.

ਸਿਧ ਗੋਸਟਿ (ਕਿਸ਼ਤ ਨੰ: 09)

ਸੁੰਨ ਨਿਰੰਤਰਿ ਦੀਜੈ ਬੰਧੁ॥
ਉਡੈ ਨ ਹੰਸਾ ਪੜੈ ਨ ਕੰਧੁ॥
ਸਹਜ ਗੁਫਾ ਘਰੁ ਜਾਣੈ ਸਾਚਾ॥
ਨਾਨਕ ਸਾਚੇ ਭਾਵੈ ਸਾਚਾ॥ ੧੬॥
ਪਦ ਅਰਥ: - ਸੁੰਨ – ਜਾਣ ਲੈਣਾ, ਅਫੁਰ ਅਵਸਥਾ। ਨਿਰੰਤਰਿ – ਇਕਸਾਰ, ਜੋ ਉਸ ਦੀ ਬਖ਼ਸ਼ਿਸ਼ ਇਕਸਾਰ ਵਰਤ ਰਹੀ ਹੈ। ਦੀਜੈ – ਲਾਵੇ। ਦੀਜੈ ਬੰਧੁ – ਸਬੰਧ ਮ: ਕੋਸ਼। ਉਡੈ – ਭਟਕਣਾ। ਹੰਸਾ – ਜੀਵ-ਆਤਮਾ। ਉਡੈ ਨ ਹੰਸਾ – ਜੀਵ-ਆਤਮਾ ਭਟਕਦੀ ਨਹੀਂ। ਪੜੈ – ਪੈਂਦੀ। ਕੰਧੁ – ਰੁਕਾਵਟ। ਪੜੈ ਨ ਕੰਧੁ – ਕੋਈ ਰੁਕਾਵਟ ਨਹੀਂ ਪੈਂਦੀ। ਸਹਜ – ਅਡੋਲ। ਗੁਫਾ – ਦੇਹ, ਸਰੀਰ, “ਇਸ ਗੁਫਾ ਮਹਿ ਅਖੁਟ ਭੰਡਾਰਾ” (ਮਾਝ ਅ: ਮ: ੩)। ਸਹਜ ਗੁਫਾ ਘਰੁ – ਟਿਕਾਓ ਨਾਲ ਹਿਰਦੇ ਰੂਪੀ ਘਰਿ ਵਿੱਚ ਸੱਚੇ ਨੂੰ ਜਾਣੇ। ਸਾਚੇ – ਸੱਚ ਨੂੰ ਅਪਣਾਉਣ ਵਾਲਾ। ਭਾਵੈ – ਪ੍ਰਵਾਣ ਹੋਣਾ, ਪ੍ਰਵਾਣ ਹੁੰਦਾ ਹੈ। ਸਾਚਾ – ਸੱਚ ਸਰੂਪ ਕਰਤਾਰ।
ਅਰਥ: - ਹੇ ਭਾਈ ਨਾਨਕ ਦਾ ਤਾਂ ਇਹ ਦ੍ਰਿੜ ਵਿਸ਼ਵਾਸ ਹੈ ਅਤੇ ਨਾਨਕ ਨੇ ਇਹ ਜਾਣਿਆ ਹੈ ਕਿ ਜਿਸ ਸੱਚ ਰੂਪ ਕਰਤੇ ਦੀ ਬਖ਼ਸ਼ਿਸ਼ ਇਕਸਾਰ ਨਿੰਰਤਰ ਵਰਤ ਰਹੀ ਹੈ, ੳੇੁਸ ਸੱਚੇ ਦੀ ਬਖ਼ਸ਼ਿਸ਼ ਗਿਆਨ ਨਾਲ ਹੀ ਇਕਸਾਰ (ਲਗਾਤਾਰ) ਸਬੰਧ ਬਣਾਵੇ। ਜੋ ਬਣਾਉਂਦਾ ਹੈ ਉਹ ਜੀਵਆਤਮਾ ਭਟਕਦੀ ਨਹੀਂ। ਇਸ ਲਈ ਜੋ ਅਡੋਲ ਸੱਚੇ ਦੇ ਸੱਚ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਵਸਾਉਂਦੇ ਹਨ, ਉਹੀ ਪ੍ਰਵਾਣ ਚੜ੍ਹਦੇ ਹਨ। ਉਨ੍ਹਾਂ ਦੇ ਜੀਵਣ ਵਿੱਚ ਆਪਣੇ ਆਪ ਨੂੰ ਕਰਤਾ ਜਾਨਣ ਵਾਲੇ ਦੁਰਮਤਿ ਵਿੱਚ ਫਸੇ ਹੋਏ ਲੋਕ ਰੁਕਾਵਟ ਨਹੀਂ ਬਣ ਸਕਦੇ।
ਅਉਧੂ ਦਾ ਅਗਲਾ ਸਵਾਲ: -
ਕਿਸੁ ਕਾਰਣਿ ਗ੍ਰਿਹੁ ਤਜਿਓ ਉਦਾਸੀ॥
ਕਿਸੁ ਕਾਰਣਿ ਇਹੁ ਭੇਖੁ ਨਿਵਾਸੀ॥
ਕਿਸੁ ਵਖਰ ਕੇ ਤੁਮ ਵਣਜਾਰੇ॥
ਕਿਉ ਕਰਿ ਸਾਥੁ ਲੰਘਾਵਹੁ ਪਾਰੇ॥ ੧੭॥

ਪਦ ਅਰਥ: - ਕਿਸੁ ਕਾਰਣਿ – ਕਿਹੜੇ ਕਾਰਣ ਕਰਕੇ। ਗ੍ਰਿਹ ਤਜਿਓ ਉਦਾਸੀ – ਆਪਣਾ ਘਰ ਛੱਡਕੇ ਉਦਾਸੀ ਲਈ ਹੈ। ਕਿਸੁ ਕਾਰਣਿ ਇਹੁ ਭੇਖੁ ਨਿਵਾਸੀ – ਉਹ ਕਿਹੜਾ ਕਾਰਣ ਹੈ ਜਿਸ ਕਰਕੇ ਇਸ ਭੇਖ ਵਿੱਚ ਵਿਚਰ ਰਹੇ ਹੋ। ਕਿਸੁ ਵਖਰ ਕੇ ਤੁਮ ਵਣਜਾਰੇ – ਕਿਸ ਵਸਤੂ ਦੇ ਤੁਸੀਂ ਵਾਪਾਰੀ ਹੋ। ਕਿਉ ਕਰਿ ਸਾਥ ਲੰਘਾਵਹੁ ਪਾਰੇ – ਉਹ ਕਿਹੜਾ ਤਰੀਕਾ ਹੈ ਜਿਸ ਨਾਲ ਆਪਣਾ ਸਾਥ ਪਾਰ ਲੰਘਾ ਦੇਵੋਗੇ?
