ਜਸਬੀਰ ਸਿੰਘ ਵੈਨਕੂਵਰ
ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ
ਗੁਰਬਾਣੀ ਦੀ ਕਿਸੇ ਵੀ ਪੰਗਤੀ ਦੇ
ਭਾਵਾਰਥ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਜਿਸ ਸ਼ਬਦ ਵਿਚੋਂ ਉਹ ਤੁਕ ਲਈ ਗਈ ਹੈ, ਉਸ ਸ਼ਬਦ ਦੀਆਂ
ਰਹਾਉ ਦੀਆਂ ਪੰਗਤੀਆਂ ਦੀ ਰੋਸ਼ਨੀ ਵਿੱਚ ਹੀ ਬਾਕੀ ਸ਼ਬਦ ਦੀਆਂ ਤੁਕਾਂ ਦਾ ਭਾਵਾਰਥ ਲਿਆ ਜਾਵੇ। ਜੇਕਰ
ਉਸ ਸ਼ਬਦ ਵਿੱਚ ਰਹਾਉ ਦੀਆਂ ਪੰਗਤੀਆਂ ਨਹੀਂ ਹਨ ਤਾਂ ਸਮੁੱਚੇ ਸ਼ਬਦ ਅਥਵਾ ਪ੍ਰਕਰਣ ਨੂੰ ਵਿਚਾਰਿਆ
ਜਾਵੇ। ਉਸ ਸ਼ਬਦ ਦੇ ਮੁੱਖ ਭਾਵ ਦੀ ਰੋਸ਼ਨੀ ਵਿੱਚ ਹੀ ਸ਼ਬਦ ਦੀਆਂ ਬਾਕੀਆਂ ਪੰਗਤੀਆਂ ਦਾ ਭਾਵਾਰਥ ਕੀਤਾ
ਅਥਵਾ ਲਿਆ ਜਾਵੇ। ਕਈ ਵਾਰ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਸੱਜਣ ਜੋ ਆਖ ਜਾਂ ਲਿਖ ਰਹੇ ਹੁੰਦੇ ਹਨ
ਉਹ ਠੀਕ ਹੁੰਦਾ ਹੈ ਪਰ ਆਪਣੇ ਕਥਨ ਦੀ ਪੁਸ਼ਟੀ ਵਜੋਂ ਜੋ ਗੁਰਬਾਣੀ ਦਾ ਪ੍ਰਮਾਣ ਦੇਂਦੇ ਹਨ ਉਹ
ਢੁੱਕਵਾਂ ਨਹੀਂ ਹੁੰਦਾ ਹੈ। ਇਸ ਸਬੰਧ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦਾ ਕਥਨ ਬੜਾ ਭਾਵਪੂਰਤ ਹੈ:
“ਬਾਣੀ ਦੀਆਂ ਤੁਕਾਂ ਵਿਕੋਲਿਤਰੀਆਂ ਨਹੀਂ, ਸਗੋਂ ਕਿਸੇ ਉਘੇ ਮਜ਼ਬੂਨ (ਵਿਸ਼ੇ) ਉਤੇ ਲੜੀਵਾਰ ਖਿਆਲ
ਨੂੰ ਪ੍ਰਗਟਾਂਦੀਆਂ ਹਨ. . ਆਮ ਕਥਾ ਕਰਨ ਵਾਲੇ ਤੁਕਾਂ ਨੂੰ ਵੱਖ ਵੱਖ ਕਰ ਲੈਂਦੇ ਹਨ। ਜਿਵੇਂ ਕੋਈ
ਕਹੇ: ਗੁਜਰਾਂਵਾਲਾ ਲਾਹੌਰ ਤੋਂ ੩੨ ਮੀਲ ਹੈ। ਉਥੋਂ ਦੇ ਮਾਲਟੇ ਬੜੇ ਮਿੱਠੇ ਹੁੰਦੇ ਹਨ। ਲਾਇਲਪੁਰ
ਪਾਕਿਸਤਾਨ ਵਿੱਚ ਚਲਾ ਗਿਆ ਹੈ। ਚੰਡੀਗੜ੍ਹ ਆਖਣਾ ਭੁੱਲ ਹੈ, ਕਿਉਂਕਿ ਇਹ ਚੰਡੀ ਦੇਵੀ ਦੇ ਨਾਂ ਤੇ
ਬਣਿਆ ਹੋਇਆ ਹੈ। ਅੰਮ੍ਰਿਤਸਰ ਸਿੱਖੀ ਦਾ ਕੇਂਦਰ ਹੈ। ਉਥੋਂ ਦੀ ਕਪੜਾ ਮਾਰਕੀਟ ਬੜੀ ਉੱਘੀ ਹੈ। ਇਹ
ਸਾਰੀਆਂ ਗੱਲਾਂ ਠੀਕ ਹਨ, ਪਰ ਇਨ੍ਹਾਂ ਦਾ ਆਪੋ ਵਿੱਚ ਸਬੰਧ ਨਹੀਂ ਹੈ। ਇਸੇ ਤਰ੍ਹਾਂ ਕਥਾ ਕਰਨ ਵਾਲੇ
