ਸਿਧ ਗੋਸਟਿ (ਕਿਸ਼ਤ ਨੰ: 04)
ਖਾਧੀ ਖੁਣਸਿ ਜੋਗੀਸ਼ਰਾਂ ਗੋਸਟਿ
ਕਰਨ ਸਭੇ ਉਠ ਆਈ॥ (੧-੪੦-੧)
ਪੁਛੇ ਜੋਗੀ, ਭੰਗਰਨਾਥੁ, ਤੁਹਿ ਦੁਧ ਵਿਚਿ ਕਿਉਂ ਕਾਂਜੀ ਪਾਈ॥ (੧-੪੦-੨)
ਫਿਟਿਆ ਚਾਟਾ ਦੁਧ ਦਾ ਰਿੜਕਿਆਂ ਮੱਖਣ ਹਥਿ ਨ ਆਈ॥ (੧-੪੦-੩)
ਭੇਖ ਉਤਾਰ ਉਦਾਸ ਦਾ ਵਤਿ ਕਿਉਂ ਸੰਸਾਰੀ ਰੀਤਿ ਚਲਾਈ॥ (੧-੪੦-੪)
ਨਾਨਕੁ ਆਖੇ ਭੰਗਰਨਾਥ, ਤੇਰੀ ਮਾਉ ਕੁਚਜੀ ਆਈ॥ (੧-੪੦-੫)
ਭਾਂਡਾ ਧੋਇ ਨ ਜਾਤਿਓਨਿ ਭਾਇ ਕੁਚਜੇ ਫੁਲੁ ਸੜਾਈ॥ (੧-੪੦-੬)
ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੂੰ ਕੇ ਘਰ ਮੰਗਣਿ ਜਾਈ॥ (੧-੪੦-੭)
ਬਿਨ ਦਿਤੇ ਕਿਛੁ ਹਥਿ ਨ ਆਈ॥ ੪੦॥ (੧-੪੦-੮)
ਪਦ ਅਰਥ: - ਖਾਧੀ ਖੁਣਸਿ ਜੋਗੀਸਰਾਂ, ਗੋਸਟਿ ਕਰਨ ਸਭੇ
ਉਠਿ ਆਈ – ਬਾਬੇ ਨਾਨਕ ਜੀ ਨੇ ਜੋਗੀਆਂ ਵਲੋਂ ਰਾਸਧਾਰੀਆਂ ਦਾ ਲਕੋਇਆ ਹੋਇਆ ਲੋਟਾ ਕੱਢਕੇ ਜਦੋਂ
ਉਹਨਾਂ ਨੂੰ ਦੇ ਦਿੱਤਾ ਤਾਂ ਜੋਗੀਆਂ ਨੇ ਬਾਬੇ ਨਾਨਕ ਜੀ ਨਾਲ ਈਰਖਾ ਕੀਤੀ ਅਤੇ ਸਾਰੇ ਜੋਗੀ ਇਕੱਠੇ
ਹੋ ਕੇ ਗੋਸਟਿ ਕਰਨ ਲਈ ਆ ਗਏ।
ਪੁਛੈ ਜੋਗੀ, ਭੰਗਰਨਾਥੁ ਤੁਹਿ ਦੁਧ ਵਿੱਚ ਕਿਉ ਕਾਂਜੀ ਪਾਈ – ਜੋਗੀਆਂ ਵਲੋਂ ਵਿਅੰਗ ਕਸਦਿਆਂ ਬਾਬਾ
ਨਾਨਕ ਜੀ ਨੂੰ ਸੰਬੋਧਨ ਹੋ ਕੇ ਭੰਗਰਨਾਥੁ ਸ਼ਬਦ ਵਰਤਿਆ ਗਿਆ। ਜੋਗੀ ਨੇ ਆਖਿਆ ਕਿ (ਵੱਡਿਆ)
ਭੰਗਰਨਾਥਾ, ਤੂੰ ਸਾਡੇ ਰੰਗ ਵਿੱਚ ਭੰਗ ਕਿਉਂ ਪਾਇਆ।
ਕਾਂਜੀ ਪਾਈ – ਰੰਗ ਵਿੱਚ ਭੰਗ ਪਾਉਣਾ ਇੱਕ ਕਹਾਵਤ ਹੈ। ਭੰਗਰਨਾਥ ਦਾ ਸ਼ਬਦ ਨਾਨਕ ਸਾਹਿਬ ਲਈ ਜੋਗੀਆਂ
ਨੇ ਵਿਅੰਗ ਕੱਸਣ ਦੇ ਤੌਰ ਤੇ ਵਰਤਿਆ ਹੈ।
ਅੱਜ ਕੱਲ ਵੀ ਪੇਡੂ ਖੇਤਰ ਵਿੱਚ ਪੁਰਾਣੇ ਬਜੁਰਗ ਵਲੋ ਇਹ ਸ਼ਬਦ ਆਮ ਹੀ ਵਿਅੰਗ ਵੱਜੋਂ ਵਰਤਿਆ ਜਾਂਦਾ
ਹੈ ਕਿ ਆ ਗਿਆ ਵੱਡਾ ਭੰਗਰਨਾਥ। ਦੂਸਰੀ ਗੱਲ ਗੁਰੂ ਗ੍ਰੰਥ ਸਹਿਬ ਦਾ ਜੇਕਰ ਡੂੰਘਿਆਈ ਦੇ ਨਾਲ ਅਧਿਐਨ
ਕਰੀਏ ਤਾਂ ਗੁਰੂ ਗ੍ਰੰਥ ਅੰਦਰ ਦਰਜ ਸਿਧ ਗੋਸਟਿ ਵਿੱਚ ਕਿਤੇ ਵੀ ਭੰਗਰਨਾਥ ਦਾ ਜਿਕਰ ਨਹੀ।
