.

ਸਿਧ ਗੋਸਟਿ (ਕਿਸ਼ਤ ਨੰ: 06)

ਆਉ ਪਿਛਲੇ ਚਲਦੇ ਪਰਕਰਣ ਨਾਲ ਲੜੀ ਜੋੜੀਏ:
ਨਾਨਕ:- ਖਿੰਥਾ ਝੋਲੀ ਭਰਿਪੁਰਿ ਰਹਿਆ, ਨਾਨਕ ਤਾਰੈ ਏਕੁ ਹਰੀ।। ਇਥੇ ਨਾਨਕ ਪਾਤਸ਼ਾਹ ਸਿੱਧਾਂ ਨੂੰ ਸੰਬੋਧਨ ਹੋਕੇ ਸਮੁੱਚੀ ਮਾਨਵਤਾ ਨੂੰ ਇੱਕ ਸੱਚ ਰੂਪ ਹਰੀ ਨਾਲ ਜੋੜਨ ਦੀ ਪ੍ਰੇਰਣਾ ਕਰਦੇ ਹਨ।
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।। ੧।। ਸੋ ਨਾਨਕ ਦਾ ਕੱਕਾ ਮੁਕਤਾ ਨਾਨਕ ਨਾਮ ਦੀ ਮੋਹਰ ਹੈ।
ਇੱਕ ਗੱਲ ਇਥੇ ਹੋਰ ਯਾਦ ਰੱਖਣੀ ਬਹੁਤ ਜ਼ਰੂਰੀ ਹੈ, ਜਦੋਂ ਵੀ ਕਿਤੇ ਕੋਈ ਵੀਚਾਰ ਚਰਚਾ ਚਲਦੀ ਹੈ, ਚਰਚਾ ਵਿੱਚ ਭਾਗ ਲੈ ਰਹੇ ਵਿਅਕਤੀ ਇੱਕ ਦੂਸਰੇ ਦਾ ਨਾਮ ਲੇ ਕੇ ਹੀ ਸੰਬੋਧਨ ਹੁੰਦੇ ਹਨ। ਜਿਵੇ ਕੋਈ ਕਹੇ ਕਿ ਇਹ ਗੱਲ ਨਾਨਕ ਪਾਤਸ਼ਾਹ ਕਹਿ ਰਹੇ ਹਨ। ਜਾਂ ਜਿਵੇ ਕਿਸੇ ਇੱਕ ਪਾਤਰ, ਮੰਨ ਲਉ ਅਉਧੂ, ਨੇ ਉਹ ਗੱਲ ਸਮਝ ਲਈ ਹੈ ਪਰ ਦੂਸਰੇ ਕਿਸੇ ਨੇ ਨਹੀਂ ਸਮਝੀ, ਤਾਂ ਅਉਧੂ ਨਾਨਕ ਜੀ ਦਾ ਨਾਮ ਲੈ ਦੂਸਰਿਆ ਨੂੰ ਸਮਝਾਉਣ ਲਈ ਕਹਿ ਰਿਹਾ ਹੈ ਕਿ ਭਾਈ ਨਾਨਕ ਤਾਂ ਇਹ ਗੱਲ ਆਖ ਰਿਹਾ ਹੈ। ਉਥੇ ਇਹ ਭੁਲੇਖਾ ਨਹੀਂ ਖਾਣਾ ਕਿ ਨਾਨਕ ਇਹ ਗੱਲ ਕਹਿ ਰਹੇ ਹਨ। ਕਿਉਕਿ ਨਾਨਕ ਦੇ ਉਠਾਏ ਸਵਾਲ ਨੂੰ ਅਉਧੂ ਦੂਸਰਿਆਂ ਨੂੰ ਦੱਸ ਰਿਹਾ ਹੈ, ਕਿ ਭਾਈ ਨਾਨਕ ਇਹ ਗੱਲ ਆਖਦਾ ਹੈ। ਇੱਥੇ ਵੀ ਨਾਨਕ ਦਾ ਕੱਕਾ ਮੁਕਤਾ ਹੀ ਹੋਵੇਗਾ।
ਗੁਰਮੁਖਿ:- ਗੁਰਮੁਖਿ ਸਾਚੈ ਕੀਆ ਅਕਾਰਾ।। ਗੁਰਮੁਖਿ ਪਸਰਿਆ ਸਭੁ ਪਾਸਾਰਾ।। ਇਹ ਸਾਰਾ ਸ਼ਬਦ ਪੜਦੇ ਜਾਈਏ ਤਾਂ ਅੱਗੇ ਪੰਗਤੀ ਹੈ - ਗੁਰਮੁਖਿ ਮਰੈ ਨ ਜਨਮੈ ਗੁਰਮੁਖਿ ਗੁਰਮੁਖਿ ਸਬਦਿ ਸਮਾਹਾ ਹੇ।। ੧੦।।
ਉਹ ਕਿਹੜਾ ਗੁਰਮੁਖਿ ਹੈ ਜੋ ਜਨਮ ਮਰਨ ਤੋ ਰਹਿਤ ਹੈ? ਉਹ ਹੈ ਕਰਤਾ “ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। “
ਗੁਰਮੁਖਿ ਸ਼ਬਦ ਬੜਾ ਸਾਫ ਅਤੇ ਸਪਸ਼ਟ ਹੈ ਜੋ ਗੁਰਬਾਣੀ ਅੰਦਰ ਕਰਤੇ
(creator) ਵਾਸਤੇ ਵਰਤਿਆ ਗਿਆ ਹੈ। ਸਿੱਧ ਗੋਸਟਿ ਅੰਦਰ ਵੀ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਗੁਰਮੁਖਿ ਸ਼ਬਦ ਕਰਤੇ ਵਾਸਤੇ ਹੀ ਵਰਤਿਆ ਗਿਆ ਹੈ।
ਗੁਰਮੁਖਿ ਧਰਤੀ ਸਾਚੈ ਸਾਜੀ।। ਤਿਸੁ ਮਹਿ ਓਪਤਿ ਖਪਤਿ ਸੁ ਬਾਜੀ।। - ਸਿੱਧ ਗੋਸਟਿ, ਪੰਨਾ ੯੪੧।।
ਸ਼ਬਦ ਗੁਰੂ: - ਸ਼ਬਦ ਦਾ ਸਿੱਧਾਂਤ ਜਾਨਣਾ ਅਤਿਅੰਤ ਜ਼ਰੂਰੀ ਹੈ।
ਗੁਰਬਾਣੀ ਅੰਦਰ ਕਿਸੇ ਕਿਸਮ ਦਾ ਭੁਲੇਖਾ ਹੈ ਹੀ ਨਹੀਂ। ਸਿਧਿ ਗੋਸਟਿ ਬਾਣੀ ਦੀਆਂ ੭੩ ਪਉੜੀਆਂ ਹਨ। ਵੀਚਾਰ ਕਰਨ ਵੇਲੇ ਇਹ ਗੱਲ ਯਾਦ ਰੱਖਣੀ ਬੜੀ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਪਹਿਲੀ ਪਉੜੀ ਪੂਰੀ ਦੀ ਪੂਰੀ ਨਾਨਕ ਜੀ ਵਲੋਂ ਉਚਾਰੀ ਹੋਈ ਹੈ, ਇਸੇ ਤਰ੍ਹਾਂ ਦੂਸਰੀ ਪਉੜੀ ਦੀ ਪੂਰੀ ਦੀ ਪੂਰੀ ਵਿਚਾਰ ਸਿੱਧ ਵਲੋਂ ਹੈ।