ਹਰ ਇੱਕ ਤੁਕ ਦਾ ਠੀਕ ਅਰਥ ਦੱਸਦੇ ਹਨ, ਪਰ ਖਿਆਲਾਂ ਦੀ ਲੜੀ ਜੋੜ ਕੇ ਨਹੀਂ ਦਸਦੇ।” (ਤੇਜਾ ਸਿੰਘ
ਅਭਿਨੰਦਨ ਗ੍ਰੰਥ)
ਇਹ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਅਥਵਾ ਗੁਰਬਾਣੀ ਦੀ
ਜੀਵਨ-ਜੁਗਤ ਸਬੰਧੀ ਚਰਚਾ ਕਰਨ ਵਾਲੇ ਕਈ ਸੱਜਣ, ਇਸ ਪੱਖ ਨੂੰ ਨਜ਼ਰ-ਅੰਦਾਜ਼ ਕਰ ਦੇਂਦੇ ਹਨ। ਸਿੱਟੇ
ਵਜੋਂ ਜਾਣੇ-ਅਣਜਾਣੇ ਗੁਰਬਾਣੀ ਦੀਆਂ ਪੰਗਤੀਆਂ ਦੀ ਅਢੁੱਕਵੀਂ ਵਰਤੋਂ ਕਰਨ ਲੱਗ ਪੈਂਦੇ ਹਨ। ਉਦਾਹਰਣ
ਵਜੋਂ ਜਿਵੇਂ ਕਈ ਸੱਜਣ ਗੁਰਬਾਣੀ ਦੀ ਇਸ ਪੰਗਤੀ: ‘ਵੇਦੀਨਾ ਕੀ ਦੋਸਤੀ
ਵੇਦੀਨਾ ਕਾ ਖਾਣੁ’ ਦੀ ਉਦਾਹਰਣ ਦੇ ਕੇ ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਵੇਦੀਨਾਂ ਨਾਲ
ਦੋਸਤੀ ਅਤੇ ਉਨ੍ਹਾਂ ਨਾਲ ਖਾਣ-ਪਾਣ ਦੀ ਸਾਂਝ ਰੱਖਣ ਤੋਂ ਵਰਜਿਆ ਹੈ। ਵੇਦੀਨਾ ਤੋਂ ਭਾਵ ਅਜਿਹੇ
ਸੱਜਣ ਖੰਡੇ ਦੀ ਪਾਹੁਲ ਨਾ ਲੈਣ ਵਾਲਿਆਂ ਤੋਂ ਲੈਂਦੇ ਹਨ। ਇਸ ਕਾਰਨ ਹੀ ਕਈ ਖੰਡੇ ਦੀ ਪਾਹੁਲ ਦੇ
ਧਾਰਨੀ ਵੀਰ ਭੈਣ ਉਨ੍ਹਾਂ ਦੇ ਹੱਥੋਂ ਕੁੱਝ ਵੀ ਲੈ ਕੇ ਖਾਣ-ਪਾਣ ਨਹੀਂ ਕਰਦੇ ਜਿਨ੍ਹਾਂ ਨੇ ਖੰਡੇ ਦੀ
ਪਾਹੁਲ ਨਹੀਂ ਲਈ ਹੋਈ। ਪਰ ਜੇਕਰ ਅਸੀਂ ਜਿਸ ਸਲੋਕ ਦੀ ਇਹ ਪੰਗਤੀ ਹੈ ਉਸ ਨੂੰ ਵਿਚਾਰਾਂਗੇ ਤਾਂ ਇਹ
ਗੱਲ ਸਪਸ਼ਟ ਹੋਵੇਗੀ ਕਿ ਸਤਿਗੁਰੂ ਇਸ ਪੰਗਤੀ ਵਿੱਚ ‘ਵੇਦੀਨਾ’ ਸ਼ਬਦ ਕਿੰਨ੍ਹਾਂ ਪ੍ਰਤੀ ਵਰਤ ਰਹੇ ਹਨ।
ਪੂਰਾ ਸਲੋਕ ਇਸ ਤਰ੍ਹਾਂ ਹੈ:
ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ
ਖਾਣੁ॥ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ॥ ਨਾਨਕ
ਕੂੜੈ ਕਤਿਐ ਕੂੜਾ ਤਣੀਐ ਤਾਣੁ॥ ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ॥ (ਪੰਨਾ ੭੯੦) ਅਰਥ:
ਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿੱਚ ਬਹਿਣ ਖਲੋਣ ਹੁੰਦਾ ਹੈ,
