੧੪ ਅਗਸਤ ੧੯੪੭ ਨੂੰ ਪ੍ਰੋ. ਮਹਿਬੂਬ ਦੀ ਜੰਮਣ ਭੋਂ (“ਸਾਂਦਲ ਬਾਰ ਦੀਆਂ
ਜੂਹਾਂ “ ਜਾਂ “ਨਨਕਾਣੇ ਦੀ ਜੂਹ”) ਝੱਟ ਬੇਗਾਨੀ ਹੋ ਗਈ ਜਾਂ ਇਓਂ ਕਹੋ ਕਿ ਉਨ੍ਹਾਂ ਲੋਕਾਂ
(ਸਿੱਖਾਂ ਤੇ ਹਿੰਦੂਆਂ) ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਚੁਕੀ ਸੀ ਜੋ ਬਾਹਗੇ ਪਾਰ ਦੇ ਵਸ਼ਿੰਦੇ ਸਨ।
ਸਹੀ ਹਾਲਾਤ ਦਾ ਖ਼ੁਲਾਸਾ ਖ਼ੁਦ ਕਵੀ ਦੇ ਲਫ਼ਜ਼ਾਂ ਚ ਕੁੱਝ ਐਸਾ ਸੀ: “ਜਾਣੋ ਪਲ ਵਿੱਚ ਹੋ ਗਿਆ ਮਾਂ ਦੇਸ
ਬਿਗਾਨਾ”, “ਅਸੀਂ ਮਾਹੀ ਦਾ ਦੇਸ ਛੱਡ ਚਲੇ, ਅਸੀਂ ਦਰਵੇਸ਼ ਚਲੇ ਦੇਸ ਬੇਗਾਨਿਆਂ”। “ਦੇਸ ਪਰਾਏ ਖ਼ਾਕ
ਦਾ ਓਢਣ ਦਿਸਦਾ ਦੇਸ ਨ ਕੋ”, “ਦੋ ਮਾਵਾਂ ਨੇ ਅੱਥਰੂ ਵਾਰੇ, ਪੰਜ ਨਦੀਆਂ ਨੂੰ ਛੋਹ”, “ਦੇਸ ਬੇਗਾਨੇ
ਦੀ ਮੰਨ ਸਰਦਾਰੀ, ਬਾਰ ਪਰਾਏ ਚ ਹੋਣਾ ਨ ਹੋ”। “ਵਾਹਗੇ ਤੋਂ ਪਾਰ ਦੇ ਦੇਸ ਨੂੰ, ਪਾਕ ਦੀਨ ਦੀ ਅਜਬ
ਬੇਚੈਨ ਤੋੜ ਲੱਗੀ”। ਇਸ “ਅਜਬ ਬੇਚੈਨੀ ਦੀ ਤੋੜ” ਨੇ ਸਭ ਕੁੱਝ ਭਸਮਾਂ ਭੂਸ ਕਰ ਦਿੱਤਾ, ਵੈਰਾਨੀ ਨੇ
ਕੁੱਝ ਨਾ ਛੱਡਿਆ: “ਨਾਂਹ ਉਹ ਹਾਣੀ, ਨਾਂਹ ਉਹ ਪਾਣੀ, ਨਾਂਹ ਉਹ ਫ਼ਜਰਾਂ ਦੀ ਵਾਅ ਵਿੱਚ ਗੌਣ ਵਾਲੇ”;
“ਅਸੀਂ ਮਾਰੇ ਅੱਧੀ ਰਾਤ ਨੂੰ, ਉਮਰਾਂ ਦੇ ਹਾਣੀ”। “ਇਹ ਬਾਜ਼ ਕਹਿਰ ਦੇ ਮੋੜ ਵੇ! “ ਜਾਂ “ਪਾਵੀਂ
ਸ਼ਹੁ ਦਰਿਅਵਾਂ ਨੂੰ ਠਲ੍ਹ ਵੇ! “। ਸਗੋਂ “ਅਖੀਂ ਰੁੰਨੀਆਂ ਹਿਜਰ ਦੇ ਮਾਲਕਾ/ਮਹਿਰਮਾਂ! “ “ਹੰਝੂ
ਕੇਰਦੀ ਨਜ਼ਰ ਰਕਾਨ ਵੇ”। “ਸ਼ਾਹ-ਰਗ਼ ਹੈ ਲਹੂ-ਲੁਹਾਣ ਮਿਰੀ। ਅੱਜ ਹੋ ਗਈ ਤੇਗ਼ ਵੀਰਾਨ ਮਿਰੀ” “ਉੱਜੜ
ਗਿਆ ਝਨਾਂ ਦਾ, ਉਹ ਮੁਲਕ ਪੁਰਾਣਾ”, ਜਾਂ “ਡੁਬਿਆ ਬੁੱਤ ਝਨਾਂ ਦਾ, ਵਿੱਚ ਡੂੰਘੇ ਵਹਿਣਾਂ”। ਅਤੇ,
“ਜੋ ਨਾਗਾਂ ਦੇ ਸਾਹ ਪੀਂਵਦਾ, ਝੁੱਲ ਕੱਪਰ ਰੈਣਾਂ। ਉਹ ਰੁਲਿਆ ਬੁੱਤ ਪੰਜਾਬ ਦਾ ਵਿੱਚ ਡੂੰਗੇ
ਵੈਣਾਂ”। “ਅਸੀਂ ਤੇਗ਼ਾਂ ਛਾਵੇਂ ਤੋੜੀਆਂ, ਵੱਡ ਵਲੀ ਭੁਜਾਵਾਂ। ਨੇੜੇ ਖ਼ੂਨ ਦੇ ਵੇਖਿਆ, ਤਾਂ ਦਿਸੀਆਂ
ਮਾਵਾਂ” ਅਤੇ, “ਮੁੱਢ ਕਦੀਮ ਦੇ ਪੱਤਣੀਂ ਬਹਿ ਮਾਵਾਂ ਰੋਈਆਂ”। ਜਾਂ, ਪ੍ਰੋ. ਪੂਰਨ ਸਿੰਘ ਦੀ ਅੱਖੀਂ
ਬਹਿ ਕੇ ਕਵੀ ਤੱਕਦੈ: “ਪੂਰਨ ਦੇ ਨੈਣ ਤੱਕਦੇ, ਮੁਲਕ ਵੀਰਾਨ ਹੋਇਆ”। ਆਪਣਾ ਪੁਰਾਣਾਂ ਬੀਰ ਰਸੀ
ਭਜੰਗ ਬਲ ਵੀ ਕਵੀ ਦੀ ਸਿਮ੍ਰਿਤੀ (ਯਾਦ) ਚੀਂ ਲੰਘਦਾ: “ਗ਼ਦਰੀ ਬਾਬਿਆ ਜਿੰਦ ਮੁਹਾਲ ਵੇ। ਬੁਰਾ ਦੇਸ
ਪੰਜਾਬ ਦਾ ਹਾਲ ਵੇ। “ “ਰੋਂਦਾ ਮੁਲਖ ਪੰਜਾਬ ਦਾ ਕਰ ਖੜੀਆਂ ਬਾਹਵਾਂ”। ਨਨਕਾਣੇ ਤੋਂ ਵਿਛੋੜੇ ਚ
ਕਵੀ ਦੀ ਦਸ਼ਾ ਹੋਈ: “ਨਨਕਾਣੇ ਤੋਂ ਦੂਰ ਹੋ ਮਨ ਭਰਦਾ ਸਾਡਾ”।
ਪ੍ਰੋ. ਹਰਿੰਦਰ ਸਿੰਘ ਮਹਿਬੂਬ ਆਪਣੇ ਜਨਮ ਅਸਥਾਨ (ਚੱਕ ੨੩੩) ਵਿਖੇ ਸਿਰਫ
ਤਿੰਨ ਸਾਲ ਹੀ ਟਿਕ ਕੇ ਰਹੇ ਕਿਉਂਕਿ ਉਹ ਆਪਣੇ ਪਿਤਾ ਜੀ ਨਾਲ ਉਨ੍ਹਾਂ ਦੀ ਨੌਕਰੀ ਦੀ ਬਦਲੀ ਹੋਣ
ਕਰਕੇ ਅਨੇਕਾਂ ਥਾਵਾਂ ਤੇ ਨਿਵਾਸ ਰਖਦੇ ਰਹੇ। ਕਵੀ ਨੇ ਬਾਰ ਦਾ ਕਾਫੀ ਇਲਾਕਾ ਠੀਕਰੀਵਾਲਾ, ਚੱਕ
ਝੁੱਮਰਾ, ਤਹਿਸੀਲ ਸਮੁੰਦਰੀ, ਅਠਾਰਾਂ ਚੱਕ, ਲਾਇਲ ਪੁਰ ਤੇ ਜੜ੍ਹਾਂਵਾਲਾ ਆਦਿ ਬਚਪਨ ਦੀ ਆਜ਼ਾਦ ਫਿਜ਼ਾ
ਚ ਘੁੰਮਿਆ। ਸਕੂਲੋਂ ਆਉਂਦਿਆਂ ਰਾਹ ਚ ਸਾਥੀ ਹਮ ਜਮਾਤੀਆਂ ਜਿਵੇਂ ਠੁਲੀਵਾਲ਼ਿਆਂ ਦਾ ਪਾਲ, ਲੰਮਾ
ਤਾਰੀ ਆਦਿ ਨਾਲ ‘ਵੱਡੇ ਵਣ` (ਇੱਕ ਰੁੱਖ) ਥੱਲੇ ਬਹਿ ਕੇ ਅਰਾਮ ਕਰਿਆ ਕਰਦੇ ਸਨ। ਮੁਢੱਲੀ ਵਿਦਿਆ
ਦੀਆਂ ਚਾਰ ਜਮਾਤਾਂ ਮਾਸਟਾਰ ਗ਼ਫ਼ੂਰ ਦੇ ਪ੍ਰਾਇਮਰੀ ਸਕੂਲੋਂ (ਪਿੰਡ ਰੋਡੀ ਮੁਹੰਮਦ ਪੁਰਾ, ਚੱਕ ਨੰ.
੨੪) ਪਾਸ ਕਰਕੇ ਕਵੀ ਜੀ ਜੜ੍ਹਾਂਵਾਲਾ ਵੱਡੇ ਸਕੂਲ ਵਿਖੇ ਅਜੇ ਚੜ੍ਹੇ ਹੀ ਸਨ ਕਿ ਪੰਜਾਬ, ਮਾਸਟਰ
ਤਾਰਾ ਸਿੰਘ (ਕਿ ਸਗਲੀ ਸਿੱਖ ਕੌਮ {?} ) ਦੀ ਨਾ-ਲਾਇਕੀ ਕਰਕੇ, ਨਖਿੱਧ ਸਿੱਖ ਕੌਮ ਸੰਨ ਸੰਤਾਲ਼ੀ ਦੀ
ਜੁਗ ਗਰਦੀ ਦਾ ਸ਼ਿਕਾਰ ਹੋ ਜਾਣ ਤੇ ਕਵੀ ਜੀ ਨੂੰ ਪੜ੍ਹਾਈ ਵਿਚੇ ਛੱਡ ਕੇ, ਨੌ ਸਾਲ ਦੀ ਉਮਰੇ
ਹਿੰਦੁਸਤਾਨ ਵਲ ਪਰਤਣਾ ਪੈ ਗਿਆ, ਜਦੋਂ ਮੌਤ ਦਾ ਨਾਚ ਹਰ ਪਾਸੇ ਜ਼ੋਰਾਂ ਤੇ ਸੀ। ਮੌਤ ਦੇ ਪੈਗ਼ਾਮ
ਢੋਲਾਂ ਦੀ ਕੜਕੁੱਟ ਚ ਆ ਰਹੇ ਸਨ। ਕਵੀ ਜੀ ਲਿਖਦੇ ਹਨ:
ਇਸ ਰੋਹੀ ਚੋਂ ਆ ਰਹੀਆਂ ਨੇ
ਮੌਤ ਮਿਰੀ ਦੀਆਂ ਵਾਜਾਂ
ਦੂਰ ਨਗਾਰੇ ਸੂਰਮਿਆਂ ਦੇ
ਗੂੰਜਣ ਸੁਣ ਫ਼ਰਿਆਦਾਂ।
ਕੱਚੇ ਘਰਾਂ ਦੇ ਬੂਹਿਆਂ ਦੇ ਅੱਗੇ
ਰੋਂਦੀਆਂ ਮਾਵਾਂ ਆਈਆਂ
ਕਣਕਾਂ ਪੱਕੀਆਂ ਦੀ ਰੁੱਤੇ ਕਿਉਂ
ਦਰਦ ਉਮਰ ਦੇ ਲਿਆਈਆਂ?