ਸਭ ਤੋਂ ਪਹਿਲਾਂ ਇਹ ਸੱਚ ਜਾਨਣ ਦੀ ਲੋੜ ਹੈ ਕਿ ਸਿੱਧ ਗੋਸਟਿ ਅੰਦਰ ਜੋਗ ਮੱਤ ਦਾ ਖੰਡਣ ਕੀਤਾ ਗਿਆ ਹੈ। ਪਰ ਜਦੋ ਪਹਿਲੀ ਪਉੜੀ ਦੀ ਪਰਚੱਲਤ ਵਿਆਖਿਆ ਅੰਦਰ ਇਹ ਗੱਲ ਪੜ੍ਹੀਦੀ ਹੈ ਕਿ ਸਾਡੀ ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ “ਰੱਬੀ ਮਜਲਸ” (ਸਤਸੰਗ) ਬਣਾ ਕੇ ਅਡੋਲ ਬੈਠੈ ਹਨ; ਸਾਡੀ ਅਰਦਾਸ ਉਸ ਸੰਤ-ਸਭਾ ਅੱਗੇ ਹੈ। ਪਰ ਸੱਚ ਇਹ ਹੈ ਕਿ ਆਪਣੇ ਆਪ ਨੂੰ ਸਿੱਧ ਅਖਵਾਉਣ ਵਾਲੇ ਤਾਂ ਰੱਬੀ ਮਜਲਸ ਵਿੱਚ ਜੁੜੇ ਹੀ ਨਹੀਂ ਸਨ। ਉਹ ਤਾਂ ਆਪਣੇ ਮੁਖੀ ਦੇਹਧਾਰੀ ਦੀ ਮਜਲਸ ਅੰਦਰ ਜੁੜੇ ਸਨ। ਇਹ ਵੀਚਾਰ ਗੋਸਟਿ ਵਿੱਚੋ ਸਪਸ਼ਟ ਹੁੰਦਾ ਹੈ। ਜੇਕਰ ਰੱਬੀ ਮਜਲਸ ਵਿੱਚ ਜੁੜੇ ਸਨ ਤਾਂ?

ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ।। ਪੰਨਾ ੧੫੦।।

ਜਿਨ੍ਹਾਂ ਉੱਪਰ ਪਹਿਲਾਂ ਹੀ ਉਸ ਇਕੁ ਸੱਚੇ ਅਕਾਲ ਪੁਰਖ ਦੀ ਮੇਹਰ ਹੈ ਉਹਨਾਂ ਨੂੰ ਉਪਦੇਸ਼ ਕਰਨ ਦੀ ਕੀ ਲੋੜ ਹੈ। ਉਪਦੇਸ਼ ਦੀ ਤਾਂ ਉਹਨਾਂ ਨੂੰ ਲੋੜ ਹੈ ਜੋ ਕੁਰਾਹੇ ਪਏ ਹੋਏ ਹੋਣ। ਜਿਨ੍ਹਾਂ ਆਪਣੇ ਆਪ ਨੂੰ ਸਿਧ ਸ੍ਰੇਸ਼ਟ ਅਖਵਾਉਣ ਵਾਲਿਆਂ ਨਾਲ ਗੋਸ਼ਟੀ ਹੋਈ ਉਹ ਤਾਂ ਗ੍ਰਿਹਿਸਤੀ ਜੀਵਣ ਤੋਂ ਹੀ ਭਗੌੜੇ ਸਨ।

ਇਥੇ ਇੱਕ ਗੱਲ ਸਮੁੱਚੇ ਸਿਖ ਸਮਾਜ ਨੂੰ ਸਮਝਣੀ ਚਾਹੀਦੀ ਹੈ। ਜਿਹੜੇ ਸਿਧਾਂ ਨਾਲ ਗੋਸਟਿ ਹੋਈ ਉਹ ਪਹਿਲਾਂ ਕਿੰਨੇ ਤੱਤੇ ਔਖੇ ਭਾਰੇ ਹੋਇ ਅਖੀਰ ਵੀਚਾਰ ਚਰਚਾ ਤੋਂ ਬਾਅਦ ਨਾਨਕ ਜੀ ਨਾਲ ਸਹਿਮਤ ਵੀ ਹੋਇ। ਜੋ ਸਿਧ ਗੋਸਟਿ ਬਾਣੀ ਦਾ ਸਿਧਾਂਤ ਹੈ। ਸਾਡੇ ਆਪਣੇ ਘਰ ਅੰਦਰ ਪੈਦਾ ਹੋਇ ਅਖੌਤੀ ਸਿਧਾਂ ਦੇ ਜੀਵਣ ਵਿੱਚੋ ਮਨਫੀ ਹੈ। ਗੱਲਬਾਤ ਵੀਚਾਰ ਚਰਚਾ ਕਰਨ ਨੂੰ ਕੋਈ ਤਿਆਰ ਹੀ ਨਹੀ।
ਆਉ ਸਿੱਧ ਗੋਸਟਿ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।

ਰਾਮਕਲੀ ਮਹਲਾ ੧ ਸਿਧ ਗੋਸਟਿ
ੴ ਸਤਿਗੁਰ ਪ੍ਰਸਾਦਿ।।
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ।।
ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ।।
ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ।।
ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ।। ੧।।
ਕਿਆ ਭਵੀਐ ਸਚਿ ਸੂਚਾ ਹੋਇ।।
ਸਾਚ ਸਬਦ ਬਿਨੁ ਮੁਕਤਿ ਨ ਕੋਇ।। ੧।। ਰਹਾਉ।। ਪੰਨਾ ੯੩੮।।

