.

ੴਸਤਿਗੁਰਪ੍ਰਸਾਦਿ।।
ਸਰਬਜੀਤ ਸਿੰਘ ਧੂੰਦਾ ਵਿਵਾਦ ਦੇ ਅਸਲ ਮੁੱਦੇ

ਸਰਬਜੀਤ ਸਿੰਘ ਧੂੰਦਾ ਜੀ ਇੱਕ ਬਹੁਤ ਸੁਲਝੇ ਹੋਏ, ਮਿਹਨਤੀ ਅਤੇ ਨੌਜੁਆਨ ਗੁਰਮਤਿ ਪ੍ਰਚਾਰਕ ਹਨ ਅਤੇ ਇਸ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਸ ਛੋਟੀ ਜਿਹੀ ਉਮਰੇ ਹੀ ਗੁਰੂ ਗ੍ਰੰਥ ਸਾਹਿਬ ਦੀ ਗੁਰਮਤਿ ਵਿਚਾਰਧਾਰਾ ਦੀ ਕਾਫੀ ਸਪੱਸ਼ਟਤਾ ਅਤੇ ਸੋਝੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪੇਸ਼ਕਾਰੀ ਦਾ ਢੰਗ ਇਤਨਾ ਵਧੀਆ ਅਤੇ ਸਹਿਜ ਭਰਿਆ ਹੈ ਕਿ ਉਨ੍ਹਾਂ ਦੇ ਵਿਚਾਰ ਸਹਿਜੇ ਹੀ ਸੰਗਤਾਂ ਦੇ ਹਿਰਦਿਆਂ ਨੂੰ ਛੂਹ ਜਾਂਦੇ ਹਨ।
ਐਸੇ ਵਧੀਆ ਪ੍ਰਚਾਰਕ ਖਿਲਾਫ ਅਕਾਲ-ਤਖਤ ਸਾਹਿਬ ਦੇ ਨਾਂ ਤੇ ਐਸਾ ਫਤਵਾ ਜਾਰੀ ਕਰ ਦੇਣਾ ਜੋ ਸੂਝਵਾਨ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਇਲਾਹੀ ਗਿਆਨ ਨਾਲ ਜੋੜਨ ਦੇ ਮਹਾਨ ਕਾਰਜ ਵਿੱਚ ਰੁਕਾਵਟ ਬਣਦਾ ਹੋਵੇ, ਕੋਈ ਛੋਟੀ ਜਿਹੀ ਸੁਭਾਵਕ ਘਟਨਾ ਨਹੀਂ ਕਹੀ ਜਾ ਸਕਦੀ ਅਤੇ ਇਸ ਦੇ ਪ੍ਰਤੀਕਰਮ ਵਜੋਂ ਜੋ ਹਨੇਰੀ ਸਿੱਖ ਕੌਮ ਵਿੱਚ ਝੁੱਲੀ ਹੈ, ਉਹ ਬਿਲਕੁਲ ਸੁਭਾਵਕ ਹੈ ਅਤੇ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਹਰ ਦਿਨ ਸਿੱਖ ਸੰਗਤ ਵਧੇਰੇ ਜਾਗਰੂਕ ਹੋ ਰਹੀ ਹੈ।
ਇਹ ਗੱਲ ਇਤਨੀ ਮਾਮੂਲੀ ਨਹੀਂ ਹੈ ਕਿ ਇਤਨੇ ਵਧੀਆ ਪ੍ਰਚਾਰਕ ਨੇ ਪ੍ਰਚਾਰ ਕਰਦਿਆਂ ਕੁੱਝ ਗੱਲਾਂ ਕਹੀਆਂ ਜਿਸ ਦੇ ਨਾਲ ਕੁੱਝ ਲੋਕਾਂ ਦੀ ਭਾਵਨਾ ਨੂੰ ਠੇਸ ਪਹੁੰਚੀ (ਕਹੀ ਜਾਂਦੀ ਹੈ), ਉਨ੍ਹਾਂ ਦੀ ਸ਼ਿਕਾਇਤ (ਐਡੀਟਿੱਡ ਸੀ. ਡੀ.) ਤੇ ਪੰਜ ਤਖਤਾਂ ਦੇ ਅਖੌਤੀ ਜਥੇਦਾਰਾਂ ਨੇ ਫੌਰੀ ਇਹ ਆਦੇਸ਼ ਜਾਰੀ ਕਰ ਦਿੱਤਾ ਕਿ ਜਦ ਤੱਕ ਇਹ ਉਨ੍ਹਾਂ ਅੱਗੇ, ਉਨ੍ਹਾਂ ਦੇ ਸਕੱਤਰੇਤ (ਛੇਵੇਂ ਤੱਖਤ) ਤੇ ਸਪੱਸ਼ਟੀਕਰਨ ਨਹੀਂ ਦੇਂਦਾ, ਅੱਜ ਤੋਂ ਕੌਮ ਇਸ ਅਖੌਤੀ ਪ੍ਰਚਾਰਕ (ਉਨ੍ਹਾਂ ਅਨੁਸਾਰ) ਨੂੰ ਮੂੰਹ ਨਾ ਲਾਵੇ ਅਤੇ ਉਸ ਨੂੰ ਪੰਥਕ ਸਟੇਜਾਂ ਤੇ ਨਾ ਬੋਲਣ ਦਿੱਤਾ ਜਾਵੇ। ਭਾਵ ਸਪੱਸ਼ਟੀਕਰਨ ਲੈਣ ਤੋਂ ਪਹਿਲਾਂ ਇੱਕ ਕਿਸਮ ਦਾ ਦੋਸ਼ੀ ਤਾਂ ਸਥਾਪਤ ਕਰ ਹੀ ਦਿੱਤਾ ਗਿਆ ਅਤੇ ਪਾਬੰਦੀਆਂ ਵੀ ਲਾਗੂ ਹੋ ਗਈਆਂ।
ਨਤੀਜੇ ਵਜੋਂ ਅੱਜ ਸਿੱਖ ਕੌਮ ਫੇਰ ਦੋ ਧੜਿਆਂ ਵਿੱਚ ਵੰਡੀ ਗਈ ਹੈ: ਇੱਕ ਜਾਗ੍ਰਿਤ ਸਿੱਖ ਸੰਗਤ ਜੋ ਇਸ ਕਾਰਵਾਈ ਨੂੰ ਗੁਰਮਤਿ ਪ੍ਰਚਾਰ ਨੂੰ ਪੁੱਠਾ ਗੇੜ ਦੇਣ ਦੀ ਇੱਕ ਸੋਚੀ ਸਮਝੀ ਕੋਝੀ ਸਾਜਿਸ਼ ਸਮਝਦੀ ਹੈ ਅਤੇ ਦੂਸਰੀ ਭਾਵੁਕ ਸਿੱਖ ਸੰਗਤ ਜੋ ਬਗੈਰ ਸੱਚ ਦੀ ਪਛਾਣ ਕੀਤੇ ਕੇਵਲ ਅਕਾਲ ਤਖ਼ਤ ਸਾਹਿਬ ਦੇ ਨਾਂ ਤੇ ਭਾਵੁਕ ਹੋ ਜਾਂਦੀ ਹੈ। ਅਸਲ ਵਿੱਚ ਇਹ ਵੰਡੀਆਂ ਤਾਂ ਪਹਿਲੇ ਹੀ ਪੈ ਚੁੱਕੀਆਂ ਹਨ, ਹਾਂ! ਜਦੋਂ ਕੋਈ ਐਸੀ ਘਟਨਾ ਵਾਪਰਦੀ ਹੈ ਤਾਂ ਇਹ ਵੰਡ ਉਭਰ ਕੇ ਸਾਹਮਣੇ ਆ ਜਾਂਦੀ ਹੈ। ਇਹ ਵੀ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਜੋ ਅਕਾਲ ਤਖ਼ਤ ਸਾਹਿਬ ਪਿਛਲੇ ਸਮੇਂ ਵਿੱਚ ਕੌਮ ਵਿੱਚ ਉਠੇ ਕਿਸੇ ਤਰ੍ਹਾਂ ਦੇ ਮਤਿਭੇਦਾਂ ਨੂੰ ਦੂਰ ਕਰਨ ਲਈ ਇੱਕ ਵਧੀਆਂ ਪਲੇਟਫਾਰਮ ਰਿਹਾ ਹੈ ਅੱਜ ਉਸੇ ਨੂੰ ਕੌਮ ਵਿੱਚ ਵੰਡੀਆਂ ਪਾਉਣ ਲਈ ਵਰਤਿਆ ਜਾ ਰਿਹਾ ਹੈ।
ਇਸ ਸੰਧਰਭ ਵਿੱਚ ਕੋਈ ਵੀ ਪੱਕੀ ਧਾਰਨਾ ਬਨਾਉਣ ਤੋਂ ਪਹਿਲਾਂ ਇਸ ਵਿਵਾਦ ਦੇ ਅਸਲ ਮੁੱਦੇ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ। ਪਹਿਲਾਂ ਕੌਮ ਵਿੱਚ ਪਈਆਂ ਵੰਡਾਂ ਦੇ ਅਧਾਰ ਨੂੰ ਸਮਝ ਲਿਆ ਜਾਵੇ ਤਾਂ ਫਿਰ ਅਸਲ ਮੁੱਦੇ ਨੂੰ ਸਮਝਣਾ ਹੋਰ ਵੀ ਸੌਖਾ ਹੋ ਜਾਵੇਗਾ।
ਕੌਮ ਵਿੱਚ ਵੰਡਾਂ:
ਸਭ ਤੋਂ ਪਹਿਲੀ ਅਤੇ ਵੱਡੀ ਵੰਡ ਤਾਂ ਗੁਰਮਤਿ ਵਿਚਾਰਧਾਰਾ ਦੀ ਹੈ।
ਅੱਜ ਸਿੱਖ ਕੌਮ ਦੋ ਪ੍ਰਮੁੱਖ ਧਾਰਾਵਾਂ ਵਿੱਚ ਵੰਡੀ ਹੋਈ ਹੈ ਪਹਿਲੀ ਹੈ ਨਿਰੋਲ ਗੁਰਮਤਿ ਵਿਚਾਰਧਾਰਾ ਅਤੇ ਦੂਸਰੀ ਹੈ ਗੁਰਮਤਿ ਦੀ ਸਨਾਤਨੀ ਵਿਆਖਿਆ। ਇਹ ਕੌਮ ਦੀ ਵੱਡੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਇਲਾਹੀ ਗਿਆਨ ਸਾਡੇ ਕੋਲ ਹੋਣ ਦੇ ਬਾਵਜੂਦ ਸਿੱਖ ਕੌਮ ਵਿੱਚ ਐਸੀਆਂ ਵੰਡੀਆਂ ਪੈ ਗਈਆਂ ਹਨ।
ਲੰਮੇ ਸਮੇਂ ਤੋਂ ਸਿੱਖ ਸੰਸਥਾਵਾਂ ਅਤੇ ਗੁਰਧਾਮਾਂ `ਤੇ ਉਦਾਸੀਆਂ ਅਤੇ ਨਿਰਮਲੇ ਸਾਧਾਂ ਦਾ ਕਬਜ਼ਾ ਰਿਹਾ। ਇਹ ਦੋਵੇਂ ਸਿੱਖੀ ਦਾ ਅੰਗ ਹੋਣ ਦਾ ਦੰਭ ਭਰਦੇ ਸਨ ਪਰ ਅਸਲ ਵਿੱਚ ਇਹ ਪੂਰੀ ਤਰ੍ਹਾਂ ਬ੍ਰਾਹਮਣੀ ਰੰਗ ਵਿੱਚ ਰੰਗੇ ਹੋਏ ਸਨ ਜਾਂ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਬ੍ਰਾਹਮਣਾਂ ਨੂੰ ਸਿੱਖੀ ਸਰੂਪ ਵਿੱਚ, ਗੁਰਮਤਿ ਇਨਕਲਾਬ ਨੂੰ ਪੁੱਠਾ ਗੇੜ ਦੇਕੇ ਸਿੱਖੀ ਨੂੰ ਮੁੱੜ ਬ੍ਰਾਹਮਣੀ ਜੂਲੇ ਵਿੱਚ ਫਸਾਉਣ ਲਈ ਹੀ ਸਿੱਖ ਕੌਮ ਵਿੱਚ ਘੁਸੇੜਿਆ ਗਿਆ ਸੀ, ਜਿਸ ਵਿੱਚ ਬਹੁਤ ਹੱਦ ਤੱਕ ਇਹ ਕਾਮਯਾਬ ਵੀ ਰਹੇ। ਜਿਸ ਸਮੇਂ ਖਾਲਸਾ ਜੰਗਾਂ ਜੁੱਧਾਂ ਵਿੱਚ ਉਲਝਿਆ ਹੋਇਆ ਸੀ, ਇਹ ਗੁਰਧਾਮਾਂ ਦੀ ਸੇਵਾ-ਸੰਭਾਲ ਦੇ ਨਾਂ ਤੇ ਗੁਰਧਾਮਾਂ ਤੇ ਕਾਬਜ਼ ਹੋ ਗਏ ਅਤੇ ਸਿੱਖ ਸਿਧਾਂਤਾਂ ਦਾ ਪੂਰਾ ਘਾਣ ਕਰਕੇ ਉਥੇ ਸਾਰੀਆਂ ਬ੍ਰਾਹਮਣੀ ਮਰਯਾਦਾ ਲਾਗੂ ਕਰ ਦਿੱਤੀਆ। ਜਿੱਥੇਂ ਇਨ੍ਹਾਂ ਲੋਕਾਈ ਨੂੰ ਗੁਰਬਾਣੀ ਦੇ ਇਲਾਹੀ ਗਿਆਨ ਨਾਲ ਜੋੜਨ ਦੀ ਬਜਾਏ, ਗੁਰਬਾਣੀ ਦਾ ਮੰਤਰਜਾਪ ਅਤੇ ਪੂਜਾ ਸ਼ੁਰੂ ਕਰਾ ਦਿੱਤੀ ਉਥੇ ਲੋੜ ਪੈਣ ਤੇ ਗੁਰਬਾਣੀ ਦੀ ਵਿਆਖਿਆ ਵੀ ਸਨਾਤਨੀ ਸੰਧਰਭ ਵਿੱਚ ਕੀਤੀ। ਆਪਣੇ ਕਰਮਾਂ ਨੂੰ ਠੀਕ ਸਾਬਤ ਕਰਨ ਲਈ ਕੁੱਝ ਗੈਰ ਸਿਧਾਂਤਕ ਸਾਹਿਤ ਵੀ ਸਿੱਖ ਕੌਮ ਵਿੱਚ ਘੁਸੇੜਿਆ ਗਿਆ ਜੋ ਸ਼ਾਇਦ ਇਸੇ ਮੱਕਸਦ ਲਈ ਹੀ ਤਿਆਰ ਕਰਾਇਆ ਗਿਆ ਸੀ, ਜਿਸ ਵਿੱਚ ਗੁਰਬਿਲਾਸ ਪਾਤਸ਼ਾਹੀ ੬ਵੀਂ, ਬਚਿਤ੍ਰਨਾਟਕ, ਜਨਮਸਾਖੀ ਭਾਈ ਬਾਲੇ ਵਾਲੀ ਆਦਿ ਦੇ ਨਾਂ ਵਿਸ਼ੇਸ਼ ਤੌਰ ਤੇ ਲਏ ਜਾ ਸਕਦੇ ਹਨ। ਬਦਕਿਸਮਤੀ ਨਾਲ ਬਹੁਤੀ ਕੌਮ ਇਨ੍ਹਾਂ ਗੁਰਧਾਮਾਂ ਵਿਸ਼ੇਸ਼ ਤੌਰ ਤੇ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਖੇ ਨਿਭਾਈ ਜਾਂਦੀ ਮਰਯਾਦਾ ਅਤੇ ਕਰਮਕਾਂਡਾਂ ਨੂੰ ਹੀ ਗੁਰਮਤਿ ਸਮਝ ਬੈਠੀ, ਜੈਸਾ ਕਿ ਅੱਜ ਵੀ ਹੋ ਰਿਹਾ ਹੈ। ਇਨ੍ਹਾਂ ਦੇ ਕਾਰਨ ਬਹੁਤੇ ਸਿੱਖ ਕਿਉਂਕਿ ਗੁਰਬਾਣੀ ਨੂੰ ਮੰਤਰ ਵਾਂਗ ਪੜ੍ਹਨ ਅਤੇ ਉਸ ਦੀ ਪੂਜਾ ਕਰਨ ਵਿੱਚ ਹੀ ਵਿਸ਼ਵਾਸ ਰਖਦੇ ਸਨ ਅਤੇ ਗੁਰਮਤਿ ਗਿਆਨ ਤੋਂ ਬਿਲਕੁਲ ਸੱਖਣੇ ਸਨ ਉਹ ਸਹਿਜੇ ਹੀ ਇਨ੍ਹਾਂ ਦੇ ਭਰਮਜਾਲ ਦਾ ਸ਼ਿਕਾਰ ਹੋ ਗਏ।
ਅਠਾਰਵੀਂ ਸਦੀ ਦੇ ਅੰਤ ਦਾ ਸਮਾਂ ਤਾਂ ਭਾਵੇਂ ਕੌਮੀ ਗੁਲਾਮੀ ਦਾ ਹੀ ਸੀ ਪਰ ਜਿਵੇਂ ਹੀ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਵਿਤ੍ਰ ਬਾਣੀ ਨੂੰ ਪੜ੍ਹਨ ਸਮਝਣ ਅਤੇ ਵਿਚਾਰਨ ਦਾ ਸਮਾਂ ਮਿਲਿਆ, ਗੁਰਮਤਿ ਵਿਚਾਰਧਾਰਾ ਤੇ ਜੰਮੀਆਂ ਮਨਮਤੀ, ਸਨਾਤਨੀ ਧੂੜ ਦੀਆਂ ਪਰਤਾਂ ਉਘੜਨੀਆਂ ਸ਼ੁਰੂ ਹੋ ਗਈਆਂ ਅਤੇ ਉਸ ਵਿੱਚੋਂ ਪਹਿਲਾਂ ਸਿੰਘ ਸਭਾ ਲਹਿਰ ਅਤੇ ਫੇਰ ਗੁਰਦੁਆਰਾ ਸੁਧਾਰ ਲਹਿਰ ਨੇ ਜਨਮ ਲਿਆ। ਗੁਰਦੁਆਰਾ ਸੁਧਾਰ ਲਹਿਰ ਨੇ ਭਾਵੇਂ ਗੁਰਧਾਮਾਂ ਦੀਆਂ ਇਮਾਰਤਾਂ ਨੂੰ ਤਾਂ ਅਜ਼ਾਦ ਕਰਾ ਲਿਆ ਪਰ ਗੁਰਦੁਆਰਿਆਂ ਨੂੰ ਅਤੇ ਕੌਮ ਨੂੰ ਉਨ੍ਹਾਂ ਬ੍ਰਾਹਮਣੀ ਵਿਚਾਰਧਾਰਾਵਾਂ ਤੋਂ ਪੂਰੀ ਤਰ੍ਹਾਂ ਮੁਕਤ ਨਾ ਕਰਾਇਆ ਜਾ ਸਕਿਆ। ਭਾਰਤ ਅਜ਼ਾਦ ਹੋਣ ਤੇ ਜਿਵੇਂ ਜਿਵੇਂ ਕੌਮ ਤੇ ਸਿਆਸਤ ਭਾਰੂ ਹੁੰਦੀ ਗਈ, ਰਾਜ ਸਤਾ ਦੇ ਭੁੱਖੇ ਸੁਆਰਥੀ ਆਗੂਆਂ ਕਾਰਨ ਉਹੀ ਬ੍ਰਾਹਮਣੀ ਵਿਚਾਰਧਾਰਾ ਮੁੜ ਸਥਾਪਤ ਹੋ ਕੇ ਜ਼ੋਰ ਫੜ੍ਹਨ ਲੱਗੀ। ਸਿੱਖੀ ਸਿਧਾਂਤ ਰਾਜਨੀਤੀ ਦੀ ਭੇਟ ਚੜ੍ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀ-ਕਰਨ ਹੋਣ ਨਾਲ, ਜਿਵੇਂ ਜਿਵੇਂ ਗੁਰਦੁਆਰਾ ਸੁਧਾਰ ਲਹਿਰ ਦਾ ਅਸਰ ਮੱਧਮ ਪੈਂਦਾ ਗਿਆ, ਇਹ ਸੰਪਰਦਾਈ ਸ਼ਕਤੀਆਂ ਮੁੜ ਜ਼ੋਰ ਫੜ੍ਹਨ ਲਗੀਆਂ।
ਅੱਜ ਦੇ ਹਾਲਾਤ ਇਹ ਹਨ ਕਿ ਸਿੱਖ ਕੌਮ ਵਿੱਚ ਇਨ੍ਹਾਂ ਬ੍ਰਾਹਮਣੀ ਸ਼ਕਤੀਆਂ ਦੇ ਏਜੰਟ, ਉਨ੍ਹਾਂ ਹੀ ਉਦਾਸੀਆਂ ਅਤੇ ਨਿਰਮਲਿਆ ਦੇ ਪੈਰੋਕਾਰ, ਸੈਂਕੜੇ ਡੇਰਿਆ ਦਾ ਜਾਲ ਵਿੱਛ ਗਿਆ ਹੈ, ਜੋ ਭੋਲੇ ਭਾਲੇ ਸ਼ਰਧਾਵਾਨ ਸਿੱਖਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦਾ ਸਰਬ ਪੱਖੀ ਸੋਸ਼ਣ ਕਰ ਰਹੇ ਹਨ। ਇਨ੍ਹਾਂ ਡੇਰਿਆਂ ਉਤੇ ਕੁੱਝ ਪੰਥ ਦੋਖੀ ਅਤੇ ਕੁੱਝ ਸੁਆਰਥੀ ਰਾਜਸੀ ਸ਼ਕਤੀਆਂ ਦੀ ਵਿਸ਼ੇਸ਼ ਕਿਰਪਾ ਹੈ, ਜਿਨ੍ਹਾਂ ਦੀ ਮੱਦਦ ਨਾਲ ਇਹ ਸਿੱਖੀ ਦੇ ਭਗਵਾਕਰਨ ਦੇ ਕਾਰਜ ਨੂੰ ਛੇਤੀ ਸਿਰੇ ਚਾੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ।
ਦੂਜੇ ਪਾਸੇ ਗੁਰਮਤਿ ਲਹਿਰ ਨੇ ਵੀ ਕਾਫੀ ਜ਼ੋਰ ਫੜਿਆ ਹੈ। ਬਹੁਤ ਸਾਰੀਆਂ ਮਿਸ਼ਨਰੀ ਅਤੇ ਹੋਰ ਨਿਰੋਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਣਾਈਆਂ ਹੋਈਆਂ ਸੰਸਥਾਵਾਂ ਹੋਂਦ ਵਿੱਚ ਆਈਆਂ ਹਨ। ਇਨ੍ਹਾਂ ਜਿਥੇ ਆਪਣੇ ਜੀਵਨ ਵਿੱਚ ਗੁਰਮਤਿ ਦੀ ਰੌਸ਼ਨੀ ਨੂੰ ਮਾਣਿਆ ਹੈ ਉਥੇ ਵੱਧ ਚੜ੍ਹ ਕੇ ਤੱਤ ਗੁਰਮਤਿ ਦਾ ਪ੍ਰਚਾਰ ਵੀ ਕਰ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਅਤੇ ਉਨ੍ਹਾਂ ਨਾਲ ਸਬੰਧਤ ਵਿਦਵਾਨ ਸ਼ਕਸੀਅਤਾਂ ਨੇ ਨਿਰੋਲ ਗੁਰਮਤਿ ਸਿਧਾਂਤਾਂ ਦੇ ਅਨੁਸਾਰ ਮਿਆਰੀ ਸਾਹਿਤ ਲਿਖਿਆ ਅਤੇ ਤਿਆਰ ਕਰਾਇਆ ਹੈ, ਜਿਸ ਰਾਹੀ ਸੂਝਵਾਨ ਗੁਰਸਿੱਖਾਂ ਵਿੱਚ ‘ਗੁਰਮਤਿ ਚੇਤਨਾ` ਜਾਗ੍ਰਿਤ ਹੋਣ ਲੱਗੀ ਹੈ।
ਨਤੀਜੇ ਵਜੋਂ, ਸਭ ਤੋਂ ਪਹਿਲੀ ਤਾਂ ਇਹ ਗੁਰਮਤਿ ਵਿਚਾਧਾਰਾ ਅਤੇ ਸਨਾਤਨੀ ਵਿਚਾਰਧਾਰਾ ਦੀ ਵੰਡ ਹੈ ਜੋ ਸਿੱਖ ਕੌਮ ਵਿੱਚ ਪੈ ਗਈ ਹੈ।
