ਜਸਬੀਰ ਸਿੰਘ ਵੈਨਕੂਵਰ
ਐਸੋ ਤਿਆਗੀ ਵਿਰਲਾ ਕੋਇ
ਤਿਆਗ ਦਾ ਅਰਥ ਹੈ ਕਿਸੇ ਚੀਜ਼ ਅਥਵਾ
ਵਸਤੂ ਨੂੰ ਛੱਡਣਾ; ਉਸ ਨਾਲੋਂ ਸਬੰਧ ਤੋੜ ਲੈਣਾ। ਧਰਮ ਦੀ ਦੁਨੀਆਂ ਵਿੱਚ ਤਿਆਗ ਦਾ ਇੱਕ ਨਵੇਕਲਾ
ਅਤੇ ਮਹੱਤਵ ਪੂਰਨ ਸਥਾਨ ਹੈ। ਆਮ ਲੋਕਾਈ ਵਲੋਂ ਤਿਆਗੀਆਂ ਨੂੰ ਬਹੁਤ ਇੱਜ਼ਤ-ਮਾਣ ਮਿਲਦਾ ਰਿਹਾ ਹੈ
ਅਤੇ ਅੱਜ ਵੀ ਇਹ ਆਦਰ-ਮਾਣ ਬਰਕਰਾਰ ਹੈ। ਜਿਨ੍ਹਾਂ ਤਿਆਗੀਆਂ ਨੂੰ ਜਨ-ਸਾਧਾਰਨ ਵਲੋਂ ਇੱਜ਼ਤ-ਮਾਣ
ਦਿੱਤਾ ਜਾਂਦਾ ਰਿਹਾ ਹੈ ਅਤੇ ਅੱਜ ਵੀ ਦਿੱਤਾ ਜਾ ਰਿਹਾ ਹੈ, ਇਹਨਾਂ ਵਿਚੋਂ ਕਿਸੇ ਨੇ ਗ੍ਰਿਹਸਥ ਨੂੰ
ਤਿਆਗ ਦਿੱਤਾ, ਕਿਸੇ ਨੇ ਧੀਆਂ ਪੁੱਤਰਾਂ ਅਤੇ ਪਤਨੀ ਆਦਿ ਨੂੰ ਛੱਡ ਦਿੱਤਾ ਅਤੇ ਕਿਸੇ ਨੇ ਕੰਮ ਕਾਰ
ਆਦਿ ਤੋਂ ਮੂੰਹ ਮੋੜ ਲਿਆ। ਇਸ ਤਰ੍ਹਾਂ ਦੇ ਤਿਆਗੀਆਂ ਦੇ ਅਜਿਹੇ ਤਿਆਗ ਦਾ ਇਸ ਢੰਗ ਨਾਲ ਗੁਣ-ਗਾਣ
ਕੀਤਾ ਗਿਆ, ਜਿਸ ਦੀ ਬਦੌਲਤ ਆਮ ਲੋਕਾਈ ਇਸ ਤਰ੍ਹਾਂ ਦੇ ਤਿਆਗੀਆਂ ਨੂੰ ਆਪਣੇ ਨਾਲੋਂ ਮਹਾਨ ਸਮਝ ਕੇ
ਇਹਨਾਂ ਦੀ ਪੂਜਾ-ਪ੍ਰਤਿਸ਼ਟਾ ਕਰਨ ਲੱਗ ਪਈ। ਇਸ ਧਾਰਨਾ ਕਾਰਨ ਹੀ ਕਿਸੇ ਨੂੰ ਇਸ ਨੂੰ ਮਹਾਨ ਤਿਆਗੀ
ਮੰਨ ਲਿਆ ਗਿਆ ਕਿ ਉਸ ਨੇ ਵਿਆਹ ਨਹੀਂ ਕਰਾਇਆ, ਕਿਸੇ ਨੂੰ ਇਸ ਲਈ ਕਿ ਉਹ ਕੰਮ-ਕਾਜ ਵਿੱਚ ਕਿਸੇ
ਤਰ੍ਹਾਂ ਦੀ ਕੋਈ ਦਿਲਚਸਪੀ ਨਹੀਂ ਲੈਂਦਾ ਅਤੇ ਕੋਈ ਇਸ ਲਈ ਉਹ ਬਸਤਰ ਨਹੀਂ ਪਹਿਨਦਾ ਜਾਂ ਵਿਸ਼ੇਸ਼
ਤਰ੍ਹਾਂ ਦੇ ਕਪੜੇ ਹੀ ਪਹਿਨਦਾ ਹੈ।
ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਤਰ੍ਹਾਂ ਧਰਮ ਦੀ ਦੁਨੀਆਂ ਦੀਆਂ ਹੋਰ ਅਨੇਕਾਂ ਮਾਨਤਾਵਾਂ ਨੂੰ
ਨਕਾਰਦਿਆਂ ਇਹ ਸਪਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਦੀਆਂ ਧਾਰਨਾਵਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ,
ਉਸੇ ਤਰ੍ਹਾਂ ਤਿਆਗ ਸਬੰਧੀ ਪ੍ਰਚਲਤ ਅਜਿਹੀਆਂ ਧਾਰਨਾਵਾਂ ਨੂੰ ਵੀ ਮੁੱਢੋਂ ਹੀ ਨਕਾਰਿਆ ਹੈ। ਉਦਾਹਰਣ
ਵਜੋਂ ਗ੍ਰਿਹਸਥ ਦਾ ਤਿਆਗ ਕਰਨ ਵਾਲਿਆਂ ਬਾਰੇ ਗੁਰਬਾਣੀ ਦਾ ਫ਼ਰਮਾਨ ਹੈ:
(ੳ) ਤਜੈ ਗਿਰਸਤੁ ਭਇਆ ਬਨ ਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਈਆ॥
ਧਾਵਤੁ ਧਾਇ ਤਦੇ ਘਰਿ ਆਵੈ ਹਰਿ ਹਰਿ ਸਾਧੂ ਸਰਣਿ ਪਵਈਆ॥ (ਪੰਨਾ ੮੩੫) ਅਰਥ: ਹੇ ਭਾਈ!
