ਜਸਬੀਰ ਸਿੰਘ ਵੈਨਕੂਵਰ
ਗੁਰਬਾਣੀ ਵਿੱਚ ਸਮੇਂ ਸਥਾਨ ਆਦਿ ਨਾਲ ਸਬੰਧਤ ਹਵਾਲੇ ਅਤੇ ਗੁਰਬਾਣੀ ਦਾ ਸੱਚ
ਗੁਰੂ ਗ੍ਰੰਥ ਸਾਹਿਬ ਵਿੱਚ
ਗੁਰਬਾਣੀ ਦਾ ਸੱਚ ਜਨ-ਸਾਧਾਰਨ ਦੀ ਸਮਝ ਗੋਚਰਾ ਕਰਨ ਲਈ ਮੁਹਾਵਰੇ ਅਤੇ ਅਖਾਣਾਂ ਦੀ ਵਰਤੋਂ ਦੇ ਨਾਲ
ਨਾਲ ਭਿੰਨ ਭਿੰਨ ਸਥਾਨਾਂ ਅਤੇ ਸਮਾਜ ਵਿੱਚ ਪ੍ਰਚਲਤ ਵੱਖ ਵੱਖ ਮਾਨਤਾਵਾਂ ਦੀ ਵੀ ਭਰਪੂਰ ਵਰਤੋਂ
ਕੀਤੀ ਹੋਈ ਹੈ। ਗੁਰਬਾਣੀ ਵਿੱਚ ਜਿਸ ਤਰ੍ਹਾਂ ਅਨਮਤੀਆਂ (ਭਾਵ ਦੂਜੇ ਧਰਮਾਂ) ਦੀ ਸ਼ਬਦਾਵਲੀ ਦੀ
ਵਰਤੋਂ ਕੀਤੀ ਹੈ; ਇਸੇ ਤਰ੍ਹਾਂ ਉਸ ਸਮੇਂ ਦੀਆਂ ਮਨੌਤਾਂ ਦਾ ਵੀ ਵਰਣਨ ਕੀਤਾ ਹੋਇਆ ਹੈ। ਇਨ੍ਹਾਂ
ਮਨੌਤਾਂ ਆਦਿ ਦਾ ਹਵਾਲਾ ਦੇਣ ਲਗਿਆਂ ਕੇਵਲ ਇਨ੍ਹਾਂ ਦੇ ਪ੍ਰਚਲਤ ਭਾਵ ਨੂੰ ਹੀ ਮੁੱਖ ਰੱਖਿਆ ਗਿਆ
ਹੈ। ਇਨ੍ਹਾਂ ਦੀ ਵਰਤੋਂ ਕਰਨ ਦਾ ਹਰਗ਼ਿਜ਼ ਇਹ ਭਾਵ ਨਹੀਂ ਹੈ ਕਿ ਬਾਣੀਕਾਰ ਇਨ੍ਹਾਂ ਧਾਰਨਾਵਾਂ ਨਾਲ
ਸਹਿਮਤ ਸਨ; ਨਹੀਂ, ਹਰਗ਼ਿਜ਼ ਨਹੀਂ। ਇਹ ਗੱਲ ਸਾਨੂੰ ਬਾਣੀ ਵਿਚੋਂ ਹੀ ਸਪਸ਼ਟ ਹੁੰਦੀ ਹੈ। ਉਦਾਹਰਣ
ਵਜੋਂ ਜਨਮ ਤੋਂ ਹੀ ਕਿਸੇ ਨੂੰ ਉੱਚਾ ਅਤੇ ਕਿਸੇ ਨੂੰ ਨੀਵਾਂ ਸਮਝਣ ਦੀ ਧਾਰਨਾ ਨਾਲ ਬਾਣੀਕਾਰਾਂ ਦੀ
ਬਿਲਕੁਲ ਹੀ ਸਹਿਮਤੀ ਨਹੀਂ ਹੈ। ਪਰੰਤੂ ਗੁਰਬਾਣੀ ਵਿੱਚ ਕਈ ਥਾਈਂ ਪ੍ਰਭੂ ਨਾਮ ਦੀ ਮਹਾਨਤਾ ਦਰਸਾਉਣ
ਲਈ ਇਸ ਤਰ੍ਹਾਂ ਦੇ ਦ੍ਰਿਸ਼ਟਾਂਤ ਆਮ ਹੀ ਦਿੱਤੇ ਗਏ ਹਨ:
ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ॥ ਪੂਛਹੁ ਬਿਦਰ ਦਾਸੀ ਸੁਤੈ
ਕਿਸਨੁ ਉਤਰਿਆ ਘਰਿ ਜਿਸੁ ਜਾਇ॥ ੧॥ . . ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇੱਕ ਗਾਇ॥
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ॥ ੨॥ (ਪੰਨਾ ੭੩੩)
ਅਰਥ: ਹੇ ਭਾਈ! ਨੀਵੀਂ ਜਾਤਿ ਵਾਲਾ ਮਨੁੱਖ ਭੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ
