.

ਮਿੱਠੇ ਰੀਠੇ ਦੀ ਮਿੱਥ

(2)

ਰੀਠਾ ਸਾਹਿਬ ਦੀ ਪਹਿਲੀ ਫੇਰੀ ਦਾ ਬਹੁਤ ਆਨੰਦ ਮਾਣਨ ਦੇ ਬਾਵਜੂਦ ਵੀ ਸਾਡੇ ਹਿਰਦਿਆਂ ਨੂੰ ਉਹ ਸੰਤੁਸ਼ਟੀ ਨਾ ਮਿਲੀ ਜਿਸ ਦੀ ਖ਼ਾਤਿਰ ਅਸੀਂ ਉਥੇ ਗਏ ਸੀ। ਇਸ ਦਾ ਮੂਲ ਕਾਰਣ ਸਾਡੇ ਮਨਾਂ ਵਿੱਚ ਉਪਜੇ ਸ਼ੰਕੇ ਸੀ। ਮਨ ਦਾ ਇਨ੍ਹਾਂ ਸ਼ੰਕਿਆਂ ਤੋਂ ਛੁਟਕਾਰਾ ਪੁਆਉਣ ਲਈ ਅਸੀਂ ਇੱਕ ਵਾਰ ਫੇਰ ਰੀਠਾ ਸਾਹਿਬ ਜਾਣ ਦਾ ਇਰਾਦਾ ਕਰ ਲਿਆ ਅਤੇ ਪਹਿਲੀ ਫੇਰੀ ਤੋਂ ਤਿੰਨ ਸਾਲ ਬਾਅਦ ਦਸੰਬਰ, 2011 ਵਿਚ ਇੱਕ ਵਾਰ ਫੇਰ ਰੀਠਾ ਸਾਹਿਬ ਨੂੰ ਚਾਲੇ ਪਾ ਦਿੱਤੇ। ਇਸ ਫੇਰੀ ਦੌਰਾਨ ਜੋ ਕੁੱਝ ਵੀ ਸਾਡੇ ਪੱਲੇ ਪਿਆ ਉਹ ਇਸ ਲੇਖ ਦੇ ਜ਼ਰੀਏ ਪਾਠਕਾਂ ਨਾਲ ਸਾਂਝਾ ਕਰਨ ਦਾ ਉਪਰਾਲਾ ਕੀਤਾ ਹੈ।

ਇਸ ਵਾਰ ਵੀ, ਲੰਗਰ-ਪਾਣੀ ਦਾ ਪੱਧਰ ਤੇ ਪ੍ਰਬੰਧ ਪਹਿਲਾਂ ਵਰਗਾ ਹੀ ਸੀ। ਕਮਰੇ ਕੁੱਝ ਸਾਫ਼ ਸਨ ਤੇ ਰਹਿਣ-ਯੋਗ ਵੀ। ਗ਼ੁਸਲਖ਼ਾਨਾ ਵੀ ਸਾਫ਼ ਸੀ। ਪਰੰਤੂ ਬਿਸਤਰਿਆਂ ਦਾ ਪਹਿਲਾਂ ਵਾਲਾ ਹਾਲ ਹੀ ਸੀ। ਜਿਸ ‘ਸੇਵਾਦਾਰ’ ਨੇ ਸਾਨੂੰ ਕਮਰਾ ਬਖ਼ਸ਼ਿਆ ਉਸ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ, ਰਸੀਦ ਉਸ ਨੇ ਹਿੰਦੀ ਵਿੱਚ ਹੀ ਕੱਟੀ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਇਹ ਦੋ ਸੌ ਰੁਪਇਆ ਸਿਕਿਉਰਿਟੀ ਨਹੀਂ ਸਗੋਂ ਕਮਰੇ ਦਾ ਕਿਰਾਇਆ ਹੈ! ਗੁਰੂਦ੍ਵਾਰੇ ਦੇ ਸਾਹਮਣੇ ਇੱਕ ਬੜਾ ਆਲੀਸ਼ਾਨ ਦੁਮੰਜ਼ਿਲਾ ਆਧੁਨਿਕ ਸੁਵਿਧਾਵਾਂ ਵਾਲਾ ਯਾਤ੍ਰੀ-ਨਿਵਾਸ ਉਸਾਰਿਆ ਗਿਆ ਹੈ ਜਿਸ ਦੀ ਸੇਵਾ ਕੇਨੀਆ (ਅਫਰੀਕਾ) ਦੇ ਅਮੀਰਾਂ ਨੇ ਕੀਤੀ ਹੋਣ ਕਰਕੇ ਇਸ ਦਾ ਨਾਮ ਵੀ ਕੇਨੀਆ ਭਵਨ ਰੱਖਿਆ ਗਿਆ ਹੈ। ਸਾਰੀ ਮਨੁਖਤਾ ਦੇ ਦਰਦੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਨਾਮ ਨਾਲ ਜੋੜੇ ਇਸ ਸਥਾਨ ਉੱਤੇ ਬਣਾਇਆ ਗਿਆ ਇਹ ਸੁਖਪਰਾਇਣ (luxurious) ਨਿਵਾਸ ਮਾਇਆਧਾਰੀਆਂ ਵਾਸਤੇ ਰਾਖਵਾਂ ਹੈ! !