(ਜਿਹੜਾ ਮਨੁੱਖ) ਗ੍ਰਿਹਸਤ ਛੱਡ ਜਾਂਦਾ ਹੈ ਅਤੇ ਜੰਗਲ ਦਾ ਵਾਸੀ ਜਾ ਬਣਦਾ ਹੈ (ਇਸ ਤਰ੍ਹਾਂ ਉਸ ਦਾ)
ਮਨ (ਤਾਂ) ਟਿਕਾਇਆਂ ਇਕ ਖਿਨ ਵਾਸਤੇ ਭੀ ਨਹੀਂ ਟਿਕਦਾ। ਹੇ ਭਾਈ! ਇਹ ਭਟਕਦਾ ਮਨ ਭਟਕ ਭਟਕ ਕੇ ਤਦੋਂ
ਹੀ ਟਿਕਾਉ ਵਿਚ ਆਉਂਦਾ ਹੈ, ਜਦੋਂ ਮਨੁੱਖ ਪਰਮਾਤਮਾ ਦੀ, ਗੁਰੂ ਦੀ ਸਰਨ ਪੈਂਦਾ ਹੈ।
ਧੀਆਂ ਪੁੱਤਰਾਂ ਅਤੇ ਪਤੀ ਪਤਨੀ ਆਦਿ ਦਾ ਤਿਆਗ ਕਰਨ ਵਾਲੇ ਤਿਆਗੀਆਂ ਸਬੰਧੀ ਗੁਰਬਾਣੀ ਦਾ ਵਾਕ ਹੈ:
(ਅ) ਧੀਆ ਪੂਤ ਛੋਡਿ ਸੰਨਿਆਸੀ ਆਸਾ ਆਸ ਮਨਿ ਬਹੁਤੁ ਕਰਈਆ॥ ਆਸਾ ਆਸ ਕਰੈ
ਨਹੀ ਬੂਝੈ ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ॥ (ਪੰਨਾ ੮੩੫) ਅਰਥ: ਹੇ ਭਾਈ! (ਜਿਹੜਾ
ਮਨੁੱਖ) ਧੀਆਂ ਪੁੱਤਰ (ਪਰਵਾਰ) ਛੱਡ ਕੇ ਸੰਨਿਆਸੀ ਜਾ ਬਣਦਾ ਹੈ (ਉਹ ਤਾਂ ਫਿਰ ਭੀ ਆਪਣੇ) ਮਨ ਵਿਚ
ਅਨੇਕਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ, ਨਿੱਤ ਆਸਾਂ ਬਣਾਂਦਾ ਹੈ (ਇਸ ਤਰ੍ਹਾਂ ਸਹੀ ਆਤਮਕ ਜੀਵਨ
ਨੂੰ) ਨਹੀਂ ਸਮਝਦਾ। ਪਰ, ਹਾਂ! ਗੁਰੂ ਦੇ ਸ਼ਬਦ ਦੀ ਰਾਹੀਂ ਦੁਨੀਆ ਦੀਆਂ ਆਸਾਂ ਤੋਂ ਉਤਾਂਹ ਹੋ ਕੇ
ਮਨੁੱਖ ਆਤਮਕ ਆਨੰਦ ਮਾਣ ਸਕਦਾ ਹੈ।
ਆਪਣੀਆਂ ਲੋੜਾਂ ਨੂੰ ਪੂਰਿਆਂ ਕਰਨ ਲਈ ਕਿਰਤ ਦਾ ਤਿਆਗ ਕਰਕੇ ਦੂਜਿਆਂ `ਤੇ ਪੂਰਨ ਰੂਪ ਵਿੱਚ ਨਿਰਭਰ
ਹੋ ਕੇ ਪ੍ਰਭੂ ਨਾਲ ਸਾਂਝ ਪਾਉਂਣ ਵਾਲਿਆਂ ਪ੍ਰਤੀ ਫ਼ਰਮਾਨ ਹੈ:
(ੲ) ਮਾਇਆ ਕੀ ਕਿਰਤਿ ਛੋਡਿ ਗਵਾਈ ਭਗਤੀ ਸਾਰ ਨ ਜਾਨੈ॥ (ਪੰਨਾ ੩੮੧)
ਅਰਥ: (ਜਿਸ ਮਨੁੱਖ ਨੇ ਤਿਆਗ ਦੇ ਭੁਲੇਖੇ ਵਿੱਚ ਆਜੀਵਕਾ ਖ਼ਾਤਰ) ਮਾਇਆ ਕਮਾਣ ਦਾ ਉੱਦਮ ਛੱਡ ਦਿੱਤਾ
ਉਹ ਭਗਤੀ ਦੀ ਕਦਰ ਭੀ ਨਹੀਂ ਜਾਣਦਾ।
ਪਰ ਇਸ ਤਰ੍ਹਾਂ ਦਾ ਤਿਆਗ ਕਰਨ ਵਾਲੇ ਅਜਿਹੇ ਤਿਆਗ ਨਾਲ ਹੀ ਆਪਣੇ ਆਪ ਨੂੰ ਸਰਬ ਸ੍ਰੇਸ਼ਟ ਸਮਝਣ ਦਾ
ਭਰਮ ਪਾਲਣ ਲੱਗ ਪੈਂਦੇ ਹਨ। ਇਸ ਲਈ ਇਸ ਤਰ੍ਹਾਂ ਦੇ ਤਿਆਗੀਆਂ ਦੀ ਮਨੋਦਸ਼ਾ ਨੂੰ ਗੁਰਬਾਣੀ ਵਿੱਚ ਇਉਂ
ਦਰਸਾਇਆ ਹੈ:
(ੳ) ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ॥ ਅਜਹੁ ਬਿਕਾਰ ਨ
ਛੋਡਈ ਪਾਪੀ ਮਨੁ ਮੰਦਾ॥ (ਪੰਨਾ ੮੫੫) ਅਰਥ: ਜੇ ਗ੍ਰਿਹਸਤ ਤਿਆਗ ਕੇ ਜੰਗਲਾਂ ਵਿਚ ਚਲੇ
ਜਾਈਏ, ਤੇ ਗਾਜਰ ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰੀਏ, ਤਾਂ ਭੀ ਇਹ ਪਾਪੀ ਚੰਦਰਾ ਮਨ ਵਿਕਾਰ ਨਹੀਂ
ਛੱਡਦਾ।
(ਅ) ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ॥ ਮਾਨ ਮੁਨੀ
ਮੁਨਿਵਰ ਗਲੇ ਮਾਨੁ ਸਭੈ ਕਉ ਖਾਇ॥ (ਪੰਨਾ ੧੩੭੨) ਅਰਥ: ਹੇ ਕਬੀਰ! ਮਾਇਆ ਤਿਆਗ ਦਿੱਤੀ ਤਾਂ
ਭੀ ਕੁੱਝ ਨਹੀਂ ਸੰਵਰਦਾ, ਜੇ ਅਹੰਕਾਰ ਨਹੀਂ ਤਿਆਗਿਆ ਜਾਂਦਾ। ਵੱਡੇ ਵੱਡੇ ਰਿਸ਼ੀ ਮੁਨੀ (ਤਿਆਗ ਦੇ)
ਇਸ ਮਾਣ-ਅਹੰਕਾਰ ਵਿੱਚ ਗਲ ਜਾਂਦੇ ਹਨ, (ਇਹ ਮਾਣ ਕਿਸੇ ਦਾ ਲਿਹਾਜ਼ ਨਹੀਂ ਕਰਦਾ) ਮਾਣ ਹਰੇਕ ਨੂੰ ਖਾ
ਜਾਂਦਾ ਹੈ (ਜੋ ਭੀ ਪ੍ਰਾਣੀ ਅਹੰਕਾਰ ਕਰਦਾ ਹੈ ਉਸ ਦਾ ਆਤਮਕ ਜੀਵਨ ਖ਼ਤਮ ਹੋ ਜਾਂਦਾ ਹੈ)।
ਮਨੁੱਖ ਨੂੰ ਇਸ ਤਰ੍ਹਾਂ ਦੇ ਤਿਆਗ ਦੀ ਭਾਵਨ ਤੋਂ ਉਪਰ ਉਠਾ ਕੇ ਨਿਮਨ ਲਿਖਤ ਤਿਆਗਣ ਯੋਗ ਵਿਕਾਰਾਂ
ਦਾ ਤਿਆਗ ਕਰਨ ਦੀ ਮਨੁੱਖ ਨੂੰ ਪ੍ਰੇਰਨਾ ਦਿੱਤੀ ਗਈ ਹੈ:
ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ॥ (ਪੰਨਾ ੧੦੧੮)
ਅਰਥ: (ਹੇ ਭਾਈ! ਮਾਇਆ ਦੇ ਮੋਹ ਵਿਚੋਂ ਨਿਕਲਣ ਲਈ ਲੋਕ ਗ੍ਰਿਹਸਤ ਤਿਆਗ ਜਾਂਦੇ ਹਨ, ਪਰ) ਕਾਮ
ਕ੍ਰੋਧ ਲੋਭ (ਆਦਿਕ ਵਿਕਾਰਾਂ ਨੂੰ ਹਿਰਦੇ ਵਿਚੋਂ) ਤਿਆਗ ਦੇਣਾ—ਇਹ ਹੋਰ ਸਾਰੇ ਤਿਆਗਾਂ ਨਾਲੋਂ
ਸ੍ਰੇਸ਼ਟ ਤਿਆਗ ਹੈ।
