ਸਿਧ ਗੋਸਟਿ (ਕਿਸ਼ਤ ਨੰ: 13)
ਨਾਨਕ ਪਾਤਸਾਹ ਜੀ ਦਾ ਜਵਾਬ: -
ਬਿਨੁ ਗੁਰ ਭਰਮੈ ਆਵੈ ਜਾਏ॥
ਬਿਨੁ ਗੁਰ ਘਾਲ ਨ ਪਵਈ ਥਾਇ॥
ਬਿਨੁ ਗੁਰ ਮਨੂਆ ਅਤਿ ਡੋਲਾਇ॥
ਬਿਨੁ ਗੁਰ ਤ੍ਰਿਪਤਿ ਨਹੀਂ ਬਿਖੁ ਖਾਇ॥
ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟ॥
ਨਾਨਕ ਗੁਰ ਬਿਨੁ ਘਾਟੇ ਘਾਟ॥ ੩੮॥
ਪਦ ਅਰਥ: - ਨਾਨਕ ਪਾਤਸਾਹ ਜੀ ਵਲੋਂ। ਬਿਨੁ ਗੁਰ – ਉਸ ਸੱਚੇ ਦੀ ਬਖ਼ਸ਼ਿਸ਼ ਤੋਂ ਬਗ਼ੈਰ। ਭਰਮੈ
ਆਵੈ ਜਾਏ – ਭਰਮ ਵਿੱਚ ਹੀ ਰਹਿੰਦਾ ਹੈ, ਭਰਮ ਜਾਂਦਾ ਨਹੀਂ। ਬਿਨੁ ਗੁਰ ਭਰਮੈ ਆਵੈ ਜਾਏ – ਹੇ ਭਾਈ
ਉਸ ਸੱਚੇ ਸਰਬਵਿਆਪਕ ਦੀ ਗੁਰ (ਬਖਸ਼ਿਸ਼) ਤੋ ਬਗ਼ੈਰ ਜੋ ਇਸ ਤਰ੍ਹਾਂ ਭਰਮ ਵਿੱਚ ਹੀ ਰਹਿੰਦਾ ਹੈ, ਉਸਦਾ
ਭਰਮ ਜਾਂਦਾ ਨਹੀਂ। (ਭਰਮ ਕਿਹੜਾ ਹੈ ਜੋਗੀ ਵਲੋ ਆਪਣੇ ਮੁਖੀ ਨੂੰ ਕਿਸੇ ਹੋਰ ਨਾਲ ਭਾਵ ਰਾਮ ਨਾਲ
ਤੁਲਣਾ ਦੇਕੇ ਸੱਚ ਸਾਬਤ ਕਰਨਾ) ਬਿਨੁ ਗੁਰ ਘਾਲਿ ਨ ਪਵਈ ਥਾਇ – ਉਸ ਸੱਚੇ ਦੀ ਬਖਸ਼ਿਸ਼ ਗਿਆਨ ਤੋਂ
ਬਗ਼ੈਰ ਹੋਰ ਜੋ ਕੋਈ ਮਰਜੀ ਘਾਲਣਾ ਘਾਲੀ ਜਾਵੇ, ਉਸਦੀ ਘਾਲਣਾ ਵਿਅਰਥ ਜਾਂਦੀ ਹੈ। ਬਿਨੁ ਗੁਰ ਮਨੂਆ
ਅਤਿ ਡੋਲਾਇ – ਉਸ ਦੀ ਬਖਸ਼ਿਸ਼ ਗਿਆਨ ਤੋਂ ਬਗ਼ੈਰ ਮਨ ਬਹੁਤ ਡੋਲਦਾ ਰਹਿੰਦਾ ਹੈ, ਟਿਕਦਾ ਨਹੀਂ। ਭਾਵ
ਕਿਸੇ ਵਿਅਕਤੀ ਨੂੰ ਬਖ਼ਸ਼ਿਸ਼ ਕਰਨ ਵਾਲਾ ਸਮਝਣ ਵਾਲਾ, ਉਸਨੂੰ ਕਦੀ ਕਿਸੇ ਨਾਲ ਤੁੱਲਣਾ ਦਿੰਦਾ ਹੈ ਕਦੀ
ਕਿਸੇ ਨਾਲ, ਅਤੇ ਡੋਲਦਾ ਰਹਿੰਦਾ ਹੈ। ਬਿਨੁ ਗੁਰ ਤ੍ਰਿਪਤਿ ਨਹੀਂ ਬਿਖੁ ਖਾਇ – ਸੱਚੇ ਦੀ ਸੱਚੀ
ਗੁਰ-ਬਖ਼ਸ਼ਿਸ਼ ਪ੍ਰਾਪਤ ਕਰਨ ਤੋ ਬਗ਼ੈਰ ਤ੍ਰਿਪਤਿ ਹੋ ਹੀ ਨਹੀਂ ਸਕਦਾ ਭਾਵ ਸੱਚ ਜਾਣ ਹੀ ਨਹੀਂ ਸਕਦਾ,
ਬਿਖ ਨੂੰ ਹੀ ਅਮ੍ਰਿੰਤ ਸਮਝਕੇ ਪੀਂਦਾ, ਖਾਂਦਾ ਹੈ। ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟ – ਆਤਮਿਕ
ਗਿਆਨ ਦੀ ਬਖ਼ਸ਼ਿਸ਼ ਤੋਂ ਬਗ਼ੈਰ ਅਗਿਆਨਤਾ ਦੇ ਰਸਤੇ ਤੁਰਕੇ ਉਸ ਵਿੱਚ ਹੀ ਮਲੀਆ-ਮੇਟ ਹੋ ਜਾਂਦਾ ਹੈ।
ਨਾਨਕ ਗੁਰ ਬਿਨੁ ਘਾਟੇ ਘਾਟ – ਨਾਨਕ ਆਖਦਾ ਹੈ, ਸੱਚੇ ਦੀ ਸੱਚੀ ਬਖ਼ਸ਼ਿਸ, ਆਤਮਿਕ ਗਿਆਨ ਦੀ ਸੂਝ ਤੋ
ਬਿਨਾਂ ਇਹ ਜੀਵਣ ਬਹੁਤ ਘਾਟੇ ਵਿੱਚ ਹੈ। ਅਗਿਆਨਤਾ ਦਾ ਨਾਗ ਉਸ ਨੂੰ ਡੰਗ ਜਾਂਦਾ ਹੈ।