ਦਰਜਾ ਹਾਸਲ ਕਰ ਲੈਂਦਾ ਹੈ (ਜੇ ਯਕੀਨ ਨਹੀਂ ਆਉਂਦਾ, ਤਾਂ ਕਿਸੇ ਪਾਸੋਂ) ਦਾਸੀ ਦੇ ਪੁੱਤਰ ਬਿਦਰ ਦੀ
ਗੱਲ ਪੁੱਛ ਵੇਖੋ। ਉਸ ਬਿਦਰ ਦੇ ਘਰ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ। ੧।
ਹੇ ਭਾਈ! (ਭਗਤ) ਰਵਿਦਾਸ (ਜਾਤਿ ਦਾ ਚਮਾਰ (ਸੀ, ਉਹ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਸੀ, ਉਹ
ਹਰ ਵੇਲੇ ਪ੍ਰਭੂ ਦੀ ਕੀਰਤੀ ਗਾਂਦਾ ਰਹਿੰਦਾ ਸੀ। ਨੀਵੀਂ ਜਾਤਿ ਦਾ ਰਵਿਦਾਸ ਮਹਾਂ ਪੁਰਖ ਬਣ ਗਿਆ।
ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ। ੨।
ਗੁਰੂ ਸਾਹਿਬ ਜਾਤ-ਪਾਤ ਵਿੱਚ ਵਿਸ਼ਵਾਸ਼ ਨਹੀਂ ਸੀ ਕਰਦੇ। ਆਮ ਲੋਕਾਂ ਦੀ ਇਨ੍ਹਾਂ ਭਗਤਾਂ ਬਾਰੇ ਜੋ
ਧਾਰਨਾ ਹੈ, ਗੁਰਦੇਵ ਕੇਵਲ ਉਸ ਦਾ ਹੀ ਪ੍ਰਗਟਾਵਾ ਕਰ ਰਹੇ ਹਨ। ਇਹ ਪ੍ਰਗਟਾਵਾ ਕੇਵਲ ਇਸ ਲਈ ਕੀਤਾ
ਗਿਆ ਹੈ ਕਿ ਜਨ-ਸਾਧਾਰਨ ਨੂੰ ਨਾਮ ਦੀ (ਭਾਵ ਪ੍ਰਭੂ ਗੁਣਾਂ ਦੀ) ਮਹਿਮਾ ਦ੍ਰਿੜ ਕਰਵਾਈ ਜਾ ਸਕੇ।
ਗੁਰੂ ਸਾਹਿਬ ਕਿਸੇ ਨੂੰ ਵੀ ਜਨਮ ਤੋਂ ਉੱਚਾ ਜਾਂ ਨੀਵਾਂ ਨਹੀਂ ਮੰਨਦੇ। ਗੁਰਬਾਣੀ ਦੀ ਜੀਵਨ-ਜੁਗਤ
ਵਿੱਚ ਕੋਈ ਵੀ ਪ੍ਰਾਣੀ ਜਨਮ ਤੋਂ ਨਹੀਂ ਬਲਕਿ ਆਪਣੇ ਕਰਮ ਕਾਰਨ ਹੀ ਉੱਚਾ ਜਾਂ ਨੀਵਾਂ ਹੈ। ਗੁਰਬਾਣੀ
ਵਿੱਚ ਇਸ ਲਈ ਹੀ ਜਾਤ ਅਭਿਮਾਨ ਨੂੰ ਭਿਆਨਕ ਆਤਮਕ ਰੋਗ ਸਮਝ ਕੇ ਮਨੁੱਖ ਨੂੰ ਇਸ ਤੋਂ ਉਪਰ ਉਠਣ ਲਈ
ਉਤਸ਼ਾਹਤ ਕੀਤਾ ਹੈ:
ਜਾਤਿ ਕਾ ਗਰਬੁ ਨ ਕਰੀਅਹੁ ਕੋਈ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥
੧॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ ੧॥ ਰਹਾਉ॥ (ਪੰਨਾ
੧੧੨੭)
ਅਰਥ: ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ। ਇਸ ਮਾਣ-ਅਹੰਕਾਰ ਤੋਂ
(ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ। ੧। ਰਹਾਉ।
