ਕੀ ਸ਼ਰਧਾ ਮਰਿਆਦਾ ਤੋਂ ਉੱਪਰ ਹੈ?
-ਰਘਬੀਰ ਸਿੰਘ ਮਾਨਾਂਵਾਲੀ
ਸਿੱਖ ਵਿਦਵਾਨ ਡਾ: ਹਰਨਾਮ ਸਿੰਘ
ਸ਼ਾਨ ਜੀ ਦੀ ਅੰਤਮ ਅਰਦਾਸ ਸਮੇਂ ਅੰਤਰਰਾਸ਼ਟਰੀ ਕਥਾ ਵਾਚਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਵਾਕ ਲੈਣ
ਤੋਂ ਬਾਅਦ ਆਪਣੇ ਸੰਬੋਧਨ ਵਿੱਚ ਕਿਹਾ ਕਿ ਦਰਬਾਰ ਸਾਹਿਬ ਸਿਰੀ ਅੰਮ੍ਰਿਤਸਰ ਸਮੇਤ ਦੇਸ਼-ਵਿਦੇਸ਼
ਵਿਚਲੇ ਹਰ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਰੁਮਾਲੇ ਚੜ੍ਹਾਏ ਜਾਂਦੇ ਹਨ। ਪਰ ਬਾਅਦ
ਵਿੱਚ ਇਹ ਰੁਮਾਲੇ ਕਿਸੇ ਕੰਮ ਨਹੀਂ ਆ ਰਹੇ। ਇਸ ਲਈ ਰੁਮਾਲੇ ਚੜਾਉਣ ਤੋਂ ਸੰਗਤ ਨੂੰ ਰੋਕਿਆ ਜਾਣਾ
ਚਾਹੀਦਾ ਹੈ। ਸੰਗਤਾਂ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਪੁੱਛ ਕੇ ਲੋੜ ਅਨੁਸਾਰ ਵਸਤਾਂ ਦੇਣ
ਤਾਂ ਕਿ ਉਹਨਾਂ ਦੁਆਰਾ ਦਿਤੀ ਵਸਤੂ ਕਿਸੇ ਕੰਮ ਆ ਸਕੇ।
ਉਸ ਅੰਤਮ ਅਰਦਾਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ
ਮੱਕੜ ਜਦੋਂ ਡਾ: ਹਰਨਾਮ ਸਿੰਘ ਸ਼ਾਨ ਨੂੰ ਸ਼ਰਧਾਂਜਲੀ ਦੇਣ ਲੱਗੇ ਤਦ ਉਹਨਾਂ ਗਿਆਨੀ ਜਗਤਾਰ ਸਿੰਘ
ਜਾਚਕ ਦੀ ਗੱਲ ਦੀ ਕਾਟ ਕਰਦਿਆਂ ਕਿਹਾ ਕਿ ‘ਸੰਗਤ ਦੀ ਸ਼ਰਧਾ ਦਾ ਪ੍ਰਤੀਕ ਹੈ ਰੁਮਾਲਾ ਚੜਾਉਣਾ। ਇਸ
ਲਈ ਉਹ ਕਿਸੇ ਨੂੰ ਰੋਕ ਨਹੀਂ ਸਕਦੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਦਾ ਅਜਿਹਾ ਬਿਆਨ ਮੈਂ ਪਹਿਲਾ
ਵੀ ਕਈ ਵਾਰੀ ਟੀ. ਵੀ. ਤੇ ਦੇਖਿਆ ਅਤੇ ਅਖਬਾਰ ਵਿੱਚ ਪੜ੍ਹਿਆ ਹੈ। ਅਕਸਰ ਹੀ ਜਦੋਂ ਸਿੱਖੀ
ਸਿਧਾਂਤਾਂ ਨੂੰ ਢਾਅ ਲਾਉਣ ਵਾਲੀ ਕਿਸੇ ਰਵਾਇਤ ਦੇ ਸਬੰਧ ਵਿੱਚ ਉਹਨਾਂ ਤੋਂ ਕੋਈ ਸਵਾਲ ਪੁੱਛਿਆ
ਜਾਂਦਾ ਹੈ ਤਾਂ ਪ੍ਰਧਾਨ ਜੀ ਦਾ ਏਹੀ ਘੜ੍ਹਿਆ-ਘੜਾਇਆ ਜਵਾਬ ਹੁੰਦਾ ਹੈ ਕਿ “ਇਹ ਤਾਂ ਸੰਗਤ ਦੀ ਸ਼ਰਧਾ
ਹੈ… ਇਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ…। ਜਾਂ ਇਸ ਨਾਲ ਸੰਗਤ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ
ਹਨ… ਇਸ ਨੂੰ ਰੋਕਿਆ ਨਹੀਂ ਜਾ ਸਕਦਾ”।
ਗੁਰਦੁਆਰਿਆਂ ਵਿੱਚ ਸੰਗਤ ਵਲੋਂ ਦਿਖਾਈ ਜਾ ਰਹੀ ਅੰਨ੍ਹੀ ਸ਼ਰਧਾ ਨਾਲ ਸਿੱਖ ਰਹਿਤ ਮਰਿਆਦਾ ਨੂੰ ਢਾਅ
ਲਗ ਰਹੀ ਹੈ। ਪਰ ਪ੍ਰਧਾਨ ਜੀ ਇਸ ਨੂੰ ਰੋਕਣ ਤੋਂ ਅਸਮਰਥ ਹਨ ਅਤੇ ‘ਸੰਗਤ ਦੀ ਸ਼ਰਧਾ’ ਦਾ ਹਥਿਆਰ ਵਰਤ
ਕੇ ਸਿੱਖ ਰਹਿਤ ਮਰਿਆਦਾ ਦਾ ਨਿਰਾਦਰ ਕਰ ਰਹੇ ਹਨ। ਸਿੱਖ ਰਹਿਤ ਮਰਿਆਦਾ ਨੂੰ ਸੰਤਾਂ ਸਾਧਾਂ ਨੇ ਤਾਂ
ਪਹਿਲਾਂ ਹੀ ਅੱਖੋ-ਪਰੋਖੇ ਕਰਕੇ ਕਰਮਕਾਂਡ ਅਤੇ ਮਨਮਤਿ ਪੈਦਾ ਕੀਤੀ ਹੋਈ ਹੈ। ਸਿੱਖ ਰਹਿਤ ਮਰਿਆਦਾ
ਕਿਸੇ ਵੀ ਗੁਰੁਦਆਰੇ ਵਿੱਚ ਪੂਰੀ ਤਰ੍ਹਾਂ ਲਾਗੂ ਤਾਂ ਕਿਧਰੇ ਵਿਖਾਈ ਨਹੀਂ ਦੇ ਰਹੀ। ਦਰਬਾਰ ਸਾਹਿਬ
ਅੰਮ੍ਰਿਤਸਰ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ, ਜਿਥੇ ਸੰਗਤ ਜ਼ਿਆਦਾ ਆਉਂਦੀ ਹੈ, ਹਰ ਰੋਜ਼
ਸੈਂਕੜਿਆਂ ਦੀ ਗਿਣਤੀ ਵਿੱਚ ਰੁਮਾਲੇ ਚੜ੍ਹਾਏ ਜਾ ਰਹੇ ਹਨ। ਇਹ ਰੁਮਾਲੇ ਬਾਅਦ ਵਿੱਚ ਕਿਸੇ ਕੰਮ
ਨਹੀਂ ਆ ਰਹੇ। ਇਹ ਪਤਾ ਲੱਗਾ ਹੈ ਕਿ ਇੱਕ ਵਾਰ ਚੜ੍ਹਾਏ ਹੋਏ ਰੁਮਾਲੇ ਮੁੜ ਦੁਕਾਨਾਂ ਤੇ ਵਿਕਣ ਲਈ
ਪਹੁੰਚ ਜਾਂਦੇ ਹਨ ਤੇ ਦੁਕਾਨਦਾਰ ਉਹਨਾਂ ਰੁਮਾਲਿਆਂ ਨੂੰ ਘੱਟ ਕੀਮਤ `ਤੇ ਖਰੀਦ ਕੇ ਜ਼ਿਆਦਾ ਕੀਮਤ
`ਤੇ ਮੁੜ ਵੇਚ ਕੇ ਚੌਖੀ ਕਮਾਈ ਕਰ ਰਹੇ ਹਨ। ਕੀ ਇੰਜ ਕਰਨਾ ਗੁਰਮਤਿ ਦੇ ਅਨੁਸਾਰੀ ਹੈ? ਕਈ ਛੋਟੇ
ਅਤੇ ਸ਼ਹਿਰ ਤੋਂ ਦੂਰ ਦੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਸਿਰੀ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ
ਬਹੁਤ ਘਟੀਆ ਕੱਪੜੇ ਦੇ ਅਤੇ ਮੈਲੇ-ਕੁਚੈਲੇ ਹੁੰਦੇ ਹਨ। ਕਈ ਥਾਂਈ ਰੁਮਾਲੇ ਬਹੁਤ ਪਤਲੇ ਹੁੰਦੇ ਹਨ।
ਜਿਹਨਾਂ ਵਿੱਚੀਂ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਪੱਸ਼ਟ ਨਜ਼ਰੀ ਪੈਂਦਾ ਹੈ। ਇਹ ਦੇਖ ਕੇ ਮਨ
ਨੂੰ ਦੁੱਖ ਹੁੰਦਾ ਹੈ ਕਿ ਇੱਕ ਪਾਸੇ ਤਾਂ ਮਹਿੰਗੇ ਅਤੇ ਬੇਲੋੜੇ ਰੁਮਾਲਿਆਂ ਦਾ ਢੇਰ ਲੱਗਾ ਰਹਿੰਦਾ
ਹੈ ਤੇ ਦੂਸਰੇ ਪਾਸੇ ਰੁਮਾਲਿਆਂ ਦੀ ਭਾਰੀ ਤੋਟ ਪਾਈ ਜਾ ਰਹੀ ਹੈ। ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦਾ
ਸਰੂਪ ਤਾਂ ਦੁਨੀਆਂ ਦੇ ਸਭ ਗੁਰਦੁਆਰਿਆਂ ਵਿੱਚ ਇਕੋ ਹੀ ਹੈ। ਇਸ ਲਈ ਜਰੂਰੀ ਹੈ ਕਿ ਸਭ ਥਾਂਈ ਸ਼ਬਦ
ਗੁਰੂ ਜੀ ਦਾ ਬਰਾਬਰ ਸਤਿਕਾਰ ਹੋਣਾ ਚਾਹੀਦਾ ਹੈ। ਕਈ ਗੁਰਦੁਆਰਿਆਂ ਵਿੱਚ ਪੁਰਾਣੇ ਹੋ ਗਏ ਰੁਮਾਲਿਆਂ
ਨਾਲ ਲੰਗਰ ਦੀਆਂ ਕੜਾਹੀਆਂ ਸਾਫ਼ ਕੀਤੀਆਂ ਜਾਂਦੀਆਂ ਹਨ। ਲੰਗਰ ਦੇ ਪ੍ਰਸ਼ਾਦੇ ਵੀ ਇਹਨਾਂ ਰੁਮਾਲਿਆਂ
ਵਿੱਚ ਲਪੇਟੇ ਜਾਂਦੇ ਹਨ ਅਤੇ ਸਿਰ ਢੱਕਣ ਲਈ ਵੀ ਵਰਤੇ ਜਾਂਦੇ ਹਨ। ਸੰਗਤ ਦੀ ਸ਼ਰਧਾ ਦੇ ਨਾਲ-ਨਾਲ
ਇਹਨਾਂ ਰੁਮਾਲਿਆਂ ਦੀ ਹੁੰਦੀ ਨਿਰਾਦਰੀ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਸਿਰਫ ਸ਼ਰਧਾ
ਦੇ ਕਾਇਲ ਹੋ ਕੇ ਮਰਿਆਦਾ ਨੂੰ ਢਾਅ ਨਹੀਂ ਲਗਾਉਣੀ ਚਾਹੀਦੀ।
ਕੁਝ ਸਾਲਾਂ ਤੋਂ ਮ੍ਰਿਤਕ ਵਿਅਕਤੀ ਦੀ ਅੰਤਮ ਅਰਦਾਸ ਸਮੇਂ ਉਸ ਦੀ ਤਸਵੀਰ ਗੁਰੂ ਗ੍ਰੰਥ ਸਾਹਿਬ ਅੱਗੇ
ਰੱਖਣ ਦੀ ਬੀਮਾਰੀ ਸਿੱਖਾਂ ਵਿੱਚ ਨਾਸੂਰ ਦਾ ਰੂਪ ਧਾਰਨ ਕਰ ਚੁੱਕੀ ਹੈ। ਤੇ ਹੁਣ ਇਹ ਰਵਾਇਤ ਐਨੀ
ਪ੍ਰਚਲਿਤ ਹੋ ਗਈ ਹੈ ਕਿ ਹਰ ਮ੍ਰਿਤਕ ਵਿਅਕਤੀ ਦੇ ਪਰਿਵਾਰ ਵਾਲੇ ਭੋਗ ਤੋਂ ਪਹਿਲਾਂ ਉਸ ਵਿਅਕਤੀ ਦੀ
ਫੋਟੋ ਉਚੇਚੇ ਤੌਰ `ਤੇ ਬਨਾਉਣ ਲਈ ਇਸ ਤਰ੍ਹਾਂ ਨੱਠ-ਭੱਜ ਕਰ ਰਹੇ ਹੁੰਦੇ ਹਨ, ਜਿਵੇਂ ਵਿਆਹ ਲਈ ਕੋਈ
ਮਹੱਤਵਪੂਰਨ ਚੀਜ਼ ਬਣਾ ਰਹੇ ਹੋਣ। ਅਤੇ ਫੋਟੋ ਦੇ ਥੱਲੇ ਮ੍ਰਿਤਕ ਵਿਅਕਤੀ ਦਾ ਨਾਮ ਅਤੇ ਅਕਾਲ ਚਲਾਣੇ
ਦੀ ਤਰੀਕ ਉਚੇਚੇ ਤੌਰ `ਤੇ ਅੰਗਰੇਜ਼ੀ ਵਿੱਚ ਹੀ ਲਿਖਵਾਉਂਦੇ ਹਨ। ਜਿਵੇਂ ਭੋਗ `ਤੇ ਆਉਣ ਵਾਲੇ ਸਾਰੇ
ਸੱਜਣ ਪੰਜਾਬੀ ਪੜ੍ਹਨੀ ਨਾ ਜਾਣਦੇ ਹੋਣ। ਸੋਚਣ ਵਾਲੀ ਗੱਲ ਹੈ ਕਿ ਜਿਹੜੇ ਵਿਅਕਤੀ ਅੰਤਿਮ ਅਰਦਾਸ
ਵਿੱਚ ਸ਼ਾਮਲ ਹੋਣ ਲਈ ਆਉਂਦੇ ਹਨ, ਉਹ ਮ੍ਰਿਤਕ ਵਿਅਕਤੀ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਦੇ
ਹੁੰਦੇ ਹਨ। ਜਿਹਨਾਂ ਨੇ ਮ੍ਰਿਤਕ ਵਿਅਕਤੀ ਨੂੰ ਨਹੀਂ ਦੇਖਿਆ ਹੁੰਦਾ ਉਹ ਭੋਗ ਸਮੇਂ ਉਸ ਦੀ ਫੋਟੋ
