. |
|
ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਦਾ ਇਤਿਹਾਸ
ਸਰਵਜੀਤ ਸਿੰਘ
ਸ਼ਹੀਦ ਕਿਸੇ ਵੀ ਕੌਮ ਦਾ ਅਮੁੱਲਾ
ਸਰਮਾਇਆ ਹੁੰਦੇ ਹਨ। ਸਿੱਖ ਇਤਿਹਾਸ ਤਾਂ ਹੈ ਹੀ ਸ਼ਹੀਦਾਂ ਦਾ ਮਾਣ ਮੱਤਾ ਇਤਿਹਾਸ। ਗੁਰੂ ਜੀ ਨੇ
ਬਾਣੀ `ਚ ਸੀਸ ਤਲੀ ਤੇ ਧਰਨ ਦਾ ਸਿਰਫ ਉਪਦੇਸ਼ ਹੀ ਨਹੀ ਦਿੱਤਾ ਸਗੋਂ ਉਸ ਤੇ ਖ਼ੁਦ ਅਮਲ ਕਰਕੇ ਇਹ ਸਬਕ
ਦ੍ਰਿੜ ਵੀ ਕਰਵਾਇਆਂ ਹੈ। ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹੀਦੀ ਤੋਂ ਆਰੰਭ ਹੋ ਕਿ ਗੁਰੂ
ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਧਰਮ ਦੀ ਰੱਖਿਆ ਕਰਦਿਆਂ ਸਿੱਖਾਂ ਵੱਲੋਂ ਦਿੱਤੀਆਂ ਗਈਆਂ
ਸ਼ਹੀਦੀਆਂ, ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਨੇਕਾਂ
ਸਿੰਘਾਂ ਸਮੇਤ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਇਹ ਸਿਲਸਿਲਾ ਬਾਬਾ ਬੰਦਾ ਬਹਾਦਰ, ਛੋਟੇ ਅਤੇ ਵੱਡੇ
ਘਲੂਘਾਰੇ ਰਾਹੀਂ ਹੁੰਦਾ ਹੋਇਆ ਅੱਜ ਦੇ ਆਧੁਨਿਕ ਸਮੇਂ ਤਾਈਂ ਨਿਰੰਤਰ ਜਾਰੀ ਹੈ। ਅੱਜ ਅਸੀਂ ਇਸੇ
ਲੜੀ ਦੇ ਅਣਮੋਲ ਹੀਰੇ, ਨਿੱਕੀਆਂ ਉਮਰਾਂ `ਚ ਵੱਡੇ ਸਾਕੇ ਕਰਨ ਵਾਲੇ ਸਾਹਿਬਜ਼ਾਦਿਆਂ ਦੀ ਲਾਸਾਨੀ
ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ। ਜਿਥੇ ਸਾਹਿਬਜ਼ਾਦਿਆਂ ਵੱਲੋਂ ਨਿੱਕੀਆਂ ਉਮਰਾਂ `ਚ ਕੀਤੇ
ਗਏ ਵੱਡੇ ਸਾਕੇ ਸਾਡੇ ਪ੍ਰੇਰਨਾ ਸਰੋਤ ਹਨ ਉਥੇ ਸਾਡਾ ਵੀ ਫਰਜ਼ ਬਣਦਾ ਹੈ ਕਿ ਹੱਕ, ਸੱਚ ਧਰਮ ਦੀ
ਰਾਖੀ ਕਰਿਆ ਅਤੇ ਜੁਲਮ ਦੇ ਖਾਤਮੇ ਲਈ ਤਤਪਰ ਰਹੀਏ। ਚਾਹੀਦਾ ਤਾਂ ਇਹ ਸੀ ਕਿ ਅਸੀਂ ਆਪਣੇ ਪ੍ਰੇਰਣਾ
