ਜੁਗਾੜੀ ਬਾਬਾ
ਟੈਲੀਫ਼ੂਨ ਮੇਰੇ ਦੋਸਤ ਦਾ ਸੀ ਜੋ
ਕਿ ਮੈਂਟਲ ਹੈਲਥ ਮਹਿਕਮੇ ਵਿੱਚ ਕੰਮ ਕਰਦਾ ਹੈ। ਉਸ ਨੇ ਮੈਨੂੰ ਦੱਸਿਆ ਕਿ ਉਹ ਇੱਕ ਮਰੀਜ਼ ਨੂੰ ਮਿਲ
ਕੇ ਆਇਆ ਹੈ ਤੇ ਜੋ ਕੁੱਝ ਉਸ ਨੇ ਉੱਥੇ ਦੇਖਿਆ ਉਸ ਬਾਰੇ ਮੇਰੇ ਨਾਲ਼ ਗੱਲ ਕਰਨੀ ਚਾਹੁੰਦਾ ਹੈ ਤੇ
ਸਲਾਹ ਲੈਣੀ ਚਾਹੁੰਦਾ ਹੈ। ਟੈਲੀਫੂਨ `ਤੇ ਉਹ ਸਾਰੀ ਗੱਲ ਨਹੀਂ ਸੀ ਕਰਨੀ ਚਾਹੁੰਦਾ ਸੋ ਮੈਂ ਉਸ ਨੂੰ
ਆਪਣੇ ਦਫ਼ਤਰ ਵਿੱਚ ਲੰਚ ਟਾਈਮ `ਤੇ ਬੁਲਾ ਲਿਆ।
ਲੰਚ ਟਾਈਮ `ਤੇ ਅਸੀਂ ਦਫ਼ਤਰ ਦੀ ਕੰਟੀਨ ਵਿੱਚ ਚਲੇ ਗਏ ਤੇ ਉਸ ਨੇ ਵਾਰਤਾ ਸੁਣਾਈ। ਉਹ ਕਹਿਣ ਲੱਗਾ,
“ਸਾਡੇ ਦਫ਼ਤਰ ਵਿੱਚ ਇੱਕ ਫੈਮਿਲੀ ਡਾਕਟਰ ਵਲੋਂ ਰੀਫ਼ਰਲ (ਕੇਸ) ਆਇਆ ਹੋਇਆ ਸੀ ਜਿਸ ਵਿੱਚ ਕਿਹਾ ਗਿਆ
ਸੀ ਕਿ ਇੱਕ ਸਿੱਖ ਮਾਈ ਦਿਮਾਗ਼ੀ ਤੌਰ `ਤੇ ਪ੍ਰੇਸ਼ਾਨ ਸੀ ਤੇ ਸਾਨੂੰ ਉਸ ਦੀ ਮੁਢਲੀ ਜਾਂਚ ਪੜਤਾਲ ਦੀ
ਜ਼ਿੰਮੇਵਾਰੀ ਸੌਂਪੀ ਗਈ ਸੀ। ਮੇਰੇ ਮੈਨੇਜਰ ਨੇ ਇਹ ਕੇਸ ਅਗਲੀ ਕਾਰਵਾਈ ਲਈ ਮੈਨੂੰ ਸੌਂਪ ਦਿੱਤਾ”।
ਮੇਰੇ ਦੋਸਤ ਨੇ ਗੱਲ ਜਾਰੀ ਰੱਖਦਿਆਂ ਕਿਹਾ, “ਮੈਂ ਮਾਈ ਨੂੰ ਫ਼ੋਨ ਕੀਤਾ ਅਤੇ ਆਪਣੀ ਵਰਕ ਡਾਇਰੀ ਦੇਖ
ਕੇ ਉਹਦੇ ਨਾਲ਼ ਮੁਲਾਕਾਤ ਦਾ ਸਮਾਂ ਨਿਸ਼ਚਤ ਕਰ ਲਿਆ।
ਜਦੋਂ ਮੈਂ ਮਾਈ ਦੇ ਘਰ ਪਹੁੰਚਿਆ ਤਾਂ ਉਸ ਨੇ ਹੱਥ ਵਿੱਚ ਗੁਟਕਾ ਫੜਿਆਂ ਹੀ ਦਰਵਾਜ਼ਾ ਖੋਲ੍ਹਿਆ।
