ਅਖੌਤੀ ਸਜਿਧਾਰੀ ਨਹੀਂ, ਗੁਰੂ ਜੀ ਦੇ ਸਿੱਖ ਬਣੋ।
ਰਾਮ ਸਿੰਘ, ਗ੍ਰੇਵਜ਼ੈਡ
ਬਹੁਤ ਸਾਰੇ ਭੁੱਲੜ ਸੱਜਣਾਂ ਨੇ “ਸਜਿਧਾਰੀ ਸਿੱਖ” ਜੈਸਾ ਨਿਰਮੂਲ ਸ਼ਬਦ ਇਸ ਲਈ ਘੜ ਲਿਆ ਹੈ ਕਿ
“ਅਸੀਂ ਸਿੱਖਾਂ ਦੇ ਘਰ ਪੈਦਾ ਹੋਏ ਹਾਂ ਤੇ ਅਪਣੇ ਨਾਵਾਂ ਨਾਲ ਸਿੰਘ ਤੇ ਕੌਰ ਦੀ ਵਰਤੋਂ ਕਰਦੇ
ਹਾਂ”। ਕਿੰਨਾਂ ਅਗਿਆਨਤਾ ਭਰਿਆ ਖਿਆਲ ਇਹ ਲੋਕ ਅਪਣੇ ਮਨਾਂ ਵਿੱਚ ਵਸਾਈ ਫਿਰਦੇ ਹਨ! ਗੁਰੂ ਨਾਨਕ
ਸਾਹਿਬ ਜੀ ਨੇ ਜਦ “ਨਿਰਾਲੇ ਪੰਥ ਸਿੱਖੀ” ਦੀ ਨੀਂਹ ਰੱਖੀ ਤਦ ਇੱਸ ਨੂੰ ਚੰਗੀ ਤਰਾਂ ਨਵੇਕਲਾ ਤੇ
ਨਿਰਾਲਾ ਰੱਖਣ ਲਈ ਸਿਰਫ ਕਹਿਣੀ ਰਾਹੀਂ ਹੀ ਨਹੀਂ ਉਸਨੂੰ ਅਮਲੀ ਮਿਸਾਲਾਂ ਰਾਹੀਂ ਪੱਕੇ ਪੈਰਾਂ ਤੇ
ਕਰਨ ਦੇ ਨਾਲ ਸਿੱਖ ਪੰਥ ਲਈ ਭੀ ਸਦੀਵੀ ਸੇਧ ਲੈਣ ਲਈ ਗੁਰਬਾਣੀ ਵਿੱਚ ਅੰਕਤ ਕਰਕੇ ਜੁਗੋ ਜੁਗ ਅਟੱਲ
ਵਿਧਾਨ ਦੇ ਰੂਪ ਵਿੱਚ ਦੁਨਿਆਵੀ ਕਚਹਿਰੀਆਂ ਅਤੇ ਕਨੂੰਨ ਘੜਨ-ਸਭਾਵਾਂ ਨਾਲੋਂ ਵੀ ਉਚੀ ਤੇ ਸੁੱਚੀ ਦੇ
ਰੂਪ ਵਿੱਚ ਥਾਪ ਦਿੱਤਾ। ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਐਸੇ ਨਿਰਾਲੇ ਪੰਥ ਵਿੱਚ ਹੀ ਪੈਦਾ
ਹੋਏ ਸਨ। ਦੁਨਿਆਵੀ ਕਚਹਿਰੀਆਂ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਇਨ੍ਹਾਂ ਨੂੰ ਹੀ ਗੁਰ ਗੱਦੀ
ਦੇ ਵਾਰਸ ਕਹਿਣਾਂ ਸੀ। ਪਰ ਗੁਰ ਨਾਨਕ ਜੋਤ ਵਲੋਂ ਸਿਰਜੇ ਨਿਰਾਲੇ ਪੰਥ ਦੀ ਸੋਚ
“ਸੋ ਸਿਖ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿੱਚ ਆਵੈ॥ ਆਪਣੇ
ਭਾਣੇ ਜੋ ਚਲੇ ਭਾਈ ਵਿਛੁੜਿ ਚੋਟਾ ਖਾਵੈ॥” (ਅੰਗ ੬੦੧/੨) ਅਤੇ “ਹੁਕਮ ਰਜ਼ਾਈ” ਅਨੁਸਾਰ ਨਾ
ਚੱਲ ਸਕਣ ਕਰਕੇ, ਇਨ੍ਹਾਂ ਨੂੰ ਨਿਰਾਲੇ ਪੰਥਕ ਦਾਇਰੇ ਵਿੱਚੋਂ ਵੱਖ ਕਰਕੇ ਪੰਥਕ ਪਰਬੰਧ ਵਿੱਚ ਕਿਸੇ
ਤਰਾਂ ਦਾ ਦਖਲ ਦੇਣ, ਹਾਂ ਜੀ ਕਿਸੇ ਤਰਾਂ ਦਾ ਦਖਲ ਦੇਣ, ਤੋਂ ਸਦਾ ਲਈ ਦੂਰ ਕਰ ਦਿੱਤਾ, ਤਾਕਿ
ਨਿਰਾਲੇ ਪੰਥ ਦਾ ਨਿਰਾਲਾਪਨ ਧੁੰਦਲਾ ਨਾ ਹੋ ਜਾਏ। ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਨੇ ਤਾ ਇਸ
