ਟੇਕ ਏਕ ਰਘੁਨਾਥੁ
ਕਾਦਰ ਕਰਤਾਰ ਦੀ ਕੁਦਰਤ ਵਿੱਚ ਉਸ ਸਰਬਕਲਾ-ਸਮਰਥ ਸੈਭੰ ਪ੍ਰਭੂ ਤੋਂ ਬਗੈਰ
ਹੋਰ ਕੋਈ ਅਜਿਹੀ ਜੜ੍ਹ ਅਥਵਾ ਚੇਤੰਨ ਵਸਤੂ ਨਹੀਂ, ਜਿਸ ਨੂੰ ਜ਼ਿੰਦਗੀ ਦੇ ਸਘੰਰਸ਼ ਵਿੱਚ ਟਿਕੇ
ਰਹਿੰਦਿਆਂ ਆਪਣੀ ਹੋਂਦ ਕਾਇਮ ਰਖਣ ਲਈ ਕਿਸੇ ਹੋਰ ਦੇ ਆਸਰੇ, ਅਧਾਰ ਅਥਵਾ ਟੇਕ (
support)
ਦੀ ਲੋੜ ਨਾ ਪਵੇ। ਬਿਬੇਕ ਬੁੱਧੀ ਨਾਲ ਗਹਿਰਾਈ ਵਿੱਚ ਵਾਚਿਆਂ ਇਸ ਕੁਦਰਤੀ ਵਰਤਾਰੇ ਦਾ ਸੱਚ ਅਸੀਂ
ਅੱਖੀਂ ਵੀ ਵੇਖ ਸਕਦੇ ਹਾਂ ਕਿ ਜਿਸ ਕਿਸੇ ਵਿਅਕਤੀ ਨੂੰ ਅਸੀਂ ਆਪਣਾ ਸਹਾਰਾ ਸਮਝ ਰਹੇ ਹੁੰਦੇ ਹਾਂ,
ਉਹ ਕਿਸੇ-ਨ-ਕਿਸੇ ਪਰਤਖ ਜਾਂ ਅਪਰਤਖ ਰੂਪ ਵਿੱਚ ਸਾਡਾ ਸਹਾਰਾ ਭਾਲ ਰਹਿਆ ਹੁੰਦਾ ਹੈ। ਕਿਰਤੀ
ਗ੍ਰਹਿਸਥੀਆਂ ਦੇ ਘਰੋਂ ਮੰਗ ਕੇ ਖਾਣ ਵਾਲੇ ਗੁਰੂ ਬਣੇ ਬੈਠੇ ਡੇਰਦਾਰ ਭੇਖੀ-ਸਾਧਾਂ, ਪੀਰਾਂ,
ਫਕੀਰਾਂ ਅਤੇ ਜੋਗੀਆਂ ਤੇ ਜੋਤਸ਼ੀਆਂ ਦੀ ਗੱਲ ਤਾਂ ਛੱਡੋ, ਇਥੇ ਤਾਂ ਸ਼ਕਤੀਸ਼ਾਲੀ ਬਾਦਸ਼ਾਹਾਂ ਨੂੰ ਵੀ
ਪਰਜਾ ਦਾ ਰੁਖ ਵੇਖ ਕੇ ਆਪਣੇ ਫੈਸਲੇ ਬਦਲਣੇ ਪੈਂਦੇ ਹਨ। ਕਿਉਂਕਿ, ਉਹ ਜਾਣਦੇ ਹੁੰਦੇ ਹਨ ਕਿ ਸਾਡੀ
ਸ਼ਕਤੀ ਅਤੇ ਐਸ਼ਵਰਜ ਦਾ ਅਧਾਰ ਇਹੀ ਲੋਕ ਹਨ। ਗੁਰਵਾਕ ਹੈ:
ਜਿਨਾ ਪਿਛੈ ਹਉ ਗਈ; ਸੇ, ਮੈ ਪਿਛੈ ਭੀ ਰਵਿਆਸੁ।।
ਜਿਨਾ ਕੀ ਮੈ ਆਸੜੀ; ਤਿਨਾ, ਮਹਿਜੀ ਆਸ।। {ਅੰ. ੧੦੯੭}
ਅਰਥ:- (
ਮਾਇਆ ਦਾ ਅਜਬ
ਪ੍ਰਭਾਵ ਹੈ, ਸਭ ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ, ਮਾਇਆ ਵਾਸਤੇ) ਜਿਨ੍ਹਾਂ ਬੰਦਿਆਂ ਦੇ ਪਿਛੇ
ਮੈਂ ਜਾਂਦਾ ਹਾਂ (ਜਿਨ੍ਹਾਂ ਦੀ ਮੁਥਾਜੀ ਮੈਂ ਕੱਢਦਾ ਹਾਂ, ਜਦੋਂ ਮੈਂ ਉਹਨਾਂ ਵਲ ਤੱਕਦਾ ਹਾਂ,
ਤਾਂ) ਉਹ ਭੀ ਮੇਰੇ ਪਿਛੇ ਪਿਛੇ ਤੁਰੇ ਫਿਰਦੇ ਹਨ। ਜਿਨ੍ਹਾਂ ਦੀ ਸਹੈਤਾ ਦੀ ਮੈਂ ਆਸ ਰੱਖੀ ਫਿਰਦਾ
ਹਾਂ, ਉਹ ਮੈਥੋਂ ਆਸ ਬਣਾਈ ਬੈਠੇ ਹਨ।
ਭਾਰਤੀ ਮਿਥਿਹਾਸ ਇਸ ਹਕੀਕਤ ਦਾ ਗਵਾਹ ਹੈ ਕਿ ਜ਼ਿੰਦਗੀ ਦੇ ਸਘੰਰਸ਼ ਵਿੱਚ
ਸਧਾਰਨ ਮਨੁਖ ਤਾਂ ਕੀ! ਸ਼੍ਰਿਸ਼ਟੀ ਦੇ ਕਰਤਾ ਧਰਤਾ ਤੇ ਹਰਤਾ ਮੰਨੇ ਗਏ ਬ੍ਰਹਮਾ ਵਰਗੇ ਦੇਵਤੇ ਅਤੇ
ਅਯੁੱਧਿਆ ਦੇ ਰਾਜੇ ਤੇ ਤ੍ਰੇਤੇ ਯੁਗ ਦੇ ਅਵਤਾਰ ਸ੍ਰੀ ਰਾਮਚੰਦਰ ਵਰਗੇ ਰਾਜੇ ਵੀ ਬਿਪਤ-ਕਾਲ ਵਿੱਚ
ਘਬਰਾ ਗਏ। ਜੀਵਨ ਵਿੱਚ ਆਈਆਂ ਮੁਸੀਬਤਾਂ ਵੇਲੇ ਉਨ੍ਹਾਂ ਦਾ ਹੰਕਾਰ ਟੁੱਟਾ ਤੇ ਅਹਿਸਾਸ ਹੋਇਆ ਕਿ
ਅਸੀਂ ਅਸਮਰਥ ਹਾਂ। ਕਿਉਂਕਿ, ਉਨ੍ਹਾਂ ਵਿਚੋਂ ਕਈਆਂ ਨੂੰ ਆਪਣੀ ਸਹਾਇਤਾ ਲਈ ਰੱਬ ਅੱਗੇ ਹੱਥ ਜੋੜਣੇ
ਪਏ ਅਤੇ ਕਈਆਂ ਨੂੰ ਵਿਅਕਤੀਗਤ ਸਹਾਇਤਾ ਲੈਣੀ ਪਈ। ਗੁਰੂ ਨਾਨਕ ਸਾਹਿਬ ਜੀ ਨੇ ਅਜਿਹੀ ਸੋਝੀ ਕਰਾਉਣ
ਲਈ ਦੋ ਮਿਥਿਹਾਸਕ ਕਹਾਣੀਆਂ ਸਹਾਰਾ ਲਿਆ ਹੈ। ਕਿਉਂਕਿ, ਭਾਰਤੀ ਭਾਈਚਾਰੇ ਵਿੱਚ ਇਹ ਆਮ ਪ੍ਰਚਲਿਤ
ਸਨ। ਗੁਰਵਾਕ ਹਨ:
