.

ਨਾਨਕ-ਧਰਮ

(ਨੋਟ:- ਇਹ ਲੇਖ 1969 ਵਿੱਚ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪੁਰਬ ਵਾਸਤੇ ਲਿਖਿਆ ਸੀ। ਬਿਨਾਂ ਬਹੁਤੀ ਘਾਟ-ਵਾਧ ਦੇ, ਅਜੋਕੇ ਪਾਠਕਾਂ ਵਾਸਤੇ ਦੁਬਾਰਾ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ। ਇਹ ਲੇਖ ਪੂਰਨ ਤੌਰ `ਤੇ ਨਾਨਕ-ਬਾਣੀ ਉੱਤੇ ਆਧਾਰਿਤ ਹੈ।)

ਸਮਰੱਥ ਨਾਨਕ ਦੇ ਅਦੁੱਤੀ ਵਿਅਕਤਿੱਤ੍ਵ ਦੇ ਸੰਬੰਧ ਵਿੱਚ ਯੋਗ ਸ਼ਬਦ ਕਹਿਣਾ ਮੇਰੇ ਵਰਗੇ ਅਸਮਰੱਥ ਬੰਦੇ ਲਈ ਸੰਭਵ ਨਹੀਂ ਹੈ। ਫਿਰ ਵੀ, ਉਸ ਮਹਾਨ ਰੂਹਾਨੀ ਸ਼ਖ਼ਸੀਅਤ ਪ੍ਰਤਿ ਹਾਰਦਿਕ ਪਿਆਰ ਤੇ ਦਿਲੀ ਸਤਿਕਾਰ ਨੂੰ ਆਪਣੀ ਤੁੱਛ ਬੁੱਧਿ ਦੀ ਸਹਾਇਤਾ ਨਾਲ, ਨਿਮਾਣੀ ਜਿਹੀ ਕਲਮ ਦੁਆਰਾ ਸ਼ਬਦਾਂ ਦਾ ਸਰੀਰ ਧਾਰਨ ਕਰਾ ਕੇ, ਇੱਕ ਨਿਬੰਧ ਦਾ ਜਾਮਾ ਪੁਆ ਕੇ, ਉਸ ਅਦੁੱਤੀ ਆਤਮੀਯ ਨੇਤਾ ਦੇ ਚਰਨਾਂ ਵਿੱਚ ਸ਼ਰਧਾਂਜਲੀ ਭੇਟ ਕਰਨ ਦਾ ਯਤਨ ਕਰਦਾ ਹਾਂ।

ਦੂਰ ਦੁਰਾਡੇ, ਕਲਪਣਾ ਦੀ ਸੀਮਾ ਤੋਂ ਵੀ ਪਰੇ ਇੱਕ ਮੰਜ਼ਿਲ ਹੈ; ਇੱਸ ਮੰਜ਼ਿਲ ਵੱਲ ਬਹੁਤ ਸਾਰੇ ਰਾਹ, ਰਸਤੇ, ਪਹੇ ਤੇ ਪਗ-ਡੰਡੀਆਂ ਜਾਂਦੇ ਹਨ। ਪਰ, ਇਹ ਬਿਖੜੇ ਪੈਂਡੇ ਨਾ ਤਾਂ ਆਪ ਹੀ ਮੰਜ਼ਿਲ ਤੱਕ ਪਹੁੰਚਦੇ ਹਨ, ਅਤੇ ਨਾ ਹੀ ਇਨ੍ਹਾਂ ਪੈਂਡਿਆਂ ਉੱਪਰ ਚੱਲਣ ਵਾਲਾ ਕੋਈ ਇਸ ਮੰਜ਼ਿਲ ਦਾ ਥਹੁ ਪਾ ਸਕਿਆ ਹੈ। ਇਸੇ ਮੰਜ਼ਿਲ ਤਕ ਇੱਕ ਸ਼ਾਹ-ਰਾਹ ਜਾਂਦੀ ਹੈ; ਇਹ ਸ਼ਾਹ-ਰਾਹ ਹੈ ਨਾਨਕ-ਮਾਰਗ ਅਥਵਾ ਨਾਨਕ-ਧਰਮ।

ਧਰਮ ਦੇ ਅਰਥ ਹਨ: ਫ਼ਰਜ਼, ਕਰਤੱਵ, ਡਿਯੁਟੀ (Duty), ਮਾਰਗ, ਪੰਥ, ਰਸਤਾ ਅਤੇ ਮਰਯਾਦਾ ਆਦਿ। ਅਧਿਆਤਮਕਤਾ ਦੇ ਖੇੱਤ੍ਰ ਵਿੱਚ, ਜੀਵਨ-ਮਨੋਰਥ ਅਥਵਾ ਕਰਤੱਵ ਦੀ ਸਿੱਧੀ ਲਈ, ਮਹਾਂ-ਪੁਰਖ ਜੋ ਮਾਰਗ ਨਿਰਧਾਰਤ ਕਰਦੇ ਹਨ, ਉਸ ਨੂੰ ਧਰਮ ਕਿਹਾ ਜਾਂਦਾ ਹੈ। ਜੈਮਿਨੀ ਦੇ ਸ਼ਬਦਾਂ ਵਿੱਚ, “ਜਿਸ ਤੋਂ ਮੁਕਤੀ ਦੀ ਸਿੱਧੀ ਪ੍ਰਾਪਤ ਹੋਵੇ ਉਹ ਧਰਮ ਹੈ”।

ਨਾਨਕ-ਮੱਤ ਅਨੁਸਾਰ, ਜੀਵ-ਆਤਮਾ ਪਰਮ-ਆਤਮਾ ਦਾ ਹੀ ਅੰਗ/ਅੰਸ਼ ਹੈ; ਅਤੇ ਇਹ ਆਪਣੇ ਕੀਤੇ ਅਧਾਰਮਿਕ ਅਪਵਿੱਤ੍ਰ ਅਮਾਨਵੀ ਕਰਮਾਂ ਤੇ ਪਾਪਾਂ ਦੇ ਕਾਰਣ ਆਪਣੇ ਮੂਲ ਤੋਂ ਵਿੱਛੜ ਕੇ ਸਰੀਰਾਂ ਦੀ ਕੈਦ-ਬਾ-ਮੁਸ਼ੱਕਤ ਭੁਗਤ ਰਹੀ ਹੈ। ਜੀਵ ਯੋਨ-ਚੱਕਰ ਵਿੱਚ ਬੰਨ੍ਹਿਆ ਸੰਸਾਰਕ ਦੁੱਖ ਭੋਗਦਾ ਰਹਿੰਦਾ ਹੈ, ਅਤੇ ਜੀਵ-ਆਤਮਾ ਛੁੱਟੜ ਇਸਤਰੀ ਦੀ ਤਰ੍ਹਾਂ ਨਾਸ਼ਵਾਨ ਸੰਸਾਰ ਦੀ ਮਾਇਆ-ਧੂੜ ਵਿੱਚ ਰੁਲਦੀ ਰਹਿੰਦੀ ਹੈ। ਆਤਮਾ ਦਾ ਇਸ ਭਟਕਣ, ਜਨਮ ਮਰਨ ਦੇ ਚੱਕਰ ਤੋਂ ਛੁਟਕਾਰਾ ਕਰਾਉਣਾਂ ਤੇ ਪਰਮਾਤਮਾ ਵਿੱਚ ਸਦੀਵੀ ਅਭੇਦਤਾ ਪ੍ਰਾਪਤ ਕਰਨਾਂ ਹੀ ਮੁਕਤੀ ਹੈ। ਇਹੋ ਮਨੁੱਖ ਮਾਤਰ ਦਾ ਜੀਵਨ-ਮਨੋਰਥ ਹੈ।

