ਪੰਛੀਆਂ ਦੀ ਬੋਲੀ
ਪ੍ਰਮਾਤਮਾ ਦੀ ਸਾਜੀ ਹੋਈ ਰੰਗ
ਬਿਰੰਗੀ ਦੁਨੀਆਂ ਵਿੱਚ ਬੇਅੰਤ ਕਿਸਮ ਦੇ ਜੀਵ-ਜੰਤੂ ਹਨ। ਜਿੰਨਾ ਕੋਲ ਜੁਬਾਨ ਤਾਂ ਹੈ ਪਰ ਮਨੁੱਖ ਦੀ
ਤਰ੍ਹਾਂ ਭਾਸ਼ਾ ਨਹੀਂ ਹੈ। ਹਰੇਕ ਪਸ਼ੂ ਪੰਛੀ ਤੇ ਜੀਵ ਇੱਕ ਜਾਂ ਦੋ ਆਵਾਜ਼ਾਂ ਕੱਢਕੇ ਬੋਲਦਾ ਹੈ। ਜਿਸ
ਕਰਕੇ ਉਸਦੀ ਜਾਤੀ ਪਹਿਚਾਨ ਹੁੰਦੀ ਹੈ। ਪਸ਼ੂਆਂ ਪੰਛੀਆਂ ਦੇ ਬੋਲਣ ਦੇ ਢੰਗ ਨੂੰ ਅਸੀਂ ਕਈ ਨਾਮ
ਦਿੱਤੇ ਹਨ। ਸ਼ੇਰ ਦੇ ਬੋਲਣ ਨੂੰ ਅਸੀਂ ਗਰਜ਼ਣਾ ਜਾਂ ਬੁੱਕਣਾ ਆਖਦੇ ਹਾਂ। ਹਾਥੀ ਨੂੰ ਚਿੰਘਾਰਦਾ, ਮੋਰ
ਪਪੀਹੇ ਨੂੰ ਕੂਕਦੇ, ਕੁੱਤੇ ਨੂੰ ਭੋਂਕਦਾ ਆਖਦੇ ਹਾਂ। ਮੱਝਾਂ, ਗਾਵਾਂ ਰਿੰਗਦੀਆਂ, ਬਿੱਲੀ ਮਿਆਊਂ
ਬੋਲਦੀ, ਘੋੜਾ ਤੇ ਖੋਤਾ ਹਿਣਕਦਾ ਕੁੱਕੜ ਬਾਂਗ ਦਿੰਦਾ ਹੈ। ਚਿੜੀ ਚੂਹਕਦੀ ਅਤੇ ਬੱਕਰੀ ਮਿਆਂਕਦੀ
ਹੈ। ਇਹ ਸਭ ਇੰਹਨਾਂ ਦੀ ਬਿਨ ਅੱਖਰੀ ਬੋਲੀ ਦਾ ਨਾਮ ਹੈ।
ਪੰਛੀਆਂ ਕੋਲ ਬੰਦੇ ਦੀ ਤਰ੍ਹਾਂ ਸਬਦ ਭੰਡਾਰ ਨਹੀਂ ਹਨ ਪਰ ਜਦ ਵੀ ਕੋਈ ਪੰਛੀ ਜਾਂ ਹੋਰ ਕੋਈ ਜੀਵ
ਬੋਲਦਾ ਹੈ, ਤਾਂ ਆਪਣੇ ਪਿਆਰੇ ਤੇ ਮਿੱਠੇ ਬੋਲਾਂ ਰਾਹੀਂ ਵਾਤਾਵਰਣ ਅਤੇ ਮਨੁੱਖਾਂ ਤੇ ਬਹੁਤ ਹੀ
ਸੋਹਣਾ ਪ੍ਰਭਾਵ ਪਾਉਦਾ ਹੈ। ਮੋਰ ਤੇ ਕੋਇਲ ਜਦ ਵੀ ਮਿੱਠੀ ਮਿੱਠੀ ਪਿਆਰ ਭਰੀ ਬੋਲੀ ਵਿੱਚ ਕੂਕਦੇ ਹਨ