ਸਰੋਤਾਂ ਦੀ ਉਸੇ ਰੂਪ `ਚ ਸਾਂਭ-ਸੰਭਾਲ ਕਰਦੇ ਪਰ ਕਾਰ ਸੇਵਾ ਵਾਲੇ ਬਾਬਿਆਂ ਨੇ ਜਿਥੇ ਇਤਿਹਾਸਕ
ਯਾਦਗਾਰਾਂ ਨੂੰ ਸੰਗਮਰਮਰ ਦੇ ਥੱਲੇ ਦੱਬ ਦਿੱਤਾ ਹੈ ਉਥੇ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ
ਵੀ ਇਤਿਹਾਸਕ ਤਾਰੀਖਾਂ ਨੂੰ ਵਿਗਾੜਨ `ਚ ਆਪਣਾ ਯੋਗਦਾਨ ਪਾ ਰਹੀ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਸੰਘਰਸ਼ ਮਈ ਜੀਵਨ `ਚ ਇਕ ਸਮਾ ਅਜੇਹਾ ਵੀ ਆਇਆ ਜਦੋਂ ਗੁਰੂ ਸਾਹਿਬ ਜੀ
ਨੂੰ ਅਨੰਦਪੁਰ ਦਾ ਕਿਲਾ ਖਾਲੀ ਕਰਨਾ ਪਿਆ। ਇਸ ਦਾ ਮੁੱਖ ਕਾਰਨ ਸੀ ਪਹਾੜੀ ਰਾਜਿਆਂ ਦੀ ਬੇਈਮਾਨੀ।
ਪਹਾੜੀ ਰਾਜੇ ਇਕ ਪਾਸੇ ਤਾਂ ਗੁਰੂ ਜੀ ਨਾਲ ਸੁਲਾ-ਸਫਾਈ ਦੀਆਂ ਗੱਲਾਂ ਕਰਦੇ ਸਨ, ਦੂਜੇ ਪਾਸੇ ਉਹ
ਗੁਰੂ ਜੀ ਦੀ ਵੱਧਦੀ ਸ਼ਕਤੀ ਤੋਂ ਭੈ-ਭੀਤ ਸਨ। ਮੈਦਾਨੇ ਜੰਗ `ਚ ਗੁਰੂ ਜੀ ਦਾ ਸਾਹਮਣਾ ਕਰਨਾ ਉਨ੍ਹਾਂ
ਦੇ ਵੱਸ `ਚ ਨਹੀਂ ਸੀ ਇਸ ਲਈ ਪਹਾੜੀ ਰਾਜਿਆਂ ਨੇ ਸਰਹਿੰਦ ਦੇ ਨਵਾਬ ਨਾਲ ਇਹ ਸੋਚ ਕੇ ਸੰਪਰਕ ਕੀਤਾ
ਸ਼ਾਹੀ ਫੌਜ ਨੂੰ ਅੱਗੇ ਕੀਤਾ ਜਾਵੇ। ਬੇਈਮਾਨ ਰਾਜਿਆਂ ਨੇ ਰਾਜਨੀਤਕ ਚਾਲ ਚਲਦਿਆਂ ਇਕ ਪੱਤਰ ਲਿਖ ਕੇ
ਨਵਾਬ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਮੁਗਲ ਸਰਕਾਰ, ਤੁਹਾਡੇ ਅਤੇ ਸਾਡੇ ਲਈ ਬਹੁਤ ਵੱਡਾ ਖ਼ਤਰਾ ਬਣਾ
ਰਹੇ ਹਨ। ਜਿਸ ਦਾ ਮੁਕਾਬਲਾ ਸਾਨੂੰ ਇਕੱਠੇ ਹੋ ਕੇ ਕਰਨਾ ਚਾਹੀਦਾ ਹੈ। ਪਹਾੜੀ ਰਾਜਿਆਂ ਨੇ ਮੁਗਲਾਂ
ਨਾਲ ਗੱਠਜੋੜ ਕਰਕੇ ਸਿੱਖ ਫੌਜਾਂ ਤੇ ਹਮਲਾ ਕਰ ਦਿੱਤਾ। ਜਦੋਂ ਸਿੰਘਾਂ ਨੇ ਲੋਹੇ ਦੇ ਚਣੇ ਚਬਾਏ ਤਾਂ
