੀਜ਼ ਵੀ ਅੰਮ੍ਰਿਤ ਹੋ ਸਕਦੀ ਹੈ।
ਜੇ ਸਾਨੂੰ ਐਸਾ ਜਾਪੇ ਤਾਂ ਸਮਝ ਲਈਏ ਕਿ ਸਾਨੂੰ ਸਤਿਗੁਰੂ
ਦਾ ਭਾਵ ਸਮਝਣ ਵਿੱਚ ਕੁੱਝ ਔਕੜ ਆ ਰਹੀ ਹੈ ਅਤੇ ਉਸ ਨੂੰ ਗੁਰਮਤਿ ਦੇ ਸੰਧਰਭ ਵਿੱਚ ਸਮਝਣ ਦੀ ਕੋਸ਼ਿਸ਼
ਕਰੀਏ।
ਅਸੀਂ ਇਥੇ ਵੀਰ ਹਰਦੇਵ ਸਿੰਘ ਜੰਮੂ ਜੀ ਦੁਆਰਾ ਦਿੱਤੇ ਪ੍ਰਮਾਣਾਂ ਨੂੰ
ਵਿਚਾਰਨ ਦਾ ਯਤਨ ਕਰਾਂਗੇ ਪਰ ਪਹਿਲਾਂ ਮੈਂ ਦੋ ਗੱਲਾਂ ਸਪੱਸ਼ਟ ਕਰਨੀਆਂ ਚਾਹੁੰਦਾ ਹਾਂ,
ਪਹਿਲੀ ਇਹ ਕਿ ਗੁਰਬਾਣੀ ਨੂੰ ਕੇਵਲ
ਸ਼ਬਦੀ ਅਰਥ ਕੱਢ ਕੇ ਨਹੀਂ ਸਮਝਿਆ ਜਾ ਸਕਦਾ ਬਲਕਿ ਸ਼ਬਦ ਦਾ ਭਾਵ ਸਮਝਣਾ ਜ਼ਰੂਰੀ ਹੈ ਤਾਂ ਹੀ ਗੁਰਬਾਣੀ
ਦਾ ਅਸਲ ਸੰਦੇਸ਼ ਅਤੇ ਉਪਦੇਸ਼ ਸਾਡੇ ਤੱਕ ਪਹੁੰਚ ਸਕੇਗਾ। ਦੂਸਰਾ ਗੁਰਬਾਣੀ ਮਨੁੱਖਾਂ ਨੂੰ ਸਮਝਾਉਣ
ਵਾਸਤੇ ਉਚਾਰਣ ਕੀਤੀ ਹੈ ਨਾ ਕਿ ਜਾਨਵਰਾਂ, ਪੰਛੀਆਂ ਜਾਂ ਜੰਤੂਆਂ ਆਦਿ ਨੂੰ।
ਜਿਥੇ ਵੀ ਉਨ੍ਹਾਂ ਦੀ ਜਾਤਿ ਦੀ ਗੱਲ ਕੀਤੀ ਹੈ ਉਹ ਮਨੁੱਖ
ਨੂੰ ਸਮਝਾਉਣ ਵਾਸਤੇ ਪ੍ਰਮਾਣ ਰੂਪ ਵਿੱਚ ਕੀਤੀ ਗਈ ਹੈ।
ਉਨ੍ਹਾਂ ਜੋ ਪਹਿਲਾ ਪ੍ਰਮਾਣ ਦਿੱਤਾ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ
੯੯੦ ਤੇ ਅੰਕਿਤ ਗੁਰੂ ਨਾਨਕ ਪਾਤਿਸ਼ਾਹ ਦੇ ਉਚਾਰਣ ਕੀਤੇ ਹੇਠਲੇ ਸ਼ਬਦ ਵਿੱਚੋਂ ‘ਰਹਾਉ` ਦੀ ਪੰਕਤੀ ਹੈ
ਅਤੇ ਦੂਸਰਾ ਪ੍ਰਮਾਣ ਇਸ ਸ਼ਬਦ ਦਾ ਤੀਸਰਾ ਪਦਾ ਹੈ:
“ਮਾਰੂ ਮਹਲਾ ੧।। ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ।। ਪਦਮਨਿ
ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ।। ੧।।
ਦਾਦਰ ਤੂ ਕਬਹਿ ਨ ਜਾਨਸਿ ਰੇ।। ਭਖਸਿ
ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ।। ੧।।
ਰਹਾਉ।। ਬਸੁ ਜਲ ਨਿਤ, ਨ ਵਸਤ ਅਲੀਅਲ, ਮੇਰ ਚਚਾ ਗੁਨ
ਰੇ।। ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ।। ੨।।
ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ
ਬਨ ਚਾਤੁਰ ਰੇ।। ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ।। ੩।।
ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ।। ਅਪਨਾ ਆਪੁ
ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ।। ੪।। ਇਕਿ ਪਾਖੰਡੀ ਨਾਮਿ ਨ ਰਾਚਹਿ ਇੱਕ ਹਰਿ ਹਰਿ ਚਰਣੀ
ਰੇ।। ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ।। ੫।। ੪।। “
ਹੇ ਡੱਡੂ ! ਤੂੰ ਕਦੇ ਭੀ ਸਮਝ ਨਹੀਂ ਕਰਦਾ। ਤੂੰ ਸਾਫ਼-ਸੁਥਰੇ ਪਾਣੀ ਵਿੱਚ
ਵੱਸਦਾ ਹੈਂ, ਪਰ ਤੂੰ ਉਸ ਸਾਫ਼-ਪਵਿਤ੍ਰ ਪਾਣੀ ਨੂੰ ਪਛਾਣਦਾ ਨਹੀਂ (ਉਸ ਦੀ ਕਦਰ ਨਹੀਂ ਜਾਣਦਾ, ਤੇ
ਸਦਾ) ਜਾਲਾ ਹੀ ਖਾਂਦਾ ਰਹਿੰਦਾ ਹੈਂ (ਜੋ ਉਸ ਸਾਫ਼ ਪਾਣੀ ਵਿੱਚ ਪੈ ਜਾਂਦਾ ਹੈ)। ੧। ਰਹਾਉ।
ਹੇ ਡੱਡੂ ! ਸਾਫ਼ ਸਰੋਵਰ ਦੇ ਸਾਫ਼ ਸੁਥਰੇ ਪਾਣੀ ਵਿੱਚ ਕੌਲ ਫੁੱਲ ਤੇ ਜਾਲਾ
ਵੱਸਦੇ ਹਨ। ਕੌਲ ਫੁੱਲ ਉਸ ਜਾਲੇ ਤੇ ਪਾਣੀ ਦੀ ਸੰਗਤਿ ਵਿੱਚ ਰਹਿੰਦਾ ਹੈ, ਪਰ ਉਹਨਾਂ ਦੀ ਸੰਗਤਿ
ਵਿੱਚ ਉਸ ਨੂੰ ਕੋਈ ਦਾਗ਼ ਨਹੀਂ ਲੱਗਦੇ (ਕੌਲ ਫੁੱਲ ਨਿਰਲੇਪ ਹੀ ਰਹਿੰਦਾ ਹੈ)। ੧।
ਹੇ ਡੱਡੂ ! (ਤੇਰਾ) ਸਦਾ ਪਾਣੀ ਦਾ ਵਾਸ ਹੈ, ਭੌਰਾ (ਪਾਣੀ ਵਿਚ) ਨਹੀਂ
ਵੱਸਦਾ, (ਫਿਰ ਭੀ) ਉਹ (ਫੁੱਲ ਦੀ) ਚੋਟੀ ਦਾ ਰਸ ਮਾਣਦਾ ਹੈ (ਚੂਸਦਾ ਹੈ)। ਕੰਮੀ ਚੰਦ ਨੂੰ ਦੂਰੋਂ
ਹੀ (ਵੇਖ ਕੇ ਖਿੜ ਕੇ) ਸਿਰ ਨਿਵਾਂਦੀ ਹੈ, ਕਿਉਂਕਿ ਉਸ ਦੇ ਅੰਦਰ ਚੰਦ ਵਾਸਤੇ ਦਿਲੀ ਖਿੱਚ ਹੈ
(ਲਫ਼ਜ਼ੀ, ਦਿਲੀ ਖਿੱਚ ਦੇ ਕਾਰਨ)। ੨।
(ਥਣ ਦੇ) ਦੁੱਧ ਵਿੱਚ (ਪਰਮਾਤਮਾ) ਖੰਡ ਤੇ ਸ਼ਹਿਦ (ਵਰਗੀ) ਅੰਮ੍ਰਿਤ (ਮਿਠਾਸ
ਇਕੱਠੀ ਕਰਦਾ ਹੈ, ਪਰ ਜਿਵੇਂ (ਥਣ ਨੂੰ ਚੰਬੜੇ ਹੋਏ) ਚਿੱਚੜ ਦੀ (ਲਹੂ ਨਾਲ ਹੀ) ਪ੍ਰੀਤਿ ਹੈ (ਦੁੱਧ