ਇਨ੍ਹਾਂ ਧਰਮ ਤੋਂ ਵਾਜਿਆਂ ਦੀ ਆਪੋ ਵਿੱਚ ਮਿਤ੍ਰਤਾ ਤੇ ਆਪੋ ਵਿੱਚ ਖਾਣ ਪੀਣ ਹੁੰਦਾ ਹੈ; ਰੱਬ ਦੀ
ਸਿਫ਼ਤਿ-ਸਾਲਾਹ ਕਰਨ ਦੀ ਇਨ੍ਹਾਂ ਨੂੰ ਸੂਝ ਨਹੀਂ ਹੁੰਦੀ, (ਇਨ੍ਹਾਂ ਦੇ ਮਨ ਵਿਚ, ਮਾਨੋ) ਸਦਾ ਸ਼ੈਤਾਨ
ਵੱਸਦਾ ਹੈ। (ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਭੀ ਉਸ ਦੀ
ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿਛਲੇ ਕੀਤੇ ਕਰਮਾਂ ਦਾ ਗੇੜ ਇਸ ਮੰਦੇ ਰਾਹ ਤੋਂ ਹਟਣ
ਨਹੀਂ ਦੇਂਦਾ।
ਹੇ ਨਾਨਕ! “ਕੂੜ” (ਦਾ ਸੂਤਰ) ਕੱਤਣ ਨਾਲ “ਕੂੜ” ਦਾ ਹੀ ਤਾਣਾ ਚਾਹੀਦਾ ਹੈ, “ਕੂੜ” ਦਾ ਹੀ ਕੱਪੜਾ
ਕੱਛੀਦਾ ਹੈ ਤੇ ਪਹਿਨੀਦਾ ਹੈ (ਇਸ “ਕੂੜ” -ਰੂਪ ਪੁਸ਼ਾਕ ਦੇ ਕਾਰਨ “ਕੂੜ” ਹੀ ਵਡਿਆਈ ਮਿਲਦੀ ਹੈ
(ਭਾਵ, “ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ” )
ਪੂਰਾ ਸਲੋਕ ਪੜ੍ਹਣ `ਤੇ ਇਹ ਸਪਸ਼ਟ ਹੁੰਦਾ ਹੈ ਕਿ ਇਸ ਤੁਕ ਵਿੱਚ ਵੇਦੀਨਾ ਚੋਰਾਂ, ਲੁੱਚੇ ਬੰਦਿਆਂ,
ਵਿਭਚਾਰਨ ਔਰਤਾਂ ਤੇ ਦੱਲੀਆਂ ਲਈ ਆਇਆ ਹੈ।
ਗੁਰਬਾਣੀ ਦੀਆਂ ਇਸ ਤਰ੍ਹਾਂ ਕਈ ਪੰਗਤੀਆਂ ਹਨ ਜਿਨ੍ਹਾਂ ਦੀ ਕਈ ਵਿਦਵਾਨ ਸੱਜਣਾਂ ਵਲੋਂ ਅਢੁੱਕਵੀਂ
ਵਰਤੋਂ ਕੀਤੀ ਜਾਂਦੀ ਹੈ। ਅਜਿਹੀਆਂ ਪੰਗਤੀਆਂ ਵਿਚੋਂ ਹੀ ਇੱਕ ਨਿਮਨ ਲਿਖਤ ਪੰਗਤੀ ਹੈ ਜਿਸ ਦੀ
ਵਿਦਵਾਨਾਂ ਵਲੋਂ ਆਮ ਤੌਰ `ਤੇ ਗ਼ਲਤ ਵਰਤੋਂ ਕੀਤੀ ਜਾਂਦੀ ਹੈ: “ਲਿਖੇ
ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ” ਇਸ ਦਾ ਭਾਵ ਇਹ ਲਿਆ ਜਾਂਦਾ ਹੈ ਕਿ ਗੁਰੂ ਨਾਨਕ
ਸਾਹਿਬ ਫ਼ਰਮਾਂਦੇ ਹਨ ਕਿ ਆਪਣੇ ਬੋਲਾਂ ਨੂੰ ਲਿਖਤੀ ਰੂਪ ਦੇਣਾ ਜ਼ਰੂਰੀ ਹੈ। ਜੇਕਰ ਅਸੀਂ ਆਪਣੇ ਬੋਲਾਂ
ਨੂੰ ਲਿਖਤੀ ਰੂਪ ਨਹੀਂ ਦੇਂਦੇ ਤਾਂ ਉਹ ਬੋਲ ਹਵਾ ਵਿੱਚ ਹੀ ਗਵਾਚ ਜਾਂਦੇ ਹਨ। ਕਈ ਵਿਦਵਾਨ ਇਸ
ਪੰਗਤੀ ਨੂੰ ਹੀ ਅਧਾਰ ਬਣਾ ਕੇ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਇਸ ਲਈ ਹੀ ਆਪਣੀ ਬਾਣੀ ਨੂੰ
