ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਸ਼੍ਰੋਮਣੀ ਕਮੇਟੀ ਨੂੰ ਖੋਰਾ
ਮਹਾਂਰਾਜਾ ਰਣਜੀਤ ਸਿੰਘ
ਵਲੋਂ ਗੁਰਦੁਆਰਿਆਂ ਦੇ ਨਾਂ ਲਗਾਈਆਂ ਗਈਆਂ ਜਗੀਰਾਂ ਦੀ ਮਹੰਤਾਂ ਵਲੋਂ ਸ਼ਰੇਆਮ ਦੁਰ-ਵਰਤੋਂ
ਕਰਨੀ ਸ਼ੁਰੂ ਕਰ ਦਿੱਤੀ। ਗੁਰਦੁਆਰਿਆਂ ਦੇ ਨਾਂ ਜਗੀਰਾਂ ਲਗਾਉਣ ਦਾ ਅਰਥ ਸੀ ਕਿ
ਸਕੂਲ-ਕਾਲਜ ਤੇ ਹਸਪਤਾਲ ਬਣਾ ਕੇ ਲੋਕ ਭਲਾਈ ਤੇ ਸਮਾਜ ਸੇਵਾ ਦੇ ਕੰਮਾਂ ਨੂੰ ਪਹਿਲ ਦੇ
ਅਧਾਰਤ ਕੀਤਾ ਜਾਏ। ਗੁਰਦੁਆਰਿਆਂ ਵਿੱਚ ਆਏ ਯਾਤਰੂਆਂ ਨੂੰ ਠਹਿਰਨ ਲਈ ਸਹੂਲਤਾਂ ਦਿੱਤੀਆਂ
ਜਾਣ। ਬੱਚਿਆਂ ਲਈ ਮੱਲ ਅਖਾੜੇ ਬਣਾਏ ਜਾਂਦੇ। ਗੁਰਬਾਣੀ ਵਿਚਾਰ ਨੂੰ ਦੁਨੀਆਂ ਵਿੱਚ
ਫੈਲਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਂਦੇ। ਗਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਸਮਝਿਆ
ਜਾਂਦਾ। ਪਰ ਪੁਜਾਰੀ ਸ਼੍ਰੇਣੀ ਨੇ ਗੁਰਦੁਆਰਿਆਂ ਨੂੰ ਆਪਣੀ ਨਿਜੀ ਮਲਕੀਅਤ ਸਮਝ ਕੇ ਸਮਾਜ
ਭਲਾਈ ਦੇ ਕੰਮਾਂ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ। ਗੁਰਦੁਆਰਿਆਂ ਵਿੱਚ ਵਿਭਚਾਰ ਦੀਆਂ
ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ, ਦਾਰੂ ਸਿੱਕਾ ਦਿਨੇ ਹੀ ਚਲਦਾ ਰਹਿੰਦਾ ਸੀ। ਇਹ
ਧਾਰਮਕ ਅਸਥਾਨ ਸਮਾਜ ਵਿਰੋਧੀ ਅੰਸਰਾਂ ਦੇ ਅੱਡੇ ਬਣ ਗਏ। ਜਿੱਥੋਂ ਸ਼ਬਦ ਵਿਚਾਰ ਦੀਆਂ
ਅਵਾਜ਼ਾਂ ਆਉਣੀਆਂ ਸਨ ਓੱਥੋਂ ਬੱਚੀਆਂ ਦੇ ਬਲਾਤਕਾਰ ਦੀਆਂ ਚੀਕਾਂ ਸੁਣਾਈ ਦੇਂਦੀਆਂ ਸਨ।
ਗੁਰਦੁਆਰਾ ਨਾਨਕਾਣਾ ਸਾਹਿਬ ਵਿਖੇ ਸਿੰਧੀ ਪ੍ਰਵਾਰ ਦੀ ਬੱਚੀ ਨਾਲ ਵਾਪਰੀ ਘਟਨਾਂ ਨੇ ਸਿੱਖ
ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ। ਸਾਡੇ ਵਡੇਰਿਆਂ ਨੇ ਕੌਮੀ ਹਿੱਤਾਂ ਨੂੰ ਮੁੱਖ ਰੱਖ ਕੇ
ਮਹੰਤਾਂ ਪਾਸੋਂ ਗੁਰਦੁਆਰੇ ਅਜ਼ਾਦ ਕਰਾਉਣ ਲਈ ਸਿਰ ਧੜ ਦੀ ਬਾਜ਼ੀ ਲਾ ਦਿੱਤੀ। ਗੁਰਦੁਆਰਿਆਂ
ਵਿੱਚ ਹਰ ਪ੍ਰਕਾਰ ਦਾ ਨਿਘਾਰ ਆ ਚੁੱਕਾ ਸੀ। ਸ਼ਹੀਦੀਆਂ ਦਾ ਦੌਰ ਚੱਲਿਆ, ਬੀ. ਟੀ. ਦੀਆਂ
ਡਾਂਗਾਂ ਟੁੱਟਦੀਆਂ ਗਈਆਂ ਪਰ ਸਿੱਘਾਂ ਦਾ ਉਤਸ਼ਾਹ ਵੱਧਦਾ ਗਿਆ।
ਸਮੇਂ ਨੇ ਕਰਵਟ ਲਈ, ਗੁਰਦੁਆਰਿਆਂ ਦਾ ਪ੍ਰਬੰਧ ਨਿੱਜਤਾ ਤੇ ਪਰਵਾਰਵਾਦ ਵਲੋਂ ਮੁਕਤ ਕਰਾਇਆ
ਗਿਆ। ਪਿਤਾ ਪੁਰਖੀ ਪਰੰਪਰਾ ਨੂੰ ਖਤਮ ਕੀਤਾ। ਇਸ ਸ਼ਹੀਦੀਆਂ ਦੇ ਦੌਰ ਵਿਚੋਂ ਸ਼੍ਰੋਮਣੀ
ਕਮੇਟੀ ਦਾ ਜਨਮ ਹੋਇਆ। ਸ਼੍ਰੋਮਣੀ ਕਮੇਟੀ ਨੇ ਨਿਰਸੰਦੇਹ ਬਹੁਤ ਮਹੱਤਵ ਪੂਰਨ ਕੰਮ ਕੀਤੇ।
ਵਿਦਿਆ ਦੇ ਪਸਾਰ ਪਰਚਾਰ ਵਲ ਧਿਆਨ ਦਿੱਤਾ। ਗੁਰਦੁਆਰਿਆਂ ਦੀ ਸੇਵਾ ਸੰਭਾਲ ਵਲ ਤਵੱਜੋਂ
ਦਿੱਤੀ। ਇਤਿਹਾਸ ਲਿਖਣ ਲਈ ਬੋਰਡ ਦਾ ਗਠਨ ਕੀਤਾ ਗਿਆ। ਸਸਤੇ ਭਾਅ `ਤੇ ਲਿਟਰੇਚਰ ਦੇਣ ਦਾ
ਯਤਨ ਕੀਤਾ। ਸਿੱਖਾਂ ਵਿੱਚ ਧਰਮ ਦੀ ਜਾਣਕਾਰੀ ਦੇਣ ਲਈ ਕਈ ਪ੍ਰਕਾਰ ਦੇ ਪ੍ਰੋਗਰਾਮਾਂ ਦੀ
ਅਰੰਭਤਾ ਕੀਤੀ ਗਈ। ਦੇਸ-ਵਿਦੇਸ ਦੇ ਵਿੱਚ ਰਹਿ ਰਹੇ ਸਿੰਘਾਂ ਦੀਆਂ ਸਮੱਸਿਆਵਾਂ ਨੂੰ ਹੱਲ
ਕਰਨ ਲਈ ਕਈ ਉਪਰਾਲੇ ਕੀਤੇ।
ਇਹਨਾਂ ਸਾਰਿਆਂ ਕੰਮਾਂ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਕਦਮ ਹੈ ਸਿੱਖਾਂ ਨੂੰ ਏਕੇ ਵਿੱਚ
ਪ੍ਰੋਣ ਲਈ ਸਿੱਖ ਰਹਿਤ ਮਰਯਾਦਾ ਨੂੰ ਹੋਂਦ ਵਿੱਚ ਲਿਆਉਣਾ ਦਾ। ਪੰਥ ਪ੍ਰਵਾਨਤ ਰਹਿਤ
ਮਰਯਾਦਾ ਇੱਕ ਐਸਾ ਇਤਿਹਾਸਕ ਦਸਤਾਵੇਜ ਹੈ ਜੋ ਸਾਡੀਆਂ ਧਾਰਮਕ, ਸਮਾਜਕ ਤੇ ਨਿਜੱਤਵਾ ਦੀਆਂ
