ਮਲ੍ਹਿਆਂ ਦੇ ਬੇਰ
ਇਹ ਪਿੰਡ ਦਾ ਡੇਰਾ-ਨੁਮਾ
ਗੁਰਦੁਆਰਾ ਸੀ। ਗੁਰਦੁਆਰੇ ਦੇ ਭਾਈ ਨੂੰ ਗ੍ਰੰਥੀ, ਮਹੰਤ, ਬਾਬਾ ਜੀ ਅਤੇ ਭਾਈ ਜੀ ਆਦਿਕ ਨਾਵਾਂ ਨਾਲ਼
ਬੁਲਾਇਆ ਜਾਂਦਾ ਸੀ। ਨਾਮ ਤਾਂ ਉਸਦਾ ਨੌਰੰਗ ਸਿੰਘ ਸੀ ਪਰ ਉਸ ਦੇ ਨਾਮ ਦਾ ਬਹੁਤ ਘੱਟ ਲੋਕਾਂ ਨੂੰ
ਪਤਾ ਸੀ। ਹੁਣ ਉਹ ਪਿਛਲੇ ਕਈ ਸਾਲਾਂ ਤੋਂ ਇਸ ਪਿੰਡ ਦੇ ਗੁਰਦੁਆਰੇ `ਚ ਟਿਕਿਆ ਹੋਇਆ ਸੀ। ਪਹਿਲਾਂ
ਉਹ ਪਿੰਡਾਂ ਵਿੱਚ ਫੇਰੀ ਲਾ ਕੇ ਕੱਪੜਾ ਵੇਚਿਆ ਕਰਦਾ ਸੀ। ਬਚਪਨ ਵਿੱਚ ਹੀ ਉਸ ਦੇ ਬਾਪ ਨੇ ਉਸ ਨੂੰ
ਪੰਜ ਗ੍ਰੰਥੀ ਉੱਤੋਂ ਪਾਠ ਕਰਨਾ ਸਿਖਾ ਦਿੱਤਾ ਸੀ। ਉਹਨਾਂ ਦਿਨਾਂ ਵਿੱਚ ਅੱਜ ਵਾਂਗ ਅਖੰਡ ਪਾਠਾਂ ਦਾ
ਰਿਵਾਜ ਨਹੀ ਸੀ। ਕਿਸੇ ਕਿਸੇ ਪਿੰਡ ਕਦੀ ਕਦੀ ਅਖੰਡ ਪਾਠ ਹੁੰਦਾ ਸੀ ਜਾਂ ਗੁਰਪੁਰਬਾਂ ਉੱਪਰ
ਗੁਰਦੁਆਰਿਆ ਵਿੱਚ ਅਖੰਡ ਪਾਠ ਹੁੰਦੇ ਸਨ। ਅਜਿਹੇ ਸਮਿਆਂ `ਤੇ ਨੌਰੰਗ ਸਿੰਘ ਨੂੰ ਅਖੰਡ ਪਾਠ ਦੀਆਂ
ਰੌਲ਼ਾਂ ਵੀ ਮਿਲ਼ ਜਾਂਦੀਆਂ। ਪਰ ਉਸ ਦੀ ਆਮਦਨ ਦਾ ਮੁੱਖ ਸਾਧਨ ਕੱਪੜੇ ਦੀ ਫੇਰੀ ਹੀ ਸੀ। ਉਸ ਨੇ
ਫਿਰਦੇ ਤੁਰਦੇ ਨੇ ਹੀ ਹੱਥ ਹੌਲ਼ੇ ਕਰਨੇ, ਬੱਚਿਆਂ ਦੀਆਂ ਨਜ਼ਰਾਂ ਉਤਾਰਨੀਆਂ, ਦੁੱਧ ਨਾ ਉਤਾਰਨ
ਵਾਲ਼ੀਆਂ ਮੱਝਾਂ ਗਾਈਆਂ ਲਈ ਆਟੇ ਦੇ ਪੇੜੇ ਕਰਨੇ ਆਦਿ ਸ਼ੋਸ਼ੇ ਵੀ ਸਿੱਖ ਲਏ ਸਨ। ਕੱਪੜੇ ਦੇ ਨਾਲ਼ ਨਾਲ਼
ਇਹਨਾ ਕੰਮਾਂ ਲਈ ਵੀ ਆਲ਼ੇ ਦੁਆਲ਼ੇ ਦੇ ਪਿੰਡਾਂ `ਚ ਉਸ ਦੀ ਉਡੀਕ ਹੁੰਦੀ ਰਹਿੰਦੀ।
