ਨਿੱਤਨੇਮ ਅਤੇ ਅਰਦਾਸ ਬਾਰੇ ਜੇ ਸਾਂਝੀ ਰਾਇ ਬਣ ਜਾਵੇ ਤਾਂ ਚੰਗੀ ਗੱਲ ਹੈ
‘ਸਿੱਖ ਮਾਰਗ’ ਤੇ ਹੁਣ ਤੱਕ ਰਹਿਤ
ਮਰਯਾਦਾ ਦੀ ਪੜਚੋਲ ਅਤੇ ਤਿੰਨ ਖਰੜੇ ਛਪ ਚੁੱਕੇ ਹਨ। ਸਾਡੀ ਪਹਿਲਾਂ ਤੋਂ ਹੀ ਇਹੀ ਰਾਇ ਰਹੀ ਹੈ ਕਿ
ਕਿਸੇ ਵੀ ਵਿਸ਼ੇ ਬਾਰੇ ਜੇ ਕਰ ਕੋਈ ਸਾਂਝੀ ਰਾਇ ਪੈਦਾ ਕਰਨੀ ਹੋਵੇ ਤਾਂ ਇਸ ਵਿੱਚ ਵੱਧ ਤੋਂ ਵੱਧ
ਵਿਆਕਤੀ ਸ਼ਾਮਲ ਹੋਣ ਤਾਂ ਚੰਗੀ ਗੱਲ ਹੈ। ਇਸ ਤਰ੍ਹਾਂ ਕਰਨ ਨਾਲ ਜਿਹੜੇ ਕਿੰਤੂ ਪ੍ਰੰਤੂ ਬਾਅਦ ਵਿੱਚ
ਉਠਣੇ ਹਨ ਉਹ ਪਹਿਲਾਂ ਹੀ ਵਿਚਾਰ ਕਰਕੇ ਨਜਿੱਠ ਲਏ ਜਾਣ। ਇਸ ਨਾਲ ਸਮਾ ਤਾਂ ਜਰੂਰ ਵੱਧ ਲੱਗ ਜਾਵੇਗਾ
ਪਰ ਇਸ ਦਾ ਫਾਇਦਾ ਇਹ ਹੋਵੇਗਾ ਕਿ ਇਸ ਨੂੰ ਅਪਣਾਉਣ ਦਾ ਘੇਰਾ ਵਿਸ਼ਾਲ ਹੋ ਜਾਵੇਗਾ। ਇਸ ਮਕਸਦ ਨੂੰ
ਮੁੱਖ ਰੱਖ ਕੇ ਅਸੀਂ ਤੱਤ ਗੁਰਮਤਿ ਵਲੋਂ ਪੜਚੋਲ ਵਾਲੇ ਖਰੜੇ ਨੂੰ ਇੱਥੇ ਪਉਣ ਤੋਂ ਬਾਅਦ, ਇੱਕ ਇੱਕ
ਨੁਕਤੇ ਨੂੰ ਲੈ ਕੇ ਵਿਚਾਰ ਚਰਚਾ ਆਰੰਭ ਕੀਤੀ ਸੀ। ਪਰ ਇਸ ਨੂੰ ਕਈ ਕਾਰਣਾ ਕਰਕੇ ਕੁੱਝ ਸਮੇਂ ਬਾਅਦ
ਬੰਦ ਕਰਨਾ ਪਿਆ ਸੀ। ਪਰ ਹੁਣ ਫਿਰ ਦੁਬਾਰਾ ਸੋਧਿਆ ਹੋਇਆ ਖਰੜਾ ਉਹਨਾ ਨੇ ਭੇਜਿਆ ਸੀ ਜੋ ਕਿ ਹੋਰ ਕਈ
ਸਾਈਟਾਂ ਦੇ ਨਾਲ ਸਿੱਖ ਮਾਰਗ ਤੇ ਵੀ ਪਾਇਆ ਗਿਆ ਹੈ। ਇਸ ਬਾਰੇ ਕਈ ਪਾਠਕਾਂ ਦੇ ਵੱਖਰੇ-ਵੱਖਰੇ
ਪ੍ਰਤੀਕਰਮ ਆਏ ਸਨ। ਹੁਣ ਕੱਲ ਫਿਰ ਤੱਤ ਗੁਰਮਤਿ ਵਾਲਿਆਂ ਵਲੋਂ ਇੱਕ ਲੰਮੀ ਲਿਖਤ ਛਪੀ ਹੈ ਜਿਸ ਵਿੱਚ
ਉਹਨਾ ਨੇ ਪੁੱਠਾ ਗੇੜ ਦੇਣ ਵਾਲਿਆਂ ਤੋਂ ਸਾਵਧਾਨ ਰਹਿ ਕੇ ਮੌਕਾ ਸੰਭਾਲਣ ਦੀ ਗੱਲ ਕੀਤੀ ਹੈ। ਇਸ