ਨਾਲ ਨਹੀਂ, ਤਿਵੇਂ) ਹੇ ਪਾਣੀ ਦੇ ਚਤੁਰ ਡੱਡੂ। ਤੂੰ (ਭੀ) ਆਪਣਾ ਸੁਭਾਉ ਕਦੇ ਨਹੀਂ ਛੱਡਦਾ (ਪਾਣੀ
ਵਿੱਚ ਵੱਸਦੇ ਕੌਲ ਫੁੱਲ ਦੀ ਤੈਨੂੰ ਸਾਰ ਨਹੀਂ, ਤੂੰ ਪਾਣੀ ਦਾ ਜਾਲਾ ਹੀ ਖ਼ੁਸ਼ ਹੋ ਹੋ ਕੇ ਖਾਂਦਾ
ਹੈਂ)। ੩।
ਵਿਦਵਾਨਾਂ ਦੀ ਸੰਗਤਿ ਵਿੱਚ ਮੂਰਖ ਬੰਦੇ ਵੱਸਦੇ ਹਨ, ਉਹਨਾਂ ਪਾਸੋਂ ਉਹ ਵੇਦ
ਸ਼ਾਸਤ੍ਰ ਭੀ ਸੁਣਦੇ ਹਨ (ਪਰ ਰਹਿੰਦੇ ਮੂਰਖ ਹੀ ਹਨ। ਆਪਣਾ ਮੂਰਖਤਾ ਦਾ ਸੁਭਾਉ ਨਹੀਂ ਛੱਡਦੇ)।
ਜਿਵੇਂ ਕੁੱਤੇ ਦੀ ਪੂਛਲ (ਕਦੇ ਆਪਣਾ ਟੇਡਾ-ਪਨ ਨਹੀਂ ਛੱਡਦੀ, ਤਿਵੇਂ ਹੇ ਡੱਡੂ !) ਤੂੰ ਕਦੇ ਆਪਣਾ
ਸੁਭਾਉ ਨਹੀਂ ਛੱਡਦਾ। ੪।
ਕਈ ਐਸੇ ਪਖੰਡੀ ਬੰਦੇ ਹੁੰਦੇ ਹਨ ਜੋ ਪਰਮਾਤਮਾ ਦੇ ਨਾਮ ਵਿੱਚ ਪਿਆਰ ਨਹੀਂ
ਪਾਂਦੇ (ਸਦਾ ਪਖੰਡ ਵਲ ਹੀ ਰੁਚੀ ਰੱਖਦੇ ਹਨ), ਕਈ ਐਸੇ ਹਨ (ਭਾਗਾਂ ਵਾਲੇ) ਜੋ ਪ੍ਰਭੂ-ਚਰਨਾਂ ਵਿੱਚ
ਸੁਰਤਿ ਜੋੜਦੇ ਹਨ।
ਹੇ ਨਾਨਕ ! ਤੂੰ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਜਪਿਆ ਕਰ, ਧੁਰੋਂ
ਪਰਮਾਤਮਾ ਵਲੋਂ ਲਿਖੀ ਬਖ਼ਸ਼ਸ਼ ਅਨੁਸਾਰ ਤੈਨੂੰ ਇਹ ਦਾਤਿ ਪ੍ਰਾਪਤ ਹੋ ਜਾਇਗੀ। ੫। ੪।
ਕਿਉਂਕਿ ਪਹਿਲੇ ਪ੍ਰਮਾਣ ਵਿੱਚ ਨਿਰਮਲ ਜਲ ਦੇ ਨਾਲ ਅੰਮ੍ਰਿਤ ਸ਼ਬਦ ਆਇਆ ਹੈ,
ਸਤਿਕਾਰਯੋਗ ਵੀਰ ਜੀ ਨੇ ਇਹ ਨਿਰਣਾ ਦਿੱਤਾ ਹੈ ਕਿ ਗੁਰਬਾਣੀ ਵਿੱਚ ਜਲ ਨੂੰ ਅੰਮ੍ਰਿਤ ਆਖਿਆ ਗਿਆ ਹੈ
ਅਤੇ ਤੀਸਰੇ ਪਦੇ ਵਿੱਚ ਕਿਉਂਕਿ ਪਸ਼ੂ ਦੇ ਥਣ ਅੰਦਰਲੇ ਦੁੱਧ ਨਾਲ ਅੰਮ੍ਰਿਤ ਸ਼ਬਦ ਜੋੜਿਆ ਗਿਆ ਹੈ,
ਉਨ੍ਹਾਂ ਲਿਖਿਆ ਹੈ ਕਿ ਗੁਰਬਾਣੀ ਵਿੱਚ ਦੁੱਧ ਵਾਸਤੇ ਅੰਮ੍ਰਿਤ ਸ਼ਬਦ ਵਰਤਿਆ ਹੈ।
ਪਹਿਲਾਂ ਤਾਂ ਇਹ ਸਮਝਣਾ ਕਿ ਸਤਿਗੁਰੂ ਡੱਡੂ ਨੂੰ ਜਾਂ ਚਿੱਚੜ ਨੂੰ ਸਮਝਾ
ਰਹੇ ਹਨ, ਬਿਲਕੁਲ ਹਾਸੋ-ਹੀਣੀ ਗੱਲ ਹੈ। ਜੇ ਅਸੀਂ ਇਸ ਪੂਰੇ ਸ਼ਬਦ ਨੂੰ ਵਿਚਾਰੀਏ ਤਾਂ ਅਖੀਰਲੇ
ਪੰਜਵੇਂ ਪਦੇ ਵਿੱਚ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਸਤਿਗੁਰੂ ਡੱਡੂ ਪ੍ਰਵਿਰਤੀ ਵਾਲੇ ਮਨਮੁੱਖ
ਵਿਅਕਤੀ ਨੂੰ ਸਮਝਾ ਰਹੇ ਹਨ ਕਿ ਜਿਵੇਂ ਅਗਿਆਨਤਾ ਵੱਸ ਜਲ ਵਿੱਚ ਰਹਿੰਦਾ ਡੱਡੂ ਸਵੱਸ਼ ਜਲ ਨੂੰ ਛੱਡ
ਕੇ ਉਸ ਵਿਚਲਾ ਗੰਦਾ ਜਾਲਾ ਖਾਂਦਾ ਰਹਿੰਦਾ ਹੈ ਅਤੇ ਤੀਸਰੇ ਬੰਦ ਅਨੁਸਾਰ ਚਿੱਚੜ ਦੁੱਧ ਅੰਦਰਲੀ
ਮਿਠਾਸ ਨੂੰ ਨਾ ਪਹਿਚਾਣ ਕੇ ਬਾਹਰ ਥਣ ਨਾਲ ਚੰਬੜ ਕੇ ਪਸ਼ੂ ਦਾ ਗੰਦਾ ਲਹੂ ਚੂਸਦਾ ਰਹਿੰਦਾ ਹੈ, ਉਸੇ
ਤਰ੍ਹਾਂ ਤੂੰ (ਮਨਮੁਖ) ਦੁਨਿਆਵੀ ਵਸਤੂਆਂ ਦੇ ਰਸ ਵਿੱਚ ਉਰਝ ਕੇ (ਉਨ੍ਹਾਂ ਨੂੰ ਅੰਮ੍ਰਿਤ ਸਮਝ ਕੇ)
ਉਨ੍ਹਾਂ ਦੇ ਪਿੱਛੇ ਭਟਕ ਰਿਹਾ ਹੈਂ, ਅਤੇ ਅਕਾਲ–ਪੁਰਖ ਦਾ ਅੰਮ੍ਰਿਤ ਨਾਮ ਜੋ ਸਾਰੀ ਸ੍ਰਿਸ਼ਟੀ ਵਿੱਚ
ਸਦੈਵ ਵਸ ਰਿਹਾ ਹੈ ਉਸ ਦੀ ਪਹਿਚਾਣ ਨਹੀਂ ਕਰਦਾ ਅਤੇ ਉਸ ਨਾਲ ਸਾਂਝ ਨਹੀਂ ਪਾਉਂਦਾ। ਸਤਿਗੁਰੂ ਸ਼ਬਦ
ਦੇ ਅੰਤ ਵਿੱਚ ਉਸ ਨਾਮ ਅੰਮ੍ਰਿਤ ਨਾਲ ਜੁੜਨ ਦੀ ਪ੍ਰੇਰਨਾ ਦੇਂਦੇ ਹਨ। ਇਸ ਤਰ੍ਹਾਂ ਇਸ ਸ਼ਬਦ ਵਿੱਚ
ਗੱਲ ਨਾਮ ਅੰਮ੍ਰਿਤ ਦੀ ਹੀ ਹੈ।
ਸਤਿਕਾਰਯੋਗ ਵੀਰ ਜੀ ਨੇ ਤੀਸਰਾ ਪ੍ਰਮਾਣ ਗੁਰੂ ਨਾਨਕ ਸਾਹਿਬ ਦੇ ਉਚਾਰਣ
ਕੀਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੮੯ ਤੇ ਅੰਕਿਤ ਹੇਠਲੇ ਸ਼ਬਦ ਵਿੱਚੋਂ ਲਿਆ ਹੈ:
“ਰਾਗੁ ਗੂਜਰੀ ਮਹਲਾ ੧ ਚਉਪਦੇ ਘਰੁ ੧।।
ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ।। ਕਰਣੀ ਕੁੰਗੂ ਜੇ ਰਲੈ ਘਟ
ਅੰਤਰਿ ਪੂਜਾ ਹੋਇ।। ੧।। ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ।। ੧।। ਰਹਾਉ।। ਬਾਹਰਿ
ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ।। ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ।। ੨।।
ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ
ਅੰਮ੍ਰਿਤੁ ਦੇਹਿ।। ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ।। ੩।।
ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮਾੑਲੇ।। ਜੋ
ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ।। ੪।। ੧।। “ {ਪੰਨਾ ੪੮੯}
(ਹੇ ਪ੍ਰਭੂ !) ਜੇ ਮੈਂ ਤੇਰੇ ਨਾਮ (ਦੀ ਯਾਦ) ਨੂੰ ਚੰਨਣ ਦੀ ਲੱਕੜੀ ਬਣਾ
ਲਵਾਂ, ਜੇ ਮੇਰਾ ਮਨ (ਉਸ ਚੰਦਨ ਦੀ ਲੱਕੜੀ ਨੂੰ ਘਸਾਣ ਵਾਸਤੇ) ਸਿਲ ਬਣ ਜਾਏ, ਜੇ ਮੇਰਾ ਉੱਚਾ ਆਚਰਨ
(ਇਹਨਾਂ ਦੇ ਨਾਲ) ਕੇਸਰ (ਬਣ ਕੇ) ਰਲ ਜਾਏ, ਤਾਂ ਤੇਰੀ ਪੂਜਾ ਮੇਰੇ ਹਿਰਦੇ ਦੇ ਅੰਦਰ ਹੀ ਪਈ
ਹੋਵੇਗੀ। ੧।
(ਹੇ ਭਾਈ !) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹੀ ਪੂਜਾ ਕਰਨੀ
ਚਾਹੀਦੀ ਹੈ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਕੋਈ ਪੂਜਾ (ਐਸੀ) ਨਹੀਂ (ਜੋ ਪਰਵਾਨ ਹੋ
ਸਕੇ)। ੧। ਰਹਾਉ।
ਜਿਵੇਂ ਬਾਹਰ ਦੇਵ-ਮੂਰਤੀਆਂ ਦੇ ਇਸ਼ਨਾਨ ਕਰਾਈਦੇ ਹਨ, ਤਿਵੇਂ ਜੇ ਕੋਈ ਮਨੁੱਖ
ਆਪਣੇ ਮਨ ਨੂੰ (ਨਾਮ-ਸਿਮਰਨ ਨਾਲ) ਧੋਵੇ, ਤਾਂ ਉਸ ਦੇ ਮਨ ਦੀ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ,
ਉਸ ਦੀ ਜਿੰਦ ਸੁੱਧ-ਪਵਿਤ੍ਰ ਹੋ ਜਾਂਦੀ ਹੈ, ਉਸ ਦਾ ਜੀਵਨ-ਸਫ਼ਰ ਵਿਕਾਰਾਂ ਤੋਂ ਆਜ਼ਾਦ ਹੋ ਜਾਂਦਾ ਹੈ।
੨।
(ਇਸ ਧਰਤੀ ਉਤੇ ਮਨੁੱਖ, ਪਸ਼ੂ ਪੰਛੀ ਆਦਿਕ ਸਭ ਦਾ ਸਿਰਦਾਰ ਮੰਨਿਆ ਜਾਂਦਾ
ਹੈ, ਪਰ) ਪਸ਼ੂਆਂ ਨੂੰ ਸ਼ਾਬਾਸ਼ੇ ਮਿਲਦੀਆਂ ਹਨ, ਉਹ ਘਾਹ ਖਾਂਦੇ ਹਨ ਤੇ (ਦੁੱਧ ਵਰਗਾ) ਉੱਤਮ ਪਦਾਰਥ
ਦੇਂਦੇ ਹਨ। ਨਾਮ ਤੋਂ ਸੱਖਣੇ ਮਨੁੱਖਾਂ ਦਾ ਜੀਵਨ ਫਿਟਕਾਰ-ਜੋਗ ਹੈ ਕਿਉਂਕਿ ਉਹ (ਨਾਮ ਵਿਸਾਰ ਕੇ
ਹੋਰ ਹੋਰ) ਕੰਮ ਹੀ ਕਰਦੇ ਹਨ। ੩।
ਹੇ ਨਾਨਕ ! (ਆਖ—ਹੇ ਭਾਈ !) ਸਾਡੀ ਤੇ ਪ੍ਰਭੂ ਦੀ ਬੜੀ ਨੇੜੇ ਦੀ ਸਾਂਝ ਹੈ
(ਇਤਨੀ ਨੇੜੇ ਦੀ ਕਿ) ਜੋ ਕੁੱਝ ਉਹ ਸਾਨੂੰ ਦੇਂਦਾ ਹੈ ਉਹੀ ਅਸੀ ਖਾਂਦੇ ਹਾਂ (ਖਾ ਕੇ ਜੀਵਨ-ਨਿਰਬਾਹ
ਕਰਦੇ ਹਾਂ), ਉਹ (ਦਾਤਾ) ਹੈ ਭੀ ਸਦਾ (ਸਾਡੇ ਸਿਰ ਉਤੇ) ਕਾਇਮ। ਉਸ ਨੂੰ ਆਪਣੇ ਤੋਂ ਦੂਰ ਨਾਹ
ਸਮਝੋ, ਉਹ ਸਦਾ ਸਾਡੀ ਸਾਰ ਲੈਂਦਾ ਹੈ ਸੰਭਾਲ ਕਰਦਾ ਹੈ (ਮੂਰਤੀਆਂ ਦੀ ਪੂਜਾ ਕਰਨ ਦੇ ਥਾਂ ਉਸ
ਹਾਜ਼ਰ-ਨਾਜ਼ਰ ਪ੍ਰਭੂ ਦਾ ਨਾਮ ਧਿਆਵੋ)। ੪। ੧।
ਇਸ ਸ਼ਬਦ ਦੇ ਤੀਸਰੇ ਪਦੇ ਦੀ ਪਹਿਲੀ ਪੰਕਤੀ ਵਿੱਚ ਕਿਉਂ ਕਿ ਪਸ਼ੂ ਦੇ
ਘਾਸ-ਫੂਸ ਖਾਕੇ ਦੁੱਧ ਜਿਹੀ ਕੀਮਤੀ ਵਸਤੁ ਦੇਣ ਦੀ ਗੱਲ ਕੀਤੀ ਹੈ ਅਤੇ ਉਸ ਨਾਲ ਅੰਮ੍ਰਿਤ ਸ਼ਬਦ ਆਇਆ
ਹੈ, ਇਸ ਕਰ ਕੇ ਉਨ੍ਹਾਂ ਨਿਰਣਾ ਕੀਤਾ ਹੈ ਕਿ ਗੁਰਬਾਣੀ ਵਿੱਚ ਦੁੱਧ ਨੂੰ ਵੀ ਅੰਮ੍ਰਿਤ ਕਿਹਾ ਗਿਆ
ਹੈ।
ਵੈਸੇ ਤਾਂ ਇਹ ਸਾਰਾ ਸ਼ਬਦ ਹੀ ਨਾਮ ਅੰਮ੍ਰਿਤ ਨਾਲ ਸਬੰਧਤ ਹੈ ਜਿਸ ਵਿੱਚ ਨਾਮ
ਸਿਮਰਨ ਦਾ ਅਸਲ ਤਰੀਕਾ ਦਸ ਰਹੇ ਹਨ ਕਿ ਜੇ ਮਨੁੱਖ ਆਪਣੇ ਜੀਵਨ ਨੂੰ ਅਕਾਲ-ਪੁਰਖ ਦੇ ਇਲਾਹੀ ਗੁਣਾਂ
ਨਾਲ ਸ਼ਿੰਗਾਰ ਲਵੇ, ਆਪਣੇ ਮਨ ਦੀ ਮੈਲ ਨੂੰ ਧੋ ਲਵੇ ਤਾਂ ਉਸ ਦਾ ਮਨ ਨਾਮ ਅੰਮ੍ਰਿਤ ਨਾਲ ਸਿੰਚਿਆ
ਜਾਵੇਗਾ। ਵਿਸ਼ੇਸ਼ ਕਰ ਕੇ ਤੀਸਰੇ ਪਦੇ ਦੀ ਪਹਿਲੀ ਪੰਕਤੀ ਜੋ ਵੀਰ ਹਰਦੇਵ ਸਿੰਘ ਜੰਮੂ ਜੀ ਨੇ ਆਪਣੀ
ਵਿਚਾਰ ਦੇ ਪ੍ਰਮਾਣ ਰੂਪ ਵਿੱਚ ਵਰਤੀ ਹੈ, ਦੇ ਨਾਲ ਦੀ ਦੂਸਰੀ ਪੰਕਤੀ ਨਾਲ ਜੋੜ ਕੇ ਵਿਚਾਰ ਕੀਤੀ
ਜਾਵੇ ਤਾਂ ਸਾਰੀ ਗੱਲ ਸਪੱਸ਼ਟ ਹੋ ਜਾਂਦੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਸਮਝਾ ਰਹੇ ਹਨ ਕਿ ਜੋ ਵਿਅਕਤੀ
ਮਨੁੱਖ ਹੋ ਕੇ ਵੀ ਪ੍ਰਮਾਤਮਾ ਦੇ ਨਾਮ ਅੰਮ੍ਰਿਤ ਨਾਲੋਂ ਟੁੱਟਾ ਹੋਇਆ ਹੈ, ਜੋ ਅਕਾਲ-ਪੁਰਖ ਦੇ ਭਾਣੇ