ਫੇਰ ਨੌਰੰਗ ਸਿੰਘ ਦੀ ਸੱਜੀ ਲੱਤ ਵਿੱਚ ਦਰਦ ਰਹਿਣ ਲੱਗ ਪਿਆ। ਸਾਈਕਲ `ਤੇ ਏਨੀ ਭਾਰੀ ਡੱਗੀ ਨੂੰ ਲੈ
ਕੇ ਤੁਰਨਾ ਉਸ ਲਈ ਮੁਸੀਬਤ ਬਣ ਗਿਆ ਸੀ। ਉਸ ਨੇ ਬੜੇ ਓਹੜ-ਪੋਹੜ ਕੀਤੇ ਪਰ ਕੋਈ ਫਰਕ ਨਾ ਪਿਆ। ਕਿਸੇ
ਦੇ ਕਹੇ `ਤੇ ਉਸ ਨੇ ਸ਼ਹਿਰ ਜਾ ਕੇ ਇੱਕ ਵੱਡੇ ਡਾਕਟਰ ਨੂੰ ਆਪਣੀ ਲੱਤ ਦਿਖਾਈ ਤਾਂ ਉਸ ਨੇ ਸਭ ਤੋਂ
ਪਹਿਲਾਂ ਕੰਮ ਵਿੱਚ ਤਬਦੀਲੀ ਕਰਨ ਦਾ ਸੁਝਾਉ ਦਿਤਾ। ਪਰ ਉਸ ਨੂੰ ਕੁੱਝ ਨਾ ਸੁੱਝਦਾ।
ਇਕ ਦਿਨ ਉਹ ਨੰਬਰਦਾਰਾਂ ਦੇ ਵਿਹੜੇ ਆਂਢ-ਗੁਆਂਢ ਦੀਆਂ ਮਾਈਆਂ ਬੀਬੀਆਂ ਨੂੰ ਕੱਪੜੇ ਦਿਖਾ ਰਿਹਾ ਸੀ
ਤੇ ਨਾਲ਼ ਨਾਲ਼ ਆਪਣੀ ਲੱਤ ਦਾ ਰੋਣਾ ਰੋ ਰਿਹਾ ਸੀ। ਨੰਬਰਦਾਰ ਦੀ ਘਰ ਵਾਲੀ ਪ੍ਰਸਿੰਨੀ ਨੂੰ ਉਸ `ਤੇ
ਵਾਹਵਾ ਹੀ ਤਰਸ ਆਇਆ।
ਰਾਤ ਨੂੰ ਨੰਬਰਦਾਰ ਤਹਿਸੀਲੋਂ ਮੁੜਿਆ ਤਾਂ ਪ੍ਰਸਿੰਨੀ ਨੇ ਨੌਰੰਗ ਸਿੰਘ ਦੀ ਹਾਲਤ ਬਾਰੇ ਉਸ ਨੂੰ
ਦੱਸਿਆ ਤੇ ਸੁਝਾਅ ਦਿੱਤਾ ਕਿ ਕਿਉਂ ਨਾ ਉਸ ਨੂੰ ਗੁਰਦੁਆਰੇ `ਚ ਭਾਈ ਰੱਖ ਲਿਆ ਜਾਵੇ। ਨੌਰੰਗ ਸਿੰਘ
ਇਸ ਪਿੰਡ ਦੇ ਗੁਰਦੁਆਰੇ ਵੀ ਗੁਰਪੁਰਬਾਂ `ਤੇ ਕਈ ਵਾਰੀ ਪਾਠ ਕਰ ਗਿਆ ਸੀ। ਮੌਜੂਦਾ ਭਾਈ ਬਹੁਤ ਬਿਰਧ
ਹੋ ਚੁੱਕਾ ਸੀ ਤੇ ਹੁਣ ਬਹੁਤਾ ਕਰ ਕੇ ਬਿਮਾਰ ਹੀ ਰਹਿੰਦਾ ਸੀ। ਨਦੀ ਕਿਨਾਰੇ ਰੁੱਖੜਾ ਸੀ। ਬੰਤਾ
ਸਿੰਘ ਦੇ ਮਨ ਨੂੰ ਵੀ ਗੱਲ ਜਚ ਗਈ। ਉਸਨੇ ਪ੍ਰਸਿੰਨੀ ਨੂੰ ਕਹਿ ਦਿਤਾ ਜਦੋਂ ਅਗਲੀ ਵਾਰੀ ਨੌਰੰਗ