ਅੰਦਰੋਂ ਪਾਠ ਕਰਨ ਦੀਆਂ ਹੋਰ ਵੀ ਕਈ ਆਵਾਜ਼ਾਂ ਆ ਰਹੀਆਂ ਸਨ। ਜਦੋਂ ਮੈਂ ਅੰਦਰ ਗਿਆ ਤਾਂ ਦੇਖ ਕੇ
ਬੜਾ ਹੈਰਾਨ ਹੋਇਆ ਕਿ ਅੰਦਰ ਦੋਨਾਂ ਹੀ ਕਮਰਿਆਂ ਵਿੱਚ ਕਈ ਬੀਬੀਆਂ ਗੁਟਕੇ ਫੜੀ ਪਾਠ ਕਰ ਰਹੀਆਂ ਸਨ।
ਕਈਆਂ ਨੇ ਮੇਰੇ ਵਲ ਬੜੀ ਗਹੁ ਨਾਲ ਵੇਖਿਆ ਤੇ ਕਈ ਆਪਣੇ ਧਿਆਨ ਪਾਠ ਕਰਦੀਆਂ ਰਹੀਆਂ।
ਮਾਈ ਮੈਨੂੰ ਇਸ਼ਾਰੇ ਨਾਲ਼ ਕਿਚਨ ਦੇ ਨਾਲ਼ ਬਣੇ ਵਰਾਂਡੇ ਵਿੱਚ ਲੈ ਗਈ। ਮੇਰੀ ਹੈਰਾਨੀ ਦੀ ਕੋਈ ਹੱਦ ਨਾ
ਰਹੀ ਜਦ ਮੈਂ ਦੇਖਿਆ ਕਿ ਉੱਥੇ ਵੀ ਦੋ ਬੀਬੀਆਂ ਬੈਠੀਆਂ ਪਾਠ ਕਰ ਰਹੀਆਂ ਸਨ।
ਮਾਈ ਨੇ ਉਨ੍ਹਾਂ ਦੋਹਾਂ ਨੂੰ ਇਸ਼ਾਰੇ ਨਾਲ਼ ਅੰਦਰ ਜਾਣ ਦਾ ਹੁਕਮ ਦਿੱਤਾ।
ਮੈਂ ਮਾਈ ਨਾਲ਼ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ। ਤਕਰੀਬਨ ਇੱਕ ਘੰਟਾ ਮੇਰੀ ਗੱਲਬਾਤ ਹੁੰਦੀ ਰਹੀ
ਤੇ ਮੈਂ ਉਸ ਤੋਂ ਲੋੜੀਂਦੇ ਸਵਾਲ ਪੁੱਛੇ।
ਮਾਈ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ। ਉਹਦੇ ਘਰ ਵਾਲ਼ੇ ਨੂੰ ਗੁਜ਼ਰਿਆਂ ਸਤਾਰਾਂ ਵਰ੍ਹੇ ਹੋ ਗਏ ਸਨ।
ਇੱਕ ਲੜਕਾ ਸੀ ਜਿਸ ਨੂੰ ਉਸ ਨੇ ਬੜੇ ਚਾਵਾਂ ਨਾਲ਼ ਪੜ੍ਹਾਇਆ ਤੇ ਵਿਆਹਿਆ। ਪਰ ਕੁੱਝ ਦੇਰ ਬਾਅਦ ਹੀ
ਵਹੁੱਟੀ ਦੇ ਪਰੈੱਸ਼ਰ ਥੱਲੇ ਉਹਨੇ ਆਪਣਾ ਅਲੱਗ ਘਰ ਲੈ ਲਿਆ ਤੇ ਫੇਰ ਉਹ ਪੱਕੇ ਤੌਰ ਅਮਰੀਕਾ ਵਿੱਚ