ਵਿੱਚ ਜੀਵਨ ਬਤੀਤ ਕਰਨ ਦੀ ਬਜਾਏ ਆਪਣੀਆਂ ਸਿਆਨਪਾਂ ਚਤੁਰਾਈਆਂ ਵਿੱਚ ਵਧੇਰੇ ਵਿਸ਼ਵਾਸ ਰਖਦਾ ਹੈ, ਉਸ
ਦਾ ਜੀਵਨ ਧਿਕਾਰ ਯੋਗ ਹੈ ਉਸ ਨਾਲੋਂ ਤਾਂ ਉਹ ਪਸ਼ੂ ਚੰਗਾ ਹੈ ਜੋ ਅਕਾਲ-ਪੁਰਖ ਦੇ ਅਟੱਲ ਨੇਮ ਵਿੱਚ
ਜੀਵਨ ਬਤੀਤ ਕਰ ਰਿਹਾ ਹੈ ਅਤੇ ਉਸ ਨੂੰ ਨਾਮ ਵਿਹੂਣੇ ਮਨੁੱਖ ਨਾਲੋ ਵਧੇਰੇ ਸਤਿਕਾਰ ਮਿਲਦਾ ਹੈ। ਇਸ
ਤਰ੍ਹਾਂ ਇਥੇ ਵੀ ਗੱਲ ਗੁਣਾਂ ਰੂਪੀ ਨਾਮ ਅੰਮ੍ਰਿਤ ਦੀ ਹੀ ਹੈ
ਵੀਰ ਹਰਦੇਵ ਸਿੰਘ ਜੰਮੂ ਜੀ ਨੇ ਚੌਥੇ ਪ੍ਰਮਾਣ ਦੇ ਵਾਸਤੇ ਗੁਰੂ ਨਾਨਕ
ਪਾਤਿਸ਼ਾਹ ਦੀ ਉਚਾਰਨ ਕੀਤੀ ਗੁਰੂ ਗ੍ਰੰਥ ਸਾਹਿਬ ਦੇ ੧੬ ਪੰਨੇ ਤੇ ਅੰਕਿਤ ਸ਼ਬਦ ਦੀ ਹੇਠਲੀ ਪੰਕਤੀ
ਨੂੰ ਵਰਤਿਆ ਹੈ:
“ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ।। ਖਟ ਤੁਰਸੀ ਮੁਖਿ ਬੋਲਣਾ ਮਾਰਣ
ਨਾਦ ਕੀਏ।। ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ।। ੧।। “ (ਸਿਰੀ ਰਾਗੁ ਮਹਲਾ ੧, ਪੰਨਾ
੧੬)
ਜੇ ਮਨ ਪ੍ਰਭੂ ਦੀ ਯਾਦ ਵਿੱਚ ਪਰਚ ਜਾਏ, ਤਾਂ ਇਸ ਨੂੰ (ਦੁਨੀਆ ਦੇ) ਸਾਰੇ
ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਜੇ ਸੁਰਤਿ ਹਰੀ ਦੇ ਨਾਮ ਵਿੱਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ
ਵਾਲੇ ਪਦਾਰਥ ਜਾਣੋ। ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪਰਮਾਤਮਾ
ਦੀ ਸਿਫ਼ਤਿ-ਸਾਲਾਹ ਦਾ ਕੀਰਤਨ ਮਸਾਲੇ ਜਾਣੋ। ਪਰਮਾਤਮਾ ਨਾਲ ਇਕ-ਰਸ ਪ੍ਰੇਮ ਛੱਤੀ ਕਿਸਮਾਂ ਦੇ
ਸੁਆਦਲੇ ਭੋਜਨ ਹਨ। (ਪਰ ਇਹ ਉੱਚੀ ਦਾਤਿ ਉਸੇ ਨੂੰ ਮਿਲਦੀ ਹੈ) ਜਿਸ ਉਤੇ (ਪ੍ਰਭੂ ਮਿਹਰ ਦੀ) ਨਜ਼ਰ
ਕਰਦਾ ਹੈ। ੧।
ਸ਼ਬਦ ਦਾ ਇਹ ਪਦਾ ਤਾਂ ਆਪਣੇ ਆਪ ਵਿੱਚ ਇਤਨਾ ਸਪੱਸ਼ਟ ਹੈ ਕਿ ਕਿਸੇ ਭੁਲੇਖੇ
ਦੀ ਗੁੰਜਾਇਸ਼ ਹੀ ਨਹੀਂ। ਵਿਦਵਾਨ ਵੀਰ ਜੀ ਨੇ ਸ਼ਾਇਦ ਇਹ ਪੂਰਾ ਪਦਾ ਵਿਚਾਰਨ ਦੀ ਬਜਾਏ ਕੇਵਲ ਛਤੀਹ
ਸ਼ਬਦ ਵੇਖ ਕੇ ਹੀ ਇਹ ਨਿਰਣਾ ਕਰ ਲਿਆ ਹੈ ਕਿ ਸਤਿਗੁਰੂ ਨੇ ਛਤੀਹ ਪ੍ਰਕਾਰ ਦੇ ਭੋਜਨ ਨੂੰ ਅੰਮ੍ਰਿਤ
ਕਿਹਾ ਹੈ, ਜਦਕਿ ਸਤਿਗੁਰੂ ਤਾਂ ਇਹ ਉਪਦੇਸ਼ ਦੇ ਰਹੇ ਹਨ ਕਿ ਜਿਨ੍ਹਾਂ ਛਤੀਹ ਪਦਾਰਥਾਂ ਨੂੰ ਮਨੁੱਖ
ਅੰਮ੍ਰਿਤ ਸਮਝ ਕੇ ਉਨ੍ਹਾਂ ਵਿੱਚੋਂ ਰਸ ਭਾਲ ਰਿਹਾ ਹੈ, ਉਹ ਅੰਮ੍ਰਿਤ ਨਹੀਂ ਬਲਕਿ ਪ੍ਰਮਾਤਮਾ ਨਾਲ
ਇੱਕ ਰਸ ਪ੍ਰੇਮ ਅਸਲ ਅੰਮ੍ਰਿਤ ਹੈ।
ਪੰਜਵੇਂ ਪ੍ਰਮਾਣ ਵਜੋਂ ਵੀਰ ਹਰਦੇਵ ਸਿੰਘ ਜੀ ਨੇ ਗੁਰੂ ਅਮਰਦਾਸ ਪਾਤਿਸ਼ਾਹ
ਜੀ ਦੀ ਉਚਾਰਣ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੬੫ ਤੇ ਅੰਕਿਤ ਸ਼ਬਦ ਦੀ ਹੇਠਲੀ ਪੰਕਤੀ ਨੂੰ ਲਿਆ
ਹੈ:
“ਗੁਰੁ ਸਬਦੁ ਦਿੜਾਵੈ ਰੰਗ ਸਿਉ ਬਿਨੁ ਕਿਰਪਾ ਲਇਆ ਨ ਜਾਇ।। ਜੇ ਸਉ
ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ।। “ {ਸਿਰੀ ਰਾਗੁ ਮਹਲਾ ੩, ਪੰਨਾ ੬੫}
ਗੁਰੂ ਪ੍ਰੇਮ ਨਾਲ (ਆਪਣਾ) ਸ਼ਬਦ (ਸਰਨ ਆਏ ਮਨੁੱਖ ਦੇ ਹਿਰਦੇ ਵਿਚ) ਪੱਕਾ
ਕਰਦਾ ਹੈ, ਪਰ (ਗੁਰੂ ਭੀ ਪਰਮਾਤਮਾ ਦੀ) ਕਿਰਪਾ ਤੋਂ ਬਿਨਾਂ ਨਹੀਂ ਮਿਲਦਾ। (ਗੁਰੂ ਤੋਂ ਬੇਮੁਖ
ਮਨੁੱਖ, ਮਾਨੋ, ਇੱਕ ਐਸਾ ਰੁੱਖ ਹੈ ਕਿ) ਜੇ ਉਸ ਨੂੰ ਸੌ ਵਾਰੀ ਭੀ ਅੰਮ੍ਰਿਤ ਸਿੰਜੀਏ ਤਾਂ ਭੀ ਉਸ
ਨੂੰ ਜ਼ਹਰ ਦਾ ਫਲ ਹੀ ਛੇਤੀ ਲੱਗਦਾ ਹੈ। ੪।
ਇਸ ਪੰਕਤੀ ਦਾ ਭਾਵ ਸਮਝਣ ਲਈ ਪਹਿਲਾਂ ਇਸ ਸ਼ਬਦ ਦੀ ਰਹਾਉ ਦੀਆਂ ਪੰਕਤੀਆਂ
ਨੂੰ ਸਮਝਣਾ ਪਵੇਗਾ ਜੋ ਇਸ ਪ੍ਰਕਾਰ ਹਨ:
“ਮਨ ਰੇ ਗੁਰਮੁਖਿ ਨਾਮੁ ਧਿਆਇ।। ਧੁਰਿ ਪੂਰਬਿ ਕਰਤੈ ਲਿਖਿਆ ਤਿਨਾ ਗੁਰਮਤਿ
ਨਾਮੁ ਸਮਾਇ।। ੧।। ਰਹਾਉ।। “
ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ। (ਨਾਮ ਬੜੀ
ਦੁਰਲੱਭ ਦਾਤਿ ਹੈ) ਗੁਰੂ ਦੀ ਸਿੱਖਿਆ ਤੇ ਤੁਰ ਕੇ ਉਹਨਾਂ ਬੰਦਿਆਂ ਦੀ ਹੀ (ਪ੍ਰਭੂ ਦੇ) ਨਾਮ ਵਿੱਚ
