.

ਮਿੱਠੇ ਰੀਠੇ ਦੀ ਮਿੱਥ

(1)

ਬਚਪਨ ਤੋਂ ‘ਧਰਮ-ਪ੍ਰਚਾਰਕਾਂ’ ਤੋਂ ਸੁਣਦੇ ਆ ਰਹੇ ਸੀ ਕਿ ਬਾਬਾ ਨਾਨਕ ਨੇ ਕਿਸੇ ਦੂਰ-ਦੁਰਾਡੇ ਦੇਸ ਵਿੱਚ ਜਾ ਕੇ ਜੋਗੀਆਂ ਦਾ ਉੱਧਾਰ ਕੀਤਾ ਅਤੇ ਸਥਾਨਿਕ ਸੰਗਤਾਂ ਦਾ ਨਿਸਤਾਰਾ ਕੀਤਾ। ਜੋਗੀਆਂ ਉੱਤੇ ਆਪਣੀ ‘ਕਰਾਮਾਤੀ’ ਸ਼ਕਤੀ ਦਾ ਸਿੱਕਾ ਜਮਾਉਣ ਲਈ ਬਾਬੇ ਨਾਨਕ ਨੇ ਰੀਠੇ ਦੇ ਜਿਸ ਰੁੱਖ ਥੱਲੇ ਡੇਰਾ ਲਾਇਆ ਉਸ ਰੁੱਖ ਦੇ ਰੀਠੇ ਉਨ੍ਹਾਂ (ਬਾਬੇ ਨਾਨਕ ਨੇ) ਮਿੱਠੇ ਕਰ ਵਿਖਾਏ! ਉਹ ਵੀ ਕੇਵਲ ਉਸੇ ਹੀ ਪਾਸੇ ਦੇ ਜਿਸ ਪਾਸੇ ਗੁਰੂ ਨਾਨਕ ਦੇਵ ਜੀ ਬੈਠੇ ਸਨ! ਭੁੱਖੇ ਮਰਦਾਨੇ ਨੇ ਬਾਬੇ ਨਾਨਕ ਦੀ ਜਾਦੂਈ ਸ਼ਕਤੀ ਦੁਆਰਾ ਮਿੱਠੇ ਹੋਏ ਰੀਠੇ ਖਾ ਕੇ ਆਪਣੀ ਭੁੱਖ ਦੂਰ ਕੀਤੀ ਅਤੇ ਜੋਗੀਆਂ ਨੂੰ ਵੀ ਰੀਠਿਆਂ ਦਾ ਭੋਗ ਲਵਾਇਆ! (ਭਾਈ ਮਰਦਾਨਾ ਜੀ ਨੂੰ ਗੁਰਮਤਿ-ਦ੍ਰੋਹੀ ਲੇਖਕਾਂ ਨੇ ਹਰ ਮਿਥਿਹਾਸਿਕ ਸਾਖੀ, ਮਨ-ਘੜਤ ਕਹਾਣੀ ਵਿੱਚ ਭੁੱਖੜ ਹੀ ਦੱਸਿਆ ਹੈ! ਕਿਤਨੀ ਸ਼ਰਮ ਦੀ ਗੱਲ ਹੈ?) ਇਸ ਪ੍ਰਚਾਰ ਦੇ ਪ੍ਰਭਾਵ ਅਧੀਨ ਕਦੀ-ਕਦਾਈਂ ਸਾਡੇ ਮਨ ਅੰਦਰ ਉਸ ਸਥਾਨ ਅਤੇ ਮਿੱਠੇ ਰੀਠੇ ਦੇ ਅਨੋਖੇ ਰੁੱਖ ਨੂੰ ਵੇਖਣ ਦੀ ਤੀਛਣ ਤਾਂਘ ਪੈਦਾ ਹੁੰਦੀ ਰਹਿੰਦੀ। ਆਖ਼ਿਰ, 2008 ਦੇ ਦਸੰਬਰ ਵਿੱਚ ਉਸ ਸਥਾਨ ਅਤੇ ਮਿੱਠੇ ਰੀਠੇ ਦੇ ਅਜੀਬ ਦਰਖ਼ਤ ਨੂੰ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਤੇ ਮੇਰਾ ਇੱਕ ਸਾਥੀ, ਬਚਪਨ ਤੋਂ ਦਿਲਾਂ ਅੰਦਰ ਪੈਦਾ ਹੋਈ, ਭਖਦੀ ਪ੍ਰਬਲ ਇੱਛਾ ਨੂੰ ਸ਼ਾਂਤ ਕਰਨ ਲਈ ਓਧਰ ਨੂੰ ਚਲ ਪਏ।

ਰੀਠਾ ਸਾਹਿਬ ਪਹਿਲਾਂ ਉੱਤਰ ਪ੍ਰਦੇਸ਼ ਦੇ ਅਲਮੋੜਾ ਜ਼ਿਲੇ ਵਿੱਚ ਪੈਂਦਾ ਸੀ, ਪਰੰਤੂ ਇਸ ਪ੍ਰਾਂਤ ਦਾ ਵਿਭਾਜਨ ਹੋਣ ਤੋਂ ਬਾਅਦ ਹੁਣ ਇਹ ਉੱਤਰਾਖੰਡ ਦੇ ਚੰਪਾਵਤ ਜ਼ਿਲੇ ਵਿੱਚ ਸਥਿਤ ਹੈ। ਪੰਜਾਬ ਤੋਂ ਰੀਠਾ ਸਾਹਿਬ ਤੀਕ ਜਾਣ ਵਾਸਤੇ ਦੋ ਰਸਤੇ ਹਨ, ਇੱਕ ਤਾਂ ਪਾਉਂਟਾ - ਡੇਹਰਾਦੂਨ - ਹਲਦ੍ਵਾਨੀ - ਦੂਨਾਘਾਟ ਤੋਂ ਰੀਠਾ ਸਾਹਿਬ। ਅਤੇ ਦੂਜਾ, ਪਾਉਂਟਾ - ਡੇਹਰਾਦੂਨ - ਹਰਿਦ੍ਵਾਰ - ਨਜ਼ੀਬਾਬਾਦ - ਨਗੀਨਾ - ਕਾਸ਼ੀਪੁਰ - ਰੁਦਰਪੁਰ - ਨਾਨਕਮੱਤਾ - ਖਟੀਆ - ਟਨਕਪੁਰ - ਚੰਪਾਵਤ - ਲੋਹਾਘਾਟ - ਦੂਨਾਘਾਟ ਤੋਂ ਰੀਠਾ ਸਾਹਿਬ। ਇਹ ਰਸਤੇ ਬਸ, ਨਿੱਜੀ ਵਾਹਨ ਜਾਂ ਟੈਕਸੀ ਦੇ ਹਨ। ਚੰਡੀਗੜ੍ਹ ਤੋਂ ਇਹ ਸਫ਼ਰ ਲਗ ਪਗ ਸਾਢੇ ਸਤ ਸੌ ਕਿਲੋਮੀਟਰ ਦਾ ਹੈ। ਸਫ਼ਰ ਬਹੁਤ ਥਕਾ ਦੇਣ ਵਾਲਾ ਹੈ, ਪਰੰਤੂ ਮਨ ਬਿਲਕੁਲ ਨਹੀਂ ਉਕਤਾਉਂਦਾ ਕਿਉਂਕਿ ਬਹੁਤਾ ਸਫ਼ਰ ਪਹਾੜੀ ਹੋਣ ਕਰਕੇ ਬੜਾ ਹੀ ਰਮਣੀਕ (scenic) ਅਤੇ ਮਨੋਰੰਜਕ ਹੈ।