ਲਿਖਤ ਦੇ ਅਖੀਰ ਵਿੱਚ ਉਹਨਾ ਨੇ ਬਹੁਤ ਸਾਰਿਆਂ ਜਾਗਰਕ ਸਿੱਖਾਂ ਦੇ ਨਾਮ ਲਿਖ ਕੇ ਸੁਝਾਓ/ਪੱਖ ਭੇਜਣ
ਦੀ ਬੇਨਤੀ ਕੀਤੀ ਹੈ। ਇਸ ਨੂੰ ਮੁੱਖ ਰੱਖ ਕੇ ਮੈਂ ਆਪਣੇ ਰੁਝੇਵੇਂ ਵਿਚੋਂ ਕੁੱਝ ਸਮਾ ਕੱਢ ਕੇ ਇਹ
ਕੁੱਝ ਸਤਰਾਂ ਲਿਖ ਕੇ ਆਪਣਾ ਪੱਖ ਰੱਖਣ ਦੀ ਕਸ਼ਿਸ਼ ਕੀਤੀ ਹੈ।
ਰਹਿਤ ਮਰਯਾਦਾ ਦੇ ਹਰ ਇੱਕ ਨੁਕਤੇ ਬਾਰੇ ਵਿਚਾਰ ਦੇਣੇ ਹਾਲ ਦੀ ਘੜੀ ਕੁੱਝ ਮੁਸ਼ਕਲ ਅਤੇ ਲੰਮਾ ਚੌੜਾ
ਕੰਮ ਹੈ। ਮੈਂ ਸਿਰਫ ਦੋ ਨੁਕਤਿਆਂ ਬਾਰੇ ਹੀ ਵਿਚਾਰ ਦੇਣੇ ਹਨ ਜਿਹੜੇ ਕਿ ਹਰ ਇੱਕ ਦੇ ਨਿੱਜੀ ਜੀਵਨ
ਨਾਲ ਸੰਬੰਧਿਤ ਹਨ ਅਤੇ ਇਸ ਨੂੰ ਹਰ ਉਹ ਵਿਆਕਤੀ ਅਪਣਾ ਸਕਦਾ ਹੈ ਜਿਹੜਾ ਕਿ ਦਸਮ ਗ੍ਰੰਥ ਦੀ ਅਸਲੀਅਤ
ਨੂੰ ਸਮਝ ਚੁੱਕਾ ਹੈ ਅਤੇ ਉਹ ਪੂਰਨ ਤੌਰ ਤੇ ਇਸ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਹੈ। ਇਹ ਦੋ ਨੁਕਤੇ
ਹਨ, ਨਿੱਤਨੇਮ ਦੀਆਂ ਬਾਣੀਆਂ ਅਤੇ ਅਰਦਾਸ। ਮੀਡੀਏ ਵਿੱਚ ਛਪੀਆਂ ਲਿਖਤਾਂ ਦੇ ਅਧਾਰ ਨੂੰ ਜੇ ਸੱਚ
ਮੰਨ ਲਿਆ ਜਾਵੇ ਤਾਂ ਹੁਣ ਤੱਕ ਹਜ਼ਾਰਾਂ ਹੀ ਵਿਆਕਤੀ ਐਸੇ ਹੋਣਗੇ ਜੋ ਕਿ ਦਸਮ ਗ੍ਰੰਥ ਦੀ ਅਸਲੀਅਤ
ਨੂੰ ਸਮਝ ਚੁੱਕੇ ਹਨ। ਇਹਨਾਂ ਵਿਚੋਂ ਕਈ ਤਾਂ ਪਹਿਲਾਂ ਹੀ ਦਸਮ ਗ੍ਰੰਥ ਦੀਆਂ ਸਾਰੀਆਂ ਲਿਖਤਾਂ ਤੋਂ
ਖਹਿੜਾ ਛੁਡਾ ਚੁੱਕੇ ਹੋਣਗੇ, ਕਈ ਹਾਲੇ ਵਿੱਚ ਵਿਚਾਲੇ ਹੋਣਗੇ ਅਤੇ ਕਈ ਆਉਣ ਵਾਲੇ ਸਮੇ ਲਈ ਕਿਸੇ
ਖਾਸ ਸੇਧ ਦੀ ਉਡੀਕ ਵਿੱਚ ਹੋਣਗੇ। ਹੁਣ ਐਸ ਵੇਲੇ ਉਹ ਸਾਰੇ ਹੀ ਜਿਹੜੇ ਕਿ ਸਮੁੱਚੇ ਦਸਮ ਗ੍ਰੰਥ ਨੂੰ
