.

ਨਾਨਕ-ਧਰਮ

(2)

ਗਿਆਨ-ਸ਼ਕਤੀਆਂ, ਬੌਧਿਕਤਾ, ਸੂਝ ਬੂਝ, ਸੰਕਲਪ ਵਿਕਲਪ, ਵਿਚਾਰ, ਖ਼ਾਹਸ਼ਾਂ ਅਤੇ ਅੰਤਹਕਰਣ ਆਦਿ ਦਾ ਸਮੂਹ ਮਨ ਹੈ। ਮਨ ਆਤਮਾ ਅਤੇ ਗਿਆਨ-ਇੰਦ੍ਰੀਆਂ ਦੇ ਵਿਚਕਾਰ ਇੱਕ ਚੇਤਨ ਸੱਤਾ ਦਾ ਸੂਖਮ ਰੂਪ ਜਿਹਾ ਹੈ। ਮਨ ਇੱਕ ਵ੍ਰਿਤੀ ਹੈ ਜਿਸ ਰਾਹੀਂ ਗਿਆਨ-ਇੰਦ੍ਰੀਆਂ ਦੁਆਰਾ ਪ੍ਰਤੀਤ ਹੋਣ ਵਾਲੇ ਪਦਾਰਥ ਅਤੇ ਵਿਸ਼ੇ ਆਤਮਾ ਉੱਤੇ ਅਨੁਭਵਤਾ ਦਾ ਪ੍ਰਭਾਵ ਪਾਉਂਦੇ ਹਨ। ਇਸ ਲਈ ਜੀਵ, ਮਨ, ਆਤਮਾ ਅਤੇ ਪਰਮਾਤਮਾ ਦਾ ਆਪਸੀ ਸੰਬੰਧ ਹੈ। ਮਨ ਦੇ ਇੱਕ ਪਾਸੇ ਇੰਦ੍ਰੀਆਂ ਅਤੇ ਇਨ੍ਹਾਂ ਦੁਆਰਾ ਭੋਗੇ ਜਾਣ ਵਾਲੇ ਭੋਗ ਅਤੇ ਦੂਜੇ ਪਾਸੇ ਪਰਮਾਤਮਾ ਹੈ। ਜੇ ਮਨ ਦਾ ਝੁਕਾਅ ਪਰਮਾਤਮਾ ਵੱਲ ਹੋਵੇ ਤਾਂ ਇਸ ਦਾ ਆਤਮਾ ਉੱਪਰ ਪਿਆ ਪ੍ਰਭਾਵ ਕਲਿਆਣਕਾਰੀ ਹੋਵੇਗਾ; ਅਤੇ ਜੇ ਇੰਦ੍ਰੀਆਂ ਦੇ ਭੋਗਾਂ ਵੱਲ ਤਾਂ ਪ੍ਰਭਾਵ ਘਾਤਿਕ ਹੋਵੇਗਾ। ਪਰਮਾਤਮਾ ਵਿੱਚ ਅਭੇਦਤਾ ਪ੍ਰਾਪਤ ਕਰਨ ਵਾਸਤੇ ਆਤਮਾ ਦੀ ਪਵਿੱਤ੍ਰਤਾ ਦੀ ਲੋੜ ਹੈ, ਅਤੇ ਇਸ ਪਵਿੱਤਰਤਾ ਦਾ ਮੂਲ ਹੈ ਮਨ। ਇਸ ਲਈ, ਲਕਸ਼ ਤੱਕ ਪਹੁੰਚਣ ਵਾਸਤੇ ਮਨ-ਸਾਧਨਾ ਲੋੜੀਂਦੀ ਹੈ। ਜਿਵੇਂ ਪਾਣੀ ਤੋਂ ਬਣਿਆਂ ਚਿੱਕੜ ਪਾਣੀ ਨਾਲ ਹੀ ਧੋਤਾ ਜਾਂਦਾ ਹੈ, ਤਿਵੇਂ ਮਨ ਦੀ ਮਲੀਨਤਾ ਮਨ ਦੇ ਪਾਣੀ ਨਾਲ। ਮਨ ਦਾ ਪਾਣੀ ਹੈ ਪਵਿੱਤ੍ਰ ਆਚਰਣ, ਤੇ ਆਚਰਣ ਹੈ ਸਦ-ਗੁਣ, ਆਤਮੀਯ ਗੁਣ। ਸੁੱਚੇ ਆਚਰਣ ਦੇ ਇਸ ਵਿਸ਼ੇਸ਼ ਕਲਿਆਨਕਾਰੀ ਗੁਣ ਨੂੰ ਗੁਰੂ ਨਾਨਕ ਦੇਵ ਨੇ ਬਹੁਤ ਦ੍ਰਿੜਾਇਆ ਹੈ:-

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ ਸਿਰੀ ਰਾਗੁ ਮ: ੧

ਅਤੇ, ‘ਸਚੁ ਆਚਾਰੁ’ ਵਾਸਤੇ ਲੋੜੀਂਦੇ ਸਦਗੁਣਾਂ ਦੀ ਮਹੱਤਤਾ, ਉਪਯੋਗਤਾ ਤੇ ਅਨਵਾਰਯਤਾ ਨੂੰ ਮੁੱਖ ਰੱਖ ਕੇ ਸਦਗੁਣ ਗ੍ਰਹਣ ਕਰਨ ਦੀ ਪ੍ਰੇਰਣਾ ਵੀ ਦਿੱਤੀ ਹੈ:-