ਅਸੀਂ ਸ਼ਾਮ ਦੇ ਚਾਰ ਕੁ ਵਜੇ ਰੀਠਾ ਸਾਹਿਬ ਪਹੁੰਚੇ। ਇੱਕ ‘ਸੇਵਾਦਾਰ’ ਨੇ, ਬਿਨਾਂ ਕਿਸੇ ਲਿਖਤ-ਪੜ੍ਹਤ ਦੇ, ਸਾਨੂੰ ਯਾਤ੍ਰੀ-ਨਿਵਾਸ ਦੀ ਦੂਜੀ ਮੰਜ਼ਿਲ `ਤੇ ਇੱਕ ਕਮਰਾ ਬਖ਼ਸ਼ ਦਿੱਤਾ। ਅਸੀਂ ਆਪਣਾ ਸਾਮਾਨ ਕਮਰੇ ਵਿੱਚ ਸਿੱਟ ਕੇ ਸਿੱਧਾ ਮਿੱਠੇ ਰੀਠੇ ਦੇ ‘ਦਰਸ਼ਨਾਂ’ ਨੂੰ ਦੌੜੇ। ਉਥੇ ਰੀਠੇ ਦੇ ਇੱਕ ਦਰਖ਼ਤ ਦੀ ਬਜਾਏ ਦੋ ਛੋਟੇ ਰੁੱਖ ਸਨ! ਇਨ੍ਹਾਂ ਦੋਹਾਂ ਬੂਟਿਆਂ ਵਿਚਾਲੇ 6-7 ਫ਼ੁਟ ਦਾ ਫ਼ਾਸਲਾ ਹੈ। ‘ਸੇਵਾਦਾਰ’ ਨੇ ਸਾਨੂੰ ਦੱਸਿਆ ਕਿ ਪੁਰਾਣਾ ਅਸਲੀ ਰੁੱਖ ਕੁੱਝ ਸਾਲ ਪਹਿਲਾਂ ਸੜ ਗਿਆ ਸੀ ਅਤੇ ਉਸ ਦੀ ਥਾਂ ਇਹ ਦੋ ਬੂਟੇ ਆਪਣੇ ਆਪ ਉੱਗ ਆਏ ਜਿਨ੍ਹਾਂ ਵਿਚੋਂ ਮੂਹਰਲੇ ਬੂਟੇ ਦੇ ਰੀਠੇ ਮਿੱਠੇ ਹਨ ਅਤੇ ਪਿਛਲੇ ਦੇ ਕੌੜੇ! ! (ਦੋਹਾਂ ਬੂਟਿਆਂ ਵਿਚਲੇ ਫ਼ਾਸਲੇ ਵਿੱਚੋਂ ‘ਸੇਵਾਦਾਰ’ ਦੇ ਚਿੱਟੇ ਝੂਠ ਦੀ ਝਲਕ ਦਿਖਾਈ ਦਿੰਦੀ ਹੈ!) ਉਥੋਂ ਅਸੀਂ ਕੁੱਝ ਪੌੜੀਆਂ ਚੜ੍ਹ ਕੇ ਗੁਰੂਦ੍ਵਾਰੇ ਅੰਦਰ ਗਏ, ਗੁਰੂ ਅਤੇ ਸ਼੍ਰੱਧਾਲੂਆਂ ਦੇ ਵਿਚਾਲੇ ਚੱਟਾਨ ਵਾਂਗ ਟਿਕਾਈ ਹੋਈ ਗੋਲਕ ਰਾਣੀ ਦਾ ਆਪਣੀ ਔਕਾਤ ਮੁਤਾਬਿਕ ਢਿੱਡ ਪੂਰਿਆ ਅਤੇ ਮੱਥਾ ਟੇਕ ਕੇ ਕੁਦਰਤੀ ਨਜ਼ਾਰੇ ਵੇਖਣ ਵਾਸਤੇ ਗੁਰੂਦਵਾਰੇ ਦੇ ਵਿਹੜਿਓਂ ਬਾਹਰ ਨਿਕਲ ਗਏ।

