.

ਸਿਧ ਗੋਸਟਿ (ਕਿਸ਼ਤ ਨੰ: 11)

ਨਾਨਕ ਪਾਤਸਾਹ ਜੀ ਦਾ ਜਵਾਬ: -
ਮਨਮੁਖਿ ਭੂਲੈ ਜਮ ਕੀ ਕਾਣਿ॥
ਪਰ ਘਰੁ ਜੋਹੈ ਹਾਣੇ ਹਾਣਿ॥
ਮਨਮੁਖਿ ਭਰਮਿ ਭਵੈ ਬੇਬਾਣਿ॥
ਵੇਮਾਰਗਿ ਮੂਸੈ ਮੰਤ੍ਰਿ ਮਸਾਣਿ॥
ਸਬਦੁ ਨ ਚੀਨੈ ਲਵੈ ਕੁਬਾਣਿ॥
ਨਾਨਕ ਸਾਚਿ ਰਤੇ ਸੁਖੁ ਜਾਣਿ॥ ੨੬॥

ਪਦ ਅਰਥ: - ਮਨਮੁਖਿ – ਜੋ ਆਪਣੇ ਨੂੰ ਕਰਤਾ ਸਮਝਦਾ ਹੈ, ਅਤੇ ਦੂਜਾ ਮਨਮੁਖ ਉਹ ਜੋ ਕਿਸੇ ਵੀ ਵਿਅਕਤੀ ਨੂੰ ਕਰਤਾ ਸਮਝਦਾ ਹੈ, । ਭੂਲੈ – ਭੁੱਲੇ ਹੋਏ। ਜਮ ਕੀ ਕਾਣਿ – ਜੋ ਕਿਸੇ ਦੇਹ ਧਾਰੀ ਜਮ ਦੀ ਮਹੁਤਾਜੀ ਕਰਦੇ ਹਨ। ਪਰ ਘਰਿ ਜੋਹੈ – ਪਰਾਏ ਘਰ, ਹੋਰ ਵੀ ਅੱਗੇ ਤੋਂ ਅੱਗੇ ਘਰ ਬਰਬਾਦ ਕਰਦੇ ਹਨ। ਹਾਣੇ ਹਾਣਿ – ਨੁਕਸਾਨ ਤੋਂ ਅੱਗੇ ਹੋਰ ਨੁਕਸਾਨ - ਮ: ਕੋਸ, ਭਾਵ ਬਰਬਾਦੀ ਦੇ ਰਾਹ ਤੇ ਤੁਰਨਾ। ਮਨਮੁਖਿ ਭਰਮਿ – ਮਨਮੁਖ, ਭਰਮ ਵਿੱਚ ਭੁੱਲੇ-ਭਟਕੇ ਲੋਕ। ਭਵੈ ਬੇਬਣਿ – ਅਗਿਆਨਤਾ ਦੇ ਜੰਗਲ ਵਿੱਚ ਭਉਂਦੇ ਫਿਰਨਾ। ਵੇਮਾਰਗਿ – ਗਲਤ ਰਸਤੇ ਪੈਣਾ, ਰਾਹ ਤੋਂ ਬਿਨਾਂ, ਰਾਹੋਂ ਭਟਕਿਆ। ਮੂਸੇ - ਠੱਗੇ ਜਾਣਾ, ਲੁੱਟੇ ਜਾਣਾ। ਮੰਤ੍ਰਿ ਮਸਾਣਿ – ਆਤਮਿਕ ਤੌਰ ਮਰੇ ਹੋਏ ਅਜੇਹੇ ਮਨੁੱਖ ਜੋ ਕਿਸੇ ਮਨਮੁਖ ਦਾ ਮੰਤ੍ਰ ਪੜ੍ਹਦੇ ਭਾਵ, ਕਿਸੇ ਝੂਠ ਨੂੰ ਹੀ ਸੱਚ ਸਮਝਕੇ ਜਪਦੇ ਹਨ। ਸਮਝੋ ਕਿਸੇ ਮਸਾਣ (ਮਰੇ ਹੋਏ) ਦਾ ਮੰਤ੍ਰ ਪੜ੍ਹਨ ਦੇ ਬਰਾਬਰ ਹਨ। ਚੀਨੈ – ਚੀਨਣਾ ਸਮਝਣਾ। ਸ਼ਬਦੁ – ਸੱਚੇ ਦੀ ਸੱਚੀ ਬਖਸ਼ਿਸ਼। ਸ਼ਬਦੁ ਨ ਚੀਨੈ – ਸੱਚੇ ਦੀ ਸੱਚੀ ਬਖਸ਼ਿਸ਼ ਨੂੰ ਸੱਚ ਨਾ ਸਮਝਣਾ ਅਤੇ ਵਿਚਾਰ ਨਾ ਕਰਨਾ। ਲਵੈ ਕੁਬਾਣਿ – ਕਿਸੇ ਮਨਮੁਖ ਦੇ ਦੁਰਮਤਿ ਦੇ ਸ਼ਬਦਾਂ (ਗੱਲਾਂ) ਦਾ ਪੱਖ ਲੈਣਾ। ਨਾਨਕ ਸਾਚਿ ਰਤੇ ਸੁਖੁ ਜਾਣਿ – ਅਤੇ ਨਾਨਕ ਨੂੰ ਵੀ ਇਹ ਸਿਖਿਆ ਦੇਣੀ, ਮਨਮੁਖਾ ਨੂੰ ਸੱਚ ਵਿੱਚ ਰਤੇ ਹੋਏ ਜਾਣਿ ਲਏ।