ਆਪ ਸੰਭਾਲਣ ਦਾ ਯਤਨ ਕੀਤਾ ਸੀ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਆਪ ਸੰਭਾਲੀ ਸੀ। ਗੁਰੂ
ਅੰਗਦ ਸਾਹਿਬ ਨੂੰ ਗੁਰਗੱਦੀ ਸੌਪਣ ਸਮੇਂ ਹਜ਼ੂਰ ਨੇ ਆਪਣੀ ਸਾਰੀ ਬਾਣੀ ਗੁਰੂ ਅੰਗਦ ਸਾਹਿਬ ਦੇ ਹਵਾਲੇ
ਕਰ ਦਿੱਤੀ ਸੀ। ਇਹ ਸਿਲਸਿਲਾ ਗੁਰੂ ਅਰਜਨ ਸਾਹਿਬ ਤੀਕ ਜਾਰੀ ਰਿਹਾ ਸੀ। ਪਰੰਤੂ ਜਿੱਥੋਂ ਤੱਕ ਇਸ
ਪੰਗਤੀ ਦੇ ਭਾਵਾਰਥ ਦਾ ਸਵਾਲ ਹੈ ਉਹ ਇਹ ਨਹੀਂ ਹੈ ਜੋ ਕੁੱਝ ਕੁ ਵਿਦਵਾਨ ਸੱਜਣਾਂ ਵਲੋਂ ਲਿਆ ਜਾ
ਰਿਹਾ ਹੈ। ਚੂੰਕਿ ਜਿਸ ਸ਼ਬਦ ਦੀ ਇਹ ਪੰਗਤੀ ਹੈ, ਉਸ ਵਿੱਚ ਸਤਿਗੁਰੂ ਜੀ ਜੋ ਉਪਦੇਸ਼ ਦ੍ਰਿੜ ਕਰਵਾ
ਰਹੇ ਹਨ, ਉਹ ਇਸ ਨਾਲੋਂ ਭਿੰਨ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਦੇ ਟੀਕੇਕਾਰਾਂ ਦੇ
ਕਈ ਸ਼ਬਦਾਂ ਬਾਰੇ ਆਪਸ ਵਿੱਚ ਕਾਫ਼ੀ ਮਤਭੇਦ ਹਨ। ਪਰ ਫਿਰ ਵੀ ਕਿਸੇ ਵੀ ਟੀਕਾਕਾਰ ਨੇ ਇਸ ਪੰਗਤੀ ਦੇ
ਇਹ ਅਰਥ ਨਹੀਂ ਕੀਤੇ ਹਨ। ਉਦਾਹਰਣ ਵਜੋਂ ਕੁੱਝ ਵਿਦਵਾਨਾਂ ਵਲੋਂ ਇਸ ਪੰਗਤੀ (ਜਬ ਸਾਚ ਅੰਦਰਿ ਹੋਇ
ਸਾਚਾ ਤਾਮਿ ਸਾਚਾ ਪਾਈਐ॥ ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ॥) ਦੇ ਇਉਂ ਅਰਥ ਕੀਤੇ ਹੋਏ
ਹਨ:
“ਜਦ (ਮਨੁੱਖ ਦੇ) ਅੰਦਰ ਸੱਚ ਹੋਵੇ ਤਦ (ਮਨੁੱਖ) ਸੱਚਾ ਹੈ ਤੇ ਤਦ ਹੀ ਸੱਚਾ (ਪਰਮੇਸੁਰ) ਪਾਈਦਾ
ਹੈ। (ਭਾਗਾਂ ਵਿਚ) ਲਿਖੇ ਹੋਏ ਤੋਂ ਬਿਨਾਂ ਸੋਝੀ ਨਹੀਂ ਪੈਂਦੀ ਤੇ ਸੋਝੀ ਤੋਂ ਬਿਨਾਂ, ਬੋਲ ਬੋਲ ਕੇ
(ਐਵੇਂ) ਗਵਾਈਦਾ ਹੈ।” (ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ-ਭਾਈ ਵੀਰ ਸਿੰਘ)
“ਜਦ (ਮਨੁੱਖ ਦੇ ਹਿਰਦੇ) ਅੰਦਰ ਸਚ (ਹੋਵੇ ਤਾਂ ਹੀ ਉਹ) ਸੱਚਾ ਹੁੰਦਾ ਹੈ, ਤਦ ਹੀ ਸੱਚਾ
(ਪਰਮੇਸੁਰ) ਪਾ ਲਈਦਾ ਹੈ। ਧੁਰ ਤੋਂ ਭਾਗਾਂ ਵਿੱਚ ਲਿਖੇ ਬਿਨਾਂ (ਮਨੁੱਖ ਨੂੰ) ਸੋਝੀ ਨਹੀਂ ਪੈਂਦੀ