ਰੀਠਿਆਂ ਦੇ ਮਿੱਠੇ ਹੋਣ ਬਾਰੇ ਅਸੀਂ ਕਈ ਸ੍ਰੋਤਾਂ ਤੋਂ ਜਾਣਕਾਰੀ ਲਈ ਅਤੇ ਸਥਾਨਿਕ ਵਸਨੀਕਾਂ ਤੋਂ ਪੁੱਛ-ਗਿੱਛ ਵੀ ਕੀਤੀ। ਇਸ ਖੋਜ ਸਦਕਾ ਜੋ ਸਾਡੇ ਪੱਲੇ ਪਿਆ ਉਹ ਨਿਮਨ ਲਿਖਤ ਹੈ:-

ਰੀਠਾ ਸਾਹਿਬ ਦਾ ਜੋ ਇਤਿਹਾਸ (ਦਰਅਸਲ ਮਿਥਿਹਾਸ) ਸਥਾਨਕ ਪ੍ਰਬੰਧਕਾਂ ਵੱਲੋਂ ਅੰਧਵਿਸ਼ਵਾਸੀ ਸ਼੍ਰੱਧਾਲੂਆਂ ਨੂੰ ਪ੍ਰਲੋਭਿਤ ਕਰਕੇ ਲੁੱਟਣ ਵਾਸਤੇ ਲਿਖਿਆ ਗਿਆ ਹੈ ਉਸ ਦਾ ਆਧਾਰ ਕਵੀ ਸੰਤੋਖ ਸਿੰਘ ਦਾ ਸੂਰਜ ਪ੍ਰਕਾਸ਼ ਹੈ। ਇਹ ਰਚਨਾ ਸੁਧੇ ਝੂਠ ਦਾ ਪੁਲਿੰਦਾ ਸਾਬਤ ਹੋ ਚੁੱਕੀ ਹੈ। ਸੂਰਜ ਪ੍ਰਕਾਸ਼ ਵਿੱਚੋਂ ਜਿਹੜੀਆਂ ਸਤਰਾਂ ਨੂੰ ਆਧਾਰ ਬਣਾ ਕੇ ਮਿੱਠੇ ਰੀਠੇ ਦੀ ਮਿੱਥ ਨੂੰ ਪ੍ਰਚਾਰਿਆ ਗਿਆ ਹੈ, ਉਹ ਹਨ:-

ਤਬ ਮਛਿੰਦ੍ਰ ਨੇ ਬੈਨ ਉਚਾਰੇ, ਹਮਕੋ ਫਲ ਇਹੁ ਮਧੁਰ ਆਹਾਰੇ।

ਬੈਠੇ ਰਹੋ ਨ ਕਿਤਹੂੰ ਜਾਈ ਦੇਖਹਿਂ ਸ਼ਕਤਿ ਜਿ ਦੇਹਿਂ ਖਵਾਈ। ……

ਫੇਨਲ ਕੋ ਤਰ ਤਹਿਂ ਹੁਤੋ ਤਬ ਹੀ ਗੁਰੁ ਸਿਧ ਮਾਹਿਂ।

ਇਕ ਟਹਿਨੋ ਪ੍ਰਭ ਕੀ ਦਿਸ਼ਾ ਇੱਕ ਸਿਧਨ ਦਿਸ ਆਹਿਂ। ……

ਅਬ ਅਤਿ ਮਧੁਰ ਸਾਦ ਕੇ ਮਾਹੀਂ ਖਾਵਤਿ ਤਿਆਗੇ ਜਾਵਤਿ ਨਾਹੀਂ। ……

ਅਪਨੀ ਦਿਸਾ ਟਹਿਨੀ ਫਲ ਜਉ ਤੋਰਿ ਤੋਰਿ ਖਾਏ ਜਬ ਸੋਉ।

ਅਤਿ ਕੌਰੇ ਜੋ ਜਾਇ ਨ ਖਾਏ ਮੁਖ ਮਹਿਂ ਪਾਏ ਰਿਦੇ ਪਛੁਤਾਏ। ……

ਅਤੇ ਅੰਤ ਵਿੱਚ:

ਸਿਧ ਬੋਲਨ ਸ਼ੁਭ ਬਚਨ ਧੰਨ ਨਾਨਕ ਤੇਰੀ ਵਡਿਆਈ।

ਇਸ ਵਾਰ ਜਦ ਅਸੀਂ ਰੀਠਾ ਸਾਹਿਬ ਗਏ ਤਾਂ ਓਥੋਂ ਦੇ ‘ਬਾਬੇ’ ਨੇ ਇੱਕ ਸਚਿਤ੍ਰ ਇਸ਼ਤਿਹਾਰ (poster) ਵੰਡਣਾ ਸ਼ੁਰੂ ਕੀਤਾ ਹੋਇਆ ਸੀ, ਜਿਸ ਉੱਤੇ ਲਿਖਿਆ ਹੈ ਕਿ ਜਦ ਢੇਰ ਨਾਥ (ਮਛਿੰਦਰ ਨਾਥ?) ਬਾਬੇ ਨਾਨਕ ਤੋਂ ਵਿਚਾਰ-ਚਰਚਾ ਵਿੱਚ ਹਾਰ ਗਿਆ ਤਾਂ ਸ਼ਰਮ ਦਾ ਮਾਰਿਆ ਉਹ ਉਥੋਂ ਲੋਹਾ ਘਾਟ ਵੱਲ ਚਲਿਆ ਗਿਆ ਜਿੱਥੇ ਜਾ ਕੇ, ਨਿਮੋਸ਼ੀ ਦਾ ਮਾਰਿਆ, ਉਹ ਧਰਤੀ ਵਿੱਚ ਗ਼ਰਕ ਹੋ ਗਿਆ! ਲੰਬੇ-ਚੌੜੇ ਪੋਸਟਰ ਉੱਤੇ ਮਿੱਠੇ ਰੀਠੇ ਦੀ ਮਨ-ਘੜੰਤ ਝੂਠੀ ਕਹਾਣੀ ਦੀ ਪ੍ਰੋਢਤਾ ਕਰਦੀ ਇੱਕ ਫ਼ਰਜ਼ੀ ਤਸਵੀਰ ਵੀ ਬਣਾਈ ਹੋਈ ਹੈ! ਇੱਕ ਝੂਠ ਨੂੰ ਸੱਚ ਸਾਬਤ ਕਰਨ ਲਈ ਇੱਕ ਹੋਰ ਝੂਠ, ਇੱਕ ਹੋਰ ਝੂਠ, ਝੂਠ ਹੀ ਝੂਠ! ! ! ! !