ਦੂਸਰੀ ਵੰਡ ਨੇ ਇਸੇ ਵਿੱਚੋਂ ਜਨਮ ਲਿਆ ਹੈ। ਇਨ੍ਹਾਂ ਸਨਾਤਨੀ ਵਿਚਾਰਧਾਰਾ ਵਾਲਿਆਂ ਨੇ ਇਹ ਸਮਝ ਲਿਆ ਹੈ ਕਿ ਜਿਤਨੀ ਦੇਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੈ, ਉਨ੍ਹਾਂ ਨੂੰ ਪੂਰੀ ਕਾਮਯਾਬੀ ਨਹੀਂ ਮਿਲ ਸਕਦੀ। ਉਹ ਜਿਤਨੀ ਮਰਜ਼ੀ ਪੂਜਾ ਕਰਾ ਲੈਣ ਜਾਂ ਗੁਰਬਾਣੀ ਦੀ ਸਨਾਤਨੀ ਵਿਆਖਿਆ ਕਰ ਲੈਣ, ਆਖਰ ਕੁੱਝ ਜਾਗ੍ਰਿਤ ਸਿੱਖ ਤਾਂ ਗੁਰਬਾਣੀ ਨੂੰ ਵਿਚਾਰ ਕੇ ਇਸ ਦਾ ਇਲਾਹੀ ਗਿਆਨ ਪ੍ਰਾਪਤ ਕਰਦੇ ਰਹਿਣਗੇ ਅਤੇ ਕੌਮ ਨੂੰ ਜਗਾਉਣ ਦੇ ਕੰਮ ਲੱਗੇ ਰਹਿਣਗੇ। ਇਸ ਲਈ ਉਨ੍ਹਾਂ ਬਚਿੱਤ੍ਰ ਨਾਟਕ ਨਾਂ ਦੀ ਇੱਕ ਸਾਕਤੀ, ਗੁਰਮਤਿ ਸਿਧਾਂਤਾਂ ਦੇ ਬਿਲਕੁਲ ਉਲਟ ਅਤੇ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਕਿਤਾਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕੰਮ ਨੂੰ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਿਰੇ ਚਾੜ੍ਹਨ ਲਈ ਇਨ੍ਹਾਂ ਪਹਿਲਾਂ ਤਾਂ ਇਸ ਕਿਤਾਬ ਦਾ ਨਾਂ ਬਦਲ ਕੇ ਦਸਮ ਗ੍ਰੰਥ ਰੱਖ ਦਿੱਤਾ ਤਾਂ ਕਿ ਇਸ ਨੂੰ ਦਸਮ ਪਾਤਿਸ਼ਾਹ ਦੀ ਬਾਣੀ ਕਹਿਕੇ ਪ੍ਰਚਾਰਿਆ ਜਾ ਸਕੇ। ਇਨ੍ਹਾਂ ਦੀ ਅਸਲ ਨੀਯਤ ਦਾ ਪਤਾ ਇਸੇ ਤੋਂ ਲੱਗ ਜਾਂਦਾ ਹੈ ਕਿ ਇਨ੍ਹਾਂ ਪਹਿਲਾਂ ਇਸ ਕਿਤਾਬ ਨੂੰ ਬਚਿੱਤ੍ਰ ਨਾਟਕ ਤੋਂ ਦਸਮ ਗ੍ਰੰਥ ਬਣਾਇਆ, ਫਿਰ ਉਸ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ `ਤੇ ਉਸ ਤੋਂ ਅੱਗੇ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਤੇ ਹੁਣ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ `ਤੇ ਛਾਪਿਆ ਜਾ ਰਿਹਾ ਹੈ। ਇਨ੍ਹਾਂ ਦੀ ਪਹਿਲੀ ਵੱਡੀ ਕਾਮਯਾਬੀ ਇਹ ਹੈ ਕਿ ਇਨ੍ਹਾਂ ਇਸ ਕਿਤਾਬ ਦਾ ਪੰਜਾਬ ਤੋਂ ਬਾਹਰਲੇ ਦੋ ਤਖਤਾਂ, ਜਿਨ੍ਹਾਂ ਦਾ ਪ੍ਰਬੰਧ ਲੰਮੇ ਸਮੇਂ ਤੋਂ ਬ੍ਰਾਹਮਣੀ ਸ਼ਕਤੀਆਂ ਕੋਲ ਹੈ `ਤੇ ਗੁਰੂ ਗ੍ਰੰਥਸਾਹਿਬ ਦੇ ਬਰਾਬਰ ਪ੍ਰਕਾਸ਼ ਕਰਵਾ ਲਿਆ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਇਰਾ ਪਹਿਲੇ ਦਿਨ ਤੋਂ ਕੇਵਲ ਉਸ ਸਮੇਂ ਦੇ ਪੰਜਾਬ ਜੋ ਹੁਣ ਪੰਜਾਬ ਹਰਿਆਣਾ ਅਤੇ ਹਿਮਾਚਲ ਵਿੱਚ ਵੰਡਿਆ ਜਾ ਚੁੱਕਾ ਹੈ, ਤੱਕ ਸੀਮਤ ਹੈ। ਇਨ੍ਹਾਂ ਨੂੰ ਦੂਸਰੀ ਕਾਮਯਾਬੀ, ਸਿੱਖ ਰਹਿਤ ਮਰਯਾਦਾ ਤਿਆਰ ਹੋਣ ਲਗਿਆਂ, ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਅਤੇ ਨਿਤਨੇਮ ਵਿੱਚ ਤਿੰਨ ਰਚਨਾਵਾਂ ਇਸ ਕਿਤਾਬ `ਚੋਂ ਪ੍ਰਵਾਨ ਕਰਵਾ ਕੇ ਮਿਲੀ ਹੈ। ਅੱਜ ਇਨ੍ਹਾਂ ਰਚਨਾਵਾਂ ਦੇ ਨਾਂ `ਤੇ ਹੀ ਕੌਮ ਦਾ ਮਾਨਸਿਕ ਸੋਸ਼ਣ
(Sentimental blackmailing) ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਰਚਨਾਵਾਂ ਦੀ ਆੜ ਵਿੱਚ ਇਸ ਕਿਤਾਬ ਨੂੰ ਪੰਥ ਵਿੱਚ ਪ੍ਰਵਾਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਦੂਸਰੀ ਵੱਡੀ ਵੰਡ ਇਹ ਹੈ ਕਿ ਜਾਗਤ ਅਤੇ ਸੁਚੇਤ ਸਿੱਖ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਅੰਤਮ ਆਦੇਸ਼ ਅਨੁਸਾਰ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਮੰਨਦੇ ਹਨ। ਇਹ ਵੀ ਅੱਗੋਂ ਤਿੰਨ ਵਖਰੇ ਵਿਚਾਰ ਰਖਦੇ ਹਨ:
1. ਜੋ ਸਾਰੇ ਬਚਿੱਤ੍ਰ ਨਾਟਕ ਨੂੰ ਰੱਦ ਕਰਦੇ ਹਨ ਅਤੇ ਇਸ ਵਿੱਚਲੀ ਕੋਈ ਵੀ ਰਚਨਾ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਨਹੀਂ ਮੰਨਦੇ।
2. ਜੋ ਨਿਤਨੇਮ ਦੀਆਂ ਬਾਣੀਆਂ ਪ੍ਰਤੀ ਭਾਵੁਕ ਹਨ, ਪਰ ਬਾਕੀ ਸਾਰੀਆਂ ਰੱਚਨਾਵਾਂ ਨੂੰ ਰੱਦ ਕਰਦੇ ਹਨ। ਮਾਨਸਿਕ ਤੌਰ ਤੇ, ਇਨ੍ਹਾਂ ਤੇ ਮੁੱਢ ਤੋਂ ਨਿਤਨੇਮ ਦੀਆਂ ਪੜ੍ਹੀਆਂ ਬਾਣੀਆਂ ਦਾ ਅਤੇ ਸਿੱਖ ਰਹਿਤ ਮਰਯਾਦਾ ਦਾ ਪ੍ਰਭਾਵ ਹੈ।
3. ਇਨ੍ਹਾਂ ਵਿੱਚ ਉਹ ਗੁਰਸਿੱਖ ਹਨ, ਜਿਨ੍ਹਾਂ ਬਚਿਤ੍ਰ ਨਾਟਕ ਪੜ੍ਹਿਆ ਨਾ ਹੋਣ ਕਾਰਨ, ਰਚਨਾਵਾਂ ਬਾਰੇ ਦੁਬਿਧਾ ਵਿੱਚ ਹਨ ਪਰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਅੰਤਿਮ ਆਦੇਸ਼ ‘ਗੁਰੂ ਮਾਨਿਓ ਗ੍ਰੰਥ` ਅਨੁਸਾਰ ਹੋਰ ਕਿਸੇ ਪੁਸਤਕ ਅਗੇ ਸਿਰ ਨਿਵਾਉਣ ਜਾਂ ਉਸ ਨੂੰ ਗੁਰਬਾਣੀ ਦਾ ਦਰਜਾ ਦੇਣ ਨੂੰ ਪਾਪ ਸਮਝਦੇ ਹਨ।
ਦੂਸਰਾ ਧੜਾ ਉਹ ਹੈ ਜੋ ਬਚਿੱਤ੍ਰ ਨਾਟਕ ਨੂੰ ਦਸਮ ਪਾਤਿਸ਼ਾਹ ਦੀ ਬਾਣੀ ਮੰਨਦਾ ਹੈ। ਮੌਲਿਕ ਰੂਪ ਵਿੱਚ ਇਹ ਵੀ ਤਕਰੀਬਨ ਤਿੰਨ ਹਿਸਿਆਂ ਵਿੱਚ ਹੀ ਵੰਡਿਆ ਹੋਇਆ ਹੈ:
1. ਜੋ ਸਾਰੇ ਬਚਿੱਤ੍ਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਰਚਨਾ ਪ੍ਰਚਾਰਦੇ ਹਨ। ਇਹ ਗਿਣਤੀ ਵਿੱਚ ਬਹੁਤ ਘੱਟ ਹਨ।
2. ਜੋ ਚਰਿਤ੍ਰੋ-ਪਾਖਿਆਨ (ਤ੍ਰਿਆ ਚਰਿਤ੍ਰ) ਤੋਂ ਇਲਾਵਾ ਬਾਕੀ ਨੂੰ ਦਸਮ ਪਾਤਿਸ਼ਾਹ ਦੀ ਕ੍ਰਿਤ ਮੰਨਦੇ ਹਨ। ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਜਾਂ ਤਾਂ ਇਨ੍ਹਾਂ ਕਦੇ ਬਾਕੀ ਬਚਿੱਤ੍ਰ ਨਾਟਕ ਵੀ ਪੜ੍ਹਿਆ ਨਹੀਂ, ਨਹੀਂ ਤਾਂ ਇਹ ਐਸੀ ਧਾਰਨਾ ਕਦੇ ਨਹੀਂ ਬਣਾ ਸਕਦੇ। ਇਹ ਕੇਵਲ ਚਰਿਤ੍ਰੋ-ਪਾਖਿਆਨ (ਤ੍ਰਿਆ ਚਰਿਤ੍ਰ) ਦੇ ਅਸ਼ਲੀਲ ਪੱਖ ਨੂੰ ਜਾਣ ਕੇ ਹੀ ਉਸ ਨੂੰ ਰੱਦ ਕਰ ਦੇਂਦੇ ਹਨ।
3. ਉਹ ਜਿਨ੍ਹਾਂ ਕਦੇ ਬਚਿੱਤ੍ਰ ਨਾਟਕ ਨੂੰ ਪੜ੍ਹਨਾ ਤਾਂ ਦੂਰ, ਉਸ ਦੀ ਸ਼ਕਲ ਵੀ ਨਹੀਂ ਦੇਖੀ ਹੋਣੀ। ਇਨ੍ਹਾਂ ਵਿੱਚ ਬਹੁਤਾਤ ਉਨ੍ਹਾਂ ਦੀ ਹੈ ਜਿਨ੍ਹਾਂ ਨੂੰ ਸਿਵਾਏ ਕੁੱਝ ਚੋਣਵੀਆਂ ਬਾਣੀਆਂ ਰਟਨ ਦੇ ਗੁਰਮਤਿ ਸਿਧਾਂਤਾਂ ਦੀ ਕੋਈ ਸੋਝੀ ਨਹੀਂ। ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲੈਂਦੇ ਹਨ ਪਰ ਕਿਸੇ ਨਾ ਕਿਸੇ ਡੇਰੇ ਨਾਲ ਜੁੜੇ ਹੋਏ ਹਨ ਅਤੇ ਆਪਣੇ ਡੇਰੇ ਦੇ ਬਾਬੇ ਦੇ ਆਦੇਸ਼ ਨੂੰ ਹੀ ਇਲਾਹੀ ਹੁਕਮ ਸਮਝਦੇ ਹਨ। ਆਪਣੇ ਬਾਬਿਆਂ ਦੇ ਫੈਲਾਏ ਭਰਮਜਾਲ ਕਾਰਣ ਹੀ ਬਚਿੱਤ੍ਰ ਨਾਟਕ ਨੂੰ ਮਾਨਤਾ ਦੇਂਦੇ ਹਨ ਅਤੇ ਇਸ ਦੇ ਹੁਣ ਪ੍ਰਚਲਤ ਨਾਂ ਦਸਮ ਗ੍ਰੰਥ ਤੋਂ ਭਾਵੁਕ ਹੋ ਜਾਂਦੇ ਹਨ। ਬੇਸ਼ਕ ਪੰਜਾਬ ਵਿੱਚ ਵੱਧ ਰਹੀ ਅਗਿਆਨਤਾ ਅਤੇ ਅੰਧ ਵਿਸ਼ਵਾਸ ਕਾਰਨ ਇਨ੍ਹਾਂ ਦੀ ਗਿਣਤੀ ਕਾਫੀ ਹੈ।
ਇਸ ਧੜੇ ਵਿੱਚ ਪ੍ਰਮੁੱਖ ਤੌਰ ਤੇ ਉਹੀ ਲੋਕ ਹਨ ਜੋ ਗੁਰਬਾਣੀ ਦੀ ਸਨਾਤਨੀ ਵਿਆਖਿਆ ਕਰਦੇ ਅਤੇ ਉਸ ਵਿੱਚ ਵਿਸ਼ਵਾਸ ਰਖਦੇ ਹਨ। ਭਾਵੇਂ ਸਿੱਖ ਕੌਮ ਵਿੱਚ ਅੱਜ ਰਾਜਨੀਤਕ ਅਤੇ ਜਾਤ-ਪਾਤ ਦੇ ਅਧਾਰ ਤੇ ਵੀ ਕਈ ਮੰਦਭਾਗੀਆਂ ਵੰਡੀਆਂ ਪੈ ਗਈਆ ਹਨ ਪਰ ਸਿਧਾਂਤਕ ਤੌਰ ਤੇ ਇਹ ਦੋ ਪ੍ਰਮੁੱਖ ਵੰਡਾਂ ਹਨ।
ਆਓ ਹੁਣ ਸਰਬਜੀਤ ਸਿੰਘ ਧੂੰਦਾ ਵਿਵਾਦ ਨਾਲ ਜੁੜੇ ਮੁੱਦੇ ਸਮਝਣ ਦਾ ਯਤਨ ਕਰੀਏ। ਅਸਲ ਮੁੱਦਾ ਤਾਂ ਇਹ ਹੈ ਕਿ ਨਿਰੋਲ ਗੁਰਮਤਿ ਪ੍ਰਚਾਰ ਨਾਲ ਸਨਾਤਨੀ ਅਤੇ ਸੰਪਰਦਾਈ ਵਿਚਾਰਧਾਰਾ ਦੇ ਕੂੜ ਦੇ ਪਾਜ ਉਘੜਨੇ ਸ਼ੁਰੂ ਹੋ ਗਏ ਹਨ, ਜਿਸ ਨਾਲ ਇਨ੍ਹਾਂ ਸੰਪਰਦਾਈ ਸੋਚ ਵਾਲੇ ਲੋਕਾਂ ਵਿੱਚ ਭਾਜੜਾਂ ਪੈ ਗਈਆਂ ਹਨ। ਇਨ੍ਹਾਂ ਨੂੰ ਆਪਣੀ ਹੋਂਦ ਖਤਰੇ ਵਿੱਚ ਨਜ਼ਰ ਆਉਣ ਲੱਗ ਪਈ ਹੈ। ਉਹ ਜੋ ਕੁੱਝ ਸਾਲਾਂ ਵਿੱਚ ਸਿੱਖੀ ਦਾ ਪੂਰੀ ਤਰ੍ਹਾਂ ਭੋਗ ਪਾ ਦੇਣ ਦੀਆਂ ਕਿਆਸਰਾਈਆਂ ਲਾ ਰਹੇ ਸਨ, ਉਨ੍ਹਾਂ ਨੂੰ ਉਹ ਮੰਜ਼ਿਲ ਹਰ ਦਿਨ ਦੂਰ ਹੁੰਦੀ ਨਜ਼ਰ ਆ ਰਹੀ ਹੈ।
ਬਚਿੱਤ੍ਰ ਨਾਟਕ ਬਾਰੇ ਕੌਮ ਵਿੱਚ ਲੰਮੇ ਸਮੇਂ ਤੋਂ ਦੁਬਿਧਾ ਰਹੀ ਹੈ। ਇਸ ਦੇ ਦੋ ਕਾਰਨ ਹਨ। ਪਹਿਲਾ ਇਹ ਕਿ ਇਸ ਵਿਚਲੀਆਂ ਕੁੱਝ ਚੋਣਵੀਆਂ ਰਚਨਾਵਾਂ, ਬੰਦਾਂ ਅਤੇ ਪੰਕਤੀਆਂ ਨੂੰ ਬਹੁਤ ਪ੍ਰਚਾਰਿਆ ਗਿਆ, ਅੰਮ੍ਰਿਤ ਕੀਰਤਨ ਆਦਿ ਹੋਰ ਧਾਰਮਿਕ ਕਿਤਾਬਾਂ ਵਿੱਚ ਪਾ ਦਿੱਤਾ ਗਿਆ, ਜਿਨ੍ਹਾਂ `ਚੋਂ ਪੜ੍ਹ ਕੇ ਰਾਗੀਆਂ ਨੇ ਸ਼ਬਦਾਂ ਦੇ ਰੂਪ ਵਿੱਚ ਗਾਉਣਾ ਅਤੇ ਵਿਦਵਾਨਾਂ ਨੇ ਮਤਲਬ ਦੀਆਂ ਪੰਕਤੀਆਂ ਚੁਣ ਕੇ ਉਨ੍ਹਾਂ ਦੇ ਪ੍ਰਮਾਣ ਦੇਣੇ ਸ਼ੁਰੂ ਕਰ ਦਿੱਤੇ। ਸ਼ਾਇਦ ਹੀ ਕਿਸੇ ਵਿਰਲੇ ਨੇ ਅਸਲ ਬਚਿੱਤ੍ਰ ਨਾਟਕ ਪੜਿਆ ਹੋਵੇ? ਜਿਨ੍ਹਾਂ ਕੁੱਝ ਵਿਰਲਿਆਂ ਨੇ ਪੜ੍ਹਿਆ ਵੀ, ਇਸ ਭਾਵਨਾ ਅਧੀਨ ਪੜ੍ਹਿਆ ਕਿ ਇਹ ਦਸਮ ਪਾਤਿਸ਼ਾਹ ਦੀ ਬਾਣੀ ਹੈ। ਅੰਧੀ ਭਾਵਨਾ ਅਧੀਨ ਉਨ੍ਹਾਂ ਉਸ ਵਿੱਚਲੀਆਂ ਗੈਰ ਸਿਧਾਂਤਕ ਗੱਲਾਂ ਨੂੰ ਵੀ ਆਪਣੀ ਵਿਦਵਤਾ ਦੁਆਰਾ ਠੀਕ ਦਰਸਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਆਮ ਵਿਦਵਾਨਾਂ ਦਾ ਸੁਭਾਅ ਹੁੰਦਾ ਹੈ। ਦਾਸ ਦੂਸਰਿਆਂ ਦੀ ਗੱਲ ਕੀ ਕਰੇ ਮੈਂ ਤਾਂ ਆਪ ਉਸੇ ਸ਼੍ਰੇਣੀ ਵਿੱਚ ਆਉਂਦਾ ਹਾਂ।
ਦੂਸਰਾ ਸੀ ਉਹ ਮਾਨਸਿਕ ਡਰ
(Psycho-fear) ਜੋ ਕੌਮ ਵਿੱਚ ਫੈਲਾਇਆ ਗਿਆ ਸੀ। ਜੇ ਕੋਈ ਵਿਦਵਾਨ ਵਿਚਾਰਦਾ ਅਤੇ ਇਸ ਵਿੱਚਲਾ ਕੂੜ ਉਸ ਦੇ ਸਾਹਮਣੇ ਪ੍ਰਗੱਟ ਹੁੰਦਾ, ਉਹ ਇਸੇ ਡਰ ਅਧੀਨ ਕੁੱਝ ਨਾ ਬੋਲਦਾ ਕਿ ਬਹੁਤੀ ਕੌਮ ਉਸ ਦੇ ਵਿਰੁੱਧ ਹੋ ਜਾਵੇਗੀ ਅਤੇ ਕੌਮ ਤੇ ਸਥਾਪਤ ਸੰਪਰਦਾਈ ਸੋਚ ਵਾਲੇ ਲੋਕ ਉਸ ਦਾ ਜੀਣਾ ਔਖਾ ਕਰ ਦੇਣਗੇ। ਇਸ ਦਾ ਜ਼ਾਹਿਰਾ ਪ੍ਰਮਾਣ ਤਾਂ ਅਸੀਂ ਆਪਣੀ ਅੱਖੀਂ ਵੇਖ ਰਹੇ ਹਾਂ, ਗਿਆਨੀ ਭਾਗ ਸਿੰਘ ਜੀ ਜਿਹੇ ਉਘੇ ਵਿਦਵਾਨ ਅਤੇ ਪੰਥਪ੍ਰਸਤ ਵਿਅਕਤੀ ਨੇ ‘ਦਸਮ ਗ੍ਰੰਥ ਨਿਰਣੈ` ਨਾਂ ਦੀ ਖੋਜ ਭਰਪੂਰ ਕਿਤਾਬ ਲਿੱਖ ਕੇ, ਅਗਰ ਇਸ ਵਿੱਚਲਾ ਸੱਚ ਪ੍ਰਗਟ ਕਰਨ ਦੀ ਜੁਰਅਤ ਕੀਤੀ ਤਾਂ ਉਨ੍ਹਾਂ ਖਿਲਾਫ ਜਹਾਦ ਖੜਾ ਕਰ ਦਿੱਤਾ ਗਿਆ ਅਤੇ ਅਖੌਤੀ ਜਥੇਦਾਰਾਂ ਵਲੋਂ ਪੰਥ ਚੋਂ ਛੇਕ ਦਿੱਤਾ ਗਿਆ। ਫਿਰ ਅੱਗੋਂ ਕਈ ਸਾਲ ਸੱਚ ਪ੍ਰਗਟ ਕਰਨ ਦੀ ਕਿਸ ਦੀ ਜੁਰਅਤ ਪੈਣੀ ਸੀ?