ਹੇ ਭਾਈ! ਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿਓ। ( ‘ਜਾਤਿ’ ਦੇ ਆਸਰੇ ਬ੍ਰਾਹਮਣ ਨਹੀਂ
ਬਣੀਦਾ) ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ
ਲੈਂਦਾ ਹੈ। ੧।
ਇਸ ਫ਼ਰਮਾਨ ਅਤੇ ਇਸ ਤਰ੍ਹਾਂ ਦੇ ਭਾਵ ਦੇ ਹੋਰ ਫ਼ਰਮਾਨਾਂ ਵਿੱਚ ਜਾਤ-ਪਾਤ ਸਬੰਧੀ ਬਾਣੀਕਾਰਾਂ ਦਾ
ਦ੍ਰਿਸ਼ਟੀਕੋਣ ਸਪਸ਼ਟ ਰੂਪ ਵਿੱਚ ਉਘੜ ਕੇ ਸਾਡੇ ਸਾਹਮਣੇ ਆਉਂਦਾ। ਇਸ ਲਈ ਗੁਰਬਾਣੀ ਵਿੱਚ ‘ਨੀਚ ਜਾਤਿ
ਹਰਿ ਜਪਤਿਆ ਉਤਮ ਪਦਵੀ ਪਾਇ’ ਦਾ ਇਹ ਕਦਾਚਿਤ ਭਾਵ ਨਹੀਂ ਕਿ ਗੁਰੂ ਸਾਹਿਬਾਨ ਸਮਾਜ ਵਿੱਚ ਪ੍ਰਚਲਤ
ਇਸ ਤਰ੍ਹਾਂ ਦੀ ਧਾਰਨਾ ਨਾਲ ਸਹਿਮਤ ਸਨ।
ਇਸ ਤਰ੍ਹਾਂ ਹੀ ਬਾਣੀਕਾਰਾਂ ਨੇ ਗੁਰਬਾਣੀ ਦੀ ਜੀਵਨ-ਜੁਗਤ ਸਮਝਾਉਣ ਲਈ ਜੋ ਦ੍ਰਿਸ਼ਟਾਂਤ ਦਿੱਤੇ ਹਨ,
ਉਹ ਸਮੇਂ ਸਥਾਨ ਆਦਿ ਨਾਲ ਸਬੰਧਤ ਹਨ। ਸਮੇਂ ਦੇ ਬੀਤਨ ਨਾਲ ਇਨ੍ਹਾਂ ਵਿਚੋਂ ਕਈਆਂ ਦੀ ਅੱਜ ਉਸੇ ਰੂਪ
ਵਿੱਚ ਉਹ ਸਾਰਥਕਤਾ ਨਹੀਂ ਰਹੀ, ਜੋ ਉਸ ਸਮੇਂ ਇਨ੍ਹਾਂ ਦੀ ਸਾਰਥਕਤਾ ਸੀ। ਇਸ ਗੱਲ ਦੀ ਪੂਰੀ
ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ਬਹੁਤ ਸਾਰੀਆਂ ਪੁਰਾਣੀਆਂ ਮਾਨਤਾਵਾਂ ਅਤੇ ਕਦਰਾਂ-ਕੀਮਤਾਂ ਦੀ ਉਹ
ਮਹੱਤਾ ਨਾ ਰਹੇ ਜੋ ਅੱਜ ਤੀਕ ਬਣੀ ਹੋਈ ਹੈ। ਪਰ ਇਨ੍ਹਾਂ ਦ੍ਰਿਸ਼ਟਾਤਾਂ ਦੀ ਵਰਤੋਂ ਕਰਕੇ ਜੋ
ਗੁਰਬਾਣੀ ਦਾ ਸੱਚ ਦ੍ਰਿੜ ਕਰਵਾਇਆ ਗਿਆ ਹੈ, ਉਹ ਅੱਜ ਵੀ ਉਤਨਾ ਹੀ ਸਾਰਥਕ ਹੈ ਜਿਤਨਾ ਗੁਰੂ ਕਾਲ
ਜਾਂ ਗੁਰੂ ਕਾਲ ਤੋਂ ਪਹਿਲਾਂ ਸੀ ਅਤੇ ਭਵਿੱਖ ਵਿਚਵੀ ਸਾਰਥਕ ਹੀ ਰਹੇਗਾ। ਗੁਰੂ ਗ੍ਰੰਥ ਸਾਹਿਬ
ਵਿਚੋਂ ਅਸੀਂ ਕੁੱਝ ਕੁ ਸਮੇਂ ਅਤੇ ਸਥਾਨ ਆਦਿ ਨਾਲ ਸਬੰਧਤ ਸੱਚ ਦੀਆਂ ਉਦਾਰਹਣਾਂ ਦੇ ਰਹੇ ਹਾਂ ਤਾਂ
ਕਿ ਪਾਠਕ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਣ।
(ੳ) ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ॥ ਪਿਰਮ ਪਦਾਰਥੁ ਮੰਨਿ ਲੈ
