. |
|
ਰਾਮੁ ਰਘੁਵੰਸੁ ਕਹਾਇਓ
ਭਾਰਤੀ ਦਰਸ਼ਨ ਵਿੱਚ ‘ਰਾਮ` ਲਫ਼ਜ਼ ਸੰਸਕ੍ਰਿਤ ਦਾ ਪ੍ਰਸਿੱਧ ਸੰਗਿਅਕ ਵਿਸ਼ੇਸ਼ਣ
ਹੈ। ਰਿਸ਼ੀ ਯਾਜ੍ਵਨਵਲਕ੍ਯ ਦੇ ਲਿਖੇ ‘ਰਾਮਤਾਪਨੀਯੋਪਨਿਸ਼ਦ`ਵਿੱਚ ਇਸ ਨੂੰ ਇਉਂ ਪ੍ਰੀਭਾਸ਼ਤ ਕੀਤਾ ਗਿਆ
ਹੈ ‘ਉਹ ਪਾਰਬ੍ਰਹਮ, ਜੋ ਸਰਬ ਥਾਈਂ ਰਮਣ ਕਰ ਰਿਹਾ ਹੈ ਅਤੇ ਜਿਸ ਵਿੱਚ ਯੋਗੀ ਜਨ ਰਮਣ ਕਰਦੇ ਹਨ`।
ਪਰ, ਅਜਿਹੀ ਪ੍ਰੀਭਾਸ਼ਾ ਦੇ ਬਾਵਜੂਦ ਵੀ ਪੁਰਾਣਿਕ ਯੁੱਗ ਤਕ ਪਹੁੰਚਦਿਆਂ ‘ਰਾਮ` ਨਾਮ ਅਯੁਧਿਆ ਦੇ
ਰਾਜਾ ਸ੍ਰੀ ਰਾਮ ਚੰਦਰ ਜੀ ਦੀ ਸ੍ਰੀਰਕ ਹਸਤੀ ਲਈ ਹੀ ਸੀਮਤ ਹੋ ਕੇ ਰਹਿ ਗਿਆ। ਕਿਉਂਕਿ, ਭਾਰਤੀ
ਸਮਾਜ ਦੇ ਆਪੂੰ ਗੁਰੂ ਬਣ ਬੈਠੇ ਬ੍ਰਾਹਮਣ ਵਰਗ ਵਲੋਂ ਉਨ੍ਹਾਂ ਨੂੰ ਤ੍ਰੇਤੇ ਯੁਗ ਤੋਂ ਵਿਸ਼ਨੂ ਦਾ
ਅਵਤਾਰ ਪ੍ਰਚਾਰਿਆ ਗਿਆ। ਅਸਲ ਵਿੱਚ ਇਹੀ ਕਾਰਣ ਸੀ ਕਿ ਗੁਰੂ ਸਾਹਿਬਾਨ ਅਤੇ ਭਗਤ ਜਨਾਂ ਨੂੰ ‘ਰਾਮ`
ਨਾਮ ਦੇ ਵਿਆਪਕਤਾ ਭਰਪੂਰ ਵਿਸ਼ੇਸ਼ ਅਰਥ ਕਰਦਿਆਂ ਜ਼ੋਰਦਾਰ ਹੋਕਾ ਦੇਣ ਪਿਆ ਕਿ ਰੱਬ ਦਾ ਸਿਮਰਨ ਕਰਨ
ਵਾਲਿਓ! ਰਾਮ ਜਮ ਜਮ ਕਹੁ, ਪਰ ਬਿਬੇਕ (ਵਿਚਾਰ) ਤੋਂ ਕੰਮ ਲਵੋ। ਕਿਉਂਕਿ, ਇੱਕ ਰਾਮ ਤਾਂ ਉਹ ਹੈ,
ਜਿਹੜਾ ਨਿਰੰਕਾਰ ਹੋਣ ਕਰਕੇ ਅਨੇਕ ਜੀਅ-ਜੰਤਾਂ ਵਿੱਚ ਵਿਆਪਕ ਹੈ ਅਤੇ ਇੱਕ ਉਹ ਹੈ (ਜੋ ਅਯੁਧਿਆ ਦੇ
ਰਾਜਾ) ਕੇਵਲ ਇੱਕੋ ਸਰੀਰ ਵਿੱਚ ਵਿਚਰਿਆ:
ਰਮਤ ਰਾਮੁ, ਸਭ ਰਹਿਓ ਸਮਾਇ।। {ਮ: ੫, ਅੰ: ੮੬੫}
ਸਾਧੋ! ਇਹੁ ਤਨੁ ਮਿਥਿਆ ਜਾਨਉ।।
ਯਾ ਭੀਤਰਿ, ਜੋ ਰਾਮੁ ਬਸਤੁ ਹੈ; ਸਾਚੋ ਤਾਹਿ ਪਛਾਨੋ।। {ਮ: ੯, ਅੰ: ੧੧੮੬}
ਕਬੀਰ, ਰਾਮੈ ਰਾਮ ਕਹੁ; ਕਹਿਬੇ ਮਾਹਿ ਬਿਬੇਕ।।
ਏਕੁ ਅਨੇਕਹਿ ਮਿਲਿ ਗਇਆ; ਏਕ ਸਮਾਨਾ ਏਕ।। {ਅੰ: ੧੩੭੪}
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ
“ਜੁਗਹ ਜੁਗਹ ਕੇ ਰਾਜੇ ਕੀਏ, ਗਾਵਹਿ
ਕਰਿ ਅਵਤਾਰੀ।। “ (ਅੰਗ ੪੨੩) ਗੁਰਵਾਕ ਦੁਆਰਾ
ਮੰਨਿਆ ਗਿਆ ਹੈ ਕਿ ਸਾਰੇ ਭਾਰਤੀ ਅਵਤਾਰ ਛੋਟੇ ਛੋਟੇ ਰਾਜੇ ਸਨ, ਜਿਨ੍ਹਾਂ ਨੂੰ ਸਮੇਂ ਦੇ ਬ੍ਰਾਹਮਣ
ਪੁਜਾਰੀਆਂ ਨੇ ਅਵਤਾਰ ਐਵਾਰਡ ਨਾਲ ਨਿਵਾਜਿਆ ਅਤੇ ਪਰਜਾ ਨੇ ਉਨ੍ਹਾਂ ਦੇ ਭਗਵਾਨ ਵਜੋਂ ਗੁਣ ਗਾਏ।
‘ਦਲੀਸ਼੍ਵਰੋ ਈਸ਼ਵਰੋ` ਮੁਹਾਵਰਾ ਹੀ ਬਣ ਗਿਆ। ਪੁਜਾਰੀ ਤੇ ਸੱਤਾਧਾਰੀ ਵਿਅਕਤੀ ਹੁਣ ਵੀ ਇਹੀ ਖੇਲ ਰਹੇ
ਹਨ; ਕਿਉਂਕਿ ਅਜਿਹਾ ਕਰਨ ਨਾਲ ਰਾਜੇ ਦਾ ਪਰਜਾ `ਤੇ ਦਬਦਬਾ ਬਣਿਆ ਰਹਿੰਦਾ ਹੈ ਅਤੇ ਪੁਜਾਰੀਆਂ ਦੀ