ਭਾਵੇਂ ਗਿਆਨੀ ਭਾਗ ਸਿੰਘ ਜੀ ਦੀ ਅਵਾਜ਼ ਦਬਾ ਦਿੱਤੀ ਗਈ ਪਰ ਕੌਮ ਦੇ ਵਿਦਵਾਨਾਂ ਅੰਦਰ ਇਸ ਬਚਿੱਤ੍ਰ ਨਾਟਕ ਕਿਤਾਬ ਦਾ ਸੱਚ ਜਾਨਣ ਵਾਸਤੇ ਜਗਿਆਸਾ ਜਾਗ ਪਈ। ਇਹ ਇਸ ਜਾਗ੍ਰਿਤੀ ਦੀ ਸ਼ੁਰੂਆਤ ਸੀ। ਉਸ ਤੋਂ ਬਾਅਦ ਗੁਰਬਖਸ਼ ਸਿੰਘ ਕਾਲਾਅਫਗਾਨਾਂ ਜੀ ਦੀਆਂ ਸੱਚੀਆਂ-ਖਰੀਆਂ ਲਿਖਤਾਂ ਨੇ ਤਾਂ ਗੁਰਮਤਿ-ਇਨਕਲਾਬ ਦੀ ਪੁਨਰ-ਜਾਗ੍ਰਿਤੀ ਦਾ ਮੁੱਢ ਬੰਨ ਦਿੱਤਾ। ਇਹ ਤਾਂ ਇਨ੍ਹਾਂ ਸੰਪਰਦਾਈ ਸ਼ਕਤੀਆਂ ਦੀ ਖੁਸ਼-ਕਿਸਮਤੀ ਅਤੇ ਕੌਮ ਦੀ ਬਦ-ਕਿਸਮਤੀ ਹੈ ਕਿ ਬਹੁਤੇ ਸਿੱਖਾਂ ਅੰਦਰ ਪੜ੍ਹਨ ਦਾ ਰੁਝਾਨ ਨਹੀਂ, ਨਹੀਂ ਤਾਂ ਕਾਲਾ ਅਫਗਾਨਾਂ ਜੀ ਦੀਆਂ ਲਿਖਤਾਂ ਅੰਦਰ ਨਵੇਂ ਗੁਰਮਤਿ ਇਨਕਲਾਬ ਦਾ ਬਰੂਦ ਭਰਿਆ ਪਿਆ ਹੈ। ਕਾਲਾਅਫਗਾਨਾਂ ਜੀ ਦੀਆਂ ਲਿਖਤਾਂ ਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਉਨ੍ਹਾਂ ਦੀ ਅਵਾਜ਼ ਨੂੰ ਵੀ ਦਬਾਉਣ ਲਈ, ਉਨ੍ਹਾਂ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਗਿਆ।
ਪ੍ਰੋ ਦਰਸ਼ਨ ਸਿੰਘ ਜੀ ਦੀ ਗੱਲ ਤਾਂ ਅਜੇ ਕੱਲ ਦੀ ਹੈ। ਇਥੇ ਇਹ ਵੀ ਦਸਣ-ਯੋਗ ਹੋਵੇਗਾ ਕਿ ਹੋਰ ਬਹੁਤੇ ਰਾਗੀਆਂ ਪ੍ਰਚਾਰਕਾਂ ਵਾਂਗ ਪ੍ਰੋ. ਦਰਸ਼ਨ ਸਿੰਘ ਜੀ ਵੀ ਅੰਮ੍ਰਿਤ ਕੀਰਤਨ ਆਦਿ ਵਿੱਚੋਂ ਬਚਿੱਤ੍ਰ ਨਾਟਕ ਦੀਆਂ ਕੁੱਝ ਰਚਨਾਵਾਂ ਪੜ੍ਹ ਕੇ ਉਨ੍ਹਾਂ ਦਾ ਕੀਰਤਨ ਵੀ ਕਰਦੇ ਰਹੇ ਅਤੇ ਉਸ ਵਿੱਚੋਂ ਪ੍ਰਮਾਣ ਵੀ ਦੇਂਦੇ ਰਹੇ। ਇਹ ਗੱਲ ਉਹ ਆਪ ਕਈ ਵਾਰੀ ਸਟੇਜ ਤੋਂ ਮੰਨ ਚੁੱਕੇ ਹਨ ਕਿ ਪਹਿਲਾਂ ਉਨ੍ਹਾਂ ਨੇ ਵੀ ਬਚਿੱਤ੍ਰ ਨਾਟਕ ਪੜ੍ਹਿਆ ਨਹੀਂ ਸੀ। ਵਿਵਾਦ ਭਖਣ ਤੇ ਜਿਵੇਂ ਹੀ ਪੜ੍ਹਿਆ, ਕਪਾਟ ਖੁੱਲ ਗਏ। ਜਿਥੇ ਇਸ ਕਿਤਾਬ ਦੀ ਸਚਾਈ ਸਾਹਮਣੇ ਆ ਗਈ ਉਥੇ ਉਹ ਵੱਡੀ ਸਾਜਿਸ਼ ਜਿਸ ਦੁਆਰਾ ਪਹਿਲੇ ਪੜਾਅ ਵਿੱਚ ਇਸ ਬਚਿੱਤ੍ਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਦੇ ਤੌਰ ਤੇ ਸਥਾਪਤ ਕਰਨ ਦੀ ਜੋ ਕੋਝੀ ਸਾਜਿਸ਼ ਹੋ ਰਹੀ ਹੈ, ਉਹ ਵੀ ਸਪੱਸ਼ਟ ਹੋ ਗਈ। ਪ੍ਰੋ. ਦਰਸ਼ਨ ਸਿੰਘ ਜੀ ਵਰਗੀ ਪੰਥ ਦਰਦੀ ਸ਼ਕਸੀਅਤ ਦਾ ਇਸ ਅਤਿ ਨੀਚ ਪਾਪ-ਕਰਮ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਸੁਭਾਵਕ ਸੀ। ਇਸ ਦੇ ਨਾਲ ਤਾਂ ਸੰਪਰਦਾਈ ਲੋਕਾਂ ਵਿੱਚ ਖਲਬਲੀ ਮੱਚ ਗਈ ਕਿਉਂਕਿ ਸਾਰੀ ਕੌਮ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਦਾ ਵਿਸ਼ੇਸ਼ ਸਤਿਕਾਰ ਹੈ। ਉਨ੍ਹਾਂ ਦੁਆਰਾ ਜੂਨ ੧੯੮੪ ਦੇ ਘਲੂਘਾਰੇ ਤੋਂ ਬਾਅਦ ਨਿਭਾਈ ਭੁਮਿਕਾ, ਜਿਵੇਂ ਉਨ੍ਹਾਂ ਥਾਂ ਥਾਂ ਜਾਕੇ ਸਾਹਸਤਿ-ਹੀਣ ਹੋਈ ਕੌਮ ਅੰਦਰ ਇੱਕ ਨਵਾਂ ਜੀਵਨ ਫੂਕਿਆ, ਕੌਮ ਕਿਵੇਂ ਭੁਲਾ ਸਕਦੀ ਹੈ? ਫਿਰ ਇਸ ਬਾਰੇ ਵੀ ਉਨ੍ਹਾਂ ਦੇ ਵਿਰੋਧੀ ਵੀ ਇਨਕਾਰੀ ਨਹੀਂ ਹੋ ਸਕਦੇ ਕਿ ਉਨ੍ਹਾਂ ਦੀ ਗੁਰਮਤਿ ਦੀ ਸੋਝੀ ਅਤੇ ਉਸ ਦੀ ਪੇਸ਼ਕਾਰੀ ਲਾਜੁਆਬ ਹੈ। ਪਰ ਸੁਆਰਥੀ ਅਤੇ ਸਾਜਸ਼ੀ ਲੋਕਾਂ ਨੂੰ ਇਸ ਨਾਲ ਕੀ ਮਤਲਬ ਹੁੰਦਾ ਹੈ? ਉਨ੍ਹਾਂ ਨੂੰ ਤਾਂ ਆਪਣੀ ਖੇਡ ਪੂਰੀ ਤਰ੍ਹਾਂ ਵਿਗੜਦੀ ਨਜ਼ਰ ਆਈ ਅਤੇ ਪ੍ਰੋ. ਦਰਸ਼ਨ ਸਿੰਘ ਜੀ ਤੇ ਵੀ ਉਹੀ ਪੰਥ ਵਿੱਚੋਂ ਛੇਕਣ ਦਾ ਕੁਹਾੜਾ ਚਲਾ ਦਿੱਤਾ ਗਿਆ।
ਅਸਲ ਵਿੱਚ ਇੱਕ ਹੋਰ ਤਬਦੀਲੀ ਵੀ ਆਈ ਹੈ। ਸੁਭਾਵਕ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰਖਣ ਵਾਲਾ ਸਿੱਖ ਸਦਾਚਾਰੀ ਹੁੰਦਾ। ਉਹ ਅਸਲੀਲ ਭਾਸ਼ਾ ਦੀ ਵਰਤੋਂ ਕਰਨ ਜਾਂ ਉਸ ਨੂੰ ਦੁਹਰਾਉਣ ਨੂੰ ਚੰਗਾ ਨਹੀਂ ਸਮਝਦਾ। ਇਸ ਲਈ ਬਚਿਤ੍ਰ ਨਾਟਕ ਵਿਚਲੇ ਗੰਦ ਬਾਰੇ ਇਹ ਤਾਂ ਅਕਸਰ ਆਖਿਆ ਗਿਆ ਕਿ ਇਸ ਵਿੱਚ ਅਸ਼ਲੀਲ ਰਚਨਾਵਾਂ ਹਨ, ਪਰ ਇਹ ਦਸਣ ਤੋਂ ਗੁਰੇਜ ਕੀਤੀ ਕਈ ਕਿ ਇਹ ਅਸ਼ਲੀਲਤਾ ਕਿਸ ਪੱਧਰ ਦੀ ਹੈ? ਹੁਣ ਜਦੋਂ ਕੁੱਝ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਹੀ ਇਸ ਗਿਰਾਵਟ ਤੱਕ ਚਲੇ ਗਏ ਕਿ ਉਨ੍ਹਾਂ ਪਾਵਨ ਗੁਰਬਾਣੀ ਦਾ ਭਾਵ ਸਮਝੇ ਬਗੈਰ, ਗੁਰੂ ਗ੍ਰੰਥ ਸਾਹਿਬ ਵਿਚਲੀਆਂ ਕੁੱਝ ਪੰਕਤੀਆਂ ਨੂੰ ਵੀ ਅਸ਼ਲੀਲ ਕਹਿਣਾ ਸ਼ੁਰੂ ਕਰ ਦਿੱਤਾ। ਇਸ ਨਾਲ ਇੱਕ ਤਾਂ ਇਨ੍ਹਾਂ ਲੋਕਾਂ ਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਵਫਾਦਾਰੀ ਅਤੇ ਇਨ੍ਹਾਂ ਦੇ ਕੂੜ-ਪਾਜ ਚੰਗੀਂ ਤਰ੍ਹਾਂ ਉਘੜ ਕੇ ਸਾਹਮਣੇ ਆ ਗਏ ਹਨ, ਅਤੇ ਦੂਸਰੇ ਪਾਸੇ ਸੁਚੇਤ ਸਿੱਖਾਂ ਦੀ ਇਹ ਮਜ਼ਬੂਰੀ ਬਣ ਗਈ ਕਿ ਬਚਿੱਤ੍ਰ ਨਾਟਕ ਵਿਚਲੇ ਗੰਦ ਨੂੰ ਇਸ ਦੇ ਅਸਲ ਰੂਪ ਵਿੱਚ ਸੰਗਤਾਂ ਸਾਹਮਣੇ ਪੇਸ਼ ਕੀਤਾ ਜਾਵੇ। ਜਦੋਂ ਇਸ ਵਿੱਚ ਭਰੇ ਗੰਦ ਅਤੇ ਨੰਗੇਜ ਨੂੰ ਸੰਗਤਾਂ ਨੇ ਆਪਣੇ ਅੱਖੀ ਵੇਖਿਆ ਤਾਂ ਹਰ ਗੁਰੂ ਨੂੰ ਸਮਰਪਿਤ ਗੁਰਸਿੱਖ ਦੀ ਆਤਮਾ ਪੁਕਾਰ ਉਠੀ ਕਿ ਇਹ ਮੇਰੇ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਲਿਖਤ ਨਹੀਂ ਹੋ ਸਕਦੀ, ਇਸ ਰਾਹੀਂ ਸਾਡੇ ਸਤਿਗੁਰੂ ਦੀ ਉੱਚੀ ਸੁੱਚੀ ਨਿਰਮਲ ਸ਼ਕਸੀਅਤ ਨੂੰ ਦਾਗੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
ਇਥੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨੀ ਚਾਹਾਂਗਾ ਕਿ ਪਿਛਲੇ ਦਿਨੀ ਕੁੱਝ ਵਿਦਵਾਨਾਂ ਦੇ ਨਾਂ ਤੇ ਇੱਕ ਅਪੀਲ ਜਾਰੀ ਕੀਤੀ ਗਈ ਕਿ ਆਪਸੀ ਚਰਚਾ ਵਿੱਚ ਸਦਾਚਾਰੀ ਭਾਸ਼ਾ ਦੀ ਵਰਤੋਂ ਕੀਤੀ ਜਾਵੇ। ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਸਿੱਖ ਨੂੰ ਇਹ ਸਿੱਖਿਆ ਦੇਣ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ ਜੋ ਹੈ ਹੀ ਗੰਦ, ਉਸ ਨੂੰ ਸਾਫ ਕਰਕੇ ਕਿਵੇਂ ਲਿਖਿਆ ਜਾ ਸਕਦਾ ਹੈ ਕਿਉਂਕਿ ਉਹ ਸਾਡੀ ਭਾਸ਼ਾ ਨਹੀਂ, ਕਿਸੇ ਦੀ ਲਿਖਤ ਹੈ। ਅਸੀਂ ਤਾਂ ਕੇਵਲ ਆਪਣੇ ਸਤਿਗੁਰੂ ਦੇ ਪਾਵਨ ਅਕਸ਼ ਨੂੰ ਦਾਗਦਾਰ ਕਰਨ ਦੀ ਕੌਝੀ ਸਾਜਸ਼ ਨੂੰ ਨਾਕਾਮ ਕਰਨਾ ਚਾਹੁੰਦੇ ਹਾਂ। ਕਿਤੇ ਕੁੱਝ ਵਿਦਵਾਨਾਂ ਦਾ ਨਾਂ ਵਰਤ ਕੇ, ਭਾਵੁਕ ਸ਼ਬਦਾਂ ਦੁਆਰਾ, ਕੋਈ ਇਸ ਬਚਿੱਤ੍ਰ ਨਾਟਕ ਦੀ ਅਸਲੀਅਤ ਪ੍ਰਗਟ ਕਰਨ ਦੇ ਪਾਵਨ ਕਾਰਜ ਨੂੰ ਬੰਦ ਤਾਂ ਨਹੀਂ ਕਰਾਉਣਾ ਚਾਹੁੰਦਾ?
ਇਥੇ ਇੱਕ ਗੱਲ ਹੋਰ ਵਿਚਾਰਣ ਅਤੇ ਸਮਝਣ ਵਾਲੀ ਹੈ ਕਿ ਦਾਸ ਨੇ ਜਿਨਾਂ ਚਿਰ ਬਚਿੱਤ੍ਰ ਨਾਟਕ ਆਪ ਨਹੀਂ ਪੜ੍ਹਿਆ-ਵਿਚਾਰਿਆ ਸੀ, ਭਰਮ ਵਿੱਚ ਫਸਿਆ ਹੋਇਆ ਸੀ ਪਰ ਜਿਉਂ ਹੀ ਆਪ ਪੜ੍ਹਿਆ-ਵਿਚਾਰਿਆ, ਇਸ ਦੀ ਅਸਲੀਅਤ ਖੁੱਲ ਕੇ ਸਾਹਮਣੇ ਆ ਗਈ ਕਿ ਇਹ ਕਦੇ ਮੇਰੇ ਸਤਿਗੁਰੂ ਦੀ ਰਚਨਾ ਨਹੀਂ ਹੋ ਸਕਦੀ ਅਤੇ ਇਸ ਨੂੰ ਸਿੱਖ ਕੌਮ ਅੰਦਰ ਸਿਧਾਂਤਕ ਦੁਬਿਧਾ ਪੈਦਾ ਕਰਨ ਲਈ, ਇੱਕ ਮਕਸਦ ਨਾਲ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਦੇ ਤੌਰ ਤੇ ਉਭਾਰਿਆ ਜਾ ਰਿਹਾ ਹੈ। ਇਹੀ ਗੱਲ ਪ੍ਰੋ. ਦਰਸ਼ਨ ਸਿੰਘ ਜੀ ਅਤੇ ਹੋਰ ਕਈ ਵੀਰਾਂ ਬਾਰੇ ਲਾਗੂ ਹੁੰਦੀ ਹੈ, ਫੇਰ ਜੋ ਲੋਕ ਇਸ ਦੇ ਪੈਰੋਕਾਰ ਹਨ ਅਤੇ ਇਸ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਇਹ ਸੱਚ ਕਿਉਂ ਨਜ਼ਰ ਨਹੀਂ ਆਉਂਦਾ? ਭਾਵੇਂ ਗੱਲ ਵਿਸ਼ੇ ਨਾਲ ਸਬੰਧਤ ਨਹੀਂ ਪਰ ਸੰਕੇਤਕ ਤੌਰ ਤੇ ਕਰਨੀ ਜ਼ਰੂਰੀ ਸਮਝਦਾ ਹਾਂ। ਕਈ ਵੀਰ ਅਕਸਰ ਪੁਛਦੇ ਹਨ ਕਿ ਇਹ ਬਚਿਤ੍ਰ ਨਾਟਕ ਦਾ ਮਸਲਾ ਕੌਮ ਵਿੱਚੋਂ ਕਦੋਂ ਹੱਲ ਹੋਵੇਗਾ? ਸੱਚ ਜਾਣੋ! ਇਹ ਕਾਫੀ ਔਖਾ ਲਗਦਾ ਹੈ ਕਿਉਂਕਿ ਤੁਸੀਂ ਕਿਸੇ ਸੁੱਤੇ ਨੂੰ ਤਾਂ ਜਗਾ ਸਕਦੇ ਹੋ, ਮਚਲੇ ਨੂੰ ਕਿਵੇਂ ਜਗਾਓਗੇ? ਭੋਲੇ-ਭਾਲੇ ਸਿੱਖਾਂ ਨੂੰ ਤਾਂ ਸਮਝਾਉਣ ਨਾਲ ਸ਼ਾਇਦ ਸਮਝ ਆ ਜਾਵੇ ਅਤੇ ਹਰ ਦਿਨ ਆ ਵੀ ਰਹੀ ਹੈ ਪਰ ਜੋ ਵਿਕੀਆਂ ਜ਼ਮੀਰਾਂ ਵਾਲੇ ਇੱਕ ਸਾਜਸ਼ ਅਧੀਨ ਇਹ ਸਭ ਕੁੱਝ ਕਰ ਰਹੇ ਹਨ, ਉਨ੍ਹਾਂ ਨੂੰ ਕਿਵੇਂ ਸਮਝ ਆ ਸਕਦੀ ਹੈ? ਉਨ੍ਹਾਂ ਤਾਂ ਇਹ ਮੁੱਦਾ ਸਦਾ ਸਰਗਰਮ ਹੀ ਰਖਣਾ ਹੈ। ਹਾਂ ਉਨ੍ਹਾਂ ਨੂੰ ਭਾਜੜਾਂ ਜ਼ਰੂਰ ਪੈ ਗਈਆਂ ਹਨ ਕਿ ਸੰਗਤ ਸੁਚੇਤ ਹੋਣ ਨਾਲ ਉਹ ਇਕੱਲੇ-ਦੁਕੱਲੇ ਰਹਿ ਜਾਣਗੇ। ਬਚਿੱਤ੍ਰ ਨਾਟਕ ਬਾਰੇ ਜਿਤਨੀ ਚੇਤਨਤਾ ਪਿਛਲੇ ਕੁੱਝ ਸਾਲਾਂ ਵਿੱਚ ਆਈ ਹੈ ਸ਼ਾਇਦ ਪਿਛਲੀ ਪੂਰੀ ਸਦੀ ਵਿੱਚ ਨਹੀਂ ਆਈ ਹੋਣੀ।
ਸੋ ਅਸਲ ਮੁੱਦਾ ਤਾਂ ਇਹ ਹੈ ਕਿ ਬ੍ਰਾਹਮਣਵਾਦੀ ਸੰਪਰਦਾਈ ਸ਼ਕਤੀਆਂ ਇਸ ਪੁਨਰ ਸਰਜੀਤ ਹੋ ਰਹੇ ਗੁਰਮਤਿ ਇਨਕਲਾਬ ਤੋਂ ਬਹੁਤ ਘਬਰਾਈਆਂ ਹੋਈਆਂ ਹਨ ਅਤੇ ਇਸ ਨੂੰ ਹਰ ਸੂਰਤ ਵਿੱਚ ਦਬਾ ਦੇਣਾ ਚਾਹੁੰਦੀਆਂ ਹਨ। ਹੁਣ ਸਰਬਜੀਤ ਸਿੰਘ ਧੁੰਦਾ ਦੇ ਕੇਸ ਵਿੱਚ ਹੀ ਵੇਖ ਲਈਏ, ਜਿਸ ਲੈਕਚਰ ਦੀ ਸੀ. ਡੀ. ਦੀ ਭੰਨ-ਤੋੜ ਕਰਕੇ, ਉਸਨੂੰ ਅਧਾਰ ਬਣਾਕੇ, ਇਹ ਆਦੇਸ਼ ਜਾਰੀ ਕੀਤਾ ਗਿਆ ਹੈ, ਉਹ ਲੈਕਚਰ ਤਾਂ ੩੦ ਜੁਲਾਈ ੨੦੧੧ ਨੂੰ ਗੁ: ਗੋਬਿੰਦਗੜ੍ਹ, ਕਬੂਲ ਨਗਰ, ਸ਼ਾਹਦਰਾ, ਦਿੱਲੀ ਦੇ ਵਿੱਚ ਕੀਤਾ ਸੀ। ਹੈਰਾਨਗੀ ਦੀ ਗੱਲ ਹੈ ਕਿ ਨਾਂ ਤਾਂ ਉਥੇ ਹਾਜ਼ਰ ਸੰਗਤ ਨੂੰ ਇਹ ਪਤਾ ਲਗਾ ਕਿ ਸਰਬਜੀਤ ਸਿੰਘ ਨੇ ਇਤਰਾਜ਼ਯੋਗ ਗੱਲਾਂ ਕਹੀਆਂ ਹਨ, ਨਾ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ। ਅਖੋਤੀ ਜਥੇਦਾਰਾਂ ਤੇ ਉਨ੍ਹਾਂ ਦੇ ਖਬਰਚੀਆਂ ਨੂੰ ਵੀ ਪੰਜ ਮਹੀਨੇ ਪਤਾ ਹੀ ਨਹੀਂ ਲੱਗਾ ਕਿ ਉਸ ਸੀ. ਡੀ ਵਿੱਚ ਕੁੱਝ ਇਤਰਾਜ਼ਯੋਗ ਹੈ ਜਦਕਿ ਕਾਲਜ ਵਲੋਂ ਇਹ ਸੀ. ਡੀ. ਪ੍ਰੋਗਰਾਮ ਤੋਂ ਕੁੱਝ ਦਿਨਾਂ ਬਾਅਦ ਹੀ ਇੰਟਰਨੈਟ ਤੇ ਪਾ ਦਿੱਤੀ ਗਈ ਸੀ। ਅਸਲੀਅਤ ਇਹ ਹੈ ਕਿ ਕੈਨੇਡਾ ਵਿੱਚ ਟਕਸਾਲੀਆਂ ਅਤੇ ਉਨ੍ਹਾਂ ਦੇ ਸਾਥੀ ਸੰਪਰਦਾਈਆਂ ਨੇ ਲੰਮੇ ਸਮੇਂ ਤੋਂ ਸਿੱਖ ਸੰਗਤ ਨੂੰ ਆਪਣੇ ਭਰਮਜਾਲ ਵਿੱਚ ਫਸਾਇਆ ਹੋਇਆ ਹੈ। ਸਰਬਜੀਤ ਸਿੰਘ ਧੂੰਦਾ ਦੇ ਉਥੇ ਜਾਣ ਨਾਲ, ਜਿਉਂ ਗੁਰਬਾਣੀ ਦਾ ਸੱਚ ਸੰਗਤ ਤੱਕ ਪੁਜਾ, ਉਥੇ ਸੰਗਤਾਂ ਦਾ ਸੈਲਾਬ ਸਰਬਜੀਤ ਸਿੰਘ ਧੂੰਦਾ ਦੇ ਪ੍ਰੋਗਰਾਮਾਂ ਵੱਲ ਉਮੱੜ ਪਿਆ, ਜਿਸ ਨਾਲ ਸੰਪਰਦਾਈ ਖੇਮਿਆਂ ਵਿੱਚ ਖਲਬਲੀ ਮੱਚ ਗਈ, ਭਾਜੜਾ ਪੈ ਗਈਆਂ ਕਿ ਇਸ ਪ੍ਰਚਾਰਕ ਦੀ ਅਵਾਜ਼ ਫੌਰੀ ਬੰਦ ਕਰਾਈ ਜਾਵੇ। ਨਤੀਜਾ ਸੰਗਤਾਂ ਦੇ ਸਾਹਮਣੇ ਹੈ।