ਵੇਖ ਕੇ ਕੀ ਮਾਅਰਕਾ ਮਾਰ ਲੈਣਗੇ? ਮੈਨੂੰ ਲਗਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਫੋਟੋ ਰੱਖਣ ਦੀ
ਰਵਾਇਤ ਮ੍ਰਿਤਕ ਵਿਅਕਤੀ ਦੇ ਪਰਿਵਾਰ ਦੀ ਗਿਆਨਹੀਣ ਸ਼ਰਧਾ ਅਤੇ ਭੇਡ ਚਾਲ ਹੈ ਜੋ ਦੇਖਾ-ਦੇਖੀ ਕਰਦੇ
ਹਨ। ਇਹ ਫੋਟੋ ਗੁਰੂ ਦੀ ਗੋਲਕ ਦੇ ਕੋਲ ਇਸ ਤਰ੍ਹਾਂ ਰੱਖੀ ਜਾਂਦੀ ਹੈ। ਜਿਵੇਂ ਲੋਕਾਂ ਤੋਂ ਇਸ ਫੋਟੋ
ਨੂੰ ਵੀ ਮੱਥਾ ਟਿਕਾਇਆ ਜਾ ਰਿਹਾ ਹੋਵੇ। ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਨੂੰ ਇਹ ਸਭ ਨਜ਼ਰ
ਨਹੀਂ ਆ ਰਿਹਾ? ਕਿਉਂਕਿ ਉਹ ਵੀ ਅਜਿਹੇ ਭੋਗਾਂ ਵਿੱਚ ਸ਼ਾਮਲ ਹੋ ਕੇ ਇਹ ਸਭ ਕੁੱਝ ਵੇਖਦੇ ਹੋਣਗੇ। ਜੇ
ਉਹਨਾਂ ਨੂੰ ਇਸ ਸਬੰਧ ਵਿੱਚ ਪੁੱਛਿਆ ਜਾਵੇ ਤਾਂ ਉਹ ਏਹੀ ਕਹਿਣਗੇ ਕਿ ‘ਇਹ ਤਾਂ ਮ੍ਰਿਤਕ ਵਿਅਕਤੀ ਦੇ
ਪਰਿਵਾਰ ਵਾਲਿਆਂ ਦੀ ਸ਼ਰਧਾ ਹੁੰਦੀ ਹੈ। ਇਸ ਨੂੰ ਰੋਕ ਕੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਦੇ ਮਨਾਂ
ਨੂੰ ਠੇਸ ਨਹੀਂ ਪਹੁੰਚਾਈ ਜਾ ਸਕਦੀ।
ਦੀਵਾਲੀ ਤੋਂ ਦੋ ਦਿਨ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਟੀ. ਵੀ. `ਤੇ ਬਿਆਨ ਆਇਆ
ਸੀ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਦਿਨੋਂ-ਦਿਨ ਪ੍ਰਦੂਸ਼ਣ ਵੱਧ ਰਿਹਾ ਹੈ। ਦੀਵਾਲੀ ਅਤੇ ਹੋਰ
ਗੁਰਪੁਰਬਾਂ ਦੇ ਦਿਨਾਂ ਵਿੱਚ ਆਤਿਸ਼ਬਾਜ਼ੀ ਕਰਨ ਕਰਕੇ ਇਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਜੋ ਦਰਬਾਰ
ਸਾਹਿਬ ਦੀਆਂ ਇਮਾਰਤਾਂ ਦੇ ਕੀਮਤੀ ਪੱਥਰ ਅਤੇ ਸੋਨੇ ਲਈ ਬਹੁਤ ਖਤਰਨਾਕ ਹੈ। ਇਸ ਪ੍ਰਦੂਸ਼ਣ ਤੋਂ
ਕੀਮਤੀ ਇਮਾਰਤਾਂ ਨੂੰ ਬਚਾਉਣ ਲਈ ਆਤਿਸ਼ਬਾਜ਼ੀ ਬੰਦ ਕਰਨੀ ਬਹੁਤ ਜਰੂਰੀ ਹੈ। ਜਦੋਂ ਇੱਕ ਨਿੱਜੀ ਨਿਊਜ਼
ਚੈਨਲ ਵਾਲਿਆਂ ਨੇ ਪ੍ਰਧਾਨ ਸਾਹਿਬ ਨੂੰ ਇਸ ਬਾਰੇ ਪੁਛਿਆ ਤਾਂ ਉਹਨਾਂ ਨੇ ਵਿੱਲਖਣ ਜਿਹਾ ਜੁਆਬ
ਦਿੰਦਿਆਂ ਉਲਟਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਪ੍ਰਸ਼ਨ ਕੀਤਾ ਸੀ ਕਿ ‘ਕੀ ਇਸ ਆਤਿਸ਼ਬਾਜ਼ੀ