ਅਰਥ: - ਫਿਰ ਉਹ ਕਿਹੜਾ ਕਾਰਣ ਹੈ, ਜਿਸ ਕਰਕੇ (ਹੇ ਨਾਨਕ) ਤੂੰ ਘਰ-ਬਾਰ ਛੱਡਕੇ ਉਦਾਸੀ ਲਈ ਹੈ? ਉਹ ਕਿਹੜਾ ਕਾਰਣ ਹੈ ਜਿਸ ਕਰਕੇ ਇਹ ਉਦਾਸੀ ਭੇਖ ਧਾਰਣ ਕੀਤਾ ਹੋਇਆ ਹੈ? ਉਹ ਕਿਹੜਾ ਸੌਦਾ ਹੈ ਜਿਸਦਾ ਤੂੰ ਵਣਜਾਰਾ ਹੈਂ? ਉਹ ਕਿਹੜਾ ਸਾਧਨ ਹੈ, ਕਿਹੜਾ ਤਰੀਕਾ ਹੈ, ਜਿਸ ਦੁਆਰਾ ਤੂੰ ਆਪਣੇ ਪੈਰੋਕਾਰਾਂ ਨੂੰ ਭਵ-ਸਾਗਰ ਤੋਂ ਪਾਰ ਲੰਘਾ ਦਏਂਗਾ?
ਨਾਨਕ ਪਾਤਸਾਹ ਜੀ ਦਾ ਜਵਾਬ: -
ਗੁਰਮੁਖਿ ਖੋਜਤ ਭਏ ਉਦਾਸੀ॥
ਦਰਸਨ ਕੈ ਤਾਈ ਭੇਖ ਨਿਵਾਸੀ॥
ਸਾਚ ਵਖਰ ਕੇ ਹਮ ਵਣਜਾਰੇ॥
ਨਾਨਕ ਗੁਰਮੁਖਿ ਉਤਰਸਿ ਪਾਰੇ॥ ੧੮॥

ਪਦ ਅਰਥ: - ਗੁਰਮੁਖਿ – ਕਰਤਾ, ਅਸਲ ਸੱਚ ਰੂਪ ਕਰਤੇ ਨੂੰ ਸੱਚ ਜਾਣਕੇ। ਖੋਜਤ – ਖੋਜ ਕਰਦਿਆਂ, ਖੋਜ ਕਿਸੇ ਛੁਪੇ ਹੋਏ ਭੇਦ ਨੂੰ ਜਾਨਣ ਬਾਰੇ ਹੀ ਕੀਤੀ ਜਾਂਦੀ ਹੈ। ਇਸ ਕਰਕੇ ਖੋਜਤ ਸ਼ਬਦ ਇਥੇ ਜਾਣ ਲੈਣ ਵਾਸਤੇ ਹੀ ਵਰਤਿਆ ਗਿਆ ਹੈ। ਭਏ ਉਦਾਸੀ – ਉਦਾਸੀ ਲਈ ਹੈ। ਦਰਸਨ – ਹੂ- ਬਹੂ, ਪ੍ਰਤੱਖ। ਤਾਈ – ਇਸ ਵਾਸਤੇ, ਤਾਂ ਜੋ। ਦਰਸਨ ਕੈ ਤਾਈ ਭੇਖ ਨਿਵਾਸੀ – ਇਸ ਵਾਸਤੇ ਤਾਂ ਜੋ ਹੂ-ਬਹੂ ਤੁਹਾਡੇ ਆਮੋ-ਸਾਹਮਣੇ ਹੋ ਸਕਾਂ। ਨੋਟ – ਇਥੇ ਇਹ ਗੱਲ ਯਾਦ ਰੱਖਣ ਯੋਗ ਹੈ ਕਿ ਭੇਖ ਨੂੰ ਗੁਰਮਤਿ ਅੰਦਰ ਕੋਈ ਮਾਨਤਾ ਨਹੀਂ। ਗੁਰੁ ਨਾਨਕ ਸਾਹਿਬ ਨੂੰ ਇਹ ਕੇਵਲ ਇਸ ਵਾਸਤੇ ਅਪਣਾਉਣਾ ਪਿਆ ਕਿਉਂਕਿ ਆਮ ਮਨੁੱਖ ਨਾਲ ਤਾਂ ਇਹ ਭੇਖੀ ਵਰਗ ਗੱਲ ਹੀ ਨਹੀਂ ਕਰਨੀ ਚਾਹੁੰਦਾ। ਸਾਬਤ ਸੂਰਤ ਰਹਿਣਾ, ਸਿੱਖ ਤੇ ਕੀ, ਹਰੇਕ ਮਨੁੱਖ ਲਈ ਰੱਬ ਦੀ ਰਜ਼ਾ ਨੂੰ ਪ੍ਰਵਾਣ ਕਰਨ ਦੀ ਪਹਿਲੀ ਨਿਸ਼ਾਨੀ ਹੈ। ਸਾਚ ਵਖਰ ਕੇ ਹਮ ਵਣਜਾਰੇ – ਸੱਚ ਰੂਪ ਵਸਤੂ ਦਾ ਮੈਂ ਵਣਜ ਕਰਨ ਲਈ ਭਾਵ ਸੱਚ ਰੂਪ ਕਰਤੇ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਇਹ ਪਹਿਰਾਵਾ ਪਹਿਨਿਆ ਹੈ, ਤਾਂ ਜੋ ਮੈਂ ਤੁਹਾਡੇ ਵਰਗੀਆਂ ਦੇ ਸਨਮੁਖ ਹੋ ਕੇ ਉਸ ਸੱਚ ਬਾਰੇ ਵਿਚਾਰ ਵਟਾਂਦਰਾ ਕਰ ਸਕਾਂ। ਨਾਨਕ ਗੁਰਮੁਖਿ ਉਤਰਸਿ ਪਾਰੇ – ਨਾਨਕ ਇਸ ਸੱਚ ਦਾ ਹੋਕਾ ਦੇ ਸਕੇ ਕਿ ਕਰਤੇ ਨਾਲ ਜੁੜਕੇ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ। ਉਸਦੀ ਕਿਰਤ (ਮਨੱਖ) ਨਾਲ ਜੁੜਕੇ ਨਹੀਂ।
ਅਰਥ: - ਹੇ ਭਾਈ ਦਰਅਸਲ ਸੱਚ ਰੂਪ ਕਰਤੇ ਨੂੰ ਸੱਚ ਜਾਣਕੇ, ਉਸਦੇ ਸੱਚ ਰੂਪ ਵੱਖਰ ਦਾ ਵਣਜ ਕਰਨ ਲਈ ਹੀ ਮੈਂ ਇਹ ਉਦਾਸੀ ਪਹਿਰਾਵਾ ਧਾਰਨ ਕੀਤਾ ਹੈ, ਤਾਂ ਜੋ ਤੁਹਾਡੇ ਵਰਗਿਆ ਦੇ ਸਨਮੁਖ ਹੋ ਕੇ ਤੁਹਾਡੇ ਨਾਲ ਵਿਚਾਰ ਕਰ ਸਕਾਂ। (ਨੋਟ – ਗ੍ਰਿਹਸਤੀ ਨਾਲ ਤਾਂ ਇਹ ਗੱਲ ਹੀ ਨਹੀਂ ਕਰਦੇ ਸਨ, ਜਿਵੇਂ ਅੱਜ ਕਲ ਦੇ ਸਾਡੇ ਘਰ ਵਿੱਚ ਪੈਦਾ ਹੋ ਚੁੱਕੇ ਸਿੱਧ) ਪਰ ਮੇਰਾ ਅਸਲ ਮਨੋਰਥ ਇਹ ਹੈ ਕਿ ਦੁਨੀਆਂ ਵੀ ਇਹ ਸੱਚ ਜਾਣ ਸਕੇ ਕਿ ਕਰਤੇ ਨਾਲ ਜੁੜਕੇ ਹੀ ਇਸ ਵਿਕਾਰਾਂ ਦੇ ਅਗਿਆਨਤਾ ਰੂਪੀ ਸਮੁੰਦਰ ਵਿੱਚ ਡੁੱਬਣ ਤੋਂ ਬਚਿਆ ਜਾ ਸਕਦਾ ਹੈ, ਭਾਵ ਪਾਰ ਹੋਇਆ ਜਾ ਸਕਦਾ ਹੈ। ਕਰਤੇ ਦੀ ਕਿਰਤ ਨਾਲ ਜੁੜਕੇ ਨਹੀਂ। (ਭਾਵ ਜੋ ਮਨੁੱਖ ਆਪਣੇ ਆਪ ਨੂੰ ਕਰਤਾ ਸਮਝਦਾ ਹੈ ਦਰਅਸਲ ਉਹ ਮਨੁੱਖ ਆਪ ਕਰਤੇ ਦੀ ਕਿਰਤ ਹੈ, ਸੋ ਇਸ ਲਈ ਕਿਰਤ ਕਰਤਾ ਨਹੀਂ ਹੋ ਸਕਦੀ)