ਬ੍ਰਹਮੈ ਗਰਬੁ ਕੀਆ ਨਹੀ ਜਾਨਿਆ।।
ਬੇਦ ਕੀ ਬਿਪਤਿ ਪੜੀ ਪਛੁਤਾਨਿਆ।।
ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ।। {ਅੰ. ੨੨੪}
ਅਰਥ:-
ਬ੍ਰਹਮਾ ਨੇ ਅਹੰਕਾਰ ਕੀਤਾ (ਕਿ ਮੈਂ ਇਤਨਾ ਵੱਡਾ ਹਾਂ,
ਮੈਂ ਕਵਲ ਦੀ ਨਾਭੀ ਵਿਚੋਂ ਕਿਵੇਂ ਜੰਮ ਸਕਦਾ ਹਾਂ?) ਉਸ ਨੇ ਪਰਮਾਤਮਾ ਦੀ ਬੇਅੰਤਤਾ ਨੂੰ ਨਹੀਂ
ਸਮਝਿਆ। (ਜਦੋਂ ਉਸ ਦਾ ਮਾਣ ਤੋੜਨ ਵਾਸਤੇ ਉਸ ਦੇ) ਵੇਦਾਂ ਦੇ ਚੁਰਾਏ ਜਾਣ ਦੀ ਬਿਪਤਾ ਉਸ ਉਤੇ ਆ ਪਈ
ਤਾਂ ਉਹ ਪਛਤਾਇਆ (ਕਿ ਮੈਂ ਆਪਣੇ ਆਪ ਨੂੰ ਵਿਅਰਥ ਹੀ ਇਤਨਾ ਵੱਡਾ ਸਮਝਿਆ)। ਜਦੋਂ (ਉਸ ਬਿਪਤਾ
ਵੇਲੇ) ਉਸ ਨੇ ਪਰਮਾਤਮਾ ਨੂੰ ਸਿਮਰਿਆ (ਤੇ ਪਰਮਾਤਮਾ ਨੇ ਉਸ ਦੀ ਸਹਾਇਤਾ ਕੀਤੀ) ਤਦੋਂ ਉਸ ਨੂੰ
ਯਕੀਨ ਆਇਆ (ਕਿ ਪਰਮਾਤਮਾ ਹੀ ਸਭ ਤੋਂ ਵੱਡਾ ਹੈ)।
ਮਨ ਮਹਿ ਝੂਰੈ ਰਾਮਚੰਦੁ; ਸੀਤਾ, ਲਛਮਣ ਜੋਗੁ।।
ਹਣਵੰਤਰੁ ਆਰਾਧਿਆ; ਆਇਆ ਕਰਿ ਸੰਜੋਗੁ।।
ਭੂਲਾ ਦੈਤੁ ਨ ਸਮਝਈ; ਤਿਨਿ ਪ੍ਰਭ ਕੀਏ ਕਾਮ।।
ਨਾਨਕ, ਵੇਪਰਵਾਹੁ ਸੋ; ਕਿਰਤੁ ਨ ਮਿਟਈ ਰਾਮ।। {ਅੰ. ੧੪੧੨}
ਅਰਥ:-
ਹੇ ਭਾਈ! ਉਹ ਪਰਮਾਤਮਾ (ਤਾਂ) ਬੇ-ਮੁਥਾਜ ਹੈ (ਸ੍ਰੀ
ਰਾਮਚੰਦ੍ਰ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ)। (ਸ੍ਰੀ) ਰਾਮਚੰਦ (ਜੀ) ਪਾਸੋਂ ਭਾਵੀ ਨਾਹ
ਮਿਟ ਸਕੀ। (ਵੇਖੋ, ਸ੍ਰੀ) ਰਾਮਚੰਦ੍ਰ (ਆਪਣੇ) ਮਨ ਵਿੱਚ ਸੀਤਾ (ਜੀ) ਦੀ ਖ਼ਾਤਰ ਦੁਖੀ ਹੋਇਆ (ਜਦੋਂ
ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਫਿਰ) ਦੁਖੀ ਹੋਇਆ ਲਛਮਣ ਦੀ ਖ਼ਾਤਰ (ਜਦੋਂ ਰਣਭੂਮੀ ਵਿੱਚ
ਲਛਮਨ ਬਰਛੀ ਨਾਲ ਮੂਰਛਿਤ ਹੋਇਆ)। (ਤਦੋਂ ਸ੍ਰੀ ਰਾਮਚੰਦ੍ਰ ਨੇ) ਹਨੂਮਾਨ ਨੂੰ ਯਾਦ ਕੀਤਾ (ਭਾਵ,
ਸਹਾਇਤਾ ਲਈ ਬੁਲਾਇਆ, ਜੋ ਪਰਮਾਤਮਾ ਵਲੋਂ ਬਣੇ) ਸੰਜੋਗ ਦੇ ਕਾਰਨ (ਸ੍ਰੀ ਰਾਮਚੰਦ੍ਰ ਜੀ ਦੀ ਸਰਨ)
ਆਇਆ ਸੀ। ਮੂਰਖ ਰਾਵਣ (ਭੀ ਅਹੰਕਾਰ ਵਿੱਚ) ਇਹ ਗੱਲ ਨਾਹ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ
(ਆਪ ਹੀ) ਕੀਤੇ ਸਨ।
ਇਹ ਵੀ ਮਿਥਿਹਾਸਕ ਸੱਚ ਹੈ ਕਿ ਬਾਲੀ ਕਿਸ਼ਕਿੰਧ੍ਯਾ ਦਾ ਰਾਜਾ ਸੀ ਅਤੇ ਰਾਮ
ਤੇ ਰਾਵਣ ਤੋਂ ਵੀ ਸ਼ਕਤੀਸ਼ਾਲੀ ਯੋਧਾ ਸੀ। ਪਰ, ਬਦਕਿਸਮਤੀ ਨਾਲ ਉਸ ਨੂੰ ਭਰਾ ਦੇ ਰੂਪ ਵਿੱਚ ਸੁਗਰੀਵ
ਮਿਲਿਆ, ਜਿਹੜਾ ਰਾਜਗੱਦੀ ਦੀ ਲਾਲਸਾ ਕਾਰਨ ਸਦਾ ਹੀ ਉਸ ਦੇ ਵਿਰੁਧ ਸਾਜਸ਼ਾਂ ਰਚਦਾ ਰਿਹਾ। ਬਾਲਮੀਕੀ
ਰਮਾਇਣ ਮੁਤਾਬਿਕ ਰਾਵਣ ਵੀ ਲੰਕਾ ਦਾ ਅਜਿਤ ਰਾਜਾ ਸੀ, ਜਿਹੜਾ ਆਪਣੀ ਜ਼ਿੰਦਗੀ ਵਿੱਚ ਬਾਲੀ ਤੋਂ ਬਗੈਰ
ਹੋਰ ਕਿਸੇ ਤੋਂ ਨਹੀਂ ਸੀ ਹਾਰਿਆ। ਪਰ, ਮਾੜੀ ਕਿਸਮਤ ਨਾਲ ਉਸ ਨੂੰ ਵੀ ਭਭੀਖਣ ਵਰਗਾ ਭਰਾ ਮਿਲਿਆ,
