.

ਸਿਧ ਗੋਸਟਿ (ਕਿਸ਼ਤ ਨੰ: 01)
ਅਰੰਭਕਾ

ਬਹੁਤ ਸਮਾਂ ਪਹਿਲਾਂ ਦਾਸ ਗੁਰਬਾਣੀ ਦਾ ਵਿਦਿਆਰਥੀ ਵੀ ਨਹੀ ਸੀ ਇੱਕ ਵਾਰ ਗੁਰੂ ਗ੍ਰੰਥ ਸਹਿਬ ਦੇ ਗੁਰਪੁਰਬ ਸਮੇ ਇੱਕ ਟੀ ਵੀ ਚੈਨਲ ਉੱਪਰ ਗੁਰੂ ਗ੍ਰੰਥ ਸਹਿਬ ਦੇ ਸਬਦ ਗੂਰੁ ਦਾ ਸਿਧਾਂਤ ਦੱਸਣ ਲਈ ਇੱਕ ਸਿਖ ਵਿਦਵਾਨ ਡਾਕਟਰ ਪਹੁੰਚੇ ਹੋਇ ਸਨ। ਦੂਜੇ ਪਾਸੇ ਈਸਾਈ ਮੱਤ ਨਾਲ ਸਬੰਧਤ ਕੋਈ ਬੀਬੀ ਸੀ। ਜਿਸਦਾ ਪਹਿਲਾ ਸਵਾਲ ਸੀ ਕਿ ਤੁਸੀ ਸਬਦ ਨੂੰ ਗੁਰੂ ਮੰਨਦੇ ਹੋ, ਮੈਨੂੰ ਦੱਸੋ ਸਬਦ ਕੀ ਹੈ? ਉੱਤਰ ਸੀ, ਅੱਖਰ। ਉਸ ਬੀਬੀ ਦਾ ਦੂਸਰਾ ਸਵਾਲ ਸੀ, ਗੁਰਮੁਖੀ ਦੇ ਤੁਹਾਡੇ ਕੋਲ ਕਿੰਨੇ ਅੱਖਰ ਹਨ? ਸਸਤਾ ਜਵਾਬ ਸੀ (੩੫)। ਤੀਸਰਾ ਸਵਾਲ ਸੀ, ਇਨ੍ਹਾਂ ੩੫ ਅੱਖਰਾ ਵਿੱਚੋ ਕਿਹੜੇ ਇੱਕ ਅੱਖਰ ਨੂੰ ਤੁਸੀ ਗੁਰੂ ਮੰਨਦੇ ਹੋ ਊੜੇ ਨੂੰ, ਐੜੇ ਨੂੰ, ਯ ਨੂੰ ਰਾਰੇ ਨੂੰ ਜਾ ਸੱਸੇ ਨੂੰ, ਜਾ ਹਾਹੇ ਨੂੰ? ਤਾਂ ਜਵਾਬ ਸੀ ਦਰਅਸਲ ਸਬਦ ਦੀ ਵਿਆਖਿਆ ਹੀ ਨਹੀ ਹੋ ਸਕਦੀ ਸਮਝਾਇਆ ਹੀ ਨਹੀ ਜਾ ਸਕਦਾ। ਜਿਹੜੇ ਅੱਖਰ ਦੀ ਵਿਆਖਿਆ ਹੀ ਨਹੀ ਹੋ ਸਕਦੀ ਸਮਝਾਇਆ ਹੀ ਨਹੀ ਜਾ ਸਕਦਾ, ਉਹ ਆਪਣੇ ਅਤੇ ਦੂਸਰੇ ਦੀ ਸਮਝ ਕਿਵੇ ਪੈ ਸਕਦਾ ਹੈ। ਕੋਈ ਦੂਸਰਾ ਉਸ ਨੂੰ ਕਿਵੇ ਪ੍ਰਵਾਣ ਕਰੇਗਾ। ਗੁਰਬਾਣੀ ਸਾਂਝੀ ਸਗਲ ਜਹਾਨੇ ਹੈ। ਜੇਕਰ ਇਸਦੀ ਅਸੀ ਵਿਆਖਿਆ ਹੀ ਨਹੀ ਕਰ ਸਕਦੇ ਤਾਂ ਫਿਰ ਅਸੀ ਕਿਸ ਤਰਾਂ ਸੰਸਾਰ ਪੱਧਰ ਤੱਕ ਇਸ ਸੱਚ ਨੂੰ ਲਿਜਾਂ ਸਕਦੇ ਹਾਂ। ਜਦੋ ਕਿ ਸਿਧ ਗੋਸਟਿ ਗੁਰਬਾਣੀ ਦਾ ਜੇਕਰ ਸਹੀ ਡੂੰਘਿਆਈ ਨਾਲ ਅਧਿਅਨ ਕਰੀਏ ਤਾਂ ਸੱਚ ਆਪਣੇ ਆਪ ਹੀ ਪਰਗਟ ਹੁੰਦਾ ਹੈ। ਸਬਦੁ - ਉਸ ਸੱਚੇ ਸਿਰਜਣਹਾਰ ਦੀ ਬਖਸ਼ਿਸ਼, ਆਤਮਿਕ ਗਿਆਨ ਦੀ ਸੂਝ ਦਾ ਨਾਮ ਗੁਰੂ ਹੈ। ਜੋ ਸਿਧ ਗੋਸਟਿ ਬਾਣੀ ਅੰਦਰੋ ਸਮਝ ਪੈਦੀ ਹੈ।
