ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਗੁਰਮਤ ਵਿੱਚ ਮੁਕਤੀ
(ਭਾਗ-5)
ਪਿੱਛਲਿਆਂ ਭਾਗਾਂ ਵਿੱਚ ਇਹ
ਵਿਚਾਰਨ ਦਾ ਯਤਨ ਕੀਤਾ ਗਿਆ ਸੀ ਕਿ ਗੁਰਮਤ ਵਿੱਚ ਵਿਕਾਰਾਂ ਵਲੋਂ ਕਿਨਾਰਾ ਕਰਕੇ ਸ਼ੁਭ ਗੁਣਾਂ ਨੂੰ
ਵਰਤੋਂ ਵਿੱਚ ਲਿਆਉਣ ਨੂੰ ਹੀ ਮੁਕਤੀ ਕਿਹਾ ਗਿਆ ਹੈ। ਮੁਕਤੀ ਸਬੰਧੀ ਕਈ ਭਰਮ ਭੁਲੇਖੇ ਖੜੇ ਕੀਤੇ ਗਏ
ਦਿਸ ਰਹੇ ਹਨ। ਸਿੱਖ ਧਰਮ ਵੀ ਮੁਕਤੀ ਦੇ ਨਾਂ `ਤੇ ਕੀਤੇ ਜਾ ਰਹੇ ਕਰਮ-ਕਾਂਡਾਂ ਤੋਂ ਨਹੀਂ ਬਚ
ਸਕਿਆ। ਮੁਕਤੀ ਦੇ ਅਸਲ ਮਕਸਦ ਨੂੰ ਨਾ ਸਮਝਦਿਆਂ ਹੋਇਆ ਕਈ ਪ੍ਰਕਾਰ ਦੇ ਝੁਮੇਲਿਆਂ ਵਿੱਚ ਅਸੀਂ ਫਸ
ਕੇ ਹੀ ਰਹਿ ਗਏ ਹਾਂ।
ਗੁਰੂ ਨਾਨਕ ਪਾਤਸ਼ਾਹ ਜੀ ਨੇ ਦੁਨੀਆਂ ਨੂੰ ‘ਸਚਿਆਰ` ਬਣਨ ਦਾ ਸੁਨੇਹਾਂ ਦਿੱਤਾ ਹੈ। ਮੋਟੇ ਤੌਰ `ਤੇ
ਭਾਰਤ ਦੇ ਪ੍ਰਮੁੱਖ ਧਰਮਾਂ ਦੇ ਪੁਜਾਰੀਆਂ ਦੀ ਅਸਲੀਅਤ ਗੁਰੂ ਸਾਹਿਬ ਜੀ ਨੇ ਦੁਨੀਆਂ ਦੇ ਸਾਹਮਣੇ
ਰੱਖੀ ਹੈ। ਧਰਮ ਦੇ ਨਾਂ `ਤੇ ਹੋ ਰਹੀ ਲੁੱਟ ਘਸੁੱਟ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ ਹੈ। ਇੱਕ ਵਾਕ
ਵਿੱਚ ਤਿੰਨ ਧਾਰਮਕ ਅਗੂਆਂ ਦੇ ਧਰਮੀ ਮੁੱਖੜੇ ਨੂੰ ਸੰਸਾਰ ਦੇ ਸਾਹਮਣੇ ਲਿਆਂਦਾ ਹੈ---
ਕਾਦੀ ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣੁ ਨਾਵੈ ਜੀਆ ਘਾਇ।।
ਜੋਗੀ ਜੁਗਤਿ ਨ ਜਾਣੈ ਅੰਧੁ।। ਤੀਨੇ ਓਜਾੜੇ ਕਾ ਬੰਧੁ।।
ਧਨਾਸਰੀ ਮਹਲਾ ੧ ਪੰਨਾ ੬੬੨