ਰੋਜ਼ਮਰਾ ਦੀਆਂ ਗਤੀ ਵਿਧੀਆਂ ਸਮਝਾਉਂਦਾ ਹੈ। ਇੱਕ ਛੋਟੀ ਜੇਹੀ ਮਿਸਾਲ ਹੀ ਲੈ ਲੈਂਦੇ ਹਾਂ।
ਇਸ ਇਤਹਾਸਕ ਦਸਤਾਵੇਜ ਤੋਂ ਪਹਿਲਾਂ ਡੇਰਾਵਾਦੀ ਬਿਰਤੀ ਕਹਿੰਦੀ ਸੀ ਕਿ ਸਵੇਰ ਵੇਲੇ ਹੁਕਮ
ਨਾਮਾ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸਿਰੇ ਤੋਂ ਲੈਣਾ ਹੈ, ਦੁਪਹਿਰ ਵੇਲੇ ਹੁਕਮ ਨਾਮਾ
ਵਿਚਕਾਰੋਂ ਲੈਣਾ ਹੈ ਤੇ ਸ਼ਾਮ ਵੇਲੇ ਹੁਕਮ ਨਾਮਾ ਪੰਨੇ ਦੇ ਅਖੀਰ ਤੋਂ ਲੈਣਾ ਹੈ। ਅਖੰਡ
ਪਾਠ ਰੱਖਣ ਸਮੇਂ ਵੀ ਕਈ ਪ੍ਰਕਾਰ ਦੀਆਂ ਗਿਣਤੀਆਂ ਮਿਣਤੀਆਂ ਕੀਤੀਆਂ ਜਾਂਦੀਆਂ ਸਨ। ਏੱਦਾਂ
ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜਿੰਨਾਂ ਭਰਮਾਂ ਵਹਿਮਾਂ ਵਿਚੋਂ ਕੱਢਦਾ ਸੀ ਅਸੀਂ
ਉਹ ਹੀ ਭਰਮ ਵਹਿਮ ਗੁਰੂ ਗੰਥ ਸਾਹਿਬ ਦੇ ਕੋਲ ਬੈਠ ਕੇ ਨਿਭਾਉਣ ਨੂੰ ਪਹਿਲ ਦੇ ਰਹੇ ਹਾਂ।
ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਦੇਸ ਵਿਦੇਸ ਦੀਆਂ ਸੰਗਤਾਂ ਨੇ ਬਹੁਤ ਹੀ ਅਪਣੱਤ ਨਾਲ
ਅਪਨਾ ਲਿਆ। ਏਸੇ ਅਨੁਸਾਰ ਲਗ-ਭਗ ਸਾਰੇ ਕਾਰਜ ਅਰੰਭ ਹੋ ਗਏ। ਉਂਝ ਸਿੱਖ ਰਹਿਤ ਮਰਯਾਦਾ ਦੀ
ਪੁਨਰ ਵਿਚਾਰ ਦੀ ਅੱਜ ਲੋੜ ਹੈ। ਜਿੰਨਾਂ ਚਿਰ ਪੰਥ ਪੁਨਰ ਵਿਚਾਰ ਨਹੀਂ ਕਰਦਾ ਉਨਾਂ ਚਿਰ
ਇਹਦੀ ਹੋਂਦ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਦੁਖਾਂਤ ਇਸ ਗੱਲ ਦਾ ਹੈ ਕਿ ਡੇਰਵਾਦੀ
ਚੌਰਿਆਂ ਨੇ ਪੰਥ ਪਰਵਾਨਤ ਰਹਿਤ ਮਰਯਾਦਾ ਦਾ ਜਨਮ ਤੋਂ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਕਿਸੇ ਵੀ ਡੇਰੇ ਨੇ ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਆਪਣੇ ਡੇਰੇ ਵਿੱਚ ਲਾਗੂ ਨਹੀਂ ਹੋਣ