ਨੋਟ – ਇੱਕ ਗੱਲ ਇਥੇ ਸਿੱਧ ਗੋਸਟਿ ਅੰਦਰ ਬੜੀ ਗਹਿਰਾਈ ਨਾਲ ਨੋਟ ਕਰਨ ਵਾਲੀ ਹੈ ਕਿ ਸਿੱਧ ਆਪਣੇ ਪ੍ਰਸ਼ਨਾਂ ਦੁਆਰਾ ਨਾਨਕ ਜੀ ਨੂੰ ਉਨ੍ਹਾਂ ਵੱਲੋਂ ਸ਼ੁਰੂ ਵਿੱਚ ਕਹੇ ਗਏ ਵੀਚਾਰਾਂ ਤੋਂ ਉਖੇੜਨਾ ਚਾਹੁੰਦੇ ਹਨ। ਮਿਸਾਲ ਦੇ ਤੌਰ ਤੇ ਪਉੜੀ ਨੰਬਰ ੧੭ ਅੰਦਰ ਸਿੱਧ ਜੋ ਸਵਾਲ ਕੀਤਾ ਹੈ, “ਕਿਉਕਰਿ ਸਾਥਿ ਲੰਘਾਵਹੁ ਪਾਰੇ” ਇਹ ਸਵਾਲ ਕਰਨ ਦਾ ਇਹ ਮਨੋਰਥ ਸੀ ਕਿ ਸ਼ਾਇਦ ਨਾਨਕ ਸਾਹਿਬ ਆਪਣੇ ਜਵਾਬ ਵਿੱਚ ਇਹ ਗੱਲ ਕਹਿ ਦੇਣ ਕਿ ਮੇਰਾ ਸਾਥ ਕਰਨ ਵਾਲਾ ਪਾਰ ਲੰਘ ਜਾਵੇਗਾ। ਪਰ ਨਾਨਕ ਤਾਂ ਆਪਣੀ ਗੱਲ ਹੀ ਨਹੀਂ ਕਰ ਰਹੇ, ਉਹ ਆਪ ਕਰਤੇ ਦੇ ਨਾਲ ਜੁੜੇ ਹਨ ਅਤੇ ਕਰਤੇ ਨਾਲ ਜੁੜਨ ਦੀ ਹੀ ਪ੍ਰੇਰਣਾ ਕਰ ਰਹੇ ਹਨ। ਜਵਾਬ ਵਿੱਚ ਵੀ ਉਨ੍ਹਾਂ ਇਹ ਹੀ ਕਿਹਾ ਹੈ ਕਿ ਭਾਈ ਕਰਤੇ ਨਾਲ, ਸਦੀਵੀ ਸੱਚ ਨਾਲ ਜੁੜਨ ਵਾਲਾ ਹੀ ਸੰਸਾਰ ਸਮੁੰਦਰ ਦੇ ਵਿਕਾਰਾ ਵਿੱਚ ਡੁੱਬਣ ਤੋਂ ਬਚਕੇ ਪਾਰ ਜਾ ਸਕਦਾ ਹੈ।
ਅਉਧੂ ਦਾ ਸਵਾਲ: -
ਕਿਤੁ ਬਿਧਿ ਪੁਰਖਾ ਜਨਮੁ ਵਟਾਇਆ॥
ਕਾਹੇ ਕਉ ਤੁਝੁ ਇਹੁ ਮਨੁ ਲਾਇਆ॥
ਕਿਤੁ ਬਿਧਿ ਆਸਾ ਮਨਸਾ ਖਾਈ॥
ਕਿਤੁ ਬਿਧਿ ਜੋਤਿ ਨਿਰੰਤਰਿ ਪਾਈ॥
ਬਿਨੁ ਦੰਤਾ ਕਿਉ ਖਾਈਐ ਸਾਰੁ॥
ਨਾਨਕ ਸਾਚਾ ਕਰਹੁ ਬੀਚਾਰੁ॥ ੧੯॥

ਪਦ ਅਰਥ: - ਕਿਤੁ ਬਿਧਿ – ਕਿਹੜੀ ਵਿਧੀ ਨਾਲ। ਪੁਰਖਾ – ਹੇ ਪੁਰਖਾ। ਜਨਮੁ – ਜੀਵਣ। ਜਨਮੁ ਵਟਾਇਆ – ਜੀਵਣ ਵਿੱਚ ਬਦਲਾਅ ਆਇਆ ਹੈ। ਕਾਹੇ ਕਉ ਤੁਝੁ ਇਹੁ ਮਨੁ ਲਾਇਆ – ਕਿਵੇਂ ਤੂੰ ਆਪਣਾ ਚਿੱਤ ਇਸ ਪਾਸੇ ਲਾਇਆ ਹੋਇਆ ਹੈ। ਖਾਈ – ਖ਼ਤਮ ਕੀਤੀ, ਕਾਬੂ ਕੀਤੀ। ਕਿਤੁ ਬਿਧਿ ਆਸਾ ਮਨਸਾ ਖਾਈ – ਉਹ ਕਿਹੜੀ ਵਿਧੀ ਹੈ, ਕਿਹੜਾ ਤਰੀਕਾ ਹੈ ਜਿਸ ਨਾਲ ਤੂੰ ਆਪਣੇ ਮਨ ਦੀਆਂ ਇੱਛਾਂਵਾ ਤੇ ਕਾਬੂ ਪਾਇਆ ਹੋਇਆ ਹੈ। ਆਸਾ ਮਨਸਾ – ਮਨ ਦੀਆਂ ਆਸਾਂ। ਕਿਤੁ ਬਿਧਿ ਜੋਤਿ ਨਿਰੰਤਰਿ ਪਾਈ – ਕਿਹੜੀ ਬਿਧਿ ਨਾਲ ਤੂੰ ਇਹ ਨਿਰੰਤਰ ਜੋਤਿ ਨੂੰ ਜਾਣਿਆ ਹੈ। ਬਿਨੁ ਦੰਤਾ – ਬਿਨਾਂ ਗਿਆਨ ਦੇ। ਦੰਤ – ਗਿਆਨ। ਦੰਤ ਤੋ ਦੰਤਾ ਹੈ। ਦੰਤਾ ਦਾ ਉਚਾਰਨ ਬਿੰਦੀ ਤੋਂ ਬਗ਼ੈਰ ਕਰਨਾ ਹੈ। ਕਿਉ ਖਾਈਐ ਸਾਰੁ – ਕਿਵੇਂ ਇਸ ਤੱਤ ਨੂੰ ਜਾਣਿਆ ਜਾਏ। ਸਾਰੁ – ਤੱਤ, ਅਸਲੀਅਤ। ਨਾਨਕ ਸਾਚਾ ਕਰਹੁ ਬੀਚਾਰੁ – ਨਾਨਕ, ਇਸ ਗੱਲ ਨੂੰ ਸਪਸ਼ਟ ਕਰ, ਇਸ ਗੱਲ ਤੇ ਆਪਣਾ ਸਹੀ ਵੀਚਾਰ ਦੇਹ? (ਨੋਟ – ਜੇਕਰ ਬਿਨਾਂ ਦੰਦਾ ਤੋਂ ਲੋਹਾ ਨਹੀਂ ਖਾਧਾ ਜਾ ਸਕਦਾ ਤਾਂ ਦੰਦਾ ਨਾਲ ਕਿਹੜਾ ਖਾਧਾ ਜਾ ਸਕਦਾ ਹੈ। ਇਸ ਕਰਕੇ ਇਥੇ ਦੰਤਾ ਦੇ ਅਰਥ ਗਿਆਨ ਹੀ ਬਣਦੇ ਹਨ)।
ਅਰਥ: - ਹੇ ਨਾਨਕ ਇਸ ਗੱਲ ਉੱਪਰ ਆਪਣਾ ਵੀਚਾਰ ਦੇਹ, ਉਹ ਕਿਹੜੀ ਵਿਧੀ ਹੈ, ਜਿਸ ਨਾਲ ਤੇਰੇ ਜੀਵਣ ਵਿੱਚ ਇਹ ਬਦਲਾਅ ਆਇਆ ਹੈ? ਕਿਵੇਂ ਤੂੰ ਆਪਣਾ ਚਿੱਤ ਇਸ ਪਾਸੇ ਲਾਇਆ ਹੈ? ਕਿਹੜੇ ਤਰੀਕੇ ਨਾਲ ਤੂੰ ਆਪਣੀਆਂ ਮਨ ਦੀਆਂ ਇੱਛਾਵਾਂ ਖ਼ਤਮ ਕੀਤੀਆ ਹਨ? ਕਿਹੜੀ ਵਿਧੀ ਨਾਲ ਤੂੰ ਇਸ ਨਿਰੰਤਰ ਜੋਤਿ ਦੀ ਪ੍ਰਾਪਤੀ ਕੀਤੀ ਹੈ, ਭਾਵ ਨਿਰੰਤਰ ਜੋਤਿ ਨੂੰ ਜਾਣਿਆ ਹੈ? ਗਿਆਨ ਤੋਂ ਬਿਨਾਂ ਕਿਵੇਂ ਇਸ ਤੱਤ ਨੂੰ ਜਾਣਿਆ ਜਾ ਸਕਦਾ ਹੈ? ਭਾਵ ਕਿਤਿਓਂ ਤਾਂ ਤੂੰ ਇਹ ਗਿਆਨ ਪ੍ਰਾਪਤ ਕੀਤਾ ਹੀ ਹੋਵੇਗਾ?
