.

ਸਿਰੋਪਾਓ ਹੁਣ ਗੁਰੂ ਘਰ ਦੀ ਬਖਸ਼ਿਸ਼ ਨਹੀ ਰਿਹਾ

-ਰਘਬੀਰ ਸਿੰਘ ਮਾਨਾਂਵਾਲੀ

ਕਿਸੇ ਵਿਅਕਤੀ ਦੁਆਰਾ ਦੇਸ਼ ਅਤੇ ਲੋਕਾਂ ਦੀ ਭਲਾਈ ਲਈ ਕੀਤੇ ਵਿਲੱਖਣ ਕੰਮਾਂ ਬਦਲੇ ਉਸ ਦੀ ਹੌਂਸਲਾ ਅਫਜ਼ਾਈ ਕਰਨ ਲਈ ਉਸ ਨੂੰ ਢੁਕਵਾਂ ਇਨਾਮ ਸਰਕਾਰ, ਕਿਸੇ ਸੰਸਥਾ ਜਾਂ ਕਿਸੇ ਅਦਾਰੇ ਵਲੋਂ ਦਿਤਾ ਜਾਂਦਾ ਹੈ। ਜੇ ਕਿਸੇ ਲੇਖਕ ਨੇ ਸਾਹਿਤਕ ਖੇਤਰ ਵਿੱਚ ਲੋਕਾਂ ਲਈ ਇਨਕਲਾਬੀ ਅਤੇ ਸੇਧ ਦੇਣ ਵਾਲਾ ਸਾਹਿਤ ਰੱਚਿਆ ਹੋਵੇ ਤੱਦ ਵੀ ਉਸ ਨੂੰ ਇਨਾਮ ਦਿਤਾ ਜਾਂਦਾ ਹੈ। ਉਸ ਇਨਾਮ ਵਿੱਚ ਕੋਈ ਯਾਦਗਾਰੀ ਚਿੰਨ੍ਹ, ਦੁਸ਼ਾਲਾ ਅਤੇ ਮਾਇਆ ਭੇਟ ਕੀਤੀ ਜਾਂਦੀ ਹੈ। ਤਾਂ ਕਿ ਉਹ ਹੋਰ ਵੀ ਉਤਸ਼ਾਹ ਨਾਲ ਉਸਾਰੂ ਸਾਹਿਤ ਲੋਕਾਂ ਦੀ ਭਲਾਈ ਲਈ ਲਿਖ ਸਕੇ। ਫੌਜ ਵਲੋਂ ਵੀ ਦੇਸ਼ ਲਈ ਕੁਰਬਾਨੀ ਅਤੇ ਵਧੀਆ ਕੰਮ ਕਰਨ ਵਾਲਿਆਂ ਨੂੰ ਉੱਚੇ ਤੋਂ ਉੱਚੇ ਸਨਮਾਨ ਅਤੇ ਖ਼ਿਤਾਬ ਦਿਤੇ ਜਾਂਦੇ ਹਨ। ਇਸੇ ਤਰ੍ਹਾਂ ਹੀ ਸਿੱਖ ਧਰਮ ਅੰਦਰ ਵੀ ਗੁਰੂਘਰ ਦੀ ਬਖਸ਼ਿਸ਼ ਸਮਝੇ ਜਾਂਦੇ `ਸਿਰੋਪਾਉ` ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਵਜੋਂ ਉਹਨਾਂ ਗੁਰਸਿੱਖਾਂ ਨੂੰ ਦਿਤਾ ਜਾਂਦਾ ਸੀ, ਜੋ ਨਾਮ ਰਸੀਏ, ਸੇਵਾ ਤੇ ਸਿਮਰਨ ਦੇ ਪੁੰਜ, ਉੱਚੇ-ਸੁੱਚੇ ਕਿਰਦਾਰ ਵਾਲੇ, ਸਰਬੱਤ ਦੇ ਭਲੇ ਦੀ ਸੋਚ ਰੱਖਣ ਵਾਲੇ ਹੋਣ ਤੇ ਜਿਹਨਾਂ ਨੇ ਸਿੱਖ ਧਰਮ ਅਤੇ ਸਿੱਖ ਕੌਮ ਪ੍ਰਤੀ ਵਿਸ਼ੇਸ਼ ਕਾਰਜ ਕੀਤੇ ਹੋਣ। ਇਹ ਸਨਮਾਨ ਪ੍ਰਾਪਤ ਕਰਨ ਵਾਲੇ ਗੁਰਸਿੱਖਾਂ ਨੂੰ ਆਮ ਸੰਗਤ ਵਿੱਚ ਸਤਿਕਾਰ ਦੀ ਭਾਵਨਾ ਨਾਲ ਵੇਖਿਆ ਜਾਂਦਾ ਸੀ। ਕਿਉਂਕਿ ਉਹਨਾਂ ਦੇ ਕੀਤੇ ਕੰਮਾਂ ਨੂੰ ਗੁਰੂ ਸਾਹਿਬਾਨਾਂ ਨੇ ਪ੍ਰਵਾਨ ਕਰ ਲਿਆ ਹੁੰਦਾ ਸੀ। ਇਸ ਤਰ੍ਹਾਂ ਦੇ ਦਿਤੇ ਸਨਮਾਨਾਂ ਨਾਲ ਬਾਕੀ ਸੰਗਤ ਵਿੱਚ ਚੰਗੇ ਕਾਰਜ ਕਰਨ ਦਾ ਉਤਸ਼ਾਹ ਪੈਦਾ ਹੁੰਦਾ ਸੀ।