ਦਾ ਕੋਈ ਵਿਰੋਧ ਨਾ ਕੀਤਾ, ਜਦ ਨਿਰਾਲੇ ਪੰਥ ਨੂੰ ਨਿਰਾਲਾ ਹੀ ਰੱਖਣ ਲਈ ਸ੍ਰੀ ਗੁਰੂ ਨਾਨਕ ਸਾਹਿਬ
ਜੀ ਨੇ ਉਨ੍ਹਾਂ ਦੋਹਾਂ ਦੀ ਥਾਂ ਯੋਗ ਵਿਅਕਤੀ ਬਾਬਾ ਲਹਿਣਾ ਜੀ ਵਿੱਚ ਨਿਰਾਲੀ ਜੋਤ ਧਰ ਕੇ ਸ੍ਰੀ
ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਨਿਰਾਲੇ ਪੰਥ ਦਾ ਯੋਗ ਗੁਰੂ ਥਾਪ ਦਿੱਤਾ।
ਪਰ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅਪਣੇ ਪੁਤਰਾਂ ਬਾਬਾ ਦਾਸੂ ਤੇ ਬਾਬਾ ਦਾਤੂ ਜੀ ਨੂੰ ਇਸ
ਨਿਰਾਲੇ ਪੰਥ ਦੀ ਠੀਕ ਅਗਵਾਈ ਕਰ ਸਕਣ ਦੇ ਯੋਗ ਨਾ ਸਮਝ ਕੇ ਬਾਬਾ ਅਮਰ ਦਾਸ ਜੀ ਨੂੰ ਅਗਵਾਈ ਦੇ ਯੋਗ
ਸਮਝ ਕੇ ਨਿਰਾਲੀ ਜੋਤ ਉਨ੍ਹਾਂ ਵਿੱਚ ਰੱਖ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਥਾਪ ਦਿੱਤਾ,
ਇਥੋਂ ਸਿੱਧੇ ਰੂਪ ਵਿੱਚ (ਅੱਜ ਦੇ ਅਖੌਤੀ ਸਹਿਜਧਾਰੀਆਂ ਵਾਂਗ) ਵਿਰੋਧਤਾ ਸ਼ੁਰੂ ਹੋ ਗਈ। ਇਹ
ਵਿਰੋਧਤਾ ਬੜੇ ਕਰੂਪ ਰੂਪਾਂ ਵਿੱਚ ਗੁਰੂ ਕਾਲ ਦੌਰਾਨ ਧੀਰਮਲ ਤੱਕ ਚਲਦੀ ਰਹੀ ਅਤੇ ਉਸਤੋਂ ਬਾਅਦ ਕਈ
ਰੂਪ ਧਾਰ ਕੇ ਬੜੇ ਜ਼ੋਰ ਸ਼ੋਰ ਨਾਲ ਚਲਦੀ ਆ ਰਹੀ ਹੈ, ਜਿਨ੍ਹਾਂ ਵਿੱਚੋਂ ਇਹ ਅਖੌਤੀ ਸਹਿਜਧਾਰੀ ਹਨ।
ਜਦ ਕਿ ਪ੍ਰਿਥੀਆ, ਧੀਰਮਲ ਆਦਿ ਗੁਰੂ ਬਣ ਕੇ ਇਸ ਨਿਆਰੇ ਪੰਥ ਨੂੰ ਗੰਧਲਾ ਤੇ ਧੁੰਦਲਾ ਕਰਨ ਦੀ ਤਾਕ
ਵਿੱਚ ਸਨ, ਅੱਜ ਦੇ ਇਹ ਅਖੌਤੀ ਸਹਿਜਧਾਰੀ ਵੋਟ ਦਾ ਹੱਕ ਲੈ ਕੇ ਨਿਰਾਲੇ ਪੰਥ ਦੇ ਪ੍ਰਬੰਧ ਵਿੱਚ ਦਖਲ
ਦੇ ਕੇ ਪੰਥ ਦੀ ਨਿਰਾਲੀ ਮਰਯਾਦਾ ਨੂੰ ਧੁੰਦਲਾ ਹੀ ਨਹੀਂ ਬ੍ਰਾਹਮਣਵਾਦੀ ਬਣਾ ਦੇਣਾ ਚਾਹੁੰਦੇ ਹਨ।
ਕੀ ਕਦੇ ਇਨ੍ਹਾਂ ਨੇ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਿੱਖੀ ਵਿਧਾਨ, ਭਾਵ ਜੁਗੋ ਜੁਗ ਅਟੱਲ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਦੀ ਕੀ ਪ੍ਰਭਾਸ਼ਾ ਦਿੰਦੇ ਹਨ ਅਤੇ ਸਿੱਖ ਦੀ ਕੀ ਜੀਵਨ ਚਾਲ
ਹੋਣੀ ਚਾਹੀਦੀ ਹੈ?