ਤਾਂ ਮਾਨੋਂ ਵਾਤਾਵਰਣ ਵਿੱਚ ਮਿਸ਼ਰੀ ਘੋਲ ਦਿੱਤੀ ਹੋਵੇ। ਐਸੀ ਮਨੋਹਰ ਧੁਨੀ ਰੱਬੀ ਸੰਗੀਤ ਦੀ ਸਿਖਰਲੀ
ਛੋਹ ਦਾ ਅਹਿਸਾਸ ਕਰਵਾਉਦੀ ਪ੍ਰਤੀਤ ਹੁੰਦੀ ਜਾਪਦੀ ਹੈ।
ਕੁੱਕੜ ਆਪਣੀ ਬਾਂਗ ਰਾਹੀਂ ਅੰਮ੍ਰਿਤ ਵੇਲੇ ਦੇ ਮਾਹੋਲ ਨੂੰ ਇੱਕ ਜਿੰਮੇਵਾਰੀ ਦਾ ਅਹਿਸਾਸ ਕਰਵਾਉਦਾ
ਹੈ। ਇੰਝ ਆਖਦਾ ਪ੍ਰਤੀਤ ਹੁੰਦਾ ਹੈ। ਕਿ ਓ ਰੱਬ ਦੇ ਬੰਦਿਆ! ਉੱਠ! ਆਲਸ ਦਾ ਤਿਆਗ ਕਰ ਰੱਬ ਦਾ ਨਾਮ
ਜਪਦਾ ਹੋਇਆ ਆਪਣੀ ਕਿਰਤ ਵੱਲ ਚਾਲੇ ਪਾ। ਮਾਨੋਂ ਚੌਕੀਦਾਰੇ ਦੀ ਡਿਉਟੀ ਕਰ ਰਿਹਾ ਹੋਵੇ। ਚਿੜੀਆਂ ਤੇ
ਗਟਾਰਾਂ ਜਦ ਮਿਲਕੇ ਇੱਕ ਲੈ ਵਿੱਚ ਆਪਣੀ ਮਿੱਠੀ ਮਿੱਠੀ ਆਵਾਜ਼ ਦਾ ਜਾਦੂਮਈ ਸੁਰ ਛੇੜਦੀਆਂ ਹਨ।
ਮਨੁੱਖ ਦੇ ਅੰਦਰ ਸੁਆਦਲੀ ਜਿਹੀ ਲਹਿਰ ਛੇੜ ਕੇ ਜਿਵੇਂ ਆਖ ਰਹੀਆਂ ਹੋਣ, ਬੰਦਿਆ! ਤੂੰ ਵੀ ਰੱਬ ਦੀ
ਬੰਦਗੀ ਦੇ ਗੀਤ ਗਾਉਂਦਾ ਰੱਬੀ ਵਿਸਮਾਦ ਵਿੱਚ ਰੂਹਾਨੀ ਰੰਗ ਵਿੱਚ ਤਰੋ ਤਾਜਾ ਹੋ ਜਾਹ! ਤੇਰੇ ਕੋਲ
ਬੋਲਣ ਲਈ ਸਬਦ ਹਨ। ਇਹੋ ਹੀ ਜੀਵਨ ਦਾ ਅਸਲੀ ਸੁਆਦ ਹੈ।
ਕੁੱਤੇ ਦੇ ਬੋਲਣ ਨੂੰ ਭਾਵੇਂ ਅਸੀਂ ਭੋਕਣਾ ਹੀ ਆਖਦੇ ਹਾਂ। ਇੱਕ ਮੰਗਤਾ ਕੁੱਤੇ ਨੂੰ ਆਖਦਾ ਹੈ ਕਿ
ਤੂੰ ਮੈਨੂੰ ਕਿਉਂ ਭੋਕਦਾ ਹੈਂ। ਕੁੱਤਾ ਆਖਦਾ ਹੈ। ਮੈਂ ਤੈਨੂੰ ਲਾਣਤ ਪਾਉਦਾ ਹਾਂ। ਕਿ ਬੰਦਾ ਹੋਕੇ
ਮੰਗਕੇ ਖਾਂਦਾ ਹੈਂ। ਸ਼ਰਮ ਨਹੀਂ ਆਉਦੀ। ਮੈਂ ਪਹਿਰੇਦਾਰੀ ਕਰਕੇ ਰੋਟੀ ਖਾਂਦਾ ਹਾਂ। ਮੈਂ ਤੇਰੇ ਵਰਗਾ
ਵਿਹਲੜ ਨਹੀਂ।
ਮੰਗਤਾ ਕਹਿੰਦਾ ਸੁਣ ਉਏ ਕੂਕਰ, ਮੈਨੂੰ ਵੱਡ-ਵੱਡ ਪੈਂਦਾ,
ਤੇਰੀ ਮੇਰੀ ਕੀ ਦੁਸ਼ਮਣੀ, ਰੋਟੀ ਤੂੰ ਵੀ ਮੰਗਕੇ ਲੈਂਦਾ।
ਕੁੱਤਾ ਮੰਗਤੇ ਤਾਈ ਬੋਲਿਆ, ਸੁਣ ਉਏ ਰੱਬ ਦੇ ਬੰਦੇ,
ਰੋਟੀ ਖਾਕੇ ਪਹਿਰਾ ਦੇਣਾ ਇਹ ਹੈ ਸਾਡੇ ਧੰਦੇ।
ਤੇਰੇ ਵਰਗਾ ਵਿਹਲੜ ਨੀ ਭਾਵੇਂ ਜਾਤ ਮੇਰੀ ਹੈ ਕੁੱਤਾ,
ਅੱਧੀ ਰਾਤ ਨੂੰ ਜਾਗਾਂ “ਗ਼ਾਫ਼ਿਲ਼” ਮਾਲਕ ਮੇਰਾ ਸੁੱਤਾ।
ਇੱਕ ਰਮਤਾ ਸਾਧੂ ਕੁੱਤੇ ਨੂੰ ਕਹਿੰਦਾ ਮੈਂ ਤੈਂਨੂੰ ਭੋਂਕਦਾ ਨਹੀ ਆਖਦਾ ਇਹ ਬੋਲੀ ਤਾਂ ਰੱਬ ਦੀ ਦਾਤ
ਹੈ। ਪਰ ਮੈਂ ਰੱਬ ਦੇ ਗੁਣ ਗਾਉਂਦਾ ਹਾਂ। ਜਦ ਗ੍ਰਹਿਸਤੀ ਦੇ ਘਰ ਮੈਂ ਰੋਟੀ ਲੈਣ ਆਉਂਦਾ ਹਾਂ ਤੂੰ
ਮੈਂਨੂੰ ਵੀ ਘੂਰਦਾ ਹੈ। ਨਾਲੇ ਉੱਚੀ ਉੱਚੀ ਸ਼ੋਰ ਮਚਾਉਦਾ ਹੈਂ। ਕੁੱਤਾ ਆਖਦਾ ਹੈਂ ਕਿ ਫ਼ਕੀਰ ਸਾਈਂ
ਦੇ ਮੈਂ ਦਰ ਦਰ ਭਟਕਣ ਨਾਲੋਂ ਇੱਕ ਦਾ ਹੋਕੇ ਬਹਿ ਗਿਆਂ ਹਾਂ। ਮੈਂ ਤਾਂ ਆਪਣੀ ਜਾਤੀ ਦੇ ਹੋਰ ਆਵਾਰਾ
ਕੁੱਤਿਆਂ ਨੂੰ ਵੀ ਬੋਲ ਬੋਲ ਆਖਦਾ ਹਾਂ। ਕਿਉਂ ਲੋਕਾਂ ਦੀ ਨੀਦ ਹਰਾਮ ਕਰਦੇ ਹੋ।
ਸਾਧੂ ਬੋਲਿਆ ਕੂਕਰ ਤਾਈਂ, ਮੈਂ ਗੀਤ ਰੱਬ ਦੇ ਗਾਂਵਾਂ।