ਜਿਹੜਾ ਰਾਜ ਦੇ ਲਾਲਚ ਵਿੱਚ ਉਸ ਦੀ ਮੌਤ ਦਾ ਕਾਰਣ ਬਣਿਆ। ਕਿਉਂਕਿ, ਜਦੋਂ ਸ੍ਰੀ ਰਾਮਚੰਦ ਨੇ ਆਪਣੀ
ਸੁਪਤਨੀ ਸੀਤਾ ਨੂੰ ਚੁੱਕਣ ਦਾ ਬਦਲਾ ਲੈਣ ਲਈ ਰਾਵਣ `ਤੇ ਹਮਲਾ ਕਰਨਾ ਚਾਹਿਆ, ਤਾਂ ਉਸ ਦੇ ਟਾਕਰੇ
`ਤੇ ਸ੍ਰੀ ਰਾਮ ਨੇ ਆਪਣੇ ਆਪ ਨੂੰ ਕਮਜ਼ੋਰ ਜਾਣਦਿਆਂ ਸਹਾਇਤਾ ਲਈ ਇੱਕ ਪਾਸੇ ਬਾਲੀ ਦੇ ਭਰਾ ਸੁਗਰੀਵ
ਨਾਲ ਗੰਢ-ਤੁਪ ਕੀਤੀ ਤੇ ਦੂਜੇ ਪਾਸੇ ਰਾਵਣ ਦੇ ਭਰਾ ਭਭੀਖਣ ਨਾਲ; ਤਾਂ ਜੋ ਰਾਵਣ ਦਾ ਸਾਰਾ ਭੇਦ ਲਿਆ
ਜਾ ਸਕੇ। ਸੁਗਰੀਵ ਅਤੇ ਭਭੀਖਣ ਨੇ ਰਾਜ-ਤਖ਼ਤਾਂ ਦੇ ਲਾਲਚ ਵਿੱਚ ਆਪਣੇ ਭਾਰਵਾਂ ਦੇ ਵਿਰੁੱਧ ਸ੍ਰੀ
ਰਾਮਚੰਦ ਦਾ ਸਾਥ ਦਿੱਤਾ।
ਇਸ ਲਈ ਪਹਿਲਾਂ ਤਾਂ ਕੁਟਲ ਨੀਤੀ ਅਧੀਨ ਸ੍ਰੀ ਰਾਮ ਨੇ ਲੁਕਕੇ ਜ਼ਹਿਰੀਲੇ ਤੀਰ
ਨਾਲ ਬਾਲੀ ਨੂੰ ਮਾਰਿਆ, ਤਾਂ ਜੋ ਸੁਗਰੀਵ ਨੂੰ ਰਾਜ ਤਖ਼ਤ ਦਿਵਾ ਕੇ ਕਿਸ਼ਕਿੰਧ੍ਯਾ ਦੇ ਰਾਜ ਦੀ ਸਾਰੀ
ਸ਼ਕਤੀ ਆਪਣੇ ਲਈ ਵਰਤੀ ਜਾ ਸਕੇ। ਕਿਉਂਕਿ, ਓਵੇਂ ਤਾਂ ਬਾਲੀ ਨੇ ਸ੍ਰੀ ਰਾਮ ਦੀ ਸੈਨਾ ਨੂੰ ਲੰਕਾ ਤੇ
ਚੜ੍ਹਾਈ ਕਰਨ ਲਈ ਆਪਣੇ ਰਾਜ ਵਿੱਚੋਂ ਲੰਘਣ ਵੀ ਨਹੀਂ ਸੀ ਦੇਣਾ। ਇਸ ਪ੍ਰਕਾਰ ਸੁਗਰੀਵ, ਹਨੂਮਾਨ ਤੇ
ਭਭੀਖਣ ਦੀ ਸਹਾਇਤਾ ਨਾਲ ਸ੍ਰੀ ਰਾਮ ਨੇ ਰਾਵਣ ਨੂੰ ਮਾਰਿਆ ਤੇ ਕੀਤੇ ਵਾਅਦੇ ਮੁਤਾਬਿਕ ਉਥੋਂ ਦਾ ਰਾਜ
ਭਭੀਖਣ ਨੂੰ ਸੌਂਪਿਆ। ਰਿਸ਼ੀ ਬਾਲਮੀਕ ਨੇ ਲਿਖਿਆ ਹੈ ਕਿ ਜਦੋਂ ਸ਼੍ਰੀ ਰਾਮ ਨੇ ਛੁਪ ਕੇ ਬਾਲੀ ਨੂੰ
ਤੀਰ ਮਾਰਿਆ ਤਾਂ ਉਸ ਨੇ ਮਰਦੇ ਹੋਏ ਆਖਿਆ: “ਹੇ ਨਿੰਦਤ ਕਰਮ ਕਰਨ ਵਾਲੇ ਕਸ਼ਤ੍ਰੀ! ਮਰਣਾ, ਜੰਗ ਵਿੱਚ
ਹਾਰਣਾ ਤੇ ਰਾਜ ਦਾ ਨਸ਼ਟ ਹੋਣਾ ਆਦਿਕ ਮੁੱਢ ਤੋਂ ਹੁੰਦੇ ਆਏ ਹਨ। ਪਰ, ਜਦੋਂ ਲੋਕ ਪ੍ਰਸ਼ਨ ਕਰਨਗੇ ਕਿ
ਨਿਰਪਰਾਧ ਬਾਲੀ ਨੂੰ ਲੁਕਕੇ ਕਿਉਂ ਮਾਰਿਆ? ਤਾਂ ਇਸ ਦਾ ਮੁਨਾਸਿਬ ਉੱਤਰ ਹੁਣੇ ਸੋਚ ਰੱਖ। ਦੇਖੋ,
(ਕਾਂਡ ੪, ਅ. ੧੭)
ਅਸਲ ਵਿੱਚ ਇਹੀ ਕਾਰਣ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਮਨੁੱਖਤਾ
ਨੂੰ ਕਥਿਤ ਦੇਵੀ-ਦੇਵਤਿਆਂ, ਅਵਤਾਰਾਂ, ਭੇਖੀ ਡੇਰੇਦਾਰਾਂ ਤੇ ਹੋਰ ਵਿਅਕਤੀਗਤ ਸਹਾਰੇ ਛੱਡ ਕੇ ਇੱਕ
ਅਕਾਲ ਪੁਰਖ ਦੇ ਆਸਰੇ ਜੀਊਣ ਦਾ ਉਪਦੇਸ਼ ਦਿੱਤਾ ਹੈ। ਕਿਉਂਕਿ, ਸਦਾ ਥਿਰ ਕਾਇਮ ਰਹਿਣ ਵਾਲਾ ਅਤੇ ਸਭ
ਥਾਈਂ ਸਹਾਇਕ ਹੋਣ ਵਾਲਾ ਆਸਰਾ, ਕੇਵਲ ਇੱਕ ਅਕਾਲ ਪੁਰਖ ਵਾਹਗੁਰੂ ਦਾ ਹੈ; ਜਿਹੜਾ ਮਨੁੱਖ ਨੂੰ ਹਰੇਕ
ਥਾਂ ਅਤੇ ਹਰੇਕ ਹਾਲਤ ਵਿੱਚ ਅਡੋਲ ਰਖ ਸਕਦਾ ਹੈ। ਗੁਰਵਾਕ ਹਨ:
ਧਰ ਜੀਅਰੇ ਇੱਕ ਟੇਕ ਤੂ; ਲਾਹਿ ਬਿਡਾਨੀ ਆਸ।।
ਨਾਨਕ, ਨਾਮੁ ਧਿਆਈਐ; ਕਾਰਜੁ ਆਵੈ ਰਾਸਿ।। {ਗੁ. ਗ੍ਰੰ. ਅੰ. ੨੫੭}
ਅਰਥ:-
ਹੇ ਮੇਰੀ ਜਿੰਦੇ!
ਸਿਰਫ਼ ਪਰਮਾਤਮਾ ਦਾ ਆਸਰਾ ਲੈ, ਉਸ ਤੋਂ ਬਿਨਾ ਕਿਸੇ ਹੋਰ (ਦੀ ਸਹਾਇਤਾ) ਦੀ ਆਸ ਲਾਹ ਦੇ। ਹੇ ਨਾਨਕ!