ਸਾਡੇ ਵੱਡੇ ਵਡੇਰਿਆਂ ਤੋਂ ਨੇ
ਮਿਰਗਾਂ ਨਾਲ ਯਰਾਨੇ
ਮਾਵਾਂ ਰੋਹੀਆਂ ਨੂੰ ਨਾ ਛੱਡ ਕੇ
ਵਸਨਾ ਦੇਸ ਬਿਗਾਨੇ।
‘ਮਾਏ ਕਣੀ ਪਿਆਰ ਦੀ ਨਿੱਕੀ
ਨੈਣ ਨਿਮਾਣੇ ਦੋਏ`
ਮਾਂ ਦੇ ਤਰਸ ਦੇ ਖੰਭ ਨਿਤਾਣੇ
ਦੇਖ ਬੱਚੜੇ ਰੋਏ।
ਸੂਰਜ ਪਰਾਂ ਤੇ ਪਾਣੀ ਲਾਏ
ਜਦ ਪਰਦੇਸੋਂ ਚੱਲੀ
ਵਤਨਾਂ ਦੇ ਵਿੱਚ ਰੌਲੇ ਮਚੇ
ਕੂੰਜ ਨਿਮਾਣੀ ਕੱਲੀ। (ਸਫਾ ੨੦ ‘ਵਣ ਵੈਰਾਗ`)
ਆਪ ਦੇ ਪਿਤਾ ਜੀ ਡਾਕਟਰ ਹੋਣ ਦੇ ਨਾਲ ਨਾਲ ਸ਼ਾਇਰ ਵੀ ਸਨ। ਆਪਣੇ ਨਾਮ ਨਾਲ
“ਸ਼ਾਮ” ਤਖੱਲਸ ਲਾਉਂਦੇ ਸਨ ਜਿਸ ਕਰਕੇ ਪੂਰਾ ਨਾਮ ਡਾ. ਉਜਾਗਰ ਸਿੰਘ “ਸ਼ਾਮ” ਸੀ। “ਸ਼ਾਮ” ਜੀ ਨੇ
ਆਪਣੀ ਮੁਢਲੀ ਵਿਦਿਆ ਮਿਡਲ ਸਕੂਲ ਜੜ੍ਹਾਂਵਾਲਾ ਤੋਂ ਮੁਹੱਈਆ ਕੀਤੀ ਸੀ। ਆਪ ਜੀ ਫਰੋਜ਼ ਦੀਨ ‘ਸ਼ਰਫ`
ਆਦਿ ਸ਼ਾਇਰਾਂ ਨਾਲ ਕਵੀ ਦਰਬਾਰਾਂ ਵਿੱਚ ਕਵਿਤਾ ਪੜ੍ਹਿਆ ਕਰਦੇ ਸਨ। ਖਟਕੜ ਕਲਾਂ ਵਾਲੇ ਭਗਤ ਸਿੰਘ,
ਕਵੀ ਦੇ ਪਿਤਾ ਜੀ ਦੇ ਜੜ੍ਹਾਂਵਾਲੇ ਸਕੂਲ਼ੇ ਹਮਜਮਾਤੀ ਸਨ। “ਸ਼ਾਮ” ਜੀ ਨੇ ਆਪਣਾ ਪੰਜ-ਭੌਤਿਕ ਚੋਲਾ
੦੧/੦੮/੧੯੭੯ ਈ. ਨੂੰ ਤਿਆਗਿਆ।
ਕਵੀ ਹਰਿੰਦਰ ਸਿੰਘ ਜੀ ਦੇ ਮਾਤਾ ਜੀ ਸਵੇਰ ਵੇਲੇ ਕੁੱਝ ਕਵਿਤਾ ਦੀਆਂ ਸਤਰਾਂ
ਪਰਵਾਰ ਅਤੇ ਬੱਚਿਆਂ ਨੂੰ ਗਾ ਕੇ ਸੁਣਾਇਆ ਕਰਦੇ ਸਨ। ਕਵੀ ਜੀ ਨੂੰ ਧਾਰਮਿਕ ਵੀਚਾਰਾਂ ਦੀ ਲਾਗ ਵੀ
ਆਪਣੇ ਮਾਤਾ ਜੀ ਤੋਂ ਲੱਗੀ। ਆਪਣੇ ਮਾਤਾ ਜੀ ਵਾਰੇ ਕਵੀ ਜੀ ਲਿਖਦੇ ਹਨ ਕਿ “ਮੇਰੀ ਮਾਂ, ਸੰਤ ਅਤਰ
ਸਿੰਘ ਮਸਤੂਆਣੇ ਵਾਲਿਆਂ ਦੀ ਬਹੁਤ ਹੀ ਸ਼ਰਧਾਲੂ ਸੀ ਤੇ ਸਾਡਾ ਸਾਰਾ ਖਾਨਦਾਨ ਸੰਤ ਅਤਰ ਸਿੰਘ ਜੀ ਨੂੰ
ਪਿਆਰ ਕਰਦਾ ਸੀ”। ਦਰ ਅਸਲ, ਕਵੀ ਜੀ ਦੀ ਮਾਤਾ ਇੱਕ ਸੰਪੂਰਣ ਇਸਤਰੀ ਸੀ, ਜੋ ਦੇਸ਼-ਭਗਤੀ, ਸਿੱਖੀ
ਸਿਦਕ, ਕਰੁਣਾ, ਮਮਤਾ, ਸਾਦਗੀ, ਸੰਜਮ ਤੇ ਸਹਿਣਸ਼ੀਲਤਾ ਦਾ ਮੁਜੱਸਮਾ ਸੀ। ਸ. ਉਜਾਗਰ ਸਿੰਘ ਜੀ ਨੂੰ
ਆਪਣੀ ਪਤਨੀ ਦੇ ਅਨੇਕਾਂ ਉਚੇ ਗੁਣਾਂ ਦੀ ਕਦਰ ਸੀ। ਉਨ੍ਹਾਂ ਨੇ ਮਿਥਿਹਾਸਕ (ਹਿੰਦੂ) ਪਾਤਰ ਅੰਜਨਾ
ਦੇਵੀ (ਰਾਜੇ ਪਵਨ ਦੀ ਪਤਨੀਅਤੇ ਹਨੂੰਮਾਨ ਦੀ ਮਾਂ) ਉਪਰ ਕਿੱਸਾ ਵੀ ਲਿਖਿਆ ਸੀ, ਜੋ ਬਾਲ ਹਰਿੰਦਰ
ਸਿੰਘ ਮਹਿਬੂਬ ਨੂੰ ਟੁੰਬਦਾ ਤੇ ਪੋਂਹਦਾ ਸੀ। ਔਰਤਾਂ ਦੇ ਇਨ੍ਹਾਂ ਗੁਣਾਂ ਦੇ ਕਦਰਦਾਨ ਡਾ. ਬਲਵਿੰਦਰ
ਕੌਰ ‘ਬਰਿਆਣਾ` ਦੇ ਲਫਜ਼ਾਂ ਵਿੱਚ ਕਵੀ ਜੀ ਦਾ ‘ਨਿੱਕੜੀ ਉਮਰੇ ਆਪਣੀ ਮਾਤਾ ਦਾ ਵੱਡੜਾ ਸਾਥ` ਉਸ ਦੇ
ਅਨੇਕਾਂ ਨਾਇਕਾਂ ਤੇ ਨਾਇਕਾਵਾਂ ਦੀਆਂ ਰਮਜ਼ਾਂ ਵਿੱਚ ਛੁਪਿਆ ਜ਼ਾਹਰਾ ਦਿਸਦਾ ਹੈ। ਮਾਤਾ ਜਗੀਰ ਕੌਰ ਜੀ
ਦਾ ਵੱਡੜਾ ਸਾਥ ਕਵੀ ਜੀ ਕੋਲੋਂ ਉਦੋਂ ਖੁਸ ਗਿਆ ਜਦ ੧੩/੦੬/੨੦੦੪ ਨੂੰ ਮਾਤਾ ਨੇ ਆਪਣੀ ਪੰਜ-ਭੌਤਿਕ
ਮਿੱਟੀ ਦੀ ਮੜੋਲੀ ਨੂੰ ਤਿਆਗਿਆ। ਪ੍ਰੋ. ਮਹਿਬੂਬ ਨੇ ਆਪਣੀ ਮਾਤਾ ਦੀ ਮਸਤੂਆਣੇ ਦੇ ਸਰੋਵਰ ਵਿੱਚ
ਇਸ਼ਨਾਨ ਕਰਨ ਦੀ ਅੰਤਮ ਇੱਛਾ ਆਪਣੇ ਭਰਾ ਮੱਘਰ ਸਿੰਘ ਤੇ ਉਸ ਦੀ ਨੂੰਹ, ਜੋ ਮਾਤਾ ਦੀ ਸੇਵਾ ਕਰਦੀ
ਸੀ, ਰਾਹੀਂ ਪੁਰੀ ਕਰੁਆਈ। ਮਾਤਾ ਦੇ ਚਲਾਣੇ ਦੇ ਪਾਠ ਦੇ ਭੋਗ ਦੇ ਅਵਸਰ ਨੂੰ ਸ਼ਾਇਰਾਂ, ਸ਼ਹੀਦਾਂ ਤੇ
ਸਾਹਿੱਤਕਾਰਾਂ ਦੇ ਕਦਰਦਾਨ ਅਤੇ ਕੀਰਤਨ ਤੇ ਨਾਮ ਦੇ ਰਸੀਏ ਸੰਤ ਹਰਚਰਨ ਸਿੰਘ ਜੀ (ਪਿੰਡ ਰੂਪੋਆਲ਼
ਰਮਦਾਸ ਪੁਰ, ਜ਼ਿਲਾ ਹੋਸ਼ਿਆਰ ਪੁਰ) ਨੇ ਹਾਜ਼ਰੀ ਭਰ ਕੇ ਇਸ ਸਦਮੇ ਮੌਕੇ ਕਵੀ ਦੀ ਹੌਸਲਾ ਅਫ਼ਜ਼ਾਈ ਕੀਤੀ
ਸ਼ਾਇਰੀ ਦੀ ਗੁੜ੍ਹਤੀ ਕਵੀ ਜੀ ਨੂੰ ਊਂਨ੍ਹਾਂ ਦੇ ਮਾਤਾ ਪਿਤਾ ਕੋਲੋਂ ਵਿਰਸੇ ਚ ਨਸੀਬ ਹੋਈ। ੧੯੪੭ ਈ.