ਉਪਰੋਕਤ ਬਾਰੇ ਹੋਰ ਕੁੱਝ ਕਹਿਣ ਤੋਂ ਪਹਿਲਾਂ ਭਾਈ ਕਾਨ੍ਹ ਸਿੰਘ ਜੀ ਨਾਭਾ ਦੀ ਰਾਇ ਦੇਣੀ ਉਚਿਤ ਹੋਵੇਗੀ:-

“ਭਾਈ ਸੰਤੋਖ ਸਿੰਘ ਆਦਿਕ ਲੇਖਕਾਂ ਨੇ ਲਿਖਿਆ ਹੈ ਕਿ ਇੱਕ ਪਾਸੇ ਦੇ ਫਲ ਮਿੱਠੇ ਅਤੇ ਦੂਜੇ ਕਾਂਡ (ਟਾਹਣੇ) ਦੇ ਕੌੜੇ ਹਨ, ਪਰ ਇਹ ਅਸਤ੍ਯ ਹੈ”।

ਮਛਿੰਦਰ ਨਾਥ ਗੁਰੂ ਨਾਨਕ ਦੇਵ ਜੀ ਤੋਂ ਸਦੀਆਂ ਪਹਿਲਾਂ ਹੋਇਆ ਹੈ! ਰਾਗੁ ਰਾਮਕਲੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਰਚੇ ਸ਼ਬਦਾਂ, ਜਿਨ੍ਹਾਂ ਵਿੱਚ ਨਾਥਾਂ ਜੋਗੀਆਂ ਨਾਲ ਕਾਲਪਨਿਕ ਪਰ ਗੂੜ੍ਹ ਗਿਆਨ ਦਾ ਫ਼ਲਸਫ਼ਾਨਾ ਸੰਵਾਦ ਹੈ, ਵਿੱਚ ਮਿੱਠੇ ਰੀਠੇ ਦੀ ਮਿੱਥ ਜਾਂ ਕਿਸੇ ਵੀ ਹੋਰ ਕਰਾਮਾਤ ਦਾ ਉੱਲੇਖ ਉੱਕਾ ਹੀ ਨਹੀਂ ਹੈ! ਗੁਰੂ ਨਾਨਕ ਦੇਵ ਜੀ ਤੋਂ ਬਾਅਦ ਵਿਚਰੇ ਕਿਸੇ ਗੁਰੂ/ਮਹਾਂਪੁਰਖ ਨੇ ਵੀ ਮਿੱਠੇ ਰੀਠੇ ਦੀ ਮਨ-ਘੜਤ ਸਾਖੀ ਜਾਂ ਕਿਸੇ ਵੀ ਹੋਰ ਅਜਿਹੀ ਕਰਾਮਾਤੀ ਕਹਾਣੀ ਦਾ ਜ਼ਿਕਰ ਨਹੀਂ ਕੀਤਾ! ਭਾਈ ਗੁਰੁਦਾਸ ਜੀ ਨੇ ਵੀ ਅਜਿਹਾ ਕੋਈ ਵਰਣਨ ਨਹੀਂ ਕੀਤਾ! ਤਾਂ ਫਿਰ ਤਿੰਨ ਸੌ ਸਾਲ ਪਿੱਛੋਂ ਗੁਰਮਤਿ ਨੂੰ ਢਾਹ ਲਾਉਣ ਵਾਲੇ ਸੰਤੋਖ ਸਿੰਘ ਵਰਗੇ ਮਨਮਤੀਆਂ ਨੂੰ ਕਿੱਥੋਂ ਇਲਹਾਮ ਹੋ ਗਿਆ ਕਿ ਗੁਰੂ ਨਾਨਕ ਦੇਵ ਜੀ ਨੇ ਰੀਠਾ ਮਿੱਠਾ ਕੀਤਾ ਸੀ? ?

ਸਥਾਨਿਕ ਵਸਨੀਕਾਂ, ਜੋ ਪੁਸ਼ਤਾਂ ਤੋਂ ਉਥੇ ਰਹਿ ਰਹੇ ਹਨ, ਦੇ ਕਹਿਣ ਅਨੁਸਾਰ ਇਸ ਛੋਟੀ ਜਿਹੀ ਵਿਰਲੀ ਵੱਸੋਂ ਦਾ ਅਸਲੀ ਨਾਮ ਚੌੜਾ ਪਿੱਤਾ ਸੀ/ਹੈ। 1920-30 ਦੇ ਕਰੀਬ ਹਲਦ੍ਵਾਨੀ ਤੋਂ ਦੋ ‘ਸਿੱਖ’ ਦੁਕਾਨਦਾਰ, ਆਸਾ ਸਿੰਘ ਤੇ ਬੈਸਾਖੀ ਰਾਮ, ਏਥੇ ਆਏ। (ਉਹ, ਸ਼ਾਇਦ, ਸੰਤੋਖ ਸਿੰਘ ਵਰਗੇ ਕਿਸੇ ਗੁਰੂ-ਦ੍ਰੋਹੀ ਦੀ ਰਚਨਾ ਪੜ੍ਹ ਕੇ ਹੀ ਆਏ ਹੋਣਗੇ!) ਉਨ੍ਹਾਂ ਨੇ ਖੁਸਾਤ੍ਰ ਨਾਥ ਵਲਦ ਲਾਲ ਨਾਥ ਤੋਂ ਰੀਠਾ ਸਾਹਿਬ ਦੇ ਹੁਣ ਵਾਲੇ ਸਥਾਨ `ਤੇ ਥੋਹੜੀ ਜਿਹੀ ਭੋਇਂ ਖ਼ਰੀਦ ਕੇ ਇੱਥੇ ਟੀਨ ਦਾ ਸ਼ੈੱਡ ਬਣਾ ਦਿੱਤਾ। 1965-70 ਤੀਕ ਇੱਥੇ ਟੀਨ ਦਾ ਸ਼ੈੱਡ ਹੀ ਰਿਹਾ। 1970 ਦੇ ਕਰੀਬ, ਧਰਮ ਦਾ ਵਣਜ ਕਰਨ ਵਾਲੇ ‘ਸਿੱਖਾਂ’ ਨੇ ਸਥਾਨਿਕ ਗ਼ਰੀਬ ਵਸਨੀਕਾਂ ਨੂੰ ਮੂੰਹ-ਮੰਗੀ ਕੀਮਤ ਦੇ ਕੇ ਆਲੇ ਦੁਆਲੇ ਦੀ ਹੋਰ ਜ਼ਮੀਨ ਖ਼ਰੀਦ ਕੇ ਟੀਨ ਦੇ ਸ਼ੈੱਡ ਦੀ ਜਗ੍ਹਾ ਵਿਸ਼ਾਲ ਗੁਰੂਦ੍ਵਾਰਾ ਉਸਾਰ ਲਿਆ ਅਤੇ ਹੌਲੀ ਹੌਲੀ ਚੌੜਾ ਪਿੱਤਾ ਨੂੰ ਰੀਠਾ ਸਾਹਿਬ ਕਹਿਣਾ ਸ਼ੁਰੂ ਕਰ ਦਿੱਤਾ। ਪਹਿਲਾਂ ਇਥੇ ਉਦਾਸੀਆਂ ਦਾ ਕਬਜ਼ਾ ਹੁੰਦਾ ਸੀ ਪਰੰਤੂ ਹੁਣ ਨਾਨਕ ਮੱਤੇ ਦੀ ਕਮੇਟੀ ਦੇ ਅਧਿਕਾਰ ਅਧੀਨ ਹੈ। ਗੁਰੂ ਨਾਨਕ ਦੇਵ ਜੀ ਦੀ, ਕਥਿਤ ਤੌਰ `ਤੇ, ਦਿਖਾਈ ਕਰਾਮਾਤ ਨਾਲ ਜੋੜੇ ਇਸ ਸਥਾਨ ਉੱਤੇ ਹੁਣ ਧਾਂਧਲੀਆਂ ਦੁਆਰਾ, ‘ਮਿੱਠੇ ਰੀਠੇ’ ਦੀ ਆੜ ਵਿਚ, ਕ੍ਰੋੜਾਂ ਅਰਬਾਂ ਦਾ ਧੰਧਾ ਕੀਤਾ ਜਾ ਰਿਹਾ ਹੈ!