ਸਿੰਘ ਫੇਰੀ ਲਾਉਣ ਆਵੇ ਤਾਂ ਉਹਦੇ ਨਾਲ਼ ਗੱਲ ਕਰ ਲਵੇ।
ਨੌਰੰਗ ਸਿੰਘ ਤਾਂ ਆਪ ਚਾਹੁੰਦਾ ਸੀ ਕਿ ਹੁਣ ਉਹ ਕਿਧਰੇ ਟਿਕ ਕੇ ਬੈਠ ਜਾਵੇ। ਉਸ ਨੇ ਕੱਪੜੇ ਦੀ
ਹੱਟੀ ਪਾਉਣ ਬਾਰੇ ਵੀ ਸੋਚਿਆ ਸੀ ਪਰ ਉਸ ਪਾਸ ਏਨੇ ਪੈਸੇ ਨਹੀਂ ਸਨ ਕਿ ਇਹ ਕਾਰੋਬਾਰ ਕਰ ਸਕਦਾ। ਅੱਜ
ਜਦੋਂ ਨੌਰੰਗ ਸਿੰਘ ਲੱਤ ਘੜੀਸਦਾ ਨੰਬਰਦਾਰਾਂ ਦੀ ਬੀਹੀ ਵਿੱਚ ਵੜਿਆ ਤਾਂ ਕੁਦਰਤੀ ਨੰਬਰਦਾਰ ਵੀ ਘਰੇ
ਹੀ ਸੀ। ਪਾਣੀ-ਧਾਣੀ ਪੀਣ ਮਗਰੋਂ ਬੰਤਾ ਸਿੰਘ ਨੇ ਨੌਰੰਗ ਸਿੰਘ ਨਾਲ਼ ਗੱਲ ਛੇੜੀ ਤਾਂ ਉਹ ਮਨ ਵਿੱਚ
ਹੀ ਰੱਬ ਦਾ ਸ਼ੁਕਰ ਕਰਨ ਲੱਗਾ। ਪਰ ਉਸ ਨੇ ਫ਼ੈਸਲਾ ਕਰਨ ਲਈ ਕੁੱਝ ਦਿਨਾਂ ਦੀ ਮੁਹਲਤ ਮੰਗੀ।
ਤੇ ਹੁਣ ਨੌਰੰਗ ਸਿੰਘ ਕਈ ਸਾਲਾਂ ਤੋਂ ਇਸ ਪਿੰਡ ਵਿੱਚ ਟਿਕਿਆ ਹੋਇਆ ਸੀ। ਉਸ ਦਾ ਇੱਕ ਸੁਨਹਿਰੀ
ਅਸੂਲ ਸੀ ਕਿ ਪਿੰਡ ਦੇ ਮੋਹਤਬਰ ਬੰਦਿਆਂ ਨਾਲ਼ ਬਣਾ ਕੇ ਰੱਖੋ, ਜਿਸ ਤਰ੍ਹਾਂ ਉਹ ਕਹਿਣ ਉਸੇ ਤਰ੍ਹਾਂ
ਕਰੋ। ਹਾਥੀ ਦੀ ਪੈੜ ਵਿੱਚ ਸਭ ਦੀ ਪੈੜ। ਆਮ ਬੰਦਾ ਕਿਸੇ ਗੱਲੋਂ ਨਾਰਾਜ਼ ਹੋ ਜਾਵੇ ਤਾਂ ਵੀਹ ਵਾਰੀ
ਹੋ ਜਾਵੇ ਪਰ ਪਿੰਡ ਦੇ ਖ਼ਾਸ ਬੰਦੇ ਨਾਰਾਜ਼ ਨਾ ਹੋਣ। ਨੰਬਰਦਾਰ ਬੰਤਾ ਸਿੰਘ ਤਾਂ ਮੋਹਤਬਰ ਬੰਦਿਆਂ
ਵਿਚੋਂ ਵੀ ਖ਼ਾਸ ਸੀ। ਉਸ ਦੀ ਕੀਤੀ ਪਿੰਡ ਦਾ ਕੋਈ ਵੀ ਬੰਦਾ ਮੋੜਦਾ ਨਹੀਂ ਸੀ। ਵੈਸੇ ਵੀ ਉਸ ਦੀ
ਮਿਹਰਬਾਨੀ ਨਾਲ਼ ਹੀ ਤਾਂ ਉਹ ਇੱਥੇ ਰਾਜ ਕਰ ਰਿਹਾ ਸੀ।