ਦਿੱਤਾ ਸਗੋਂ ਇਹਦਾ ਡਟਵਾਂ ਵਿਰੋਧ ਕੀਤਾ ਹੈ। ਇਹਨਾਂ ਚੌਰਿਆਂ ਬੂਬਨਿਆਂ ਬਾਬਿਆਂ ਨੇ ਬੜੀ
ਨਿਲੱਜਤਾ ਨਾਲ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਾਲੀਆਂ ਨੇ ਬਾਣੀ ਘਟਾ ਕੇ ਪੜ੍ਹਨੀ ਸ਼ੁਰੂ
ਕਰ ਦਿੱਤੀ ਹੈ। ਮੂਲ ਮੰਤ੍ਰ ਕਾਲੀਆਂ ਨੇ ਘਟਾ ਦਿੱਤਾ ਹੈ ਤਾਂਹੀ ਪੰਥ ਦੀ ਦੁਰ ਗਤੀ ਹੋ
ਰਹੀ ਹੈ। ਸਰਕਾਰਾਂ ਦੀਆਂ ਵਧੀਕੀਆਂ ਨੂੰ ਲੋਕਾਂ ਸਾਹਮਣੇ ਪ੍ਰਗਟ ਕਰਨ ਦੀ ਥਾਂ `ਤੇ ਬਾਣੀ
ਘਟਾ ਕੇ ਪੜ੍ਹਨ ਦੇ ਕਾਰਨ ਪੇਸ਼ ਕਰਦਿਆਂ ਭੋਰਾ ਸ਼੍ਰਮ ਨਹੀਂ ਆਉਂਦੀ। ਸਰਕਾਰਾਂ ਦੇ ਜ਼ੁਲਮਾਂ
ਵਿਰੁੱਧ ਡੱਟਣ ਦੀ ਥਾਂ `ਤੇ ਸ਼੍ਰਮੋਣੀ ਕਮੇਟੀ ਨੂੰ ਹੀ ਭੰਡਣਾਂ ਸ਼ੁਰੂ ਕਰ ਦਿੱਤਾ। ਸਮਾਂ
ਬਦਲਣ `ਤੇ ਸ਼੍ਰੋਮਣੀ ਕਮੇਟੀ ਤੇ ਪੰਥਕ ਜੱਥੇਬੰਦੀ ਜਨੀ ਕੇ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ
ਹੀ ਸੰਤਾਂ ਦਾ ਹੋ ਗਿਆ। ਪੰਜਾਬੀ ਸੂਬੀ ਬਣਾ ਕੇ ਸੰਤਾਂ ਦੀ ਭੱਲ ਬਣਾਉਣ ਵਿੱਚ ਕੋਈ ਕਸਰ
ਨਾ ਰਹਿਣ ਦਿੱਤੀ। ਹੌਲ਼ੀ ਹੌਲ਼ੀ ਸੰਤਾਂ ਦਿਆਂ ਵੱਗਾਂ ਨੇ ਮਾਨਤਾ ਲੈਣੀ ਸ਼ੁਰੂ ਕਰ ਦਿੱਤੀ।
ਸੰਤਾਂ ਨੇ ਆਪਣੀ ਮਨ ਮਰਜ਼ੀ ਨਾਲ ਸਿੱਖ ਸਿਧਾਂਤ ਦੀ ਵਿਅਿਾਖਿਆ ਕਰਨੀ ਸ਼ੁਰੂ ਕਰ ਦਿੱਤੀ।
ਗਿਆਨੀ ਗੁਰਦਿੱਤ ਸਿੰਘ ਨੇ ਆਪਣੀ ਪੁਸਤਕ ਮੇਰਾ ਪਿੰਡ ਵਿੱਚ ਲਿਖਿਆ ਹੈ ਕਿ ਏੱਥੇ ਸੰਤਾਂ
ਦੇ ਵੱਗਾਂ ਦੇ ਵੱਗ ਫਿਰਦੇ ਮੈਂ ਕੀਦ੍ਹੇ ਕੀਦ੍ਹੇ ਪੈਰੀਂ ਹੱਥ ਲਾਵਾਂ। ਇਹਨਾਂ ਸੰਤਾਂ
ਦਿਆਂ ਵੱਗਾਂ ਨੇ ਜੱਗੋਂ ਤੇਰ੍ਹਵੀਂ ਕਰਦਿਆਂ ਸਿੱਖ ਸਿਧਾਂਤ ਦੇ ਮੁੱਢਲੇ ਨਿਯਮਾਂ ਦੇ ਲੱਤ
ਮਾਰੀ। ਇੱਕ ਸੰਤਾਂ ਦੇ ਵੱਗ ਨੇ ਇਹ ਕਿਹਾ ਅਸੀਂ ਨਿਸ਼ਾਨ ਸਾਹਿਬ ਨਹੀਂ ਲਾਉਣਾ ਤੇ ਨਾ ਹੀ
ਲੰਗਰ ਦੀ ਮਰਯਾਦਾ ਰਹਿਣ ਦੇਣੀ ਹੈ। ਏਦ੍ਹੀ ਜਗ੍ਹਾ `ਤੇ ਆਪਣਿਆਂ ਬੁੜਿਆਂ ਦੀਆਂ ਫੋਟੋਆਂ
ਰੱਖਾਂਗੇ। ਭੋਲ਼ੀ ਸੰਗਤ ਨੇ ਸੱਚ ਮੰਨ ਲਿਆ ਹੈ। ਇੱਕ ਬੂਬਨਾ ਬਾਬਾ ਕਹਿੰਦਾ ਹੈ ਕਿ
ਗੁਰਬਾਣੀ ਦੀ ਸੰਗਤ ਨੂੰ ਸਮਝ ਨਹੀਂ ਆਉਂਦੀ ਇਸ ਲਈ ਗੁਰਬਾਣੀ ਦੀ ਜਗ੍ਹਾ `ਤੇ ਚੌਰੇ
ਬਾਬਿਆਂ ਨੇ ਆਪਣੀਆਂ ਮਨ ਘੜਤ ਰਚਨਾਵਾਂ ਤਿਆਰ ਕਰਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ
ਅੱਜ ਤੀਕ ਬਿਨਾ ਰੋਕ ਟੋਕ ਦੇ ਚੱਲ ਰਿਹਾ ਹੈ। ਇੱਕ ਸੰਤਾਂ ਦਾ ਵੱਗ ਕਹਿੰਦਾ ਹੈ ਬਾਣੀ
ਪੜ੍ਹਨ ਦੀ ਕੋਈ ਲੋੜ ਨਹੀਂ ਹੈ ਸਿਰਫ ਨਾਮ ਹੀ ਜੱਪਣਾ ਚਾਹੀਦਾ ਹੈ। ਕਹਿ ਸਕਦੇ ਹਾਂ ਕਿ
ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੀ ਇਹਨਾਂ ਨੇ ਇੱਕ ਤਰ੍ਹਾਂ ਨਾਲ ਖਿਲੀ ਉਡਾਈ ਹੈ। ਸਭ
ਤੋਂ ਵੱਧ ਸ਼ਰਮਨਾਕ ਕਾਰਾ ਇੱਕ ਸੰਤਾਂ ਦੇ ਵੱਗ ਨੇ ਗਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ
ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਕਰਾ ਕੇ ਗੁਰੂ ਗ੍ਰੰਥ ਦੀ ਸਿਰਮੋਰਤਾ ਨੂੰ ਹੀ ਚਨੋਤੀ ਦੇ
ਦਿੱਤੀ ਹੈ। ਪੰਥ ਪ੍ਰਵਾਨਤ ਰਹਿਤ ਮਰਯਾਦਾ ਵਿੱਚ ਸਾਫ਼ ਲਿਖਿਆ ਹੈ ਕਿ ਗੁਰੂ ਗ੍ਰੰਥ ਦੇ
ਤੁੱਲ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ। ਬੂਬਨੇ ਸਾਧ ਕਹਿੰਦੇ ਨੇ ਦੇਖ
ਲਓ ਅਸਾਂ ਗੁਰੂ ਗ੍ਰੰਥ ਦੇ ਬਰਾਬਰ ਪ੍ਰਕਾਸ਼ ਕੀਤਾ ਜੇ ਸਾਡਾ ਜੋ ਮਰਜ਼ੀ ਹੈ ਕਰ ਲਓ। ਇਸ ਘੁਲ਼
ਰਹੀ ਕੜੀ ਵਿੱਚ ਸਾਡੇ ਸਿਰਮੋਰ ਆਗੂਆਂ ਨੇ ਸਮੂਲੀਅਤ ਕਰ ਹੋਰ ਕੜੀ ਘੋਲ਼ੀ ਹੈ।
ਸ਼੍ਰੋਮਣੀ ਕਮੇਟੀਆਂ ਦੀਆਂ ਚੋਣਾਂ ਸਮੇ ਤਾਂ ਰਾਖਵੇਂ ਕੋਟੇ ਵਾਂਗ ਇਹਨਾਂ ਸਾਧਾਂ ਨੇ ਆਪਣੀ