ਉਨ੍ਹਾਂ ਨੇ ਇਕ ਹੋਰ ਚਾਲ ਚਲੀ। ਜਿਥੇ ਝੂਠੀਆਂ ਸਹੁੰਆਂ ਨਾਲ ਬੇਨਤੀਆਂ ਕਰ ਦਿਆ ਇਕ ਪੱਤਰ ਪਹਾੜੀ
ਰਾਜਿਆਂ ਨੇ ਲਿਖਿਆ ਉਥੇ ਹੀ ਇਕ ਪੱਤਰ ਮੁਗਲ ਬਾਦਸ਼ਾਹ ਵੱਲੋਂ ਵੀ ਗੁਰੂ ਜੀ ਨੂੰ ਭੇਜਿਆ ਗਿਆ।
ਲੱਗ-ਭਗ ਤਿੰਨ ਸਾਲ ਦੇ ਜ਼ੰਗੀ ਹਾਲਤ, ਅਨੰਦਪੁਰ ਨੂੰ ਪਏ ਘੇਰੇ, ਪਹਾੜੀ ਰਾਜਿਆਂ ਅਤੇ ਸ਼ਾਹੀ ਫੌਜਾਂ
ਵੱਲੋਂ ਦਿਵਾਏ ਭਰੋਸੇ ਅਤੇ ਕਿਲੇ ਦੇ ਅੰਦਰੂਨੀ ਹਾਲਾਤ ਨੂੰ ਮੁਖ ਰੱਖ ਕੇ ਗੁਰੂ ਜੀ ਨੇ 6 ਪੋਹ ਸੰਮਤ
1761/5 ਦਸੰਬਰ 1704 (ਯੂਲੀਅਨ) ਦੀ ਰਾਤ ਨੂੰ ਕਿਲਾ ਖਾਲੀ ਕਰ ਦਿੱਤਾ। ਵੈਰੀ ਦੀਆਂ ਫੌਜਾਂ ਨੇ
ਖਾਧੀਆਂ ਕਸਮਾਂ ਨੂੰ ਭੁਲ ਕੇ, ਧੋਖੇ ਨਾਲ ਹਮਲਾ ਕਰ ਦਿੱਤਾ। ਸਿੰਘ ਬੜੀ ਬਹਾਦਰੀ ਨਾਲ ਮੁਕਾਬਲਾ
ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਇਸੇ ਦੌਰਾਨ ਗੁਰੂ ਜੀ ਸਰਸਾਂ ਨਦੀ ਨੂੰ ਪਾਰ ਕਰ, ਦੋ ਵੱਡੇ
ਸਾਹਿਬਜ਼ਾਦੇ ਅਤੇ 40 ਸਿੰਘਾਂ ਸਮੇਤ ਚਮਕੌਰ ਪੁੱਜ ਗਏ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ, ਜੋ
ਗੁਰੂ ਜੀ ਤੋਂ ਵਿਛੜ ਗਏ ਸਨ, ਗੰਗੂ ਨਾਮ ਦੇ ਇਕ ਸੇਵਾਦਾਰ ਨਾਲ ਉਸ ਦੇ ਪਿੰਡ ਖੇੜੀ ਪੁੱਜ ਗਏ।
ਗੁਰੂ ਜੀ ਨੇ ਚਮਕੌਰ ਦੇ ਚੌਧਰੀ ਦੀ ਇੱਕ ਕੱਚੀ ਗੜੀ ਵਿੱਚ ਮੋਰਚੇ ਸੰਭਾਲ ਲਏ। ਮੁਗਲਾਂ ਨੇ ਰਾਤ ਦੇ
ਸਮੇ ਹਜ਼ਾਰਾਂ ਦੀ ਗਿਣਤੀ `ਚ ਫੌਜ ਨਾਲ ਗੜੀ ਨੂੰ ਘੇਰਾ ਪਾ ਲਿਆ। ਅੱਗਲੇ ਗੁਰੂ ਸਾਹਿਬ ਜੀ, ਦੋ ਵੱਡੇ
ਸਾਹਿਬਜ਼ਾਦੇ ਤੇ 40 ਸਿੰਘਾਂ ਨੇ ਮੁਗਲ ਫੌਜ ਦਾ ਡਟ ਕੇ ਟਾਕਰਾ ਕੀਤਾ। ਪੰਜ-ਪੰਜ ਸਿੰਘਾਂ ਦਾ ਜਥਾ
ਮੈਦਾਨ `ਚ ਜਾਂਦਾ ਅਤੇ ਵੈਰੀ ਦੇ ਸੱਥਰ ਵਿਛਾਉਂਦਾ ਹੋਇਆ ਸ਼ਹੀਦ ਹੋ ਜਾਂਦਾ। ਸਾਹਿਬਜ਼ਾਦਾ ਅਜੀਤ ਸਿੰਘ