ਥੋੜ੍ਹੇ ਕੁ ਚਿਰਾਂ ਤੋਂ ਇੱਕ ਸਿਧ-ਪੱਧਰਾ ਜਿਹਾ ਨੌਜੁਆਨ ਪਤਾ ਨਹੀਂ ਕਿੱਧਰੋਂ ਆ ਕੇ ਗੁਰਦੁਆਰੇ
ਵਿੱਚ ਟਿਕ ਗਿਆ ਸੀ। ਉਹ ਆਪਣਾ ਸਹੀ ਅਤਾ-ਪਤਾ ਕਿਸੇ ਨੂੰ ਵੀ ਨਹੀਂ ਸੀ ਦੱਸਦਾ। ਉਸ ਨੇ ਆਪਣਾ ਨਾਮ
ਚਰਨਾ ਦੱਸਿਆ ਸੀ ਤੇ ਹੁਣ ਸਾਰੇ ਹੀ ਉਸ ਨੂੰ ਚਰਨੇ ਦੇ ਨਾਂ ਨਾਲ਼ ਜਾਣਦੇ ਸਨ। ਨੰਬਰਦਾਰ ਨੇ ਠਾਣੇ
ਵਿਚੋਂ ਵੀ ਪਤਾ ਕੀਤਾ ਸੀ ਪਰ ਕੋਈ ਸੁਰਾਗ ਨਹੀਂ ਸੀ ਮਿਲਿਆ। ਚਰਨੇ ਦੀਆਂ ਅੱਲ-ਵਲੱਲੀਆਂ ਸੁਣ ਕੇ ਹਰ
ਕੋਈ ਉਸ `ਤੇ ਤਰਸ ਕਰਦਾ। ਬੰਤਾ ਸਿੰਘ ਨੇ ਨੌਰੰਗ ਸਿੰਘ ਨੂੰ ਚਰਨੇ `ਤੇ ਪੂਰੀ ਅੱਖ ਰੱਖਣ ਲਈ ਕਿਹਾ
ਹੋਇਆ ਸੀ। ਨੌਰੰਗ ਸਿੰਘ ਨੇ ਉਹਦੀਆਂ ਕੁੱਝ ਪਰਖਾਂ ਵੀ ਕੀਤੀਆਂ ਸਨ ਜਿਹਨਾਂ ਵਿਚੋਂ ਚਰਨਾ ਪਾਸ ਹੋ
ਗਿਆ ਸੀ। ਹੁਣ ਉਹ ਨੌਰੰਗ ਸਿੰਘ ਦਾ ਪੂਰਾ ਵਿਸ਼ਵਾਸ ਪਾਤਰ ਬਣ ਗਿਆ ਸੀ ਤੇ ਆਗਿਆ ਵਿੱਚ ਰਹਿੰਦਾ ਸੀ।
ਦੌੜ ਦੌੜ ਕੇ ਸਾਰੇ ਕੰਮ ਕਰਦਾ ਤੇ ਰਾਤ ਨੂੰ ਨੌਰੰਗ ਸਿੰਘ ਦੀਆਂ ਲੱਤਾਂ ਵੀ ਘੁੱਟਦਾ।
ਪਹਿਲਾਂ ਵੀ ਦੋ ਕੁ ਬੰਦਿਆਂ ਨੇ ਇੱਥੇ ਟਿਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਜਲਦੀ ਹੀ ਪੱਤਰਾ ਵਾਚ ਗਏ
ਸਨ ਕਿਉਂਕਿ ਉਹ ਪੈਸਾ-ਧੇਲਾ ਚਾਹੁੰਦੇ ਸਨ ਪਰ ਨੌਰੰਗ ਸਿੰਘ ਨੇ ਗੰਢ ਢਿੱਲੀ ਕਰਨੀ ਸਿੱਖੀ ਹੀ ਨਹੀਂ
ਸੀ। ਚਰਨੇ ਵਿਚਾਰੇ ਨੂੰ ਅਜਿਹਾ ਕੋਈ ਲਾਲਚ ਨਹੀਂ ਸੀ। ਉਸ ਦੀ ਲੋੜ ਰੋਟੀ ਕੱਪੜਾ ਹੀ ਸੀ ਜੋ ਬਿਨਾਂ