ਨੋਟ: - ਉਸ ਸਮੇਂ ਭੰਗਰਨਾਥ ਨੂੰ ਜੋਗੀ ਬਹੁਤ ਸਿਆਣਾ ਸਮਝਦੇ ਸਨ ਇਸ ਕਰਕੇ ਜੋਗੀਆਂ ਨੇ ਗੁੱਸੇ ਨਾਲ
ਬਾਬੇ ਨਾਨਕ ਜੀ ਨੂੰ ਇਹ ਕਹਿਕੇ ਸੰਬੋਧਨ ਹੋਏ ਕਿ ਆ ਗਿਆ ਵੱਡਾ ਭੰਗਰਨਾਥੁ, ਤੂੰ ਆਕੇ ਦੁਧ ਵਿੱਚ
ਕਾਂਜੀ ਪਾ ਦਿੱਤੀ ਹੈ। ਭਾਵ ਸਾਡੇ ਰੰਗ ਵਿੱਚ ਭੰਗ ਪਾ ਦਿੱਤਾ ਹੈ।
ਫਿਟਿਆ ਚਾਟਾ ਦੁਧ ਦਾ, ਰਿੜਕਿਆ ਮਖਣੁ ਹਥਿ ਨ ਆਈ।
ਭੇਖੁ ਉਤਾਰ ਉਦਾਸ ਦਾ, ਵਤ ਕਿੳਂ ਸੰਸਾਰੀ ਰੀਤ ਸੰਸਾਰੀ ਰੀਤਿ ਚਲਾਈ।
ਤੂੰ ਉਦਾਸੀ ਦਾ ਭੇਖ ਉਤਾਰ ਕੇ ਫਿਰ ਸੰਸਾਰੀਆਂ ਵਾਲੀ ਰੀਤ ਜੋ ਤੂੰ ਚਲਾਈ ਹੈ ਇਹ ਇੱਕ ਦੁੱਧ ਵਿੱਚ
ਕਾਂਜੀ ਪਾਉਣ ਦੇ ਬਰਾਬਰ ਹੈ। ਜਿਵੇਂ ਦੁੱਧ ਵਿੱਚ ਕਾਂਜੀ ਪੈਣ ਨਾਲ ਦੁੱਧ ਫੁੱਟ ਜਾਂਦਾ ਹੈ ਅਤੇ
ਫੁੱਟੇ ਹੋਇ ਦੁੱਧ ਨੂੰ ਰਿੜਕਣ ਨਾਲ ਮੱਖਣ ਹੱਥ ਨਹੀਂ ਆਉਂਦਾ ਹੈ, ਇਸੇ ਤਰ੍ਹਾਂ ਉਦਾਸੀ ਭੇਖ ਉਤਾਰਕੇ
ਸੰਸਾਰੀ ਬਣਨ ਨਾਲ ਸੰਸਾਰ ਸਮੁੰਦਰ ਨਹੀਂ ਤਰਿਆ ਜਾ ਸਕਦਾ।
ਨਾਨਕੁ ਆਖੈ ਭੰਗਰਨਾਥੁ, ਤੇਰੀ ਮਾਂਉ ਕੁਚਜੀ ਆਈ।
ਨਾਨਕੁ – ਨਾਨਕ ਜੀ ਸੰਬੋਧਨ ਹੋ ਕੇ।
ਨਾਨਕੁ ਆਖੈ ਭੰਗਰਨਾਥੁ – ਜੋਗੀ ਵਲੋਂ ਨਾਨਕ ਜੀ ਨੂੰ ਭੰਗਰਨਾਥੁ ਸ਼ਬਦ ਨਾਲ ਸੰਬੋਧਨ ਕੀਤਾ ਗਿਆ।
ਭੰਗਰਨਾਥੁ ਇੱਕ ਨਾਮ ਹੈ। ਇਥੇ ਭੰਗਰਨਾਥੁ ਦੇ ਥੱਥੇ ਨੂੰ ਔਕੜ ਆਉਣ ਨਾਲ ਗੁਰਮੁਖੀ ਵਿਆਕਰਣ ਮੁਤਾਬਕ।
ਭੰਗਰਨਾਥੁ – ਨੂੰ, ਨੇ, ਦਾ, ਦੇ ਅਰਥ ਬਣਦੇ ਹਨ। ਜਿਵੇ ਨਾਨਕ ਦੇ ਕੱਕੇ ਨੂੰ ਔਂਕੜ ਆਉਣ ਨਾਲ ਨਾਨਕ
ਦੇ ਅਰਥ ਨਾਨਕੁ - ਜੋਗੀ ਨੇ ਨਾਨਕ ਜੀ ਦੇ ਨਾਮ ਦੀ ਥਾਵੇਂ ਉਹਨਾਂ ਨੂੰ ਵਿਅੰਗ ਕੱਸਦਿਆਂ ਭੰਗਰਨਾਥੁ
ਦੇ ਨਾਮ ਨਾਲ ਸੰਬੋਧਨ ਕਰਦਿਆਂ ਇਹ ਕਿਹਾ ਕਿ ਭੰਗਰਨਾਥੁ ਇਹ ਕੁਚੱਜੀ ਮੱਤ ਭਾਵ ਕੁਮਤਿ ਤੈਨੂੰ
ਕਿੱਥੋਂ ਆ ਗਈ ਕਿ ਤੂੰ ਗ੍ਰਿਹਸਤ ਨੂੰ ਉੱਤਮ ਦੱਸ ਰਿਹਾ ਹੈਂ।
ਭਾਂਡਾ ਧੋਇ ਨ ਜਾਤਿਓਨੁ, ਭਾਇ ਕੁਚਜੈ ਫੁਲੁ ਸੜਾਈ –
ਭਾਂਡਾ – ਸਰੀਰ ਰੂਪ ਭਾਂਡਾ।
ਧੋਇ – ਧੋਣਾ, ਪਵਿੱਤਰ ਕਰਨਾ।
