.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਧਾਰਮਕ ਅਸਥਾਨਾਂ `ਤੇ ਕੁਬੇਰ ਦੇਵਤੇ ਦਾ ਕਬਜ਼ਾ

ਕੁਬੇਰ ਦੇਵਤੇ ਦੀ ਵਿਆਖਿਆ ਮਹਾਨ ਕੋਸ਼ ਦੇ ਲਿਖਾਰੀ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਨੇ ਬਹੁਤ ਹੀ ਕਮਾਲ ਦੀ ਲਿਖੀ ਹੈ—ਸੰਗਯਾ (ਨਿੰਦਿਤ) –ਹੈ ਬੈਰ (ਦੇਹ) ਜਿਸ ਦਾ ਤਿੰਨ ਪੈਰ ਅਤੇ ਅੱਠ ਦੰਦਾਂ ਵਾਲਾ ਦੇਵਤਿਆਂ ਦਾ ਖ਼ਜ਼ਾਨਚੀ ਇਹ ਤ੍ਰਿਣ ਵਿੰਦ ਦੀ ਪੁੱਤਰੀ ਇਲਵਿਲਾ ਦੇ ਪੇਟ ਤੋਂ ਵਿਸ਼ਵਾ ਦਾ ਪੁੱਤਰ ਹੈ। ਇਸ ਦੀ ਪੁਰੀ ਦਾ ਨਾਂ ਅਲਕਾ ਹੈ। ਇਹ ਯਕ ਤੇ ਕਿੰਨਰਾਂ ਦਾ ਰਾਜਾ ਹੈ। ਕੁਬੇਰ ਰਾਵਣ ਦਾ ਮਤੇਰ ਭਾਈ ਹੈ।
ਕੋੜ ਰੋਗ ਹੋਣ ਕਰਕੇ ਭੀ ਇਸਦਾ ਨਿੰਦਿਤ ਸਰੀਰ ਹੈ।
ਤਿੰਨਾਂ ਪੈਰਾਂ ਤੇ ਅੱਠਾਂ ਦੰਦਾਂ ਵਾਲੇ ਨੂੰ ਧਨ ਦਾ ਦੇਵਤਾ ਮੰਨਿਆ ਗਿਆ ਹੈ। ਇਹ ਦੇਵਤਾ ਲਾ ਜਵਾਬ ਹੈ ਜਿੱਥੇ ਕਬਜ਼ਾ ਕਰ ਲੈਂਦਾ ਹੈ ਓੱਥੇ ਵਾਲ਼ੋ ਵਾਲ਼ੀ ਅਦਾਲਤੋ ਅਦਾਲਤੀ ਤੇ ਮਾਂ ਭੈਣ ਦੀ ਇੱਕ ਕਰਾ ਦੇਂਦਾ ਹੈ। ਵਾਹ! ਕੁਬੇਰ ਦੇਵਤਾ ਤੈਨੂੰ ਨਮਸਕਾਰ ਕਰਨੀ ਬਣਦੀ ਹੈ, ਤੂੰ ਬੜਿਆ ਬੜਿਆ ਦੀਆਂ ਗੋਡਣੀਆਂ ਲਵਾਤੀਆਂ। ਤੂੰ ਸਿੱਖਾਂ `ਤੇ ਮਿਹਰਬਾਨੀ ਕਰਕੇ ਇਹਨਾਂ ਦੇ ਧਾਰਮਕ ਅਸਥਾਨਾਂ ਤੇ ਪੂਰੀ ਤਰ੍ਹਾਂ ਕਬਜ਼ਾ ਜਮਾ ਲਿਆ ਈ, ਕੀ ਮਜ਼ਾਲ ਹੈ ਕਿ ਤੇਰੇ ਹੁੰਦਿਆ ਕੋਈ ਧਰਮ ਦੀ ਗੱਲ ਕਰ ਸਕਣ। ਤੇਰੇ ਹੁੰਦਿਆਂ ਨੰਗੀਆਂ ਗਾਲ਼ਾਂ ਕੱਢਦਿਆਂ ਕਦੇ ਕਿਸੇ ਗਾਤਰੇ ਵਾਲੇ ਨੇ ਵੀ ਸ਼ਰਮ ਮਹਿਸੂਸ ਨਹੀਂ ਕੀਤੀ। ਹੇ ਤਿੰਨਾਂ ਲੱਤਾਂ ਤੇ ਅੱਠਾਂ ਦੰਦਾਂ ਵਾਲਿਆ! ਅਮਰੀਕਾ ਦੇ ਇੱਕ ਗੁਰਦੁਆਰੇ ਵਿੱਚ ਤੂੰ ਪੂਰਾ ਤਮਾਸ਼ਾ ਕੀਤਾ। ਵਿਚਾਰੇ ਰਾਗੀਆਂ ਨੂੰ ਸਾਜ ਛੱਡਕੇ ਭਜਦਿਆਂ ਸਾਰੀ ਦੁਨੀਆਂ ਨੇ ਨੈਟ ਤੇ ਦੇਖਿਆ ਤੂੰ ਓਦੋਂ ਬਹੁਤ ਖੁਸ਼ ਹੋਇਆ ਹਏਂਗਾ? ਗੋਲਕ ਦੇ ਕਬਜ਼ੇ ਦੀ ਖਾਤਰ, ਅੰਮ੍ਰਿਤ ਧਾਰੀ ਇੱਕ ਦੂਜੇ ਦੀਆਂ ਪੱਗਾਂ ਲਹੁੰਦਿਆਂ ਆਪਣਾ ਹੱਕ ਸਮਝ ਰਹੇ ਹਨ।