ਵੀ ਗੁਰੂ ਜੀ ਤੋਂ ਆਗਿਆ ਲੈ ਕੇ ਮੈਦਾਨ `ਚ ਜਾ ਗੱਜਿਆ। ਤੀਰਾਂ ਤੋਂ ਬਾਅਦ ਆਪ ਨੇ ਤਲਵਾਰ ਦੇ ਇਹੋ
ਜਿਹੇ ਜੌਹਰ ਦਿਖਾਏ ਕਿ ਵਿਰੋਧੀ ਫੌਜਾਂ `ਚ ਹਾਹਾ-ਕਾਰ ਮੱਚ ਗਈ। ਜਦੋਂ ਆਪ ਦਾ ਘੋੜਾ ਜ਼ਖ਼ਮੀ ਹੋ ਗਿਆ
ਤਾਂ ਆਪ ਪੈਦਲ ਹੀ ਵੈਰੀਆਂ ਦੇ ਆਹੂ ਲਾਹੁਣ ਲੱਗੇ। ਕਈਆਂ ਨੂੰ ਪਾਰ ਬੁਲਾ ਕੇ ਸਾਹਿਬਜ਼ਾਦਾ ਅਜੀਤ
ਸਿੰਘ ਜੀ ਸ਼ਹੀਦ ਹੋ ਗਏ। ਹੁਣ ਵਾਰੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਸੀ। ਜਿਉਂ ਹੀ ਸਾਹਿਬਜ਼ਾਦਾ
ਆਪਣੇ ਜਥੇ ਸਮੇਤ ਮੈਦਾਨੇ ਜੰਗ ਵਿੱਚ ਆਇਆ ਮੁਗਲ ਫੌਜ ਤੇ ਟੁੱਟ ਕੇ ਪੈ ਗਏ। ਗੁਰੂ ਜੀ ਨੇ ਵੀ ਗੜੀ
ਵਿੱਚੋਂ ਹੀ ਤੀਰਾਂ ਦੀ ਬਾਰਸ਼ ਆਰੰਭ ਕਰ ਦਿੱਤੀ। ਬਾਬਾ ਜੁਝਾਰ ਸਿੰਘ ਜੀ ਵੈਰੀਆਂ ਦੇ ਆਹੂ ਲਾਉਂਦੇ
ਹੋਏ ਅੱਗੇ ਵੱਧਦੇ ਵੱਧਦੇ 8 ਪੋਹ ਬਿ: ਸੰਮਤ 1761/7 ਦਸੰਬਰ 1704 (ਯੂਲੀਅਨ) ਦਿਨ ਵੀਰਵਾਰ ਨੂੰ
ਸ਼ਹੀਦੀ ਪ੍ਰਾਪਤ ਕਰ ਗਏ।
ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ, ਮਾਤਾ ਗੁਜ਼ਰੀ ਜੀ, ਗੰਗੂ ਬ੍ਰਾਹਮਣ
ਦੇ ਘਰ, ਉਸ ਦੇ ਪਿੰਡ ਖੇੜੀ ਪੁਜ ਗਏ ਸਨ। ਲੂਣ ਹਰਾਮੀ ਗੰਗੂ ਨੇ ਲਾਲਚ ਵੱਸ ਮੋਰਿੰਡੇ ਦੇ ਥਾਣੇ ਜਾ
ਖ਼ਬਰ ਕੀਤੀ ਕਿ ਹਕੂਮਤ ਦੇ ਬਾਗ਼ੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਬੱਚੇ ਅਤੇ ਬਿਰਧ ਮਾਤਾ ਮੇਰੇ ਕਬਜ਼ੇ
`ਚ ਹਨ, ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਅਤੇ ਮੁਗਲ ਹਕੂਮਤ ਵੱਲੋਂ, ਹਕੂਮਤ ਦੀ ਸਹਾਇਤਾ ਕਰਨ