ਰੱਦ ਕਰ ਚੁੱਕੇ ਹਨ ਉਹਨਾ ਸਾਰਿਆਂ ਦੀ ਹੀ ਆਪਣੀ ਵੱਖਰੀ ਅਰਦਾਸ ਅਤੇ ਨਿੱਤਨੇਮ ਹੋਵੇਗਾ। ਇਸ ਬਾਰੇ
ਫਰੀਦਾਬਾਦ ਵਾਲੇ ਸਿੱਖ ਬਹੁਤ ਸਮਾ ਪਹਿਲਾਂ ਹੀ ਆਪਣੇ ਵਿਚਾਰ ਪ੍ਰਗਟ ਕਰ ਚੁੱਕੇ ਹਨ ਕਿ ਭਗੌਤੀ ਦੇਵੀ
ਤੋਂ ਕਾਫੀ ਦੇਰ ਪਹਿਲਾਂ ਤੋਂ ਹੀ ਖਹਿੜਾ ਛੁਡਾ ਚੁੱਕੇ ਹਨ। ਇਸ ਤਰ੍ਹਾਂ ਦੇ ਖਿਆਲ ਕਈ ਸਿੱਖ ਮਾਰਗ
ਦੇ ਪਾਠਕ/ਲੇਖਕ ਵੀ ਪ੍ਰਗਟ ਕਰ ਚੁੱਕੇ ਹਨ। ਨਿਊਜ਼ੀਲੈਂਡ ਅਤੇ ਹੋਰ ਕਈ ਦੇਸ਼ਾਂ ਦੇ ਸਿੱਖ ਵੀ ਇਸ ਬਾਰੇ
ਕਾਫੀ ਦੇਰ ਤੋਂ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਆ ਰਹੇ ਹਨ। ਹੁਣ ਇਹਨਾ ਸਾਰਿਆਂ ਦੇ ਹੀ
ਵੱਖਰੇ-ਵੱਖਰੇ ਨਿਤਨੇਮ ਅਤੇ ਅਰਦਾਸਾਂ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਹੋਣਗੇ। ਕਿਉਂ ਨਾ
ਪਹਿਲਾਂ ਇਹ ਇੱਕ ਕਰ ਲਿਆ ਜਾਵੇ ਜੋ ਕਿ ਰਹਿਤ ਮਰਯਾਦਾ ਦਾ ਸਭ ਤੋਂ ਜ਼ਰੂਰੀ ਅਤੇ ਮੁੱਖ ਕੰਮ ਹੈ। ਇਸ
ਵਿੱਚ ਕਿਸੇ ਦੀ ਵੀ ਕੋਈ ਦਖਲ ਅੰਦਾਜ਼ੀ ਨਹੀਂ ਹੋ ਸਕਦੀ ਅਤੇ ਨਾ ਹੀ ਕਿਸੇ ਨਾਲ ਕੋਈ ਝਗੜਾ ਕਰਨ ਦੀ
ਗੱਲ ਹੈ। ਰਹਿਤ ਮਰਯਾਦਾ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਨੂੰ ਬਦਲ ਕੇ ਲਾਗੂ ਕਰਨਾ ਮੁਸ਼ਕਲ ਅਤੇ
ਝਗੜੇ ਦਾ ਕਾਰਨ ਬਣ ਸਕਦਾ ਹੈ। ਇਸ ਲਈ ਸਾਰਿਆਂ ਨੂੰ ਇਸ ਬਾਰੇ ਦੀਰਘ ਵਿਚਾਰ ਕਰਨ ਦੀ ਲੋੜ ਹੈ। ਹੁਣ
ਜੇ ਕਰ ਇਹ ਸੋਚੀਏ ਕਿ ਮਰਯਾਦਾ ਵਿਚਲੀਆਂ ਖਾਮੀਆਂ ਨੂੰ ਸ਼੍ਰੋਮਣੀ ਕਮੇਟੀ ਅਤੇ ਕਥਿਤ ਜਥੇਦਾਰ ਦੂਰ