ਅਰਥ: - ਹੇ ਜੋਗੀ ਜੋ ਆਪਣੇ ਆਪ ਨੂੰ ਕਰਤਾ ਸਮਝਦਾ ਹੈ, ਉਹ ਮਨਮੁਖਿ ਹੈ, ਅਤੇ ਦੂਜਾ ਮਨਮੁਖਿ ਉਹ ਹੈ ਜੋ ਕਿਸੇ ਹੋਰ ਦੇਹ-ਧਾਰੀ ਨੂੰ ਕਰਤਾ ਸਮਝਦਾ ਹੈ। ਜੋ ਦੇਹਧਾਰੀ ਜਮ ਦੀ ਮੁਹਤਾਜੀ ਕਰਦੇ ਹਨ, ਉਹ ਆਪ ਠੱਗੇ ਹੋਏ ਆਪਣਾ ਆਤਮਿਕ ਜੀਵਣ ਬਰਬਾਦ ਕਰ ਚੁੱਕੇ ਲੋਕ ਹਨ ਅਤੇ ਦੂਸਰੇ ਲੋਕਾਂ ਦੇ ਘਰ ਵੀ ਬਰਬਾਦ ਕਰਨ ਲਈ ਤੁਲੇ ਹੋਏ ਹਨ (ਹੋਰਾਂ ਨੂੰ ਵੀ ਦੇਹ ਧਾਰੀ ਦੀ ਮੁਹਤਾਜੀ ਕਰਨ ਵਾਸਤੇ ਪ੍ਰੇਰਣਾ ਕਰਦੇ ਹਨ)। ਅਜਿਹੇ ਲੋਕ ਆਪ ਅਗਿਆਨਤਾ ਦੇ ਜੰਗਲ ਵਿੱਚ ਭਟਕਦੇ ਫਿਰਦੇ ਹਨ। ਇਹ ਗ਼ਲਤ ਰਸਤੇ ਪਏ ਮਨਮੁਖ ਆਤਮਿਕ ਤੌਰ ਤੇ ਗਿਰੇ ਮਨਮੁਖਿ ਤੋਂ ਮੰਤ੍ਰ ਲੈ ਕੇ ਉਸ ਮੰਤ੍ਰ ਦਾ ਰੱਟਣ ਲਾਉਂਦੇ ਹਨ। ਸੱਚੇ ਦੀ ਸੱਚੀ ਬਖ਼ਸ਼ਿਸ਼ ਨੂੰ ਜਾਣਦੇ ਹੀ ਨਹੀਂ। ਜਿਨ੍ਹਾਂ ਦੁਰਮਤਿ ਅਪਣਾਈ ਹੋਈ ਹੈ ਉਨ੍ਹਾਂ ਦਾ ਹੀ ਪੱਖ ਲੈਂਦੇ ਹਨ (ਇਹ ਨਾਨਕ ਜੀ ਦਾ ਜੋਗੀ ਨੂੰ ਜਵਾਬ ਹੈ)। ਪਰ ਨਾਨਕ ਸਾਹਿਬ ਨੂੰ ਸਿੱਧ ਇਹ ਪ੍ਰੇਰਣਾ ਕਰਦਾ ਹੈ ਕਿ ਸਿੱਧ-ਗੁਰੂ ਨੂੰ ਹੀ ਸੱਚ-ਸਰੂਪ ਜਾਣ ਕੇ ਉਸ ਵਿੱਚ ਲੀਨ ਹੋ ਜਾਣ ਵਿੱਚ ਹੀ ਸੁਖ ਹੈ।
ਅਉਧੂ ਦਾ ਨਾਨਕ ਪਾਤਸਾਹ ਜੀ ਉੱਪਰ ਸਵਾਲ: -
ਗੁਰਮੁਖਿ ਸਾਚੇ ਕਾ ਭਉ ਪਾਵੈ॥
ਗੁਰਮੁਖਿ ਬਾਣੀ ਅਘੜੁ ਘੜਾਵੈ॥
ਗੁਰਮੁਖਿ ਨਿਰਮਲ ਹਰਿ ਗੁਣ ਗਾਵੈ॥
ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ॥
ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥
ਨਾਨਕ ਗੁਰਮੁਖਿ ਸਾਚਿ ਸਮਾਵੈ॥ ੨੭॥

ਪਦ ਅਰਥ: - ਗੁਰਮੁਖਿ – ਜੋਗੀ ਵਲੋਂ ਆਪਣੇ ਮੁਖੀ ਲਈ ਵਰਤਿਆ ਸ਼ਬਦ, ਜਿਸ ਮੁਖੀ ਨੂੰ ਉਹ ਕਰਤਾ ਕਰ ਕੇ ਜਾਣਦੇ ਹਨ। ਗੁਰਮੁਖਿ ਸਾਚੇ ਕਾ ਭਉ ਪਾਵੈ – ਹੇ ਨਾਨਕ ਜੋ ਉਸ ਗੁਰਮੁਖਿ ਭਾਵ ਸਾਡੇ ਮੁਖੀ ਦੇ ਡਰ ਵਿੱਚ ਰਹਿਂਦਾ ਹੈ। ਅਘੜੁ – ਅਸਿਕਤ, ਸਿੱਖਿਆ ਰਹਿਤ। ਬਾਣੀ – ਬਖ਼ਸ਼ਿਸ਼। ਘੜਾਵੈ – ਬਣਾ ਦਿੰਦਾ ਹੈ। ਅਘੜੁ ਘੜਾਵੈ –ਸਿੱਖਿਆ ਰਹਿਤ ਨੂੰ ਵੀ ਸਿੱਖਿਆ ਦਾਇਕ ਬਣਾ ਦਿੰਦਾ ਹੈ। ਗੁਰਮੁਖਿ ਬਾਣੀ ਅਘੜੁ ਘੜਾਵੈ – ਭਉ ਖਾਣ ਵਾਲੇ ਨੂੰ ਉਹ ਗੁਰਮੁਖਿ ਸਿੱਖਿਆ ਦੇ ਕੇ, ਸਿੱਖਿਆ ਰਹਿਤ ਨੂੰ ਵੀ ਸਿੱਖਿਆ ਦਾਇਕ ਬਣਾ ਦਿੰਦਾ ਹੈ। ਗੁਰਮੁਖਿ ਨਿਰਮਲ ਹਰਿ ਗੁਣ ਗਾਵੈ – ਸਿੱਖਿਆ ਦੇ ਫਲ-ਸਰੂਪ ਉਹ ਗੁਰਮੁਖਿ ਨੂੰ ਹੀ ਹਰੀ ਜਾਣਕੇ ਉਸਦੇ ਹੀ ਗੁਣ ਗਾਉਂਦਾ ਹੈ। ਗੁਰਮੁਖਿ ਪਵਿਤ੍ਰ ਪਰਮ ਪਦ ਪਾਵੈ – ਉਸ ਗੁਰਮੁਖਿ ਦੇ ਗੁਣ ਗਾਉਣ ਵਾਲਾ ਹੀ ਪਵਿਤ੍ਰ ਪਰਮ-ਪਦ ਪ੍ਰਾਪਤ ਕਰ ਲੈਂਦਾ ਹੈ। ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ – ਉਹ ਫਿਰ ਉਸ ਗੁਰਮੁਖਿ (ਸਾਡੇ ਮੁਖੀ) ਨੂੰ ਹੀ ਰੋਮਿ ਰੋਮਿ ਧਿਆਉਂਦਾ ਹੈ। ਨਾਨਕ ਗੁਰਮੁਖਿ ਸਾਚਿ ਸਮਾਵੈ - ਨਾਨਕ ਨੂੰ ਇਹ ਸ਼ਬਦ ਸਿੱਧ-ਗੁਰੂ ਨੂੰ ਹੀ ਸੱਚ ਜਾਣ ਕੇ ਉਸ ਵਿੱਚ ਲੀਨ ਹੋ ਜਾਣ ਲਈ ਜੋਗੀ ਵਲੋਂ ਕਹੇ ਗਏ।
ਨੋਟ: - ਅਸਿੱਧੇ ਰੂਪ ਵਿੱਚ ਜੋਗੀ ਨਾਨਕ ਜੀ ਨੂੰ ਕਹਿੰਦਾ ਹੈ ਕਿ ਸਾਡੇ ਮੁਖੀ ਤੋਂ ਭੈ ਵਿੱਚ ਰਹਿ ਭਾਵ ਖੌਫ ਖਾ।
ਅਰਥ: - ਨਾਨਕ ਜੀ ਨੂੰ ਜੋਗੀ ਵਲੋਂ ਸੰਬੋਧਨ - ਹੇ ਨਾਨਕ! ਜੋ ਸਾਡੇ ਮੁਖੀ ਗੁਰਮੁਖਿ ਦਾ ਡਰ ਮਨ ਵਿੱਚ ਰੱਖਦਾ ਹੈ, ਤਾਂ ਸਿੱਧ-ਗੁਰੂ ਆਪਣਾ ਭਉ ਖਾਣ ਵਾਲੇ ਨੂੰ ਬਖ਼ਸ਼ਿਸ਼ ਕਰਕੇ ਸਿੱਖਿਆ ਰਹਿਤ ਮਨੁੱਖ ਨੂੰ ਵੀ ਸਿਖਿਆ ਭਰਪੂਰ ਬਣਾ ਦਿੰਦਾ ਹੈ। ਉਹ ਇਸ ਸਿੱਖਿਆ ਦੁਆਰਾ ਸਿੱਧ-ਗੁਰੂ ਨੂੰ ਹੀ ਨਿਰਮਲ ਗੁਰਮੁਖਿ ਰੂਪ ਕਰਤਾ ਜਾਣਕੇ ਉਸਦੇ ਹੀ ਗੁਣ ਗਾਉਂਦਾ ਹੈ। ਉਸਦੇ ਗੁਣ ਗਾਉਣ ਵਾਲਾ ਹੀ ਪਵਿੱਤਰ ਪਰਮ ਪਦਵੀ ਨੂੰ ਪ੍ਰਾਪਤ ਹੁੰਦਾ ਹੈ। ਪਰਮ ਪਦਵੀ ਪ੍ਰਾਪਤ ਕਰਨ ਵਾਲਾ ਉਸ ਸਿੱਧ-ਗੁਰੂ ਨੂੰ ਗੁਰਮੁਖਿ ਰੂਪ ਹਰੀ ਜਾਣਕੇ ਉਸ ਨੂੰ ਹੀ ਰੋਮ ਰੋਮ ਧਿਆਉਂਦਾ ਹੈ। ਹੇ ਭਾਈ ਨਾਨਕ ਨੂੰ ਇਸ ਤਰ੍ਹਾਂ ਜੋਗੀ ਵਲੋਂ ਉਸਦੇ ਆਪਣੇ ਦੇਹਧਾਰੀ ਮੁਖੀ ਨੂੰ ਗੁਰਮੁਖਿ ਜਾਣਕੇ ਉਸਦੇ ਹੀ ਸੱਚ ਵਿੱਚ ਲੀਨ ਹੋਣ ਲਈ ਇਹ ਸ਼ਬਦ ਕਹੇ ਗਏ।
ਨਾਨਕ ਪਾਤਸਾਹ ਜੀ ਦਾ ਜਵਾਬ: -
ਗੁਰਮੁਖਿ ਪਰਚੈ ਬੇਦ ਬੀਚਾਰੀ॥
ਗੁਰਮੁਖਿ ਪਰਚੈ ਤਰੀਐ ਤਾਰੀ॥
ਗੁਰਮੁਖਿ ਪਰਚੈ ਸੁ ਸਬਦਿ ਗਿਆਨੀ॥
ਗੁਰਮੁਖਿ ਪਰਚੈ ਅੰਤਰ ਬਿਧਿ ਜਾਨੀ॥