ਧੰਨੁ ਸਵਾਰਣਹਾਰੁ॥ ਹੁਕਮੁ ਪਛਾਣੈ ਊਜਲਾ ਸਿਰਿ ਕਾਸਟ ਲੋਹਾ ਪਾਰਿ॥ ਤ੍ਰਿਸਨਾ ਛੋਡੈ ਭੈ ਵਸੈ ਨਾਨਕ
ਕਰਣੀ ਸਾਰੁ॥ (ਪੰਨਾ ੧੦੮੯) ਅਰਥ: ਕਾਂ ਤੋਂ ਚਿੱਟਾ (ਹੰਸ) ਨਹੀਂ ਬਣ ਸਕਦਾ, ਲੋਹੇ ਦੀ
ਬੇੜੀ (ਨਦੀ ਦਾ) ਪਾਰਲਾ ਕੰਢਾ ਨਹੀਂ ਲੱਭ ਸਕਦੀ; ਪਰ ਸ਼ਾਬਾਸੇ ਉਸ ਸਵਾਰਨ ਵਾਲੇ (ਗੁਰੂ) ਨੂੰ (ਜਿਸ
ਦੀ ਮਤਿ ਲੈ ਕੇ ਕਾਂ ਵਰਗੇ ਕਾਲੇ ਮਨ ਵਾਲਾ ਭੀ) ਪਰਮਾਤਮਾ ਦਾ ਨਾਮ ਅੰਗੀਕਾਰ ਕਰਦਾ ਹੈ, ਹੁਕਮ
ਪਛਾਣਦਾ ਹੈ ਤਾਂ (ਕਾਂ ਤੋਂ) ਹੰਸ ਬਣ ਜਾਂਦਾ ਹੈ (ਜਿਵੇਂ) ਲੱਕੜ ਦੇ ਆਸਰੇ ਲੋਹਾ (ਨਦੀ ਦੇ) ਪਾਰਲੇ
ਕੰਢੇ ਜਾ ਲੱਗਦਾ ਹੈ; (ਗੁਰੂ ਦੇ ਆਸਰੇ) ਹੇ ਨਾਨਕ! ਉਹ ਤ੍ਰਿਸ਼ਨਾ ਤਿਆਗਦਾ ਹੈ ਤੇ ਰੱਬ ਦੇ ਡਰ ਵਿੱਚ
ਜੀਊਂਦਾ ਹੈ, (ਬੱਸ!) ਇਹੀ ਕਰਣੀ ਸਭ ਤੋਂ ਚੰਗੀ ਹੈ।
ਗੁਰੂ ਕਾਲ ਵਿੱਚ ਮਨੁੱਖ ਨੇ ਰੱਬੀ ਹੁਕਮ ਦੇ ਇਸ ਰਹੱਸ ਨੂੰ ਨਹੀਂ ਸੀ ਸਮਝਿਆ ਕਿ ਲੋਹੇ ਦੀ ਬੇੜੀ
ਅਥਵਾ ਜਹਾਜ਼’ ਤੇ ਸਵਾਰ ਹੋ ਕੇ ਦਰਿਆ ਅਤੇ ਸਮੁੰਦਰ `ਚੋਂ ਪਾਰ ਲੰਘਿਆਂ ਜਾ ਸਕਦਾ ਹੈ। ਵਿਗਿਆਨੀਆਂ
ਨੂੰ ਜਿਉਂ ਹੀ ਇਹ ਰਹੱਸ ਸਮਝ ਵਿੱਚ ਆਇਆ ਤਾਂ ਉਨ੍ਹਾਂ ਨੇ ਜਹਾਜ਼ ਬਣਾ ਕੇ ਇਹ ਚਮਤਕਾਰ ਕਰ ਦਿਖਾਇਆ।
ਭਵਿੱਖ ਵਿੱਚ ਜਿਉਂ ਜਿਉਂ ਕੁਦਰਤ ਦੇ ਇਨ੍ਹਾਂ ਭੇਦਾਂ ਦੀ ਮਨੁੱਖ ਨੂੰ ਸਮਝ ਆਵੇਗੀ, ਹੋਰ ਉਲਾਘਾਂ
ਪੁਟੇਗਾ।
(ਅ) ਸੋ ਗਿਰਹੀ ਜੋ ਨਿਗ੍ਰਹੁ ਕਰੈ॥ ਜਪੁ ਤਪੁ ਸੰਜਮੁ ਭੀਖਿਆ ਕਰੈ॥ ਪੁੰਨ
ਦਾਨ ਕਾ ਕਰੇ ਸਰੀਰੁ॥ ਸੋ ਗਿਰਹੀ ਗੰਗਾ ਕਾ ਨੀਰੁ॥ (ਪੰਨਾ ੯੫੨) ਅਰਥ: (ਅਸਲ) ਗ੍ਰਿਹਸਤੀ
ਉਹ ਹੈ ਜੋ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਦਾ ਹੈ, ਜੋ (ਪ੍ਰਭੂ ਪਾਸੋਂ) ਜਪ ਤਪ ਤੇ ਸੰਜਮ-ਰੂਪ
ਖ਼ੈਰ ਮੰਗਦਾ ਹੈ; ਜੋ ਆਪਣਾ ਸਰੀਰ (ਭੀ) ਪੁੰਨ ਦਾਨ ਵਾਲਾ ਹੀ ਬਣਾ ਲੈਂਦਾ ਹੈ (ਭਾਵ, ਖ਼ਲਕਤ ਦੀ ਸੇਵਾ
ਤੇ ਭਲਾਈ ਕਰਨ ਦਾ ਸੁਭਾਵ ਜਿਸ ਦੇ ਸਰੀਰ ਨਾਲ ਰਚ-ਮਿਚ ਜਾਂਦਾ ਹੈ); ਉਹ ਗ੍ਰਿਹਸਤੀ ਗੰਗਾ ਜਲ (ਵਰਗਾ