ਗੁਰੂਦਵਾਰਾ ਦੋ ਨਦੀਆਂ -ਲਧੀਆ ਅਤੇ ਰਿਤੀਆ- ਦੇ ਸੰਗਮ ਉੱਤੇ ਸਥਿਤ ਹੈ। ਚੁਗਿਰਦਾ ਅਤਿਅੰਤ ਹੀ ਰਮਣੀਕ ਹੈ। ਅਸੀਂ ਚੌਫੇਰੇ ਚੱਕਰ ਮਾਰਦੇ ਹੋਏ ਨਦੀਆਂ ਵਿੱਚ ਅਠਖੇਲੀਆਂ ਕਰਦੇ ਰੱਸਿਆਂ ਦਾ ਪੁਲ ਪਾਰ ਕਰਕੇ ਥੋੜਾ ਪਹਾੜ ਉੱਤੇ ਵੀ ਚੜ੍ਹੇ। ਬੱਤੀਆਂ ਜਗਣ `ਤੇ ਅਸੀਂ ਵਾਪਸ ਬਸਤੀ ਵੱਲ ਆ ਗਏ। ਗੁਰੂਦਵਾਰੇ ਦੇ ਗੇਟ ਦੇ ਬਾਹਰ ‘ਸਿੱਖਾਂ’ ਦੀਆਂ ਦੋ ਦੁਕਾਨਾਂ ਹਨ। ਇਹ ਦੁਕਾਨਦਾਰ ਪੁਸਤਕਾਂ, ਮੂਰਤਾਂ, ਮੂਰਤੀਆਂ ਤੇ ਲੋਹੇ ਪਿੱਤਲ ਆਦਿ ਦੇ ਧਾਰਮਿਕ ਚਿੰਨ੍ਹ ਆਦਿਕ ਵੇਚਣ ਤੋਂ ਬਿਨਾਂ ਪਲਾਸਟਿਕ ਦੀਆਂ ਛੋਟੀਆਂ-ਛੋਟੀਆਂ ਲਿਫ਼ਾਫ਼ੀਆਂ ਵਿੱਚ ਰੀਠੇ ਦਾ ‘ਪ੍ਰਸਾਦ’ ਵੀ ਵੇਚਦੇ ਹਨ। ਇੱਕ ਲਿਫ਼ਾਫ਼ੀ ਵਿੱਚ ਦੋ ਰੀਠੇ ਤੇ ਮੁੱਠੀ ਕੁ ਫੁਲੀਆਂ ਹੁੰਦੀਆਂ ਹਨ। ਇੱਕ ਲਿਫ਼ਾਫ਼ੀ ਦੀ ਕੀਮਤ ਦਸ ਰੁਪਏ ਸੀ। ਮੇਰੇ ਸਾਥੀ ਨੇ ਦੋ, ਤੇ ਕਈ ਹੋਰ ਸ਼੍ਰੱਧਾਲੂਆਂ ਨੇ ਇਸ ਤੋਂ ਵੀ ਵਧੇਰੇ ਲਿਫ਼ਾਫ਼ੀਆਂ ਖ਼ਰੀਦੀਆਂ ਤਾਂ ਜੋ ਉਹ ਵਾਪਸ ਜਾ ਕੇ ਆਪਣੇ ਸਕੇ-ਸੰਬੰਧੀਆਂ ਨੂੰ ‘ਰੀਠਾ ਸਾਹਿਬ ਦਾ ਪ੍ਰਸਾਦ’ ਵੰਡ ਸਕਣ!

ਥੋੜਾ ਅਗੇਰੇ ਗਏ ਤਾਂ ਦੂਜੀ ਦੁਕਾਨ ਉੱਤੇ ਵੀ ਇਹੋ ਮਾਲ ਵੇਚਿਆ ਜਾ ਰਿਹਾ ਸੀ। ਦੁਕਾਨ ਇੱਕ ਬੀਬੀ ਚਲਾ ਰਹੀ ਸੀ। ਦੁਕਾਨ ਉੱਤੇ ਖੜਿਆਂ ਮੇਰੇ ਸਾਥੀਆਂ ਨੇ ਮੈਨੂੰ ਵੀ ‘ਪ੍ਰਸਾਦ’ ਖ਼ਰੀਦਨ ਵਾਸਤੇ ਪ੍ਰੇਰਿਤ ਕੀਤਾ। ਪਰੰਤੂ ਮੈਂ ਪ੍ਰਸਾਦ ਨਾ ਖ਼ਰੀਦਨ ਦਾ ਕਾਰਨ ਦੱਸਦਿਆਂ ਕਿਹਾ, “ਏਡੇ ਵੱਡੇ ਪਰਿਵਾਰ ਵਿੱਚ ਮੈਂ ਦੋ ਰੀਠਿਆਂ ਦਾ ਪ੍ਰਸਾਦ ਕਿਸ-ਕਿਸ ਨੂੰ ਵੰਡਾਂਗਾ?” ਮੇਰਾ ਇਹ ਤਰਕ ਦੁਕਾਨਦਾਰ ਬੀਬੀ ਨੇ ਵੀ ਸੁਣ ਲਿਆ ਤੇ ਕਹਿਣ ਲੱਗੀ, “ਅੰਕਲ ਜੀ, ਬਿਨਾਂ ਫੁਲੀਆਂ ਦੇ ਕੇਵਲ ਰੀਠਿਆਂ ਦਾ ਪ੍ਰਸਾਦ ਵੀ ਹੈ ਜੇ ਚਾਹੋ ਤਾਂ ਦਿਆਂ?” ਮੇਰਾ ਜਵਾਬ ਉਡੀਕੇ ਬਗ਼ੈਰ ਹੀ ਉਸ ਨੇ ਕਾਉਂਟਰ (counter) ਦੇ ਪਿੱਛੋਂ ਦੋ ਲਿਫ਼ਾਫ਼ੀਆਂ ਕੱਢ ਕੇ ਦਿੱਤੀਆਂ ਜੋ ਮੈਂ ਬਿਨਾਂ ਕਿਸੇ ਸੰਕੋਚ ਦੇ ਖ਼ਰੀਦ ਲਈਆਂ। ਇਨ੍ਹਾਂ ਵਿੱਚ ਦਸ-ਦਸ ਰੀਠੇ ਸਨ ਤੇ ਇੱਕ ਲਿਫ਼ਾਫ਼ੀ ਦੀ ਕੀਮਤ ਵੀ ਦਸ ਰੁਪਏ ਹੀ ਸੀ। ਮੈਂ ਖ਼ੁਸ਼ ਸਾਂ! ਪਰੰਤੂ ਮੇਰੇ ਮਨ ਵਿੱਚ ਦੋ ਸ਼ੰਕੇ ਸਨ ਜਿਨ੍ਹਾਂ ਦੀ ਨਿਵਿਰਤੀ ਵਾਸਤੇ ਮੈਂ ਬੀਬੀ ਨੂੰ ਪੁੱਛਿਆ, “ਕੀ ਇਹ ‘ਪ੍ਰਸਾਦ’ ਬਾਬੇ ਨਾਨਕ ਵਾਲੇ ਅੰਦਰਲੇ ਰੀਠੇ ਦਾ ਹੀ ਹੈ?” ਜਿਸ ਦੇ ਜਵਾਬ ਵਿੱਚ ਉਹ ਨਿਝਕ ਹੋ ਕੇ ਬੋਲੀ, “ਹਾਂ ਜੀ, ਬਿਲਕੁਲ” ! ਦੂਜਾ, “ਕੀ ਮੈਂ ਕੁਛ ਹੋਰ ਪੈਕਿਟ ਵੀ ਖ਼ਰੀਦ ਸਕਦਾ ਹਾਂ?” ਉਸ ਨੇ ਫਿਰ ਹਾਂ ਵਿੱਚ ਜਵਾਬ ਦਿੰਦਿਆਂ ਕਿਹਾ, “ਹਾਂ ਜੀ, ਭਾਵੇਂ ਹਜ਼ਾਰ ਪੈਕਿਟ ਲੈ ਲਵੋ!”