ਸਮਾਂ ਤੁਰਦਾ ਗਿਆ। ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਕਿਰਦਾਰ ਡਿੱਗਦੇ ਗਏ। ਇਸ ਲਈ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਪ੍ਰਧਾਨਾਂ ਵਲੋਂ ਆਪਣੇ ਅਧਿਕਾਰਾਂ ਦੀ ਨਜ਼ਾਇਜ਼ ਵਰਤੋਂ ਕਰਕੇ ਆਪਣੇ ਚਹੇਤਿਆਂ ਨੂੰ ਬਿਨ੍ਹਾਂ ਕਿਸੇ ਪ੍ਰਾਪਤੀਆਂ ਤੋਂ ਥੋਕ ਵਿੱਚ ਇਹ ਸਿਰੋਪਾਓ ਦੇਣੇ ਆਰੰਭ ਕਰ ਦਿਤੇ ਸਨ। ਇਸ ਤਰ੍ਹਾਂ ਅੱਜ ਗਿਆਨਹੀਣ ਲੋਕਾਂ ਦੇ ਸਵਾਰਥ ਕਰਕੇ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਵੋਟਾਂ ਲੈਣ ਦੀ ਸਿਆਸਤ ਅਤੇ ਮਿਹਰਬਾਨੀ ਨੇ ਸਿਰੋਪਾਉ ਨੂੰ ਮਹਿਜ਼ ਦੋ ਮੀਟਰ ਦਾ ਇੱਕ ਮਾਮੂਲੀ ਕਪੜਾ ਬਣਾ ਕੇ ਰੱਖ ਦਿਤਾ ਹੈ।
ਅੱਜ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੇ ਸਿਰਮੌਰ ਧਾਰਮਿਕ ਅਸਥਾਨ ਸਿਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਘਰ ਵਿੱਚ ਸਭ ਨੂੰ ਬਰਾਬਰ ਸਮਝਣ ਦੀ ਰਿਵਾਇਤ ਨੂੰ ਤਹਿਸ-ਨਹਿਸ ਕਰਕੇ ਸਿਰੋਪਾਉ ਨੂੰ ਸੌ ਰੁਪਏ ਜਾਂ ਇਸ ਤੋਂ ਵੱਧ ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਸੌ ਰੁਪਏ ਜਾਂ ਇਸ ਤੋਂ ਵੱਧ ਦਾ ਮੱਥਾ ਟੇਕਣ ਵਾਲਿਆਂ ਨੂੰ ਕੇਸਰੀ ਰੰਗ ਦਾ ਤਹਿ ਕੀਤਾ ਸਿਰੋਪਾਉ, ਜਿਸ ਵਿੱਚ ਇੱਕ ਵੱਡਾ ਪਤਾਸਾ ਵੀ ਹੁੰਦਾ ਹੈ, ਦਿਤਾ ਜਾਂਦਾ ਹੈ। ਸੌ ਰੁਪਏ ਤੋਂ ਘੱਟ ਮੱਥਾ ਟੇਕਣ ਵਾਲੇ ਨੂੰ ਕੁੱਝ ਵੀ ਨਹੀਂ ਦਿਤਾ ਜਾਂਦਾ। ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਟੀ. ਵੀ. ਪ੍ਰਸਾਰਨ ਸਮੇਂ ਘੱਟ ਪੈਸਿਆਂ ਦਾ ਮੱਥਾ ਟੇਕਣ ਵਾਲੇ ਗਰੀਬ ਵਿਅਕਤੀ ਅਕਸਰ ਸੇਵਾਦਾਰਾਂ ਤੋਂ ਸਿਰੋਪਾਉ ਦੀ ਮੰਗ ਕਰਦੇ ਦਿਖਾਈ ਦਿੰਦੇ ਹਨ। ਜਿਵੇਂ ਕੋਈ ਦੁਕਾਨਦਾਰ ਕਿਸੇ ਵਸਤੂ ਦੀ ਘੱਟ ਕੀਮਤ ਦੇਣ ਵਾਲੇ ਗਾਹਕ ਨੂੰ ਉਹ ਵਸਤੂ ਨਹੀਂ ਦਿੰਦਾ। ਇਸ ਤਰ੍ਹਾਂ ਹੀ ਸੇਵਾਦਾਰ ਵੀ ਸੌ ਰੁਪਏ ਤੋਂ ਘੱਟ ਮੱਥਾ ਟੇਕਣ ਵਾਲਿਆਂ ਨੂੰ ਸਿਰੋਪਾਉ ਨਹੀਂ ਦਿੰਦੇ। ਤੇ ਮਜ਼ਦੂਰੀ ਕਰਨ ਵਾਲਾ, ਰੁੱਖੀ-ਸੁੱਖੀ ਖਾਣ ਵਾਲਾ, ਗੁਰੂ ਨਾਨਕ ਸਾਹਿਬ ਦਾ ਪਿਆਰਾ ਪਾਤਰ ਭਾਈ ਲਾਲੋ ਗੁਰੂ ਘਰ ਵਿੱਚ ਹੁੰਦੇ, ਇਸ ਮਨੁੱਖੀ ਵਰਤਾਰੇ ਨੂੰ ਬਿੱਟ-ਬਿੱਟ ਤੱਕਦਾ ਸਬਰ ਦਾ ਘੁੱਟ ਭਰ ਕੇ ਵੇਖਦਾ ਰਹਿ ਜਾਂਦਾ ਹੈ। ਕੀ ਗੁਰੂ ਘਰ ਦੀ ਬਖਸ਼ਿਸ਼ ਕਹੌਣ ਵਾਲੇ ਇਸ ਸਿਰੋਪਾਉ ਦੀ ਸਿਰਫ ਕੀਮਤ ਸੌ ਰੁਪਏ ਹੈ? ਗੁਰੂ ਸਾਹਿਬਾਨ ਦੀ ਚਲਾਈ ਇਸ ਰਿਵਾਇਤ ਦਾ ਮੁੱਲ ਤਾਂ ਦੁਨੀਆਵੀ ਕੀਮਤਾਂ ਤੋਂ ਪਰ੍ਹੇ ਹੈ।
ਸਿਰੋਪਾਉ ਦੇਣ ਦੇ ਇਸ ਸਿਸਟਮ ਦੇ ਪਿੱਛੇ ਪ੍ਰਬੰਧਕਾਂ ਦੀ ਇਹ ਮਨਸ਼ਾ ਨਜ਼ਰ ਆਉਂਦੀ ਹੈ ਕਿ ਸੰਗਤ ਦੋ ਮੀਟਰ ਕਪੜੇ ਨੂੰ ਹਾਸਲ ਕਰਨ ਦੀ ਭੇਡ-ਚਾਲ ਵਿੱਚ ਘੱਟੋ-ਘੱਟ ਸੌ ਰੁਪਏ ਦਾ ਤਾਂ ਮੱਥਾ ਟੇਕੇਗਾ ਹੀ ਅਤੇ ਇਸ ਤਰ੍ਹਾਂ ਗੁਰੂ ਘਰ ਦੀ ਆਮਦਨ ਵਿੱਚ ਵਾਧਾ ਹੋ ਜਾਵੇਗਾ। ਅਜਿਹਾ ਕਾਰਜ ਇਹ ਵੀ ਸਿੱਧ ਕਰਦਾ ਹੈ ਕਿ ਸੰਗਤ ਦੀ ਸਮਝ ਬਹੁਤ ਨਿਘਰ ਚੁੱਕੀ ਹੈ। ਸੰਗਤ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਨੇ ਸੌ ਰੁਪਏ ਦਾ ਮੱਥਾ ਟੇਕ ਕੇ ਕੌਮ ਅਤੇ ਧਰਮ ਲਈ ਕੀ ਕਾਰਨਾਮਾ ਕਰ ਦਿਤਾ ਹੈ? ਹਾਂ ਇਹ ਸੱਚਾਈ ਜਰੂਰ ਹੈ ਕਿ ਵੱਧ ਪੈਸਿਆਂ ਦਾ ਮੱਥਾ ਟੇਕ ਕੇ ਸੰਗਤ ਨੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਨੂੰ ਮਾਇਆ ਨਾਲ ਮਾਲੋ-ਮਾਲ ਜਰੂਰ ਕਰ ਦਿਤਾ ਹੈ। ਤਾਂ ਕਿ ਸੇਵਾਦਾਰ ਅਤੇ ਪ੍ਰਬੰਧਕ ਮੁਫਤ ਦੀ ਕਮਾਈ `ਤੇ ਐਸ਼ ਕਰ ਸਕਣ। ਕਈ ਲੋਕ ਤਹਿ ਕੀਤੇ ਸਿਰੋਪਾਉ ਨੂੰ ਹਾਸਲ ਕਰਨ ਲਈ ਦੁਬਾਰਾ ਫਿਰ ਸੌ ਰੁਪਏ ਦਾ ਮੱਥਾ ਟੇਕਦੇ ਹਨ। ਭਾਵੇਂ ਉਹਨਾਂ ਨੇ ਪਹਿਲਾਂ ਥੋੜੇ ਪੈਸਿਆਂ ਦਾ ਮੱਥਾ ਟੇਕਿਆ ਹੀ ਹੋਵੇ। ਗੁਰੂ ਸਾਹਿਬਾਨਾਂ ਨੇ ਗੁਰੂ ਘਰਾਂ ਵਿੱਚ ਸਭ ਨੂੰ ਬਰਾਬਰੀ ਦਾ ਉਪਦੇਸ਼ ਦਿਤਾ ਸੀ। ਪਰ ਸਿੱਖ ਧਰਮ ਦੇ ਸਰਬਉੱਚ ਅਸਥਾਨ ਜਿਸ ਦੀ ਵਿਸ਼ਵਭਰ ਵਿੱਚ ਮਹਾਨਤਾ ਹੈ, ਉਥੇ ਅਮੀਰ ਅਤੇ ਗਰੀਬ ਦੀ ਭੇਟਾ ਵਿੱਚ ਸਿਰੋਪਾਉ ਰਾਹੀਂ ਵਿਤਕਰਾ ਕੀਤਾ ਜਾ ਰਿਹਾ ਹੈ। ਅਤੇ ਸਿੱਖੀ ਅਸੂਲਾਂ ਦੀ ਉਲੰਘਣਾ ਕੀਤੀ ਜਾਂਦੀ ਹੈ। ਸੋਚਣ ਵਾਲੀ ਗੱਲ ਹੈ ਕਿ ਦਰਬਾਰ ਸਾਹਿਬ ਵਿੱਚ ਸੌ ਰੁਪਏ ਵਿੱਚ ਸਿਰੋਪਾਉ ਦੇਣਾ/ਵੇਚਣਾ ਕਿਉਂ ਜਰੂਰੀ ਹੈ? ਕੀ ਮੁੱਲ ਲਏ ਸਿਰੋਪਾਉ ਨੂੰ ਗੁਰੂ ਘਰ ਦੀ ਬਖਸ਼ਿਸ਼ ਕਿਹਾ ਜਾ ਸਕਦਾ ਹੈ?
ਗੁਰੂ ਘਰ ਗਿਆਨ ਦੇ ਸੋਮੇ ਹਨ ਜਾਂ ਦੁਕਾਨਾਂ…? ਸ਼੍ਰੋਮਣੀ ਕਮੇਟੀ ਅਤੇ ਸਿੰਘ ਸਾਹਿਬਾਨ ਇਸ ਦਾ ਨਿਰਣਾ ਅਜੇ ਤੱਕ ਨਹੀਂ ਕਰ ਸਕੇ। ਇਹ ਸਿੱਖ ਕੌਮ ਦੀ ਘੋਰ ਤ੍ਰਾਸਦੀ ਹੈ। ਗਲਤ ਰਿਵਾਇਤਾਂ ਨੂੰ ਅਗਾਂਹ ਦੀ ਅਗਾਂਹ, ਸੰਗਤ ਦੀ ਸ਼ਰਧਾ ਦਾ ਨਾਮ ਦੇ ਕੇ ਵਧਾਈਆਂ ਜਾ ਰਹੀਆਂ ਹਨ।
ਪ੍ਰਸਿੱਧ ਵਿਦਵਾਨ ਪ੍ਰੋ: ਇੰਦਰ ਸਿੰਘ ਘੱਗਾ ਆਪਣੀ ਇੱਕ ਲਿਖਤ ਵਿੱਚ ਸਿਰੋਪਾਉ ਬਾਰੇ ਲਿਖਦੇ ਹਨ। ਕਿ ਜਦੋਂ ਗੁਰੂ ਪਿਆਰ ਵਾਲਾ ਸਿੱਖ ਤਨ ਮਨ ਨਾਲ ਸੇਵਾ ਕਰਦਾ ਸੀ ਅਜਿਹੇ ਸਿੱਖ ਨੂੰ ਗੁਰੂ ਜੀ ਸਿਰੋਪੇ ਦੇ ਕੇ ਸਨਮਾਨਤ ਕਰਦੇ ਸਨ। ਪੀਰ ਬੁਧੂ ਸ਼ਾਹ ਨੇ ਆਪਣੇ ਪੁੱਤਰਾਂ ਅਤੇ ਸੇਵਕਾਂ ਨੂੰ ਵਰ੍ਹਦੀ ਅੱਗ ਵਿੱਚ ਗੁਰੂ ਜੀ ਦੇ ਹੱਕ ਵਿੱਚ ਜੰਗ ਲਈ ਭੇਜਿਆ। ਸ਼ਹੀਦੀਆਂ ਹੋਈਆਂ। ਅਨੇਕਾਂ ਨੌਜਵਾਨ ਜ਼ਖ਼ਮੀ ਹੋਏ। ਪੀਰ ਜੀ ਵਲੋਂ ਸਮੇਂ ਸਿਰ ਕੀਤੀ ਗਈ ਸਹਾਇਤਾ ਕਾਰਨ ਸਿੱਖ ਫ਼ੌਜ ਜਿੱਤ ਗਈ। ਜੰਗ ਤੋਂ ਬਾਅਦ ਗੁਰੂ ਜੀ ਨੇ ਕਈ ਯੋਧਿਆਂ ਦਾ ਸਨਮਾਨ ਕੀਤਾ। ਪੀਰ ਬੁੱਧੂ ਸ਼ਾਹ ਵਲੋਂ ਕੀਤੀ ਗਈ ਬੇਜੋੜ ਸੇਵਾ ਤੋਂ ਬਾਅਦ ਉਚੇਚੇ ਤੌਰ `ਤੇ ਸਨਮਾਨ ਕਰਦਿਆਂ ਆਪਣੀ ਦਸਤਾਰ ਦਾ ਅੱਧਾ ਹਿੱਸਾ ਪੀਰ ਜੀ ਨੂੰ ਸਿਰੋਪੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ। ਭਰੇ ਇਕੱਠ ਵਿੱਚ ਉਹਨਾਂ ਦੀ ਪ੍ਰਸੰਸਾ ਕੀਤੀ ਗਈ। ਕਿੰਨੀ ਵੱਡੀ ਕੀਮਤ ਤਾਰ ਕੇ ਸਿਰੋਪਾ ਪ੍ਰਾਪਤ ਕੀਤਾ ਗਿਆ। 