ਦੀ ਜੁਗ ਗਰਦੀ ਦੇ ਸਿੱਟੇ ਵਜੋਂ ਬੇ-ਵਤਨ ਹੋਣ ਦੀ ਅਵੱਲੜੀ ਦਿਲ ਪੀੜਾ ਨੇ ਕਵੀ ਦੇ ਦਿਲ ਚ ਧੁਖਦੀ ਤੇ
ਮਘਦੀ ਚੰਗਿਆੜੀ ਨੂੰ ਭਖਣ ਲਈ ਬਲ਼ਦੀ ਉਪਰ ਤੇਲ ਦਾ ਕੰਮ ਕੀਤਾ ਤੇ ਇਸ ਨੂੰ ਜਿਸ ਨੇ ਅਗਾਂਹ ਨਾ ਬੁਝਣ
ਵਾਲੀ ਚੁਆਤੀ ਲਾ ਕੇ ਓਜਮਈ ਕਾਵਿਕ ਗੁਣਾਂ ਨੂੰ ਪਰਜਵੱਲਤ ਕਰਕੇ ਕਾਵਿਕ ਤੇ ਵਾਰਤਕ ਦੋਹਾਂ ਰੂਪਾਂ ਚ
ਮੂਰਤੀਮਾਨ ਹੋਣ ਵਾਲ਼ੀ ਸਾਹਿੱਤਿਕ ਰਚਨਾ ਦੇ ਭਾਂਬੜ ਵਿੱਚ ਬਦਲ ਦਿੱਤਾ।
ਚੱਕ ਨੰ. ੨੩੩ ਬਹੁਤ ਖੂਬਸੂਰਤ ਤੇ ਰਮਣੀਕ ਥਾਂ ਉਪਰ ਵਸਿਆ ਹੋਇਆ ਸੀ। ਇਥੇ
ਬੜੇ ਸੁਹਾਣੇ ਰੁਖ ਸਨ, ਜਿਵੇਂ ‘ਵਣ` (ਜਿਸ ਦੇ ਤਲਵਾਰ ਦੀ ਸ਼ਕਲ ਦੇ ਪੱਤੇ ਸਨ ਤੇ ਜਿਸ ਨੂੰ ਮਿੱਠੀਆਂ
ਪੀਲੂ ਲਗਦੀਆਂ ਸਨ), ਕਿੱਕਰ, ਕਰੀਰ, ਟਾਹਲੀ, ਫ਼ਰਮਾਂਹ ਜਾਂ ਪਿਲਸੀ ਜਿਸ ਦੇ ਡੇਢ ਡੇਢ ਗਿੱਠ ਲੰਮੇ
ਦੇ ਵਾਲਾਂ ਵਰਗੇ ਪੱਤੇ ਸਨ। ਜਦ ਹਵਾ ਵਗਣੀ ਤਾਂ ਇਨ੍ਹਾਂ ਪਤਿਆਂ ਨੇ ਡਾਢੀ ਹੀ ਮਹੀਨ ਪਰ ਸੁਰੀਲ਼ੀ
ਆਵਾਜ਼ ਪੈਦਾ ਕਰਕੇ ਇੱਕ ਤਰ੍ਹਾਂ ਦਾ ਸੰਗੀਤ ਫਿਜ਼ਾ ਵਿੱਚ ਘੋਲ ਦੇਣਾਂ, ਕਿ ਜਿਨ੍ਹਾਂ ਰੱਬੀ ਦਾਤਾਂ ਦੀ
ਕਦਰਦਾਨੀ ਤੇ ਸ਼ੁਕਰਗੁਜ਼ਾਰੀ ਸਿੱਖੀ ਹੈ ਉਨ੍ਹਾਂ ਬਹੁਤ ਸਕੂਨ ਪਾਉਣਾ। ਪਿੰਡ ਦੇ ਚੜ੍ਹਦੇ ਪਾਸਿਓਂ
ਨਹਿਰ ‘ਰੱਖ` ਬ੍ਰਾਂਚ ਅਤੇ ਲਹਿੰਦੇ ਪਾਸਿਓਂ ‘ਗਗੇਰਾ` ਬ੍ਰਾਂਚ ਲੰਘਦੀਆਂ ਸਨ। ਰੇਲ ਗੱਡੀ ਦੀ ਲਾਈਨ
ਵੀ ‘ਰੱਖ` ਬ੍ਰਾਂਚ ਦੇ ਲਾਗਿਓਂ ਦੀ ਗੁਜ਼ਰਦੀ ਸੀ ਜਿਹੜੀ ਲਾਹੌਰ ਤੋਂ ਨਨਕਾਣਾ ਸਾਹਿਬ ਹੁੰਦੀ ਹੋਈ
ਲਾਇਲਪੁਰ ਵਿਚੀਂ ਅੱਗੇ ਜਾਂਦੀ ਸੀ। ਏਥੇ ਦੀ ਇਕ ਹੋਰ ਖ਼ਸਲਤ ਗ਼ਰੀਬ ਦਾਸ ਦਾ ਡੇਰਾ ਸੀ ਜਿਹੜਾ ਜਾੜਾਂ,
ਬੂਝਿਆਂ, ਸਲਵਾੜਾਂ, ਕਾਨਿਆਂ ਆਦਿ ਨਾਲ਼ ਘਿਰਿਆ ਹੋਇਆ ਸੀ ਜਿਥੇ ਆਮ ਗਵੱਈਏ ਤੇ ਕਵਾਲੀ ਗਵੱਈਏ, ਦੀਨਾ
ਨਾਥ ਕਵਾਲ ਆਦਿ, ਰਾਸਧਾਰੀਏ ਤੇ ਗ਼ਜ਼ਲਾਂ ਗਾਉਣ ਵਾਲ਼ੇ ਕਲਾਕਾਰ ਆਮ ਆਪਣੀ ਕਲਾ ਦਾ ਜੌਹਰ ਦਿਖਾਉਂਦੇ
ਹੁੰਦੇ ਸਨ। ਇਥੇ ਹੀ ਨਹਿਰੋਂ ਪਾਰ ਨਾਲ਼ ਲਗਦੇ ਜ਼ਿਲਾ ਸ਼ੇਖੂਪੁਰੇ ਦੇ ੧੯ ਚੱਕ ਵਿਖੇ ਪ੍ਰੋ. ਪੂਰਨ
ਸਿੰਘ ਨੇ ਨੌਕਰੀ ਦੌਰਾਨ ੧੯੧੨ ਈ. ਤੋਂ ੧੯੩੧ ਈ. ਤੱਕ ਰੋਸ਼ਾ ਘਾਹ ਦੇ ਸਰਕਾਰੀ ਫਾਰਮ ਵਿਖੇ ਕਿਆਮ
ਰੱਖਿਆ, ਜਿਥੇ ਉਨ੍ਹਾਂ ਨੇ ਆਪਣੀਆਂ ਪ੍ਰਸਿੱਧ ਕਿਤਾਬਾਂ ਰਚੀਆਂ ਸਨ।
ਚੱਕ ੧੯ ਜਾਂਗਲੀ (ਜਾਂ ਆਦਿ ਵਾਸੀ) ਲੋਕਾਂ ਦਾ ਪਿੰਡ ਸੀ। ਕਵੀ ਉਪਰ ਇਸ
ਇਲਾਕੇ ਦੀਆਂ ਤੰਦਰੁਸਤ ਤੇ ਸੁੰਦਰ ਜਾਂਗਲੀ ਕੁੜੀਆਂ ਅਤੇ ਮੁੰਡਿਆਂ ਦੇ ਰਸਭਿੰਨੇ ਨੈਣ ਨਕਸ਼ਾਂ, ਸਡੌਲ
ਤਕੜੇ ਜਿਸਮਾਂ ਅਤੇ ਚਰਿੱਤਰ ਦਾ ਅਮਿਟ ਪ੍ਰਭਾਵ ਉਸ ਦੀ ਕਵਿਤਾ ਚ ਵੰਨ ਸੁਵੰਨੇ ਰੂਪ ਵਟਾ ਵਟਾ ਵਾਰ
ਵਾਰ ਆਉਂਦਾ ਨਜ਼ਰ ਪੈਂਦਾ ਹੈ।
ਕਵੀ ਜੀ ਨੇ ਆਪਣਾ ਪਿੰਡ ੧੯੪੭ ਈ. ਚ ਸਦਾ ਲਈ ਛੱਡਣ ਤੋਂ ਪਹਿਲਾਂ ਨੌ ਸਾਲ
ਦੀ ਉਮਰ ਤੱਕ ਦੋ ਵਾਰ ਨਨਕਾਣਾਂ ਸਾਹਿਬ ਦੀ ਜ਼ਿਆਰਤ ਕੀਤੀ ਸੀ। ਮਗਰੋਂ ਕਵੀ ਜੀ ਉਮਰ ਪਰਯੰਤ ਨਨਕਾਣੇ
ਦੀ ਵਾਰ ਵਾਰ ਜ਼ਿਆਰਤ ਕਰਦੇ ਰਹੇ। ਨਨਕਾਣੇ ਤੋਂ ਹੀ ਕਵੀ ਜੀ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਬਚਪਨ ਦੀ
ਵਰੇਸ ਵਿੱਚ ਵਿਧਾਤਾ ਸਿੰਘ “ਤੀਰ” ਜੀ ਦਾ ਮਹਾਂਕਾਵਿ “ਦਸ਼ਮੇਸ਼ ਦਰਸ਼ਣ” ਖਰੀਦ ਕੇ ਦਿਤਾ ਸੀ। ਕਵੀ ਜੀ
ਦਾ ਨਨਕਾਣਾਂ ਸਾਹਿਬ ਨਾਲ਼ ਧੁਰ ਅੰਤਰ-ਆਤਮੈ ਬੜਾ ਭਾਵੁਕ ਤੇ ਸਨੇਹ ਭਰਪੂਰ ਨਾਤਾ ਜੁੜਿਆ ਰਿਹਾ।
ਉਂਨ੍ਹਾਂ ਇੱਕ ਵਾਰ ਆਪਣੇ ਪਿਤਾ ਨਾਲ ਜਾਂਦੇ ਉਨ੍ਹਾਂ ਦੇ ਸਾਥੀ ਦੋਸਤ ਸੰਤ
ਸਿੰਘ (ਡਾ. ਗੁਰਤਰਨ ਸਿੰਘ ਦੇ ਪਿਤਾ) ਦੇ ਸਾਈਕਲ ਪਿੱਛੇ ਬੈਠ ਕੇ ਮਿਰਜ਼ੇ ਦਾ ਪਿੰਡ ਦਾਨਾਬਾਦ ਵੀ
ਵੇਖਿਆ ਸੀ। ਉਦੋਂ ਮਿਰਜ਼ੇ ਦਾ ਜੰਡ ਹਰਾ ਭਰਾ ਸੀ ਜਦ ਕਿ ਹੁਣ ਡਿਗ ਚੁਕਾ ਹੈ। ਆਪ ਦੇ ਪ੍ਰਾਇਮਰੀ
ਸਕੂਲ ਦੇ ਉਸਤਾਦ ਅਬਦੁਲ ਗ਼ਫੂਰ ਨੂੰ ਕਵੀ ਜੀ ਨੇ ਅੰਗ਼ਰੇਜ਼ੀ ਦੇ ਪ੍ਰੋਫੈੱਸਰ ਬਣਨ ਤੋਂ ਮਗਰੋਂ ਪਿਆਰ
ਭਰੀ ਚਿੱਠੀ ਲਿਖੀ ਸੀ, ਜਿਸ ਨੂੰ ਪੜ੍ਹ ਕੇ ਉਸਤਾਦ ‘ਗ਼ਫੂਰ` ਜੀ ਦੋ ਵਾਰ ਰੋਏ। ਜਦ ਉਸੇ ਸਕੂਲ ਦੇ
ਵਿਦਿਆਥੀਆਂ ਨੂੰ ਸਨੇਹ ਭਰੀ ਚਿੱਠੀ ਦਿਖਾਈ ਤਾਂ ਉਹ ਵੀ ਰੋਏ।
੧੯੪੭ ਈ. ਦੀ ਜੁਗ ਗਰਦੀ ਦੇ ਇਸ ਹੌਲਨਾਕ ਸਾਕੇ ਦਾ ਕਵੀ ਜੀ ਦੇ ਕੋਮਲ ਚਿੱਤ
ਤੇ ਗੂੜ੍ਹਾ ਪ੍ਰਭਾਵ ਪਿਆ, ਜਿਹੜਾ ਉਨ੍ਹਾਂ ਦੀ ਇੱਕ ਇੰਟਰਵੀਊ ਚੋਂ ਵਾਜ਼ਹ (ਜ਼ਾਹਰ) ਹੁੰਦਾ ਹੈ। ਆਪ
ਕਹਿੰਦੇ ਹਨ: “ਅਸੀਂ ਦੋ ਸੌ ਤੇਤੀ (੨੩੩) ਚੱਕ ਨੂੰ ਸਤੰਬਰ ਦੇ ਮਹੀਨੇ ਰਾਤ ਦੇ ਸਮੇਂ ਸਦਾ ਲਈ ਛੱਡ
ਦਿਤਾ। ਸਾਡੇ ਘਰ ਦੇ ਸਾਹਮਣੇ (ਡਾ.) ਗੁਰਤਰਨ (ਸਿੰਘ) (ਸੇਵਾ-ਮੁਕਤ ਪ੍ਰੌਫੈੱਸਰ,
ਪੰਜਾਬੀ ਯੂਨਵਿਰਸਿਟੀ, ਪਟਿਆਲਾ, ਤਿਰਛੇ ਅਲਫ਼ਾਜ਼ ਮੇਰੇ ਹਨ) ਦਾ ਰਾਗੀ ਪਿਤਾ ਕੋਈ ਰਹੱਸਮਈ ਸਾਜ਼
ਵਜਾ ਰਿਹਾ ਸੀ ਜਿਸ ਨੂੰ ਸੁਣਦਿਆਂ ਮੱਲੋ-ਮੱਲੀ ਸਾਡੀਆਂ ਅੱਖਾਂ ਚ ਹੰਝੂ ਉਮਲਦੇ ਸਨ। ਉਸ ਅਲਬੇਲੇ
ਇਨਸਾਨ ਨੇ ਆਪਣੇ ਰੂਹਾਨੀ ਦੇਸ਼ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਵੀਹ ਦਿਨਾਂ ਪਿੱਛੋਂ