ਮੁਕਤੀ ਦੇ ਇਸ ਆਤਮਿਕ ਫ਼ਰਜ਼ ਨੂੰ ਪੂਰਾ ਕਰਨ ਲਈ ਸਾਨੂੰ ਗੁਰੂ ਨਾਨਕ ਦੇਵ ਜੀ ਦੁਆਰਾ ਦ੍ਰਿੜਾਏ ਗਏ ਕਈ ਅਧਿਆਤਮਕ ਸਿਧਾਂਤਾਂ ਦੀ ਸੋਝੀ ਹੋਣੀ ਲਾਜ਼ਮੀ ਹੈ। ਸੱਭ ਤੋਂ ਪਹਿਲਾਂ ਸਾਨੂੰ ਆਪਣਾ ਅਤੇ ਆਪਣੇ ਮੂਲ ਪਰਮਾਤਮਾ ਦਾ ਗਿਆਨ ਹੋਣਾ ਜ਼ਰੂਰੀ ਹੈ:-

ਸਾਕਤ ਨਿਰਗੁਣਿਆਰਿਆ, ਆਪਣਾ ਮੂਲੁ ਪਛਾਣੁ॥ ਸਿਰੀ ਰਾਗੁ ਮ: ੧

ਆਤਮਾ, ਪਰਮਾਤਮਾ ਅਤੇ ਇਨ੍ਹਾਂ ਦੇ ਪਰਸਪਰ ਸੰਬੰਧ ਦਾ ਗਿਆਨ ਪ੍ਰਾਪਤ ਕਰ ਲੈਣ ਉਪਰੰਤ ਹੀ ਮਨੋਰਥ ਦੀ ਸਿੱਧੀ ਪ੍ਰਾਪਤ ਹੋ ਸਕਦੀ ਹੈ:-

ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ ਮਿਲਾਈ ਹੇ॥ ਮਾਰੂ ਮ: ੧

ਇਸ਼ਟ:

ਜੀਵ-ਆਤਮਾ ਦੇ ਮੂਲ ਪਰਮਾਤਮਾ, ਜਿਸ ਵਿੱਚ ਜੀਵ-ਆਤਮਾ ਨੇ ਸਦਾ ਲਈ ਸਮੋਏ ਜਾਣਾਂ ਹੈ, ਦਾ ਸਰੂਪ ਕੀ ਹੈ? ਨਾਨਕ-ਦਰਸ਼ਨ ਅਨੁਸਾਰ:

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥

ਅਰਥ: ੴ=੧+ਓ+ਕਾਰ; ਇਕ+ਓਅੰ+ਕਾਰ=ਇਕ+ਬ੍ਰਹਮ (ਪਰਮਾਤਮਾ) +ਕੇਵਲ; ਪਰਮਾਤਮਾ ਕੇਵਲ ਇੱਕ ਹੈ। ਕਾਰ ਦਾ ਅਰਥ ਅਕਾਲ-ਪੁਰਖ ਦੀ ਸਦਸਥਿਰਤਾ, ਨਿਰੰਤਰਤਾ ਤੇ ਸਦੀਵਤਾ ਆਦਿ ਵੀ ਕੀਤਾ ਜਾਂਦਾ ਹੈ।

ਭਾਵਾਰਥ:- ਅਦੁੱਤੀ ਪਰਮਾਤਮਾ ਸਦ-ਸਥਿਰ ਹੈ, ਅਵਿਨਾਸ਼ੀ ਹੈ, ਸਾਰੀ ਸ੍ਰਿਸ਼ਟੀ ਦਾ ਸਿਰਜਨਹਾਰ ਹੈ, ਉਹ ਭੈ-ਰਹਿਤ ਹੈ, ਨਾ ਕਿਸੇ ਨੂੰ ਭੈ ਦਿੰਦਾ ਹੈ ਅਤੇ ਨਾ ਹੀ ਭੈ-ਭੀਤ ਹੁੰਦਾ ਹੈ। ਉਹ ਕ੍ਰਿਤ ਨਹੀਂ ਸਗੋਂ ਕਰਤਾ ਹੈ। ਉਸ ਦੀ ਕਾਲ-ਰਹਿਤ ਹੋਂਦ ਆਪਣੇ ਆਪ ਤੋਂ ਹੈ। ਉਹ ਆਪਣੇ ਆਪ ਤੋਂ ਪ੍ਰਕਾਸ਼ ਰੂਪ ਹੋਇਆ ਹੈ। ਉਸੇ ਸਤਿਗੁਰੂ (ਪਰਮਾਤਮਾ) ਦੀ ਬਖ਼ਸ਼ਿਸ਼ ਨਾਲ ਉਸ ਦਾ ਗਿਆਨ ਪ੍ਰਾਪਤ ਹੁੰਦਾ ਹੈ।

ਗੁਰੂ ਨਾਨਕ ਦੇਵ ਅਦ੍ਵੈਤਵਾਦੀ ਸਨ। ਉਨ੍ਹਾਂ ਦਾ ਵਿਸ਼ਵਾਸ ਇੱਕ-ਈਸ਼ਵਰਯ ਸੀ। ਦੇਵੀ ਦੇਵਤੇ, ਫ਼ਰਿਸ਼ਤੇ ਤੇ ਅਵਤਾਰ ਆਦਿ ਮਿਥਿਹਾਸਿਕ ਉਪ-ਸ਼ਕਤੀਆਂ ਨੂੰ ਉਹ ਨਹੀਂ ਸਨ ਮੰਨਦੇ। ਉਨ੍ਹਾਂ ਦੇ ਮੱਤ ਅਨੁਸਾਰ ਰੱਬ ਨਾਲ ਸ਼ਿਰਕਤ ਰੱਖਣ ਵਾਲੀ ਹੋਰ ਕੋਈ ਸ਼ਕਤੀ ਨਹੀਂ ਹੈ:-

ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੇ॥ ਮਾਰੂ ਮ: ੧

ਅਦ੍ਵੈਤ ਦੇ ਇਸ ਸਿਧਾਂਤ ਦੇ ਹੋਰ ਬਹੁਤ ਸਾਰੇ ਪ੍ਰਮਾਣ ਨਾਨਕ-ਬਾਣੀ ਵਿੱਚੋਂ ਮਿਲਦੇ ਹਨ, ਜਿਵੇਂ:-

ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ……

ਸਹੁ ਮੇਰਾ ਏਕੁ ਦੂਜਾ ਨਹੀ ਕੋਈ॥ ……

ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ॥ ਆਸਾ ਪਟੀ ਮ: ੧

ਨਿਰ-ਗੁਣ ਸਰੂਪ ਪਰਮਾਤਮਾ ਦਾ ਦੂਜਾ ਵਿਸ਼ੇਸ਼ ਗੁਣ ਉਸ ਦੀ ਸਦ-ਸਥਿਰਤਾ ਹੈ। ਦ੍ਰਿਸ਼ਟਮਾਨ ਸੰਸਾਰ/ਕੁਦਰਤ ਸ੍ਰਿਸ਼ਟੀ ਸੱਭ ਅਸਥਿਰ ਅਥਵਾ ਨਾਸ਼ਮਾਨ ਹਨ। ਪਰ ਇਨ੍ਹਾਂ ਦਾ ਕਾਦਰ ਆਦਿ ਜੁਗਾਦਿ ਤੋਂ ਸਥਿਰ ਹੈ ਅਤੇ ਹਮੇਸ਼ਾ ਰਹੇਗਾ:-

ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ਜਪੁ

ਸਭੁ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ॥

ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ॥

ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ॥ ਸਿਰੀ ਰਾਗੁ ਮ: ੧

ਤ੍ਰੈ-ਗੁਣ-ਅਤੀਤ ਨਿਰਗੁਣ ਸਰੂਪ ਪ੍ਰਭੂ ਦਾ ਭੇਦ ਅਤੇ ਗਿਆਨ ਤ੍ਰੈ ਗੁਣ-ਸੰਪੱਨ ਮਨੁੱਖ ਦੀਆਂ ਸੰਸਾਰਕ ਸ਼ਕਤੀਆਂ ਦੁਆਰਾ ਨਹੀਂ ਪਾਇਆ ਜਾ ਸਕਦਾ। ਉਹ ਮਨੁੱਖ ਦੀ ਕਲਪਣਾ ਬੁੱਧੀ ਆਦਿ ਦੀ ਪਹੁੰਚ ਤੋਂ ਪਰ੍ਹੇ ਹੈ:-

ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ॥ ਸਿਰੀ ਰਾਗੁ ਮ: ੧

ਅਲਖ ਅਪਾਰ ਅਗੰਮ ਅਗੋਚਰ ਨ ਤਿਸੁ ਕਾਲੁ ਨ ਕਰਮਾ॥ ਸੋਰਠਿ ਮ: ੧

ਗੁਰੁ ਨਾਨਕ ਦੇਵ ਨੇ ਰੱਬ ਦੇ ਨਿਰਗੁਣ ਤੇ ਸਰਗੁਣ ਦੋ ਰੂਪ ਮੰਨੇ ਹਨ। ਜੇ ਉਹ ਨਿਰਗੁਣ ਸੂਖਮ ਸਰੂਪ ਵਿੱਚ ਰੇਖ ਅਤੇ ਰੰਗ ਤੋਂ ਰਹਿਤ ਹੈ ਤਾਂ ਸਰਗੁਣ ਸਥੂਲ ਰੂਪ ਵਿੱਚ ਇਨ੍ਹਾਂ ਰੇਖਾਵਾਂ ਤੇ ਰੰਗਾਂ ਵਿੱਚ ਹੀ ਦਿਖਾਈ ਦਿੰਦਾ ਹੈ। ਇਹ ਹੀ ਰੱਬ ਦੀ ਸਰਬ-ਵਿਆਪਕਤਾ ਦਾ ਸਿਧਾਂਤ ਹੈ। ਭੌਤਕ ਸਰੀਰ ਦਾ ਧਾਰਨੀ ਜੀਵ-ਜਗਤ ਤੇ ਬਾਕੀ ਸਾਰੀ ਸ੍ਰਿਸ਼ਟੀ ਦੀਆਂ ਹੋਂਦਾਂ ਵਿੱਚ ਉਸੇ ਦੀ ਹੀ ਜੋਤਿ ਹੈ:-

ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ॥ ਸਿਰੀ ਰਾਗੁ ਮ: ੧

ਤੂੰ ਸਭਨਾ ਮਾਹਿ ਸਮਾਇਆ॥ ਤਿਨਿ ਕਰਤੈ ਆਪੁ ਲੁਕਾਇਆ॥ ਸਿਰੀ ਰਾਗੁ ਮ: ੧

ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ ਆਸਾ ਮ: ੧

ਗੁਰੁ ਨਾਨਕ ਦੇਵ ਏਕਤ੍ਵ ਦੇ ਸਿਧਾਂਤ ਵਿੱਚ ਇਤਨੇ ਦ੍ਰਿੜ ਸਨ ਕਿ ਉਨ੍ਹਾਂ ਨੇ ਆਪਣੀ ਬਾਣੀ ਤੇ ਜੀਵਨ ਵਿੱਚ ਦ੍ਵੈਤ ਭਾਵਨਾਂ ਦਾ ਹਰ ਜਗ੍ਹਾ ਖੰਡਨ ਕੀਤਾ ਹੈ। ਉਨ੍ਹਾਂ ਦੇ ਮੱਤ ਅਨੁਸਾਰ ਇੱਕ ਈਸ਼ਵਰ ਤੋਂ ਬਿਨਾਂ ਹੋਰ ਮਿਥਿਹਾਸਕ ਸ਼ਕਤੀਆਂ ਦੀ ਉਪਾਸਨਾ ਨਿਰਾਰਥਕ ਹੈ। ਅਜਿਹੀ ਭਰਮ-ਪੂਰਨ ਉਪਾਸਨਾ ਦੁਆਰਾ ਮਨੁੱਖ ਮੁਕਤੀ ਨਹੀਂ ਪਾ ਸਕਦਾ ਅਤੇ ਹਮੇਸ਼ਾ ਦੁਖੀ ਤੇ ਖੁਆਰ ਹੁੰਦਾ ਰਹਿੰਦਾ ਹੈ। ਮਨੁੱਖ ਦਾ ਜਨਮ-ਮਰਨ ਦੇ ਚੱਕਰ ਦਾ ਦੁੱਖ ਤੇ ਆਤਮ-ਪੀੜਾ ਨਵਿਰਤ ਨਹੀਂ ਹੁੰਦੇ ਅਤੇ ਉਹ ਸੰਸਾਰ ਦੇ ਭਵ ਸਾਗਰ ਵਿੱਚ ਹੀ ਗੋਤੇ ਖਾਂਦਾ ਰਹਿੰਦਾ ਹੈ:-

ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥ ਆਸਾ ਮ: ੧

ਦੂਜੀ ਦੁਰਮਤਿ ਦਰਦੁ ਨ ਜਾਇ॥ ……ਬਿਲਾਵਲੁ ਮ: ੧

ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ॥

ਸਭੁ ਜਗੁ ਤੇਰਾ ਤੂ ਏਕੋ ਦਾਤਾ ਅਵਰੁ ਨ ਦੂਜਾ ਭਾਈ॥ ਸੋਰਠਿ ਮ: ੧

ਦੂਜੈ ਭਾਇ ਲਗੇ ਪਛੁਤਾਣੇ॥ ਜਮ ਦਰਿ ਬਾਧੇ ਆਵਣ ਜਾਣੇ॥ ਬਿਲਾਵਲੁ ਮ: ੧

ਜੀਵਾਤਮਾ ਦੇ ਆਪਣੇ ਸ੍ਰੋਤ ਪਰਮਾਤਮਾ ਤਕ ਪਹੁੰਚਣ ਲਈ ਗੁਰੂ ਨਾਨਕ ਦੁਆਰਾ ਪ੍ਰਦਰਸ਼ਿਤ ਅਧਿਆਤਮ-ਮਾਰਗ ਬਾਰੇ ਵਿਚਾਰ ਕਰਦੇ ਹਾਂ:-

ਨਾਮ, ਦਾਨ ਅਤੇ ਇਸ਼ਨਾਨ ਦਾ ਸਿਧਾਂਤ:

ਨਾਮ-ਸਿਮਰਨ:

ਨਾਨਕ-ਮਾਰਗ ਨੂੰ ਨਾਮ-ਮਾਰਗ ਵੀ ਕਿਹਾ ਜਾ ਸਕਦਾ ਹੈ। ਨਾਮ ਆਤਮ-ਸ਼ੁੱਧਿ ਦਾ ਇੱਕੋ ਇੱਕ ਸਾਧਨ ਹੈ। ਨਾਮ ਦੇ ਸਿਧਾਂਤਕ ਅਰਥ ਹਨ: ਸਰਵ ਸ਼ਕਤੀਮਾਨ ਪਰਮਾਤਮਾ ਦੀ ਸਦੀਵੀ ਹੋਂਦ ਨੂੰ ਸਵੀਕਾਰ ਕਰਕੇ ਉਸ ਦੀ ਯਾਦ ਨੂੰ ਆਪਣੇ ਨਿਰਮੈਲ ਮਨ ਵਿੱਚ ਹਮੇਸ਼ਾ ਜੀਵਿਤ ਰੱਖਕੇ, ਉਸ ਦੀ ਕਰਤਾਰੀ ਸ਼ਕਤੀ ਨੂੰ ਸਵੀਕਾਰ ਕਰਦਿਆਂ, ਉਸ ਦਾ ਭੈ ਮਨ ਵਿੱਚ ਰੱਖਦਿਆਂ ਹੋਇਆਂ ਆਪਣੇ ਆਪ ਨੂੰ ਵਿਕਾਰਾਂ ਅਤੇ ਪਾਪਾਂ ਤੋਂ ਬਚਾਈ ਰੱਖਣਾਂ ਹੈ। ਰਸਨਾਂ ਦੁਆਰਾ ਉਚਾਰਣ ਕਰਨ ਤੋਂ ਲੈ ਕੇ ਆਤਮਾ ਦੀ ਪਰਮਾਤਮਾ ਵਿੱਚ ਅਭੇਦਤਾ ਤੱਕ ਦੇ ਅਭਿਆਸ ਨੂੰ ਨਾਮ-ਸਿਮਰਨ ਕਿਹਾ ਜਾ ਸਕਦਾ ਹੈ। ਇਸ ਪ੍ਰਕਾਰ ਦੇ ਨਾਮ-ਸਿਮਰਨ ਦੀ ਕਲਿਆਣਕਾਰੀ ਸ਼ਕਤੀ ਨੂੰ ਅਨੁਭਵ ਕਰਦੇ ਹੋਏ ਗੁਰੂ ਨਾਨਕ ਦੇਵ ਨਾਮ ਨੂੰ ਮੁਕਤੀ-ਪ੍ਰਾਪਤੀ ਦਾ ਇੱਕੋ ਇੱਕ ਮਾਧਿਅਮ ਦੱਸਦੇ ਹਨ:-