ਲੀਨਤਾ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਉੱਤੇ ਕਰਤਾਰ ਨੇ ਧੁਰੋਂ ਹੀ ਉਹਨਾਂ ਦੀ ਪਹਿਲੇ ਜਨਮ ਦੀ
ਕੀਤੀ ਨੇਕ ਕਮਾਈ ਅਨੁਸਾਰ ਲੇਖ ਲਿਖ ਦਿੱਤਾ ਹੈ। ੧। ਰਹਾਉ।
ਰਹਾਉ ਦੀ ਪੰਕਤੀ ਜੋ ਸ਼ਬਦ ਦਾ ਅਧਾਰ ਹੈ ਵਿੱਚ ਸਤਿਗੁਰੂ ਸਮਝਾ ਰਹੇ ਹਨ ਕਿ
ਅਕਾਲ ਪੁਰਖ ਦਾ ਨਾਮ, ਗੁਰੂ ਦੇ ਦਸੇ ਮਾਰਗ ਅਨੁਸਾਰ ਹੀ ਧਿਆਉਣਾ ਚਾਹੀਦਾ ਹੈ। ਜਿਸ ਉਤੇ ਅਕਾਲ-ਪੁਰਖ
ਦੀ ਬਖਸ਼ਿਸ਼ ਹੋ ਜਾਂਦੀ ਹੈ ਉਹ ਗੁਰੂ ਦੀ ਮਤਿ ਅਨੁਸਾਰ ਚਲ ਕੇ ਨਾਮ ਅੰਮ੍ਰਿਤ ਵਿੱਚ ਲੀਨ ਹੋ ਜਾਂਦਾ
ਹੈ। ਇਸੇ ਸਿਧਾਂਤ ਨੂੰ ਦ੍ਰਿੜ ਕਰਾਉਂਦੇ ਹੋਏ ਸਤਿਗੁਰੂ ਵਿਚਾਰ ਅਧੀਨ ਪੰਕਤੀ ਵਿੱਚ ਸਮਝਾ ਰਹੇ ਹਨ
ਕਿ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਆਪਣੇ ਸ਼ਬਦ ਦੁਆਰਾ ਉਸ ਦੇ ਜੀਵਨ ਨੂੰ
ਨਾਮ ਅੰਮ੍ਰਿਤ ਨਾਲ ਭਰ ਦੇਂਦਾ ਹੈ ਪਰ ਇਹ ਅਕਾਲ-ਪੁਰਖ ਦੀ ਬਖਸ਼ਿਸ਼ ਨਾਲ ਹੀ ਹੋ ਸਕਦਾ ਹੈ। ਇਸ ਤੋਂ
ਇਲਾਵਾ ਮਨੁੱਖ ਹੋਰ ਅਨੇਕਾਂ ਵਿਖਾਵੇ ਦੇ ਕਰਮ ਕਰਦਾ ਰਹੇ ਤਾਂ ਭੀ ਉਸ ਦੇ ਜੀਵਨ ਵਿੱਚ ਵਿਕਾਰਾਂ ਦੀ
ਤਪਸ਼ ਹੀ ਰਹਿੰਦੀ ਹੈ। ਇਥੇ ਭੀ ਨਾਮ ਅੰਮ੍ਰਿਤ ਨੂੰ ਜੀਵਨ ਵਿੱਚ ਅਪਨਾਉਣ ਦੀ ਗੱਲ ਹੀ ਹੋ ਰਹੀ ਹੈ।
ਆਪਣੀ ਵਿਚਾਰ ਦੀ ਪ੍ਰੋੜਤਾ ਵਾਸਤੇ ਸਤਿਕਾਰਤ ਵੀਰ ਜੀ ਨੇ, ਛੇਵੇਂ ਪ੍ਰਮਾਣ
ਵਜੋਂ ਗੁਰੂ ਨਾਨਕ ਸਾਹਿਬ ਦੀ ਉਚਾਰਣ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੨੮ ਤੇ ਅੰਕਿਤ ਹੇਠਲੀ
ਪੰਕਤੀ ਨੂੰ ਲਿਆ ਹੈ:
“ਤਾ ਕਾ ਕਹਿਆ ਦਰਿ ਪਰਵਾਣੁ।। ਬਿਖੁ ਅੰਮ੍ਰਿਤੁ ਦੁਇ ਸਮ ਕਰਿ ਜਾਣੁ।। ੧।।
“ (ਪ੍ਰਭਾਤੀ ਮਹਲਾ ੧, ਪੰਨਾ ੧੩੨੮)
ਜੋ ਮਨੁੱਖ ਜ਼ਹਰ ਤੇ ਅੰਮ੍ਰਿਤ (ਦੁੱਖ ਤੇ ਸੁਖ) ਦੋਹਾਂ ਨੂੰ ਇਕੋ ਜਿਹਾ
ਸਮਝਣ-ਜੋਗਾ ਹੋ ਜਾਂਦਾ ਹੈ (ਪਰਮਾਤਮਾ ਦੀ ਰਜ਼ਾ ਬਾਰੇ) ਉਸ ਮਨੁੱਖ ਦਾ ਬੋਲਿਆ ਹੋਇਆ ਬਚਨ ਪਰਮਾਤਮਾ
ਦੇ ਦਰ ਤੇ ਠੀਕ ਮੰਨਿਆ ਜਾਂਦਾ ਹੈ (ਕਿਉਂਕਿ ਉਹ ਮਨੁੱਖ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਿਨ੍ਹਾਂ ਨੂੰ
ਸੁਖ ਜਾਂ ਦੁੱਖ ਮਿਲਦਾ ਹੈ ਉਹਨਾਂ ਸਭਨਾਂ ਵਿੱਚ ਪਰਮਾਤਮਾ ਆਪ ਮੌਜੂਦ ਹੈ)। ੧।
ਇਸ ਪੰਕਤੀ ਦਾ ਭਾਵ ਸਮਝਣ ਵਾਸਤੇ ਵੀ ਪਹਿਲਾਂ ਸ਼ਬਦ ਦੀ ਰਹਾਉ ਦੀ ਪੰਕਤੀ ਨੂੰ
ਵਿਚਾਰਦੇ ਹਾਂ ਜੋ ਇਸ ਤਰ੍ਹਾਂ ਹੈ:
“ਕਿਆ ਕਹੀਐ ਸਰਬੇ ਰਹਿਆ ਸਮਾਇ।। ਜੋ ਕਿਛੁ ਵਰਤੈ ਸਭ ਤੇਰੀ ਰਜਾਇ।। ੧।। “
ਰਹਾਉ।।
ਹੇ ਪ੍ਰਭੂ! (ਜਗਤ ਵਿਚ) ਜੋ ਕੁੱਝ ਵਾਪਰ ਰਿਹਾ ਹੈ ਸਭ ਤੇਰੇ ਹੁਕਮ ਅਨੁਸਾਰ
ਵਾਪਰ ਰਿਹਾ ਹੈ। (ਕਿਸੇ ਨੂੰ ਸੁਖ ਹੈ ਕਿਸੇ ਨੂੰ ਦੁੱਖ ਮਿਲ ਰਿਹਾ ਹੈ, ਪਰ ਇਸ ਦੇ ਉਲਟ) ਕੁੱਝ
ਕਿਹਾ ਨਹੀਂ ਜਾ ਸਕਦਾ ਕਿਉਂਕਿ ਤੂੰ ਸਭ ਜੀਵਾਂ ਵਿੱਚ ਮੌਜੂਦ ਹੈਂ (ਜਿਨ੍ਹਾਂ ਨੂੰ ਸੁਖ ਜਾਂ ਦੁੱਖ
ਮਿਲਦਾ ਹੈ ਉਹਨਾਂ ਵਿੱਚ ਭੀ ਤੂੰ ਆਪ ਹੀ ਵਿਆਪਕ ਹੈਂ, ਤੇ ਆਪ ਹੀ ਉਸ ਸੁਖ ਜਾਂ ਦੁੱਖ ਨੂੰ ਭੋਗ
ਰਿਹਾ ਹੈਂ)। ੧। ਰਹਾਉ।
ਇਸ ਵਿੱਚ ਸਤਿਗੁਰੂ ਨੇ ਬਖਸ਼ਿਸ਼ ਕਰ ਕੇ ਸਮਝਾਇਆ ਹੈ ਕਿ ਅਕਾਲ-ਪੁਰਖ ਸ੍ਰਿਸ਼ਟੀ
ਦੇ ਕਣ-ਕਣ ਵਿੱਚ ਸਮਾਇਆ ਹੋਇਆ ਹੈ ਅਤੇ ਸੰਸਾਰ ਵਿੱਚ ਜੋ ਕੁੱਝ ਵਾਪਰ ਰਿਹਾ ਹੈ ਉਸ ਅਕਾਲ-ਪੁਰਖ ਦੇ
ਭਾਣੇ ਵਿੱਚ ਹੀ ਵਾਪਰ ਰਿਹਾ ਹੈ। ਹੁਣ ਪਹਿਲੀ ਪੰਕਤੀ ਨੂੰ ਸਮਝੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ
ਸਤਿਗੁਰੂ ਸਾਨੂੰ ਅਕਾਲ-ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਉਪਦੇਸ਼ ਦੇ ਰਹੇ ਹਨ। ਅਕਾਲ-ਪੁਰਖ ਦੀ
ਰਜ਼ਾ ਵਿੱਚ ਜੀਵਨ ਬਤੀਤ ਕਰਨਾ ਹੀ ਨਾਮ–ਅੰਮ੍ਰਿਤ ਪੀਣਾ ਹੈ।
ਉਪਰੋਕਤ ਤੋਂ ਸਪੱਸ਼ਟ ਹੈ ਕਿ ਗੁਰਬਾਣੀ ਵਿੱਚ ਅੰਮ੍ਰਿਤ ਸ਼ਬਦ ਕੇਵਲ ਅਤੇ ਕੇਵਲ