ਸਦਾ ਪ੍ਰਭੂ ਦੀ ਯਾਦ ਮਨ ਵਿੱਚ ਵਸਾਣੀ ਚਾਹੀਦੀ ਹੈ, ਹਰੇਕ ਕੰਮ ਸਿਰੇ ਚੜ੍ਹ ਜਾਂਦਾ ਹੈ। ੧।
ਮਾਨੁਖ ਕੀ ਟੇਕ, ਬ੍ਰਿਥੀ ਸਭ ਜਾਨੁ।। ਦੇਵਨ ਕਉ, ਏਕੈ ਭਗਵਾਨੁ।।
ਜਿਸ ਕੈ ਦੀਐ, ਰਹੈ ਅਘਾਇ।। ਬਹੁਰਿ ਨ ਤ੍ਰਿਸਨਾ ਲਾਗੈ ਆਇ।।
ਮਾਰੈ ਰਾਖੈ, ਏਕੋ ਆਪਿ।। ਮਾਨੁਖ ਕੈ, ਕਿਛੁ ਨਾਹੀ ਹਾਥਿ।। (ਅੰ: ੨੮੧)
ਅਰਥ:- (
ਹੇ ਮਨ!) (ਕਿਸੇ)
ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ, ਇੱਕ ਅਕਾਲ ਪੁਰਖ ਹੀ (ਸਭ ਜੀਆਂ ਨੂੰ) ਦੇਣ ਜੋਗਾ ਹੈ; ਜਿਸ
ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ। ਪ੍ਰਭੂ
ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ, ਮਨੁੱਖ ਦੇ ਵੱਸ ਕੁੱਝ ਨਹੀਂ ਹੈ।
ਕਈ ਪੁਰਾਣਿਕ-ਮੱਤੀ ਪ੍ਰਚਾਰਿਕ ਅਜਿਹੇ ਗੁਰਵਾਕਾਂ ਦੇ ਹੁੰਦਿਆਂ ਵੀ ਸਿੱਖ
ਜਗਤ ਨੂੰ ਗੁੰਮਰਾਹ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਇਸ ਮਨੋਰਥ ਲਈ ਉਹ ਗੁਰਬਾਣੀ ਵਿੱਚਲੇ ਮਿਥਿਹਾਸਕ
ਹਵਾਲਿਆਂ ਤੇ ਜੋਤਿ-ਸਰੂਪ ਪਭੂ-ਪਾਤਸ਼ਾਹ ਦੇ ਅਰਥਾਂ ਵਿੱਚ ਵਰਤੇ ਗਏ ‘ਰਘੁਨਾਥੁ`, ‘ਰਘੁਰਾਇਆ` ਤੇ
‘ਸ੍ਰੀ ਗੋਪਾਲ` ਆਦਿਕ ਸਰਗੁਣੀ ਨਾਵਾਂ ਦੀ ਦੁਰਵਰਤੋਂ ਕਰਦੇ ਹਨ। ਪੁਰਾਣਿਕ ਸਹਿਤ ਵਿੱਚ ਵਰਤੇ ਅਜਿਹੇ
ਨਾਵਾਂ ਦੁਆਰਾ ਉਹ ਸਿੱਧ ਕਰਨਾ ਚਹੁੰਦੇ ਹਨ ਕਿ ਨਾਨਕ-ਜੋਤਿ ਗੁਰੂ-ਸਾਹਿਬਾਨ ਅਤੇ ਉਨ੍ਹਾਂ ਦੀ
ਦ੍ਰਿਸ਼ਟੀ `ਚ ਪ੍ਰਵਾਨ ਚੜ੍ਹੇ ਭਗਤ ਤੇ ਭੱਟ-ਜਨ ਸ੍ਰੀ ਰਾਮਚੰਦਰ ਤੇ ਸ੍ਰੀ ਕ੍ਰਿਸ਼ਨ ਆਦਿਕ ਅਵਤਾਰਾਂ
ਦੇ ਉਪਾਸ਼ਕ ਸਨ। ਤਾਂ ਕਿ ਗੁਰੂ ਨਾਨਕ ਸਾਹਿਬ ਦੀ ਬਦੌਲਤ ਬ੍ਰਾਹਮਣੀ ਜੂਲੇ ਹੇਠੋਂ ਨਿਕਲ ਚੁੱਕੇ
ਲੋਕਾਂ ਨੂੰ ਮੁੜ ਦੇਵੀ ਦੇਵਤਿਆਂ ਤੇ ਅਵਤਾਰਾਂ ਦੇ ਉਪਾਸ਼ਕ ਬਣਾ ਕੇ ਬਿਪਰਵਾਦੀ ਖਾਰੇ ਸਮੁੰਦਰ ਵਿੱਚ
ਗਰਕ ਕੀਤਾ ਜਾ ਸਕੇ।
ਸਿਰਲੇਖ ਮੁਤਾਬਿਕ ਸਾਡਾ ਮੁਖ ਮਨੋਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ
‘ਸਲੋਕ ਵਾਰਾਂ ਤੇ ਵਧੀਕ` ਸੰਗ੍ਰਹਿ ਵਿੱਚ ਦਰਜ਼ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ
ਮਹਾਰਾਜ ਦੇ ਹੇਠ ਲਿਖੇ ਪਾਵਨ ਸਲੋਕ ਨੂੰ ਵਿਚਾਰਨਾ ਹੈ, ਜਿਸ ਨੂੰ ਸਿੱਖੀ ਖੇਤਰ ਦੇ ਸੰਪਰਦਾਈ
ਵਿਦਵਾਨਾਂ, ਪੁਰਾਣਿਕ-ਮੱਤੀ ਹਿੰਦੂ ਪ੍ਰਚਾਰਕਾਂ ਤੇ ੨੦ਵੀਂ ਸਦੀ ਦੀ ਸਿੱਖ ਜਾਗਰਤੀ ਲਹਿਰ ਵਿੱਚਲੇ
ਬਿਪਰਵਾਦ ਤੋਂ ਮੁਕਤ ਹੋ ਰਹੇ ਟੀਕਾਕਾਰਾਂ ਨੇ ਆਪਣੇ ਆਪਣੇ ਦ੍ਰਿਸ਼ਟੀਕੋਨ ਤੋਂ ਅਰਥਾਇਆ ਹੈ:
ਸੰਗ ਸਖਾ ਸਭਿ ਤਜਿ ਗਏ; ਕੋਊ ਨ ਨਿਬਹਿਓ ਸਾਥਿ।।
ਕਹੁ ਨਾਨਕ, ਇਹ ਬਿਪਤਿ ਮੈ; ਟੇਕ ਏਕ ਰਘੁਨਾਥ।। ੫੫।। {ਅੰ. ੧੪੨੯}
ਸੰਪਰਦਾਈ ਵਿਦਵਾਨਾਂ ਨੇ ਇਸ ਗੁਰਵਾਕ ਨੂੰ ਚੜ੍ਹਦੀ ਕਲਾ ਦੇ ਪੈਗੰਬਰ ਸ੍ਰੀ
ਗੁਰੂ ਤੇਗਬਹਾਦਰ ਸਾਹਿਬ ਜੀ ਦੇ ਸ਼ਹੀਦੀ-ਕਾਲ ਨਾਲ ਜੋੜ ਕੇ ਬੜੀ ਉਦਾਸੀਨਤਾ ਤੇ ਨਿਰਾਸ਼ਤਾ ਭਰਪੂਰ ਅਰਥ
ਕੀਤੇ ਹਨ। ਉਨ੍ਹਾਂ ਲਿਖਿਆ ਹੈ ਕਿ ਸਤਿਗੁਰੂ ਜੀ ਜਦੋਂ ਚਾਂਦਨੀ ਚੌਕ ਦਿੱਲੀ ਦੀ ਕੋਤਵਾਲੀ ਵਿਖੇ
ਔਰੰਗਜ਼ੇਬ ਦੀ ਕੈਦ ਵਿੱਚ ਸਖਤ ਪਹਿਰੇ ਹੇਠ ਲੋਹੇ ਦੇ ਮਜ਼ਬੂਤ ਪਿੰਜਰੇ ਵਿੱਚ ਇਕੱਲੇ ਹੀ ਬੰਦ ਕੀਤੇ
ਹੋਏ ਸਨ। ਕੋਈ ਸੰਗੀ ਸਾਥੀ ਨਾਲ ਨਹੀਂ ਸੀ। ਉਸ ਵੇਲੇ ਹਜ਼ੂਰ ਨੇ ਇਹ ਸਲੋਕ ਉਚਾਰਨ ਕੀਤਾ ਤੇ ਆਖਿਆ:
ਹੇ ਰਘੂ ਕੁਲ ਕੇ ਨਾਥ ਅਕਾਲ ਪੁਰਖ! ਭਾਵ ਯੇਹ ਕਿ ਹਮ ਭੀ ਇਸੀ ਕੁਲ ਮੇਂ
ਹੈਂ, ਸੋ ਅਬ ਸੰਗੀ ਔਰ ਮਿਤਰ ਸਭ ਤ੍ਯਾਗ ਗਏ ਹੈਂ, ਕੋਈ ਭੀ ਸਾਥ ਨਿਭਤਾ ਨਹੀਂ ਭ੍ਯਾ ਹੈ।। ਸ੍ਰੀ
ਗੁਰੂ ਜੀ ਕਹਿਤੇ ਹੈਂ: ਐਸੀ ਬਿਪਤ ਕੇ ਸਮ੍ਯ ਮੇਂ ਅਬ ਤੁਮਰਾ ਹੀ ਆਸਰਾ ਹੈ।। {ਫਰੀਟਕੋਟੀ ਟੀਕਾ}
ਭਾਈ ਮਤੀ ਦਾਸ ਜੀ ਨੂੰ ਸ਼ਹੀਦੀ ਪ੍ਰਾਪਤ ਕਰਦਿਆਂ ਵੇਖ ਕੇ ਸਾਡੇ ਨਾਲ ਰਹਿਣ
ਵਾਲੇ ਜੋ ਸਖਾ =ਮਿਤਰ ਸਨ, ਉਹ ਸਾਰੇ ਦੇ ਸਾਰੇ ਸਾਨੂੰ ਛੱਡ ਕੇ ਚਲੇ ਗਏ ਹਨ। ਕੋਈ ਵੀ ਮਿਤਰ ਸਾਡੇ
ਨਾਲ ਨਿਭਿਆ ਨਹੀਂ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ-ਇਸ ਬਿਪਤਾ ਵਿਖੇ ਸਾਨੂੰ ਇੱਕ ਰਘਨਾਥ ਪ੍ਰਭੂ
ਦੀ ਟੇਕ ਹੈ। {ਸੰਤ ਕ੍ਰਿਪਾਲ ਸਿੰਘ ਸੱਤੋਵਾਲੀ ਗਲੀ ਸ੍ਰੀ ਅੰਮ੍ਰਿਤਸਰ, ਟਕਸਾਲ ਭਾਈ ਮਨੀ ਸਿੰਘ)
ਪੁਰਾਣਿਕ-ਮੱਤੀ ਹਿੰਦੂ ਪ੍ਰਚਾਰਕਾਂ ਨੇ ਸੰਪਰਦਾਈ ਅਰਥਾਂ ਦਾ ਲਾਭ ਲੈਂਦਿਆਂ
ਸਲੋਕ ਦੇ ਇੱਕ ਵਾਕ ਦੀ ਅੱਧੀ ਤੁਕ ‘ਟੇਕ ਏਕ ਰਘੁਨਾਥੁ` ਲੈ ਕੇ ਸਿੱਖ ਸੰਗਤਾਂ ਨੂੰ ਭਟਕਾਉਣ ਦਾ ਯਤਨ
ਕੀਤਾ ਹੈ। ਉਹ ਕਹਿੰਦੇ ਹਨ ਗੁਰੂ ਸਾਹਿਬਾਨ ਨੇ ਸਾਨੂੰ ਰਘੂ ਕੁਲ ਦੇ ਮਾਲਕ ਸ੍ਰੀ ਰਾਮਚੰਦ੍ਰ ਦੀ ਟੇਕ
ਰਖ ਕੇ ਜੀਊਣ ਦੀ ਪ੍ਰੇਰਨਾ ਕੀਤੀ ਹੈ। ਕਿਉਂਕਿ, ਗੁਰੂ ਸਾਹਿਬ ਕਹਿੰਦੇ ਹਨ ਜਦੋਂ ਕੋਈ ਸਹਾਇਕ ਸਾਥੀ
ਨਹੀਂ ਰਹਿ ਜਾਂਦਾ, ਉਦੋਂ ਸਹਾਇਕ ਹੋਣ ਵਾਲੇ ਕੇਵਲ ਸ੍ਰੀ ਰਾਮ ਹਨ। ਕਬੀਰ ਜੀ ਵੀ ਕਹਿੰਦੇ ਹਨ:
ਜਲ ਥਲ ਰਾਖਨ ਹੈ ਰਘੁਨਾਥ।।
{ਗੁ. ਗ੍ਰੰ. ਅੰ. ੧੧੬੨}
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ` ਵਿੱਚ
ਉਪਰੋਕਤ ਕਿਸਮ ਦੀਆਂ ਦੋਵੇਂ ਧਾਰਨਾਵਾਂ ਨੂੰ ਗੁਰਬਾਣੀ ਦੀ ਵਿਆਕ੍ਰਣਿਕ ਤੇ ਸਿਧਾਂਤਕ ਰੌਸ਼ਨੀ `ਚ ਰੱਦ
ਕਰ ਦਿੱਤਾ ਹੈ। ਉਨ੍ਹਾਂ ਨੇ ਪਹਿਲੀ ਵਾਰ ਬਿਪਰਵਾਦ ਦਾ ਆਧਾਰ ਮੰਨੀ ਜਾਂਦੀ ਅਵਤਾਰਵਾਦੀ ਵਿਚਾਰਧਾਰਾ
ਤੋਂ ਮੁਕਤ ਹੋ ਕੇ ਹੇਠ ਲਿਖੇ ਅਰਥ ਕਰਨ ਦੀ ਹਿੰਮਤ ਕੀਤੀ ਹੈ:
ਪਦ-ਅਰਥ: ਸੰਗ—ਸੰਗੀ। ਸਭਿ—ਸਾਰੇ। ਤਜਿ ਗਏ—ਛੱਡ ਗਏ, ਛੱਡ ਜਾਂਦੇ ਹਨ।
ਸਾਥਿ—ਨਾਲ। ਇਹ ਬਿਪਤਿ ਮੈ—ਇਸ ਮੁਸੀਬਤ ਵਿਚ, ਇਸ ਇਕੱਲਾ-ਪਨ ਵਿਚ। ਰਘੁਨਾਥ – ਪਰਮਾਤਮਾ
(ਰਘੁ-ਪ੍ਰਕਾਸ਼+ਨਾਥੁ–ਮਾਲਕ = ਜੋਤਿ ਸਰੂਪ ਮਾਲਕ ਪ੍ਰਭ) ੂ ਟੇਕ- ਆਸਰਾ।
ਤੁਕ-ਅਰਥ: ਹੇ ਨਾਨਕ! ਆਖ— (ਜਦੋਂ ਅੰਤ ਵੇਲੇ) ਸਾਰੇ ਸਾਥੀ ਸੰਗੀ ਛੱਡ
ਜਾਂਦੇ ਹਨ, ਜਦੋਂ ਕੋਈ ਭੀ ਸਾਥ ਨਹੀਂ ਨਿਬਾਹ ਸਕਦਾ, ਉਸ (ਇਕੱਲੇ-ਪਨ ਦੀ) ਮੁਸੀਬਤ ਵੇਲੇ ਭੀ ਸਿਰਫ਼
ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ (ਸੋ, ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ)। {ਸ੍ਰੀ
ਗੁਰੂ ਗ੍ਰੰਥ ਸਾਹਿਬ ਦਰਪਨ}
ਕਿਉਂਕਿ, ਸੰਪਰਦਾਈ ਤੇ ਪੁਰਾਣਿਕ-ਮੱਤੀ ਅਰਥ ਇਤਿਹਾਸਕ ਤੇ ਸਿਧਾਂਤਕ ਤੱਥਾਂ
ਦੇ ਬਿਲਕੁਲ ਉੱਲਟ ਹਨ।
“ਤੂ
ਸੁਲਤਾਨੁ, ਕਹਾ ਹਉ ਮੀਆ; ਤੇਰੀ ਕਵਨ ਵਡਾਈ”।। {ਮ: ੧, ਅੰ. ੭੯੫}
ਗੁਰਵਾਕ ਮੁਤਾਬਿਕ ਇਹ ਕਿਥੋਂ ਦੀ ਸਿਆਣਪ ਤੇ ਵਡਿਆਈ ਮੰਨੀ
ਜਾਏਗੀ ਹੈ ਕਿ ਸਾਰੀ ਸ੍ਰਿਸ਼ਟੀ ਦੇ ਸਿਰਜਨਹਾਰ ਤੇ ਮਾਲਕ ਨੂੰ ਕੇਵਲ ਇੱਕ ਰਘੂ ਕੁਲ (ਖ਼ਾਨਦਾਨ) ਦਾ
ਨਾਥ (ਮਾਲਕ) ਕਿਹਾ ਜਾਏ।
“ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ।। {ਮਃ੫, ਅੰਗ ੬੧੨}