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥

ਨਾਮ ਅਜਿਹਾ ਵਿਚੋਲਾ ਹੈ ਜੋ ਆਤਮਾ ਦਾ ਪਰਮਾਤਮਾ ਨਾਲ ਅਟੁੱਟ ਵਸਾਲ ਕਰਉਂਦਾ ਹੈ:-

ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ॥ ……

ਨਾਨਕ ਸਬਦਿ ਮਿਲਾਵੜਾ ਨਾ ਵੇਛੋੜਾ ਹੋਇ॥ ਸਿਰੀ ਰਾਗੁ ਮ: ੧

ਨਾਮ ਭਵ-ਸਾਗਰੀ ਬੋਹਿਥਾ ਹੈ ਜੋ ਜੀਵ ਨੂੰ ਸੰਸਾਰ ਦੇ ਭਵਸਾਗਰ ਤੋਂ ਪਾਰ ਉਤਾਰਨ ਵਿੱਚ ਸਹਾਈ ਹੁੰਦਾ ਹੈ:-

ਨਾਨਕ ਤਰੀਐ ਸਚਿ ਨਾਮਿ ਸਿਰਿ ਸਾਹਾ ਪਾਤਿਸਾਹੁ॥

ਮੈ ਹਰਿ ਨਾਮੁ ਨ ਵੀਸਰੈ ਹਰਿ ਨਾਮੁ ਰਤਨੁ ਵੇਸਾਹੁ॥ ਸਿਰੀ ਰਾਗੁ ਮ: ੧

ਨਾਮ ਅਜਿਹਾ ਖ਼ਜ਼ਾਨਾਂ ਹੈ ਜਿੱਥੋਂ ਸੰਸਾਰਕ ਅਤੇ ਆਤਮਿਕ ਖ਼ੁਸ਼ੀ ਦੇ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ:-

ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ॥ ਸਿਰੀ ਰਾਗੁ ਮ: ੧

ਸੱਚ-ਰੂਪ ਪ੍ਰਭੂ ਦੀ ਪ੍ਰਾਪਤੀ ਲਈ ਸਚਿਆਰ ਬਣਨ ਅਰਥਾਤ ਮਨ ਦੀ ਸੁੱਚਤਾ ਅਤੇ ਆਤਮ-ਪਵਿੱਤ੍ਰਤਾ ਦੀ ਆਵੱਸ਼ਕਤਾ ਹੈ। ਨਾਮ ਅਜਿਹੀ ਪਾਰਸ-ਬੱਟੀ ਹੈ ਜਿਸ ਦੀ ਛੋਹ ਨਾਲ ਤਨ ਮਨ ਉੱਜ੍ਵਲ ਹੋ ਜਾਂਦੇ ਹਨ ਤੇ ਆਤਮਾ ਪਵਿੱਤ੍ਰ ਹੁੰਦੀ ਹੈ। ਨਾਮ-ਰੰਗ ਆਤਮਾ ਤੇ ਮਨ ਉੱਤੇ ਪਏ ਪਾਪਾਂ ਦੇ ਧੱਬਿਆਂ ਨੂੰ ਧੋ ਸਿੱਟਦਾ ਹੈ:-

ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ ਜਪੁ

ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ॥ ਧਨਾਰਸੀ ਮ: ੧

ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਚਾ ਨਾਉ॥ ਸਿਰੀ ਰਾਗੁ ਮ: ੧

ਸੁਣਿਆ ਮੰਨਿਆ ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ ਮਲਿ ਨਾਉ॥ ਜਪੁ

ਅਕਾਲ ਪੁਰਖ ਨਾਲ ਲਿਵ ਜੋੜਣ, ਉਸ ਦੇ ਦਰਬਾਰ ਵਿੱਚ ਰਸਾਈ ਪ੍ਰਾਪਤ ਕਰਨ, ਉਸ ਦਾ ਪਿਆਰ ਪ੍ਰਾਪਤ ਕਰਨ ਅਤੇ ਉਸ ਵਿੱਚ ਸਦੀਵੀ ਅਭੇਦਤਾ ਪ੍ਰਾਪਤ ਕਰਨ ਦਾ ਇੱਕੋ ਇੱਕ ਸਾਧਨ ਨਾਮ-ਸਿਮਰਨ ਹੀ ਹੈ:-

ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ॥ ਮੁਹੋ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ ……ਜਪੁ

ਨਾਮ-ਵਿਹੂਣਾ ਮਨੁੱਖ ਮਨਮੁੱਖ ਹੈ, ਉਸ ਦਾ ਮਨ ਕਾਲਾ, ਤੇ ਆਤਮਾ ਅੰਧਿਆਰੀ ਹੈ:-

ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ॥

ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ॥ ਆਸਾ ਮ: ੧

ਅਧਿਆਤਮਿਕ ਦ੍ਰਿਸ਼ਟੀ ਤੋਂ, ਨਾਮ ਦੀ ਸੋਝੀ ਤੋਂ ਬਗੈਰ ਮਨੁੱਖ ਨੀਚ ਹੁੰਦਾ ਹੈ:-

ਖਸਮੁ ਵਿਸਾਰਹਿ ਤੇ ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ॥ ਆਸਾ ਮ: ੧

ਸੰਸਾਰ ਦੇ ਹੋਰ ਧਰਮ-ਮਾਰਗ, ਜਿਨ੍ਹਾਂ ਵਿੱਚ ਨਾਮ ਦੇ ਮਹੱਤਵ ਨੂੰ ਪਰੋਖੇ ਰੱਖਿਆ ਜਾਂਦਾ ਹੈ, ਮਾਨਵ-ਮੁਕਤੀ ਵਿੱਚ ਸਹਾਈ ਹੋਣ ਦੀ ਬਜਾਏ ਜੀਵ ਵਾਸਤੇ ਖੁਆਰੀ ਅਤੇ ਦੀਨਤਾ ਦਾ ਕਾਰਣ ਬਣਦੇ ਹਨ:-

ਸਭਿ ਜਪ ਸਭਿ ਤਪ ਸਭ ਚਤੁਰਾਈ॥ ਊਝੜਿ ਭਰਮੈ ਰਾਹਿ ਨ ਪਾਈ॥

ਬਿਨੁ ਬੂਝੈ ਕੋ ਥਾਇ ਨ ਪਾਈ॥॥ ਨਾਮ ਬਿਹੂਣੈ ਮਾਥੇ ਛਾਈ॥ ਆਸਾ ਮ: ੧

ਨਾਮ ਤੋਂ ਅਵੇਸਲੇ ਮਨੁੱਖਾਂ ਦੇ ਸਿਰ ਸੁਆਹ ਪੈਂਦੀ ਹੈ ਤੇ ਉਹ ਗਰਭ-ਚੱਕਰ ਵਿੱਚ ਹਮੇਸ਼ਾ ਲਈ ਘੁੰਮਦੇ ਰਹਿੰਦੇ ਹਨ:-