ਨਾਨਕੁ ਆਖੈ ਏਹੁ ਬਿਚਾਰੁ ਸਿਫਤੀ ਗੰਢੁ ਪਵੈ ਦਰਬਾਰਿ॥ ਮਾਝ ਮ: ੧

ਅਉਗੁਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਵਾਹੁ॥ ਆਸਾ ਮ: ੧

ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ॥ ਸੋਰਠਿ ਮ: ੧

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥ ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ॥

ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ॥ ਸੂਹੀ ਮ: ੧

ਆਚਾਰ, ਗੁਣਾਂ ਅਤੇ ਕਰਮਾਂ (ਜੋ ਕਰਮ ਅਸੀਂ ਕਰਦੇ ਹਾਂ) ਦਾ ਪਰਸਪਰ ਸੰਬੰਧ ਹੈ। ਇਸ ਲਈ ਸਦਗੁਣਾਂ ਦੇ ਨਾਲ ਨਾਲ ਸਾਡੇ ਕਰਮ ਵੀ ਸੱਚੇ ਸੁੱਚੇ ਅਤੇ ਉੱਤਮ ਹੋਣੇਂ ਚਾਹੀਦੇ ਹਨ। ਚੰਗੇ ਤੇ ਮਨ-ਇੱਛੇ ਫਲ ਦਾ ਆਧਾਰ ਸਾਡੀ ਕਰਨੀ ਹੀ ਹੈ (ਜਿਹੀ ਕਰਨੀ ਤਿਹੀ ਭਰਨੀ)। ਕਰਨੀ ਬਾਰੇ ਇਸ ਸੱਚਾਈ ਦਾ ਸਮਰਥਨ ਗੁਰੂ ਨਾਨਕ ਦੇਵ ਜੀ ਨੇ ਵੀ ਕੀਤਾ ਹੈ:-

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥

ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥ ਆਸਾ ਪਟੀ ਮ: ੧

ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ॥ ਆਸਾ ਮ: ੧

ਜੈਸਾ ਬੀਜੈ ਸੋ ਲੁਣੈ ਜੋ ਖਟੇ ਸ+ ਖਾਏ॥ ਸੂਹੀ ਮ: ੧

ਜੈਸਾ ਕਰੇ ਸੁ ਤੈਸਾ ਪਾਵੈ॥ ਆਪਿ ਬੀਜਿ ਆਪੇ ਹੀ ਖਾਵੈ॥ ਧਨਾਰਸੀ ਮ: ੧

ਕਰਨੀ ਦੇ ਫਲ ਦੀ ਅਟਲ ਸੱਚਾਈ ਨੂੰ ਅਨੁਭਵ ਕਰਦਿਆਂ ਗੁਰੂ ਨਾਨਕ ਦੇਵ ਨੇ ਕਿਹਾ ਹੈ ਕਿ ਸਾਨੂੰ ਚੰਗੀ ਮੰਦੀ ਕਰਨੀ ਦੇ ਮਿਲਣ ਵਾਲੇ ਚੰਗੇ ਮੰਦੇ ਫਲ ਨੂੰ ਧਿਆਨ ਵਿੱਚ ਰੱਖਦਿਆਂ ਹੀ ਚੰਗਾ ਜਾਂ ਮੰਦਾ ਕੰਮ ਕਰਨਾ ਚਾਹੀਦਾ ਹੈ:-

ਜਿਤੁ ਕੀਤਾ ਪਾਇਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥

ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥ ਆਸਾ ਮ: ੧

ਆਤਮ-ਉਸਾਰੀ ਦੀ ਨੀਂਹ ਸਦਾਚਾਰਕ ਗੁਣ (ਨੰਮ੍ਰਤਾ, ਨੇਕੀ, ਭ੍ਰਾਤਰੀ-ਭਾਵ, ਦਇਆ, ਸਬਰ-ਸੰਤੋਖ, ਹੱਕ ਦੀ ਰੋਜ਼ੀ, ਕਿਰਤ ਅਤੇ ਜਾਤਿ ਪਾਤਿ ਤੋਂ ਰਹਿਤ ਹੋਣਾਂ ਆਦਿ) ਹਨ। ਨਾਨਕ-ਬਾਣੀ ਵਿੱਚੋਂ ਇਨ੍ਹਾਂ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਣਾ ਮਿਲਦੀ ਹੈ। ਗੁਰੂ ਨਾਨਕ ਦੀ ਆਚਾਰ-ਨੀਤੀ ਦੇ ਕੁੱਝ ਇੱਕ ਪ੍ਰਮਾਣ ਨਿਮਨ ਅੰਕਿਤ ਹਨ:-