ਕਿਸੇ ਹੀਲ-ਹੁੱਜਤ ਪੂਰੀ ਹੋ ਰਹੀ ਸੀ।
ਨੌਰੰਗ ਸਿੰਘ ਨੇ ਕਿਸੇ ਭਲੇ ਸਮੇਂ ਹਰਮੋਨੀਅਮ ਵਾਜੇ ਦੀਆਂ ਦੋ ਕੁ ਸੁਰਾਂ `ਤੇ ਉਂਗਲਾਂ ਮਾਰਨੀਆਂ
ਸਿੱਖ ਲਈਆਂ ਸਨ। ਬਸ ਦੋ ਕੁ ਸੁਰਾਂ ਨਾਲ਼ ਹੀ ਉਹ ਪਿੰਡ ਦੇ ਧਰਮ-ਕਰਮ ਦਾ ਬੁੱਤਾ ਸਾਰੀ ਜਾਂਦਾ ਸੀ।
ਚਰਨੇ ਦੇ ਆਉਣ ਤੋਂ ਪਹਿਲਾਂ ਕਿਸੇ ਪ੍ਰੋਗਰਾਮ `ਤੇ ਕੀਰਤਨ ਕਰਨ ਸਮੇਂ ਨੌਰੰਗ ਸਿੰਘ ਨੂੰ ਕਿਸੇ
ਢੋਲਕੀ ਵਜਾਉਣ ਵਾਲ਼ੇ ਦਾ ਮਿੰਨਤ ਤਰਲਾ ਕਰਨਾ ਪੈਂਦਾ ਸੀ। ਹੁਣ ਨੌਰੰਗ ਸਿੰਘ ਨੇ ਢੋਲਕੀ `ਤੇ ਥੱਪ
ਥੱਪ ਕਰਨੀ ਚਰਨੇ ਨੂੰ ਸਿਖਾ ਦਿੱਤੀ ਸੀ। ਨਾ ਤੋੜਾ ਮਾਰਨਾ ਉਹਨੂੰ ਆਪੂੰ ਨੂੰ ਆਉਂਦਾ ਸੀ ਤੇ ਨਾ ਹੀ
ਉਹ ਚਰਨੇ ਨੂੰ ਸਿਖਾ ਸਕਦਾ ਸੀ। ਇਸ ਸਭ ਕੁੱਝ ਦੇ ਬਾਵਜੂਦ ਉਹ ਪਿੰਡ ਦੀਆਂ ਲੋੜਾਂ ਪੂਰੀਆਂ ਕਰੀ
ਜਾਂਦੇ ਸਨ।
ਚਰਨਾ ਹੁਣ ਗੁਰਦੁਆਰੇ ਦੀਆਂ ਨਿੱਕੀਆਂ ਮੋਟੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਵੀ ਸਿੱਖ ਗਿਆ ਸੀ।
ਨੌਰੰਗ ਸਿੰਘ ਦੀ ਗ਼ੈਰਹਾਜ਼ਰੀ ਵਿੱਚ ਉਹ ਕਿਸੇ ਦੀ ਅਰਦਾਸ ਕਰ ਦਿੰਦਾ, ਨੌਰੰਗ ਸਿੰਘ ਵਲੋਂ ਤਿਆਰ ਕੀਤੇ
ਹੋਏ ਆਟੇ ਦੇ ਪੇੜੇ, ਤਵੀਤ, ਮੰਤਰਿਆ ਹੋਇਆ ਪਾਣੀ ਦੇ ਕੇ ਗਾਹਕ ਭੁਗਤਾ ਦਿੰਦਾ ਤੇ ਪੈਸੇ ਪੈਸੇ ਦਾ
ਹਿਸਾਬ ਨੌਰੰਗ ਸਿੰਘ ਨੂੰ ਦਿੰਦਾ। ਹੁਣ ਤਾਂ ਚਰਨੇ ਨੂੰ ਲੋਕ ਛੋਟਾ ਭਾਈ ਵੀ ਕਹਿਣ ਲੱਗ ਪਏ ਸਨ।