ਘੂਰ ਘੂਰ ਕਿਉਂ ਭੋਂਕੇ ਮੈਨੂੰ ਲੈਦਾਂ ਬਦ ਦੁਆਵਾਂ।
ਘਰ ਘਰ ਦੇ ਵਿੱਚ ਝੋਲੀ ਅੱਡੇ, ਤੂੰ ਮੰਗਤੇ ਤੋਂ ਭੈੜਾ।
“ਗ਼ਾਫ਼ਿਲ਼” ਵਾਗੂੰ ਇੱਕ ਦਾ ਹੋਜਾ, ਛੱਡ ਦਰ ਦਰ ਦਾ ਖੈਹੜਾ।
ਗੁਰੁ ਨਾਨਕ ਦੇਵ ਜੀ ਨੇ ਅਵਾਰਾ ਕੁੱਤਿਆਂ ਦੇ ਪਰੇਸ਼ਾਨ ਕਰਨ ਦੇ ਇਸ ਕਰਮ ਤੋਂ ਸਾਨੂੰ ਸਿਖਿਆ ਦਿੱਤੀ
ਹੈ। ਕਿ ਇਹ ਮਾੜੀਆਂ ਬਿਰਤੀਆਂ ਅਵਾਰਾ ਕੁੱਤਿਆਂ ਦੀ ਨਿਆਈਂ ਹਨ। ਜੋ ਮੇਰੇ ਜੀਵਨ ਦੀ ਸ਼ਾਤੀ ਨੂੰ ਭੰਗ
ਕਰ ਰਹੀਆਂ ਹਨ। ਮੈਂ ਜੀਵ ਰੂਪ ਕੁੱਤਾ ਬਿਗਾਨਾ ਹਾਂ। ਮੈਂ ਆਪਣੇ ਆਤਮਿਕ ਜੀਵਨ ਖਾਤਰ ਭਉਂਕ (ਗੁਣ
ਗਾਕੇ) ਕੇ ਬਚਾ ਕਰ ਰਿਹਾ ਹਾਂ। ਇਹ ਬੋਲਣਾ ਉਸ ਕੱਤੇ ਵਾਂਗ ਮੇਰੇ ਭਲੇ ਲਈ ਹੈ।
ਏਤੇ ਕੂਕਰ ਹਉ ਬੇਗਾਨਾ ਭਉਕਾ ਇਸ ਤਨਿ ਤਾਈ।
ਕਬੀਰ ਸਾਹਿਬ ਨੇ ਕੁੱਤੇ ਦੇ ਇਸ ਵਰਤਾਉ ਤੋਂ ਕਮਾਲ ਦੀ ਸਿਖਿਆ ਦਿੱਤੀ ਹੈ। ਕਿ ਮੈਂ ਪ੍ਰਮਾਤਮਾ ਦੇ
ਦਰ ਦਾ ਕੁੱਤਾ ਹਾਂ। ਆਪਣਾ ਫਰਜ ਨਿਭਾ ਰਿਹਾ ਹਾਂ। ਹਮ ਕੂਕਰ ਤੇਰੇ ਦਰਬਾਰ। ਭਉਕਹਿ ਆਗੈ ਬਦਨ ਪਸਾਰ।
ਅੰਮ੍ਰਿਤ ਵੇਲੇ ਪਹੁ ਫੁਟਾਲੇ ਵੇਲੇ ਸੋਹਣੀ ਆਵਾਜ ਵਿੱਚ ਚਿੜੀ ਚੁਹਕ ਰਹੀ ਹੈ। ਨਿੰਮੀ ਨਿੰਮੀ ਹਵਾ
ਝਰਨਾਟ ਪੈਦਾ ਕਰ ਰਹੀ ਹੈ। ਜੋ ਭਗਤ ਦੇ ਮਨ ਵਿੱਚ ਸਿਮਰਨ ਕਰਨ ਦਾ ਚਾਉ ਪੈਦਾ ਕਰ ਰਹੀ ਹੈ। ਚਿੜੀ ਦਾ
