.

ਸਿਧ ਗੋਸਟਿ (ਕਿਸ਼ਤ ਨੰ: 03)

ਪਾਤਰ:- (੧) ਚਰਪਟੁ ਬੋਲੈ ਅਉਧੂ – ਅਉਧੂ ਚਰਪਟ ਨੂੰ ਸੰਬੋਧਨ ਹੋ ਕੇ ਬੋਲਿਆ -ਪਉੜੀ ਨੰ: ੪॥
(੨) ਕੰਦ ਮੂਲੁ ਅਹਾਰੋ ਖਾਈਐ, ਅਉਧੂ ਬੋਲੈ ਗਿਆਨੇ - ਪਉੜੀ ਨੰ: ੭॥ ਅਉਧੂ ਨੂੰ ਸੰਬੋਧਨ ਹੋ ਕੇ ਲੋਹਾਰੀਪਾ ਨੇ ਆਖਿਆ। ਇਹ ਸਾਰੀ ਪਉੜੀ ਪੜ੍ਹਦੇ ਜਾਉ। ਅਖੀਰਲੀ ਪੰਗਤੀ ਵਿੱਚ ਲੋਹਾਰੀਪਾ ਦਾ ਨਾਮ ਆਉਂਦਾ ਹੈ ਕਿ “ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ” - ਭਾਵ ਲੋਹਾਰੀਪਾ ਨੇ ਅਉਧੂ ਨੂੰ ਕਿਹਾ ਕਿ ਹੇ ਅਉਧੂ! ਨਾਨਕ ਨਾਲ ਤੂੰ ਵੀਚਾਰ ਕਰ ਅਤੇ ਨਾਨਕ ਨੂੰ ਇਹ ਗੱਲ ਸਮਝਾ ਕਿ ਜੋਗਿ ਮੱਤ ਦੀ ਵੀਚਾਰਧਾਰਾ ਹੀ ਸਰਵੋਤਮ ਹੈ।
(੩) ‘ਗੋਰਖਪੂਤ ਲੋਹਾਰੀਪਾ ਬੋਲੈ, ਜੋਗ ਜੁਗਤਿ ਬਿਧਿ ਸਾਈ॥’ - ਲੋਹਾਰੀਪਾ ਨੇ ਆਖਿਆ, ਲੋਹਾਰੀਪਾ ਬੋਲਿਆ।
ਨਾਨਕ ਅਤੇ ਨਾਨਕੁ:- ‘ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ॥’ - ਨਾਨਕ ਨੂੰ ਸੰਬੋਧਨ ਹੋ ਕਿ ਸਿੱਧ ਨੇ ਕਿਹਾ। ਭਾਵ ਕਿ ਨਾਨਕ ਜੀ ਸਾਨੂੰ ਸਮਝਾਉਣ ਵਾਸਤੇ ਕਹਿ ਰਹੇ ਹਨ ਕਿ ਹੇ ਭਾਈ ਮੈਨੂੰ ਨਾਨਕ ਨੂੰ ਸੰਬੋਧਨ ਹੋ ਕੇ ਇਹ ਗੱਲ ਜੋਗੀ ਵਲੋਂ ਕਹੀ ਗਈ। ਸੋ ਨਾਨਕ ਦੇ ਕੱਕੇ ਨੂੰ ਔਂਕੜ ਆਉਣ ਨਾਲ ਗੁਰਮੁਖੀ ਵਿਆਕਰਣ ਦੇ ਅਨੁਸਾਰ ਇਹ ਅਰਥ ਇਹ ਬਣਦੇ ਹਨ – ਨਾਨਕ ਨੂੰ, ਨਾਨਕ ਨੇ, ਨਾਨਕ ਦਾ, ਦੇ, ਦੀ। ਇਸੇ ਤਰ੍ਹਾਂ ਚਰਪਟੁ ਦੇ ਟੈਕੈ ਨੂੰ ਔਕੜ ਆਉਣ ਨਾਲ ਚਰਪਟ ਨੂੰ, ਨੇ, ਦਾ ਦੇ, ਦੀ ਹੈ।
‘ਨਾਨਕੁ ਨੀਚੁ ਕਹੈ ਵੀਚਾਰੁ॥’ – ਇਸ ਪੰਗਤੀ ਅੰਦਰ ਨਾਨਕ ਪਾਤਸਾਹ ਆਪਣੇ ਆਪ ਨੂੰ ਸੰਬੋਧਨ ਹੋ ਰਹੇ ਹਨ। ਇਸ ਤੋਂ ਪਹਿਲੀ ਪੰਗਤੀ ਅੰਦਰ ਸਿਧ ਨਾਨਕ ਪਾਤਸ਼ਾਹ ਨੂੰ ਸੰਬੋਧਨ ਹੋ ਰਹੇ ਹਨ। ਸੋ ਇਹ ਗੱਲ ਆਪਣੇ ਆਪ ਵਿੱਚ ਹੀ ਬੜੀ ਸਪਸ਼ਟ ਹੈ। ਜਿਥੇ ਕੋਈ ਨਾਨਕ ਪਾਤਸ਼ਾਹ ਨੂੰ ਸੰਬੋਧਨ ਹੁੰਦਾ ਹੈ। ਉਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ। ਜਿਥੇ ਨਾਨਕ ਪਾਤਸ਼ਾਹ ਕੋਈ ਗੱਲ ਆਪਣੇ ਆਪ ਨੂੰ ਸੰਬੋਧਨ ਹੋ ਕੇ ਕਰਦੇ ਹਨ, ਉਥੇ ਵੀ ਕੱਕੇ ਨੂੰ ਔਂਕੜ ਹੈ। ਜਿਥੇ ਨਾਨਕ ਦਾ ਕੱਕਾ ਮੁਕਤਾ ਹੈ, ਨਾਨਕ ਨਾਮ ਦੀ ਮੋਹਰ ਹੈ। ਅਤੇ ਸਿੱਧ ਗੋਸਟਿ ਬਾਣੀ ਅੰਦਰ ਜਿਥੇ ਨਾਨਕ ਪਾਤਸਾਹ ਜੀ ਨੂੰ ਸੰਬੋਧਨ ਹੋਕੇ ਜੋਗੀ ਗੱਲ ਕਰਦੇ ਹਨ ਉਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ ਅਤੇ ਜਿਥੇ ਨਾਨਕ ਪਾਤਸਾਹ ਜੀ ਦਾ ਨਾਮ ਲੈ ਕੇ ਗੱਲ ਕਰਦੇ ਹਨ ਉਥੇ ਨਾਨਕ ਦਾ ‘ਕ’ ਮੁਕਤਾ ਹੈ। ਸੋ ਵੀਚਾਰ ਕਰਨ ਵੇਲੇ ਇਹ ਨੁਕਤਾ ਜ਼ਰੂਰ ਧਿਆਨ ਵਿੱਚ ਰੱਖਣਾ ਹੈ।
ਇਕ ਹੋਰ ਨੁਕਤਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋ ਇਹ ਗੱਲ ਸਪਸ਼ਟ ਕਰਦਾ ਹੈ ਕਿ ਨਾਨਕੁ ਦੇ ਕੱਕੇ ਨੂੰ ਔਂਕੜ ਆਉਣ ਨਾਲ ਨਾਨਕ ਪਾਤਸਾਹ ਜੀ ਨੂੰ ਕਿਸੇ ਵਲੋਂ ਸੰਬੋਧਨ ਹੋਣਾ ਅਰਥ ਬਣਦੇ ਹਨ। ਵਾਰ ਪਹਿਲੀ ਪਉੜੀ ਨੰ: ੪੦ - ‘ਨਾਨਕੁ ਆਖੈ ਭੰਗਰਨਾਥ, ਤੇਰੀ ਮਾਉ ਕੁਚਜੀ ਆਈ।’ ਹੁਣ ਇਥੇ ਇੱਕ ਹੋਰ ਗੱਲ ਵੀਚਾਰਨੀ ਬਣਦੀ ਹੈ। ਜੇਕਰ ਇਸ ਵਾਰ ਦੀ ਪਰਚੱਲਤ ਵਿਆਖਿਆ ਵੇਖੀਏ ਤਾਂ ਇਹ ਬਣਦੀ ਹੈ ਕਿ ਨਾਨਕ ਪਾਤਸਾਹ ਜੀ ਨੇ ਭੰਗਰਨਾਥੁ ਨੂੰ ਆਖਿਆ ਕਿ ਤੇਰੀ ਮਾਉ ਕੁਚਜੀ ਹੈ। ਇਹ ਗੱਲ ਨਾਨਕ ਪਾਤਸਾਹ ਜੀ ਦੀ ਵੀਚਾਰਧਾਰਾ ਦੇ ਹੀ ਵਿਰੋਧੀ ਗੱਲ ਹੈ। ਨਾਨਕ ਪਾਤਸਾਹ ਜੀ ਕਦੀ ਵੀ ਕਿਸੇ ਜਨਮ ਦੇਣ ਵਾਲੀ ਔਰਤ ਲਈ ਮਾੜਾ ਸ਼ਬਦ ਨਹੀਂ ਵਰਤ ਸਕਦੇ। ਇਹ ਗੱਲ ਵੀਚਾਰਨ ਦੀ ਜ਼ਰੂਰਤ ਹੈ। ਇਥੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜੋਗੀ ਵਲੋਂ ਨਾਨਕ ਪਾਤਸਾਹ ਜੀ ਨੂੰ ਸੰਬੋਧਨ ਹੋ ਕੇ ਨਾਨਕ ਪਾਤਸਾਹ ਜੀ ਉੱਪਰ ਵਿਅੰਗ ਕਸਦਿਆਂ ਇਹ ਸ਼ਬਦ ਕਹੇ ਕਿ ਆ ਗਿਆ ਵੱਡਾ ਭੰਗਰਨਾਥ, ਭਾਵ ਨਾਨਕ ਪਾਤਸਾਹ ਜੀ ਨੂੰ ਜੋਗੀ ਵਲੋਂ ਗੁੱਸੇ ਵਿੱਚ ਆ ਕੇ ਇਹ ਬੁਰੇ ਸ਼ਬਦ ਵਰਤੇ ਗਏ ਕਿ ਤੈਨੂੰ ਇਹ ਕੁਚੱਜੀ ਮੱਤ ਕਿਥੋ ਪ੍ਰਾਪਤ ਹੋਈ ਹੈ। ਇਹ ਇੱਕ ਉਸ ਸਮੇ ਅੰਦਰ ਮੁਹਾਵਰਾ ਸੀ। ਉਂਝ ਵੀ ਭੰਗਰਨਾਥ ਜੋਗੀ ਦਾ ਸਿੱਧ ਗੋਸਟਿ ਬਾਣੀ ਅੰਦਰ ਕੋਈ ਜ਼ਿਕਰ ਨਹੀਂ ਆਉਂਦਾ। ਹਾਂ, ਇਹ ਗੱਲ ਜ਼ਰੂਰ ਹੈ ਕਿ ਭੰਗਰਨਾਥ ਇੱਕ ਜੋਗੀ ਹੋਇਆ ਹੈ, ਜਿਸਨੂੰ ਯੋਗੀ ਬਹੁੱਤ ਸਿਆਣਾ ਸਮਝਦੇ ਸਨ। ਪਰ ਭੰਗਰਨਾਥੁ ਨਾਲ ਸਿਧ ਗੋਸਟਿ ਨਹੀਂ ਹੋਈ ਹੈ।