ਨਾਲ ਸਿਰਫ਼ ਦਰਬਾਰ ਸਾਹਿਬ ਦੀਆਂ ਇਮਾਰਤਾਂ ਨੂੰ ਹੀ ਨੁਕਸਾਨ ਹੁੰਦਾ ਹੈ ਹੋਰ ਸ਼ਹਿਰ ਦੀਆਂ ਇਮਾਰਤਾਂ
ਨੂੰ ਨੁਕਸਾਨ ਨਹੀਂ ਹੁੰਦਾ? ਪ੍ਰਦੂਸ਼ਣ ਕੰਟਰੋਲ ਬੋਰਡ ਪਹਿਲਾਂ ਬਾਕੀ ਸ਼ਹਿਰ ਵਿੱਚ ਹੁੰਦੀ ਆਤਿਸ਼ਬਾਜ਼ੀ
ਬੰਦ ਕਰਵਾਏ। ਫਿਰ ਅਸੀਂ ਵੀ ਦਰਬਾਰ ਸਾਹਿਬ ਵਿੱਚ ਆਤਿਸ਼ਬਾਜ਼ੀ ਬੰਦ ਕਰ ਦਿਆਂਗੇ। ਕਿਉਂਕਿ ਸੰਗਤ ਦੀਆਂ
ਭਾਵਨਾਵਾਂ ਇਸ ਆਤਿਸ਼ਬਾਜ਼ੀ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਇਸ `ਤੇ ਪਾਬੰਦੀ ਨਹੀਂ ਲਗਾਈ ਜਾ
ਸਕਦੀ’। ਇਸ ਤੋਂ ਸਿੱਧ ਹੁੰਦਾ ਹੈ ਕਿ ਪ੍ਰਧਾਨ ਦੀਆਂ ਨਜ਼ਰਾਂ ਵਿੱਚ ਸੰਗਤ ਦੀਆਂ ਭਾਵਨਾਵਾਂ ਅਤੇ
ਅੰਨ੍ਹੀ ਸ਼ਰਧਾ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਕੀਮਤੀ ਇਮਾਰਤਾਂ ਨਾਲੋਂ ਉੱਚੀਆਂ ਹਨ। ਕੀਮਤੀ
ਇਮਾਰਤਾਂ ਅਤੇ ਸੋਨੇ ਨੂੰ ਭਾਂਵੇਂ ਨੁਕਸਾਨ ਹੋ ਜਾਏ ਪਰ ਸੰਗਤ ਦੀਆਂ ਭਾਵਨਾਵਾਂ ਤੇ ਸ਼ਰਧਾ ਨੂੰ ਕਿਸੇ
ਵੀ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ। ਅਫਸੋਸ ਹੁੰਦਾ ਹੈ ਕਿ ਸਾਡੇ ਧਾਰਮਿਕ ਆਗੂ ਵਾਤਾਵਰਨ ਦੀ ਸੰਭਾਲ
ਪ੍ਰਤੀ ਕਿੰਨੇ ਲਾਪ੍ਰਵਾਹ ਹਨ। ਤੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਹੁਕਮਾਂ ਦੀ ਅਣਦੇਖੀ ਕਰਦੇ ਹਨ।
‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੁਤ’॥ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਹਵਾ, ਪਾਣੀ ਅਤੇ
ਧਰਤੀ ਪੂਜਣਯੋਗ ਅਤੇ ਵਾਤਾਵਰਨ ਦੇ ਜਰੂਰੀ ਹਿੱਸੇ ਹਨ। ਕੀ ਸੰਗਤ ਦੀ ਸ਼ਰਧਾ ਵੱਡੀ ਹੈ ਕਿ ਗੁਰੂ ਨਾਨਕ
ਸਾਹਿਬ ਦਾ ਗੁਰਬਾਣੀ ਰਾਹੀਂ ਦਿਤਾ ਹੁਕਮ…? ਇਸ ਹੁਕਮ ਨੂੰ ਮੰਨਣ ਤੋਂ ਅਸੀਂ ਸਭ ਇਨਕਾਰੀ ਹਾਂ ਤੇ
ਹਵਾ, ਪਾਣੀ ਅਤੇ ਧਰਤੀ ਨੂੰ ਆਪਣੀ ਅੰਨ੍ਹੀ ਸ਼ਰਧਾ ਰਾਹੀਂ ਪ੍ਰਦੂਸ਼ਤ ਕਰਨ ਦੀ ਕੋਈ ਕਸਰ ਨਹੀਂ ਛੱਡ
ਰਹੇ।