ਚੁਹਕਣਾ ਭਗਤਾਂ ਅੰਦਰ ਭਗਤੀ ਕਰਨ ਦੀ ਪ੍ਰੇਰਨਾ ਦਿੰਦਾ ਹੈ। ਬਾਬੀਹੇ ਦੀ ਦਰਦ ਭਰੀ ਆਵਾਜ ਦਾ
ਗੁਰਬਾਣੀ ਵਿੱਚ ਵਿਸ਼ੇਸ਼ ਤੋਰ ਤੇ ਜਿਕਰ ਕੀਤਾ ਹੈ। ਬਾਬੀਹੇ ਦੀ ਬਿਰਹੋਂ ਵਾਲੀ ਕੂਕ ਬੱਦਲ ਨੂੰ ਬਰਸਣ
ਵਾਸਤੇ ਮਜਬੂਰ ਕਰ ਦਿੰਦੀ ਹੈ। ਬਾਬੀਹਾ ਸ਼ਾਂਤ ਹੋ ਜਾਂਦਾ ਹੈ। ਬੰਦੇ ਨੂੰ ਸਿਖਿਆ ਹੈ ਕਿ ਤੂੰ ਵੀ
ਆਪਣੇ ਅੰਦਰ ਪ੍ਰਮਤਾਮਾ ਲਈ ਵੈਰਾਗ ਪੈਦਾ ਕਰ।
ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾ ਦਰਿ ਸੁਣੀ ਪੁਕਾਰ।
ਸਾਉਣ ਭਾਦੋਂ ਦੇ ਦਿਨਾ ਵਿੱਚ ਮੀਂਹ ਨਾਲ ਮਸਤ ਕੇ ਡੱਡੂ ਵਿਸਮਾਦੀ ਰੰਗ ਪੈਦਾ ਕਰ ਦਿੰਦੇ ਹਨ। ਮੱਠੀ
ਮੱਠੀ ਨੀਂਦ ਵਿੱਚ ਜਾਣੋਂ ਲੋਰੀ ਦੇਣ ਦਾ ਕੰਮ ਕਰਦਾ ਹੈ। ਵਾਹ! ਮੇਰੇ ਮਾਲਕ ਵਾਹ! ਸਾਰੇ ਜੀਵ ਜੰਤੂ
ਆਪਣੀਆਂ ਰਸ ਭਰੀਆਂ ਮਨੋਹਰ ਆਵਾਜਾਂ ਨਾਲ ਬੰਦੇ ਨੂੰ ਹਿਲੋਰਾ ਦੇ ਰਹੀਆਂ ਹਨ। ਕਿ ਬੰਦਿਆ ਸਾਡੇ ਤਾਂ
ਸਰੀਰ ਜਾਨਵਰਾਂ ਵਾਲੇ ਹਨ। ਰੱਬ ਦੀ ਬੋਲੀ ਦੀ ਦਾਤ ਨਾਲ ਅਸੀਂ ਆਪਣਾ ਬਣਦਾ ਯੋਗਦਾਨ ਪਾ ਰਹੇ ਹਾਂ।
ਤੂੰ ਆਪਣੀ ਬੋਲੀ ਵਿੱਚੋ ਕਪਟ ਨੂੰ ਕੱਢ ਦੇ। ਆਪਣੀ ਬੋਲੀ ਵਿੱਚ ਪਿਆਰ ਤੇ ਮਿਠਾਸ ਭਰ ਲੈ। ਪਰ ਤੂੰ
ਸਾਡੀਆਂ ਬੋਲੀਆਂ ਦੀ ਨਕਲ ਕਰਕੇ ਸਾਨੂੰ ਆਪਣੇ ਜਾਲ ਵਿੱਚ ਫ਼ਸਾ ਲੈਂਦਾ ਹੈਂ। ਅਸੀਂ ਤੇਰੇ ਕਪਟ ਤੋਂ