ਇਥੇ ਸੰਖੇਪ ਜਿਹਾ ਵਰਣਨ ਉਥੋਂ ਦੇ ਰਿਹਾਇਸ਼ੀ ਪ੍ਰਬੰਧ ਬਾਰੇ ਕਰਨਾ ਵੀ ਉਚਿਤ ਹੋਵੇਗਾ: ਲੰਗਰ-ਪਾਣੀ ਅਜਿਹਾ ਸੀ ਜਿਹੜਾ ਗੁਰੂ-ਘਰ ਦੇ ਲੰਗਰ ਲਈ ਯੋਗ ਨਹੀਂ ਕਿਹਾ ਜਾ ਸਕਦਾ। (ਇਕ ਮਨਚਲਾ ਯਾਤ੍ਰੀ ਕਹਿ ਰਿਹਾ ਸੀ ਕਿ ‘ਬਾਬਿਆਂ’ ਵਾਸਤੇ ਲੰਗਰ ਅਲੱਗ ਬਣਦਾ ਹੈ ਇਸ ਲਈ ਸਾਡੇ ਲੰਗਰ ਦੀ ਉਨ੍ਹਾਂ ਨੂੰ ਪਰਵਾਹ ਕਰਨ ਦੀ ਕੀ ਲੋੜ ਹੈ?) ਦੁਮੰਜ਼ਿਲੇ ਯਾਤ੍ਰੀ-ਨਿਵਾਸ ਦੇ ਕਮਰੇ ਕਾਫ਼ੀ ਖੁਲ੍ਹੇ ਹਨ। ਉਨ੍ਹਾਂ ਉੱਤੇ ਲੱਗੇ ਬਿਸਤਰੇ ਉਤਨੇ ਹੀ ਪੁਰਾਣੇ ਤੇ ਮੈਲੇ ਸਨ ਜਿਤਨੀ ਉਨ੍ਹਾਂ ਦੀ ਉਮਰ। ਗ਼ੁਸਲਖ਼ਾਨੇ ਵਿੱਚ ਗੇਇਜ਼ਰ (geyser) ਲੱਗਿਆ ਹੋਇਆ ਸੀ ਪਰ ਉਸ (ਗ਼ੁਸਲਖ਼ਾਨੇ) ਵਿੱਚੋਂ ਇਤਨੀ ਸੜ੍ਹਿਆਂਦ ਆ ਰਹੀ ਸੀ ਕਿ ਸਵੇਰੇ ਨਹਾਇਆ ਨਹੀਂ ਗਿਆ। ਹੇਠਲੀ ਮੰਜ਼ਿਲ `ਤੇ ਸਾਂਝੇ ਫ਼ਲੱਸ਼ (flush) ਖ਼ਰਾਬ ਸਨ ਅਤੇ ਗੰਦ ਨਾਲ ਨੱਕੋ-ਨੱਕ ਭਰੇ ਹੋਏ ਸਨ।

ਸਵੇਰੇ ਚਾਹ ਤਾਂ ਨਸੀਬ ਹੋ ਗਈ ਪਰੰਤੂ ਨਾਸ਼ਤੇ ਦਾ ਕੋਈ ਪ੍ਰਬੰਧ ਨਹੀਂ ਸੀ। ਵਾਪਸ ਚਾਲੇ ਪਾਉਣ ਤੋਂ ਪਹਿਲਾਂ ਅਸੀਂ ਗੁਰੂਦ੍ਵਾਰੇ ਦੇ ਮਿੱਠੇ ਰੀਠਿਆਂ ਦਾ ਪ੍ਰਸਾਦ ਲੈਣਾ ਚਾਹਿਆ। ‘ਸੇਵਾਦਾਰ’ ਨੇ ਦੱਸਿਆ ਕਿ ਪ੍ਰਸਾਦ ਗੁਰੂਦ੍ਵਾਰੇ ਵਿੱਚੋਂ ਨਹੀਂ ਸਗੋਂ ‘ਬਾਬਾ ਜੀ’ ਦੇ ਕਮਰੇ ਵਿੱਚੋਂ ਮਿਲੇਗਾ! ਅਸੀਂ ਉਧਰ ਨੂੰ ਹੋ ਤੁਰੇ। 