(ਅਤੇ ਸੋਝੀ ਤੋਂ ਬਿਨਾਂ) ਬੋਲ ਬੋਲ ਕੇ (ਐਵੇਂ) ਜਨਮ ਪਦਾਰਥ) ਗੁਆ ਲਈ ਦਾ ਹੈ।” (ਸ੍ਰੀ ਗੁਰੂ
ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ-ਗਿਆਨੀ ਹਰਬੰਸ ਸਿੰਘ)
“ਜਦ ਸਚ ਨਾਮ ਜਪਣ ਕਰਕੇ ਅੰਦਰ=ਅੰਤਹ ਕਰਣ ਸੱਚਾ ਹੁੰਦਾ ਹੈ, ਤਾਮਿ=ਤਦ ਹੀ ਸੱਚਾ ਪਰਮਾਤਮਾ ਪਾਈਦਾ
ਹੈ। ਹਿਰਦੇ ਵਿੱਚ ਗੁਰ-ਸ਼ਬਦ ਦੇ ਲਿਖੇ ਤੋਂ ਬਿਨਾਂ। ਅਥਵਾ:-ਪੂਰਬਲੇ ਸ਼ੁਭ ਕਰਮਾਂ ਦੇ ਲਿਖੇ ਤੋਂ
ਬਿਨਾਂ ਸੁਰਤਿ=ਗਿਆਤ ਨਹੀਂ ਹੁੰਦੀ, ਸ਼ੁਭ ਗਿਆਤ ਤੋਂ ਬਿਨਾਂ ਬੋਲਿ=ਬਚਨਾਂ ਨੂੰ ਬੋਲਕੇ ਗੁਆ ਲਈਦਾ
ਹੈ। ਅਥਵਾ:-ਐਵੇਂ ਬੋਲ ਬੋਲਕੇ ਉਮਰਾ ਨੂੰ ਹੀ ਗੁਆਣਾ ਹੈ।” (ਸੰਪਰਦਾਈ ਟੀਕਾ-ਸੰਤ ਕ੍ਰਿਪਾਲ ਸਿੰਘ)
ਇਸ ਸੰਖੇਪ ਜਿਹੀ ਚਰਚਾ ਮਗਰੋਂ ਜਿਸ ਸ਼ਬਦ ਦੀ ਇਹ ਪੰਗਤੀ ਹੈ, ਉਸ ਨੂੰ ਵਿਚਾਰਦੇ ਹਾਂ। ਗੁਰੂ ਨਾਨਕ
ਸਾਹਿਬ ਦਾ ਉਚਾਰਣ ਕੀਤਾ ਹੋਇਆ ਇਹ ਛੰਤ ਇਸ ਪ੍ਰਕਾਰ ਹੈ:-
ਕਾਇਆ ਕੂੜਿ ਵਿਗਾੜਿ ਕਾਹੇ ਨਾਈਐ॥ ਨਾਤਾ ਸੋ ਪਰਵਾਣੁ ਸਚੁ ਕਮਾਈਐ॥ ਜਬ
ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ॥ ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ॥ ਜਿਥੈ
ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ॥ ਕਾਇਆ ਕੂੜਿ ਵਿਗਾੜਿ ਕਾਹੇ ਨਾਈਐ॥ ੧॥ ਤਾ ਮੈ ਕਹਿਆ
ਕਹਣੁ ਜਾ ਤੁਝੈ ਕਹਾਇਆ॥ ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ॥ ਨਾਮੁ ਮੀਠਾ ਮਨਹਿ ਲਾਗਾ ਦੂਖਿ
ਡੇਰਾ ਢਾਹਿਆ॥ ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ॥ ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ
ਉਪਾਇਆ॥ ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ॥ ੨॥ ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ॥ ਮੰਦਾ ਕਿਸੈ
ਨ ਆਖਿ ਝਗੜਾ ਪਾਵਣਾ॥ ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ॥ ਜਿਸੁ ਨਾਲਿ ਸੰਗਤਿ ਕਰਿ
ਸਰੀਕੀ ਜਾਇ ਕਿਆ ਰੂਆਵਣਾ॥ ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ॥ ਵਾਰੀ ਖਸਮੁ ਕਢਾਏ ਕਿਰਤੁ
ਕਮਾਵਣਾ॥ ੩॥ ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ॥ ਕਉੜਾ ਕੋਇ ਨ ਮਾਗੈ ਮੀਠਾ ਸਭ ਮਾਗੈ॥ ਸਭੁ ਕੋਇ
ਮੀਠਾ ਮੰਗਿ ਦੇਖੈ ਖਸਮ ਭਾਵੈ ਸੋ ਕਰੇ॥ ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ॥ ਨਾਨਕਾ
ਜਿਨ ਨਾਮੁ ਮਿਲਿਆ ਕਰਮੁ ਹੋਆ ਧੁਰਿ ਕਦੇ॥ ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ॥ ੪॥ (ਪੰਨਾ ੫੬੫)
ਅਰਥ: ਸਰੀਰ (ਹਿਰਦੇ ਨੂੰ) ਮਾਇਆ ਦੇ ਮੋਹ ਵਿੱਚ ਗੰਦਾ ਕਰ ਕੇ (ਤੀਰਥ-) ਇਸ਼ਨਾਨ ਕਰਨ ਦਾ
ਕੋਈ ਲਾਭ ਨਹੀਂ ਹੈ। ਉਹੀ ਮਨੁੱਖ ਨ੍ਹਾਤਾ ਹੋਇਆ (ਪਵਿਤ੍ਰ) ਹੈ ਤੇ ਉਹੀ (ਪ੍ਰਭੂ ਦੀ ਹਜ਼ੂਰੀ ਵਿਚ)
ਕਬੂਲ ਹੈ ਜੇ ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਜਦੋਂ ਸਦਾ-ਥਿਰ ਪ੍ਰਭੂ ਚਰਨਾਂ
ਵਿੱਚ ਜੁੜ ਕੇ ਜੀਵ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ ਤਦੋਂ ਸਦਾ-ਥਿਰ ਰਹਿਣ ਵਾਲਾ
ਪਰਮਾਤਮਾ ਮਿਲ ਪੈਂਦਾ ਹੈ। ਪਰ ਪ੍ਰਭੂ ਦੇ ਹੁਕਮ ਤੋਂ ਬਿਨਾਂ ਮਨੁੱਖ ਦੀ ਸੁਰਤਿ (ਕੂੜ ਵਿਚੋਂ ਨਿਕਲ
ਕੇ) ਉੱਚੀ ਨਹੀਂ ਹੋ ਸਕਦੀ। ਨਿਰੀਆਂ ਜ਼ਬਾਵੀ (ਗਿਆਨ ਦੀਆਂ) ਗੱਲਾਂ ਕਰ ਕੇ ਸਗੋਂ ਆਪਣਾ ਆਤਮਕ ਜੀਵਨ
ਹੋਰ ਖ਼ਰਾਬ ਕਰਦਾ ਹੈ। ਜਿੱਥੇ ਭੀ (ਭਾਵ, ਸਾਧ ਸੰਗਤਿ ਵਿਚ) ਜਾ ਕੇ ਬੈਠੀਏ, ਪ੍ਰਭੂ ਦੀ
ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਆਪਣੀ ਸੁਰਤਿ ਵਿੱਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪ੍ਰੋਣੀ