ਕੁਝ ਸਮੇਂ ਤੋਂ ਦੀਵਾਲੀ ਅਤੇ ਗੁਰਪੁਰਬਾਂ ਵਾਲੇ ਦਿਨ ਸ਼ਾਮ ਵੇਲੇ ਪ੍ਰਕਰਮਾ ਦੇ ਚਾਰੇ ਪਾਸੇ ਸਰੋਵਰ
ਦੇ ਕੰਢੇ `ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਵਲੋਂ ਸਰੋਂ ਦੇ ਤੇਲ ਦੇ ਦੀਵੇ ਅਤੇ ਵੱਡੀਆਂ
ਮੋਮਬੱਤੀਆਂ ਜਗਾਈਆਂ ਜਾਂਦੀਆਂ ਹਨ। ਮੋਮਬੱਤੀ ਮੁੱਕਣ ਤੇ ਹੋਰ ਨਵੀਆਂ ਮੋਮਬੱਤੀਆਂ ਜਗਾਅ ਦਿਤੀਆਂ
ਜਾਂਦੀਆਂ ਹਨ। ਤੁਸੀਂ ਘਰ ਵਿੱਚ ਇੱਕ ਮੋਮਬੱਤੀ ਜਗਾਅ ਕੇ ਵੇਖੋ ਕਿੰਨਾ ਧੂੰਆਂ ਕਰਦੀ ਹੈ ਤੇ ਜਿਥੇ
ਹਜ਼ਾਰਾਂ ਮੋਮਬੱਤੀਆਂ ਇਕੱਠੀਆਂ ਜਗ ਰਹੀਆਂ ਹੋਣ ਉਥੇ ਕਿੰਨਾ ਧੂੰਆਂ ਹੁੰਦਾ ਹੋਵੇਗਾ? ਤੇ ਦਰਬਾਰ
ਸਾਹਿਬ ਦੇ ਕੀਮਤੀ ਪੱਥਰ ਅਤੇ ਸੋਨੇ ਨੂੰ ਕਿੰਨਾ ਨੁਕਸਾਨ ਪਹੁੰਚਾ ਰਿਹਾ ਹੋਵੇਗਾ। ਪ੍ਰਧਾਨ ਸਾਹਿਬ
ਦੇ ਲਾਈਆਂ ਸੰਗਤ ਦੀ ‘ਅੰਨ੍ਹੀ ਸ਼ਰਧਾ ਦੀਆਂ ਐਨਕਾਂ’ ਰਾਹੀਂ ਉਹਨਾਂ ਨੂੰ ਇਹ ਪ੍ਰਦੂਸ਼ਣ ਨਜ਼ਰ ਨਹੀਂ ਆ
ਰਿਹਾ। ਪ੍ਰਧਾਨ ਸਾਹਿਬ ਏਹੀ ਕਹਿਣਗੇ ਕਿ ‘ਇਹ ਤਾਂ ਸੰਗਤ ਦੀ ਸ਼ਰਧਾ ਹੈ। ਉਹਨਾਂ ਨੂੰ ਰੋਕਿਆ ਨਹੀਂ
ਜਾ ਸਕਦਾ’। ਹੈਰਾਨੀ ਹੁੰਦੀ ਹੈ ਕਿ ਇੱਕ ਪਾਸੇ ਦਰਬਾਰ ਸਾਹਿਬ ਦੇ ਕੀਮਤੀ ਪੱਥਰ ਅਤੇ ਸੋਨੇ ਨੂੰ
ਕਾਲਾ ਹੋਣ ਤੋਂ ਬਚਾਉਣ ਲਈ ਲੱਖਾਂ ਰੁਪਏ ਖਰਚੇ ਜਾ ਰਹੇ ਹਨ ਤੇ ਦੂਜੇ ਪਾਸੇ ਅੰਨ੍ਹੀ ਸ਼ਰਧਾ ਨੂੰ
ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਿਸ ਨਾਲ ਇਮਾਰਤਾਂ ਤੇ ਲੱਗਿਆ ਕੀਮਤੀ ਪੱਥਰ ਅਤੇ ਸੋਨਾ ਕਾਲਾ ਹੋ
ਰਿਹਾ ਹੈ। ਸਿੱਖ ਵਿਰਸੇ ਨੂੰ ਨੁਕਸਾਨ ਹੋ ਰਿਹਾ ਹੈ। ਵਾਤਾਵਰਨ ਖਰਾਬ ਹੋ ਰਿਹਾ ਹੈ। ਗੁਰਬਾਣੀ
ਸਿਧਾਂਤ ਦਾ ਨਿਰਾਦਰ ਹੋ ਰਿਹਾ ਹੈ। ਗਿਆਨ ਹੀਣ ਲੋਕਾਂ ਵਲੋਂ ਗੁਰਦੁਆਰਿਆਂ ਵਿੱਚ ਕੀਤੀ ਜਾ ਰਹੀ
ਅੰਨ੍ਹੀ ਸ਼ਰਧਾ ਪੈਰ-ਪੈਰ ਤੇ ਵੇਖਣ ਨੂੰ ਮਿਲਦੀ ਹੈ ਪਰ ਇਸ ਨੂੰ ਕੋਈ ਰੋਕ ਨਹੀਂ ਰਿਹਾ। ਸ਼੍ਰੋਮਣੀ
ਕਮੇਟੀ ਮੂਕ ਦਰਸ਼ਕ ਬਣੀ ਹੋਈ ਹੈ। ਗੁਰਦੁਆਰਿਆਂ ਵਿੱਚ ਦੇਸੀ ਘਿਓ ਦੀਆਂ ਜੋਤਾਂ ਜਗਾਈਆਂ ਜਾ ਰਹੀਆਂ
ਹਨ। ਜਦੋਂ ਕਿ ਸ਼ਬਦ ਗੁਰੂ ਨੂੰ ਦਸਾਂ ਗੁਰੂਆਂ ਦੀ ਜੋਤ ਐਲਾਨਿਆਂ ਗਿਆ ਹੈ। ਫਿਰ ਜੋਤਾਂ ਕਿਉਂ…?
ਸਰਦੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਹੀਟਰ ਲਾਏ ਜਾ ਰਹੇ ਹਨ ਅਤੇ ਮੋਟੇ ਕੰਬਲਾਂ ਵਿੱਚ ਲਪੇਟਿਆ
ਜਾ ਰਿਹਾ ਹੈ। ਗਰਮੀਆਂ ਨੂੰ ਪੱਖੇ ਅਤੇ ਏਅਰ ਕੰਡੀਸ਼ਨ ਲਾਏ ਜਾ ਰਹੇ ਹਨ। ਇਸ ਤਰ੍ਹਾਂ ਕਰਨ ਨਾਲ ਬਹੁਤ
ਥਾਂਈ ਬਿਜਲੀ ਦੇ ਸ਼ਾਰਟ ਸਰਕਲ ਨਾਲ ਅਨੇਕਾਂ ਸਿਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋ
ਚੁੱਕੇ ਹਨ। ਸਿਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਹੈ। ਜਿਸ `ਤੇ ਗਰਮੀ, ਸਰਦੀ, ਧੁੱਪ, ਛਾਂ, ਭੁੱਖ
ਅਤੇ ਪਿਆਸ ਦਾ ਕੋਈ ਅਸਰ ਨਹੀਂ ਹੁੰਦਾ। ਪਰ ਸੰਗਤ ਦੀ ਅੰਨ੍ਹੀ ਸ਼ਰਧਾ ਦੀ ਕਰਮਕਾਂਡੀ ਹਨੇਰੀ ਵੱਗ ਰਹੀ
ਹੈ ਤੇ ਪ੍ਰਧਾਨ ਸਾਹਿਬ ਸਿਆਸੀ ਆਗੂਆਂ ਦੇ ਦਬਾਅ ਥੱਲੇ ਕੰਮ ਕਰ ਰਹੇ ਹਨ। ਮੜ੍ਹੀਆਂ ਮਸੀਤਾਂ `ਤੇ
ਅਖੰਡ ਪਾਠ ਰਖਵਾਏ ਜਾ ਰਹੇ ਹਨ। ਗੁਰਪੁਰਬਾਂ ਨੂੰ ਭੁਲਾਅ ਕੇ ਡੇਰਿਆਂ ਵਿੱਚ ਵੱਡੇ ਬਾਬਿਆਂ ਦੀਆਂ
ਬਰਸੀਆਂ ਮਨਾਈਆਂ ਜਾ ਰਹੀਆਂ ਹਨ। ਦਰਬਾਰ ਸਾਹਿਬ ਵਿੱਚ ਅਖੌਤੀ ਦੁੱਖ ਭਜਨੀ ਬੇਰੀ ਥੱਲੇ ਨਹਾਅ ਕੇ
ਪਾਪ ਉਤਾਰਨ ਦਾ ਢੌਂਗ ਰੱਚਿਆ ਜਾ ਰਿਹਾ ਹੈ। ਸ਼ਹੀਦੀ ਦਿਹਾੜਿਆਂ `ਤੇ ਅੰਨ੍ਹੀ ਸ਼ਰਧਾ ਤਹਿਤ ਲੰਗਰਾਂ
ਵਿੱਚ ਮਟਰ-ਪਨੀਰ, ਕਾਜੂ ਬਦਾਮਾਂ ਵਾਲੀ ਖੀਰ, ਗਰਮਾ-ਗਰਮ ਜਲੇਬੀਆਂ, ਦਹੀਂ ਭੱਲੇ, ਛੋੇਲੇਪੂਰੀ,
ਟਿੱਕੀਆਂ ਮੱਖਣ ਮੇਥੀ ਵਾਲੀ ਰੋਟੀ ਅਤੇ ਪਨੀਰ ਪਕੌੜੇ ਆਦਿ ਬਣਾ ਕੇ ਸਪੀਕਰਾਂ ਰਾਹੀਂ ਅਨਾਉਂਸਮੈਂਟਾਂ
ਕਰਕੇ ਸੰਗਤਾਂ ਨੂੰ ਆਪਣੇ ਵੱਲ ਖਿੱਚਿਆ ਜਾ ਰਿਹਾ ਹੈ। ਇਸ ਅੰਨੀ ਸ਼ਰਧਾ ਨੂੰ ਵੇਖ ਕੇ ਇਹ ਸ਼ਹੀਦੀ
ਦਿਹਾੜੇ ਨਹੀਂ ਜਾਪਦੇ ਸਗੋਂ ਜਨਮ ਦਿਹਾੜੇ ਜਾਪਦੇ ਹਨ। ਇਹ ਸਭ ਕੁੱਝ ਰੁਕਵਾਉਣ ਦੀ ਸ਼ਕਤੀ ਪ੍ਰਧਾਨ
ਕੋਲ ਨਹੀਂ ਹੈ। ਉਹ ਤਾਂ ਏਹੀ ਆਖਣਗੇ ਕਿ ਇਹ ਸੰਗਤ ਦੀ ਸ਼ਰਧਾ ਹੈ। ਇਸ ਨਾਲ ਸੰਗਤ ਦੀਆਂ ਭਾਵਨਾਵਾਂ