ਦੂਸਰੀ ਗੱਲ ਜਿਸ ਜੋਗ ਮੱਤ ਨੂੰ ਸਿਧ ਗੋਸਟਿ ਬਾਣੀ ਅੰਦਰ ਰੱਦ ਕੀਤਾ ਗਿਆ ਹੈ। ਇਸਦੇ ਉਲਟ ਜੋਗ ਮੱਤ ਸਾਡੀਆ ਬਰੂਹਾਂ ਤੇ ਸਾਨੂੰ ਦੰਦੀਆਂ ਚਿੜਾਂਅ ਰਿਹਾ ਹੈ। ਅਖੌਤੀ ਸੰਸਥਾਵਾਂ ਕਿਸ ਤਰ੍ਹਾਂ ਗੁਰਮਤਿ ਦੀ ਸਟੇਜ ਨੂੰ ਜੋਗ ਮੱਤੀਆਂ ਦੇ ਹਵਾਲੇ ਕਰਕੇ ਜੋਗ ਮੱਤ ਨੂੰ ਗੁਰਮਤਿ ਸਟੇਜ ਤੋਂ ਪ੍ਰਚਾਰਨ ਵਿੱਚ ਸਹਾਇਕ ਹੋ ਰਹੀਆਂ ਹਨ। ਜਿਹੜੇ ਲੋਕ ਜੋਗ ਮੱਤ ਦੇ ਇਸ ਕਰਮ ਕਾਂਡ ਦਾ ਪ੍ਰਚਾਰ ਕਰਦੇ ਹਨ, ਉਹ ਗੁਰੂ ਗ੍ਰੰਥ ਸਹਿਬ ਅੰਦਰੋ ਸਿਧ ਗੋਸਟਿ ਵਿੱਚੋ ਇਹ ਪੰਗਤੀਆਂ ਸੁਖਮਨਾ ਇੜਾ ਪਿੰਗੁਲਾ ਸੁਣਾਂ ਕੇ ਪ੍ਰਬੰਧਕਾਂ ਅਤੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਭਰਮਾ ਲੈਦੇ ਹਨ। ਜਦੋ ਕਿ ਗੁਰਬਾਣੀ ਨੇ ਇਹ ਸੱਭ ਕੁੱਝ ਕਰਮਕਾਂਡ ਕਹਿਕੇ ਰੱਦ ਕੀਤਾ ਹੈ। ਫਿਰ ਵੀ ਭੋਲੇ ਭਾਲੇ ਲੋਕਾਂ ਨੂੰ ਗੁਰਦੁਆਰੇ ਦੇ ਅੰਦਰ ਮੈਡੀਟੇਸਨ ਦੇ ਨਾਮ ਉੱਪਰ ਜੋਗ ਮੱਤ ਦਾ ਪਾਠ ਦ੍ਰਿੜ ਕਰਵਾਉਦੇ ਹਨ। ਪੁੱਛਣ ਉਪਰੰਤ ਅੱਗੋ ਸਵਾਲ ਕਰਦੇ ਹਨ, ਇਹਦੇ ਵਿੱਚ ਬੁਰਾ ਕੀ ਹੈ? ਭਾਈ ਇਹ ਸਵਾਲ ਬਾਬੇ ਨਾਨਕ ਜੀ ਨੂੰ ਪੁੱਛੋ ਜਿਸਨੇ ਜੋਗ ਮੱਤ ਨੂੰ ਭਟਕਣਾ ਦਾ ਰਾਹ ਦਰਸਾਇਆ ਹੈ। “ਕਿਆ ਭਵੀਐ ਸਚਿ ਸੂਚਾ ਹੋਇ॥ ਸਾਚ ਸਬਦ ਬਿਨੁ ਮੁਕਤਿ ਨ ਕੋਇ॥ ਰਹਾਉ॥”
ਭਵੀਐ – ਭਟਕਣਾ। ਕੀ ਭਟਕਣ ਨਾਲ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ? ਜਦੋ ਕਿ ਸੱਚ ਇਹ ਹੈ ਕਿ ਸੱਚ ਨੂੰ ਆਪਣੇ ਜੀਵਣ ਵਿੱਚ ਅਪਣਾਉਣ ਤੋਂ ਬਗੈਰ ਇਸ ਭਟਕਣਾ ਤੋਂ ਮੁਕਤਿ ਨਹੀ ਹੋਇਆ ਜਾ ਸਕਦਾ। ਇਹ ਜੋਗ ਮੱਤ ਉੱਪਰ ਸਵਾਲੀਆ ਚਿੰਨ ਹੈ।
ਉਸ ਤਰ੍ਹਾਂ ਜੋਗ ਮੱਤ ਵਾਲੇ ਗ੍ਰਸਿਤ ਜੀਵਣ ਨੂੰ ਪ੍ਰਵਾਣ ਨਹੀ ਕਰਦੇ।
ਹਾਟੀ ਬਾਟੀ ਰਹਹਿ ਨਿਰਾਲੇ ਰੂਖ ਬਿਰਖਿ ਉਦਿਆਨੇ॥
ਕੰਦੁ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ॥

ਸੋਚਣ ਵਾਲੀ ਗੱਲ ਇਹ ਹੈ ਕਿ ਗ੍ਰਿਸਤੀ ਜੀਵਣ ਤੋਂ ਆਪ ਭਗੌੜੇ ਹਨ। ਅੱਜ ਗ੍ਰਿਸਤੀਆ ਨੂੰ ਜੀਵਣ ਜਾਂਚ ਸਿਖਾਉਣ ਦਾ ਇਨ੍ਹਾਂ ਨੂੰ ਹੇਜ ਜਾਗ ਪਿਆ ਹੈ।

ਪਿਛੇ ਜਿਹੇ ਜੋਗ ਮੱਤ ਦਾ ਆਪਣੇ ਆਪ ਨੂੰ ਗੁਰੂ ਅਖਵਾਉਣ ਵਾਲਾ ਟੋਰਾਂਟੋ ਦੇ ਦੌਰੇ ਤੇ ਆਇਆ ਮੀਡੀਏ ਨੇ ਬੜਾ ਧੂਆਧਾਰ ਪ੍ਰਚਾਰ ਕੀਤਾ ਜੋਗ ਮੱਤ ਦੇ ਗੂਰੂ ਜੀ ਇਥੇ ਆ ਰਹੇ ਹਨ ਇਥੇ ਬਹੁਤ ਵੱਡਾ ਸੈਮੀਨਾਰ ਕੀਤਾ ਜਾ ਰਿਹਾ ਹੈ। ਭਾਰਤ ਦੇ ਵਿੱਚ ਉਹ ਗਰੀਬਾਂ ਦਾ ਮੁਫਤ ਇਲਾਜ ਕਰਦੇ ਹਨ। ਉਨਾਂ ਦੇ ਸੈਮੀਨਾਰ ਵਿੱਚ ਭਾਗ ਲੈਣ ਵਾਲੇ ਨੂੰ ਪੰਜ ਸੋ ਡਾਲਰ ਫੀਸ ਭਰਨੀ ਪਵੇਗੀ। ਇਸ ਤਰ੍ਹਾਂ ਹੀ ਹੋਇਆ ਪੰਜ ਪੰਜ ਸੋ ਡਾਲਰ ਦੀ ਫੀਸ ਭਰਕੇ ਜਾਣ ਵਾਲੇ ਬਹੁਤੇ ਗੁਰੂ ਕੇ ਲਾਡਲੇ ਹੀ ਸਨ ਹਜਾਰਾਂ ਦੀ ਤਦਾਦ ਵਿੱਚ ਲੋਕਾਂ ਨੇ ਹਿੱਸਾ ਲਿਆ। ਲਾਡਲਿਆ ਵਲੋ ਹੀ ਨਾਲ ਰਲਕੇ ਇਹ ਸਾਰਾ ਪ੍ਰਬੰਧ ਕੀਤਾ ਗਿਆ ਸੀ।
ਮੁਫਤ ਦਵਾਈਆਂ ਵੰਡਣ ਵਾਲੇ ਨੇ ਸਾਹਾਂ ਦਾ ਘੋਰੜੂ ਪੰਜ ਪੰਜ ਸੋ ਡਾਲਰ ਦਾ ਦਿਨ ਦਿਹਾੜੇ ਵੇਚਿਆ। ਉਸ ਤਰ੍ਹਾਂ ਇਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ। ਲੁੱਟ ਕੌਣ ਹੋਇ? ਲਾਡਲੇ। ਦਵਾਈਆ ਕੌਣ ਮੁਫਤ ਵੰਡਦਾ? ਡਾਲਰ ਕਿਨ੍ਹਾਂ ਦੇ ਸਨ ਜਾ ਹਨ?

ਇਕ ਹੋਰ ਸਿਧ ਗੋਸਟਿ ਦਾ ਹਲਾਵਾ ਦੇਕੇ ਰਾਮ ਸੇਤੂ ਦੇ ਮੁੱਦੇ ਤੇ ਸਿਖਾਂ ਨੂੰ ਬਲੀ ਦਾ ਬੱਕਰੇ ਬਣਾਉਣ ਦਾ ਯਤਨ ਕੀਤਾ ਜਾਂ ਰਿਹਾ ਹੈ। ਜਦੋ ਕਿ ਸੱਚ ਕੁੱਝ ਹੋਰ ਹੈ।

ਇਸ ਕਰਕੇ ਮਨ ਬਣਾਇਆ ਕਿ ਸਿਧ ਗੋਸਟਿ ਬਾਣੀ ਦੀ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜੋ ਕਿ ਅਸਲੀਅਤ ਦੇ ਕੁੱਝ ਨੇੜੇ ਹੋਕੇ ਗੁਮਰਾਹ ਹੋਣ ਤੋਂ ਬਚ ਸਕੀਏ।
ਦੂਸਰੀ ਬੇਨਤੀ ਇਹ ਹੈ ਕਿ ਪਾਠਕਾਂ ਨੂੰ ਪੜਨ ਵੇਲੇ ਸਾਇਦ ਇਹ ਮਹਿਸੂਸ ਹੋਵੇ ਕਿ ਕਈ ਗੱਲਾਂ ਨੂੰ ਦੁਹਰਾਇਆ ਗਿਆ ਹੈ। ਪਰ ਇਹ ਦੁਹਰਾਅ ਇਹ ਇਸ ਲਈ ਹੈ ਤਾਂ ਕਿ ਆਮ ਪਾਠਕ ਇਸ ਨੂੰ ਅਸਾਨੀ ਨਾਲ ਸਮਝ ਸਕੇ।
ਤੀਸਰੀ ਬੇਨਤੀ ਪਦ ਅਰਥਾਂ ਵਿੱਚ ਅੱਖਰੀ ਅਰਥਾਂ ਨੂੰ ਸਮਝਾਉਣ ਖਾਤਰ ਵਿਸਥਾਰ ਕਰਨਾ ਪਿਆ ਹੈ। ਜਿਸ ਨੂੰ ਪਾਠਕ ਨਜਰ ਅੰਦਾਜ ਕਰਨਗੇ।
ਇਹ ਦਾਸ ਦੀ ਪਹਿਲੀ ਪੁਸਤਕ ਗੁਰਮਤਿ ਗਿਆਨ ਦੇ ਚਾਨਣ ਤੋਂ ਬਾਅਦ ਦੂਸਰੀ ਨਿਮਾਣੀ ਜਿਹੀ ਕੋਸ਼ਿਸ਼ ਹੈ।
ਚੌਥੀ ਬੇਨਤੀ, ਭੁਲਾਂ ਗਲਤੀਆਂ ਵਿਸਾਰ ਦੇਣਾ ਜੀ।
ਗ੍ਰੰਥ ਦੇ ਪੰਥ ਦਾ ਦਾਸ
ਬਲਦੇਵ ਸਿੰਘ ਟੋਰਾਂਟੋ




.