ਦੋ ਹਜ਼ਾਰ ਗਿਆਰਾਂ ਵਿੱਚ ਬਹੁਤ ਸਾਰੀਆਂ ਆਖਬਾਰਾਂ ਦੇ ਪੰਨਿਆਂ `ਤੇ ਮੋਟੀਆਂ ਸੁਰਖੀਆਂ ਲੱਗਦੀਆਂ ਰਹੀਆਂ ਹਨ ਕਿ ਫਲਾਣੇ ਮੰਦਰ ਵਿਚੋਂ ਕਰੋੜਾਂ ਅਰਬਾਂ ਦਾ ਕੁਬੇਰ ਦੇਵਤਾ ਲੱਭਿਆ ਗਿਆ ਹੈ। ਟੀ. ਵੀ. ਵਾਲਿਆਂ ਨੂੰ ਨਵਾਂ ਮੁੱਦਾ ਮਿਲਿਆ, ਮੰਦਰਾਂ ਦੀ ਚਮਕ ਦਮਕ ਦੇਖਣ ਨੂੰ ਮਿਲੀ। ਨਾਲ ਦੀ ਨਾਲ ਇਹ ਵੀ ਖਬਰਾਂ ਮਿਲਦੀਆਂ ਰਹੀਆਂ ਹਨ ਕਿ ਅਜੇ ਬਹੁਤ ਸਾਰੇ ਕਮਰੇ ਦੇਖਣੇ ਬਾਕੀ ਹਨ। ਬੈਂਕਾਂ ਵਿੱਚ ਲਾਕਰ ਵੱਖਰੇ ਮਿਲੇ ਨੇ ਜੋ ਖੋਲਣੇ ਬਾਕੀ ਹਨ। ਭਾਰਤ ਦੇ ਇੱਕ ਪਾਸੇ ਕਰੋੜਾਂ ਲੋਕਾਂ ਨੂੰ ਦੋ ਸਮੇਂ ਦੀ ਰੋਟੀ ਨਸੀਬ ਵੀ ਨਹੀਂ ਹੋ ਰਹੀ ਦੂਸਰੇ ਪਾਸੇ ਧਾਰਮਕ ਅਸਥਾਨਾਂ `ਤੇ ਧਨ ਦੇ ਢੇਰ ਲੱਗੇ ਹੋਏ ਦਿਸ ਰਹੇ ਹਨ। ਭਾਰਤ ਵਿੱਚ ਮੰਦਰਾਂ ਦੀ ਹੋਂਦ ਕੇਵਲ ਪੂਜਾ ਤੀਕ ਹੀ ਸੀਮਤ ਹੈ। ਮੰਦਰਾਂ ਵਿੱਚ ਪੱਥਰ ਦੀਆਂ ਬਣੀਆਂ ਹੋਈਆਂ ਮੂਰਤੀਆਂ ਨੂੰ ਪੁਜਾਰੀ ਨਿਤ ਧੂਫ ਬੱਤੀ ਦੇ ਕੇ ਲੋਕਾਂ ਨੂੰ ਪੂਰਾ ਪੂਰਾ ਭਰੋਸਾ ਦਿਵਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕੋਈ ਗੱਲ ਨਹੀਂ ਅੱਜ ਤੁਹਾਨੂੰ ਭਾਂਵੇਂ ਦੋ ਸਮੇਂ ਦੀ ਰੋਟੀ ਨਸੀਬ ਨਹੀ ਹੋ ਰਹੀ ਹੈ। ਪਰ ਜੇ ਕਰ ਤੁਸੀਂ ਅੱਜ ਪੱਥਰ ਦੇ ਭਗਵਾਨ ਦੀ ਮੇਰੇ ਕਹੇ ਅਨੁਸਾਰ ਪੂਜਾ ਕਰੋਗੇ ਤਾਂ ਮਰਨ ਉਪਰੰਤ ਤੁਹਾਨੂੰ ਸੁੱਖ ਸਹੂਲਤਾਂ ਮਿਲ ਸਕਦੀਆਂ ਹਨ। ਆਮ ਲੋਕਾਂ ਨੇ ਪੁਜਾਰੀ ਦੀ ਗੱਲ ਉੱਤੇ ਨਿਹਸਚਾ ਕਰ ਲਿਆ, ਤੇ ਖੂਬ ਇਸ ਦੀ ਪੂਜਾ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ। ਲੋਕਾਂ ਨੂੰ ਹੋਰ ਭਰਮਾਉਣ ਲਈ ਮੰਦਰਾਂ ਦੀ ਬਾਹਰਲੀ ਚਮਕ ਨੂੰ ਹੋਰ ਚਮਕਾਉਣਾ ਸ਼ੂਰੂ ਕਰ ਦਿੱਤਾ। ਲੋਕਾਂ ਸੋਚਿਆ ਵਾਕਿਆ ਹੀ ਭਗਵਾਨ ਬਹੁਤ ਉੱਚੇ ਅਸਥਾਨ `ਤੇ ਰਹਿੰਦਾ ਹੋਏਗਾ। ਪੱਥਰਾਂ ਨੂੰ ਤਰਾਸ਼ ਕੇ ਬਣਾਈਆਂ ਮੂਰਤਾਂ ਨੂੰ ਰੱਬ ਜੀ ਕਹਿਣਾ ਸ਼ੁਰੂ ਕਰ ਦਿੱਤਾ। ਭੋਲੇ ਲੋਕਾਂ ਨੇ ਆਪਣੀ ਹੋਣੀ ਸਵਾਰਣ ਲਈ ਪੁਜਾਰੀ ਨੂੰ ਰੱਬ ਦੇ ਨੇੜੇ ਸਮਝਦਿਆਂ ਹੋਇਆਂ ਉਹਦੀਆਂ ਜੇਬਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ।
ਵਿਕਸਤ ਮੁਲਕਾਂ ਵਿੱਚ ਜੇ ਕਦੇ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਉਹ ਨਵੇਂ ਸਿਰੇ ਤੋਂ ਸੋਚਣ ਲਈ ਮਜ਼ਬੂਰ ਹੁੰਦੇ ਹਨ ਕਿ ਦੁਰਘਟਨਾ ਕਿਉਂ ਵਾਪਰ ਗਈ। ਅੱਗੇ ਵਾਸਤੇ ਲੋਕ ਅਨਿਆਈਂ ਮੌਤੇ ਲੋਕ ਨਾ ਮਰਣ। ਪਰ ਜੇ ਏਹੀ ਦੁਰਘਨਾ ਸਾਡੇ ਮੁਲਕ ਵਿੱਚ ਵਾਪਰਦੀ ਹੈ ਤਾਂ ਝੱਟ ਪੁਜਾਰੀ ਅੱਗੇ ਆ ਕੇ ਕਹਿੰਦਾ ਹੈ ਕਿ ਏਥੇ ਬਹੁਤ ਪੱਕੀ ਜਗ੍ਹਾ ਸੀ ਜਿਸ ਕਰਕੇ ਇਹ ਭਿਆਨਕ ਦੁਰਘਟਨਾ ਵਾਪਰ ਗਈ ਹੈ। ਕੋਈ ਦੇਵੀ ਦੇਵਤਾ ਜ਼ਰੂਰ ਨਰਾਜ਼ ਹੋਇਆ ਹੋਏਗਾ। ਇਸ ਲਈ ਉਸ ਨੂੰ ਖੁਸ਼ ਕਰਨ ਲਈ ਆਓ ਸਾਰੇ ਰਲ਼ ਕੇ ਕੁੱਝ ਦਾਨ ਪੁੰਨ ਕਰ ਲਈਏ। ਸਿੱਖ ਸਭ ਤੋਂ ਪਹਿਲਾਂ ਅਖੰਡਪਾਠ ਕਰਾਉਣਗੇ ਤੇ ਹਿੰਦੂ ਵੀਰ ਜਗਰਾਤੇ ਦਾ ਪ੍ਰਬੰਧ ਕਰਨਗੇ।
ਭਾਰਤ ਦੇ ਮੰਦਰਾਂ ਦੀ ਤਰਜ਼ `ਤੇ ਗੁਰਦੁਆਰਿਆਂ ਵੀ ਰੂਪ ਰੇਖਾ ਵੀ ਇਹਨਾਂ ਵਰਗੀ ਹੀ ਹੋ ਗਈ ਹੈ। ਦਿਨ-ਬ-ਦਿਨ ਗੁਰਦੁਆਰਿਆਂ ਦੀ ਆਮਦਨ ਵਿੱਚ ਵਾਧਾ ਹੁੰਦਾ ਦਿਸਦਾ ਹੈ। ਗੁਰਦੁਆਰਿਆਂ ਨੂੰ ਧਰਮ ਦੇ ਪਰਚਾਰ ਲਈ ਵਰਤਣਾ ਸੀ ਪਰ ਇਹ ਕੇਵਲ ਧਨ ਇੱਕਠਾ ਕਰਨ ਭਾਵ ਕੁਬੇਰ ਦੇਵਤੇ ਤੀਕ ਹੀ ਸੀਮਤ ਹੋ ਕੇ ਰਹਿ ਗਏ ਹਨ। ਧਨ ਇਕੱਠਾ ਕਰਨ ਲਈ ਕਈ ਪ੍ਰਕਾਰ ਦੀਆਂ ਮਨਮਤਾਂ ਦਾ ਪਰਚਾਰ ਵੀ ਸ਼ੁਰੂ ਹੋ ਗਿਆ ਹੈ ਜੋ ਰੁਕਣ ਦਾ ਨਾਂ ਹੀ ਨਹੀਂ ਲੈਂਦਾ। ਪਿੱਛਲੇ ਸਮੇਂ ਵਿੱਚ ਇਹ ਨਾਹਰਾ ਮਾਰਿਆ ਗਿਆ ਕਿ ਦੇਖੋ ਜੀ ਸਾਡਾ ਘਰ ਤਾਂ ਭਾਵੇਂ ਕੱਚਾ ਹੀ ਹੋਵੇ ਪਰ ਗੁਰੂ ਜੀ ਦਾ ਘਰ ਜ਼ਰੂਰ ਪੱਕਾ ਹੋਣਾ ਚਾਹੀਦਾ। ਪੱਕੇ ਦੇ ਬਹਾਨੇ ਗੁਰਦੁਆਰਿਆਂ ਦੀਆਂ ਇਤਿਹਾਸਕ ਤੇ ਕੀਮਤੀ ਇਮਾਰਤਾਂ ਨੂੰ ਬਾਰ ਬਾਰ ਢਉਣਾ ਸ਼ੁਰੂ ਕਰ ਦਿੱਤਾ। ਬੜੀਆਂ ਬੜੀਆਂ ਮਜ਼ਬੂਤ ਇਮਾਰਤਾਂ ਨੂੰ ਢਉਣ ਲਈ ਹੈਵੀ ਮਸ਼ੀਨਰੀ ਨੂੰ ਵਰਤਿਆ ਗਿਆ ਹੈ। ਦੁਨੀਆਂ ਦੇ ਲੋਕ ਪੁਰਾਣੀਆਂ ਤੋਂ ਪੁਰਾਣੀਆਂ ਵਿਰਾਸਤ ਇਮਾਰਤਾਂ ਨੂੰ ਸਭੰਲਾਦੇ ਹਨ ਪਰ ਸਿੱਖਾਂ ਨੇ ਕਾਰ ਸੇਵਾ ਦੇ ਬਹਾਨੇ ਕੀਮਤੀ ਤੋਂ ਕੀਮਤੀ ਇਮਾਰਤਾਂ ਨੂੰ ਮਿੱਟੀ ਦੀ ਢੇਰੀ ਕਰਦਿਆ ਭੋਰਾ ਸਮਾਂ ਬਰਬਾਦ ਨਹੀਂ ਕੀਤਾ। ਕੌਮ ਦੇ ਕੀਮਤੀ ਸਰਾਮਏ ਨੂੰ ਜਿੱਥੇ ਮਾਰਬਲ਼ ਥੱਲੇ ਦਬਾ ਦਿੱਤਾ ਹੈ ਓੱਥੇ ਕੌਮ ਦਾ ਬੇਸ਼ੁਮਾਰ ਧਨ ਵੀ ਭੰਗ ਦੇ ਪਹਾੜੇ ਗਵਾ ਦਿੱਤਾ ਹੈ।
ਧਨ ਕੋਈ ਮਾੜੀ ਵਸਤੂ ਨਹੀਂ ਹੈ ਵੱਧ ਤੋਂ ਵੱਧ ਧਨ ਕਮਾਉਣਾ ਚਾਹੀਦਾ ਹੈ। ਪਰ ਜਿਹੜੇ ਢੰਗ ਤਰੀਕੇ ਅੱਜ ਗੁਰਦੁਆਰਿਆਂ ਵਿੱਚ ਅਪਨਾਏ ਜਾ ਰਹੇ ਹਨ ਜਾਂ ਜਿਸ ਰਸਤੇ `ਤੇ ਅੱਜ ਕੌਮ ਪੈ ਗਈ ਹੈ ਉਹ ਬਹੁਤ ਹੀ ਖ਼ਤਰਨਾਕ ਰੁਝਾਨ ਹੈ। ਪੰਥ ਪ੍ਰਵਾਨਤ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਉੱਚੇ ਅਸਥਾਨ `ਤੇ ਹੋਣਾ ਚਾਹੀਦਾ ਹੈ ਜੋ ਦੂਰੋਂ ਦਿਸੇ ਕਿ ਇਸ ਅਸਥਾਨ `ਤੇ ਗੁਰਦੁਆਰਾ ਹੈ। ਨਿਸ਼ਾਨ ਸਾਹਿਬ ਦਾ ਫਰਾ ਦੱਸਦਾ ਹੈ ਕਿ ਏੱਥੇ ਭੁੱਖੇ ਨੂੰ ਲੰਗਰ ਮਿਲੇਗਾ ਲੋੜਵੰਦ ਦੀ ਯੋਗ ਸਹਾਇਤਾ ਕੀਤੀ ਜਾਏਗੀ। ਜਗਿਆਸੂਆਂ ਲਈ ਆਤਮਕ ਸੂਝ ਦਾ ਕੇਂਦਰ ਹੈ। ਨੌਜਵਾਨਾਂ ਲਈ ਮੱਲ ਅਖਾੜਾ ਹੋਏਗਾ। ਬੱਚੀਆਂ ਲਈ ਸਿਖਲਾਈ ਕਢਾਈ ਦਾ ਵਧੀਆ ਕੇਂਦਰ ਹੋਵੇਗਾ। ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਰੱਖ ਕੇ ਅਸੀਂ ਜ਼ਮੀਨ ਦੇ ਤਲ਼ ਤੇ ਸੌ ਸੌ ਜਾਂ ਡੇਢ ਸੌ ਫੁੱਟ ਤਕ ਦੇ ਨਿਸ਼ਾਨ ਸਾਹਿਬ ਲਗਾ ਲਏ ਹਨ। ਇਹ ਕੋਈ ਮਾੜੀ ਗੱਲ ਨਹੀਂ ਸੀ ਪਰ ਇਸ ਦੇ ਨਤੀਜੇ ਜੋ ਨਿਕਲ ਰਹੇ ਹਨ ਉਹ ਸਿੱਖੀ ਸਿਧਾਂਤ ਅਨੁਸਾਰ ਨਹੀਂ ਹਨ। ਸੰਗਤ ਗੁਰਦੁਆਰੇ ਵਿੱਚ ਜਿਉਂ ਹੀ ਦਾਖਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਸ਼ੁਰੂ ਕਰ ਦੇਂਦੀ ਹੈ। ਚਲਾਕ ਬਿਰਤੀ ਦੇ ਪ੍ਰਬੰਧਕਾਂ ਨੇ ਦੇਖਿਆ ਕਿ ਇਹ ਤੇ ਬਹੁਤ ਵਧੀਆ ਨੁਕਤਾ ਮਿਲ ਗਿਆ ਹੈ ਕਿਉਂ ਨਾ ਸੰਗਤ ਦੀ ਭਾਵਨਾ ਨੂੰ ਕੈਸ਼ ਕੀਤਾ ਜਾਏ ਤੇ ਝੱਟ ਉਹਨਾਂ ਨੇ ਨਿਸ਼ਾਨ ਸਾਹਿਬ ਦੇ ਦੁਆਲ਼ੇ ਪਰਕਰਮਾਂ ਕਰਨ ਵਾਲਿਆਂ ਲਈ ਕੁਬੇਰ ਦੇਵਤੇ ਦਾ ਪ੍ਰਬੰਧ ਵੀ ਕਰ ਦਿੱਤਾ ਭਾਵ ਗੋਲਕ ਲਿਆ ਰੱਖੀ। ਫਿਰ ਲੰਗਰ ਹਾਲ ਵਿੱਚ ਇੱਕ ਹੋਰ ਗੋਲਕ ਰੱਖ ਦਿੱਤੀ। ਕੋਈ ਵੀ ਸ਼ਰਧਾਲੂ ਸੁੱਕਾ ਨਾ ਲੰਘ ਜਾਏ। ਕਿਤੇ ਨਾ ਕਿਤੇ ਕੋਈ ਨਾ ਕੋਈ ਕੁੱਝ ਗੋਲਕ ਵਿੱਚ ਪਾ ਹੀ ਜਾਏ ਤਾਂ ਚੰਗਾ ਹੈ। ਬੜਿਆ ਸਾਲਾਂ ਦੀ ਗੱਲ ਹੈ, ਮੈਨੂੰ ਕਿਸੇ ਦੋਸਤ ਦੇ ਨਾਲ ਨਦੇੜ ਜਾਣ ਦਾ ਮੌਕਾ ਮਿਲਿਆ। ਸਟੇਸ਼ਨ ਤੇ ਕਾਰ ਸੇਵਾ ਵਾਲੇ ਬਾਬਿਆਂ ਦੀਆਂ ਗੱਡੀਆਂ ਲੈਣ ਵਾਸਤੇ ਆਈਆਂ ਹੋਈਆਂ ਸਨ। ਗੁਰਦੁਆਰਾ ਹਜ਼ੂਰ ਸਾਹਿਬ ਦੀ ਗੱਡੀ ਵੀ ਲੈਣ ਆਈ ਹੋਈ ਸੀ। ਦੋ ਕੁ ਦਿਨ ਰਹਿਣ ਦਾ ਮੌਕਾ ਬਣਿਆ ਤਾਂ ਇੱਕ ਨਜ਼ਾਰ ਬੜਾ ਅਦਭੁੱਤ ਸੀ ਕਿ ਥਾਂ ਥਾਂ ਗੋਲਕਾਂ ਰੱਖੀਆਂ ਹੋਈਆਂ ਸਨ। ਹਰ ਸ਼ਰਧਾਲੂ ਹਰ ਗੋਲਕ ਵਿੱਚ ਕੁੱਝ ਨਾ ਕੁੱਝ ਪਾਈ ਜਾ ਰਿਹਾ ਸੀ। ਸ਼ਰਧਾ ਭਾਵਨਾ ਨਾਲ ਗਏ ਸ਼ਰਧਾਲੂਆਂ ਦੀ ਅਖੀਰ ਵਿੱਚ ਵੀ ਜੇਬ ਖਾਲੀ ਕਰਨ ਤੋਂ ਕਦੇ ਵੀ ਸਮਾਂ ਨਹੀਂ ਖੁੰਝਾਇਆ ਗਿਆ। ਕਾਰ ਸੇਵਾ ਵਾਲੇ ਬਾਬਿਆ ਦੀ ਗੱਡੀ ਸਟੇਸ਼ਨ ਦੇ ਯਤਾਰੂਆਂ ਨੂੰ ਉਤਾਰ ਰਹੀ ਸੀ, ਨਾਲ ਹੀ ਲੰਮੀ ਝੱਗੀ ਵਾਲਾ ਬਾਬਾ ਕਹੀ ਜਾ ਰਿਹਾ ਸੀ ਭਈ ਕਾਰ ਸੇਵਾ ਚੱਲ ਰਹੀ ਹੈ, ਆਪਣਾ ਹਿੱਸਾ ਜ਼ਰੂਰ ਪਾਇਆ ਜੇ, ਮੁੜ ਕੇ ਪਤਾ ਨਹੀਂ ਤੁਸਾਂ ਆਉਣਾ ਹੈ ਕਿ ਨਹੀਂ। ਵਿਚਾਰਾ ਸ਼ਰਧਾਲੂ ਆਪਣੇ ਖਰਚੇ ਨੂੰ ਵੇਖਦਾ ਹੋਇਆ ਰਹਿੰਦੇ ਪੈਸੇ ਵੀ ਓੱਥੇ ਢੇਰੀ ਕਰ ਦੇਂਦਾ ਹੈ। ਥਾਂ ਥਾਂ ਰੱਖੀਆਂ ਗੋਲਕਾਂ ਵਿੱਚ ਯਾਤਰਾ ਤੇ ਆਇਆ ਸ਼ਰਧਾਲੂ ਆਪਣੀ ਆਪਣੀ ਵਿਤ ਅਨੁਸਾਰ ਯਥਾ ਸ਼ਕਤ ਜੇਬਾਂ ਖਾਲੀ ਕਰਦਾ ਰਿਹਾ ਸੀ ਪਰ ਸਟੇਸ਼ਨ ਤੇ ਵਾਪਸੀ ਵੇਲੇ ਵੀ ਬਾਬਿਆ ਨੇ ਰਤਾ ਸੰਕੋਚ ਨਹੀਂ ਕੀਤਾ। ਵਿਚਾਰੇ ਸ਼ਰਧਾਲੂ ਓੱਥੇ ਵੀ ਆਪਣੀ ਜੇਬਾਂ ਖਾਲੀ ਕਰਦੇ ਦੇਖੇ ਗਏ।
ਦੇਖਿਆ ਜਾਏ ਤਾਂ ਗੁਰਦੁਅਰਿਆਂ ਵਿੱਚ ਪੈਸਿਆ ਦੇ ਏੰਨੇ ਅੰਬਾਰ ਲੱਗੇ ਹੋਏ ਹਨ ਕਿ ਪ੍ਰਬੰਧਕਾਂ ਨੂੰ ਕੁੱਝ ਸੁੱਝ ਹੀ ਨਹੀਂ ਰਿਹਾ ਕਿ ਅਸੀਂ ਇਹਨਾਂ ਪੈਸਿਆ ਦੀ ਵਰਤੋਂ ਕਿਵੇਂ ਕਰਨੀ ਹੈ। ਜਿਹੜਾ ਪ੍ਰਬੰਧਕ ਵੀ ਆਉਂਦਾ ਹੈ ਉਹ ਆਪਣੀ ਅਣਪੜਤਾ ਦਾ ਪੂਰਾ ਦਿਖਾਵਾ ਕਰਦਿਆਂ, ਪਹਿਲੀ ਬਣੀ ਇਮਾਰਤ ਨੂੰ ਪੂਰੀ ਤਰ੍ਹਾਂ ਢਾਹ ਕੇ ਨਵੀਂ ਦਾ ਨੀਂਹ ਪੱਥਰ ਰੱਖਣ ਲਈ ਤਿਆਰ ਖੜਾ ਹੁੰਦਾ ਹੈ। ਦੁਨੀਆਂ ਵਿੱਚ ਕੋਈ ਅਜੇਹਾ ਗੁਰਦੁਆਰਾ ਨਹੀਂ ਹੈ ਜੋ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਹੋਵੇ। ਕਿਤੇ ਪੱਥਰ ਲੱਗ ਰਿਹਾ ਹੈ ਤੇ ਕਿਤੇ ਪੱਥਰ ਲਾਹਿਆ ਜਾ ਰਿਹਾ ਹੈ। ਤਸਵੀਰ ਦੇ ਦੂਸਰੇ ਪਾਸੇ ਸਿੱਖ ਕੌਮ ਦੇ ਉਹ ਪਰਵਾਰ ਵੀ ਹਨ ਜੋ ਕਦੇ ਕਾਰ ਸੇਵਾ ਵਾਲੇ ਬਾਬਿਆਂ ਦੀ ਦਿਲ ਖੋਹਲ ਕੇ ਸੇਵਾ ਕਰਦੇ ਸਨ ਪਰ ਅੱਜ ਉਹਨਾਂ ਦੀ ਕੋਈ ਮਜ਼ਬੂਰੀ ਬਣ ਗਈ ਹੈ ਤਾ ਕਦੇ ਕਿਸੇ ਕਾਰ ਸੇਵਾ ਵਾਲੇ ਬਾਬੇ ਨੇ ਲੋੜਵੰਦ ਪਰਵਾਰ ਦੀ ਬਾਂਹ ਨਹੀਂ ਫੜੀ।