ਇਸ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਇਨ੍ਹਾਂ ਭੱਦਰ ਪੁਰਸ਼ਾਂ ਵਲੋਂ ਜੋ ਇਹ ਕਿਹਾ ਜਾਂਦਾ ਹੈ ਕਿ ਇਹ
ਸਹਿਜੇ ਸਹਿਜੇ ਸਿੱਖ ਸਜ ਜਾਣਗੇ ਬਾਰੇ ਗਹੁ ਨਾਲ ਦੇਖਣਾ ਜ਼ਰੂਰੀ ਹੈ। ਮਿਸਟਰ ਰਾਣੂ ਜੋ ਇਨ੍ਹਾਂ ਵਲੋਂ
ਸੱਭ ਤੋਂ ਮੋਹਰੇ ਹੋ ਕੇ ਵੋਟ ਦੇ ਹੱਕ ਲਈ ਰੌਲਾ ਪਾ ਰਿਹਾ ਹੈ ਉਸ ਵਲ ਹੀ ਦੇਖੋ, ਉਹ ੪੩/੪੪ ਸਾਲ ਦਾ
ਹੈ। ਚਲੋ ਉਸ ਦੇ ਪਹਿਲੇ ੨੦/੨੫ ਸਾਲ ਛੱਡ ਲਵੋ, ਕੀ ਉਸ ਤੋਂ ਬਾਅਦ ਦੇ ਲੱਗ ਭੱਗ ੨੦ ਸਾਲਾਂ ਵਿੱਚ
ਕਦੇ ਸੋਚਣ ਦਾ ਮੌਕਾ ਨਹੀਂ ਮਿਲਿਆ ਕਿ ਸਰਬੰਸ-ਦਾਨੀ ਦੀ ਉੱਚੀ ਸੁੱਚੀ ਸਿੱਖੀ, ਜਿੱਸ ਨੂੰ ਦੁਨਿਆਵੀ
ਰੂਪ ਵਿੱਚ ਅਪਨਾਉਣ ਲਈ ਅੰਮ੍ਰਿਤ ਦੇ ਦਾਤੇ, ਸਰਬੰਸ-ਦਾਨੀ ਨੂੰ ਆਪ ਗੋਡਿਆਂ ਭਾਰ ਹੋ ਕੇ ਪੰਜਾਂ
ਪਿਆਰਿਆਂ ਅੱਗੇ ਆਪ ਹੱਥ ਅੱਡਣੇ ਪਏ, ਇਹ ਇਸ ਦਾਤ ਨੂੰ ਪ੍ਰਾਪਤ ਕਰਕੇ ਗੁਰੂ ਦਾ ਸਿੱਖ ਸਜ ਜਾਵੇ। ਪਰ
ਜਿਸ ਦੇ ਮਨ ਵਿੱਚ ਛਲ ਹੋਵੇ ਉਸ ਨੂੰ ਹੁਜਤਾਂ ਹੀ ਸੁਝਦੀਆਂ ਹਨ ਜੋ ਇਹ ਲੋਕ ਕਰ ਰਹੇ ਹਨ। ਹੁੱਜਤਾਂ
ਛੱਡ ਕੇ ਸੱਭ ਤੋਂ ਵੱਡੇ ਸਤਿਗੁਰ ਨਾਨਕ, ਸ੍ਰਬੰਸ-ਦਾਨੀ ਦਸਮੇਸ਼ ਪਿਤਾ ਅਤੇ ਜੁਗੋ ਜੁਗ ਅਟੱਲ ਗੁਰੂ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਮਾਣੇ ਸਿੱਖ ਬਣ ਜਾਣਾ ਚਾਹੀਦਾ ਹੈ। ਇਸ ਤਰਾਂ ਕਰਨ ਨਾਲ ਪੰਥ
ਦੋਖੀਆਂ ਨੁੰ ਵੀ ਪੰਥ ਦੇ ਪ੍ਰਬੰਧ ਵਿੱਚ ਕਿਸੇ ਤਰਾਂ ਦਾ ਦਖਲ ਦੇਣ ਦਾ ਹੌਸਲਾ ਨਹੀਂ ਪਵੇਗਾ, ਇਹ ਤਾ
ਸਗੋਂ ਪੰਥ ਦੋਖੀਆਂ ਦਾ ਹੱਥ ਠੋਕਾ ਬਣ ਰਹੇ ਹਨ, ਇਨ੍ਹਾਂ ਨੂੰ ਸੁਚੇਤ ਹੋਣ ਦੀ ਲੋੜ ਹੈ।