ਪਦ ਅਰਥ:- ਸਿਧ – ਸਫਲ, ਪੁੱਗੇ ਹੋਏ। ਸਭਾ – ਸੰ: ਸੰਗਯਾ ਜੋ ਸ (ਸਾਥ) ਭਾ (ਪ੍ਰਕਾਸੇ) ਮਹਾਨ ਕੋਸ਼। ਆਸਣਿ – ਟਿਕਾਉ। ਸਿਧ ਸਭਾ ਕਰਿ ਆਸਣੁ ਬੈਠੇ - ਆਤਮਿਕ ਗਿਆਨ ਦੇ ਪ੍ਰਕਾਸ਼ ਨੂੰ ਜਿਨ੍ਹਾਂ ਆਪਣੇ ਜੀਵਣ ਦਾ ਆਧਾਰ ਬਣਾਇਆ ਹੋਇਆ ਹੈ, ਜੋ ਸਰਬ ਵਿਆਪਕ ਦੀ ਰਜ਼ਾ ਅਧੀਨ ਟਿਕੇ ਹੋਏ ਹਨ। ਸੰਤ ਸਭਾ ਜੈਕਾਰੋ – ਆਤਮਿਕ ਗਿਆਨ ਦੇ ਪ੍ਰਕਾਸ ਦੀ ਗੂੰਜ। ਤਿਸੁ – ਉਸ ਨੂੰ। ਰਹਰਾਸਿ ਹਮਾਰੀ – ਮੇਰੀ ਅਰਦਾਸ ਹੈ। ਸਾਚਾ ਅਪਰ ਅਪਾਰੋ – ਜੋ ਸੱਚਾ ਹੈ ਅਤੇ ਜੋ ਸਾਰਿਆ ਤੋ ਉੱਪਰ ਹੈ। ਮਸਤਕੁ – ਮਤਿ, ਮਹਾਨ ਕੋਸ ਅਨੁਸਾਰ ਮੱਥਾ, ਸਿਰ ਦੀ ਖੋਪਰੀ। ਗੁਰਮਤਿ ਅਨੁਸਾਰ – ਆਪਣੀ ਹਾਉਮੈ ਰੂਪੀ ਸੋਚ, ਆਪਾ ਉਸ ਅਕਾਲ ਪੁਰਖ ਤੋ ਨਿਛਾਵਰ ਕਰਨਾ -” ਮਸਤਕੁ ਅਪਨਾ ਭੇਟ ਦੇਉ” (ਬਿਲਾ ਮ: ੫) –। ਮਸਤਕੁ ਕਾਟਿ – ਆਪਣਾ ਆਪਾ ਖਤਮ ਕਰਨਾ। ਧਰੀ - ਅਰਪਣ ਕਰਨਾ। ਤਿਸੁ ਆਗੈ – ਉਸ ਆਗੈ। ਤਨੁ ਮਨੁ – ਸਮੁੱਚਾ ਜੀਵਣ। ਆਗੈ ਦੇਉ – ਅੱਗੇ ਰੱਖ ਦੇਣਾ, ਅਰਪਣ ਕੀਤਾ ਹੋਇਆ ਹੈ, ਕਰਦੇ ਹਨ। ਸੰਤੁ – ਇਕੁ ਵਚਨ ਹੈ, ਅਕਾਲ ਪੁਰਖ ਨੂੰ ਸੰਬੋਧਨ। ਮਿਲੈ – ਜੁੜਨਾ। ਸਚ ਪਾਈਐ – ਸੱਚ ਦੀ ਪ੍ਰਾਪਤੀ ਹੁੰਦੀ ਹੈ। ਸਹਜ – ਸਹਜ। ਸਹਜ ਭਾਇ – ਸਹਜ ਵਿੱਚ ਆਉਣਾ, ਟਿਕਾਉ ਵਿੱਚ ਆਉਣਾ।

ਜਸੁ ਲੇਉ – ਜਸੁ ਕਰਨਾ, ਵਡਿਆਈ ਕਰਨਾ, ਵਡਿਆਈ ਦਾ ਪਾਤਰ ਬਣਦਾ ਹੈ।। ਤਨੁ ਮਨੁ ਆਗੈ ਦੇਉ – ਆਪਣਾ ਸਮੁੱਚਾ ਜੀਵਣ ਅਕਾਲ ਪੁਰਖ ਨੂੰ ਅਰਪਣ ਕਰਨਾ।
ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ – ਨਾਨਕ ਆਖਦਾ ਹੈ ਉਸ ਇਕੁ ਸਰਬਵਿਆਪਕ ਸੰਤੁ ਨਾਲ ਹੀ ਜੁੜੈ ਤਾਂ ਹੀ ਸੱਚ ਦੀ ਪ੍ਰਾਪਤੀ ਹੈ, ਸੱਚ ਦੀ ਪ੍ਰਾਪਤੀ ਵਾਲਾ ਹੀ ਉਸ ਦੀ ਬਖਸ਼ਿਸ਼ ਰੂਪ ਵਡਿਆਈ ਦਾ ਪਾਤਰ ਬਣਦਾ ਹੈ।

ਕਿਆ ਭਵੀਐ – ਕੀ ਐਧਰ-ਉੱਧਰ ਭਟਕਣ ਨਾਲ। ਸਚੁ ਸੂਚਾ ਹੋਇ – ਸੱਚ ਦੀ ਪ੍ਰਾਪਤੀ ਹੋ ਸਕਦੀ ਹੈ? ਸਾਚ ਸਬਦ ਬਿਨੁ ਮੁਕਤਿ ਨ ਕੋਇ - ਸੱਚੇ ਦੀ ਸੱਚ ਰੂਪ ਬਖਸ਼ਿਸ਼ ਨੂੰ ਆਪਣੇ ਜੀਵਣ ਵਿੱਚ ਅਪਣਾਉਣ ਤੋਂ ਬਿਨਾ ਕੋਈ ਭਟਕਣਾ ਤੋਂ ਮੁਕਤਿ ਨਹੀਂ ਹੋ ਸਕਦਾ, ਆਪਣੀ ਹਾਉਮੈ ਤੋਂ ਛੁਟਕਾਰਾ ਨਹੀਂ ਪਾ ਸਕਦਾ। ਸਬਦ – ਬਖ਼ਸ਼ਿਸ਼। ਸਾਚ ਸਬਦ – ਸੱਚੇ ਦੀ ਸੱਚੀ ਬਖ਼ਸ਼ਿਸ਼। ਸਬਦ – ਬਖਸ਼ਿਸ਼।