ਆਪਣੇ ਖੇਤਾਂ ਦੇ ਨੇੜੇ ਹੀ ਸ਼ਹੀਦ ਹੋ ਗਿਆ ਸੀ। ਪਿੰਡ ਨੂੰ ਛੱਡਦਿਆਂ ਸਾਡੇ ਹਰ ਘਰ ਨੇ ਮੱਝਾਂ ਤੇ
ਗਾਈਆਂ ਦੇ ਸੰਗਲ ਖੋਲ੍ਹ ਦਿਤੇ ਸਨ। ਪਿੰਡ ਵਿੱਚ ਸੌ ਕੁ ਹਥਣੀਆਂ ਵਰਗੀਆਂ ਮੱਝਾਂ ਸਨ। ਇਸ ਸੰਬੰਧ
ਵਿੱਚ ਤੀਸਰੇ ਦਿਨ ਇੱਕ ਅਜਿਹਾ ਚਮਤਕਾਰ ਵਾਪਰਿਆ ਜਿਸ ਦੀ ਦਾਸਤਾਨ ਹੰਝੂਆਂ ਤੋਂ ਵੀ ਡੂੰਘੀ ਹੈ।
ਮੇਰੇ ਚਾਚਾ ਜੀ ਸ਼ੰਕਰ (ਚੱਕ ੨੩੩ ਤੋਂ ੩ ਕਿਲੋਮਟਿਰ) ਤੋਂ ਮੁੜ ਪਿੰਡ ਦੇਖਣ ਦੀ ਤੜਪ ਲੈ ਕੇ ਜਦ ਦੋ
ਸੌ ਤੇਤੀ ਚੱਕ ਪਹੁੰਚੇ ਤਾਂ ਪਿੰਡ ਦੀਆਂ ਮੱਝਾਂ, ਗਊਆਂ, ਵੱਛੇ, ਵੱਛੀਆਂ ਅਤੇ ਕਟਰੂਆਂ ਦਾ ਵੱਡਾ
ਵੱਗ ਮੇਰੇ ਚਾਚਾ ਜੀ ਦੇ ਪਿੱਛੇ ਲੱਗ ਤੁਰਿਆ। ਹਰ ਪਸ਼ੂ ਦੀ ਅੱਖ ਵਿਚੋਂ ਪਰਲ ਪਰਲ ਹੰਝੂ ਵਗ ਰਹੇ ਸਨ
ਅਤੇ ਚਾਚਾ ਜੀ ਦੇ ਮੋੜਿਆਂ ਵੀ ਮੁੜਦੇ ਨਹੀਂ ਸਨ। ਨਹਿਰ ਦੇ ਪੁਲ ਤੱਕ ਪਸ਼ੂ ਰੋਂਦੇ ਹੋਏ ਚਾਚਾ ਜੀ ਦੇ
ਪਿੱਛੇ-ਪਿੱਛੇ ਆ ਰਹੇ ਸਨ। ਅੰਤ ਬੇਵਸੀ ਵਿੱਚ ਪੁਲ ਦੇ ਨੇੜੇ ਪਹੁੰਚ ਕੇ ਪਸ਼ੂਆਂ ਨੂੰ ਵੀ ਕਿਸੇ
ਪ੍ਰਾ-ਸਰੀਰਕ ਦੁਖਾਂਤ ਦੀ ਸਮਝ ਆ ਗਈ ਅਤੇ ਉਥੇ ਹੀ ਖਲੋ ਕੇ ਸਾਰਾ ਵੱਗ ਰੋਂਦਾ ਰਿਹਾ। ਅਸੀਂ ਗੱਡੇ
ਜੋੜ ਕੇ ਬੈਲ਼ਾਂ ਦੀਆਂ ਟੱਲੀਆਂ ਲਾਹ ਕੇ ਨਹਿਰ ਵੱਲ ਨੂੰ ਇਸ ਤਰ੍ਹਾਂ ਤੁਰ ਪਏ ਜਿਵੇਂ ਧੀ ਆਪਣੇ ਪੇਕੇ
ਘਰ ਤੋਂ ਵਿੱਛੜਦੀ ਹੈ। ਅਸੀਂ ਤਿੰਨ ਕਿਲੋਮੀਟਰ ਦੇ ਫਾਸਲੇ ਤੇ ਸ਼ੰਕਰ ਪਿੰਡ ਪੁਜੇ। ਪਿੰਡ ਦੇ ਲੋਕਾਂ
ਨੇ ਸਾਨੂੰ ਰੱਜ ਕੇ ਮਿਹਣੇ ਮਾਰੇ ਕਿ “ਕਾਇਰਾਂ ਵਾਂਗ ਕਿਉਂ ਪਿੰਡ ਛੱਡ ਆਏ ਹੋ”? ਕਵੀ ਜੀ ਵਾਲਾ ਇਹ
੭੨ ਪਿੰਡਾਂ ਦਾ ਕਾਫਲਾ ਇੱਕ ਮਹੀਨਾ ਸ਼ੰਕਰ ਰਹਿਣ ਪਿੱਛੋਂ ਅਗਾਂਹ ਤੁਰਿਆ। ਸ਼ੰਕਰ ਰਹਿੰਦਿਆਂ
ਮੁਸਲਮਾਨਾਂ ਨੇ ਢੋਲ ਵਜਾ ਕੇ
ਨੌਬਤ ਵੱਜੀ ਜਦੋਂ ਤੋਂ ਦਿਲ ਧੜਕੇ ਮੇਰਾ।
ਤੱਕਿਆ ਰਾਹ ਨਾਬੂਦ ਤੇ, ਪਰਛਾਵਾਂ ਤੇਰਾ।
ਨਿਮਮੋਝੂਣ ਹੋ ਬੈਠੀਆ
ਸਿਰ ਸੁੱਟ ਰਕਾਨਾਂ, (ਰਕਾਨਾਂ= ਮੁਟਿਆਰਾਂ)
ਕਾਲੇ ਜਲ ਚੋਂ ਉਠ ਕੇ
ਕੁਰਲਾਉਂਦੀਆਂ ਜਾਨਾਂ,
ਅੱਧੀ ਰਾਤ ਨੂੰ ਕੂਕੀਆਂ
ਚਹੁੰ ਕੁੰਟ ਜੀਰਾਣਾਂ;
ਸੰਸਾ ਫੜਿਆ ਜਿੰਦ ਨੇ, ਨਾ ਸਾਬਤ ਜੇਰਾ।
ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ।
ਵਹਿ ਗਿਆ ਲਹੂ ਦੇ ਪਾਣੀਏ, ਦਰਵੇਸ਼ ਦਾ ਡੇਰਾ
ਨੌਬਤ ਵੱਜੀ ਜਦੋਂ ਤੋਂ, ਦਿਲ ਧੜਕੇ ਮੇਰਾ।
ਵੱਡੇ ਤੜਕੇ ਰੋਂਦੀਆਂ
ਭਰ ਨੀਰ ਰਕਾਨਾਂ
“ਬਾਗਾਂ ਵਿੱਚ ਖੇਡ ਕੇ
ਤੁਰ ਜਾਏਂ ਜੁਆਨਾਂ”
ਟਿੱਲੇ ਤੇ ਬਹਿ ਦੇਂਵਦੇ,
ਮੇਰੇ ਯਾਰ ਅਜ਼ਾਨਾਂ
(ਆਖ਼ਰੀ ਸ਼ਾਮ)
ਪਿੰਡ ਦੇ ਬਾਹਰਲੇ ਪਾਸਿਓਂ ਇੱਕ ਤਕੜਾ ਹਮਲਾ ਕੀਤਾ ਜੋ ਸਿੱਖਾਂ ਨੇ ਪੂਰੀ
ਤਾਕਤ ਨਾਲ਼ ਖਦੇੜ ਦਿਤਾ ਸੀ। ਲਾਉਕੇ ਤੋਂ ਫਲਾਹੀਵਾਲਾ ਪਹੁੰਚਣ ਤੇ ਇਸ ਵੱਡੇ ਕਾਫਲੇ ਤੇ ਦੂਜਾ ਤੇ ਸਭ
ਤੋਂ ਸ਼ਕਤੀਸ਼ਾਲੀ ਹਮਲਾ ਹੋਇਆ। ਜਦੋਂ ਮੁਸਲਮਾਨਾਂ ਦੇ ਕਾਫਲੇ ਨੇ ਕਮਾਦਾਂ ਵਿੱਚ ਪੋਜ਼ੀਸ਼ਨਾਂ ਲੈ ਲਈਆਂ
ਸਨ, ਅਤੇ ਹਮਲੇ ਦੀ ਸਭ ਤਿਆਰੀ ਮੁਕੰਮਲ ਸੀ (ਨਿੰਮੋਝੂਣ ਨੇ ਬੈਠੀਆਂ ਸਿਰ ਸੱਟ ਰਕਾਨਾਂ, ਕਾਲੇ ਜਲ
ਚੋਂ ਉੱਠ ਕੇ ਕੁਰਲਾਉਂਦੀਆਂ ਜਾਨਾਂ।) ਤਾਂ ਉਨ੍ਹਾਂ ਬੜਾ ਮਾਰੂ ਹਮਲਾ ਕੀਤਾ। ਚੰਗੇ ਭਾਗਾਂ ਨੂੰ
ਪੁਰਾਣੇ ਸੇਵਾ-ਮੁਕਤ ਫੌਜੀ ਸਿਖਾਂ ਦੀ ਦਲੇਰੀ ਤੇ ਹੋਸ਼ਿਆਰੀ ਨਾਲ਼, ਕਵੀ ਜੀ ਨੇ ਦੱਸਿਆ ਕਿ “ਅਸੀਂ ਬਚ
ਗਏ ਅਤੇ ਮੁਸਲਮਾਨਾਂ ਨੂੰ ਮੂੰਹ-ਤੋੜਵਾਂ ਜਵਾਬ ਦਿਤਾ”। ਜਦ ਮੁਸਲਮਾਨ ਢੋਲ ਵਜਾ ਵਜਾ ਕੇ ਤੇ ਨਾਅਰੇ
ਲਾ ਲਾ ਕੇ ਹਮਲੇ ਕਰਦੇ ਸਨ ਅਤੇ ਸਾਡੇ ਸੇਵਾ-ਮੁਕਤ ਫੌਜੀਆਂ ਵਲੋਂ ਸੂਰਮਗਤੀ ਦੇ ਜੌਹਰ ਦਿਖਾਏ ਜਾਣ
ਤੇ ‘ਫਲਾਹੀਵਾਲਾ ਦੀ ਜੰਗ` ਸਮੇਂ ੧੮ਵੀਂ ਸਦੀ ਦੀ ਯਾਦ ਤਾਜ਼ਾ ਹੋ ਜਾਂਦੀ ਸੀ। ਸਿੰਘਾਂ ਦੇ ਇਸ ਜੰਗ
ਜਿੱਤਣ ਤੋਂ ਬਾਦ ਗੋਰਖਾ ਮਿਲਟਰੀ ਵੀ ਆ ਪਹੁੰਚੀ। ਕਵੀ ਜੀ ਨੇ ਦੱਸਿਆ ਕਿ ਆਪ ਜੀ ਨੇ ਵੇਦਨਾ ਦੇ ਐਨੇ
ਰੂਪ ਦੇਖੇ ਕਿ ਸਦੀਆਂ ਦੇ ਦੁਖਾਂਤ ਵੀ ਉਨ੍ਹਾਂ ਨੂੰ ਗਿਣ ਨਹੀਂ ਸਕਦੇ ਕਿਉਂਕਿ ਕਵੀ ਜੀ ਉਨ੍ਹਾਂ ਦਾ
ਸੰਬੰਧ ‘ਰੂਹ ਦੇ ਸਫਰ ਨਾਲ਼` ਦੇਖਦੇ ਹਨ। ਡਾ. ਬਲਵਿੰਦਰ ਕੌਰ ਕੁੱਝ ਇਸ ਤਰ੍ਹਾਂ ਲਿਖਦੇ ਹਨ: ੧੪
ਅਗਸਤ ੧੯੪੭ ਦੀ ਕੁਲਹਿਣੀ ਰਾਤ ਨੂੰ ਮਸਾਂ ਨੌ ਕੁ ਵੱਜੇ ਹੋਣਗੇ ਕਿ ਕਵੀ (ਕਿ ਸਾਰੀ ਸਿੱਖ ਕੌਮ) ਨੂੰ
ਬਾਰ ਦਾ ਇਲਾਕਾ ਝੱਟ ਛੱਡਣਾਂ ਪਿਆ। ਕਤਲੋ-ਗ਼ਾਰਤ ਦਾ ਸ਼ੂਕਦਾ ਤੂਫ਼ਾਨ ਕਵੀ ਦੇ ਹਿਰਦੇ ਨੂੰ ਛਲਣੀ ਕਰ
ਗਿਆ। ਕੁਹਰਾਮ ਦੀ ਸਿਖਰ ਨਾਲ ਕਵੀ ਦੀ ਵੇਦਨਾ ਲਹੂ ਲੁਹਾਣ ਹੋ ਗਈ। ਉੱਜੜੇ ਅਤੇ ਖਿੰਡੇ ਹੋਏ
ਦਿਸਹੱਦੇ, ਰੁਖਾਂ ਚ ਫਸੇ ਹੋਏ ਨਾਰੀਤਵ ਦੀਆਂ ਇਸਮਤਾਂ (ਇੱਜ਼ਤ, ਆਬਰੂ) ਦੇ ਚਿਨ੍ਹ ਭਾਵ ਵੱਢੀਆਂ
ਟੁੱਕੀਆਂ ਲਾਸ਼ਾਂ (ਰੋਲਿਆ ਹੀਰ ਦੇ ਬੁੱਤ ਨੂੰ, ਅਸਾਂ ਕੋਲ ਝਨਾਵਾਂ) ਖਿੰਡੀਆਂ ਖੋਪਰੀਆਂ, ਧਰੂਹੇ
ਵਾਲਾਂ ਦੇ ਫੰਬੇ, ਹੌਕਿਆਂ ਹਾਵਿਆਂ ਦੇ ਦਿਨ, ਜਿਉਂਦੀਆਂ ਭੁਖਣ-ਭਾਣੀਆਂ ਉਦਾਸ ਰੂਹਾਂ, ਹਨ੍ਹੇਰਿਆਂ
ਦੇ ਕੱਪਰ, ਵਿਛੱੜਿਆਂ ਦੇ ਗ਼ਮ, ਮਿਲਦਿਆਂ ਲੋਕਥ ਤੇ ਹੋਏ ਜ਼ੁਲਮ ਦੀ ਇੰਤਹਾ ਦੀਆਂ ਉਦਾਸ ਕਹਾਣੀਆਂ ਆਦਿ
ਅਜਿਹੀ ਡਾਢੀ ਉਦਾਸੀ, ਝੋਰੇ, ਜਾਨੀ ਮਾਲੀ ਨੁਕਸਾਨਾ ਦੇ ਅੱਖੀਂ ਡਿੱਠੇ ਦ੍ਰਿਸ਼, ਬਾਰਾਂ ਦੇ