ਚੂੰਕਿ ਅਸਲ ਤਿਆਗਣ ਯੋਗ ਚੀਜ਼ ਤਾਂ ਹਉਂ ਹੀ ਹੈ; ਇਸ ਲਈ ਗੁਰਬਾਣੀ ਵਿੱਚ ਇਹ ਸਪਸ਼ਟ ਤੌਰ `ਤੇ ਐਲਾਨ
ਕੀਤਾ ਗਿਆ ਹੈ ਕਿ:
ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ॥ (ਪੰਨਾ ੧੧੪੦) ਅਰਥ: ਹਉਮੈ ਨੂੰ ਤਿਆਗਣ ਤੋਂ ਬਿਨਾ ਕੋਈ ਤਿਆਗੀ
ਨਹੀਂ ਅਖਵਾ ਸਕਦਾ।
ਤਾਂਹੀਓ, ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸਬੰਧ ਵਿੱਚ ਚਰਚਾ ਕਰਦਿਆਂ ਹੋਇਆ ਕਿਹਾ ਹੈ ਕਿ ਇਸ ਤਰ੍ਹਾਂ
ਦੇ ਤਿਆਗੀ ਬਹੁਤ ਘੱਟ ਹਨ ਜਿਨ੍ਹਾਂ ਨੇ ਅਉਗੁਣਾਂ ਦਾ ਤਿਆਗ ਕਰਕੇ ਸਦਗੁਣਾਂ ਨੂੰ ਧਾਰਨ ਕੀਤਾ ਹੈ:
(ੳ) ਪ੍ਰਥਮੇ ਛੋਡੀ ਪਰਾਈ ਨਿੰਦਾ॥ ਉਤਰਿ ਗਈ ਸਭ ਮਨ ਕੀ ਚਿੰਦਾ॥ ਲੋਭੁ
ਮੋਹੁ ਸਭੁ ਕੀਨੋ ਦੂਰਿ॥ ਪਰਮ ਬੈਸਨੋ ਪ੍ਰਭ ਪੇਖਿ ਹਜੂਰਿ॥ ੧॥ ਐਸੋ ਤਿਆਗੀ ਵਿਰਲਾ ਕੋਇ॥ ਹਰਿ ਹਰਿ
ਨਾਮੁ ਜਪੈ ਜਨੁ ਸੋਇ॥ ੧॥ ਰਹਾਉ॥ ਅਹੰਬੁਧਿ ਕਾ ਛੋਡਿਆ ਸੰਗੁ॥ ਕਾਮ ਕ੍ਰੋਧ ਕਾ ਉਤਰਿਆ ਰੰਗੁ॥ ਨਾਮ
ਧਿਆਏ ਹਰਿ ਹਰਿ ਹਰੇ॥ ਸਾਧ ਜਨਾ ਕੈ ਸੰਗਿ ਨਿਸਤਰੇ॥ ੨॥ ਬੈਰੀ ਮੀਤ ਹੋਏ ਸੰਮਾਨ॥ ਸਰਬ ਮਹਿ ਪੂਰਨ
ਭਗਵਾਨ॥ ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ॥ ੩॥ ਪੰਨਾ ੧੧੪੭)
ਅਰਥ: ਹੇ ਭਾਈ! ਪਰਮਾਤਮਾ ਨੂੰ ਅੰਗ-ਸੰਗ ਵੱਸਦਾ ਵੇਖ ਕੇ (ਮਨੁੱਖ) ਸਭ ਤੋਂ ਉੱਚਾ ਵੈਸ਼ਨਵ
ਬਣ ਜਾਂਦਾ ਹੈ (ਉਹ ਮਨੁੱਖ ਬਾਹਰ ਦੀ ਸੁੱਚ ਦੇ ਥਾਂ ਅੰਦਰ ਦੀ ਪਵਿੱਤ੍ਰਤਾ ਕਾਇਮ ਰੱਖਣ ਵਾਸਤੇ) ਸਭ
ਤੋਂ ਪਹਿਲਾਂ ਦੂਜਿਆਂ ਦੇ ਐਬ ਲੱਭਣੇ ਛੱਡ ਦੇਂਦਾ ਹੈ (ਇਸ ਤਰ੍ਹਾਂ ਉਸ ਦੇ ਆਪਣੇ) ਮਨ ਦੀ ਸਾਰੀ
ਚਿੰਤਾ ਲਹਿ ਜਾਂਦੀ ਹੈ (ਮਨ ਤੋਂ ਵਿਕਾਰਾਂ ਦਾ ਚਿੰਤਨ ਲਹਿ ਜਾਂਦਾ ਹੈ), ਉਹ ਮਨੁੱਖ (ਆਪਣੇ
ਅੰਦਰੋਂ) ਲੋਭ ਅਤੇ ਮੋਹ ਸਾਰੇ ਦਾ ਸਾਰਾ ਦੂਰ ਕਰ ਦੇਂਦਾ ਹੈ। ੧।
ਹੇ ਭਾਈ! (ਇਹੋ ਜਿਹਾ ਵੈਸ਼ਨਵ ਹੀ ਅਸਲ ਤਿਆਗੀ ਹੈ, ਪਰ) ਇਹੋ ਜਿਹਾ ਤਿਆਗੀ (ਜਗਤ ਵਿਚ) ਕੋਈ ਵਿਰਲਾ
ਮਨੁੱਖ ਹੀ ਹੁੰਦਾ ਹੈ, ਉਹੀ ਮਨੁੱਖ (ਸਹੀ ਅਰਥਾਂ ਵਿਚ) ਪਰਮਾਤਮਾ ਦਾ ਨਾਮ ਜਪਦਾ ਹੈ। ੧। ਰਹਾਉ।
ਹੇ ਭਾਈ! (ਜਿਹੜਾ ਮਨੁੱਖ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਵੇਖ ਕੇ ਅਸਲ ਵੈਸ਼ਨਵ ਬਣ ਜਾਂਦਾ ਹੈ, ਉਹ)
ਅਹੰਕਾਰ ਦਾ ਸਾਥ ਛੱਡ ਦੇਂਦਾ ਹੈ, (ਉਸ ਦੇ ਮਨ ਤੋਂ) ਕਾਮ ਅਤੇ ਕ੍ਰੋਧ ਦਾ ਅਸਰ ਦੂਰ ਹੋ ਜਾਂਦਾ ਹੈ,
ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ। ਹੇ ਭਾਈ! ਅਜਿਹੇ ਮਨੁੱਖ ਸਾਧ ਸੰਗਤਿ ਵਿੱਚ ਰਹਿ ਕੇ
ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ੨।
ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪੱਕੇ ਤੌਰ ਤੇ ਟਿਕਾ
ਦਿੱਤਾ, ਉਸ ਨੇ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਜਾਣ ਕੇ ਸਦਾ ਆਤਮਕ ਆਨੰਦ ਮਾਣਿਆ ਹੈ, ਉਸ ਨੂੰ
ਭਗਵਾਨ ਸਭ ਜੀਵਾਂ ਵਿੱਚ ਵਿਆਪਕ ਦਿੱਸਦਾ ਹੈ, ਇਸ ਵਾਸਤੇ ਉਸ ਨੂੰ ਵੈਰੀ ਅਤੇ ਮਿੱਤਰ ਇੱਕੋ ਜਿਹੇ
(ਮਿੱਤਰ ਹੀ) ਦਿੱਸਦੇ ਹਨ। ੩।
(ਅ) ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ॥
ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ॥ ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ
ਦਾਰਾ ਤਜਿ ਪਿਆਸ ਆਸ ਰਾਮ ਲਿਵ ਲਾਵੈ॥ ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ॥ (ਪੰਨਾ
੧੪੧) ਅਰਥ: (ਜੇ ਮਨੁੱਖ) ਕਾਮ ਗੁੱਸਾ ਝੂਠ ਨਿੰਦਿਆ ਛੱਡ ਦੇਵੇ, ਜੇ ਮਾਇਆ ਦਾ ਲਾਲਚ ਛੱਡ
ਕੇ ਅਹੰਕਾਰ (ਭੀ) ਦੂਰ ਕਰ ਲਏ, ਜੇ ਵਿਸ਼ੇ ਦੀ ਵਾਸ਼ਨਾ ਛੱਡ ਕੇ ਇਸਤ੍ਰੀ ਦਾ ਮੋਹ ਤਿਆਗ ਦੇਵੇ ਤਾਂ