ਅਸੀਂ ਮੰਦਰ ਵਿੱਚ ਵੀ ਗਏ ਪਰ ਉਥੇ ਕੋਈ ਪੁਜਾਰੀ ਨਹੀਂ ਸੀ। ਮੰਦਰ ਦੇ ਬਾਹਰ ਚਾਹ ਦੀ ਇੱਕ ਛੱਪਰੀ-ਨੁਮਾ ਦੁਕਾਨ ਹੈ, ਓਥੇ ਕੁੱਝ ਸਥਾਨਿਕ ਵਸਨੀਕ ਬੈਠੇ ਹੋਏ ਸਨ ਜਿਨ੍ਹਾਂ ਨੇ ਸਾਡੇ ਪੁੱਛਣ `ਤੇ ਦੱਸਿਆ: ਗੁਰੂ ਨਾਨਕ ਦੀ ਉਦਾਸੀ ਦੇ ਸਮੇਂ ਉਸ ਮੰਦਰ ਵਿੱਚ ਢੇਰ ਨਾਥ ਦਾ ਡੇਰਾ ਸੀ ਅਤੇ ਮੰਦਰ ਨੂੰ ਢੇਰ ਨਾਥ ਦਾ ਮੰਦਰ ਹੀ ਕਹਿੰਦੇ ਸਨ/ਹਨ। ਗੁਰੂ ਨਾਨਕ ਦੇਵ ਓਥੇ ਢੇਰ ਨਾਥ ਦੇ ਅਜ਼ੀਜ਼ ਅਤੇ ਸਤਿਕਾਰਿਤ ਮਹਿਮਾਨ ਬਣ ਕੇ ਹੀ ਰਹੇ ਸਨ। ਦੋਹਾਂ ਦਰਮਿਆਨ ਰੱਬ ਦੇ ਬੰਦਿਆਂ ਵਾਲੇ ਨਿੱਘੇ ਤੇ ਮਿਤ੍ਰਤਾਨਾ ਸੰਬੰਧ ਸਨ। ਮਿੱਠੇ ਰੀਠਿਆਂ ਦੇ ਰੁੱਖ ਬਾਰੇ ਉਨ੍ਹਾਂ ਦੱਸਿਆ ਕਿ ਮੰਦਰ ਦੇ ਨਾਲ ਲੱਗਦੇ ਇਸ ਦਰਖ਼ਤ ਹੇਠ ਹੀ ਢੇਰ ਨਾਥ ਜੀ ਦਾ ਆਸਣ ਹੁੰਦਾ ਸੀ ਅਤੇ ਉਹ (ਢੇਰ ਨਾਥ) ਆਏ ਗਏ ਨੂੰ ਮਿੱਠੇ ਰੀਠੇ ਖਾਣ ਨੂੰ ਦਿਆ ਕਰਦੇ ਸਨ। ਸਾਡੇ ਪੁੱਛਣ `ਤੇ ਉਨ੍ਹਾਂ ਦੱਸਿਆ ਕਿ ਰੀਠਾ ਕੁਦਰਤਨ ਮਿੱਠਾ ਵੀ ਹੁੰਦਾ ਹੈ ਅਤੇ ਇਸ ਨੂੰ ਇਲਾਕੇ ਦੇ ਲੋਕ ਫਲ ਕਹਿੰਦੇ ਹਨ। ਉਨ੍ਹਾਂ ਕਈ ਹੋਰ ਦਰਖ਼ਤਾਂ ਬਾਰੇ ਵੀ ਦੱਸਿਆ ਜਿਨ੍ਹਾਂ ਨੂੰ ਮਿੱਠੇ ਰੀਠੇ ਲਗਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੁਛ ਸਾਲ ਪਹਿਲਾਂ ਜਦ ਪੁਰਾਣਾ ਰੁੱਖ ਸੜ ਗਿਆ ਤਾਂ ਗੁਰੂਦਵਾਰੇ ਵਾਲਿਆਂ ਨੇ ਲੋਕਾਂ ਨੂੰ ਝਾਂਸੀ ਦੇ ਕੇ ਠੱਗਣ ਵਾਸਤੇ ਬੜੀ ਮੱਕਾਰੀ ਨਾਲ ਪੁਰਾਣੇ ਇੱਕ ਦਰਖ਼ਤ ਦੀ ਥਾਂ ਦੋ ਬੂਟੇ ਲਗਾ ਦਿੱਤੇ, ਮੂਹਰੇ ਮਿੱਠੀ ਕਿਸਮ ਦਾ ਅਤੇ ਪਿੱਛੇ ਕੁੱਝ ਫ਼ਾਸਲੇ `ਤੇ ਕੌੜੇ ਬੀਜ ਦਾ! ਅਸੀਂ ਉਨ੍ਹਾਂ ਨੂੰ ਸਥਾਨਿਕ ਪ੍ਰਬੰਧਕਾਂ ਦੁਆਰਾ ਪ੍ਰਕਾਸ਼ਿਤ ਕੀਤੀ ਤਸਵੀਰ ਤੇ ਕਹਾਣੀ ਦਿਖਾ ਕੇ ਪੁੱਛਿਆ ਕਿ ਇਸ ਬਾਰੇ ਉਹ ਕੀ ਕਹਿਣਾ ਚਾਹੁਣਗੇ? ਕੁਰੱਖਤ ਹਾਸੇ ਨਾਲ ਸਾਡਾ ਮਜ਼ਾਕ ਉਡਾਉਂਦੇ ਹੋਏ ਉਹ ਤਨਜ਼ ਨਾਲ ਕਹਿਣ ਲੱਗੇ, “ਸਰਦਾਰ ਜੀ, ਆਪ ਤੋ ਪੜ੍ਹੇ ਲਿਖੇ ਦਿਖਾਈ ਦੇਤੇ ਹੈਂ! ਆਪ ਹੀ ਬਤਾਈਏ ਕਿਆ ਆਪ ਕੋ ਇਸ ਬਕਵਾਸ ਮੇਂ ਕੋਈ ਸੱਚਾਈ ਨਜ਼ਰ ਆਤੀ ਹੈ?” ਅਸੀਂ ਨਿਰਉੱਤਰ ਸਾਂ! ਉਨ੍ਹਾਂ ਦੀਆਂ ਖਰੀਆਂ ਖਰੀਆਂ ਸੁਣ ਕੇ ਸਾਨੂੰ ਧਰਮ ਦੇ ਝੂਠੇ ਤੇ ਠੱਗ ਠੇਕੇਦਾਰਾਂ ਦੀਆਂ ਕਰਤੂਤਾਂ ਕਾਰਣ ਜੋ ਸ਼ਰਮਿੰਦਗੀ ਉਠਾਉਣੀ ਪਈ ਉਹ ਬਿਆਨ ਨਹੀਂ ਕੀਤੀ ਜਾ ਸਕਦੀ।

ਮਿੱਠੇ ਰੀਠਿਆਂ ਦਾ ‘ਪ੍ਰਸਾਦ’ ਵੇਚਣ ਵਾਲੇ ਇੱਕ ਦੁਕਾਨਦਾਰ ‘ਸਿੱਖ’ ਨੂੰ ਗੁਰੂ ਨਾਨਕ ਦੇਵ ਜੀ ਦਾ ਵਾਸਤਾ ਪਾ ਕੇ ਅਸੀਂ ਪੁੱਛਿਆ ਕਿ ਉਹ ਵੇਚਣ ਵਾਸਤੇ ਮਿੱਠੇ ਰੀਠੇ ਕਿੱਥੋਂ ਲੈਂਦਾ ਹੈ? ਉਹ ਝੂਠ ਨਾ ਬੋਲ ਸਕਿਆ ਅਤੇ ਕਹਿਣ ਲੱਗਾ ਕਿ ਬਾਹਰੋਂ ਖ਼ਰੀਦ ਕੇ! ਉਸ ਨੇ ਇਹ ਵੀ ਦੱਸਿਆ ਕਿ ‘ਬਾਬਾ’ ਜੋ ਪ੍ਰਸਾਦ ਸੰਗਤਾਂ ਨੂੰ ਦੇ ਕੇ ਮਾਇਆ ਬਟੋਰਦਾ ਹੈ, ਉਹ ਰੀਠੇ ਵੀ ਬਾਹਰੋਂ ਹੀ ਆਉਂਦੇ ਹਨ! ਅਤੇ ਹੁਣ ‘ਬਾਬੇ’ ਨੇ ਮਿੱਠੇ ਰੀਠਿਆਂ ਦਾ ਇੱਕ ਬਗ਼ੀਚਾ ਲਗਵਾਇਆ ਹੈ ਜਿਸ ਦਾ ਨਾਮ ‘ਨਾਨਕ ਵਾੜੀ’ ਹੈ!