ਗੁਰਮੁਖਿ ਪਾਈਐ ਅਲਖ ਅਪਾਰੁ॥
ਨਾਨਕ ਗੁਰਮੁਖਿ ਮੁਕਤਿ ਦੁਆਰੁ॥ ੨੮॥

ਪਦ ਅਰਥ: - ਗੁਰਮੁਖਿ – ਨਾਨਕ ਜੀ ਜਿਸ ਅਕਾਲ ਪੁਰਖ ਨੂੰ ਕਰਤਾ ਜਾਣਦੇ ਹਨ, ਉਹ ਗੁਰਮੁਖਿ ਅਕਾਲ ਰੂਪ ਕਰਤਾ। ਪਰਚੈ - ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ॥ ਸਤਿਗੁਰੁ – ‘ਰ’ ਨੂੰ ਔਂਕੜ ਹੋਣ ਕਾਰਨ ਗੁਰਮਤਿ ਵਿਆਕਰਣ ਅਨੁਸਾਰ ਸਤਿਗੁਰੁ ਦੇ ਅਰਥ ਗਿਆਨ ਬਣਦੇ ਹਨ। ਗੁਰਮੁਖਿ ਪਰਚੈ – ਆਤਮਿਕ ਗਿਆਨ ਦੀ ਪਰਚੈ (ਬਖ਼ਸ਼ਿਸ਼) ਨਾਲ। ਪਰਚੈ ਦੇ ਅਰਥ ਬਖਸ਼ਿਸ਼ ਬਣਦੇ ਹਨ। ਬੇਦ – ਗਿਆਨ। ਬੇਦ ਬੀਚਾਰੀ – ਆਤਮਿਕ ਗਿਆਨ ਦੀ ਜਿਸਨੇ ਵੀਚਾਰ ਕੀਤੀ। ਗੁਰਮੁਖਿ ਪਰਚੈ ਤਰੀਐ ਤਾਰੀ – ਉਸ ਨੂੰ ਹੀ ਦਰਅਸਲ ਇਹ ਸੂਝ ਪੈਦੀ ਹੈ ਕਿ ਅਕਾਲ ਰੂਪ ਕਰਤੇ ਦੀ ਬਖ਼ਸ਼ਿਸ਼ ਨਾਲ ਹੀ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ। ਗੁਰਮੁਖਿ ਪਰਚੈ ਸੁ ਸਬਦਿ ਗਿਆਨੀ – ਜਿਸ ਉੱਪਰ ਕਰਤੇ ਦੀ ਬਖ਼ਸ਼ਿਸ਼ ਹੋ ਜਾਏ, ਉਹ ਅਕਾਲ ਰੂਪ ਸ੍ਰਵ-ਸ੍ਰੇਸ਼ਟ ਦੇ ਆਤਮਿਕ ਗਿਆਨ ਦੀ ਬਖ਼ਸ਼ਿਸ਼ ਨਾਲ। ਗੁਰਮੁਖਿ ਪਰਚੈ ਅੰਤਰ ਬਿਧਿ ਜਾਨੀ – ਉਸ ਅਕਾਲ ਰੂਪ ਕਰਤੇ ਦੀ ਬਖ਼ਸ਼ਿਸ਼ ਨਾਲ ਹੀ ਇਸ ਅੰਤਰੀਵ ਸੱਚ ਨੂੰ ਜਾਨਣ ਦੀ ਬਿਧੀ ਦੀ ਸੋਝ ਪਈ। ਗੁਰਮੁਖਿ ਪਾਈਐ ਅਲਖ ਅਪਾਰੁ – ਜਿਨ੍ਹਾਂ ਨੇ ਇਸ ਅੰਤਰੀਵ ਸੱਚ ਦੀ ਬਿਧੀ ਨੂੰ ਕਰਤੇ ਦੀ ਬਖਸ਼ਿਸ਼ ਨਾਲ ਜਾਣਿਆ ਉਨ੍ਹਾਂ ਨੇ ਉਸ ਸੱਚ ਰੂਪ ਕਰਤੇ ਨੂੰ ਹੀ ਅਲਖ ਅਪਾਰ - ਜਿਸ ਤੋ ਹੋਰ ਕੋਈ ਵੱਡਾ ਹੈ ਹੀ ਨਹੀਂ, ਨੂੰ ਹੀ ਕਰਤਾ ਜਾਣਿਆ। ਨਾਨਕ ਗੁਰਮੁਖਿ ਮੁਕਤਿ ਦੁਆਰੁ – ਹੇ ਭਾਈ ਨਾਨਕ ਲਈ ਤਾਂ ਸੱਚ ਰੂਪ ਕਰਤਾ ਹੀ ਮੁਕਤੀ ਦਾ ਦੁਆਰਾ ਹੈ।