ਕਰਨਗੇ ਤਾਂ ਸੁਪਨੇ ਦੀ ਨਿਆਈ ਹੋਵੇਗਾ। ਉਹ ਹੋਰ ਵਿਗਾੜ ਤਾਂ ਸਕਦੇ ਹਨ ਪਰ ਠੀਕ ਨਹੀਂ ਕਰ ਸਕਦੇ।
ਜਿਵੇਂ ਕਿ ਨਾਨਕ ਸ਼ਾਹੀ ਕੈਲੰਡਰ ਨਾਲ ਕੀਤਾ ਹੈ।
ਆਓ ਹੁਣ ਨਿਤਨੇਮ ਦੀਆਂ ਬਾਣੀਆਂ ਤੇ ਵਿਚਾਰ ਕਰੀਏ ਕਿ ਕਿਹੜੀਆਂ ਪੜ੍ਹਨੀਆਂ ਚਾਹੀਦੀਆਂ ਹਨ। ਪਹਿਲਾਂ
ਤਾਂ ਜੋ ਇੱਥੇ ਜੋ ਖਰੜਿਆਂ ਵਿੱਚ ਦਰਜ਼ ਹਨ ਉਹ ਲਿਖ ਕੇ ਆਪਣੇ ਵਿਚਾਰ ਦਿੰਦਾ ਹਾਂ।
1- ਤੱਤ ਗੁਰਮਤਿ ਦੇ ਖਰੜੇ ਅਨੁਸਾਰ:
ਨਿਤਨੇਮ ਦੀਆਂ ਬਾਣੀਆਂ
ਪ੍ਰਭਾਤ ਵੇਲੇ: ਜਪੁ (ਮੰਗਲਾਚਰਨ ਸਮੇਤ)
ਸ਼ਾਮ ਵੇਲੇ : ਸੋਦਰ ਅਤੇ ਸੋ ਪੁਰਖ ਵਾਲੇ ਨੌ ਸ਼ਬਦ
ਸੌਣ ਵੇਲੇ : ਸੋਹਿਲਾ
2- ਗੁਰਮੀਤ ਸਿੰਘ ਆਸਟ੍ਰੇਲੀਆਂ ਅਤੇ ਉਸ ਦੇ ਕਿਸੇ ਹੋਰ ਸਹਿਯੋਗੀ
ਅਨੁਸਾਰ ਜੇ ਕਰ ਕੋਈ ਹੈ:
ਨਿੱਤਨੇਮ ਦੀਆਂ ਬਾਣੀਆਂ
ਸਵੇਰੇ, ਜਪੁ ਜੀ ਸਾਹਿਬ (ਗੁਰੂ ਗਰੰਥ ਸਾਹਿਬ ਪੰਨਾ 1 ਤੋਂ 8);
ਸ਼ਾਮ ਸਮੇਂ, ਰਹਰਾਸਿ (ਗੁਰੂ ਗਰੰਥ ਸਾਹਿਬ ਪੰਨਾ 8 ਤੋਂ 12);
ਰਾਤ ਨੂੰ ਸੌਣ ਵੇਲੇ, ਸੋਹਿਲਾ (ਗੁਰੂ ਗਰੰਥ ਸਾਹਿਬ ਪੰਨਾ 12-13);
ਇਨ੍ਹਾਂ ਬਾਣੀਆਂ ਤੋਂ ਉਪ੍ਰੰਤ, ਗੁਰੂ ਗਰੰਥ ਸਾਹਿਬ ਵਿਚੋਂ ਹੋਰ ਬਾਣੀਆਂ ਦਾ ਪਾਠ ਭੀ ਸੋਚ-ਸਮਝ ਕੇ
ਕੀਤਾ ਜਾਵੇ।
3- ਗੁਰਮਤਿ ਟਕਸਾਲ ਵਲੋਂ, ਜਿਸ ਵਿੱਚ ਕਈ ਵਿਦਵਾਨਾਂ ਦੇ ਨਾਮ ਸ਼ਾਮਲ
ਹਨ:
ਨਿਤਨੇਮ (ਤੇ ਖੰਡੇ ਦੀ ਪਾਹੁਲ) ਦੀਆਂ ਪੰਜ ਬਾਣੀਆਂ:
ਸਵੇਰ ਵੇਲੇ: ਜਪੁ ਜੀ ਸਾਹਿਬ ਤੇ ਅਨੰਦ ਸਾਹਿਬ
ਸ਼ਾਮ ਵੇਲੇ: ਸੋ ਦਰੁ ਤੇ ਸੋ ਪੁਰਖੁ
ਰਾਤ ਵੇਲੇ: ਸੋਹਿਲਾ
ਹੁਣ ਇਹਨਾ ਤਿੰਨਾ ਦੇ ਨਿੱਤਨੇਮ ਵਿੱਚ ਸ਼ਾਮ ਅਤੇ ਰਾਤ ਦੀਆਂ ਬਾਣੀਆਂ ਵਿੱਚ ਕੋਈ ਵਖਰੇਵਾਂ ਨਹੀਂ ਹੈ