ਅਨਜਾਣ ਆਪਣਾ ਜੀਵਨ ਗੁਆ ਬੈਠਦੇ ਹਾਂ। ਪਰ ਰੱਬੀ ਬੰਦਿਆਂ ਨੇ ਤਾਂ ਇਹਨਾਂ ਜੀਵ ਜੰਤੂਆਂ ਨੂੰ ਰੱਬ ਦੇ
ਗੁਣ ਗਾਉਦੇਂ ਮਹਿਸੂਸ ਕੀਤਾ ਹੈ। ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਕਿਹਾ ਹੈ। ਕਿ ਪਾਪੀਹਾ,
ਮਿਰਗ, ਮੱਛੀ ਤੇ ਹੋਰ ਪੰਛੀਆਂ ਨੂੰ ਵਾਹਿਗੁਰੂ ਜੀ ਦਾ ਸਿਮਰਨ ਹੀ ਕਰ ਰਹੇ ਹਨ। ਜੋ ਬੋਲਤ ਹੈ ਮ੍ਰਿਗ
ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ਇਹ ਤਾਂ ਸਾਰੇ ਪੰਛੀ ਹਨ ਪਰ ਗੁਰੂ ਜੀ ਨੇ ਤਾਂ
ਨਿਰਜਿੰਦ ਚੀਜਾਂ ਨੂੰ ਬੁਲਵਾ ਦਿੱਤਾ ਹੈ। ਖੁਹ ਦੀ ਹਲਟੀ ਤੂੰ ਤੂੰ ਕਰ ਰਹੀ ਹੈ। ਹਰਹਟ ਭੀ ਤੂੰ ਤੂੰ
ਕਰਹਿ ਬੋਲਹਿ ਭਲੀ ਬਾਣਿ। ਪ੍ਰੇਮ ਭਰੀ ਭਾਸ਼ਾਂ ਰਾਹੀਂ ਹੀ ਜਾਣਿਆ ਜਾ ਸਕਦਾ ਹੈ। ਬੰਦਾ ਹੋਕੇ ਜੋ
ਆਪਣੇ ਬੋਲਾਂ ਰਾਹੀਂ ਸਮਝ ਕੇ ਬੋਲਦਾ ਹੈ। ਕਿਸੇ ਦੇ ਜੀਵਨ ਨੂੰ ਬਦਲ ਦਿੰਦਾ ਹੈਂ, ਤਾਂ ਠੀਕ ਹੈ
ਨਹੀਂ ਤਾਂ ਪਸ਼ੂਆਂ ਤੋਂ ਵੀ ਨੀਵਾਂ ਹੀ ਜਾਣ।
ਪਸ਼ੂਆ ਸਬਦ ਹੀਨ ਜਿਹਬਾ ਨ ਬੋਲ ਸਕੈ ਮਾਨਸ ਜਨਮ ਬੋਲੈ ਬਚਨ ਅਨੇਕ ਹੈ। ਸਬਦ ਸੁਰਤ ਸੁਨਿ ਸਮਝ ਬੋਲੈ
ਬਿਬੇਕੀ ਨਾਤਰ ਪਸ਼ੂ ਪ੍ਰੇਤ ਹੂੰ ਮੈ ਏਕ ਹੈ।
ਪਰੇਮਇੰਦਰ ਜੀਤ ਸਿੰਘ “ਗਾਫਿਲ”
ਫੋਨ ਨੰ:-98152-95380