ਤਾਕਤ ਦੀ ਧੌਂਸ ਦਿਵਾਉਂਦਿਆ ਹੋਇਆਂ ਤੀਹ ਦੇ ਲੱਗ ਭਗ ਸੀਟਾਂ ਆਪਣੇ ਲਈ ਰਾਖਵੀਆਂ ਰਖਾ
ਲਈਆਂ। ਹੁਣ ਤੇ ਉਹ ਸੀਟਾਂ ਜਿੱਤ ਵੀ ਲਈਆਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦੁੱਧ ਦਾ
ਰਾਖਾ ਬਿੱਲਾ ਬਿਠਾ ਦਿੱਤਾ ਹੈ। ਕਿਸੇ ਵੀ ਸਾਧ ਦੇ ਡੇਰੇ ਵਿੱਚ ਪੰਥ ਮਰਯਾਦਾ ਦੀ ਇੱਕ ਮੱਦ
ਵੀ ਲਾਗੂ ਨਹੀਂ ਹੈ ਤੇ ਅੱਜ ਉਹਨਾਂ ਸਾਧਾਂ ਨੇ ਪੰਥ ਦੀ ਵਾਗ ਡੋਰ ਸੰਭਾਲ਼ਣ ਲਈ ਰਾਹ ਪੱਧਰਾ
ਕਰ ਲਿਆ ਹੈ। ਇੰਝ ਮਹਿਸੂਸ ਹੋ ਰਿਹਾ ਹੈ ਕਿ ਸ਼੍ਰਮੋਣੀ ਕਮੇਟੀ ਨੇ ਆਪਣੇ ਹੱਥੀਂ ਹੀ ਪੰਥ
ਨੂੰ ਖੋਰਾ ਲਵਾਉਣਾ ਸ਼ੁਰੂ ਕਰ ਦਿੱਤਾ ਹੈ। ਮੰਨ ਲਓ ਤੀਹ ਬਾਬੇ ਹੁਣ ਜ਼ਿੱਦ ਕਰਨ ਕੇ ਸਾਡੇ
ਡੇਰੇ ਦੀ ਰਹਿਤ ਲਾਗੂ ਕੀਤੀ ਜਾਏ ਤਾਂ ਸਿੱਖ ਕੌਮ ਦਾ ਕੀ ਹਾਲ ਹੋਏਗਾ? ਇਹ ਤਾਂ ਹੁਣ
ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਂ ਕਾਲੀ ਦਲ ਦਾ ਪਰਧਾਨ ਹੀ ਵਿਆਖਿਆ ਕਰ ਸਕਦਾ ਹੈ।
ਸ਼੍ਰਮੋਣੀ ਕਮੇਟੀ ਵਿੱਚ ਤੀਹ ਬਾਬਿਆਂ ਨੂੰ ਹੱਥੀਂ ਲਿਆ ਕੇ ਇਤਿਹਾਸ ਨੂੰ ਪੁੱਠਾ ਗੇੜਾ ਦੇਣ
ਦੇ ਕੋਝਾ ਯਤਨ ਕੀਤਾ ਗਿਆ ਹੈ। ਪੰਥ ਵਿੱਚ ਪਹਿਲਾਂ ਹੀ ਕਾਰ ਸੇਵਾ ਦੇ ਨਾਂ `ਤੇ ਪੰਥ ਨਾਲ
ਕੈਰ੍ਹ ਕਮਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵਿੱਚ ਸੰਤਾਂ ਦੀ ਹੋਂਦ ਨੂੰ ਪੂਰੀ ਤਰ੍ਹਾਂ
ਨਾਲ ਮਾਨਤਾ ਮਿਲ ਗਈ ਹੈ। ਸਾਡੇ ਧਾਰਮਕ ਤੇ ਰਾਜਨੀਤਿਕ ਆਗੂ ਇਹਨਾਂ ਦੇ ਡੇਰਿਆਂ `ਤੇ ਜਾ
ਕੇ ਆਪਣੀ ਹਾਜ਼ਰੀ ਲਗਾਉਣੀ ਕਦੇ ਵੀ ਨਹੀਂ ਭੁੱਲਦੇ। ਆਉਣ ਵਾਲੇ ਸਮੇਂ ਵਿੱਚ ਜੇ ਪੰਥ ਸੁਚੇਤ
ਨਾ ਹੋਇਆ ਤਾਂ ਇਸ ਸੰਤ ਲਾਣੇ ਵਲੋਂ ਪੰਥ ਪ੍ਰਵਾਨਤ ਰਹਿਤ ਮਰਯਾਦਾ ਦੀ ਥਾਂ `ਤੇ ਇਹਨਾਂ ਦੀ