ਅਰਥ:- ਸਫਲ ਅਤੇ ਪੁੱਗੇ ਹੋਏ ਦਰ ਅਸਲ ਉਹ ਹੀ ਹਨ। ਜੋ ਸੱਚੇ ਅਪਰ ਅਪਾਰ (ਸਰਬਵਿਆਪਕ ਜਿਸਦੀ ਬਖਸ਼ਿਸ਼ ਨਿਰੰਤਰ ਇਕਸਾਰ ਵਰਤ ਰਹੀ ਹੈ) ਦੇ ਆਤਮਿਕ ਗਿਆਨ ਦੇ ਪ੍ਰਕਾਸ਼ ਦੀ (ਰਜ਼ਾ) ਅਧੀਨ ਟਿਕੇ ਹੋਏ ਹਨ। ਉਸ ਸੱਚੇ ਅਪਰ ਅਪਾਰ ਅੱਗੇ ਹੀ ਮੇਰਾ ਸਿਰ ਝੁਕਦਾ ਹੈ, ਜਿਸ ਸੱਚੇ ਅਪਰ ਅਪਾਰ ਦੇ ਪ੍ਰਕਾਸ ਦੀ ਗੂੰਜ (ਜੈਕਾਰ) ਨਿਰੰਤਰ ਮੁੱਢ ਕਦੀਮ ਤੋ ਇਕਸਾਰ ਹੋ ਰਹੀ ਹੈ। ਨਾਨਕ ਆਖਦਾ ਹੈ ਉਸ ਇਕੁ ਸਰਬਵਿਆਪਕ, ਜੋ ਇਕੁ ਹੀ ਸੱਚਾ ਅਪਰ ਅਪਾਰ ਹੈ, ਜਿਸ ਤੋਂ ਹੋਰ ਕੋਈ ਉੱਪਰ ਨਹੀਂ, ਉਹ ਜੋ ਸੰਤੁ ਹੈ, ਹੇ ਭਾਈ ਉਸ ਅੱਗੇ ਹੀ ਮੈਂ ਆਪਣਾ ਤਨੁ ਮਨੁ ਭਾਵ ਸਮੁੱਚਾ ਜੀਵਣ ਅਰਪਣ ਕੀਤਾ ਹੋਇਆ ਹੈ, ਅਤੇ ਉਸ ਤੋ ਆਪਾ ਅਰਪਣ ਕਰਨ ਵਾਲਾ ਹੀ ਉਸਦੀ ਸੱਚ ਰੂਪ ਬਖ਼ਸ਼ਿਸ਼ ਗਿਆਨ ਪ੍ਰਾਪਤ ਕਰ ਸਕਦਾ ਹੈ, ਅਤੇ ਸੱਚ ਦੀ ਪ੍ਰਾਪਤੀ ਕਰਨ ਵਾਲਾ ਹੀ ਉਸ ਸੱਚੇ ਦੀ ਸੱਚ ਰੂਪ ਬਖ਼ਸ਼ਿਸ਼ (ਭਾਵ ਗਿਆਨ) ਨਾਲ ਜੁੜਕੇ ਉਸਦੀ ਬਖ਼ਸ਼ਿਸ਼ ਦਾ ਪਾਤਰ ਬਣ ਸਕਦਾ ਹੈ। ਆਤਮਿਕ ਗਿਆਨ ਦੀ ਸੂਝ (ਸਬਦ) ਗਿਆਨ ਦੀ ਬਖ਼ਸ਼ਿਸ਼ ਤੋਂ ਬਿਨਾਂ ਭਟਕਣਾ ਅਤੇ ਹਉਮੈ ਖ਼ਤਮ ਨਹੀਂ ਹੋ ਸਕਦੀ, ਭਾਵ ਭਟਕਣਾ ਤੋਂ ਮੁਕਤਿ ਨਹੀਂ ਹੋਇਆ ਜਾ ਸਕਦਾ।