35-36 ਸਾਲ ਦਾ ਹੱਟਾ-ਕੱਟਾ ‘ਬਾਬਾ ਜੀ’ ਆਪਣੇ ਕਮਰੇ ਵਿੱਚ ਹੀਟਰ ਲਾ ਕੇ ਫ਼ਰਸ਼ ਉੱਤੇ ਹੀ ਆਰਾਮ-ਦੇਹ ਆਸਨ ਉੱਤੇ ਬਿਰਾਜਮਾਨ ਸੀ। ਉਹ ਨੋਟਾਂ ਨਾਲ ਕਲੋਲ ਜਿਹਾ ਕਰ ਰਿਹਾ ਸੀ। ਉਸ ਦੇ ਸਾਹਮਣੇ ਕੁੱਝ ਨੀਲਧਾਰੀ ਬੈਠੇ ਸਨ ਜਿਨ੍ਹਾਂ ਨਾਲ ਸ਼ਾਇਦ ਉਹ ਕਿਸੇ ਲੈਣ-ਦੇਣ ਦਾ ਹਿਸਾਬ ਕਰ ਰਿਹਾ ਹੋਵੇ! ਹਰ ਬੱਚਾ-ਬੁੱਢਾ, ਇਸਤ੍ਰੀ-ਮਰਦ, ਨਾ ਚਾਹੁੰਦਿਆਂ ਹੋਇਆਂ ਵੀ, ‘ਪ੍ਰਸਾਦ’ ਲੈਣ ਦੀ ਖ਼ਾਤਿਰ ‘ਬਾਬੇ’ ਅੱਗੇ ਗੋਡੇ ਟੇਕੀ ਜਾ ਰਿਹਾ ਸੀ। ਪ੍ਰਸਾਦ ਲੈਣ ਵਾਲਿਆਂ ਦੀ ਉਮਰ ਦਾ ਲਿਹਾਜ਼ ਕੀਤੇ ਬਿਨਾਂ ਉਹ ਮੱਥਾ ਵੀ ਟਿਕਵਾਈ ਜਾ ਰਿਹਾ ਸੀ! ਸਜੀ-ਸ਼ਿੰਗਾਰੀ ਰੀਠਿਆਂ ਦੀ ਭਰੀ ਹੋਈ ਇੱਕ ਟੋਕਰੀ ਵਿੱਚੋਂ ਉਹ ਮੁੱਠੀ ਭਰ-ਭਰ ‘ਪ੍ਰਸਾਦ’ ਬਖ਼ਸ਼ੀ ਜਾਂਦਾ ਅਤੇ ਹਰ ਇੱਕ ਸ਼੍ਰੱਧਾਲੂ ਪ੍ਰਸਾਦ ਲੈ ਕੇ ਆਪਣੀ ਵਿਤ ਮੁਤਾਬਿਕ ਮਾਇਕ ਭੇਟਾ ਵੀ ਚੜ੍ਹਾਈ ਜਾ ਰਿਹਾ ਸੀ, ਜਿਸ ਨੂੰ ਉਹ ਆਪਣੇ ਸਲੇਟੀ ਕੁੜਤੇ ਦੇ ਅਗਾਧ ਖੀਸੇ ਵਿੱਚ ਸਿੱਟੀ ਜਾ ਰਿਹਾ ਸੀ। ਉਸ ਦੇ ਹਾਵਾਂ-ਭਾਵਾਂ ਤੋਂ ਉਸ ਦੀ ਹਉਮੈ ਦਾ ਅਫਾਰਾ ਸਾਫ਼ ਦਿਖਾਈ ਦਿੰਦਾ ਸੀ।

ਵਾਪਸ ਮੁੜਦਿਆਂ ਮੇਰੇ ਮਨ ਵਿੱਚ ਆਇਆ ਕਿ ਉਸ ਬੂਟੇ ਨੂੰ ਇਤਨੇ ਰੀਠੇ ਨਹੀਂ ਲੱਗ ਸਕਦੇ ਕਿ ‘ਬਾਬਾ’ ਟੋਕਰੀਆਂ ਭਰ-ਭਰ ਵੰਡੀ ਜਾਵੇ ਅਤੇ ਬਾਹਰ ਦੁਕਾਨਦਾਰ ਮਣਾਂ-ਮੂੰਹ ਵੇਚੀ ਵੀ ਜਾਣ! ਦੂਜਾ, ‘ਬਾਬਾ’ ਭਲਾ ਗੁਰੂਦ੍ਵਾਰੇ ਦੇ ਰੀਠੇ ਦੁਕਾਨਦਾਰਾਂ ਨੂੰ ਵੇਚਣ ਵਾਸਤੇ ਕਿਉਂ ਦੇਵੇਗਾ? ਮੈਂ ਆਪਣੇ ਸ਼ੰਕੇ ਕੁਝਕੁ ਹੋਰ ਸ਼੍ਰੱਧਾਲੂਆਂ ਨਾਲ ਸਾਂਝੇ ਕੀਤੇ ਅਤੇ ਉਹ ਵੀ ਸੋਚੀਂ ਪੈ ਗਏ। ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਅਸੀਂ ਇਸ ਸਿੱਟੇ ਉੱਤੇ ਪਹੁੰਚੇ ਕਿ ਜਾਂ ਤਾਂ ਇਹ ਦੁਕਾਨਦਾਰ (‘ਬਾਬੇ’ ਸਮੇਤ) ਕੌੜੇ ਰੀਠਿਆਂ ਨੂੰ ਕਿਸੇ ਮਿੱਠੀ ਚਾਸ਼ਨੀ ਵਿੱਚ ਪਾ ਕੇ ਮਿੱਠਾ ਕਰ ਲੈਂਦੇ ਹੋਣਗੇ ਅਤੇ ਜਾਂ ਫਿਰ ਰੀਠੇ ਕੁਦਰਤਨ ਕੌੜੇ ਵੀ ਹੁੰਦੇ ਹਨ ਅਤੇ ਮਿੱਠੇ ਵੀ! ! ਇਸੇ ਸ਼ਸ਼ ਓ ਪੰਜ ਵਿੱਚ ਅਸੀਂ ਵਾਪਸ ਪੰਜਾਬ ਪਰਤ ਗਏ।

ਗਏ ਅਸੀਂ ਨਾਨਕ ਮੱਤਾ, ਟਨਕਪੁਰ, ਲੋਹਾ ਘਾਟ ਵੱਲ ਦੀ ਸੀ ਪਰੰਤੂ ਵਾਪਸ ਹਲਦ੍ਵਾਨੀ ਵੱਲ ਦੀ ਆਏ। ਟਨਕਪੁਰ ਤੋਂ ਰੀਠਾ ਸਾਹਬਿ ਤੀਕ ਅਤੇ ਦੂਜੇ ਪਾਸੇ ਰੀਠਾ ਸਾਹਿਬ ਤੋਂ ਹਲਦ੍ਵਾਨੀ ਤਕ ਦਾ ਰਸਤਾ ਅਤਿਅੰਤ ਜੰਗਲੀ ਅਤੇ ਪਹਾੜੀ ਹੈ। ਸਾਡੇ ਮਨ ਵਿੱਚ ਇੱਕ ਹੋਰ ਪ੍ਰਬਲ ਜਿਗਿਆਸਾ ਇਹ ਜਾਣਨ ਦੀ ਜਾਗੀ ਕਿ ਪੰਜ ਸੌ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਇਹ ਬਿਖੜੀ ਡੂਗਰ-ਵਾਟ ਕਿਵੇਂ ਤੈਅ ਕੀਤੀ ਹੋਵੇਗੀ? ? ਉਸ ਸਮੇਂ ਤਾਂ ਓਥੇ ਕੋਈ ਆਬਾਦੀ ਵੀ ਨਹੀਂ ਸੀ! ਉਹ ਸਫ਼ਰ ਕਾਹਦੇ ਉੱਤੇ ਕਰਦੇ ਹੋਣਗੇ? ਉਨ੍ਹਾਂ ਦਾ ਤੋਸ਼ਾ ਕੀ ਹੁੰਦਾ ਹੋਵੇਗਾ? ਅਤੇ ਉਹ ਆਪਣੇ ਆਪ ਨੂੰ ਜੰਗਲੀ ਜਾਨਵਰਾਂ/ਦਰਿੰਦਿਆਂ ਤੋਂ ਕਿਵੇਂ ਬਚਾਉਂਦੇ ਹੋਣਗੇ ਆਦਿਕ? ? ? ਸਾਡੇ ਸੰਸਾਰੀਆਂ ਦੇ ਸਾਰੇ ਅਟਕਲ-ਅੰਦਾਜ਼ੇ ਕੱਚੇ ਸਨ! ਸਾਡੀ ਸੋਚਣ-ਸ਼ਕਤੀ ਨੇ ਹਾਰ ਮੰਨ ਲਈ ਅਤੇ ਸਾਡਾ ਸਿਰ ਆਪਣੇ ਆਪ ਗੁਰੂ ਨਾਨਕ ਦੇਵ ਜੀ ਦੀ ਦੈਵੀ ਸ਼ਖ਼ਸ਼ੀਯਤ ਦੇ ਚਰਨਾਂ ਵਿੱਚ ਝੁਕ ਗਿਆ!

ਚਲਦਾ-------

ਗੁਰਇੰਦਰ ਸਿੰਘ ਪਾਲ




.