ਪੂਜਾ ਪ੍ਰਤਿਸ਼ਠਤਾ ਕਾਇਮ ਹੋਈ ਰਹਿੰਦੀ ਹੈ। ਅਸਲ ਵਿੱਚ ਇਹੀ ਕਾਰਣ ਸੀ ਕਿ ਗੁਰੂ ਸਾਹਿਬਾਨ ਨੇ ਸਿੱਖੀ
ਨੂੰ ਪੁਜਾਰੀ ਵਰਗ ਤੋਂ ਮੁਕਤ ਰੱਖਿਆ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ
ਅਤੇ ਗੁਰਬਾਣੀ ਨੂੰ ਸਮਝਣ ਸਮਝਾਉਣ ਲਈ ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੇ ਨਿਰਮਾਣ
ਸੇਵਾਦਾਰ ਤੇ ਪ੍ਰਚਾਰਕ ਨਿਯੁਕਤ ਕੀਤੇ। ਪਰ ਅਫਸੋਸ ਕਿ ਭਾਈਚਾਰਕ ਗਫ਼ਲਤਾ ਕਾਰਨ ਰਾਜਨੀਤਕ ਸਿੱਖ
ਆਗੂਆਂ ਨੇ ਸਾਡੇ ਕੁੱਝ ਭਾਈਆਂ ਨੂੰ ‘ਸਿੰਘ ਸਾਹਿਬ` ਦਾ ਖ਼ਿਤਾਬ ਦੇ ਕੇ ਪੰਥ ਦੇ ਪੂਜ੍ਯ ਪੁਜਾਰੀ ਬਣਾ
ਦਿੱਤਾ ਹੈ ਅਤੇ ਬਦਲੇ ਵਿੱਚ ਉਨ੍ਹਾਂ ਪਾਸੋਂ ਆਪਣੇ ਲਈ ਕਈ ਤਰ੍ਹਾਂ ਦੇ ਪ੍ਰਭਾਵਸ਼ਾਲੀ ਐਵਾਰਡ ਹਾਸਲ
ਕੀਤੇ ਜਾ ਰਹੇ ਹਨ।
ਭਾਸ਼ਾ ਵਿਭਾਗ, ਪੰਜਾਬ ਵਲੋਂ ਪ੍ਰਕਾਸ਼ਿਤ ‘ਹਿੰਦੂ ਮਿਥਿਹਾਸ ਕੋਸ਼` ਵਿੱਖੇ
‘ਰਘੂ` ਇੰਦਰਾਜ ਵਿੱਚ ਸ਼ੱਕੀ ਤੌਰ `ਤੇ ਮੰਨਿਆ ਗਿਆ ਹੈ ਕਿ ਰਘੂ ਨਾਮ ਦਾ ਇੱਕ ਸੂਰਜਵੰਸ਼ੀ ਰਾਜਾ ਸੀ,
ਜਿਹੜਾ ਰਾਜਾ ਦਲੀਪ ਦਾ ਪੁੱਤਰ ਤੇ ਰਾਮਚੰਦਰ ਦਾ ਪੜਦਾਦਾ ਸੀ। ਕਿਉਂਕਿ, ਉਸ ਵਿੱਚ ਲਿਖਿਆ ਹੈ ਕਿ
ਕਵੀ ਕਾਲੀਦਾਸ ਦੀ ਰਚਿਤ ‘ਰਘੂਵੰਸ਼` ਨਾਮੀ ਪੁਸਤਕ ਵਿੱਚਲੀ ਉਪਰੋਕਤ ਬੰਸਾਵਲੀ ਨੂੰ ਬਹੁਤ ਸਾਰੇ
ਵਿਦਵਾਨ ਤੇ ਇਤਿਹਾਸਕਾਰ ਸਹੀ ਨਹੀਂ ਮੰਨਦੇ। ਹਾਂ, ਇਤਨਾ ਕੁ ਮੰਨਦੇ ਹਨ ਕਿ ਰਘੂ ਸ੍ਰੀ ਰਾਮਚੰਦਰ ਦਾ
ਕੋਈ ਵੱਡਾ ਵਡੇਰਾ ਸੀ। ਵਿਸ਼ਨੂੰ ਪੁਰਾਣ ਦੀ ਸੂਰਜਵੰਸ਼ੀ ਬੰਸਵਾਲੀ ਵਿੱਚ ਦਸ਼ਰਥ ਵੀ ਦੋ ਮੰਨੇ ਹਨ।
ਪਹਿਲੇ ਦਾ ਰਾਜ ਵਾਰਸ ਇਲਵਿਲ ਅਤੇ ਦੂਜੇ ਦਾ ਰਾਮਚੰਦ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰਲੇ
ਭੱਟ-ਬਾਣੀਕਾਰ ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਦੇ ਉਪਾਸ਼ਕ ਬ੍ਰਾਹਮਣੀ ਪ੍ਰਵਾਰਾਂ ਵਿੱਚ ਪੈਦਾ ਹੋਏ ਸਨ
ਅਤੇ ਗੁਰੂ ਕੇ ਸਿੱਖ ਸੱਜ ਕੇ ਗੁਰੂ ਨਾਨਕ-ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹੇ ਸਨ। ਉਨ੍ਹਾਂ ਵਿੱਚੋਂ
ਭਾਈ ਕਲਸਹਾਰ ਤੇ ਗਯੰਦ ਜੀ ਵਲੋਂ ਗੁਰੂ ਉਸਤਤਿ ਵਿੱਚ ਕਹੀਆਂ ਪੰਕਤੀਆਂ
“ਤ੍ਰੇਤੈ, ਤੈ ਮਾਣਿਓ; ਰਾਮੁ ਰਘੁਵੰਸੁ
ਕਹਾਇਓ।। “ ਤੇ “ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ; ਮੁਨਿ ਬੰਛਹਿ ਜਾ ਕੀ ਸਰਣੰ।। “
ਦੇ ਪਿਛੋਕੜ ਵਿੱਚ ਵੀ ਪੁਰਾਣਿਕ-ਮਤੀ ਪ੍ਰਵਾਰਾਂ ਵਿੱਚ ਪ੍ਰਚਲਿਤ ਰਘੂ-ਬੰਸਾਵਲੀ ਸਬੰਧੀ ਉਪਰੋਕਤ
