ਅਸਲੀ ਧੜਾ
ਵਿਧਾਨ ਸਭਾ ਦੀਆਂ ਚੋਣਾਂ ਨੇ ਸਾਰਾ
ਪਿੰਡ ਦੋ ਧੜਿਆਂ ਵਿੱਚ ਵੰਡ ਦਿੱਤਾ ਸੀ। ਸਰਪੰਚ ਗੁਲਜ਼ਾਰਾ ਸਿੰਘ ਕਾਂਗਰਸੀ ਉਮੀਦਵਾਰ ਲਈ ਦਿਨ ਰਾਤ
ਇੱਕ ਕਰ ਰਿਹਾ ਸੀ ਅਤੇ ਦੂਸਰੇ ਪਾਸੇ ਨੰਬਰਦਾਰ ਕਸ਼ਮੀਰਾ ਸਿੰਘ ਆਪਣੇ ਹਿਮਾਇਤੀਆਂ ਨੂੰ ਨਾਲ ਲੈ ਕੇ
ਅਕਾਲੀ ਉਮੀਦਵਾਰ ਦੇ ਹੱਕ ਵਿੱਚ ਘਰੋ ਘਰੀ ਫ਼ਿਰ ਕੇ ਵੋਟਾਂ ਪੱਕੀਆਂ ਕਰ ਰਿਹਾ ਸੀ। ਇੱਕ ਪੜ੍ਹਿਆ
ਲਿਖਿਆ ਨੌਜਵਾਨ ਕੁੱਝ ਹੋਰ ਨੌਜਵਾਨਾਂ ਨੂੰ ਨਾਲ਼ ਲੈ ਕੇ ਪੀ. ਪੀ. ਪੀ. ਵਾਲ਼ਿਆਂ ਲਈ ਪ੍ਰਚਾਰ ਕਰ
ਰਿਹਾ ਸੀ। ਵਿਚੇ ਹੀ ਕੁੱਝ ਕੁ ਆਜ਼ਾਦ ਉਮੀਦਵਾਰ ਟਿੰਡ `ਚ ਕਾਨਾ ਖੜਕਾਈ ਜਾਂਦੇ ਸਨ। ਪਰ ਇਸ ਵਿਧਾਨ
ਸਭਾ ਹਲਕੇ ਵਿੱਚ ਅਸਲੀ ਮੁਕਾਬਲਾ ਕਾਂਗਰਸ ਅਤੇ ਅਕਾਲੀਆਂ ਵਿਚਕਾਰ ਹੀ ਸੀ।
ਦੋਨਾਂ ਧੜਿਆਂ ਦੇ ਹਿਮਾਇਤੀ ਕਈ ਵਾਰੀ ਇੱਕ ਦੂਜੇ ਨਾਲ ਗਾਲੀ-ਗਲੋਚ ਵੀ ਹੋ ਚੁੱਕੇ ਸਨ। ਸਾਰਾ ਪਿੰਡ
ਤ੍ਰਾਹ ਤ੍ਰਾਹ ਕਰ ਰਿਹਾ ਸੀ ਕਿ ਕਿਤੇ ਇਹ ਗਾਲੀ-ਗਲੋਚ ਲੜਾਈ ਝਗੜੇ ਦਾ ਰੂਪ ਨਾ ਧਾਰ ਲਵੇ। ਗ਼ਰੀਬ
ਲੋਕਾਂ ਦੀ ਜਾਨ ਬਾਹਲ਼ੀ ਹੀ ਸ਼ਿਕੰਜੇ ਵਿੱਚ ਫ਼ਸੀ ਹੋਈ ਸੀ। ਉਹਨਾਂ ਦੀਆਂ ਵੋਟਾਂ ਨੂੰ ਹਰੇਕ ਧਿਰ ਹੀ
ਆਪਣੀ ਜੇਬ ਵਿੱਚ ਸਮਝਦੀ ਸੀ। ਪਰ ਫ਼ਿਰ ਵੀ ਵੋਟਾਂ ਨੂੰ ਇੱਟ ਵਰਗੀਆਂ ਪੱਕੀਆਂ ਕਰਨ ਲਈ ਦੋਨੋਂ
ਉਮੀਦਵਾਰਾਂ ਦੇ ਏਜੰਟ ਸ਼ਰਾਬ, ਭੁੱਕੀ ਅਤੇ ਨੋਟਾਂ ਦੇ ਖੁੱਲ੍ਹੇ ਗੱਫੇ ਵਰਤਾ ਰਹੇ ਸਨ।
ਅਖਾਉਤੀ ਲੋਕ-ਰਾਜ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸਨ।
ਪਿੰਡ ਵਿੱਚ ਰੁਲਦੂ ਰਾਮ ਬਾਲਮੀਕੀਏ ਦੇ ਸਾਰੇ ਲਾਣੇ ਦੀਆਂ ਰਲਾ ਮਿਲਾ ਕੇ ਵੀਹਾਂ ਤੋਂ ਉਪਰ ਵੋਟਾਂ