ਬਦਲੇ ਰੱਖਿਆ ਗਿਆ ਇਨਾਮ ਮੈਨੂੰ ਦਿੱਤਾ ਜਾਵੇ। ਥਾਣੇਦਾਰ ਨੇ ਗੰਗੂ ਦੇ ਘਰੋਂ ਮਾਤਾ ਜੀ ਅਤੇ ਦੋਵੇਂ
ਮਾਸੂਮਾਂ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਸਪੁਰਦ ਕਰ ਦਿੱਤਾ। ਨਵਾਬ ਦੇ
ਹੁਕਮ ਨਾਲ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਬੰਦ ਕਰ ਦਿੱਤੇ ਗਏ। ਪੋਹ ਦੀ ਹੱਢ
ਚੀਰਵੀਂ ਸਰਦੀ `ਚ ਵੀ ਸਾਹਿਬਜ਼ਾਦੇ ਘਬਰਾਏ ਨਹੀਂ। ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼
ਕੀਤਾ ਗਿਆ। ਬਾਬਾ ਜ਼ੋਰਾਵਰ ਤੇ ਬਾਬਾ ਫਤਹਿ ਸਿੰਘ ਜੀ ਦੇ ਚਿਹਰਿਆਂ ਤੇ ਕੋਈ ਉਦਾਸੀ ਜਾਂ ਡਰ ਨਹੀਂ
ਸੀ। ਵਜ਼ੀਰ ਖਾਂ ਨੇ ਕਿਹਾ ਕਿ 'ਤੁਹਾਡੇ ਪਿਤਾ, ਭਰਾ ਤੇ ਹੋਰ ਸਿੰਘ ਸ਼ਹੀਦ ਹੋ ਚੁੱਕੇ ਹਨ। ਤੁਸੀਂ
ਇਕੱਲੇ ਹੋ, ਤੁਸੀਂ ਮੁਸਲਮਾਨ ਬਣ ਜਾਵੋ। ਉਨ੍ਹਾਂ ਨੂੰ ਕਈ ਤਰ੍ਹਾਂ ਦੇ ਲਾਲਚ ਅਤੇ ਡਰਾਵੇ ਦਿੱਤੇ ਗਏ
ਪਰ ਸਾਹਿਬਜ਼ਾਦਿਆਂ ਤੇ ਕੋਈ ਅਸਰ ਨ ਹੋਇਆ। ਦੂਸਰੇ ਦਿਨ ਵੀ ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਧਾਰਨ
ਕਰਨ ਲਈ ਡਰਾਵੇ ਅਤੇ ਲਾਲਚ ਦਿੱਤੇ ਗਏ । ਪਰ ਗੁਰੂ ਤੇਗ ਬਹਾਦਰ ਜੀ ਦੇ ਪੋਤਰਿਆਂ ਤੇ ਕੋਈ ਅਸਰ ਨਾ
ਹੋਇਆਂ।
ਤੀਜੇ ਦਿਨ ਸਾਹਿਬਜ਼ਾਦਿਆਂ ਨੂੰ ਫੇਰ ਕਚਹਿਰੀ `ਚ ਪੇਸ਼ ਕੀਤਾ ਗਿਆ। ਸਾਹਿਬਜ਼ਾਦਿਆਂ ਨੂੰ ਚੜ੍ਹਦੀ ਕਲਾ
`ਚ ਵੇਖ ਅਤੇ ਉਨ੍ਹਾਂ ਦੇ ਜੁਆਬ ਸੁਣ ਕੇ ਸੂਬਾ ਆਪੇ ਤੋਂ ਬਾਹਰ ਹੋ ਗਿਆ। ਵਜ਼ੀਰ ਖਾ ਨੇ ਕਾਜ਼ੀ ਵੱਲ
ਨੂੰ ਵੇਖਿਆ ਤਾਂ ਕਾਜ਼ੀ ਨੇ ਫ਼ਤਵਾ ਸੁਣਾਇਆ ਕਿ ਇਨ੍ਹਾਂ ਨੂੰ ਦੀਵਾਰ `ਚ ਜਿੰਦਾ ਚਿਣ ਦਿੱਤਾ ਜਾਵੇ।