ਸੈਟਲ ਹੋ ਗਿਆ। ਮਾਈ ਦੀ ਹੋਰ ਕੋਈ ਖਾਸ ਰਿਸ਼ਤੇਦਾਰੀ ਨਹੀਂ ਸੀ ਤੇ ਵੈਸੇ ਵੀ ਉਹ ਆਪਣੇ ਆਪ ਵਿੱਚ ਹੀ
ਰਹਿਣ ਵਾਲ਼ੀ ਜ਼ਨਾਨੀ ਸੀ, ਉਹ ਬਹੁਤਾ ਕਿਸੇ ਨਾਲ ਵੀ ਘੁਲ਼ਦੀ-ਮਿਲ਼ਦੀ ਨਹੀਂ ਸੀ।
ਘਰ ਵਿੱਚ ਛੇ ਸੱਤ ਇਸਤਰੀਆਂ ਨੂੰ ਬੁਲਾ ਕੇ ਇਸ ਤਰ੍ਹਾਂ ਪਾਠ ਕਰਨ ਦੇ ਮਕਸਦ ਬਾਰੇ ਵੀ ਮੈਂ ਜਾਨਣਾ
ਚਾਹੁੰਦਾ ਸਾਂ ਕਿ ਕਿਧਰੇ ਇਸ ਦੀ ਕੜੀ ਵੀ ਉਸ ਮਾਈ ਦੀ ਮਾਨਸਿਕ ਹਾਲਤ ਨਾਲ਼ ਤਾਂ ਨਹੀਂ ਸੀ ਜੁੜਦੀ!
ਇਸ ਦੇ ਸਬੰਧ ਵਿੱਚ ਜੋ ਕੁੱਝ ਮਾਈ ਨੇ ਦੱਸਿਆ ਉਹ ਵੀ ਬੜਾ ਅਜੀਬ ਲੱਗਿਆ ਤੇ ਜੇ ਮੈਂ ਤੈਨੂੰ ਸੱਚ
ਦੱਸਾਂ, ਮੈਨੂੰ ਤਾਂ ਕਿਸੇ ਚਾਲਾਕ ਬੰਦੇ ਵਲੋਂ ਕੀਤਾ ਜਾ ਰਿਹਾ ਸ਼ੋਸ਼ਣ ਲੱਗਿਆ, ਸੋ ਇਸੇ ਕਰ ਕੇ ਹੀ
ਮੈਂ ਤੇਰੇ ਨਾਲ਼ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਸਾਂ”।
“ਪਰ ਚੱਕਰ ਕੀ ਸੀ?” ਮੈਂ ਉਤਸੁਕਤਾ ਵੱਸ ਪੁੱਛਿਆ।
“ਚੱਕਰ ਕਿਸੇ ਬਾਬੇ ਦਾ ਆ ਯਾਰ, ਅਸਲ ਵਿੱਚ ਗੱਲ ਇਹ ਹੋਈ ਕਿ ਮਾਈ ਨੂੰ ਕੁੱਝ ਦੇਰ ਤੋਂ ਅਚਾਨਕ ਹੀ
ਸੁਪਨਿਆਂ ਵਿੱਚ ਅਜੀਬੋ-ਗ਼ਰੀਬ ਸ਼ਕਲਾਂ ਦਿਸਣ ਲੱਗ ਪਈਆਂ ਤੇ ਡਰ ਲੱਗਣ ਲੱਗ ਪਿਆ। ਪਹਿਲਾਂ ਤਾਂ ਉਸ ਨੇ
ਸੋਚਿਆ ਕਿ ਆਪੇ ਸਭ ਕੁੱਝ ਠੀਕ ਹੋ ਜਾਵੇਗਾ ਪਰ ਫਰਕ ਨਾ ਪੈਂਦਾ ਦੇਖ ਕੇ ਉਸਨੇ ਦੋ ਕੁ ਬੀਬੀਆਂ ਨਾਲ਼
ਗੱਲ ਕੀਤੀ ਤਾਂ ਇੱਕ ਨੇ ਉਸ ਨੂੰ ਆਪਣੇ ਡਾਕਟਰ ਪਾਸ ਜਾਣ ਲਈ ਕਿਹਾ ਤੇ ਦੂਸਰੀ ਨੇ ਉਸ ਨੂੰ ਇੱਕ