ਸਨ। ਜੇ ਉਹਦੇ ਲਾਣੇ ਦੇ ਕਿਸੇ ਬੰਦੇ ਨੂੰ ਕੋਈ ਪੁੱਛਦਾ ਕਿ ਉਨ੍ਹਾਂ ਨੇ ਵੋਟਾਂ ਐਤਕੀਂ ਕਿਹਨੂੰ
ਪਾਉਣੀਆਂ ਹਨ ਤਾਂ ਉਹ ਅੱਗਿਉਂ ਜਵਾਬ ਦਿੰਦਾ “ਇਹ ਤਾਂ ਜੀ ਸਾਡੇ ਚੌਧਰੀ ਨੂੰ ਪਤਾ ਹੋਊ, ਜਿਥੇ ਉਹ
ਕਹੂ ਅਸੀਂ ਤਾਂ ਉਥੇ ਹੀ ਠੱਪਾ ਲਾ ਦੇਣੈ ਜੀ” ਪੁੱਛਣ ਵਾਲੇ ਦੇ ਲੜ ਪੱਲੇ ਕੁੱਝ ਨਾ ਪੈਂਦਾ। ਅਸਲ
ਵਿੱਚ ਰੁਲਦੂ ਰਾਮ ਨੇ ਹੀ ਆਪਣੇ ਬੰਦਿਆਂ ਨੂੰ ਪੱਕੇ ਕੀਤਾ ਹੋਇਆ ਸੀ ਕਿ ਉਹ ਕਿਸੇ ਨੂੰ ਵੀ ਦਿਲ ਦੀ
ਗੱਲ ਨਾ ਦੱਸਣ।
ਜਦੋਂ ਦਾ ਚੋਣ-ਬੁਖ਼ਾਰ ਗ਼ਰਮ ਹੋਇਆ ਸੀ, ਰੁਲਦੂ ਰਾਮ ਮਾਵੇ ਵਾਲੀ ਚਿੱਟੀ ਪੱਗ ਬੰਨ੍ਹੀਂ ਵਿਹੜੇ `ਚ
ਬੈਠਾ ਰਹਿੰਦਾ। ਦੋਨਾਂ ਹੀ ਉਮੀਦਵਾਰਾਂ ਦੇ ਏਜੰਟ ਉਹਦੀ ਹਾਜ਼ਰੀ ਭਰਦੇ। ਕਦੀ ਸ਼ਰਾਬ ਦੀਆਂ ਬੋਤਲਾਂ,
ਕਦੀ ਭੁੱਕੀ ਦਾ ਥੈਲਾ ਅਤੇ ਕਦੀ ਚਿੜੀ ਦੀ ਚੁੰਝ ਵਰਗੇ ਨਵੇਂ ਨਕੋਰ ਨੋਟ ਰੁਲਦੂ ਰਾਮ ਦੇ ਵਿਹੜੇ `ਚ
ਖੜਕਦੇ। ਹੁਣ ਤਾਂ ਸਗੋਂ ਦੋਨੋਂ ਉਮੀਦਵਾਰ ਵੀ ਵਾਰੀ ਵਾਰੀ ਰੁਲਦੂ ਰਾਮ ਦੇ ਗੋਡਿਆਂ ਨੂੰ ਹੱਥ ਲਾ ਗਏ
ਸਨ।
ਇੰਨਾ ਕੁੱਝ ਕਰਨ ਦੇ ਬਾਵਜੂਦ ਵੀ ਉਮੀਦਵਾਰਾਂ ਤੇ ਉਨ੍ਹਾਂ ਦੇ ਏਜੰਟਾਂ ਦਾ ਦਿਲ ਟਿਕਾਣੇ ਨਾ ਆਉਂਦਾ
ਤੇ ਉਹ ਬਾਹਰਲੇ ਦਰਵਾਜ਼ੇ ਤਾਈਂ ਉਹਨੂੰ ਪੱਕਾ ਕਰਦੇ ਜਾਂਦੇ ਕਿ ਵੋਟਾਂ ਉਨ੍ਹਾਂ ਦੀ ਪਾਰਟੀ ਨੂੰ ਹੀ
ਪੁਆਵੇ।
ਅੱਜ ਪਿੰਡ ਵਿੱਚ ਕੁੱਝ ਪੱਤਰਕਾਰ ਆਏ ਹੋਏ ਸਨ ਜੋ ਚੋਣ-ਬੁਖ਼ਾਰ ਦਾ ਜਾਇਜ਼ਾ ਲੈ ਰਹੇ ਸਨ। ਘੁੰਮਦੇ
ਘੁੰਮਾਉਂਦੇ ਉਹ ਰੁਲਦੂ ਰਾਮ ਦੇ ਵਿਹੜੇ ਵੀ ਜਾ ਪਹੁੰਚੇ। ਇੱਕ ਪੱਤਰਕਾਰ ਨੇ ਪੁੱਛਿਆ “ਚੌਧਰੀ ਜੀ,
ਕਿਹੜੇ ਧੜੇ ਦੀ ਮਦਦ ਕਰ ਰਹੇ ਹੋ ਐਤਕੀਂ?”