ਮਨੁੱਖ ਮਾਇਆ ਦੀ ਕਾਲਖ ਵਿੱਚ ਰਹਿੰਦਾ ਹੋਇਆ ਹੀ ਮਾਇਆ-ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ। (ਜੇ
ਮਨੁੱਖ) ਅਹੰਕਾਰ ਦੂਰ ਕਰ ਕੇ ਪੁੱਤ੍ਰ ਵਹੁਟੀ ਦਾ ਮੋਹ ਛੱਡ ਦੇਵੇ, ਜੇ (ਦੁਨੀਆ ਦੇ ਪਦਾਰਥਾਂ ਦੀਆਂ)
ਆਸਾਂ ਤੇ ਤ੍ਰਿਸ਼ਨਾ ਛੱਡ ਕੇ ਪਰਮਾਤਮਾ ਨਾਲ ਸੁਰਤਿ ਜੋੜ ਲਏ, ਤਾਂ, ਹੇ ਨਾਨਕ! ਸਦਾ-ਥਿਰ ਰਹਿਣ ਵਾਲਾ
ਪਰਮਾਤਮਾ ਉਸ ਦੇ ਮਨ ਵੱਸ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿੱਚ ਉਹ ਲੀਨ
ਹੋ ਜਾਂਦਾ ਹੈ।
ਜਨ-ਸਾਧਾਰਨ ਵਲੋਂ ਹਰੇਕ ਤਰ੍ਹਾਂ ਦੇ ਧਰਮ ਕਰਮ ਕਰਨ ਦਾ ਉਦੇਸ਼ ਮੁਕਤੀ ਦੀ ਪ੍ਰਾਪਤੀ ਹੁੰਦਾ ਹੈ ਪਰ
ਇਹੋ ਜਿਹੇ ਤਿਆਗੀ ਇਸ ਮੁਕਤੀ ਨੂੰ ਵੀ ਤਿਆਗ ਦੇਂਦੇ ਹਨ। ਭਾਵ, ਉਨ੍ਹਾਂ ਨੇ ਮਨ ਵਿੱਚ ਮਰਨ ਮਗਰੋਂ
ਮਿਲਣ ਵਾਲੀ ਮੁਕਤੀ ਦੀ ਕੋਈ ਚਾਹਤ ਨਹੀਂ ਹੁੰਦੀ:
ਮੁਕਤਿ ਬਪੁੜੀ ਭੀ ਗਿਆਨੀ ਤਿਆਗੇ॥ (ਪੰਨਾ ੧੦੭੮) ਅਰਥ: ਜਿਹੜਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ
ਨਾਲ ਸਾਂਝ ਪਾਂਦਾ ਹੈ, ਉਹ ਮੁਕਤੀ ਨੂੰ ਭੀ ਇੱਕ ਨਿਮਾਣੀ ਜਿਹੀ ਚੀਜ਼ ਸਮਝ ਕੇ (ਇਸ ਦੀ ਲਾਲਸਾ) ਛਡ
ਦੇਂਦਾ ਹੈ।
ਗੁਰਬਾਣੀ ਵਿੱਚ ਉਪਰੋਕਤ ਤਿਆਗੀਆਂ ਤੋਂ ਇਲਾਵਾ ਨਿਮਨ ਲਿਖਤ ਤਰ੍ਹਾਂ ਦੇ ਤਿਆਗੀ ਵੀ ਹਨ, ਜਿਨ੍ਹਾਂ
ਦੇ ਇਸ ਤਰ੍ਹਾਂ ਦੇ ਤਿਆਗ ਨੂੰ ਆਤਮਕ ਮੌਤ ਦਾ ਲਖਾਇਕ ਮੰਨਿਆ ਗਿਆ ਹੈ:
ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ॥ (ਪੰਨਾ ੧੧੬੪)
ਅਰਥ: ਅੰਨ੍ਹਾ (ਪਾਪੀ) ਆਪਣੀ ਵਹੁਟੀ ਛੱਡ ਦੇਂਦਾ ਹੈ, ਤੇ ਪਰਾਈ ਜ਼ਨਾਨੀ ਨਾਲ ਝਖਾਂ ਮਾਰਦਾ ਹੈ।
ਇਨ੍ਹਾਂ ਤਿਆਗੀਆਂ ਤੋਂ ਇਲਾਵਾ ਇਸ ਤਰ੍ਹਾਂ ਦੇ ਤਿਆਗੀ ਵੀ ਹਨ ਜਿਹੜੇ ਕਉਡੀ ਦੇ ਬਦਲੇ ਰਤਨ ਤਿਆਗ
ਦੇਂਦੇ ਹਨ:
(ੳ) ਕਉਡੀ ਬਦਲੈ ਤਿਆਗੈ ਰਤਨੁ॥ (ਪੰਨਾ ੮੯੨) ਅਰਥ: (ਪਰਮਾਤਮਾ
ਦਾ ਨਾਮ ਅਮੋਲਕ ਰਤਨ ਹੈ, ਇਸ ਦੇ ਟਾਕਰੇ ਤੇ ਮਾਇਆ ਕੌਡੀ ਦੇ ਤੁੱਲ ਹੈ; ਪਰ ਸਾਕਤ ਮਨੁੱਖ ਇਸ ਦੀ
ਖ਼ਾਤਰ (ਕੀਮਤੀ) ਰਤਨ ਨੂੰ ਛੱਡ ਦੇਂਦਾ ਹੈ।
(ਅ) ਰਤਨੁ ਪਦਾਰਥੁ ਪਲਰਿ ਤਿਆਗੈ॥ ਮਨਮੁਖੁ ਅੰਧਾ ਦੂਜੈ ਭਾਇ ਲਾਗੈ॥
(ਪੰਨਾ ੧੧੩) ਅਰਥ: ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ
ਵਾਲਾ ਮਨੁੱਖ (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਪਿਆਰ ਵਿੱਚ ਫਸਿਆ ਰਹਿੰਦਾ ਹੈ, ਉਹ ਪਰਮਾਤਮਾ ਦੇ
ਨਾਮ-ਰਤਨ ਨੂੰ (ਦੁਨੀਆ ਦੇ ਸਭ ਪਦਾਰਥਾਂ ਨਾਲੋਂ ਸ੍ਰੇਸ਼ਟ) ਪਦਾਰਥ ਨੂੰ ਤੋਰੀਏ ਦੇ ਨਾੜ ਦੇ ਵੱਟੇ
ਵਿੱਚ ਹੱਥੋਂ ਗਵਾਂਦਾ ਰਹਿੰਦਾ ਹੈ। ਜੇਹੜਾ (ਦੁਖਦਾਈ ਬੀਜ) ਉਹ ਮਨਮੁਖ ਬੀਜਦਾ ਹੈ, ਉਸ ਦਾ ਉਹੀ
(ਦੁਖਦਾਈ) ਫਲ ਉਹ ਹਾਸਲ ਕਰਦਾ ਹੈ, ਉਹ ਕਦੇ ਸੁਪਨੇ ਵਿੱਚ ਭੀ ਆਤਮਕ ਆਨੰਦ ਨਹੀਂ ਪਾਂਦਾ।
ਸੋ, ਗੱਲ ਕੀ, ਘਰ-ਬਾਰ ਦਾ ਤਿਆਗ ਕਰਨ ਵਾਲੇ, ਕੰਮ-ਕਾਜ ਦਾ ਤਿਆਗ ਕਰਨ ਵਾਲੇ, ਖ਼ਾਸ ਲਿਬਾਸ ਜਾਂ
ਭੋਜਨ ਦਾ ਤਿਆਗ ਕਰਨ ਵਾਲਿਆਂ ਦੀ ਭਰਮਾਰ ਹੈ। ਪਰੰਤੂ ਮਾਇਆ ਦੇ ਮੋਹ ਦਾ ਤਿਆਗ ਕਰ ਕੇ ਵਿਕਾਰਾਂ ਤੋਂ
ਉੱਪਰ ਉੱਠ ਕੇ ਪਵਿੱਤਰਤਾ ਦੀ ਜ਼ਿੰਦਗੀ ਜਿਊਣ ਵਾਲੇ ਤਿਆਗੀ ਵਿਰਲੇ ਹਨ। ਗੁਰਮਤਿ ਵਿੱਚ ਪਹਿਲੀ
ਤਰ੍ਹਾਂ ਦੇ ਤਿਆਗੀਆਂ (ਘਰ-ਬਾਰ ਆਦਿ ਦਾ ਤਿਆਗ ਕਰਨ ਵਾਲੇ) ਦੀ ਤਿਆਗ ਦੀ ਭਾਵਨਾ ਨੂੰ ਕਿਸੇ ਤਰ੍ਹਾਂ
ਦੀ ਕੋਈ ਮਾਨਤਾ ਨਹੀਂ ਦਿੱਤੀ ਗਈ ਹੈ। ਪਰੰਤੂ ਦੂਜੀ ਤਰ੍ਹਾਂ ਦੇ ਤਿਆਗੀਆਂ ਨੂੰ ਸਾਲਾਹਿਆ ਗਿਆ ਹੈ
ਅਰਥਾਤ ਹਰੇਕ ਮਨੁੱਖ ਨੂੰ ਅਜਿਹਾ ਤਿਆਗੀ ਬਣਨ ਲਈ ਉਤਸ਼ਾਹਤ ਕੀਤਾ ਗਿਆ ਹੈ।
ਮਿਰਤਕ ਕਉ ਪਾਇਓ ਤਨਿ ਸਾਸਾ. .