ਪਵਿਤ੍ਰ) ਹੋ ਜਾਂਦਾ ਹੈ।
ਕਿਸੇ ਸਮੇਂ ਗੰਗਾ ਦਾ ਜਲ ਪਵਿੱਤਰਾ ਦਾ ਲਖਾਇਕ ਸੀ ਪਰੰਤੂ ਅੱਜ ਗੰਗਾ ਦਾ ਜਲ ਪਵਿੱਤਰਤਾ ਦਾ ਪ੍ਰਤੀਕ
ਨਹੀਂ ਰਿਹਾ ਹੈ। ਪਰੰਤੂ ਗੁਰੂ ਸਾਹਿਬ ਜਿਸ ਜੀਵਨ-ਜੁਗਤ ਵਲ ਇਸ਼ਾਰਾ ਕਰ ਰਹੇ ਹਨ ਉਹ ਗੰਗਾ ਜਲ ਦੇ
ਅਪਵਿੱਤਰ ਹੋਣ `ਤੇ ਵੀ ਉਤਨਾ ਹੀ ਭਾਵਪੂਰਤ ਹੈ ਜਿਤਨਾ ਇਹ ਪਹਿਲਾਂ ਸੀ।
(ਸ) ਕਲਿ ਪਰਵਾਣੁ ਕਤੇਬ ਕੁਰਾਣੁ॥ ਪੋਥੀ ਪੰਡਿਤ ਰਹੇ ਪੁਰਾਣ॥ ਨਾਨਕ ਨਾਉ
ਭਇਆ ਰਹਮਾਣੁ॥ ਕਰਿ ਕਰਤਾ ਤੂ ਏਕੋ ਜਾਣੁ॥ (ਪੰਨਾ ੯੦੩) ਅਰਥ: (ਇਸਲਾਮੀ ਹਕੂਮਤ ਦੇ ਧੱਕੇ
ਜ਼ੋਰ ਦੇ ਹੇਠ) ਸ਼ਾਮੀ ਕਿਤਾਬਾਂ ਤੇ ਕੁਰਾਨ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ, ਪੰਡਿਤਾਂ ਦੀਆਂ
ਪੁਰਾਣ ਆਦਿਕ ਪੁਸਤਕਾਂ ਰਹਿ ਗਈਆਂ ਹਨ। ਹੇ ਨਾਨਕ! (ਇਸ ਜ਼ੋਰ ਧੱਕੇ ਹੇਠ ਹੀ) ਪਰਮਾਤਮਾ ਦਾ ਨਾਮ
‘ਰਹਮਾਨ’ ਆਖਿਆ ਜਾ ਰਿਹਾ ਹੈ—ਇਹ ਭੀ, ਹੇ ਪੰਡਿਤ! ਕਲਿਜੁਗ (ਦਾ ਲੱਛਣ) ਹੈ (ਕਿਸੇ ਦੇ ਧਾਰਮਿਕ
ਵਿਸ਼ਵਾਸ ਨੂੰ ਧੱਕੇ ਜ਼ੋਰ ਨਾਲ ‘ਧਿਙਾਣੇ’ ਨਾਲ ਦਬਾਣਾ ਕਲਿਜੁਗ ਦਾ ਪ੍ਰਭਾਵ ਹੈ)। ਹੇ ਪੰਡਿਤ! ਕੇਵਲ
ਇਕੋ ਕਰਤਾਰ ਹੀ ਇਹ ਸਭ ਕੁੱਝ ਕਰਨ ਵਾਲਾ ਜਾਣ।
ਇਸ ਫ਼ਰਮਾਨ ਵਿੱਚ ਰਾਜਨੀਤਕ ਹਾਲਾਤ ਬਦਲਣ ਕਾਰਨ ਵਿਸ਼ੇਸ਼ ਸਮੇਂ ਅਤੇ ਇਲਾਕੇ ਵਿੱਚ ਆਏ ਪਰਵਰਤਨ ਦਾ
ਵਰਣਨ ਹੈ। ਗੁਰੂ ਨਾਨਕ ਸਾਹਿਬ ਦੇ ਸਮੇਂ ਇਸਲਾਮ ਦੇ ਪੈਰੋਕਾਰਾਂ ਦਾ ਦੁਨੀਆਂ ਵਿੱਚ ਰਾਜਨੀਤਕ ਤੌਰ
`ਤੇ ਬੋਲ ਬਾਲਾ ਸੀ। ਹਿੰਦੂ ਧਰਮ ਦੇ ਪੈਰੋਕਾਰ ਗ਼ੁਲਾਮਾਂ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਸਨ। ਇਸ ਸ਼ਬਦ
ਵਿੱਚ ਹਜ਼ੂਰ ਇਸ ਹਕੀਕਤ ਦਾ ਹੀ ਵਰਣਨ ਕਰ ਰਹੇ ਹਨ। ਪਰ ਅੱਜ ਭਾਰਤ ਵਿੱਚ ਹਾਲਾਤ ਬਿਲਕੁਲ ਭਿੰਨ ਹਨ।
ਅਜੋਕੇ ਸਮੇਂ ਵਿੱਚ ਹਿੰਦੂ ਧਰਮ ਦੇ ਪੈਰੋਕਾਰਾਂ ਦਾ ਬੋਲ ਬਾਲਾ ਹੈ। ਸਤਿਗੁਰੂ ਜੀ ਨੇ ਇਸ ਸ਼ਬਦ