ਉਹ ਅੱਗੇ ਲਿਖਦੇ ਹਨ ਕਿ ਸਮਾਂ ਆਪਣੀ ਚਾਲ ਚਲਦਾ ਗਿਆ। ਹਾਲਾਤ ਬਦਲਦੇ ਗਏ। ਗੁਰੂ ਸਾਹਿਬਾਨ ਦੇ ਉੱਤਮ ਉਪਦੇਸ਼ ਸਿੱਖਾਂ ਦੇ ਮਨਾਂ ਵਿਚੋਂ ਕਿਰਦੇ ਗਏ। ਸਿਰੋਪੇ ਦਾ ਕਪੜਾ ਥੋਕ ਵਿੱਚ ਖਰੀਦਿਆਂ ਜਾਣ ਲੱਗਾ। ਕਰੋੜਾਂ ਰੁਪਏ ਦੇ ਕਪੜੇ ਵਿਚੋਂ ਲੱਖਾਂ ਰੁਪਏ ਦੇ ਫਰਾਡ ਹੋ ਜਾਣੇ ਆਮ ਜਿਹੀ ਘਟਨਾ ਜਾਪਣ ਲੱਗੀ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚਲੇ ਗੁਰਦਵਾਰਿਆਂ ਤੋਂ ਲੈ ਕੇ ਸਥਾਨਿਕ ਪੱਧਰ ਦੇ ਹਰ ਗੁਰਦਵਾਰੇ ਵਿੱਚ ਸਿਰੋਪਿਆਂ ਦਾ `ਵਪਾਰ` ਹੋਣ ਲੱਗ ਪਿਆ। ਗੁਰਪੁਰਬ ਸਮੇਂ ਵੱਡੇ ਇਕੱਠਾਂ ਵਿੱਚ ਪਾਠੀਆਂ ਨੂੰ ਸਿਰੋਪੇ… ਰਾਗੀਆਂ ਨੂੰ ਸਿਰੋੇਪੇ… ਜਿਸ ਪ੍ਰਵਾਰ ਨੇ ਪਾਠ ਦਾ ਖਰਚਾ ਦਿਤਾ ਉਸ ਨੂੰ ਸਿਰੋਪਾ… ਕਥਾ ਵਾਚਕ ਤੇ ਅਰਦਾਸੀਏ ਨੂੰ ਸਿਰੋੇਪੇ… ਲੰਗਰ ਪਕਾਉਣ ਵਾਲਿਆਂ ਤੇ ਵਰਤਾਉਣ ਵਾਲਿਆਂ ਨੂੰ ਸਿਰੋਪੇ… ਸਾਈਕਲ ਸਕੂਟਰ ਸਾਂਭਣ ਵਾਲਿਆਂ ਨੂੰ ਤੇ ਜੋੜੇ ਜਮ੍ਹਾਂ ਕਰਨ ਵਾਲਿਆਂ ਨੂੰ ਸਿਰੋੇਪੇ…ਟੈਂਟ ਵਾਲਿਆਂ ਤੇ ਸਪੀਕਰ ਵਾਲਿਆਂ ਨੂੰ ਸਿਰੋਪੇ…। ਸਾਰਿਆਂ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਸਿਰੋਪੇ ਦੇਣ ਤੋਂ ਬਾਅਦ ਸਟੇਜ਼ ਤੋਂ ਸਪੀਕਰ ਰਾਹੀਂ ਬੋਲਿਆ ਜਾਂਦਾ ਹੈ ਕਿ ਸਾਧ ਸੰਗਤ ਜੀ ਜੇ ਕੋਈ ਹੋਰ ਰਹਿ ਗਿਆ ਹੋਵੇ ਤਾਂ ਸਟੇਜ਼ `ਤੇ ਆ ਕੇ ਸਿਰੋਪਾ ਲੈ ਜਾਵੋ। ਅਜਿਹੇ ਲੋਕਾਂ ਦੇ ਕਿਰਦਾਰ ਨੂੰ ਪਰਖਣ ਤੋਂ ਬਿਨ੍ਹਾਂ ਸਿਰੋਪਾ ਦੇ ਕੇ ਜੋ ਬੋਲੇ ਸੌ ਨਿਹਾਲ… ਦੇ ਜੈਕਾਰੇ ਗਜਾ ਦਿਤੇ ਜਾਂਦੇ ਹਨ। 