ਧੋਇ ਨ – ਧੋਣਾ ਨਹੀਂ, ਭਾਵ ਪਵਿੱਤਰ ਨਾ ਕਰਨਾ।
ਜਾਤਿਓੁਨ – ਜਾਣਿਆ ਹੀ ਨਹੀਂ। ਜਾਤਿਆ ਹੀ ਨਹੀਂ।
ਭਾਇ ਕੁਚਜੇ ਫੁਲੁ ਸੜਾਈ – ਜਿਸ ਕੁਚਜੀ ਮੱਤ ਭਾਵਨਾ ਨਾਲ ਫੁੱਲ ਵਰਗੇ ਜੀਵਣ ਸੜਜਾਣ ਭਾਵ ਬਰਬਾਦ ਹੋ
ਸਕਦੇ ਹਨ।
ਹੋਇ ਅਤੀਤ ਗ੍ਰਿਹਸਤੁ ਤਜਿ ਫਿਰਿ ਉਨਹੂੰ ਕੇ ਘਰਿ ਮੰਗਣ ਜਾਈ।
ਬਿਨੁ ਦਿਤੈ ਕਿਛੁ ਹਥਿ ਨ ਆਈ॥ ੪੦॥
ਅਤੀਤ – ਸੰ: ਗੁਜ਼ਰਿਆ ਹੋਇਆ, ਲੰਘਿਆ ਹੋਇਆ, ਬੀਤਿਆ ਹੋਇਆ ਜੋ ਸਮਾ ਲੰਘ ਗਿਆ ਹੈ, ਤਿਆਗੀ। “ਅਤੀਤ
ਸਦਾਏ ਮਾਇਆ ਕਾ ਮਾਤਾ” (ਸੂਹੀ ਮ: ੫)
ਤਜਿ – ਤਿਆਗਣਾ, ਛੱਡਣਾ, ਤਰਕ ਕਰਨਾ - ਮ: ਕੋਸ਼
ਮੰਗਣ – ਮੰਗਣਾ, ਦੇਖੋ ਮੰਗ ਮੰਗਣਾ, ਬਖਸ਼ਿਸ਼ ਚਾਹੁੰਣੀ। ਮ: ਕੋਸ।
ਹੋਇ ਅਤੀਤ ਗ੍ਰਿਹਸਤੁ ਤਜਿ ਫਿਰਿ ਉਨਹੂੰ ਕੇ ਘਰਿ ਮੰਗਣ ਜਾਈ –
ਅਤੀਤ – ਤਿਆਗੀ, ਤਿਆਗ ਕਰਨਾ।
ਹੋਇ ਅਤੀਤ ਗ੍ਰਿਹਸਤ ਤਜਿ – ਅਸੀਂ ਤਾਂ ਪਹਿਲਾਂ ਹੀ ਗ੍ਰਿਹਸਤ ਨੂੰ ਛੱਡ ਕਿ ਤਿਆਗੀ ਹੋਏ ਹਾਂ।
ਉਨਹੂੰ ਕੇ ਘਰ ਮੰਗਣਿ ਜਾਈ - ਤੂੰ ਕਹਿੰਦਾ ਹੈਂ ਕਿ ਤਿਆਗ ਛੱਡਕੇ ਫਿਰਿ ਉਨ੍ਹਾਂ ਹੀ ਗ੍ਰਿਹਸਤੀਆਂ
ਦੇ ਘਰਿ ਮੰਗਣ ਜਾਈਏ। (ਭਾਵ ਉਹਨਾਂ ਤੋਂ ਮੁਆਫੀ ਮੰਗਣ ਜਾਈਏ)
ਬਿਨੁ ਦਿਤੇ ਕਿਛੁ ਹਥਿ ਨ ਆਈ – ਅਸਲੀਅਤ ਇਹ ਹੈ ਕਿ ਬਿਨਾਂ ਗ੍ਰਿਹਸਤੁ ਤਿਆਗਣ ਦੇ ਕੁਛ ਵੀ ਪ੍ਰਾਪਤ
ਨਹੀਂ ਹੋ ਸਕਦਾ। ਇਹ ਜੋਗ ਮੱਤ ਦਾ ਵੀਚਾਰ ਹੈ ਕਿ ਬਿਨਾਂ ਗ੍ਰਿਹਸਤ ਤਿਆਗਣ ਦੇ ਕੁੱਝ ਵੀ ਪ੍ਰਾਪਤ
ਨਹੀਂ ਹੋ ਸਕਦਾ।
ਅਰਥ: - ਬਾਬੇ ਨਾਨਕ ਜੀ ਨੇ ਜੋਗੀਆਂ ਵਲੋਂ ਰਾਸਧਾਰੀਆਂ
ਦਾ ਲਕੋਇਆ ਹੋਇਆ ਲੋਟਾ ਜਦੋਂ ਕੱਢਕੇ ਦੇ ਦਿੱਤਾ ਤਾਂ ਜੋਗੀਆਂ ਨੇ ਬਾਬੇ ਨਾਨਕ ਜੀ ਨਾਲ ਈਰਖਾ ਕੀਤੀ
ਅਤੇ ਸਾਰੇ ਜੋਗੀ ਇਕੱਠੇ ਹੋ ਕੇ ਗੋਸਟਿ ਕਰਨ ਆ ਗਏ। ਬਾਬੇ ਨਾਨਕ ਜੀ ਨੂੰ ਜੋਗੀਆਂ ਨੇ ਭੰਗਰਨਾਥ ਦੇ
ਸ਼ਬਦ ਨਾਲ ਸੰਬੋਧਨ ਹੋ ਕੇ ਆਖਿਆ ਕਿ ਭੰਗਰਨਾਥ ਤੂੰ ਜੋ ਉਦਾਸੀ ਭੇਖ ਉਤਾਰ ਕੇ ਮੁੜ ਜੋ ਸੰਸਾਰੀਆਂ
ਵਾਲੀ ਰੀਤ ਚਲਾਈ ਹੈ ਇਹ ਦੁੱਧ ਵਿੱਚ ਕਾਂਜੀ ਪਾਉਣ ਦੇ ਬਰਾਬਰ ਹੈ। ਜਿਵੇਂ ਦੁੱਧ ਵਿੱਚ ਕਾਂਜੀ ਪਾਉਣ
ਨਾਲ ਦੁੱਧ ਫੁੱਟ ਜਾਂਦਾ ਹੈ ਅਤੇ ਫੁੱਟੇ ਹੋਏ ਦੁੱਧ ਨੂੰ ਰਿੜਕਣ ਨਾਲ ਮੱਖਣ ਪ੍ਰਾਪਤ ਨਹੀਂ ਹੋ
ਸਕਦਾ। ਇਸੇ ਤਰ੍ਹਾਂ ਉਦਾਸੀ ਭੇਖ ਉਤਾਰ ਕੇ ਸੰਸਾਰੀ ਬਣਨ ਨਾਲ ਸੰਸਾਰ ਸਮੁੰਦਰ ਤਰਿਆ ਨਹੀਂ ਜਾ
ਸਕਦਾ। ਇਹ ਸ਼ਬਦ ਨਾਨਕ ਜੀ ਨੂੰ ਨਾਨਕ ਨਾਮ ਦੀ ਥਾਂਵੇ ਨਾਨਕ ਜੀ ਉੱਪਰ ਵਿਅੰਗ ਕਸਦਿਆਂ ਭੰਗਰਨਾਥ
ਆਖਕੇ ਕੇ ਕਹੇ ਗਏ ਕਿ ਵੱਡਿਆ ਭੰਗਰਨਾਥਾ ਤੈਨੂੰ ਇਹ ਕੁਮਤਿ ਕਿੱਥੋਂ ਆ ਗਈ ਜੋ ਗ੍ਰਿਹਸਤ ਨੂੰ ਤੂੰ
ਉੱਤਮ ਦੱਸਦਾ ਹੈਂ। ਇਹ ਤੇਰੀ ਕੁਚੱਜੀ ਮੱਤ ਹੋਣ ਕਾਰਨ ਤੂੰ ਆਪਣਾ ਹਿਰਦੇ ਰੂਪੀ ਭਾਂਡਾ ਨਾ ਧੋਣਾ
ਜਾਨਣ ਕਾਰਨ ਗ੍ਰਿਹਸਤ ਨੂੰ ਉੱਤਮ ਦੱਸਕੇ ਸਾਡੇ ਫੁੱਲ ਵਰਗੇ ਜੀਵਣ ਵੀ ਬਰਬਾਦ ਕਰਨਾ ਚਾਹੁੰਦਾ ਹੈਂ।
ਅਸੀਂ ਤਾਂ ਗ੍ਰਿਹਸਤ ਤਿਆਗਿਆ ਹੋਇਆ ਹੈ, ਤੂੰ ਕਹਿੰਦਾ ਹੈ ਕਿ ਗ੍ਰਿਹਸਤੀਆਂ ਘਰਿ ਮੰਗਣ ਜਾਈਏ। (ਭਾਵ
ਉਨ੍ਹਾਂ ਤੋਂ ਮੁਆਫੀ ਮੰਗਣ ਜਾਈਏ ਕਿਉਕਿ ਅਸੀਂ ਤਾਂ ਗ੍ਰਿਹਸਤੀ ਜੀਵਣ ਨੂੰ ਨਹੀਂ ਮੰਨਦੇ) ਜਦੋਂ ਕਿ
ਅਸਲੀਅਤ ਇਹ ਹੈ ਕਿ ਬਿਨੁ ਦਿੱਤੈ ਭਾਵ ਗ੍ਰਿਹਸਤ ਤਿਆਗਣ ਤੋਂ ਬਗ਼ੈਰ ਕੁੱਝ ਵੀ ਪ੍ਰਾਪਤ ਨਹੀਂ ਹੋ
ਸਕਦਾ।
ਇਹ ਸੁਣਿ ਬਚਨ ਜੁਗੀਸਰਾਂ ਮਾਰਿ ਕਿਲਕ ਬਹੁ ਰੂਇ ਉਠਾਈ॥ (੧-੪੧-੧)
ਖਟ ਦਰਸ਼ਨ ਕਉ ਖੇਦਿਆ ਕਲਿਜੁਗਿ ਬੇਦੀ ਨਾਨਕ ਆਈ॥ (੧-੪੧-੨)
ਸਿਧ ਬੋਲਨਿ ਸਭਿ ਅਵਖਧੀਆਂ ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ॥ (੧-੪੧-੩)
ਰੂਪ ਵਟਾਏ ਜੋਗੀਆਂ ਸਿੰਘ ਬਾਘਿ ਬਹੁ ਚਲਿਤ ਦਿਖਾਈ॥ (੧-੪੧-੪)
ਇਕਿ ਪਰਿ ਕਰਕੇ ਉਡਰਨ ਪੰਖੀ ਜਿਵੈ ਰਹੇ ਲੀਲਾਈ॥ (੧-੪੧-੫)
ਇਕਨਾ ਨਾਗ ਹੋਇ ਪਵਨ ਛੋੜਿਆ ਇਕਨਾ ਵਰਖਾ ਅਗਨਿ ਵਸਾਈ॥ (੧-੪੧-੬)
ਤਾਰੇ ਤੋੜੇ ਭੰਗਰਿਨਾਥੁ ਇੱਕ ਚੜਿ ਮਿਰਗਾਨੀ ਜਲੁ ਤਰਿ ਜਾਈ॥ (੧-੪੧-੭)
ਸਿੱਧਾਂ ਅਗਨਿ ਨ ਬੁਝੈ ਬੁਝਾਈ॥ ੪੧॥ (੧-੪੧-੮)