ਦੁਆਰਾ ਜਿਸ ਸਚਾਈ ਨੂੰ ਪ੍ਰਗਟ ਕੀਤਾ ਹੈ ਉਹ ਅੱਜ ਵੀ ਉਤਨੀ ਹੀ ਸਾਰਥਕ ਹੈ ਅਤੇ ਭਵਿੱਖ ਵਿੱਚ ਵੀ
ਇਤਨੀ ਹੀ ਸਾਰਥਕ ਰਹੇਗੀ।
(ਹ) ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ॥ ਨਾਮ ਬਿਨਾ ਕੈਸੇ ਪਾਰਿ ਉਤਰੈ॥
ਪੰਨਾ ੮੭੨) ਅਰਥ: ਜਿਵੇਂ ਘਰ ਵਿੱਚ ਸ਼ਤੀਰ ਹੈ (ਸ਼ਤੀਰ ਤੋਂ ਬਿਨਾਂ ਘਰ ਦਾ ਛੱਤ) ਨਹੀਂ ਠਹਿਰ
ਸਕਦਾ, ਇਸੇ ਤਰ੍ਹਾਂ ਪ੍ਰਭੂ ਤੇ ਨਾਮ ਤੋਂ ਬਿਨਾਂ (ਮਨੁੱਖ ਦਾ ਮਨ ਸੰਸਾਰ-ਸਮੁੰਦਰ ਦੇ ਘੁੰਮਣ ਘੇਰਾਂ
ਵਿਚੋ) ਪਾਰ ਨਹੀਂ ਲੰਘ ਸਕਦਾ।
ਅਜੋਕੇ ਜੁਗ ਵਿੱਚ ਬੜੇ ਬੜੇ ਲੰਮੇ ਚੌੜੇ ਹਾਲ ਬਿਨਾਂ ਥੰਮਾਂ ਤੋਂ ਬਣੇ ਹੋਏ ਹਨ। ਪਰ ਪੁਰਾਣੇ ਸਮੇਂ
ਵਿੱਚ ਇਹ ਕਲਾ ਇਸ ਰੂਪ ਵਿੱਚ ਵਿਕਸਿਤ ਨਹੀਂ ਸੀ ਹੋਈ ਹੋਈ। ਉਸ ਸਮੇਂ ਮਕਾਨ ਬਣਾਉਣ ਲਈ ਸ਼ਤੀਰ ਦੀ
ਵਰਤੋਂ ਤੋਂ ਬਿਨਾਂ ਛੱਤ ਨਹੀਂ ਸੀ ਪਾਈ ਜਾ ਸਕਦੀ। ਇਸ ਲਈ ਮਨੁੱਖ ਨੂੰ ਇਹ ਗੱਲ ਸਮਝਾਉਣ ਲਈ, ਇਹ
ਦ੍ਰਿਸ਼ਟਾਂਤ ਦਿੱਤਾ ਹੈ ਕਿ ਨਾਮ ਤੋਂ ਬਿਨਾਂ ਮਨੁੱਖ ਦਾ ਪਾਰ ਉਤਾਰਾ ਨਹੀਂ ਹੈ। ਅਜੋਕੇ ਜੁਗ ਵਿੱਚ
ਭਾਵੇਂ ਲੈਂਟਰ ਆਦਿ ਕਾਰਨ ਸ਼ਤੀਰ ਦੀ ਲੋੜ ਨਹੀਂ ਪੈਂਦੀ ਪਰ ਇਸ ਸ਼ਬਦ ਵਿੱਚ ਜੋ ਗੱਲ ਮੁੱਖ ਰੂਪ ਵਿੱਚ
ਆਖੀ ਗਈ ਹੈ ਉਹ ਅੱਜ ਵੀ ਉਤਨੀ ਹੀ ਸੱਚ ਹੈ, ਜਿਤਨੀ ਉਸ ਸਮੇਂ ਜਾਂ ਉਸ ਸਮੇਂ ਤੋਂ ਪਹਿਲਾਂ ਸੀ।
(ਕ) ਨਰੂ ਮਰੈ ਨਰੁ ਕਾਮਿ ਨ ਆਵੈ॥ ਪਸੂ ਮਰੈ ਦਸ ਕਾਜ ਸਵਾਰੈ॥ (ਪੰਨਾ
੮੭੦) ਅਰਥ: (ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਣ ਕਰ ਕੇ ਮੰਦੇ
ਕੰਮ ਕਰਦਾ ਹਾਂ, ਮੇਰਾ ਅਸਲਾ ਤਾਂ ਇਹੀ ਹੈ ਨਾ ਕਿ) ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ (ਦਾ
ਸਰੀਰ) ਕਿਸੇ ਕੰਮ ਨਹੀਂ ਆਉਂਦਾ, ਪਰ ਪਸ਼ੂ ਮਰਦਾ ਹੈ ਤਾਂ (ਫਿਰ ਭੀ ਕਈ ਕੰਮ ਸਵਾਰਦਾ ਹੈ
ਗੁਰੂ ਕਾਲ ਜਾਂ ਗੁਰੂ ਕਾਲ ਤੋਂ ਪਹਿਲਾਂ ਮੈਡੀਕਲ ਦੀ ਦੁਨੀਆਂ ਵਿੱਚ ਮਨੁੱਖ ਨੇ ਇਤਨੀ ਤਰੱਕੀ ਨਹੀਂ