ਮਨ ਦੀ ਹੋਰ ਤਸੱਲੀ ਕਰਵਾਉਣ ਲਈ ਅਸੀਂ ਬਾਗ਼ਬਾਨੀ-ਵਿਗਿਆਨੀਆਂ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਰੀਠੇ ਦੀਆਂ ਕਈ ਕਿਸਮਾਂ ਹਨ ਜਿਹੜੀਆਂ ਭਾਰਤ ਤੋਂ ਬਿਨਾਂ ਨੇਪਾਲ, ਚੀਨ, ਅਫ਼ਰੀਕਾ, ਅਮਰੀਕਾ, ਮੈਕਸੀਕੋ ਆਦਿ ਕਈ ਦੇਸਾਂ ਵਿੱਚ ਮਿਲਦੀਆਂ ਹਨ। ਰੀਠਿਆਂ ਦੇ ਛਿੱਲੜ ਵਿੱਚ ਇੱਕ ਸਾਬੂਣੀ ਤੱਤ ਹੁੰਦਾ ਹੈ ਜੋ ਸਾਬੁਣ, ਸਾਬੂਣੀ ਪਾਊਡਰ, ਦਵਾਈਆਂ ਅਤੇ ਸ਼ਿੰਗਾਰ-ਸਾਮਗਰੀ (cosmetics) ਆਦਿ ਬਣਾਉਣ ਵਾਸਤੇ ਵਰਤਿਆ ਜਾਂਦਾ ਹੈ। ਉਨ੍ਹਾਂ ਨੇ ਵੀ ਸਥਾਨਿਕ ਲੋਕਾਂ ਦੀਆਂ ਕਹੀਆਂ ਗੱਲਾਂ ਨੂੰ ਸਹੀ ਦੱਸਦਿਆਂ ਕਿਹਾ ਕਿ ਰੀਠੇ ਮਿੱਠੇ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਇਹ ਸਾਬੂਣੀ ਤੱਤ ਨਹੀਂ ਹੁੰਦਾ ਜਾਂ ਅਤਿਅੰਤ ਘੱਟ ਮਾਤਰਾ ਵਿੱਚ ਹੁੰਦਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਰੀਠੇ ਦੇ ਰੁੱਖ ਦੀ ਉਮਰ ਸੌ ਸਾਲ ਤੋਂ ਘੱਟ ਹੁੰਦੀ ਹੈ। ਇਸ ਹਿਸਾਬ ਢੇਰ ਨਾਥ/ਗੁਰੂ ਨਾਨਕ ਦੇਵ ਜੀ ਦੇ ਸਮੇਂ ਵਾਲਾ ਰੁੱਖ ਕਦੋਂ ਦਾ ਸੁਕ-ਸੜ ਚੁੱਕਿਆ ਹੋਣਾ ਚਾਹੀਦਾ ਹੈ! !

ਨਿਸ਼ਕਰਸ਼ ਵਜੋਂ ਦਾਸ ਇਹ ਲਿਖਣ ਦੀ ਆਗਿਆ ਲੈਂਦਾ ਹੈ ਕਿ ਜਿਸ ਬਾਬੇ ਨਾਨਕ ਨੇ ਆਪਣੀ ਬਾਣੀ ਵਿੱਚ ਰਿਧੀਆਂ-ਸਿਧੀਆਂ/ਕਰਾਮਾਤਾਂ ਦਾ ਪੁਰਜ਼ੋਰ ਖੰਡਨ ਕੀਤਾ ਹੈ, ਕੀ ਉਹ ਖ਼ੁਦ ਕਰਾਮਾਤਾਂ ਵਿਖਾ ਕੇ ਲੋਕਾਂ ਨੂੰ ਭਰਮਾਵੇ ਗਾ? ਕੀ ਬਾਬੇ ਨਾਨਕ ਦੀ ਕਥਨੀ ਤੇ ਕਰਨੀ ਇੱਕ ਨਹੀਂ ਸੀ? ਕੀ ਜੋਗੀਆਂ/ਨਾਥਾਂ ਨੂੰ ਆਤਮ-ਗਿਆਨ ਦਾ ਪ੍ਰਕਾਸ਼ ਪ੍ਰਦਾਨ ਕਰਨ ਵਾਲਾ ਬ੍ਰਹਮ-ਵੇਤਾ ਬਾਬਾ ਨਾਨਕ ਆਪ ਅੰਧੇਰੇ ਵਿੱਚ ਹੀ ਵਿਚਰ ਰਿਹਾ ਸੀ? ਕੀ ਪ੍ਰਭੂ ਦੀ ਸਰਵਸ਼ਕਤੀਮਾਨਤਾ ਦੇ ਸਿੱਧਾਂਤ ਵਿੱਚ ਦ੍ਰਿੜ ਤੇ ਅਟੁੱਟ ਵਿਸ਼ਵਾਸ ਰੱਖਣ ਵਾਲਾ ਬਾਬਾ ਨਾਨਕ ਆਪ ਹੀ ਇਸ ਸਿੱਧਾਂਤ ਦੀ ਉਲੰਘਣਾ ਕਰੇਗਾ? ਪਾਠਕ ਸਜਨੋਂ! ਗੁਰੂ ਨਾਨਕ ਦੇਵ ਜੀ ਨੇ ਗਿਆਨ ਦੀ ਖੋਜ ਵਿੱਚ ਬਿਖੜੇ ਪੈਂਡਿਆਂ-ਔਝੜਾਂ ਉੱਤੇ ਚਲਦਿਆਂ ਦੇਸ-ਬਿਦੇਸ ਦਾ ਰਟਨ ਕੀਤਾ, ਸਮੇਂ ਦੇ ਸਾਰੇ ਧਰਮਾਂ ਦੇ ਮੋਹਰੀਆਂ ਨਾਲ ਗੰਭੀਰ ਵਿਚਾਰ-ਵਿਮਰਸ਼ ਕੀਤੇ, ਵਿਚਾਰ-ਚਰਚਾ ਦੀ ਮਥਨੀ (ਮਧਾਣੀ) ਨਾਲ ਵਿਆਪਕ ਵਿਸ਼ਵਾਸਾਂ ਦਾ ਮਥਨ ਕੀਤਾ ਅਤੇ ਇਸ ਮਥਨ ਸਦਕਾ, ਦੁੱਖਾਂ-ਦਰਿਦ੍ਰਾਂ ਦੀ ਦਲਦਲ ਵਿੱਚ ਵਿਚਰਦੀ, ਮਾਨਵਤਾ ਦੇ ਕਲਿਆਣ ਲਈ ਜੋ ਕਾਰਗਰ ਅੰਮ੍ਰਿਤ ਨਿਕਲਿਆ ਉਹ ਉਨ੍ਹਾਂ ਨੇ ਗੁਰਬਾਣੀ ਦੇ ਰੂਪ ਵਿੱਚ ਸਾਨੂੰ, ਸਾਰੀ ਮਾਨਵਤਾ ਨੂੰ ਬਖ਼ਸ਼ਿਆ। ਪਰੰਤੂ ਗੁਰੂ ਨਾਨਕ ਦੇਵ ਜੀ ਦੇ ਪਰਮਾਰਥੀ ਮਿਸ਼ਨ ਦੇ ਆਪੂੰ ਬਣੇ ਮਾਇਆ-ਮੂਠੇ ਸੁਆਰਥੀ ਠੇਕੇਦਾਰ ਇਤਨੇ ਕ੍ਰਿਤਘਣ ਤੇ ਨਿਰਲੱਜ ਹਨ ਕਿ ਉਹ, ਉਸ ਰੂਹਾਨੀ ਰਾਹਨੁਮਾ ਦੀ ਲਾਸਾਨੀ ਬਖ਼ਸ਼ਿਸ਼ (ਗੁਰਮਤਿ) ਨੂੰ ਖੂੰਜੇ ਲਾ ਕੇ, ਉਨ੍ਹਾਂ (ਗੁਰੂ ਨਾਨਕ ਦੇਵ ਜੀ) ਦੇ ਜੀਵਨ ਨਾਲ ਹਾਸੋਹੀਣੀਆਂ, ਮਿੱਥਿਆ, ਤੁੱਛ ਤੇ ਅਪਮਾਨਜਣਕ ਕਹਾਣੀਆਂ ਜੋੜਿ ਲੋਕਾਂ ਨੂੰ ਭਰਮਾ ਉਨ੍ਹਾਂ ਨੂੰ ਮੁੱਛ ਮੁੱਛ ਕੇ ਖਾ ਰਹੇ ਹਨ ਅਤੇ ਆਪ ਅੱਯਾਸ਼ ਜੀਵਨ ਜੀ ਰਹੇ ਹਨ। ਅਸੀਂ ਵੀ ਇਤਨੇ ਮੂੜ੍ਹ ਅਤੇ ਬੇਸੁਰਤ ਹਾਂ ਕਿ ਇਨ੍ਹਾਂ ਪਾਜੀਆਂ ਦੇ ਝੂਠਾਂ ਨੂੰ ਸੱਚ ਸਮਝ ਕੇ ਇਨ੍ਹਾਂ ਹੱਥੋਂ ਲੁਟੀਜਣ ਵਿੱਚ ਸਾਨੂੰ ਸੰਤੁਸ਼ਟੀ ਮਿਲਦੀ ਹੈ! ! ! ਗੁਰੂ ਨਾਨਕ ਦੇਵ ਜੀ ਦੇ ਪਰਮ-ਪਵਿਤ੍ਰ ਦੈਵੀ ਵਿਅਕਤਿਤਵ ਨੂੰ ਨੀਵਾਂ ਦਿਖਾਉਣ ਦਾ ਪਾਪ ਕਮਾਉਣ ਵਿੱਚ ਅਸੀਂ ਵੀ ਘੱਟ ਕਸੂਰਵਾਰ ਨਹੀਂ ਹਾਂ! ! !