ਆਪੋ ਆਪਣੀ ਮਰਯਾਦਾ ਦੀ ਤੂਤੀ ਬੋਲੇਗੀ। ਬੂਬਨੇ ਬਾਬੇ ਆਉਣ ਵਾਲੇ ਸਮੇਂ ਵਿੱਚ ਕਿਹੜੇ
ਕਿਹੜੇ ਕੰਮ ਕਰਾਉਣ ਲਈ ਉਤਾਵਲੇ ਰਹਿਣਗੇ ਸੋਚਣ ਦਾ ਵਿਸ਼ਾ ਹੈ।
ਕਿਰਤ ਵਿਹਾਰ ਕਰਨ ਦੀ ਥਾਂ `ਤੇ ਰੰਗ ਬਰੰਗੀਆਂ ਮਾਲਾਵਾਂ ਫੜਾਈਆਂ ਜਾਣਗੀਆਂ।
ਚੋਲ਼ੇ ਵਾਲੇ ਬਾਬਿਆਂ ਲਈ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ।
ਸਟੀਲ ਦੇ ਬਰਤਨਾਂ ਦਾ ਉਚੇਚਾ ਪ੍ਰਬੰਧ ਕੀਤਾ ਜਾਏਗਾ।
ਸੰਪਟ ਪਾਠਾਂ ਦਾ ਬੋਲ ਬਾਲਾ ਹੋਏਗਾ।
ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤ੍ਰ ਨਾਟਕ ਦੇ ਪ੍ਰਕਾਸ਼ ਕਰਨ ਦਾ ਪ੍ਰਬੰਧ ਕਰਾਇਆ
ਕਰਨਗੇ।
ਹੱਥ ਹੌਲ਼ੇ ਕਰਨ ਦੀ ਟ੍ਰੇਨਿੰਗ ਦੇਣ ਦੇ ਸਕੂਲ ਖੋਲ੍ਹੇ ਜਾਣਗੇ।
ਮਿਸ਼ਨਰੀ ਕਾਲਜ ਬੰਦ ਕਰਕੇ ਇਹਨਾਂ ਦੀ ਥਾਂ `ਤੇ ਸਿਰ ਵਿੱਚ ਤੇਲ ਚੱਸਣ, ਲੱਤਾਂ ਘੁੱਟਣ,
ਬ੍ਰਹਮ ਗਿਆਨੀਆਂ ਦਾ ਜੂਠਾ ਖਾਣ ਦੀ ਪੂਰੀ ਪੂਰੀ ਸਿਖਲਾਈ ਦਿੱਤੀ ਜਾਇਆ ਕਰੇਗੀ।
ਵੱਖ ਵੱਖ ਕੰਮਾਂ ਦੀਆਂ ਅਰਦਾਸਾਂ ਦੇ ਵੱਖੋ ਵੱਖਰੇ ਭਾਅ ਨਿਹਸਚਤ ਕੀਤੇ ਜਾਣਗੇ।
ਮੂੰਹ ਸਿਰ ਬੰਨ੍ਹ ਕੇ ਅਖੰਡ ਪਾਠ ਦੀ ਡਿਊਟੀ ਲਗਾਈ ਜਾਏਗੀ ਜਿਹੜਾ ਬੋਲ ਕੇ ਪਾਠ ਕਰੇਗਾ
ਉਹਦੀ ਭੇਟਾ ਕੱਟੀ ਜਾਏਗੀ।
ਗੁਰਪੁਰਬਾਂ ਦੀ ਥਾਂ `ਤੇ ਸਗੰਰਾਦਾਂ ਤੇ ਪੂਰਮਾਸ਼ੀਆਂ ਮਨਾਈਆਂ ਜਾਣਗੀਆਂ।
ਲੰਗਰ ਦੀ ਪ੍ਰਥਾ ਬੰਦ ਕਰਕੇ ਘਰਾਂ ਵਿਚੋਂ ਮੰਗ ਕੇ ਲਿਆਦਾਂ ਲੰਗਰ ਹੀ ਛੱਕਿਆ ਜਾਏਗਾ।
ਅਵੱਲ ਤਾਂ ਨਿਸ਼ਾਨ ਸਾਹਿਬ ਦੀ ਡੇਰਿਆਂ ਵਾਂਗ ਲੋੜ ਨਹੀਂ ਹੋਏਗੀ ਜੇ ਲਾਉਣੇ ਦੀ ਜ਼ਰੂਰਤ ਪੈ
ਜਾਏਗੀ ਤਾਂ ਉਸ ਨੂੰ ਕੱਚੀ ਲੱਸੀ ਨਾਲ ਧੋਤਾ ਜਾਇਆ ਕਰੇਗਾ।