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ …

ਧਰਿ ਤਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥ ……

ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ॥ ਆਸਾ ਮ: ੧

ਗੁਰੂ ਨਾਨਕ ਨੇ ਨੰਮ੍ਰਤਾ ਦਾ ਸੰਦੇਸ਼ ਕੇਵਲ ਲੋਕਾਂ ਨੂੰ ਹੀ ਨਹੀਂ ਦਿੱਤਾ ਸਗੋਂ ਆਪ ਨੰਮ੍ਰਤਾ ਦੇ ਪੁੰਜ ਬਣ ਕੇ ਜੀਵਨ ਵਿਤੀਤ ਕੀਤਾ। ਉਹਨਾਂ ਦੀ ਆਪਣੀ ਬਾਣੀ ਵਿੱਚੋਂ ਇੱਕ ਸੁੰਦਰ ਉਦ੍ਹਾਰਣ:-

ਬਦਬਖਤ ਹਮਚੁ ਬਖੀਲ ਗਾਫਿਲ ਬੇਨਜਰ ਬੇਬਾਕ॥

ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾਖਾਕ॥ ਤਿਲੰਗ ਮ: ੧

{ਅਰਥ:- ਮੈਂ (ਨਾਨਕ) ਬਦਕਿਸਮਤ, ਚੁਗਲਖ਼ੋਰ, ਭੁੱਲਣਹਾਰ, ਬੇਸ਼ਰਮ ਤੇ ਨਿਡਰ ਹਾਂ। ਨਾਨਕ ਬਚਨ ਕਰਦਾ ਹੈ ਕਿ ਮੈਂ ਤੇਰਾ ਦਾਸ ਹਾਂ, ਤੇਰੇ ਚਾਕਰਾਂ ਦੇ ਪੈਰਾਂ ਦੀ ਧੂੜ ਹਾਂ।}

ਨਾਨਕ ਦੇਵ ਜੀ ਦੀ ਨੰਮ੍ਰਤਾ ਦੇ ਕੁੱਝ ਹੋਰ ਉਦ੍ਹਾਰਣ:-

ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ॥ ਸੋਰਠਿ ਮ: ੧

ਹਮ ਦਾਸਨ ਕੇ ਦਾਸ ਪਿਆਰੇ……ਮਾਰੂ ਮ: ੧

ਗੁਰੂ ਨਾਨਕ ਦੇ ਜੀਵਨ ਅਤੇ ਬਾਣੀ ਵਿੱਚੋਂ ਦਿਖਾਈ ਦਿੰਦੇ ਆਤਮੀਯ ਸਦ-ਗੁਣਾਂ ਦੇ ਕੁੱਝ ਹੋਰ ਪ੍ਰਮਾਣ:-

ਆਪਣ ਹਥੀ ਆਪਣੈ ਆਪੇ ਹੀ ਕਾਜੁ ਸਵਾਰੀਏ॥ ਆਸਾ ਮ: ੧

ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ਸਲੋਕ ਮ: ੧

(ਕਿਰਤ ਦਾ ਇਹ ਉਪਦੇਸ ਕਿਰਤ ਤੋਂ ਕੰਨੀਂ ਕਤਰਤਉਣ ਵਾਲੇ ਹੱਡ-ਰੱਖ ਭਾਈਆਂ-ਪੁਜਾਰੀਆਂ, ਗ੍ਰੰਥੀਆਂ ਤੇ ਰਾਗੀਆਂ ਆਦਿ ਵਾਸਤੇ ਹੈ!)

ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ॥

ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ॥ ਸਿਰੀ ਰਾਗੁ ਅ: ਮ: ੧

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥ ਆਸਾ ਮ: ੧

ਫਕੜ ਜਾਤੀ ਫਕੜੁ ਨਾਉ ਸਭਨਾ ਜੀਆ ਇਕਾ ਛਾਉ॥ ਸਲੋਕ ਮ: ੧

ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥ ਮੂਰਖੈ ਨਾਲਿ ਨ ਲੁਝੀਐ॥ ਆਸਾ ਮ: ੧

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥

ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਆਸਾ ਮ: ੧

ਸਤ ਸੰਤੋਖਿ ਰਹਹੁ ਜਨ ਭਾਈ॥ ਖਿਮਾ ਗਹਹੁ ਸਤਿਗੁਰ ਸਰਣਾਈ॥ ਮਾਰੂ ਸੋਲਹੇ ਮ: ੧

ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥ ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਣੁ॥

ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥

ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥ ਸਲੋਕ ਮ: ੧

ਜਿਉ ਮਨੁ ਦੇਖਹਿ ਪਰ ਮਨੁ ਤੈਸਾ ਜੈਸੀ ਮਨਸਾ ਤੈਸੀ ਦਸਾ॥ ਪਰਭਾਤੀ ਮ: ੧

ਨਾਨਕ ਫਿਕਾ ਬੋਲਿਐ ਤਨੁ ਮਨੁ ਫਿਕਾ ਹੋਇ॥ ਆਸਾ ਮ: ੧

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਰਾਮਕਲੀ ਮ: ੧

ਮਾਇਆ:

ਸਦਾਚਾਰ ਵਾਸਤੇ ਜਿੱਥੇ ਸਦ-ਗੁਣਾਂ ਦੇ ਧਾਰਨ ਕਰਨ ਦੀ ਆਵੱਸ਼ਕਤਾ ਹੈ, ਓਥੇ ਅਵਗੁਣਾਂ ਤੋਂ ਪੱਲਾ ਛੁਡਾਉਣਾ ਵੀ ਉਤਨਾ ਹੀ ਜ਼ਰੂਰੀ ਹੈ। ਅਵਗੁਣਾਂ ਦੀ ਮਾਂ ਹੈ ਮਾਇਆ ਅਤੇ ਇਸ ਦਾ ਮੋਹ। ਮਨੁੱਖ ਦ੍ਰਿਸ਼ਟਮਾਨ ਪਦਾਰਥ-ਜਗਤ ਦੇ ਮੋਹ ਵਿੱਚ ਫਸ ਕੇ ਨਾਸ਼ਮਾਨ ਅਸਥਾਈ ਸੰਸਾਰਕ ਵਸਤੂਆਂ ਦੇ ਤਾਣੇ ਪੇਟੇ ਵਿੱਚ ਉਲਝ ਕੇ ਬਹੁਮੁੱਲੇ ਮਾਨਵ-ਜੀਵਨ ਨੂੰ ਵਿਅਰਥ ਗਵਾ ਬੈਠਦਾ ਹੈ। ਉਹ ਆਪਣੇ ‘ਜੋਤੀ ਜੋਤਿ ਸਮਾਉਣ’ ਦੇ ਪਰਮ ਕਰਤੱਵ ਨੂੰ ਵੀ ਭੁੱਲ ਜਾਂਦਾ ਹੈ। ਉਸ ਦੀ ਆਤਮ-ਸੂਝ ਮਾਰੀ ਜਾਂਦੀ ਹੈ: ‘ਮਿਲਿ ਮਾਇਆ ਸੁਰਤਿ ਗਵਾਈ॥’। ਮੋਹ-ਮਾਇਆ ਦੇ ਕਾਰਣ ਜੀਵ ਅਤੇ ਪਰਮਾਤਮਾ ਵਿਚਲੀ ਵਿੱਥ ਵਧਦੀ ਚਲੀ ਜਾਂਦੀ ਹੈ। ਮਾਇਆ ਮਨੁੱਖ ਨਾਲ ਸੱਸਾਂ ਵਾਲਾ ਬੁਰਾ ਸਲੂਕ ਕਰਦੀ ਹੈ। ਮਾਇਆ ਰੂਪੀ ਸੱਸ ਜੀਵ ਰੂਪੀ ਪਤਨੀ ਨੂੰ ਪਤੀ-ਪਰਮਾਤਮਾ ਨਾਲ ਮਿਲਨ ਤੋਂ ਵਰਜਦੀ ਹੈ:-

ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ॥ ਆਸਾ ਮ: ੧

ਮਨੁੱਖਤਾ ਨੂੰ ਮਾਇਆ ਦੇ ਜ਼ਹਿਰੀਲੇ ਅਤੇ ਦੁੱਖਦਾਈ ਪ੍ਰਭਾਵ ਤੋਂ ਸੁਚੇਤ ਕਰਦੇ ਹੋਏ ਗੁਰੂ ਨਾਨਕ ਦੇਵ ਲਿੱਖਦੇ ਹਨ:-

ਮਾਇਆ ਬਿਖੁ ਭੁਇੰਗਮ ਨਾਲੇ॥ ਇਨਿ ਦੁਬਿਧਾ ਘਰ ਬਹੁਤੇ ਗਾਲੇ॥ ਮਾਰੂ ਮ: ੧

ਜੀਵ-ਆਤਮਾ ਦਾ ਲਕਸ਼ ਹੈ ਸੱਤਤਾ ਅਥਵਾ ਸਥਿਰਤਾ; ਅਤੇ ਮਾਇਆ ਦਾ ਲੱਛਣ ਹੈ ਅਸੱਤਤਾ, ਅਸਥਿਰਤਾ, ਨਾਸ਼ਮਾਨਤਾ। ਸੋ, ਅਸਥਿਰ ਮਾਇਆ ਦੇ ਮੋਹ ਨਾਲ ਜੀਵ ਨੂੰ ਸਥਿਰਤਾ ਨਸੀਬ ਹੋਣੀ ਸੰਭਵ ਨਹੀਂ। ਇਸ ਸੱਚਾਈ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਦੇਵ ਸੰਸਾਰ ਦੀ ਨਾਸ਼ਮਾਨਤਾ ਅਤੇ ਅਸੱਤਤਾ ਦੀ ਚੇਤਾਵਨੀ ਕਰਾਉਂਦੇ ਹੋਏ ਇਸ ਵੱਲੋਂ ਰੁਚੀ ਮੋੜਨ ਦੀ ਪ੍ਰੇਰਣਾ ਦਿੰਦੇ ਹਨ:-

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ॥

ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨਣਹਾਰੁ॥ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ॥

ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ॥ ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ॥

ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ॥

ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ॥ ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ॥ ਸ਼ਲੋਕ ਮ: ੧

ਇਹ ਸਰਵਮਾਨੀ ਸੰਸਾਰਕ ਸੱਚਾਈ ਹੈ ਕਿ ਬੁਰੇ ਕਰਮ, ਬੇਇਮਾਨੀ ਤੇ ਪਾਪ ਕੀਤੇ ਬਿਨਾਂ ਮਾਇਆ ਇਕੱਤ੍ਰ ਨਹੀਂ ਕੀਤੀ ਜਾ ਸਕਦੀ। ਜ਼ਮੀਰ ਵੇਚ ਕੇ, ਦੀਨ-ਈਮਾਨ ਭ੍ਰਸ਼ਟ ਕਰਕੇ ਇਕੱਠੀ ਕੀਤੀ ਹੋਈ ਇਹ ਮਾਇਆ ਮਰਨ ਉਪਰੰਤ ਕਿਸੇ ਦਾ ਸਾਥ ਨਹੀਂ ਨਿਭਾਉਂਦੀ। ਗੁਰੂ ਨਾਨਕ ਦੇਵ ਲਿਖਦੇ ਹਨ:-

ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ ਆਸਾ ਅ: ਮ: ੧

ਦੇ ਦੇ ਨੀਵ ਦਿਵਾਲ ਉਸਾਰੀ ਭਸ ਮੰਦਰ ਕੀ ਢੇਰੀ॥

ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ॥

ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ॥ ਗਉੜੀ ਮ: ੧

ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ॥ ਰਾਮਕਲੀ ਓਅੰਕਾਰ ਮ: ੧

ਇਹ ਦੋ-ਮੂੰਹੀ ਮਾਇਆ ਜੀਵ-ਆਤਮਾ ਦਾ ਕੇਵਲ ਸਾਥ ਨਿਭਾਉਣ ਤੋਂ ਹੀ ਅਸਮਰੱਥ ਨਹੀਂ ਸਗੋਂ ਉਸ ਨੂੰ ਜਨਮ ਮਰਨ ਦੇ ਸਦੀਵੀ ਚੱਕਰ `ਚ ਭਟਕਣ ਦਾ ਕਾਰਣ ਬਣਦੀ ਹੈ:-

ਏਤੁ ਮੋਹਿ ਫਿਰਿ ਜੂਨੀ ਪਾਹਿ॥ ਮੋਹੇ ਲਾਗਾ ਜਮ ਪੁਰਿ ਜਾਹਿ॥ ਆਸਾ ਮ: ੧

ਹਉਮੈ:

ਮਾਇਆ ਦੀ ਪਲੇਠੀ ਧੀ ਹੈ ਹਉਮੈ। ਇਸ ਹਉਮੈ ਦੀ ਕੁੱਖੋਂ ਹੋਰ ਬਹੁਤ ਸਾਰੇ ਵਿਕਾਰ ਜਨਮ ਲੈਂਦੇ ਹਨ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਮਾਇਆ-ਅਤੀਤਤਾ ਤੋਂ ਬਾਅਦ ਹਉਮੈ-ਤਿਆਗ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਜਿਸ ਮਨ ਅੰਦਰ ਹਉਮੈ ਹੈ ਉਸ ਮਨ ਵਿੱਚ ਪ੍ਰਭੂ-ਪ੍ਰੇਮ ਦੀ ਸੱਚੀ ਭਾਵਨਾ ਨਹੀਂ ਹੋ ਸਕਦੀ, ਅਤੇ ਜਿਸ ਮਨ ਵਿੱਚ ਰੱਬ ਦੀ ਯਾਦ ਹੈ ਉਸ ਵਿੱਚ ਹਉਮੈ ਦੀ ਅਣਹੋਂਦ ਸੁਭਾਵਕ ਹੈ:-

ਹਉਮੈ ਕਰੀ ਤਾਂ ਤੂ ਨਾਹੀ ਤੂ ਹੋਵਹਿ ਹਉ ਨਾਹੀ॥ ਸਲੋਕ ਮ: ੧

ਹੰਕਾਰੀ ਮਨੁੱਖ ਹਉਮੈ ਦੀ ਮਾਰੂ ਵ੍ਰਿਤੀ ਦੇ ਪ੍ਰਭਾਵਾਧੀਨ ਨਾਮ ਵਿਸਾਰ ਦਿੰਦਾ ਹੈ। ਨਾਮ ਵੱਲੋਂ ਅਵੇਸਲਾਪਣ ਜੀਵ ਨੂੰ ਰੱਬ ਤੱਕ ਪਹੁੰਚਣ ਦੇ ਸਮਰੱਥ ਨਹੀਂ ਹੋਣ ਦਿੰਦਾ। ਫਲਸ੍ਵਰੂਪ, ਮਨੁੱਖ ਜਨਮ ਮਰਨ ਦੇ ਘਿਨਾਉਣੇ ਚੱਕਰ ਵਿੱਚ ਬੰਨ੍ਹਿਆ ਰਹਿੰਦਾ ਹੈ:-