ਚਾਹੀਦੀ ਹੈ। (ਨਹੀਂ ਤਾਂ) ਹਿਰਦੇ ਨੂੰ ਮਾਇਆ ਦੇ ਮੋਹ ਵਿੱਚ ਮੈਲਾ ਕਰ ਕੇ (ਤੀਰਥ-) ਇਸ਼ਨਾਨ ਦਾ ਕੀਹ
ਲਾਭ? ੧।
(ਪਰ ਇਹ ਸਿਫ਼ਤਿ-ਸਾਲਾਹ ਹੇ ਪ੍ਰਭੂੑ! ਤੇਰੀ ਆਪਣੀ ਬਖ਼ਸ਼ਸ਼ ਹੈ) ਮੈਂ ਤਦੋਂ ਹੀ ਤੇਰੀ ਸਿਫ਼ਤਿ-ਸਾਲਾਹ ਕਰ
ਸਕਦਾ ਹਾਂ ਜਦੋਂ ਤੂੰ ਆਪ ਪ੍ਰੇਰਨਾ ਕਰਦਾ ਹੈਂ।
(ਪ੍ਰਭੂ ਦੀ ਮੇਹਰ ਨਾਲ ਹੀ) ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਮਨ ਵਿੱਚ ਪਿਆਰਾ ਲੱਗ
ਸਕਦਾ ਹੈ। ਜਦੋਂ ਪ੍ਰਭੂ ਦਾ ਨਾਮ ਮਨ ਵਿੱਚ ਮਿੱਠਾ ਲੱਗਦਾ ਹੈ ਤਦੋਂ ਦੁੱਖ ਨੇ (ਉਸ ਮਨ ਵਿਚੋਂ)
ਆਪਣਾ ਡੇਰਾ ਚੁੱਕ ਲਿਆ (ਸਮਝੋ)।
ਹੇ ਪ੍ਰਭੂੑ! ਜਦੋਂ ਤੂੰ ਹੁਕਮ ਕੀਤਾ ਤਦੋਂ ਆਤਮਕ ਆਨੰਦ ਮੇਰੇ ਮਨ ਵਿੱਚ ਆ ਵੱਸਦਾ ਹੈ। ਹੇ ਪ੍ਰਭੂ!
ਜਿਸ ਤੈਂ ਨੇ ਆਪਣੇ ਆਪ ਨੂੰ ਆਪ ਹੀ (ਜਗਤ-ਰੂਪ ਵਿਚ) ਪਰਗਟ ਕੀਤਾ ਹੈ, ਜਦੋਂ ਤੂੰ ਮੈਨੂੰ ਪ੍ਰੇਰਨਾ
ਕਰਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ। ਮੇਰੀ ਤਾਂ ਤੇਰੇ ਦਰ ਤੇ ਅਰਜ਼ੋਈ ਹੀ
ਹੁੰਦੀ ਹੈ, ਮੇਹਰ ਦੀ ਨਜ਼ਰ ਤੂੰ ਆਪ ਕਰਦਾ ਹੈਂ। ੨।
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਹਰੇਕ ਜੀਵ ਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ
(ਪਿਛਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਬਣਾਂਦਾ ਹੈ, ਇਸ
ਵਾਸਤੇ) ਕਿਸੇ ਮਨੁੱਖ ਨੂੰ ਭੈੜਾ ਆਖ ਆਖ ਕੇ ਕੋਈ ਝਗੜਾ ਖੜਾ ਨਹੀਂ ਕਰਨਾ ਚਾਹੀਦਾ (ਭੈੜਾ ਮਨੁੱਖ
ਪ੍ਰਭੂ ਦੀ ਰਜ਼ਾ ਵਿੱਚ ਹੀ ਭੈੜਾ ਬਣਿਆ ਹੈ। ਭੈੜੇ ਨੂੰ ਨਿੰਦਿਆਂ ਪ੍ਰਭੂ ਨਾਲ ਝਗੜਾ ਹੈ। (ਸੋ, ਹੇ
ਭਾਈ!) ਮਾਲਕ-ਪ੍ਰਭੂ ਨਾਲ ਝਗੜਾ ਨਹੀਂ ਪਾਣਾ ਚਾਹੀਦਾ, ਇਸ ਤਰ੍ਹਾਂ ਤਾਂ ਆਪਣੇ ਆਪ ਨੂੰ ਹੀ ਤਬਾਹ ਕਰ
ਲਈਦਾ ਹੈ।
ਜਿਸ ਮਾਲਕ ਦੇ ਆਸਰੇ ਸਦਾ ਜੀਊਣਾ ਹੈ, ਉਸੇ ਨਾਲ ਹੀ ਬਰਾਬਰੀ ਕਰ ਕੇ (ਜੇ ਦੁੱਖ ਪ੍ਰਾਪਤ ਹੋਇਆ ਤਾਂ
