ਸਿਧ ਗੋਸਟਿ (ਕਿਸ਼ਤ ਨੰ: 02)
ਇਸ ਬਾਣੀ ਦਾ ਨਾਮ ਹੈ ਸਿਧ ਗੋਸਟਿ,
ਸਿਧ ਦਾ ਅਰਥ ਹੈ, ਸਫਲ, ਭਾਵ ਪੁੱਗਿਆ ਹੋਇਆ। ਜਿਨ੍ਹਾਂ ਜੋਗੀਆਂ ਨਾਲ ਇਹ ਵਾਰਤਾਲਾਪ ਹੋਈ ਉਹ ਪੁਗੇ
ਹੋਏ ਨਹੀਂ ਸਨ, ਘਰ-ਬਾਰ ਉਨ੍ਹਾਂ ਤਿਆਗਿਆ ਹੋਇਆ ਸੀ, ਗ੍ਰਹਿਸਤੀ ਜੀਵਨ ਤੋਂ ਉਹ ਭਗੌੜੇ ਸਨ, ਪਰ ਉਹ
ਆਪਣੇ ਆਪ ਨੂੰ ਸਿਧ ਭਾਵ ਆਪਣੇ ਆਪ ਨੂੰ ਉਹ ਸਫਲ, ਪੁੱਗੇ ਹੋਏ
(superior)
ਉੱਤਮ ਸਮਝਦੇ ਸਨ।
ਗੋਸਟਿ ਦਾ ਅਰਥ ਹੈ, ਵੀਚਾਰ (discussion)
ਵੀਚਾਰ ਕਰਨੀ, ਵੀਚਾਰ-ਵਟਾਂਦਰਾ, ਚਰਚਾ। ਹਰੇਕ ਗੱਲ ਨੂੰ ਸੱਚ ਦੇ ਅਧਾਰ ਤੇ ਵੀਚਾਰਨਾ, ਸੱਚ ਨਾਲ
ਜੁੜਨਾ ਹੀ ਗੁਰਮਤਿ ਦਾ ਅਸਲ ਮਨੋਰਥ ਹੈ।
ਸਿਧ ਗੋਸਟਿ ਨਾਨਕ ਪਾਤਸ਼ਾਹ ਜੀ ਅਤੇ ਸਿਧਾਂ ਦੇ ਵਿੱਚਕਾਰ ਹੋਈ ਚਰਚਾ ਹੈ। ਸਿਧ ਗੋਸਟਿ ਵਿੱਚ
ਅਸਲ ਮਨੋਰਥ ਤਾਂ ਕੁਰਾਹੇ ਪਏ ਵਰਗ ਨੂੰ ਸੱਚ ਨਾਲ ਜੁੜਨ ਅਤੇ ਸੱਚ ਨੂੰ ਹੀ ਆਪਣੇ ਜੀਵਣ ਦਾ ਅਧਾਰ
ਬਣਾਉਣ ਦੀ ਪ੍ਰੇਰਣਾ ਹੈ। ਸਭ ਤੋ ਪਹਿਲਾਂ ਇਹ ਗੱਲ ਸਮਝਣ ਦੀ ਲੋੜ ਹੈ ਕਿ ਇਸ ਵੀਚਾਰ ਚਰਚਾ ਵਿੱਚ
ਪਾਤਰ ਕਿਹੜੇ ਕਿਹੜੇ ਹਨ। ਪਰਚੱਲਤ ਵਿਆਖਿਆ ਅਨੁਸਾਰ ਨਾਨਕ ਪਾਤਸਾਹ ਜੀ, ਚਰਪਟ, ਅਤੇ ਲੋਹਾਰੀਪਾ
ਕੇਵਲ ਤਿੰਨ ਹੀ ਪਾਤਰ ਮੰਨੇ ਗਏ ਹਨ। ਅਉਧੂ ਨੂੰ ਪਾਤਰ ਹੀ ਨਹੀਂ ਮੰਨਿਆ ਗਿਆ, ਜਦੋ ਕਿ ਅਉਧੂ ਇਸ
ਵੀਚਾਰ ਚਰਚਾ ਵਿੱਚ ਜੋਗੀਆਂ ਵਾਲੇ ਪਾਸਿਓਂ ਇੱਕ ਮੁੱਖ ਪਾਤਰ ਹੈ। ਇਹ ਗੱਲ ਸਿਧ ਗੋਸਟਿ ਬਾਣੀ `ਚੋਂ