ਅਕਾਲ-ਪੁਰਖ ਦੇ ਗੁਣਾਂ ਰੂਪੀ ਨਾਮ ਵਾਸਤੇ ਆਇਆ ਹੈ। ਇਸ ਤਰ੍ਹਾਂ ਗੁਰਬਾਣੀ ਵਿੱਚ ਕਿਧਰੇ ਵੀ ਆਪਾ
ਵਿਰੋਧੀ ਵਿਚਾਰ ਨਹੀਂ ਅਤੇ ਪੂਰਨ ਇੱਕ ਸਾਰਤਾ ਹੈ। ਗੁਰਬਾਣੀ ਵਿੱਚ ਕੇਵਲ ਨਾਮ ਅੰਮ੍ਰਿਤ ਦੀ ਹੀ ਗੱਲ
ਹੈ। ਸਤਿਗੁਰੂ ਦੇ ਬਚਨ ਕਦੇ ਗਲਤ ਨਹੀਂ ਹੋ ਸਕਦੇ ਕਿ
‘ਨਾਨਕ ਅੰਮ੍ਰਿਤੁ ਏਕ ਹੈ ਦੂਜਾ
ਅੰਮ੍ਰਿਤੁ ਨਾਹਿ।।` ਕੇਵਲ ਲਫਜ਼ੀ ਅਰਥਾਂ ਨੂੰ
ਸਮਝਣ ਦੀ ਬਜਾਏ, ਗੁਰਬਣੀ ਦੇ ਭਾਵ ਨੂੰ ਸਮਝਣ ਦੀ ਲੋੜ ਹੈ।
ਵੀਰ ਹਰਦੇਵ ਸਿੰਘ ਜੰਮੂ ਜੀ ਦੇ ਲੇਖ `ਚਰਨਾਮ੍ਰਿਤ ਬਾਰੇ ਕਾਲਾ ਅਫ਼ਗਾਨਾ ਜੀ
ਦੇ ਵਿਚਾਰ` ਬਾਰੇ ਵੀ ਦਾਸ ਸੰਖੇਪ ਵਿੱਚ ਕੁੱਝ ਵਿਚਾਰ ਸਾਂਝੇ ਕਰਨੇ ਚਾਹੁੰਦਾ ਹੈ। ਚਰਨਾਮ੍ਰਿਤ ਦਾ
ਸਾਰਾ ਅਧਾਰ ਭਾਈ ਗੁਰਦਾਸ ਜੀ ਦੀ ਹੇਠਲੀ ਪਉੜੀ ਹੈ:
‘ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹਿੰ ਪਠਾਯਾ।।
ਚਰਨ ਧੋਇ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀਲਾਯਾ।।
ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰ ਇੱਕ ਦਿਖਾਯਾ।।
ਚਾਰੈ ਪੈਰ ਧਰੰਮ ਦੇ ਚਾਰ ਵਰਨ ਇੱਕ ਵਰਨ ਕਰਾਯਾ।।
ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਯਾ।।
ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ।।
ਕਲਿਜੁਗ ਬਾਬੇ ਤਾਰਿਆ ਸੱਤਨਾਮ ਪੜ੍ਹ ਮੰਤ੍ਰ ਸੁਣਾਯਾ।।
ਕਲਿ ਤਾਰਣ ਗੁਰ ਨਾਨਕ ਆਯਾ।।` (ਵਾਰ ੧, ਪਉੜੀ-੨੩)
ਗੱਲ ਨੂੰ ਪੂਰੀ ਤਰ੍ਹਾਂ ਸਮਝੇ, ਵਿਚਾਰੇ ਬਿਨਾਂ ਹੀ ਅਸੀਂ `ਚਰਨ ਧੋਇ
ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀਲਾਯਾ।। ` ਦੀ ਪੰਕਤੀ ਨੂੰ ਅਧਾਰ ਬਣਾਕੇ ਉਸ ਦੇ ਸ਼ਬਦੀ ਅਰਥਾਂ
ਅਨੁਸਾਰ ਅਕਸਰ ਇਹ ਭਾਵ ਲੈਂਦੇ ਰਹੇ ਹਾਂ ਕਿ ਗੁਰੂ ਨਾਨਕ ਪਾਤਿਸ਼ਾਹ ਆਪਣੇ ਪੈਰਾਂ ਨਾਲ ਕੋਈ ਪਾਣੀ
ਛੁਹਾ ਕੇ ਉਸ ਨੂੰ ਅੰਮ੍ਰਿਤ ਕਹਿ ਕੇ ਸਿੱਖਾਂ ਨੂੰ ਪਿਲਾਇਆ ਕਰਦੇ ਸਨ, ਜਿਸ ਨੂੰ ਭਾਈ ਸਾਹਿਬ ਨੇ
ਇਥੇ ਚਰਨਾਮ੍ਰਿਤ ਦਾ ਨਾਂ ਦਿੱਤਾ ਹੈ। ਜੇ ਗੁਰੂ ਨਾਨਕ ਪਾਤਿਸ਼ਾਹ ਦੀ ਇਨਕਲਾਬੀ ਵਿਚਾਰਧਾਰਾ ਵੱਲ
ਵੇਖੀਏ ਤਾਂ ਇਹ ਗੱਲ ਬਿਲਕੁਲ ਨਹੀਂ ਜਚਦੀ। ਜਿਸ ਗੁਰੂ ਨਾਨਕ ਸਾਹਿਬ ਨੇ ਨੌਂ ਸਾਲ ਦੀ ਉਮਰ ਵਿੱਚ
ਕਰਮਕਾਂਡੀ ਜਨੇਊ ਨੂੰ ਰੱਦ ਕਰ ਦਿੱਤਾ, ਉਹ ਆਪ ਬ੍ਰਾਹਮਣੀ ਮਤੁ ਦੁਆਰਾ ਪ੍ਰਚਲਤ ਐਸਾ ਕਰਮਕਾਂਡੀ
ਚਰਨਾਮ੍ਰਿਤ ਆਪਣੇ ਸਿੱਖਾਂ ਨੂੰ ਪਿਲਾਉਣ, ਅਤੇ ਇਸ ਕਿਰਿਆ ਨੂੰ ਨੌਂ ਜਾਮਿਆਂ ਤੱਕ ਜਾਰੀ ਰੱਖਣ, ਇਹ
ਕਿਵੇਂ ਹੋ ਸਕਦਾ ਹੈ?
ਪਹਿਲਾਂ ਇੱਕ ਮੂਲ ਸਿਧਾਂਤ ਦੀ ਗੱਲ ਸਮਝ ਕੇ ਅੱਗੇ ਇਨ੍ਹਾਂ ਪੰਕਤੀਆਂ ਦੀ
ਵਿਚਾਰ ਕਰਾਂਗੇ। ਗੁਰਬਾਣੀ ਵਿੱਚ ਜਿੱਥੇ ਵੀ ਗੁਰੂ ਦੇ ਚਰਨਾਂ ਦੀ ਗੱਲ ਆਉਂਦੀ ਹੈ ਉਸ ਦਾ ਭਾਵ ਹੈ
ਗੁਰੂ ਦਾ ਸ਼ਬਦ। ਇਸ ਪ੍ਰਤੀ ਗੁਰਬਾਣੀ ਦਾ ਪ੍ਰਮਾਣ ਹੈ:
“ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ।। “ {ਧਨਾਸਰੀ ਮਹਲਾ ੫,
ਪੰਨਾ ੬੮੦}
ਗੁਰੂ ਸਾਹਿਬਾਨ ਤੋਂ ਬਾਅਦ, ਭਾਈ ਗੁਰਦਾਸ ਜੀ ਗੁਰਬਾਣੀ ਦੇ ਸਭ ਤੋਂ ਪਹਿਲੇ
ਅਤੇ ਲਾਸਨੀ ਵਿਆਖਿਆਕਾਰ ਹੋਏ ਹਨ ਅਤੇ ਉਨ੍ਹਾਂ ਆਪਣੀਆਂ ਰਚਨਾਵਾਂ ਵਿੱਚ ਗੁਰਬਾਣੀ ਵਾਲੇ ਹੀ ਬਹੁਤੇ
ਸ਼ਬਦਾਂ ਦੀ ਵਰਤੋਂ ਕੀਤੀ ਹੈ। ਹੁਣ ਭਾਈ ਸਾਹਿਬ ਦੀਆਂ ਇਨ੍ਹਾਂ ਪੰਕਤੀਆਂ ਨੂੰ ਵਿਚਾਰਦੇ ਹਾਂ। ਜਿਹੜਾ
ਚਰਨਾਮ੍ਰਿਤ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਪਿਲਾਇਆ, ਉਹ ਭਾਈ ਸਾਹਿਬ ਨੇ ਅਗਲੀਆਂ ਪੰਕਤੀਆਂ
ਵਿੱਚ ਦੱਸਿਆ ਹੈ: ‘ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰ ਇੱਕ ਦਿਖਾਯਾ।।
ਚਾਰੈ ਪੈਰ ਧਰੰਮ ਦੇ ਚਾਰ ਵਰਨ ਇੱਕ ਵਰਨ ਕਰਾਯਾ।।
ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਯਾ।।
ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ।।
ਕਲਿਜੁਗ ਬਾਬੇ ਤਾਰਿਆ ਸੱਤਨਾਮ ਪੜ੍ਹ ਮੰਤ੍ਰ ਸੁਣਾਯਾ।। `
ਜਿਹੜਾ ਮਨੁੱਖੀ ਸਮਾਜ ਕਈ ਦੇਵੀ, ਦੇਵਤਿਆਂ, ਅਵਤਾਰਾਂ ਨੂੰ ਪ੍ਰਮਾਤਮਾ ਸਮਝ
ਕੇ ਪੂਜ ਰਿਹਾ ਸੀ, ਉਸਨੂੰ ਸਮਝਾ ਦਿੱਤਾ ਕਿ ਪ੍ਰਮਾਤਮਾ ਇੱਕ ਹੈ। ਇਹ ਭਰਮ ਕੱਢ ਦਿੱਤਾ ਕਿ ਧਰਮ,
ਜੁਗਾਂ ਦੇ ਨਾਲ ਵੱਧਦਾ ਘੱਟਦਾ ਜਾਂ ਬਦਲਦਾ ਰਹਿੰਦਾ ਹੈ। ਮਨੁੱਖੀ ਭਾਈਚਾਰੇ ਵਿੱਚੋਂ ਜਾਤ-ਪਾਤ,
ਊਚ-ਨੀਚ, ਅਮੀਰ-ਗ਼ਰੀਬ ਦੀਆਂ ਦੀਵਾਰਾਂ ਢਾਹ ਦਿੱਤੀਆਂ। ਗੁਰੂ ਨਾਨਕ ਪਾਤਿਸ਼ਾਹ ਨੇ ਮਨੁੱਖਤਾ ਨੂੰ ਇੱਕ
ਅਕਾਲ-ਪੁਰਖ ਦੇ ਇਲਾਹੀ ਸੱਚੇ ਨਾਮ ਨਾਲ ਜੋੜ ਦਿੱਤਾ। ਭਾਈ ਗੁਰਦਾਸ ਜੀ ਅਨੁਸਾਰ, ਇਹ ਹੈ ਉਹ
ਚਰਨਾਮ੍ਰਿਤ ਜੋ ਗੁਰੂ ਨਾਨਕ ਪਾਤਿਸ਼ਾਹ ਨੇ ਆਪਣੇ ਸਿੱਖਾਂ ਨੂੰ ਪਿਲਾਇਆ।
ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਵੀ ਖੰਡੇ ਦੀ ਪਾਹੁਲ ਬਖਸ਼ ਕੇ ਉਹੀ ਗੁਰੂ
ਨਾਨਕ ਪਾਤਿਸ਼ਾਹ ਦੇ ਪਾਵਨ ਸਿਧਾਂਤਾਂ ਤੇ ਪਹਿਰਾ ਦੇਣ ਦਾ ਪ੍ਰਣ ਕਰਾਇਆ ਹੈ।
ਜੇ ਉਪਰੋਕਤ ਸਿਧਾਂਤ ਸਪੱਸ਼ਟ ਹੋ ਜਾਣ ਤਾਂ ਬਾਕੀ ਕੇਵਲ ਫੋਕੀ ਭਾਵਨਾ ਜਾਂ ਇਹ
ਦਲੀਲ ਹੀ ਰਹਿ ਜਾਂਦੀ ਹੈ ਕਿ ਕਿਉਂਕਿ ਪਾਹੁਲ ਵਾਸਤੇ ਇਹ ਅੰਮ੍ਰਿਤ ਨਾਂ ਪ੍ਰਚਲਤ ਹੋ ਗਿਆ ਹੈ, ਹੁਣ
ਸਾਨੂੰ ਇਸ ਨਾਂ ਨੂੰ ਪ੍ਰਵਾਣ ਕਰ ਲੈਣਾ ਚਾਹੀਦਾ ਹੈ। ਸਾਨੂੰ ਖਿਆਲ ਰੱਖਣ ਦੀ ਲੋੜ ਹੈ ਕਿ ਸਿੱਖ ਧਰਮ
ਭਾਵਨਾ ਅਧਾਰਤ ਨਹੀਂ ਗਿਆਨ ਅਧਾਰਤ ਹੈ। ਇਸ ਸਬੰਧ ਵਿੱਚ ਭਗਤ ਕਬੀਰ ਜੀ ਦੇ ਅਲੌਕਿਕ ਬਚਨ ਹਨ:
“ਕਬੀਰਾ ਜਹਾ ਗਿਆਨੁ ਤਹ ਧਰਮੁ
ਹੈ ਜਹਾ ਝੂਠੁ ਤਹ ਪਾਪੁ।। “ (ਪੰਨਾ ੧੩੭੨)।
ਫੋਕੀਆਂ ਭਾਵਨਾਵਾਂ ਨੇ ਤਾਂ ਪਹਿਲਾਂ ਹੀ ਕੌਮ ਦਾ ਭਾਰੀ ਨੁਕਸਾਨ ਕੀਤਾ ਹੈ। ਐਸੀ ਹੀ ਇੱਕ ਦਲੀਲ
ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਵੀ ਦਿੱਤੀ ਜਾਂਦੀ ਹੈ ਕਿ ਭਾਵੇਂ ਇਹ ਅਹੁਦਾ ਵੀਹਵੀਂ ਸੱਦੀ ਦੇ
ਸ਼ੁਰੂ ਤੋਂ ਹੀ ਹੋਂਦ ਵਿੱਚ ਆਇਆ ਹੈ ਪਰ ਹੁਣ ਇਹ ਸਥਾਪਤ ਹੋ ਚੁੱਕਾ ਹੈ ਇਸ ਵਾਸਤੇ ਸਾਨੂੰ ਇਸ ਨੂੰ
ਪ੍ਰਵਾਨ ਕਰ ਲੈਣਾ ਚਾਹੀਦਾ ਹੈ ਬਗੈਰ ਇਹ ਸੋਚੇ ਸਮਝੇ ਵਿਚਾਰੇ ਕਿ ਇਸ ਗੈਰ ਸਿਧਾਂਤਕ ਅਹੁਦੇ ਨੇ
ਹੋਂਦ ਵਿੱਚ ਆਕੇ ਕੌਮ ਦਾ ਕਿਤਨਾ ਭਾਰੀ ਨੁਕਸਾਨ ਕੀਤਾ ਹੈ। ਸਿੱਖੀ ਦਾ ਅਸਲ ਚਿਹਰਾ ਮੋਹਰਾ ਹੀ ਬਦਲ
ਦਿੱਤਾ ਹੈ, ਉਹੀ ਭਾਰਤੀ ਬ੍ਰਾਹਮਣੀ ਢਾਂਚਾ ਹੀ ਸਿੱਖੀ ਵਿੱਚ ਸਥਾਪਤ ਹੋ ਗਿਆ ਹੈ ਜਿਸਨੇ ਸਿੱਖਾਂ
ਨੂੰ ਉਂਝ ਹੀ ਆਪਣਾ ਮਾਨਸਿਕ ਗੁਲਾਮ ਬਣਾ ਲਿਆ ਹੈ, ਜਿਵੇਂ ਬ੍ਰਾਹਮਣ ਨੇ ਸਦੀਆਂ ਤੋਂ ਹਿੰਦੂ ਕੌਮ ਦੇ
ਤਿੰਨ ਵਰਣਾਂ ਨੂੰ ਬਣਾ ਰਖਿਆ ਹੈ। ਜਦੋਂ ਵੀ ਅਸੀਂ ਗੁਰਮਤਿ ਸਿਧਾਂਤਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼
ਕਰਾਂਗੇ ਨਤੀਜਾ ਐਸਾ ਹੀ ਮਾਰੂ ਹੋਵੇਗਾ।
ਆਪਣੀ ਭਾਵਨਾ ਦੀ ਪ੍ਰੋੜਤਾ ਵਿੱਚ ਉਨ੍ਹਾਂ ਇੱਕ ਪ੍ਰਮਾਣ ਲਿਖਿਆ ਹੈ ਕਿ ਦੁੱਧ
ਨੂੰ ਗਾਂ ਦੇ ਦੁੱਧ ਦੀ ਬਜਾਏ ਬੱਕਰੀ ਦਾ ਦੁੱਧ ਕਹਿ ਲਿਆ ਜਾਏ ਤਾਂ ਦੁੱਧ ਦੇ ਅਰਥ ਵਿੱਚ ਕੋਈ ਫਰਕ
ਨਹੀਂ ਪੈਂਦਾ? ਅਗੋਂ ਆਪ ਹੀ ਉਹ ਨਿਰਣਾ ਦੇਂਦੇ ਹਨ ਫ਼ਰਕ ਤਾਂ ਕੇਵਲ ਇੰਨਾਂ ਹੀ ਪਵੇਗਾ ਕਿ ਇੱਕ ਗਾਂ
ਦਾ ਹੋਵੇਗਾ ਅਤੇ ਇੱਕ ਬੱਕਰੀ ਦਾ।
ਕੀ ਸੱਚਮੁਚ ਗੱਲ ਇਤਨੀ ਹੀ ਹੈ? ਮੈਂ ਤਾਂ ਸਮਝਦਾ ਹਾਂ ਕਿ ਭਾਵੇਂ ਨਾਂ ਦੁੱਧ
ਹੀ ਰਹੇਗਾ, ਬਾਕੀ ਸਭ ਕੁੱਝ ਬਦਲ ਜਾਵੇਗਾ। ਉਸ ਦੁੱਧ ਦੇ ਗੁਣ, ਉਸ ਦਾ ਮੁੱਲ, ਉਸ ਦੀ ਵਰਤੋਂ ਕਰਨ
ਵਾਲੇ। ਜੇ ਕੋਈ ਉਸ ਨੂੰ ਕੇਵਲ ਦੁੱਧ ਕਹਿ ਕੇ ਵੇਚਣ ਦੀ ਕੋਸ਼ਿਸ਼ ਕਰੇ ਤਾਂ ਉਸ ਤੇ ਬੇਈਮਾਨੀ ਦਾ ਦੋਸ਼
ਵੀ ਲਗੇਗਾ।
ਆਪਣੀ ਗੱਲ ਦੀ ਪ੍ਰੋੜਤਾ ਵਾਸਤੇ ਉਨ੍ਹਾਂ ਇੱਕ ਹੋਰ ਗੱਲ ਲਿਖੀ ਹੈ, ‘…. ਸਿੱਖੀ ਦੇ ਅੰਦਰ ਇਹ