ਅਰਥ: - ਹੇ ਭਾਈ ਜਿਸ ਕਿਸੇ ਨੇ ਅਕਾਲ ਰੂਪ ਕਰਤੇ ਦੀ ਬਖ਼ਸ਼ਿਸ਼ ਨਾਲ ਆਤਮਿਕ ਗਿਆਨ ਨੂੰ ਆਪਣੇ ਜੀਵਣ ਵਿੱਚ ਵੀਚਾਰਿਆ, ਉਸ ਨੂੰ ਹੀ ਦਰਅਸਲ ਇਹ ਸੂਝ ਪੈਦੀ ਹੈ ਕਿ ਅਕਾਲ ਰੂਪ ਕਰਤੇ ਦੀ ਬਖ਼ਸ਼ਿਸ਼ ਗਿਆਨ ਨਾਲ ਹੀ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ। ਜਿਸ ਉੱਪਰ ਕਰਤੇ ਦੀ ਬਖ਼ਸ਼ਿਸ ਹੋ ਜਾਏ ਉਹੀ ਉਸ ਅਕਾਲ ਰੂਪ ਸਰਵ-ਸ੍ਰੇਸ਼ਟ ਦੇ ਆਤਮਿਕ ਗਿਆਨ ਦੁਆਰਾ ਇਸ ਅੰਤਰੀਵ ਸੱਚ ਨੂੰ ਜਾਣ ਸਕਦਾ ਹੈ। ਜਿਨ੍ਹਾਂ ਨੇ ਇਸ ਅੰਤਰੀਵ, ਆਤਮਿਕ ਗਿਆਨ ਰੂਪ ਸੱਚ ਦੀ ਬਿਧੀ ਨੂੰ ਕਰਤੇ ਦੀ ਬਖਸ਼ਿਸ਼ ਕਰਕੇ ਜਾਣਿਆ ਉਹ ਉਸ ਅਕਾਲ ਰੂਪ ਕਰਤੇ ਨੂੰ ਹੀ ਅਲਖ ਅਪਾਰ, ਜਿਸ ਤੋਂ ਹੋਰ ਕੋਈ ਵੱਡਾ ਹੈ ਹੀ ਨਹੀਂ, ਨੂੰ ਹੀ ਸਰਵ-ਸ੍ਰੇਸਟ ਕਰਤਾ ਜਾਣਦੇ ਹਨ (ਕਿਸੇ ਹੋਰ ਦੇਹ-ਧਾਰੀ ਨੂੰ ਨਹੀਂ)। ਸੋ ਇਸ ਵਾਸਤੇ, ਹੇ ਭਾਈ! ਨਾਨਕ ਆਖਦਾ ਹੈ, ਸੱਚ-ਰੂਪ ਕਰਤੇ ਦੀ ਬਖ਼ਸ਼ਿਸ਼ ਹੀ ਮੁਕਤੀ ਦਾ ਦੁਆਰਾ ਹੈ। ਭਾਵ ਕਿਸੇ ਮਨਮੁਖਿ ਬੰਦੇ ਦੀ ਬੰਦਗੀ (ਗੁਲਾਮੀ) ਤੋ, ਵਿਕਾਰਾਂ ਅਤੇ ਸੰਸਕਾਰਾਂ ਦੇ ਬੰਧਨਾਂ ਤੋਂ ਉਹੀ ਮੁਕਤਿ ਹੋ ਸਕਦਾ ਹੈ, ਜੋ ਇੱਕ ਅਕਾਲ ਰੂਪ ਸਰਵ-ਸ੍ਰੇਸ਼ਟ ਦੀ ਸ਼ਰਣ ਆਵੇ।
ਅਉਧੂ ਦਾ ਸਵਾਲ: -
ਗੁਰਮੁਖਿ ਅਕਥੁ ਕਥੈ ਬੀਚਾਰਿ॥
ਗੁਰਮੁਖਿ ਨਿਬਹੈ ਸਪਰਵਾਰਿ॥
ਗੁਰਮੁਖਿ ਜਪੀਐ ਅੰਤਰਿ ਪਿਆਰਿ॥
ਗੁਰਮੁਖਿ ਪਾਈਐ ਸਬਦਿ ਅਚਾਰਿ॥
ਸਬਦਿ ਭੇਦਿ ਜਾਣੈ ਜਾਣਾਈ॥
ਨਾਨਕ ਹਉਮੈ ਜਾਲਿ ਸਮਾਈ॥ ੨੯॥

ਪਦ ਅਰਥ: - ਗੁਰਮੁਖਿ – ਜੋਗੀ ਵਲੋਂ ਆਪਣੇ ਮੁਖੀ ਲਈ ਵਰਤਿਆ ਸ਼ਬਦ। ਅਕਥੁ ਕਥੈ ਬੀਚਾਰਿ –ਉਸ ਦੀ ਵੀਚਾਰ ਅਕਥੁ ਹੈ ਕਥੀ ਨਹੀਂ ਜਾ ਸਕਦੀ ਭਾਵ ਸਿੱਧ ਇਹ ਕਹਿ ਰਿਹਾ ਹੈ ਕਿ ਜੋਗ ਮੱਤ ਦੇ ਗੁਰਮੁਖਿ ਮੁਖੀ ਦੀ ਗੱਲ ਬੋਲਕੇ ਕਹਿਣ ਅਤੇ ਵੀਚਾਰ ਕਰਨ ਤੋ ਉੱਪਰ ਹੈ। ਗੁਰਮੁਖਿ ਜਪੀਐ ਅੰਤਰਿ ਪਿਆਰਿ – ਇਸ ਕਰਕੇ ਮੁੱਕਦੀ ਗੱਲ ਇਹ ਕਿ ਉਸਦਾ ਹੀ ਪਿਆਰ ਨਾਲ ਧਿਆਨ ਧਰਨ ਨਾਲ। ਅੰਤਰਿ – ਮੁਕਦੀ ਗੱਲ, ਅਖੀਰ। ਸਬਦਿ – ਬਖ਼ਸ਼ਿਸ਼ ਨਾਲ। ਗੁਰਮੁਖਿ ਪਾਈਐ ਸਬਦਿ ਅਚਾਰਿ – ਸਾਡੇ ਮੁਖੀ ਕਰਤੇ ਦੀ ਬਖ਼ਸ਼ਿਸ਼ (ਸ਼ਬਦਿ) ਨਾਲ ਚੰਗੇਰੀ ਸੂਝ ਪ੍ਰਾਪਤ ਕਰਨ ਦੁਆਰਾ। ਸਬਦਿ ਭੇਦਿ ਜਾਣੈ ਜਾਣਾਈ – ਉਸ ਦੀ ਬਖ਼ਸ਼ਿਸ਼ ਦੇ ਭੇਦ ਨੂੰ ਜਾਣਿਆ ਜਾ ਸਕਦਾ ਹੈ। ਨਾਨਕ ਹਉਮੈ ਜਾਲਿ ਸਮਾਈ – ਹੇ ਭਾਈ ਨਾਨਕ ਨੂੰ ਇਸ ਤਰ੍ਹਾਂ ਜੋਗੀ ਨੇ ਆਪਣੇ ਹਉਮੈ ਰੂਪ ਜਾਲ ਵਿੱਚ ਫਸਾਉਣ ਲਈ ਇਹ ਸ਼ਬਦ ਕਹੇ।