ਪਦ ਅਰਥ: - ਇਹ ਸੁਣਿ ਬਚਨ ਜੁਗੀਸਰਾਂ – ਨਾਨਕ ਜੀ ਨੂੰ
ਸੰਬੋਧਨ ਹੋ ਕੇ ਜੋਗੀਆਂ ਨੇ ਆਖਿਆ - ਸਾਡੀ ਗੱਲ ਸੁਣ।
ਮਾਰਿ ਕਿਲਕ ਬਹੁ ਰੂਇ ਉਠਾਈ – ਜੋਗੀਆਂ ਨੇ ਨਾਨਕ ਜੀ ਉੱਪਰ ਆਪਣਾ ਪ੍ਰਭਾਵ ਪਾਉਣ ਲਈ ਕਿਲਕ ਮਾਰਿ
ਕੇ, ਗੁੱਸੇ ਵਿੱਚ ਆ ਕੇ ਆਵਾਜ਼ ਉਠਾਈ।
ਰੂਇ – ਰੋਹ ਵਿੱਚ ਆ ਕੇ, ਭਾਵ ਗੁੱਸੇ ਵਿੱਚ ਆ ਕੇ।
ਖਟ ਦਰਸਨ ਕਉ ਖੇਦਿਆ –
ਖਟ ਦਰਸਨ – ਛੇ ਦੂਸਰੇ ਫਿਰਕੇ ਜਿਵੇ ਜੰਗਮ, ਜੋਗੀ, ਜੈਨੀ, ਸਨਿਆਸੀ, ਵੈਰਾਗੀ ਅਤੇ ਮਦਾਰੀ। ਮਹਾਨ
ਕੋਸ਼। ਇਹ ਪ੍ਰਮਾਣਕ ਨਹੀਂ ਕਹੇ ਜਾ ਸਕਦੇ।
ਖੇਦਿਆ – ਹਰਾਇਆ।
ਖਉ ਖੇਦਿਆ – ਨੂੰ ਹਰਾਇਆ।
ਨੋਟ – ਇਹ ਗੱਲ ਸਿਧ ਗੋਸਟਿ ਬਾਣੀ ਅੰਦਰ ਪਉੜੀ ਨੰਬਰ ੯ ਵਿੱਚ ਵੀ ਸਿੱਧਾਂ ਵਲੋਂ ਕਹੀ ਗਈ ਹੈ ਕਿ
ਅਸੀਂ ਛੇ ਖਟ ਦਰਸਨ ਨੂੰ ਪਹਿਲਾ ਹੀ ਹਰਾਇਆ ਹੋਇਆ ਹੈ।
ਖਟ ਦਰਸਨ ਕਉ ਖੇਦਿਆ – ਛੇ ਫਿਰਕਿਆ ਨੂੰ ਅਸੀਂ ਪਹਿਲਾਂ ਹੀ ਹਰਾਇਆ ਹੋਇਆ ਹੈ।
ਕਲਿਜੁਗਿ ਨਾਨਕ ਬੇਦੀ ਆਈ – ਬੇਦੀ –ਗਿਆਨੀ। ਨਾਨਕ ਹੁਣ ਤੂੰ ਅਗਿਆਨ ਲੈ ਕੇ ਆ ਗਿਆ ਹੈਂ।
ਸਿਧਿ ਬੋਲਨਿ ਸਭਿ ਅਵਖਧੀਆ ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ – ਸਾਰੇ ਸਿੱਧ ਆਪਣੇ ਤੰਤ੍ਰ ਮੰਤ੍ਰ ਦੇ
ਗਿਆਨ ਦੀਆਂ ਧੁਨੀਆਂ ਚੜ੍ਹਾਉਣ ਲੱਗੇ, ਭਾਵ ਆਪਣੀ ਧੌਂਸ ਜਮਾਉਣ ਲੱਗੇ।
ਰੂਪ ਵਟਾਇ ਜੋਗੀਆਂ ਸਿੰਘ ਬਾਗਿ ਬਹੁ ਚਲਿਤ ਦਖਾਈ –
ਰੂਪ ਵਟਾਇ ਜੋਗੀਆਂ – ਜੋਗ ਦੇ ਅੱਠ ਅੰਗ ਹਨ, ਅੰਗ ਨੰਬਰ ਦੋ ਜਿਸਦਾ ਮਤਲਬ ਹੈ ਆਪਣੇ ਅੰਦਰ ਹਰ ਵੇਲੇ
ਸ਼ਾਂਤੀ ਬਣਾਈ ਰੱਖਣੀ। ਇਥੋਂ ਇਹ ਸਿੱਧ ਹੁੰਦਾ ਹੈ ਕਿ ਕਿੰਨਾ ਕੁ ਇਸ ਗੱਲ ਉੱਪਰ ਪੂਰਾ ਉੱਤਰਦੇ ਹਨ।
ਰੂਪ ਵਟਾਇ ਜੋਗੀਆਂ – ਆਪਣੇ ਆਪ ਨੂੰ ਸ਼ਾਂਤ ਰਹਿਣਾ ਦੱਸਣ ਵਾਲੇ ਜੋਗੀਆਂ ਨੇ ਆਪਣੇ ਰੂਪ ਵਟਾਇ ਭਾਵ
ਗੁਸੇ ਨਾਲ ਲਾਲ ਪੀਲੇ ਹੋ ਗਏ।
ਸਿੰਘ ਬਾਗਿ ਬਹੁ ਚਲਿਤ ਦਖਾਈ – ਸ਼ੇਰਾਂ, ਬਘਿਆੜਾਂ ਵਾਂਗ ਗਰਜਕੇ ਆਪਣਾ ਪਰਭਾਵ ਪਾਉਣ ਲਈ ਬਹੁਤ