ਇਹਨਾਂ ਧਾਰਮਕ ਅਗੂਆਂ ਨੇ ਲੁਕਾਈ ਨੂੰ ਮੁਕਤ ਨਹੀਂ ਹੋਣ ਦਿੱਤਾ। ਜੇ ਕਜ਼ੀਏ ਨਿਬੇੜਨ ਵਾਲਾ
ਧਾਰਮਕ ਆਗੂ ਹੀ ਰਿਸ਼ਵਤ ਲੈ ਕੇ ਆਪਣੇ ਹੱਕ ਦੀ ਪਛਾਣ ਨਹੀਂ ਕਰ ਰਿਹਾ ਤਾਂ ਕੀ ਉਹ ਲੋਕਾਂ ਨੂੰ ਮੁਕਤ
ਕਰਾ ਸਕੇਗਾ? ਕੀ ਧਾਰਮਕ ਆਗੂ ਆਪ ਮੁਕਤ ਹੋ ਗਿਆ ਹੈ? ਉੱਤਰ ਹੋਏਗਾ ਨਹੀਂ-- ਅਜੇਹਾ ਧਾਰਮਕ ਲੀਡਰ
ਤਾਂ ਸ਼ਰਾਅ ਦੇ ਕਨੂੰਨ ਦਿਖਾ ਦਿਖਾ ਕੇ ਲੋਕਾਂ ਨੂੰ ਗ਼ੁਲਾਮ ਹੀ ਬਣਾ ਰਿਹਾ ਹੈ। ਬ੍ਰਹਾਮਣ ਭਾਊ ਜੀ ਦੀ
ਤਾਂ ਗੱਲ ਹੀ ਜੱਗੋਂ ਤਰ੍ਹਵੀਂ ਹੈ। ਇੱਕ ਤਾਂ ਇਹ ਵਿਚਾਰਾ ਨਾ ਆਪ ਮੁਕਤ ਹੋਇਆ ਹੈ ਤੇ ਨਾ ਹੀ ਇਸ ਨੇ
ਕਿਸੇ ਹੋਰ ਨੂੰ ਮੁਕਤ ਹੋਣ ਦੇ ਹੱਕ ਦੇਣ ਲਈ ਤਿਆਰ ਹੋਇਆ ਹੈ। ਏਦ੍ਹੇ ਸਿਧਾਂਤ ਅਨੁਸਾਰ ਤਾਂ ਬੰਦਾ
ਸਾਰੀ ਜ਼ਿੰਦਗੀ ਮੁਕਤ ਹੀ ਨਹੀਂ ਹੋ ਸਕਦਾ, ੲੱਥੋਂ ਤੀਕ ਬੰਦਾ ਮਰਨ ਉਪਰੰਤ ਵੀ ਮੁਕਤ ਨਹੀਂ ਹੋ ਸਕਦਾ।
ਸਾਰੀ ਉਮਰ ਸਿਰ ਤੋਂ ਲੈ ਕੇ ਪੈਰਾਂ ਤੀਕ ਸਵਾਹ ਵਿੱਚ ਲਿਬੜਿਆ ਜੋਗੀ ਕਿਸੇ ਨੂੰ ਕੀ ਰਾਹ ਦੱਸ ਸਕਦਾ
ਹੈ। ਜਿਹੜਾ ਸਵਾਹ ਮਲਣ ਤੋਂ ਮੁਕਤ ਨਹੀਂ ਹੋ ਸਕਿਆ ਉਹ ਦੂਜੇ ਦਾ ਕੀ ਸਵਾਰ ਸਕਦਾ ਹੈ।
ਨਾਨਕਈ ਫ਼ਲਸਫਾ ਪੁਜਾਰੀ ਦੇ ਪੰਜੇ ਤੋਂ ਅਜ਼ਾਦ ਕਰਾਉਂਦਾ ਹੈ ਤੇ ਇੱਕ ਅਕਾਲ ਪੁਰਖ ਦੇ ਗੁਣਾਂ ਦੀ
ਵਰਤੋਂ ਸਿਖਾਉਂਦਾ ਹੈ—
ਜੀਵਨ ਮੁਕਤ ਜਗਦੀਸ ਜਪਿ ਮਨ ਧਾਰਿ ਰਿਦ ਪਰਤੀਤਿ।।
ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮ ਹੰਸਹ ਰੀਤਿ।।
ਗੂਜਰੀ ਮਹਲਾ ੩ ਪੰਨਾ ੫੦੮