ਇਸ ਮੂਲ ਮੁੱਦੇ `ਚੋਂ ਕੁੱਝ ਹੋਰ ਮੁੱਦਿਆਂ ਨੇ ਜਨਮ ਲਿਆ ਹੈ। ਇਸ ਸਭ ਦੇ ਵਾਸਤੇ ਸਿੱਖ ਕੌਮ ਦੀ ਇੱਕ ਪ੍ਰਮੁੱਖ ਸੰਸਥਾ ਅਕਾਲ-ਤਖਤ ਸਾਹਿਬ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਅਸਲ ਵਿੱਚ ਕੁੱਝ ਗੁਰਸਿੱਖਾਂ ਵਿੱਚ ਜਿਤਨਾ ਭਰਮ ਬਚਿੱਤ੍ਰ ਨਾਟਕ ਬਾਰੇ ਹੈ, ਉਸ ਤੋਂ ਵਧੇਰੇ ਸਿੱਖਾਂ ਵਿੱਚ, ਵਧੇਰੇ ਭਰਮ ਅਕਾਲ ਤਖਤ ਸਾਹਿਬ ਬਾਰੇ ਹੈ। ਆਮ ਤੌਰ ਤੇ ਇਹ ਕਿਹਾ ਜਾ ਰਿਹਾ ਹੈ ਕਿ ਅਕਾਲ-ਤਖਤ ਸਾਹਿਬ ਦਾ ਆਦੇਸ਼ ਹੈ। ਬਹੁਤੇ ਸਿੱਖ ਅਕਾਲ ਤਖਤ ਸਾਹਿਬ ਅਤੇ ਇਸ ਦੇ ਅਖੌਤੀ ਜਥੇਦਾਰ ਵਿੱਚ ਫਰਕ ਨਹੀਂ ਕਰ ਪਾ ਰਹੇ। ਫਿਰ ਇਸ ਦੀ ਦਲੀਲ ਵਜੋਂ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਠੀਕ ਹੈ ਅਕਾਲ ਤਖਤ ਸਾਹਿਬ ਇੱਕ ਸੰਸਥਾ ਹੈ ਪਰ ਸੰਸਥਾ ਦਾ ਕਾਰਜ ਤਾਂ ਇਸ ਦੇ ਸੇਵਾਦਾਰ ਹੀ ਚਲਾਉਂਦੇ ਹਨ, ਇਸ ਨਾਤੇ ਜਥੇਦਾਰਾਂ ਦੇ ਕੀਤੇ ਫੈਸਲੇ ਅਕਾਲ ਤਖਤ ਸਾਹਿਬ ਦੇ ਫੈਸਲੇ ਹਨ। ਮੁੱਦੇ ਦੇ ਤੱਤ ਨੂੰ ਸਮਝਣ ਵਾਸਤੇ ਪਹਿਲਾਂ ਅਕਾਲ ਤਖਤ ਸਾਹਿਬ ਦੀ ਸੰਸਥਾ ਬਾਰੇ ਕੁੱਝ ਜਾਣ ਲੈਣਾ ਜ਼ਰੂਰੀ ਹੋਵੇਗਾ। ਹਾਲਾਂਕਿ ਇਹ ਆਪਣੇ ਆਪ ਵਿੱਚ ਇੱਕ ਪੂਰਨ ਵੱਡਾ ਵਿਸ਼ਾ ਹੈ, ਇਥੇ ਕੁੱਝ ਸੰਕੇਤਕ ਗੱਲਾਂ ਹੀ ਕੀਤੀਆਂ ਜਾ ਸਕਦੀਆਂ ਹਨ।
ਪਹਿਲਾਂ ਅਕਾਲ ਤਖਤ ਸਾਹਿਬ ਦਾ ਨਾਂ ਅਕਾਲ ਬੁੰਗਾ ਸੀ। ਇਸ ਨੂੰ ਦਰਬਾਰ ਸਾਹਿਬ ਦੇ ਸਾਹਮਣੇ ਸਥਾਪਤ ਕਰਕੇ ਸਤਿਗੁਰ, ਗੁਰੂ ਹਰਿਗੋਬਿੰਦ ਪਾਤਿਸ਼ਾਹ ਨੇ ਇਹ ਸਪੱਸ਼ਟ ਸੁਨੇਹਾ ਦਿਤਾ ਸੀ ਕਿ ਸਿੱਖ ਧਰਮ ਕੋਈ ਪੂਜਾ ਦਾ ਧਰਮ ਨਹੀਂ ਅਤੇ ਇਥੇ ਸ਼ੁਭ ਗੁਣਾਂ `ਤੇ ਅਧਾਰਿਤ, ਨਿਰਮਲ ਜੀਵਨ ਜੁਗਤਿ ਰੂਪੀ ਭਗਤੀ ਅਤੇ ਇਨ੍ਹਾਂ ਅਨਮੋਲ ਸਿਧਾਂਤਾਂ ਦੀ ਰਖਿਆ ਵਾਸਤੇ ਸ਼ਕਤੀ ਦੀ ਵਰਤੋਂ ਦਾ ਇੱਕ ਲਾਜਵਾਬ ਸੁਮੇਲ ਹੈ।
ਸਿੱਖ ਅਕਾਲ-ਪੁਰਖ ਵਿੱਚ ਪੂਰਨ ਵਿਸ਼ਵਾਸ ਰਖਦਾ ਹੈ, ਅਤੇ ਅਕਾਲ-ਪੁਰਖ ਦੇ ਅਗੰਮੀ ਨੇਮਾਂ ਦਾ ਅਲੰਬਰਦਾਰ ਹੈ। ਇਸ ਲਈ ਸਿੱਖ ਕੌਮ ਨੇ ਆਪਣੇ ਸਾਰੇ ਕਾਰਜ ਅਕਾਲ-ਪੁਰਖ ਦੇ ਅਗੰਮੀ ਨੇਮਾਂ ਅਨੁਸਾਰ ਚਲਾਉਣ ਵਾਸਤੇ, ਅਕਾਲ-ਪੁਰਖ ਦੇ ਸਿਧਾਂਤਾਂ ਦਾ ਸੰਕੇਤਕ ਤਖ਼ਤ ਤਿਆਰ ਕਰ ਲਿਆ ਹੈ, ਜੋ ਇਸ ਗੱਲ ਦਾ ਲਖਾਇਕ ਹੈ ਕਿ ਸਿੱਖ ਕੌਮ ਆਪਣਾ ਹਰ ਕਾਰਜ, ਆਚਾਰ, ਵਿਹਾਰ, ਕਿਰਦਾਰ, ਅਕਾਲ-ਪੁਰਖ ਦੇ ਇਲਾਹੀ ਨੇਮਾਂ, (ਜੋ ਸਤਿਗੁਰੂ ਨੇ ਸਾਨੂੰ ਇਲਾਹੀ ਗੁਰਬਾਣੀ ਰਾਹੀਂ ਦਰਸਾਏ ਅਤੇ ਦ੍ਰਿੜ ਕਰਾਏ ਹਨ), ਅਨੁਸਾਰ ਨਿਭਾਉਣ ਲਈ ਵਚਨਬੱਧ ਹੈ। ਇਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਜਿਥੇ ਸਿੱਖ ਕੌਮ ਦੀ ਅਜ਼ਾਦ ਹਸਤੀ ਦਾ ਪ੍ਰਤੀਕ ਹੈ ਉਥੇ ਅਕਾਲ-ਪੁਰਖ ਦੀ ਪ੍ਰਭੁਸਤਾ ਵਿੱਚ ਹਰ ਮਨੁੱਖ ਮਾਤਰ, ਹਰ ਕੌਮ ਦੀ, ਮਾਨਸਕ ਅਜ਼ਾਦੀ ਅਤੇ ਅਜ਼ਾਦ ਹਸਤੀ ਦਾ ਪ੍ਰਤੀਕ ਹੈ।
ਸੋ ਅਕਾਲ-ਤਖ਼ਤ ਕੇਵਲ ਇੱਕ ਇਮਾਰਤ ਨਹੀਂ ਬਲਕਿ ਫਲਸਫ਼ਾ ਹੈ, ਸਿਧਾਂਤ ਹੈ, ਇਮਾਰਤ ਤਾਂ ਕੇਵਲ ਸੰਕੇਤਕ ਹੈ। ਕਿਸੇ ਜਥੇ ਦਾ ਜਥੇਦਾਰ ਹੋਇਆ ਕਰਦਾ ਹੈ ਸਿਧਾਂਤ ਦਾ ਜਾਂ ਫਲਸਫੇ ਦਾ ਨਹੀਂ।
ਫਿਰ ਸਾਡਾ ਇੱਕ ਨਹੀਂ ਪੰਜ ਤਖਤ ਬਣਾ ਦਿੱਤੇ ਗਏ ਹਨ। ਦੁਨਿਆਵੀ ਤੌਰ ਤੇ ਵੀ ਵੇਖ ਲਈਏ ਤਾਂ ਦੁਨੀਆਂ ਵਿੱਚ ਕਿਸੇ ਵੀ ਕੌਮ, ਮੁਲਕ, ਰਾਜਸਤਾ ਦਾ ਕੇਵਲ ਇੱਕ ਹੀ ਤਖ਼ਤ ਹੁੰਦਾ ਹੈ। ਹਾਂ ਕਈ ਵਾਰੀ ਉਸ ਦਾ ਕਾਰਜ ਸਥਾਨ, ਸਮੇਂ ਅਤੇ ਲੋੜ ਅਨੁਸਾਰ ਬਦਲ ਲਿਆ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਭਾਰਤ ਦੀ ਵੰਡ ਤੋਂ ਪਹਿਲਾਂ, ਅੰਗਰੇਜ਼ਾਂ ਦੇ ਰਾਜ ਸਮੇਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ, ਪਰ ਗਰਮੀਆਂ ਵਿੱਚ ਇਸ ਨੂੰ ਸ਼ਿਮਲੇ ਬਦਲ ਲਿਆ ਜਾਂਦਾ ਸੀ। ਅੱਜ ਵੀ ਜੰਮੂ ਕਸ਼ਮੀਰ ਰਿਆਸਤ ਦੀ ਰਾਜਧਾਨੀ ਸ੍ਰੀਨਗਰ ਹੈ, ਪਰ ਸਰਦੀਆਂ ਵਿੱਚ ਇਸ ਨੂੰ ਜੰਮੂ ਬਦਲ ਲਿਆ ਜਾਂਦਾ ਹੈ। ਦੁਨੀਆਂ ਵਿੱਚ ਸ਼ਾਇਦ ਇਕੋ ਕੌਮ ਦੇ ਕਈ ਤਖ਼ਤਾਂ ਦਾ, ਇਕੋ ਵਿਲੱਖਣ ਪ੍ਰਮਾਣ ਸਿੱਖ ਕੌਮ ਦਾ ਹੈ। ਦਮਦਮਾ ਸਾਹਿਬ ਤਲਵੰਡੀ ਸਾਬੋ, ਬਠਿੰਡਾ ਨੂੰ ਤਾਂ ਤਖ਼ਤ ੧੯੬੮ ਵਿੱਚ ਐਲਾਨਿਆਂ ਗਿਆ, ਸਿਰਫ ਉਸ ਇਲਾਕੇ ਦੇ ਭੋਲੇ ਭਾਲੇ ਸਿੱਖਾਂ ਨੂੰ ਖੁਸ਼ ਕਰਨ ਅਤੇ ਇਸ ਗੱਲ ਦਾ ਸਿਆਸੀ ਲਾਹਾ ਲੈਣ ਵਾਸਤੇ। ਹੋਰ ਤਾਂ ਹੋਰ ਇੱਕ ਪਖੰਡੀ ਸਾਧ ਵਲੋਂ ਸੰਗਰੂਰ ਨੇੜੇ ਮਸਤੂਆਣੇ ਦੇ ਸਥਾਨ ਤੇ ਦਰਬਾਰ ਸਾਹਿਬ ਦੀ ਨਕਲ ਬਣਾ ਦਿੱਤੀ ਗਈ ਹੈ (ਅਕਾਲ-ਤਖ਼ਤ ਸਾਹਿਬ ਤੋਂ ਅਖੌਤੀ ਜਥੇਦਾਰਾਂ ਦੇ ਹੋਏ ਹੁਕਮ ਦੇ ਬਾਵਜੂਦ ਇਹ ਢਾਹੀ ਨਹੀਂ ਗਈ) ਅਤੇ ਇੱਕ ਹੋਰ ਅਕਾਲ ਤਖ਼ਤ ਵੀ ਬਨਾਉਣ ਦੀ ਤਿਆਰੀ ਹੋ ਰਹੀ ਹੈ, ਮਾਲਵੇ ਦਾ ਅਲੱਗ ਅਕਾਲ ਤਖ਼ਤ। ਸਿੱਖ ਕੌਮ ਵਿੱਚ ਕੁੱਝ ਜਾਗ੍ਰਿਤੀ ਆਉਣ ਅਤੇ ਰੌਲਾ ਪਾਉਣ ਕਾਰਨ, ਅਜੇ ਇਹ ਕਾਰਜ ਰੋਕ ਦਿੱਤਾ ਗਿਆ ਹੈ, ਪਰ ਉਸ ਪਖੰਡੀ ਸਾਧ ਵਲੋਂ ਪੂਰੀ ਤਿਆਰੀ ਹੈ। ਪਿਛਲੇ ਦਿਨੀਂ ਤਖ਼ਤ ਪਟਨਾ ਸਾਹਿਬ ਦੇ ਅਖੌਤੀ ਜਥੇਦਾਰ ਇਕਬਾਲ ਸਿੰਘ ਵਲੋਂ ਇਹ ਬਿਆਨ ਦਿੱਤਾ ਗਿਆ ਕਿ ਉਹ ਪੰਜਾਬ ਵਿਚਲੇ ਜਥੇਦਾਰਾਂ ਦੀ ਬਹੁਗਿਣਤੀ ਦੀ ਧੌਂਸ ਮੁਕਾਉਣ ਲਈ ਪੰਜਾਬੋਂ ਬਾਹਰ ਇੱਕ ਹੋਰ ਤਖ਼ਤ ਬਨਾਉਣਗੇ। ਜਾਪਦਾ ਹੈ ਕਿ ਅਕਾਲ ਤਖ਼ਤ ਤੋਂ ਇਲਾਵਾ ਬਾਕੀ ਤਖ਼ਤਾਂ ਦਾ ਜਨਮ ਵੀ ਐਸੇ ਹੀ ਸੁਆਰਥਾਂ ਵਿੱਚੋਂ ਹੋਇਆ ਹੋਵੇਗਾ, ਇਹੀ ਕਾਰਨ ਹੈ ਕਿ ਕਿਸੇ ਵੀ ਦੇਸੀ ਜਾਂ ਵਿਦੇਸ਼ੀ ਪੁਰਾਤਨ ਇਤਿਹਾਸਕਾਰ ਨੇ ਵੀਹਵੀਂ ਸਦੀ ਦੇ ਸ਼ੁਰੂ ਤੱਕ ਅਕਾਲ ਤਖ਼ਤ ਸਾਹਿਬ ਤੋਂ ਸਿਵਾ ਹੋਰ ਕਿਸੇ ਤਖ਼ਤ ਦਾ ਜ਼ਿਕਰ ਨਹੀਂ ਕੀਤਾ।
ਪੰਜਾਬੋਂ ਬਾਹਰਲੇ ਦੋ ਤਖ਼ਤਾਂ ਤੇ ਤਾਂ ਲੰਮੇ ਸਮੇਂ ਤੋਂ, ਸਿੱਧਾ ਹੀ ਪੰਥ ਵਿਰੋਧੀ ਤਾਕਤਾਂ ਦਾ ਕਬਜ਼ਾ ਰਿਹਾ ਹੈ, ਇਹ ਸਿੱਖ ਕੌਮ ਵਿੱਚ ਦੁਬਿਧਾ ਪਾਉਣ ਅਤੇ ਝਗੜੇ ਖੜੇ ਕਰਨ ਵਿੱਚ ਵੱਡਾ ਰੋਲ ਨਿਭਾ ਰਹੇ ਹਨ। ਇਹ ਗੱਲ ਇਨ੍ਹਾਂ ਤਖ਼ਤਾਂ ਤੇ ਚਲ ਰਹੀਆਂ ਅਲੱਗ ਅਲੱਗ ਮਰਿਆਦਾਵਾਂ, ਇਨ੍ਹਾਂ ਦੇ ਪੁਜਾਰੀਆਂ ਵਲੋਂ ਸਮੇਂ ਸਮੇਂ ਤੇ ਆਪਣੇ ਸਰਵਉੱਚ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ, ਇੱਕ ਪੰਥਕ ਜੁਗਤਿ ਵਿੱਚ ਬਝਣ ਤੋਂ ਇਨਕਾਰੀ ਹੋਣਾ ਅਤੇ ਸਮੇਂ ਸਮੇਂ ਤੇ ਜਾਰੀ ਕੀਤੇ ਜਾ ਰਹੇ ਆਪ-ਹੁਦਰੇ ਹੁਕਮਨਾਮਿਆਂ ਤੋਂ ਸਪਸ਼ਟ ਹੈ।
ਦੂਜੇ ਪਾਸੇ, ਜੇ ਅਸੀਂ ਅਕਾਲ-ਪੁਰਖ ਦੇ ਅਟੱਲ ਸਿਧਾਂਤਾਂ ਦਾ ਸੰਕੇਤਕ ਤਖ਼ਤ ਬਣਾਇਆ ਹੈ, ਤਾਂ ਇਹ ਜ਼ਰੂਰੀ ਹੈ ਕਿ ਇਥੇ ਸਭ ਕੁੱਝ ਗੁਰਮਤਿ ਸਿਧਾਂਤਾਂ ਅਤੇ ਅਕਾਲ-ਪੁਰਖ ਦੇ ਅਟੱਲ ਨੇਮਾਂ, ਜੋ ਉਸ ਦੇ ਇਲਾਹੀ ਗੁਣਾਂ ਦੇ ਪ੍ਰਤੀਕ ਹਨ, ਅਨੁਸਾਰ ਹੋਵੇ। ਅਕਾਲ-ਪੁਰਖ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਹ ਆਪ ਸੱਚਾ ਹੈ, ਅਤੇ ਉਸ ਦਾ ਨਿਆਂ ਵੀ ਸੱਚਾ ਹੈ। ਗੁਰਬਾਣੀ ਦਾ ਫੁਰਮਾਨ ਹੈ:
“ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ।। “ {ਤਿਲੰਗ ਮਹਲਾ ੧, ਪੰਨਾ ੭੨੩}
“ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ।। “ {ਰਾਮਕਲੀ ਕੀ ਵਾਰ ਮਹਲਾ ੩, ਪੰਨਾ ੯੪੯}
“ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ।। “ {ਵਡਹੰਸੁ ਮਹਲਾ ੧, ਪੰਨਾ ੫੮੦}
ਇਸ ਲਈ ਸਭ ਤੋਂ ਵੱਧ ਮਹੱਤਵ ਪੂਰਨ ਇਹ ਹੈ ਕਿ ਇੱਥੇ ਹੋ ਰਹੇ ਸਭ ਕਾਰਜ ਸੱਚ ਤੇ ਅਧਾਰਤ ਹੋਣ ਅਤੇ ਇੱਥੇ ਸਦਾ ਨਿਆਂ ਹੋਵੇ। ਕੋਈ ਇਮਾਰਤ ਜਾਂ ਸੰਸਥਾ ਆਪਣੇ ਆਪ ਵਿੱਚ, ਨਿਆਂ ਤਾਂ ਨਿਆਂ, ਕੋਈ ਵੀ ਕਾਰਜ ਜਾਂ ਕਾਰਵਾਈ ਨਹੀਂ ਕਰ ਸਕਦੀ। ਇਹ ਠੀਕ ਹੈ ਕਿ ਸਾਰੇ ਕਾਰਜ ਸੰਸਥਾ ਤੇ ਸਥਾਪਤ ਜਾਂ ਕਾਬਜ਼ ਵਿਅਕਤੀਆਂ ਦੁਆਰਾ ਹੀ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੁਆਰਾ ਕੀਤੇ ਕਾਰਜਾਂ ਨਾਲ ਹੀ ਸੰਸਥਾ ਦਾ ਮਾਨ, ਅਪਮਾਨ, ਸਤਿਕਾਰ ਜੁੜਿਆ ਹੁੰਦਾ ਹੈ। ਆਪਣੇ ਆਪ ਕੋਲੋਂ ਹੀ ਪੁੱਛ ਲਈਏ ਕਿ ਇਥੇ ਕੀਤੇ ਜਾ ਰਹੇ ਫੈਸਲੇ ਸੱਚ ਦੇ ਨੇੜੇ-ਤੇੜੇ ਵੀ ਹਨ? ਅਜੇ ਤਾਂ ਸੰਨ ੨੦੦੩ ਦੀ ਗੱਲ ਹੈ ਜਦੋਂ ਇਸੇ ਅਕਾਲ ਤਖਤ ਸਾਹਿਬ ਦਾ ਨਾਂ ਵਰਤ ਕੇ ਇੱਕ ਬਲਾਤਕਾਰੀ ਸਾਧ ਨੂੰ ੭੦੦੦੦/- ਰੁਪਏ ਦੀ ਰਿਸ਼ਵਤ ਲੈ ਕੇ ਮੁਆਫ ਕਰ ਦਿੱਤਾ ਗਿਆ। ਇਸ ਸੰਧਰਭ ਵਿੱਚ ਉਸ ਸਾਧ ਦਾ ਪੁਲਿਸ ਕੋਲ ਇਕਬਾਲੀਆ ਬਿਆਨ ਅਖਬਾਰਾਂ ਵਿੱਚ ਵੀ ਛੱਪਿਆਂ ਅਤੇ ਦੁਨੀਆਵੀ ਅਦਾਲਤ ਵਿੱਚੋਂ ਉਸ ਸਾਧ ਨੂੰ ਦਸ ਸਾਲ ਦੀ ਕੈਦ ਦੀ ਸਜ਼ਾ ਵੀ ਹੋਈ।
ਵੱਡਾ ਸੁਆਲ ਇਹ ਹੈ ਕਿ ਜਦ ਇਹ ਫੈਸਲੇ ਸੱਚ ਤੇ ਅਧਾਰਤ ਨਹੀਂ ਤਾਂ ਕੀ ਅਕਾਲ ਤਖਤ ਸਾਹਿਬ ਦਾ ਨਾਂ ਵਰਤ ਕੇ ਜਾਰੀ ਕੀਤੇ ਕੂੜ ਦੇ ਆਦੇਸ਼ ਸਿੱਖਾਂ ਨੂੰ ਅੱਖਾਂ ਬੰਦ ਕਰਕੇ ਮੰਨ ਲੈਣੇ ਚਾਹੀਦੇ ਹਨ ਜਾਂ ਅਕਾਲ ਤਖਤ ਸਾਹਿਬ ਨੂੰ ਉਨ੍ਹਾਂ ਕੂੜ ਪ੍ਰਸਤ ਸ਼ਕਤੀਆਂ ਕੋਲੋਂ ਅਜ਼ਾਦ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ? ਅਕਾਲ ਤਖਤ ਸਾਹਿਬ ਪ੍ਰਤੀ ਵਫਾਦਾਰੀ ਕਿਸ ਵਿੱਚ ਹੈ?
ਸਤਿਗੁਰੂ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਅਕਾਲ ਪਾਇਆਣਾ ਕਰਨ ਤੋਂ ਬਾਅਦ, ੧੯ਵੀਂ ਸਦੀ ਦੇ ਅੰਤ ਤੱਕ ਅਕਾਲ ਤਖ਼ਤ ਸਾਹਿਬ ਦਾ ਰੋਲ ਪੰਥਕ ਜੁਗਤਿ ਵਿੱਚ ਕੇਵਲ ਇਤਨਾ ਆਉਂਦਾ ਹੈ, ਕਿ ਜੇ ਸਮੇਂ ਦੇ ਹਾਲਾਤ ਮੁਤਾਬਕ ਸੰਭਵ ਹੋਵੇ ਤਾਂ, ਦੀਵਾਲੀ, ਵਿਸਾਖੀ ਤੇ ਇਸ ਦੇ ਸਾਹਮਣੇ ਪੰਥਕ ਇਕੱਠ ਹੁੰਦੇ ਸਨ, ਜਿਸ ਵਿੱਚ ਪੰਥ ਨੂੰ ਮੌਜੂਦਾ ਚੁਣੌਤੀਆਂ ਤੇ ਵਿਚਾਰ ਹੁੰਦੀ ਅਤੇ ਅਗਲੇ ਸਾਂਝੇ ਪੰਥਕ ਪ੍ਰੋਗਰਾਮ ਉਲੀਕੇ ਜਾਂਦੇ ਸਨ।