ਦਰਅਿਾਵਾਂ ਦੇ ਵਹਿੰਦੇ ਪਾਣੀਆਂ ਚ ਤਰਦੀਆਂ ਲਾਸ਼ਾਂ, ਸਭ ਕੁਝ, ਨੌ ਸਾਲ ਦੀ ਉਮਰੇ, ਕਵੀ ਦੇ ਜ਼ਿਹਨ ਚ
ਡੂੰਘੇ ਥਾਈਂ ਬਹਿ ਗਏ। ਕਵੀ ਜੀ ਨੇ ਇਨ੍ਹਾਂ ਦੁਖੜਿਆਂ ਨੂੰ ‘ਕੁਰਲਾਉਂਦੇ ਕਾਫਲੇ` ਨਾਮ ਦੀ ‘ਝਨਾਂ
ਦੀ ਰਾਤ` ਪੁਸਤਕ ਵਿਖੇ ਲਿਖੀਆਂ ਕਵਿਤਾਵਾਂ ਵਿੱਚ ਕਲਮਬੰਦ ਕੀਤਾ ਹੈ। ਆਪ ਦੇ ਲਫਜ਼ ਹਨ: “ਮੇਰੇ
ਅੰਦਰ ਬੇ-ਪੱਤ ਹੋਈਆਂ ਕੌਮਾਂ ਦੇ ਦੱਬੇ ਹੌਕੇ ਹਨ। ਮੇਰੇ ਅੱਥਰੂਆਂ ਵਿੱਚ ਦੈਵੀ ਨਜ਼ਰਾਂ ਨਾਲ ਦਗ਼ਾ
ਕਮਾਉਂਦੀਆਂ ਸਾਜ਼ਿਸ਼ਾਂ ਦੇ ਭੇਦ ਹਨ, ਜਿਨ੍ਹਾਂ ਨੂੰ ਸ਼ੈਤਾਨ ਹਕੂਮਤਾਂ ਨੇ ਸੱਚੇ ਧਰਮਾਂ ਨੂੰ ਕੋਹਣ ਲਈ
ਵਰਤਿਆ। ਯਕੀਨ ਕਰਨਾ, ਮੇਰੇ ਅੰਦਰ ਇਖਲਾਕੀ, ਰੂਹਾਨੀ ਅਤੇ ਮੁਲਕੀ ਪੱਧਰ ਉੱਤੇ ਬੇ-ਵਤਨ ਹੋਣ ਦੀ ਪੀੜ
ਇਸ ਕਵਿਤਾ ਨਾਲੋਂ ਕਿਤੇ ਵੱਡੀ ਹੈ” (ਸਫ਼ਾ ੯੨ ਝਨਾਂ ਦੀ ਰਾਤ)। ਇਨ੍ਹਾਂ ਭਾਵਾਂ ਨੂੰ, ਕਵੀ ਜੀ
ਦੀ ਇੱਕ ਕਵਿਤਾ ਚੋਂ ‘ਸਹਿਜੇ ਰਚਿਓ ਖਾਲਸਾ` ਦੇ ਅਰੰਭ ਚ ਲਿਖਿਆ ਬੰਦ ਅਤੇ ਉਸ ਤੋਂ ਪਹਿਲਾ ਬੰਦ ਰਲ਼ਾ
ਕੇ ਪੜ੍ਹਨ ਨਾਲ ਗੱਲ ਵਧੇਰੇ ਸਮਝ ਪੈਂਦੀ ਹੈ, ਜਿਸ ਵਿੱਚ “ਸ਼ੈਤਾਨ ਹਕੂਮਤਾਂ” ਦੁਆਰਾ “ਸੱਚੇ
ਧਰਮਾਂ” ਨੂੰ ਕੋਹੇ ਜਾਂਦਿਆਂ ਸ਼ਿਕਾਰ ਹੋਣ ਵਾਲੀਆਂ ਕੌਮਾਂ ਆਪਣਾ ਬਚਾ ਕਿਵੇਂ ਕਰ
ਸਕਦੀਆਂ ਹਨ:
ਨਾ-ਸ਼ੁਕਰ ਬੁੱਤ-ਪੂਜ ਨਗਰ ਵਿਚ,
ਹਾਕ ਸੁਣੀ ਇੱਕ ਮੈਨੂੰ:
“ਖਾਕ ਵਿਸ਼ੈਲੀ ਖੋਰ ਦੇਵੇਗੀ
ਬੀਆਬਾਨ ਵਿੱਚ ਤੈਨੂੰ। “
ਨਾਗਾਂ ਵਾਂਗ ਸਾਜਿਸ਼ਾਂ ਘੁੰਮਨ,
ਹੋਇ ਹੈਰਾਨ ਮੈਂ ਸੋਚਾਂ:
“ਜੇ ਨ ਤਿਰੇ ਮੁਰੀਦ, ਬਾਜ਼ ਦੀ
ਨਜ਼ਰ ਦੇਖਦੀ ਕੈਨੂੰ? “
ਬੇ-ਪੱਤ ਹੋਈਆਂ ਕੌਮਾਂ ਦੇ ਘਰ,
ਦੂਰ ਫਰੇਬੀ ਧਰ ਤੇ
ਬਦਨਸੀਬ ਪੈਰਾਂ ਦੇ ਹੇਠਾਂ
ਖਾਕ ਵਿਸ਼ੈਲੀ ਗਰਕੇ।
ਮੂੰਹ ਜ਼ੋਰ ਸਮਾਂ ਨਾਂਹ ਕੌਮੇ!
ਨਿਗਲ ਸਕੇਗਾ ਤੈਨੂੰ;
ਆਪਣੀ ਪੱਤ ਪਛਾਣ ਲਵੇਂ ਜੇ,
ਲੜ ਮਾਹੀ ਦਾ ਫੜ ਕੇ।
(‘ਸ਼ਹੀਦ ਦੀ
ਅਰਦਾਸ`)
ਸੰਤਾਲੀ ਦੀ ਵੰਡ ਸਮੇਂ ਦੇ ਦੋ ਮਹੀਨਿਆਂ ਵਿੱਚ ਕਵੀ ਜੀ ਕਈ ਪਿੰਡਾਂ,
ਸ਼ਹਿਰਾਂ ਨਗਰਾਂ ਵਿਚੋਂ ਦੀ ਲੰਘਦਿਆਂ ਆਪਣੇ ਨਾਨਕੇ ਪਿੰਡ ਮਰਾਝ, ਜ਼ਿਲਾ ਸੰਗਰੂਰ ਪਹੁੰਚਿਆ, ਤਾਂ
ਸੰਤਾਲੀ ਦੀ ਜੁਗ ਗਰਦੀ ਦੇ ਮੁਸੀਬਤ-ਜ਼ਦਾ ਦਿਨਾਂ ਵਿੱਚ ਇੱਕ ਸਧਾਰਨ ਜੱਟ ਨੇ ਉਦੋਂ ਇੱਕ ਮੁਸਲਮਾਨ
ਕੁੜੀ ‘ਜਮੀਲਾਂ` ਨੂੰ ੳਧਾਲ ਕੇ ਆਪਣੇ ਕੋਲ ਰਖਿਆ ਹੋਇਆ ਸੀ। ਉਸ ਦੀ ਦਰਦਨਾਕ ਅਤੇ ਅਸਹਿ ਕਹਾਣੀ ਨੇ
ਕਵੀ ਜੀ ਨੂੰ ਜ਼ਿੰਦਗੀ ਭਰ ਲਈ ਝੰਜੋੜ ਸੁਟਿਆ। ਜਮੀਲਾਂ ਇੱਕ ਪ੍ਰੋਫੈੱਸਰ ਦੀ ਮੰਗੇਤਰ ਸੀ ਜਿਹੜੀ
ਕਿਸੇ ਜਥੇ ਨਾਲੋਂ, ਨੇਤ ਰੱਬ ਦੀ, ਨਿਖੜ ਗਈ, ਘੇਰੀ ਗਈ ਤੇ ਉਥੇ ਲਿਆਂਦੀ ਗਈ ਸੀ। ਕਵੀ ਜੀ ਦੀ ਮਾਸੀ
ਕੋਲ ਆ ਕੇ ਉਹ ਹਰ ਰੋਜ਼ ਨਹਾ ਕੇ ਉਥੇ ਹੀ ਕੁਰਾਨ ਦਾ ਪਾਠ ਕਰਿਆ ਕਰਦੀ ਸੀ। ਇਕ ਦਿਨ ਕਿਸੇ ਸ਼ਰਾਰਤੀ
ਮੁੰਡੇ ਨੇ ਉਸ ਦਾ ਕੁਰਾਨ ਟੋਭੇ ਵਿੱਚ ਸੁਟ ਦਿਤਾ। ਜਮੀਲਾਂ ਦੇ ਕੁਰਲਾੱ ਉਠਣ ਤੇ ਕਵੀ ਜੀ ਦੀ ਮਾਸੀ
ਨੇ ਕੁਰਾਨ ਟੋਭੇ ਚੋਂ ਸਹੀ ਸਲਾਮਤ ਕਢਵਾ ਲਿਆ ਤੇ ਜਮੀਲਾਂ ਦੇ ਸਪੁਰਦ ਕੀਤਾ। ਕੁਰਾਨ ਭਾਵੇਂ ਖਸਤਾ
ਹਾਲਤ ਵਿੱਚ ਸੀ ਪਰ ਅਜੇ ਵੀ ਪੜ੍ਹਨਯੋਗ ਤੇ ਚੰਗੀ ਹਾਲਤ ਵਿੱਚ ਸੀ। ਜਮੀਲਾਂ ਦੇ ਬਹੁਤ ਕਹਿਣ ਤੇ ਇੱਕ
ਦਿਨ ਉਹ ਨੂੰ ਘੋੜੀ ਚੜ੍ਹਾ ਕੇ ਮਲੇਰਕੋਟਲੇ ਛੱਡਣ ਜਾਂਦਿਆਂ ਰਾਹ ਚ ਪੈਂਦੀ ਨਹਿਰ ਦੇ ਕੰਢੇ ਕੁੱਝ
ਹਮਲਾਵਰਾਂ ਨੇ ਜਦ ਜਮੀਲਾਂ ਤੇ ਦਰਿੰਦਿਆਂ ਵਾਂਗ ਹਮਲਾ ਕੀਤਾ ਤਾਂ ਉਸ ਨੇ ਨਹਿਰ ਵਿੱਚ ਛਾਲ ਮਾਰ ਕੇ
ਆਪਣੇ ਦੁਖਦਾਈ ਜੀਵਨ ਦਾ ਅੰਤ ਕਰ ਲਿਆ। ਕਵੀ ਜੀ ਦਾ ਕੋਮਲ ਦਿਲ ਸਦਾ ਲਈ ਵਲੂੰਧਰਿਆ ਗਿਆ। ਅਜਿਹੇ
ਅਨੇਕਾਂ ਕੌੜੇ ਤਜਰਬਿਆਂ, ਅਨੁਭਵਾਂ, ਘਟਨਾਵਾਂ, ਵੇਦਨਾਵਾਂ ਅਤੇ ਆਪਣੀ ਕੌਮ, ਮੁਲਕੋ-ਮਿਲਤ, ਤੇ
ਸਿਖ ਜੁਗਰਾਫੀਏ ਦਾ ਕਿ ਸਿੱਖ ਕੌਮ ਦੇ ਦਿਲ ਦਾ ਅੱਧ ਵਿਚਕਾਰੋਂ ਪਾੜਿਆ ਜਾਣਾਂ ਕਵੀ ਜੀ ਨੇ
ਅੱਖੀਂ ਦੇਖਿਆ ਅਤੇ ਆਪਣੇ ਤਨ ਬਦਨ ਉਪਰ ਹੰਢਾਇਆ। ਇਨ੍ਹਾਂ ਸਾਰੇ ਪ੍ਰਭਾਵਾਂ ਨੂੰ ਕਵੀ ਜੀ ਦੀਆਂ
ਅਨੇਕਾਂ ਕਵਿਤਾਵਾਂ ਵਿਚੋਂ ਸਾਂਗੋ ਪਾਂਗ ਪ੍ਰਜਵੱਲਤ ਹੁੰਦਾ ਦੇਖਿਆ ਜਾ ਸਕਦਾ ਹੈ। ਇਕ ਕਵਿਤਾ
ਬੇ-ਵਤਨ ਹੋਣ ਦੀ ਪੀੜਾ ਨੂੰ ਉਚੇਚਾ ਉਜਾਗਰ ਕਰਦੀ ਹੈ। ਜਿਵੇਂ ੧੯੬੯ ਈ. ਵਿੱਚ ਲਿਖੀ ਕਵਿਤਾ “ਸ਼ਹੀਦ
ਦੀ ਅਰਦਾਸ” ਵਿਚਲੇ ਸੱਤ ਬੰਦਾਂ ਚੋਂ ਆਪ ਮੁਹਾਰਾ ਸਿੱਖ ਵੇਦਨਾ ਜ਼ਾਹਰ ਹੈ:
ਤੂੰ ਆਵੀਂ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ,
ਸੁਪਨਾ ਪੁਰੀ ਅਨੰਦ ਦਾ, ਬੇ-ਨੂਰ ਦੁਰਾਡਾ।
ਤੈਂਡਾ ਰਹਿਮ ਪਛਾਣ ਕੇ
ਮੈਂ ਨਿਸਚਾ ਕਰਿਆ,
ਰੁੱਤ ਘਾਮ ਪਰਦੇਸ ਦੀ
ਕੋਈ ਬੂਟ ਨ ਹਰਿਆ,
ਸੁੰਞਾ ਸਤਲੁਜ ਚਿਰਾਂ ਤੋਂ
ਬੇ-ਨੀਰ ਹੈ ਦਰਿਆ,
ਰੁਲਦਾ ਨਾਮ ਹਜ਼ੂਰ ਦਾ, ਕੋਈ ਦੇਸ ਨ ਸਾਡਾ,
ਤੂੰ ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨ ਸਾਡਾ।
ਅਤੇ
ਸੁੰਞੇ ਪੱਤਣ ਚਿਰਾਂ ਦੇ
ਕੋਈ ਖਬਰ ਨ ਤੈਨੂੰ,
ਸਤਲੁਜ ਭਰਿਆ ਲਹੂ ਦਾ
ਛੱਡ ਮਿਲੀਏ ਕੈਨੂੰ?