ਖੰਡੇ ਦੇ ਅੰਮ੍ਰਿਤ ਕਰਕੇ ਸਵੀਕਾਰਿਆ ਗਿਆ।
ਕਈ ਮਾਹਨ ਸ਼ੂਰਵੀਰਾਂ ਲਈ ਇਹ ਇੱਕ ਪ੍ਰੇਰਨਾ ਬਣਿਆ ਜਿਸ ਤੋਂ ਉਨਾਂ ਕਈ ਕਾਰਨਾਮੇ ਅੰਜਾਮ ਦਿੱਤੇ।
ਬੰਦਾ ਸਿੰਘ ਬਹਾਦਰ ਲਈ ਇਹ ਇੱਕ ਸਬੂਤ ਬਣਿਆ ਜਿਸ ਕਾਰਣ ਉਹ ਪੰਜਾਬ ਵਿੱਚ ਗੁਰੂ ਦਾ ਸਿੱਖ ਕਰਕੇ
ਪਛਾਂਣਿਆ-ਸਵੀਕਾਰਿਆ ਗਿਆ।’
ਖਿਮਾਂ ਕਰਨਾ! ਮੈਂ ਸਮਝ ਨਹੀਂ ਸਕਿਆ, ਸਤਿਕਾਰਤ ਵੀਰ ਜੀ ਇਸ ਵਿੱਚ ਕੀ
ਕਹਿਣਾ ਚਾਹੁੰਦੇ ਹਨ? ਕੀ ਇਹ ਕਿ ਉਨ੍ਹਾਂ ਵਿੱਚ ਸੂਰਬੀਰਤਾ ਇਸ ਕਰਕੇ ਆਈ ਕਿਉਂ ਕਿ ਇਸ ਦਾ ਨਾਂ
ਅੰਮ੍ਰਿਤ ਰਖ ਦਿੱਤਾ ਗਿਆ ਸੀ। ਹਾਲਾਂਕਿ ਇਸ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਜਦੋਂ ਬਾਬਾ ਬੰਦਾ
ਸਿੰਘ ਬਹਾਦਰ ਸਿੰਘ ਸਜਿਆ ਉਸ ਸਮੇਂ ਇਸ ਦਾ ਨਾਮ ਪਾਹੁਲ ਹੀ ਸੀ। ਮੈਂ ਤਾਂ ਸਮਝਦਾ ਹਾਂ ਉਨ੍ਹਾਂ ਦੀ
ਦ੍ਰਿੜਤਾ ਅਤੇ ਸੂਰਬੀਰਤਾ ਦਾ ਮੂਲ ਕਾਰਨ ਗੂਰੂ ਵਿੱਚ ਪੂਰਨ ਵਿਸ਼ਵਾਸ ਅਤੇ ਪਾਹੁਲ ਛੱਕ ਕੇ ਗੁਰਮਤਿ
ਸਿਧਾਂਤਾਂ ਅਤੇ ਪੰਥ ਪ੍ਰਤੀ ਕੀਤੀ ਵਚਨਬੱਧਤਾ ਸੀ।
ਅੰਤ ਵਿੱਚ ਕੇਵਲ ਇਤਨੀ ਬੇਨਤੀ ਕਰਨੀ ਚਾਹੁੰਦਾ ਹਾਂ, ਪਾਹੁਲ ਨਾਂ ਸਤਿਗੁਰੂ
ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਬਖਸ਼ਿਸ਼ ਕੀਤਾ ਹੈ ਅਤੇ ਇੱਕ ਮਕਸਦ ਨਾਲ ਸਬੰਧਤ ਨਾਂ ਹੈ, ‘ਸਿੱਖੀ ਦੀ
ਪਾਹੁ ਚੜ੍ਹਾਉਣੀ`, ਅਸੀਂ ਪਹਿਲਾਂ ਹੀ ਆਪਣੀਆਂ ਭਾਵਨਾਵਾਂ ਅਨੁਸਾਰ ਇਸਨੂੰ ਅੰਮ੍ਰਿਤ ਦਾ ਨਾਂ ਦੇ ਕੇ
ਵੱਡੀ ਭੁੱਲ ਕਰ ਚੁੱਕੇ ਹਾਂ। ਜੇ ਭੁੱਲ ਹੋ ਜਾਵੇ ਤਾਂ ਉਸ ਨੂੰ ਸੁਧਾਰ ਲੈਣਾ ਹੀ ਭਲਾ ਹੈ। ਹੋਈ
ਭੁੱਲ ਨੂੰ ਠੀਕ ਸਾਬਤ ਕਰਨ ਦੀ ਕੋਸ਼ਿਸ਼ ਉਸ ਤੋਂ ਵੀ ਵੱਡੀ ਭੁੱਲ ਹੁੰਦੀ ਹੈ। ਅਸੀਂ ਆਪ ਹੀ ਸੋਚ ਲਈਏ
ਕਿ ਸਤਿਗੁਰੂ ਦਾ ਬਖਸ਼ਿਆ ਨਾਂ ਜਿਸ ਨੂੰ ਬਦਲਣ ਨਾਲ ਗੁਰਮਤਿ ਸਿਧਾਂਤਾਂ ਨੂੰ ਸੱਟ ਵਜਦੀ ਹੋਵੇ, ਉਸ
ਨੂੰ ਬਦਲਣ ਦਾ ਅਧਿਕਾਰ ਕਿਸੇ ਨੂੰ ਹੈ?
ਅਸੀਂ ਅਕਸਰ ਸਿੱਖ ਰਹਿਤ ਮਰਯਾਦਾ ਨੂੰ ਬਹੁਤ ਮਹੱਤਤਾ ਦੇਂਦੇ ਹਾਂ, ਜਿਵੇਂ
ਸਤਿਕਾਰਤ ਵੀਰ ਜੀ ਨੇ ਵੀ ਦਿੱਤੀ ਹੈ। ਬੇਸ਼ਕ ਦੇਣੀ ਵੀ ਚਾਹੀਦੀ ਹੈ। ਮੈਂ ਸਿੱਖ ਰਹਿਤ ਮਰਯਾਦਾ ਦੀ
ਮਹੱਤਤਾ ਤੋਂ ਮੁਨਕਰ ਨਹੀਂ ਹਾਂ ਬਲਕਿ ਇਸ ਨੂੰ ਸਿੱਖ ਕੌਮ ਦੇ ਵਿਧਾਨ ਦੇ ਤੌਰ ਤੇ ਮੰਨਦਾ ਹਾਂ।
ਲੇਕਿਨ ਦੋ ਗੱਲਾਂ ਸਪੱਸ਼ਟ ਕਰਨੀਆਂ ਜ਼ਰੂਰੀ ਹਨ ਪਹਿਲੀ ਕਿ ਜੇ ਸਿੱਖ ਰਹਿਤ ਮਰਯਾਦਾ ਦੀ ਕੋਈ ਮੱਦ
ਗੁਰਮਤਿ ਅਨੁਸਾਰੀ ਨਾ ਹੋਵੇ ਤਾਂ ਅਧਾਰ ਗੁਰਬਾਣੀ ਨੂੰ ਹੀ ਬਣਾਇਆ ਜਾ ਸਕਦਾ ਹੈ ਅਤੇ ਕੇਵਲ ਉਸੇ ਨੂੰ
ਹੀ ਮਾਨਤਾ ਦਿੱਤੀ ਜਾ ਸਕਦੀ ਹੈ। ਕਿਉਂਕਿ ਸਿੱਖ ਰਹਿਤ ਮਰਯਾਦਾ ਅਸੀਂ ਬਣਾਈ ਹੈ, ਅਸੀਂ ਭੁਲਣਹਾਰ
ਹਾਂ, ਗੁਰਬਾਣੀ ਸਤਿਗੁਰੂ ਨੇ ਉਚਾਰਣ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਸਤਿਗੁਰੂ ਨੇ ਆਪ
ਕੀਤਾ ਹੈ, ਗੁਰੂ ਅਭੁੱਲ ਹੈ। ਦੂਸਰਾ ਜਿਵੇਂ ਕਿਸੇ ਦੇਸ਼ ਦੇ ਸੰਵੀਧਾਨ ਵਿੱਚ ਸੋਧ ਹੋ ਸਕਦੀ ਹੈ ਉਸੇ
ਤਰ੍ਹਾਂ ਸਿੱਖ ਰਹਿਤ ਮਰਯਾਦਾ ਵਿੱਚ ਵੀ ਕੌਮੀ ਫੈਸਲਾ ਲੈਕੇ ਗੁਰਮਤਿ ਅਨੁਸਰੀ ਸੋਧ ਕੀਤੀ ਜਾ ਸਕਦੀ
ਹੈ ਅਤੇ ਰਹਿਤ ਮਰਯਾਦਾ ਦੀਆਂ ਜੋ ਮੱਦਾਂ ਗੁਰਮਤਿ ਅਨੁਸਾਰੀ ਨਹੀਂ, ਉਨ੍ਹਾਂ ਨੂੰ ਸਾਰੇ ਪੰਥ ਦੇ
ਵਿਦਵਾਨਾਂ ਦੀ ਵਿਚਾਰ ਅਤੇ ਸਹਿਮਤੀ ਨਾਲ ਸੋਧਣ ਦੀ ਲੋੜ ਵੀ ਹੈ।
ਅੰਤ ਵਿੱਚ ਬੇਨਤੀ ਹੈ, ਮੇਰੀ ਸੋਝੀ ਸੀਮਤ ਹੈ ਇਸ ਵਾਸਤੇ ਗੁਰਸਿੱਖ ਪਾਠਕ
ਭੁੱਲ ਚੁੱਕ ਵਾਸਤੇ ਖਿਮਾਂ ਬਖਸ਼ ਦੇਣ। ਜੋ ਗੱਲ ਗੁਰਮਤਿ ਅਨੁਸਾਰੀ ਲੱਗੇ ਉਸ ਨੂੰ ਗੁਰੂ ਦੀ ਮਤਿ ਸਮਝ
ਸਾਂਭ ਲੈਣਾ, ਭੁੱਲਾਂ ਦਾਸ ਦੀਆਂ ਹਨ ਦਾਸ ਦੀ ਝੋਲੀ ਪਾ ਦੇਣਾ।
ਗੁਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ,
ਰਾਜਿੰਦਰ ਸਿੰਘ (ਖਾਲਸਾ ਪੰਚਾਇਤ)
+91 9876104726