ਸੀ ਕੀਤੀ ਕਿ ਮਨੁੱਖ ਦੇ ਮਿਰਤਕ ਸਰੀਰ ਦੇ ਕਿਸੇ ਅੰਗ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ। ਮਨੁੱਖ
ਉਸ ਸਮੇਂ ਪਸ਼ੂ ਦੇ ਮਿਰਤਕ ਸਰੀਰ ਦੀ ਵਰਤੋਂ ਕਰਨ ਦੇ ਤਾਂ ਸਮਰੱਥ ਸੀ, ਪਰ ਮਨੁੱਖ ਦੇ ਮਿਰਤਕ ਸਰੀਰ
ਨੂੰ ਨਹੀਂ ਸੀ। ਪਸ਼ੂ ਦੇ ਚੰਮ ਅਤੇ ਹੱਡਾਂ ਦੀ ਵਰਤੋਂ ਮਨੁੱਖ ਬਹੁਤ ਚਿਰ ਤੋਂ ਕਰਦਾ ਆ ਰਿਹਾ ਹੈ।
ਪਰੰਤੂ ਜਿਉ ਜਿਉਂ ਵਿਗਿਆਨ ਨੇ ਇਸ ਖੇਤਰ ਵਿੱਚ ਤਰੱਕੀ ਕੀਤੀ ਹੈ ਤਿਵੇਂ ਤਿਵੇਂ ਮਨੁੱਖ ਦੇ ਭਿੰਨ
ਭਿੰਨ ਅੰਗਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਅਜੋਕੇ ਜੁਗ ਵਿੱਚ ਹੋਰ ਕਈ ਢੰਗਾਂ ਨਾਲ ਮੋਏ
ਹੋਏ ਪਸ਼ੂ ਦੇ ਸਰੀਰ ਨੂੰ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਵਿਗਿਆਨ ਦੀ ਦੁਨੀਆਂ ਵਿੱਚ ਹੋਈ ਇਸ
ਉਨਤੀ ਦਾ ਇਹ ਬਿਲਕੁਲ ਭਾਵ ਨਹੀਂ ਹੈ ਕਿ ਗੁਰਬਾਣੀ ਦੇ ਸੱਚ ਦੀ ਅਜੋਕੇ ਪ੍ਰਸੰਗ ਵਿੱਚ ਕੋਈ ਸਾਰਥਕਤਾ
ਨਹੀਂ ਰਹੀ ਹੈ।
ਕਬੀਰ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਇਹ ਗੱਲ ਸਮਝਾਈ ਹੈ ਕਿ ਮਨੁੱਖ ਸਰੀਰ ਦੀ ਮਮਤਾ ਵਿੱਚ ਫਸ ਕੇ ਕਈ
ਤਰ੍ਹਾਂ ਦੇ ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ। ਇਸ ਗੱਲ ਦੀ ਇਹ ਕਦੇ ਵੀ ਵਿਚਾਰ ਨਹੀਂ ਕਰਦਾ ਕਿ
ਅਕਾਲ ਪੁਰਖ ਦੀ ਯਾਦ ਤੋਂ ਬਿਨਾ ਇਹ ਸਰੀਰ ਤਾਂ ਪਸ਼ੂ ਨਾਲੋਂ ਭੀ ਭੈੜਾ ਹੈ। ਇਹ ਉਪਦੇਸ਼ ਅੱਜ ਵੀ ਉਤਨਾ
ਹੀ ਸਾਰਥਕ ਹੈ ਅਤੇ ਭਵਿੱਖ ਵਿੱਚ ਵੀ ਇਤਨਾ ਹੀ ਸਾਰਥਕ ਅਥਵਾ ਭਾਵਪੂਰਤ ਰਹੇਗਾ।
ਸਥਾਨਕ ਸੱਚ:
(ਖ) ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ॥ (੧੧੦੯)
ਅਰਥ: ਪੋਹ (ਦੇ ਮਹੀਨੇ) ਵਿੱਚ ਕੱਕਰ ਪੈਂਦਾ ਹੈ, ਉਹ ਵਣ ਨੂੰ ਘਾਹ ਨੂੰ (ਹਰੇਕ ਘਾਹ-ਬੂਟ ਦੇ) ਰਸ
ਨੂੰ ਸੁਕਾ ਦੇਂਦਾ ਹੈ (ਪ੍ਰਭੂ ਦੀ ਯਾਦ ਭੁਲਾਇਆਂ ਜਿਸ ਮਨੁੱਖ ਦੇ ਅੰਦਰ ਕੋਰਾਪਨ ਜ਼ੋਰ ਪਾਂਦਾ ਹੈ,