ਹਉਮੈ ਮਮਤਾ ਗੁਰ ਸਬਦਿ ਵਿਸਾਰੀ॥ ਗਉੜੀ ਮ: ੧

ਹਉ ਹਉ ਕਰਤ ਨਹੀ ਸਚੁ ਪਾਈਐ॥ ਹਉਮੈ ਜਾਇ ਪਰਮ ਪਦੁ ਪਾਈਐ॥ ਗਉੜੀ ਮ: ੧

ਹਉਮੈ ਬੰਧਨ ਬੰਧਿ ਭਵਾਵੈ॥ ਗਉੜੀ ਮ: ੧

ਸੋ, ਜੀਵ ਨੂੰ ਚਾਹੀਦਾ ਹੈ ਕਿ ਉਹ ਆਪਣੇ ਲਕਸ਼ ਵੱਲ ਜਾਂਦੇ ਮਾਰਗ `ਤੇ ਖੜੀ ਹਉਮੈ ਦੀ ਚੱਟਾਨ ਨੂੰ ਨਸ਼ਟ ਕਰ ਦੇਵੇ ਤਾਂ ਜੋ ਉਹ ਮੰਜ਼ਿਲ `ਤੇ ਪਹੁੰਚ ਸਕੇ:-

ਗਰਬੁ ਨਿਵਾਰਿ ਗਗਨ ਪੁਰ ਪਾਏ॥ ਗਉੜੀ ਮ: ੧

ਹਉਮੈ ਬੂਝੈ ਤਾ ਦਰੁ ਸੂਝੈ॥ ਆਸਾ ਮ: ੧

ਹਉਮੈ ਜਾਈ ਤਾ ਕੰਤ ਸਮਾਈ॥ ਸੂਹੀ ਮ: ੧

ਜੀਵਨ ਮੁਕਤਿ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ॥ ਮਾਰੂ ਅ: ਮ: ੧

ਵਿਕਾਰ:

ਕਾਮ, ਕ੍ਰੋਧ, ਲੋਭ, ਮੋਹ, ਈਰਖਾ ਨਿੰਦਾ ਤੇ ਭੇਖ-ਪਾਖੰਡ ਆਦਿ ਵਿਕਾਰ ਵੀ ਜੀਵਨ-ਮਨੋਰਥ ਦੀ ਪੂਰਤੀ ਦੇ ਰਾਹ ਵਿੱਚ ਵੱਡੀ ਰੁਕਾਵਟ ਹਨ। ਇਨ੍ਹਾਂ ਵਿਕਾਰਾਂ ਨਾਲ ਸਰੀਰ ਭ੍ਰਸ਼ਟ ਹੁੰਦਾ ਹੈ, ਮਨ ਮਲੀਨ ਹੁੰਦਾ ਹੈ, ਅਤੇ ਆਤਮਾ ਨੂੰ ਅਚਵੀ ਜਿਹੀ ਲੱਗੀ ਰਹਿੰਦੀ ਹੈ। ਵਿਕਾਰ ਸਰੀਰਿਕ ਪੀੜਾ ਦੇ ਨਾਲ ਨਾਲ ਮਨ/ਆਤਮਾ ਦੇ ਦੁੱਖਾਂ ਦਾ ਕਾਰਣ ਵੀ ਬਣਦੇ ਹਨ। ਇਸ ਤੱਥ ਦੇ ਆਧਾਰ `ਤੇ ਗੁਰੂ ਨਾਨਕ ਦੇਵ ਨੇ ਬੜੇ ਜ਼ੋਰਦਾਰ ਤੇ ਸਖ਼ਤ ਸ਼ਬਦਾਂ ਵਿੱਚ ਵਿਕਾਰਾਂ ਦੇ ਪਰਿਤਿਆਗ ਦੀ ਪ੍ਰੇਰਣਾ ਦਿੱਤੀ ਹੈ:-

ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥ ਪਰ ਨਿੰਦਾ ਪਰ ਮਲੁ ਮੁਖਿ ਸੁਧੀ ਅਗਨਿ ਕ੍ਰੋਧੁ ਚੰਡਾਲੁ॥

ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ॥ ਸਿਰੀ ਰਾਗੁ ਮ: ੧

ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ॥ ਸਿਰੀ ਰਾਗੁ ਮ: ੧

(ਚਾਰ ਅਗਨੀਆਂ: ਹਿੰਸਾ, ਮੋਹ, ਲੋਭ ਅਤੇ ਕ੍ਰੋਧ।)

ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆਂ ਅਗਿ॥ ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ॥ ਸਲੋਕ ਮ: ੧

ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ ਮਾਝ ਮ: ੧

ਕਾਮੁ ਕ੍ਰੋਧੁ ਅਹੰਕਾਰੁ ਤਜੀਅਲੇ ਲੋਭੁ ਮੋਹੁ ਤਿਸ ਮਾਇਆ॥ ਮ: ੧

ਕਾਮੁ ਕ੍ਰੋਧੁ ਕਾਇਆ ਕਉ ਗਾਲੈ ਜਿਉ ਕੰਚਨ ਸੁਹਾਗਾ ਢਾਲੈ॥ ਰਾਮਕਲੀ ਓਅੰਕਾਰ ਮ: ੧

ਸਤਿਗੁਰ ਭੀਖਿਆ ਦੇਹਿ ਮੈ ਤੂੰ ਸਮਰਥ ਦਾਤਾਰੁ॥

ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧ ਅਹੰਕਾਰੁ॥

ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ॥ ਸਲੋਕ ਮ: ੧

ਵਿਕਾਰਾਂ ਦੀਆਂ ਸਕੀਆਂ ਹਨ ਸਾਡੀਆਂ ਗਿਆਨ ਅਤੇ ਕਰਮ ਇੰਦ੍ਰੀਆਂ। ਇਨ੍ਹਾਂ ਇੰਦ੍ਰੀਆਂ ਉੱਤੇ ਕਾਬੂ ਮਨੁੱਖ ਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ। ਇਸ ਲਈ ਗੁਰੁ ਨਾਨਕ ਦੇਵ ਨੇ ਆਪਣੀ ਬਾਣੀ ਵਿੱਚ ਇੰਦ੍ਰੀਆਤਮਕ ਸੰਜਮ ਦਾ ਮਹੱਤ੍ਵ ਵੀ ਦ੍ਰਿੜਾਇਆ ਹੈ।

* * * * * ਧਰਮ ਦੇ ਤਿੰਨ ਮੁੱਖ ਪੱਖ ਹੁੰਦੇ ਹਨ:- 1. ਅਧਿਆਤਮਿਕ (Spiritual); 2. ਆਚਰਣ (Character); ਅਤੇ 3. ਰਹੁ-ਰੀਤੀ (Ritual)। ਪਹਿਲੇ ਦੋ ਦੀ ਚਰਚਾ, ਨਾਨਕ-ਬਾਣੀ ਦੇ ਆਧਾਰ `ਤੇ, ਉੱਪਰ ਹੋ ਚੁੱਕੀ ਹੈ। ਤੀਜੇ, ਰਹੁ-ਰੀਤੀ ਅਰਥਾਤ ਲੋਕਾਂ ਨੂੰ ਲੁੱਟਣ ਲਈ ਪੁਜਾਰੀਆਂ ਦੁਆਰਾ ਸਥਾਪਿਤ ਰਹਿਤਾਂ ਮਰਯਾਦਾਵਾਂ ਕਰਮ-ਕਾਂਡਾਂ ਦਾ ਨਾਨਕ-ਬਾਣੀ ਵਿੱਚ ਪੂਰਨ ਅਭਾਵ ਹੈ। ਗੁਰੂ ਨਾਨਕ ਦੇ ਨਿਤਾਪ੍ਰਤੀ ਦੇ ਨਿੱਜੀ ਜੀਵਨ ਵਿੱਚ ਵੀ ਇਨ੍ਹਾਂ ਦੁਨਿਆਵੀ ਬੰਧਨਾਂ ਅਤੇ ਭੇਖੀ ਚਿਨ੍ਹਾਂ ਵਾਸਤੇ ਕੋਈ ਜਗ੍ਹਾ ਨਹੀਂ ਸੀ। ਸੰਸਾਰਕ ਮਰਯਾਦਾ, ਭੇਖ ਅਤੇ ਧਾਰਮਿਕ ਦੇਖਾਵੇ ਦੇ ਚਿਨ੍ਹ ਇੱਕ ਅਕਾਲ ਪੁਰਖ ਦੀ ਸਿਰਜੀ ਮਨੁੱਖਤਾ ਵਿੱਚ ਵੰਡੀਆਂ ਪਾਉਣ ਦਾ ਕਾਰਣ ਬਣਦੇ ਹਨ ਅਤੇ ਮਨੁੱਖ ਦੇ ਆਤਮ-ਮਾਰਗ ਵਿੱਚ ਵੱਡੀ ਰੁਕਾਵਟ ਹਨ। ਭੇਖ ਮਨੁੱਖ ਨੂੰ ਵਿਕਾਰੀ ਬਣਾਉਂਦੇ ਹਨ। ਗੁਰੂ ਨਾਨਕ ਦੇਵ ਨੇ ਆਪਣੀ ਰਚੀ ਬਾਣੀ ਵਿੱਚ ਵੱਖ ਵੱਖ ਧਰਮਾਂ ਵਿੱਚ ਵਿਆਪਕ ਭੇਖਾਂ ਦੀ ਨਿਰਾਰਥਕਤਾ ਅਤੇ ਅਣਉਪਯੋਗਤਾ ਉੱਤੇ ਰੌਸ਼ਨੀ ਪਾਈ ਹੈ:-