ਜਿਨਿ ਹਰਿ ਹਰਿ ਨਾਮੁ ਨ ਚੇਤਿਓ ਸੁ ਅਉਗੁਣਿ ਆਵੈ ਜਾਇ॥

ਜਿਸੁ ਸਤਿਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ॥

ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ॥ ਸਿਰੀ ਰਾਗੁ ਮ: ੧

ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ॥ ਸਿਰੀ ਰਾਗੁ ਮ: ੧

ਨਾਮ-ਨਿਆਮਤ ਦੇ ਕੀਮੀਆਈ ਅਸਰ, ਅਤੇ ਇਸ ਦੀ ਅਣਹੋਂਦ ਦੇ ਮਾਰੂ ਪ੍ਰਭਾਵ ਨੂੰ ਮੁੱਖ ਰੱਖਦਿਆਂ, ਗੁਰੂ ਨਾਨਕ ਦੇਵ ਨੇ ਆਪਣੀ ਬਾਣੀ ਵਿੱਚ ਥਾਂ ਥਾਂ, ਸੰਸਾਰਕ ਰੁਚੀਆਂ ਤਿਆਗ ਕੇ, ਨਾਮ ਨੂੰ ਜੀਵਨਾਧਾਰ ਬਨਾਉਣ ਦੀ ਪ੍ਰੇਰਣਾਂ ਦਿੱਤੀ ਹੈ:-

ਜਿਉ ਅੰਧੁਲੈ ਹਥਿ ਟੋਹਣੀ ਹਰਿ ਨਾਮੁ ਹਮਾਰੈ॥

ਰਾਮੁ ਨਾਮੁ ਹਰਿ ਟੇਕ ਹੈ ਨਿਸਿ ਦਊਤ ਸਵਾਰੈ॥ ਆਸਾ ਮ: ੧

ਮੈ ਅੰਧੁਲੇ ਹਰਿ ਨਾਮੁ ਲਕੁਟੀ ਟੋਹਣੀ॥ ਰਹਉ ਸਾਹਿਬ ਕੀ ਟੇਕ ਨ ਮੋਹੈ ਮੋਹਣੀ॥ ਸੂਹੀ ਮ: ੧

ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ॥ ਸਿਰੀ ਰਾਗੁ ਮ: ੧

ਦਾਨ, ਇਸ਼ਨਾਨ:

ਨਾਮ ਦੇ ਅਤਿਰਿਕਤ ਗੁਰੂ ਨਾਨਕ ਦੇਵ ਨੇ ਦਾਨ ਅਤੇ ਇਸ਼ਨਾਨ ਦੇ ਆਤਮਿਕ ਸਿਧਾਂਤ ਅਪਣਾਉਣ ਦੀ ਪ੍ਰੇਰਣਾਂ ਵੀ ਦਿੱਤੀ ਹੇ। ਇਨ੍ਹਾਂ ਦਾਨ ਤੇ ਇਸ਼ਨਾਨ ਦੇ ਸਿਧਾਂਤਾਂ ਦਾ ਸੰਸਾਰਕਤਾ ਨਾਲ ਕੋਈ ਸੰਬੰਧ ਨਹੀਂ। ਨਾਨਕ-ਮੱਤ ਅਨੁਸਾਰ ਪਦਾਰਥਕ ਦਾਨ ਆਤਮਿਕ ਉੱਨਤੀ ਦੀ ਬਜਾਏ ਆਤਮ-ਪਤਨ ਦਾ ਕਾਰਣ ਬਣਦਾ ਹੈ, ਮਨ ਵਿੱਚ ਹਉਮੈ ਜਿਹੇ ਅਮਾਨਵੀ ਤੇ ਭੈੜੇ ਵਿਕਾਰ ਉਤਪੱਨ ਹੁੰਦੇ ਹਨ:-

ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ॥

ਭੂਮੀ ਦਾਨੁ ਗਉਆ ਘਣੀ ਭੀ ਅੰਤਰਿ ਗਰਬੁ ਗੁਮਾਨੁ॥ ……ਸਿਰੀ ਰਾਗੁ ਮ: ੧

ਇਸੇ ਤਰ੍ਹਾਂ ਸੰਸਾਰਕ ਤੀਰਥਾਂ ਉੱਤੇ ਕੀਤਾ ਸਰੀਰਿਕ ਇਸ਼ਨਾਨ ਰੂਹ ਨੂੰ ਪਾਕ ਕਰਨ ਤੋਂ ਅਸਮਰੱਥ ਹੈ। ਨਦੀ ਨਾਲਿਆਂ, ਤਾਲਾਬਾਂ ਤੇ ਸਰੋਵਰਾਂ ਆਦਿ ਦੇ ਪਾਣੀਆਂ ਵਿੱਚ ਨਹਾਉਣ ਨਾਲ ਮਨ/ਆਤਮਾ ਦੀ ਸ਼ੁੱਧੀ ਨਹੀਂ ਹੁੰਦੀ ਅਤੇ ਆਤਮ-ਸ਼ੁੱਧੀ ਤੋਂ ਬਿਨਾਂ ਨਾ ਹੀ ਰੱਬ ਦੀ ਨੇੜਤਾ ਸੰਭਵ ਹੈ ਅਤੇ ਨਾ ਹੀ ਮੁਕਤੀ ਪ੍ਰਾਪਤ ਹੋ ਸਕਦੀ ਹੈ:-

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ ……

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੈ ਕਿ ਨਾਇ ਕਰੀ॥ ਜਪੁ

ਗੁਰੂ ਨਾਨਕ ਦੇਵ ਦੇ ਨਾਮ ਤੇ ਇਸ਼ਨਾਨ ਦੇ ਸੰਕਲਪ ਦਾ ਸੰਬੰਧ ਸੰਸਾਰਕਤਾ ਨਾਲ ਨਹੀਂ ਸਗੋਂ ਉਨ੍ਹਾਂ ਦਾ ਤੁਅੱਲਕ ਪੂਰਨ ਤੌਰ `ਤੇ ਮਨ ਅਤੇ ਆਤਮਾ ਨਾਲ ਹੈ:-

ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ॥ ਸਿਰੀ ਰਾਗੁ ਮ: ੧

ਹਰਿ ਜਲੁ ਨਿਰਮਲੁ ਮਨੁ ਇਸਨਾਨੀ ਮਜਨੁ ਸਤਿਗੁਰੁ ਭਾਈ॥ ਗੂਜਰੀ ਮ: ੧

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ ਧਨਾਰਸੀ ਮ: ੧

ਨਾਨਕ-ਬਾਣੀ ਦੇ ਅਧਿਐਨ ਤੋਂ ਸਪਸ਼ਟ ਹੁੰਦਾ ਹੈ ਕਿ ਆਤਮ-ਦਾਨ ਅਤੇ ਆਤਮ-ਇਸ਼ਨਾਨ, ਜਿਨ੍ਹਾਂ ਦਾ ਆਧਾਰ ਨਾਮ ਹੈ, ਆਤਮ-ਉਜ੍ਵਲਤਾ ਅਤੇ ਮੁਕਤੀ ਦੇ ਲਕਸ਼ ਦੀ ਪ੍ਰਾਪਤੀ ਲਈ ਆਵੱਸ਼ਕ ਹਨ। ਆਤਮਿਕ ਗੁਣ, ਬ੍ਰਹਮ-ਗਿਆਨ ਤੇ ਆਤਮਾ ਦੀ ਪਰਮਾਤਮਾ ਵਿੱਚ ਅਭੇਦਤਾ ਨਾਮ, ਦਾਨ ਤੇ ਇਸ਼ਨਾਨ ਦੀ ਅਧਿਆਤਮਿਕ ਤ੍ਰਿਵੈਣੀ ਦੁਆਰਾ ਹੀ ਸੰਭਵ ਹੈ:-