ਥੋੜੀ ਜਿਹੀ ਜਾਣਕਾਰੀ ਗੁਰੂਦ੍ਵਾਰੇ ਉੱਤੇ ਕਾਬਿਜ਼ ‘ਬਾਬੇ’ ਬਾਰੇ ਦੇਣੀ ਵੀ ਜ਼ਰੂਰੀ ਹੈ। ਇਹ 37-38 ਸਾਲ ਦਾ ਸ਼ਾਮ ਸਿੰਘ ਹੈ। ਇਸ ਦਾ ਕਿਰਦਾਰ, ਕਰਨੀ, ਰਹਿਣੀ-ਬਹਿਣੀ ਤੇ ਤੌਰ-ਤਰੀਕੇ ਗੁਰਮੁਖਾਂ ਵਾਲੇ ਨਹੀਂ ਸਗੋਂ ਵਿਸ਼ਿਸ਼ਟ (typical) ਮਨਮੁਖ ਡੇਰੇਦਾਰਾਂ ਵਾਲੇ ਹੀ ਹਨ। ਇਸ ਨੇ ਵਿਆਹ ਨਹੀਂ ਕਰਵਾਇਆ……! ! ! ਇਹ ਆਪਣੇ ਆਪ ਨੂੰ ‘ਮਹਾਂਪੁਰਖ’ ਕਹਿੰਦਾ ਹੈ, ਪਰੰਤੂ ਗੁਰੁ-ਗਿਆਨ ਤੋਂ ਪੂਰੇ ਤੌਰ `ਤੇ ਦੀਵਾਲੀਆ ਪ੍ਰਤੀਤ ਹੁੰਦਾ ਹੈ। ਇਹ 10-12 ਸਾਲ ਤੋਂ ਇਸ ਸਥਾਨ ਉੱਤੇ ਕਾਬਿਜ਼ ਹੈ। ਸੁਣਿਆ ਇਹ ਗਿਆ ਹੈ ਕਿ ਇਸ ਨੇ ਨਾਨਕ ਮੱਤੇ ਦੀ ਕਮੇਟੀ ਤੋਂ ਆਕੀ ਹੋ ਕੇ ਆਪਣਾ ਟਰਸਟ ਬਣਾ ਲਿਆ ਹੈ ਜਿਸ ਦਾ ਇਹ ਆਪ ਕਰਤਾ ਧਰਤਾ ਹੈ। ਡੇਰੇਦਾਰਾਂ ਵਾਂਗ ਇਹ ਫ਼ੌਜਦਾਰੀ ਵਿੱਚ ਵੀ ਵਿਸ਼ਵਾਸ ਰੱਖਦਾ ਹੈ। ਇਸ ਦੇ ਮੁਕੱਦਮੇ ਵੀ ਚਲ ਰਹੇ ਹਨ। ਇਸ ਕੋਲ ਸਾਰੀਆਂ ਆਧੁਨਿਕ ਸਹੂਲਤਾਂ - ਸੈੱਲ ਫ਼ੋਨ, ਹੀਟਰ, ਨਿੱਜੀ ਵਾਹਨ ਅਤੇ ਸੇਵਾ ਨੂੰ ਸੇਵਾਦਾਰ…… ਆਦਿ ਹਨ। ਇਸ ਦਾ ਖਾਣਾ ਵੀ ਉਚੇਚਾ ਬਣਦਾ ਹੈ। ਇਸ ਦੀ ਸਰਕਾਰੇ ਦਰਬਾਰੇ ਵੀ ਪਹੁੰਚ ਕਹੀ ਜਾਂਦੀ ਹੈ। ਸੰਖੇਪ ਵਿਚ, ਗੁਰੂ-ਘਰ ਦੀ ਸੇਵਾ ਤੇ ਗੁਰਮਤਿ ਦਾ ਪ੍ਰਚਾਰ ਕਰਨ ਦਾ ਢੌਂਗ ਕਰਨ ਵਾਲਾ ਇਹ ਨਾਮ-ਧਰੀਕ ਬਾਬਾ ਗੁਰਮਤਿ ਦਾ ਅਨੁਯਾਈ ਨਹੀਂ ਸਗੋਂ ਗੁਰਮਤਿ-ਦ੍ਰੋਹੀ ਹੈ! ! !