ਸਿਆਣਿਆਂ ਦਾ ਕਥਨ ਹੈ ਕਿ ਅਕਲਾਂ ਬਾਝੋਂ ਖੂਹ ਖਾਲੀ ਹੁੰਦੇ ਹਨ। ਸਾਡੇ ਗੁਰਦੁਆਰਿਆਂ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੈ। ਕਮੀ ਹੈ ਤਾਂ ਕੇਵਲ ਗੁਰਮਤ ਸੂਝ ਦੀ ਕਮੀ ਹੈ। ਨਾਂ ਤਾਂ ਅੱਜ ਤੀਕ ਕਮਾਂਤਰੀ ਪੱਧਰ ਦੀ ਕੋਈ ਅਖ਼ਬਾਰ ਕੱਢ ਸਕੇ ਹਾਂ ਤੇ ਨਾ ਕੋਈ ਅੰਤਰਰਾਸ਼ਟਰੀ ਪੱਧਰ ਦਾ ਮੀਡੀਆ ਸਥਾਪਤ ਕਰ ਸਕੇ ਹਾਂ। ਦੁਨੀਆਂ ਵਿੱਚ ਮੁਕਾਬਲੇ ਦੇ ਪਰਚਾਰਕ ਪੈਦਾ ਕਰਨ ਤੋਂ ਵੀ ਅਸੀਂ ਅਸਮਰੱਥ ਰਹੇ ਹਾਂ। ਬਾਬਾ ਸਭਿਆਚਾਰ ਨੇ ਕੌਮੀ ਪੈਸੇ ਦਾ ਫਾਇਦਾ ਲੈਂਦਿਆ ਆਪਣੇ ਮਰ ਚੁੱਕੇ ਸਾਧਾਂ ਦੇ ਨਾਂ `ਤੇ ਜਾਂ ਉਹਨਾਂ ਦੁਆਰਾ ਪਰਚਾਰੇ ਬ੍ਰਹਾਮਣੀ ਕਰਮ ਕਾਂਡ ਵਾਲੇ ਸਕੂਲ ਜ਼ਰੂਰ ਖੋਹਲੇ ਹਨ ਜੋ ਸਿੱਖ ਸਿਧਾਂਤ ਦਾ ਪਰਚਾਰ ਕਰਨ ਦੀ ਥਾਂ `ਤੇ ਸਿੱਖ ਸਿਧਾਂਤ ਨੂੰ ਪੁੱਠਾ ਗੇੜਾ ਦੇ ਰਹੇ ਹਨ।
ਪਿੱਛੇ ਜਹੇ ਇੱਕ ਗੁਰਦੁਆਰਾ ਸਾਹਿਬ ਵਿਖੇ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਓੱਥੇ ਨਗਰ ਕੀਰਤਨ ਨਿਕਲਣਾ ਸੀ। ਕੁੱਝ ਨੌਜਵਾਨਾਂ ਦੀ ਬਹੁਤ ਹੀ ਸ਼ਰਧਾ ਦੇਖੀ ਗਈ ਉਹਨਾਂ ਨੇ ਲੱਗ ਪਗ ਵੀਹ ਹਜ਼ਾਰ ਦੇ ਫੁੱਲ ਸੜਕ `ਤੇ ਹੀ ਖਿਲਾਰ ਦਿੱਤੇ ਕਿ ਏੱਥੋਂ ਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੰਘਣ ਤੋਂ ਪਹਿਲਾਂ ਬੈਂਡ ਵਾਜਿਆ ਵਾਲੇ ਲੰਘ ਗਏ ਤੇ ਸਾਰੇ ਫੁੱਲ ਇੱਕ ਦੂੰ ਮਿੰਟਾਂ ਵਿੱਚ ਹੀ ਖਰਾਬ ਕਰ ਦਿੱਤੇ ਹੁਣ ਦੱਸਿਆ ਜਾਏ ਕਿ ਅਜੇਹੇ ਖਰਚੇ ਪੈਸਿਆ ਦਾ ਕੌਮ ਨੂੰ ਕੀ ਲਾਭ ਹੋਇਆ?