ਚਲਿਤ੍ਰ ਦਿਖਾਉਣ ਲੱਗੇ।
ਇਕਿ ਪਰਿ ਕਰਿ ਉਡਰਨਿ ਪੰਖੀ ਜਿਵੇ ਰਹੇ ਲਿਵ ਲਾਈ –
ਇਕਿ – ਕੁੱਝ ਕੁ।
ਕੁਝ ਕੁ ਜੋਗੀ ਪੰਖੀ ਜਿਵੇਂ ਉਡਣ ਵੇਲੇ ਖੰਭ ਫੜਫੜਾਉਂਦੇ ਹਨ ਉਸ ਤਰ੍ਹਾਂ ਕਰਨ ਲੱਗੇ।
ਇਕਿ ਨਾਗ ਹੋਇ ਪਵਨੁ ਛੋਡਿ – ਕੁੱਝ ਕੁ ਨੇ ਨਾਗਾਂ ਵਾਂਗ ਫਂੂਕਾਰੇ ਮਾਰਨੇ ਸ਼ੁਰੂ ਕਰ ਦਿੱਤੇ, ਭਾਵ
ਬਾਬੇ ਨਾਨਕ ਜੀ ਉੱਪਰ ਆਪਣਾ ਪ੍ਰਭਾਵ ਪਾਉਣ ਲਈ ਫੂਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆ ਕਿ ਅਸੀਂ ਭਸਮ
ਕਰ ਦਿਆਂਗੇ।
ਇਕਨਾ – ਕੁੱਝ ਕੁ ਨੇ।
ਵਰਖਾ ਅਗਨਿ ਵਸਾਈ – ਅਗਨਿ ਰੂਪ ਬੋਲ ਵਰਸਾਉਣੇ ਸ਼ੁਰੂ ਕਰ ਦਿੱਤੇ। ਭਾਵ ਤੱਤੇ ਬੋਲ ਬੋਲੇ (ਜਿਵੇ ਅੱਜ
ਕਲ ਦੇ ਸਾਡੇ ਘਰਿ ਪੈਦਾ ਹੋਏ ਅਗਿਆਨੀਆਂ ਦਾ ਲਾਣਾ ਕਰਦਾ ਹੈ ਸਰਾਪ ਦੇ ਦਿਆਂਗੇ, ਗੱਡੀ ਚਾੜ
ਦਿਆਂਗੇ)
ਤਾਰੇ ਤੋੜੈ ਭੰਗਰਨਾਥੁ –
ਭੰਗਰਨਾਥੁ – ਭੰਗਰਨਾਥੁ ਦੇ ਥੱਥੇ ਨੂੰ ਔਂਕੜ ਹੈ ਪਰ ਜੇਕਰ ਭੰਗਰਨਾਥੁ ਦੇ ਥੱਥੇ ਨੂੰ ਔਂਕੜ ਨਾ
ਹੁੰਦਾ ਤਾਂ ਇਹ ਸਿੱਧ ਹੋਣਾ ਸੀ ਕਿ ਭੰਗਰਨਾਥ ਜੋਗੀ ਨੇ ਤਾਰੇ ਤੋੜੇ ਭਾਵ ਬਹੁਤ ਉੱਚੀਆ ਭਾਵ ਹਵਾ
ਵਿੱਚ ਗੱਲਾ ਕੀਤੀਆ।
ਇਥੇ ਇੱਕ ਤਾਂ ਗੁਰਮੁਖੀ ਵਿਆਕਰਣ ਦਾ ਹੋਰ ਸਹੀ ਨੁਕਤਾ ਸਾਹਮਣੇ ਉੱਭਰਕੇ ਆਉਂਦਾ ਹੈ ਅਤੇ ਨਾਲ
ਸਿੱਧਾਂਤ ਵੀ ਸਪਸ਼ਟ ਹੁੰਦਾ ਹੈ। ਬਿਲਕੁਲ ਸਾਫ਼ ਜ਼ਾਹਿਰ ਹੈ ਕਿ ਬਾਬਾ ਨਾਨਕ ਜੀ ਨੂੰ ਨੀਵਾਂ ਦਿਖਾਉਣ
ਵਾਸਤੇ ਜੋਗੀਆਂ ਵਲੋਂ ਭੰਗਰਨਾਥ ਦੇ ਨਾਮ ਨਾਲ ਸੰਬੋਧਨ ਹੋ ਕੇ ਬਾਬੇ ਨਾਨਕ ਜੀ ਉੱਪਰ ਵਿਅੰਗ ਕੱਸਿਆ
ਗਿਆ ਹੈ।
ਨਾਨਕੁ ਆਖੈ ਭੰਗਰਨਾਥ - ਪਉੜੀ ਨੰਬਰ॥ ੪੦॥
ਨਾਨਕੁ – ਨਾਨਕੁ ਨੂੰ।
ਇਥੇ ਇੱਕ ਗੱਲ ਹੋਰ ਵੀਚਾਰਨ ਦੀ ਲੋੜ ਹੈ ਕਿ ਇਸ ਪੰਗਤੀ ਅੰਦਰ ਨਾਨਕੁ ਦੇ ਕੱਕੇ ਨੂੰ ਔਂਕੜ ਹੈ
ਭੰਗਰਨਾਥ ਦਾ ਥੱਥਾ ਮੁਕਤਾ ਕਿਉਂ ਹੈ? ਜੋ ਆਪਣੇ ਆਪ ਸਪਸ਼ਟ ਹੋ ਜਾਂਦਾ ਹੈ, ਨਾਨਕੁ ਆਖੈ ਭੰਗਰਨਾਥ –
ਨਾਨਕ ਜੀ ਨੂੰ ਜੋਗੀਆਂ ਵਲੋਂ ਭੰਗਰਨਾਥ ਆਖ ਕਿ ਸੰਬੋਧਨ ਕੀਤਾ ਗਿਆ। ਭੰਗਰਨਾਥ ਸ਼ਬਦ ਮੁਕਤਾ ਹੋਣ
ਕਰਕੇ ਇਹ ਦਰਸਾਉਂਦਾ ਹੈ ਕਿ ਖਾਸ ਨਾਂਵ ਨਹੀਂ ਬਲਕਿ ਵਿਸ਼ੇਸ਼ਣ ਹੈ। ਨਾਨਕ ਦੇ ਕੱਕੇ ਨੂੰ ਔਂਕੜ ਲੱਗਣ
ਕਰਕੇ ਭੰਗਰਨਾਥ ਦੇ ਥੱਥੇ ਨੂੰ ਔਂਕੜ ਦੀ ਜਰੂਰਤ ਹੀ ਨਹੀਂ ਰਹਿ ਜਾਂਦੀ। ਇਥੇ ਵੀ ਆਪਣੇ ਆਪ ਹੀ
ਸਪੱਸ਼ਟ ਹੋ ਜਾਂਦਾ ਹੈ ਕਿ ਇਹ ਭੰਗਰਨਾਥ ਸ਼ਬਦ ਨਾਲ ਜੋਗੀਆਂ ਨੇ ਨਾਨਕ ਜੀ ਨੂੰ ਸੰਬੋਧਨ ਕੀਤਾ ਹੈ।
ਤਾਰੇ ਤੋੜੇ ਭੰਗਰਨਾਥੁ ਇੱਕ ਚੜਿ ਮਿਰਗਾਨੀ ਜਲੁ ਤਰ ਜਾਈ – ਜੋਗੀ ਵਲੋਂ ਨਾਨਕ ਜੀ ਨੂੰ ਭੰਗਰਨਾਥ
ਕਹਿ ਕੇ ਇਹ ਆਖਿਆ ਗਿਆ ਕਿ ਭੰਗਰਨਾਥ ਜੋ ਤੂੰ ਤਾਰੇ ਤੋੜਦਾ ਹੈਂ, ਭਾਵ ਜੋ ਉੱਚੀਆਂ ਗੱਲਾਂ ਕਰਦਾ
ਹੈਂ, ਭਾਵ ਗ੍ਰਿਹਸਤ ਨੂੰ ਉੱਤਮ ਦੱਸਦਾ ਹੈਂ ਇਹ ਇਵੇ ਹੈ ਜਿਵੇ ਕੋਈ ਹਿਰਨ ਦੀ ਖੱਲ ਉੱਪਰ ਚੜ੍ਹਕੇ
ਜਲ ਤਰ ਜਾਣ ਦੀ ਗੱਲ ਕਰਦਾ ਹੋਵੇ। (ਮਿਰਗਾਨੀ ਭਾਵ ਹਿਰਨ ਦੀ ਖੱਲ ਉੱਪਰ ਚੜ੍ਹਕੇ ਕੋਈ ਸਮੁੰਦਰ ਪਾਰ
ਕਰਨ ਦੀ ਗੱਲ ਕਰਦਾ ਹੋਵੇ, ਭਾਵ ਹਿਰਨ ਦੀ ਖੱਲ ਉੱਪਰ ਚੜਕੇ ਪਾਰ ਹੋਣ ਦਾ ਯਤਨ ਕਰਨ ਵਾਲਾ ਡੁੱਬ
ਜਾਏਗਾ ਪਾਰ ਨਹੀਂ ਹੋਇਗਾ ਨਾ ਹੀ ਹੋ ਸਕਦਾ ਹੈ। (ਇਹ ਸ਼ਬਦ ਬਾਬਾ ਨਾਨਕ ਜੀ ਨੂੰ ਕਹੇ ਕਿ ਗ੍ਰਿਹਸਤ
ਵਿੱਚ ਰਹਿਕੇ ਸੰਸਾਰ ਸਮੁੰਦਰ ਤਰਨ ਵਾਲੀ ਤੇਰੀ ਵੀਚਾਰਧਾਰਾ ਹਰਨ ਦੀ ਖੱਲ ਉੱਪਰ ਬੈਠਕੇ ਸਮੁੰਦਰ ਤਰ
ਜਾਣ ਦੀ ਕਿਸੇ ਨੂੰ ਸਲਾਹ ਦੇਣ ਦੇ ਬਰਾਬਰ ਹੈ)।
ਸਿਧਾ ਅਗਨਿ ਨ ਬੁਝੈ ਬੁਝਾਈ – ਤੇਰੀ ਗ੍ਰਿਹਸਤ ਨੂੰ ਉੱਤਮ ਦੱਸਣ ਵਾਲੀ ਗੱਲ ਸੁਣਕੇ ਸਾਨੂੰ ਅੱਗ ਲੱਗ
ਗਈ ਹੈ ਜੋ ਬੁਝਾਇਆਂ ਵੀ ਨਹੀਂ ਬੁਝ ਰਹੀ।
ਨੋਟ – ਉਸ ਤਰ੍ਹਾਂ ਜੋਗੀ ਕਹਿੰਦੇ ਹਨ - ਸ਼ਾਂਤ ਸੁਭਾ ਰਹਿਣਾ ਸਾਡਾ ਉੱਤਮ ਗੁਣ ਹੈ।
ਅਰਥ: - ਜੋਗੀਆਂ ਨੇ ਬਾਬੇ ਨਾਨਕ ਜੀ ਨੂੰ ਗੁੱਸੇ ਵਿੱਚ ਆਕੇ ਰੋਹਬ ਨਾਲ ਉੱਚੀ ਕਿਲਕ ਮਾਰਕੇ ਆਖਿਆ -
ਸਾਡੀ ਗੱਲ ਸੁਣ, ਅਸੀਂ ਖਟ ਦਰਸ਼ਨ ਭਾਵ ਦੂਸਰੇ ਜੋ ਛੇ ਫ਼ਿਰਕੇ ਹਨ ਉਨ੍ਹਾਂ ਨੂੰ ਪਹਿਲਾਂ ਹੀ ਹਰਾ