ਅਰਥ: - ਹੇ ਭਾਈ ਜੋ ਸੱਚੇ ਦੀ ਸੱਚੀ ਬਖ਼ਸ਼ਿਸ਼ ਤੋ ਬਗ਼ੈਰ ਹੈ, ਉਹ ਆਪ ਹੀ ਅਗਿਆਨਤਾ ਦੇ ਭਰਮ ਵਿੱਚ ਹੈ
ਜਿਸਦਾ ਭਰਮ ਜਾਂਦਾ ਹੀ ਨਹੀਂ। ਭਾਵ, ਜੋ ਮਨੁੱਖ ਕਿਸੇ ਮਨੁੱਖ ਨੂੰ ਘਟਿ ਘਟਿ ਦਾ ਜਾਨਣ ਵਾਲਾ ਸਮਝਦਾ
ਹੈ, ਜਾਂ ਕਿਸੇ ਵੈਰ ਵਿਰੋਧ ਨਾ ਗਵਾਉਣ ਵਾਲੇ ਹੋਰ ਕਿਸੇ ਮਨੁੱਖ ਨੂੰ ਗੁਰਮੁਖਿ ਜਾਣਕੇ ਉਸ ਦੀ ਕਿਸੇ
ਹੋਰ ਮਨੁੱਖ ਨਾਲ ਤੁਲਣਾ ਦਿੰਦਾ ਹੈ, ਉਹ ਆਪ ਭਰਮ ਵਿੱਚ ਹੈ, ਗਿਆਨ ਤੋਂ ਸੱਖਣਾ ਹੈ। ਉਹ ਇਹ ਕਹਿੰਦਾ
ਹੈ ਕਿ ਸਾਡਾ ਮੁਖੀ ਰਾਮ ਵਾਂਗ ਵੈਰ ਵਿਰੋਧ ਨਹੀਂ ਕਰਦਾ, ਇਹ ਸੱਚੇ ਦੇ ਸੱਚ ਆਤਮਿਕ ਗਿਆਨ ਤੋਂ ਰਹਿਤ
ਸੱਖਣੀਆ ਗੱਲਾਂ ਹਨ। (ਜਿਸ ਰਾਮ ਨਾਲ ਤੁਲਣਾ ਦਿੱਤੀ ਹੈ ਉਸਨੇ ਤਾਂ ਵੈਰ ਵਿਰੋਧ ਗਵਾਇਆ ਨਹੀਂ ਸੀ)।
ਅਜਿਹਾ ਮਨੁੱਖ ਜੋ ਸੱਚੇ ਦੀ ਸੱਚੀ ਆਤਮਿਕ ਗਿਆਨ ਦੀ ਸੂਝ ਤੋਂ ਬਗ਼ੈਰ ਹੈ, ਸੱਖਣਾ ਹੈ, ਉਸਦੀ ਦੀ
ਆਪਣੀ ਘਾਲਣਾ ਪ੍ਰਵਾਨ ਨਹੀਂ ਹੁੰਦੀ ਕਿਉਂਕਿ ਉਹ ਆਪ ਭਰਮ ਵਿੱਚ ਹੈ। ਇਸ ਭਰਮ ਕਾਰਨ ਸੱਚੇ ਦੀ ਸੱਚੀ
ਆਤਮਿਕ ਗਿਆਨ ਦੀ ਬਖਸ਼ਿਸ਼ ਤੋ ਬਗ਼ੈਰ ਉਸ ਦਾ ਮਨੂਆ ਡੋਲਦਾ ਰੰਿਹੰਦਾ ਹੈ। ਨਾਂ ਹੀ ਉਸ ਸੱਚੇ ਦੀ ਸੱਚੀ
ਬਖਸ਼ਿਸ਼ ਗਿਆਨ ਦੀ ਸੂਝ ਤੋਂ ਬਿਨਾਂ ਇਹ ਮਨੂਆ ਤ੍ਰਿਪਤ ਹੋ ਸਕਦਾ, ਜੇ ਤ੍ਰਿਪਤ ਨਹੀਂ ਤਾਂ ਫਿਰ ਬਿਖ
ਹੀ ਖਾਵੇਗਾ। ਬਿਖ ਖਾਣਾ ਭਾਵ ਜ਼ਮੀਰ ਨੂੰ ਮਾਰ ਮੁਕਾਉਣ ਵਾਲੇ ਅਗਿਆਨਤਾ ਰੂਪੀ ਜ਼ਹਿਰ ਵਿੱਚ ਵਿਸ਼ਵਾਸ਼
ਰੱਖਣ ਵਾਲਾ ਮਨੁੱਖ ਆਤਮਿਕ ਗਿਆਨ ਦੀ ਸੂਝ ਤੋ ਬਗ਼ੈਰ ਅਗਿਆਨਤਾ ਦੇ ਰਸਤੇ ਤੁਰਕੇ ਉਸ ਵਿੱਚ ਹੀ
ਮਲੀਆ-ਮੇਟ ਹੋ ਜਾਂਦਾ ਹੈ। ਹੇ ਭਾਈ! ਨਾਨਕ ਆਖਦਾ ਹੈ, ਕਿ ਸੱਚੇ ਦੇ ਆਤਮਿਕ ਗਿਆਨ ਦੀ ਬਖ਼ਸ਼ਿਸ਼ ਤੋ
ਬਗ਼ੈਰ ਜੀਵਣ ਦੇ ਰਸਤੇ ਵਿੱਚ ਘਾਟਾ ਹੀ ਘਾਟਾ ਹੈ।
ਨੋਟ: - ਇਥੇ ਬੜੀ ਡੂੰਘਿਆਈ ਨਾਲ ਸਮਝਣ ਦੀ ਲੋੜ ਹੈ ਕਿ ਪਹਿਲਾ ਤਾਂ ਜੋਗੀ ਇਹ ਕਹਿੰਦਾ ਆਇਆ ਹੈ ਕਿ
ਸਾਡਾ ਮੁਖੀ ਹੀ ਕਰਤਾ ਹੈ, ਇਥੇ ਪਉੜੀ ਨੰਬਰ ੩੭ ਅੰਦਰ ਰਾਮ ਨਾਲ ਤੁੱਲਣਾ ਦੇ ਦਿੰਦਾ ਹੈ। ਪਉੜੀ
ਨੰਬਰ ੩੮ ਅੰਦਰ ਨਾਨਕ ਜੀ ਨੇ ਕਿਹਾ ਹੈ ਕਿ ਜੋਗੀ ਤੂੰ ਆਪ ਭਰਮ ਵਿੱਚ ਹੈਂ। ਪਹਿਲਾ ਤੂੰ ਆਪਣੇ ਮੁਖੀ