ਜੀਵਨ ਮੁਕਤ ਵਾਲੇ ਜਗਦੀਸ਼ ਦਾ ਨਾਮ ਜੱਪਣ ਲਈ ਮਾਰਗ ਦਰਸਨ ਕਰਕੇ ਰਿਦੇ ਵਿੱਚ ਧਾਰਨ ਨੂੰ
ਕਿਹਾ ਗਿਆ ਹੈ। ਅਗਲ਼ੀ ਤੁਕ ਵਿਚੋਂ ਹੀ ਇਹ ਮਾਰਗ ਦਰਸ਼ਨ ਸਾਡੇ ਸਾਹਮਣੇ ਪ੍ਰਗਟ ਵੀ ਕੀਤਾ ਗਿਆ ਹੈ ਕਿ
ਸਭ ਜੀਵਾਂ ਨਾਲ ਇਕਸਾਰ ਪਿਅਰ ਕਰਦਿਆਂ ਉਹਨਾਂ ਨਾਲ ਪਿਆਰ ਵਾਲਾ ਹੀ ਸਲੂਕ ਕਰ। ਅਜੇਹਾ ਇਨਸਾਨ ਆਪਣੇ
ਜੀਵਨ ਵਿੱਚ ਮੁਕਤ ਹੋਏਗਾ। ਇਸ ਦਾ ਅਰਥ ਹੈ ਕਿ ਮਨੁੱਖ ਨੂੰ ਸਭ ਤੋਂ ਪਹਿਲਾਂ ਆਪਣੇ ਅਦਰੋਂ ਦਵੈਸ਼
ਨੂੰ ਖਤਮ ਕਰਨਾ ਹੋਏਗਾ।
ਗੁਰਬਾਣੀ ਦੀ ਵਿਚਾਰ ਸਵੈ ਪੜਚੋਲ ਕਰਾਉਂਦੀ ਹੈ ਤੇ ਇਹ ਸਵੈ ਪੜਚੋਲ ਸਾਡਾ ਵਿਆਕਤਵ ਪਰਗਟਾਉਂਦੀ ਹੈ।
ਸਵੈਪੜਚੋਲ ਨਾਲ ਹੀ ਚੰਗੇ ਸਮਾਜ ਦੀ ਸਿਰਜਣਾ ਹੁੰਦੀ ਹੈ। ਸਵੈ ਪੜਚੋਲ ਵਲ ਨੂੰ ਵੱਧਦਿਆਂ ਵਕਤੀ ਪੂਜਾ
ਤੋਂ ਬਾਹਰ ਆਉਂਦਾ ਹੈ ਤੇ ਪੁਜਾਰੀਆਂ ਦੀ ਲੁੱਟ ਵਲੋਂ ਮੁਕਤ ਹੁੰਦਾ ਹੈ। ਸ਼ਬਦ ਦੀ ਵਿਚਾਰ ਹੀ ਸਾਨੂੰ
ਸਵੈ ਪੜਚੋਲ ਵਲ ਨੂੰ ਲੈ ਕੇ ਜਾਂਦੀ ਹੈ ਜੋ ਗ੍ਰਹਿਸਤ ਵਿੱਚ ਰਹਿੰਦਿਆਂ ਵਿਕਾਰਾਂ ਵਲੋਂ ਖਲਾਸੀ ਪਉਣ
ਦੀ ਜੁਗਤੀ ਸਮਝਾਉਂਦੀ ਹੈ—
ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ।।
ਹਰਿ ਕਾ ਨਾਮੁ ਧਿਆਈਐ ਸਤਿ ਸੰਗਤਿ ਮੇਲਿ ਮਿਲਾਇ।।
ਸਿਰੀ ਰਾਗ ਮਹਲਾ ੩ ਪੰਨਾ ੨੬
ਇਕਵੀਂ ਸਦੀ ਵਿੱਚ ਪ੍ਰਵੇਸ਼ ਹੋਣ ਦੇ ਨਾਤੇ ਵੀ ਅਸੀਂ ਅਜੇ ਤੀਕ ਮੁਕਤੀ ਹਾਸਲ ਨਹੀਂ ਕਰ ਸਕੇ।
ਚਾਹੀਦਾ ਤਾਂ ਇਹ ਸੀ ਕਿ ਸਮਾਜ ਵਿੱਚ ਨਵੀਂ ਜਾਗਰਤੀ ਆਉਂਦੀ ਪਰ ਸਮਾਜ ਤਾਂ ਅੱਗੇ ਨਾਲੋਂ ਵੀ ਜ਼ਿਆਦਾ