ਇਨ੍ਹਾਂ ਦੋ ਮੌਕਿਆਂ ਤੋਂ ਇਲਾਵਾ ਵੀ ਜਦੋਂ ਕੋਈ ਪੰਥਕ ਮਸਲਾ ਸਾਹਮਣੇ ਆਉਂਦਾ ਤਾਂ ਸਾਰੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਬੁਲਾਕੇ ਮਸਲੇ ਵਿਚਾਰੇ ਜਾਂਦੇ ਅਤੇ ਫੈਸਲੇ ਲਏ ਜਾਂਦੇ। ਇਨ੍ਹਾਂ ਇਕੱਠਾਂ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਅਤੇ ਇਨ੍ਹਾਂ ਨੂੰ ਬੁਲਾਉਣ ਦਾ ਹੱਕ ਉਸ ਜਥੇਬੰਦੀ ਦੇ ਜਥੇਦਾਰ ਕੋਲ ਹੁੰਦਾ, ਜਿਸ ਜਥੇਬੰਦੀ ਕੋਲ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਹੁੰਦੀ, ਪਰ ਉਸ ਇਕੱਠ ਦੀ ਪ੍ਰਧਾਨਗੀ ਕਰਨ ਲਈ ਪੰਜ ਪਿਆਰੇ ਵੀ ਇਸੇ ਇਕੱਠ ਵਿਚੋਂ ਚੁਣੇ ਜਾਂਦੇ ਅਤੇ ਜਥੇਦਾਰ ਵੀ ਜੁੜੇ ਇਕੱਠ ਵਿਚੋਂ ਹੀ ਚੁਣਿਆਂ ਜਾਂਦਾ, ਜੋ ਹੋਏ ਫੈਸਲਿਆਂ ਦਾ ਐਲਾਨ ਸੰਗਤ ਵਿੱਚ ਕਰਦਾ। ਇਹ ਸਾਰੇ ਫੈਸਲੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਪੰਥਕ ਗੁਰਮਤੇ ਜਾਂ ਮਤੇ ਦੇ ਰੂਪ ਵਿੱਚ ਹੁੰਦੇ ਰਹੇ। ਇਹ ਸਰਬੱਤ ਖਾਲਸਾ ਸਾਰੇ ਪੰਥ ਦਾ ਪ੍ਰਤੀਨਿੱਧ ਇਕੱਠ ਹੁੰਦਾ ਸੀ। ਇਹ ਇਕੱਠ ਬੁਲਾਉਣ ਲਗਿਆਂ ਬਿਨਾਂ ਕਿਸੇ ਨਿੱਜੀ ਮੱਤਭੇਦ, ਈਰਖਾ, ਦੁਸ਼ਮਨੀ ਦੇ, ਸਾਰੀਆਂ ਪੰਥਕ ਜਥੇਬੰਦੀਆਂ ਨੂੰ ਸੱਦਾ ਦਿੱਤਾ ਜਾਂਦਾ। ਇਹ ਸਰਬੱਤ ਖਾਲਸਾ ਇਤਨੀ ਮਜਬੂਤ ਅਤੇ ਤਾਕਤਵਰ ਸੰਸਥਾ ਸੀ ਕਿ ਕੋਈ ਵਿਅਕਤੀ ਜਾਂ ਜਥੇਬੰਦੀ ਇਸ ਦੇ ਫੈਸਲਿਆਂ ਤੋਂ ਬਾਗੀ ਹੋਣ ਦਾ, ਸੋਚ ਵੀ ਨਹੀਂ ਸੀ ਸਕਦੀ। ਮਹਾਰਾਜਾ ਰਣਜੀਤ ਸਿੰਘ ਕਿਉਂਕਿ ਆਪਣੇ ਖਾਨਦਾਨ ਦਾ ਇੱਕ ਪੁਰਖੀ ਰਾਜ ਕਾਇਮ ਕਰਨਾ ਚਾਹੁੰਦਾ ਸੀ, ਉਸ ਨੂੰ ਸਰਬੱਤ ਖਾਲਸੇ ਦੀ ਸ਼ਕਤੀਸ਼ਾਲੀ ਸੰਸਥਾ, ਆਪਣੇ ਇਸ ਮਕਸਦ ਵਿੱਚ ਇੱਕ ਰੁਕਾਵਟ ਜਾਪੀ, ਤਾਂ ਉਸ ਨੇ ਆਪਣੇ ਰਾਜ ਕਾਲ ਸਮੇਂ ੧੮੦੫ ਵਿੱਚ ਸਰਬੱਤ ਖਾਲਸੇ ਦੇ ਇਕੱਠ ਬੰਦ ਕਰਵਾ ਦਿੱਤੇ ਅਤੇ ਰਾਜ ਸੱਤਾ ਨੂੰ ਧਰਮ ਤੇ ਭਾਰੂ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਦੇ ਸਿੱਖ ਰਾਜਨੀਤਿਕ ਆਗੂ ਵੀ ਇਸ ਸੰਸਥਾ ਨੂੰ ਇਸੇ ਕਰਕੇ ਸੁਰਜੀਤ ਨਹੀਂ ਹੋਣ ਦੇਣਾ ਚਾਹੁੰਦੇ, ਕਿਉਂਕਿ ਉਹ ਜਾਣਦੇ ਹਨ ਕਿ ਇਸ ਸੰਸਥਾ ਦੇ ਮੁੜ ਹੋਂਦ ਵਿੱਚ ਆਉਣ ਨਾਲ ਉਨ੍ਹਾਂ ਦਾ ਕੌਮ ਉਤੋਂ ਨਜਾਇਜ਼ ਕਬਜ਼ਾ ਢਿੱਲਾ ਪੈ ਜਾਵੇਗਾ ਅਤੇ ਉਹ ਆਪਣੇ ਸੁਆਰਥੀ ਰਾਜਨੀਤਿਕ ਹਿਤਾਂ ਵਾਸਤੇ ਮਨਮਾਨੀਆਂ ਨਹੀਂ ਕਰ ਸਕਣਗੇ। ਅੱਜ ਦੇ ਸਿਆਸੀ ਆਗੂਆਂ ਵਲੋਂ ਇਹ ਪਰਚਾਰਿਆ ਜਾਂਦਾ ਹੈ ਕਿ ਕਿਉਂਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਵੋਟਾਂ ਨਾਲ ਚੁਣੀ ਹੋਈ ਸੰਸਥਾ ਹੈ, ਇਸ ਲਈ ਇਹੀ ਅਜ ਦਾ ਸਰਬੱਤ ਖਾਲਸਾ ਹੈ, ਹੋਰ ਸਰਬੱਤ ਖਾਲਸੇ ਦੀ ਲੋੜ ਨਹੀਂ। ਹਾਲਾਂਕਿ ਜਿਵੇਂ ਪੈਸੇ, ਤਾਕਤ, ਨਸ਼ਿਆਂ ਅਤੇ ਹੋਰ ਜਾਇਜ਼ ਨਾਜਾਇਜ਼ ਤਰੀਕਿਆਂ ਦੀ ਵਰਤੋਂ ਕਰਕੇ ਇਹ ਚੋਣਾਂ ਜਿਤੀਆਂ ਜਾਂਦੀਆਂ ਹਨ, ਇਹ ਕਿਸੇ ਤੋਂ ਲੁਕਿਆ ਨਹੀਂ। ਨਾ ਹੀ ਇਸ ਤਰੀਕੇ ਨਾਲ ਚੁਣੇ ਗਏ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਆਚਰਨ ਅਤੇ ਕਿਰਦਾਰ ਕਿਸੇ ਤੋਂ ਲੁਕਿਆ ਹੈ। ਇਨ੍ਹਾਂ ਤੇ ਤਾਂ ਗੁਰਬਾਣੀ ਦੀਆਂ ਇਹ ਤੁੱਕਾਂ ਹੀ ਢੁਕਦੀਆਂ ਹਨ:
“ਗਲਂੀ ਅਸੀ ਚੰਗੀਆ ਆਚਾਰੀ ਬੁਰੀਆਹ।। ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ।। ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ।। “ {ਮਃ ੧, ਪੰਨਾ ੮੫}
ਐਸੇ ਕਿਰਦਾਰ ਵਾਲੇ ਲੋਕ ਜੋ ਕਿਸੇ ਤਰ੍ਹਾਂ ਖ਼ਾਲਸਾ ਵੀ ਅਖਵਾਉਣ ਦੇ ਅਧਿਕਾਰੀ ਹੀ ਨਹੀਂ ਹਨ, ਆਪਣੇ ਇਕੱਠ ਨੂੰ ਸਰਬੱਤ ਖ਼ਾਲਸਾ ਦੱਸ ਰਹੇ ਹਨ। ਸਿੱਖ ਕੌਮ ਦੇ ਧਾਰਮਿਕ ਖੇਤਰ ਵਿੱਚ ਤਾਂ ਵੋਟਾਂ ਵਾਲੀਆਂ ਚੋਣਾਂ ਦਾ ਵਿਧਾਨ ਹੀ ਨਹੀਂ। ਜੇ ਵੋਟਾਂ ਦੁਆਰਾ ਚੋਣ ਹੁੰਦੀ ਤਾਂ ਸ਼ਾਇਦ ਭਾਈ ਲਹਿਣਾ ਜੀ ਗੁਰੂ ਅੰਗਦ ਪਾਤਿਸ਼ਾਹ ਨਾ ਬਣ ਸਕਦੇ। ਇਥੇ ਤਾਂ ਗੁਰਮਤਿ ਦੀ ਸੋਝੀ ਤੇ ਅਧਾਰਤ ਸ਼ੁਭ ਗੁਣਾਂ ਦੁਆਰਾ ਚੋਣ ਦਾ ਵਿਧਾਨ ਹੈ। ਅੰਗਰੇਜ਼ ਨੇ ਜਿਸ ਵੋਟਾਂ ਦੀ ਚੋਣ ਨੂੰ ਆਪਣੇ ਗਿਰਜੇ ਲਈ ਲਾਗੂ ਨਹੀਂ ਕੀਤਾ, ਉਸ ਨੂੰ ਸਿੱਖ ਕੌਮ ਵਾਸਤੇ ਕਾਨੂੰਨੀ ਮਾਨਤਾ ਦੇਕੇ ਸਿੱਖ ਕੌਮ ਵਿੱਚ ਸਦਾ ਲਈ ਪਾਪ ਦੇ ਬੀਜ ਬੋ ਗਿਆ ਹੈ। ਉਂਝ ਵੀ ਇਹ ਚੋਣਾਂ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਤੱਕ ਸੀਮਿਤ ਹਨ, ਜਦਕਿ ਸਿੱਖ ਅੱਜ ਦੁਨੀਆਂ ਦੇ ਹਰ ਕੋਨੇ ਵਿੱਚ ਵਸਦੇ ਹਨ। ਇਸੇ ਬਹਾਨੇ ਆਪਣੇ ਸਾਰੇ ਸਿਆਸੀ ਵਿਰੋਧੀਆਂ, ਪੰਥਕ ਜਥੇਬੰਦੀਆਂ ਅਤੇ ਪੰਥਕ ਸ਼ਖਸੀਅਤਾਂ ਨੂੰ ਵੀ ਪੰਥਕ ਜੁਗਤਿ ਚੋਂ ਬਾਹਰ ਰਖਿਆ ਜਾਂਦਾ ਹੈ। ਇਹ ਸਿਆਸੀ ਆਗੂ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੁਨੀਆਂ ਵਿੱਚ ਸਭ ਤੋਂ ਮਜ਼ਬੂਤ ਗੁਲਾਮੀ ਧਾਰਮਿਕ ਗੁਲਾਮੀ ਹੁੰਦੀ ਹੈ। ਇਸ ਲਈ ਸਿੱਖ ਕੌਮ ਨੂੰ ਧਾਰਮਿਕ ਗੁਲਾਮੀ ਵਿੱਚ ਜਕੜ ਕੇ ਰੱਖਣ ਵਾਸਤੇ ਤਖ਼ਤਾਂ ਦੇ ਜਥੇਦਾਰਾਂ ਦਾ ਅਹੁਦਾ ਇਜਾਦ ਕਰ ਲਿਆ ਗਿਆ ਹੈ, ਜੋ ਅਕਾਲ ਤਖ਼ਤ ਸਾਹਿਬ ਅਤੇ ਪੰਜ ਪਿਆਰਿਆਂ ਦੀ ਸੰਸਥਾ ਦੀ ਦੁਰਵਰਤੋਂ ਕਰ ਕੇ ਆਪਣੇ ਸਿਆਸੀ ਆਗੂਆਂ ਦੀ ਇੱਛਾ ਅਨੁਸਾਰ, ਸਿੱਖ ਕੌਮ ਨੂੰ ਮਾਨਸਿਕ ਗੁਲਾਮ ਬਣਾਕੇ ਰਖਣ ਦੀ ਕੋਸ਼ਿਸ਼ ਕਰ ਰਹੇ ਹਨ।
ਕਈ ਭਾਵੁਕ ਸਿੱਖ ਕਹਿੰਦੇ ਹਨ ਅਜ ਸਿੱਖ ਦੁਨੀਆਂ ਦੇ ਹਰ ਕੋਨੇ ਵਿੱਚ ਫੈਲੇ ਹੋਏ ਹਨ, ਅੱਜ ਦੇ ਹਾਲਾਤ ਵਿੱਚ ਸਰਬਤ ਖਾਲਸਾ ਕਿਵੇਂ ਹੋ ਸਕਦਾ ਹੈ? ਸਰਬਤ ਖਾਲਸਾ ਵਿੱਚ ਦੁਨੀਆਂ ਦੇ ਸਾਰੇ ਸਿੱਖ ਤਾਂ ਕਦੀਂ ਵੀ ਸ਼ਾਮਲ ਨਹੀਂ ਸਨ ਹੁੰਦੇ ਕੇਵਲ ਸਭਨਾ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਇਕੱਠ ਹੁੰਦਾ ਸੀ ਜੋ ਅੱਜ ਵੀ ਕੀਤਾ ਜਾ ਸਕਦਾ ਹੈ ਕੇਵਲ ਇਸ ਦਾ ਵਿਧੀ ਵਿਧਾਨ ਬਨਾਉਣ ਦੀ ਲੋੜ ਹੈ।
ਇਹ ਅਕਾਲ ਤਖਤ ਦੇ ਜਥੇਦਾਰ ਦਾ ਅਹੁਦਾ ਤਾਂ ਹੋਂਦ ਵਿੱਚ ਹੀ ੧੯੨੦ ਤੋਂ ਆਇਆ ਹੈ, ਉਸ ਤੋਂ ਪਹਿਲਾਂ ਕੌਮ ਦੇ ਕੰਮ ਕਿਵੇਂ ਚਲਦੇ ਸਨ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਆਪਣੀ ਛਾਪੀ ਲਿਸਟ ਵੀ ਸੰਨ ੧੯੨੦ ਤੋਂ ਸ਼ੁਰੂ ਹੁੰਦੀ ਹੈ।
ਇਹ ਸ਼ੁਰੂਆਤ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਨਾਂ ਨਾਲ ਕੀਤੀ ਗਈ ਹੈ, ਹਾਲਾਂਕਿ ਉਹ ਇਸ ਸ਼੍ਰੇਣੀ ਵਿੱਚ ਬਿਲਕੁਲ ਨਹੀਂ ਆਉਂਦੇ, ਉਹ ਤਾਂ ਸੇਵਾ ਸੰਭਾਲ ਵਾਲੇ ਜਥੇ ਦੇ ਜਥੇਦਾਰ ਸਨ। ਪਰ ਇਸ ਤੋਂ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਹ ਅਹੁਦਾ ੧੯੨੦ ਤੋਂ ਬਾਅਦ ਹੀ ਹੋਂਦ ਵਿੱਚ ਆਇਆ। ਇਸੇ ਭੁਲੇਖੇ ਵਿੱਚ ਹੀ ਅਕਸਰ ਇਹ ਆਖਿਆ ਜਾਂਦਾ ਹੈ ਕਿ ਜਥੇਦਾਰ ਅਕਾਲੀ ਫੂਲਾ ਸਿੰਘ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਹਾਲਾਂਕਿ ਸਚਾਈ ਇਹ ਹੈ ਕਿ ਅਕਾਲੀ ਫੂਲਾ ਸਿੰਘ ਜੀ ਬੁੱਢਾ ਦੱਲ ਦੇ ਜਥੇਦਾਰ ਸਨ ਅਤੇ ਉਸ ਸਮੇਂ ਦਰਬਾਰ ਸਾਹਿਬ ਸਮੂਹ ਦੀ ਸੇਵਾ ਸੰਭਾਲ ਬੁੱਢਾ ਦੱਲ ਕੋਲ ਸੀ, ਜਿਸ ਵਿੱਚ ਅਕਾਲ ਬੁੰਗਾ ਵੀ ਆ ਜਾਂਦਾ ਸੀ ਜੋ ਉਸ ਸਮੇਂ ਕੇਵਲ ਇੱਕ ਥੜ੍ਹੇ ਦੇ ਰੂਪ ਵਿੱਚ ਸੀ। ਜਿਥੋਂ ਤਕ ਉਸ ਕਹਾਣੀ ਦਾ ਸੁਆਲ ਹੈ, ਜੋ ਬੜੇ ਮਾਣ ਨਾਲ ਸੁਣਾਈ ਜਾਂਦੀ ਹੈ, ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜਾ ਸੁਣਾਈ, ਅਤੇ ਮਹਾਰਾਜਾ ਰਣਜੀਤ ਸਿੰਘ ਪਿੱਠ ਨੰਗੀ ਕਰਕੇ ਖੜਾ ਹੋ ਗਿਆ, ਇਸ ਕਹਾਣੀ ਦਾ ਝੂਠ ਜਾਨਣ ਲਈ, ਇਤਨਾ ਜਾਣ ਲੈਣਾ ਹੀ ਕਾਫੀ ਹੈ ਕਿ ਮੋਰਾਂ ਨਾਂਅ ਦੀ ਮੁਸਲਮਾਨ ਵੇਸ਼ਵਾ, ਜਿਸ ਨਾਲ ਸੰਬਧ ਬਨਾਉਣ ਕਾਰਨ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਲਾਈ ਦਸੀ ਜਾਂਦੀ ਹੈ, ਆਖਿਰ ਤੱਕ ਮਹਾਰਾਜਾ ਰਣਜੀਤ ਸਿੰਘ ਨਾਲ ਰਹੀ, ਅਤੇ ਉਸ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਯਾਦਗਾਰ ਵੀ ਬਣਾਈ। ਉਸ ਦਾ ਮਕਬਰਾ ਲਾਹੌਰ ਦੇ ਕਿਲੇ ਵਿੱਚ ਬਣਿਆ ਹੋਇਆ ਦਾਸ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ ਹੈ।
ਨਾਲੇ ਜੇ ਸਿੱਖ ਕੌਮ ਵਿੱਚ ਅਕਾਲ-ਤਖਤ ਦੇ ਜਥੇਦਾਰ ਦੇ ਅਹੁਦੇ ਦੀ ਕੋਈ ਮਰਯਾਦਾ ਹੁੰਦੀ ਤਾਂ ਕੀ ੧੭੦੮ ਤੋਂ ਲੈਕੇ ੧੯੨੦ ਤੱਕ ਕੇਵਲ ਅਕਾਲੀ ਫੂਲਾ ਸਿੰਘ ਦਾ ਨਾਂ ਹੀ ਆਉਂਦਾ? ਭਾਵੇਂ ਚੰਗੇ ਤੇ ਭਾਵੇਂ ਮਾੜੇ ਕਰਮਾਂ ਲਈ ਕਿਸੇ ਹੋਰ ਜਥੇਦਾਰ ਦਾ ਨਾਂ ਤਾਂ ਆਉਂਦਾ। ਨਾਲੇ ਜੇ ਬਾਕੀ ਸਿੱਖ ਇਤਿਹਾਸ ਸਾਂਭਿਆ ਹੋਇਆ ਹੈ ਤਾਂ ਇਸ ਮਹੱਤਵਪੂਰਨ ਅਹੁਦੇ ਦਾ ਵੀ ਕੋਈ ਇਤਿਹਾਸ ਤਾਂ ਮਿਲਦਾ।
ਜਥੇਦਾਰ ਦੇ ਅਹੁਦੇ ਦੇ ਹੋਂਦ ਵਿੱਚ ਆਉਣ ਦੇ ਨਾਲ ਹੀ, ਸਮੇਂ ਸਮੇਂ ਦੀਆਂ ਸਰਕਾਰਾਂ ਜਾਂ ਸ਼੍ਰੋਮਣੀ ਕਮੇਟੀ ਤੇ ਕਾਬਜ਼ ਲੋਕਾਂ ਵਲੋਂ ਵੀ ਇਸ ਅਹੁਦੇ ਦੀ ਆਪਣੇ ਨਿਜੀ ਸੁਆਰਥਾਂ ਵਾਸਤੇ ਦੁਰਵਰਤੋਂ ਸ਼ੁਰੂ ਹੋ ਗਈ ਸੀ, ਇਸ ਲਈ ਇਸ ਅਹੁਦੇ ਨੂੰ ਵੀ ਖ਼ਤਮ ਨਹੀਂ ਕੀਤਾ ਗਿਆ, ਬਲਕਿ ਸਮੇਂ ਦੇ ਸਿਆਸਤਦਾਨਾਂ ਵਲੋਂ, ਸਿੱਖ ਕੌਮ ਨੂੰ ਆਪਣੇ ਕਬਜ਼ੇ ਵਿੱਚ ਰਖਣ ਲਈ ਅਤੇ ਲੋਕਾਂ ਅੰਦਰ ਆਪਣਾ ਭੈ ਬਣਾ ਕੇ ਰਖਣ ਲਈ, ਇਸ ਅਹੁਦੇ ਨੂੰ ਵਧੇਰੇ ਮਹੱਤਤਾ ਦਿੱਤੀ ਗਈ ਅਤੇ ਹੋਰ ਮਜ਼ਬੂਤ ਕੀਤਾ ਗਿਆ।
ਅੱਜ ਪੰਜਾਬ ਤੋਂ ਬਾਹਰਲੇ ਦੋਹਾਂ ਤਖਤਾਂ ਤੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਅੰਤਮ ਆਦੇਸ਼, “ਗੁਰੂ ਮਾਨਿਓ ਗ੍ਰੰਥ” ਦੀ ਹੁਕਮ ਅਦੂਲੀ ਅਤੇ ਮੌਜੂਦਾ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦਾ ਘੋਰ ਅਪਮਾਨ ਕਰਦੇ ਹੋਏ, ਇੱਸ ਸਾਕਤੀ ਅਤੇ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਕਿਤਾਬ, ਬਚਿਤ੍ਰ ਨਾਟਕ ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਤੇ ਬਿਲਕੁਲ ਉਸੇ ਤਰ੍ਹਾਂ ਪ੍ਰਕਾਸ਼ ਕੀਤਾ ਜਾਂਦਾ ਹੈ। ਉਸ ਅਗੇ ਵੀ ਸਤਿਗੁਰੂ ਵਾਂਗ ਅਰਦਾਸਾਂ ਕੀਤੀਆਂ ਜਾਂਦੀਆਂ ਹਨ, ਉਸ ਵਿੱਚੋਂ ਵੀ ਹੁਕਮਨਾਮੇ ਲਏ ਜਾਂਦੇ ਹਨ। ਗੁਰਮਤਿ ਸਿਧਾਂਤਾਂ ਅਤੇ ਸਿੱਖ ਰਹਿਤ ਮਰਿਯਾਦਾ ਨੂੰ ਇੰਝ ਪਿੱਠ ਦੇਣ ਵਾਲੇ, ਕੌਮ ਦੇ ਫੈਸਲੇ ਅਤੇ ਨਿਆਂ (?) ਕਰ ਰਹੇ ਹਨ। ਜੋ ਆਪ ਗੁਰਮਤਿ ਸਿਧਾਂਤਾਂ ਅਤੇ ਸਿੱਖ ਰਹਿਤ ਮਰਿਯਾਦਾ ਨੂੰ ਪਿੱਠ ਦੇਈ ਬੈਠੇ ਹਨ, ਕੀ ਉਹ ਇਨ੍ਹਾਂ ਦੇ ਪਹਿਰੇਦਾਰ ਬਣਨ ਜਾਂ ਅਖਵਾਉਣ ਦੇ ਹੱਕਦਾਰ ਹਨ?
ਇੱਥੇ ਇੱਕ ਵਿਸ਼ੇਸ਼ ਗੱਲ ਨੋਟ ਕਰਨ ਵਾਲੀ ਹੈ ਕਿ ਨਵੰਬਰ, ੨੦੦੩ ਤੱਕ ਇਨ੍ਹਾਂ ਅਖੌਤੀ ਜਥੇਦਾਰਾਂ ਦੀ, ਫੈਸਲੇ ਕਰਨ ਵਾਲੀ ਮੀਟਿੰਗ ਵਿੱਚ, ਪੰਜਾਬ ਤੋਂ ਬਾਹਰਲੇ ਦੋ ਜਥੇਦਾਰਾਂ ਨੂੰ ਸ਼ਾਮਿਲ ਨਹੀਂ ਸੀ ਕੀਤਾ ਜਾਂਦਾ, ਅਤੇ ਪੰਜਾਬ ਵਿਚਲੇ ਤਿੰਨ ਜਥੇਦਾਰਾਂ ਦੇ ਨਾਲ, ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀਆਂ ਨੂੰ ਸੱਦ ਕੇ ਕੋਰਮ ਪੂਰਾ ਕਰ ਲਿਆ ਜਾਂਦਾ ਸੀ। ਕਾਰਨ ਇਹੀ ਸੀ ਕਿ ਬਾਹਰਲੇ ਤਖਤਾਂ ਦੇ ਜਥੇਦਾਰ, ਸਿੱਖ ਰਹਿਤ ਮਰਿਯਾਦਾ ਨੂੰ ਨਹੀਂ ਸਨ ਮੰਨਦੇ, ਅਤੇ ਬਚਿੱਤ੍ਰ ਨਾਟਕ ਦਾ ਬਰਾਬਰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਸਨ। ਨਵੰਬਰ, ੨੦੦੩ ਤੋਂ, ਉਨ੍ਹਾਂ ਨੂੰ ਵੀ ਸੱਦਣਾ ਸ਼ੁਰੂ ਕਰ ਦਿੱਤਾ ਗਿਆ। ਪਹਿਲਾਂ ਤਾਂ ਕੋਈ ਇਹ ਪੁੱਛੇ ਕਿ ਕੀ ਹੁਣ ਉਨ੍ਹਾਂ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਕਰ ਦਿੱਤਾ ਹੈ ਅਤੇ ਮਰਿਆਦਾ ਨੂੰ ਮੰਨਣ ਲੱਗ ਪਏ ਹਨ? ਜੁਆਬ ਹੈ, ਬਿਲਕੁਲ ਨਹੀਂ। ਫੇਰ ਆਖਿਰ ਬਦਲਿਆ ਕੀ ਹੈ? ਹੁਣ ਕਿਸ ਸਿਧਾਂਤ ਅਧੀਨ ਇਨ੍ਹਾਂ ਨੂੰ ਸ਼ਾਮਲ ਕਰ ਲਿਆ ਗਿਆ ਹੈ?