ਹੌਲੀ-ਹੌਲੀ ਇਹ ਰਿਵਾਇਤ ਰਾਜਨੀਤਕ ਖੇਤਰ ਦੀਆਂ ਹਸਤੀਆਂ ਦੇ ਸਨਮਾਨ ਲਈ ਵੀ ਪ੍ਰਚਲਿਤ ਹੋ ਗਈ। ਚੋਣਾਂ ਭਾਵੇਂ ਲੋਕ ਸਭਾ ਦੀਆਂ ਹੋਣ… ਵਿਧਾਨ ਸਭਾ ਦੀਆਂ ਹੋਣ… ਮਿਊਂਸੀਪਲ ਕਮੇਟੀਆਂ ਦੀਆਂ ਹੋਣ… ਪੰਚਾਇਤਾਂ ਦੀ ਹੋਣ… ਜਾਂ ਗੁਰਦੁਆਰਿਆਂ ਦੀਆਂ ਹੋਣ… ਇਹਨਾਂ ਸਾਰੀਆਂ ਚੋਣਾਂ ਵਿੱਚ ਸਿਰੋਪਾਉ ਇੱਕ ਆਮ ਜਿਹੀ ਵਸਤੂ ਸਿਰਫ ਦੋ ਮੀਟਰ ਦਾ ਕਪੜਾ ਬਣ ਕੇ ਰਹਿ ਗਿਆ ਹੈ। ਸਆਸੀ ਚੋਣਾਂ ਵੇਲੇ ਕਈ ਵਿਅਕਤੀ ਆਪਣੀ ਪਾਰਟੀ ਤੋਂ ਬਾਗ਼ੀ ਹੋ ਕੇ ਦੂਸਰੀ ਪਾਰਟੀ ਵਿੱਚ ਚਲੇ ਜਾਂਦੇ ਹਨ। ਤੇ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਲਈ ਪਾਰਟੀ ਦੇ ਆਗੂਆਂ ਵਲੋਂ ਉਹਨਾਂ ਬਾਗ਼ੀ ਵਿਅਕਤੀਆਂ ਦੇ ਗਲ਼ਾਂ ਵਿੱਚ ਸਿਰੋਪਾਉ ਪਾ ਕੇ ਸਨਮਾਨਤ ਕਰਨ ਦਾ ਢੌਂਗ ਰਚਦੀ ਹੈ। ਕੀ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੋਣਾ ਕੋਈ ਬਹਾਦਰੀ ਅਤੇ ਲੋਕਾਂ ਦੀ ਭਲਾਈ ਲਈ ਕੀਤਾ ਉੱਚਾ ਕੰਮ ਹੈ? ਪਾਰਟੀ ਤੋਂ ਬਾਗੀ ਹੋਏ ਇਹਨਾਂ ਲੋਕਾਂ ਵਿੱਚ ਅਮਲੀ, ਨਸ਼ੱਈ ਅਤੇ ਅਪਰਾਧੀ ਪ੍ਰਵਿਰਤੀ ਵਾਲੇ ਲੋਕ ਵੀ ਸ਼ਾਮਲ ਹੁੰਦੇ ਹਨ। ਕੀ ਅਜਿਹੇ ਲੋਕਾਂ ਨੂੰ ਸਿਰੋਪਾਉ ਦੇ ਕੇ ਉਹਨਾਂ ਦੇ ਔਗੁਣਾਂ ਨੂੰ ਗੁਰੂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਕਰ ਲਿਆ ਜਾਂਦਾ? ਇਸ ਤਰ੍ਹਾਂ ਸਿਆਸੀ ਪਾਰਟੀਆਂ ਵਲੋਂ ਜਣੇ-ਖਣੇ ਨੂੰ ਸਿਰੋਪਾਉ ਦੇਣ ਦੇ ਕਾਰਜਾਂ ਨੇ ਇਸ ਦੀ ਮਹੱਤਤਾ ਮਿੱਟੀ ਘੱਟੇ ਰੋਲ ਕੇ ਰੱਖ ਦਿਤੀ ਹੈ। ਜਿਸ ਵੱਲ ਸ਼੍ਰੋਮਣੀ ਕਮੇਟੀ, ਸਿੱੰਘ ਸਾਹਿਬਾਨਾਂ ਅਤੇ ਸਿੱਖ ਧਾਰਮਿਕ ਸੰਸਥਾਵਾਂ ਆਦਿ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ। ਗੁਰੂ ਸਾਹਿਬਾਨ ਵਲੋਂ ਮਾਣ-ਸਨਮਾਨ ਦੀ ਪਾਈ ਉੱਚੀ ਪਿਰਤ ਨੂੰ ਕਾਇਮ ਰੱਖਣ ਲਈ ਇਸ ਦੀ ਵੱਡੇ ਪੱਧਰ `ਤੇ ਸ਼ਰੇਆਮ ਹੁੰਦੀ ਗੈਰ-ਸਿਧਾਂਤਕ ਵਰਤੋਂ ਨੂੰ ਬੰਦ ਕਰਵਾਇਆ ਜਾਵੇ। ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਕਿਸੇ ਵੀ ਵਿਅਕਤੀ ਨੂੰ ਸਿਰੋਪਾਉ ਦੇਣਾ ਤੁਰੰਤ ਬੰਦ ਕੀਤਾ ਜਾਵੇ। ਧਰਮ ਦੇ ਖੇਤਰ ਵਿੱਚ ਜਾਂ ਸਿੱਖ ਕੌਮ ਲਈ ਵਧੀਆ ਕਾਰਜ ਕਰਨ ਵਾਲਿਆਂ ਦਾ ਸਤਿਕਾਰ ਅਤੇ ਸਨਮਾਨ ਕਰਨਾਂ ਅਤੀ ਜਰੂਰੀ ਹੈ। ਅਜਿਹਾ ਕਰਨ ਲਈ ਕਿਸੇ ਇਤਿਹਾਸਕ ਧਾਰਮਿਕ ਅਸਥਾਨ `ਤੇ ਵੱਡਾ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਜਾਵੇ ਅਤੇ ਸਬੰਧਤ ਵਿਅਕਤੀ ਨੂੰ ਦਸਤਾਰ ਅਤੇ ਕਿਰਪਾਨ ਤੋਂ ਇਲਾਵਾ ਉਸ ਨੂੰ ਕੋਈ ਯਾਦਗਾਰੀ ਚਿੰਨ੍ਹ, ਕੋਈ ਮੋਮੈਂਟੋ ਜਾਂ ਸਿੱਖ ਧਰਮ ਅਤੇ ਗੁਰਬਾਣੀ ਨਾਲ ਸਬੰਧਤ ਸਰਵਪ੍ਰਮਾਣਿਤ ਚੰਗੀਆਂ ਪੁਸਤਕਾਂ ਦੇ ਕੇ ਸਨਮਾਨ ਕੀਤਾ ਜਾ ਸਕਦਾ ਹੈ।
ਸਿੱਖ ਕੌਮ ਅੰਦਰ ਸਨਮਾਨ ਕਰਨ ਵਾਲੀਆਂ ਹਸਤੀਆਂ ਵਿੱਚ ਉੱਡਣੇ ਸਿੱਖ ਸ: ਮਿਲਖਾ ਸਿੰਘ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ, ਜਿਸ ਦਾ ਦੌੜ ਵਿੱਚ ਕਾਇਮ ਕੀਤਾ ਹੋਇਆ ਵਰਲਡ ਰੀਕਾਰਡ ਅਜੇ ਤੱਕ ਅਣ-ਟੁੱਟਿਆ ਚਲਾ ਆ ਰਿਹਾ ਹੈ। 100 ਸਾਲ ਦੇ `ਜਵਾਨ` ਸ: ਫੌਜਾ ਸਿੰਘ ਨੇ ਸੰਸਾਰ ਦੇ ਸਾਰੇ ਬਜ਼ੁਰਗਾਂ ਨੂੰ ਮੈਰਾਥਨ ਦੌੜ ਵਿੱਚ ਵਾਰ-ਵਾਰ ਪਿੱਛੇ ਛੱਡ ਕੇ ਵਿਖਾ ਦਿਤਾ ਹੈ ਕਿ ਪੰਜਾਬ ਦਾ ਪਾਣੀ, ਘਿਓ ਨਾਲੋਂ ਵੱਧ ਤਾਕਤਵਰ ਹੈ। ਜੇ ਨਸ਼ਿਆਂ ਤੋਂ ਦੂਰ ਰਿਹਾ ਜਾਵੇ ਤਾਂ ਬੁਢਾਪਾ ਜਵਾਨੀ ਨਾਲੋਂ ਜ਼ਿਆਦਾ ਜਵਾਨ ਬਣ ਵਿਖਾਂਦਾ ਹੈ। 1984 ਵਿੱਚ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਮਗਰੋਂ ਨੌਜਵਾਨਾਂ ਨੇ ਸਿੱਖ ਕੌਮ ਦੀ ਅੱਣਖ ਅਤੇ ਇੱਜ਼ਤ ਬਹਾਲ ਕਰੌਣ ਲਈ ਕੁਰਬਾਨੀਆਂ ਕੀਤੀਆਂ ਅਤੇ ਸਰਕਾਰਾਂ ਨੇ ਉਹਨਾਂ ਨੂੰ `ਅਤਿਵਾਦੀ` ਦੱਸ ਕੇ ਜੇਲਾਂ ਵਿੱਚ ਸੁੱਟ ਕੇ ਫਾਂਸੀ ਦੀਆਂ ਸਜ਼ਾਵਾਂ ਸੁਣਾ ਦਿਤੀਆਂ। ਜੇਲ੍ਹਾਂ ਵਿੱਚ ਸੜ੍ਹ ਰਹੀਆਂ ਸਭ ਸਖਸ਼ੀਅਤਾਂ ਦਾ ਸਨਮਾਨ ਕਰਨਾ ਜਰੂਰੀ ਹੈ। ਇਹਨਾਂ ਦਾ ਸਨਮਾਨ ਸਿਰਫ਼ ਸਿਰੋਪਾਉ ਨਾਲ ਨਹੀਂ ਸਗੋਂ `ਫਖਰੇ-ਕੌਮ` ਵਰਗੇ ਸਨਮਾਨਾਂ ਨਾਲ ਕਰਨਾ ਚਾਹੀਦਾ ਹੈ। ਪਰ ਜਿਸ ਢੰਗ ਅਤੇ ਤਰੀਕੇ ਨਾਲ ਅੱਜ `ਫਖਰੇ-ਕੌਮ` ਦਾ ਸਨਮਾਨ ਦਿਤਾ ਜਾ ਰਿਹਾ ਹੈ। ਉਸ ਢੰਗ-ਤਰੀਕੇ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਇਸ ਸਨਮਾਨ ਦਾ ਅੰਤ ਵੀ ਸਿਰੋਪਾਉ ਜਿਹਾ ਹੀ ਹੋਵੇਗਾ।
ਸਿਰੋਪਾਉ ਗਲ਼ ਵਿੱਚ ਪਾਉਣ ਨਾਲ ਕੋਈ ਵਿਅਕਤੀ ਵੱਡਾ ਜਾਂ ਸਤਿਕਾਰਤ ਨਹੀਂ ਬਣ ਸਕਦਾ। ਅਸਲ ਵਿੱਚ ਵੱਡਾ ਓਹੀ ਹੈ ਜੋ ਗੁਰੂ ਘਰ ਵਿੱਚ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ ਅਤੇ ਸਤਿਕਾਰਤ ਉਹ ਹੈ ਜੋ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਿਤਾਉਂਦਾ ਹੈ। ਗੁਰੂ ਦੀਆਂ ਨਜ਼ਰਾਂ ਵਿੱਚ ਓਹੀ ਵੱਡਾ ਅਤੇ ਸਤਿਕਾਰਤ ਹੈ। ਚੰਗੇ ਕੰਮ ਕਰਨ ਤੋਂ ਬਿਨ੍ਹਾਂ ਕਿਸੇ ਸਨਮਾਨ ਦੀ ਆਸ ਕਰਨੀ ਸਾਡੀ ਸੋਚ ਦੇ ਨਿਘਾਰ ਦਾ ਪ੍ਰਤੀਤ ਹੈ। ਕੀ ਕੋਈ ਚੰਗਾ ਕੰਮ ਸਿਰਫ ਸਿਰੋਪਾਉ ਜਾਂ ਇਨਾਮ ਲੈਣ ਲਈ ਹੀ ਕੀਤਾ ਜਾਂਦਾ ਹੈ? ਤੇ ਉਹ ਸਿਰੋਪਾਉ ਅਤੇ ਇਨਾਮ ਕੋਈ ਬਖਸ਼ਿਸ਼ ਨਹੀਂ ਹੁੰਦਾ ਜੋ ਮੁੱਲ ਖਰੀਦਿਆ ਹੋਵੇ। ਸਾਨੂੰ ਸਿਰੋਪਾਉ ਲੈਣ ਦੀ ਇੱਛਾ ਦਾ ਤਿਆਗ ਕਰਕੇ ਗੁਰੂ ਨਾਨਕ ਜੀ ਦੀ ਬਾਣੀ ਦੇ ਉੱਚੇ, ਸੁੱਚੇ ਅਤੇ ਰੂਹਾਨੀ ਫਲਸਫੇ ਵਿੱਚ ਆਪਣੇ ਆਪ ਨੂੰ ਡਬੋਅ ਕੇ ਉੱਚੀਆਂ ਕਦਰਾਂ ਕੀਮਤਾਂ ਅਤੇ ਉੱਚੀ ਸੋਚ ਨੂੰ ਅਪਨਾਉਣ ਦਾ ਰੁਝਾਨ ਪੈਦਾ ਕਰਨਾ ਚਾਹੀਦਾ ਹੈ।
ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
ਮੋਬਾਇਲ: 88728-54500




.