ਬਾਬੇ ਕੋਲੋਂ ਇਲਾਜ ਕਰਵਾਉਣ ਦੀ ਸਲਾਹ ਦਿੱਤੀ। ਮਾਈ ਡਾਕਟਰ ਨੂੰ ਤਾਂ ਆਪਣੀ ਮੁਸ਼ਕਿਲ ਬਾਰੇ ਦੱਸ ਆਈ
ਸੀ ਪਰ ਬਾਬੇ ਪਾਸ ਜਾਣ ਲਈ ਉਹ ਕਈ ਦਿਨ ਫ਼ੈਸਲਾ ਨਾ ਕਰ ਸਕੀ ਪਰ ਬਾਬੇ ਦੀ ਦੱਸ ਪਾਉਣ ਵਾਲ਼ੀ ਔਰਤ ਨੇ
ਉਸ ਨੂੰ ਬਾਬੇ ਕੋਲੋਂ ਠੀਕ ਹੋਏ ਕਈ ਲੋਕਾਂ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਉਸ ਪਾਸ ਜਾਣ ਲਈ ਮਾਈ
ਨੂੰ ਮਾਨਸਿਕ ਤੌਰ `ਤੇ ਤਿਆਰ ਕਰ ਲਿਆ ਤੇ ਇੱਕ ਦਿਨ ਉਹ ਉਸ ਨੂੰ ਆਪਣੇ ਨਾਲ਼ ਬਾਬੇ ਪਾਸ ਲੈ ਹੀ ਗਈ।
ਮਾਈ ਦੇ ਦੱਸਣ ਮੁਤਾਬਿਕ ਆਮ ਕਰ ਕੇ ਬੀਬੀਆਂ ਮਾਈਆਂ ਹੀ ਇਸ ਬਾਬੇ ਪਾਸ ਆਪਣੇ ਆਪਣੇ ਦੁਖੜੇ ਲੈ ਕੇ
ਆਉਂਦੀਆਂ ਹਨ ਤੇ ਬਾਬਾ ਉਨ੍ਹਾਂ ਨੂੰ ਦੁੱਖਾਂ ਦੀ ਨਵਿਰਤੀ ਲਈ ਪਾਠ ਕਰਵਾਉਣ ਲਈ ਕਹਿੰਦਾ ਹੈ। ਬਾਬੇ
ਨੇ ਪਹਿਲਾਂ ਤਾਂ ਗੁਰਦੁਆਰੇ ਵਿੱਚ ਹੀ ਇੱਕ ਦੋ ਬੀਬੀਆਂ ਨੂੰ ਪਾਠ ਕਰਨ ਦੀ ਸੇਵਾ `ਤੇ ਲਾ ਦਿਤਾ ਤੇ
ਪੈਸੇ ਆਪਣੀ ਜੇਬ ਵਿੱਚ ਪਾਉਣੇ ਸ਼ੁਰੂ ਕਰ ਦਿਤੇ, ਜਦੋਂ ਕਮੇਟੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ
ਉਨ੍ਹਾਂ ਨੇ ਇਹ ਕੰਮ ਬੰਦ ਕਰਵਾ ਦਿੱਤਾ।
ਬਾਬੇ ਦੇ ਰੰਗ ਵਿੱਚ ਭੰਗ ਪੈ ਗਿਆ ਸੀ, ਉਹ ਅਜੇ ਇਸ ਦਾ ਕੋਈ ਬਦਲਵਾਂ ਜੁਗਾੜ ਕਰਨ ਬਾਰੇ ਸੋਚ ਹੀ
ਰਿਹਾ ਸੀ ਕਿ ‘ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਰੰਬਾ ਰੱਖ’ ਵਾਲ਼ੀ ਗੱਲ ਹੋਈ ਕਿ ਇਹ ਮਾਈ ‘ਇਲਾਜ’