ਰੁਲਦੂ ਰਾਮ ਨੇ ਢਿੱਡ ਤੋਂ ਝੱਗਾ ਚੁੱਕਦਿਆਂ ਕਿਹਾ, “ਬਾਬੂ ਜੀ, ਜੇ ਸੱਚ ਪੁੱਛਦੇ ਹੋ ਤਾਂ ਸਾਡਾ
ਧੜਾ ਤਾਂ ਆਹ ਐ ਜੀ, ਪਹਿਲਾਂ ਇਹਦਾ ਫ਼ਿਕਰ ਐ, ਅਸੀਂ ਚਿੱਟੀਆਂ ਨੀਲੀਆਂ ਚੋਂ ਕੀ ਲੈਣੈ, ਇਨ੍ਹੀਂ
ਕਿਹੜਾ ਮੁੜ ਕੇ ਸਾਡੇ ਹੱਥ ਆਉਣੈ ਜੀ। ਆਪਣੀ ਲੋੜ ਨੂੰ ਬਾਪੂ ਕਹਿਣ ਆਉਂਦੇ ਐ” ਪੱਤਰਕਾਰ ਮੂੰਹ ਅੱਡੀ
ਰੁਲਦੂ ਰਾਮ ਦੇ ਮੂੰਹ ਵਲ ਵੇਖ਼ ਰਿਹਾ ਸੀ।
ਨੇੜੇ ਹੀ ਖੜ੍ਹਾ ਮਾਸਟਰ ਕੁੰਦਨ ਸਿੰਘ ਇੱਕ ਪੱਤਰਕਾਰ ਨੂੰ ਕਹਿਣ ਲਗਾ, “ਬਾਬੂ ਜੀ, ਰੁਲਦੂ ਰਾਮ ਦੇ
ਬਿਆਨ ਬਾਹਰਲੇ ਮੁਲਕਾਂ ਦੀਆਂ ਅਖ਼ਬਾਰਾਂ `ਚ ਵੀ ਲੁਆਉ ਤਾਂ ਕਿ ਉਹਨਾਂ ਲੋਕਾਂ ਨੂੰ ਵੀ ਪਤਾ ਲਗੇ ਕਿ
ਹਿੰਦੁਸਤਾਨ `ਚ ਲੋਕ-ਰਾਜ ਦਾ ਅਸਲੀ ਰੂਪ ਕੀ ਐ”।
“ਹਾਂ ਜੀ, ਹਾਂ ਜੀ” ਕਰਦੇ ਪੱਤਰਕਾਰ ਮਾਸਟਰ ਕੁੰਦਨ ਸਿੰਘ ਦੀ ਗੱਲ ਅਣਗੌਲ਼ਿਆਂ ਕਰ ਕੇ ਰੁਲਦੂ ਰਾਮ
ਦੇ ਦਰਵਾਜ਼ਿਉਂ ਬਾਹਰ ਹੋ ਗਏ ਜਿਵੇਂ ਉਨ੍ਹਾਂ ਦਾ ਇਹੋ ਜਿਹੀਆਂ ਗੱਲਾਂ ਨਾਲ ਕੋਈ ਸਰੋਕਾਰ ਨਾ ਹੋਵੇ।
ਨਿਰਮਲ ਸਿੰਘ ਕੰਧਾਲਵੀ