ਅਰਥ: - ਹੇ ਨਾਨਕ ਜਿਸ ਨੂੰ ਅਸੀਂ ਕਰਤਾ ਜਾਣਦੇ ਹਾਂ, ਉਸਦੀ ਵੀ ਕਥਾ ਅਕਥ ਹੈ ਭਾਵ ਬੋਲ ਕੇ ਕਹਿਣ ਤੋਂ ਵੀਚਾਰ ਕਰਨ ਤੋਂ ਬਾਹਰ ਹੈ। ਇਸ ਕਰਕੇ ਮੁੱਕਦੀ ਗੱਲ ਇਹ ਕਿ ਉਸਦਾ ਪਿਆਰ ਨਾਲ ਧਿਆਨ ਧਰਨ ਨਾਲ ਹੀ ਸਾਡੇ ਮੁਖੀ ਗੁਰਮੁਖਿ ਦੀ ਬਖ਼ਸ਼ਿਸ਼ ਨਾਲ ਚੰਗੇਰੀ ਸੂਝ ਪ੍ਰਾਪਤ ਕਰਕੇ ਉਸਦੀ ਬਖ਼ਸ਼ਿਸ਼ ਦੇ ਭੇਦ ਨੂੰ ਜਾਣਿਆ ਜਾ ਸਕਦਾ ਹੈ। ਹੇ ਭਾਈ ਨਾਨਕ ਨੂੰ ਇਸ ਤਰ੍ਹਾਂ ਜੋਗੀ ਨੇ ਆਪਣੇ ਹਉਮੈ ਰੂਪੀ ਜਾਲ ਵਿੱਚ ਲੀਨ ਕਰਨ ਭਾਵ ਫਸਾਉਣ ਲਈ ਇਹ ਸ਼ਬਦ ਕਹੇ।
ਨਾਨਕ ਪਾਤਸਾਹ ਜੀ ਦਾ ਜਵਾਬ: -
ਗੁਰਮੁਖਿ ਧਰਤੀ ਸਾਚੈ ਸਾਜੀ॥
ਤਿਸ ਮਹਿ ਓਪਤਿ ਖਪਤਿ ਸੁ ਬਾਜੀ॥
ਗੁਰ ਕੈ ਸਬਦਿ ਰਪੈ ਰੰਗੁ ਲਾਇ॥
ਸਾਚਿ ਰਤਉ ਪਤਿ ਸਿਉ ਘਰਿ ਜਾਏ॥
ਸਾਚ ਸਬਦ ਬਿਨੁ ਪਤਿ ਨਹੀਂ ਪਾਵੈ॥
ਨਾਨਕ ਬਿਨੁ ਨਾਵੈ ਕਿਉ ਸਾਚਿ ਸਮਾਵੈ॥ ੩੦॥

ਪਦ ਅਰਥ: - ਗੁਰਮੁਖਿ – ਕਰਤਾ, ਅਕਾਲ ਰੂਪ ਹਰੀ। ਧਰਤੀ – ਸ੍ਰਿਸ਼ਟੀ। ਸਾਚੈ – ਸੱਚੇ ਨੇ। ਸਾਜੀ – ਸਾਜਨਾ ਕੀਤੀ ਹੈ। ਗੁਰਮੁਖਿ ਦਰਅਸਲ ਉਹ ਹੈ ਜਿਸਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਤਿਸ ਮਹਿ ਓਪਤਿ – ਤਿਸ ਵਿੱਚ ਜੀਵ ਉਪਜਦੇ ਹਨ। ਖਪਤਿ ਸੁ ਬਾਜੀ – ਉਸ ਵਿੱਚ ਹੀ ਜੀਵ ਖ਼ਤਮ ਹੋ ਜਾਂਦੇ ਹਨ। ਭਾਵ ਇਹ ਸਾਰੀ ਕਾਇਨਾਤ ਉਸ ਰਚਣਹਾਰੇ ਦੀ ਆਪਣੀ ਖੇਡ ਹੈ। ਗੁਰ ਕੈ ਸਬਦਿ ਰਪੈ ਰੰਗੁ ਲਾਇ – ਜਿਹੜੇ ਉਸ ਕਰਤੇ ਰੂਪ ਗੁਰੂ ਦੀ ਬਖ਼ਸ਼ਿਸ਼ ਵਿੱਚ ਆਪਣੇ ਆਪ ਨੂੰ ਰੰਗ ਲੈਦੇ ਹਨ। ਸਾਚਿ ਰਤਉ ਪਤਿ ਸਿਉ ਘਰਿ ਜਾਏ – ਜਿਹੜੇ ਆਪਣੇ ਆਪ ਉਸ ਨੂੰ ਉਸ ਸੱਚ ਰੂਪ ਕਰਤੇ ਦੀ ਗੁਰ ਬਖ਼ਸ਼ਿਸ਼ ਵਿੱਚ ਰੰਗ ਲੈਂਦੇ ਹਨ, ਉਹ ਸੱਚ ਦੀ ਪ੍ਰਾਪਤੀ ਨਾਲ ਸੱਚ ਘਰ ਵਿੱਚ ਜਾ ਪਹੁੰਚਦੇ ਹਨ। ਭਾਵ ਸੱਚੇ ਵਿੱਚ ਲੀਨ ਹੋ ਜਾਂਦੇ ਹਨ। ਇਸ ਸੱਚ ਨੂੰ ਜਾਣ ਲੈਦੇ ਹਨ ਕਿ ਕਿਸੇ ਜੰਮਕੇ ਮਰ ਜਾਣ ਵਾਲੇ ਦੀ ਮੁਹਤਾਜੀ ਦੀ ਲੋੜ ਨਹੀਂ। ਸਾਚ ਸਬਦ ਬਿਨੁ ਪਤਿ ਨਹੀਂ ਪਾਵੈ – ਸੱਚੇ ਦੀ ਸੱਚੀ ਬਖਸ਼ਿਸ਼ ਤੋ ਬਗ਼ੈਰ ਇਹ ਪ੍ਰਾਪਤੀ ਨਹੀਂ ਹੋ ਸਕਦੀ। ਨਾਨਕ ਬਿਨੁ ਨਾਵੈ ਕਿਉ ਸਾਚਿ ਸਮਾਵੈ - ਹੇ ਭਾਈ ਨਾਨਕ ਆਖਦਾ ਹੈ ਬਗ਼ੈਰ ਸੱਚ ਸਰੂਪ ਕਰਤੇ ਦੀ ਬਖਸ਼ਿਸ਼ ਲੈਣ ਦੇ ਕਿਵੇਂ ਕੋਈ ਜੰਮਕੇ ਮਰ ਜਾਣ ਵਾਲੇ ਦੀ ਬਖ਼ਸ਼ਿਸ਼ ਨਾਲ ਸੱਚੇ ਵਿੱਚ ਸਮਾ ਸਕਦਾ ਹੈ।
ਅਰਥ: - ਹੇ ਜੋਗੀ ਸੱਚ-ਸਰੂਪ ਗੁਰਮੁਖਿ ਦਰਅਸਲ ਉਹ ਹੈ ਜੋ ਸ੍ਰਿਸ਼ਟੀ ਦਾ ਰਚਣਹਾਰ ਹੈ। ਜਿਸ ਦੀ ਰਚੀ ਸ੍ਰਿਸ਼ਟੀ ਦੀ ਰਚਨਾ ਵਿੱਚ ਜੋ ਜੀਵ ਉਪਜਦੇ ਹਨ, ਬੇਸ਼ੱਕ ਆਪਣੇ ਆਪ ਨੂੰ ਗੁਰਮੁਖਿ ਹੀ ਅਖਵਾਉਣ, ਸ੍ਰਿਸ਼ਟੀ ਵਿੱਚ ਹੀ ਖ਼ਤਮ ਹੋ ਜਾਂਦੇ ਹਨ। ਇਹ ਸਾਰੀ ਰਚਨਾ ਉਸ ਰਚਣਹਾਰੇ ਦੀ ਆਪਣੀ ਖੇਡ ਹੈ। ਜਿਹੜੇ ਉਸ ਅਕਾਲ ਰੂਪ ਕਰਤੇ ਰਚਣਹਾਰੇ ਦੀ ਗੁਰ ਰੂਪ ਬਖ਼ਸ਼ਿਸ਼ ਵਿੱਚ ਆਪਣੇ ਆਪ ਨੂੰ ਰੰਗ ਲੈਂਦੇ ਹਨ, ਭਾਵ ਉਸ ਸੱਚ ਸਰੂਪ ਨੂੰ ਹੀ ਗੁਰਮੁਖਿ (ਕਰਤਾ) ਮੰਨਦੇ ਹਨ। ਦਰਅਸਲ ਉਹ ਅਕਾਲ ਰੂਪ ਕਰਤੇ ਨੂੰ ਹੀ ਆਪਣੇ ਅੰਦਰ ਸੱਚ ਜਾਣਕੇ ਵਸਾ ਲੈਂਦੇ ਹਨ। ਇਸ ਲਈ ਸੱਚੇ ਦੀ ਸੱਚੀ ਬਖ਼ਸ਼ਿਸ਼ ਤੋਂ ਬਿਨਾਂ, ਬਖ਼ਸ਼ਿਸ਼ ਪ੍ਰਾਪਤ ਨਹੀਂ ਹੋ ਸਕਦੀ। ਨਾਨਕ ਆਖਦਾ ਹੈ ਕਿ ਉਸਦੀ ਬਖ਼ਸ਼ਿਸ਼ ਤੋਂ ਬਗ਼ੈਰ ਸੱਚ ਵਿੱਚ ਲੀਨ ਨਹੀਂ ਹੋਇਆ ਜਾ ਸਕਦਾ।
ਅਉਧੂ ਦਾ ਸਵਾਲ: -
ਗੁਰਮੁਖਿ ਅਸਟ ਸਿਧੀ ਸਭਿ ਬੁਧੀ॥
ਗੁਰਮੁਖਿ ਭਵਜਲੁ ਤਰੀਐ ਸਚ ਸੁਧੀ॥
ਗੁਰਮੁਖਿ ਸਰ ਅਪਸਰ ਬਿਧਿ ਜਾਣੈ॥
ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ॥
ਗੁਰਮੁਖਿ ਤਾਰੇ ਪਾਰਿ ਉਤਾਰੇ॥
ਨਾਨਕ ਗੁਰਮੁਖਿ ਸਬਦਿ ਨਿਸਤਾਰੇ॥ ੩੧॥