ਅੰਤ੍ਰੀਵ ਗਵਾਹੀ ਦੁਆਰਾ ਹੀ ਸਪਸ਼ਟ ਹੋ ਜਾਂਦੀ ਹੈ। ਪਉੜੀ ਪਹਿਲੀ ਨਾਨਕ ਪਾਤਸਾਹ ਜੀ ਵਲੋਂ ਉਚਾਰਣ
ਕੀਤੀ ਗਈ ਹੈ। ਪਉੜੀ ਦੂਜੀ ਅੰਦਰ ਸਿਧ ਮੰਡਲੀ ਦੇ ਮੁਖੀ ਚਰਪਟ ਵਲੋਂ ਨਾਨਕ ਪਾਤਸਾਹ ਜੀ ਉੱਪਰ ਸਵਾਲ
ਕੀਤਾ ਗਿਆ ਹੈ। ਪਉੜੀ ਤੀਜੀ ਅੰਦਰ ਨਾਨਕ ਪਾਤਸਾਹ ਜੀ ਦਾ ਉੱਤਰ ਹੈ। ਪਉੜੀ ਚਾਉਥੀ ਅੰਦਰ ਨਾਨਕ
ਪਾਤਸਾਹ ਆਖਦੇ ਹਨ ਕਿ ਅਉਧੂ ਨੇ ਆਪਣੇ ਮੁਖੀ ਚਰਪਟ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨਾਨਕ ਨੂੰ ਐਸੀ
ਮੱਤ ਦੇਹ ਕਿ ਨਾਨਕ ਤੇਰੀ ਅਧੀਨਗੀ ਭਾਵ ਜੋਗ ਮੱਤ ਕਬੂਲ ਕਰ ਲਵੇ। ਪਰ ਚਰਪਟ ਬੋਲਦਾ ਹੀ ਨਹੀਂ। ਨਾਨਕ
ਪਾਤਸਾਹ ਜੀ ਨੇ ਚਰਪਟ ਦੇ ਪਉੜੀ ਨੰ: ੨ ਅੰਦਰ ਕੀਤੇ ਸਵਾਲ ਤੋਂ ਬਾਅਦ ਪਉੜੀ ਨੰ: ੩ ਅੰਦਰ ਜੋ ਉੱਤਰ
ਦਿੱਤਾ ਹੈ, ਉਸ ਤੋਂ ਬਾਅਦ ਚਰਪਟ ਨਹੀਂ ਬੋਲਿਆ, ਸਗੋਂ ਉਸਨੇ ਗੁੱਸੇ ਦਾ ਪਰਗਟਾਵਾ ਕੀਤਾ।
ਪਉੜੀ ਨੰ: ੫ ਅੰਦਰ ਅਉਧੂ ਤੇ ਨਾਨਕ ਪਾਤਸਾਹ ਜੀ ਜਿਸ ਵਿਸ਼ੇ ਉੱਪਰ ਵੀਚਾਰ ਕਰਨਾ ਚਾਹੁੰਦੇ ਹਨ, ਉਸ
ਨੂੰ ਸਮਝਣ ਅਤੇ ਸਮਝਾਣ ਲਈ ਕਿ ਪਰਸਪਰ ਗੋਸਟਿ ਦਾ ਵਿਸ਼ਾ ਕੀ ਹੈ, ਅਤੇ ਇਸ ਵਿਸ਼ੇ ਉੱਪਰ ਹੀ ਵਿਚਾਰ
ਕੇਂਦਰਿਤ ਰੱਖਣਾ ਹੈ, ਭਾਵ ਗੋਸਟਿ ਕਰਨੀ ਹੈ, ਦੀ ਗੱਲ ਕਰਦੇ ਹਨ। ਨਾਨਕ ਪਾਤਸਾਹ ਜੀ ਆਖਦੇ ਹਨ ਕਿ