ਅੱਜ ਨੰਬਰਦਾਰ ਬੰਤਾ ਸਿੰਘ ਦੇ ਪੋਤਰੇ ਦੀ ਕੁੜਮਾਈ ਸੀ। ਸਵੇਰੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਵੀ
ਪਾਇਆ ਜਾਣਾ ਸੀ। ਕਾਫ਼ੀ ਕੋੜਮਾ ਇਕੱਠਾ ਹੋਣਾ ਸੀ। ਸੁਣਨ ਵਿੱਚ ਤਾਂ ਇਹ ਵੀ ਆ ਰਿਹਾ ਸੀ ਕਿ ਬਾਹਰਲੀ
ਹਵੇਲੀ ਉਸ ਨੇ ਬੱਕਰਾ ਝਟਕਾਉਣ ਲਈ ਦੋ ਬੰਦਿਆਂ ਦੀ ਡਿਊਟੀ ਲਾਈ ਹੋਈ ਸੀ ਤੇ ਜਾਗਰ ਵੈਲੀ ਨੂੰ ਕਹਿ
ਕੇ ਖ਼ਾਸ ਤੌਰ `ਤੇ ਦੇਸੀ ਦਾਰੂ ਵੀ ਕਢਵਾਈ ਸੀ।
ਨੰਬਰਦਾਰ ਨੇ ਨੌਰੰਗ ਸਿੰਘ ਨੂੰ ਖ਼ਾਸ ਹਿਦਾਇਤ ਕੀਤੀ ਸੀ ਕਿ ਉਹ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ
ਸਿਰਫ਼ ਇਕੋ ਹੀ ਸ਼ਬਦ ਪੜ੍ਹੇ ਕਿਉਂਕਿ ਛੁਹਾਰਾ ਲਗਦਿਆਂ ਸਾਰ ਹੀ ਪਾਰਟੀ ਦਾ ਦੌਰ ਸ਼ੁਰੂ ਹੋ ਜਾਣਾ ਸੀ।
ਨੌਰੰਗ ਸਿੰਘ ਨੂੰ ਭਲਾ ਕੀ ਉਜ਼ਰ ਹੋ ਸਕਦਾ ਸੀ?
ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਨੌਰੰਗ ਸਿੰਘ ਨੇ ਅਜੇ ਵਾਜੇ `ਤੇ ਹੱਥ ਰੱਖਿਆ ਹੀ ਸੀ ਕਿ
ਮਹਿਮਾਨਾਂ ਨੇ ਨੋਟਾਂ ਦਾ ਮੀਂਹ ਵਰ੍ਹਾ ਦਿੱਤਾ। ਸ਼ਬਦ ਮੁਕਾ ਕੇ ਉਸ ਨੇ ਅਰਦਾਸ ਕੀਤੀ ਤੇ ਜਲਦੀ ਜਲਦੀ
ਮਹਾਰਾਜ ਦੀ ਬੀੜ ਸੰਤੋਖੀ ਤੇ ਡੇਰੇ ਵਲ ਚਾਲੇ ਪਾਏ।
ਡੇਰੇ ਪਹੁੰਚ ਕੇ ਸਭ ਤੋਂ ਪਹਿਲਾਂ ਨੌਰੰਗ ਸਿੰਘ ਨੇ ਮਾਇਆ ਗਿਣੀ ਜੋ ਕਿ ਉਸ ਦੀ ਉਮੀਦ ਨਾਲ਼ੋਂ ਕਿਤੇ
ਵਾਧੂ ਸੀ। ਚਰਨਾ ਵੀ ਨੇੜੇ ਹੀ ਬੈਠਾ ਸੀ ਉਹ ਬੋਲਿਆ, “ਬਾਬਾ ਜੀ, ਇੱਕ ਸ਼ਬਦ ਹੋਰ ਪੜ੍ਹ ਲੈਂਦੇ, ਹੋਰ
ਮਾਇਆ ਆ ਜਾਣੀ ਸੀ”।