ਕਚਹਿਰੀ `ਚ ਹਾਜ਼ਰ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੇ ਸਜਾ ਦਾ ਵਿਰੋਧ ਕੀਤਾ ਕਿ ਇਨ੍ਹਾਂ ਮਾਸੂਮ
ਬੱਚਿਆਂ ਦਾ ਕੋਈ ਕਸੂਰ ਨਹੀਂ ਹੈ। ਇਨ੍ਹਾਂ ਦੇ ਪਿਤਾ ਦੇ ਕਸੂਰ ਦੀ ਸਜਾ ਇਨ੍ਹਾਂ ਨੂੰ ਨਹੀ ਦਿੱਤੀ
ਜਾ ਸਕਦੀ। ਇਸਲਾਮ ਦੀ ਸ਼ਰ੍ਹਾ ਮੁਤਾਬਕ ਸਜਾ ਸਿਰਫ ਕਸੂਰ ਵਾਰ ਨੂੰ ਹੀ ਮਿਲਣੀ ਚਾਹੀਦੀ ਹੈ। ਤਾਂ
ਕਾਜ਼ੀ ਬੋਲਿਆ, “ਸ਼ੇਰ ਮੁਹੰਮਦ! ਸ਼ਰ੍ਹਾ ਨੂੰ ਮੈਂ ਤੇਰੇ ਤੋਂ ਵੱਧ ਜਾਣਦਾ ਹਾਂ”। ਸੁੱਚਾ ਨੰਦ ਵੱਲੋਂ
ਬਲਦੀ ਤੇ ਤੇਲ ਪਾਉਣ ਕਾਰਨ ਵਜ਼ੀਰ ਖਾ ਗੁੱਸੇ `ਚ ਆ ਗਿਆ ਅਤੇ ਸਾਹਿਬਜ਼ਾਦਿਆਂ ਨੂੰ ਦੀਵਾਰ `ਚ ਚਿਣ ਕੇ
ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ। ਦੋ ਪਠਾਣ ਜਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਦੀਵਾਰ `ਚ ਚਿਣ
ਦਿੱਤਾ। ਜਦੋਂ ਦੀਵਾਰ ਫਤਹਿ ਸਿੰਘ ਜੀ ਦੇ ਮੋਢਿਆਂ ਤਾਈ ਪੁੱਜੀ ਤਾ ਕਾਜ਼ੀ ਦੇ ਇਸ਼ਾਰੇ ਤੇ ਇਕ ਜਲਾਦ
ਨੇ ਤਲਵਾਰ ਦੇ ਵਾਰ ਨਾਲ ਸੀਸ ਨੂੰ ਧੜ ਤੋਂ ਅਲੱਗ ਕਰ ਦਿੱਤਾ ਅਤੇ ਦੂਜੇ ਜਲਾਦ ਨੇ ਤਲਵਾਰ ਦੇ ਵਾਰ
ਨਾਲ ਬਾਬਾ ਜ਼ੋਰਾਵਰ ਸਿੰਘ ਜੀ ਦੇ ਸੀਸ ਨੂੰ ਧੜ ਤੋਂ ਅਲੱਗ ਕਰ ਦਿੱਤਾ। ਇਹ ਸ਼ਹੀਦੀ ਸਾਕਾ 13 ਪੋਹ
ਬਿ: ਸੰਮਤ 1761/12 ਦਸੰਬਰ 1704 ਈ: (ਯੂਲੀਅਨ) ਦਿਨ ਮੰਗਲਵਾਰ ਨੂੰ ਵਾਪਰਿਆ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਅਦੁੱਤੀ ਸ਼ਹੀਦੀਆਂ ਨੇ ਇਹ ਸਾਬਤ ਕਰ ਦਿੱਤਾ
ਹੈ ਕਿ ਧਰਮ ਦੀ ਰੱਖਿਆ ਕਰਨ ਨਾਲ ਉਮਰਾਂ ਦਾ ਕੋਈ ਸਬੰਧ ਨਹੀਂ ਹੁੰਦਾ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ
ਸਿੰਘ ਜੀ ਦੇ ਸਾਹਿਬਜ਼ਾਦੇ, ਜਿਨ੍ਹਾਂ ਨੂੰ ਮੁਗਲ ਹਕੂਮਤ ਦੇ ਡਰਾਵੇ ਅਤੇ ਲਾਲਚ ਵੀ ਆਪਣੇ ਧਰਮ ਤੋਂ
ਨਹੀ ਡੌਲ੍ਹਾ ਸਕੇ, ਇਹ ਸ਼ਹੀਦੀਆਂ ਅੱਜ ਵੀ ਸਾਨੂੰ ਸੁਨੇਹਾ ਦਿੰਦੀਆਂ ਹਨ ਕਿ ਧਰਮ ਦਾ ਸੌਦਾ ਨਹੀ
ਕਰਨਾ। ਪਰ ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਸਾਡੇ ਮੁੱਖੀਆਂ ਵੱਲੋਂ, ਸਾਹਿਬਜ਼ਾਦਿਆਂ
ਵੱਲੋਂ ਪਾਏ ਪੂਰਨਿਆਂ ਤੇ ਚਲਣਾ ਤਾ ਇਕ ਪਾਸੇ, ਚੰਦ ਵੋਟਾਂ ਦੀ ਖਾਤਰ, ਸਿੱਖਾਂ ਦੇ ਦਿਲਾਂ ਤੇ
ਉਕਰੀਆਂ ਹੋਈਆਂ ਇਤਿਹਾਸਕ ਤਾਰੀਖਾਂ 8 ਪੋਹ ਅਤੇ 13 ਪੋਹ ਨੂੰ ਵੀ ਬਦਲ ਦਿੱਤਾ ਗਿਆ ਹੈ। ਸ਼੍ਰੋਮਣੀ
ਕਮੇਟੀ ਵਲੋ ਅਖੌਤੀ ਸੰਤ ਸਮਾਜ ਨੂੰ ਖੁਸ਼ ਕਰਨ ਲਈ ਵਿਗਿਆਨਿਕ ਕੈਲੰਡਰ ‘ਨਾਨਕ ਸ਼ਾਹੀ ਕੈਲੰਡਰ’ ਨੂੰ
ਵਿਗਾੜ ਕੇ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ `ਚ ਇਹ ਇਤਿਹਾਸਿਕ ਦਿਹਾੜੇ, ਵੱਡੇ ਸਾਹਿਬਜ਼ਾਦਿਆਂ
ਦੀ ਸ਼ਹੀਦੀ 8 ਪੋਹ ਤੋਂ ਬਦਲ ਕੇ 6 ਪੋਹ/21 ਦਸੰਬਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 13 ਪੋਹ
ਤੋਂ ਬਦਲ ਕੇ 11 ਪੋਹ/26 ਦਸੰਬਰ ਕਰ ਦਿੱਤੇ ਗਏ ਹਨ। ਕੀ ਇਹ ਸ਼੍ਰੋਮਣੀ ਕਮੇਟੀ ਵੱਲੋਂ ਸਾਡੇ ਇਤਿਹਾਸ
ਨੂੰ ਗੰਧਲਾ ਕਰਨ ਦਾ ਯਤਨ ਤਾਂ ਨਹੀ ਹੈ? ਖਾਲਸਾ ਜੀ ਜਾਗੋ! ਕੀ ਅਸੀਂ ਸਿਰਫ ਭੂਤ ਕਾਲ ਤੇ ਪਛਤਾਵਾ
ਹੀ ਕਰਨਾ ਜਾਣਦੇ ਹਾਂ ਜਾਂ ਵਰਤਮਾਨ ਨੂੰ ਸਾਂਭਣ ਦਾ ਵੀ ਕੋਈ ਯਤਨ ਕਰਾਂਗੇ? ਆਓ, ਅੱਜ ਸਾਹਿਬਜ਼ਾਦਿਆਂ
ਦੀ ਲਾਸਾਨੀ ਸ਼ਹੀਦੀ ਤੋਂ ਪ੍ਰੇਰਣਾ ਲੈਂਦੇ ਹੋਏ ਆਪਣੇ ਮਹਾਨ ਇਤਿਹਾਸ ਨੂੰ ਨਿਰਮਲ ਰੱਖਣ ਦਾ ਯਤਨ
ਕਰੀਏ।
|
. |