ਕਿਸਮ ਦਾ ਸੰਦੇਹ-ਜਨਕ ਖ਼ਿਆਲ ਹੀ ਛੁਪਿਆ ਬੈਠਾ ਹੈ। ‘ਰਾਮ ਰਘੁਵੰਸੁ ਕਹਾਇਓ` ਵਾਕ ਦੇ ‘ਕਹਾਇਓ` ਲਫ਼ਜ਼
ਵਿੱਚੋਂ ਵੀ ਇਹ ਸੰਦੇਹ ਸਪਸ਼ਟ ਰੂਪ ਵਿੱਚ ਪ੍ਰਗਟ ਹੁੰਦਾ ਹੈ ਕਿ ਰਾਮ ਰਘੂ ਵੰਸ਼ਜ ਨਹੀਂ ਸਨ, ਪਰ ਇਸ
ਦੇ ਬਾਵਜੂਦ ਵੀ ਉਨ੍ਹਾਂ ਨੇ ਰਾਜ-ਸੱਤਾ ਦੇ ਜ਼ੋਰ ਨਾਲ ਆਪਣੇ ਆਪ ਨੂੰ ਰਘੁਵੰਸ਼ (ਰਘੂ ਦੀ ਵੰਸ਼)
ਕਹਾਇਆ।
‘ਹਿੰਦੂ ਮਿਥਿਹਾਸ ਕੋਸ਼` ਮੁਤਾਬਿਕ ਸੂਰਯ ਵੰਸ਼ (ਸੂਰਜ ਵੰਸ਼) ਕਸ਼ਤਰੀਆਂ ਦਾ
ਇੱਕ ਵੰਸ਼ ਹੈ, ਜਿਸ ਦਾ ਬਾਨੀ ਇਕਸ਼ਵਾਕੂ ਨਾਂ ਦਾ ਰਾਜਾ ਸੀ। ਇਹ ਸੂਰਜ (ਦੇਵਤਾ) ਦਾ ਪੋਤਰਾ ਅਤੇ
ਮਨੂ ਦਾ ਪੁਤਰ ਸੀ ਜੋ ਮਨੂੰ ਦੇ ਨਿਛ ਮਾਰਨ `ਤੇ ਉਸ ਦੀ ਨਾਸ ਵਿਚੋਂ ਜੰਮਿਆਂ ਸੀ। ਸੂਰਜਵੰਸ਼ ਦੀ
ਸਭ ਤੋਂ ਵੱਡੀ ਸ਼ਾਖਾ ਜਿਸ ਦਾ ਅਯੁਧਿਆ ਵਿੱਚ ਰਾਜ ਸੀ, ਇਕਸ਼ਵਾਕੂ ਦੇ ਵੱਡੇ ਪੁੱਤਰ ਵਿਕੁਕਸ਼ੀ ਨੇ
ਸਥਾਪਤ ਕੀਤੀ ਸੀ। ਪਰ, ਜਰਮਨ ਦੇ ਮਹਾਨ ਵਿਦਵਾਨ ਮਿ. ਮੈਕਸਮੂਲਰ (ਜਿਸ ਦੇ ਲਿਖੇ ਰਿਗ ਵੇਦ ਦੇ ਭਾਸ਼
ਨੂੰ ਭਾਰਤ ਸਰਕਾਰ ਨੇ ਛੇ ਵੱਡੀਆਂ ਕੁਆਰਟੋ ਜਿਲਦਾਂ ਵਿੱਚ ਛਪਵਾਇਆ ਹੈ।) ਅਨੁਸਾਰ ਰਿਗਵੇਦ ਵਿੱਚ
ਇਕਸ਼ਵਾਕੂ ਦਾ ਨਾਂ ਕੇਵਲ ਇੱਕ ਵਾਰ ਹੀ ਵਰਨਣ ਹੋਇਆ ਹੈ। ਉਹ ਲਿਖਦਾ ਹੈ ਕਿ “ਮੈਂ ਇਸ ਨੂੰ ਕਿਸੇ
ਰਾਜੇ ਦਾ ਨਾਂ ਨਹੀਂ ਸਮਝਦਾ, ਸਗੋਂ ਇਹ ਨਾਂ ਉਨ੍ਹਾਂ ਸਮੂਹ ਲੋਕਾਂ ਲਈ ਪ੍ਰਯੋਗ ਕੀਤਾ ਗਿਆ ਹੈ, ਜੋ
‘ਭਾਜਰਥ` ਦੇਸ਼ ਦੇ ਰਹਿਣ ਵਾਲੇ ਸਨ ਅਤੇ ਜਿਹੜਾ ਉੱਤਰੀ ਗੰਗਾ (ਭਾਗੀਰਥੀ) ਦੇ ਹੜ੍ਹ ਵਿੱਚ ਰੁੜ ਗਿਆ
ਸੀ।” ਕੁੱਝ ਲੋਕ ਇਕਸ਼ਵਾਕੂਆਂ ਨੂੰ ਉਤਰ ਪਛਮ ਦੇ ਵਸਨੀਕ ਸਮਝਦੇ ਹਨ।
ਬਾਲਮੀਕੀ ਰਮਾਇਣ ਮੁਤਾਬਿਕ ਦਸ਼ਰਥ ਇੱਕ ਛੋਟੇ ਜਿਹੇ ਇਲਾਕੇ ਕੌਸ਼ਲ ਪ੍ਰਦੇਸ਼ ਦਾ
ਸ਼ਾਸ਼ਕ ਸੀ, ਜਿਹੜਾ ਹੁਣ ਉੱਤਰ ਪ੍ਰਦੇਸ਼ (ਯੂ. ਪੀ.) ਦਾ ਇੱਕ ਹਿੱਸਾ ਹੈ। ਭਾਵੇਂ ਕਿ ਉਹ ਡੀਂਗ ਮਾਰਦਾ
ਆਪਣੀ ਰਾਣੀ ਕੈਕੇਈ ਨੂੰ ਕਹਿੰਦਾ ਰਹਿੰਦਾ ਸੀ “ਜਿਥੋਂ ਤੱਕ ਸੂਰਜ ਦਾ ਪ੍ਰਕਾਸ਼ ਹੈ, ਓਥੋਂ ਤੱਕ ਮੇਰਾ
ਰਾਜ ਹੈ”। (ਅਰ. ਕਾਂਡ) ਹਾਂ, ਇਤਨਾ ਜ਼ਰੂਰ ਸੀ ਕਿ ਆਸ ਪਾਸ ਦੇ ਹੋਰ ਰਾਜੇ ਉਸ ਦਾ ਆਦਰ ਕਰਦੇ ਸਨ।
(ਅਯੁ. ਕਾਂ) ਇਸ ਦੀਆਂ ੩੫੩ ਰਾਣੀਆਂ ਸਨ, ਜਿਨ੍ਹਾਂ ਵਿਚੋਂ ਕੁਸ਼ਲਿਆ, ਸੁਮਿਤਰਾ ਤੇ ਕੈਕੇਈ ਰਾਜਕੁਲ
ਦੀਆਂ ਸਨ (ਅਯੁ. ਕਾਂ) ਤੇ ਬਾਕੀ ਕੁਛ ਕਸ਼ਤਰੀ, ਕੁਛ ਵੈਸ਼ ਤੇ ਸ਼ੂਦਰ ਪ੍ਰਵਾਰਾਂ ਵਿਚੋਂ ਸਨ। (ਬਾ.