ਭੇਖੀ ਹਾਥਿ ਨ ਲਭਈ ਤੀਰਥਿ ਨਹੀਂ ਦਾਨੈ॥ ……ਮਾਰੂ ਅ: ਮ: ੧

ਗੁਰੂ ਨਾਨਕ ਮਨੁੱਖਤਾ ਦੇ ਆਤਮੀਯ ਨੇਤਾ ਸਨ; ਅਤੇ ਆਤਮੀਯ ਨੇਤਾ ਆਤਮ-ਸ਼ੁੱਧੀ ਉੱਤਰ ਜ਼ੋਰ ਦਿੰਦਾ ਹੈ ਨਾ ਕਿ ਸਰੀਰ-ਸਾਧਨਾ ਉੱਤੇ! ਭੇਖ ਆਤਮ-ਪਤਨ ਅਤੇ ਅਗਿਆਨਤਾ ਦਾ ਸੂਚਕ ਤੇ ਪ੍ਰਮਾਣ ਹਨ। ਜਿਵੇਂ ਭੱਦੇ ਸਰੀਰ ਦਾ ਕੋਝ ਕੱਪੜਿਆਂ ਨਾਲ ਕੱਜ ਲਿਆ ਜਾਂਦਾ ਹੈ ਤਿਵੇਂ ਹੀ ਮਨ-ਆਤਮਾ ਪਖੋਂ ਕੋਝੇ, ਊਣੇ, ਖੋਟੇ ਅਤੇ ਪਾਖੰਡੀ ਲੋਕ ਭੇਖੀ ਬਾਣਾ ਪਾ ਕੇ ਸੱਚੇ ਧਰਮੀ ਹੋਣ ਦਾ ਢੌਂਗ ਕਰਦੇ ਹਨ:-

ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥ ……ਮ: ੧

ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ॥

ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ॥ ਸੂਹੀ ਮ: ੧

ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ॥ ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੈ ਚੋਰ ਜੀਉ॥ ਮੂਲੁ ਨ ਬੁਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥ ਸੂਹੀ ਅ: ਮ: ੧

ਗੁਰੂ ਨਾਨਕ ਦੇਵ ਜੀ ਰੰਗ ਬਰੰਗੇ ਵੇਸਾਂ ਤੇ ਧਾਰਮਿਕ ਚਿਨ੍ਹਾਂ ਨੂੰ ਪਾਖੰਡ ਤੇ ਧੋਖੇ-ਧੜੀ ਵਾਸਤੇ ਧਾਰਨ ਕਰਨ ਦੀ ਬਜਾਏ ਸਦਗੁਣਾਂ ਨੂੰ ਅਪਨਾਉਣ ਦਾ ਸੰਦੇਸ਼ ਦਿੰਦੇ ਹੋਏ ਲਿੱਖਦੇ ਹਨ:-

ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ॥

ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ॥

ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ॥

ਬਾਬਾ, ਹੋਰ ਪੈਨਣੁ ਖੁਸੀ ਖੁਆਰੁ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲੈ ਵਿਕਾਰ॥ ਸਿਰੀ ਰਾਗੁ ਮ: ੧

ਨਾਨਕ-ਧਰਮ ਸਮੁੱਚੀ ਮਾਨਵਤਾ ਦਾ ਸਰਵਲੌਕਿਕ (Universal) ਤੇ ਸਰਵ-ਕਾਲਿਕ ਸਦੀਵੀ ਸਥਾਈ (Eternal) ਧਰਮ ਹੈ; ਕਿਸੇ ਇੱਕ ਕਾਲ, ਜਾਤਿ, ਵਰਗ, ਫ਼ਿਰਕੇ, ਭੇਖ, ਖਿੱਤੇ, ਇਲਾਕੇ, ਪ੍ਰਾਂਤ ਜਾਂ ਦੇਸ ਦਾ ਨਹੀਂ। ਉਨ੍ਹਾਂ ਦਾ ਮਾਰਗ ਆਤਮ-ਮਾਰਗ ਹੈ। ਇਸ ਲਈ, ਭੇਖਾਂ ਦਾ ਖੰਡਨ ਕਰਨ ਵਾਲੇ ਲਾਸਾਨੀ ਰੂਹਾਨੀ ਰਾਹਨੁਮਾ ਗੁਰੂ ਨਾਨਕ ਦੇਵ ਦੇ ਧਰਮ ਨੂੰ ਭੇਖਾਂ ਤੇ ਚਿਨ੍ਹਾਂ ਨਾਲ ਕਲੰਕਿਤ ਕਰਨਾ ਯੋਗ ਨਹੀਂ। ਆਪਣੇ ਸੁਆਰਥਾਂ ਦੀ ਖ਼ਾਤਿਰ, ਕਰਮ-ਕਾਂਡਾਂ, ਭੇਖਾਂ ਅਤੇ ਸੰਸਾਰਕ ਚਿਨ੍ਹਾਂ ਦੀ ਕੰਡਿਆਲੀ ਵਾੜ ਨਾਲ ਗੁਰੂ ਨਾਨਕ ਦੇ ਅਦੁੱਤੀ ਧਰਮ ਦੇ ਅਸੀਮ ਖੇਤਰ ਨੂੰ ਸੀਮਿਤ ਕਰਨਾਂ ਗੁਰੂ ਨਾਨਕ ਦੇਵ ਪ੍ਰਤਿ ਅਸ਼ਰਧਾ, ਗ਼ੱਦਾਰੀ ਅਤੇ ਬੇ-ਵਫ਼ਾਈ ਦਾ ਸੂਚਕ ਅਤੇ ਉਸ ਦੇ ਸੱਚੇ ਮਾਰਗ ਤੋਂ ਬੇ-ਮੁੱਖ ਹੋਣ ਦਾ ਪੁਖ਼ਤਾ ਸਬੂਤ ਹੈ।

* * * * *

ਗੁਰਇੰਦਰ ਸਿੰਘ ਪਾਲ




.