ਸ਼ਹੁ-ਤਕਦੀਰ ਦਾ ਖੇਡਦਾ
ਬਿਨ ਦੱਸਿਆਂ ਮੈਨੂੰ;
ਮੁਲਖਾਂ ਵਾਲਿਆਂ ਲਾਇਆ, ਦਰਵੇਸ਼ ਨਾ ਆਢਾ,
ਤੂੰ ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨ ਸਾਡਾ।
ਸੁੰਞਾਂ ਮੂੰਝ ਬੇ-ਰੁੱਤੀਆਂ
ਤਿਰਾ ਦਿਸੇ ਨ ਦਾਮਨ,
ਨ ਕੋਈ ਹੁਕਮ ਹਜ਼ੂਰ ਦਾ
ਨ ਪੈੜ ਨ ਜ਼ਾਮਨ,
ਦੂਰ ਘੰਗੋਰਾਂ ਉਠਦੀਆਂ
ਕਿਤੇ ਲਸ਼ਕਰ ਜਾਵਣ,
ਜਾਪੇ ਸਾਡੇ ਸਿਰਾਂ ਤੇ, ਕੋਈ ਰੋਸ ਤੁਹਾਡਾ—
ਤੂੰ ਬਹੁੜੀਂ ਕਲਗੀ ਵਾਲਿਆ ਕੋਈ ਦੇਸ ਨ ਸਾਡਾ।
ਸੁਪਨਾ ਪੁਰੀ ਅਨੰਦ ਦਾ, ਬੇ-ਨੂਰ ਦੁਰਾਡਾ। ( ‘ਆਖਰੀ
ਸ਼ਾਮ`)
ਕਵੀ ਜੀ ਨੇ ਸੰਤਾਲੀ ਦੀ ਵੰਡ ਪਿੱਛੋਂ, ਜਿਵੇਂ ਕਿ ਉਪਰ ਕਿਹਾ ਹੈ, ਪਹਿਲਾਂ
ਨਾਨਕੇ ਪਿੰਡ ‘ਮਰਾਝ` ਕਿਆਮ ਰੱਖਣ ਤੋਂ ਬਾਦ, ਫੇਰ ਪਿੰਡ ‘ਰੰਚਣਾਂ` ਜਿਥੇ ਆਪ ਜੀ ਅਤੇ ਆਪ ਦੇ
ਜਿਗਰੀ ਦੋਸਤ ਸਿਰਦਾਰ ਡਾ. ਗੁਰਤਰਨ ਸਿੰਘ ਦੋਵੇਂ ੧੯੪੮ ਈ. ਤੋਂ ਲੈ ਕੇ ੧੯੫੧ ਈ. ਤੱਕ ਕੱਠੇ
ਮੱਝੀਆਂ ਦੇ ਛੇੜੂ ਰਹੇ ਅਤੇ ਨਹਿਰੋਂ ਪਾਰ ਮੱਝਾਂ ਦਾ ਵੱਗ ਚਾਰਿਆ ਕਰਦੇ ਸਨ। (ਬੀਬਾ ਬਣ ਤੇ
ਮੱਝੀਆਂ ਚਾਰ ਵੋ, ਵਾਜ ਮਾਰੇ ਬੇਲੇ ਦੀ ਨਾਰ ਵੋ)। ਧੂਰੀ ਮਾਲਵਾ ਖਾਲਸਾ ਸਕੂਲ ਤੋਂ ਮਹਿਬੂਬ ਨੇ
ਛੇਵੀਂ ਜਮਾਤ ਪਹਿਲੇ ਨੰਬਰ ਚ ਪਾਸ ਕੀਤੀ। ਇਸ ਬਾਲ ਉਮਰੇ ਛੇਵੀਂ ਜਮਾਤ ਵਿੱਚ ਹੀ ਕਵੀ ਜੀ ਆਪ
ਮੁਹਾਰੇ ਕਾਵਿ-ਮਈ ਬੋਲ ਬੋਲਣ ਲੱਗ ਪਏ ਸਨ। ਆਪ ਦੀ ਪਹਿਲੀ ਕਵਿਤਾ ਇਉਂ ਹੈ:
ਉੱਠ ਉੱਠ ਅਕਾਲੀ ਸੁਤਿਆ,
ਤੈਨੂੰ ਸੁਤੇ ਨੂੰ ਹੋਈ ਕੁਵੇਲ ਵੇ
ਤੇਰਾ ਨਾਂ ਸੀ ਵਿੱਚ ਅਕਾਸ਼ ਦੇ
ਤੇਰਾ ਨਾਂ ਸੀ ਵਿੱਚ ਦੁਮੇਲ।
ਇਉਂ ਹੀ ਉਨ੍ਹਾਂ ਇੱਕ ਸੀਹਰਫ਼ੀ ਵੀ ਲਿਖੀ ਸੀ:
ਅਲਫ਼ ਉਜੱਲ ਤੋਂ ਤੂੰ ਪਤਿਤ ਬਣਿਆਂ
ਤੇਰੀ ਕੌਮ ਦਾ ਉਜੜਿਆ ਉਪਬਨ ਸਿੰਘਾ
ਜੀਮ ਜੰਗ ਦੁਰਬਲ ਹੋ ਹੋਣੀ ਨਾਹੀ
ਬੈਠਾ ਮ੍ਰਿਤੂ ਦੇ ਹੁਣ ਤੂੰ ਕੋਲ ਸਿੰਘਾ
ਏਸ ਤੇਰੇ ਸੋਹਣੇ ਪੰਜਾਬ ਅੰਦਰ
ਫਿਰਨ ਕਈ ਭੁਜੰਗ ਜਹੇ ਚੋਰ ਸਿੰਘਾ
ਜਾਹ ਓਸ ਨੂੰ ਜਾਹ ਜਗਾ ਲਿਆ ਖਾਂ
ਸੁੱਤਾ ਵਿੱਚ ਜਮਰੌਦ ਦੀ ਗ਼ੋਰ ਸਿੰਘਾ
ਇਹ ਕਵਿਤਾਵਾਂ ਜਦ ਝੂੰਦਾਂ ਪਿੰਡ ਦੇ ਗੁਰਦੁਆਰੇ ਵਿੱਚ ੧੯੪੯-੫੦ ਈ. ਬਾਲ
ਕਵੀ ਨੇ ਪਹਿਲੀ ਵਾਰ ਸੁਣਾਈਆਂ ਤਾਂ ਪਿੰਡ ਦਾ ਨੰਬਰਦਾਰ ਜਿਹੜਾ ਆਪ ਵੀ ਕਵਿਤਾ ਲ਼ਿਖਦਾ ਹੁੰਦਾ ਸੀ
ਕਿਸੇ ਧੁਰ ਅੰਦਰਲੀ ਬੇ-ਮਲੂਮੀ ਈਰਖਾ ਵੱਸ ਹੰਿਰੰਦਰ ਸ਼ਿੰਘ ਮਹਿਬੂਬ ਨੂੰ ਲਾਂਭੇ ਲਿਜਾ ਕੇ ਧਮਕਾ ਕੇ
ਪੁਛੇ ਕਿ ਇਹ ਕਵਿਤਾ ਉਸ ਨੇ ਕਿਹਦੀ ਚੋਰੀ ਕੀਤੀ ਹੈ। ਦੱਸਣ ਤੇ ਕਿ ਕਵੀ ਜੀ ਨੇ ਆਪ ਲਿਖੀ ਹੈ
ਨੰਬਰਦਾਰ ਮੰਨੇ ਨਾ। ਨੰਬਰਦਾਰ ਕੀ ਜਾਣੇ ਕਿ ਇਹ ਦਾਤਾਂ ਤਾਂ ਧੁਰ ਦਰਗ਼ਾਹ ਦੀਆਂ ਬਖ਼ਸ਼ਿਸ਼ਾਂ ਹੁੰਦੀਆਂ
ਹਨ ਤੇ ਆਪ ਮੁਹਾਰੇ ਰੱਬੀ ਫ਼ੁਹਾਰਿਆਂ ਚੋਂ ਨਾਜ਼ਲ ਹੁੰਦੀਆਂ ਜਾਂ ਝਰਦੀਆਂ ਹਨ।
ਆਪ ਦੇ ਪਿਤਾ ਜੀ ਨੂੰ ੧੯੫੦ ਈ. ਵਿੱਚ ਝੂੰਦਾਂ ਪਿੰਡ ਜ਼ਮੀਨ ਅਲਾਟ ਹੋਈ ਤਾਂ
ਆਪ ਨੇ ਅੱਠਵੀਂ ਤੇ ਦਸਵੀਂ ਸ਼੍ਰੇਣੀ ਦੀ ਵਿਦਿਆ ਪਬਲਿਕ ਸਕੂਲ ਅਮਰਗੜ੍ਹ ਤੋਂ ਪਹਿਲੇ ਸਥਾਨ ਤੇ
ਰਹਿੰਦਿਆਂ ਪਾਸ ਕੀਤੀ। ਫਿਰ ਸਰਕਾਰੀ ਪ੍ਰਾਇਮਰੀ ਸਕੂਲ, ਮਹਿਲ ਕਲਾਂ (ਬਰਨਾਲਾ), ਮਿਡਲ ਸਕੂਲ ਫਾਜ਼ਲੀ
ਅਤੇ ਧਰਮਗੜ੍ਹ ਵਿਖੇ ਅਧਿਆਪਕ ਦੀ ਨੌਕਰੀ ਉਪਰ ਫਾਇਜ਼ ਰਹੇ। ਆਪ ਜੀ ਦਾ ਵਿਆਹ ਬੀਬੀ ਕੁਲਦੀਪ ਕੌਰ ਨਾਲ
ਹੋਇਆ। ਅਧਿਆਪਨ ਦੇ ਨਾਲ ਨਾਲ ਹੀ ਆਪ ਜੀ ਨੇ ਪਰਾਈਵੇਟ ਬੀ. ਏ. ਪਾਸ ਕੀਤੀ। ਫਿਰ ਆਪਣੇ ਦੋਸਤ,
ਪਰਸਿੱਧ ਸ਼ਾਇਰ, ਪ੍ਰੀਤਮ ਸਿੱਧੂ ਦੇ ਮਸ਼ਵਰੇ ਤੇ ਐਮ. ਏ. ਮਹਿੰਦਰਾ ਕਾਲਿਜ ਪਟਿਆਲੇ ਤੋਂ ਕੀਤੀ।
ਮਗਰੋਂ ਅੰਗਰੇਜ਼ੀ ਦੀ ਐਮ. ਏ. ਚੰਗੇ ਨੰਬਰਾਂ ਚ ਪਾਸ ਕੀਤੀ ਅਤੇ ਦੁਨੀਆਂ ਭਰ ਦੇ ਫਲਸਫੇ ਸਮੇਤ ਚੀਨੀ
ਤੇ ਅਮਰੀਕੀ ਫਲਸਫੇ ਦੇ, ਇਤਿਹਾਸ ਆਦਿ `ਕੱਲੇ ਪੜ੍ਹੇ ਹੀ ਨਹੀਂ ਬਾ-ਕਾਇਦਾ ਨੋਟਸ ਬਣਾ ਕੇ ਘੋਖੇ ਅਤੇ
ਪਰਖੇ। ਨਾਲੋ-ਨਾਲ਼ ਫਾਰਸੀ, ਅਰਬੀ, ਉਰਦੂ ਜ਼ੁਬਾਨਾਂ ਤੇ ਵੀ ਚੋਖੀ ਕੁਦਰਤ ਹਾਸਿਲ ਕੀਤੀ। ਭਾਈ ਨੰਦ
ਲਾਲ ਦੀ ਬਾਣੀ ਦਾ ਚੰਗਾ ਖੁਲਾਸਾ ਖੋਲ਼੍ਹਿਆ ਜਿਹੜਾ ‘ਜ਼ਫਰਨਾਮੇ` ਵਾਲੀ ਕਿਤਾਬ (ਸਹਿਜੇ ਰਚਿਓ ਖਾਲਸਾ)