ਭਰਮ ਭੁਲੇਖਿਆਂ ਵਿੱਚ ਪਿਆ ਹੋਇਆ ਦਿਸ ਰਿਹਾ ਹੈ।
ਧਾਰਮਕ ਆਗੂ ਦੀ ਹੋਰ ਕਰੂਰਤਾ ਸਬੰਧੀ ਗੁਰੂ ਅਰਜਨ ਸਾਹਿਬ ਜੀ ਦਾ ਬੜਾ ਪਿਆਰਾ ਵਾਕ ਹੈ---
ਧੋਤੀ ਖੋਲਿ ਵਿਛਾਏ ਹੇਠਿ।। ਗਰਧਪ ਵਾਂਗੂ ਲਾਹੇ ਪੇਟਿ।। ੧।।
ਬਿਨੁ ਕਰਤੂਤੀ ਮੁਕਤਿ ਨ ਪਾਈਐ।। ਮੁਕਤਿ ਪਦਾਰਥੁ ਨਾਮੁ ਧਿਆਈਐ।। ੧।। ਰਹਾਉ।।
ਪੂਜਾ ਤਿਲਕ ਕਰਤ ਇਸਨਾਨਾਂ।। ਛੁਰੀ ਕਾਢਿ ਲੇਵੈ ਹਥਿ ਦਾਨਾ।। ੨।।
ਬੇਦੁ ਪੜੈ ਮੁਖਿ ਮੀਠੀ ਬਾਣੀ।। ਜੀਆਂ ਕੁਹਤ ਨ ਸੰਗੈ ਪਰਾਣੀ।। ੩।।
ਕਹੁ ਨਾਨਕ ਜਿਸੁ ਕਿਰਪਾ ਧਾਰੈ।। ਹਿਰਦਾ ਸੁਧੁ ਬ੍ਰਹਮੁ ਬੀਚਾਰੈ।। ੪।।
ਗਉੜੀ ਮਹਲਾ ੫ ਪੰਨਾ ੨੦੧
ਧਾਰਮਕ ਆਗੂ ਆਪਣਿਆਂ ਜਜਮਾਨਾਂ ਦੇ ਘਰਾਂ ਵਿੱਚ ਜਾ ਕੇ ਗਧਿਆਂ ਵਾਂਗ ਚਰਦਿਆਂ ਭੋਰਾ ਸ਼ਰਮ
ਮਹਿਸੂਸ ਨਹੀਂ ਕਰਦਾ। ਧਰਮ ਦੇ ਨਾਂ `ਤੇ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ। ਇਹ ਸਿਰਫ ਇੱਕ ਧੋਖਾ ਹੀ
ਹੈ। ਧਰਮ ਦੇ ਇਸ ਪਾਖੰਡ ਤੋਂ ਗੁਰੂ ਸਾਹਿਬ ਜੀ ਨੇ ਮੁਕਤ ਕਰਾਉਂਦਿਆਂ ਸਮਝਾਇਆ ਹੈ ਕਿ ਕੇਵਲ ਰੱਬੀ
ਗਿਆਨ ਦੁਆਰਾ ਹੀ ਮੁਕਤੀ ਮਿਲ ਸਕਦੀ ਹੈ।
ਸਿੱਖ ਧਰਮ ਵਲ ਜ਼ਰਾ ਕੁ ਨਜ਼ਰ ਮਾਰਦੇ ਹਾਂ ਤਾਂ ਸਾਡੇ ਅਖੌਤੀ ਡੇਰਿਆ ਵਾਲਿਆਂ ਨੇ ਵੀ ਸੰਪਟ ਪਾਠਾਂ
ਵਿੱਚ ਕੌਮ ਨੂੰ ਉਲਝਾ ਦੇਣ ਵਿੱਚ ਕੋਈ ਬਾਕੀ ਕਸਰ ਨਹੀਂ ਛੱਡੀ।
ਮੁਕਤ ਹੋਣਾ ਸੀ ਬੇਲੋੜੀਆਂ ਧਾਰਮਕ ਰਸਮਾਂ ਤੋਂ
ਮੁਕਤ ਹੋਣਾ ਸੀ ਜੋਤਸ਼ੀਆਂ ਦੀ ਲੁੱਟ ਤੋਂ