ਅਉਧੂ ਨੇ ਕਿਹਾ - ਨਾਨਕ ਤੁਹਾਡਾ ਭਾਵ ਇਹ ਹੈ ਕਿ ਆਪਾਂ ਇਸ ਵਿਸ਼ੇ ਉੱਪਰ ਹੀ ਵੀਚਾਰ ਕਰੀਏ। (ਜਿਵੇਂ
ਅੱਜ ਵੀ ਸੂਝਵਾਨ ਸੱਜਣ ਕਿਸੇ ਗੱਲਬਾਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੱਲਬਾਤ ਦਾ ਵਿਸ਼ਾ ਤੈਅ ਕਰ
ਲੈਂਦੇ ਹਨ ਤਾਕਿ ਚਰਚਾ ਵਿਸ਼ੇ ਅੰਦਰ ਹੀ ਸੀਮਤ ਰਹੇ)
ਪਉੜੀ ਨੰ: ੬ ਅੰਦਰ ਅਉਧੂ ਆਪਣੇ ਮੁਖੀ ਚਰਪਟ ਨੂੰ ਕਹਿ ਰਿਹਾ ਹੈ - ਹੇ ਸੁਆਮੀ! ਨਾਨਕ ਜੀ ਦੀ ਗੱਲ
ਦਾ ਗੁੱਸਾ ਨਾ ਕਰੋ, ਨਾਨਕ ਜੀ ਨਾਲ ਵੀਚਾਰ ਕਰੋ। ਇਥੇ ਇਹ ਨਹੀਂ ਸਮਝਣਾ ਕਿ ਨਾਨਕ ਪਾਤਸਾਹ ਜੀ ਚਰਪਟ
ਨੂੰ ਸੁਆਮੀ ਕਹਿ ਕੇ ਸੰਬੋਧਨ ਕਰ ਰਹੇ ਹਨ, ਜਾਂ ਚਰਪਟ ਨਾਨਕ ਪਾਤਸਾਹ ਜੀ ਨੂੰ ਸੁਆਮੀ ਕਹਿਕੇ
ਸੰਬੋਦਨ ਹੋ ਰਹੇ ਹਨ।
ਪਉੜੀ ਨੰਬਰ ੭ ਲੋਹਾਰੀਪਾ ਅਉਧੂ ਨੂੰ ਸੰਬੋਧਨ ਕਰਦਿਆਂ ਕਹਿ ਰਿਹਾ ਹੈ ਕਿ ਤੁਸੀਂ ਨਾਨਕ ਜੀ ਨਾਲ
ਗੱਲਬਾਤ ਕਰੋ, ਅਤੇ ਨਾਨਕ ਜੀ ਨੂੰ ਇਹ ਗੱਲ ਸਮਝਾ ਦਿਓ ਕਿ ਜੋਗ ਮੱਤ ਹੀ ਸਾਰਿਆਂ ਮੱਤਾਂ ਤੋਂ ਉੱਪਰ
ਹੈ। ਭਾਵ ਕਿ ਗਹ੍ਰਿਸਤ ਦਾ ਮਾਰਗ ਤਿਆਗ ਕੇ ਜੋਗ ਮੱਤ ਦੀ ਵਿਧੀ ਰਾਹੀਂ ਹੀ ਸੰਸਾਰ ਸਮੁੰਦਰ ਤਰਿਆ ਜਾ
ਸਕਦਾ ਹੈ। ਇਸ ਤੋਂ ਅੱਗੇ ਸਾਰੀ ਦੀ ਸਾਰੀ ਗੋਸਟਿ ਅਉਧੂ ਅਤੇ ਨਾਨਕ ਪਾਤਸਾਹ ਜੀ ਵਿੱਚਕਾਰ ਹੀ ਹੁੰਦੀ
ਹੈ। (ਜੋਗੀਆਂ ਨੇ ਨਾਨਕ ਜੀ ਨਾਲ ਗੋਸਟਿ ਕਰਨ ਲਈ ਅਉਧੂ ਨੂੰ ਮੋਹਰੇ ਰੱਖਿਆ।)
ਸਾਰੀ ਗੋਸਟਿ ਅੰਦਰ ਅਉਧੂ ਆਪਣੇ ਜੋਗ ਮੱਤ ਨੂੰ ਸ੍ਰਵੋਤਮ ਅਤੇ ਆਪਣੇ ਮੁਖੀ ਨੂੰ ਗੁਰਮੁਖਿ ਭਾਵ ਕਰਤਾ
ਸਾਬਤ ਕਰਨ ਦਾ ਟਿੱਲ ਲਾ ਦਿੰਦਾ ਹੈ। ਪਉੜੀ ਨੰ: ੩੭ ਤੱਕ ਅਉਧੂ ਨੂੰ ਇਹ ਵੀ ਨਹੀਂ ਸੀ ਪਤਾ ਕਿ ਨਾਨਕ
ਪਾਤਸਾਹ ਜੀ ਰੰਮਿਆ ਹੋਇਆ ਕਿਸ ਨੂੰ ਮੰਨਦੇ ਹਨ। ਅਉਧੂ ੩੭ ਨੰ: ਪਉੜੀ ਅੰਦਰ ਨਾਨਕ ਪਾਤਸਾਹ ਜੀ ਨੂੰ
ਇਹ ਆਖਦਾ ਹੈ ਕਿ ਸਾਡਾ ਜੋ ਮੁਖੀ ਹੈ ਉਸ ਨੇ ਸਾਰੇ ਬੇਦ ਸ਼ਾਸਤ੍ਰ ਦ੍ਰਿੜ ਕੀਤੇ ਹੋਏ ਹਨ। ਇਸ ਕਰਕੇ
ਉਸ ਨੂੰ ਜ਼ੱਰੇ-ਜ਼ੱਰੇ ਦੀ ਸੂਝ ਹੈ। ਉਹ ਵੈਰ ਵਿਰੋਧ ਵੀ ਕਿਸੇ ਨਾਲ ਨਹੀਂ ਰੱਖਦਾ, ਅਤੇ ਸ਼ਰਣ ਆਉਣ
ਵਾਲੇ ਦੇ ਲੇਖੇ-ਜੋਖੇ ਖ਼ਤਮ ਕਰ ਦਿੰਦਾ ਹੈ। ਇਸ ਕਰਕੇ, ਹੇ ਨਾਨਕ! ਇਸ ਨੂੰ ਹੀ ਤੂੰ (ਦਸਰਥ ਪੁੱਤਰ)
ਰਾਮ ਰੂਪ ਜਾਣਕੇ ਗੁਰਮੁਖਿ ਭਾਵ ਕਰਤਾ ਜਾਣ ਲੈ। ਅਉਧੂ ਦਾ ਖ਼ਿਆਲ ਸੀ ਕਿ ਸ਼ਾਇਦ ਨਾਨਕ ਪਾਤਸਾਹ ਜੀ
ਦਸਰਥ ਪੁੱਤਰ ਰਾਮ ਨੂੰ ਹੀ ਰੰਮਿਆ ਹੋਇਆ ਮੰਨਦੇ ਹਨ।
ਪਉੜੀ ਨੰ: ੪੦ ਅੰਦਰ ਨਾਨਕ ਪਾਤਸਾਹ ਜੀ ਅਉਧੂ ਦੀ ਗੱਲ ਨੂੰ ਇਹ ਕਹਿ ਕੇ ਰੱਦ ਕਰ ਦਿੰਦੇ ਹਨ ਕਿ ਜਿਸ
ਰਾਮ ਨਾਲ ਤੂੰ ਆਪਣੇ ਮੁਖੀ ਦੀ ਤੁੱਲਣਾ ਕਰਕੇ ਮੈਨੂੰ ਇਸ ਨੂੰ ਰਾਮ ਰੂਪ ਜਾਣ ਲੈਣ ਲਈ ਪ੍ਰੇਰਣਾ
ਕੀਤੀ ਹੈ, ਉਸ ਰਾਮ ਨੇ ਤਾਂ ਵੈਰ ਵਿਰੋਧ ਗਵਾਇਆ ਹੀ ਨਹੀਂ ਸੀ, ਉਸਨੇ ਤਾਂ ਆਪਣੇ ਵਿਰੋਧੀਆ ਨੂੰ