ਨਾਮੁ ਦਾਨੁ ਇਸਨਾਨ ਦ੍ਰਿੜੁ ਹਰਿ ਭਗਤਿ ਸੁ ਜਾਗੇ॥ ਆਸਾ ਮ: ੧

ਹਰਿ ਜਲੁ ਨਿਰਮਲੁ ਮਨੁ ਇਸਨਾਨੀ ਮਜਨੁ ਸਤਿਗੁਰ ਭਾਈ॥

ਪੁਨਰਪਿ ਜਨਮੁ ਨਾਹੀ ਜਨ ਸੰਗਤਿ ਜੋਤੀ ਜੋਤਿ ਮਿਲਾਈ॥ ਗੂਜਰੀ ਮ: ੧

ਦਸਮੀ ਨਾਮੁ ਦਾਨੁ ਇਸਨਾਨੁ॥ ਅਨਦਿਨੁ ਮਜਨੁ ਸਚਾ ਗੁਣੁ ਗਿਆਨੁ॥ ਬਿਲਾਵਲੁ ਮ: ੧

ਨਾਮ ਦਾਨ ਇਸਨਾਨ ਦੀ ਤ੍ਰੈ-ਗੁਣ-ਤ੍ਰਿਵੇਣੀ ਤੋਂ ਬਿਨਾਂ ਜੀਵ ਮੂੜ੍ਹ ਤੇ ਮਨਮੁੱਖ ਹੈ। ਉਹ ਜੀਵਨ ਦੇ ਗੋਰਖ-ਧੰਦੇ ਵਿੱਚ ਉਲਝਿਆ ਰਹਿੰਦਾ ਹੈ ਅਤੇ ਖੁਆਰੀ ਤੋਂ ਬਿਨਾਂ ਉਸ ਨੂੰ ਕੁੱਝ ਵੀ ਨਸੀਬ ਨਹੀਂ ਹੁੰਦਾ:-

ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ॥ ਸੋਰਠਿ ਮ: ੧

ਗੁਰੂ:

ਨਾਨਕ-ਮੱਤ ਵਿੱਚ ਗੁਰੂ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਬ੍ਰਹਮ-ਗਿਆਨ, ਮਾਨਵ-ਜੀਵਨ-ਮਨੋਰਥ ਅਤੇ ਨਾਮ ਦਾਨ ਇਸਨਾਨ ਦੇ ਸਿਧਾਂਤਾਂ ਦੀ ਸੋਝੀ ਤੇ ਪ੍ਰਾਪਤੀ ਗੁਰੂ ਦੁਆਰਾ ਹੀ ਹੋ ਸਕਦੀ ਹੈ। ਗੁਰੂ ਦੇ ਸਰਲ ਸ਼ਾਬਦਿਕ ਅਰਥ ਹਨ:- ਗੁਰੂ=ਗੁ+ਰੂ; ਗੁ=ਅਨ੍ਹੇਰਾ+ਰੂ=ਪ੍ਰਕਾਸ਼; ਅਨ੍ਹੇਰਾ ਦੂਰ ਕਰਕੇ ਪ੍ਰਕਾਸ਼ ਕਰਨ ਵਾਲਾ; ਉਹ ਅਧਿਆਤਮਕ ਆਗੂ ਜੋ ਅਗਿਆਨਤਾ ਦੇ ਅਨ੍ਹੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰੇ। ਗੁਰੂ ਅਧਿਆਤਮ-ਗਿਆਨ ਦਾ ਦਾਤਾ ਹੈ। ਉਹ ਆਪ ਪਰਮ-ਤੱਤ ਨੂੰ ਜਾਣਦਾ ਹੈ ਅਤੇ ਇਹ ਗਿਆਨ ਨਿਸ਼ਕਾਮਤਾ ਨਾਲ ਦੂਜਿਆਂ ਨੂੰ ਦੇਣ ਦੇ ਸਮਰੱਥ ਹੁੰਦਾ ਹੈ। ਗੁਰੂ ਆਤਮਾ ਤੇ ਪਰਮਾਤਮਾ ਵਿਚਾਲੇ ਇੱਕ ਪੁਲ ਦੀ ਤਰ੍ਹਾਂ ਹੈ ਜੋ ਦੋਹਾਂ ਵਿਚਲੀ ਵਿੱਥ ਮੇਟ ਕੇ ਦੋਨਾਂ ਵਿੱਚ ਪੁਨਰ ਸਾਂਝ ਪੈਦਾ ਕਰਦਾ ਹੈ। ਗੁਰੂ ਦੁਆਰਾ ਪਾਏ ਪੂਰਨਿਆਂ ਉੱਤੇ ਚਲ ਕੇ ਜੀਵ-ਜੋਤੀ ਪਰਮ-ਜੋਤਿ ਵਿੱਚ ਅਭੇਦਤਾ ਪ੍ਰਾਪਤ ਕਰਦੀ ਹੈ। ਗੁਰੂ ਜਗਿਆਸੂ ਦੀ ਜੀਵਨ-ਗੁੰਝਲ ਸੁਲਝਾਉਣ ਵਿੱਚ ਸਹਾਇਤਾ ਕਰਦਾ ਹੋਇਆ ਉਸ ਨੂੰ ਆਤਮਿਕ ਸ਼ਾਂਤੀ ਬਖ਼ਸ਼ਦਾ ਹੈ। ਗੁਰੂ ਤੋਂ ਬਿਨਾਂ ਮੁਕਤੀ ਦਾ ਮੂਲ ਅਧਿਆਤਮ-ਗਿਆਨ ਸੰਭਵ ਨਹੀਂ:-

ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ॥ ਸਿਰੀ ਰਾਗੁ ਮ: ੧

ਨਾਮ ਦੀ ਲਗਨ ਅਤੇ ਪ੍ਰਭੂ-ਪ੍ਰੇਮ ਦੀ ਪਵਿੱਤ੍ਰ ਭਾਵਨਾਂ ਮਨੁੱਖ ਦੇ ਮਨ ਵਿੱਚ ਗੁਰੂ ਦੀ ਪ੍ਰੇਰਣਾਂ ਨਾਲ ਹੀ ਜਾਗ੍ਰਿਤ ਹੁੰਦੀ ਹੈ:-

ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰੁ॥ ਸਿਰੀ ਰਾਗੁ ਅ: ਮ: ੧

ਬਿਨੁ ਗੁਰ ਪ੍ਰੀਤਿ ਨ ਊਪਜੈ ਹਉਮੈ ਮੈਲੁ ਨ ਜਾਇ॥ ਸਿਰੀ ਰਾਗੁ ਮ: ੧

ਨਾਮ ਦੀ ਦਾਤ ਕੇਵਲ ਗੁਰੂ ਦੇ ਦੁਆਰ ਤੋਂ ਹੀ ਮਿਲ ਸਕਦੀ ਹੈ:-

ਹਰਿ ਕਾ ਨਾਮੁ ਨਿਧਾਨੁ ਹੈ ਪੂਰੈ ਗੁਿਰ ਦੀਆ॥ ਆਸਾ ਅ: ਮ: ੧

ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ॥ ਆਸਾ ਮ: ੧

ਗੁਰੂ ਨਾਨਕ ਦੇਵ ‘ਪੂਰੇ ਗੁਰੂ’ ਦੀ ਪਰਿਭਾਸ਼ਾ ਇਉਂ ਲਿਖਦੇ ਹਨ:-

ਸਤਿਗੁਰੁ ਮਿਲਿਆ ਜਾਣੀਐ ਜਿਤੁ ਮਿਲਿਐ ਨਾਮੁ ਵਖਾਣੀਐ॥ ਸਿਰੀ ਰਾਗੁ ਅ: ਮ: ੧

ਨਾਮ ਦੀ ਰੰਗਨ ਤਾਂ ਹੀ ਚੜ੍ਹਦੀ ਹੈ ਜੇ ਮਨ ਹਉਮੈ ਅਤੇ ਹੋਰ ਵਿਕਾਰਾਂ ਦੀ ਮਲੀਨਤਾ ਤੋਂ ਕੋਰਾ ਤੇ ਸ੍ਵੱਛ ਹੋਵੇ। ਪਰ ਇਹ ਸ੍ਵੱਛਤਾ ਵੀ ਗੁਰੂ ਦੀ ਸ਼ਰਨ ਵਿੱਚ ਆਇਆਂ ਹੀ ਨਸੀਬ ਹੁੰਦੀ ਹੈ:-

ਬਿਨ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸਿ॥ ਸਿਰੀ ਰਾਗੁ ਮ: ੧

ਸਤਿਗੁਰਿ ਮਿਲਿਐ ਫਲੁ ਪਾਇਆ॥ ਜਿਨਿ ਵਿਚਹੁ ਅਹਕਰਣੁ ਚੁਕਾਇਆ॥

ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਿਕ ਆਇ ਜੀਉ॥ ਸਿਰੀ ਰਾਗੁ ਮ: ੧

ਸੰਗਤ:

ਸੰਗਤ ਦਾ ਪ੍ਰਭਾਵ ਮਨੁੱਖ ਦਾ ਚੰਚਲ ਮਨ ਜਲਦੀ ਗ੍ਰਹਣ ਕਰਦਾ ਹੈ। ਬੁਰਿਆਂ ਦੀ ਸੰਗਤ ਦੇ ਪ੍ਰਭਾਵਾਧੀਨ ਮਨ ਤੁਰੰਤ ਮਲੀਨ ਹੋ ਜਾਂਦਾ ਹੈ। ਇਸ ਮਨੋਵਿਗਿਆਨਕ ਸੱਚਾਈ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਦੇਵ ਨੇ ਆਤਮ-ਮਾਰਗ ਉੱਤੇ ਚੱਲਣ ਵਾਲੇ ਵਿਅਕਤੀਆਂ ਵਾਸਤੇ ਸੁਹਿਰਦ ਸੱਚ-ਨਾਮ-ਅਭਿਆਸੀਆਂ ਦੀ ਸੰਗਤ ਵਿੱਚ ਵਿਚਰਨਾਂ ਜ਼ਰੂਰੀ ਦੱਸਿਆ ਹੈ। ਉੱਚਤਮ ਆਤਮ-ਪਦ ਪ੍ਰਾਪਤ ਕਰਨ ਲਈ ਸ੍ਰੇਸ਼ਟ ਆਤਮਿਕ ਗੁਣਾਂ ਨਾਲ ਸੰਪੰਨ ਹੋਣਾਂ ਜ਼ਰੂਰੀ ਹੈ, ਅਤੇ ਸ੍ਰੇਸ਼ਟ ਗੁਣ ਸ੍ਰੇਸ਼ਟ ਸੱਜਨਾਂ ਦੀ ਸੰਗਤ ਕੀਤਿਆਂ ਹੀ ਧਾਰਨ ਕੀਤੇ ਜਾ ਸਕਦੇ ਹਨ:-

ਊਤਮ ਸੰਗਤਿ ਊਤਮੁ ਹੋਵੈ॥ ਗੁਣ ਕਉ ਧਾਵੈ ਅਵਗੁਣੁ ਧੋਵੈ॥ ਆਸਾ ਮ: ੧

ਮਨੁੱਖ ਵਾਸਤੇ ਸਰਵ-ਉੱਤਮ ਗੁਣ ਨਾਮ-ਵਿਚਾਰ ਹੈ। ਇਸ ਲਈ ਸੱਚੀ ਸੰਗਤ ਉਹੋ ਸਭਾ ਹੈ ਜਿੱਥੇ ਕੇਵਲ ਹਰਿ-ਨਾਮ ਦੀ ਵਿਚਾਰ ਹੀ ਹੁੰਦੀ ਹੈ:-

ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਸਿਰੀ ਰਾਗੁ ਮ: ੧

ਜੀਵਨ-ਮਨੋਰਥ ਦੀ ਸਿੱਧੀ ਲਈ ਆਤਮ-ਸਾਧਨਾ ਦੀ ਲੋੜ ਹੈ; ਇਹ ਸਾਧਨਾ ਅਧਿਆਤਮਿਕ ਪੁਰਖਾਂ ਦੇ ਸੰਪਰਕ ਤੋਂ ਬਿਨਾਂ ਮੁਮਕਿਨ ਨਹੀਂ:-

ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ॥

ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ॥ ਸਿਰੀ ਰਾਗੁ ਮ: ੧

ਸਦੀਵੀ ਮਾਨਸਿਕ ਸੁੱਖ ਅਤੇ ਆਤਮ-ਆਨੰਦ, ਜਿਨ੍ਹਾਂ ਤੋਂ ਮਨ ਕਦੀ ਵੀ ਨਹੀਂ ਅੱਕਦਾ, ਸੰਤ-ਸਭਾ ਵਿੱਚ ਵਿਚਰਦਿਆਂ ਹੀ ਪ੍ਰਾਪਤ ਹੁੰਦੇ ਹਨ:-

ਸੰਤ ਸਭਾ ਸੁਖੁ ਊਪਜੈ ਗੁਰਮੁਖਿ ਨਾਮ ਅਧਾਰੁ॥ ਸਿਰੀ ਰਾਗੁ ਮ: ੧

ਗੁਰਮੁਖਾਂ ਦੀ ਸੰਗਤ ਵਿੱਚ ਰਹਿੰਦਿਆਂ ਮਨੁੱਖ ਅਜਿਹੀ ਉੱਚੀ ਆਤਮਿਕ ਅਵਸਥਾ ਤੱਕ ਪਹੁੰਚ ਜਾਂਦਾ ਹੈ ਕਿ ਜਿੱਥੇ ਉਸ ਨੂੰ, ਗੁਰੂ-ਪ੍ਰੇਰਣਾ ਸਦਕਾ, ਮੁਕਤੀ ਤੇ ਮਨ-ਇੱਛੇ ਫਲ ਪ੍ਰਾਪਤ ਹੋ ਜਾਂਦੇ ਹਨ:-

ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ॥ ਸਿਰੀ ਰਾਗੁ ਮ: ੧

‘ਹੁਕਮ’ ਅਤੇ ‘ਭਾਣਾ’ :

ਨਾਨਕ-ਦਰਸ਼ਨ ਵਿੱਚ ‘ਹੁਕਮ’ ਅਤੇ ‘ਭਾਣੇ’ ਦੇ ਸਿਧਾਂਤ ਦਾ ਵੀ ਮੁੱਖ ਸਥਾਨ ਹੈ। ਹੁਕਮ ਤੋਂ ਭਾਵ: ਆਪਣੀ ਉਹ ਖ਼ਾਹਿਸ਼, ਇੱਛਾ ਜਾਂ ਮਰਜ਼ੀ ਜੋ ਦੂਸਰਿਆਂ ਤੋਂ ਪੂਰੀ ਕਰਵਾਈ ਜਾਵੇ। ਧਰਮ ਦੇ ਪ੍ਰਸੰਗ ਵਿੱਚ ਹੁਕਮ ਦੇ ਅਰਥ ਹਨ: ਪਰਮਾਤਮਾ ਦਾ ਆਦੇਸ਼ ਅਰਥਾਤ ਉਸ ਦੀ ਦੇਸ ਕਾਲ ਰਹਿਤ ਅਤੇ ਅਕਹਿ (…ਹੁਕਮੁ ਨ ਕਹਿਆ ਜਾਈ…) ਚੇਤਨ ਸੱਤਾ ਜਿਸ ਤੋਂ ਸਮੁੱਚੀ ਸ੍ਰਿਸ਼ਟੀ ਦਾ ਕਾਰਜ (ਸਿਰਜਨਾ, ਪਾਲਣ, ਅਤੇ ਵਿਨਾਸ਼) ਹੁੰਦਾ ਹੈ। ਹੁਕਮ ਸਰਵਸ਼ਕਤੀਮਾਨ ਪਰਮਾਤਮਾ ਦੀ ਉਹ ਅਸੀਮ ਸ਼ਕਤੀ ਹੈ ਜਿਸ ਦੁਆਰਾ ਕੁਦਰਤ ਹੋਂਦ ਵਿੱਚ ਆਈ ਅਤੇ ਇੱਕ ਮਰਯਾਦਾ ਵਿੱਚ ਬਨ੍ਹੀਂ ਉਪਜਦੀ ਬਿਨਸਦੀ ਰਹਿੰਦੀ ਹੈ। ਯਥਾ:-