ਕਾਂ) ਜਦੋਂ ਇਨ੍ਹਾਂ ਵਿਚੋਂ ਕਿਸੇ ਦੀ ਕੁੱਖੋਂ ਵੀ ਸੰਤਾਨ ਪੈਦਾ ਨਾ ਹੋਈ ਤਾਂ ਬੁਢੇਪੇ ਕਾਰਨ ਰਾਜਾ
ਚਿੰਤਾਤੁਰ ਹੋਇਆ ਕਿ ਉਸ ਦੇ ਮਰਨ ਉਪਰੰਤ ਰਾਜ ਕੌਣ ਸੰਭਾਲੇਗਾ ਅਤੇ ਪਿੰਡ ਦਾਨ ਕੌਣ ਕਰੇਗਾ? ਇਸ ਪੱਖ
ਦੇ ਜਦੋਂ ਸਾਰੇ ਯਤਨ ਅਸਫਲ ਸਿੱਧ ਹੋਏ ਤਾਂ ਬ੍ਰਾਹਮਣਾਂ ਦੀ ਪ੍ਰੇਰਨਾ ਸਦਕਾ ਦੇਵਤਿਆਂ ਦੀ ਸਹਾਇਤਾ
ਲਈ ਅਸਮੇਧ ਯੱਗ ਰਚਿਆ। (ਬਾਲ. ਕਾਂ) ਬਿਪਰੀ ਮਰਯਾਦਾ ਮੁਤਾਬਿਕ ਭਾਂਵੇਂ ਅਜਿਹਾ ਯੱਗ ਰਾਜ ਦੇ ਵਾਧੇ
ਲਈ ਕੀਤਾ ਜਾਂਦਾ ਸੀ; ਪਰ ਕਿਉਂਕਿ ਇਥੇ ਮਨੋਰਥ ਪੁਤਰ ਪ੍ਰਾਪਤੀ ਸੀ, ਇਸ ਕਰਕੇ ਇਸ ਯੱਗ ਪੁਤ੍ਰੇਸ਼ਟੀ
ਯੱਗ ਵੀ ਕਿਹਾ ਜਾਂਦਾ ਹੈ।
ਲਿਖਿਆ ਹੈ ਕਿ ਯੱਗ ਸਪੂੰਰਨ ਹੋਣ ਤੇ ਹਵਨ ਕੁੰਡ ਵਿਚੋਂ ਅਗਨੀ ਦੇਵਤਾ
‘ਪਾਇਸ` ਦਾ ਪਿਆਲਾ ਲੈ ਕੇ ਪ੍ਰਗਟ ਹੋਇਆ ਤੇ ਦਸਰਥ ਨੂੰ ਕਿਹਾ ਕਿ ਉਹ ਰਾਣੀਆਂ ਨੂੰ ਪਿਆ ਦੇਵੇ।
ਮਿ. ਵ੍ਹੀਲਰ ਨੇ ਰਮਾਇਣ ਦੇ ਅਨੁਵਾਦ ਵਿੱਚ ਲਿਖਿਆ ਹੈ ਕਿ ਰਾਜਾ ਦਸ਼ਰਥ ਨੇ
ਅੰਮ੍ਰਿਤ (ਪਾਇਸ) ਨੂੰ ਆਪਣੀਆਂ ਦੋ ਵੱਡੀਆਂ ਰਾਣੀਆਂ ਕੌਸ਼ਲਿਆ ਤੇ ਕੈਕੇਈ ਵਿਚਕਾਰ ਵੰਡ ਦਿੱਤਾ। ਪਰ,
ਜਦੋਂ ਸੁਮਿਤ੍ਰਾ ਨੇ ਮੰਗ ਕੀਤੀ ਤਾਂ ਦਸ਼ਰਥ ਨੇ ਦੋਨਾ ਰਾਣੀਆਂ ਨੂੰ ਉਸ ਨੂੰ ਵੀ ਅੰਮ੍ਰਿਤ ਦੇਣ ਲਈ
ਕਿਹਾ। ਉਨ੍ਹਾਂ ਦੋਹਾਂ ਨੇ ਆਪਣਾ ਅੱਧਾ ਅੱਧਾ ਹਿੱਸਾ ਸੁਮਿਤ੍ਰਾ ਨੂੰ ਦਿੱਤਾ। ਇਸ ਤਰ੍ਹਾਂ
ਸੁਮਿਤ੍ਰਾ ਨੂੰ ਦੋ ਹਿੱਸੇ ਮਿਲ ਗਏ, ਜਿਸ ਕਰਕੇ ਉਸ ਨੂੰ ਦੋ ਪੁਤਰ ਜੰਮੇ। ਜਿਹੜਾ ਹਿੱਸਾ ਉਸ ਨੂੰ
ਕੌਸ਼ਲਿਆ ਤੋਂ ਮਿਲਿਆ, ਉਸ ਤੋਂ ਲਕਸ਼ਮਣ ਦੀ ਉਤਪਤੀ ਹੋਈ, ਜੋ ਰਾਮ ਦਾ ਅਨੰਨ ਭਗਤ ਸੀ ਅਤੇ ਜਿਹੜਾ
ਹਿੱਸਾ ਕੈਕੇਈ ਤੋਂ ਮਿਲਿਆ, ਉਸ ਤੋਂ ਸ਼ਤਰੂਘਨ ਪੈਦਾ ਹੋਇਆ, ਜਿਹੜਾ ਭਰਤ ਦਾ ਸ਼ਰਧਾਲੂ ਸੀ। ਕੌਸ਼ਲਿਆ
ਤੋਂ ਰਾਮ ਅਤੇ ਕੈਕੇਈ ਤੋਂ ਭਰਤ ਨੇ ਜਨਮ ਲਿਆ। ਰਾਮਚੰਦ੍ਰ ਦੀ ਉੱਚਤਾ ਬਾਰੇ ਕੋਈ ਪ੍ਰਮਾਣ ਨਹੀਂ
ਮਿਲਦਾ; ਕਿਉਂਕਿ, ਇਸ ਪ੍ਰਕਰਣ ਅਨੁਸਾਰ ਤਾਂ ਚਾਰੇ ਭਰਾ ਸਮਾਨ ਦੇਵਤਵ ਦੇ ਅਧਿਕਾਰੀ ਸਨ। ਵਿਸ਼ਵ
ਸਾਹਿਤ ਦਿੱਲੀ ਵੱਲੋਂ ਪ੍ਰਕਾਸ਼ਤ ‘ਰਾਮਾਇਣ: ਏਕ ਨਯਾ ਦ੍ਰਿਸ਼ਟੀਕੋਨ` ਦੇ ਲੇਖਕ ਪੀ. ਐਚ ਗੁਪਤਾ ਨੇ
ਉਪਰੋਕਤ ਤੱਥਾਂ ਨੂੰ ਅਧਾਰ ਬਣ ਕੇ ਸਿੱਟਾ ਕੱਢਿਆ ਹੈ ਕਿ ਰਾਜਾ ਦਸ਼ਰਥ ਸਰੀਰਕ ਤੌਰ `ਤੇ ਸੰਤਾਨ ਪੈਦਾ
ਕਰਨ ਤੋਂ ਅਸਮਰਥ ਸੀ।
ਹਿੰਦੂ ਮਿਥਿਹਾਸ ਵਿੱਚ ਕੁਦਰਤੀ ਨਿਯਮਾਂ ਦੇ ਉੱਲਟ ਕੁੱਝ ਅਜਿਹੀਆਂ
ਅਨਹੋਣੀਆਂ ਕਹਾਣੀਆਂ ਹਨ, ਜਿਨ੍ਹਾਂ`ਤੇ ਅਧਾਰਿਤ ਕਈ ਵਿਦਵਾਨ ਸ੍ਰੀ ਰਾਮ ਆਦਿਕ ਅਵਤਾਰੀ ਹਸਤੀਆਂ ਦੀ
ਹੋਂਦ ਤੋਂ ਹੀ ਮੁਨਕਿਰ ਹੋ ਜਾਂਦੇ ਹਨ। ਇਥੇ ਵੀ ਉਪਰੋਕਤ ਤੱਥਾਂ ਤੋਂ ਸਹਜੇ ਹੀ ਇਹ ਸਿੱਟਾ ਨਿਕਲਦਾ