ਗੁਰੂ ਗ੍ਰੰਥ ਸਾਹਿਬ ਵਿੱਚ ਜੀਵਨ ਦੇ ਰਹੱਸ ਦਾ ਵਰਣਨ ਕਰਦਿਆਂ ਹੋਇਆਂ ਸਪਸ਼ਟ ਕੀਤਾ ਹੈ ਕਿ,
“ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ॥ ਹਾਡ ਮਾਸ ਨਾੜੀਂ ਕੋ
ਪਿੰਜਰੁ ਪੰਖੀ ਬਸੈ ਬਿਚਾਰਾ॥” (ਪੰਨਾ ੬੫੯)। ਮਨੁੱਖ ਦਾ ਆਲੇ-ਦੁਆਲੇ, ਪਰਵਾਰ ਅਤੇ
ਸਬੰਧੀਆਂ ਆਦਿ ਨਾਲ ਓਦੋਂ ਤੱਕ ਹੀ ਸਬੰਧ ਹੈ ਜਦੋਂ ਤੀਕ ਇਨ੍ਹਾਂ ਦੋਹਾਂ (ਭਾਵ, ਰੱਬੀ ਚੇਤਨਾ ਅਥਵਾ
ਆਤਮਾ ਅਤੇ ਸਰੀਰ) ਦਾ ਆਪਸ ਵਿੱਚ ਸੰਜੋਗ ਹੈ, ਇਹ ਸੰਜੋਗ ਵਿਜੋਗ ਵਿੱਚ ਬਦਲਣ ਸਾਰ ਹੀ ਇਹ ਸਾਰੇ
ਸਬੰਧ ਵੀ ਟੁੱਟ ਜਾਂਦੇ ਹਨ:
ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ॥ ਜਾ ਉਠੀ ਚਲਸੀ ਕੰਤੜਾ
ਤਾ ਕੋਇ ਨ ਪੁਛੈ ਤੇਰੀ ਬਾਤ॥ (ਪੰਨਾ ੫੦) ਅਰਥ: ਹੇ ਕਾਂਇਆਂ! ਜਿਤਨਾ ਚਿਰ ਤੇਰਾ ਖਸਮ
(ਜੀਵਾਤਮਾ ਤੇਰੇ) ਘਰ ਵਿੱਚ ਵੱਸਦਾ ਹੈ, ਸਾਰੇ ਲੋਕ ਤੈਨੂੰ ‘ਜੀ ਜੀ’ ਆਖਦੇ ਹਨ (ਸਾਰੇ ਤੇਰਾ ਆਦਰ
ਕਰਦੇ ਹਨ)। ਪਰ ਜਦੋਂ ਨਿਮਾਣਾ ਕੰਤ (ਜੀਵਾਤਮਾ) ਉੱਠ ਕੇ ਤੁਰ ਪਏਗਾ, ਤਦੋਂ ਕੋਈ ਭੀ ਤੇਰੀ ਵਾਤ
ਨਹੀਂ ਪੁੱਛਦਾ।
ਅਥਵਾ: ਮੁਆ ਪਿਆਰੁ ਪ੍ਰੀਤਿ ਮੁਈ ਮੁਆ ਵੈਰੁ ਵਾਦੀ॥ ਵੰਨੁ ਗਇਆ ਰੂਪੁ
ਵਿਣਸਿਆ ਦੁਖੀ ਦੇਹ ਰੁਲੀ॥ (ਪੰਨਾ ੧੨੮੭) ਅਰਥ: (ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਉਸ ਦਾ
ਉਹ) ਪ੍ਰੀਤ-ਪਿਆਰ ਮੁੱਕ ਜਾਂਦਾ ਹੈ (ਜੋ ਉਹ ਆਪਣੇ ਸਨਬੰਧੀਆਂ ਨਾਲ ਕਰਦਾ ਸੀ) ਝਗੜਿਆਂ ਦਾ ਮੂਲ ਵੈਰ
ਭੀ ਖ਼ਤਮ ਹੋ ਜਾਂਦਾ ਹੈ; (ਸਰੀਰ ਦਾ ਸੋਹਣਾ) ਰੰਗ ਰੂਪ ਨਾਸ ਹੋ ਜਾਂਦਾ ਹੈ, ਵਿਚਾਰਾ ਸਰੀਰ ਭੀ ਰੁਲ
ਜਾਂਦਾ ਹੈ (ਅੱਗ ਜਾਂ ਮਿੱਟੀ ਆਦਿਕ ਦੇ ਹਵਾਲੇ ਹੋ ਜਾਂਦਾ ਹੈ)।
ਗੱਲ ਕੀ, ਰੱਬੀ ਚੇਤਨਾ ਅਥਵਾ ਆਤਮਾ ਤੋਂ ਬਿਨਾਂ ਸਰੀਰ ਦੀ ਹੋਂਦ ਕਾਇਮ ਨਹੀਂ ਰਹਿੰਦੀ:
ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ॥ ਜਾ ਸਾਥੀ ਉਠੀ ਚਲਿਆ ਤਾ ਧਨ
ਖਾਕੂ ਰਾਲਿ॥ (ਪੰਨਾ ੫੦) ਅਰਥ: ਹੇ ਕਾਂਇਆਂ! ਤੂੰ ਉਤਨਾ ਚਿਰ ਹੀ ਸੁਖੀ ਵੱਸੇਂਗੀ, ਜਿਤਨਾ
ਚਿਰ (ਜੀਵਾਤਮਾ ਤੇਰਾ) ਸਾਥੀ (ਤੇਰੇ) ਨਾਲ ਹੈ। ਜਦੋਂ (ਤੇਰਾ) ਸਾਥੀ (ਜੀਵਾਤਮਾ) ਉੱਠ ਕੇ ਚੱਲ
ਪਏਗਾ, ਤਦੋਂ, ਹੇ ਕਾਂਇਆਂ! ਤੂੰ ਮਿੱਟੀ ਵਿੱਚ ਰਲ ਜਾਇਂਗੀ।
ਹਰੇਕ ਮਨੁੱਖ ਦੇ ਸਰੀਰ ਨਾਲ ਅਜਿਹਾ ਹੀ ਵਾਪਰਦਾ ਹੈ। ਚਾਹੇ ਕੋਈ ਗ਼ਰੀਬ ਹੈ ਜਾਂ ਅਮੀਰ ਹੈ, ਪਾਪੀ ਹੈ
ਜਾਂ ਪੁੰਨੀ ਹੈ, ਇਸਤ੍ਰੀ ਹੈ ਜਾਂ ਪੁਰਸ਼ ਹੈ, ਆਸਤਕ ਹੈ ਜਾਂ ਨਾਸਤਕ ਹੈ; ਹਰੇਕ ਦੇ ਸਰੀਰ ਦਾ ਇਹੀ
ਹਸ਼ਰ ਹੁੰਦਾ ਹੈ। ਜੋ ਜਨਮਿਆ ਹੈ ਉਸ ਨੇ ਇੱਕ ਦਿਨ ਜ਼ਰੂਰ ਮਰਨਾ ਹੈ। ਇਹ ਮੌਤ ਹਰੇਕ ਜੀਵ ਲਈ ਹੈ।
ਸਰੀਰ ਕਰਕੇ ਨਾ ਕੋਈ ਸਦੀਵੀ ਇਸ ਦੁਨੀਆਂ ਵਿੱਚ ਰਿਹਾ ਹੈ ਅਤੇ ਨਾ ਹੀ ਕੋਈ ਰਹਿ ਸਕੇਗਾ। ਇਹ ਅਕਾਲ
ਪੁਰਖ ਦੀ ਹੁਕਮੀ ਖੇਡ ਦਾ ਇੱਕ ਅਤੁੱਟ ਅੰਗ ਹੈ; ਇਸ ਦੀ ਕੋਈ ਉਲੰਘਣਾ ਨਹੀਂ ਕਰ ਸਕਦਾ। ਭਾਵੇਂ
ਗੁਰਬਾਣੀ ਵਿੱਚ ਇਸ ਤਰ੍ਹਾਂ ਦੀ (ਭਾਵ, ਸਰੀਰਕ) ਮੌਤੇ ਮਰਨ ਵਾਲਿਆਂ ਨੂੰ ਮੁੜ ਜਿਵਾਉਣ ਦੀ ਗੱਲ
ਨਹੀਂ ਆਈ ਹੈ ਪਰ ਫਿਰ ਵੀ ਕਈ ਲੇਖਕਾਂ ਨੇ ਗੁਰੂ ਸਾਹਿਬਾਨ ਨਾਲ ਅਜਿਹੀਆਂ ਸਾਖੀਆਂ ਜੋੜੀਆਂ ਹੋਈਆਂ
ਹਨ ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਦਾ ਮੁਰਦਿਆਂ ਨੂੰ ਜਿਊਂਦੇ ਕਰਨ ਦਾ ਵਰਣਨ ਕੀਤਾ ਗਿਆ ਹੈ।
ਉਦਾਹਰਣ ਵਜੋਂ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਸਾਖੀਕਾਰਾਂ ਨੇ ਇੱਕ ਸਾਖੀ ਲਿਖੀ ਹੈ ਕਿ ਗੁਰੂ
ਅਮਰਦਾਸ ਜੀ ਨੇ ਗੋਇੰਦਵਾਲ ਦੀ ਰਹਿਣ ਵਾਲੀ ਇੱਕ ਮਾਈ ਦੇ ਮੋਏ ਹੋਏ ਪੁੱਤਰ ਨੂੰ ਕੇਵਲ ਜਿਵਾਇਆ ਹੀ
ਨਹੀਂ ਸਗੋਂ ਧਰਮਰਾਜ ਨੂੰ ਇਹ ਹੁਕਮ ਕਰ ਦਿੱਤਾ ਕਿ ਜਿਤਨਾ ਚਿਰ ਉਹ ਗੋਇੰਦਵਾਲ ਵਿੱਚ ਹਨ ਉਤਨਾ ਚਿਰ