ਵਿੱਚ ਅੰਕਿਤ ਹੈ।
ਝੂੰਦਾਂ ਪਿੰਡ (ਸੰਗਰੂਰ) ਆਪ ਦੀ ਪੱਕੀ ਰਹਾਇਸ਼ ਹੋਣ ਤੋਂ ਬਾਦ ਆਪ ਨੇ ਉਥੋਂ
ਦੀ ਮਸਜਿਦ, ਖਾਨਗਾਹ, ਸੰਘਣੀ ਢੱਕੀ ਅਤੇ ਦੂਰ ਤਕ ਫੈਲੇ ਜੰਗਲ ਦਾ ਚੋਖਾ ਪ੍ਰਭਾਵ ਕਬੂਲਿਆ। ਆਪ ਜੀ
ਕਰਤਾਰ ਸਿੰਘ ‘ਦੀਵਾਨੇ` ਦੇ ਸੰਤਰਿਆਂ ਦੇ ਬਾਗ਼ ਵਿੱਚ ਬੈਠ ਕੇ ਪੜ੍ਹਾਈ ਕਰਿਆ ਕਰਦੇ ਸਨ। ੧੪ ਅਗਸਤ
੧੯੪੭ ਤੋਂ ਬਚਪਨ ਚ ਅਚਾਨਕ ਬੇਘਰੇ ਹੋਣ ਤੋਂ ਕੁੱਝ ਵਰ੍ਹੇ ਮਗਰੋਂਮਿਲੇ ਟਿਕਾਅ ਚ ਆਪ ਜੀ ਨੂੰ
ਝੂੰਦਾਂ ਪਿੰਡ ਦਾ ਸਕੂਨ ਬਖ਼ਸ਼ਦਾ ਪੁਰਾਣਾਂ ਘਰ, ਡਾ. ਗੁਰਤਰਨ ਸਿੰਘ ਦੇ ਲਫਜ਼ਾਂ ਵਿਚ, ‘ਈਡਨ ਦਾ ਬਾਗ਼`
ਜਾਂ ਵਾਰਿਸ ਦੇ ‘ਕਾਲ਼ੇ ਬਾਗ਼` ਵਰਗਾ ਹੀ ਕੋਈ ਅਗਲੇ ਸੰਸਾਰ ਜਾਂ ‘ਪਲਤ` ਦਾ, ਏਸੇ ਤਰ੍ਹਾਂ ਦਾ
ਸੁਖਦਾਈ ਘਰ ਜਾਪਦਾ ਸੀ, ਜਿਵੇਂ ਉਨ੍ਹਾਂ ਦੀ ਇੱਕ ਕਵਿਤਾ ਵਿਚੋਂ ਜ਼ਾਹਰ ਹੁੰਦਾ ਹੈ:
ਤੇਰੇ ਖੰਡਰਾਂ ਨਾਲ ਮੈਂ ਅਸਮਾਨ ਨੂੰ ਮੇਚਾਂ
ਤੇਰੇ ਬਿਛਾਂ ਹੇਠ ਸੀ ਕੁੱਝ ਮਿਲੇ ਦਲਾਸੇ।
ਪਾਕ ਮਸੀਤ ਚ ਕਰਾਂ ਮੈਂ ਬਹਿ ਯਾਦ ਝਨਾਵਾਂ
ਸਉਣ ਮਾਹ ਦੇ ਸਦਾ ਹੀ ਮੈਨੂੰ ਰਹੇ ਧਰਵਾਸੇ।
ਪਰਬਤ ਵਾਗੂੰ ਖੜਾ ਹੈ ਇਕਰਾਰ ਜੋ ਮੇਰਾ
ਡਾਢੇ ਸਹੁ ਵਿੱਚ ਖੁਰੇ ਪਈ, ਜਿੰਦ ਵਾਂਗ ਪਤਾਸੇ।
(ਸਫਾ ੩੫੨-੩,
ਝਨਾਂ ਦੀ ਰਾਤ)
ਇਵੇਂ ਹੀ ਝੂੰਦਾਂ ਪਿੰਡ ਦੀਆਂ ਰੋਹੀਆਂ ਉਪਰ ਵੀ ਕਾਫੀ ਕਵਿਤਾਵਾਂ ਲਿਖੀਆਂ
ਮਿਲਦੀਆਂ ਹਨ। ਜਿਹਨਾ ਵਿੱਚ ਪਸ਼ੂ, ਪੰਛੀ, ਬਨਾਸਪਤੀ ਦੇ ਵਿਭਿੰਨ ਜਲਵੇ ਤੇ ਵਿਸ਼ੇਸ਼ ਕਰਕੇ ‘ਪੰਜਾਬਣ`
ਇਸਤਰੀ ਦੀ ਸੁੰਦਰਤਾ ਨੂੰ ਕੁੱਝ ਏਸੇ ਤਰ੍ਹਾਂ ਹੀ ਨਿਭਾਇਆ ਜਿਵੇਂ ਖਵਾਜ਼ਾ ਗ਼ੁਲਾਮ ਫਰੀਦ ਨੇ ਆਪਣੀ
ਕਵਿਤਾ ਵਿੱਚ ਸਰਾਹਿਆ ਸੀ। ਪੜ੍ਹੋ ਲਫ਼ਜ਼ ਡਾ. ਗੁਰਤਰਨ ਸਿੰਘ ਦੇ, “ਖਵਾਜ਼ਾ ਜੀ ਦੇ “ਰੋਹੀ ਦੀਆਂ
ਜੱਟੀਆਂ” (੧੩੬ਵੀਂ ਕਾਫ਼ੀ) ਵਾਲੇ ਗੀਤ ਨਾਲੋਂ ਕਿਸੇ ਅਗਲੇ ਤੇ ਆਖਰੀ ਟਿਕਾਣੇ, ਜਿਸ ਨੂੰ
ਸਾਡੇ ਗੁਰੂ ਜੀ ਨੇ ਚਿੰਤਨ ਦੀਆਂ ਹਦਾਂ ਵਿੱਚ ਖੜਾ ਇਸ਼ਕ ਵਲਵਲਾ ਤੇ ਰੂਹਾਨੀਅਤ ਦੇ ਰੰਗ ਵਿੱਚ ਰੰਗਿਆ
ਨਾਰੀ ਹੁਸਨ ਕਿਹਾ ਹੈ”। ਇਹ ਕਿਸੇ ਸੂਫ਼ੀਆਨਾ ਤੌਰ ਤਰੀਕੇ ਰਾਹੀਂ ਰੱਬ ਨੂੰ ਮਿਲਣ ਦੇ ਸਾਧਨਾਂ ਦੇ
ਚਾਰ (ਪੈਗ਼ੰਬਰ, ਪਿਆਰ, ਨਾਰੀ ਹੁਸਨ, ਹੁਸਨ ਦੀ ਸੱਦ) ਮੀਲ ਪੱਥਰ ਹਨ। ‘ਝਨਾਂ ਦੀ ਰਾਤ` ਉਪਰ ਪੀ.
ਐੱਚ. ਡੀ. ਕਰਨ ਵਾਲੇ ਸ਼ਾਇਰਾਨਾ ਤਬੀਅਤ ਡਾ. ਬਲਵਿੰਦਰ ਕੌਰ ਲਿਖਦੇ ਹਨ ਕਿ “ਮਹਿਬੂਬ ਚਰਿੱਤਰ
ਸੰਪੂਰਨ ਸਿੱਖ ਮਰਯਾਦਾ ਵਾਲਾ ਚਰਿੱਤਰ ਹੈ। ਮਹਿਬੂਬ ਦਾ ਵਿਆਹ ਦਸਵੀਂ ਪਾਸ ਕਰਨ ਉਪਰੰਤ ਹੋ ਗਿਆ ਸੀ
ਜਿਵੇਂ ਉਪਰ ਕਿਹਾ ਹੈ। ਜੀਵਨ ਵਿੱਚ ਕਿਧਰੇ ਵੀ ਮਹਿਬੂਬ ਦੇ ਚਰਿੱਤਰ ਤੇ ਇਸਤਰੀ ਪ੍ਰਤੀ ਮੋਹਿਤ ਜਾਂ
ਉਤੇਜਿਤ ਹੋਣ ਦਾ ਇਲਜ਼ਾਮ ਨਹੀਂ”। ਪ੍ਰੋ. ਮਹਿਬੂਬ ਦੇ ਅਮਲੀ ਜੀਵਨ ਦੇ ਇਨ੍ਹਾਂ ਤੱਥਾਂ ਦੀ ਰੋਸ਼ਨੀ
ਵਿੱਚ ਜੇ ਮਹਿਬੂਬ ਦੀ ਫ਼ਿਲਾਸਫ਼ਰਾਨਾ ਸ਼ਿੱਦਤ ਵਿਚੀਂ ਕਸ਼ੀਦੇ ਗਏ ਲਫ਼ਜ਼ ਪੜ੍ਹੀਏ ਤਾਂ ਸਾਦੇ ਲਫ਼ਜ਼ਾਂ ਵਿੱਚ
ਮੇਰੀ ਤੁੱਛ ਬੁਧੀ ਮੁਤਾਬਿਕ ਇਹੋ ਅਰਥ ਨਿਕਲਦਾ ਹੈ ਕਿ ਸਿੱਖ ਔਰਤ ਇਉਂ ਹੋਵੇ ਜਿਵੇਂ ਬੇਬੇ ਨਾਨਕੀ
ਜੀ, ਬੀਬੀ ਭਾਨੀ ਜੀ, ਪਿੰਡ ਤਲਵਣ ਵਾਲੀ ਬੀਬੀ ਦੀਪ ਕੌਰ (ਜਿਸ ਨੇ ਦਸ਼ਮੇਸ਼ ਜੀ ਦੇ ਦਰਸ਼ਣ ਕਰਨ ਅਨੰਦ
ਪੁਰ ਨੂੰ ਜਾਂਦਿਆਂ ਰਾਹ ਚ ਚਾਰ ਪਠਾਣਾਂ ਨੂੰ ਆਪਣੀ ਤਲਵਾਰ ਨਾਲ ਤਹਿ ਤੇਗ਼ ਕੀਤਾ ਜਾਂ ਗੱਡੀ
ਚੜ੍ਹਾਇਆ ਸੀ) ਸਨ। ਅਜਿਹੀ ਸੁਘੜ ਬੀਬੀ ਹੀ ਮਨੁਖ ਨੂੰ ਗੁੰਮਨਾਮੀ ਦੇ ਨਰਕੀ ਸਮੁੰਦਰ ਚੋਂ ਕੱਢ ਕੇ
ਸਿਦਕ, ਧਰਵਾਸ ਦੇ ਅਮਰ ਦਰਾਂ ਤੱਕ ਪਹੁੰਚਾਉਂਦੀ ਹੈ। ਖ਼ੌਰੇ, ਤਾਂ ਹੀ ਡਾ. ਬਲਵਿੰਦਰ ਕੌਰ ਨੇ ਕਿਹਾ
ਹੈ ਕਿ “ਮਹਿਬੂਬ ਦੀ ਕਵਿਤਾ ਵਿੱਚ ਔਰਤ ਇੱਕ ਸੰਪੂਰਨ ਅਕੀਦਤ ਹੈ”। ਮੁਕਦੀ ਗੱਲ, ਪੰਜਾਬਣ ਇਸਤਰੀ
ਰੂਹਾਨੀ ਔਜ ਤੇ ਵਿਲੱਖਣਤਾ ਵਿੱਚ ਸਿਰਮੌਰ ਹੈ। ਜਿਹੜੀ ਸਰੀਰ ਦੀਆਂ ਹੱਦਾਂ ਨੂੰ ਫ਼ਤਹਿ ਕਰਕੇ ਹਰ ਪੜਾ
ਤੇ ਸੁਤੰਤਰ ਹੋ ਕੇ ਵਿਚਰਦੀ ਹੈ। ਉਹ ਉੱਚੀ ਸੁਰਤ ਨਾਲ਼ ਇਕਸੁਰ ਹੋ ਕੇ ਪਰਮ ਅਨੰਦ ਦੀ ਅਵੱਸਥਾ ਹਾਸਿਲ