ਹੈ ਕਿ ਸ੍ਰੀ ਰਾਮਚੰਦਰ ਜੀ ਭਾਵੇਂ ਰਾਜਾ ਦਸ਼ਰਥ ਦੇ ਘਰ ਪੈਦਾ ਹੋਏ, ਪਰ ਉਹ ਨਾ ਤਾਂ ਸੂਰਜਵੰਸ਼ੀ ਸਨ,
ਨਾ ਹੀ ਇਕਸ਼ਵਾਕੂ ਅਤੇ ਨਾ ਹੀ ਰਘੂਵੰਸ਼ੀ। ਕਿਉਂਕਿ, ਇੱਕ ਤਾਂ ਉਹ ਮਾਂ ਬਾਪ ਦੇ ਸੰਜੋਗ ਦੀ ਕੁਦਰਤੀ
ਕਿਰਿਆ ਦੁਆਰਾ ਰਾਜੇ ਦੀ ਬਿੰਦ ਤੋਂ ਪੈਦਾ ਨਹੀ ਸਨ ਹੋਏ। ਦੂਜੇ, ਸੂਰਜ ਤੋਂ ਮਨੂ ਰਾਜੇ ਦਾ ਪੈਦਾ
ਹੋਣਾ ਤੇ ਮਨੂ ਦੀਆਂ ਨਾਸਾਂ ਵਿਚੋਂ ਇਕਸ਼ਵਾਕੂ ਦਾ ਜੰਮਣਾ ਵੀ ਅਸੰਭਵ ਹੈ। ਅਸਲ ਵਿੱਚ ਕੁੱਝ ਇਹੀ
ਕਾਰਣ ਸਨ ਕਿ ਗੁਰੂ ਸਾਹਿਬਾਨ ਅਤੇ ਭਗਤ-ਜਨਾਂ ਨੇ ਭਾਰਤ ਦੇ ਧਾਰਮਿਕ ਸਾਹਿਤ ਵਿੱਚ ਪ੍ਰਚਲਿਤ
‘ਰਘੁਰਾਇਆ`, ‘ਰਘਨਾਥੁ` ਤੇ ‘ਰਘਪਤਿ` ਨਾਵਾਂ ਨੂੰ ਤਾਂ ਭਾਵੇਂ ‘ਜੋਤਿ ਸਰੂਪ ਪ੍ਰਭੂ ਪਾਤਸ਼ਾਹ ਅਤੇ
‘ਜੋਤਿ ਸਰੂਪ ਮਾਲਕ ਪ੍ਰਭੂ` ਦੇ ਅਰਥਾਂ ਵਿੱਚ ਵਰਤ ਲਿਆ। ਪ੍ਰੰਤੂ ‘ਰਘੁਵੰਸ` ਜਾਂ ਰਘੁਬੰਸ` ਨਾਂ
ਵਰਤਣ ਤੋਂ ਸੰਕੋਚ ਕੀਤਾ ਹੈ। ਕਿਉਂਕਿ, ਉਹ ਜਾਣਦੇ ਸਨ ਕਿ ਇੱਕ ਤਾਂ ਇਹ ਸਚਾਈ ਨਹੀਂ, ਦੂਜੇ, ਅਜੂਨੀ
ਰੱਬ ਨੂੰ ਕਿਸੇ ਵਿਅਕਤੀ ਦੀ ਵੰਸ਼ ਨਹੀਂ ਮੰਨਿਆ ਜਾ ਸਕਦਾ।
ਗੁਰਬਾਣੀ ਅੰਦਰਲੇ ‘ਰਘੁਰਾਇਆ`, ‘ਰਘਨਾਥੁ` ਤੇ ‘ਰਘਪਤਿ` ਵਰਗੇ ਸਰਗੁਣੀ
ਨਾਵਾਂ ਨੂੰ ਅਰਥਾਉਣ ਵੇਲੇ ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਇਹ ਕੋਈ ਪੱਕਾ ਸਾਹਿਤਕ ਨੀਯਮ ਨਹੀਂ
ਹੈ ਕਿ ਕਿਸੇ ਸ਼ਬਦ ਦਾ ਓਹੀ ਅਰਥ ਰਹੇ, ਜਿਹੜਾ ਕਿਸੇ ਕਵੀ ਅਥਵਾ ਲੇਖਕ ਨੇ ਆਪਣੇ ਇਸ਼ਟ ਲਈ ਵਰਤਿਆ
ਹੋਵੇ। ਵਿਦਵਾਨਾਂ ਦੀਆਂ ਲਿਖਤਾਂ ਵਿੱਚਲੇ ਪ੍ਰਕਰਣ ਅਤੇ ਉਪਾਸ਼ਕਾਂ ਦੇ ਨਿਸ਼ਚੇ ਤੇ ਮੱਤ ਮੁਤਾਬਿਕ
ਅਰਥਾਂ ਵਿੱਚ ਭੇਦ ਹੋਇਆ ਕਰਦੇ ਹਨ। ਇਸ ਸਧੰਰਬ ਵਿੱਚ ਮਿਸਾਲ ਵਜੋਂ ਗੁਰੂ ਅਮਰਦਾਸ ਜੀ ਦਾ ਵਾਕ
“ਪ੍ਰਹਲਾਦ ਕਾ ਰਾਖਾ ਹੋਇ
ਰਘੁਰਾਇਆ।।” ਵਿਚਾਰਿਆ ਜਾ ਸਕਦਾ ਹੈ। ਕਿਉਂਕਿ,
ਹਿੰਦੂ ਮਿਥਿਹਾਸ ਮੁਤਾਬਿਕ ਪ੍ਰਹਿਲਾਦ ਸਤਿਜੁਗ ਦੇ ਭਗਤ ਮੰਨੇ ਗਏ ਹਨ ਅਤੇ ਸ੍ਰੀ ਰਾਮਚੰਦਰ ਜੀ
ਤ੍ਰੇਤੇ ਯੁੱਗ ਦੇ ਅਵਤਾਰ। ਇਸ ਲਈ ਇਥੇ ਸੁਆਲ ਖੜਾ ਹੁੰਦਾ ਹੈ ਕਿ ਜੇਕਰ ਪ੍ਰਹਿਲਾਦ ਵੇਲੇ ਸ੍ਰੀ
ਰਾਮਚੰਦਰ ਨਹੀਂ ਸਨ, ਤਾਂ ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਵਿੱਚ ਉਹ ਕਿਹੜਾ ‘ਰਘੁਰਾਇਆ` ਸੀ, ਜੋ
ਪ੍ਰਹਿਲਾਦ ਦਾ ਰਾਖਵਾਲਾ ਬਣਿਆ? ਉੱਤਰ ਹੈ: ਉਹ ‘ਰਘੁਰਾਇਆ`, ਸਰਬ-ਵਿਆਪਕ ਜੋਤਿ ਸਰੂਪ ਪ੍ਰਭੂ
ਪਾਤਸ਼ਾਹ ਸੀ। “ਜਲ ਥਲ ਰਾਖਨ
ਹੈ ਰਘੁਨਾਥ” ਵਾਕ ਤੋਂ ਵੀ ਸਪਸ਼ਟ ਹੈ ਕਿ ਭਗਤ
ਕਬੀਰ ਸਾਹਿਬ ਦੀ ਦ੍ਰਿਸ਼ਟੀ ਵਿੱਚ ਵੀ ‘ਰਘਨਾਥੁ` ਉਹ ਹੈ ਜਿਹੜਾ ਧਰਤੀ, ਪਾਣੀ ਤੇ ਅਕਾਸ਼ ਆਦਿਕ ਸਭ
ਥਾਵਾਂ ਤੇ ਰਖਵਾਲੀ ਕਰਨ ਵਾਲਾ ਹੈ। ਮਹਾਨ ਕੋਸ਼ ਮੁਤਾਬਿਕ ਵੀ ‘ਰਘ` ਲਫ਼ਜ਼ ਦਾ ਅਰਥ ਹੈ: ਜ੍ਯੋਤੀ,