ਭਾਈ ਗੁਰਦਾਸ ਜੀ ਆਪਣੀਆ ਵਾਰਾਂ ਅੰਦਰ ਜੋ ਕੁੱਝ ਅੱਚਲ ਵਟਾਲੇ ਅੰਦਰ ਗੋਸਟਿ ਸ਼ੁਰੂ ਹੋਣ ਤੋਂ ਪਹਿਲਾਂ ਵਾਪਰਿਆ ਉਸ ਬਾਰੇ ਜ਼ਿਕਰ ਕਰਦੇ ਹਨ, ਕਿ ਕਿਸ ਤਰ੍ਹਾਂ ਜੋਗੀ ਆਪਣੇ ਕਰਮਕਾਂਡ ਦਾ ਭਰਮਜਾਲ ਟੁੱਟਦਾ ਦੇਖ ਕੇ ਆਪਣਾ ਪਰਭਾਵ ਪਾਉਣ ਲਈ ਕੋਈ ਸੱਪਾਂ ਵਾਂਗ ਫੁੰਕਾਰੇ ਮਾਰਨ ਲੱਗਾ, ਕੋਈ ਗੱਲੀਂ ਬਾਤੀਂ ਅੱਗ ਵਰ੍ਹਾਉਣ ਲੱਗਾ, ਭਾਵ ਸੜਬਲ ਕੇ ਕੋਲੇ ਹੋਇਆ, ਕੋਈ ਸ਼ੇਰ ਵਾਂਗ ਗਰਜਿਆ, ਇੱਕ ਨੇ ਬਾਬੇ ਨਾਨਕ ਨੂੰ ਸੰਬੋਧਨ ਹੋ ਕੇ ਆਖਿਆ (ਵੱਡਿਆ) ਭੰਗਰਨਾਥੁ ਤੂੰ ਜਿਹੜੇ ਤਾਰੇ ਤੋੜਦਾ ਹੈਂ, ਭਾਵ ਜੋ ਤੂੰ ਉੱਚੀਆਂ ਗੱਲਾਂ ਕਰਦਾ ਹੈਂ, ਇਹ ਤੇਰੀ ਨਵੀਂ ਖੋਜ (ਵੀਚਾਰਧਾਰਾ) ਜਿਸ ਨੂੰ ਤੂੰ ਪਵਿੱਤਰ ਆਖਦਾ ਹੈਂ, ਸੰਸਾਰ ਸਮੁੰਦਰ ਤਰ ਜਾਣ ਵਾਲੀ ਆਖਦਾ ਹੈ, ਇੱਕ ਖਿਨ ਵਿੱਚ ਹੀ ਸਾਡੀ ਜੋਗ ਮਤ ਦੀ ਵੀਚਾਰਧਾਰਾ ਦੇ ਸਾਹਮਣੇ ਖ਼ਤਮ ਹੋ ਜਾਣ ਵਾਲੀ ਹੈ। ਆਉ ਪਹਿਲੀ ਵਾਰ ਦੀ ਪਉੜੀ ਨੰ: ੩੮ ਤੋਂ ਲੈ ਕੇ ਪਉੜੀ ਨੰ: ੪੪ ਤੱਕ ਦੀ ਵੀਚਾਰ ਕਰੀਏ, ਉਪ੍ਰੰਤ ਤਰਤੀਬ ਵਾਰ ਸਿੱਧ ਗੋਸਟਿ ਬਾਣੀ ਦੀ ਵਿਆਖਿਆ ਕਰਾਂਗੇ।
ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ॥ (੧-੩੮-੧)
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ॥ (੧-੩੮-੨)
ਉਲਟੀ ਗੰਗ ਵਹਾਈਓਨਿ ਗੁਰ ਅੰਗਦ ਸਿਰਿ ਉਪਰਿ ਧਾਰਾ॥ (੧-੩੮-੩)
ਪੁਤਰੀਂ ਕਾਉਲੁ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ॥ (੧-੩੮-੪)
ਬਾਣੀ ਮੁਖਹੁ ਉਚਾਰੀਐ ਹੁਇ ਰੁਸ਼ਨਾਈ ਮਿਟੈ ਅੰਧਿਆਰਾ॥ (੧-੩੮-੫)
ਗਿਆਨ ਗੋਸਟਿ ਚਰਚਾ ਸਦਾ ਅਨਹਦ ਸਬਦਿ ਉਠੇ ਧੁਨਕਾਰਾ॥ (੧-੩੮-੬)
ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ॥ (੧-੩੮-੭)
ਗੁਰਮੁਖਿ ਭਾਰ ਅਥਰਬਣਿ ਤਾਰਾ॥ ੩੮॥ (੧-੩੮-੮)

ਪਦ ਅਰਥ: - ਫਿਰਿ – ਮੁੜ ਕੇ।
ਫਿਰਿ ਬਾਬਾ ਆਇਆ - ਬਗਦਾਦ ਅਤੇ ਮੱਕੇ ਮਦੀਨੇ ਦੀਆਂ ਗੋਸਟਾ ਤੋਂ ਵਾਪਸ ਮੁੜ ਕੇ ਬਾਬੇ ਨਾਨਕ ਜੀ ਨੇ ਕਰਤਾਰਪੁਰਿ ਆਕੇ ਉਦਾਸੀ ਲਿਬਾਸ ਉਤਾਰ ਦਿੱਤਾ।
