.

ਅਜੋਕੀ ਗਾਇਕੀ
ਸਤਿੰਦਰਜੀਤ ਸਿੰਘ

ਪੰਜਾਬ ਦਾ ਅਮੀਰ ਵਿਰਸਾ ਅਤੇ ਅਣਖੀਲੇ-ਜਝਾਰੂ ਪੰਜਾਬੀਆਂ ਦਾ ਸੱਭਿਆਚਾਰ ਅੱਜ ਪੂਰੀ ਤਰ੍ਹਾਂ ਕੁਰਾਹੇ ਪੈ ਚੁੱਕਿਆ ਹੈ। ਪੰਜਾਬ ਦੇ ਸੱਭਿਆਚਾਰ ਦੀ ਝਲਕ ਪੇਸ਼ ਕਰਦੀਆਂ ਲੋਕ-ਬੋਲੀਆਂ ਅਤੇ ਪੰਜਾਬੀਆਂ ਦੇ ਜੋਸ਼ੀਲੇ ਸੁਭਾਅ ਨੂੰ ਦਰਸਾਉਣ ਵਾਲੇ ਸ਼ਬਦ ਹੁਣ ਲੱਚਰਤਾ ਅਤੇ ਅਸ਼ਲੀਲਤਾ ਭਰੇ ਬੋਲਾਂ ਵਿੱਚ ਬਦਲ ਗਏ ਹਨ। ਨਸਾਂ ਵਿੱਚ ਜੰਮੇ ਖੂਨ ਨੂੰ ਵਹਾਅ ਦੇਣ ਵਾਲੇ ਬੋਲਾਂ ਨਾਲ ਗੜੁੱਚ ਢਾਡੀ ਵਾਰਾਂ ਤਾਂ ਹੁਣ ਇਤਿਹਾਸ ਬਣ ਕੇ ਰਹਿ ਗਈਆਂ ਹਨ, ਪੁਰਾਣੀਆਂ ਢਾਡੀ-ਵਾਰਾਂ ਨੂੰ ‘ਨਵੇਂ ਮਿਊਜ਼ਿਕ’ ਦੀ ਚਾਦਰ ਵਿੱਚ ਲਪੇਟ ਕੇ ਲਿਆਂਦਾ ਜਾ ਰਿਹਾ ਹੈ ਜਿਸ ਵਿੱਚ ਮਿਊਜ਼ਿਕ ਦੇ ਸ਼ੋਰ-ਸ਼ਰਾਬੇ ਵਿੱਚ ਆਤਮਾ ਨੂੰ ਝੰਜੋੜਨ ਵਾਲੀ ਅਵਾਜ਼ ਦਬਾ ਦਿੱਤੀ ਜਾਂਦੀ ਹੈ। ਲੋਕਾਂ ਦੀ ਸੋਚ ਅਤੇ ਮਾਨਸਿਕਤਾ ਨੂੰ ਐਸਾ ਪੁੱਠਾ ਗੇੜਾ ਦਿੱਤਾ ਗਿਆ ਹੈ ਕਿ ਚੰਗੇ ਗੀਤ ਸੁਣਨਾ ਕੋਈ ਵਿਰਲਾ ਹੀ ਪਸੰਦ ਕਰਦਾ ਹੈ। ਜਿੱਥੇ ਪਹਿਲਾਂ ਸ਼ਹੀਦਾਂ ਦੀਆਂ ਗਾਥਾਵਾਂ ਨੂੰ ਕਵਿਤਾਵਾਂ ਜਾਂ ਗੀਤਾਂ ਰਾਹੀਂ ਸੁਣਾ ਕੇ ਲੋਕਾਂ ਵਿੱਚ ਜੋਸ਼ ਭਰਿਆ ਜਾਂਦਾ ਸੀ ਉੱਥੇ ਹੀ ਅੱਜ ਦੇ ਸਮੇਂ ਲੋਕਾਂ ਨੂੰ ਨੰਗੇਜ਼ਵਾਦ ਵੱਲ ਧੱਕਿਆ ਜਾ ਰਿਹਾ ਹੈ। ਬੱਸਾਂ ਵਿੱਚ ਸਫਰ ਕਰਨ ਦਾ ਮਤਲਬ ਸਾਰੇ ਰਸਤੇ ਲੱਚਰ ਸ਼ਬਦਾਂ ਵਿੱਚ ਲਿਬੜਨਾ ਹੀ ਹੈ। ਇਹ ਭੁੱਲ ਕੇ ਕਿ ਬਹੁਤ ਸਾਰੇ ਲੋਕ ਆਪਣੀਆਂ ਧੀਆਂ-ਭੈਣਾਂ ਨਾਲ ਸਫਰ ਕਰ ਰਹੇ ਹੋਣਗੇ, ਲੱਚਰ ਗੀਤ ਬਹੁਤ ਉੱਚੀ ਆਵਾਜ਼ ਵਿੱਚ ਵੱਜ ਰਹੇ ਹੁੰਦੇ ਹਨ। ਲੋਕਾਂ ਦੀ ਮਾਨਸਿਕਤਾ ਵੀ ਅਸ਼ਲੀਲਤਾ ਵਿੱਚ ਗੋਤੇ ਖਾ ਰਹੀ ਹੈ। ਅੱਜ ਗੀਤ ਸੁਣਨ ਲਈ ਘੱਟ, ਦੇਖਣ ਲਈ ਵੱਧ ਬਣਾਏ ਜਾਂਦੇ ਹਨ। ਚੰਦ ਕੁ ਰੁਪਇਆਂ ਦੀ ਖਾਤਰ ਸ਼ਰਮ ਨੂੰ ਠੋਕਰ ਮਾਰ ‘ਰਸਤੇ ਦੀ ਧੂੜ’ ਵਿੱਚ ਮਿਲਾ ਕੇ ਅੱਧੇ ਕੱਪੜੇ (ਕਈ ਵਾਰ ਤਾਂ ਬੱਸ ਨਾਮ ਦੇ ਹੀ ਕੱਪੜੇ) ਪਾ ਕੇ ਲੱਚਰ ਭਾਸ਼ਾ ਵਾਲੇ ਗੀਤਾਂ ਦੇ ਬੋਲਾਂ ‘ਤੇ ਨੱਚ ਰਹੀਆਂ ਕੁੜੀਆਂ ਨੂੰ ਦੇਖ ਕੇ, ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਮਾਂ-ਬਾਪ ‘ਤੇ ਵੀ ਗੁੱਸਾ ਆਉਂਦਾ ਹੈ। ਲਿਖਣ ਵਾਲੇ ਨੇ ਤਾਂ ਆਪਣੀ ਅਕਲ ਦਾ ਜ਼ਨਾਜਾ ਕਾਗਜ਼ ਕਾਲਾ ਕਰਕੇ ਕੱਢ ਲਿਆ ਪਰ ਗਾਉਣ ਵਾਲਾ ਅਸ਼ਲੀਲ ਗੀਤ ਗਾ ਕੇ ਸਾਰੇ ਸਮਾਜ ਨੂੰ ਲੱਚਰਤਾ ਦੀ ਭੱਠੀ ਵਿੱਚ ਝੋਕ ਦਿੰਦਾ ਹੈ। ਗਾਉਣ ਵਾਲੇ ਵੀ ਅੱਜ-ਕੱਲ੍ਹ ਇੱਕ-ਦੂਸਰੇ ਨੂੰ ‘ਧੱਕੇ ਦਿੰਦੇ’ ਫਿਰਦੇ ਹਨ। ਗਾਉਣ ਦੀ ਕਲਾ ਵੈਸੇ ਤਾਂ ਸਿੱਖਣੀ ਬਹੁਤ ਮੁਸ਼ਕਿਲ ਹੈ ਪਰ ਕੁਦਰਤ ਵੱਲੋਂ ਮਿਲੇ ਸੁਰੀਲੇਪਣ ਨੂੰ ਜਾਂ ਮਿਹਨਤ ਨਾਲ ਸਿੱਖੀ ਕਲਾ ਨੂੰ ਅੱਜ ਦੇ ਜ਼ਿਆਦਾਤਰ ਗਾਇਕ ਅਜੀਬ-ਅਜੀਬ ਨਾਮ ਰੱਖ ਕੇ ਅਤੇ ਭੈੜੀਆਂ ਜਿਹੀਆਂ ਸ਼ਕਲਾਂ ਬਣਾ ਕੇ ਘਟੀਆ ਦਰਜੇ ਦੀ ਕਲਾ ਦਾ ਪ੍ਰਦਰਸ਼ਨ ਕਰ ਕੇ ‘ਖੂਹ ਵਿੱਚ ਸੁੱਟਣ’ ਵਾਲਾ ਕੰਮ ਕਰਦੇ ਹਨ। ਅੱਜ ਦੇ ਸਮੇਂ ਸੁਰੀਲਾ ਗਾਉਣ ਵਾਲੇ ਤਾਂ ਘੱਟ ਹਨ ਜ਼ਿਆਦਾਤਰ ਗਿਣਤੀ ਤਾਂ ‘ਰੌਲਾ ਪਾਉਣ’ ਵਾਲਿਆਂ ਦੀ ਹੀ ਹੈ। ਇਹਨਾਂ ‘ਭੱਦਰ-ਪੁਰਸ਼ਾਂ’ ਨੂੰ ਜਦੋਂ ਮਰਜ਼ੀ ਪੁੱਛ ਲਉ ਕਿ ‘ਤੁਹਾਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ?’ ਤਾਂ ਝੱਟ ਹੀ ਰਟਿਆ-ਰਟਾਇਆ ਜਵਾਬ ਮਿਲਦਾ ਹੈ ਕਿ ‘ਬੱਸ ਜੀ ਛੋਟੇ ਹੁੰਦਿਆਂ ਸਕੂਲ ਵਿੱਚ ਪੜ੍ਹਨ ਸਮੇਂ ਸਾਡੇ ਸਕੂਲ ਬੁੱਧਵਾਰ ਨੂੰ ਬਾਲ-ਸਭਾ ਹੁੰਦੀ ਸੀ ‘ਤੇ ਮਾਸਟਰਾਂ ਨੇ ਮੈਨੂੰ ਕਹਿਣਾ ਬਈ ਤੂੰ ਗਾ’. ਮਾਸਟਰਾਂ ਦੀ ਉਸ ਛੋਟੀ ਜਿਹੀ ਗਲਤੀ ਦੀ ਇਹਨਾਂ ਸਮਾਜ ਨੂੰ ਐਨੀ ਵੱਡੀ ਸਜ਼ਾ ਦੇਣੀ ਹੈ, ਜੇ ਇਹ ਗੱਲ ਉਹਨਾਂ ਮਾਸਟਰਾਂ ਨੂੰ ਪਤਾ ਹੁੰਦੀ ਤਾਂ ਸ਼ਾਇਦ ਸਕੂਲ ਵਿੱਚ ਕਦੇ ਬਾਲ-ਸਭਾ ਲਗਦੀ ਹੀ ਨਾ। ਹਰ ਗਾਉਣ ਵਾਲਾ ਨਵੀਂ ਆ ਰਹੀ ਕੈਸਿਟ ਦੇ ਸੰਬੰਧ ਵਿੱਚ ਟੀ.ਵੀ. ਜਾਂ ਰੇਡੀਓ ਉੱਪਰ ਆਖਦਾ ਹੈ ਕਿ ‘ਇਸ ਵਿੱਚ ਸੱਭਿਆਚਾਰਿਕ ਗੀਤ ਹਨ’ ਪਰ ਇਹਨਾਂ ਜੋ ਸੱਭਿਆਚਾਰ ਦੀ ਮਿੱਟੀ ਪਲੀਤ ਕੀਤੀ ਹੁੰਦੀ ਹੈ ਉਸਦਾ ਪਤਾ ਤਾਂ ਕੈਸਿਟ ਦੇ ਬਾਜ਼ਾਰ ਵਿੱਚ ਆਉਣ ‘ਤੇ ਹੀ ਲਗਦਾ ਹੈ। ਅੱਜ ਦੇ ਗਾਇਕ ਜ਼ਮੀਰ ਨੂੰ ਗਹਿਣੇ ਰੱਖ ਕੇ ‘ਇਸ਼ਕ-ਮੁਸ਼ਕ’ ਦੀਆਂ ਕਹਾਣੀਆਂ ਨੂੰ ਕਾਲਜਾਂ ਦੇ ਵਿਹੜੇ ਵਿੱਚੋਂ ਖਿੱਚ ਕੇ ਸਕੂਲਾਂ ਤੱਕ ਲੈ ਆਏ ਹਨ। ਸਮਾਜ ਵਿੱਚ ਲੜਕੀਆਂ ਦੇ ਕਿਰਦਾਰ ਨੂੰ ਨਾਕਾਰਾਤਮਿਕ ਰੂਪ ਵਿੱਚ ਦਰਸਾਉਣ ਲਈ ਸਭ ਤੋਂ ਵੱਡਾ ਰੋਲ ਅਸ਼ਲੀਲ ਗਾਇਕੀ ਦਾ ਹੈ। ਲੜਕੀਆਂ ਦਾ ਜਿਸ ਤਰ੍ਹਾਂ ਦਾ ਚਰਿੱਤਰ ਅੱਜ ਦੇ ਜ਼ਿਆਦਾਤਰ ਗੀਤਾਂ ਵਿੱਚ ਪੇਸ਼ ਕੀਤਾ ਜਾਂਦਾ ਹੈ ਉਸ ਨਾਲ ਸ਼ਾਇਦ ਹੀ ਕੋਈ ਚਾਹੇ ਕਿ ਉਸ ਦੇ ਘਰ ‘ਧੀ ਜਨਮ ਲਵੇ’, ਕਿਉਂਕਿ ਪੁਰਾਣੇ ਸਮਿਆਂ ਤੋਂ ਧੀ ਨੂੰ ‘ਘਰ ਦੀ ਇੱਜ਼ਤ’ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਸੇ ਇੱਜ਼ਤ ਨੂੰ ਅੱਜ ਦੇ ਗਾਉਣ ਵਾਲੇ ਤਾਰ-ਤਾਰ ਕਰ ਕੇ ਪੈਸੇ ਕਮਾ ਰਹੇ ਹਨ।
ਅੱਜ ਦੇ ਸਮੇਂ ਕਿਰਸਾਨੀ ‘ਆਪਾ ਗੁਆ’ ਚੁੱਕੀ ਹੈ ਅਤੇ ਦੁਨੀਆਂ ਦੇ ‘ਅੰਨਦਾਤੇ’ ‘ਜੱਟ’ ਦੀ ਸੋਚ ‘ਖੁਦਕਸ਼ੀਆਂ’ ਤੱਕ ਆਣ ਪਹੁੰਚੀ ਹੈ ਪਰ ਸਦਕੇ ਜਾਈਏ ਸਾਡੇ ਲਿਖਾਰੀਆਂ ਅਤੇ ਗਾਉਣ ਵਾਲਿਆਂ ਦੇ ਜਿੰਨ੍ਹਾਂ ਜੱਟ ਨੂੰ ਗੀਤਾਂ ਵਿੱਚ ਦਾਰੂ ਪੀ ਕੇ ਗਲੀਆਂ ਵਿੱਚ ਲਲਕਾਰੇ ਮਾਰਦਾ ਅਤੇ ਬਹੁਤ ਹੀ ਅਮੀਰ ਬਣਾ ਕੇ ਪੇਸ਼ ਕੀਤਾ ਹੈ। ਜਿੱਥੇ ਜੱਟ ਕਈ ਦਿਨ ਬਾਅਦ ਮੰਡੀਆਂ ਵਿੱਚ ‘ਰੌਣਕ-ਮੇਲਾ’ ਦੇਖ ਕੇ ਮਸਾਂ ਹੀ ਫਸਲ ਵੇਚ ਕੇ ਘਰ ਮੁੜਦਾ ਹੈ ਅਤੇ ਆੜ੍ਹਤੀਏ ਤੋਂ ਪੈਸੇ ‘ਪੂਰੇ’ ਲੈਣ ਦੇ ਬਾਵਜੂਦ ਵੀ ‘ਅੱਧੇ’ ਹੀ ਰਹਿ ਜਾਂਦੇ ਹਨ ਅਤੇ ਉਹ ਅੱਧੇ ਵੀ ਘਰ ਦਾ ਬੂਹਾ ਖੜਕਾਉਣ ਤੱਕ ‘ਲੈਣ-ਦੇਣ’ ਜਾਂ ਹੋਰ ਘਰ ਦੇ ਕੰਮਾਂ, ਧੀ-ਪੁੱਤ ਦੇ ਵਿਆਹ ਆਦਿ ਵਿੱਚ ਖਰਚ ਹੋ ਚੁੱਕੇ ਹੁੰਦੇ ਹਨ, ਉੱਥੇ ਹੀ ਸਾਡੇ ‘ਸੱਭਿਆਚਾਰ ਦੀ ਸੇਵਾ’ ਦੇ ਨਾਮ ‘ਤੇ ਖਾਣ ਵਾਲੇ ਗਾਇਕ ਰਿਸ਼ਤੇ ਵਿੱਚ ਲਗਦੀ ਸਾਲੀ ਦੇ ਨੱਚਦੇ ਰਹਿਣ ਤੱਕ ਨੋਟ ਵਾਰਨ ਦਾ ਸਿਹਰਾ ਜੱਟ ਸਿਰ ਬੰਨ੍ਹਦੇ ਫਿਰਦੇ ਹਨ। ਨੌ-ਜੁਆਨਾਂ ਨੂੰ ਪੜ੍ਹ-ਲਿਖ ਕੇ ਚੰਗੇ ਕਿਰਦਾਰ ਦੇ ਮਾਲਕ ਬਣ ਕਿਸੇ ਕੰਮ-ਕਾਰ ਕਰਨ ਦੀ ਚੰਗੀ ਸੇਧ ਦੇਣ ਦੀ ਬਜਾਏ ‘ਪਿੰਡ ਛੱਡ ਕੇ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਕਿਸੇ ਦੀ ਧੀ-ਭੈਣ ਦੇ ਪਿੱਛੇ ਆ ਕੇ’ ਗੇੜੇ ਕੱਢਣ ਲਈ ਉਕਾਸਾਉਂਦੇ ਹਨ।
ਅੱਜ ਦੀ ਇਸ ਗਾਇਕੀ ਦੇ ਯੁੱਗ ਵਿੱਚ:
• ਕੀ ਕੋਈ ਲਿਖਣ ਵਾਲਾ ਜਾਂ ਗਾਉਣ ਵਾਲਾ ਹੈ ਜੋ ਆਪਣੀ ਧੀ-ਭੈਣ ਦੇ ਸੰਬੰਧ ਵਿੱਚ ‘ਅਧੀਏ ਦਾ ਨਸ਼ਾ ਚੜ੍ਹ ਗਿਆ ਦਰਸ਼ਨ ਤੇਰੇ ਕਰਕੇ ਨੀ...” ਸੁਣਨਾ ਪਸੰਦ ਕਰੇਗਾ...?
• ਕੀ ਕੋਈ ਲਿਖਣ ਵਾਲਾ ਜਾਂ ਗਾਉਣ ਵਾਲਾ ਹੈ ਜੋ ਆਪਣੀ ਧੀ-ਭੈਣ ਦੀ ਤਾਰੀਫ ‘ਲੱਕ 28 ਕੁੜੀ ਦਾ, 47 ਵੇਟ ਕੁੜੀ ਦਾ...’ ਵਰਗੇ ਬੋਲਾਂ ਨਾਲ ਸੁਣਨਾ ਜਾਂ ਕਰਨਾ ਪਸੰਦ ਕਰੇਗਾ...?
• ਕੀ ਕੋਈ ਲਿਖਣ ਵਾਲਾ ਜਾਂ ਗਾਉਣ ਵਾਲਾ ਹੈ ਜੋ ਆਪਣੇ ਗੁਆਂਢੀ ਚਾਚੇ-ਤਾਏ ਦੀ ਧੀ ਨਾਲ ਇਸ਼ਕ ਕਰਨਾ ਚਾਹੁੰਦਾ ਹੋਵੇ...?
• ਕੀ ਕੋਈ ਲਿਖਣ ਵਾਲਾ ਜਾਂ ਗਾਉਣ ਵਾਲਾ ਹੈ ਜੋ ਜਿਸਦੇ ਮਾਂ-ਬਾਪ ਸ਼ਰਾਬੀ ਪੁੱਤਰ ਨੂੰ ਦੇਖ-ਦੇਖ ਕੇ ਖੁਸ਼ ਹੁੰਦੇ ਹਨ ਅਤੇ ਮਾਣ ਨਾਲ ਦੱਸਦੇ ਹਨ ਕਿ ‘ਸਾਡਾ ਪੁੱਤਰ ਬਹੁਤ ਪੀਂਦਾ ਹੈ’...?