ਪਰ ਸਵੇਰ ਦੇ ਨਿੱਤਨੇਮ ਵਿੱਚ ਹੈ। ਸਵੇਰ ਦੀਆਂ ਬਾਣੀਆਂ ਬਾਰੇ ਮੇਰੇ ਵਿਚਾਰ ਇਹ ਹਨ:
ਹਰ ਸਿੱਖ ਸਵੇਰ ਨੂੰ ਘੱਟੋ-ਘੱਟ ਜਪੁ ਜੀ ਸਾਹਿਬ ਦਾ ਪਾਠ ਜ਼ਰੂਰ ਕਰੇ।
ਇਸ ਤੋਂ ਬਿਨਾ ਹੋਰ ਬਾਣੀਆਂ ਦਾ ਪਾਠ ਵੀ ਆਪਣੇ ਸਮੇਂ, ਰੁਝੇਵੇਂ ਅਤੇ ਕੰਮ ਦੇ ਅਨੁਸਾਰ ਕਰੇ। ਇਹ
ਹੋਰ ਵੀ ਚੰਗੀ ਗੱਲ ਹੈ ਕਿ ਜੇ ਕਰ ਹੋਰ ਬਾਣੀਆਂ ਜ਼ਬਾਨੀ ਕੰਠ ਹੋਣ। ਬਾਣੀ ਕਰਨ ਦਾ ਅਸਲੀ ਮਤਲਬ ਤਾਂ
ਇਹ ਹੈ ਕਿ ਬਾਣੀ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਢਾਲਿਆ ਜਾਵੇ।
ਅਰਦਾਸ ਤਕਰੀਬਨ ਤੱਤ ਗੁਰਮਤਿ ਵਾਲਿਆਂ ਵਾਲੀ ਕਾਫੀ ਹੱਦ ਤੱਕ
ਗੁਰਮਤਿ ਦੇ ਅਨੁਕੂਲ ਲਗਦੀ ਹੈ ਸਿਰਫ ਦਸ ਗੁਰੂਆਂ ਦੇ ਨਾਮ ਨਾਲ ਗੁਰੂ ਪਦ ਜੋੜ ਕੇ ਬਹੁਤਿਆਂ ਦੀ
ਸਹਿਮਤੀ ਹੋ ਸਕਦੀ ਹੈ। ਸੋ ਇਹ ਹਨ ਮੇਰੇ ਵਿਚਾਰ। ਜੇ ਕਰ ਇਹਨਾ ਦੋ ਨੁਕਤਿਆਂ ਬਾਰੇ ਸਾਰਿਆਂ ਦੀ
ਸਹਿਮਤੀ ਹੋ ਜਾਵੇ ਤਾਂ ਬਹੁਤ ਹੀ ਚੰਗਾ ਹੋਵੇਗਾ।
ਤੱਤ ਗੁਰਮਤਿ ਵਾਲਿਆਂ ਨੇ ਕਈ ਐਸੇ ਸਿੱਖਾਂ ਦੇ ਨਾਮ ਲਿਖ ਕੇ ਸੁਝਾਓ ਮੰਗੇ ਹਨ ਜੋ ਕਿ
ਜਾਂ ਤਾਂ ਪ੍ਰਚਾਰਕ ਹਨ ਅਤੇ ਜਾਂ ਫਿਰ ਗ੍ਰੰਥੀ ਦੇ ਸੇਵਾ ਕਰ ਰਹੇ ਹਨ। ਮੇਰੇ ਖਿਆਲ ਮੁਤਾਬਕ ਅਜਿਹੇ
ਸਿੱਖਾਂ ਨੂੰ ਉਤਨੇ ਕੁ ਹੀ ਵਿਚਾਰ ਦੇਣੇ ਚਾਹੀਦੇ ਹਨ ਜਿਸ ਨਾਲ ਕਿ ਉਹਨਾ ਲਈ ਕੋਈ ਮੁਸ਼ਕਲ ਖੜੀ ਨਾ
ਹੋਵੇ। ਕਿਉਂਕਿ ਆਮ ਗੁਰਦੁਆਰਿਆਂ ਵਿੱਚ ਜਾਣ ਵਾਲੇ ਸਿੱਖ ਸ਼ਰਧਾਲੂ ਹਾਲੇ ਬਹੁਤੇ ਸਿਆਣੇ ਨਹੀਂ ਹੋਏ।
ਮੱਖਣ ਸਿੰਘ ਪੁਰੇਵਾਲ,
ਦਸੰਬਰ 04, 2011.