ਉਹ ਉਸ ਦੇ ਜੀਵਨ ਵਿਚੋਂ ਪ੍ਰੇਮ-ਰਸ ਸੁਕਾ ਦੇਂਦਾ ਹੈ)।
ਕਈ ਦੇਸ਼ਾਂ ਵਿੱਚ ਪੋਹ ਦੇ ਮਹੀਨੇ ਸਰਦੀ ਨਹੀਂ ਬਲਕਿ ਗਰਮੀ ਹੁੰਦੀ ਹੈ। ਪਰ ਗੁਰੂ ਸਾਹਿਬ ਨੇ ਭਾਰਤ,
ਖ਼ਾਸ ਕਰਕੇ ਪੰਜਾਬ ਦੇ ਮੌਸਮ ਨੂੰ ਸਾਹਮਣੇ ਰੱਖ ਕੇ ਇਸ ਸੱਚ ਨੂੰ ਦ੍ਰਿੜ ਕਰਾਇਆ ਹੈ। ਅਸਟ੍ਰੇਲਿਆ
ਆਦਿ ਦੇਸ਼ਾਂ ਵਿੱਚ ਇਸ ਮਹੀਨੇ ਗਰਮੀ ਹੁੰਦੀ ਹੈ। ਇਹ ਵੀ ਸੰਭਾਵਨਾ ਹੈ ਕਿ ਭਵਿੱਖ ਵਿੱਚ ਪੰਜਾਬ ਦਾ
ਅਜਿਹਾ ਮੌਸਮ ਨਾ ਰਹੇ। ਪਰ ਗੁਰਬਾਣੀ ਵਿੱਚ ਜੋ ਇਹ ਉਪਦੇਸ਼ ਦਿੱਤਾ ਗਿਆ ਹੈ ਉਹ ਸਦੈਵੀ ਹੈ।
ਸੋ, ਗੱਲ ਕੀ, ਗੁਰਬਾਣੀ ਦਾ ਸੱਚ ਦ੍ਰਿੜ ਕਰਾਉਣ ਲਈ ਵਰਤੀ ਗਈ ਸ਼ਬਦਾਵਲੀ ਨੂੰ ਇਸ ਸੰਧਰਭ ਵਿੱਚ ਹੀ
ਸਮਝਣ ਦੀ ਲੋੜ ਹੈ। ਕਈ ਵਿਦਵਾਨ ਇਹ ਸੋਚ ਕੇ ਕਿ ਸਮੇਂ ਅਤੇ ਸਥਾਨ ਦੇ ਸੱਚ ਦੀ ਅੱਜ ਕੋਈ ਸਾਰਥਕਤਾ
ਨਹੀਂ ਹੈ, ਇਸ ਲਈ ਸਮੇਂ ਅਤੇ ਸਥਾਨ ਦੇ ਸੱਚ ਤੋਂ ਹੀ ਇਨਕਾਰ ਕਰਨ ਲੱਗ ਪਏ ਹਨ। ਇਸ ਧਾਰਨਾ ਕਾਰਨ ਹੀ
ਅਜਿਹੇ ਸੱਜਣ ਇਸ ਤਰ੍ਹਾਂ ਦੇ ਹਵਾਲਿਆਂ ਦਾ ਇਸ ਤਰ੍ਹਾਂ ਭਾਵਾਰਥ ਲੈਣ ਲੱਗ ਪਏ ਹਨ ਕਿ ਸਮੇਂ ਅਤੇ
ਸਥਾਨ ਦਾ ਸੱਚ ਅਲੋਪ ਹੀ ਹੋ ਗਿਆ ਹੈ। ਦੂਜੇ ਪਾਸੇ ਕੁੱਝ ਸੱਜਣ ਸਮੇਂ ਅਤੇ ਸਥਾਨ ਨਾਲ ਸਬੰਧਤ ਸੱਚ
ਨੂੰ ਗੁਰਬਾਣੀ ਦੇ ਸੱਚ ਹੀ ਨਾਲ ਰੱਲ-ਗੱਡ ਕਰਕੇ ਇਸ ਨੂੰ ਵੀ ਸਦੈਵੀ ਸੱਚ ਸਮਝ ਰਹੇ ਹਨ। ਇਸ ਤਰ੍ਹਾਂ
ਦੀ ਧਾਰਨਾ ਰੱਖਣ ਵਾਲੇ ਸੱਜਣ ਵਿਗਿਆਨਕ ਸੱਚ ਨੂੰ ਕਬੂਲ ਕਰਨ ਦੀ ਬਜਾਏ ਇਸ ਨੂੰ ਝੂਠਲਾ ਕੇ ਸਮੇਂ
ਅਤੇ ਸਥਾਨ ਦੇ ਸੱਚ ਨੂੰ ਹੀ ਸਦੈਵੀ ਸੱਚ ਮੰਨਣ ਦਾ ਹੱਠ ਨਿਭਾ ਰਹੇ ਹਨ। ਪਰ ਸਾਨੂੰ ਇਹ ਗੱਲ ਨਹੀਂ
ਭੁਲਣੀ ਚਾਹੀਦੀ ਕਿ ਸਦੈਵੀ ਸੱਚ ਕੇਵਲ ਗੁਰਬਾਣੀ ਦਾ ਹੀ ਹੈ। ਇਹ ਹਵਾਲੇ ਜੋ ਜੀਵਨ-ਜੁਗਤ ਨੂੰ
ਸਮਝਾਉਣ ਲਈ ਦਿੱਤੇ ਗਏ ਹਨ, ਉਹ ਸਦੈਵੀ ਸੱਚ ਨਹੀਂ, ਬਲਕਿ ਗੁਰਬਾਣੀ ਦਾ ਸੱਚ ਹੀ ਸਦੈਵੀ ਹੈ।
ਗੁਰਬਾਣੀ ਦੇ ਇਸ ਸੱਚ ਅਥਵਾ ਜੀਵਨ-ਜੁਗਤ ਨੂੰ ਹੀ ਅਪਣਾਉਣ ਦੀ ਲੋੜ ਹੈ।