ਅੰਤ ਵਿਚ, ਇਹ ਸਪਸ਼ਟ ਕਰ ਦੇਣਾ ਵੀ ਜ਼ਰੂਰੀ ਹੈ ਕਿ ਮੇਰਾ ਇਹ ਲੇਖ ਲਿਖਣ ਦਾ ਮਕਸਦ ਗੁਰੂ ਨਾਨਕ ਦੇਵ ਜੀ ਦੇ ਸ਼੍ਰੱਧਾਲੂਆਂ ਨੂੰ ਚੌੜਾ ਪਿੱਤਾ (ਰੀਠਾ ਸਾਹਿਬ) ਜਾਣ ਤੋਂ ਰੋਕਣਾ ਨਹੀਂ ਸਗੋਂ ਜਾਣ ਵਾਸਤੇ ਉਤਸਾਹਿਤ ਕਰਨਾ ਹੈ ਤਾਂ ਜੋ ਉਹ ਗੁਰੂ ਨਾਨਕ ਦੇਵ ਜੀ ਦੀ ਉੱਚਤਮ ਦੈਵੀ ਸ਼ਖ਼ਸੀਅਤ (awesome spiritual personality) ਦਾ ਅਨੁਮਾਨ ਲਗਾ ਸਕਣ ਕਿ ਕਿਵੇਂ ਉਹ ਆਪਣੇ ਰੂਹਾਨੀ ਜਲਾਲ ਅਤੇ ਆਤਮ-ਬਲ ਸਦਕਾ ਰਾਹ ਦੀਆਂ ਰੁਕਾਵਟਾਂ ਨੂੰ ਅਪਣੇ ਦ੍ਰਿੜ ਨਿਸ਼ਚੇ ਤੇ ਠੋਸ ਕਦਮਾ ਨਾਲ ਲਿਤਾੜਦੇ ਹੋਏ ਸੱਚ ਦੀ ਤਾਲਾਸ਼ ਵਿੱਚ ਅਗ੍ਰਸਰ ਰਹੇ! ਉਜਾੜਾਂ, ਜੰਗਲਾਂ ਤੇ ਪਹਾੜਾਂ ਵਿੱਚ ਹਜ਼ਾਰਾਂ ਮੀਲ ਦਾ ਪੈਦਲ ਸਫ਼ਰ ਕਰਦੇ ਉਹ ਖਾਂਦੇ ਕੀ ਹੋਣ ਗੇ? ਉਨ੍ਹਾਂ ਦਾ ਰੈਣ-ਬਸੇਰਾ ਕਿੱਥੇ ਅਤੇ ਕਿਵੇਂ ਦਾ ਹੁੰਦਾ ਹੋਵੇਗਾ? ਉਨ੍ਹਾਂ ਦੀ ਸ਼ਖ਼ਸੀਅਤ ਦੇ ਜਲਾਲ ਸਾਹਵੇਂ ਡਰਾਉਣੀਆਂ ਸਥਿਤੀਆਂ ਕਿਵੇਂ ਅਨੁਕੂਲ ਹੋ ਜਾਂਦੀਆਂ ਹੋਣਗੀਆਂ……ਆਦਿਕ? ? ਜੇ ਯਾਤ੍ਰੀ, ਮਿੱਠੇ ਰੀਠੇ ਦੀ ਮਿੱਥ ਦੇ ਝੂਠ ਨੂੰ ਵਿਸਾਰ ਕੇ, ਇਸ ਵਿਸਮਾਦ-ਜਨਕ ਸੋਚ ਨੂੰ ਹਿਰਦੇ ਵਿੱਚ ਵਿਚਾਰਦੇ ਹੋਏ ਇਹ ਸੁਹਾਵਣਾ ਸਫ਼ਰ ਕਰਨਗੇ ਤਾਂ ਆਪਮੁਹਾਰੇ ਉਨ੍ਹਾਂ ਦੇ ਅੰਤਹਕਰਣ `ਚੋਂ ਇਹ ਸ਼ਬਦ ਨਿਕਲਣ ਗੇ: “ਧੰਨ, ਧੰਨ, ਧੰਨ ਬਾਬਾ ਨਾਨਕ! ਅਤੇ ਉਨ੍ਹਾਂ ਦਾ ਸਿਰ, ਸੱਚੀ ਸ਼੍ਰੱਧਾ-ਵਸ, ਆਪਣੇ ਆਪ ਉਸ ਇਲਾਹੀ ਹਸਤੀ (ਬਾਬਾ ਨਾਨਕ ਜੀ) ਦੇ ਸਿਜਦੇ ਵਿੱਚ ਝੁਕ ਜਾਵੇਗਾ! ! !

ਗੁਰਇੰਦਰ ਸਿੰਘ ਪਾਲ

(ਨੋਟ:- ਇਸ ਲਿਖਤ ਨਾਲ ਸੰਬੰਧਿਤ ਫੋਟੋਆਂ ਦੇਖਣ ਲਈ ਇੱਥੇ ਕਲਿਕ ਕਰੋ ਜੀ)




.