ਨੂੰ ਹੀ ਕਰਤਾ ਮੰਨਦਾ ਸੀ, ਹੁਣ ਤੂੰ ਆਪਣੇ ਮੁਖੀ ਦੀ ਰਾਮ ਨਾਲ ਤੁੱਲਣਾ ਕੀਤੀ ਹੈ। ਤੂੰ ਆਪ ਹੀ ਭਰਮ
ਵਿੱਚ ਹੈਂ। ਕਿਉਕਿ ਜੋਗੀ ਨਾ ਹੁਣ ਆਪਣੇ ਮੁਖੀ ਦੇ ਬਰਾਬਰ ਇੱਕ ਹੋਰ ਮਨੁੱਖ ਨੂੰ ਕਰਤਾ ਮੰਨ ਲਿਆ।
ਅਉਧੂ ਦਾ ਸਵਾਲ: -
ਜਿਸੁ ਗੁਰੁ ਮਿਲੈ ਤਿਸੁ ਪਾਰਿ ਉਤਾਰੈ॥
ਅਵਗਣ ਮੇਟੈ ਗੁਣਿ ਨਿਸਤਾਰੈ॥
ਮੁਕਤਿ ਮਹਾ ਸੁਖ ਗੁਰ ਸਬਦੁ ਬੀਚਾਰਿ॥
ਗੁਰਮੁਖਿ ਕਦੇ ਨ ਆਵੈ ਹਾਰਿ॥
ਤਨੁ ਹਟੜੀ ਇਹੁ ਮਨੁ ਵਣਜਾਰਾ॥
ਨਾਨਕ ਸਹਜੇ ਸਚੁ ਵਾਪਾਰਾ॥ ੩੯॥
ਨੋਟ: - ਇਥੇ ਇੱਕ ਗੱਲ ਬਹੁਤ ਧਿਆਨ ਨਾਲ ਨੋਟ ਕਰਨ ਵਾਲੀ ਹੈ ਕਿ ਜੋਗੀ ੩੭ ਨੰਬਰ ਪਉੜੀ
ਵਾਲੀ ਆਪਣੀ ਕਮਜ਼ੋਰੀ ਛਪਾਉਣ ਲਈ ੩੯ ਨੰ: ਪਉੜੀ ਵਿੱਚ ਗੱਲਬਾਤ ਨੂੰ ਦੂਸਰੇ ਪਾਸੇ ਮੋੜਨ ਦਾ ਯਤਨ
ਕਰਦਾ ਹੈ। ਨਾਨਕ! ਤੂੰ ਮੁਕਤੀ ਦੀ ਗੱਲ ਕਰਦਾ ਹੈ। ਮੈਂ ਮਹਾਂ-ਮੁਕਤੀ ਦੀ ਗੱਲ ਕਰਦਾ ਹਾਂ, ਕਿ ਜਿਸ
ਨੇ ਮਹਾਂ-ਮੁਕਤੀ, ਮਹਾਂ-ਸੁਖ ਪ੍ਰਾਪਤ ਕਰਨਾ ਹੈ, ਉਹ ਸਾਡੇ ਮੁਖੀ ਨੂੰ ਗੁਰੂ ਜਾਣਕੇ ਉਸ ਦੀ ਬਖ਼ਸ਼ਿਸ਼
ਪ੍ਰਾਪਤ ਕਰ ਲਏ, ਉਸਦਾ ਹੀ ਪਾਰ ਉਤਾਰਾ ਹੋ ਸਕਦਾ ਹੈ।
ਪਦ ਅਰਥ: - ਜੋਗੀ ਨਾਨਕ ਪਾਤਸਾਹ ਜੀ ਨੂੰ ਸੰਬੋਧਨ ਹੋ ਕੇ ਆਪਣੇ ਮੁਖੀ ਨੂੰ ਗੁਰੂ ਸਾਬਤ ਕਰਨ ਦਾ
ਯਤਨ ਕਰਦਾ ਹੈ। ਜਿਸ ਗੁਰੁ ਮਿਲੈ – ਜਿਸ ਨੂੰ ਉਸਦੀ ਬਖ਼ਸ਼ਿਸ਼ ਪ੍ਰਾਪਤ ਹੋ ਜਾਏ। ਤਿਸੁ ਪਾਰਿ ਉਤਾਰੈ –
ਉਸ ਦਾ ਹੀ ਪਾਰਿ ਉਤਾਰਾ ਹੁੰਦਾ ਹੈ। ਅਵਗੁਣ ਮੇਟੈ ਗੁਣਿ ਨਿਸਤਾਰੈ – ਜੋ ਉਸਦੀ ਸ਼ਰਨ ਆ ਜਾਂਦਾ ਹੈ
ਉਸਦੇ ਸਾਰੇ ਅਵਗੁਣ ਖਤਮ ਹੋ ਜਾਂਦੇ ਹਨ, ਅਤੇ ਉਸਨੂੰ ਚੰਗੇ ਗੁਣਾਂ ਦੀ ‘ਨਿਸਤਾਰੈ’ ਭਾਵ ਰੌਸ਼ਨੀ
ਹੁੰਦੀ ਹੈ। ਮੁਕਤਿ ਮਹਾ ਸੁਖ ਗੁਰ ਸ਼ਬਦੁ ਬੀਚਾਰਿ – ਉਸਦੀ ਬਖ਼ਸ਼ਿਸ਼, ਜੋਗ ਮਤ ਦੀ, ਵੀਚਾਰਧਾਰਾ ਨੂੰ
ਆਪਣੇ ਜੀਵਣ ਵਿੱਚ ਵੀਚਾਰ ਕਰਨ ਤੇ ਅਪਣਾਉਣ ਨਾਲ ਮੁਕਤੀ ਤਾਂ ਇੱਕ ਪਾਸੇ, ਮਹਾਂ-ਮੁਕਤੀ, ਮਹਾਂ- ਸੁਖ
ਪ੍ਰਾਪਤ ਹੋ ਜਾਂਦੇ ਹਨ। ਗੁਰਮੁਖਿ ਕਦੇ ਨ ਆਵੈ ਹਾਰਿ – ਉਸ ਸਾਡੇ ਮੁਖੀ ਕਰਤੇ ਰੂਪ ਗੁਰੂ ਦੀ ਬਖਸ਼ਿਸ਼
ਲੈਣ ਵਾਲੇ ਨੂੰ ਕਦੀ ਹਾਰ ਦਾ ਮੂੰਹ ਨਹੀਂ ਵੇਖਣਾ ਪੈਂਦਾ। ਤਨੁ – ਸਰੀਰ। ਤਨੁ ਹਟੜੀ ਇਹੁ ਮਨੁ