ਗੁਰਬਾਣੀ ਕੀਰਤਨ ਦੀ ਥਾਂ `ਤੇ ਲੋਕ ਬੋਲੀਆਂ ਸੁਣਾਈਆਂ ਜਾਇਆ ਕਰਨਗੀਆਂ।
ਸ਼ਹੀਦਾਂ ਦੇ ਦਿਨ ਮਨਾਉਣ ਦੀ ਥਾਂ `ਤੇ ਮਰ ਚੁੱਕੇ ਸਾਧੜਿਆਂ ਦੀਆਂ ਬਰਸੀਆਂ ਮਨਾਈਆਂ
ਜਾਣਗੀਆਂ।
ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ `ਤੇ ਮਰਿਆਂ ਸਾਧਾਂ ਦੀਆਂ ਮੂਰਤੀਆਂ ਨਾਲ ਨਗਰ ਕੀਰਤਨ
ਕੱਢਿਆ ਜਾਇਆ ਕਰਨਗੇ।
ਸਿੱਖ ਅਜਾਇਬ ਘਰ ਦੀ ਥਾਂ `ਤੇ ਸਾਧਾਂ ਦੀਆਂ ਵਰਤੀਆਂ ਚੀਜ਼ਾਂ ਦੀ ਪੂਰੀ ਨਮਾਇਸ਼ ਲਗਾਈ ਜਾਇਆ
ਕਰੇਗੀ।
ਸਿੱਖਾਂ ਦੇ ਗੰਭੀਰ ਮਸਲਿਆਂ ਨੂੰ ਲਾਂਭੇ ਰੱਖ ਕੇਵਲ ਭਾਣਾ ਮੰਨਣ ਦਾ ਹੀ ਉਪਦੇਸ਼ ਦਿੱਤਾ
ਜਾਏਗਾ ਤੇ ਗੁਰੂ ਭਲੀ ਕਰੇਗਾ ਪੂਰਾ ਜਾਪ ਕਰਾਇਆ ਜਾਏਗਾ।
ਅਕਲ ਦੀ ਗੱਲ ਕਰਨ ਵਾਲੇ ਨੂੰ ਸੰਤ ਯੂਨੀਅਨ ਵਲੋਂ ਤਨਖਾਹੀਆ ਘੋਸ਼ਤ ਕੀਤਾ ਜਾਏਗਾ।
ਸੰਤਾਂ ਦੀ ਯੂਨੀਅਨ ਨਾਲ ਆਢਾ ਲੈਣ ਵਾਲੇ ਨੂੰ ਵੱਡੇ ਮਹਾਂਰਾਜ ਜੀ ਵਲੋਂ ਸਰਾਫ ਦੇਣ ਪੂਰਾ
ਪੂਰਾ ਪ੍ਰਬੰਧ ਕੀਤਾ ਜਾਏਗਾ।
ਗ੍ਰਹਿਸਤੀ ਤੇ ਸਕੂਲੀ ਵਿਦਿਆ ਵਾਲੇ ਨੂੰ ਸੰਤ ਬਣਨ ਦਾ ਕੋਈ ਅਧਿਕਾਰ ਨਹੀਂ ਹੋਏਗਾ।
ਚਿਹਰੇ ਤੇ ਮਸੂਮੀਅਤ ਤੇ ਮਨ ਵਿੱਚ ਖੋਟ ਵਾਲੇ ਨੂੰ ਪੂਰਨ ਬ੍ਰਹਮ ਗਿਆਨੀ ਮੰਨਿਆ ਜਾਏਗਾ।
ਫਾਹੀ ਸੁਰਤਿ ਮਲੂਕੀ ਵੇਸੁ॥ ਹਉ ਠਗ ਵਾੜਾ ਠਗੀ ਦੇਸੁ॥
ਖਰਾ ਸਿਆਣਾ ਬਹੁਤਾ ਭਾਰੁ॥ ਧਾਣਕ ਰੂਪਿ ਰਹਾ ਕਰਤਾਰ॥
ਸਿਰੀ ਰਾਗ ਮਹਲਾ ੧ ਪੰਨਾ ੨੪
ਕਿਸੇ ਮਕਾਨ ਦੀਆਂ ਕੰਧਾਂ ਖੁਰਨੀਆਂ ਸ਼ੁਰੂ ਹੋ ਜਾਣ ਤਾਂ ਉਹ ਲੰਬਾ ਸਮਾਂ ਆਪਣੀ
ਹੋਂਦ ਨੂੰ ਕਾਇਮ ਨਹੀਂ ਰੱਖ ਸਕਦਾ। ਏਸੇ ਤਰ੍ਹਾਂ ਹੀ ਸੰਤ ਮਤ ਵਲੋਂ ਜੋ ਸ਼੍ਰੋਮਣੀ ਕਮੇਟੀ
ਨੂੰ ਖੋਰਾ ਲੱਗਣਾ ਸ਼ੁਰੂ ਹੀ ਹੋਇਆ ਹੈ ਉਸ ਦੇ ਸੰਕੇਤ ਕੋਈ ਬਹੁਤ ਚੰਗੇ ਨਹੀਂ ਹਨ। ਰੱਬ
ਖ਼ੈਰ ਕਰੇ--