ਜੇ ਇਹ ਪੰਜਾਂ ਤਖ਼ਤਾਂ ਦੇ ਜਥੇਦਾਰ ਹੀ ਪੰਜ ਪਿਆਰੇ ਹਨ, ਤਾਂ ਫੇਰ ਉਸ ਤੋਂ ਪਹਿਲੋਂ ਦੇ ਕੀਤੇ ਸਾਰੇ ਫੈਸਲਿਆਂ ਦੀ ਕੌਈ ਮਹਤੱਤਾ ਨਾ ਹੋਈ। ਅਗੋਂ ਜੇ ਉਸ ਤੋਂ ਬਾਅਦ ਕੀਤੇ ਫੈਸਲਿਆਂ ਤੇ ਝਾਤੀ ਮਾਰੀਏ ਤਾਂ ਸਭ ਤੋਂ ਜ਼ਿਆਦਾ ਵਿਵਾਦ-ਪੂਰਨ, ਕੌਮ ਵਿੱਚ ਦੁਬਿਧਾ ਪੈਦਾ ਕਰਨ ਵਾਲੇ, ਪੰਥ ਵਿੱਚ ਵੰਡੀਆਂ ਪਾਉਣ ਵਾਲੇ, ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦੇ ਅਦਬ ਸਤਿਕਾਰ ਨੂੰ ਘਟਾਉਣ ਵਾਲੇ, ਗੁਰਮਤਿ ਸਿਧਾਂਤਾਂ ਅਤੇ ਗੁਰਮਰਿਆਦਾ ਦਾ ਮਜ਼ਾਕ ਉਡਾਉਣ ਵਾਲੇ, ਅਕਾਲ-ਤਖ਼ਤ ਸਾਹਿਬ ਦੀ ਸੰਸਥਾ ਦੇ ਅਨਮੋਲ ਸਿਧਾਂਤਾਂ ਨੂੰ ਬਰਬਾਦ ਕਰਨ ਵਾਲੇ, ਹੁਕਮਨਾਮੇ ਉਸ ਤੋਂ ਬਾਅਦ ਵਧੇਰੇ ਆਏ ਹਨ। ਇਸ ਤੋਂ ਇਹ ਸਪੱਸ਼ਟ ਜਾਪਦਾ ਹੈ ਕਿ, ਕਿਉਂਕਿ ਸ਼੍ਰੋਮਣੀ ਕਮੇਟੀ ਤੇ ਕਾਬਜ਼ ਮੌਜੂਦਾ ਅਕਾਲੀ ਲੀਡਰਸ਼ਿਪ ਸਿੱਖ ਕੌਮ ਦੇ ਹਿੱਤਾਂ ਨੂੰ ਪੂਰਨ ਤੌਰ ਤੇ ਤਿਆਗ ਚੁੱਕੀ ਹੈ, ਅਤੇ ਇਸ ਸਮੇਂ ਕੇਵਲ ਰਾਜਨੀਤੀ ਅਤੇ ਰਾਜ ਸੱਤਾ ਦੀ ਖੇਡ, ਖੇਡ ਰਹੀ ਹੈ, ਵਲੋਂ, ਆਪਣੇ ਰਾਜਸੀ ਭਾਈਵਾਲਾਂ, ਆਰ. ਐਸ. ਐਸ. ਦੇ ਰਾਜਸੀ ਵਿੰਗ ਭਾਰਤੀ ਜਨਤਾ ਪਾਰਟੀ, ਜੋ ਕਿ ਸਿੱਖ ਕੌਮ ਦੀ ਅੱਡਰੀ ਹੌਂਦ ਨੂੰ ਮਲੀਆਮੇਟ ਕਰਕੇ, ਆਪਣੇ ਅੰਦਰ ਹੀ ਸਮੋ ਲੈਣ ਦੇ ਸੁਪਨੇ ਵੇਖ ਰਹੀ, ਅਤੇ ਤਾਣੇ-ਬਾਣੇ ਬੁਣ ਰਹੀ ਹੈ, ਨੂੰ ਖੁਸ਼ ਕਰਨ ਲਈ, ਇਨ੍ਹਾਂ ਬਾਹਰਲੇ ਤਖਤਾਂ ਦੇ ਅਖੌਤੀ ਜਥੇਦਾਰਾਂ ਨੂੰ ਸ਼ਾਮਿਲ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਕਿਉਂਕਿ ਇਨ੍ਹਾਂ ਦੋਹਾਂ ਤਖ਼ਤਾਂ ਦਾ ਪ੍ਰਬੰਧ ਅਸਿੱਧੇ ਤੌਰ ਤੇ, ਇਨ੍ਹਾਂ ਪੰਥ ਦੋਖੀ ਤਾਕਤਾਂ ਕੋਲ ਹੀ ਹੈ, ਇਹ ਉਨ੍ਹਾਂ ਨੂੰ ਸਿੱਖੀ ਨੂੰ ਬਰਬਾਦ ਕਰਨ ਲਈ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤ ਸਕਦੇ ਹਨ ਅਤੇ ਵਰਤ ਰਹੇ ਹਨ।
ਖਾਲਸਾ ਪੰਥ ਵਿੱਚ ਪੰਜ ਪਿਆਰਿਆਂ ਦੀ ਸੰਸਥਾ ਸਥਾਈ ਹੈ ਲੇਕਿਨ ਕੋਈ ਵੀ ਪੰਜ ਵਿਅਕਤੀ ਸਥਾਈ ਤੌਰ ਤੇ ਪੰਜ ਪਿਆਰੇ ਨਹੀਂ ਹੋ ਸਕਦੇ। ਇਸ ਲਈ ਨਾ ਤਾਂ ਸਿਧਾਂਤਕ ਤੌਰ ਤੇ ਇਹ ਅਖੌਤੀ ਜਥੇਦਾਰ ਯਾ ਕੋਈ ਗ੍ਰੰਥੀ, ਸਥਾਈ ਤੌਰ ਤੇ ਪੰਜ ਪਿਆਰੇ ਬਣਨ ਯਾ ਅਖਵਾਉਣ ਦੇ ਅਧਿਕਾਰੀ ਹਨ ਅਤੇ ਨਾ ਹੀ ਨੈਤਿਕ ਤੌਰ ਤੇ ਇਨ੍ਹਾਂ ਨੂੰ ਐਸਾ ਅਧਿਕਾਰ ਹੈ। ਇਹ ਕੇਵਲ ਇਨ੍ਹਾਂ ਗ੍ਰੰਥੀਆਂ ਅਤੇ ਰਾਜਨੀਤਿਕ ਆਗੂਆਂ ਦਾ ਇੱਕ ਸਾਜਸ਼ੀ ਗੱਠਜੋੜ ਹੈ, ਜੋ ਭੋਲੇ ਭਾਲੇ ਸਿੱਖਾਂ ਦਾ ਧਾਰਮਿਕ ਅਤੇ ਮਾਨਸਿਕ ਸੋਸ਼ਣ ਕਰਕੇ ਉਨ੍ਹਾਂ ਨੂੰ ਸਦੀਵ ਆਪਣੇ ਅਧੀਨ ਰੱਖਣ ਵਾਸਤੇ, ਇਸ ਨੂੰ ਕੌਮ ਤੇ ਠੋਸ ਰਿਹਾ ਹੈ। ਅਸਲ ਵਿੱਚ ਜਦੋਂ ਵੀ ਕੋਈ ਮੁੱਦਾ ਵਿਚਾਰਨ ਲਈ ਅਕਾਲ ਤਖਤ ਸਾਹਿਬ ਤੇ ਆਵੇ, ਵਿਚਾਰਨ ਵਾਲਾ ਮੁੱਦਾ ਅਤੇ ਹਾਲਾਤ ਵੇਖ ਕੇ ‘ਪੰਚ ਪਰਵਾਨ ਪੰਚ ਪਰਧਾਨ` ਦੇ ਗੁਣਾਂ ਵਾਲੇ, ਸਬੰਧਤ ਵਿਸ਼ੇ ਦੇ ਨਿਪੁੰਨ ਗੁਰਸਿੱਖ, ਸੰਗਤ ਵਿੱਚੋਂ ਚੁਣੇ ਜਾਣੇ ਚਾਹੀਦੇ ਹਨ, ਜੋ ਕਿ ਕੇਵਲ ਉਸ ਮੁੱਦੇ ਵਾਸਤੇ ਹੀ ਪੰਜ ਪਿਆਰੇ ਹੋਣਗੇ।
ਇਨ੍ਹਾਂ ਨੂੰ ਆਮ ਤੌਰ ਤੇ ਧਾਰਮਿਕ ਆਗੂ ਆਖ ਕੇ ਪ੍ਰਚਾਰਿਆ ਅਤੇ ਵਿਸ਼ੇਸ਼ ਮਹੱਤਤਾ ਦਿਤੀ ਜਾਂਦੀ ਹੈ। ਇਨ੍ਹਾਂ ਦੇ ਨਾਲ ਹੀ ਪਖੰਡੀ ਸਾਧਾਂ, ਸੰਤਾਂ, ਬਾਬਿਆਂ ਦੇ ਰੂਪ ਵਿੱਚ ਵੀ ਇੱਕ ਪੁਜਾਰੀ ਸ਼੍ਰੇਣੀ ਸਥਾਪਤ ਹੋ ਗਈ ਹੈ ਇਨ੍ਹਾਂ ਦੋਹਾਂ ਦਾ ਆਪਸ ਵਿੱਚ ਚੋਰ-ਗੰਢ ਦਾ ਸਾਥ ਹੈ। ਹਾਲਾਂਕਿ ਇਸ ਵਰਗ ਦੇ ਪਾਪ ਕਰਮਾਂ ਨੂੰ ਵੇਖਦੇ ਹੋਏ, ਗੁਰਬਾਣੀ ਹਰ ਤਰ੍ਹਾਂ ਦੇ ਪੁਜਾਰੀ ਵਾਦ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ:
“ਕਾਦੀ ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣੁ ਨਾਵੈ ਜੀਆ ਘਾਇ।। ਜੋਗੀ ਜੁਗਤਿ ਨ ਜਾਣੈ ਅੰਧੁ।। ਤੀਨੇ ਓਜਾੜੇ ਕਾ ਬੰਧੁ।। “ (ਧਨਾਸਰੀ ਮਹਲਾ ੧, ਪੰਨਾ ੬੬੨)
ਇੰਝ ਗੁਰੂ ਨਾਨਕ ਪਾਤਿਸ਼ਾਹ ਨੇ, ਉਸ ਸਮੇਂ ਦੇ ਹਰ ਸਮਾਜਿਕ ਵਰਗ ਦੇ ਪੁਜਾਰੀ ਜਾਂ ਧਾਰਮਿਕ ਆਗੂ ਨੂੰ ਮਨੁੱਖਤਾ ਦੇ ਸਮੂਹਿਕ ਘਾਣ ਦਾ ਕਾਰਨ ਦੱਸਿਆ ਹੈ। ਇਸੇ ਵਾਸਤੇ ਗੁਰੂ ਨਾਨਕ ਪਾਤਿਸ਼ਾਹ ਨੇ ਸਿੱਖ ਕੌਮ ਨੂੰ ਪੂਜਾ ਅਤੇ ਪੁਜਾਰੀਵਾਦ ਤੋਂ ਮੁਕਤ ਕੌਮ ਦੇ ਤੌਰ ਤੇ ਸਥਾਪਿਤ ਕੀਤਾ।
ਅੱਜ ਇਹ ਪੁਜਾਰੀ ਸ਼੍ਰੇਣੀ ਤਖਤਾਂ ਦੇ ਜਥੇਦਾਰਾਂ ਦੇ ਨਵੇਂ ਰੂਪ ਵਿੱਚ ਸਿੱਖ ਕੌਮ ਤੇ ਹੀ ਕਾਬਜ਼ ਹੋ ਗਈ ਹੈ। ਇਹ ਪੁਜਾਰੀ ਸ਼੍ਰੇਣੀ, ਸਮੇਂ ਦੇ ਹਾਕਮਾਂ ਅਤੇ ਰਾਜਨੀਤਿਕਾਂ ਨੂੰ ਸਦਾ ਬੜੀ ਰਾਸ ਆਈ ਹੈ। ਇਨ੍ਹਾਂ ਦੋਹਾਂ ਦੇ ਗਠਜੋੜ ਨੇ ਸਦਾ ਹੀ ਮਨੁੱਖਤਾ ਦਾ ਭਰਵਾਂ ਸੋਸ਼ਣ ਕੀਤਾ ਹੈ।
੧੨ ਅਕਤੂਬਰ, ੧੯੨੦ ਨੂੰ ਜਦੋਂ ਭਾਈ ਤੇਜਾ ਸਿੰਘ ਭੁੱਚਰ ਦੀ ਅਗਵਾਈ ਵਿੱਚ ੨੫ ਮੈਂਬਰਾਂ ਦੇ ਜਥੇ ਨੂੰ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਸੌਂਪੀ ਗਈ, ਇਹ ਫੈਸਲਾ ਪੰਥਕ ਸ਼ਖਸੀਅਤਾਂ, ਜਥੇਬੰਦੀਆਂ ਅਤੇ ਸੰਗਤਾਂ ਦੀ ਹਾਜ਼ਰੀ ਵਿੱਚ ਲਿਆ ਗਿਆ ਸੀ। ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਗੈਰ ਸਿਧਾਂਤਕ ਅਹੁਦਾ ਕਾਇਮ ਕਰ ਲਿਆ ਗਿਆ, ਉਦੋਂ ਵੀ ਪਹਿਲਾਂ ਤਿੰਨ ਨਾਵਾਂ ਦਾ ਪੈਨਲ ਸਮੂਹ ਪੰਥਕ ਜਥੇਬੰਦੀਆਂ ਨੂੰ ਭੇਜਿਆ ਜਾਂਦਾ ਸੀ, ਅਤੇ ਜਿਸ ਨਾਂ ਦੀ ਪ੍ਰਵਾਨਗੀ ਬਹੁਤੀਆਂ ਜਥੇਬੰਦੀਆਂ ਤੋਂ ਆਉਂਦੀ, ਉਸ ਨੂੰ ਜਥੇਦਾਰ ਥਾਪ ਦਿੱਤਾ ਜਾਂਦਾ ਸੀ। ਆਮ ਤੌਰ ਤੇ ਉਸ ਦੇ ਅਹੁਦਾ ਸੰਭਾਲਣ ਸਮੇਂ ਸਾਰੀਆਂ ਜਥੇਬੰਦੀਆਂ ਅਤੇ ਪੰਥਕ ਸ਼ਖਸੀਅਤਾਂ ਉਸ ਨੂੰ ਸਰੋਪਾ ਦੇਕੇ, ਉਸ ਦੀ ਮਾਨਤਾ ਤੇ ਮੋਹਰ ਲਾਉਂਦੀਆਂ ਸਨ। ਬਾਅਦ ਵਿੱਚ ੧੯੮੮ ਵਿੱਚ ਜਸਬੀਰ ਸਿੰਘ ਰੋਡੇ ਵੇਲੇ, ਇਸ ਨੂੰ ਜਥੇਦਾਰ ਦੀ ਤਾਜਪੋਸ਼ੀ ਦਾ ਗੈਰ ਸਿਧਾਂਤਕ ਨਾਂ ਦੇ ਦਿੱਤਾ ਗਿਆ।
ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਤਰ੍ਹਾਂ, ਜਥੇਦਾਰ ਵੀ ਕੇਵਲ ਇੱਕ ਵਿਅਕਤੀ ਪ੍ਰਕਾਸ਼ ਸਿੰਘ ਬਾਦਲ ਦੀ ਜੇਬ ਵਿੱਚੋਂ ਨਿਕਲਦਾ ਹੈ। ਜੋ ਜਥੇਬੰਦੀਆਂ, ਇਸ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਦੀ ਨਜ਼ਰ ਵਿੱਚ ਆਪਣੇ ਪੰਥਕ ਹੋਣ ਦੀ ਮੋਹਰ ਲੁਆਉਣਾ ਚਾਹੁੰਦੀਆਂ ਹਨ, ਉਹ ਸਰੋਪੇ ਦੇਕੇ ਉਸ ਨੂੰ ਮਾਨਤਾ ਦੇ ਦੇਂਦੀਆਂ ਹਨ। ਅੱਜ ਜਥੇਦਾਰ ਨੂੰ ਥਾਪਣ ਅਤੇ ਹਟਾਉਣ ਦਾ ਅਧਿਕਾਰ ਕੇਵਲ ਇੱਕ ਵਿਅਕਤੀ ਪ੍ਰਕਾਸ਼ ਸਿੰਘ ਬਾਦਲ (ਕਹਿਣ ਨੂੰ ਸ਼੍ਰੋਮਣੀ ਕਮੇਟੀ ਕੋਲ) ਹੈ, ਫਿਰ ਉਹ ਕੌਮ ਦਾ ਜਥੇਦਾਰ ਕਿਵੇਂ ਹੋ ਗਿਆ?
ਹੈਰਾਨਗੀ ਦੀ ਗੱਲ ਹੈ ਕਿ ਇੰਝ ਇੱਕ ਵਿਅਕਤੀ ਦੁਆਰਾ ਨਿਯੁਕਤ ਕੀਤੇ, ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਨੂੰ ਅਸੀਂ ਅਕਾਲ ਤਖ਼ਤ ਦਾ ਜਥੇਦਾਰ ਮੰਨ ਕੇ, ਸਾਰੇ ਪੰਥ ਉਤੇ ਹੁਕਮ ਚਲਾਉਣ ਦਾ ਅਧਿਕਾਰੀ ਮੰਨ ਰਹੇ ਹਾਂ।
ਸਿੱਖ ਕੌਮ ਦਾ ਸਰਵਉਚ ਕਿਹਾ ਜਾਣ ਵਾਲਾ ਇਹ ਇਕੋ ਇੱਕ ਐਸਾ ਅਹੁਦਾ ਹੈ ਜਿਸ ਦਾ ਕੋਈ ਵਿਧੀ ਵਿਧਾਨ ਨਹੀਂ, ਨਾ ਕੋਈ ਕਾਰਜ ਖੇਤਰ ਨੀਯਤ ਹੈ, ਫਿਰ ਵੀ ਭੋਲੇ ਭਾਲੇ ਸਿੱਖ ਇਸ ਨੂੰ ਅੱਖਾਂ ਬੰਦ ਕਰਕੇ ਮਾਨਤਾ ਦੇਈ ਜਾ ਰਹੇ ਹਨ। ਸੰਨ ੨੦੦੦ ਵਿੱਚ ਸ੍ਰ. ਜੋਗਿੰਦਰ ਸਿੰਘ (ਵੇਦਾਂਤੀ) ਜੀ ਨੇ ਅਖੌਤੀ ਜਥੇਦਾਰ ਬਣ ਕੇ ਸ਼੍ਰੋਮਣੀ ਕਮੇਟੀ ਨੂੰ ਪਹਿਲੀ ਵਾਰੀ ਇਸ ਅਹੁਦੇ ਦਾ ਵਿਧੀ-ਵਿਧਾਨ ਅਤੇ ਕਾਰਜ ਖੇਤਰ ਨੀਯਤ ਕਰਨ ਲਈ ਆਦੇਸ਼ ਦਿੱਤਾ ਸੀ ਪਰ ਸ਼੍ਰੋਮਣੀ ਕਮੇਟੀ ਨੇ ੧੨ ਸਾਲ ਬੀਤ ਜਾਣ ਤੇ ਵੀ ਇਸ ਪਾਸੇ ਸੋਚਣਾ ਨਹੀਂ ਸ਼ੁਰੂ ਕੀਤਾ, ਇਹ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਦੂਸਰਿਆਂ ਨੂੰ ਜਥੇਦਾਰਾਂ ਦਾ ਹੁਕੱਮ ਮੰਨਣ ਲਈ ਧੌਂਸ ਦੇਣ ਵਾਲੀ ਸ਼ੋਮਣੀ ਕਮੇਟੀ ਆਪ ਇਨ੍ਹਾਂ ਦਾ ਅਤੇ ਇਨ੍ਹਾਂ ਦੇ ਆਦੇਸ਼ਾਂ ਦਾ ਕਿਤਨਾ ਸਤਿਕਾਰ ਕਰਦੀ ਹੈ। ਜਦ ਇਨ੍ਹਾਂ ਦੀ ਨਿਯੁਕਤੀ, ਬਰਤਰਫੀ, ਕਾਰਜ ਖੇਤਰ ਦਾ ਕੋਈ ਵਿਧੀ-ਵਿਧਾਨ ਹੀ ਨਹੀਂ ਹੈ ਤਾਂ ਇਹ ਸਾਰੇ ਫੈਸਲੇ ਕਿਸ ਅਧਿਕਾਰ ਨਾਲ ਕਰ ਰਹੇ ਹਨ?
ਸਾਡੇ ਇਨ੍ਹਾਂ ਅਖੌਤੀ ਜਥੇਦਾਰਾਂ ਬਾਰੇ ਕੌਮ ਵਿੱਚ ਐਸਾ ਭਰਮਜਾਲ ਫੈਲਾਇਆ ਹੋਇਆ ਹੈ, ਕਿ ਜਦੋਂ ਕੋਈ ਅਕਾਲ ਤਖ਼ਤ ਸਾਹਿਬ ਦਾ ਮਾਨ ਸਨਮਾਨ ਬਚਾਉਣ ਲਈ, ਇਨ੍ਹਾਂ ਦੇ ਪਾਪ ਕਰਮਾਂ ਨੂੰ ਨੰਗਾ ਕਰਨ ਦੀ ਕੋਸ਼ਿਸ਼ ਕਰੇ, ਇਨ੍ਹਾਂ ਦੇ ਜੋੜੀਦਾਰ ਸਿਆਸੀ ਆਗੂ ਇਹ ਰੌਲਾ ਪਾਉਣਾ ਸ਼ੁਰੂ ਕਰ ਦੇਂਦੇ ਹਨ, ਕਿ “ਦੇਖੋ ਜੀ! ਅਕਾਲ ਤਖ਼ਤ ਸਾਹਿਬ ਦਾ ਅਪਮਾਨ ਕਰ ਰਹੇ ਹਨ, ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲੈ ਰਹੇ ਹਨ” ਅਤੇ ਬਹੁਤੇ ਭੋਲੇ-ਭਾਲੇ ਸਿੱਖ ਵੀ ਇਨ੍ਹਾਂ ਦੇ ਮਗਰ ਲੱਗ ਜਾਂਦੇ ਹਨ।
ਜਿਹੜੇ ਆਪ ਇਸ ਬਚਿੱਤ੍ਰ ਨਾਟਕ ਦੇ ਪ੍ਰਕਾਸ਼ ਕਰ ਰਹੇ ਹਨ ਯਾ ਉਨ੍ਹਾਂ ਸੰਸਥਾਵਾਂ ਤੋਂ ਆਏ ਹਨ, ਜਿਥੇ ਬਚਿੱਤ੍ਰ ਨਾਟਕ ਨੂੰ ਮਾਨਤਾ ਦਿੱਤੀ ਜਾਂਦੀ ਹੈ, ਉਹ ਤਾਂ ਕਿਸੇ ਤਰ੍ਹਾਂ ਵੀ ਅਖੌਤੀ ਜਥੇਦਾਰ ਅਖਵਾਉਣ ਦੇ ਵੀ ਅਧਿਕਾਰੀ ਹੀ ਨਹੀਂ। ੬ ਜੂਨ ੨੦੦੮ ਨੂੰ ਪੱਤਰ ਨੂੰ ਅ: ੩/੦੮/੩੧੪੩ ਰਾਹੀ ਜੋਗਿੰਦਰ ਸਿੰਘ ਵੇਦਾਂਤੀ ਦੀ ਅਗਵਾਈ ਵਿੱਚ ਅਖੌਤੀ ਜਥੇਦਾਰਾਂ ਨੇ ਇੱਕ ਆਦੇਸ਼ ਜਾਰੀ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ, ਇਹ ਮੱਦ ਸਿੱਖ ਰਹਿਤ ਮਰਯਾਦਾ ਵਿੱਚ ਪਹਿਲਾਂ ਹੀ ਦਰਜ ਹੈ, ਜੇ ਇਨ੍ਹਾਂ ਵਿੱਚ ਜ਼ਰਾ ਵੀ ਸੁਹਿਰਦਤਾ ਹੁੰਦੀ ਤਾਂ ਪਹਿਲਾਂ ਵੇਦਾਂਤੀ ਮੰਡਲੀ ਵਲੋਂ ਹੋਏ ਫੈਸਲੇ ਅਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ, ਹਰ ਉਸ ਸਥਾਨ ਤੋਂ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਚੁਕਾਇਆ ਜਾਂਦਾ, ਜਿਥੇ-ਜਿਥੇ ਉਹ ਕੀਤਾ ਜਾ ਰਿਹਾ ਹੈ ਅਤੇ ਇਸ ਉਤੇ ‘ਗੁਰੂ` ਸ਼ਬਦ ਲਿਖਣ ਦਾ ਜੋ ਘੋਰ ਪਾਪ ਸ਼ੁਰੂ ਹੋ ਗਿਆ ਹੈ, ਉਸ ਨੂੰ ਬੰਦ ਕਰਾਇਆ ਜਾਂਦਾ। ਇਹ ਆਦੇਸ਼ ਅਤੇ ਰਹਿਤ ਮਰਯਾਦਾ ਨਾ ਮੰਨਣ ਕਾਰਨ ਇਹ ਤਾਂ ਆਪ ਹੀ ਪਹਿਲਾਂ ਤਨਖਾਹੀਏ ਹਨ, ਫਿਰ ਇਹ ਦੂਸਰਿਆਂ ਖਿਲਾਫ ਕਿਵੇਂ ਫਤਵੇ ਲਾ ਸਕਦੇ ਹਨ?
ਗੱਲ ਦਾ ਤਤਸਾਰ ਇਹ ਕਿ ਸਿੱਖ ਕੌਮ ਅੰਦਰ, ਇਹ ਅਖੌਤੀ ਜਥੇਦਾਰਾਂ ਦਾ ਅਹੁਦਾ ਅਤੇ ਇਨ੍ਹਾਂ ਦੁਆਰਾ ਕੀਤੇ ਹੁਕਮਨਾਮੇ, ਪੂਰਨ ਰੂਪ ਵਿੱਚ ਗੈਰ ਸਿਧਾਂਤਕ ਅਤੇ ਗੈਰ ਇਖਲਾਕੀ ਹਨ। ਇਹ ਕੇਵਲ ਤੇ ਕੇਵਲ ਰਾਜਨੀਤਿਕ ਅਤੇ ਧਾਰਮਿਕ ਪਹਿਰਾਵੇ ਵਾਲੇ ਪਖੰਡੀ ਲੋਕਾਂ ਦਾ ਸਾਜਿਸ਼ੀ ਗੱਠਬੰਧਨ ਹੈ, ਜੋ ਅਕਾਲ ਤਖ਼ਤ ਸਾਹਿਬ ਦੇ ਨਾਂ ਦੀ ਦੁਰਵਰਤੋਂ ਕਰ ਕੇ, ਆਮ ਭੋਲੇ-ਭਾਲੇ ਸਿੱਖਾਂ ਨੂੰ ਆਪਣੇ ਅਧੀਨ ਰੱਖਣ, ਅਤੇ ਆਪਣੇ ਵਿਰੋਧੀਆਂ ਨੂੰ ਨੀਵਾਂ ਵਿਖਾਉਣ ਦਾ, ਇੱਕ ਵਧੀਆ ਤਰੀਕਾ ਵਰਤ ਰਿਹਾ ਹੈ।
(ਜੋ ਗੁਰੂ ਪਿਆਰੇ ਇਸ ਵਿਸ਼ੇ ਤੇ ਵਧੇਰੇ ਸਿਧਾਂਤਕ ਅਤੇ ਇਤਿਹਾਸਕ ਜਾਣਕਾਰੀ ਲੈਣਾ ਚਾਹੁੰਦੇ ਹੋਣ, ਉਹ ਦਾਸ (ਲੇਖਕ) ਦੀ ਕਿਤਾਬ ‘ਮਹੱਤਵਪੂਰਨ ਸਿੱਖ ਮੁੱਦੇ ਵਿਚਲਾ ਲੇਖ ‘ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਦਾ ਅਹੁਦਾ` ਪੜ੍ਹ ਸਕਦੇ ਹਨ)
ਆਓ ਹੁਣ ਵਾਪਸ ਸਰਬਜੀਤ ਸਿੰਘ ਧੂੰਦਾ ਦੇ ਵਿਸ਼ੇ ਤੇ ਵਿਚਾਰ ਕਰੀਏ। ਪਹਿਲਾਂ ਤਾਂ ਇਹ ਵੇਖੀਏ ਕਿ ਸਰਬਜੀਤ ਸਿੰਘ ਦੋਸ਼ੀ ਹੈ ਵੀ ਕਿ ਨਹੀਂ?
ਆਪਣੀ ੨੦ ਜੁਲਾਈ ਦੀ ਉਸ (ਇਤਰਾਜ਼-ਯੋਗ ਕਹੀ ਜਾਂਦੀ) ਕਥਾ ਵਿੱਚ ਸਰਬਜੀਤ ਸਿੰਘ ਨੇ ਇੱਕ ਖਿਆਲ ਪੇਸ਼ ਕੀਤਾ ਕਿ ਜੇ ਅੱਜ ਮੱਸਾ ਰੰਘੜ, ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਜੀ ਨੂੰ ਇਹ ਪੁੱਛੇ ਕਿ ਤੁਸੀਂ ਮੈਨੂੰ ਮੌਤ ਦੀ ਸਜ਼ਾ ਕਿਉਂ ਦਿੱਤੀ ਤਾਂ ਉਹ ਕਹਿਣਗੇ ਤੂੰ ਸ਼ਰਾਬ ਪੀਤੀ। ਉਹ ਅੱਗੋਂ ਜੁਆਬ ਦੇਵੇਗਾ ਕਿ ਕੀ ਅੱਜ ਤੁਹਾਡੇ ਸ਼ਰਾਬਾਂ ਨਹੀ ਪੀ ਰਹੇ? ਉਹ ਕਹਿਣਗੇ ਕਿ ਤੂੰ ਵੇਸ਼ਵਾ ਨਚਾਈਆਂ। ਉਹ ਜੁਆਬ ਦੇਵੇਗਾ ਕਿ ਅੱਜ ਤੁਹਾਡੀਆਂ ਧੀਆਂ ਭੈਣਾਂ ਸੜਕਾਂ ਤੇ ਨੱਚ ਰਹੀਆਂ ਹਨ, ਕੀ ਇਹ ਠੀਕ ਹੈ?