ਕਰਕ ਲੈਂਦੀ ਹੈ। ਤੇ ਮੁੱਖ ਤੌਰ ਤੇ ਮਨੁੱਖਤਾ ਲਈ ਸਦੀਵੀ ਧਰਵਾਸ ਹੈ। ਏਸੇ ਲਈ ਡਾ. ਗੁਰਪ੍ਰੀਤ ਕੌਰ
ਦਾ ਕਹਿਣਾ ਹੈ ਕਿ ਪੰਜਾਬਣ ਇਸਤਰੀ ਦਾ ਹਰ ਨਕਸ਼ ਬੇ-ਨਕਸ਼ ਸੁੰਦਰਤਾ ਦਾ ਧਾਰਨੀ ਹੈ। ਇਸ ਦੇ ਰੂਹਾਨੀ
ਰੂਪ ਦੇ ਹੋਰ ਅਸੰਖਾਂ ਰੂਪ ਹਨ। ਉਸ ਦੇ ਨੈਣਾਂ ਵਿੱਚ ਰੂਹ ਦੇ ਅਸੀਮ ਰੰਗ ਹਨ। ਜੋ ਗਵਾਹ ਹਨ ਇਸ ਰਮਜ਼
ਦੇ ਕਿ ਉਸ ਨੇ ਗ੍ਰਿਹਸਤ ਵਿੱਚ ਹੀ ਤਪ ਕੀਤੇ ਹਨ। ਉਸ ਦਾ ਘਰ ਸੰਭਾਲਣ ਦਾ ਨਿਆਰਾ ਚਾਅ, ਰਿਸ਼ਤਿਆਂ ਦੇ
ਕੌਲ ਪਾਲਣੇ, ਥਲਾਂ, ਪਾਣੀਆਂ ਚੋਂ ਬੇ-ਖ਼ੌਫ਼ ਪਾਰ ਲੰਘਣ ਦਾ ਸਿਦਕ ਆਦਿ ਜੋਗੀਆਂ ਦੀਆਂ ਸਮਾਧੀਆਂ ਤੋਂ
ਵੀ ਵੱਡੇ ਹਨ।
ਪ੍ਰੋ. ਮਹਿਬੂਬ ਇੱਕ ਈਮਾਨਦਾਰ ਲਿਖਾਰੀ ਹੈ, ਆਪਣੀ ਵਾਰਤਕ ਤੇ ਕਾਵਿ ਰਚਨਾ
ਵਿੱਚ ਉਹ ਸੱਚ ਦਾ ਅਲੰਬਰਦਾਰ ਹੈ। ਉਹ ਜਦੋਂ ਹੋਰ ਕਵੀਆਂ, ਲਿਖਾਰੀਆਂ ਦੀਆਂ ਲਿਖਤਾਂ ਦੀ ਸਾਹਿੱਤਿਕ
ਮਿਆਰਾਂ ਚ ਅਲੌਚਨਾ ਕਰਦਾ ਹੈ ਤਾਂ ਉਹ ਸੱਚ ਦਾ ਦਾਮਨ ਨਹੀਂ ਛੱਡਦਾ।
ਕਵੀ ਜੀ ਨੇ ਆਪਣੀ ਸਾਹਿੱਤਿਕ ਰਚਨਾ ਦੇ ਆਗਾਜ਼ ਵਾਰੇ ਦੱਸਿਆ ਕਿ ਕਿਤਾਬਾਂ
ਲਿਖਣ ਦਾ ਓਦਣ ਤੱਕ ਉਨ੍ਹਾਂ ਦਾ ਕੋਈ ਖਿਆਲ ਨਹੀਂ ਸੀ ਜਦ ਤੱਕ ਭਾਰਤੀ ਵਿਧਾਨ ਅਤੇ ਸਮਕਾਲੀ
ਪ੍ਰਸਥਿਤੀਆਂ ਦੇ ਅਧਿਐਨ ਤੋਂ ਉਹ ਇਸ ਸਿੱਟੇ ਤੇ ਨਹੀਂ ਪਹੁੰਚੇ ਕਿ ਖਾਲਸੇ ਦੀ ਆਜ਼ਾਦ ਪਛਾਣ ਨੂੰ ਖਤਮ
ਕਰਨ ਦੇ ਤਹੱਈਏ ਆਸਮਾਨਾਂ ਵਿੱਚ ਹਨ ਅਤੇ ਸਿਖ ਧਰਮ ਨੂੰ ਵੀ ਬੁਧ ਮੱਤ ਵਾਂਗ ਭਾਰਤ ਵਿਚੋਂ ਪੂਰੀ
ਤਰ੍ਹਾਂ ਨਿਕਾਲਾ ਦੇ ਕੇ ਖਤਮ ਕਰ ਦਿੱਤਾ ਗਾਵੇਗਾ। ਸਮਕਾਲੀ ਧਰਮਾਂ ਅਤੇ ਸਭਿਆਚਾਰਾਂ ਦੇ ਗਹਿਰੇ
ਅਧਿਐਨ ਦੇ ਬਾਦ ਉਨ੍ਹਾਂ ਇਹ ਤੱਥ ਲੱਭਿਆ ਕਿ ਕੱਲੇ ਸਿਖ ਧਰਮ ਜਾਂ ਕੌਮ ਨੂੰ ਹੀ ਗ੍ਰਹਿਣ ਨਹੀਂ ਲੱਗਾ
ਬਲਕਿ ਹੋਰ ਧਰਮਾਂ ਨਾਲ਼ ਵੀ ਇਵੇਂ ਹੀ ਹੁੰਦਾ ਆਇਆ ਹੈ ਜਦੋਂ ਉਹ ਕੌਮਾਂ ਆਪਣੇ ਜਨਮਦਾਤਿਆਂ ਦੇ ਹੁਕਮ
ਦੀ ਅਵੱਗਿਆ ਕਰਦੀਆਂ ਹਨ।
ਪ੍ਰੋ. ਮਹਿਬੂਬ ਦੀਆਂ ਦੋ ਗੱਲਾਂ ਯਾਦ ਰਹਿਣ ਕਿ “ਸਾਡੇ ਸਿਦਕ ਨੂੰ
ਸਤਿਗੁਰਾਂ ਨੇ ਸਾਨੂੰ ਪੰਜਾਬ ਬਖ਼ਸ਼ਿਆ ਹੈ। ਮੀਆਂ ਮੀਰ ਵਰਗੇ ਵਲੀਆਂ ਅਤੇ ਸਿੰਘ ਸ਼ਹੀਦਾਂ ਨੇ ਇਸ ਦੀ
ਹਮਾਇਤ ਕੀਤੀ ਹੈ”। ਅਤੇ, “ਸਮੂਹਿਕ ਰੂਪ ਵਿੱਚ ਮਿਟ ਜਾਣ ਦਾ ਭੈਅ ਪੰਜਾਬ-ਮਨ ਨੂੰ ਨਦੀ ਵਾਂਗ ਖੋਰ
ਸਕਦਾ ਹੈ” (ਸਫ਼ਾ ੯੨, ਝਨਾਂ ਦੀ ਰਾਤ)। ਆਪ ਕਹਿੰਦੇ ਹਨ: ਤੂੰ ਦਰਿਆਵਾਂ ਦਾ ਪੁੱਤਰ ਹੈਂ:-
ਤੂੰ ਪੁੱਤ ਦਰਿਆਵਾਂ ਦਾ
ਅਸਾਂ ਵਗਣ ਨ ਦੇਣਾ
ਤੈਂਨੂੰ ਜੂਹ ਪਰਾਈ ਵਿਚ
ਅਸਾਂ ਫਬਣ ਨ ਦੇਣਾ।
ਇਹ ਸੀ ਪ੍ਰੋ. ਮਹਿਬੂਬ ਦੇ ਪ੍ਰਭਾਵਸ਼ਾਲੀ ਜੀਵਨ ਦਾ ਇੱਕ ਪੱਖ। ਹੁਣ, ਉਨ੍ਹਾਂ
ਦੀ ਇੱਕ ਕਾਵਿ-ਟੁਕੜੀ ਨਾਲ ਗੱਲ ਮੁਕਾਉਂਦੇ ਹਾਂ:
ਤੱਕਣਾਂ ਆਪਣੇ ਵਤਨ ਨੂੰ…
ਚੇਲੀਆਂ ਵਾਲੇ ਜੂਝਦਾ, ਪੰਜਾਬ ਨ ਹਾਰੇ,
ਤੇਗ਼ੀਂ ਖ਼ੂਨ ਸ਼ਹੀਦ ਦਾ, ਅਸਮਾਨ –ਵੰਗਾਰੇ,
ਸ਼ਹੁ-ਦਰਿਆ ਦਾ ਰੋਹ ਹੈ, ਕੀ ਕਰਨ ਕਿਨਾਰੇ?
ਨੇਜ਼ਾ ਖਿੱਚ ਕੇ ਅਰਸ਼ ਦਾ, ਕੁਈ ਕੁਫ਼ਰ ਗੁਜ਼ਾਰੇ
ਖ਼ੂਨ ਸ਼ਹੀਦਾਂ ਕਦੇ ਨ, ਅਸਮਾਨ ਤੋਂ ਹਾਰੇ –
ਮੁਰਸ਼ਦ ਸਾਹਮੇ ਸਿਦਕ ਦੀ, ਅਸਾਂ ਬਾਜ਼ੀ ਹਾਰੀ
ਤੱਕਣਾਂ ਆਪਣੇ ਵਤਨ ਨੂੰ ………………।
ਮਹਾਂ ਕਵੀ “ਮਹਿਬੂਬ” ਪਹਿਲੇ ਪੰਜਾਬੀ ਅਦੀਬ ਜਾਂ ਸਾਹਿੱਤਕਾਰ ਹਨ ਜਿਨ੍ਹਾਂ
ਬੜੇ ਮਾਣ ਨਾਲ ਸਿੱਖ, ਸਿੱਖੀਅਤ, ਪੰਜਾਬੀ ਬੋਲੀ, ਪੰਜਾਬੀਅਤ ਤੇ ਪੰਜਾਬ ਦੇ ਵੱਖਰੋ ਵੱਖਰੇ ਧਰਮਾਂ,
ਸਭਿਅਚਾਰਾਂ ਦੇ ਸੰਗਮ ਅਤੇ ਰੂਹਾਨੀਅਤ ਨੂੰ ਗੁਰੂ ਨਾਨਕ ਦੀ ਇਲਾਹੀ ਦ੍ਰਿਸ਼ਟੀ (ਜਿੰਨੀ ਕੁ ਪ੍ਰੋ.
ਮਹਿਬੂਬ ਨੂੰ ਇਨਾਇਤ ਹੋਈ ਸੀ) ਰਾਹੀਂ ਦੇਖਣ, ਲਫ਼ਜ਼ਾਂ ਵਿੱਚ ਪ੍ਰਗਟਾਉਣ ਤੇ ਲੋਕਾਂ ਤੱਕ ਅਪੜਾਉਣ ਦਾ
ਨਿਸ਼ਕਾਮ ਤੇ ਨਿਰਪੱਖ ਯਤਨ ਕੀਤਾ ਹੈ। ਨਹੀਂ ਤਾਂ ੧੯੪੭ ਈ. ਤੋਂ ਮਗਰਲੇ ਆਮ ਤੇ ਖ਼ਾਸ ਲਿਖਾਰੀ ਕਿਸੇ
ਅਹਿਸਾਸੇ-ਕਮਤਰੀ ਜਾਂ ਨਫ਼ੀ ਖ਼ੁਦੀ ਦੇ ਅਣਹੋਏ ਭਾਰ ਥੱਲੇ ਦੱਬੇ ਦਿੱਲੀ ਦੇ ਹਿੰਦੂਤਵੀਆਂ ਦੇ ਸੋਹਿਲੇ
ਸਦਾ ਹੀ ਗਾਉਂਦੇ ਰਹਿੰਦੇ, ਅਤੇ ਚੰਗੀਆਂ ਨੌਕਰੀਆਂ ਦਾ ਕੂੜਾ ਸ਼ਿਕਾਰ ਕਰਿਆ ਕਰਦੇ ਸਨ/ਹਨ।
ਲਿਖਾਰੀ: ਅਮਰੀਕ ਸਿੰਘ
ਧੌਲ