“ਓਏ ਮੂਰਖਾ, ਓਏ ਕਮਲ਼ਿਆ! ਕਦੇ ਮਲ੍ਹਿਆਂ ਦੇ ਬੇਰ ਝਾੜੇ ਐ” ਨੌਰੰਗ ਸਿੰਘ ਨੇ ਸਵਾਲੀਆ ਨਜ਼ਰਾਂ ਨਾਲ
ਚਰਨੇ ਵਲ ਦੇਖਿਆ।
“ਬਾਬਾ ਜੀ, ਮੈਂ ਤਾਂ ਮਲ੍ਹੇ ਈ ਨਈਂ ਦੇਖੇ”
“ਓਏ ਤਾਂ ਈ ਤੈਨੂੰ ਇਹਨਾਂ ਗੱਲਾਂ ਦੀ ਸਮਝ ਨਈਂ, ਤੂੰ ਦੇਖਿਆ ਨਈਂ ਕਿਵੇਂ ਸੰਗਤਾਂ ਬੰਤਾ ਸਿੰਘ ਨੂੰ
ਦਿਖਾ ਦਿਖਾ ਕੇ ਰੁਪੱਈਏ ਦੇਣ ਲਈ ਉੱਠਦੀਆਂ ਸੀ। ਲੋਕ ਕੀਰਤਨ ਨੂੰ ਮਾਇਆ ਨਈਂ ਦਿੰਦੇ, ਘਰ ਵਾਲਿਆਂ
ਦੇ ਮੂੰਹ-ਮੁਲਾਹਜ਼ੇ ਨੂੰ ਦਿੰਦੇ ਆ। ਮੈਨੂੰ ਕੁੱਤੇ ਨੇ ਵੱਢਿਆ ਸੀ ਮੈਂ ਐਵੇਂ ਸੰਘ ਪਾੜੀ ਜਾਂਦਾ।
ਬੇਰ ਤਾਂ ਜਿਹੜੇ ਝੜਨੇ ਸੀ ਪਹਿਲੇ ਹੱਲੇ ਈ ਝੜ ਗਏ ਸੀ, ਨਾਲ਼ੇ ਬੰਤਾ ਸੂੰਹ ਦੀ ਗੱਲ ਨਾ ਮੰਨ ਕੇ
ਕੁੱਤੇ-ਖਾਣੀ ਕਰਵਾਉਣੀ ਸੀ ਉਹਤੋਂ, ਤੇਲ ਦੇਖੀ ਦਾ ਤੇਲ ਦੀ ਧਾਰ ਦੇਖੀ ਦੀ ਐ, ਬੁੱਧੂਆ। ਇਹਨੂੰ
ਕਹਿੰਦੇ ਆ ਮਲ੍ਹਿਆਂ ਨਾਲੋਂ ਬੇਰ ਝਾੜਨੇ, ਜਿਹੜੇ ਪੱਕੇ ਪੱਕੇ ਹੁੰਦੇ ਆ ਉਹ ਪਹਿਲੇ ਹੱਲੇ ਈ ਝੜ
ਜਾਂਦੇ ਆ, ਕੋਈ ਨਾ ਸਮਝ ਜਾਏਂਗਾ ਸਾਰਾ ਕੁਸ਼ ਹੌਲ਼ੀ ਹੌਲ਼ੀ,” ਏਨਾ ਕਹਿ ਕੇ ਨੌਰੰਗ ਸਿੰਘ ਨੇ ਨੋਟਾਂ
ਦੀ ਥਹੀ ਨੂੰ ਚੋਲ਼ੇ ਦੀ ਵੱਡੀ ਸਾਰੀ ਜੇਬ ਵਿੱਚ ਪਾਇਆ ਤੇ ਚਰਨੇ ਨੂੰ ਕੜੱਕ ਜਿਹੀ ਚਾਹ ਬਣਾਉਣ ਦਾ
ਹੁਕਮ ਕੀਤਾ।
ਰਸੋਈ ਵਲ ਨੂੰ ਜਾਂਦਿਆਂ ਚਰਨੇ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਅੱਜ ਉਸ ਦੇ ਕਪਾਟ ਖੁੱਲ੍ਹ
ਗਏ ਹੋਣ।
ਨਿਰਮਲ ਸਿੰਘ ਕੰਧਾਲਵੀ