ਧਾਰਮਕ ਅਸਥਾਨਾਂ ਦੇ ਧਨ ਨੂੰ ਆਤਸ਼ਬਾਜ਼ੀਆਂ ਵਿੱਚ ਗਵਾਇਆ ਜਾ ਰਿਹਾ ਹੈ। ਟੈਂਟਾਂ ਦੇ ਖਰਚਿਆਂ ਵਿੱਚ ਬਰਬਾਦ ਕੀਤਾ ਜਾ ਰਿਹਾ ਹੈ। ਲੰਗਰਾਂ ਦੀਆਂ ਕਿਸਮਾਂ `ਤੇ ਹੀ ਗੁਰਦੁਆਰਿਆਂ ਦਾ ਧਨ ਰੋੜਿਆ ਜਾ ਰਿਹਾ ਹੈ।
ਕਨੇਡਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਲੰਗਰ ਛੱਕ ਰਹੇ ਸਾਂ ਤਾਂ ਉਸ ਸਮੇ ਦੋ ਗੋਰੇ ਵਕੀਲ ਆਏ। ਮੈਂ ਸੋਚਿਆ ਇਹ ਸ਼ਾਇਦ ਗੁਰਦੁਆਰੇ ਨੂੰ ਦੇਖਣ ਆਏ ਹਨ ਜਾਂ ਪ੍ਰਬੰਧਕਾਂ ਨਾਲ ਕੋਈ ਕੰਮ ਹੋਏਗਾ। ਮੈਂ ਨਾਲ ਬੈਠੇ ਵੀਰ ਨੂੰ ਪੁੱਛਿਆ ਇਹ ਗੋਰੇ ਕਿਵੇਂ ਆਏ ਹਨ। ਉਹਨੇ ਉੱਤਰ ਦਿੱਤਾ ਜੋ ਬੜਾ ਹੀ ਦਿਲ ਨੂੰ ਹਿਲਾ ਦੇਣ ਵਾਲਾ ਸੀ। ਕਹਿੰਦਾ ਪਿੱਛਲੇ ਸਾਲ ਨਵੀਂ ਕਮੇਟੀ ਬਣਨੀ ਸੀ। ਇਹਨਾਂ ਦੀ ਅਦਾਲਤ ਵਲੋਂ ਡਿਉਟੀ ਲੱਗੀ ਹੋਈ ਸੀ, ਜਨੀ ਕੇ ਇਹ ਰਸੀਵਰ ਸਨ ਇਹਨਾਂ ਦੀ ਦੇਖ ਰੇਖ ਹੇਠ ਸਿੱਖਾਂ ਨੇ ਗੁਰਦੁਆਰੇ ਦੇ ਪ੍ਰਬੰਧ ਲਈ ਪ੍ਰਬੰਧਕ ਚੁਣਨੇ ਸਨ। ਇਹਨਾਂ ਨੂੰ ਵੀਹ ਵੀਹ ਹਜ਼ਾਰ ਡਾਲਰ ਸਿੱਖਾਂ ਦੇ ਗੁਰਦੁਆਰੇ ਦੀ ਚੋਣ ਕਰਾਉਣ ਦਾ ਹੀ ਮਿਲਿਆ ਸੀ। ਜੋ ਗੋਲਕ ਵਿਚੋਂ ਗਿਆ ਸੀ। ਹੁਣ ਇਹ ਪੁੱਛਣ ਆਏ ਹਨ ਕਿ ਹੁਣ ਤੁਸਾਂ ਹੁਣ ਕਦੋਂ ਖੇਹ ਉਡਾਉਣੀ ਹੈ ਭਾਵ ਤੁਹਡੀ ਚੋਣ ਕਦੋਂ ਹੋਣੀ ਹੈ। ਕੋਲ ਬੈਠੇ ਇੱਕ ਵੀਰ ਨੇ ਕਿਹਾ ਕਿ ਜੇ ਗੁਰਦੁਆਰੇ ਵਿਚੋਂ ਗੋਲਕ ਚੁੱਕ ਦਿੱਤੀ ਜਾਏ ਤਾਂ ਸਾਰੇ ਝਗੜੇ ਹੀ ਖਤਮ ਹੋ ਜਾਣਗੇ।
ਬਹੁਤ ਘੱਟ ਗੁਰਦੁਆਰੇ ਹਨ ਜਿੰਨ੍ਹਾਂ ਨੇ ਗੋਲਕ ਦੇ ਪੈਸਿਆਂ ਦਾ ਸਹੀ ਇਸਤੇਮਾਲ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਇੱਕ ਪ੍ਰਕਾਸ਼ ਹੀ ਹੈ ਕਰਮ ਸਾਰੇ ਕੁਬੇਰ ਦੇਵਤੇ ਨੂੰ ਖੁਸ਼ ਕਰਨ ਲਈ ਹੀ ਕੀਤੇ ਜਾ ਰਹੇ ਹਨ। ਕੀ ਮਿਜਾਲ ਹੈ ਜੇ ਕਿਤੇ ਕੁਬੇਰ ਦੇਵਤੇ ਦੇ ਹੁੰਦਿਆ ਗੁਰਮਤ ਸਿਧਾਂਤ ਦੀ ਗੱਲ ਕੀਤੀ ਜਾਏ। ਹਰ ਗੁਰਦੁਆਰੇ ਵਿੱਚ ਕੁਬੇਰ ਦੇਵਤੇ ਨੂੰ ਖੁਸ਼ ਕੀਤਾ ਜਾ ਰਿਹਾ ਹੈ।




.