ਵਾਸਤੇ ਉਸ ਕੋਲ਼ ਆ ਪਹੁੰਚੀ।
ਬਾਬੇ ਨੇ ਮਾਈ ਨੂੰ ਦੱਸਿਆ ਕਿ ਉਸ ਕੋਲੋਂ ਬਚਪਨ ਵਿੱਚ ਕਿਸੇ ਪੀਰ ਦੀ ਜਗ੍ਹਾ ਉੱਪਰ ਅਵੱਗਿਆ ਹੋ ਗਈ
ਸੀ ਤੇ ਉਸ ਪੀਰ ਦੀ ਰੂਹ ਉਹਨੂੰ ਲੱਭਦੀ ਲੱਭਦੀ ਹੁਣ ਇੱਥੇ ਆ ਪਹੁੰਚੀ ਹੈ ਤੇ ਇਹ ਪੀਰ ਦੀ ਰੂਹ ਹੀ
ਭੂਤ ਬਣ ਕੇ ਉਸ ਨੂੰ ਸੁਪਨੇ `ਚ ਆ ਕੇ ਡਰਾਉਂਦੀ ਹੈ, ਜਿਸ ਵਾਸਤੇ ਉਪਾਅ ਕਰਨਾ ਪਵੇਗਾ। ਉਪਾਅ ਨਾ
ਕਰਨ ਦੀ ਸੂਰਤ ਵਿੱਚ ਪੀਰ ਦੀ ਰੂਹ ਉਸ ਦਾ ਬਹੁਤ ਨੁਕਸਾਨ ਕਰ ਸਕਦੀ ਹੈ।
ਉਸ ਨੇ ਮਾਈ ਕੋਲੋਂ ਉਹਦੇ ਘਰ-ਬਾਰ ਬਾਰੇ ਸਭ ਗੱਲਾਂ ਪੁੱਛ ਲਈਆਂ ਤੇ ਜਦੋਂ ਉਸ ਨੂੰ ਇਹ ਪਤਾ ਲੱਗਾ
ਕਿ ਮਾਈ ਘਰ ਵਿੱਚ ਇਕੱਲੀ ਹੀ ਰਹਿੰਦੀ ਹੈ ਤਾਂ ਬਾਬੇ ਦੀਆਂ ਵਾਛਾਂ ਖਿੜ ਗਈਆਂ। ਬਾਬੇ ਦੇ ਸ਼ਾਤਰ
ਦਿਮਾਗ਼ ਨੇ ਝੱਟ ਯੋਜਨਾ ਬਣਾ ਲਈ ਤੇ ਮਾਈ ਨੂੰ ਇਸ ਗੱਲ ਲਈ ਮਨਾ ਲਿਆ ਕਿ ਦੋ ਤਿੰਨ ਬੀਬੀਆਂ ਉਸ ਦੇ
ਘਰ ਆ ਕੇ ਪਾਠ ਕਰ ਲਿਆ ਕਰਨ।
ਮਾਈ ਤਾਂ ‘ਭੂਤਾਂ-ਪ੍ਰੇਤਾਂ’ ਤੋਂ ਪਹਿਲਾਂ ਹੀ ਆਪਣਾ ਖਹਿੜਾ ਛੁਡਾਉਣਾ ਚਾਹੁੰਦੀ ਸੀ ਸੋ ਉਸ ਨੂੰ ਕੀ
ਇਤਰਾਜ਼ ਹੋ ਸਕਦਾ ਸੀ। ਬਾਬੇ ਨੇ ਜਿੱਥੇ ਇਸ ਤਰ੍ਹਾਂ ਕਰਨ ਨਾਲ਼ ਮਾਈ ਦੇ ਘਰੋਂ ਭੂਤਾਂ ਨੂੰ ਭਜਾਉਣ ਦਾ
ਲਾਲਚ ਦਿਤਾ ਉੱਥੇ ਨਾਲ਼ ਹੀ ਪਾਠ ਕਰਨ ਵਾਲ਼ੀਆਂ ਬੀਬੀਆਂ ਨੂੰ ਵੀ ਇਹਦਾ ਫਲ ਅਗਲੀ ਦਰਗਾਹ ਵਿੱਚ ਹਜ਼ਾਰ