ਜੁੜੀਆਂ ਹੋਈਆਂ ਹਨ। ਜਾਪਦਾ ਹੈ ਪ੍ਰਧਾਨ ਸਾਹਿਬ ਸ਼ਰਧਾ ਦੇ ਪੁਜਾਰੀ ਹਨ ਨਾਂ ਕਿ ਸਿੱਖ ਰਹਿਤ ਮਰਿਆਦਾ
ਦੇ ਸੱਚੇ ਪਹਿਰੇਦਾਰ…।
ਸੰਗਤ ਦੀ ਅੰਨ੍ਹੀ ਸ਼ਰਧਾ ਨੇ ਗੁਰਬਾਣੀ ਸਿਧਾਂਤ ਨੂੰ ਬਹੁਤ ਢਾਅ ਲਾਈ ਹੈ ਤੇ ਮਨਮਤਿ ਪੈਦਾ ਕੀਤੀ ਹੈ।
ਗੁਰਬਾਣੀ ਦੀ ਅਸਲ ਵਿਚਾਰਧਾਰਾ ਨੂੰ ਬਹੁਤ ਧੁੰਦਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਤੋਂ ਹੀ ਆਸ ਸੀ ਕਿ
ਉਹ ਸੰਗਤ ਦੀ ਅੰਨ੍ਹੀ ਸ਼ਰਧਾ ਨੂੰ ਰੋਕਣ ਦਾ ਹੁਕਮ ਦੇ ਕੇ ਸਿੱਖ ਰਹਿਤ ਮਰਿਆਦਾ ਨੂੰ ਲਾਗੂ
ਕਰਵਾਉਂਦੀ। ਸ਼੍ਰੋਮਣੀ ਕਮੇਟੀ ਅਤੇ ਪ੍ਰਧਾਨ ਸਾਹਿਬ ਦਾ ਫਰਜ਼ ਬਣਦਾ ਹੈ ਕਿ ਉਹ ਸੰਗਤ ਦੀ ਅੰਨ੍ਹੀ
ਸ਼ਰਧਾ ਨੂੰ ਤਿਆਗ ਕੇ ਬਿਨ੍ਹਾਂ ਕਿਸੇ ਸਿਆਸੀ ਦਬਾਅ ਦੇ ਗੁਰਬਾਣੀ ਦੀ ਅਸਲ ਵਿਚਾਰਧਾਰਾ ਨੂੰ ਪ੍ਰਚਾਰਨ
ਦਾ ਉਪਰਾਲਾ ਕਰੇ। ਸੰਗਤ ਦਾ ਮਾਣ ਤਾਣ ਵੀ ਜਰੂਰੀ ਹੈ। ਪਰ ਗੁਰਬਾਣੀ ਸਿਧਾਂਤਾਂ ਅਤੇ ਗੁਰੂ ਸਾਹਿਬਾਨ
ਦੇ ਗੁਰਬਾਣੀ ਰਾਹੀਂ ਦਿਤੇ ਹੁਕਮਾਂ ਨੂੰ ਕਿਸੇ ਵੀ ਤਰ੍ਹਾਂ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।
ਪ੍ਰਧਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ਼ਰਧਾ ਮਰਿਆਦਾ ਤੋਂ ਕਿਸੇ ਵੀ ਤਰ੍ਹਾਂ ਉਪਰ ਨਹੀਂ ਹੁੰਦੀ।
ਮਰਿਆਦਾ ਵਿੱਚ ਰਹਿ ਕੇ ਸ਼ਰਧਾ ਦਿਖਾਈ ਜਾਏ ਤਾਂ ਠੀਕ ਹੈ। ਮਰਿਆਦਾ ਤੋਂ ਬਿਨ੍ਹਾਂ ਸ਼ਰਧਾ ਇੱਕ ਢੌਂਗ
ਤੋਂ ਵੱਧ ਕੁੱਝ ਵੀ ਨਹੀਂ ਹੁੰਦੀ। ਸਭ ਦੀਆਂ ਨਜ਼ਰਾਂ ਸ਼੍ਰੋਮਣੀ ਕਮੇਟੀ ਵੱਲ ਲੱਗੀਆਂ ਹੁੰਦੀਆਂ ਹਨ।
ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਵਿਚਾਰਧਾਰਾ ਦੇ ਵਿਰੁੱਧ ਕੀਤੀ ਜਾ ਰਹੀ ਅੰਨ੍ਹੀ ਸ਼ਰਧਾ ਦਾ ਨੋਟਿਸ
ਲੈ ਕੇ ਇਸ ਨੂੰ ਬੰਦ ਕਰਨਾ ਚਾਹੀਦਾ ਹੈ।
ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
88728-54500