ਦੈਂਤ ਕਹਿ ਕੇ ਖ਼ਤਮ ਕਰ ਦਿੱਤਾ ਸੀ, ਅਤੇ ਲੰਕਾ ਨੂੰ ਲੁੱਟ ਲਿਆ ਸੀ। ਦੂਸਰੀ ਗੱਲ, ਤੂੰ ਕਹਿ ਰਿਹਾ
ਹੈਂ ਕਿ ਇਸਨੇ ਬੇਦ ਸ਼ਾਸਤ੍ਰ ਦ੍ਰਿੜ ਕੀਤੇ ਹੋਏ ਹਨ, ਇਸ ਨੂੰ ਜ਼ਰੇ-ਜ਼ਰੇ ਦਾ ਭੇਦ ਹੈ। ਜਿਸ ਰਾਮ ਨਾਲ
ਤੂੰ ਆਪਣੇ ਮੁਖੀ ਦੀ ਤੁੱਲਣਾ ਕੀਤੀ ਹੈ ਉਸ ਨੂੰ ਤਾਂ ਲੰਕਾ ਬਾਰੇ ਹੀ ਭੇਦ ਨਹੀਂ ਸੀ। ਲੰਕਾ ਦਾ ਭੇਦ
ਲੈਣ ਵਾਸਤੇ ਉਸ ਰਾਮ ਨੂੰ ਤਾਂ ਭਭੀਖਣ ਨੂੰ ਇਹ ਕਹਿਕੇ ਲਲਚਾਉਣਾ ਪਿਆ ਸੀ ਕਿ ਲੰਕਾ ਦਾ ਭੇਦ ਲਿਆਉਣ
ਪਿੱਛੋਂ, ਰਾਵਣ ਨੂੰ ਮਾਰਨ ਤੋਂ ਬਾਅਦ ਲੰਕਾ ਦਾ ਰਾਜ ਉਸ ਨੂੰ ਦੇ ਦਿੱਤਾ ਜਾਵੇਗਾ।
ਪਉੜੀ ਨੰ: ੪੧ ਵਿੱਚ, ਅਉਧੂ ਪਉੜੀ ਨੰ: ੩੭ ਅੰਦਰ ਕਹੀ ਹੋਈ ਗੱਲ ਨੂੰ ਮੋੜਦਿਆਂ ਕਹਿੰਦਾ ਹੈ - ਸਾਡੇ
ਮੁਖੀ ਦਾ ਉਸ ਰਾਮ ਨਾਲ ਕੋਈ ਸਬੰਧ ਨਹੀਂ। ਸਾਰੀ ਸਿਧ ਗੋਸਟਿ ਬਾਣੀ ਬੜੇ ਧਿਆਨ ਨਾਲ ਪਹਿਲੀ ਪਉੜੀ
ਤੋਂ ਅਖ਼ੀਰਲੀ ਪਉੜੀ ਤੱਕ ਲੜੀ ਜੋੜ ਕੇ ਪੜ੍ਹਦੇ ਜਾਉ ਤਾਂ ਕਿਤੇ ਪਉੜੀ ਨੰ: ੬੭ ਵਿੱਚ ਜਾ ਕੇ ਅਉਧੂ
ਨਾਨਕ ਪਾਤਸਾਹ ਜੀ ਦੀ ਸੱਚ ਰੂਪ ਵੀਚਾਰਧਾਰਾ ਨਾਲ ਸਹਿਮਤ ਹੁੰਦਾ ਹੈ। ਨਾਨਕ ਪਾਤਸਾਹ ਜੀ ਨੇ ਜੋ
ਰਹਾਉ ਵਾਲੀਆਂ ਇਹ ਪੰਗਤੀਆਂ ਉਚਾਰੀਆਂ ਸਨ:
ਕਿਆ ਭਵੀਐ ਸਚਿ ਸੂਚਾ ਹੋਇ॥
ਸਾਚ ਸਬਦ ਬਿਨੁ ਮੁਕਤਿ ਨ ਕੋਇ॥ ੧॥ ਰਹਾਉ॥
ਕੀ ਘਰਿ ਬਾਰ ਛੱਡਕੇ ਭਟਕਣ ਨਾਲ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ? ਜਦ ਕਿ ਸੱਚ ਇਹ ਹੈ, ਕਿ
ਸੱਚੇ ਦੀ ਬਖਸ਼ਿਸ਼ ਤੋ ਬਗ਼ੈਰ ਅਜਿਹੀ ਭਟਕਣਾ ਤੋਂ ਮੁਕਤਿ ਨਹੀਂ ਹੋਇਆ ਜਾ ਸਕਦਾ।
ਪਉੜੀ ਨੰ: ੬੭ ਅੰਦਰ ਜਦ ਅਉਧੂ ਸਹਿਮਤ ਹੁੰਦਾ ਹੈ ਤਾਂ ਇਹ ਗੱਲ ਕਹਿੰਦਾ ਹੈ:
ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ॥ ੬੭॥
ਹੇ ਨਾਨਕ ਜੋ ਤੂੰ ਆਖਿਆ ਸੀ ਕਿ ਸੱਚ ਨੂੰ ਆਪਣੇ ਜੀਵਣ ਵਿੱਚ ਅਪਣਾਉਣ ਤੋਂ ਬਗ਼ੈਰ ਸੱਚ ਦੀ
ਪ੍ਰਾਪਤੀ ਕੋਈ ਨਹੀਂ ਕਰ ਸਕਦਾ। ਮੈਂ ਇਸ ਗੱਲ ਨਾਲ ਸਹਿਮਤ ਹਾਂ। ਹੇ ਨਾਨਕ! ਇਹ ਵੀ ਸੱਚ ਹੈ ਜਿਸ ਦੀ
ਸ਼ਰਨ ਆਉਣ ਵਾਸਤੇ ਤੇਰੀ ਪ੍ਰੇਰਣਾ ਹੈ, ਉਸ ਅਕਥ ਦੀ ਕਹਾਣੀ ਹੀ ਅਕਥ ਹੈ।
ਪਉੜੀ ਨੰਬਰ ੭੨ ਅੰਦਰ ਜਦੋਂ ਵੀਚਾਰ ਚਰਚਾ ਦਾ ਅੰਤ ਕਰਦੇ ਹਨ ਤਾਂ ਨਾਨਕ ਪਾਤਸਾਹ ਜੀ ਅਉਧੂ ਦਾ ਨਾਮ
ਲੈ ਕੇ ਇਹ ਗੱਲ ਕਹਿਂਦੇ ਹਨ ਕਿ “ਸਬਦੈ ਕਾ ਨਿਬੇੜਾ ਸੁਣਿ ਤੂੰ ਅਉਧੂ
ਬਿਨ ਨਾਵੈ ਜੋਗ ਨ ਹੋਈ॥” - ਭਾਵ ਹੇ ਅਉਧੂ! ਤੂੰ ਸੁਣਿ, ਆਪਾਂ ਇਸ ਵੀਚਾਰ ਚਰਚਾ ਦਾ
ਨਿਬੇੜਾ ਭਾਵ ਅੰਤ ਕਰੀਏ, ਭਾਵ ਮੁੱਕਦੀ ਗੱਲ ਇਹ ਹੈ ਕਿ ਨਾਮ ਭਾਵ ਸੱਚ ਨੂੰ ਆਪਣੇ ਜੀਵਣ ਵਿੱਚ
ਅਪਣਾਉਣ ਤੋਂ ਬਿਨਾਂ ਹੋਰ ਕੋਈ ਜੋਗ (ਉੱਤਮ) ਨਹੀਂ ਹੋ ਸਕਦਾ। ਇਥੋ ਇਹ ਗੱਲ ਆਪਣੇ ਆਪ ਹੀ ਸਿੱਧ ਹੋ
ਜਾਂਦੀ ਹੈ ਕਿ ਪਉੜੀ ਨੰ: ੭ ਤੋਂ ਅੱਗੇ ਸਾਰੀ ਦੀ ਸਾਰੀ ਵੀਚਾਰ ਨਾਨਕ ਪਾਤਸਾਹ ਜੀ ਅਤੇ ਅਉਧੂ