ਗੁਣਾਂ ਮਿਲਣ ਦਾ ਲਾਰਾ ਲਾਇਆ ਹੋਇਆ ਹੈ।
ਦੋ ਤਿੰਨ ਬੀਬੀਆਂ ਤੋਂ ਸ਼ੁਰੂ ਹੋ ਕੇ ਹੁਣ ਮਾਈ ਪਾਸ ਪਾਠ ਕਰਨ ਵਾਲ਼ੀਆਂ ਬੀਬੀਆਂ ਦੀ ਗਿਣਤੀ ਅੱਠ ਨੌਂ
ਹੋ ਗਈ ਹੈ। ਬਾਬੇ ਨੇ ਭਾਵੇਂ ਇੱਕ ਪਾਠ ਦਾ ਘੱਟੋ-ਘੱਟ ਰੇਟ ਪੱਚੀ ਪੌਂਡ ਰੱਖਿਆ ਹੋਇਆ ਹੈ ਪਰ ਉਹ
ਖਾਂਦੇ ਪੀਂਦੇ ‘ਮਰੀਜ਼ਾਂ’ ਨੂੰ ਵੱਡਾ ਟੀਕਾ ਵੀ ਠੋਕ ਦਿੰਦਾ ਹੈ ਤੇ ਇਹ ਬੀਬੀਆਂ ਮਾਈ ਦੇ ਨਿੱਘੇ ਘਰ
ਵਿੱਚ ਬੈਠ ਕੇ ਪਾਠ ਕਰ ਕਰ ਕੇ ਬਾਬੇ ਦੇ ‘ਹਵਾਲੇ’ ਕਰ ਦਿੰਦੀਆਂ ਹਨ”।
“ਪਰ ਮਾਈ ਨੂੰ ਚਿੰਬੜੇ ਹੋਏ ‘ਭੂਤਾਂ’ ਦਾ ਕੀ ਬਣਿਆਂ” ? ਮੈਂ ਉਤਸੁਕਤਾ ਵਸ ਆਪਣੇ ਦੋਸਤ ਨੂੰ
ਪੁੱਛਿਆ।
ਮੇਰਾ ਦੋਸਤ ਕਹਿਣ ਲੱਗਾ “ਗੱਲ ਅਸਲ ਵਿੱਚ ਇਹ ਹੋਈ ਕਿ ਤੈਨੂੰ ਪਤਾ ਈ ਐ ਕਿ ਅੱਜ ਕਲ ਮਹਿਕਮਿਆਂ
ਵਿੱਚ ਹਰੇਕ ਜਗ੍ਹਾ ਕੱਟ ਲੱਗੇ ਹੋਣ ਕੇ ਵਰਕਰਾਂ ਦੀ ਘਾਟ ਐ ਤੇ ਕੰਮ ਬਹੁਤ ਧੀਮੀ ਚਾਲ ਨਾਲ਼ ਹੋ ਰਹੇ
ਐ। ਇਹ ਕੇਸ ਅਸਲ ਵਿੱਚ ਸਾਡੇ ਦਫ਼ਤਰ ਵਿੱਚ ਕਾਫੀ ਦੇਰ ਦਾ ਆਇਆ ਹੋਇਆ ਸੀ ਪਰ ਇਸ `ਤੇ ਅਮਲ ਨਹੀਂ ਸੀ
ਹੋ ਸਕਿਆ। ਇਸੇ ਸਮੇਂ ਦੌਰਾਨ ਇਹ ਮਾਈ ਬਾਬੇ ਦੇ `ਚਰਨੀਂ’ ਜਾ ਲੱਗੀ ਤੇ ਬਾਬੇ ਨੇ ਇਹਦੇ ਘਰ ਵਿੱਚ
ਹੀ ਆਪਣਾ ਚੱਕਰ ਚਲਾ ਲਿਆ”
ਮੈਂ ਫਿਰ ਵਿਚੋਂ ਟੋਕ ਕੇ ਪੁੱਛਿਆ, “ਯਾਰ ਤੂੰ ਭੂਤਾਂ ਦੀ ਗੱਲ ਫੇਰ ਲਕੋਈ ਜਾਨੈ, ਉਨ੍ਹਾਂ ਦਾ ਦੱਸ
ਕੀ ਬਣਿਆਂ?”