ਵਣਜਾਰਾ – ਇਸ ਕਰਕੇ ਜਿਹੜਾ ਆਪਣੇ ਤਨ ਹਟੜੀ ਵਿੱਚ ਮਨ ਕਰਕੇ ਇਸ ਸਾਡੇ ਗੁਰਮੁਖਿ ਮੁਖੀ ਦੇ ਦੱਸੇ
ਸੱਚ ਦਾ ਵਣਜ ਕਰਦਾ ਹੈ। ਨਾਨਕ ਸਹਜੇ ਸਚੁ ਵਪਾਰਾ – ਹੇ ਨਾਨਕ! ਅਜਿਹਾ ਕਰਨ ਵਾਲਾ ਸਹਜੇ ਹੀ ਇਸ ਸੱਚ
ਰੂਪੀ ਵਣਜ ਵਿੱਚ ਸਫਲ ਹੋ ਜਾਂਦਾ ਹੈ। (ਨੋਟ – ਨਾਨਕ ਜੀ ਨੇ ਸੁਰੂ ਵਿੱਚ ਵਿੱਚ ਕਿਹਾ ਸੀ “ਸਾਚ ਵਖਰ
ਕੇ ਹਮ ਵਣਜਾਰੇ” ਇਥੇ ਜੋਗੀ ਜੋਗ ਮੱਤ ਅਪਣਾਉਣ ਨੂੰ ਹੀ ਸੱਚ ਦਾ ਵਣਜ ਦੱਸਦਾ ਹੈ)।
ਅਰਥ: - ਹੇ ਨਾਨਕ! ਜਿਸ ਮਨੁੱਖ ਨੂੰ ਸਾਡੇ ਮੁਖੀ ਦੀ ਗੁਰ ਬਖਸ਼ਿਸ਼ ਜੋਗ ਮੱਤ ਦੇ ਗਿਆਨ ਦੀ ਸੂਝ
ਪ੍ਰਾਪਤ ਹੋ ਜਾਵੇ, ਉਸਦੇ ਅਵਗੁਣ ਖ਼ਤਮ ਹੋ ਜਾਂਦੇ ਹਨ, ਅਤੇ ਉਸਨੂੰ ਹੀ ਜੋਗ ਮੱਤ ਦੇ ਚੰਗੇ ਗੁਣਾਂ
ਦੀ ਰੌਸ਼ਨੀ ਹੁੰਦੀ, ਭਾਵ ਸਮਝ ਪੈਂਦੀ ਹੈ। ਜਿਸ ਨੂੰ ਇਹ ਰੌਸ਼ਨੀ ਪ੍ਰਾਪਤ ਹੁੰਦੀ ਹੈ, ਉਸ ਦਾ ਹੀ ਇਸ
ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਜੋਗ ਮੱਤ ਦੀ ਵੀਚਾਰਧਾਰਾ ਅਪਣਾਉਣ ਵਾਲੇ ਨੂੰ ਮੁਕਤੀ
ਤਾਂ ਇੱਕ ਪਾਸੇ ਮਹਾਂ-ਸੁਖ ਅਤੇ ਮਹਾਂ-ਮੁਕਤੀ ਪ੍ਰਾਪਤ ਹੁੰਦੇ ਹਨ। ਸਾਡੇ ਮੁਖੀ ਨੂੰ ਗੁਰਮੁਖਿ ਕਰ
ਕੇ ਜਾਨਣ ਵਾਲੇ ਨੂੰ ਕਦੇ ਹਾਰ ਦਾ ਮੂੰਹ ਨਹੀਂ ਵੇਖਣਾ ਪੈਂਦਾ। ਇਸ ਕਰਕੇ ਜਿਹੜਾ ਵੀ ਆਪਣੇ ਤਨ ਰੂਪੀ
ਹਟੜੀ ਵਿੱਚ ਸਾਡੇ ਮੁਖੀ ਦੇ ਦੱਸੇ ਸੱਚ (ਜੋਗ-ਮਾਰਗ) ਦਾ ਮਨ ਕਰਕੇ ਵਣਜ ਕਰਦਾ ਹੈ, ਜੋ ਇਸ ਮਾਰਗ
ਨੂੰ ਸੱਚ ਜਾਣਕੇ ਆਪਣੇ ਜੀਵਣ ਵਿੱਚ ਅਭਿਆਸ ਕਰਦਾ ਹੈ, ਉਹ ਇਸ ਵਿੱਚ ਸਥਿਰ ਰਹਿ ਕੇ ਆਪਣੇ ਜੀਵਣ ਦੇ
ਵਣਜ ਵਿੱਚ ਸਫਲ ਹੋ ਜਾਂਦਾ ਹੈ। ਹੇ ਭਾਈ! ਇਸ ਤਰ੍ਹਾਂ ਜੋਗੀ ਨੇ ਮੈਨੂੰ ਨਾਨਕ ਨੂੰ ਅਡੋਲ ਰਹਿ ਕੇ
ਜੋਗ ਮਾਰਗ ਨੂੰ ਹੀ ਸੱਚ ਦਾ ਵਪਾਰ ਸਮਝਕੇ ਉਸ ਉੱਪਰ ਚੱਲਣ ਲਈ ਪ੍ਰੇਰਿਆ।
ਨੋਟ: - ਜੋਗੀ ਆਪਣੀ ਕਹੀ ਹੋਈ ਗੱਲ ਤੋਂ ਟਾਲਾ ਵੱਟ ਕੇ ਗੱਲ ਦੂਸਰੇ ਪਾਸੇ ਮੋੜ ਕੇ ਮੁਕਤੀ ਤੋਂ
ਮਹਾਂ- ਮੁਕਤੀ ਵਲ ਲਿਜਾ ਰਿਹਾ ਹੈ, ਜਿਸ ਬਾਰੇ ਅਗਲੀ ਪਉੜੀ ਵਿੱਚ ਜੋਗੀ ਨੂੰ ਗੱਲ ਹੋਰ ਪਾਸੇ ਨਾਂ
ਲਿਜਾਣ ਦਾ ਸੰਕੇਤ ਦਿੰਦੇ ਹਨ। ਗੁਰੁ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਜਿਸ ਰਾਮ ਨਾਲ ਤੂੰ ਆਪਣੇ
ਮੁਖੀ ਦੀ ਤੁਲਣਾ ਇਹ ਕਹਿਕੇ ਕੀਤੀ ਹੈ ਕਿ ਇਹ ਵੈਰ ਵਿਰੋਧ ਗਵਾ ਦਿੰਦਾ ਹੈ, ਉਸਨੇ ਤਾਂ ਵੈਰ ਵਿਰੋਧ
ਗਵਾਇਆ ਹੀ ਨਹੀਂ ਸੀ।
ਨਾਨਕ ਪਾਤਸਾਹ ਜੀ ਜੋਗੀ ਨੂੰ ਮੋੜ ਕਿ ੩੭ ਨੰਬਰ ਪਉੜੀ ਵਾਲੀ ਜੋਗੀ ਦੀ ਕਹੀ ਗੱਲ ਵੱਲ ਲੈ ਕੇ ਆ ਰਹੇ
ਹਨ:-
ਗੁਰਮੁਖਿ ਬਾਂਧਿਓ ਸੇਤੁ ਬਿਧਾਤੈ॥
ਲੰਕਾ ਲੂਟੀ ਦੈਤ ਸੰਤਾਪੈ॥
ਰਾਮਚੰਦਿ ਮਾਰਿਓ ਅਹਿ ਰਾਵਣੁ॥
ਭੇਦੁ ਬਭੀਖਣ ਗੁਰਮੁਖਿ ਪਰਚਾਇਣੁ॥
ਗੁਰਮੁਖਿ ਸਾਇਰਿ ਪਾਹਣ ਤਾਰੇ॥
ਗੁਰਮੁਖਿ ਕੋਟਿ ਤੇਤੀਸ ਉਧਾਰੇ॥ ੪੦॥
ਪਦ ਅਰਥ: - ਗੁਰਮੁਖਿ – ਕਰਤਾ। ਬਿਧਾਤੈ – ਸਿਰਜਣਹਾਰੇ, ਕਰਤੇ। ਬਾਂਧਿਓ ਸੇਤ – ਸਬੰਧ
ਬਣਾੳਣਾ, । ਸੇਤ - ਆਪਸ ਵਿੱਚ ਜੋੜਨਾ। ਜਿਵੇ ਦੋ ਸਿਰਿਆ ਨੂੰ ਜੋੜਨ ਨਾਲ ਦੋ ਸਿਰਿਆ ਦਾ ਆਪਸ ਵਿੱਚ
ਸਬੰਧ ਜੋੜਨਾ। ਸੇਤ – ਸਬੰਧ। ਬਾਧਿਓ – ਜੋੜਨਾ।
ਨੋਟ: - ਗੁਰਮੁਖਿ – ਜੋਗੀ ਵਲੋਂ ਆਪਣੇ ਮੁਖੀ ਦੀ ਜੋ ਤੁਲਣਾ ਪਉੜੀ ਨੰ: ੩੭ ਅੰਦਰ ਦਸਰਥ ਪੁੱਤਰ ਰਾਮ
ਵੱਲ ਇਛਾਰਾ ਕਰਕੇ, ਗੁਰਮੁਖਿ ਕਹਿ ਕੇ ਕੀਤੀ ਗਈ ਹੈ। ਪਹਿਲਾ ਤਾਂ ਜੋਗੀ ਆਪਣੇ ਮੁਖੀ ਨੂੰ ਹੀ ਕਰਤਾ
ਮੰਨਦਾ ਆਇਆ ਹੈ, ਇਥੇ ੩੭ ਨੰ: ਪਾਉੜੀ ਵਿੱਚ ਆਕੇ ਆਪਣੇ ਮੁਖੀ ਦੀ ਤੁੱਲਣਾ ਰਾਮ ਨਾਲ ਇਸ ਤਰ੍ਹਾਂ ਕਰ
ਦਿੱਤੀ ਹੈ, ਕਿ ਨਾਨਕ ਇਸ (ਜੋਗ ਮੱਤ ਦੇ ਮੁਖੀ) ਨੂੰ ਰਾਮ ਰੂਪ ਕਰਕੇ ਜਾਣ ਲੈ। ਸੋ ਇਥੇ ਨਾਨਕ ਜੀ
ਜੋਗੀ ਦੀ ਗੱਲ ਰੱਦ ਕਰ ਰਹੇ ਹਨ।
ਲੰਕਾ ਲੂਟੀ – ਲੰਕਾ ਲੁੱਟ ਲਈ। ਦੈਂਤ – ਦਸਰਥ ਪੁੱਤਰ ਰਾਮ ਵਲੋਂ ਆਪਣੇ ਵਿਰੋਧੀਆਂ ਨੂੰ ਦਿੱਤਾ
ਨਾਮ। ਸੰਤਾਪੈ – ਖ਼ਤਮ ਕੀਤੇ। ਰਾਮਚੰਦਿ ਮਾਰਿਓ ਅਹਿ ਰਾਵਣ – ਉਸ ਰਾਮਚੰਦ ਵਲੋਂ ਰਾਵਣ ਨੂੰ ਦੈਤ ਕਹਿ
ਕੇ ਮਾਰਿਆ ਗਿਆ। ਭੇਦੁ ਬਭੀਖਣ ਗੁਰਮੁਖਿ ਪਰਚਾਇਣੁ – ਆਪਣੇ ਆਪ ਨੂੰ ਗੁਰਮੁਖਿ ਅਖਵਾਉਣ ਵਾਲੇ ਵਲੋਂ
ਭੇਦ ਲੈਣ ਲਈ ਬਭੀਖਣ ਨੂੰ ਲਾਲਚ ਰਾਹੀਂ ਪ੍ਰੇਰਿਆ ਗਿਆ। ਪਰਚਾਇਣ – ਪ੍ਰੇਰਣਾ, ਲਲਚਾਉਣਾ। (ਇਥੇ
ਭਭੀਖਣ ਨੂੰ ਰਾਮ ਵਲੋ ਲੰਕਾ ਦਾ ਭੇਤ ਲੈਣ ਲਈ ਇਹ ਕਹਿਕੇ ਜੋ ਲਲਚਾਇਆ ਗਿਆ ਸੀ ਕਿ ਰਾਵਣ ਨੂੰ ਮਾਰਨ
ਤੋਂ ਬਾਅਦ ਲੰਕਾ ਦਾ ਰਾਜ ਤੈਨੂੰ ਦੇ ਦਿਆਂਗਾ) ਗੁਰਮੁਖਿ ਸਾਇਰਿ ਪਾਹਣ ਤਾਰੇ - ਜਿਸ ਬਾਰੇ