ਕੀ ਭਟਕਣ ਨਾਲ ਭਾਵ ਅਸਲ ਰਸਤਾ (ਗ੍ਰਿਹਸਤ) ਛੱਡਕੇ ਆਪਣੀ ਮੰਜ਼ਿਲ ਤੇ ਪਹੁੰਚਿਆ ਜਾ ਸਕਦਾ ਹੈ? ਭਾਵ ਕੀ ਸੱਚ ਦੇ ਰਸਤੇ ਤੁਰਨ ਤੋਂ ਬਗ਼ੈਰ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ?
ਜਦੋ ਕਿ ਸੱਚ ਇਹ ਹੈ ਕਿ ਸੱਚ ਨੂੰ ਆਪਣੇ ਜੀਵਣ ਵਿੱਚ ਅਪਣਾਉਣ ਤੋਂ ਬਗੈਰ ਕਰਮਕਾਂਡ ਤੋਂ ਮੁਕਤਿ ਨਹੀ ਹੋਇਆ ਜਾ ਸਕਦਾ।
ਨਾਨਕ ਜੀ ਨੇ ਆਪਣੇ ਆਪ ਨੂੰ ਸਿਧ ਭਾਵ ਸ੍ਰੇਸਟ, ਉੱਤਮ ਅਖਵਾਉਣ ਵਾਲਿਆਂ ਉੱਪਰ ਇਹ ਵਿਅੰਗ ਕੀਤਾ ਹੈ। ਅੱਗੇ ਸਿਧ ਮੁੱਖੀ ਚਰਪਟ ਵਲੋਂ ਨਾਨਕ ਜੀ ਉੱਪਰ ਸਵਾਲ ਹੈ:

ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ।।
ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ।।
ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ।।
ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ।। ੨।।

ਨੋਟ –
ਇਥੇ ਇਹ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਹੈ ਕਿ ਇਹ ਪਉੜੀ ਨੰਬਰ (੨) ਸਾਰੀ ਸਿੱਧ ਵਲੋਂ ਨਾਨਕ ਜੀ ਨੂੰ ਸੰਬੋਧਨ ਹੋ ਕੇ ਕਹੀ ਗਈ ਹੈ। ਨਾਨਕੁ ਬੋਲੈ – ਨਾਨਕ ਆਖਦੇ ਹਨ, ਨਾਨਕ ਨੂੰ, ਮੈਨੂੰ ਨਾਨਕ ਨੂੰ ਸੰਬੋਧਨ ਹੋ ਕੇ ਸਿੱਧ ਬੋਲਿਆ, ਸਿੱਧ ਨੇ ਪੁੱਛਿਆ ਤੂੰ ਕੌਣ ਹੈ, ਤੇਰਾ ਨਾਮ ਕੀ ਹੈ, ਤੇਰਾ ਮਾਰਗ ਕੀ ਹੈ, ਤੇਰੀ ਮੰਜ਼ਿਲ ਕੀ ਹੈ? ਦੂਸਰੀ ਗੱਲ ਯਾਦ ਰੱਖਣ ਵਾਲੀ ਇਹ ਹੈ ਕਿ ਨਾਨਕ ਜੀ ਪਹਿਲੀ ਪਉੜੀ ਅੰਦਰ ਸੰਤੁ, ਸਾਚਾ ਅਪਰ ਅਪਾਰ ਸ਼ਬਦ ਅਕਾਲ ਪੁਰਖ ਲਈ ਵਰਤਦੇ ਹਨ। ਅਤੇ ਸਿੱਧ ਸਵਾਲ ਕਰਦਾ ਹੈ ਕਿ ਉਹ ਕਿਹੜਾ ਸੰਤ ਜਨ ਹੈ ਜਿਸ ਨੂੰ ਤੂੰ ਸੱਚਾ ਆਖਦਾ ਹੈਂ? ਸੰਤ-ਜਨ ਬਹੁਵਚਨ ਸ਼ਬਦ ਹੈ। ਸਿੱਧ ਦੀ ਸੋਚ ਮੁਤਾਬਿਕ ਉਸ ਦੀ ਆਪਣੀ ਮੰਡਲੀ ਹੀ ਸਾਰਿਆਂ ਤੋਂ ਉੱਤਮ ਹੈ। ਇਸ ਦੇ ਉਲਟ ਨਾਨਕ ਜੀ ਸ਼ਬਦ ਵਰਤਦੇ ਹਨ ‘ਸੰਤੁ`, ਜੋ ਇੱਕ ਵਚਨ ਹੈ। ਸਿੱਧਾ ਅਕਾਲ ਪੁਰਖ ਨੂੰ ਸੰਬੋਧਿਤ ਹੈ।