ਹੁਣ ਸਿੱਖੀ ਵਿਧਾਨ ਅਤੇ ਉਸ ਅਨੁਸਾਰ ਬਣਾਈ ਸਿੱਖ ਰਹਿਤ ਮਰਯਾਦਾ ਅਨੁਸਾਰ ਦੇਖੀਏ ਕਿ ਸਿੱਖ ਕੌਣ
ਹੁੰਦਾ ਹੈ? ਸਿੱਖ ਰਹਿਤ ਮਰਯਾਦਾ ਅਨੁਸਾਰ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ ਉਤੇ ਨਿਸ਼ਚਾ
ਰੱਖੇ, ਦਸ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨੇ ਅਤੇ ਗੁਰਬਾਣੀ
ਦੇ ਉਪਦੇਸ਼ਾਂ ਤੋਂ ਸਿੱਖਿਆ ਲੈ ਕੇ ਉਸ ਅਨੁਸਾਰ ਆਪਣਾ ਜੀਵਨ ਢਾਲਣ ਦਾ ਪੂਰਾ ਪੂਰਾ ਯਤਨ ਕਰੇ। ਹਰ
ਇੱਕ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਖੰਡੇ ਬਾਟੇ ਦਾ ਅੰ੍ਰਿੰਤ ਛਕ
ਕੇ ਗੁਰੂ ਵਾਲਾ ਬਣਨਾ ਜ਼ਰੂਰੀ ਹੈ। ਇਹ ਭਲਾ ਕਿਉਂ? ਇਹ ਇਸ ਕਰਕੇ ਕਿ ਗੁਰੂ ਸਾਹਿਬ,
“ਸਤਿਗੁਰ ਬਾਝਹੁ ਗੁਰੁ ਨਹੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ॥” (ਅੰਗ
੪੩੫) ਅਨੁਸਾਰ ਕਿਸੇ ਨੂੰ ਨਿਗੁਰਾ ਰਹਿ ਕੇ ਹਮੇਸ਼ਾ ਖੱਜਲ-ਖੁਆਰ ਹੁੰਦਾ ਨਹੀਂ ਰਹਿਣ ਦੇਣਾ
ਚਾਹੁੰਦੇ। ਸੋ ਸਿੱਖ ਕੈਸਾ ਹੋਣਾ ਚਾਹੀਦਾ ਹੈ? ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ,
“ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥”
(ਅੰਗ ੩੦੫) ਗੁਰੂ ਸਾਹਿਬਾਨ ਨੇ ਸਿੱਖ ਦੀ ਰਹਿਣੀ ਤੇ ਖਾਸ ਜ਼ੋਰ ਦਿੱਤਾ ਹੈ। ਦਸਮੇਸ਼ ਪਿਤਾ
ਜੀ ਨੇ ਅਤਿ ਦੀ ਗਰੀਬੀ ਵਿੱਚ ਇੱਥੇ ਤੱਕ ਕਹਿ ਦਿੱਤਾ “ਰਹਿਣੀ ਰਹੈ ਸੋਈ ਸਿਖ ਮੇਰਾ॥ ਉਹ ਸਾਹਿਬ ਮੈ