ਗੱਲਾਂ-ਬਾਤਾਂ ਦੇ ਹਵਾਈ ਪੁਲ ਬੰਨ੍ਹ ਕੇ ਇਹ ਕਿਹਾ ਜਾਂਦਾ ਹੈ ਕਿ ਉਸਨੇ ਪੱਥਰ ਤਾਰੇ ਸਨ। ਗੁਰਮੁਖਿ
ਕੋਟਿ ਤੇਤੀਸ ਉਧਾਰੇ - ਜਿਸ ਬਾਰੇ ਇਹ ਵੀ ਗੱਲਾਂ ਦਾ ਪੁਲ ਉਸਾਰ ਦਿੱਤਾ ਜਾਂਦਾ ਹੈ ਕਿ ਉਸਨੇ ਤੇਤੀ
ਕਰੋੜ ਲੋਕਾਂ ਦਾ ਉਧਾਰ ਕੀਤਾ ਸੀ। ਆਪ ਉਸਨੂੰ ਲੰਕਾ ਦਾ ਭੇਤ ਭਭੀਖਣ ਤੋਂ ਲੈਣਾ ਪਿਆ।
ਨੋਟ – ਇਸ ਪਉੜੀ ਅੰਦਰ ਨਾਨਕ ਨਾਮ ਦੀ ਮੋਹਰ ਨਹੀਂ ਹੈ ਜਿਸਦਾ ਅਰਥ ਇਹ ਹੈ ਕਿ ਇਹ ਪਰਚਲਤ ਲੋਕ ਗਾਥਾ
ਹੈ। ਇਹ ਜੋ ਆਮ ਹੀ ਲੋਕਾਂ ਦੇ ਮੂੰਹ ਚੜੀਆ ਹੋਈਆ ਹਵਾਈ ਗੱਲਾ ਹਨ, ਉਸ ਉੱਪਰ ਵਿਅੰਗ ਹੈ ਨਾਨਕ ਜੀ
ਵਲੋ। ਸੋ ਇਹ ਭੁਲੇਖਾਂ ਕਦੀ ਨਹੀ ਖਾਣਾ ਕੇ ਨਾਨਕ ਜੀ ਨੇ ਰਾਮ ਚੰਦਰ ਨੂੰ ਗੁਰਮਖਿ ਕਿਹਾ ਹੈ। ਨਾਨਕ
ਤਾਂ ਆਖਦੇ ਹਨ। “ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥” ਸਲੋਕ ਮਹਲਾ ੧॥
ਅਰਥ: - (ਪਉੜੀ ਨੰਬਰ ੩੭ ਨੂੰ ਦ੍ਰਿਸ਼ਟੀ ਗੋਚਰ ਰੱਖਣਾ ਹੈ) ਹੇ ਜੋਗੀ! ਤੂੰ ਇਹ ਕਿਹਾ ਹੈ ਕਿ ਤੇਰੇ
ਮੁਖੀ ਨੇ ਬੇਦ ਸ਼ਾਸਤ੍ਰ ਦ੍ਰਿੜ ਕੀਤੇ ਹੋਏ ਹਨ, ਜ਼ੱਰੇ-ਜ਼ੱਰੇ ਦਾ ਉਸ ਨੂੰ ਭੇਦ ਹੈ। ਵੈਰ ਵਿਰੋਧ ਕਿਸੇ
ਨਾਲ ਉਹ ਕਰਦਾ ਨਹੀਂ, ਵੈਰ ਵਿਰੋਧ ਖ਼ਤਮ ਕਰ ਦਿੰਦਾ ਹੈ। ਉਸ ਦੀ ਸ਼ਰਣ ਆਉਣ ਵਾਲੇ ਦੇ ਸਾਰੇ ਲੇਖੇ
ਜੋਖੇ ਵੀ ਖ਼ਤਮ ਕਰ ਦਿੰਦਾ ਹੈ। ਜਿਹੜਾ ਉਸ ਨੂੰ (ਦਸਰਥ ਪੁੱਤਰ ਰਾਮ ਰੂਪ) ਗੁਰਮੁਖਿ ਸਮਝਕੇ ਉਸਦੇ
ਰੰਗ ਵਿੱਚ ਰੰਗਿਆ ਜਾਂਦਾ ਹੈ, ਉਹ ਤੁਹਾਡੇ ਮੁਖੀ ਨੂੰ ਹੀ ਰਾਮ ਰੂਪ ਸਮਝਕੇ ਆਪਣਾ ਖ਼ਸਮ ਮੰਨ ਲੈਂਦਾ
ਹੈ। ਇਹ ਤੂੰ ਨਾਨਕ ਨੂੰ ਪ੍ਰੇਣਾ ਦਿੰਦਾ ਹੈ।
ਹੇ ਜੋਗੀ ਜਿਸ ਦਸਰਥ ਪੁੱਤਰ ਰਾਮ ਨਾਲ ਗੁਰਮੁਖਿ (ਕਰਤਾ) ਕਹਿਕੇ ਤੂੰ ਆਪਣੇ ਮੁਖੀ (ਕਰਤੇ) ਨਾਲ
ਬਰਾਬਰਤਾ ਦਾ ਸਬੰਧ (ਬਾਧਿਓ) ਜੋੜਿਆ ਭਾਵ ਤੁਲਣਾ ਕੀਤੀ ਹੈ, ਕਿ ਸਾਡੇ ਮੁਖੀ ਨੇ ਬੇਦ ਸਾਸਤਰ ਦ੍ਰਿੜ
ਕੀਤੇ ਹੋਣ ਕਰਕੇ ਉਸਨੂੰ ਜਰੇ ਜਰੇ ਦਾ ਭੇਦ ਹੈ। ਉਸ ਰਾਮ ਨੂੰ ਤਾਂ ਲੰਕਾ ਬਾਰੇ ਹੀ ਜਾਣਕਾਰੀ ਨਹੀਂ
ਸੀ, ਜ਼ੱਰੇ-ਜ਼ੱਰੇ ਦੀ ਤਾਂ ਗੱਲ ਹੀ ਕੀ, ਅਤੇ ਨਾਂ ਹੀ ਉਸਨੇ ਵੈਰ ਵਿਰੋਧ ਗਵਾਇਆ ਸੀ। ਲੰਕਾ ਦਾ ਭੇਤ
ਲੈਣ ਲਈ ਤਾਂ, ਉਸ ਰਾਮਚੰਦ ਨੂੰ ਭਭੀਖਣ ਨੂੰ ਲਲਚਾਉਣਾ ਪਿਆ ਸੀ। ਆਪਣੇ ਵਿਰੋਧੀ ਰਾਵਣ ਨੂੰ ਤਾਂ