ਪਦ ਅਰਥ: - ਗੁਰਮੁਖਿ – ਜੋਗੀ ਵਲੋਂ ਆਪਣੇ ਮੁਖੀ ਲਈ ਵਰਤਿਆ ਸ਼ਬਦ ‘ਕਰਤਾ’। ਅਸਟਿ ਸਿੱਧੀ – ਅੱਠ ਸਿੱਧੀਆਂ, ਅੱਠ ਕਰਾਮਾਤਿਕ ਸ਼ਕਤੀਆਂ ਜਿਨ੍ਹਾਂ ਦੀ ਪ੍ਰਾਪਤੀ ਲਈ ਸਿੱਧ ਜੀਵਨ ਭਰ ਯਤਨ ਕਰਦੇ ਰਹਿੰਦੇ ਹਨ। ਸਭਿ ਬੁਧੀ – ਸਾਰੀ ਸੂਝ। ਗੁਰਮੁਖਿ ਭਵਜਲੁ ਤਰੀਐ ਸਚ ਸੁਧੀ – ਸੋ ਇਸ ਸਾਡੇ ਮੁਖੀ ਕਰਤੇ ਦੀ ਬਖਸ਼ਿਸ਼ ਸੱਚ ਰੂਪ ਸੂਝ ਨਾਲ ਇਹ ਸੰਸਾਰ ਰੂਪ ਸਮੁੰਦਰ ਤਰਿਆ ਜਾ ਸਕਦਾ ਹੈ। ਸਚ ਸੁਧੀ – ਸੱਚ ਰੂਪ ਸੂਝ। ਗੁਰਮੁਖਿ ਸਰ ਅਪਸਰ ਬਿਧਿ ਜਾਣੈ – ਪਵਿੱਤਰ ਅਤੇ ਅਪਵਿੱਤਰ ਬਿਧੀ ਨੂੰ ਜਾਣਿਆ ਜਾ ਸਕਦਾ ਹੈ। ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ – ਇਸ ਕਰਕੇ ਕਿਸੇ ਪਰਾਈ ਆਸ ਨੂੰ ਛੱਡ ਕਿ ਜੋ ਇਸ ਜੋਗ ਮੁਖੀ ਨੂੰ ਸੱਚ ਕਰਕੇ ਨੇੜੇ ਜਾਣ ਲੈਂਦਾ ਹੈ। ਗੁਰਮੁਖਿ ਤਾਰੇ ਪਾਰਿ ਉਤਾਰੇ – ਉਸ ਨੂੰ ਪਛਾਨਣ ਵਾਲਾ ਹੀ ਇਹ ਜਾਣਦਾ ਹੈ ਕਿ ਇਹ ਹੀ ਪਾਰ ਉਤਾਰਾ ਕਰਨ ਵਾਲਾ ਹੈ। ਨਾਨਕ ਗੁਰਮੁਖਿ ਸਬਦਿ ਨਿਸਤਾਰੇ – ਹੇ ਭਾਈ ਇਸ ਤਰ੍ਹਾਂ ਨਾਨਕ ਨੂੰ ਜੋਗੀ ਵਲੋਂ ਆਪਣੇ ਮੁਖੀ ਹੀ ਨੂੰ ਗੁਰਮੁਖਿ ਕਰਤਾ ਬਖਸ਼ਿਸ਼ ਕਰਕੇ ਨਿਸਤਾਰਾ ਕਰਨ ਵਾਲਾ ਹੈ ਆਖਕੇ ਪ੍ਰੇਰਿਆ ਗਿਆ।
ਅਰਥ: - ਹੇ ਨਾਨਕ ਸਾਡਾ ਮੁਖੀ ਹੀ ਕਰਤਾ ਹੈ ਕਿਉਂਕਿ ਇਸ ਨੂੰ ਅੱਠ ਸਿੱਧੀਆ ਦੀ ਚੰਗੀ ਤਰ੍ਹਾਂ ਪ੍ਰਾਪਤੀ ਹੈ। ਸੋ ਇਸ ਕਰਕੇ ਸਾਡਾ ਮੁਖੀ ਹੀ ਕਰਤਾ ਹੈ। ਇਸਦੇ ਸੱਚ ਰੂਪ ਸੂਝ ਦੀ ਬਖ਼ਸ਼ਿਸ਼ ਨਾਲ ਹੀ ਸੰਸਾਰ ਰੂਪ ਸਮੁੰਦਰ ਤਰਿਆ ਜਾ ਸਕਦਾ ਹੈ। ਇਸਦੀ ਬਖ਼ਸ਼ਿਸ਼ ਨਾਲ ਹੀ ਪਵਿੱਤਰ ਅਤੇ ਅਪਵਿੱਤਰ ਬਿਧੀ ਨੂੰ ਜਾਣਿਆ ਜਾ ਸਕਦਾ ਹੈ। ਇਸ ਕਰਕੇ ਜੋ ਵੀ ਕੋਈ ਪਰਾਈ ਆਸ ਨੂੰ ਛੱਡਕੇ ਸਾਡੇ ਮੁਖੀ ਨੂੰ ਸੱਚ ਸਮਝਕੇ ਨੇੜੇ ਜਾਣ ਲੈਂਦਾ ਹੈ, ਉਹ ਸਾਡੇ ਮੁਖੀ ਨੂੰ ਹੀ ਨਿਸਤਾਰਾ (ਭਾਵ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ) ਕਰਨ ਵਾਲਾ ਸੱਚ ਰੂਪ ਕਰਤਾ ਜਾਣ ਲੈਂਦਾ ਹੈ। ਹੇ ਭਾਈ ਇਸ ਤਰ੍ਹਾਂ ਨਾਨਕ ਨੂੰ ਸਿੱਧ ਵਲੋਂ ਉਸ ਦੇ ਮੁਖੀ ਨੂੰ ਹੀ ਪਾਰਉਤਾਰਾ ਕਰਨ ਵਾਲਾ ਕਹਿਕੇ ਉਸਦੀ ਸ਼ਰਨ ਵਿੱਚ ਆਉਣ ਲਈ ਪਰੇਰਿਆ ਗਿਆ।

ਬਲਦੇਵ ਸਿੰਘ ਟੋਰਾਂਟੋ




.