ਉਸ ਕਾ ਚੇਰਾ॥” (ਰਹਿਤਨਾਮਾ ਭਾਈ ਦੇਸਾ ਸਿੰਘ ਜੀ) ਭਾਵ ਪੂਰਨ ਰਹਿਤ ਵਿੱਚ ਰਹਿਣ ਵਾਲੇ ਸਿੱਖ ਨੂੰ
ਗੁਰੂ ਜੀ ਆਪਣਾ ਮਾਲਿਕ ਅਤੇ ਆਪਣੇ ਆਪ ਨੂੰ ਉਸਦਾ ਸੇਵਕ ਆਖਦੇ ਹਨ। ਤਾਹੀਉਂ ਤਾਂ ਗੁਰੂ ਜੀ ਨੇ ਸਿੱਖ
ਦੀ ਰਹਿਤ ਨੂੰ ਸਿੱਖ ਨਾਲੋਂ ਵੀ ਵੱਧ ਪਿਆਰਾ ਕਿਹਾ ਹੈ, “ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ
ਨਾਹਿ॥” ਇਹ ਹੀ ਨਹੀਂ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਉਹ (ਭਾਵ ਸਿੱਖ)
ਗੁਰੂ ਜੀ ਨੂੰ ਬਿਨਾਂ ਕੇਸਾਂ ਤੇ ਸ਼ਸਤਰ ਤੋਂ ਦਰਸ਼ਨ ਨਾ ਦੇਵੇ। ਕਿਉਂਕਿ ਗੁਰੂ ਸਾਹਿਬ ਐਸੇ ਸਿੱਖ ਨੂੰ
ਨਿਰਾ ਭੇਡ ਸਮਝਦੇ ਹਨ, ਜਿਸਨੂੰ ਕੋਈ ਭੀ ਕੰਨੋਂ ਫੜ ਕੇ ਕਿਸੇ ਪਾਸੇ ਵੀ ਲੈ ਜਾ ਸਕਦਾ ਹੈ। ਇਸ ਕਰਕੇ
ਇਹ ਜ਼ਰੂਰੀ ਹੈ ਕਿ ਸਿੱਖ ਗੁਰੂ ਨੂੰ ਸਿਰਫ ਗੁਰੂ ਮੰਨਣ ਤੱਕ ਹੀ ਨਾ ਰਹੇ ਗੁਰੂ ਦੀ ਮੰਨੇ ਤਾਂ ਹੀ ਉਹ
ਸਿੱਖ ਹੈ, ਨਹੀਂ ਤਾਂ ਉਹ ਮਨਮੁਖ ਹੀ ਹੈ ਤੇ ਗੁਰੂ ਜੀ ਦੀ ਮੰਨਣ ਦੇ ਥਾਂ ਮਨ ਦੀਆਂ ਕਾਢਾਂ ਨੂੰ ਹੀ
ਸਹੀ ਸਮਝਦਾ ਹੈ, ਜਿਵੇਂ ਬੇਸੁਰਾ ਬਾਂਸ ਹੁੰਦਾ ਹੈ ਤੇ ਆਪਣਾ ਆਪ ਗੁਰੂ ਨੂੰ ਸਮ੍ਰਪਣ ਕਰਕੇ ਬਾਂਸਰੀ
ਦੀਆਂ ਮਧੁਰ ਸੁਰਾਂ ਦੇਣ ਵਾਲਾ ਨਹੀਂ ਬਣਨਾਂ ਚਾਹੁੰਦਾ, ਭਾਵ ਗੁਰੂ ਦਾ ਸਨਮੁਖ ਸਿੱਖ ਨਹੀਂ ਬਣਨਾਂ
ਚਾਹੁੰਦਾ।
ਸਨਮੁਖ ਸਿੱਖਾਂ ਦੀਆਂ ਪੁਰਾਣੀਆਂ ਮਹਾਨ ਸ਼ਹਾਦਤਾਂ ਤੇ ਪੰਥ ਨੂੰ ਮਹਾਨ ਦੇਣ ਨੂੰ ਵੱਖ ਰੱਖਕੇ ਜੇ
੧੯੨੦ ਵਿਆਂ ਦੀਆਂ ਗੁਰਦਵਾਰਿਆਂ ਨੂੰ ਭਰਿਸ਼ਟ ਮਹੰਤਾਂ ਤੋਂ ਅਜ਼ਾਦ ਕਰਵਾਉਣ ਦੀਆਂ ਸਾਰੀ ਦੁਨੀਆਂ ਨੂੰ