“ਭੂਤ ਨੱਸ ਗਏ ਕਿ” ਮੇਰੇ ਦੋਸਤ ਨੇ ਹੱਸਦਿਆਂ ਕਿਹਾ।
“ਤੁਹਾਡੇ ਨਾਲੋਂ ਤਾਂ ਫਿਰ ਬਾਬੇ ਦਾ ਇਲਾਜ ਹੀ ਵਧੀਆ ਹੋਇਆ” ਮੈਂ ਉਹਨੂੰ ਗੁੱਝੀ ਮਸ਼ਕਰੀ ਕੀਤੀ।
“ਮੈਨੂੰ ਪਤੈ ਕਿ ਹਰ ਕਿਸੇ ਨੇ ਇਸ ਦਾ ਕਰੈਡਿਟ ਬਾਬੇ ਨੂੰ ਹੀ ਦੇਣੈ, ਅਸਲ ਗੱਲ ਲੱਭਣ ਦੀ ਕੋਸ਼ਿਸ਼
ਕਿਸੇ ਨੇ ਨਹੀਂ ਕਰਨੀਂ। ਗੱਲ ਅਸਲ ਵਿੱਚ ਇਹ ਸੀ ਕਿ ਮਾਈ ਦੀ ਇਕੱਲਤਾ ਨੇ ਤੇ ਕਿਸੇ ਪ੍ਰਕਾਰ ਦੀ
ਪਰਿਵਾਰਕ ਸਪੋਰਟ ਨਾ ਹੋਣ ਕਰ ਕੇ ਉਹ ਬੁਰੀ ਤਰ੍ਹਾਂ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਜਿਸ ਕਰ ਕੇ ਉਸ
ਨੂੰ ਭੈੜੇ ਭੈੜੇ ਖ਼ਿਆਲ ਤੇ ਭੂਤਾਂ-ਪ੍ਰੇਤਾਂ ਦੇ ਸੁਪਨੇ ਆਉਣ ਲੱਗ ਪਏ ਤੇ ਹੁਣ ਜਦੋਂ ਦੀਆਂ ਉਹਦੇ
ਘਰੇ ਚਾਰੇ ਪਾਸੇ ਬੀਬੀਆਂ ਹੀ ਬੀਬੀਆਂ ਬੈਠੀਆਂ ਹਨ ਭੂਤਾਂ ਵਿਚਾਰਿਆਂ ਨੂੰ ਉੱਥੇ ਬੈਠਣ ਲਈ ਥਾਂ ਹੀ
ਨਹੀਂ ਮਿਲਦੀ,” ਮੇਰੇ ਦੋਸਤ ਨੇ ਹੱਸਦਿਆਂ ਕਿਹਾ।
“ਯਾਰ, ਕਮਾਲ ਹੋ ਗਈ। ਮਾਈ ਨੇ ਬਾਬੇ ਦਾ ਨਾਂ ਵੀ ਦੱਸਿਆ ਕਿ ਨਹੀਂ?” ਮੈਂ ਆਪਣੇ ਦੋਸਤ ਨੂੰ
ਪੁੱਛਿਆ।
“ਬਾਬੇ ਦਾ ਨਾਂ ਤਾਂ ਮੈਂ ਮਾਈ ਤੋਂ ਪੁੱਛਿਆ ਹੀ ਨਈਂ” ਮੇਰੇ ਦੋਸਤ ਨੇ ਕਿਹਾ
“ਚਲ ਆਪਾਂ ਉਹਦਾ ਨਾਂ ਰੱਖ ਲੈਨੇ ਆਂ” ਮੈਂ ਕਿਹਾ
“ਕੀ ਨਾਮ ਦੇਵੇਂਗਾ ਤੂੰ ਉਹਨੂੰ?” ਉਹ ਬੋਲਿਆ
ਮੈਂ ਕਿਹਾ, “ਜੁਗਾੜੀ ਬਾਬਾ”
ਮੇਰਾ ਦੋਸਤ ਠਹਾਕਾ ਮਾਰ ਕੇ ਹੱਸਿਆ ਤੇ ਘੜੀ ਦੇਖ ਕੇ ਕਹਿਣ ਲੱਗਾ, “ਲੰਚ ਤੋਂ
ਬਾਅਦ ਮੇਰੀ ਮੀਟਿੰਗ ਐ ਯਾਰ” ਤੇ ਉਹ ਹੱਸਦਾ ਹੱਸਦਾ ਕੰਟੀਨ `ਚੋਂ ਬਾਹਰ ਹੋ ਗਿਆ।
ਨਿਰਮਲ ਸਿੰਘ ਕੰਧਾਲਵੀ