ਪ੍ਰਕਾਸ਼ ਅਤੇ ‘ਰਾਇਆ`, ‘ਨਾਥ`, ‘ਪਤੀ` ਪਦਾਂ ਦੇ ਅਰਥ ਹਨ: ਰਾਜਾ ਤੇ ਮਾਲਕ। ਰੱਬੀ ਜੋਤਿ ਦੀ
ਵਿਆਪਕਤਾ ਨੂੰ ਪ੍ਰਗਟਾਉਂਦਾ
“ਸਭ ਮਹਿ ਜੋਤਿ, ਜੋਤਿ ਹੈ ਸੋਇ।। ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ।। “ {ਮਃ ੧, ਅੰ: ੧੩}
ਗੁਰਵਾਕ ਅਜਿਹੇ ਅਰਥਾਂ ਨੂੰ ਹੋਰ ਵੀ ਬਲ ਪ੍ਰਦਾਨ ਕਰਦਾ ਹੈ।
ਸੋ ਇਸ ਲਈ ਸ਼ਬਦਾਰਥ ਤੇ ਸਿਧਾਂਤਕ ਪੱਖੋਂ ਵੀ ਗੁਰੂ ਸਾਹਿਬਾਨ ਤੇ ਭਗਤ ਜਨਾਂ
ਵਲੋਂ ਵਰਤੇ ‘ਰਘੁਨਾਥ`, ‘ਰਘੁਪਤਿ` ਤੇ ‘ਰਘੁਰਾਇਆ` ਪਦਾਂ ਨੂੰ ‘ਜੋਤਿ ਸਰੂਪ ਪ੍ਰਭੂ ਪਾਤਸ਼ਾਹ` ਅਥਵਾ
‘ਜੋਤਿ ਸਰੂਪ ਮਾਲਕ ਪ੍ਰਭੂ` (ਅਕਾਲ ਪੁਰਖ) ਦੇ ਅਰਥਾਂ ਵਿੱਚ ਵਾਚਣਾ ਹੀ ਪ੍ਰਕਰਣ ਮੁਤਾਬਿਕ ਸਹੀ
ਸਿੱਧ ਹੁੰਦਾ ਹੈ। ਅਜਿਹੇ ਦਾਰਸ਼ਨਿਕ ਦ੍ਰਿਸ਼ਟੀਕੋਨ ਤੋਂ ‘ਰਘੁਵੰਸੁ` ਲਫ਼ਜ਼ ਨੂੰ ‘ਜੋਤਿ ਸਰੂਪ ਪ੍ਰਭੂ
ਦੀ ਵੰਸ਼` ਅਰਥਾਂ ਵਿੱਚ ਵੀ ਵਿਚਾਰਿਆ ਜਾ ਸਕਦਾ ਹੈ। ਪਰ, ਤਦੋਂ ਇਹ ਲਫ਼ਜ਼ ਸ੍ਰੀ ਰਾਮਚੰਦਰ ਦੇ ਵਿਅਕਤਵ
ਘੇਰੇ ਨੂੰ ਉਲੰਘ ਕੇ ਸਾਰੇ ਜੀਅ-ਜੰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਕਿਉਂਕਿ, ਇੱਕ ਤਾਂ
ਵਿਆਕਰਣਿਕ ਪੱਖੋਂ ਸੰਸਕ੍ਰਿਤਕ ਲਫ਼ਜ਼ ‘ਵੰਸ਼` (ਬੰਸੁ) ਲਫ਼ਜ਼ ਇੱਕ-ਵਚਨ ਨਹੀਂ, ਇਕੱਠ-ਵਾਚਕ ਨਾਂਵ ਹੈ,
ਜਿਹੜਾ ਕਿਸੇ ਇੱਕ ਜੀਵ ਲਈ ਵਰਤਿਆ ਜਾ ਸਕਦਾ ਹੈ ਅਤੇ ਬਹੁਤਿਆਂ ਲਈ ਵੀ । ਦੂਜੇ, “ਸਭ ਮਹਿ ਜੋਤਿ,
ਜੋਤਿ ਹੈ ਸੋਇ ਅਤੇ “ਕਹੁ ਕਬੀਰ ਇਹੁ ਰਾਮ ਕੀ ਅੰਸੁ”।। {ਅੰ: ੮੭੧} ਗੁਰਵਾਕਾਂ ਦੀ ਰੌਸਨੀ ਵਿੱਚ
ਸਾਰੇ ਜੀਅ-ਜੰਤ ਜੋਤਿ-ਸਰੂਪ ਰਮਤ-ਰਾਮ (ਅਕਾਲ ਪੁਰਖੁ) ਦੀ ਅੰਸ਼ ਵੰਸ਼ ਹਨ। ਇਸ ਲਈ ਜੇ ਐਸਾ ਕਿਹਾ
ਜਾਵੇ ਕਿ ਸ੍ਰੀ ਰਾਮਚੰਦ ਨੇ ਆਪਣੇ ਆਪ ਨੂੰ ਰਾਜਾ ਰਘੂ ਦੀ ਵੰਸ਼ ਨਹੀਂ ਕਹਾਇਆ, ਜੋਤਿ-ਸਰੂਪ ਪ੍ਰਭੂ
ਦੀ ਵੰਸ਼ ਅਖਵਾਇਆ ਹੈ। ਤਾਂ ਉਹ ਪੁਰਾਣਿਕ ਲਿਖਤਾਂ ਅਜਿਹੇ ਅਰਥ ਕਰਨ ਦੀ ਆਗਿਆ ਨਹੀਂ ਦਿੰਦੀਆਂ;
ਜਿਨ੍ਹਾਂ ਵਿੱਚ ਸ੍ਰੀ ਰਾਮਚੰਦ ਨੂੰ ਰਾਜਾ ਰਘੂ ਦਾ ਪੜਪੋਤਾ ਅਤੇ ਹਿੰਦੂ-ਦੇਵਤਿਆਂ ਦੀ ਤ੍ਰਿਕੜੀ
ਵਿਚਲੇ ਵਿਸ਼ਨੂੰ ਦਾ ਅਵਤਾਰ ਮੰਨਿਆ ਹੋਇਆ ਹੈ, ਜਿਹੜਾ ਵਿਆਪਕਤਾ ਗਵਾ ਕੇ ਇੱਕ ਵਿਅਕਤੀ ਵਜੋਂ ਪਾਣੀ
ਵਿੱਚ ਸ਼ੇਸ਼ਨਾਗ ਦੀ ਸੇਜਾ `ਤੇ ਨਿਵਾਸ ਰਖਦਾ ਹੈ।
ਗੁਰਬਾਣੀ ਵਿੱਚ ‘ਰਘੁ` ‘ਰਘੁਵੰਸੁ` ਤੇ ‘ਰਘੁਬੰਸਿ` ਲਫ਼ਜ਼ ਸ੍ਰੀ ਰਾਮਚੰਦ੍ਰ
ਲਈ ਇੱਕ ਇੱਕ ਵਾਰ ਮਿਥਿਹਾਸਕ ਹਵਾਲੇ ਵਜੋਂ ਕੇਵਲ ਭੱਟਾਂ ਵੱਲੋਂ ਵਰਤੇ ਗਏ ਹਨ। ਪ੍ਰੰਤੂ, ਉਨ੍ਹਾਂ
ਵੀ ‘ਦਸਰਥ ਘਰਿ` ਅਤੇ ‘ਰਘੁਵੰਸੁ ਕਹਾਇਓ` ਵਾਕਾਂ ਦੀ ਵਰਤੋਂ ਕਰਕੇ ਇਸ ਦੇ ਮਿਥਿਹਾਸਕ ਪਿਛੋਕੜ ਦਾ