ਹੁਕਮੀ ਹੋਵਨਿ ਆਕਾਰੁ॥ …ਜਪੁ

ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ॥ ਸਿਰੀ ਰਾਗੁ ਮ: ੧

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਜਪੁ

ਹੁਕਮੀ ਹੁਕਮ ਚਲਾਏ ਰਾਹੁ॥ ਨਾਨਕ ਵਿਗਸੈ ਵੇਪਰਵਾਹੁ॥ ਜਪੁ

ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ॥

ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ॥ ਮਾਝ ਮ: ੧

ਗੁਰੁ ਨਾਨਕ ਦੇਵ ਦੇ ਵਿਚਾਰ ਵਿੱਚ ਹੁਕਮ ਦੀ ਸਹੀ ਪਹਿਚਾਨ ਆਤਮ-ਨਿਰਵਾਣ ਦੇ ਦੋ ਮੁੱਖ ਸਾਧਨਾਂ ਵਿੱਚੋਂ ਇੱਕ ਸਾਧਨ ਹੈ। ਹੁਕਮ ਦੀ ਪਹਿਚਾਨ ਤੇ ਪਾਲਣਾ ਜੀਵ ਦਾ ‘ਹਲਤ ਪਲਤ’ ਸਵਾਰਨ ਵਿੱਚ ਸਹਾਈ ਹੁੰਦੀ ਹੈ; ਜੀਵ-ਅਤਮਾ ਜੂਨਾਂ ਦੀ ਕੈਦ ਤੋਂ ਰਿਹਾਈ ਪਾ ਕੇ ਪਰਮਾਤਮਾ ਵਿੱਚ ਸਦੀਵੀ ਅਭੇਦਤਾ ਪਾ ਲੈਂਦੀ ਹੈ:-

ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ॥ ਮਾਰੂ ਮ: ੧

ਹੁਕਮੀ ਆਇਆ ਹੁਕਮੁ ਨ ਬੂਝੇ ਹੁਕਮਿ ਸਵਾਰਣ ਹਾਰਾ॥ ਧਨਾਰਸੀ ਮ: ੧

ਜੇ ਰੱਬ ਦੇ ਹੁਕਮ ਦੀ ਸਾਰ ਸੋਝੀ ਪਾ ਲਈ ਜਾਵੇ ਤਾਂ ਹਉਮੈ ਦੀ ਮਾਰੂ ਵ੍ਰਿਤੀ, ਜੋ ਜੀਵ-ਆਤਮਾ ਨੂੰ ਪਰਮਾਤਮਾ ਤੋਂ ਵਿਛੋੜ ਰੱਖਦੀ ਹੈ, ਬਾਕੀ ਨਹੀਂ ਰਹਿੰਦੀ:-

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ ਜਪੁ

‘ਭਾਣਾ’ ਤੋਂ ਭਾਵ ਮਰਜ਼ੀ, ਰਜ਼ਾ ਜਾਂ ਚੰਗਾ ਲੱਗਣਾ ਹੈ। ਜੋ ਕੁੱਝ ਵੀ ਪ੍ਰਭੂ ਦੇ ਆਦੇਸ਼ ਕਾਰਣ ਇਸ ਸ੍ਰਿਸ਼ਟੀ ਵਿੱਚ ਵਾਪਰਦਾ ਹੈ ਉਹ ਸੱਭ ਉਸ ਦੀ ਮਰਜ਼ੀ, ਰਜ਼ਾ ਅਥਵਾ ਭਾਣਾ ਹੈ। ਹੁਕਮੀ (ਹੁਕਮ ਕਰਨ ਵਾਲਾ ਅਥਵਾ ਪਰਮਾਤਮਾ) ਦੇ ਹੁਕਮ ਅੰਦਰ ਹੋ ਰਹੀ ਸਦੀਵੀ ਉਥੱਲ ਪਥੱਲ ਨੂੰ ਉਸ ਦੀ ਆਗਿਆ ਜਾਣ ਕੇ ਉਸ ਅੱਗੇ ਸਿਰ ਝੁਕਾ ਦੇਣਾਂ, ਇਲਾਹੀ ਹੁਕਮ ਨੂੰ ਕਬੂਲ ਕਰਕੇ ਇਸ ਵਿੱਚ ਬਨ੍ਹੇ ਰਹਿਣਾਂ ਹੀ ਰਜ਼ਾ ਵਿੱਚ ਰਹਿਣਾਂ ਅਰਥਾਤ ਭਾਣਾ ਮੰਨਣਾਂ ਹੈ। ਹਰ ਮਨੁੱਖ, ਜੋ ਹੁਕਮੀ/ਹਾਕਿਮ (ਅਕਾਲ ਪੁਰਖ) ਅਤੇ ਉਸ ਦੇ ਹੁਕਮ ਵਿੱਚ ਵਿਸ਼ਵਾਸ ਰੱਖਦਾ ਹੈ, ਦਾ ਫ਼ਰਜ਼ ਹੈ ਕਿ ਉਹ ਉਸ ਦਾ ਭਾਣਾ ਮੰਨੇ। ਇਸੇ ਸਿਧਾਂਤ ਨੂੰ ਦ੍ਰਿੜ ਕਰਾਉਂਦੇ ਹੋਏ ਗੁਰੁ ਨਾਨਕ ਦੇਵ ਲਿਖਦੇ ਹਨ:-

ਹੁਕਮਿ ਸੰਜੋਗੀ ਆਇਆ ਚਲੁ ਸਦਾ ਰਜਾਈ॥ ਆਸਾ ਅ: ਮ: ੧

ਮਨੁੱਖ ਦਾ ਪਰਮੁੱਖ ਜੀਵਨ-ਉਦੇਸ਼ ‘ਜੋਤੀ ਜੋਤਿ’ ਸਮਾਉਣਾ ਹੈ, ਅਤੇ ਇਸ ਉੱਦੇਸ਼ ਦੀ ਪੂਰਤੀ ਲਈ ਭਾਣੇ ਅੰਦਰ ਰਹਿਣ ਦੀ ਲੋੜ ਹੈ:-

ਚਲੈ ਸਦਾ ਰਜਾਇ ਅੰਕਿ ਸਮਾਵਈ॥ ਆਸਾ ਮ: ੧

ਹੁਕਮਿ ਰਜਾਈ ਜੋ ਚਲੈ ਸੋ ਪਾਵੈ ਖਜਾਨੈ॥ ਆਸਾ ਮ: ੧

ਹੁਕਮ ਦੀ ਸ਼ਕਤੀ ਅਤੇ ਭਾਣੇ ਵਿੱਚ ਰਹਿਣ ਨਾਲ ਪ੍ਰਾਪਤ ਹੋਣ ਵਾਲੇ ਦੈਵੀ ਫਲ ਦੀ ਅਕਹਿ ਕੀਮਤ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਦੇਵ ਸ੍ਵੈ-ਤਿਆਗ ਕਰਕੇ ਦਾਤ ਦੀ ਡੋਰ ਰੱਬ ਹੱਥਿ ਫੜਾਉਂਦੇ ਹੋਏ ਲਿਖਦੇ ਹਨ:-

ਮੈ ਓਲਗੀਆ ਓਲਗੀ ਹਮ ਛੋਰੂ ਥਾਰੇ॥ ਜਿਉ ਤੂੰ ਰਾਖਹਿ ਤਿਉ ਰਹਾ ਮੁਖਿ ਨਾਮੁ ਹਮਾਰੇ॥ ਆਸਾ ਮ: ੧

(ਓਲਗੀ= ਦਾਸ, ਮੁਥਾਜ; ਓਲਗੀਆ ਓਲਗੀ=ਦਾਸਾਂ ਦਾ ਦਾਸ)

‘ਸੱਚ ਦੀ ਕਾਰ’ ਕਰਦਿਆਂ ਫ਼ਲ ਦੀ ਫੁਹਾਰ ਲਈ ਭਾਣੇ ਦੇ ਦੈਵੀ ਬੱਦਲ ਵੱਲ ਹੀ ਤੱਕਣਾਂ ਚਾਹੀਦਾ ਹੈ:-

ਕਾਰ ਕਮਾਵਹਿ ਸਚ ਕੀ ਲਾਹਾ ਮਿਲੈ ਰਜਾਇ॥ ਸਿਰੀ ਰਾਗੁ ਮ: ੧

* * * * *

ਚਲਦਾ………

ਗੁਰਇੰਦਰ ਸਿੰਘ ਪਾਲ




.