ਫਿਰ ਉਸੇ ਪਾਸ) ਜਾ ਕੇ ਪੁਕਾਰ ਕਰਨ ਦਾ ਕੋਈ ਲਾਭ ਨਹੀਂ ਹੋ ਸਕਦਾ। ਪਰਮਾਤਮਾ ਜੋ (ਸੁਖ ਦੁਖ) ਦੇਂਦਾ
ਹੈ ਉਹ (ਖਿੜੇ-ਮੱਥੇ ਸਹਾਰਨਾ ਚਾਹੀਦਾ ਹੈ, ਗਿਲਾ-ਗੁਜ਼ਾਰੀ ਨਹੀਂ ਕਰਨੀ ਚਾਹੀਦੀ, ਗਿਲਾ ਗੁਜ਼ਾਰੀ ਕਰ
ਕੇ ਵਿਅਰਥ ਬੋਲ-ਬੁਲਾਰਾ ਨਹੀਂ ਕਰਨਾ ਚਾਹੀਦਾ। (ਅਸਲ ਗੱਲ ਇਹ ਹੈ ਕਿ) ਸਾਡੇ ਕੀਤੇ ਕਰਮਾਂ ਅਨੁਸਾਰ
ਖਸਮ-ਪ੍ਰਭੂ ਸਾਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ। ੩।
ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਆਪ ਪੈਦਾ ਕੀਤੀ ਹੈ, ਆਪ ਹੀ ਹਰੇਕ ਜੀਵ ਉਤੇ ਮੇਹਰ ਦੀ ਨਿਗਾਹ ਕਰਦਾ
ਹੈ। (ਉਸ ਦੇ ਦਰ ਤੋਂ ਸਭ ਜੀਵ ਦਾਤਾਂ ਮੰਗਦੇ ਹਨ) ਕੌੜੀ ਚੀਜ਼ ਕੋਈ ਭੀ ਨਹੀਂ ਮੰਗਦਾ, ਹਰੇਕ ਜੀਵ
ਮਿੱਠੀਆਂ ਸੁਖਦਾਈ ਚੀਜ਼ਾਂ ਹੀ ਮੰਗਦਾ ਹੈ। ਹਰੇਕ ਜੀਵ ਮਿੱਠੇ ਪਦਾਰਥਾਂ ਦੀ ਮੰਗ ਹੀ ਮੰਗਦਾ ਹੈ, ਪਰ
ਖਸਮ-ਪ੍ਰਭੂ ਉਹੀ ਕੁੱਝ ਕਰਦਾ ਹੈ ਜੋ ਉਸ ਨੂੰ ਚੰਗਾ ਜਾਪਦਾ ਹੈ।
ਜੀਵ (ਦੁਨੀਆ ਦੇ ਮਿੱਠੇ ਪਦਾਰਥਾਂ ਦੀ ਖ਼ਾਤਰ) ਪੁੰਨ ਕਰਦੇ ਹਨ, ਇਹੋ ਜਿਹੇ ਹੋਰ ਭੀ ਅਨੇਕਾਂ ਧਾਰਮਿਕ
ਕੰਮ ਕਰਦੇ ਹਨ, ਪਰ ਪਰਮਾਤਮਾ ਦੇ ਨਾਮ ਦੇ ਬਰਾਬਰ ਹੋਰ ਕੋਈ ਉੱਦਮ ਨਹੀਂ ਹੈ। ਹੇ ਨਾਨਕ! ਜਿਨ੍ਹਾਂ
ਬੰਦਿਆਂ ਉਤੇ ਧੁਰੋਂ ਪਰਮਾਤਮਾ ਵਲੋਂ ਬਖ਼ਸ਼ਸ਼ ਹੁੰਦੀ ਹੈ ਉਹਨ੍ਹਾਂ ਨੂੰ ਨਾਮ ਦੀ ਦਾਤਿ ਮਿਲਦੀ ਹੈ।
ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ਤੇ ਆਪ ਹੀ ਸਭ ਉਤੇ ਮੇਹਰ ਦੀ ਨਜ਼ਰ ਕਰਦਾ ਹੈ। ੪।
(ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ –ਪ੍ਰੋਫੈਸਰ ਸਾਹਿਬ ਸਿੰਘ ਜੀ)
ਇਸ ਛੰਤ ਨੂੰ ਧਿਆਨ ਨਾਲ ਪੜ੍ਹਿਆਂ ਕਿਸੇ ਪ੍ਰਕਾਰ ਦਾ ਇਸ ਪੰਗਤੀ ਬਾਰੇ ਭਰਮ ਭੁਲੇਖਾ ਨਹੀਂ ਰਹਿੰਦਾ
ਕਿ ਗੁਰਬਾਣੀ ਦੀ ਇਸ ਪੰਗਤੀ ‘ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ’ ਦਾ ਕੀ ਭਾਵਾਰਥ ਹੈ।