ਭਲਾ ਦਸੋ! ਇਨ੍ਹਾਂ ਵਿੱਚੋਂ ਕੀ ਗਲਤ ਹੈ? ਬਲਕਿ ਕੌਮ ਨੂੰ ਬੁਰਾਈਆਂ ਦੇ ਖਿਲਾਫ ਪ੍ਰੇਰਨਾ ਦੇਣ ਦਾ ਪ੍ਰਚਾਰਕ ਦਾ ਇੱਕ ਵਧੀਆਂ ਤਰੀਕਾ ਹੈ।
ਹੁਣ ਜਿਸ ਗੱਲ ਨੂੰ ਵਧੇਰੇ ਇਤਰਾਜ਼ ਯੋਗ ਦਸਿਆ ਗਿਆ ਹੈ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਨੇ ਮੱਸਾ ਰੰਗੜ ਨੂੰ ਕਿਹਾ ਤੇਰਾ ਸਿਰ ਇਸ ਵਾਸਤੇ ਵੱਢਿਆ ਕਿ ਤੂੰ ਦਰਬਾਰ ਸਾਹਿਬ ਵਿੱਚ ਵੇਸ਼ਵਾਵਾਂ ਦਾ ਮੁਜਰਾ ਕਰਾਇਆ ਤਾਂ ਮੱਸਾ ਰੰਘੜ ਜੁਆਬ ਦੇਂਦਾ ਹੈ, ਅੱਜ ਤੁਹਾਡੇ ਦਰਬਾਰ ਸਾਹਿਬ ਵਿੱਚ ਵੇਸ਼ਵਾਵਾਂ ਦੇ ਨਾਚ ਨੂੰ ਮਾਤ ਪਾਉਣ ਵਾਲੀਆਂ ਰਚਨਾਵਾਂ ਪੜ੍ਹੀਆਂ ਜਾ ਰਹੀਆ ਹਨ। ਤੁਹਾਡੇ ਆਪਣੇ ਕੀਰਤਨੀਏ ਹੀ ਵੇਸ਼ਵਾਵਾਂ ਦੇ ਨਾਚ ਨੂੰ ਮਾਤ ਪਾਉਣ ਵਾਲੀਆਂ ਰਚਨਾਵਾਂ ਪੜ੍ਹ ਜਾਂਦੇ ਹਨ।
ਭਾਈ ਸਰਬਜੀਤ ਸਿੰਘ ਧੂੰਦਾ ਜੀ ਆਪ ਇਸ ਗੱਲ ਦਾ ਜੁਆਬ ਸੰਗਤੀ ਤੌਰ ਤੇ ਦੇ ਚੁੱਕੇ ਹਨ ਕਿ ਇਸ ਸਮਾਗਮ ਤੋਂ ਮਹੀਨਾਂ ਕੁ ਪਹਿਲਾਂ ਹੀ ਕਾਨ੍ਹਾ-ਢੇਸੀਆਂ ਦੇ ਸਥਾਨ ਤੇ ਗੁਰੂ ਦਰਬਾਰ ਦੇ ਅੰਦਰ ਗੀਤ ਗਾਏ ਗਏ ਅਤੇ ਸੰਗਤਾਂ ਨੇ ਨਾਚ ਕੀਤਾ। ਉਨ੍ਹਾਂ ਦੇ ਦਿਮਾਗ `ਤੇ ਉਸ ਦਾ ਅਤਿ ਦੁਖ ਭਰਿਆ ਅਹਿਸਾਸ ਸੀ ਅਤੇ ਉਨ੍ਹਾਂ ਉਸੇ ਵੱਲ ਸੰਕੇਤ ਕੀਤਾ ਸੀ।
ਸੰਗਤ ਸਗੋਂ ਇਨ੍ਹਾਂ ਅਖੌਤੀ ਜਥੇਦਾਰਾਂ ਕੋਲੋਂ ਪੁਛਣਾ ਚਾਹੁੰਦੀ ਹੈ ਕਿ ਜਿਸ ਪ੍ਰਚਾਰਕ ਨੇ ਇੱਕ ਚੰਗੀ ਕੌਮੀ ਭਾਵਨਾ ਅਧੀਨ ਇਸ ਦੁਖਦਾਈ ਘਟਨਾ ਵੱਲ ਕੌਮ ਦਾ ਧਿਆਨ ਦਿਵਾਇਆ, ਉਸ ਦੇ ਖਿਲਾਫ ਤਾਂ ਤੁਸੀਂ ਫਤਵਾ ਜਾਰੀ ਕਰ ਦਿੱਤਾ ਪਰ ਇਹ ਕੁਕਰਮ ਕਰਨ ਵਾਲਿਆਂ ਖਿਲਾਫ ਕੀ ਕੀਤਾ ਹੈ? ਉਥੇ ਗੀਤ ਗਾਉਣ ਵਾਲੇ ਗਾਇਕ ਹੰਸ ਰਾਜ ਹੰਸ, ਜੋ ਹੁਣ ਤੁਹਾਡੇ ਤੋਂ ਮਾਣਤਾ ਪ੍ਰਾਪਤ ਸਿੱਖਾਂ ਦੀ ਰਾਜਨੀਤਕ ਜਥੇਬੰਦੀ ਬਾਦਲ ਦੱਲ ਦਾ ਮਹੱਤਵਪੂਰਨ ਆਗੂ ਵੀ ਹੈ, ਖਿਲਾਫ ਕੀ ਕਾਰਵਾਈ ਕੀਤੀ ਹੈ? ਉਸ ਵਿੱਚ ਸ਼ਾਮਲ ਰਾਗੀ ਜਸਬੀਰ ਸਿੰਘ ਪਾਉਂਟਾ ਸਹਿਬ ਵਾਲੇ ਅਤੇ ਉਸ ਸਥਾਨ ਦੇ ਪ੍ਰਬੰਧਕਾਂ ਖਿਲਾਫ ਕੀ ਐਕਸ਼ਨ ਲਿਆ ਹੈ?
ਅਖੌਤੀ ਜਥੇਦਾਰਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਮੱਸਾ ਰੰਘੜ ਵਾਲੀ ਘਟਨਾ ਕਿਉਂਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵਾਪਰੀ ਸੀ, ਇਸ ਲਈ ਸਰਬਜੀਤ ਸਿੰਘ ਨੇ ਇਹ ਦਰਬਾਰ ਸਾਹਿਬ ਵਾਸਤੇ ਆਖਿਆ ਹੈ।
ਚਲੋ! ਜੇ ਮੈਂ ਇਹੀ ਸੱਚ ਮੰਨ ਲਵਾਂ, ਤਾਂ ਕੀ ਤੁਸੀਂ ਜਾਣ ਬੁੱਝ ਕੇ ਅੱਜ ਵਿਸ਼ੇਸ਼ ਤੌਰ ਤੇ ਸਿੱਖ ਰਹਿਤ ਮਰਯਾਦਾ ਦੇ ਉਲਟ, ਬਚਿੱਤ੍ਰ ਨਾਟਕ ਵਿਚਲੀਆਂ ਰਚਨਾਵਾਂ ਦਾ ਕੀਰਤਨ ਦਰਬਾਰ ਸਾਹਿਬ ਨਹੀਂ ਕਰਾ ਰਹੇ? ਬੇਸ਼ਕ ਉਸ ਵਿਚਲੀਆਂ ਅਸ਼ਲੀਲ ਰਚਨਾਵਾਂ ਦਾ ਨਹੀਂ ਕਰਾ ਰਹੇ ਪਰ ਉਨ੍ਹਾਂ ਰਾਹੀਂ ਉਸ ਅਸ਼ਲੀਲਤਾ ਨਾਲ ਭਰੀ ਕਿਤਾਬ ਨੂੰ ਮਾਨਤਾ ਦਿਵਾਉਣ ਦੀ ਕੋਸ਼ਿਸ਼ ਤਾਂ ਕਰ ਹੀ ਰਹੇ ਹੋ। ਇਹ ਸਭ ਤੁਹਾਡੇ ਕੀਰਤਨੀਏ ਤੁਹਾਡੀਆਂ ਹਦਾਇਤਾਂ ਤੇ ਹੀ ਕਰ ਰਹੇ ਹਨ।
ਜੇ ਭਾਈ ਸਰਬਜੀਤ ਸਿੰਘ ਧੂੰਦਾ ਜੀ ਦੀ ਕੋਈ ਗਲਤੀ ਮੰਨੀ ਵੀ ਜਾਵੇ ਤਾਂ ਕੇਵਲ ਇਤਨੀ ਹੈ ਕਿ ਉਸ ਨੇ ਨਾਲ ਇਹ ਸ਼ਬਦ ਨਹੀਂ ਜੋੜਿਆ ਕਿ ਵੇਸ਼ਵਾਵਾਂ ਦੇ ਨਾਚ ਨੂੰ ਮਾਤ ਪਾਉਂਦੀਆਂ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਕਿਤਾਬ ਵਿੱਚੋਂ ਕੀਰਤਨ ਕਰਾਇਆ ਜਾ ਰਿਹਾ ਹੈ।
ਕਿਹੜਾ ਐਸਾ ਪ੍ਰਚਾਰਕ ਹੈ ਜਿਸ ਕੋਲੋਂ ਵਿਚਾਰ ਕਰਦਿਆਂ ਕਦੇ ਕੋਈ ਲਫਜ਼ ਉਤੇ-ਥੱਲੇ ਜਾਂ ਕੋਈ ਹੋਰ ਭੁੱਲ ਨਾ ਹੋਈ ਹੋਵੇ? ਪਿਛਲੇ ਦਿਨੀਂ ਹੀ ਤਖਤ ਕੇਸਗੜ੍ਹ ਸਾਹਿਬ ਦੇ ਅਖੌਤੀ ਜਥੇਦਾਰ ਤ੍ਰਿਲੋਚਨ ਸਿੰਘ ਜੀ ਨੇ ਲੈਕਚਰ ਕਰਦਿਆਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਹਿ ਸਿੰਘ ਜੀ ਦਾ ਨਾਂ ਭੁੱਲ ਗਏ ਅਤੇ ਬਾਰ ਬਾਰ ਬਾਬਾ ਸਾਹਿਬ ਸਿੰਘ ਆਖੀ ਗਏ। ਦਾਸ ਨੇ ਕੁੱਝ ਦਿਨ ਪਹਿਲਾਂ ‘ਗਿਆਨੀ ਗੁਰਬਚਨ ਸਿੰਘ ਜੀ ਦੇ ਗਿਆਨ-ਭਰਪੂਰ (?) ਵਿਚਾਰ` ਸਿਰਲੇਖ ਦਾ ਇੱਕ ਲੇਖ ਇੰਟਰਨੈਟ ਤੇ ਪਾਇਆ ਸੀ ਜਿਸ ਵਿੱਚ ਦੱਸਿਆ ਸੀ ਕਿ ਅਕਾਲ ਤਖਤ ਸਾਹਿਬ ਦੇ ਮੌਜੂਦਾ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਮਿਤੀ ੧੦ ਜਨਵਰੀ ਨੂੰ ਮੰਜੀ ਸਾਹਿਬ, ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਸਵੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਮੁੱਖਵਾਕ ਦੀ ਵਿਚਾਰ ਕਰਦਿਆਂ ਕੀ ਕੀ ਸਿਧਾਂਤਕ ਭੁੱਲਾਂ ਕੀਤੀਆਂ। ਤ੍ਰਿਲੋਚਨ ਸਿੰਘ ਜੀ ਵਲੋਂ ਹੋਈ ਭੁੱਲ ਤਾਂ ਭਲਾ ਅਨਭੋਲ ਹੈ, ਜੇ ਸਰਬਜੀਤ ਸਿੰਘ ਦੇ ਇਸ ਬੋਲ ਨੂੰ ਦਰਬਾਰ ਸਾਹਿਬ ਅੰਮਿਤ੍ਰਸਰ ਬਾਰੇ ਵੀ ਮੰਨ ਲਿਆ ਜਾਵੇ ਤਾਂ ਇਹੀ ਗੱਲ ਸਰਬਜੀਤ ਸਿੰਘ ਤੇ ਲਾਗੂ ਹੁੰਦੀ ਹੈ ਪਰ ਗਿਆਨੀ ਗੁਰਬਚਨ ਸਿੰਘ ਦੁਆਰਾ ਕੀਤੀਆਂ ਗਲਤੀਆਂ ਤਾਂ ਬਜਰ ਸਿਧਾਂਤਕ ਗਲਤੀਆਂ ਹਨ, ਉਹ ਆਪ ਦੱਸਣ ਉਹ ਕਿਸ ਦੇ ਅੱਗੇ ਪੇਸ਼ ਹੋਣਗੇ? ਨਾਲੇ ਕੀ ਉਹ ਆਪ ਕਿਸੇ ਤੇ ਫਤਵੇ ਲਾਉਣ ਦੇ ਅਧਿਕਾਰੀ ਹਨ? ਜਿਨ੍ਹਾਂ ਦਾ ਸੁਆਰਥ ਹੈ ਉਨ੍ਹਾਂ ਤਾਂ ਸਰਬਜੀਤ ਸਿੰਘ ਨੂੰ ਦੋਸ਼ੀ ਦਸਣਾ ਹੀ ਹੈ, ਦੁਖ ਦੀ ਗੱਲ ਹੈ ਕਿ ਸਾਡੇ ਕੁੱਝ ਵਿਦਵਾਨ ਵੀਰਾਂ ਨੇ ਵੀ ਬਗੈਰ ਸੋਚੇ ਸਮਝੇ ਦੋਸ਼ੀ ਕਹਿ ਦਿੱਤਾ।
ਇਹ ਸੀ. ਡੀ. ਵਾਲੀ ਗੱਲ ਤਾਂ ਸਾਰਾ ਢਕੌਂਸਲਾ ਹੈ, ਅਸਲ ਮੁੱਦਾ ਤਾਂ ਇਹ ਹੈ ਕਿ ਸੰਪਰਦਾਈ ਸ਼ਕਤੀਆਂ ਇਸ ਗੁਰਮਤਿ ਲਹਿਰ ਤੋਂ ਘਬਰਾ ਗਈਆਂ ਹਨ ਅਤੇ ਉਹ ਅਕਾਲ ਤਖਤ ਸਾਹਿਬ ਦਾ ਨਾਂ ਵਰਤ ਕੇ ਗੁਰਮਤਿ ਲਹਿਰ ਨੂੰ ਠੱਲ ਪਾਉਣਾ ਚਾਹੁੰਦੀਆਂ ਹਨ। ਸੋ ਸਪੱਸ਼ਟ ਲਫਜ਼ਾਂ ਵਿੱਚ ਇਹ ਗੁਰਮਤਿ ਲਹਿਰ ਵਿਰੁਧ ਇੱਕ ਸਾਜਸ਼ ਹੈ।
ਅੱਜ ਸਰਬਜੀਤ ਸਿੰਘ ਨੂੰ ਤਿੰਨ ਤਰ੍ਹਾਂ ਦੇ ਸੁਝਾ ਦਿੱਤੇ ਜਾ ਰਹੇ ਹਨ ਤੇ ਅਸਲ ਵਿੱਚ ਇਹੀ ਤਿੰਨ ਬਦਲ ਹਨ:
1. ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਜਥੇਦਾਰਾਂ ਅੱਗੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਇਹ ਵਿਚਾਰ ਦੇਣ ਵਾਲੇ ਦੋ ਤਰ੍ਹਾਂ ਦੇ ਲੋਕ ਹਨ। ਇੱਕ ਉਹ ਜੋ ਅਕਾਲ ਤਖਤ ਸਾਹਿਬ ਦੇ ਅਖੌਤੀ ਜਥੇਦਾਰ ਅਤੇ ਅਕਾਲ ਤਖਤ ਸਾਹਿਬ ਦੀ ਸੰਸਥਾ ਵਿੱਚ ਫਰਕ ਨਹੀਂ ਸਮਝਦੇ ਅਤੇ ਨਾ ਪੇਸ਼ ਹੋਣ ਨੂੰ ਅਕਾਲ ਤਖਤ ਸਾਹਿਬ ਤੋਂ ਬਾਗ਼ੀ ਹੋਣਾ ਗਰਦਾਨਦੇ ਹਨ। ਇਨ੍ਹਾਂ ਵਿੱਚ ਕੁੱਝ ਸੁਆਰਥੀ ਤੱਤ ਹਨ ਅਤੇ ਦੂਸਰੇ ਕੁੱਝ ਭੋਲੇ-ਭਾਲੇ ਗਿਆਨ ਵਿਹੂਣੇ ਸਿੱਖ।
ਦੂਸਰੇ ਜੋ ਸਿਧਾਂਤਕ ਤੌਰ ਤੇ ਸੱਭ ਕੁੱਝ ਜਾਣਦੇ ਹਨ, ਇਹ ਵੀ ਸਮਝਦੇ ਹਨ ਕਿ ਇਹ ਜਾਣ ਬੁਝ ਕੇ ਸਾਜਸ਼ ਭਰੀ ਸ਼ਰਾਰਤ ਕੀਤੀ ਗਈ ਹੈ ਪਰ ਡਰਦੇ ਹਨ ਕਿ ਉਥੇ ਨਾ ਜਾਣ ਨਾਲ ਪ੍ਰਚਾਰ ਦਾ ਉਹ ਵੱਡਾ ਕਾਰਜ ਜੋ ਸਰਬਜੀਤ ਸਿੰਘ ਕਰ ਰਹੇ ਹਨ ਉਹ ਰੁੱਕ ਜਾਵੇਗਾ। ਇਸ ਨਾਲੋਂ ਵਧੇਰੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਜੋ ਪ੍ਰਚਾਰ ਦੇ ਖੇਤਰ ਵਿੱਚ ਵੱਡੀ ਸੇਵਾ ਨਿਭਾ ਰਿਹਾ ਹੈ ਉਸ ਤੇ ਮਾੜਾ ਅਸਰ ਪਵੇਗਾ।
2. ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਜਾਣਾ ਚਾਹੀਦਾ ਹੈ ਪਰ ਉਨ੍ਹਾਂ ਦੇ ਸਕੱਤਰੇਤ ਵਿੱਚ ਨਹੀਂ ਜਾਣਾ ਚਾਹੀਦਾ, ਪ੍ਰੋ. ਦਰਸ਼ਨ ਸਿੰਘ ਜੀ ਵਾਂਗੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾਣਾ ਚਾਹੀਦਾ ਹੈ।
ਇਹ ਵਿਚਾਰ ਦੇਣ ਵਾਲੇ ਉਹ ਹਨ ਜੋ ਸਮਝਦੇ ਹਨ ਕਿ ਪ੍ਰੋ. ਦਰਸ਼ਨ ਸਿੰਘ ਜੀ ਨੇ ਇੱਕ ਲੀਹ ਪਾ ਦਿੱਤੀ ਹੈ ਬਾਕੀਆਂ ਨੂੰ ਉਸੇ ਤੇ ਚਲਣਾ ਚਾਹੀਦਾ ਹੈ। ਉਹ ਸਮਝਦੇ ਹਨ ਕਿ ਇਸ ਨਾਲ ਅਕਾਲ ਤਖਤ ਸਾਹਿਬ ਦਾ ਸਤਿਕਾਰ ਬਣਿਆ ਰਹੇਗਾ।
3. ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਕਿਸੇ ਅੱਗੇ ਪੇਸ਼ ਹੋਣ ਦੀ ਲੋੜ ਨਹੀਂ। ਉਨ੍ਹਾਂ ਨੂੰ ਅਖੋਤੀ ਜਥੇਦਾਰਾਂ ਨੂੰ ਮਾਨਤਾ ਨਹੀਂ ਦੇਣੀ ਚਾਹੀਦੀ।
ਇਨ੍ਹਾਂ ਵਿੱਚ ਉਹ ਸ਼ਾਮਲ ਹਨ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਦੇ ਸਿਧਾਂਤ ਬਾਰੇ ਸਪੱਸ਼ਟਤਾ ਹੋ ਚੁੱਕੀ ਹੈ ਅਤੇ ਉਹ ਹੋਰ ਕਿਸੇ ਅਖੌਤੀ ਜਥੇਦਾਰ ਨੂੰ ਮਾਨਤਾ ਨਹੀਂ ਦੇਂਦੇ। ਇਨ੍ਹਾਂ ਨੂੰ ਕੁੱਝ ਰਾਜਨੀਤਕ ਅਤੇ ਸੰਪਰਦਾਈ ਸ਼ਕਤੀਆਂ ਦਾ ਹੱਥ ਠੋਕਾ ਸਮਝਦੇ ਹਨ, ਜਿਨ੍ਹਾਂ ਦੀ ਦੁਰਵਰਤੋਂ ਕਰਕੇ ਇਹ ਸ਼ਕਤੀਆਂ ਸਿੱਖੀ ਦਾ ਵਿਨਾਸ਼ ਕਰਨ ਦੀਆਂ ਵਿਉਂਤਾਂ ਰੱਚ ਰਹੀਆਂ ਹਨ।
ਆਓ! ਇਨ੍ਹਾਂ ਸਾਰੇ ਪੱਖਾਂ ਦੀ ਵਿਚਾਰ ਕਰ ਲੈਂਦੇ ਹਾਂ।
ਉਨ੍ਹਾਂ ਲੋਕਾਂ ਦੀ ਗੱਲ ਕਰਨ ਦੀ ਤਾਂ ਲੋੜ ਹੀ ਨਹੀਂ, ਜਿਨ੍ਹਾਂ ਨੂੰ ਸਿਧਾਂਤਕ ਸਮਝ ਹੀ ਕੋਈ ਨਹੀਂ ਅਤੇ ਨਾ ਹੀ ਉਨ੍ਹਾਂ ਦੀ ਜੋ ਸੁਆਰਥ ਨਾਲ ਜੁੜੇ ਹੋਏ ਹਨ। ਸੁਆਰਥੀ ਆਦਮੀ ਦਾ ਨਾ ਕੋਈ ਧਰਮ ਹੁੰਦਾ ਹੈ ਨਾ ਸਿਧਾਂਤ। ਹੈਰਾਨਗੀ ਉਨ੍ਹਾਂ ਤੇ ਹੈ ਜੋ ਸਿਧਾਂਤਕ ਤੌਰ ਤੇ ਸਭ ਕੁੱਝ ਜਾਣਦੇ ਹੋਏ ਐਸੀ ਸੋਚ ਰਖਦੇ ਹਨ। ਪਹਿਲਾਂ ਤਾਂ ਕੈਨੇਡਾ ਦੀਆਂ ਸੰਗਤਾਂ ਨੇ ਇਹ ਅਖੌਤੀ ਆਦੇਸ਼ ਜਾਰੀ ਹੋਣ ਤੋਂ ਬਾਅਦ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਜੋ ਹੁੰਗਾਰਾ ਦਿੱਤਾ ਹੈ, ਉਹ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਸਿੱਖ ਸੰਗਤਾਂ ਵਿੱਚ ਅਖੌਤੀ ਜਥੇਦਾਰਾਂ ਅਤੇ ਉਨ੍ਹਾਂ ਦੇ ਕੂੜਨਾਮਿਆਂ ਬਾਰੇ ਕਾਫੀ ਜਾਗ੍ਰਿਤੀ ਹੈ ਇਸ ਲਈ ਉਨ੍ਹਾਂ ਇਸ ਗੈਰ-ਇਖਲਾਕੀ ਆਦੇਸ਼ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਜਿਸ ਗੱਲ ਤੋਂ ਡਰਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪ੍ਰਚਾਰ ਤੇ ਮਾੜਾ ਅਸਰ ਪਵੇਗਾ, ਉਸ ਭਰਮ ਦਾ ਜੁਆਬ ਤਾਂ ਸੰਗਤਾਂ ਦੇ ਹੁੰਗਾਰੇ ਨੇ ਹੀ ਦੇ ਦਿੱਤਾ ਹੈ।
ਦੂਸਰਾ ਡਰ ਇਹ ਕਿ ਕਾਲਜ ਦੁਆਰਾ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੇ ਅਸਰ ਪਵੇਗਾ ਵੀ ਬਹੁਤਾ ਸਾਰਥਕ ਨਹੀਂ ਜਾਪਦਾ ਕਿਉਂਕਿ ਇਹ ਅਖੌਤੀ ਆਦੇਸ਼ ਭਾਈ ਸਰਬਜੀਤ ਸਿੰਘ ਧੂੰਦਾ ਜੀ ਬਾਰੇ ਹੈ ਕਾਲਜ ਵਿਰੁਧ ਨਹੀਂ। ਉਂਝ ਵੀ ਇੱਕ ਪ੍ਰਚਾਰਕ ਵਲੋਂ ਬੋਲੇ ਗਏ ਕੁੱਝ ਸ਼ਬਦਾਂ ਵਾਸਤੇ ਕਾਲਜ ਨੂੰ ਕਿਵੇਂ ਗੁਨਾਹਗਾਰ ਠਹਿਰਾਇਆ ਜਾ ਸਕਦਾ ਹੈ? ਉਨ੍ਹਾਂ ਜੋ ਕੁੱਝ ਕਿਹਾ ਹੈ ਆਪਣੀ ਸੋਚ ਅਨੁਸਾਰ ਕਿਹਾ ਹੈ ਨਾ ਕਿ ਕਾਲਜ ਵਲੋਂ।
ਹਾਂ! ਇਸ ਤੋਂ ਬਿਲਕੁਲ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਜੇ ਭਾਈ ਸਰਬਜੀਤ ਸਿੰਘ ਧੂੰਦਾ ਜੀ ਅਖੌਤੀ ਜਥੇਦਾਰਾਂ ਦੇ ਸਕੱਤਰੇਤ (ਛੇਵੇਂ ਤਖਤ) ਤੇ ਪੇਸ਼ ਨਹੀਂ ਹੁੰਦੇ ਤਾਂ ਕੁੱਝ ਸਮੇਂ ਲਈ, ਆਰਜ਼ੀ ਤੌਰ ਤੇ, ਕਾਲਜ ਦੀ ਪ੍ਰਚਾਰ ਕਿਰਿਆ ਨੂੰ ਵੀ ਕੁੱਝ ਮਾੜਾ ਅਸਰ ਪਹੁੰਚ ਸਕਦਾ ਹੈ, ਪਰ ਜਦੋਂ ਕੋਈ ਇਮਤਿਹਾਨ ਦੀ ਘੜੀ ਆਵੇ ਅਤੇ ਚੋਣ ਸੱਚ ਅਤੇ ਝੂਠ `ਚੋਂ ਹੋਵੇ ਤਾਂ ਵੱਡੀਆਂ ਕੁਰਬਾਨੀਆਂ ਕਰਕੇ ਵੀ ਸੱਚ ਨਾਲ ਖਲੋਣਾ ਹੀ ਯੋਗ ਹੈ ਕਿਉਂਕਿ ਜੇ ਅੱਜ ਅਸੀਂ ਕੁੱਝ ਵਕਤੀ ਬਚਾ ਕਰਨ ਲਈ ਝੂਠ ਅੱਗੇ ਸਿਰ ਨਿਵਾਂ ਦੇਂਦੇ ਹਾਂ ਤਾਂ ਅੱਗੋਂ ਸੱਚ ਦੀਆਂ ਗੱਲਾਂ ਕਰਨ ਦੇ ਅਧਿਕਾਰੀ ਨਹੀਂ ਰਹਿੰਦੇ। ਜੇ ਸੱਚ ਦਾ ਹੋਕਾ ਦੇਂਦੇ ਵੀ ਹਾਂ ਤਾਂ ਉਸ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਆਪ ਹੀ ਸੋਚ ਲਈਏ ਪ੍ਰਭਾਵ ਹੀਨ ਪ੍ਰਚਾਰ ਕੌਮ ਦਾ ਕੀ ਸਵਾਰ ਲਵੇਗਾ?