ਵਿੱਚਕਾਰ ਹੀ ਹੋਈ ਹੈ। ਇਸ ਕਰਕੇ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਅਉਧੂ ਇਸ ਵੀਚਾਰ ਚਰਚਾ ਦਾ ਮੁੱਖ
ਪਾਤਰ ਹੈ ਜਿਸ ਗੱਲ ਨੂੰ ਪ੍ਰਚੱਲਤ ਵਿਆਖਿਆ ਵਿੱਚ ਸਪਸ਼ਟ ਨਹੀਂ ਕੀਤਾ ਗਿਆ। ਅਉਧੂ ਇੱਕ ਜੋਗ ਮੱਤ
ਅੰਦਰ ਪਦਵੀ ਵੀ ਹੈ। ਜਿਸ ਜੋਗੀ ਨਾਲ ਸਿਧ ਗੋਸਟਿ ਬਾਣੀ ਅੰਦਰ ਸਾਰੀ ਵੀਚਾਰ ਚਰਚਾ ਹੋਈ ਉਸ ਨੂੰ ਜੋਗ
ਮੱਤ ਵਲੋਂ ਬਹੁਤ ਸਿਆਣਾ ਸਮਝਕੇ ਬੁੱਧੀਜੀਵੀ ਦੀ ਪਦਵੀ ਭਾਵ ਅਉਧੂ ਪਦਵੀ ਦਿੱਤੀ ਹੋਈ ਸੀ। ਇਸ ਕਰਕੇ
ਉਸ ਨੂੰ ਪਉੜੀ ਨੰਬਰ ੭ ਅੰਦਰ ਲੋਹਾਰੀਪਾ ਵਲੋਂ ਨਾਨਕ ਪਾਤਸਾਹ ਜੀ ਨਾਲ ਵੀਚਾਰ ਕਰਨ ਲਈ ਅੱਗੇ ਆਉਣ
ਲਈ ਕਿਹਾ ਗਿਆ ਕਿ ਅਉਧੂ ਤੂੰ ਨਾਨਕ ਜੀ ਨਾਲ ਵੀਚਾਰ ਕਰ ਅਤੇ ਨਾਨਕ ਜੀ ਨੂੰ ਜੋਗ ਮੱਤ ਦੀ ਉੱਤਮਤਾ
ਬਾਰੇ ਚਾਨਣਾ ਪਾ, ਭਾਵ ਸਮਝਾ।
ਇੱਕ ਹੋਰ ਗੱਲ ਪਾਉੜੀ ਨੰ: ੭ ਅੰਦਰ ਵੀਚਾਰਨ ਵਾਲੀ ਹੈ ਕਿ ਗੋਰਖ ਪੂਤੁ ਲੋਹਾਰੀਪਾ – ਗੋਰਖ ਦਾ ਚੇਲਾ
ਲੋਹਾਰੀਪਾ ਸ਼ਬਦ ਆਇਆ ਹੈ। ਇਸ ਕਰਕੇ ਸ਼ਾਇਦ ਇਹ ਸਵਾਲ ਪਾਂਠਕਾ ਦੇ ਮਨ ਅੰਦਰ ਉਤਪਨ ਹੋਵੇ ਕਿ ਜਿਸ
ਜੋਗੀਆਂ ਦੇ ਜਿਸ ਟੋਲੇ ਨਾਲ ਇਹ ਗੋਸਟਿ ਹੋਈ ਉਨ੍ਹਾਂ ਦਾ ਮੁਖੀ ਤਾਂ ਚਰਪਟ ਹੈ ਜੋ ਸਿਧ ਫਿਰਕੇ ਨਾਲ
ਸਬੰਧਤ ਹੈ? ਹਾਂ ਇਹ ਠੀਕ ਹੈ ਕਿ ਚਰਪਟ ਹੀ ਇਸ ਟੋਲੇ ਦਾ ਮੁਖੀ ਸੀ। ਜਦੋ ਅੱਚਲ ਵਟਾਲੇ ਸਿਵ੍ਰਾਤਰੀ
ਦਾ ਮੇਲਾ ਲਗਦਾ ਹੈ ਤਾਂ ਸਾਰੇ ਹੀ ਜੋਗੀਆਂ ਦੇ ਵੱਖਰੇ ਵੱਖਰੇ ਫਿਰਕੇ ਉਥੇ ਆਉਦੇ ਹਨ। ਇਸੇ ਤਰ੍ਹਾਂ