ਚੁੱਕੇ ਹਾਂ, ਨਾਨਕ ਹੁਣ ਤੂੰ ਕਲਜੁਗ ਭਾਵ ਅਗਿਆਨਤਾ ਲੈ ਕੇ ਆ ਗਿਆ ਹੈਂ। ਇਹ ਗੱਲ ਕਰਕੇ ਆਪਣਾ
ਪਰਭਾਵ ਪਾਉਣ ਲਈ ਸਾਰੇ ਸਿੱਧ ਤੰਤ੍ਰ ਮੰਤ੍ਰ ਦੇ ਗਿਆਨ ਦੀਆ ਧੁਨੀਆ ਦਾ ਰੋਹਬ ਪਾਉਣ ਲੱਗੇ, ਭਾਵ
ਆਪਣੀ ਧੌਂਸ ਜਮਾਉਣ ਲੱਗੇ। ਕੁੱਝ ਜੋਗੀ ਜਿਵੇ ਪੰਛੀ ਇਕੱਠੇ ਹੋ ਕੇ ਕਈ ਵਾਰ ਖੰਭ ਫੜ ਫੜਾਉਂਦੇ ਹਨ,
ਇਸ ਤਰ੍ਹਾਂ ਕਰਨ ਲੱਗੇ। ਜਿਹੜੇ ਸਿੱਧ ਆਪਣੇ ਆਪ ਨੂੰ ਸ਼ਾਂਤ ਸੁਭਾ ਵਾਲੇ ਅਖਵਾਉਂਦੇ ਸਨ, ਉਹਨਾਂ ਨੇ
ਆਪਣੇ ਰੂਪ ਵਟਾ ਲਏ, ਭਾਵ ਸ਼ੇਰਾਂ ਅਤੇ ਬਘਿਆੜਾਂ ਵਾਂਗ ਗਰਜ ਕੇ ਆਪਣਾ ਪਰਭਾਵ ਨਾਨਕ ਜੀ ਉੱਪਰ ਪਾਉਣ
ਲਈ ਕਰੋਧਿਤ ਹੋ ਗਏ। ਇਸ ਤਰ੍ਹਾਂ ਉਹਨਾਂ ਆਪਣਾ ਰੂਪ ਵਟਾ ਕੇ ਬੜੇ ਫੋਕੇ ਰਿੱਧੀਆਂ ਸਿੱਧੀਆਂ ਦੇ
ਚਲਿਤ੍ਰ ਕੀਤੇ। ਕੁੱਝਕੁ ਬਾਬੇ ਨਾਨਕ ਜੀ ਨੂੰ ਡਰਾਉਣ ਲਈ ਸੱਪਾਂ ਵਾਂਗ ਫੂਂਕਾਰੇ ਮਾਰ ਕੇ ਡਰਾਉਣ
ਲੱਗੇ ਕਿ ਭਸਮ ਕਰ ਦਿਆਂਗੇ। ਕੁੱਝਕੁ ਨੇ ਆਪਣੇ ਮੂੰਹ ਤੋਂ ਅੰਗਿਆਰ ਵਰਾਉਣੇ, ਭਾਵ ਤੱਤੇ ਬੋਲ ਬੋਲਣੇ
ਸ਼ੁਰੂ ਕਰ ਦਿੱਤੇ ਅਤੇ ਬਾਬੇ ਨਾਨਕ ਜੀ ਨੂੰ ਭੰਗਰਨਾਥ ਦੇ ਨਾਮ ਨਾਲ ਸੰਬੋਧਤ ਹੋ ਕੇ ਆਖਿਆ ਕਿ ਜੋ
ਤੂੰ ਤਾਰੇ ਤੋੜਦਾ ਹੈਂ, ਭਾਵ ਉੱਚੀਆਂ ਗੱਲਾਂ ਕਰਦਾ ਹੈਂ, ਜੋ ਤੂੰ ਇਹ ਆਖਦਾ ਹੈਂ ਕਿ ਗ੍ਰਿਹਸਤ
ਵਿੱਚ ਰਹਿਕੇ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ, ਇਹ ਗੱਲ ਕਿਸੇ ਨੂੰ ਹਿਰਨ ਦੀ ਖੱਲ ਉੱਪਰ ਬੈਠ ਕੇ
ਜਲ ਰੂਪ ਸਮੁੰਦਰ ਤਰ ਜਾਣ ਦੀ ਗ਼ਲਤ ਸਲਾਹ ਦੇਣ ਦੇ ਬਰਾਬਰ ਹੈ। ਤੇਰੀ ਇਹ ਗੱਲ ਜੋ ਸਾਡੀ ਵੀਚਾਰਧਾਰਾ
ਦੇ ਉਲਟ ਹੈ, ਨੂੰ ਸੁਣਕੇ ਸਾਨੂੰ ਅੱਗ ਲੱਗ ਗਈ ਹੈ, ਜੋ ਹੁਣ ਬੁਝਾਇਆਂ ਵੀ ਨਹੀਂ ਬੁਝਦੀ।
ਨੋਟ: - ਇਸ ਤੋਂ ਅੱਗੇ ਬਾਬੇ ਨਾਨਕ ਪਾਤਸਾਹ ਜੀ ਉੱਪਰ ਆਪਣੇ ਤੰਤਰ ਮੰਤਰ ਦਾ ਪ੍ਰਭਾਵ ਨਾ ਪੈਂਦਾ
ਵੇਖ ਕੇ ਜੋਗੀਆਂ ਨੇ ਆਪਣਾ ਰੁਖ਼ ਬਦਲਿਆ। ---ਚਲਦਾ
ਬਲਦੇਵ
ਸਿੰਘ ਟੋਰਾਂਟੋ