ਦਾ ਇਲਾਹੀ ਗੀਤ ਗਉਣ ਵਾਲੇ ਸਤਿਗੁਰੂ, ਅਕਾਲ ਪੁਰਖ ਨੂੰ ਸੰਪਰਦਾਈ ਅਰਥਾਂ
ਮੁਤਾਬਿਕ ‘ਰਘੁਨਾਥੁ` ਕਹਿ ਕੇ ਕਿਵੇਂ ਸੰਬੋਧਨ ਕਰ ਕਰ ਸਕਦੇ ਹਨ? ਗੁਰਮਤਿ ਦੇ ਅਜੂਨੀ ਸਿਧਾਂਤ ਅਤੇ
ਪ੍ਰਕਰਣਿਕ ਦਿਸ਼੍ਰਟੀਕੋਨ ਤੋਂ ‘ਰਘੁਨਾਥੁ` ਨਾਂਵ ਦੇ ‘ਜੋਤਿ ਸਰੂਪ ਮਾਲਕ ਪ੍ਰਭੂ` ਅਰਥ ਕਰਨੇ ਹੀ
ਨਿਆਂਯੁਗਤਿ ਹਨ।
ਇਤਿਹਾਸਕ ਦ੍ਰਿਸ਼ਟੀਕੋਨ ਤੋਂ ਕੌਣ ਸੱਚ ਮੰਨੇਗਾ? ਕਿ ਦਿੱਲੀ ਦੀ ਕੋਤਵਾਲੀ
ਵਿਖੇ ਨੌਵੇਂ ਸਤਿਗੁਰੂ ਜੀ ਨੂੰ ਜਦੋਂ ਉਨ੍ਹਾਂ ਦੇ ਸ਼ਹੀਦ ਸਿੱਖ ਸਾਥੀਆਂ (ਭਾਈ ਮਤੀਦਾਸ, ਸਤੀਦਾਸ ਤੇ
ਦਿਆਲਾ ਜੀ) ਤੋਂ ਵੱਖ ਕਰਕੇ, ਸਖਤ ਪਹਿਰੇ ਹੇਠ ਲੋਹੇ ਦੇ ਪਿੰਜਰੇ ਵਿੱਚ ਇਕੱਲਿਆਂ ਕੈਦ ਕੀਤਾ ਹੋਇਆ
ਸੀ, ਉਦੋਂ ਇਹ ਸਲੋਕ ਉਚਾਰਿਆ। ਜੇ ਇਹ ਸੱਚ ਮੰਨ ਲਿਆ ਜਾਏ ਤਾਂ ਸੁਆਲ ਖੜ੍ਹਾ ਹੁੰਦਾ ਹੈ ਕਿ ਸਲੋਕ
ਲਿਖਿਆ ਕਿਵੇਂ ਅਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਪਹੁੰਚਾ ਕਿਵੇਂ? ਇਹ ਖ਼ਿਆਲ ਵੀ ਦੋਸ਼ ਭਰਪੂਰ ਹੈ ਕਿ
ਸਿੱਖ, ਸਤਿਗੁਰੂ ਜੀ ਦਾ ਸਾਥ ਛੱਡ ਗਏ ਤੇ ਕੋਈ ਵੀ ਉਨ੍ਹਾਂ ਦੇ ਨਾਲ ਨਾ ਨਿਭਿਆ। ਜਿਸ ਕਰਕੇ
ਸਤਿਗੁਰੂ ਜੀ ਨੇ ਉਦਾਸੀਨਤਾ ਤੇ ਨਿਰਾਸ਼ਤਾ ਭਰੇ ਸ਼ਬਦਾਂ ਵਿੱਚ ਆਖਿਆ ਕਿ “ਹੇ ਰਘੁਨਾਥੁ! ਇਸ ਬਿਪਤਾ
ਵਿੱਚ ਹੁਣ ਇੱਕ ਤੇਰਾ ਹੀ ਸਹਾਰਾ ਹੈ”। ਕਿਉਂਕਿ, ਸਚਾਈ ਤਾਂ ਇਹ ਹੈ ਕਿ ਸਿੱਖਾਂ ਨੇ ਸਤਿਗੁਰੂ ਜੀ
ਦਾ ਸਾਥ ਨਹੀਂ ਸੀ ਛੱਡਿਆ, ਉਨ੍ਹਾਂ ਨੂੰ ਤਾਂ ਹਕੂਮਤ ਨੇ ਜ਼ਬਰਦਸਤੀ ਵੱਖ ਕੀਤਾ ਸੀ। ਉਹ ਤਾਂ ਦੇਗ
ਵਿੱਚ ਉਬਲਦੇ ਤੇ ਆਰੇ ਨਾਲ ਚਰੀਂਦੇ ਵੀ ਲੋਚਦੇ ਸਨ ਕਿ ਉਨ੍ਹਾਂ ਨੂੰ ਸਤਿਗੁਰੂ ਜੀ ਦਾ ਦੀਦਾਰ ਹੁੰਦਾ
ਰਹੇ।
ਇਹ ਘਟਨਾ ਤਾਂ ਬਿਲਕੁਲ ਓਵੇਂ ਦੀ ਹੈ, ਜਿਵੇਂ ਕੋਈ ਮਾਹੀਗੀਰ ਕਿਸੇ ਮੱਛੀ
ਨੂੰ ਪਾਣੀ ਵਿੱਚੋਂ ਪਕੜ ਕੇ ਬਾਹਰ ਸੁੱਟ ਦੇਵੇ। ਕੀ ਐਸਾ ਵਾਪਰਨ `ਤੇ ਪਾਣੀ ਕਹਿ ਸਕਦਾ ਹੈ ਕਿ ਮੱਛੀ
ਨੇ ਮੇਰਾ ਸਾਥ ਛੱਡ ਦਿੱਤਾ ਹੈ? ਜਾਂ ਅਜਿਹਾ ਮੰਨਿਆ ਜਾ ਸਕਦਾ ਹੈ ਕਿ ਮੱਛੀ ਪਾਣੀ ਨਾਲ ਓੜਕ ਨਹੀਂ
ਨਿਭੀ? ਨਹੀਂ, ਬਿਲਕੁਲ ਨਹੀਂ; ਕਿਉਂਕਿ, ਉਹ ਤਾਂ ਕਾਵਿਕ ਦ੍ਰਿਸ਼ਟੀ ਵਿੱਚ ਟੋਟੇ ਟੋਟੇ ਹੋ ਕੇ ਅਤੇ
ਅੱਗ `ਤੇ ਭੁੱਜ ਕੇ ਕਿਸੇ ਦਾ ਭੋਜਨ ਬਣਨ ਉਪਰੰਤ ਵੀ ਪਾਣੀ ਪਾਣੀ ਪੁਕਾਰਦੀ ਹੈ। ਪ੍ਰੇਮ ਦੇ ਇਸ ਸਿਖਰ
ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਭਗਤ ਰਵਿਦਾਸ ਜੀ ਮਹਾਰਾਜ ਦੇ ਸ਼ਬਦਾਂ ਵਿੱਚ ਇਉਂ ਪੜ੍ਹਿਆ ਜਾ
ਸਕਦਾ ਹੈ:
ਮੀਨੁ ਪਕਰਿ ਫਾਂਕਿਓ ਅਰੁ ਕਾਟਿਓ; ਰਾਂਧਿ ਕੀਓ ਬਹੁ ਬਾਨੀ।।
ਖੰਡ ਖੰਡ ਕਰਿ ਭੋਜਨੁ ਕੀਨੋ; ਤਊ ਨ ਬਿਸਰਿਓ ਪਾਨੀ।। {ਗੁ. ਗ੍ਰੰ. ਅੰ.
੬੫੮}
ਹਰ ਵੇਲੇ
“ਤੂੰ ਮੇਰਾ ਪਿਤਾ, ਤੂੰਹੈ ਮੇਰਾ
ਮਾਤਾ।। ਤੂੰ ਮੇਰਾ ਬੰਧਪੁ, ਤੂੰ ਮੇਰਾ ਭ੍ਰਾਤਾ।। ਤੂੰ, ਮੇਰਾ ਰਾਖਾ ਸਭਨੀ ਥਾਈ; ਤਾ, ਭਉ ਕੇਹਾ
ਕਾੜਾ ਜੀਉ।। “ {ਅੰ. ੧੦੩}, ਵਰਗਾ ਇਲਾਹੀ ਗੀਤ
ਗਾਉਣ ਵਾਲੇ, “ਨਾਨਕ, ਭਗਤਾ ਸਦਾ ਵਿਗਾਸੁ।। “ {ਜਪੁ, ਅੰ. ੩} ਵਾਕ ਦੁਆਰਾ ਭਗਤਾਂ ਨੂੰ ਸਦਾ
ਚੜ੍ਹਦੀ ਕਲਾ ਵਿੱਚ ਰਹਿੰਦੇ ਦਸਣ ਵਾਲੇ ਅਤੇ
“ਦੁਖ ਸੁਖ ਦੋਊ ਸਮ ਕਰਿ ਜਾਨੈ, ਬੁਰਾ
ਭਲਾ ਸੰਸਾਰ।। “ {ਅੰ. ੧੨੫੬} ਦਾ ਉਪਦੇਸ਼
ਦਿੰਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਸ਼ਹੀਦ ਹੋਣ ਲਈ ਤੁਰ ਕੇ ਉਲਟੀ ਗੰਗਾ ਵਹਾਉਣ ਵਾਲੇ
ਪਰਉਪਕਾਰੀ ਸਤਿਗੁਰੂ ਜੀ ਬਾਰੇ ਐਸਾ ਸੋਚਣਾ ਹੀ ਗੁਨਾਹ ਹੈ; ਕਿ ਉਹ ਸਾਥੀਆਂ ਦੇ ਸ਼ਹੀਦ ਹੋਣ `ਤੇ
ਉਦਾਸ ਜਾਂ ਨਿਰਾਸ ਹੋ ਕੇ ਘਬਰਾ ਗਏ ਹੋਣਗੇ।
‘ਧਰ ਜੀਅਰੇ ਇੱਕ ਟੇਕ ਤੂ; ਲਾਹਿ ਬਿਡਾਨੀ ਆਸ।। ` ਅਤੇ ‘ਮਾਨੁਖ ਕੀ ਟੇਕ,
ਬ੍ਰਿਥੀ ਸਭ ਜਾਨੁ` ਦਾ ਉਪਦੇਸ਼ ਦੇਣ ਵਾਲੇ ਸਤਿਗੁਰੂ ਜੀ ਬਾਰੇ ਪੁਰਾਣਿਕ-ਮੱਤੀ ਖ਼ਿਆਲ ਵੀ ਸੱਚ ਨਹੀਂ
ਮੰਨਿਆ ਜਾ ਸਕਦਾ ਕਿ ਉਨ੍ਹਾਂ ਨੇ ਅਯੁਧਿਆ-ਪਤੀ ਸ੍ਰੀ ਰਾਮ ਚੰਦ੍ਰ ਦੀ ਵਿਅਕਤੀਗਤ ਟੇਕ (ਸਹਾਰਾ) ਰਖਣ
ਦੀ ਪ੍ਰੇਰਨਾ ਕੀਤੀ ਹੋਵੇਗੀ। ਕਿਉਂਕਿ, ਜਿਹੜਾ ਆਪਣੀ ਪਤਨੀ ਸੀਤਾ ਦੇ ਵਿਛੋੜੇ ਤੇ ਭਰਾ ਲਛਮਣ ਦੇ
ਮੂਰਛਤ ਹੋਣ ਦੀ ਬਿਪਤਾ ਤੋਂ ਘਬਰਾ ਕੇ ਝੂਰੇ, ਸੁਗਰੀਵ ਤੇ ਭਭੀਖਣ ਵਰਗੇ ਭਰਾ-ਮਾਰੂ ਲਾਲਚੀਆਂ ਦੀ
ਸਹਾਇਤਾ ਲੈਣ ਲਈ ਕੁਟਿਲ ਚਾਲਾਂ ਚੱਲੇ ਅਤੇ ਅਕਾਲਪੁਰਖ ਨੂੰ ਛੱਡ ਕੇ ਹਨੂਮਾਨ ਵਰਗੇ ਬਾਨਰ ਸੇਵਕ ਦੀ
ਸਹਾਇਕ ਹੋਣ ਲਈ ਅਰਾਧਨਾ ਕਰੇ; ਉਸਦਾ ਸਹਾਰਾ ਲੈਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਸਤਿਗੁਰਾਂ
ਤਾਂ ਇੱਕ ਪੁਰਾਣਿਕ-ਮੱਤੀ ਪਾਂਡੇ ਨੂੰ ਨਸੀਹਤ ਕਰਦਿਆਂ ਇਥੋਂ ਤੱਕ ਕਿਹਾ ਹੈ ਕਿ ਰੱਬ ਨਾਲ ਜੁੜੇ
ਰਹਿਣ ਅਤੇ ਉਸ ਦੀ ਟੇਕ ਵਿੱਚ ਜੀਊਣ ਲਈ ਤਨ, ਮਨ ਤੇ ਧਨ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਗੁਰੂ
ਸਾਹਿਬਾਨ ਦੀਆਂ ਸ਼ਹੀਦੀਆਂ ਤੇ ਸਰਬੰਸ ਤੱਕ ਵਾਰਨ ਦੀ ਮਿਸਾਲਾਂ ਸੰਸਾਰ ਦੇ ਸਾਹਮਣੇ ਇਸ ਹਕੀਕਤ ਦਾ
ਪ੍ਰਤੱਖ ਪ੍ਰਮਾਣ ਹਨ। ਗੁਰਵਾਕ ਹੈ:
ਧਨੁ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ।।
ਮਨੁ ਦੀਜੈ ਸਿਰੁ ਸਉਪੀਐ ਭੀ ਕਰਤੇ ਕੀ ਟੇਕ।। {ਗੁ. ਗ੍ਰੰ. ਅੰ. ੯੩੪}
ਅਰਥ: (ਹੇ ਪਾਂਡੇ! ਗੋਪਾਲ ਨਾਲ ਚਿੱਤ ਜੋੜਿਆਂ) ਜੇ ਧਨ ਗੁਆਚਦਾ ਹੈ ਤਾਂ
ਗੁਆਚਣ ਦੇਹ (ਪਰ ਹਾਂ) ਜੇ ਤੂੰ ਇੱਕ ਪ੍ਰਭੂ ਦੇ ਪਿਆਰ ਵਿੱਚ ਜੁੜ ਸਕੇਂ (ਤਾਂ ਇਸ ਦੀ ਖ਼ਾਤਰ) ਮਨ ਭੀ
ਦੇ ਦੇਣਾ ਚਾਹੀਦਾ ਹੈ, ਸਿਰ ਭੀ ਅਰਪਣ ਕਰ ਦੇਣਾ ਚਾਹੀਦਾ ਹੈ; (ਇਹ ਸਭ ਕੁੱਝ ਦੇ ਕੇ) ਫਿਰ ਭੀ
ਕਰਤਾਰ ਦੀ (ਮੇਹਰ ਦੀ) ਆਸ ਰੱਖਣੀ ਚਾਹੀਦੀ ਹੈ।
ਪ੍ਰਤੀਤ ਹੁੰਦਾ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਹੁਰਾਂ ਵੀ ਲਿਖਤੀ ਵਿਸਥਾਰ
ਤੋਂ ਸੰਕੋਚ ਕਰਦਿਆਂ ਵੀਚਾਰ ਅਧੀਨ ਸਲੋਕ “ਸੰਗ ਸਖਾ ਸਭ ਤਜਿ ਗਏ……” ਦੇ ਅਰਥ ਕਰਦਿਆਂ ਕੇਵਲ ਇੱਕ
ਪੱਖ ਨੂੰ ਹੀ ਪ੍ਰਗਟ ਕੀਤਾ ਹੈ, ਜਿਹੜਾ ਪੁਰਾਣਿਕ ਵਿਚਾਰਧਾਰਾ ਮੁਤਾਬਿਕ ਮੌਤ ਉਪਰੰਤ ਜੀਵ-ਆਤਮਾ ਦੇ
ਇਕੱਲੇਪਨ ਦੀ ਬਿਪਤਾ ਨਾਲ ਸਬੰਧਤ ਹੈ। ਪਰ, ਬਿਪਤਾ ਵੇਲੇ ਸੁਆਰਥੀਆਂ ਵਲੋਂ ਸਾਥ ਛੱਡਣ ਤੇ ਮਨੁੱਖ ਦੇ
ਇਕੱਲੇ ਰਹਿ ਜਾਣ ਦੀ ਮੁਸੀਬਤ ਦਾ ਸੱਚ ਤਾਂ ਹਰੇਕ ਮਨੁੱਖ ਜੀਊਂਦਿਆਂ ਆਪਣੀ ਜ਼ਿੰਦਗੀ ਵਿੱਚ ਵੀ ਵੇਖ
ਸਕਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਜਿਹਾ ਮਾਨਵੀ ਵਿਉਹਾਰ ਗੁਰਬਾਣੀ ਵਿੱਚ ਇਉਂ
ਪ੍ਰਗਟ ਕੀਤਾ ਹੈ:
ਸੁਖ ਮੈ ਆਨਿ ਬਹੁਤੁ ਮਿਲਿ ਬੈਠਤ; ਰਹਤ ਚਹੂ ਦਿਸਿ ਘੇਰੈ।।
ਬਿਪਤਿ ਪਰੀ, ਸਭ ਹੀ ਸੰਗੁ ਛਾਡਿਤ; ਕੋਊ ਨ ਆਵਤ ਨੇਰੈ।। {ਗੁ. ਗ੍ਰੰ. ਅੰ.
੬੩੪}
ਭਾਈਚਾਰਕ ਸੁਆਰਥੀ ਵਰਤਾਰੇ ਅਤੇ ਪੁਰਾਣਿਕ-ਮਤੀ ਵਿਚਾਰਧਾਰਾ `ਤੇ ਅਧਾਰਿਤ,
ਭਾਰਤੀ ਭਾਈਚਾਰਾ ਬਿਪਤ-ਕਾਲ ਦੇ ਇਕੱਲੇਪਨ ਦੀ ਮੁਸੀਬਤ ਨੂੰ ਆਮ ਤੌਰ `ਤੇ ਜੀਵਨ ਵਿਉਹਾਰ ਦੀਆਂ
ਸਮਾਜਿਕ ਤੇ ਪਰਾਲੌਕਿਕ ਸਮਸਿਆਵਾਂ ਨਾਲ ਜੋੜ ਕੇ ਵੇਖਦਾ ਰਿਹਾ ਹੈ। ਪਰ, ਗੁਰੂ ਸਾਹਿਬਾਨ ਦੀ
ਦ੍ਰਿਸ਼ਟੀ ਵਿੱਚ ਸਭ ਤੋਂ ਵੱਡਾ ਇਕੱਲੇਪਨ ਦੀ ਮੁਸੀਬਤ ਮਾਨਸਿਕ ਤਲ (ਮਨ ਵਿੱਚ) ਤੇ ਤਦੋਂ ਵਾਪਰਦੀ
ਹੈ, ਜਦੋਂ ਕਾਮ, ਕ੍ਰੋਧ ਤੇ ਲੋਭ, ਮੋਹ ਆਦਿਕ ਵਿਕਾਰਾਂ ਦਾ ਹਮਲਾ ਹੁੰਦਾ ਹੈ। ਸਰੀਰਕ ਅਤੇ ਸਮਾਜਿਕ
ਬਿਪਤਾ ਵੇਲੇ ਤਾਂ ਕੋਈ ਸਖਾ ਸਬੰਧੀ ਸ਼ਰਮੋ-ਕੁਸ਼ਰਮੀ ਸਹਾਇਕ ਹੋ ਵੀ ਸਕਦਾ ਹੈ। ਪ੍ਰੰਤੂ, ਵਿਕਾਰੀ
ਹਮਲਾ ਹੋਣ ਵੇਲੇ ਮਾਂ ਬਾਪ, ਭੈਣ ਭਰਾ ਤੇ ਮਿਤਰ ਆਦਿਕ ਕਿਸੇ ਵੀ ਵਿਅਕਤੀ ਦਾ ਮਨ ਤਕ ਪਹੁੰਚ ਕੇ
ਸਹਾਇਕ ਹੋ ਸਕਣਾ ਬਿਲਕੁਲ ਅਸੰਭਵ ਹੈ। ਉਥੇ ਤਾਂ ਮਨੁਖੀ ਸਿਆਣਪ ਤੇ ਧਨ-ਪਦਾਰਥ ਵੀ ਕੰਮ ਨਹੀਂ
ਅੳਂਦੇ। ਐਸੇ ਵੇਲੇ ਤਾਂ ਕੇਵਲ ਗੁਰਬਾਣੀ ਦੀ ਵਿਚਾਰ ਰੂਪ ਸੰਗਤ ਕਰਕੇ ਪ੍ਰਾਪਤ ਹੋਈ ਗੁਰਮਤਿ ਸੋਝੀ
ਹੀ ਮਨੁੱਖ ਦਾ ਸਹਾਰਾ ਬਣ ਸਕਦੀ ਹੈ, ਜਿਸ ਦੀ ਬਦੌਲਤ ਮਨੁਖ ਅਡੋਲ ਰਹਿ ਸਕਦਾ ਹੈ। ਗੁਰੂ ਨਾਨਕ
ਦ੍ਰਿਸ਼ਟੀ ਵਿੱਚ ਇਹੀ ਹੈ ਜੋਤਿ-ਸਰੂਪ ਅਕਾਲਪੁਰਖ ਦੀ ਅਸਲੀ ਟੇਕ। ਗੁਰਵਾਕ ਹੈ:
ਉਨ ਤੇ ਰਾਖੈ ਬਾਪੁ ਨ ਮਾਈ।। ਉਨ ਤੇ ਰਾਖੈ ਮੀਤੁ ਨ ਭਾਈ।।
ਦਰਬਿ ਸਿਆਣਪ ਨਾ ਓਇ ਰਹਤੇ।। ਸਾਧਸੰਗਿ ਓਇ ਦੁਸਟ ਵਸਿ ਹੋਤੇ।। {ਗੁ. ਗ੍ਰੰ.
ਅੰ. ੧੮੨}
ਅਰਥ: ਉਹਨਾਂ (ਪੰਜਾਂ ਡਾਕੂਆਂ ਤੋਂ) ਨਾਹ ਪਿਉ ਬਚਾ ਸਕਦਾ ਹੈ, ਨਾਹ ਮਾਂ
ਬਚਾ ਸਕਦੀ ਹੈ। ਉਹਨਾਂ ਤੋਂ ਨਾਂਹ ਕੋਈ ਮਿੱਤਰ ਬਚਾ ਸਕਦਾ ਹੈ, ਨਾਂਹ ਕੋਈ ਭਰਾ ਬਚਾ ਸਕਦਾ ਹੈ। ਉਹ
ਪੰਜੇ ਡਾਕੂ ਨਾਹ ਧਨ ਨਾਲ ਵਰਜੇ ਜਾ ਸਕਦੇ ਹਨ, ਨਾਹ ਚਤੁਰਾਈ ਨਾਲ ਵਰਜੇ ਜਾ ਸਕਦੇ ਹਨ। ਉਹ ਪੰਜੇ
ਦੁਸ਼ਟ ਸਿਰਫ਼ ਸਾਧ ਸੰਗਤਿ ਵਿੱਚ ਰਿਹਾਂ ਹੀ ਕਾਬੂ ਵਿੱਚ ਆਉਂਦੇ ਹਨ। ੩।
ਇਸ ਲਈ “ਸੰਗ ਸਖਾ ਸਭ ਤਜਿ ਗਏ……” ਸਲੋਕ ਦੇ ਭਾਵ-ਅਰਥਾਂ ਨੂੰ ਹੇਠ ਲਿਖੇ
ਅਨੁਸਾਰ ਪੇਸ਼ ਕਰਨਾ ਗੁਰਮਤਿ ਦ੍ਰਿਸ਼ਟੀਕੋਨ ਤੋਂ ਵਧੇਰੇ ਸਹੀ ਤੇ ਸਾਰਥਿਕ ਜਾਪਦਾ ਹੈ:
ਹੇ ਨਾਨਕ! ਆਖ (ਭਾਵ, ਗੁਰੂ ਤੇਗ ਬਹਾਦਰ ਸਾਹਿਬ ਉਪਦੇਸ਼ ਕਰਦੇ ਹਨ ਕਿ ਮਨੁਖੀ
ਜੀਵਨ ਦੀਆਂ ਪਰਵਾਰਿਕ, ਸਮਾਜਿਕ ਤੇ ਰਾਜਨੀਤਕ ਸਮਸਿਆਵਾਂ ਅਤੇ ਮਾਨਸਿਕ ਤਲ `ਤੇ ਵਿਕਾਰਾਂ ਨਾਲ ਹੋ
ਰਹੇ ਸਘੰਰਸ਼ ਵਿੱਚ, ਜਦੋਂ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਵੀ ਸਾਥ ਨਹੀਂ ਨਿਬਾਹ
ਸਕਦਾ, ਉਸ (ਇਕੱਲੇ-ਪਨ ਦੀ) ਮੁਸੀਬਤ ਵੇਲੇ ਸਿਰਫ਼ ਜੋਤਿ-ਸਰੂਪ ਮਾਲਕ ਪ੍ਰਭੂ ਦਾ ਹੀ ਸਹਾਰਾ ਹੁੰਦਾ
ਹੈ।
ਭਾਵ, ਅਜਿਹੇ ਬਿਪਤ-ਕਾਲ ਵਿੱਚ ਕੇਵਲ ਇੱਕ ਅਕਾਲਪੁਰਖ ਹੀ ਸਹਾਇਕ ਹੋ ਸਕਦਾ
ਹੈ; ਕਿਉਂਕਿ, ਉਹ ਜੋਤਿ ਸਰੂਪ ਹੋ ਕੇ ਸਾਡੇ ਸਾਰਿਆਂ ਅੰਦਰ ਵਸ ਰਿਹਾ ਹੈ। ਇਸ ਲਈ ਸਾਰੇ ਵਿਅਕਤੀਗਤ
ਸਹਾਰੇ ਛੱਡ ਕੇ ਸਾਨੂੰ ਗੁਰਬਾਣੀ ਗੁਰਸ਼ਬਦ ਦੁਆਰਾ ਕੇਵਲ ਉਸ ਨੂੰ ਹੀ ਸਿਮਰਨਾ ਚਾਹੀਦਾ ਹੈ।
ਸਤਿਗੁਰਾਂ ਜੀ ਤਾਂ ਹਰ ਵੇਲੇ ਤੇ ਹਰ ਥਾਂ ਇਹੀ ਹੋਕਾ ਦਿੰਦੇ ਰਹੇ ਹਨ:
ਇਕੋ ਭਾਈ, ਮਿਤੁ ਇਕੁ; ਇਕੋ ਮਾਤ ਪਿਤਾ।।
ਇਕਸ ਕੀ ਮਨਿ ਟੇਕ ਹੈ; ਜਿਨਿ ਜੀਉ ਪਿੰਡੁ ਦਿਤਾ।।
ਸੋ ਪ੍ਰਭੁ ਮਨਹੁ ਨ ਵਿਸਰੈ; ਜਿਨਿ, ਸਭੁ ਕਿਛੁ ਵਸਿ ਕੀਤਾ।। {ਗੁ. ਗ੍ਰੰ.
ਅੰ. ੪੫}
ਜਗਤਾਰ ਸਿੰਘ ਜਾਚਕ