ਹੈਰਾਨ ਕਰਨ ਵਾਲੀਆਂ ਕੁਰਬਾਨੀਆਂ ਵਲ ਹੀ ਝਾਤ ਮਾਰੀਏ ਤਾਂ ਸਿੱਖੀ ਦੇ ਕੱਟੜ ਵਿਰੋਧੀਆਂ ਵਲੋਂ ਮਿਲੀ
ਸ਼ਾਬਾਸ਼ ਖਾਸ ਮਹੱਤਤਾ, ਉਸ ਤਰਾਂ ਰਖਦੀ ਹੈ ਜਿੱਸ ਤਰਾਂ ਅਹਿਮਦ ਸ਼ਾਹ ਅਬਦਾਲੀ ਨਾਲ ਆਏ, ਸਿੱਖਾਂ ਨੂੰ
ਕੁੱਤੇ ਕਹਿਣ ਵਾਲੇ ਕਾਜ਼ੀ ਨੂਰ ਮੁਹੰਮਦ ਵਲੋਂ ਸਿੱਖਾਂ ਦੀ ਬਹਾਦਰੀ ਦੀ ਦਿਲੋਂ ਕੀਤੀ ਪ੍ਰਸੰਸਾ
ਰੱਖਦੀ ਹੈ। ਮਹੰਤਾਂ ਅਤੇ ਸਰਕਾਰੀ ਪੰਜੇ ਚੋਂ ਗੁਰਦਵਾਰੇ ਆਜ਼ਾਦ ਕਰਵਾਏ ਜਾਣ ਤੇ ਜਿੱਥੇ ਮਿਸਟਰ ਕਰਮ
ਚੰਦ ਗਾਂਧੀ ਨੇ ਬਾਬਾ ਖੜਕ ਸਿੰਘ ਜੀ ਨੂੰ ਤਾਰ ਦੇ ਕੇ ਕਿਹਾ ਸੀ, “ਆਜ਼ਾਦੀ ਦੀ ਪਹਿਲੀ ਜੰਗ ਜਿੱਤੀ
ਗਈ ਹੈ, ਹੁਣ ਤੁਸੀਂ, ਸਿੱਖਾਂ ਨੇ ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਵੀ ਜਿੱਤਣੀ ਹੈ” ਉਸ ਹੀ ਸਮੇਂ
ਪੰਡਤ ਮਦਨ ਮੋਹਨ ਮਾਲਵੀਆ ਨੇ ਕਿਹਾ ਸੀ, “ਹਿੰਦੂਆਂ ਨੂੰ ਚਾਹੀਦਾ ਹੈ ਕਿ ਹਰ ਇੱਕ ਹਿੰਦੂ ਘਰ ਆਪਣੇ
ਵਿੱਚੋਂ ਇੱਕ ਨੌਜਵਾਨ ਮੁੰਡੇ ਨੂੰ ਸਿੱਖ ਸਜਾਵੇ”। ਕੀ ਮਿਸਟਰ ਰਾਣੂੰ ਵਰਗਾ? ਨਹੀਂ, ਨਹੀਂ, ਇਹ
ਭੱਦਰਪੁਰਸ਼, ਸਿਰਫ ਵੋਟ ਦਾ ਹੱਕ ਮੰਗਣ ਵਾਲੇ, ਉਨ੍ਹਾਂ ਬ੍ਰਾਹਮਣੀ ਸੋਚ ਵਾਲੇ ਕੁਟਲਨੀਤੀ ਦੇ ਮਾਹਰ
ਭੱਦਰਪੁਰਸ਼ਾਂ ਵਰਗੇ ਹਨ ਜੋ ਉਸ ੳੱਚੇ ਸੁੱਚੇ ਸਿੱਖੀ ਸਿਧਾਂਤ ਨੂੰ ਤਹਿਸ ਨਹਿਸ ਕਰਨਾ (ਜੜ੍ਹੋਂ
ਪੁੱਟਣਾ) ਚਾਹੁੰਦੇ ਹਨ ਜਿਸਨੂੰ, ਆਪਣੇ ਘਰ ਦੇ ਪੁੱਤਰਾਂ ਨੂੰ ਭੀ ਇਸ ਦੇ ਖਿਲਾਫ ਜਾਂਦਿਆਂ ਨੂੰ, ਇਸ
ਤੋਂ ਪਰੇ ਰੱਖ ਕੇ ਅਤੇ ਸ਼ਹੀਦੀਆਂ ਤੱਕ ਦੇ ਕੇ ਬਰਕਰਾਰ ਰੱਖਿਆ। ਮਿਸਟਰ ਰਾਣੂੰ ਵਰਗੇ ਆਪਣੇ ਆਪ ਨੂੰ