ਉਸਨੇ ਦੈਂਤ ਕਹਿ ਕੇ ਖ਼ਤਮ ਕਰ ਦਿੱਤਾ। ਲੰਕਾ ਦੇ ਰਸਤੇ ਦੇ ਭੇਦ ਬਾਰੇ ਤਾਂ ਉਹ ਕੁੱਝ ਵੀ ਨਹੀ ਸੀ
ਜਾਣਦਾ। ਉਸ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਉਸਨੇ ਸਮੁੰਦਰ ਉੱਪਰ ਪੱਥਰ ਤਾਰੇ ਸਨ ਜੋ ਹਵਾਈ
ਗੱਲਾਂ ਹਨ। ਇਹ ਵੀ ਹਵਾਈ ਗੱਲ ਹੀ ਹੈ ਕਿ ਉਸਨੇ ਤੇਤੀ ਕਰੋੜ ਲੋਕਾਂ ਦਾ ਉਧਾਰ ਕੀਤਾ ਸੀ। ਆਪ ਤਾਂ
ਉਸਨੇ ਭਭੀਖਣ ਤੋਂ ਭੇਤ ਲੈ ਕਰ ਲੰਕਾ ਲੁੱਟੀ ਉਸ ਰਾਮ ਨਾਲ ਤੂੰ ਆਪਣੇ ਮੁਖੀ ਦੀ ਤੁਲਣਾ ਕਰਕੇ ਤੂੰ
ਕਹਿਨਾ ਕਿ ਮੁਖੀ-ਸਿੱਧ ਨੂੰ ਰਾਮ-ਰੂਪ ਗੁਰਮੁਖਿ ਜਾਣ ਲੈ।
ਨੋਟ – ਇਥੇ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਜਿਸਨੇ ਲੰਕਾ ਨੂੰ ਲੁੱਟ ਲਿਆ ਹੋਵੇ, ਵਿਰੋਧੀਆ
ਨੂੰ ਦੈਂਤ ਕਹਿ ਕੇ ਖ਼ਤਮ ਕਰ ਦਿੱਤਾ ਹੋਵੇ, ਕੀ ਉਹ ਗੁਰਮੁਖਿ ਹੋ ਸਕਦਾ ਹੈ। ਜੋ ਲੋਕ ਉਸਨੂੰ
ਗੁਰਮੁਖਿ (ਕਰਤਾ) ਸਮਝਦੇ ਹਨ, ਨਾਨਕ ਜੀ ਨੇ ਉਨ੍ਹਾਂ ਦੇ ਕਥਨ ਨੂੰ ਹਵਾਈ ਗੱਲਾਂ (ਰੁਮ+ਰ) ਕਹਿਕੇ
ਰੱਦ ਕੀਤਾ ਹੈ, ਲੋਕਾਂ ਨੂੰ ਲੁੱਟਣ ਵਾਲੇ ਵਿਰੋਧੀਆਂ ਨੂੰ ਦੈਂਤ ਕਹਿ ਕੇ ਖ਼ਤਮ ਕਰਨ ਵਾਲੇ ਨੂੰ,
ਨਾਨਕ ਜੀ ਕਹਿੰਦੇ ਹਨ, ਗੁਰਮੁਖਿ ਨਹੀਂ ਕਹਿਆ ਜਾ ਸਕਦਾ।
ਅਉਧੂ ਵਲੋਂ ੩੭ ਨੂੰ: ਪਉੜੀ ਅੰਦਰ ਆਪਣੀ ਕਹੀ ਹੋਈ ਗੱਲ ਵਲੋਂ ਫਿਰਨਾ: -
ਗੁਰਮੁਖਿ ਚੂਕੈ ਆਵਣ ਜਾਣੁ॥
ਗੁਰਮੁਖਿ ਦਰਗਹ ਪਾਵੈ ਮਾਣੁ॥
ਗੁਰਮੁਖਿ ਖੋਟੇ ਖਰੇ ਪਛਾਣੁ॥
ਗੁਰਮੁਖਿ ਲਾਗੈ ਸਹਜਿ ਧਿਆਨੁ॥
ਗੁਰਮੁਖਿ ਦਰਗਹ ਸਿਫਤਿ ਸਮਾਇ॥
ਨਾਨਕ ਗੁਰਮੁਖਿ ਬੰਧੁ ਨ ਪਾਇ॥ ੪੧॥
ਪਦ ਅਰਥ: - ਗੁਰਮੁਖਿ – ਜੋਗੀ ਵਲੋਂ ਆਪਣੇ ਮੁਖੀ ਲਈ ਵਰਤਿਆ ਸ਼ਬਦ ਗੁਰਮੁਖਿ। ਗੁਰਮੁਖਿ
ਚੂਕੈ ਆਵਣ ਜਾਣੁ – ਇਹ ਗੁਰਮੁਖਿ ਤਾਂ ਆਉਣ ਜਾਣ ਦਾ ਚੱਕਰ ਖਤਮ ਕਰ ਦਿੰਦਾ ਹੈ। ਗੁਰਮੁਖਿ ਦਰਗਹ
ਪਾਵੈ ਮਾਣੁ – ਜਿਸਦਾ ਇਹ ਆਉਣ ਜਾਣ ਚੁੱਕ ਦਿੰਦਾ ਹੈ ਉਹ ਹੀ ਉਸਦੀ ਦਰਗਹ ਵਿੱਚ ਮਾਣ ਪ੍ਰਾਪਤ ਕਰਦਾ
ਹੈ (ਜੋਗੀ ਦੀ ਦਰਗਾਹ ਕੀ ਹੈ? ਉਸਦਾ ਆਪਣਾ ਡੇਰਾ)। ਗੁਰਮੁਖਿ ਖੋਟੇ ਖਰੇ ਪਛਾਣੁ – ਉਸਦੀ ਦਰਗਹ ਮਾਣ
ਪ੍ਰਾਪਤ ਕਰਨ ਵਾਲਾ ਹੀ ਖਰੇ ਅਤੇ ਖੋਟੇ ਗੁਰਮੁਖਿ ਬਾਰੇ ਜਾਣ ਸਕਦਾ ਹੈ (ਜੋਗੀ ਕਿਡਾ ਸਤਾਨ ਹੈ ਆਪਣੇ