ਅਸਲ ਵਿੱਚ ਕੁੱਝ ਲੋਕ ਜੋ ਇਸੇ ਜਥੇਦਾਰੀ ਪ੍ਰਥਾ ਵਿੱਚੋਂ ਨਿਕਲ ਕੇ ਆਏ ਹਨ ਅਤੇ ਹੁਣ ਵਿਚੋਲਗੀ ਕਰ ਰਹੇ ਹਨ, ਕਾਲਜ ਦੇ ਪ੍ਰਬੰਧਕਾਂ ਅੰਦਰ ਇਹ ਡੱਰ ਵਧੇਰੇ ਪੈਦਾ ਕਰ ਰਹੇ ਹਨ, ਉਨ੍ਹਾਂ ਦਾ ਐਸਾ ਕਰਨਾ ਸੁਭਾਵਕ ਹੈ ਕਿਉਂਕਿ ਉਹ ਜਿਸ ਪ੍ਰਥਾ ਦਾ ਅੰਗ ਰਹੇ ਹਨ, ਉਸ ਨੂੰ ਰੱਦ ਕਰਨਾ ਉਨ੍ਹਾਂ ਵਾਸਤੇ ਸੌਖਾ ਨਹੀਂ, ਨਾਲੇ ਉਨ੍ਹਾਂ ਦੀ ਝਾਕ ਤਾਂ ਅਜੇ ਵੀ ਉਨ੍ਹਾਂ ਅਹੁਦਿਆਂ ਵੱਲ ਹੈ, ਉਹ ਸੋਚਦੇ ਹਨ ਐਸੀ ਵਫਾਦਾਰੀ ਨਿਭਾਉਣ ਨਾਲ ਸ਼ਾਇਦ ਉਨ੍ਹਾਂ ਨੂੰ ਫੇਰ ਕਿਸੇ ਐਸੇ ਅਹੁਦੇ ਦੇ ਝੂਟੇ ਮਾਨਣ ਦਾ ਸੁੱਖ ਪ੍ਰਾਪਤ ਹੋ ਜਾਵੇ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਵੱਡੇ ਸਲਾਹਕਾਰਾਂ ਵਿੱਚ ਕੁੱਝ ਰਾਜਨੀਤਿਕ ਲੋਕ ਵੀ ਹਨ। ਇਨ੍ਹਾਂ ਵਿੱਚੋਂ ਕੁੱਝ ਦਾ ਪਿਛੋਕੜ ਭਾਵੇਂ ਧਾਰਮਿਕ ਜਾਂ ਮਿਸ਼ਨਰੀ ਵੀ ਰਿਹਾ ਹੋਵੇ ਪਰ ਅੱਜ ਉਨ੍ਹਾਂ ਤੇ ਸਿਆਸਤ ਭਾਰੀ ਹੈ। ਉਹ ਸਮਝਦੇ ਹਨ ਕਿ ਇਨ੍ਹਾਂ ਅਖੌਤੀ ਜਥੇਦਾਰਾਂ ਵਿਰੁਧ ਡੱਟਣ ਨਾਲ ਉਨ੍ਹਾਂ ਦਾ ਰਾਜਨੀਤਿਕ ਭਵਿੱਖ ਖਤਰੇ ਵਿੱਚ ਪੈ ਜਾਵੇਗਾ, ਇਸ ਲਈ ਜਦੋਂ ਕੋਈ ਐਸਾ ਮੌਕਾ ਬਣੇ ਫੌਰੀ ਜਥੇਦਾਰਾਂ ਅੱਗੇ ਸੀਸ ਨਿਵਾ ਦੇਂਦੇ ਹਨ। ਆਖਰ ਕੁਰਸੀਆਂ ਬਚਾਉਣੀਆਂ ਤਾਂ ਜਰੂਰੀ ਹਨ ਕੌਮ ਜਾਂ ਕੌਮੀ ਸਿਧਾਂਤ ਜਾਣ ਖੂਹ ਵਿੱਚ।
ਇਹ ਦੋਵੇਂ ਕਿਸਮ ਦੇ ਲੋਕ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਜਥੇਦਾਰਾਂ ਦੇ ਬਣਾਏ ਛੇਵੇਂ ਤਖਤ ਤੇ ਪੇਸ਼ ਕਰਾਕੇ ਆਪਣੇ ਨੰਬਰ ਬਨਾਉਣਾ ਚਾਹੁੰਦੇ ਹਨ। ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੂੰ ਐਸੇ ਦੋਹਾਂ ਕਿਸਮ ਦੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਦੂਸਰੇ ਕਿਸਮ ਦੇ ਲੋਕ ਜੋ ਇਹ ਕਹਿੰਦੇ ਹਨ ਕਿ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੂੰ ਪ੍ਰੋ. ਦਰਸ਼ਨ ਸਿੰਘ ਜੀ ਵਾਂਗੂੰ ਅਕਾਲ ਤਖਤ ਤੇ ਜਾਣਾ ਚਾਹੀਦਾ ਹੈ, ਨੂੰ ਇਹ ਸਮਝਣ ਦੀ ਲੋੜ ਹੈ ਕਿ ਪ੍ਰੋ. ਦਰਸ਼ਨ ਸਿੰਘ ਜੀ ਪਹਿਲਾਂ ਆਪ ਇਸ ਅਖੌਤੀ ਜਥੇਦਾਰ ਦੇ ਅਹੁਦੇ ਤੇ ਰਹੇ ਹਨ। ਹਾਲਾਂਕਿ ਇਸ ਦੇ ਵਾਸਤੇ ਇਕਲੇ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਬਲਕਿ ਅਸੀਂ ਸਾਰੇ ਬਰਾਬਰ ਦੇ ਦੋਸ਼ੀ ਹਾਂ ਕਿਉਂਕਿ ਅਕਾਲ ਤਖਤ ਦੇ ਸਤਿਕਾਰ ਵਜੋਂ ਇੱਕ ਚੰਗੀ ਭਾਵਨਾ ਤਹਿਤ ਅਸੀਂ ਸਾਰੇ ਹੀ ਅਨਭੋਲ ਇਸ ਜਥੇਦਾਰ ਦੇ ਅਹੁਦੇ ਨੂੰ ਸਤਿਕਾਰ ਅਤੇ ਮਾਨਤਾ ਦੇਂਦੇ ਰਹੇ ਹਾਂ। ਇਹ ਤਾਂ ਜਿਵੇਂ ਜਿਵੇਂ ਇਨ੍ਹਾਂ ਦੇ ਕੁਕਰਮ ਸਾਹਮਣੇ ਆਉਂਦੇ ਗਏ, ਕੁੱਝ ਸੁਚੇਤ ਸਿੱਖਾਂ ਵਿੱਚ ਚੇਤਨਤਾ ਆਈ ਅਤੇ ਇਸ ਅਹੁਦੇ ਦੇ ਸਿਧਾਂਤਕ ਅਤੇ ਇਤਿਹਾਸਕ ਪੱਖ ਨੂੰ ਘੋਖਿਆ ਅਤੇ ਵਿਚਾਰਿਆ ਗਿਆ ਤਾਂ ਸਪੱਸ਼ਟਤਾ ਹੋਈ ਕਿ ਸਿਧਾਂਤਕ ਅਤੇ ਇਤਿਹਾਸਕ ਤੌਰ ਤੇ ਤਾਂ ਐਸਾ ਕੋਈ ਅਹੁਦਾ ਹੈ ਹੀ ਨਹੀਂ। ਇਹ ਤਾਂ ਬਦੋਬਦੀ ਕੌਮ ਤੇ ਥੋਪ ਦਿੱਤਾ ਗਿਆ ਹੈ ਅਤੇ ਹੁਣ ਇਸ ਅਖੌਤੀ ਜਥੇਦਾਰਾਂ ਦੇ ਅਹੁਦੇ ਰਾਹੀਂ, ਸਿੱਖ ਕੌਮ ਦੀਆਂ ਪ੍ਰਮੁੱਖ ਸੰਸਥਾਵਾਂ ਤੇ ਕਾਬਜ਼ ਰਾਜਨੀਤਕ ਲੋਕਾਂ ਵਲੋਂ ਧਰਮ ਅਤੇ ਅਕਾਲ ਤਖਤ ਸਾਹਿਬ ਦੇ ਨਾਂ ਤੇ ਸਮੂਹਿਕ ਰੂਪ ਵਿੱਚ ਕੌਮ ਦਾ ਅਤੇ ਵਿਸ਼ੇਸ਼ ਤੌਰ ਤੇ ਆਪਣੇ ਵਿਰੋਧੀਆਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ।
ਕੁਝ ਵੀ ਹੋਵੇ, ਭਾਵੇਂ ਅਨਭੋਲ ਹੀ ਸਹੀ ਪ੍ਰੋ. ਦਰਸ਼ਨ ਸਿੰਘ ਜੀ ਇਸ ਅਹੁਦੇ ਤੇ ਰਹੇ ਹਨ, ਅੱਜ ਜੇ ਉਹ ਅਕਾਲ ਤਖਤ ਸਾਹਿਬ ਤੇ ਨਾ ਜਾਂਦੇ ਤਾਂ ਹਰ ਕਿਸੇ ਨੇ ਕਹਿਣਾ ਸੀ ਕਿ ਪਹਿਲਾਂ ਆਪ ਉਥੇ ਜਥੇਦਾਰ ਰਹਿ ਕੇ, ਹੁਣ ਬਹਾਨੇ ਲੱਭ ਰਹੇ ਹਨ। ਫਿਰ ਵੀ ਪ੍ਰੋ. ਦਰਸ਼ਨ ਸਿੰਘ ਜੀ ਨੇ ਬੜੀ ਸਿਆਣਪ ਅਤੇ ਜੁਰਅਤ ਵਿਖਾਈ ਹੈ, ਜੋ ਉਹ ਅਖੌਤੀ ਜਥੇਦਾਰਾਂ ਅੱਗੇ ਨਹੀਂ ਝੁੱਕੇ। ਬਲਕਿ ਪ੍ਰੋਫੈਸਰ ਸਾਹਿਬ ਵਲੋਂ ਜੋ ਚਿੱਠੀ ਅਕਾਲ ਤਖਤ ਸਾਹਿਬ ਵਿੱਖੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਵਿੱਚ ਛੱਡੀ ਗਈ, ਜੇ ਉਹ ਪੜ੍ਹੀ ਜਾਵੇ ਤਾਂ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਉਨ੍ਹਾਂ ਜਥੇਦਾਰਾਂ ਦੇ ਕਿਸੇ ਵਿਸ਼ੇਸ਼ ਅਧਿਕਾਰ ਨੂੰ ਕੋਈ ਮਾਨਤਾ ਨਹੀਂ ਦਿੱਤੀ, ਸਗੋਂ ਸਪੱਸ਼ਟ ਲਿਖਿਆ ਹੈ ਕਿ ਮੈਂ ਵਿਚਾਰ ਕਰਨ ਲਈ ਆਇਆ ਹਾਂ ਜਿਸ ਵਿੱਚ ਜੇ ਕਿਸੇ ਨੂੰ ਮੈਨੂੰ ਕੋਈ ਸੁਆਲ ਕਰਨ ਦਾ ਅਧਿਕਾਰ ਹੈ ਤਾਂ ਮੈਨੂੰ ਵੀ ਉਨ੍ਹਾਂ ਕੋਲੋਂ ਸੁਆਲ ਪੁੱਛਣ ਦਾ ਅਧਿਕਾਰ ਹੈ। ਮੈਨੂੰ ਜਾਪਦਾ ਹੈ ਕਿ ਜਥੇਦਾਰ ਪਹਿਲਾਂ ਇਹ ਮੰਨ ਕੇ ਵੀ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਆ ਜਾਵਾਂਗੇ, ਨਹੀਂ ਆਏ ਕਿਉਂਕਿ ਵਿਚਾਰ ਕਰਨ ਦੀ ਜੁਰਅਤ ਉਨ੍ਹਾਂ ਅੰਦਰ ਨਹੀਂ ਹੈ।
ਅਸਲ ਵਿੱਚ ਅੱਜ ਲੋੜ ਇਸੇ ਗੱਲ ਦੀ ਹੈ ਕਿ ਇਨ੍ਹਾਂ ਦੇ ਗੁਰਮਤਿ ਵਿਰੋਧੀ ਜਥੇਦਾਰ ਦੇ ਅਹੁਦੇ ਨੂੰ ਕੋਈ ਮਾਨਤਾ ਜਾਂ ਮਹਤੱਤਾ ਨਾ ਦਿੱਤੀ ਜਾਵੇ, ਇਨ੍ਹਾਂ ਦੇ ਕਿਸੇ ਆਦੇਸ਼ ਦੀ ਕੋਈ ਪ੍ਰਵਾਹ ਨਾ ਕੀਤੀ ਜਾਵੇ। ਤਾਂ ਹੀ ਹੌਲੇ ਹੌਲੇ ਕੌਮ ਦਾ ਇਸ ਸਾਜਸ਼ੀ ਅਹੁਦੇ ਤੋਂ ਖਹਿੜਾ ਛੁੱਟ ਸਕੇਗਾ।
ਹਾਂ! ਅਗਰ ਭਾਈ ਸਰਬਜੀਤ ਸਿੰਘ ਧੂੰਦਾ ਜੀ ਅੰਦਰ ਵੀ ਇਹ ਜੁਰਅਤ ਹੈ ਤਾਂ ਉਹ ਐਲਾਨ ਕਰਨ ਕਿ ਮੈਂ ਵਿਚਾਰ ਕਰਨ ਲਈ ਆ ਰਿਹਾ ਹਾਂ, ਜਿਸ ਵਿੱਚ ਦੋਹਾਂ ਧਿਰਾਂ ਨੂੰ ਸੁਆਲ, ਜੁਆਬ ਕਰਨ ਦਾ ਬਰਾਬਰ ਦਾ ਅਧਿਕਾਰ ਹੋਵੇਗਾ ਤਾਂ ਐਸਾ ਕਰ ਲੈਣ, ਅਕਾਲ ਤਖਤ ਸਾਹਿਬ ਤੇ ਆ ਜਾਣ, ਲੇਕਿਨ ਜਥੇਦਾਰਾਂ ਦੇ ਕਿਸੇ ਛੇਵੇਂ ਤਖਤ (ਸਕੱਤਰੇਤ) ਤੇ ਹਰਗਿਜ਼ ਨਹੀਂ।
ਇਸ ਹਾਲਤ ਵਿੱਚ ਇੱਕ ਹੋਰ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਅਕਾਲ ਤਖਤ ਸਾਹਿਬ ਦੇ ਸਤਿਕਾਰ ਦੇ ਨਾਂ ਤੇ ਸਿਆਸੀ ਚਮਚਿਆਂ ਦੀ ਇੱਕ ਗੁੰਡਾ ਫੌਜ ਤਿਆਰ ਹੋ ਚੁੱਕੀ ਹੈ। ਇਹ ਗੁੰਡਾ ਫੌਜ ਪ੍ਰੋ. ਦਰਸ਼ਨ ਸਿੰਘ ਜੀ ਦੇ ਅਕਾਲ ਤਖਤ ਸਾਹਿਬ ਜਾਣ ਤੇ ਵੀ, ਉਨ੍ਹਾਂ ਨੂੰ ਬੇਇਜ਼ਤ ਕਰਨਾ ਅਤੇ ਸ਼ਰੀਰਕ ਨੁਕਸਾਨ ਪਹੁੰਚਾਣਾ ਚਾਹੁੰਦੀ ਸੀ ਪਰ ਕੌਮ ਵਿੱਚ ਪ੍ਰੋ. ਸਾਹਿਬ ਦਾ ਸਤਿਕਾਰ ਵੇਖ ਕੇ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਇਹ ਸਮਝਦੀ ਸੀ ਕਿ ਐਸਾ ਹੋਣ ਨਾਲ ਉਨ੍ਹਾਂ ਦੇ ਅਕਸ਼ ਤੇ ਦਾਗ਼ ਲਗੇਗਾ ਅਤੇ ਰਾਜਨੀਤਿਕ ਤੌਰ ਤੇ ਵੀ ਨੁਕਸਾਨ-ਦੇਹ ਹੋ ਸਕਦਾ ਹੈ। ਇਸ ਲਈ ਪੂਰੀ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਇਸ ਆਹਰ ਵਿੱਚ ਲੱਗੀ ਹੌਈ ਸੀ ਕਿ ਐਸੀ ਘਟਨਾ ਨਾ ਵਾਪਰੇ। ਇਹ ਉਹੀ ਗੁੰਡਾ ਫੌਜ ਹੈ ਜੋ ਜਥੇਦਾਰਾਂ ਦਾ ਕੂੜਨਾਮਾ ਲਾਗੂ ਕਰਾਉਣ ਦੇ ਨਾਂ ਤੇ, ਪੰਜਾਬ ਵਿੱਚ ਅਤੇ ਭਾਰਤ ਵਿੱਚ ਕੁੱਝ ਹੋਰ ਥਾਵਾਂ ਤੇ ਪ੍ਰੋ. ਦਰਸ਼ਨ ਸਿੰਘ ਜੀ ਦੇ ਪ੍ਰੋਗਰਾਮ ਬੰਦ ਕਰਾਉਣ ਲਈ ਗੁੰਡਾ ਗਰਦੀ ਕਰਦੇ ਰਹੇ ਹਨ। ਬੇਸ਼ਕ ਪੰਜਾਬ ਵਿੱਚ ਸਰਕਾਰੀ ਤਾਕਤ ਅਤੇ ਪੁਲਿਸ ਦੀ ਦੁਰਵਰਤੋਂ ਕਾਰਨ ਇਹ ਕੁੱਝ ਕਾਮਯਾਬ ਰਹੇ ਪਰ ਪੰਜਾਬੋਂ ਬਾਹਰ ਤਾਂ ਕੇਵਲ ਵਿਰਲੀਆਂ ਥਾਵਾਂ ਤੇ ਹੀ ਇਨ੍ਹਾਂ ਨੂੰ ਕਾਮਯਾਬੀ ਮਿਲੀ ਹੈ। ਪਰ ਇਹ ਸਪੱਸ਼ਟ ਹੈ ਕਿ ਸੰਗਤ ਪ੍ਰੋਫੈਸਰ ਸਾਹਿਬ ਦੇ ਪ੍ਰੋਗਰਾਮ ਵੱਧ ਤੋਂ ਵੱਧ ਕਰਾਉਣਾ ਚਾਹੂੰਦੀ ਹੈ। ਉਂਝ ਇਸ ਗੁੰਡਾ ਫੌਜ ਨੇ ਅਕਾਲ ਤਖਤ ਸਾਹਿਬ ਦਾ ਇਹ ਆਦੇਸ਼ ਲਾਗੂ ਕਰਾਉਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਦੀ ਮੰਜੀ ਨਹੀਂ ਲੱਗ ਸਕਦੀ। ਇਹ ਕੇਵਲ ਉਨ੍ਹਾਂ ਆਦੇਸ਼ਾਂ ਤੇ ਹੀ ਸਰਗਰਮ ਹੁੰਦੇ ਹਨ ਜੋ ਇਨ੍ਹਾਂ ਦੇ ਸਿਆਸੀ ਆਕਾਵਾਂ ਨੂੰ ਮਾਫਕ ਆਉਂਦੇ ਹੋਣ। ਭਾਈ ਸਰਬਜੀਤ ਸਿੰਘ ਧੂੰਦਾ ਜੀ ਅਗਰ ਜਥੇਦਾਰਾਂ ਅੱਗੇ ਪੇਸ਼ ਹੋਣ ਦੀ ਬਜਾਏ ਅਕਾਲ ਤਖਤ ਸਾਹਿਬ ਤੇ ਜਾਣ ਦਾ ਫੈਸਲਾ ਕਰਦੇ ਹਨ ਤਾਂ ਇਸ ਗੁੰਡਾ ਫੌਜ ਦਾ ਖਤਰਾ ਵਧੇਰੇ ਬਣਿਆ ਰਹੇਗਾ।
ਇਸ ਦੇ ਨਾਲ ਹੀ ਕੁੱਝ ਹੋਰ ਵਿਸ਼ੇਸ਼ ਪੱਖ ਵੀ ਵਿਚਾਰਨ ਦੀ ਲੋੜ ਹੈ:
ਪਹਿਲਾ ਤਾਂ ਜੇ ਅਖੌਤੀ ਜਥੇਦਾਰਾਂ ਦੇ ਸਕੱਤ੍ਰੇਤ ਵਿੱਚ ਪੇਸ਼ ਨਹੀਂ ਹੁੰਦੇ ਤਾਂ ਭਾਵੇਂ ਕੁੱਝ ਸੰਪਰਦਾਈ ਸੋਚ ਵਾਲੇ ਅਗਿਆਨੀ ਸਿੱਖ ਉਨ੍ਹਾਂ ਦੇ ਕੰਮ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨਗੇ ਪਰ ਉਥੇ ਨਾਲ ਹੀ ਉਨ੍ਹਾਂ ਨੂੰ ਗੁਰਮਤਿ ਸੋਚ ਵਾਲੇ ਵੀਰਾਂ ਦਾ ਭਰਪੂਰ ਸਹਿਯੋਗ ਮਿਲੇਗਾ। ਦੂਸਰੇ ਪਾਸੇ ਜੇ ਉਹ ਅਖੌਤੀ ਜਥੇਦਾਰਾਂ ਅੱਗੇ ਗੋਡੇ ਟੇਕਦੇ ਹਨ ਤਾਂ ਗੁਰਮਤਿ ਲਹਿਰ ਜਿਸ ਦੇ ਉਹ ਇਸ ਵੇਲੇ ਮੋਢੀਆਂ ਵਜੋਂ ਉਭਰ ਰਹੇ ਹਨ ਦੀਆਂ ਸਫਾਂ ਵਿੱਚ ਨਿਰਾਸਤਾ ਫੈਲ ਜਾਵੇਗੀ, ਅਤੇ ਉਹ ਉਨ੍ਹਾਂ ਵਿੱਚੋ ਅਲੱਗ-ਥਲੱਗ ਪੈ ਜਾਣਗੇ।
ਅਖੌਤੀ ਜਥੇਦਾਰਾਂ ਅੱਗੇ ਪੇਸ਼ ਹੋਣ ਦੀ ਹਾਲਤ ਵਿੱਚ, ਉਹ ਭਾਈ ਸਰਬਜੀਤ ਸਿੰਘ ਧੂੰਦਾ ਜੀ ਉਤੇ ਇਹ ਪਾਬੰਦੀਆਂ ਵੀ ਲਗਾ ਸਕਦੇ ਹਨ ਕਿ ਉਹ ਬਚਿੱਤ੍ਰ ਨਾਟਕ ਦਾ ਸੱਚ ਸੰਗਤਾਂ ਸਾਹਮਣੇ ਨਾ ਪ੍ਰਗਟ ਕਰਨ। ਕੀ ਭਾਈ ਸਰਬਜੀਤ ਸਿੰਘ ਧੂੰਦਾ ਜੀ ਇਸ ਦੇ ਵਾਸਤੇ ਤਿਆਰ ਹਨ?
ਜੋ ਵਿਚਾਰ ਅੱਜ ਤੱਕ ਭਾਈ ਸਰਬਜੀਤ ਸਿੰਘ ਧੂੰਦਾ ਜੀ ਸੰਗਤਾਂ ਅੱਗੇ ਰਖਦੇ ਰਹੇ ਹਨ ਕੀ ਉਹ ਉਨ੍ਹਾਂ ਤੋਂ ਮੁਨਕਰ ਹੋਣ ਲਈ ਤਿਆਰ ਹਨ?
ਅੱਜ ਭਾਈ ਸਰਬਜੀਤ ਸਿੰਘ ਧੂੰਦਾ ਜੀ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਬੰਧਕਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਸ ਵੇਲੇ ਕੌਮ ਵਿੱਚ ਇੱਕ ਨਵੀਂ ਗੁਰਮਤਿ ਲਹਿਰ ਉਭਰ ਰਹੀ ਹੈ। ਬੇਸ਼ਕ ਲਹਿਰਾਂ ਪ੍ਰਚਾਰ ਵਿੱਚੋਂ ਹੀ ਉਭਰਦੀਆਂ ਹਨ ਪਰ ਉਸ ਦੀ ਸਹੀ ਵਰਤੋਂ ਅਤੇ ਅਗਵਾਈ ਨਾਲ ਉਹ ਕੁੱਝ ਪ੍ਰਾਪਤ ਕੀਤਾ ਜਾ ਸਕਦਾ ਹੈ ਜੋ ਸਦੀਆਂ ਦੇ ਇਕੱਲੇ ਪ੍ਰਚਾਰ ਵਿੱਚੋਂ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਅਸੀਂ ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਵੱਲ ਹੀ ਵੇਖ ਲਈਏ, ਜੋ ਪ੍ਰਾਪਤੀਆਂ ਇਨ੍ਹਾਂ ਲਹਿਰਾਂ ਵਿੱਚੋਂ ਹੋਈਆਂ ਉਹ ਸ਼ਾਇਦ ਸਦੀਆਂ ਦੇ ਪ੍ਰਚਾਰ ਚੋਂ ਵੀ ਨਾ ਹੋ ਸਕਦੀਆਂ।
ਜੇ ਐਸੀਆਂ ਲਹਿਰਾਂ ਨੂੰ ਪਿੱਠ ਦੇ ਦਿੱਤੀ ਜਾਵੇ ਤਾਂ ਪਹਿਲਾਂ ਕਈ ਦਹਾਕਿਆਂ ਦਾ ਕੀਤਾ ਪ੍ਰਚਾਰ ਵੀ ਅਜਾਈਂ ਚਲਾ ਜਾਂਦਾ ਹੈ ਅਤੇ ਲਹਿਰ ਨੂੰ ਪਿੱਠ ਦੇਣ ਵਾਲੇ ਦੋਸ਼ੀ ਹੋ ਨਿਬੜਦੇ ਹਨ।
ਫੈਸਲਾ ਭਾਈ ਸਰਬਜੀਤ ਸਿੰਘ ਧੂੰਦਾ ਜੀ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੇ ਕਰਨਾ ਹੈ ਕਿ ਉਨ੍ਹਾਂ ਇਸ ਨਵੀਂ ਉਸਰ ਰਹੀ ਗੁਰਮਤਿ ਲਹਿਰ ਦਾ ਥੰਮ ਬਣ ਕੇ, ਸਤਿਗੁਰੂ ਦੇ ਸਨਮੁੱਖ ਹੁੰਦਿਆਂ ਗੈਰਤ ਅਤੇ ਦ੍ਰਿੜਤਾ ਨਾਲ ਆਪਣੀ ਸੱਚ ਦੀ ਸੇਵਾ ਨੂੰ ਜਾਰੀ ਰਖਣਾ ਹੈ ਜਾਂ ਅਖੌਤੀ ਜਥੇਦਾਰਾਂ ਅੱਗੇ ਪੇਸ਼ ਹੋ ਕੇ ਗੁਰਮਤਿ ਲਹਿਰ ਨੂੰ ਪਿੱਠ ਦੇਣੀ ਹੈ?

ਰਾਜਿੰਦਰ ਸਿੰਘ (ਮੁੱਖ ਸੇਵਾਦਾਰ) ਸ਼੍ਰੋਮਣੀ ਖਾਲਸਾ ਪੰਚਾਇਤ




.