ਬੈਠਿ – ਇਸਥਿਤ, ਭਾਵ ਪੱਕਾ।
ਅਵਤਾਰਾ – ਬਿਰਾਜਨਾ। ਅਵਤਾਰਾ ਦੇ ਅਰਥ, ਬਿਰਾਜਨਾ ਵਾਰਾਂ ਭਾਈ ਗੁਰਦਾਸ ਜੀ, ਸਟੀਕ ਵਿੱਚੋ ਲਏ ਹਨ। ਬਿਰਾਜਨਾ ਭਾਵ ਇੱਕ ਥਾਂ ਟਿਕਾਣਾ ਕਰਨਾ।
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ – ਉਦਾਸੀ ਭੇਖ ਨੂੰ ਉਤਾਰ ਕੇ ਸੰਸਾਰੀ ਪਹਿਰਾਵਾ ਅਪਣਾ ਕੇ, ਮੰਜੀ ਬੈਠ, ਭਾਵ ਉਦਾਸੀਆ ਖ਼ਤਮ ਕਰਕੇ ਇੱਕ ਜਗਾ ਕਰਤਾਰਪੁਰ ਨੂੰ ਟਿਕਾਣਾ ਭਾਵ ਕੇਂਦਰ ਬਣਾਇਆ।
ਉਲਟੀ ਗੰਗ ਵਹਾਈਓਨਿ ਗੁਰ ਅੰਗਦ ਸਿਰਿ ਉਪਰਿ ਧਾਰਾ।
ਪੁਤਰੀਂ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ।
ਬਾਬੇ ਨਾਨਕ ਜੀ ਨੇ ਉਲਟੀ ਗੰਗ ਵਹਾਈ ਭਾਵ ਦੁਨੀਆ ਦੇ ਲੋਕਾਂ ਨਾਲੋ ਨਿਵੇਕਲਾ ਕੰਮ ਕੀਤਾ ਪੁੱਤਰੀਂ ਕਉਲ ਨਹੀਂ ਪਾਲਿਆ ਕਿਉਕਿ ਉਨ੍ਹਾਂ ਦੇ ਮਨ ਖੋਟੇ ਸਨ, ਅਤੇ ਗੁਰਮਤਿ ਸਿਧਾਂਤ ਤੋ ਆਕੀ ਹੋਕੇ ਇਸ ਸੱਚ ਰੂਪ ਸਿਧਾਂਤ ਤੋਂ ਨਸਿਆਰਾ – ਨੱਸ ਗਏ ਭਾਵ ਬਾਗ਼ੀ ਹੋ ਗਏ ਸਨ। ਇਸ ਕਰਕੇ ਬਾਬੇ ਨਾਨਕ ਜੀ ਨੇ ਇਹ ਸਿਧਾਂਤ ਗੁਰ ਬਖਸ਼ਿਸ਼ ਵਜੋਂ ਆਪਣਾ ਹੱਥ ਭਾਈ ਲਹਿਣਾ ਉੱਪਰ ਰੱਖਿਆ ਅਤੇ ਉਨ੍ਹਾਂ ਨੂੰ ਆਪਣਾ ਅੰਗ ਭਾਵ ਜਾਨਸੀਨ ਬਣਾਇਆ।
ਨਸਿਆਰਾ – ਨੱਸ ਜਾਣਾ, ਭਾਵ ਮੁਨਕਰ ਹੋ ਜਾਣਾ।
ਨੋਟ - ਦੁਨੀਆ ਦੇ ਲੋਕ, ਪੁੱਤਰ ਬੇਸ਼ਕ ਨਿਕੰਮੇ ਵੀ ਕਿਉਂ ਨਾ ਹੋਣ ਉਨ੍ਹਾਂ ਦਾ ਹੀ ਪੱਖ ਪੂਰਦੇ ਹਨ। ਪਰ ਬਾਬੇ ਨਾਨਕ ਜੀ ਨੇ ਇਹ ਕੰਮ ਨਹੀਂ ਕੀਤਾ, ਇੱਕ ਨਿਵੇਕਲਾ ਕੰਮ ਕੀਤਾ - ਇਹ ਕੰਮ ਉਲਟੀ ਗੰਗਾ ਬਹਾ ਦੇਣ ਦੇ ਬਰਾਬਰ ਹੈ। ਭਾਵ ਦੁਨੀਆ ਦੀ ਪ੍ਰਚਲਤ ਵੀਚਾਰਧਾਰਾ ਦੇ ਬਿਲਕੁਲ ਉਲਟ।
ਬਾਣੀ ਮੁਖਹੁ ਉਚਾਰੀਐ, ਹੋਇ ਰੁਸ਼ਨਾਈ ਮਿਟੈ ਅੰਧਿਆਰਾ।
ਗਿਆਨ ਗੋਸਟਿ ਚਰਚਾ ਸਦਾ, ਅਨਹਦ ਸਬਦ ਉਠੈ ਧੁੰਨਿਕਾਰਾ।
ਬਾਣੀ – ਬਖਸ਼ਿਸ਼।
ਮੁਖਹੁ – ਉਪਾਇ, ਯਤਨ। ਮਹਾਨ ਕੋਸ਼ ਦੇਖੋ ਮੁਖ, ਮੁਖ ਦੇ ਅਰਥ ਚਿਹਰਾ ਮੂੰਹ ਵੀ ਹਨ। ਇਥੇ ਸ਼ਬਦ ਹੈ ਮੁਖਹੁ – ਦੇ ਅਰਥ ਬਣਦੇ ਹਨ ਯਤਨ ਕਰਨ ਦੇ ਨਾਲ।
ਬਾਣੀ ਮੁਖਹੁ ਉਚਾਰੀਐ – ਹਮੇਸਾ ਉਸ ਅਕਾਲ ਰੂਪ ਹਰੀ ਦੀ ਬਖਸ਼ਿਸ਼ ਨੂੰ ਉਚਾਰਣ ਭਾਵ ਪਰਚਾਰਨ ਦਾ ਯਤਨ ਕਰੀਏ ਹੈ।
ਹੁਇ ਰੁਸ਼ਨਾਈ ਮਿਟੈ ਅੰਧਿਆਰਾ – ਤਾ ਜੋ ਕਿ ਉਸ ਸੱਚੇ ਦੀ ਸੱਚੀ ਬਖਸ਼ਿਸ਼ ਨੂੰ ਪਰਚਾਰਨ ਦੇ ਯਤਨ ਨਾਲ ਅਗਿਆਨਤਾ ਦਾ ਹਨੇਰਾ ਖ਼ਤਮ ਹੋਵੇ ਅਤੇ ਗਿਆਨ ਰੂਪ ਰੋਸਨੀ ਦਾ ਪ੍ਰਕਾਸ ਹੋ ਜਾਵੇ।
ਗਿਆਨ ਗੋਸਟਿ ਚਰਚਾ ਸਦਾ ਅਨਹਦ ਸਬਦ ਉਠੇ ਧੁਨਕਾਰਾ – ਹਰ ਵੇਲੇ ਗਿਆਨ ਦੀ ਵੀਚਾਰ ਚਰਚਾ ਹੀ ਹੋਏ ਤਾਂ ਜੋ ਕਿ ਇੱਕ ਰਸ ਉਸ ਸੱਚੇ ਦੇ ਸੱਚ ਦੀ ਬਖਸ਼ਿਸ਼ ਦੀ ਜੋ ਤਰੰਗ ਹੈ, ਉਹੀ ਇਸ ਜਗਤ ਵਿੱਚ ਉਠੇ, ਭਾਵ ਉਭਰੇ। (ਜਿਸ ਨਾਲ ਸੱਚ ਸਾਹਮਣੇ ਆ ਸਕੇ ਕਿ ਸੱਚ ਦਰਅਸਲ ਕੀ ਹੈ)
ਸਬਦ – ਬਖਸ਼ਿਸ਼। ਅਨਹਦ – ਇਕਰਸ।
ਸੋਦਰੁ ਆਰਤੀ ਗਾਵੀਐ, ਅਮ੍ਰਿੰਤ ਵੇਲੇ ਜਾਪੁ ਉਚਾਰਾ।
ਗੁਰਮੁਖਿ ਭਾਰੁ ਅਥਰਬਣੁ ਤਾਰਾ। ੩੮। ੧।
ਗੁਰਮੁਖਿ – ਕਰਤਾ।
ਭਾਰ ਅਥਰਬਣੁ – ਕਰਮਕਾਂਡੀਆਂ ਦੇ ਕਰਮਕਾਂਡਾਂ ਦਾ ਬੋਝ। ਦੇਖੋ, ਅਥਰਵਣ ਮਹਾਨ ਕੋਸ਼।
ਸੋਦਰ ਆਰਤੀ ਗਾਵੀਐ – ਉਸ ਸੱਚ ਰੂਪ ਕਰਤੇ ਦੇ ਦਰ ਦੀ ਆਰਤੀ ਗਾਵੀਐ ਭਾਵ ਉਸਦੀ ਹੀ ਉਸਤਤ ਕਰੀਏ।
ਅੰਮ੍ਰਿਰਤ ਵੇਲੇ – ਇਹ ਜੋ ਮਨੁੱਖਾ ਜੀਵਣ ਹੈ ਅੰਮ੍ਰਿਤ ਵਰਗਾ ਮੌਕਾ ਹੈ। ਵੇਲਾ – ਮੌਕਾ। ਵੇਲੇ – ਮੌਕਾ ਮਿਲਿਆ ਹੈ। ਉਦਾਹਰਣ- ਜਿਵੇ-ਕਿਹੜੇ ਵੇਲੇ, ਭਾਵ ਕਿਹੜੇ ਮੌਕੇ।
ਅਮ੍ਰਿੰਤ ਵੇਲੇ ਜਾਪੁ ਉਚਾਰਾ – ਅੰਮ੍ਰਿਤ ਵਰਗੇ ਮਿਲੇ ਮੌਕੇ, ਵੇਲੇ ਜਾਪੁ ਵੀ ਉਸ ਸੱਚੇ ਦਾ ਉਚਾਰਨ ਕਰਨਾ ਪਰਚਾਰਨਾ ਹੈ। ਤਾ ਜੋ ਕਿ ਸੱਚ ਰੂਪ ਕਰਤੇ ਦੀ ਬਖਸ਼ਿਸ਼ ਨਾਲ ਕਰਮਕਾਂਡੀਆ ਦੇ ਕਰਮਕਾਂਡ ਦਾ ਬੋਝ ਲੋਕਾਂ ਸਿਰੋਂ ਉੱਤਰ ਸਕੇ।
ਭਾਰ ਅਥਰਬਣ ਤਾਰਾ – ਕਰਮਕਾਂਡਾ ਦਾ ਬੋਝ ਉਤਰਾਣਾ।
ਤਾਰਾ – ਉਤਾਰਣਾ।
ਅਰਥ: - ਬਗਦਾਦ ਅਤੇ ਮੱਕੇ ਮਦੀਨੇ ਦੀਆਂ ਗੋਸਟਾ ਤੋਂ ਮੁੜ ਕੇ ਕਰਤਾਰਪੁਰਿ ਆ ਕੇ ਉਦਾਸੀ ਲਿਬਾਸ ਉਤਾਰਕੇ ਸੰਸਾਰੀ ਪਹਿਰਾਵਾ ਭਾਵ ਆਮ ਲੋਕਾ ਵਾਲਾ ਪਹਿਰਾਵਾ ਅਪਣਾ ਕੇ ਮੰਜੀ ਬੈਠ, ਭਾਵ ਉਦਾਸੀਆਂ ਖਤਮ ਕਰਕੇ ਇੱਕ ਜਗ੍ਹਾ ਕਰਤਾਰਪੁਰ ਨੂੰ ਆਪਣਾ ਇੱਕ ਇਸਥਿਤ ਟਿਕਾਣਾ ਭਾਵ ਕੇਂਦਰ ਬਣਾਕੇ ਦੁਨੀਆ ਦੇ ਲੋਕਾਂ ਨਾਲੋਂ ਇੱਕ ਨਵੇਕਲਾ ਕੰਮ ਇਹ ਕੀਤਾ ਕਿਉਂਕਿ ਪੁੱਤਰੀਂ ਕਉਲ ਨਹੀਂ ਪਾਲਿਆ, ਉਨ੍ਹਾਂ ਦੇ ਮਨ ਖੋਟੇ ਸਨ ਅਤੇ ਗੁਰਮਤਿ ਸਿਧਾਂਤ ਤੋ ਆਕੀ ਹੋ ਕੇ ਨਸਿਆਰਾ – ਨੱਸ ਗਏ ਭਾਵ ਬਾਗੀ ਹੋ ਗਏ ਸਨ, ਕਿ ਇਹ ਸਿਧਾਂਤ ਗੁਰ ਬਖਸ਼ਿਸ਼ ਵਜੋਂ ਆਪਣਾ ਹੱਥ ਭਾਈ ਲਹਿਣਾ ਜੀ ਉੱਪਰ ਰੱਖਿਆ। ਲਹਿਣਾ ਜੀ ਨੂੰ ਆਪਣਾ ਅੰਗ ਬਣਾਇਆ ਅਤੇ ਤਾਕੀਦ ਕੀਤੀ ਕਿ ਹੇ ਭਾਈ ਉਸ ਸੱਚ ਰੂਪ ਕਰਤੇ ਦੀ ਬਖਸ਼ਿਸ਼ ਆਤਮਿਕ ਗਿਆਨ ਨੂੰ ਹੀ ਉਚਾਰਨ ਭਾਵ ਅੱਗੇ ਪਰਚਾਰਨ ਦਾ ਹੀ ਯਤਨ ਕਰਨਾ ਹੈ, ਜਿਸ ਨਾਲ ਅਗਿਆਨਤਾ ਦਾ ਹਨੇਰਾ ਖ਼ਤਮ ਹੁੰਦਾ ਹੈ ਅਤੇ ਗਿਆਨ ਦੀ ਰੋਸ਼ਨੀ ਦਾ ਹੀ ਪ੍ਰਕਾਸ਼ ਹੁੰਦਾ ਹੈ। ਹਰ ਵੇਲੇ ਗਿਆਨ ਦੀ ਚਰਚਾ ਕਰਨੀ ਤਾਂ ਜੋ ਇਕਰਸ ਉਸਦੀ ਬਖਸ਼ਿਸ਼ ਦੀ ਜੋ ਤਰੰਗ ਹੈ, ਉਹੀ ਇਸ ਸੰਸਾਰ ਵਿੱਚ ਉੱਠੇ, ਭਾਵ ਉਭਰੇ (ਤਾ ਕਿ ਅਸਲੀਅਤ ਸਾਹਮਣੇ ਆ ਸਕੇ)। ਇਹ ਪ੍ਰੇਰਣਾ ਕਰਨੀ ਕਿ ਹੇ ਭਾਈ ਉਸ ਸੱਚ ਰੂਪ ਕਰਤੇ ਦੇ ਦਰ ਦੀ ਆਰਤੀ ਹੀ ਸੱਚ ਰੂਪ ਵਿੱਚ ਗਾਵੀਏ, ਭਾਵ ਉਸਦੀ ਹੀ ਉਸਤਤ ਕਰੀਏ, ਅਮ੍ਰਿੰਤ ਵਰਗੇ ਮਿਲੇ ਜੀਵਣ ਦੇ ਮੌਕੇ ਅੰਦਰ ਜਾਪੁ ਵੀ ਉਸ ਸੱਚੇ ਦਾ ਹੀ ਉਚਾਰਣ ਕਰੀਏ। ਭਾਵ ਸੱਚ ਨੂੰ ਹੀ ਆਪਣੇ ਜੀਵਣ ਵਿੱਚ ਅਪਨਾਉਣਾ ਹੈ, ਅਤੇ ਸੱਚ ਨੂੰ ਹੀ ਅੱਗੇ ਪਰਚਾਰਨਾ ਹੈ। ਤਾਂ ਜੋ ਕਿ ਸੱਚ ਰੂਪ ਕਰਤੇ ਦੀ ਬਖਸ਼ਿਸ਼ ਨਾਲ ਕਰਮਕਾਂਡੀਆਂ ਦੇ ਕਰਮਕਾਂਡ ਦਾ ਬੋਝ ਲੋਕਾਂ ਸਿਰੋਂ ਉੱਤਰ ਸਕੇ। ਬਾਬੇ ਨਾਨਕ ਪਾਤਸਾਹ ਜੀ ਨੇ ਇਹ ਉਪਦੇਸ਼ ਗੁਰ-ਬਖਸ਼ਿਸ਼ ਵਜੋਂ ਭਾਈ ਲਹਿਣਾ ਜੀ ਨੂੰ ਦੇ ਕੇ ਇਸ ਸੱਚ ਰੂਪ ਸਿਧਾਂਤ ਦਾ ਅੰਗ ਭਾਵ ਜਾਂਨਸ਼ੀਨ, ਉੱਤਰਾਧਿਕਾਰੀ ਬਣਾਇਆ।
ਮੇਲਾ ਸੁਣਿ ਸ਼ਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ॥ (੧-੩੯-੧)
ਦਰਸਨੁ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ॥ (੧-੩੯-੨)
ਲਗੀ ਬਰਸਣਿ ਲਛਮੀ ਰਿਧਿ ਸਿਧਿ ਨਉ ਨਿਧਿ ਸਵਾਈ॥ (੧-੩੯-੩)
ਜੋਗੀ ਦੇਖਿ ਚਲਿਤ੍ਰ ਨੋਂ ਮਨ ਵਿਚਿ ਰਿਸਕਿ ਘਨੇਰੀ ਖਾਈ॥ (੧-੩੯-੪)
ਭਗਤੀਆਂ ਪਾਈ ਭਗਤਿ ਆਣਿ ਲੋਟਾ ਜੋਗੀ ਲਇਆ ਛਪਾਈ॥ (੧-੩੯-੫)
ਭਗਤੀਆਂ ਗਈ ਭਗਤਿ ਭੁਲਿ ਲੋਟੇ ਅੰਦਰ ਸੁਰਤਿ ਭੁਲਾਈ॥ (੧-੩੯-੬)
ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾਂ ਲੁਕਾਈ॥ (੧-੩੯-੭)
ਵੇਖਿ ਚਲਿਤ੍ਰ ਜੋਗੀ ਖੁਣਿਸਾਈ॥ ੩੯॥ (੧-੩੯-੮)
ਪਦ ਅਰਥ: - ਅੱਚਲ ਵਟਾਲਾ – ਪੰਜਾਬ ਦੇ ਗੁਰਦਾਸ ਜ਼ਿਲੇ ਦਾ ਇੱਕ ਸ਼ਹਿਰ ਹੈ ਵਟਾਲਾ, ਜਿਸ ਤੋਂ ਥੋੜੀ ਦੂਰ ਅੱਚਲ ਨਾਮ ਦੀ ਜਗ੍ਹਾ ਹੈ। ਉਥੇ ਸ਼ਿਵ ਮੰਦਰ ਹੈ, ਸ਼ਿਵਰਾਤ੍ਰੀ ਦੇ ਦਿਨ ਮੇਲਾ ਲਗਦਾ ਹੈ। ਉਥੇ ਜੋਗੀ ਲੋਕ ਇਕੱਠੇ ਹੁੰਦੇ ਹਨ। ਇਹ ਦਾਸ ਨੇ ਖੁਦ ਦੇਖਿਆ ਵੀ ਹੈ।
ਸਗਲੀ – ਸਾਰੀ।
ਲੋਕਾਈ – ਲੋਕ।
ਲਛਮੀ – ਸੋਭਾ। ਮਹਾਨ ਕੋਸ਼। ਲਛਮੀ ਦੇ ਅਰਥ ਮਾਇਆ ਵੀ ਹਨ।
ਬਰਸਣਿ – ਹੋਣ ਲੱਗੀ।
ਦਰਸਨੁ – ਵੇਖਣ।
ਲਗੀ ਬਰਸਣਿ ਲਛਮੀ – ਬਾਬੇ ਨਾਨਕ ਜੀ ਦੀ ਸੋਭਾ ਹੋਣ ਲਗੀ।
ਸਵਾਈ – ਬਹੁਤ ਜ਼ਿਆਦਾ, ਅਧਿਕ। ਮਹਾਨ ਕੋਸ਼।
ਰਿਧਿ ਸਿਧਿ – ਸਫਲਤਾ, ਕਾਮਯਾਬੀ, ਉੱਨਤੀ, ਤਰੱਕੀ, ਵਿਜੈ, ਜਿੱਤ। ਮਹਾਨ ਕੋਸ਼। ਗੁਰਮਤਿ ਅਨੁਸਾਰ-ਹਿਰਦੇ ਵਿੱਚ ਸੱਚ। ਕਿਉਕਿ ਗੁਰਮਤਿ ਅਨੁਸਾਰ ਸੱਚ ਨੂੰ ਆਪਣੇ ਜੀਵਣ ਵਿੱਚ ਸੱਭ ਤੋ ਵੱਡੀ ਰਿਧਿ ਸਿਧਿ ਹੈ।
ਨਉ ਨਿਧਿ – ਨਾਮ ਧੰਨ। ਭਾਵ ਸੱਚ ਰੂਪ ਧੰਨ। ਭਾਵ ਨਾਮ ਧੰਨ ਸੰਪਦਾ, ਨਾਮ ਦਾ ਖ਼ਜ਼ਾਨਾ।
ਜੋਗੀ ਦੇਖਿ ਚਲਿਤ੍ਰ ਨੋਂ – ਜੋਗੀਆਂ ਨੇ ਇਹ ਕੌਤਕ ਦੇਖ ਕਰ।
ਰਿਸਕ – ਈਰਖਾ।
ਘਨੇਰੀ – ਬਹੁਤ ਜ਼ਿਆਦਾ।
ਮਨ ਵਿਚਿ ਰਿਸਕ ਘਨੇਰੀ ਖਾਈ – ਮਨ ਵਿੱਚ ਬਹੁਤ ਈਰਖਾ ਖਾਧੀ।
ਭਗਤੀਆਂ – ਰਾਸ-ਧਾਰੀਏ ਲੋਕ ਜਿਹੜੇ ਆਪਣੀਆਂ ਲੱਤਾਂ ਨੂੰ ਘੁੰਗਰੂ ਬੰਨ੍ਹ ਕੇ ਨੱਚਦੇ ਹਨ। ਮੰਦਰਾਂ ਵਿੱਚ ਜਾਕੇ ਨੱਚਦੇ ਹਨ, ਗਾਉਂਦੇ ਹਨ। ਲੋਕ ਉਨ੍ਹਾਂ ਨੂੰ ਪੈਸੇ ਦਿੰਦੇ ਹਨ। ਇਸ ਕੰਮ ਨੂੰ ਉਹ ਸੇਵਾ ਭਗਤਿ ਸਮਝਦੇ ਹਨ। ਇਸ ਕ੍ਰਿਆ ਨੂੰ ਭਗਤ-ਪਾਉਣ ਵੀ ਆਖਦੇ ਹਨ। ਇਸੇ ਤਰ੍ਹਾਂ ਸ਼ਿਵ ਮੰਦਰ ਵਿੱਚ ਉਸ ਵੇਲੇ ਜੋ ਰਾਸਧਾਰੀਏ ਆਏ ਸਨ ਉਨ੍ਹਾਂ ਦਾ ਜ਼ਿਕਰ ਹੈ। ਜਦੋ ਸਾਰੇ ਲੋਕ ਬਾਬੇ ਨਾਨਕ ਜੀ ਵਾਲੇ ਪਾਸੇ ਆ ਗਏ ਤਾਂ ਉਨ੍ਹਾਂ ਨੇ ਉਧਰ ਹੀ ਆਕੇ ਨੱਚਣਾ ਸੁਰੂ ਕਰ ਦਿੱਤਾ। ਇਸ ਗੱਲ ਤੋਂ ਜੋਗੀ ਚਿੜ ਗਏ।
ਪਾਈ ਭਗਤਿ ਆਇ – ਰਾਸਧਾਰੀਆਂ ਨੇ ਆਪਣੀ ਭਗਤਿ ਪਾਈ ਭਾਵ ਸ਼ਿਵ ਭਗਤੀ ਦੇ ਗੀਤ ਨੱਚ ਨੱਚ ਕੇ ਗਾਉਣੇ ਸ਼ੁਰੂ ਕੀਤੇ।