ਸਿੱਖਾਂ ਦੇ ਘਰ ਪੈਦਾ ਹੋਏ ਅਤੇ ਆਪਣੇ ਨਾਵਾਂ ਨਾਲ ਸਿੰਘ ਲਗਾਉਣ ਕਰਕੇ ਆਪਣੇ ਆਪ ਨੂੰ ਸਿੱਖ ਕਹਿਣ
ਵਾਲੇ ਉਨ੍ਹਾਂ ਸਿੱਖ ਸਿਧਾਂਤ ਨੂੰ ਨਾ ਮੰਨਣ ਵਾਲੇ ਪ੍ਰਿਥੀਏ, ਰਾਮ ਰਾਇ, ਧੀਰਮੱਲ ਆਦਿ ਵਰਗੇ ਹਨ,
ਜੋ ਜਦ ਤੱਕ ਸਿੱਖ ਸਿਧਾਂਤ ਅਨੁਸਾਰ ਆਪਣਾ ਜੀਵਨ ਢਾਲ ਕੇ ਸਿੱਖੀ ਰਹਿਣੀ ਨਹੀਂ ਅਪਨਾਉਂਦੇ ਆਪਣੇ ਆਪ
ਨੂੰ ਸਿੱਖ ਨਹੀਂ ਕਹਾ ਸਕਦੇ। ਇਨ੍ਹਾਂ ਨੂੰ ਸ਼ਾਇਦ ਮੁਖ ਮੰਤਰੀ ਦੇ ਸਲਾਹਕਾਰ ਡਾਕਟਰ ਦਲਜੀਤ ਸਿੰਘ ਜੀ
ਚੀਮਾ ਅਤੇ ਅੇਡਵੋਕੇਟ ਜਨਰਲ ਸਰਦਾਰ ਮੱਤੇਵਾਲ ਦੀ ਸ਼ਹਿ ਹੈ, ਜਿੱਸ ਬਾਰੇ ਪਰੋਫੈਸਰ ਡਾ. ਸੂਬਾ ਸਿੰਘ
ਜੀ ਵਲੋਂ ਸਿੱਖ ਚੈਨਲ ਤੇ ਭਾਈ ਸਾਹਿਬ ਅਵਤਾਰ ਸਿੰਘ ਜੀ ਵਲੋਂ ਸਹਿਜਧਾਰੀਆਂ ਸੰਬੰਧੀ ਪੁੱਛੇ ਸਵਾਲ
ਸਮੇਂ ਇਸ਼ਾਰਾ ਕੀਤਾ ਗਿਆ ਸੀ।
ਬਾਕੀ ਸਹਿਜਧਾਰੀ, ਸਿੱਖੀ ਵਿੱਚ ਸਿੱਖਾਂ ਦੇ ਘਰ ਜੰਮੇ ਪਰ ਸਿੱਖੀ ਸਿਧਾਂਤ ਅਨੁਸਾਰ ਨਾ ਚੱਲਣ
ਵਾਲਿਆਂ ਤੇ ਲਾਗੂ ਨਹੀਂ ਹੁੰਦਾ, ਸਹਿਜਧਾਰੀ ਉਨ੍ਹਾਂ ਨੂੰ ਕਿਹਾ ਗਿਆ ਹੈ ਜੋ ਸਿੱਖੀ ਘਰਾਨਿਆਂ ਵਿੱਚ
ਜੰਮੇ ਨਹੀਂ ਪਰ ਸਿੱਖੀ ਲਈ ਪਿਆਰ ਰੱਖਦੇ ਹਨ ਅਤੇ ਉਨ੍ਹਾਂ ਦੇ ਮਨ ਵਿੱਚ ਕਿਸੇ ਸਮੇਂ ਸਿੱਖ ਬਣਨ ਦੀ
ਤਾਂਘ ਹੈ। ਐਸੇ ਸਿੱਖੀ ਨਾਲ ਪਿਆਰ ਰੱਖਣ ਵਾਲਿਆਂ ਨੇ ਪੂਰਨ ਸਿੱਖ ਨਾ ਹੁੰਦਿਆਂ ਨੇ ਵੀ ਸਿੱਖੀ ਲਈ
ਵਧ ਚੜ੍ਹ ਕੇ ਕੁਰਬਾਨੀਆਂ ਕੀਤੀਆਂ, ਜਿਵੇਂ ਮੋਤੀ ਰਾਮ ਮਹਿਰਾ ਜੀ ਅਤੇ ਬਾਬਾ ਟੋਡਰ ਮੱਲ ਜੀ, ਅਤੇ
ਬਾਅਦ ਵਿੱਚ ਭਾਈ ਕੌੜਾ ਮੱਲ ਜੀ ਜਿਸ ਨੂੰ ਸਿੱਖ ਪਿਆਰ ਅਤੇ ਆਦਰ ਨਾਲ ਮਿੱਠਾ ਮੱਲ ਜੀ ਕਿਹਾ ਕਰਦੇ
ਸਨ।