ਕਿਸੇ ਵੀ ਮਾਂ ਬਾਪ ਦੇ ਹੁੰਦਿਆਂ ਉਨ੍ਹਾਂ ਦੀ ਸੰਤਾਨ ਦੀ ਮੌਤ ਨਹੀਂ ਹੋਵੇਗੀ। ਇਸ ਤਰ੍ਹਾਂ ਦੀ
ਸਾਖੀਆਂ ਸਾਖੀਕਾਰਾਂ ਦੀ ਕਲਪਣਾ ਦਾ ਹੀ ਨਤੀਜਾ ਹਨ। ਇਹਨਾਂ ਵਿੱਚ ਕਿਸੇ ਤਰ੍ਹਾਂ ਦੀ ਸਚਾਈ ਨਹੀਂ
ਹੈ, ਕਿਉਂਕਿ ਇਹੋ ਜਿਹੀਆਂ ਸਾਖੀਆਂ ਗੁਰਬਾਣੀ ਦੀ ਕਸਵੱਟੀ ਉੱਤੇ ਪੂਰੀਆਂ ਨਹੀਂ ਉੱਤਰਦੀਆਂ।
ਗੁਰਬਾਣੀ ਵਿੱਚ ਮਨੁੱਖ ਦਾ ਪ੍ਰਭੂ ਦੇ ਹੁਕਮ ਨੂੰ ਸਮਝ ਕੇ ਇਸ ਨੂੰ ਸਵੀਕਾਰ ਕਰਨ ਦੀ ਹੀ
ਮਨੁੱਖ-ਮਾਤਰ ਨੂੰ ਪ੍ਰੇਰਨਾ ਕੀਤੀ ਗਈ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਆਤਮਕ ਤੌਰ `ਤੇ ਜਿਊਣ ਵਾਲਿਆਂ ਨੂੰ ਹੀ ਜਿਊਂਦਾ ਕਿਹਾ ਗਿਆ ਹੈ। ਜੇਕਰ
ਕੋਈ ਮਨੁੱਖ ਆਤਮਕ ਮੌਤ ਦਾ ਸ਼ਿਕਾਰ ਹੋਇਆ ਹੈ ਉਸ ਨੂੰ ਮੁਰਦਾ ਕਰਾਰ ਦਿੱਤਾ ਹੋਇਆ ਹੈ। ਇਸ ਲਈ ਮਨੁੱਖ
ਨੂੰ ਜਿਊਂਦੇ ਮਨੁੱਖਾਂ ਵਿੱਚ ਸ਼ਮੂਲੀਅਤ ਕਰਾਉਣ ਲਈ ਇਹ ਜ਼ਰੂਰੀ ਸ਼ਰਤ ਰੱਖੀ ਗਈ ਹੈ ਕਿ ਮਨੁੱਖ ਦਾ
ਆਤਮਕ ਤੌਰ `ਤੇ ਜਿਊਂਦੇ ਰਹਿਣਾ ਲਾਜ਼ਮੀ ਹੈ:
ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ॥ (ਪੰਨਾ ੩੧੯) ਅਰਥ: ਹੇ
ਨਾਨਕ! ਉਹੀ ਮਨੁੱਖ (ਅਸਲ ਵਿਚ) ਜੀਉਂਦਾ ਹੈ ਜਿਸ ਨੇ ਇੱਕ ਪ੍ਰਭੂ ਨੂੰ ਪਛਾਣਿਆ ਹੈ। (ਪ੍ਰਭੂ ਨੂੰ
ਪਛਾਣਿਆ ਤੋਂ ਭਾਵ ਹੈ ਕਿ ਪ੍ਰਭੂ ਦੇ ਭਾਣੇ ਅਥਵਾ ਭਾਣੇ ਨੂੰ ਸਵੀਕਾਰ ਕਰਨਾ)
ਜਿਨ੍ਹਾਂ ਨੇ ਪ੍ਰਭੂ ਨਾਲ ਭਾਵ ਸੱਚ ਨਾਲ ਸਾਂਝ ਨਹੀ ਪਾਈ, ਉਹ ਮਨੁੱਖ ਸਰੀਰਕ ਤਲ `ਤੇ ਜਿਊਂਦੇ ਹੋਏ
ਵੀ ਮਿਰਤਕ ਹਨ:
(ੳ) ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਅੰਤਰਿ ਗਿਆਨੁ ਨ
ਆਇਓ ਮਿਰਤਕੁ ਹੈ ਸੰਸਾਰਿ॥ (ਪੰਨਾ ੮੮) ਅਰਥ: (ਮਨੁੱਖਾ ਜਨਮ ਲੱਭ ਕੇ) ਜਿਨ੍ਹਾਂ ਜੀਵਾਂ ਨੇ
ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹਰੀ ਨਾਮ ਦੀ) ਵਿਚਾਰ
ਨਹੀਂ ਕੀਤੀ, (ਤੇ ਇਸ ਤਰ੍ਹਾਂ) ਹਿਰਦੇ ਵਿੱਚ ਸੱਚਾ ਚਾਨਣ ਨਹੀਂ ਹੋਇਆ, ਉਹ ਜੀਵ ਸੰਸਾਰ ਵਿੱਚ
(ਜੀਊਂਦਾ ਦਿੱਸਦਾ ਭੀ) ਮੋਇਆ ਹੋਇਆ ਹੈ,
(ਅ) ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ॥ ਮਿਰਤਕ ਕਹੀਅਹਿ
ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ॥ (ਪੰਨਾ ੨੫੩) ਅਰਥ: ਜੇ ਕੋਈ ਬੜੇ ਸੁੰਦਰ, ਚੰਗੀ ਕੁਲ
ਵਾਲੇ, ਸਿਆਣੇ, ਗਿਆਨਵਾਨ ਤੇ ਧਨਵਾਨ ਬੰਦੇ ਭੀ ਹੋਣ, ਪਰ, ਹੇ ਨਾਨਕ! ਜਿਨ੍ਹਾਂ ਦੇ ਅੰਦਰ ਭਗਵਾਨ ਦੀ
ਪ੍ਰੀਤਿ ਨਹੀਂ ਹੈ, ਉਹ ਮੁਰਦੇ ਹੀ ਆਖੇ ਜਾਂਦੇ ਹਨ (ਭਾਵ, ਵਿਕਾਰਾਂ ਵਿੱਚ ਮਰੀ ਹੋਈ ਆਤਮਾ ਵਾਲੇ)।
ਆਤਮਕ ਤੌਰ `ਤੇ ਮਰੇ ਹੋਏ ਪ੍ਰਾਣੀ, ਮਨੁੱਖ ਜਾਮੇ ਵਿੱਚ ਹੁੰਦੇ ਹੋੇਏ ਵੀ ਮਨੁੱਖ ਨਹੀਂ ਹੁੰਦੇ
ਚੂੰਕਿ ਉਹ ਇਨਸਾਨੀਅਤ ਤੋਂ ਕੋਹਾਂ ਦੂਰ ਹੁੰਦੇ ਹਨ; ਉਹ ਆਤਮਕ ਤੌਰ `ਤੇ ਸਦਾ ਆਵਾਗਵਨ ਵਿੱਚ ਪਏ
ਰਹਿੰਦੇ ਹਨ ਨਾ ਕਿ ਸਰੀਰਕ ਤੌਰ `ਤੇ। ਆਵਾਗਵਨ ਦੀ ਘੁੰਮਣਘੇਰੀ ਵਿੱਚ ਫਸੇ ਰਹਿੰਦੇ ਹਨ:
ਮਿਰਤਕ ਦੇਹ ਸਾਧਸੰਗ ਬਿਹੂਨਾ॥ ਆਵਤ ਜਾਤ ਜੋਨੀ ਦੁਖ ਖੀਨਾ॥ ੧॥ ਰਹਾਉ॥
(ਪੰਨਾ ੧੯੦) ਅਰਥ: ਹੇ ਭਾਈ! ਜੇਹੜਾ ਮਨੁੱਖ ਸਾਧ ਸੰਗਤਿ ਤੋਂ ਵਾਂਜਿਆ ਰਹਿੰਦਾ ਹੈ, ਉਸ ਦਾ
ਸਰੀਰ ਮੁਰਦਾ ਹੈ (ਕਿਉਂਕਿ ਉਸ ਦੇ ਅੰਦਰ ਆਤਮਕ ਮੌਤੇ ਮਰੀ ਹੋਈ ਜਿੰਦ ਹੈ), ਉਹ ਮਨੁੱਖ ਜਨਮ ਮਰਨ ਦੇ
ਗੇੜ ਵਿੱਚ ਪਿਆ ਰਹਿੰਦਾ ਹੈ, ਜੂਨਾਂ ਦੇ ਦੁੱਖਾਂ ਦੇ ਕਾਰਨ ਉਸ ਦਾ ਆਤਮਕ ਜੀਵਨ ਹੋਰ ਹੋਰ ਕਮਜ਼ੋਰ
ਹੁੰਦਾ ਜਾਂਦਾ ਹੈ। ੧। ਰਹਾਉ।
ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ ਵਿੱਚ ਸਤਿਗੁਰੂ ਜੀ ਅਜਿਹੇ ਮਿਰਤਕਾਂ ਨੂੰ ਹੀ ਜੀਵਨ ਦਾਨ ਦੇਣ ਦੀ
ਗੱਲ ਕਰ ਰਹੇ ਹਨ: “ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ॥
ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ॥” (ਪੰਨਾ ੬੧੪) ਅਰਥ:-ਹੇ ਭਾਈ!