ਸੱਚ ਪ੍ਰਗਟ ਕਰ ਦਿੱਤਾ ਹੈ। ਪ੍ਰੋ: ਸਾਹਿਬ ਸਿੰਘ ਜੀ ਰਚਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ
ਵਿੱਚਲੇ ਅਰਥਾਂ ਸਮੇਤ ਉਪਰੋਕਤ ਨਾਵਾਂ ਵਾਲੇ ਸੰਪੂਰਨ ਗੁਰਵਾਕ ਇੰਝ ਹਨ:
ਸੰਗ ਸਖਾ ਸਭਿ ਤਜਿ ਗਏ; ਕੋਊ ਨ ਨਿਬਹਿਓ ਸਾਥਿ।।
ਕਹੁ ਨਾਨਕ ਇਹ ਬਿਪਤਿ ਮੈ; ਟੇਕ ਏਕ ਰਘੁਨਾਥ।। ੫੫।। { (ਮਃ ੯,
ਅੰ: ੧੪੨੯}
ਅਰਥ : ਹੇ ਨਾਨਕ! ਆਖ—
(ਜਦੋਂ ਅੰਤ ਵੇਲੇ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਭੀ ਸਾਥ ਨਹੀਂ ਨਿਬਾਹ ਸਕਦਾ, ਉਸ
(ਇਕੱਲੇ-ਪਨ ਦੀ) ਮੁਸੀਬਤ ਵੇਲੇ ਭੀ ਸਿਰਫ਼ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ (ਸੋ, ਹੇ ਭਾਈ! ਸਦਾ
ਪਰਮਾਤਮਾ ਦਾ ਨਾਮ ਸਿਮਰਿਆ ਕਰੋ)।
ਮਨ ਰੇ! ਸਰਿਓ ਨ ਏਕੈ ਕਾਜਾ।।
ਭਜਿਓ ਨ, ਰਘੁਪਤਿ ਰਾਜਾ।। {ਕਬੀਰ, ਅੰ: ੬੫੪}
ਅਰਥ : ਹੇ ਮਨ! ਤੂੰ
ਪ੍ਰਕਾਸ਼-ਰੂਪ ਪਰਮਾਤਮਾ ਦਾ ਭਜਨ ਨਹੀਂ ਕੀਤਾ, ਤੈਥੋਂ ਇਹ ਇੱਕ ਕੰਮ ਭੀ (ਜੋ ਕਰਨ-ਜੋਗ ਸੀ) ਨਹੀਂ
ਹੋ ਸਕਿਆ।
ਕਹਿ ਰਵਿਦਾਸ; ਕਹਾ ਕੈਸੇ ਕੀਜੈ।। ਬਿਨੁ ਰਘੁਨਾਥ; ਸਰਨਿ ਕਾ ਕੀ
ਲੀਜੈ।। {ਅੰ: ੭੧੦}
ਅਰਥ : ਰਵਿਦਾਸ ਆਖਦਾ
ਹੈ-ਹੋਰ ਕਿੱਥੇ ਜਾਵਾਂ? ਹੋਰ ਕੀਹ ਕਰਾਂ? (ਇਹਨਾਂ ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਤੋਂ ਬਿਨਾ
ਹੋਰ ਕਿਸੇ ਦਾ ਆਸਰਾ ਲਿਆ ਨਹੀਂ ਜਾ ਸਕਦਾ।
ਕਹਿ ਕੰਬੀਰ; ਕੋਊ ਸੰਗ ਨ ਸਾਥ।। ਜਲ ਥਲ ਰਾਖਨ ਹੈ ਰਘੁਨਾਥ।। {ਅੰ:
੧੧੬੨}
ਅਰਥ : ਕਬੀਰ ਆਖਦਾ ਹੈ—
(ਹੇ ਭਾਈ! ਤੁਹਾਡੇ ਮਿਥੇ ਹੋਏ ਕਰਮ-ਕਾਂਡ ਜਾਂ ਤੀਰਥ-ਇਸ਼ਨਾਨ) ਕੋਈ ਭੀ ਸੰਗੀ ਨਹੀਂ ਬਣ ਸਕਦੇ, ਕੋਈ
ਭੀ ਸਾਥੀ ਨਹੀਂ ਹੋ ਸਕਦੇ। ਪਾਣੀ ਤੇ ਧਰਤੀ ਹਰ ਥਾਂ ਇੱਕ ਪਰਮਾਤਮਾ ਹੀ ਰੱਖਣ-ਜੋਗ ਹੈ।
ਸੰਡਾ ਮਰਕਾ ਸਭਿ ਜਾਇ ਪੁਕਾਰੇ।।
ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ।।
ਦੁਸਟ ਸਭਾ ਮਹਿ ਮੰਤ੍ਰੁ ਪਕਾਇਆ।।
ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ।। ੩।। {ਮਃ ੩, ਅੰ: ੧੧੩੩}
ਅਰਥ : ਹੇ ਭਾਈ! ਸੰਡ ਅਮਰਕ
ਤੇ ਹੋਰ ਸਾਰਿਆਂ ਨੇ ਜਾ ਕੇ (ਹਰਨਾਖਸ਼ ਕੋਲ) ਪੁਕਾਰ ਕੀਤੀ—ਪ੍ਰਹਿਲਾਦ ਆਪ ਵਿਗੜਿਆ ਹੋਇਆ ਹੈ, (ਉਸ
ਨੇ) ਸਾਰੇ ਮੁੰਡੇ ਭੀ ਵਿਗਾੜ ਦਿੱਤੇ ਹਨ। ਹੇ ਭਾਈ! (ਇਹ ਸੁਣ ਕੇ) ਉਹਨਾਂ ਦੁਸ਼ਟਾਂ ਨੇ ਰਲ ਕੇ ਸਲਾਹ
ਪੱਕੀ ਕੀਤੀ (ਕਿ ਪ੍ਰਹਿਲਾਦ ਨੂੰ ਮਾਰ ਮੁਕਾਈਏ। ਪਰ) ਪ੍ਰਹਿਲਾਦ ਦਾ ਰਾਖਾ ਆਪ ਪਰਮਾਤਮਾ ਬਣ ਗਿਆ।
ਕਹੁ ਕਬੀਰ; ਭਗਤਿ ਕਰਿ ਪਾਇਆ।।
ਭੋਲੇ ਭਾਇ, ਮਿਲੇ ਰਘੁਰਾਇਆ।। {ਅੰ: ੩੨੪}
ਅਰਥ : ਹੇ ਕਬੀਰ!
ਆਖ—ਪਰਮਾਤਮਾ ਬੰਦਗੀ ਕਰਨ ਨਾਲ (ਹੀ) ਮਿਲਦਾ ਹੈ, ਭੋਲੇ ਸੁਭਾਉ ਨਾਲ ਮਿਲਦਾ ਹੈ।
ਪਾਂਚ ਪਚੀਸ, ਮੋਹ ਮਦ ਮਤਸਰ; ਆਡੀ, ਪਰਬਲ ਮਾਇਆ।।
ਜਨ ਗਰੀਬ ਕੋ ਜੋਰੁ ਨ ਪਹੁਚੈ; ਕਹਾ ਕਰਉ? ਰਘੁਰਾਇਆ! ।। {ਕਬੀਰ; ਅੰ:
੧੧੬੧}
ਅਰਥ : ਬਲ ਵਾਲੀ ਮਾਇਆ ਦਾ
ਆਸਰਾ ਲੈ ਕੇ ਪੰਜ ਕਾਮਾਦਿਕ, ਪੰਝੀ ਤੱਤ, ਮੋਹ, ਅਹੰਕਾਰ, ਈਰਖਾ (ਦੀ ਫ਼ੌਜ ਲੜਨ ਨੂੰ ਤਿਆਰ ਹੈ)। ਹੇ
ਪ੍ਰਭੂ! ਮੇਰੀ ਗ਼ਰੀਬ ਦੀ ਕੋਈ ਪੇਸ਼ ਨਹੀਂ ਜਾਂਦੀ, (ਦੱਸ,) ਮੈਂ ਕੀਹ ਕਰਾਂ? ।
ਗਾਵੈ ਜਮਦਗਨਿ, ਪਰਸਰਾਮੇਸੁਰ; ਕਰ ਕੁਠਾਰੁ, ਰਘੁ ਤੇਜੁ ਹਰਿਓ।।
(ਭਟ ਕਲ, ਅੰ: ੧੩੮੯}
ਅਰਥ : (ਗੁਰੂ ਨਾਨਕ ਦੇ ਜਸ
ਨੂੰ) ਜਮਦਗਨਿ ਦਾ ਪੁੱਤਰ ਪਰਸਰਾਮ ਭੀ ਗਾ ਰਿਹਾ ਹੈ, ਜਿਸ ਦੇ ਹੱਥ ਦਾ ਕੁਹਾੜਾ ਤੇ ਜਿਸ ਦਾ ਪ੍ਰਤਾਪ
ਸ੍ਰੀ ਰਾਮ ਚੰਦਰ ਜੀ ਨੇ ਖੋਹ ਲਿਆ ਸੀ।
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ।। {ਭਟ ਕਲ੍ਯ੍ਯ, ਅੰ: ੧੩੯੦}
ਅਰਥ : (ਹੇ ਗੁਰੂ ਨਾਨਕ)
ਤ੍ਰੇਤੇ ਵਿੱਚ ਭੀ ਤੂੰ ਹੀ (ਰਾਜ ਤੇ ਜੋਗ) ਮਾਣਿਆ ਸੀ, ਤਦੋਂ ਤੂੰ ਆਪਣੇ ਆਪ ਨੂੰ ਰਘੁਵੰਸੀ ਰਾਮ
ਅਖਵਾਇਆ ਸੀ (ਭਾਵ, ਹੇ ਗੁਰੂ ਨਾਨਕ! ਮੇਰੇ ਵਾਸਤੇ ਤਾਂ ਤੂੰ ਹੀ ਹੈਂ ਰਘੁਵੰਸੀ ਰਾਮ)।
ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ; ਮੁਨਿ ਬੰਛਹਿ ਜਾ ਕੀ ਸਰਣੰ।।
ਸਤਿਗੁਰੁ ਗੁਰੁ ਸੇਵਿ, ਅਲਖ ਗਤਿ ਜਾ ਕੀ; ਸ੍ਰੀ ਰਾਮਦਾਸੁ ਤਾਰਣ ਤਰਣੰ।।
{ਭਟ ਗਯੰਦ, ਅੰ: ੧੪੦੨}
ਅਰਥ:- ਰਘੂ ਦੀ ਕੁਲ ਵਿੱਚ
ਦਸਰਥ ਦੇ ਘਰ ਵਿੱਚ ਸ਼ਿਰੋਮਣੀ ਤੇ ਸੁੰਦਰ (ਮੇਰੀਆਂ ਨਿਗਾਹਾਂ ਵਿੱਚ ਤਾਂ ਗੁਰੂ ਅਮਰਦਾਸ ਜੀ ਹੀ ਸਨ)
ਜਿਨ੍ਹਾਂ ਦੀ ਸਰਨ ਆਉਣਾ (ਸਾਰੇ) ਮੁਨੀ ਲੋਚਦੇ ਹਨ। ਸ੍ਰੀ ਗੁਰੂ (ਰਾਮਦਾਸ ਜੀ) ਦੀ ਸੇਵਾ ਕਰੋ (ਸਰਨ
ਪਵੋ) ਜਿਸ ਦੀ ਆਤਮਕ ਅਵਸਥਾ ਬਿਆਨ ਤੋਂ ਬਾਹਰ ਹੈ, ਤੇ ਜੋ ਤਾਰਣ ਲਈ ਜਹਾਜ਼ ਹੈ।
ਭੱਟ ਜਨਾਂ ਦੇ ਉਪਰੋਕਤ ਵਾਕਾਂ ਬਾਰੇ ਨੋਟ ਕਰਨ ਵਾਲਾ ਵਿਸ਼ੇਸ਼ ਨੁਕਤਾ ਇਹ ਹੈ
ਕਿ ਸ੍ਰੀ ਰਾਮ ਜੀ ਅਤੇ ਬਾਕੀ ਅਵਤਾਰਾਂ ਬਾਰੇ ਉਨ੍ਹਾਂ ਦਾ ਦ੍ਰਿਸਟੀਕੋਨ ਬਿਲਕੁਲ ਓਹੀ ਹੈ, ਜਿਹੜਾ
‘ਗੁਰੁ ਈਸਰੁ ਗੁਰੁ ਗੋਰਖੁ
ਬਰਮਾ ਗੁਰੁ ਪਾਰਬਤੀ ਮਾਈ।। (ਜਪੁ ਅੰ: ੨) ਵਾਕ
ਵਿੱਚ ਸ਼ਿਵ, ਵਿਸ਼ਨੂ ਤੇ ਬ੍ਰਹਮਾ ਆਦਿਕ ਲਈ ਗਰੂ ਨਾਨਕ ਸਾਹਿਬ ਜੀ ਦਾ; ਜਿਸ ਵਿੱਚ ਹਜ਼ੂਰ ਕੁਹੰਦੇ ਹਨ
ਕਿ ਮੇਰੇ ਲਈ ਗੁਰੂ ਹੀ ਸ਼ਿਵ ਹੈ, ਗੁਰੂ ਹੀ ਵਿਸ਼ਨੂੰ, ਗੁਰੂ ਹੀ ਬ੍ਰਹਮਾ ਤੇ ਗੁਰੂ ਹੀ ਪਾਰਬਤੀ ਮਾਈ।
ਬਾਕੀ, ਇਸ ਪੱਖ ਦੀ ਵਿਸ਼ੇਸ਼ ਵਿਆਖਿਆ
“ਕਲਿਜੁਗਿ ਪ੍ਰਮਾਣੁ ਨਾਨਕ ਗੁਰੁ”
ਸਿਰਲੇਖ ਹੇਠ ਕੀਤੀ ਜਾ ਰਹੀ ਹੈ। ਭੁੱਲ-ਚੁੱਕ
ਮੁਆਫ਼ ਤੇ ਸੇਧ ਲਈ ਧੰਨਵਾਦ।
ਜਗਤਾਰ ਸਿੰਘ ਜਾਚਕ, ਨਿਊਯਾਰਕ
|
. |