ਪਦ ਅਰਥ:- ਕਵਣ ਤੁਮੇ – ਤੂੰ ਕਉਣ ਹੈਂ? ਕਿਆ ਨਾਉ ਤੁਮਾਰਾ – ਤੇਰਾ ਨਾਮ ਕੀ ਹੈ? ਕਉਨੁ ਮਾਰਗੁ – ਤੇਰਾ ਰਸਤਾ ਕਿਹੜਾ ਹੈ? ਕਉਨੁ ਸੁਆਓ –ਤੇਰੀ ਮੰਜ਼ਿਲ ਕਿਹੜੀ ਹੈ। ਸਾਚੁ ਕਹਉ - ਕਿਸ ਨੂੰ ਤੂੰ ਸੱਚਾ ਕਹਿੰਦਾ ਹੈਂ। ਅਰਦਾਸਿ ਹਮਾਰੀ – ਕਿਸ ਅੱਗੇ ਤੂੰ ਕਹਿੰਦਾ ਹੈ - ਮੇਰੀ ਅਰਦਾਸ ਹੈ? ਹਉ ਸੰਤ ਜਨਾ ਬਲ ਜਾਓ – ਕਿਸ ਸੰਤ ਤੋਂ ਤੂੰ ਕਹਿੰਦਾ - ਮੈਂ ਬਲਿਹਾਰ ਜਾਦਾਂ ਹੈਂ? ਬੈਸਹੁ – ਬੈਸਣੁ ਤੋਂ ਹੈ, ਬੈਸਣੁ ਦੇ ਅਰਥ ਮਹਾਨ ਕੋਸ਼ ਅਨੁਸਾਰ ਹਨ ਅਧੀਨ ਹੋਣਾ, ਅਧੀਨਗੀ ਕਬੂਲਣਾ ਹੈ। ਕਹ ਬੈਸਹੁ – ਕਿਸਦੇ ਦੇ ਤੂੰ ਅਧੀਨ ਹੈ, ਕਿਸਦੀ ਤੂੰ ਅਧੀਨਗੀ ਕਬੂਲੀ ਹੈ? ਕਹ ਰਹੀਐ ਬਾਲੇ – ਐ ਬੱਚਿਆ, ਕਿੱਥੇ ਉਹ ਰਹਿੰਦਾ ਹੈ? ਕਿੱਥੋਂ ਤੂੰ ਆ ਰਿਹਾ ਹੈਂ। ਕਿੱਥੇ ਤੂੰ ਜਾ ਰਿਹਾ ਹੈਂ। ਨਾਨਕੁ ਬੋਲੈ – ਨਾਨਕ ਨੂੰ ਸੰਬੋਧਨ ਹੋ ਕੇ ਕਿਹਾ। ਸੁਣਿ ਬੈਰਾਗੀ – ਹੇ ਬੈਰਾਗੀ ਸੁਣਿ। ਕਿਆ ਤੁਮਾਰਾ ਰਾਹੋ – ਤੇਰਾ ਰਾਹ ਕਿਹੜਾ ਹੈ। ਤੇਰੀ ਮੰਜ਼ਿਲ ਕਿਹੜੀ ਹੈ, ਭਾਵ ਤੇਰਾ ਜੀਵਨ ਮਨੋਰਥ ਕੀ ਹੈ?