• ਕੀ ਕੋਈ ਲਿਖਣ ਵਾਲਾ ਜਾਂ ਗਾਉਣ ਵਾਲਾ ਹੈ ਜੋ ਆਪਣੀ ਧੀ-ਭੈਣ ਦੇ ਸੰਬੰਧ ਵਿੱਚ ਕਹੀ ਗੱਲ ‘ਚੰਡੀਗੜ੍ਹ ਝੀਲ ਦੀ ਕਰਾ ਦਊਂ ਸੈਰ ਆ ਜਾਈਂ ਬਿੱਲੋ ਟਾਇਮ ਕੱਢ ਕੇ..’ ਸੁਣ ਕੇ ਖਿੜ੍ਹੇ-ਮੱਥੇ ਪ੍ਰਵਾਨ ਕਰੇਗਾ...?
• ਕੀ ਕੋਈ ਲਿਖਣ ਵਾਲਾ ਜਾਂ ਗਾਉਣ ਵਾਲਾ ਹੈ ਜਿੰਨ੍ਹਾਂ ਦੇ ਘਰ ਧੀਆਂ-ਭੈਣਾਂ ਸ਼ੀਸ਼ੇ ਨੂੰ ਗਲੀ ਦੇ ਮੁੰਡਿਆਂ ਦੇ ਸੱਚੇ-ਝੂਠੇ ਹੋਣ ਦੀ ਗੱਲ ਪੁੱਛਦੀਆਂ ਹਨ...?
• ਕਿਸ ਗਾਇਕ ਜਾਂ ਲਿਖਾਰੀ ਦੇ ਘਰ ਕਿਸੇ ਨੂੰ ਮਿਲਣ ਜਾਣ ਲਈ ‘ਸੈਰ ਦਾ ਬਹਾਨਾ’ ਲਗਾਇਆ ਜਾਂਦਾ ਹੈ...?
ਹੋਰ ਵੀ ਬਹੁਤ ਸਾਰੇ ਇਸ ਪ੍ਰਕਾਰ ਦੇ ਸਵਾਲ ਹਨ ਜਿੰਨ੍ਹਾਂ ਦਾ ਜਵਾਬ ਯਕੀਨਨ ਨਹੀਂ ਵਿੱਚ ਹੋਵੇਗਾ ਫਿਰ ਕਿਉਂ ਦੂਸਰੇ ਦੀਆਂ ਧੀਆਂ-ਭੈਣਾਂ ਨੂੰ ਨੀਵਾਂ ਦਿਖਾਉਣ ਦੀ ਕੋਝੀ ਹਰਕਤ ਅੱਜ ਦੇ ਲੱਚਰ ਲੇਖਕਾਂ ਅਤੇ ਗਾਉਣ ਵਾਲਿਆਂ ਵੱਲੋਂ ਕੀਤੀ ਜਾਂਦੀ ਹੈ...? ਸਿੱਖ ਧਰਮ ਦੀ ਜੜ੍ਹ ਲਗਾਉਣ ਵਾਲੇ ਗੁਰੂ ਨਾਨਕ ਸਾਹਿਬ ਨੇ ਮਾਨਵਤਾ ਨੂੰ ਔਰਤ ਦੇ ਮਾਣ-ਸਤਿਕਾਰ ਨੂੰ ਮਹੱਤਵ ਦੇਣ ਲਈ ਪ੍ਰੇਰਨਾ ਦਿੰਦੇ ਹੋਏ “ਦੇਖ ਪਰਾਈਆਂ ਚੰਗੀਆਂ ਮਾਵਾਂ,ਭੈਣਾਂ ਧੀਆਂ ਜਾਣੈ” ਦਾ ਹੋਕਾ ਦਿੱਤਾ ਸੀ ਪਰ ਅੱਜ ਦੇ ਗਾਉਣ ਵਾਲੇ ਸ਼ਰੇਆਮ ਨੰਗੇਜ਼ ਨੂੰ ਪ੍ਰਚਾਰ ਰਹੇ ਹਨ। ਹਾਲਾਤ ਇਸ ਕਦਰ ਬਣ ਗਏ ਹਨ ਕਿ ਖਾਸ ਦਿਨ ‘ਸੱਭਿਆਚਾਰਕ ਪ੍ਰੋਗਰਾਮ’ ਨਾਲ ਮਨਾਏ ਜਾਂਦੇ ਹਨ। ਇਹਨਾਂ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਸ਼ਰਮ ਦਾ ਜੋ ਚੀਰ-ਹਰਣ ਕੀਤਾ ਜਾਂਦਾ ਹੈ ਉਹ ਕਿਸੇ ਤੋਂ ਗੁੱਝਾ ਨਹੀਂ। ਅੱਜ ਦੇ ਇਸ ਅਗਾਂਹ-ਵਧੂ ਯੁੱਗ ਵਿੱਚ ਵੋਟਾਂ ਦੇ ਸਮੇਂ ‘ਲੋਕਤੰਤਰ’ ਦੇ ਨਿਰਮਾਤਾ ਅਖਵਾਉਣ ਵਾਲੇ ਲੋਕਾਂ ਨੂੰ ਗਾਇਕਾਂ ਦੇ ਨਾਮ ਨਾਲ ਇਕੱਠੇ ਕੀਤਾ ਜਾਂਦਾ ਹੈ। ਉਮੀਦਵਾਰ ਦੇ ਆਉਣ ਤੋਂ ਪਹਿਲਾਂ ਗਾਉਣ ਵਾਲੇ ਆਪਣੀ ‘ਕਲਾ’ ਨਾਲ ‘ਰੰਗ’ ਬੰਨ੍ਹਦੇ ਹਨ। ਲੋਕਾਂ ਦੀ ਸੋਚ ਬੱਸ ਢੋਲਕੀਆਂ ਦੇ ਸ਼ੋਰ-ਸ਼ਰਾਬੇ ਹੇਠ ਦੱਬੀ ਜਾਂਦੀ ਹੈ।
ਲੋਕਾਂ ਨੂੰ ਉੱਚੇ-ਆਚਰਣ ਦੇ ਮਾਲਕ ਬਣਨ ਲਈ ਗੁਰੂ ਨਾਨਕ ਦੇ ਘਰ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਵਾਲੇ ਸੰਤ-ਬਾਬੇ ਵੀ ਇਸ ਗਾਇਕੀ ਤੋਂ ਅਛੂਤੇ ਨਹੀਂ। ਸਟੇਜ ਤੋਂ ਇਲਾਹੀ ਬਾਣੀ ਦੇ ਕੀਰਤਨ ਦੀ ਬਜਾਏ ਕੱਚੀਆਂ ਧਾਰਨਾਵਾਂ ਨੂੰ ਗੀਤਾਂ ਦੀਆਂ ਤਰਜ਼ਾਂ ਨਾਲ ਗਾਇਆ ਜਾਂਦਾ ਹੈ। ਇਹ ਰੁਝਾਨ ਅੱਜ-ਕੱਲ੍ਹ ਕਾਫੀ ਜੋਰਾਂ ‘ਤੇ ਹੈ।
ਅੱਜ ਦੇ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਕਿ ਇਸ ਅਸ਼ਲੀਲ ਗਾਇਕੀ ਨੂੰ ਠੱਲ੍ਹ ਪਾਈ ਜਾਵੇ ਅਤੇ ਸੱਭਿਆਚਾਰਕ ਰੀਤਾਂ ਨੂੰ ਮੁੜ ਲੀਹ ‘ਤੇ ਲਿਆਂਦਾ ਜਾਵੇ। ਜਿਸ ਤਰ੍ਹਾਂ ਪਿਛਲੇ ਦਿਨੀਂ ਇੱਕ ‘ਨਾਮਵਰ’ ਗਾਇਕ ਦੇ ਘਰ ਅੱਗੇ ‘ਨਾਰੀ ਮੰਚ’ ਨੇ ਧਰਨਾ ਦਿੱਤਾ ਹੈ, ਇੱਕ ਚੰਗਾ ਸੰਕੇਤ ਹੈ। ਜੇ ਇਸ ਤਰ੍ਹਾਂ ਲੋਕ ਅੱਗੇ ਆ ਕੇ ਆਪਣੇ ਸਮਾਜ ਨੂੰ ਨੰਗੇਜ਼ਵਾਦ ‘ਚੋਂ ਕੱਢਣ ਲਈ ਯਤਨ ਕਰਨ ਤਾਂ ਇੱਕ ਨਰੋਏ ਸਮਾਜ ਦੀ ਸਿਰਜਣਾ ਸੰਭਵ ਹੈ। ਔਰਤਾਂ ਨੂੰ ਇੱਸ ਕੰਮ ਵਿੱਚ ਅੱਗੇ ਆ ਕੇ ਕਮਾਨ ਸੰਭਾਲਣੀ ਚਾਹੀਦੀ ਹੈ ਅਤੇ ਆਪਣੇ ਘਰ ਤੋਂ ਲੈ ਕੇ ਜਿੱਥੋਂ ਤੱਕ ਸੰਭਵ ਹੋਵੇ ਲੋਕਾਂ ਨੂੰ ਚੰਗੇ ਗੀਤ ਸੁਨਣ ਲਈ ਪ੍ਰੇਰਨਾ ਚਾਹੀਦਾ ਹੈ। ਇੱਕ ਸੈਂਸਰ ਬੋਰਡ ਦਾ ਗਠਨ ਕੀਤਾ ਜਾਵੇ ਤਾਂ ਬਹੁਤ ਹੀ ਚੰਗਾ ਹੋਵੇਗਾ, ਜਿਸ ਨਾਲ ਗਇਕਾਂ ਅਤੇ ਲਿਖਾਰੀਆਂ ਲਈ ਮਾਪਦੰਡ ਤੈਅ ਕੀਤੇ ਜਾਣ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਜਿੱਥੇ ਅਸੀਂ ਸਰੀਰਕ ਤੰਦਰੁਸਤੀ ਲਈ ਪੋਸ਼ਟਿਕ, ਸਾਫ-ਸੁਥਰੀ ਅਤੇ ਵਧੀਆ ਖੁਰਾਕ ਖਾਂਦੇ ਹਾਂ ਉੱਥੇ ਹੀ ਮਨ ਅਤੇ ਵਿਚਾਰਾਂ ਦੀ ਤੰਦਰੁਸਤੀ ਲਈ ਵੀ ਨਰੋਏ ਸਾਹਿਤ ਦੀ ਖੁਰਾਕ ਲਈਏ। ਚੰਗੇ,ਉਸਾਰੂ ਸੋਚ ਅਤੇ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕ ਕਰਦੇ ਗੀਤ ਸੁਨਣ ਨੂੰ ਤਰਜ਼ੀਹ ਦਈਏ। ਸ਼ਹੀਦਾਂ ਦੀਆਂ ਗਾਥਾਵਾਂ ਨਾਲ ਨਵੀਂ ਪੀੜ੍ਹੀ ਦੀ ਸਾਂਝ ਪਵਾਉਣ ਦਾ ਯਤਨ ਕਰੀਏ ਤਾਂ ਜੋ ਇਤਿਹਾਸ ਅਤੇ ਨਵੀਂ ਪੀੜ੍ਹੀ ਵਿੱਚ ਸੰਬੰਧ ਬਣਿਆ ਰਹੇ, ਕਿਤੇ ਇਹ ਨਾ ਹੋਵੇ ਕਿ ਅਸ਼ਲੀਲ ਗੀਤਾਂ ਦੇ ਬੋਲਾਂ ‘ਤੇ ਥਿਰਕ ਰਹੀ ਨਵੀਂ ਪੀੜ੍ਹੀ ਕੁਰਬਾਨੀਆਂ ਭਰੇ ਇਤਿਹਾਸ ਤੋਂ ਅਣਜਾਣੀ ਹੀ ਰਹੇ ਅਤੇ ਸ਼ਰਮ ਸਣੇ ਬਾਕੀ ਸਮਾਜਿਕ ਕਦਰਾਂ-ਕੀਮਤਾਂ ਵੀ ਇਤਿਹਾਸ ਬਣ ਜਾਣ।




.