ਲੋਟਾ ਜੋਗੀ ਲਇਆ ਛਪਾਈ – ਜੋਗੀਆਂ ਨੇ ਰਾਸਧਾਰੀਆਂ ਦਾ ਲੋਟਾ ਛੁਪਾ ਲਿਆ।
ਭਗਤੀਆ ਗਈ ਭਗਤਿ ਭੁਲਿ – ਭਗਤੀਆਂ ਨੂੰ ਭਗਤਿ ਭੁੱਲ ਗਈ ਕਿਉਂਕਿ ਉਹ ਪੈਸਿਆਂ ਲਈ ਇਹ ਕੰਮ ਕਰਦੇ ਸਨ।
ਲ਼ੋਟੇ ਅੰਦਰ ਸੁਰਤਿ ਭੁਲਾਈ – ਉਨ੍ਹਾਂ ਦੀ ਸੁਰਤਿ ਲੋਟੇ ਅੰਦਰ ਭੁੱਲ ਗਈ।
ਬਾਬਾ ਜਾਣੀ ਜਾਣ ਪੁਰਖ, ਕਢਿਆ ਲੋਟਾ ਜਹਾ ਲੁਕਾਈ – ਬਾਬੇ ਨਾਨਕ ਨੇ ਉਨ੍ਹਾਂ ਜੋਗੀਆਂ ਦੀ ਚਲਾਕੀ ਜਾਣ ਲਈ, ਅਤੇ ਚਲਾਕੀ ਜਾਣਕੇ ਜੋਗੀਆਂ ਲੋਟਾ ਜਿਥੇ ਲੁਕਾਇਆ ਸੀ, ਕੱਢ ਕੇ ਲਿਆਂਦਾ। (ਜਦੋਂ ਲੋਟਾ ਕੱਢ ਲਿਆਦਾਂ ਤਾਂ ਜੋਗੀਆਂ ਆਪਣੀ ਤੌਹੀਨ ਮੰਨੀ)
ਵੇਖ ਚਲਿਤ੍ਰ ਜੋਗੀ ਖੁਣਸਾਈ – ਜੋਗੀਆਂ ਨੇ ਇਹ ਕੌਤਕ ਵੇਖ ਕੇ ਬਾਬੇ ਨਾਨਕ ਜੀ ਨਾਲ ਖਾਰ ਖਾਧੀ।
ਅਰਥ: - ਬਾਬਾ ਨਾਨਕ ਜੀ ਸਿਵਰਾਤ੍ਰੀ ਦੇ ਮੇਲੇ ਬਾਰੇ ਸੁਣਕੇ ਅੱਚਲ ਵਟਾਲੇ ਆਏ। ਜਦੋ ਬਾਬੇ ਨਾਨਕ ਜੀ ਦੇ ਅੱਚਲ ਵਟਾਲੇ ਆਇ ਹੋਣ ਬਾਰੇ ਲੋਕਾਂ ਨੇ ਸੁਣਿਆ ਤਾਂ ਜੋਗੀਆ ਵਾਲੇ ਪਾਸਿਉ ਬਹੁਤ ਸਾਰੇ ਲੋਕ ਬਾਬਾ ਨਾਨਕ ਜੀ ਨੂੰ ਵੇਖਣ ਵਾਸਤੇ ਉਲਟ ਪਏ। ਜਦੋ ਜੋਗੀਆਂ ਨੇ ਬਾਬੇ ਨਾਨਕ ਦੇ ਹਿਰਦੇ ਵਿੱਚ ਸੱਚ ਦੇ ਖਜਾਨੇ ਦੀ ਪ੍ਰਸਿਧੀ ਬਾਰੇ ਸੁਣਿਆ ਤਾਂ ਜੋਗੀਆਂ ਨੇ ਇਹ ਕੌਤਕ ਵੇਖ ਕੇ ਮਨ ਵਿੱਚ ਬਹੁਤ ਈਰਖਾ ਖਾਧੀ। ਜਿਹੜੇ ਭਗਤੀਏ (ਰਾਸਾਧਾਰੀਏ) ਲੋਕ ਸਨ, ਉਨ੍ਹਾਂ ਨੇ ਵੀ ਜਿਧਰ ਸਾਰੇ ਲੋਕ ਆ ਗਏ, ਉਧਰ ਹੀ ਆ ਕੇ ਆਪਣੀ ਭਗਤਪਾਉਣ ਭਾਵ ਸਿਵਜੀ ਦੀ ਉਸਤਤ ਵਿੱਚ ਨੱਚਣ ਲੱਗ ਪਏ ਅਤੇ ਜੋਗੀਆ ਨੇ ਉਨ੍ਹਾਂ ਦਾ ਪੈਸਿਆ ਵਾਲਾ ਲੋਟਾ ਚੁੱਕ ਕੇ ਲਕੋ ਲਿਆ। ਉਨ੍ਹਾਂ ਭਗਤੀਆਂ ਨੱਚਣ ਵਾਲਿਆ ਨੂੰ (ਸਿਵਜੀ ਦੀ ਉਸਤਤ) ਵਿੱਚ ਨੱਚਣਾ ਤਾਂ ਭੁੱਲ ਗਿਆ ਅਤੇ ਉਨ੍ਹਾਂ ਦੀ ਸੁਰਤ ਲੋਟੇ ਅੰਦਰ ਹੀ ਭੁੱਲ ਗਈ। ਬਾਬਾ ਨਾਨਕ ਜੀ ਜੋਗੀਆਂ ਦੀ ਇਹ ਚਲਾਕੀ ਜਾਣ ਲਈ ਸੀ। ਜਿਥੇ ਉਨ੍ਹਾਂ ਨੇ ਲੋਟਾ ਲੁਕਾਇਆ ਸੀ ਉਥੋ ਕੱਢਕੇ ਭਗਤੀਆਂ ਨੂੰ ਲਿਆ ਦਿੱਤਾ। ਇਹ ਕੌਤਿਕ ਵੇਖ ਕਿ ਜੋਗੀਆ ਨੇ ਬਾਬੇ ਨਾਨਕ ਜੀ ਨਾਲ ਬਹੁੱਤ ਖਾਰ ਖਾਧੀ। ---ਚਲਦਾ

ਬਲਦੇਵ ਸਿੰਘ ਟੋਰਾਂਟੋ




.