ਨੋਟ – ਇਥੇ ਬਹੁਤ ਡੂੰਘਿਆਈ ਨਾਲ ਸਿਧ ਦਾ ਸਵਾਲ ਸਮਝਣ ਦੀ ਜ਼ਰੂਰਤ ਹੈ। ਨਾਨਕ ਜੀ ਨੇ ਪਹਿਲੀ ਪਉੜੀ ਅੰਦਰ ਉਚਾਰਿਆ ਹੈ ਕਿ ਮੈਂ ਸੱਚੇ ਅਪਰ ਅਪਾਰ ਜਿਸ ਤੋਂ ਹੋਰ ਕੋਈ ਉੱਪਰ ਨਹੀਂ, ਅੱਗੇ ਆਪਾ ਭੇਟ ਕੀਤਾ ਹੋਇਆ ਹੈ, ਤਨ ਮਨ ਉਸ ਅੱਗੇ ਅਰਪਣ ਕੀਤਾ ਹੋਇਆ ਹੈ। ਦੂਸਰੇ ਪਾਸੇ ਜਦੋਂ ਸਿਧ ਨੇ ਨਾਨਕ ਜੀ ਨੂੰ ਲਾਜਵਾਬ ਕਰਨ ਵਾਸਤੇ ਆਪਣਾ ਤੀਰ ਛੱਡਦਿਆਂ ਨਾਨਕ ਜੀ ਨੂੰ ਸੰਬੋਧਨ ਹੋ ਕੇ ਕਿਹਾ ਕਿ ਐ ਬੱਚਿਆ ਜਿਹੜੇ ਸੰਤ ਅੱਗੇ ਤੂੰ ਤਨ ਮਨ ਅਰਪਣ ਕੀਤਾ ਹੋਇਆ ਹੈ ਉਹਦਾ ਟਿਕਾਣਾ ਕਿਥੇ ਹੈ? ਜੇ ਤੂੰ ਤਨ ਮਨ ਉਸ ਨੂੰ ਅਰਪਣ ਕੀਤਾ ਹੋਇਆ ਹੈ ਤਾਂ ਤਨ ਕਰਕੇ ਤੂੰ ਇਥੇ ਹੈ ਫਿਰ ਤੂੰ ਇਥੇ ਕੀ ਲੈਣ ਆਇਆ ਹੈਂ? ਫਿਰ ਤੇਰਾ ਤਨ ਮਨ ਕਿਸ ਤਰ੍ਹਾਂ ਉਸ ਦੇ ਅੱਗੇ ਅਰਪਣ ਹੈ? ਫਿਰ ਤੂੰ ਕਿਸ ਤਰ੍ਹਾਂ ਉਸ ਤੋਂ ਬਲਿਹਾਰ ਜਾਦਾਂ ਹੈਂ?
ਅਰਥ:- ਤੂੰ ਕਉਣ ਹੈਂ, ਤੇਰਾ ਨਾਮ ਕੀ ਹੈ, ਤੇਰਾ ਮਾਰਗ ਕਿਹੜਾ ਹੈ, ਤੇਰੀ ਮੰਜ਼ਿਲ ਕਿਹੜੀ ਹੈ। ਕਿਸ ਨੂੰ ਤੂੰ ਸੱਚਾ ਮੰਨਦਾ ਹੈਂ, ਜਿਸ ਸੱਚੇ ਅੱਗੇ ਤੂੰ ਆਖਦਾ ਹੈ ਮੇਰੀ ਅਰਦਾਸ ਹੈ? , ਉਹ ਕਿਹੜਾ ਸੰਤ ਜਨ ਹੈ ਜਿਸ ਲਈ ਤੂੰ ਆਖਦਾ ਹੈ ਕਿ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ? ਜਿਸ ਦੀ ਤੂੰ ਅਧੀਨਗੀ ਕਬੂਲੀ ਹੈ ਉਸ ਦਾ ਠਿਕਾਣਾ ਕਿੱਥੇ ਹੈ? ਜਿਸ ਕਿਸੇ ਤੋ ਆਪਾ ਅਰਪਣ ਹੋਵੇ ਹਮੇਸਾ ਉਸਦੀ ਸ਼ਰਨ ਰਹੀਦਾ ਹੈ, ਕਿਧਰੇ ਤੂੰ ਆ ਰਿਹਾ ਹੈਂ, ਕਿਧਰੇ ਤੂੰ ਜਾ ਰਿਹਾ ਹੈਂ, ਕਿਧਰੇ ਤੇਰਾ ਰਾਹ ਹੈ, ਤੇਰਾ ਆਪਾ ਉਸ ਨੂੰ ਕਿਵੇਂ ਅਰਪਣ ਹੈ? ਨਾਨਕ ਆਖਦਾ ਹੈ ਮੈਨੂੰ ਸੰਬੋਧਨ ਹੋ ਕੇ ਇਹ ਸ਼ਬਦ ਸਿੱਧ ਵਲੋਂ ਕਹੇ ਗਏ ਕਿ ਤੇਰੀ ਮੰਜ਼ਿਲ ਕਿਹੜੀ ਹੈ, ਭਾਵ ਤੇਰਾ ਮਨੋਰਥ ਕੀ ਹੈ? (ਸਿਧ ਦਾ ਕਹਿਣ ਦਾ ਭਾਵ ਇਹ ਹੈ ਕਿ ਜਿਸ ਸੰਤ ਨੂੰ ਤੂੰ ਆਪਾ ਅਰਪਣ ਕੀਤਾ ਹੈ, ਕਿਵੇਂ ਤੇਰਾ ਆਪਾ ਹਮੇਸ਼ਾ ਲਈ ਉਸ ਤੋਂ ਅਰਪਣ ਹੈ? ਕਿਉਂਕਿ ਉਹ ਪਤਾ ਨਹੀਂ ਕਿੱਥੇ ਹੋਣਾ ਹੈ, ਤੂੰ ਆਪ ਕਿੱਧਰ ਤੁਰਿਆ ਫਿਰਦਾ ਹੈਂ?
ਕਿਉਂਕਿ ਸਿੱਧ ਇਹ ਸੋਚਦਾ ਹੈ ਕਿ ਸ਼ਾਇਦ ਨਾਨਕ ਦਾ ਕਿਸੇ ਮੇਰੇ ਵਰਗੇ ਹੋਰ ਦੇਹਧਾਰੀ ਸੰਤ ਤੋਂ ਆਪਾ ਨਿਛਾਵਰ ਹੈ। ---ਚਲਦਾ

ਬਲਦੇਵ ਸਿੰਘ ਟੋਰਾਂਟੋ




.