(ਨੋਟ – ਜੋਗੀ ਨਾਨਕ ਪਾਤਸਾਹ ਜੀ ਨੂੰ ਦੇਹਧਾਰੀ ਪਰੰਪਰਾ ਤੇ ਲਿਆਉਣਾ ਚਾਹੁੰਦੇ ਹਨ।)
ਨਾਨਕ ਪਾਤਸਾਹ ਜੀ ਦਾ ਜਵਾਬ: -
ਸਤਿਗੁਰ ਕੈ ਜਨਮੇ ਗਵਨੁ ਮਿਟਾਇਆ॥
ਅਨਹਤਿ ਰਾਤੇ ਇਹੁ ਮਨੁ ਲਾਇਆ॥
ਮਨਸਾ ਆਸਾ ਸਬਦਿ ਜਲਾਈ॥
ਗੁਰਮੁਖਿ ਜੋਤਿ ਨਿਰੰਤਰਿ ਪਾਈ॥
ਤ੍ਰੈ ਗੁਣ ਮੇਟੇ ਖਾਈਐ ਸਾਰੁ॥
ਨਾਨਕ ਤਾਰੇ ਤਾਰਣਹਾਰੁ॥ ੨੦॥

ਪਦ ਅਰਥ: - ਸਤਿਗੁਰ ਕੈ ਜਨਮੇ – ਅਕਾਲ ਪੁਰਖ, ਕਰਤੇ ਦੀ ਬਖਸ਼ਿਸ਼ ਨਾਲ। ਗਵਨੁ – ਭਟਕਣਾ। ਗਵਨੁ ਮਿਟਾਇਆ – ਭਟਕਣਾ ਮਿਟ ਗਈ, ਖ਼ਤਮ ਹੋ ਗਈ। ਅਨਹਤਿ ਰਾਤੇ ਇਹ ਮਨ ਲਾਇਆ – ਇੱਕ ਰਸ ਭਾਵ ਨਾਮ ਭਾਵ ਸੱਚ ਰਸ ਨਾਲ ਆਪਣਾ ਮਨ ਜੋੜਿਆ ਤਾਂ। ਮਨਸਾ ਆਸਾ ਸਬਦਿ ਜਲਾਈ – ਮਨ ਦੀਆਂ ਸਾਰੀਆਂ ਆਸਾਵਾਂ ਸਤਿਗੁਰ ਦੇ ਸਬਦਿ (ਆਤਮਿਕ ਗਿਆਨ ਦੀ ਸੂਝ ਦੀ ਬਖ਼ਸ਼ਿਸ਼) ਰਾਹੀਂ ਖ਼ਤਮ ਹੋ ਗਈਆਂ। ਗੁਰਮੁਖਿ ਜੋਤਿ ਨਿਰੰਤਰਿ ਪਾਈ – ਇਸ ਤਰ੍ਹਾਂ ਕਰਤੇ ਦੀ ਨਿਰੰਤਰ ਜੋਤ ਨੂੰ ਜਾਣਿਆ ਹੈ। ਤ੍ਰੈ ਗੁਣ ਮੇਟੇ ਖਾਈਐ ਸਾਰੁ – ਇਸ ਤਰ੍ਹਾਂ ਤ੍ਰੈ ਗੁਣਾਂ (ਰਜੋ, ਸਤੋ, ਤਮੋ) ਤੇ ਕਾਬੂ ਪਾਕੇ, ਇਨ੍ਹਾਂ ਤੋਂ ਉੱਪਰ ਉੱਠਣ ਨਾਲ ਇਸ ਅਸਲੀਅਤ ਨੂੰ ਜਾਣਿਆਂ ਜਾ ਸਕਦਾ ਹੈ। ਨਾਨਕ ਤਾਰੇ ਤਾਰਣਹਾਰੁ – ਨਾਨਕ ਦਾ ਤਾਂ ਇਹ ਵੀਚਾਰ ਹੈ ਕਿ ਕਰਤਾ ਹੀ ਤਾਰਣਹਾਰੁ ਹੈ। ਭਾਵ ਨਾਨਕ ਨੇ ਤਾਂ ਸਿੱਧਾ ਨਾਤਾ ਉਸ ਕਰਤੇ ਨਾਲ ਹੀ ਜੋੜਿਆ ਹੈ, ਅਤੇ ਉਸਨੇ ਹੀ ਇਹ ਬਖ਼ਸ਼ਿਸ਼ ਮੇਰੇ ਉੱਪਰ ਕੀਤੀ ਹੈ।
ਅਰਥ: - ਹੇ ਭਾਈ ਮੈਂ ਇੱਕ ਰਸ ਲਗਾਤਾਰ ਆਪਣਾ ਚਿੱਤ ਉਸ ਸੱਚੇ ਦੇ ਸੱਚ ਨਾਲ ਜੋੜਿਆ ਹੋਇਆ ਹੈ। ਇਸ ਕਰਕੇ ਉਸ ਸਤਿਗੁਰ, ਕਰਤੇ ਨੇ ਬਖਸ਼ਿਸ਼ ਕਰਕੇ ਮੇਰੀ ਭਟਕਣਾ ਖ਼ਤਮ ਕਰ ਦਿੱਤੀ ਹੈ। ਇਸ ਤਰ੍ਹਾਂ ਉਸ ਦੀ ਬਖਸ਼ਿਸ਼ ਨਾਲ ਮੇਰੇ ਮਨ ਦੀਆਂ ਗਲਤ ਇੱਛਾਵਾਂ ਖ਼ਤਮ ਹੋ ਚੁੱਕੀਆਂ ਹਨ। ਮੈਂ ਉਸ ਕਰਤੇ ਦੀ ਨਿਰੰਤਰ ਜੋਤਿ ਨੂੰ ਹੀ ਸੱਚ ਜਾਣਿਆ ਹੈ। ਉਸ ਕਰਤੇ ਦੀ ਬਖਸ਼ਿਸ਼ ਨਾਲ ਹੀ ਮਾਇਆ ਦੇ ਤ੍ਰੈ ਗੁਣੀ (ਰਜੋ, ਸਤੋ, ਤਮੋ) ਅਹੰਕਾਰ ਦਾ ਖਾਤਮਾ ਹੋਣ ਤੇ ਹੀ ਇਸ ਅਸਲੀਅਤ ਨੂੰ ਜਾਣਿਆਂ (ਅਪਣਾਇਆ) ਜਾ ਸਕਦਾ ਹੈ। ਨਾਨਕ ਤਾਂ ਕਰਤੇ ਦੀ ਬਖ਼ਸ਼ਿਸ਼ ਸੱਚ ਗਿਆਨ ਨੂੰ ਹੀ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬਣ ਤੋਂ ਬਚਾਉਣ ਵਾਲਾ ਤਾਰਣਹਾਰਾ ਮੰਨਦਾ ਹੈ, ਕਿਸੇ ਮਨੁੱਖ ਨੂੰ ਨਹੀਂ। ਭਾਵ ਨਾਨਕ ਨੇ ਤਾਂ ਸਿੱਧਾ ਨਾਤਾ ਕਰਤੇ ਨਾਲ ਹੀ ਜੋੜਿਆ ਹੋਇਆ ਹੈ। ਇਹ ਸਾਰੀ ਉਸ ਸੱਚ ਰੂਪ ਕਰਤੇ ਦੀ ਹੀ ਬਖ਼ਸ਼ਿਸ਼ ਹੈ।
ਅਉਧੂ ਦਾ ਸਵਾਲ: -
ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ॥
ਗਿਆਨ ਕੀ ਮੁਦ੍ਰਾ ਕਵਨ ਕਥੀਅਲੇ ਘਟਿ ਘਟਿ ਕਵਨ ਨਿਵਾਸੋ॥
ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ॥
ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ॥
ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੇ ਵਾਸੋ॥
ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਕੁ ਤਾ ਕਾ ਦਾਸੋ॥ ੨੧॥
ਪਦ ਅਰਥ:- ਆਦਿ – ਮੁੱਢ, ਪਹਿਲਾ, ਸ਼ੁਰੂਆਤ, ਕਦੀਮ। ਇਥੇ ਆਦਿ ਸ਼ਬਦ ਪਹਿਲਾ ਸ਼ੁਰੂ ਕੀਤੀ ਗਈ ਵੀਚਾਰ ਬਾਰੇ ਵਰਤਿਆ ਹੈ। ਕਵਨੁ – ਕਿਹੜੀ, ਜਿਹੜੀ। ਕਉ – ਕਿਵੇਂ। ਸੁੰਨ – ਜਾਣ ਲੈਣਾ, ਕਿਸ ਤਰ੍ਹਾਂ ਜਾਣਿਆਂ ਜਾਏ, ਪਰਗਟ ਕਰਨਾ, ਚੰਗੀ ਤਰ੍ਹਾਂ ਜਾਨਣ ਦੀ ਕ੍ਰਿਯਾ, ਭਾਵ ਸਹੀ ਰੂਪ ਵਿੱਚ ਜਾਣ ਲੈਣਾ। ਸੁੰਨ ਦੇ ਅਰਥ ਜੇਕਰ ‘ਪੰਜਾਬੀ ਰੋਮਨ ਇੰਗਲਿਸ਼’ ਡਿਕਸ਼ਨਰੀ ਭਾਈ ਮਾਯਾ ਸਿੰਘ ਹੋਰਾਂ ਵਾਲੀ ਦੇਖੀਏ ਤਾਂ ਉਹ ‘ਸੁੰਨ’ ਦੇ ਅਰਥ ਕਰਦੇ ਹਨ
sensation ਅਤੇ sensation ਦੇ ਅਰਥ ਅੰਗਰੇਜ਼ੀ- ਪੰਜਾਬੀ ਡਿਕਸਨਰੀ ਦੇਖੀਏ ਤਾਂ ਅਰਥ ਹਨ, ਸੰਵੇਦਨ, ਅਤੇ ਸੰਵੇਦਨ ਦੇ ਅਰਥ ਮਹਾਨ ਕੋਸ ਵਿੱਚ ਹਨ, ਪਰਗਟ ਕਰਨਾ, ਚੰਗੀ ਤਰ੍ਹਾਂ ਜਾਣ ਲੈਣ ਦੀ ਕ੍ਰਿਯਾ, ਸੋ ਇਥੇ ਸੁੰਨ ਦੇ ਅਰਥ ਜਾਣ ਲੈਣਾ ਹੀ ਬਣਦੇ ਹਨ। ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰਿ ਵਾਸੋ, ਜਿਹੜੀ ਤੂੰ ਪਹਿਲਾ ਸੱਚ ਸਰੂਪ ਕਰਤੇ ਨੂੰ ਸੱਚ ਜਾਣ ਲੈਣ ਬਾਰੇ ਵੀਚਾਰ ਕੀਤੀ ਸੀ ਕਿਹੜੇ ਘਰਿ ਵਿੱਚ ਉਸਦਾ ਵਾਸਾ ਹੈ। ਗਿਆਨ ਕੀ ਮੁਦ੍ਰਾ – ਕਰਤੇ ਦੀ ਆਤਮਕ ਗਿਆਨ ਦੀ ਸੂਝ ਦੀਆ ਮੁੰਦ੍ਰਾਂ। ਕਾਲ – ਕਾਲ। ਠੀਗਾ – ਡੰਡਾ। ਕਿਉ – ਕਿਵੇਂ। ਜਲਾਈਅਲੇ – ਖ਼ਤਮ ਕਰੀਏ। ਛੇਦੇ – ਛੱਡੀਏ। ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੇ ਵਾਸੋ – ਕਿਵੇਂ ਉਸ ਕਰਤੇ ਗੁਰੂ ਦੀ ਬਖ਼ਸ਼ਿਸ਼ ਨਾਲ ਹਉਮੈ ਰੂਪੀ ਜ਼ਹਿਰ ਖ਼ਤਮ ਹੁੰਦਾ ਹੈ, ਅਤੇ ਕਿਵੇਂ ਨਿਜ ਘਰ ਵਿੱਚ ਉਸਦਾ ਵਾਸਾ ਹੁੰਦਾ ਹੈ। ਜਿਨ ਰਚਿ ਰਚਿਆ ਤਿਸੁ ਸਬਦਿ ਪਛਾਣੈ – ਜਿਸ ਕਰਤੇ ਨੇ ਰਚਨਾ ਕੀਤੀ ਹੈ ਕਿਵੇਂ ਉਸ ਦੀ ਬਖ਼ਸ਼ਿਸ਼ ਨੂੰ ਪਛਾਣਿਆਂ ਜਾਏ। ਨਾਨਕ ਤਾ ਕਾ ਦਾਸੋ – ਜਿਸ ਦਾ ਤੂੰ ਨਾਨਕ ਦਾਸ ਹੈ। ‘ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ॥’ ਪੰਨਾ ੨੨੯
ਅਰਥ:- ਸ਼ੁਰੂ ਵਿੱਚ ਜਿਹੜੀ ਵੀਚਾਰ ਤੂੰ ਜਿਸ ਸੱਚ ਸਰੂਪ ਕਰਤੇ ਨੂੰ ਸੱਚ ਜਾਣ ਲੈਣ ਅਤੇ ਉਸਦੀ ਬਖ਼ਸ਼ਿਸ਼ ਗਿਆਨ ਦੀਆਂ ਮੁੰਦ੍ਰਾਂ ਧਾਰਣ ਬਾਰੇ ਦਿੱਤੀ ਹੈ, ਜਿਸ ਸੱਚ ਸਰੂਪ ਕਰਤੇ ਨੇ ਸ੍ਰਿਸ਼ਟੀ ਰਚੀ ਹੈ, ਉਸ ਦਾ ਕਿਹੜੇ ਘਰ ਵਿੱਚ ਵਾਸਾ ਹੈ? ਉਹ ਕਿਵੇਂ ਘਟਿ ਘਟਿ ਵਿੱਚ ਵਸ ਰਿਹਾ ਹੈ? ਕਾਲ ਦੇ ਡੰਡੇ ਦਾ ਭੈ ਕਿਵੇਂ ਖ਼ਤਮ ਕਰਕੇ ਉਸ ਨਿਰਭਉ ਦੇ ਘਰ ਵਿੱਚ ਜਾਈਏ? ਸਹਜ ਸੰਤੋਖ ਦੇ ਟਿਕਾਉ ਬਾਰੇ ਕਿਵੇਂ ਜਾਣਿਆਂ ਜਾ ਸਕੇ? ਕਿਵੇਂ ਬੁਰਿਆਈਆਂ ਦਾ ਤਿਆਗ ਕਰੀਏ, ਕਿਵੇਂ ਉਸ ਸੱਚ ਸਰੂਪ ਗੁਰੂ ਕਰਤੇ ਦੀ ਬਖ਼ਸ਼ਿਸ਼ ਨਾਲ ਹਉਮੈ ਰੂਪੀ ਜ਼ਹਿਰ ਖ਼ਤਮ ਕਰਕੇ ਉਸ ਦੀ ਬਖ਼ਸ਼ਿਸ਼ ਨੂੰ ਪਛਾਣਿਆ ਜਾਏ ਕਿ ਉਸ ਨੇ ਹੀ ਸ੍ਰਿਸ਼ਟੀ ਦਾ ਰਚਨ ਰਚਿਆ ਹੈ? ਹੇ ਨਾਨਕ! ਜਿਸਦਾ ਤੂੰ ਆਪਣੇ ਆਪ ਨੂੰ ਦਾਸ ਮੰਨਦਾ ਹੈ, ਇਹ ਸਪਸ਼ਟ ਕਰ, ਕਿਵੇਂ ਇਹ ਮੰਨਿਆ ਜਾਏ ਕਿ ਸ੍ਰਿਸ਼ਟੀ ਉਸ ਨੇ ਹੀ ਰਚੀ ਹੈ?
ਨੋਟ: - ਪਉੜੀ ਨੰਬਰ ੧੦ਵੀਂ ਅੰਦਰ ਪਹਿਲਾਂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜਵਾਬ ਅੰਦਰ ਇਹ ਕਹਿਆ ਸੀ ਕਿ ਉਸ ਦੀ ਸਬਦੁ ਰੂਪ ਗੁਰ ਬਖਸ਼ਿਸ਼ ਗਿਅਨ ਹੀ ਮੇਰੀ ਕਾਇਆਂ ਲਈ ਮੁੰਦ੍ਰਾਂ ਹਨ। ਮੈਂ ਉਸ ਅਕਾਲ ਪੁਰਖ ਹਰੀ ਨੂੰ ਹੀ ਤਾਰਨ ਵਾਲਾ ਮੰਨਦਾ ਹਾਂ। ਸੋ ਇਥੇ ਇਸ ਸ਼ਬਦ ਅੰਦਰ ‘ਆਦਿ’ - ਸ਼ਬਦ ਪਹਿਲਾਂ ਕਹੀ ਹੋਈ ਵੀਚਾਰ ਬਾਰੇ ਸਿੱਧ ਵਲੋਂ ਵਰਤਿਆ ਗਿਆ ਹੈ।

ਬਲਦੇਵ ਸਿੰਘ ਟੋਰਾਂਟੋ




.