ਮੁਕਤ ਹੋਣਾ ਸੀ ਸਮਾਜਕ ਕੁਰੀਤੀਆਂ ਤੋਂ
ਮੁਕਤ ਹੋਣਾ ਸੀ ਵਿਕਾਰਾਂ ਵਲੋਂ
ਮੁਕਤ ਹੋਣਾ ਸੀ ਮੂਰਤੀਆਂ ਦੀ ਪੂਜਾ ਤੋਂ
ਭਰਮਾਂ ਵਿੱਚ ਪਏ ਹੋਏ ਸਿੱਖ ਨੇ ਮੁਕਤ ਹੋਣ ਦੀ ਥਾਂ `ਤੇ ਹੱਥਾਂ ਵਿੱਚ ਮੌਲ਼ੀਆਂ ਬੰਨ੍ਹੀਆਂ ਹੋਈਆਂ
ਹਨ।
ਆਪਣੇ ਵਲੋਂ ਬਹੁਤ ਹੀ ਅਗਾਂਹ ਵਧੂ ਸਾਬਤ ਕਰਦਿਆਂ ਹੋਇਆਂ ਹੱਥਾਂ ਦੀਆਂ ਉਂਗਲ਼ੀਆਂ ਵਿੱਚ ਨਗ੍ਹ ਪਾਈ
ਫਿਰਦਾ ਸਿੱਖ ਆਮ ਹੀ ਸਾਨੂੰ ਦਿਸਦਾ ਹੈ।
ਮੁਕਤ ਹੋਣਾ ਸੀ ਬਚਿੱਤ੍ਰ ਨਾਟਕ ਦੀ ਸਿੱਖਿਆ ਤੋਂ ਜੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਿਠਾਈ ਜਾ
ਰਹੀ ਹੈ।
ਮੁਕਤ ਹੋਣਾ ਸੀ ਡੇਰਿਆਂ ਦੀ ਫਿਲਾਸਫੀ ਤੋਂ
ਮੁਕਤ ਹੋਣਾ ਸੀ ਉਹਨਾਂ ਧਾਰਮਕ ਗ੍ਰੰਥਾਂ ਤੋਂ ਜੋ ਗਰਮਤ ਦੀ ਕਸਵੱਟੀ `ਤੇ ਪੂਰੇ ਨਹੀਂ ਉਤਰਦੇ
ਮੁਕਤ ਹੋਣਾ ਸੀ ਸੰਪਟ ਪਾਠ ਤੋਂ
ਮੁਕਤ ਹੋਣਾ ਸੀ ਸ਼ਨੀਚਰ ਦੀ ਪੂਜਾ ਤੋਂ
ਮੁਕਤ ਹੋਣਾ ਸੀ ਨਸ਼ਿਆਂ ਦੀ ਮਾਰ ਤੋਂ
ਸਿੱਖ ਬੱਝ ਗਿਆ ਹੈ ਲੜੀਆ ਵਾਲੇ ਪਾਠਾਂ ਵਿਚ, ਸਿੱਖ ਬੱਝ ਗਿਆ ਹੈ ਲਾਈਟਾਂ ਬੰਦ ਕਰਕੇ ਸਿਰ ਹਿਲਾਉਣ
ਵਿਚ, ਸਿੱਖ ਬੱਝ ਗਿਆ ਹੈ ਦੇਹ ਧਾਰੀ ਦੀ ਪੂਜਾ ਵਿਚ, ਸਿੱਖ ਬੱਝ ਗਿਆ ਹੈ ਪੁਜਾਰੀਆਂ ਨੂੰ ਮੋਟੀਆਂ
ਰਕਮਾਂ ਦੇ ਕੇ ਅਰਦਾਸਾਂ ਕਰਾਉਣ ਵਿਚ----
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ।।
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨੑ ਪਾਇਆ।।
ਵਡਹੰਸੁ ਮਹਲਾ ੩ ਪੰਨਾ ੫੬੫