ਗੋਰਖ ਪੰਥੀ ਵੀ ਉਥੇ ਮੌਜੂਦ ਸਨ। ਬੇਸਕ ਫਿਰਕੇ ਵੱਖਰੇ ਵੱਖਰੇ ਸਨ ਪਰ ਜਦੋ ਉਨ੍ਹਾਂ ਦਾ ਸਾਝਾਂ
ਸਿਧਾਂਤ ਜੋਗ ਮੱਤ ਵਾਲਾ ਟੁੱਟਦਾ ਨਜਰ ਆਇਆ ਤਾਂ ਗੋਰਖ ਪੰਥੀ ਲੋਹਾਰੀਪਾ ਨੇ ਅਉਧੂ ਨੂੰ ਸਿਆਣਾ
ਗੱਲਕਾਰ ਸਮਝਕੇ ਨਾਨਕ ਪਾਤਸਾਹ ਜੀ ਨਾਲ ਗੱਲਬਾਤ ਕਰਨ ਲਈ ਅੱਗੇ ਆਉਣ ਲਈ ਪ੍ਰਰੇਰਿਆ। ਜਿਵੇ ਅੱਜ
ਕੱਲ ਸਿਖੀ ਭੇਖ ਵਿੱਚ ਕਈ ਵੱਖਰੇ ਵੱਖਰੇ ਫਿਰਕੇ ਹਨ। ਜਦੋ ਉਨ੍ਹਾਂ ਦੀ ਕਰਮਕਾਂਡੀ ਵੀਚਾਰਧਾਰਾ ਉੱਪਰ
ਸੱਟ ਪੈਦੀ ਤਾਂ ਇੱਕ ਦਮ ਇੱਕਠੇ ਹਨ। ਉਦੋ ਸੰਤ ਸਮਾਜ ਆ ਬਣਦਾ ਹੈ। ਉਸ ਤਰ੍ਹਾਂ ਰਾਹ ਆਪਣੇ ਆਪਣੇ ਹਨ
ਪਰ ਕਰਮਕਾਂਡੀ ਰਾਹ ਸਾਝਾ ਹੈ।
ਸਿਧ ਗੋਸਟਿ ਨੂੰ ਸਮਝਣ ਲਈ।
ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਕਿ ਸਵਾਲ ਕੀ ਹੈ ਅਤੇ ਜਵਾਬ ਕੀ ਹੈ ਇਹ ਗੱਲ ਬੜੀ ਜ਼ਰੂਰੀ ਹੈ।
ਕਿਹੜਾ ਸਵਾਲ ਸਿਧਾਂ ਵਲੋਂ ਕੀਤਾ ਗਿਆ ਹੈ, ਅਤੇ ਕਿਹੜਾ ਨਾਨਕ ਪਾਤਸ਼ਾਹ ਵਲੋਂ।
ਤੀਸਰੀ ਗੱਲ, ‘ਨਾਨਕ’ ਸ਼ਬਦ ਦੇ ਕੱਕੇ ਨੂੰ ਔਂਕੜ (ਕੁ) ਅਤੇ ਕੱਕਾ ਮੁਕਤਾ ਹੋਣ ਵਿੱਚ ਕੀ ਅੰਤਰ ਹੈ।
ਚਉਥੀ ਗੱਲ, ਗੁਰਮੁਖਿ ਦੇ ਕੀ ਅਰਥ ਹਨ। ਗੁਰਮੁਖਿ ਸ਼ਬਦ ਕਿਸ ਲਈ ਵਰਤਿਆ ਗਿਆ ਹੈ। ਪੰਜਵੀ ਗੱਲ ਸਬਦ
ਦੇ ਕੀ ਅਰਥ ਹਨ। ਸਬਦ ਗੁਰੂ ਦੇ ਕੀ ਅਰਥ ਹਨ। ---ਚਲਦਾ
ਬਲਦੇਵ
ਸਿੰਘ ਟੋਰਾਂਟੋ