ਵੋਟਾਂ ਦਾ ਹੱਕ ਮੰਗ ਕੇ ਬ੍ਰਾਹਮਣੀ ਸੋਚ ਵਾਲੀ ਸਿੱਖੀ ਵਿੱਚ ਦਖਲ ਦੇਣ ਦੀ ਵਿਚਾਰ ਛੱਡ ਕੇ ਮਨਮੁਖ
ਤੇ ਨਿਗੁਰੇ ਰਹਿਣ ਰਹਿਣ ਦੀ ਥਾਂ ਸਨਮੁਖ ਬਣ ਕੇ “ਸਤਿਗੁਰ ਕੈ ਜਨਮੈ
ਗਵਨੁ ਮਿਟਾਇਆ” (ਅੰਗ. ੯੪੦) ਵਾਲੇ ਬਣ ਜਾਣਾ ਚਾਹੀਦਾ ਹੈ ਅਤੇ “ਮਨਮੁਖਾਂ ਨੋ ਫਿਰ ਜਨਮ
ਹੈ” (ਆਸਾ ਦੀ ਵਾਰ) ਦੇ ਚੱਕਰ ਵਿੱਚ ਪੈਣ ਤੋਂ ਬਚਣ ਦਾ ਉਪਰਾਲਾ ਕਰਨਾ ਲਾਹੇਵੰਦ ਰਹੇਗਾ। ਕੀ ਮਿਸਟਰ
ਰਾਣੂੰ ਵਰਗਿਆਂ ਨੇ ਕਦੇ ਬੜੇ ਅਤੇ ਖਾਸ ਕਰਕੇ ਛੋਟੇ ਸਾਬਿਜ਼ਾਦਿਆਂ ਦੀਆਂ ਸ਼ਹੀਦੀਆਂ ਤੋਂ ਕਦੇ ਕੋਈ
ਸਬਕ ਸਿੱਖਣ ਦੀ ਕੋਸ਼ਿਸ਼ ਕੀਤੀ ਹੈ, ਕਿ ਜਿੱਸ ਵਿਚਾਰਧਾਰਾ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਨੇ
ਆਪਣੀਆਂ ਜਾਨਾਂ ਦੇ ਕੇ ਹੋਰ ਵੀ ਪੱਕੀਆਂ ਨੀਹਾਂ ਤੇ ਸਦਾ ਸਦਾ ਲਈ ਕਰ ਦਿੱਤਾ ਅਤੇ ਉਨ੍ਹਾਂ ਤੋਂ
ਪ੍ਰੇਰਨਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਪਕੜੇ ਗਏ ਸਿੱਖਾਂ ਵਿੱਚ ਇੱਕ ਸਿਰਫ ਚੌਦਾਂ
ਸਾਲ ਦੇ ਨੌਜਵਾਨ ਬੱਚੇ ਨੇ ਸੱਭ ਤੋਂ ਮੋਹਰੇ ਹੋ ਕੇ ਕੁਰਬਾਨੀ ਦੇ ਕੇ ਸਿੱਖੀ ਸਿਧਾਂਤ ਨੂੰ ਆਂਚ
ਨਹੀਂ ਆਉਣ ਦਿੱਤੀ? ਇਨ੍ਹਾਂ ਭੱਦਰਪੁਰਸ਼ਾਂ ਨੂੰ ਮਨਮੁਖ ਤੇ ਨਿਗੁਰੇ ਰੂਪ ਵਿੱਚ ਰਹਿ ਕੇ ਵੋਟ ਦਾ ਹੱਕ
ਲੈ ਕੇ ਨਿਰਾਲੀ ਸਿੱਖ ਵਿਚਾਰਧਾਰਾ ਦੇ ਪ੍ਰਬੰਧ ਵਿੱਚ ਦਖਲ ਦੇਣ ਵਾਲੀ ਕਮੀਨੀ ਸੋਚ ਨੂੰ ਛੱਡ ਕੇ
ਸਿੱਖ ਵਿਰੋਧੀ ਤਾਕਤਾਂ ਦਾ ਹੱਥ ਠੋਕਾ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਗੁਰੂ ਜੀ ਦੀਆਂ
ਖੁਸ਼ੀਆਂ ਦੇ ਪਾਤਰ ਬਣ ਜਾਣਾ ਚਾਹੀਦਾ ਹੈ।