ਮੁਖੀ ਦੀ ਜਿਸ ਨਾਲ ਪਹਿਲਾ ਤੁਲਣਾ ਦਿੱਤੀ ਉਸਨੂੰ ਵੀ ਖੋਟਾ ਕਹਿ ਗਿਆ ਹੈ)। ਗੁਰਮੁਖਿ ਲਾਗੈ ਸਹਜਿ
ਧਿਆਨੁ – ਪਛਾਨਣ ਵਾਲਾ ਹੀ ਇਸ ਸਾਡੇ ਮੁਖੀ ਨੂੰ ਗੁਰਮੁਖਿ ਜਾਣਕੇ ਅਡੋਲ ਉਸ ਵਿੱਚ ਆਪਣੀ ਸੁਰਤ ਨੂੰ
ਟਿਕਾਉਂਦਾ ਹੈ। ਗੁਰਮੁਖਿ ਦਰਗਹ ਸਿਫਤਿ ਸਮਾਇ – ਉਸਦੀ ਸਿਫ਼ਤੋ-ਸਲਾਹ ਕਰਨ ਵਾਲਾ, ਉਸ ਨੂੰ ਹੀ ਦਰਗਾਹ
(ਸ੍ਰਿਸਟੀ) ਵਿੱਚ ਸਮਾਇਆ ਹੋਇਆ ਜਾਣ ਲੈਂਦਾ ਹੈ। ਨਾਨਕ ਗੁਰਮੁਖਿ ਬੰਧੁ ਨ ਪਾਇ – ਹੇ ਭਾਈ! ਇਸ
ਤਰ੍ਹਾਂ ਨਾਨਕ ਨੂੰ ਜੋਗੀ ਵਲੋਂ ਇਹ ਕਹਿਕੇ ਆਪਣੀ ੩੭ ਨੰਬਰ ਪਉੜੀ ਵਿੱਚ ਕਹੀ ਹੋਈ ਗੱਲ ਨੂੰ ਮੋੜਾ
ਦਿੱਤਾ ਗਿਆ ਕਿ ਨਾਨਕ ਸਾਡੇ ਮੁਖੀ ਦਾ ਲੰਕਾ ਲੁਟਣ ਵਾਲੇ ਨਾਲ ਕੋਈ ਸਬੰਧ ਨਹੀਂ।
ਨੋਟ: - ਇਥੇ ਇੱਕ ਗੱਲ ਬੜੀ ਜ਼ਰੂਰੀ ਸਮਝਣ ਦੀ ਲੋੜ ਹੈ ਕਿ ਗੱਲਬਾਤ ਕਰਨ ਵਿੱਚ ਜੋਗੀ ਕਿੰਨੇ ਮਾਹਰ
ਸਨ। ਇਥੇ ਕਿਸ ਤਰ੍ਹਾਂ ਜੋਗੀ ਵਲੋਂ ੩੭ ਨੰਬਰ ਪਉੜੀ ਅੰਦਰ ਆਪਣੇ ਮੁਖੀ ਦੀ ਰਾਮ ਨਾਲ ਦਿੱਤੀ ਤੁੱਲਣਾ
ਵਲੋਂ ਕਿਵੇਂ ਇਹ ਕਹਿ ਕੇ ਮੋੜਾ ਦਿੱਤਾ ਗਿਆ ਹੈ ਕਿ ਸਾਡੇ ਮੁਖੀ ਗੁਰਮਖਿ ਦਾ ਲੰਕਾ ਨੂੰ ਲੁੱਟਕੇ
ਵਿਰੋਧੀਆਂ ਨੂੰ ਦੈਂਤ ਕਹਿਕੇ ਮਾਰਨ ਵਾਲੇ ਨਾਲ ਕੋਈ ਸਬੰਧ ਨਹੀਂ। ਬੰਧੁ ਦੇ ਅਰਥ ਮਹਾਨ ਕੋਸ਼ ਅੰਦਰ
ਸਬੰਧ ਵੀ ਹਨ। ਸੋ ਇਥੇ ਬੰਧੁ ਦੇ ਅਰਥ ਸਬੰਧ ਹੀ ਬਣਦੇ ਹਨ। ਪਉੜੀ ਨੂੰ ੪੦ ਅੰਦਰ ਬਾਂਧਿਓ ਦੇ ਅਰਥ
ਇੱਕ ਦੂਸਰੇ ਨਾਲ ਸਬੰਧ ਬਣਾਉਣਾ ਭਾਵ ਸਬੰਧ ਜੋੜਨਾ ਹੀ ਬਣਦੇ ਹਨ।
ਅਰਥ: - ਹੇ ਨਾਨਕ ਜੋ ਸਾਡੇ ਮੁਖੀ ਨੂੰ ਗੁਰਮੁਖਿ ਕਰਤਾ ਜਾਣ ਲੈਂਦਾ ਹੈ, ਉਸਦਾ ਆਉਣ ਜਾਣ ਖ਼ਤਮ ਹੋ
ਜਾਂਦਾ ਹੈ, ਅਤੇ ਉਹ ਸਿੱਧ ਮੁਖੀ ਦੀ ਦਰਗਹ (ਡੇਰੇ) ਵਿੱਚ ਮਾਣ ਪ੍ਰਾਪਤ ਕਰਦਾ ਹੈ। ਉਸਦੀ ਦਰਗਹ
ਵਿੱਚ ਮਾਣ ਪ੍ਰਾਪਤ ਕਰਨ ਵਾਲਾ ਅਡੋਲ ਹੀ ਉਸਨੂੰ ਗੁਰਮੁਖਿ ਕਰਤਾ ਜਾਣਕੇ ਉਸ ਵਿੱਚ ਸੁਰਤ ਜੋੜਦਾ ਹੈ
ਅਤੇ ਉਸਦੀ ਹੀ ਸਿਫਤੋ ਸਲਾਹ ਕਰਦਾ ਹੈ। ਉਹ ਉਸਨੂੰ ਹੀ ਦਰਗਹ (ਸ੍ਰਿਸਟੀ) ਵਿੱਚ ਸਮਾਇਆ ਹੋਇਆ ਜਾਣ
ਲੈਂਦਾ ਹੈ। ਇਸ ਲਈ ਹੇ ਨਾਨਕ ਸਾਡੇ ਗੁਰਮੁਖਿ ਮੁਖੀ ਦਾ ਲੰਕਾ ਲੁੱਟਣ ਵਾਲੇ ਨਾਲ ਕੋਈ ਸਬੰਧ ਨਹੀਂ।
ਬਲਦੇਵ
ਸਿੰਘ ਟੋਰਾਂਟੋ