(ਗੁਰੂ ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ ਸਰੀਰ ਵਿੱਚ ਨਾਮ-ਜਿੰਦ ਪਾ ਦੇਂਦਾ ਹੈ, (ਪ੍ਰਭੂ ਤੋਂ)
ਵਿਛੁੱੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ ਨਾਲ) ਮਿਲਾ ਦੇਂਦਾ ਹੈ। ਪਸ਼ੂ (-ਸੁਭਾਉ ਮਨੁੱਖ),
ਪ੍ਰੇਤ (-ਸੁਭਾਉ ਮਨੁੱਖ), ਮੂਰਖ ਮਨੁੱਖ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ) ਸੁਣਨ ਵਾਲੇ ਬਣ
ਜਾਂਦੇ ਹਨ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਪੈਂਦੇ ਹਨ।
ਇਸ ਤਰ੍ਹਾਂ ਦੇ ਮੁਰਦੇ ਭਾਵ ਆਤਮਕ ਮੌਤ ਦਾ ਸ਼ਿਕਾਰ ਹੋਏ ਨੂੰ ਹੀ ਗੁਰੂ ਆਤਮਕ ਜ਼ਿੰਦਗੀ ਦੇਣ ਵਾਲਾ
ਹੈ।
ਜਦ ਕਬੀਰ ਜੀ ਇਹ ਕਹਿੰਦੇ ਹਨ: ਮੈ ਨ ਮਰਉ ਮਰਿਬੋ ਸੰਸਾਰਾ॥ ਅਬ ਮੋਹਿ
ਮਿਲਿਓ ਹੈ ਜੀਆਵਨਹਾਰਾ॥ (ਪੰਨਾ ੩੨੫) ਅਰਥ: ਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ।
ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਧਿਆਂ ਵਿੱਚ ਫਸੇ ਹੋਏ ਹਨ। ਮੈਨੂੰ (ਤਾਂ) ਹੁਣ (ਅਸਲ) ਜ਼ਿੰਦਗੀ
ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ।
ਇਸ ਫ਼ਰਮਾਨ ਵਿੱਚ ਕਬੀਰ ਸਾਹਿਬ ਸਰੀਰਕ ਮੌਤ ਦੀ ਗੱਲ ਨਹੀਂ ਕਰ ਰਹੇ ਹਨ। ਸਰੀਰਕ ਮੌਤੇ ਤਾਂ ਹਰੇਕ
ਮਨੁੱਖ ਨੇ ਮਰਨਾ ਹੈ। ਜਿਵੇਂ ਦੂਜਿਆਂ ਦਾ ਸਰੀਰ ਬਿਨਸਦਾ ਹੈ ਇਸੇ ਤਰ੍ਹਾਂ ਕਬੀਰ ਸਾਹਿਬ ਦਾ ਸਰੀਰ
ਵੀ ਸਮਾਂ ਆਉਣ `ਤੇ ਬਿਨਸ ਗਿਆ ਸੀ। ਇਸ ਲਈ ਆਪ ਸਰੀਰਕ ਮੌਤ ਦੀ ਨਹੀਂ ਬਲਕਿ ਆਤਮਕ ਮੌਤ ਦੀ ਹੀ ਗੱਲ
ਕਰ ਰਹੇ ਹਨ।
ਆਤਮਕ ਤੌਰ `ਤੇ ਮੋਇਆਂ ਨੂੰ ਗੁਰੂ ਆਤਮਕ ਜ਼ਿੰਦਗੀ ਦੀ ਬਖ਼ਸ਼ਸ਼ ਕਰਕੇ ਇਹ ਆਤਮਕ ਜੀਵਨ ਪ੍ਰਦਾਨ ਕਰਦਾ
ਹੈ। ਜਿਨ੍ਹਾਂ ਨੂੰ ਗੁਰੂ ਪਾਸੋਂ ਇਹ ਜੀਵਨ ਮਿਲਿਆ ਹੈ, ਉਨ੍ਹਾਂ ਦੀ ਫਿਰ ਆਤਮਕ ਮੌਤ ਨਹੀਂ ਹੁੰਦੀ:
(ੳ) ਗੁਰਿ ਅੰਮ੍ਰਿਤੁ ਹਰਿ ਮੁਖਿ ਚੋਇਆ ਮੇਰੀ ਜਿੰਦੁੜੀਏ ਫਿਰਿ ਮਰਦਾ
ਬਹੁੜਿ ਜੀਵਾਇਆ ਰਾਮ॥ (ਪੰਨਾ ੫੩੯) ਅਰਥ:-ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਦੇ ਮੂੰਹ
ਵਿੱਚ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੋਅ ਦਿੱਤਾ, ਉਸ ਆਤਮਕ ਮੌਤੇ ਮਰ ਰਹੇ ਮਨੁੱਖ ਨੂੰ
ਗੁਰੂ ਨੇ ਮੁੜ ਆਤਮਕ ਜੀਵਨ ਬਖ਼ਸ਼ ਦਿੱਤਾ।
(ਅ) ਗੁਰੁ ਮੰਤ੍ਰੁ ਦ੍ਰਿੜਾਏ ਹਰਿ ਰਸਕਿ ਰਸਾਏ ਹਰਿ ਅੰਮ੍ਰਿਤੁ ਹਰਿ
ਮੁਖਿ ਚੋਇ ਜੀਉ॥ ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ॥ (ਪੰਨਾ ੪੪੭)
ਅਰਥ: ਗੁਰੂ ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ-ਮੰਤਰ ਪੱਕਾ ਕਰਦਾ ਹੈ ਜਿਸ ਮਨੁੱਖ ਦੇ ਮੂੰਹ ਵਿੱਚ
ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੋਂਦਾ ਹੈ ਉਹ ਮਨੁੱਖ ਹਰਿ-ਨਾਮ-ਰਸ ਨੂੰ ਸੁਆਦ ਨਾਲ (ਆਪਣੇ ਅੰਦਰ)
ਰਚਾਂਦਾ ਹੈ। ਜਦੋਂ ਉਹ ਮਨੁੱਖ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ (ਜੋ
ਪਹਿਲਾਂ ਆਤਮਕ ਮੌਤੇ) ਮੋਇਆ ਹੋਇਆ ਉਹ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ, ਮੁੜ ਉਸ ਨੂੰ ਇਹ
ਮੌਤ ਨਹੀਂ ਵਿਆਪਦੀ।
(ੲ) ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ॥ (ਪੰਨਾ
੬੦੪) ਅਰਥ: ਹੇ ਭਾਈ! ਗੁਰੂ ਦੇ ਸ਼ਬਦ ਵਿੱਚ ਜੁੜ ਕੇ (ਵਿਕਾਰਾਂ ਵਲੋਂ) ਅਚੋਹ ਹੋ ਜਾਵੋ,
ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ।
ਇਹੋ ਜਿਹਾ ਅਮਰ ਜੀਵਨ ਹਾਸਲ ਕਰਨ ਲਈ ਗੁਰਬਾਣੀ ਵਿੱਚ ਮਨੁੱਖ ਨੂੰ ਇਹ ਭਰਪੂਰ ਪ੍ਰੇਰਨਾ ਕੀਤੀ ਗਈ
ਹੈ; ਜਿਵੇਂ:
ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ॥ (ਪੰਨਾ
੪੯੬) ਅਰਥ: ਹੇ ਪੁੱਤਰ! ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਦਾ ਪੀਂਦਾ ਰਹੁ, ਸਦਾ ਲਈ ਤੇਰਾ
ਉੱਚਾ ਆਤਮਕ ਜੀਵਨ ਬਣਿਆ ਰਹੇ।
ਗੁਰੂ ਕੋਲੋਂ ਆਤਮਕ ਜੀਵਨ ਪਾ ਕੇ ਗੁਰਮੁਖਤਾਈ ਦਾ ਜੀਵਨ ਜਿਊਣ ਵਾਲਿਆਂ ਬਾਰੇ ਹੀ ਗੁਰਬਾਣੀ ਵਿੱਚ ਇਹ
ਆਖਿਆ ਹੈ:
ਹਰਿ ਕੇ ਸੇਵਕ ਜੋ ਹਰਿ ਭਾਏ ਤਿਨੑ ਕੀ ਕਥਾ ਨਿਰਾਰੀ ਰੇ॥ ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ
ਸੰਗਾਰੀ ਰੇ॥ (ਪੰਨਾ ੮੫੫) ਅਰਥ: ਜਿਹੜੇ ਬੰਦੇ ਪ੍ਰਭੂ ਦੀ ਭਗਤੀ ਕਰਦੇ ਹਨ ਤੇ ਪ੍ਰਭੂ ਨੂੰ ਪਿਆਰੇ
ਲੱਗਦੇ ਹਨ, ਉਹਨ੍ਹਾਂ ਦੀ ਗੱਲ (ਸਾਰੇ ਜਹਾਨ ਨਾਲੋਂ) ਨਿਰਾਲੀ ਹੈ। ਉਹ ਨਾਹ ਜੰਮਦੇ ਹਨ ਨਾਹ ਮਰਦੇ
ਹਨ, ਕਿਉਂਕ, ਹੇ ਜਿੰਦੇ! ਉਹ ਪਰਮਾਤਮਾ ਨੂੰ ਸਦਾ ਆਪਣਾ ਸੰਗੀ-ਸਾਥੀ ਜਾਣਦੇ ਹਨ।
ਆਤਮਕ ਤਲ `ਤੇ ਜਿਊਣ ਵਾਲੇ ਹਮੇਸ਼ਾਂ ਹੀ ਆਤਮਕ ਜ਼ਿੰਦਗੀ ਮਾਣਦੇ ਹਨ; ਉਨ੍ਹਾਂ ਦੀ ਕਦੀ ਵੀ ਆਤਮਕ ਮੌਤ
ਨਹੀਂ ਹੁੰਦੀ:
ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ॥ (ਪੰਨਾ ੫੦੮)
ਅਰਥ: ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਚਿੱਤ ਜੋੜਦੇ ਹਨ, ਉਹ ਸਮਝੋ ਸਦਾ ਹੀ ਜਿਉਂਦੇ ਹਨ।
ਸੋ, ਗੁਰਬਾਣੀ ਵਿੱਚ ਗੁਰੂ ਵਲੋਂ ਜਿਨ੍ਹਾਂ ਮੁਰਦਿਆਂ ਨੂੰ ਜ਼ਿੰਦਗੀ ਦਾ ਦਾਨ ਪ੍ਰਦਾਨ ਕਰਨ ਦਾ ਵਰਣਨ
ਹੈ, ਉਹ ਸਰੀਰਕ ਤੌਰ `ਤੇ ਮਰ ਚੁਕੇ ਪ੍ਰਾਣੀ ਨਹੀਂ ਬਲਕਿ ਆਤਮਕ ਮੌਤੇ ਮਰੇ ਹੋਏ ਪ੍ਰਾਣੀ ਹਨ। ਗੁਰੂ
ਜਿਨ੍ਹਾਂ ਨੂੰ ਆਤਮਕ ਜ਼ਿੰਦਗੀ ਬਖ਼ਸ਼ਸ਼ ਕਰਦਾ ਹੈ, ਉਹ ਸਰੀਰਕ ਤਲ ਤੇ ਤਾਂ ਜਿਊਂਦੇ ਹਨ ਪਰੰਤੂ ਆਤਮਕ
ਤੌਰ `ਤੇ ਮਰੇ ਹੋਏ ਇਨਸਾਨ ਹਨ। ਗੁਰੂ ਆਤਮਕ ਤੌਰ `ਤੇ ਮਰਿਆਂ ਨੂੰ ਹੀ ਆਤਮਕ ਜ਼ਿੰਦਗੀ ਦਾ ਦਾਨ
ਪ੍ਰਦਾਨ ਕਰਕੇ ਸੱਚੀ-ਸੁੱਚੀ ਜ਼ਿੰਦਗੀ ਜਿਊਂਣ ਦੀ ਪ੍ਰੇਰਨਾ ਦੇਂਦਾ ਹੈ।
ਨੋਟ: ਗੁਰਬਾਣੀ ਵਿੱਚ ਸੰਸਾਰ ਵਲੋਂ ਨਿਰਮਾਣ ਅਥਵਾ ਵਿਸ਼ੇ-ਵਿਕਾਰਾਂ ਵਲੋਂ ਮੂੰਹ ਮੋੜਨ ਵਾਲੇ ਨੂੰ ਵੀ
ਮਿਰਤਕ ਆਖਿਆ ਹੈ। ਗੁਰਬਾਣੀ ਦੇ ਇਸ ਫ਼ਰਮਾਨ `ਚੋਂ ਇਹ ਭਾਵ ਸਪਸ਼ਟ ਹੁੰਦਾ ਹੈ:
ਰੇ ਨਰ ਇਨ ਬਿਧਿ ਪਾਰਿ ਪਰਾਇ॥ ਧਿਆਇ ਹਰਿ ਜੀਉ ਹੋਇ ਮਿਰਤਕੁ ਤਿਆਗਿ
ਦੂਜਾ ਭਾਉ॥ (ਪੰਨਾ ੧੦੦੨) ਅਰਥ: ਹੇ ਭਾਈ! ਇਸ ਤਰ੍ਹਾਂ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ
ਲੰਘ ਜਾਂਦਾ ਹੈ। ਤੂੰ ਭੀ ਪਰਮਾਤਮਾ ਦਾ ਧਿਆਨ ਧਰਿਆ ਕਰ, ਵਿਕਾਰਾਂ ਵਲੋਂ ਮੁਰਦਾ ਹੋ ਜਾ, ਅਤੇ
ਪ੍ਰਭੂ ਤੋਂ ਬਿਨਾ ਹੋਰ ਹੋਰ ਪਿਆਰ ਛੱਡ ਦੇਹ।
ਇਸ ਤਰ੍ਹਾਂ ਦੇ ਮੁਰਦਿਆਂ ਨੂੰ ਹੀ ਜੀਵਨ-ਮੁਕਤ ਆਖਿਆ ਹੈ: ਕਬੀਰ ਐਸਾ
ਏਕੁ ਆਧੁ ਜੋ ਜੀਵਤ ਮਿਰਤਕੁ ਹੋਇ॥ ਨਿਰਭੈ ਹੋਇ ਕੈ ਗੁਨ ਰਵੈ ਜਤ ਪੇਖਉ ਤਤ ਸੋਇ॥ (ਪੰਨਾ ੧੩੬੪)
ਅਰਥ: ਹੇ ਕਬੀਰ! ਅਜੇਹਾ ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ, ਜੋ ਦੁਨੀਆਵੀ ਸੁਖਾਂ ਵਲੋਂ ਬੇ-ਪਰਵਾਹ
ਰਹੇ, ਸੁਖ ਮਿਲੇ ਚਾਹੇ ਦੁੱਖ ਆਵੇ—ਇਸ ਗੱਲ ਦੀ ਪਰਵਾਹ ਨਾ ਕਰਦਾ ਹੋਇਆ ਉਸ ਪਰਮਾਤਮਾ ਦੇ ਗੁਣ ਗਾਏ
ਜਿਸ ਨੂੰ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੌਜੂਦ ਹੈ।